Punjabi Stories/Kahanian
ਹੀਰਾ ਸਿੰਘ ਦਰਦ
Hira Singh Dard

Punjabi Kavita
  

Peer Gaalhar Shah Hira Singh Dard

ਪੀਰ ਗਾਲ੍ਹੜ ਸ਼ਾਹ ਹੀਰਾ ਸਿੰਘ ਦਰਦ

(1)
"ਇਕ ਗੱਲ ਆਖਾਂ, ਮੰਨੋਗੇ?" ਮੰਜੇ ਉਤੇ ਬਿਮਾਰ ਪਈ, ਲੇਟੀ ਹੋਈ ਰਜਨੀ ਨੇ ਉਦਾਸ ਤੇ ਢੱਠੇ ਹੋਏ ਦਿਲ ਨਾਲ ਕਿਹਾ।
ਮੰਜੀ ਦੇ ਕੋਲ ਹੀ ਕੁਰਸੀ ਉਪਰ ਸਰਦਾਰ ਚੇਤੰਨ ਸਿੰਘ ਜੀ ਆਪਣੀ ਪਿਆਰੀ ਸੁਪਤਨੀ ਦੀ ਲੰਮੀ ਬਿਮਾਰੀ ਦੇ ਫ਼ਿਕਰ ਵਿਚ ਬੈਠੇ ਹੋਏ ਸਨ। ਅਜੇ ਪਰਸੋਂ ਹੀ ਯੂ.ਪੀ. ਦੇ ਦੌਰੇ ਤੋਂ ਮੁੜੇ ਸਨ, ਪਰ ਠੇਕਿਆਂ ਤੇ ਵਪਾਰਕ ਕਾਰੋਬਾਰ ਦੇ ਜ਼ਰੂਰੀ ਕੰਮਾਂ ਲਈ ਉਨ੍ਹਾਂ ਨੂੰ ਤਾਰਾਂ 'ਤੇ ਤਾਰਾਂ ਆ ਰਹੀਆਂ ਸਨ ਕਿ ਝਟ-ਪਟ ਦਿੱਲੀ ਪਹੁੰਚੋ; ਨਹੀਂ ਤਾਂ ਲੱਖਾਂ ਦਾ ਨੁਕਸਾਨ ਹੋ ਜਾਵੇਗਾ। ਸੁਪਤਨੀ ਦੀ ਤਰਲੇ ਭਰੀ ਗੱਲ ਸੁਣ ਕੇ ਬੋਲੇ, "ਕੀ ਕਹਿ ਰਹੇ ਹੋ ਰਜਨੀ, ਕਿਉਂ ਨਹੀਂ ਮੰਨਾਂਗਾ। ਜੋ ਗੱਲ ਮੰਨਣ ਵਾਲੀ ਹੋਵੇ, ਉਸ ਦੇ ਮੰਨਣ ਤੋਂ ਮੈਂ ਕਦੀ ਨਾਬਰ ਹੋਇਆਂ?"
"ਖ਼ਬਰੇ ਆਖ ਦਿਓ ਕਿ ਇਹ ਮੰਨਣ ਵਾਲੀ ਨਹੀਂ। ਫਿਰ ਮੂੰਹੋਂ ਗੱਲ ਕੱਢ ਕੇ ਕਿਉਂ ਹੌਲੀ ਪਵਾਂ?"
"ਹੱਛਾ ਕਹੋ ਤਾਂ ਸਹੀ, ਪਹਿਲਾਂ ਹੀ ਸ਼ੱਕ ਕਿਉਂ ਕਰਦੇ ਹੋ ਕਿ ਮੈਂ ਨਹੀਂ ਮੰਨਾਂਗਾ।"
"ਨਹੀਂ ਕਹਿੰਦੀ। ਜਾਣ ਦਿਓ", ਅੱਖਾਂ ਵਿਚ ਹੰਝੂ ਭਰ ਕੇ ਰਜਨੀ ਬੋਲੀ, "ਬਚਣਾ ਤਾਂ ਮੈਂ ਹੈ ਈ ਨਹੀਂ, ਪਰ ਕਹਿੰਦੀ ਸਾਂ, ਅਰਮਾਨ ਨਾ ਰਹਿ ਜਾਏ। ਇਕ ਵੇਰ...", ਗਲਾ ਰੁਕ ਗਿਆ।
ਆਪਣੀ ਪਿਆਰੀ ਸੁਪਤਨੀ ਦੀ ਨਿਰਾਸ਼ਾ ਭਰੀ ਸੂਰਤ ਵੇਖ ਕੇ ਚੇਤੰਨ ਸਿੰਘ ਦਾ ਦਿਲ ਭਰ ਆਇਆ ਤੇ ਰਜਨੀ ਦਾ ਪੂਰਾ ਭਰੋਸਾ ਜਿੱਤਣ ਲਈ ਬੜੇ ਪਿਆਰ ਨਾਲ ਬੋਲੇ, "ਕਹੋ ਰਜਨੀ! ਜੋ ਕਹੋਗੇ, ਮੰਨਾਂਗਾ। ਜ਼ਰੂਰ ਮੰਨਾਂਗਾ! ਇਕ ਤੁਸੀਂ ਬਚ ਜਾਓ, ਭਾਵੇਂ ਲੱਖ ਰੁਪਿਆ ਲੱਗ ਜਾਏ, ਫਿਰ ਵੀ ਮੈਂ ਆਪਣੇ ਧੰਨਭਾਗ ਸਮਝਾਂਗਾ।"
ਰਜਨੀ ਦੇ ਬਿਮਾਰੀ ਨਾਲ ਪੀਲੇ ਤੇ ਉਦਾਸ ਪਏ ਚਿਹਰੇ ਉਪਰ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਬੋਲੀ, "ਸੁਆਮੀ ਜੀ, ਗੱਲ ਤਾਂ ਸ਼ਾਇਦ ਆਪ ਦੀ ਇੱਛਾ ਅਤੇ ਖ਼ਿਆਲਾਂ ਦੇ ਉਲਟ ਹੀ ਹੋਵੇ, ਪਰ ਮੇਰੇ ਦਿਲ ਵਿਚ ਚਿਰ ਤੋਂ ਇਹ ਗੱਲ ਬੈਠੀ ਹੋਈ ਏ। ਮੇਰਾ ਕਈ ਵੇਰ ਆਪ ਨੂੰ ਕਹਿਣ 'ਤੇ ਦਿਲ ਕੀਤਾ ਏ, ਪਰ ਹੌਸਲਾ ਨਹੀਂ ਪਿਆ। ਗੱਲ ਇਹ ਹੈ ਕਿ ਮੈਨੂੰ ਨਿਸ਼ਚਾ ਏ, ਮੈਨੂੰ ਕੋਈ ਬਿਮਾਰੀ ਨਹੀਂ। ਮੈਨੂੰ ਤਾਂ ਜਾਦੂ ਹੋਏ ਹੋਏ ਨੇ ਅਤੇ ਇਨ੍ਹਾਂ ਨੇ ਮੈਨੂੰ ਸੁਕਾ-ਸੁਕਾ ਕੇ ਮੁਕਾਣਾ ਏ। ਇਕ ਵੇਰ ਮੈਨੂੰ ਪੀਰ ਗਾਲ੍ਹੜ ਸ਼ਾਹ ਲੈ ਚੱਲੋ ਤਾਂ ਸ਼ੈਦ ਬਚ ਜਾਵਾਂ। ਮੈਂ ਪੀਰ ਗਾਲ੍ਹੜ ਸ਼ਾਹ ਦੀ ਬੜੀ ਤਾਰੀਫ਼ ਸੁਣੀ ਏ।"
"ਮੈਂ ਇਹ ਕੀ ਸੁਣ ਰਿਹਾ ਹਾਂ, ਰਜਨੀ?
ਤੁਹਾਡੇ ਵਰਗੀ ਪੜ੍ਹੀ-ਲਿਖੀ ਸਮਝਦਾਰ ਸਿੱਖਣੀ ਦੇ ਮੂੰਹੋਂ ਜਾਦੂ ਤੇ ਫ਼ਰਜ਼ੀ ਪੀਰਾਂ ਫ਼ਕੀਰਾਂ 'ਤੇ ਸ਼ਰਧਾ?" ਚੇਤੰਨ ਸਿੰਘ ਨੇ ਕੁਝ ਹੈਰਾਨੀ ਨਾਲ ਕਿਹਾ।
ਉਹ ਅੰਗਰੇਜ਼ੀ ਪੜ੍ਹੇ-ਲਿਖੇ, ਪੁਰਾਤਨ ਵਹਿਮਾਂ-ਭਰਮਾਂ ਤੋਂ ਆਜ਼ਾਦ ਸਿੱਖ ਸਰਦਾਰ ਸਨ। ਸਿੰਘ ਸਭਾਵਾਂ ਵਿਚ ਅੱਗੇ ਵਧ-ਵਧ ਕੇ ਹਿੱਸਾ ਲੈਂਦੇ ਸਨ। ਕੁਦਰਤੀ ਤੌਰ 'ਤੇ ਉਹ ਇਸ ਗੱਲ ਵਿਚ ਬੜੀ ਹਤਕ ਮਹਿਸੂਸ ਕਰਨ ਲੱਗੇ ਕਿ ਇੱਡੇ ਵੱਡੇ ਸਿੱਖ ਸਰਦਾਰ ਦੀ ਇਸਤਰੀ ਫ਼ਕੀਰਾਂ ਦੀਆਂ ਕਬਰਾਂ ਪੂਜਣ ਤੁਰ ਪਵੇ।
ਉਹ ਰਜਨੀ ਨੂੰ ਦਲੀਲਾਂ ਤੇ ਗੁਰਬਾਣੀ ਦੇ ਉਪਦੇਸ਼ਾਂ ਨਾਲ ਸਮਝਾਉਣ ਤੇ ਤਸੱਲੀਆਂ ਦੇਣ ਲੱਗ ਪਏ, ਪਰ ਇਹ ਦਲੀਲਾਂ ਰਜਨੀ ਵਾਸਤੇ ਥਿੰਦੇ ਘੜੇ ਉਪਰ ਪਾਣੀ ਵਾਕੁਰ ਸਨ। ਉਹ ਗੁੰਮ ਜਿਹੀ ਹੁੰਦੀ ਗਈ! ਉਸ ਦੀਆਂ ਅੱਖਾਂ ਮਿਚਦੀਆਂ ਗਈਆਂ। ਸਰਦਾਰ ਚੇਤੰਨ ਸਿੰਘ ਨੂੰ ਦਿੱਲੀ ਤੋਂ ਅਰਜੈਂਟ ਤਾਰਾਂ ਆਈਆਂ ਹੋਈਆਂ ਸਨ। ਉਹ ਆਪਣੇ ਕਮਰੇ ਵਿਚ ਜਾ ਕੇ ਤਿਆਰੀ ਕਰਨ ਲੱਗ ਪਏ ਅਤੇ ਨੌਕਰ ਨੂੰ ਹਦਾਇਤਾਂ ਦੇਣ ਲੱਗੇ ਕਿ ਲੋੜ ਪੈਣ 'ਤੇ ਡਾਕਟਰ ਰਣਧੀਰ ਸਿੰਘ ਹੋਰਾਂ ਨੂੰ ਸੱਦ ਲਿਆਉਣਾ ਤੇ ਧਿਆਨ ਨਾਲ ਇਲਾਜ ਕਰਨਾ।
ਸਰਦਾਰ ਚੇਤੰਨ ਸਿੰਘ ਬਾਹਰ ਠੇਕਿਆਂ ਦੇ ਕੰਮਾਂ ਕਰ ਕੇ ਘਰ ਬਹੁਤ ਹੀ ਘੱਟ ਠਹਿਰਿਆ ਕਰਦੇ ਸਨ। ਲਾਹੌਰ ਪੁਰਾਣੀ ਅਨਾਰਕਲੀ ਵਿਚ ਬੜਾ ਸ਼ਾਨਦਾਰ ਬੰਗਲਾ ਕਿਰਾਏ 'ਤੇ ਲਿਆ ਹੋਇਆ ਸੀ। ਰਜਨੀ ਆਪਣੇ ਦੋ ਬੱਚਿਆਂ ਤੇ ਨੌਕਰਾਂ-ਨੌਕਰਾਣੀਆਂ ਨਾਲ ਇਕੱਲੀ ਉਸ ਵਿਚ ਰਹਿੰਦੀ ਸੀ। ਉਹ ਮੁਹੱਲੇ ਵਿਚ ਕਿਸੇ ਦੇ ਘਰ ਜਾਣਾ-ਆਉਣਾ ਉਕਾ ਪਸੰਦ ਨਹੀਂ ਸੀ ਕਰਦੀ। ਨਾ ਉਸ ਨੂੰ ਸਿਨਮਾ ਵੇਖਣ ਦਾ ਸ਼ੌਕ ਸੀ, ਨਾ ਕੋਈ ਹੋਰ ਸਮਾਜਕ ਜਾਂ ਸਾਹਿਤਕ ਸ਼ੁਗਲ ਹੀ ਸੀ। ਧਨ ਦੀ ਬੇਪ੍ਰਵਾਹੀ ਹੁੰਦਿਆਂ ਵੀ ਉਸ ਨੇ ਆਪਣੇ ਪੁਰਾਤਨ ਸੁਭਾਅ ਨਾਲ ਬੰਗਲੇ ਨੂੰ ਆਪਣਾ ਕੈਦਖ਼ਾਨਾ ਬਣਾਇਆ ਹੋਇਆ ਸੀ। ਉਸ ਨੂੰ ਆਪਣੀ ਮਾਲਣ, ਬੁੱਢੀ ਬਾਹਮਣੀ, ਇਕ-ਦੋ ਵਿਧਵਾ ਗ਼ਰੀਬ ਮੰਗਤੀਆਂ ਤੋਂ ਬਿਨਾਂ ਉਚੇ ਤਬਕੇ ਦੀਆਂ ਸਮਾਜਕ ਤੀਵੀਆਂ ਬਹੁਤ ਘੱਟ ਮਿਲਦੀਆਂ ਸਨ। ਹਾਂ! ਭਾਟੜੇ, ਸਾਧੂ, ਫ਼ਕੀਰ, ਹੱਥ ਵੇਖਣ ਵਾਲੇ ਜੋਤਸ਼ੀ ਤੇ ਰਮਲੀਏ, ਸ਼ਹਿਰਾਂ ਵਿਚ ਬਾਬੂਆਣੀਆਂ ਤੇ ਸੇਠਾਣੀਆਂ ਦੀਆਂ ਮੁਰਾਦਾਂ ਪੂਰੀਆਂ ਹੋਣ ਦੇ ਉਪਾਅ ਦੱਸਣ ਵਾਲੇ ਬਥੇਰੇ ਇਨ੍ਹਾਂ ਦੇ ਬੰਗਲੇ ਵਿਚ ਵੀ ਆ ਜਾਇਆ ਕਰਦੇ ਸਨ ਜਿਨ੍ਹਾਂ ਪਾਸੋਂ ਰਜਨੀ ਆਪਣੀ ਕਿਸਮਤ ਤੇ ਆਪਣੀ ਬਿਮਾਰੀ ਦਾ ਇਲਾਜ ਪੁੱਛਦੀ ਰਹਿੰਦੀ ਸੀ, ਪਰ ਸ਼ ਚੇਤੰਨ ਸਿੰਘ ਜੀ ਤੋਂ ਚੋਰੀ-ਚੋਰੀ।
ਉਸ ਦੀ ਬਿਮਾਰੀ ਮਾਮੂਲੀ ਸਿਰ ਦਰਦ, ਦਿਲ ਨੂੰ ਘੇਰ ਪੈਣ, ਕਦੀ ਕਦੀ ਪੇਟ ਦਰਦ ਹੋਣ ਤੋਂ ਵਧਦੀ ਵਧਦੀ ਹੁਣ ਗਸ਼ੀਆਂ ਤੱਕ ਅੱਪੜ ਪਈ ਸੀ। ਸਰਦਾਰ ਚੇਤੰਨ ਸਿੰਘ ਦੇ ਵਪਾਰਕ ਤੇ ਠੇਕਿਆਂ ਦੇ ਮਹਾਨ ਕੰਮ ਉਨ੍ਹਾਂ ਨੂੰ ਰਜਨੀ ਦੀ ਬਿਮਾਰੀ ਵੱਲ ਬਹੁਤ ਘੱਟ ਧਿਆਨ ਦੇਣ ਦਿੰਦੇ ਸਨ।
ਰਜਨੀ ਇਸ ਬੇਪ੍ਰਵਾਹੀ ਤੋਂ ਬਹੁਤ ਦੁਖੀ ਹੋ ਰਹੀ ਸੀ। ਐਤਕਾਂ ਉਸ ਦਾ ਖਿਆਲ ਸੀ, ਆਪਣੀ ਬਿਮਾਰੀ ਦੀ ਨਾਜ਼ਕ ਹਾਲਤ ਦੱਸ ਕੇ ਸਰਦਾਰ ਹੁਰਾਂ ਨੂੰ ਉਹ ਕੁਝ ਦਿਨ ਘਰ ਠਹਿਰਾ ਕੇ ਆਪਣਾ ਇਲਾਜ ਕਰਾਉਣ ਲਈ ਮਨਾ ਲਏਗੀ, ਪਰ ਉਨ੍ਹਾਂ ਦੇ ਰੁੱਖੇ ਜਵਾਬ ਤੇ ਇਸੇ ਹਾਲਤ ਵਿਚ ਜਾਣ ਦੀ ਤਿਆਰੀ ਵਿਚ ਜੁਟ ਜਾਣ ਨੇ ਰਜਨੀ ਦੇ ਬਿਮਾਰ ਤੇ ਨਾਜ਼ਕ ਦਿਲ ਉਪਰ ਡਾਢੀ ਸੱਟ ਮਾਰੀ। ਉਹ ਬਿਲਕੁਲ ਮਾਯੂਸ ਹੋ ਗਈ। ਇਕ ਡੋਬ ਪਿਆ, ਫਿਰ ਜਦ ਹੋਸ਼ ਆਈ ਤੇ ਤਾਬੋ ਨੌਕਰਾਣੀ ਨੂੰ ਵਾਜ ਮਾਰ ਕੇ ਕਿਹਾ, "ਅਨੀ ਤਾਬੋ, ਮੇਰੀ ਲਾਲੀ ਤੇ ਬਾਲੀ ਨੂੰ ਮੇਰੇ ਕੋਲ ਲੈ ਆ।"
ਦੋਹਾਂ ਨੂੰ ਕੁੱਛੜ ਲੈ ਕੇ, ਛਾਤੀ ਨਾਲ ਲਾ ਕੇ ਰਜਨੀ ਛਮ-ਛਮ ਰੋਣ ਲੱਗ ਪਈ। ਉਸ ਦੀਆਂ ਚੀਕਾਂ ਸੁਣ ਕੇ ਚੇਤੰਨ ਸਿੰਘ ਡਰੈਸਿੰਗ ਰੂਮ ਵਿਚੋਂ ਭੱਜ ਕੇ ਰਜਨੀ ਦੇ ਕਮਰੇ ਵਿਚ ਆ ਗਏ। ਉਹ ਕਹਿ ਰਹੀ ਸੀ, "ਸੁਆਮੀ ਜੀ, ਮੈਨੂੰ ਮੁਆਫ਼ ਕਰਨਾ। ਮੈਨੂੰ ਭੁੱਲ ਜਾਣਾ। ਮੇਰੀ ਅੰਤਿਮ ਪ੍ਰਣਾਮ। ਮੈਂ ਹੁਣ ਹੋਰ ਕੁਝ ਨਹੀਂ ਮੰਗਦੀ। ਮੈਂ ਗਾਲੜ੍ਹ ਸ਼ਾਹ ਪੀਰ ਦੇ ਨਹੀਂ ਜਾਂਦੀ। ਤੁਹਾਡੀ ਹੱਤਕ ਨਹੀਂ ਹੋਣ ਦਿੰਦੀ, ਪਰ ਇਕ ਅੰਤਿਮ ਬੇਨਤੀ ਹੈ। ਮੇਰੀਆਂ ਇਨ੍ਹਾਂ ਲਾਲੀਆਂ ਦਾ ਧਿਆਨ ਰੱਖਣਾ। ਇਨ੍ਹਾਂ ਨੂੰ ਕਿਸੇ ਡਾਢੀ ਦੇ ਪੱਲੇ ਨਾ ਪਾਣਾ।" ਕਹਿੰਦੀ ਹੋਈ ਚੀਕਾਂ ਤੇ ਡਾਡਾਂ ਮਾਰਦੀ ਰਜਨੀ ਬੇਹੋਸ਼ ਹੋ ਗਈ।
ਡਾਕਟਰ ਰਣਧੀਰ ਸਿੰਘ ਨੇ ਪਹੁੰਚ ਕੇ ਝਟਪਟ ਦਵਾ ਦਾਰੂ ਕਰ ਕੇ ਰਜਨੀ ਨੂੰ ਹੋਸ਼ ਵਿਚ ਲਿਆਂਦਾ। ਫਿਰ ਚੰਗੀ ਤਰ੍ਹਾਂ ਮੁਆਇਨਾ ਕੀਤਾ। ਬਿਮਾਰੀ ਦੀ ਸਾਰੀ ਹਿਸਟਰੀ ਪੁੱਛੀ। ਅਖ਼ੀਰ ਵਿਚ ਰਜਨੀ ਨੇ ਡਾਕਟਰ ਜੀ ਨੂੰ ਇਹ ਵੀ ਦੱਸਿਆ, "ਮੈਨੂੰ ਤਾਂ ਇਉਂ ਮਲੂਮ ਹੁੰਦਾ ਹੈ, ਮੇਰਾ ਤਾਂ ਕਲੇਜਾ ਸੂਈਆਂ ਨਾਲ ਪ੍ਰੋਤਾ ਹੋਇਆ ਹੈ! ਭਾਵੇਂ ਤੁਸੀਂ ਵੀ ਹੱਸੋਗੇ ਹੀ, ਪਰ ਮੈਨੂੰ ਨਿਸ਼ਚਾ ਹੈ ਕਿ ਮੈਨੂੰ ਕਿਸੇ ਜਾਦੂ ਕੀਤੇ ਹੋਏ ਹਨ ਅਤੇ ਪੀਰ ਗਾਲ੍ਹੜ ਸ਼ਾਹ ਤੋਂ ਬਗੈਰ ਇਨ੍ਹਾਂ ਦਾ ਕੋਈ ਇਲਾਜ ਨਹੀਂ ਕਰ ਸਕਦਾ। ਤੁਹਾਡੀਆਂ ਵੀ ਤੇ ਹੋਰ ਡਾਕਟਰਾਂ ਦੀਆਂ ਵੀ ਮੈਂ ਅੱਗੇ ਸੈਂਕੜੇ ਰੁਪਿਆਂ ਦੀਆਂ ਦਵਾਈਆਂ ਖਾ ਚੁੱਕੀ ਹਾਂ। ਤੁਸੀਂ ਵੇਖ ਲੌ, ਕੱਖ ਅਸਰ ਨਹੀਂ ਹੁੰਦਾ।"
ਫਿਰ ਡਾਕਟਰ ਹੁਰੀਂ ਵੱਖਰੀ ਬੈਠਕ ਵਿਚ ਸ. ਚੇਤੰਨ ਸਿੰਘ ਹੁਰਾਂ ਕੋਲ ਜਾ ਕੇ ਬੈਠੇ ਅਤੇ ਦੱਸਿਆ ਕਿ "ਰਜਨੀ ਨੂੰ ਹਿਸਟੀਰੀਆ ਹੈ ਅਤੇ ਇਸ ਦਾ ਇਲਾਜ ਪੂਰੀ ਤਰ੍ਹਾਂ ਕਰਨ ਨਾਲ ਆਰਾਮ ਆਵੇਗਾ। ਇਕ ਤਾਂ ਇਸ ਦੇ ਕੋਲ ਆਪ ਦੀ ਹਾਜ਼ਰੀ ਬੜੀ ਜ਼ਰੂਰੀ ਹੈ। ਮਾਨਸਿਕ ਤੇ ਸਰੀਰਕ ਦੋਹਾਂ ਤਰ੍ਹਾਂ ਨਾਲ ਇਲਾਜ ਕੀਤਾ ਜਾਏਗਾ। ਇਸ ਦੇ ਮਨ ਨੂੰ ਪ੍ਰਸੰਨ ਰੱਖਣਾ ਅਤੇ ਇਸ ਦੇ ਦਿਲ ਵਿਚ ਜੰਮੇ ਵਹਿਮਾਂ ਭਰਮਾਂ ਦੇ ਸ਼ੱਕਾਂ ਨੂੰ ਕੱਢਣਾ ਪਹਿਲਾ ਕੰਮ ਹੈ, ਭਾਵੇਂ ਪੀਰ ਗਾਲ੍ਹੜ ਸ਼ਾਹ ਦੇ ਹੀ ਇਸ ਨੂੰ ਭੇਜਣਾ ਪਵੇ; ਪਰ ਨਾਲ ਹੀ ਬਾਕਾਇਦਗੀ ਨਾਲ ਦਵਾਈਆਂ ਤੇ ਖੁਰਾਕ ਦੇਣ ਦੀ ਲੋੜ ਹੈ। ਵਰਨਾ ਇਸ ਦਾ ਰਾਜ਼ੀ ਹੋਣਾ ਬਹੁਤ ਹੀ ਮੁਸ਼ਕਲ ਹੈ।"
ਸਰਦਾਰ ਚੇਤੰਨ ਸਿੰਘ ਹੁਰੀਂ ਸੋਚੀਂ ਪੈ ਗਏ। ਇਕ ਤਾਂ ਲੱਖਾਂ ਰੁਪਏ ਦੇ ਠੇਕਿਆਂ ਅਤੇ ਵਪਾਰ ਦੇ ਕੰਮਾਂ ਤੋਂ ਗ਼ੈਰ ਹਾਜ਼ਰ ਰਹਿਣਾ ਮੁਸ਼ਕਲ, ਦੂਜਾ ਰਜਨੀ ਨੂੰ ਪੀਰ ਦੀ ਕਬਰ 'ਤੇ ਭੇਜਣ ਦਾ ਸੁਆਲ, ਪਰ ਸ. ਚੇਤੰਨ ਸਿੰਘ ਹੁਰੀਂ ਸ਼ਰੀਫ਼ ਗ੍ਰਹਿਸਥੀ ਸਨ। ਰਜਨੀ ਦੀ ਬਿਮਾਰੀ ਨੇ ਵੀ ਉਨ੍ਹਾਂ ਨੂੰ ਬਹੁਤ ਚਿੰਤਾਤੁਰ ਕਰ ਦਿੱਤਾ। ਉਸ ਵੱਲੋਂ ਆਪਣੀ ਬੇਪ੍ਰਵਾਹੀ ਉਪਰ ਅਫਸੋਸ ਹੋਇਆ। ਸੋਚਣ ਲੱਗੇ, ਜੇ ਉਸ ਦੀ ਬਿਮਾਰੀ ਹੋਰ ਵਧ ਗਈ।
ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਕੇ ਕੁਝ ਦਿਨ ਘਰ ਰਹਿ ਕੇ ਉਨ੍ਹਾਂ ਰਜਨੀ ਦਾ ਇਲਾਜ ਕਰਵਾਇਆ। ਕੁਝ ਨਜ਼ਦੀਕੀ ਰਿਸ਼ਤੇਦਾਰ ਮੰਗਾ ਲਏ ਤਾਂ ਜੋ ਰਜਨੀ ਦਾ ਸੰਗ ਵੀ ਹੋ ਜਾਏ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਇਲਾਜ ਤੇ ਸੇਵਾ ਵੀ ਹੋਵੇ। ਫਿਰ ਰਜਨੀ ਨੂੰ ਬੜੇ ਪ੍ਰੇਮ ਨਾਲ ਕਿਹਾ, "ਰਜਨੀ, ਜਿਸ ਤਰ੍ਹਾਂ ਤੇਰਾ ਜੀ ਚਾਹੇ, ਆਪਣਾ ਇਲਾਜ ਕਰ। ਮੇਰੇ ਵੱਲੋਂ ਤੈਨੂੰ ਪੂਰੀ ਖੁੱਲ੍ਹ ਹੈ। ਬੇਸ਼ਕ ਪੀਰ ਗਾਲ੍ਹੜ ਸ਼ਾਹ ਦੇ ਭੀ ਜਾ ਆ, ਪਰ ਇਹ ਸ਼ਰਤ ਜ਼ਰੂਰੀ ਹੈ ਕਿ ਡਾਕਟਰ ਹੁਰਾਂ ਦੀ ਦਵਾਈ ਤੇ ਉਨ੍ਹਾਂ ਦੀ ਦੱਸੀ ਖੁਰਾਕ ਵੀ ਖਾਂਦੇ ਰਹਿਣਾ। ਮੈਂ ਦਿੱਲੀ ਦਾ ਜ਼ਰੂਰੀ ਕੰਮ ਨਿਬੇੜ ਕੇ ਛੇਤੀ ਹੀ ਵਾਪਸ ਆ ਜਾਵਾਂਗਾ ਅਤੇ ਫਿਰ ਅਗਸਤ-ਸਤੰਬਰ ਦੇ ਮਹੀਨੇ ਕਿਸੇ ਪਹਾੜ 'ਤੇ ਚੱਲ ਕੇ ਦੋ ਮਹੀਨੇ 'ਕੱਠੇ ਰਹਾਂਗੇ ਅਤੇ ਜਦ ਤੀਕ ਤੂੰ ਰਾਜ਼ੀ ਨਾ ਹੋ ਜਾਵੇਗੀ, ਮੈਂ ਤੇਰੇ ਪਾਸ ਰਹਾਂਗਾ। ਰਜਨੀ, ਤੇਰੇ ਨਾਲ ਹੀ ਮੇਰਾ ਜਹਾਨ ਹੈ।" ਇਹ ਸੁਣ ਕੇ ਰਜਨੀ ਦੇ ਪੀਲੇ-ਭੂਕ ਮੂੰਹ ਉਪਰ ਆਸ ਦੀ ਮੁਸਕਰਾਹਟ ਖਿੜ ਪਈ ਅਤੇ ਹੌਸਲਾ ਵੀ ਪੈਦਾ ਹੋ ਗਿਆ। ਉਸ ਨੇ ਖੁਸ਼ੀ ਨਾਲ ਉਨ੍ਹਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ।

(2)
ਦੂਜੇ ਦਿਨ ਸਵੇਰੇ ਹੀ ਮਾਲਣ ਨੂਰਭਰੀ ਫੁੱਲਾਂ ਦੀ ਟੋਕਰੀ ਭਰ ਕੇ ਲੈ ਆਈ। ਇਹ ਸਮਝੋ, ਪੀਰ ਗਾਲ੍ਹੜ ਸ਼ਾਹ ਦੀ ਸ਼ਹਿਰ ਵਿਚ ਵੱਡੀ ਪ੍ਰਚਾਰਕਾ ਸੀ। ਸ਼ਹਿਰ ਵਿਚ ਅਮੀਰ ਘਰਾਂ ਵਿਚ ਇਸ ਦਾ ਬਹੁਤ ਜਾਣ-ਆਉਣ ਸੀ। ਤਾਜ਼ੇ ਗੁਲਦਸਤੇ ਮੇਜ਼ ਉਤੇ ਸਜਾਏ ਗਏ। ਮੋਤੀਏ ਦੇ ਸੁੰਦਰ ਖ਼ੁਸ਼ਬੂਦਾਰ ਫੁੱਲ ਮਾਲਣ ਨੇ ਸਰਦਾਰਨੀ ਰਜਨੀ ਦੇ ਪੇਸ਼ ਕੀਤੇ ਅਤੇ ਸਲਾਮ ਦੁਆ ਆਖ ਕੇ ਬੋਲੀ, "ਸਰਦਾਰਨੀ ਜੀ, ਤਬੀਅਤ ਦਾ ਕੀ ਹਾਲ ਹੈ? ਅੱਲਾ ਪਾਕ ਆਪ ਨੂੰ ਛੇਤੀ ਰਾਜੀ ਕਰੇ।"
"ਨੂਰਾਂ, ਮੈਂ ਤਾਂ ਹੁਣ ਦਿਨਾਂ ਦੀ ਪ੍ਰਾਹੁਣੀ ਹਾਂ। ਵੇਖਦੀ ਨਹੀਂ, ਮੇਰਾ ਕੀ ਹਾਲ ਏ? ਫਿਰ ਸ਼ੈਦ... "ਅੱਲਾ ਦਾ ਨਾਂ ਲਵੋ ਸਰਦਾਰਨੀ ਜੀ। ਏਦਾਂ ਨਾ ਕਹੋ। ਸੱਤ ਤੇ ਵੀਹ ਖੈਰੀਂ ਨੇ। ਹਾਂ ਸੱਚੀ ਫਿਰ ਕੀ ਸਲਾਹ ਬਣੀ, ਪੀਰ ਗਾਲ੍ਹੜ ਸ਼ਾਹ ਦੇ ਚੱਲੋਗੇ?"
"ਹਾਂ ਚੱਲਾਂਗੀ। ਸਰਦਾਰ ਹੁਰੀਂ ਪਹਿਲਾਂ ਤਾਂ ਨਹੀਂ ਸਨ ਮੰਨਦੇ, ਫਿਰ ਦਿੱਲੀ ਜਾਂਦੇ ਹੋਏ ਕਹਿ ਗਏ ਨੇ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਬੇਸ਼ੱਕ ਜਾਵੋ।"
ਇਹ ਸੁਣ ਕੇ ਮਾਲਣ ਬੜੀ ਖੁਸ਼ ਹੋ ਕੇ ਬੋਲੀ, "ਸਰਦਾਰ ਹੁਰਾਂ ਦੇ ਆਉਣ ਤੱਕ ਤਾਂ ਤੁਸੀਂ ਨੌਂ-ਬਰ-ਨੌਂ ਹੋ ਜਾਵੋਗੇ। ਫਿਰ ਉਨ੍ਹਾਂ ਨੂੰ ਪੁੱਛਣਾ ਕਿ ਕੌਣ ਸੱਚਾ ਏ। ਹੱਛਾ ਫਿਰ ਭਲਕੇ ਤਿਆਰ ਰਹੋ, ਜੁਮੇ-ਰਾਤ ਹੈ। ਇਸੇ ਦਿਨ ਪੀਰ ਹੁਰੀਂ ਗਾਲ੍ਹੜ ਬਖ਼ਸ਼ਦੇ ਨੇ।" ਮਾਲਣ ਅਸੀਸਾਂ ਦੇਂਦੀ ਤੇ ਦੁਆਈਂ ਕਰਦੀ ਚਲੀ ਗਈ।
ਜੁਮੇ-ਰਾਤ ਨੂੰ ਦੂਜੇ ਦਿਨ ਸਰਦਾਰਨੀ ਰਜਨੀ, ਮਾਲਣ ਨੂਰਭਰੀ, ਇਕ ਨੌਕਰ ਤੇ ਇਕ ਨੌਕਰਾਣੀ ਮੋਟਰ 'ਤੇ ਬੈਠ ਕੇ ਪੀਰ ਗਾਲ੍ਹੜ ਸ਼ਾਹ ਦੀ ਯਾਤਰਾ ਚੱਲ ਪਏ।
ਪੀਰ ਗਾਲ੍ਹੜ ਸ਼ਾਹ ਕੌਣ ਹੈ, ਕਿਥੋਂ ਹੈ ਅਤੇ ਇਸ ਵਿਚ ਕੀ ਕਲਾ ਹੈ? ਇਸ ਸਬੰਧੀ ਲੋਕਾਂ ਦੀ ਜ਼ਬਾਨੀ ਇਹ ਪਤਾ ਲਗਦਾ ਹੈ ਕਿ ਬਹੁਤ ਪੁਰਾਣੇ ਜ਼ਮਾਨੇ ਵਿਚ ਇਹ ਬੜਾ ਵਲੀ ਕਰਾਮਾਤੀ ਪੀਰ ਹੋ ਗੁਜ਼ਰਿਆ ਹੈ। ਇਹ ਗਾਲ੍ਹੜਾਂ ਨੂੰ ਬੜੇ ਪਿਆਰ ਨਾਲ ਪਾਲਦਾ ਸੀ। ਇਸੇ ਕਰ ਕੇ ਇਸ ਨੂੰ ਗਾਲ੍ਹੜ ਸ਼ਾਹ ਕਹਿੰਦੇ ਹਨ। ਇਸ ਦੇ ਤਕੀਏ ਦੇ ਅੱਗੇ ਪਿੱਛੇ ਸੈਂਕੜੇ ਗਾਲ੍ਹੜ ਫਿਰਦੇ ਰਹਿੰਦੇ ਸਨ। ਇਸ ਦੀਆਂ ਕਈ ਕਰਾਮਾਤਾਂ ਮਸ਼ਹੂਰ ਹਨ। ਇਸ ਨੇ ਮੀਂਹ ਬਰਸਾਏ, ਬਿਮਾਰੀਆਂ ਹਟਾਈਆਂ, ਮੁਰਦੇ ਜ਼ਿੰਦਾ ਕੀਤੇ, ਗ਼ਰੀਬਾਂ ਨੂੰ ਮਾਲਾ-ਮਾਲ ਕੀਤਾ, ਬਾਂਝ ਤੀਵੀਆਂ ਨੂੰ ਸੰਤਾਨ ਬਖ਼ਸ਼ੀ। ਇਸ ਨੂੰ ਕਈ ਲੋਕ ਲੱਖਦਾਤਾ ਤੇ ਮੋਤੀਆਂ ਵਾਲਾ ਵੀ ਕਹਿੰਦੇ ਹਨ। ਜਿਸ ਉਤੇ ਪੀਰ ਖੁਸ਼ ਹੋ ਜਾਵੇ, ਉਸ ਨੂੰ ਗਾਲ੍ਹੜ ਬਖ਼ਸ਼ ਦਿੰਦਾ ਸੀ। ਗਾਲ੍ਹੜ ਰੋਗੀ ਦਾ ਰੋਗ ਕੱਟ ਕੇ ਆਪ ਮਰ ਜਾਂਦਾ ਸੀ।
ਸਾਈਂ ਮੀਆਂ ਮੀਰ ਦੀ ਕਬਰ ਤੋਂ ਦੱਖਣ ਵੱਲ ਦੂਰ ਸਾਰੇ ਛਾਉਣੀ ਦੀ ਹੱਦ ਵਿਚ ਇਸ ਦੀ ਕਬਰ ਹੈ। ਕਹਿੰਦੇ ਹਨ, ਲਾਗ ਦੀ ਰੇਲਵੇ ਲਾਈਨ ਤੋਂ ਲੰਘਣ ਵਾਲੀ ਹਰ ਗੱਡੀ ਖੜੋ ਕੇ ਪੀਰ ਦੀ ਕਬਰ ਨੂੰ ਸਲਾਮ ਕਰ ਕੇ ਲੰਘਦੀ ਹੈ। ਜੇ ਸਲਾਮ ਨਾ ਕਰੇ ਤਾਂ ਪੀਰ ਦੀ ਕਰਾਮਾਤ ਨਾਲ ਰੋਕ ਦਿੱਤੀ ਜਾਂਦੀ ਹੈ ਜਾਂ ਉਸ ਦੀ ਟੱਕਰ ਹੋ ਜਾਂਦੀ ਹੈ। ਇਸ ਦੀ ਗੱਦੀ ਦਾ ਫਕੀਰ ਆਪਣੇ ਆਪ ਨੂੰ ਵੀਹਵੀਂ ਥਾਂ ਦੱਸਦਾ ਹੈ। ਤਿੰਨ-ਚਾਰ ਘੁਮਾਂ ਜਗ੍ਹਾ ਵਲੀ ਹੋਈ ਹੈ। ਬੜਾ ਸੁੰਦਰ ਤਕੀਆ ਹੈ। ਜੁਮੇ-ਰਾਤ ਨੂੰ ਖ਼ੂਬ ਰੌਣਕ ਲਗਦੀ ਹੈ। ਦੂਰ ਦੂਰ ਤੋਂ ਲੋਕੀ ਮੰਨਤਾਂ ਦੇਣ ਆਉਂਦੇ ਹਨ। ਮੁਸਲਮਾਨ ਤਾਂ ਆਮ ਆਉਂਦੇ ਹਨ, ਪਰ ਹਿੰਦੂ ਤੇ ਸਿੱਖ ਵੀ ਕਈ ਆ ਜਾਂਦੇ ਹਨ। ਇਥੇ ਪੰਜਾਹ ਸੱਠ ਮੁਜਾਵਰ ਰਹਿੰਦੇ ਹਨ। ਗੱਦੀ ਦੇ ਮਾਲਕ ਪੀਰ ਇਸ ਵੇਲੇ ਕੋਈ ਸੱਠ ਕੁ ਸਾਲ ਦੀ ਉਮਰ ਦੇ ਬਿਰਧ ਹਨ, ਪਰ ਸਰੀਰ ਤਕੜਾ ਹੈ। ਮਹਿੰਦੀ ਨਾਲ ਰੰਗੀ ਹੋਈ ਲੰਬੀ ਦਾਹੜੀ ਮੂੰਹ ਦੀ ਰੌਣਕ ਨੂੰ ਖੂਬ ਚਮਕਾ ਰਹੀ ਹੈ। ਹੁਣ ਵੀ ਅਹਾਤੇ ਵਿਚ ਜਿਧਰ ਵੇਖੋ, ਗਾਲ੍ਹੜਾਂ ਦੇ ਇੱਜੜ ਭਜਦੇ ਦਿਸਦੇ ਹਨ। ਇਥੋਂ ਗਾਲ੍ਹੜ ਪਕੜਨ ਜਾਂ ਮਾਰਨ ਦਾ ਕਿਸੇ ਨੂੰ ਹੁਕਮ ਨਹੀਂ। ਜਿਸ ਤਰ੍ਹਾਂ ਮਥਰਾ ਬਿੰਦਰਾਬਨ ਵਿਚ ਯਾਤਰੂ ਲੋਕ ਬਾਂਦਰਾਂ ਨੂੰ ਛੋਲੇ ਤੇ ਪੂਰੀਆਂ ਖਵਾ ਕੇ ਪੁੰਨ ਸਮਝਦੇ ਹਨ, ਇਥੇ ਗਾਲ੍ਹੜਾਂ ਨੂੰ ਬੇਰ, ਫਲ ਆਦਿਕ ਖੁਆਣ ਦਾ ਸੁਆਬ ਗਿਣਦੇ ਹਨ।
ਸਰਦਾਰਨੀ ਹੁਰਾਂ ਦੀ ਮੋਟਰ ਇਸੇ ਤਕੀਏ ਦੇ ਬਾਹਰ ਆ ਕੇ ਖੜੀ ਹੋ ਗਈ। ਮਾਲਣ ਨੂਰਭਰੀ ਸਰਦਾਰਨੀ ਨੂੰ ਪੀਰ ਦੀ ਕਬਰ ਦੀ ਪਰਿਕਰਮਾ ਕਰਵਾ ਕੇ, ਮੁਜਾਵਰਾਂ ਨੂੰ ਰੁਪਿਆ ਦਵਾ ਕੇ, ਫਿਰ ਗੱਦੀ ਵਾਲੇ ਪੀਰ ਦੇ ਕਮਰੇ ਵਿਚ ਲੈ ਗਈ। ਅੱਧੇ ਕੁ ਘੰਟੇ ਮਗਰੋਂ ਪਿੰਜਰੇ ਵਿਚ ਗਾਲ੍ਹੜ ਪਾਇਆ ਹੋਇਆ ਲੈ ਕੇ ਸਰਦਾਰਨੀ ਤੇ ਨੂਰਭਰੀ ਬਾਹਰ ਆਈਆਂ। ਦੋਹਾਂ ਦੇ ਚਿਹਰੇ ਖਿੜੇ ਹੋਏ ਸਨ; ਜਾਣੀਂ ਦਾ, ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਨੂਰਭਰੀ ਕਹਿਣ ਲੱਗੀ, "ਲੋਕੀਂ ਤਾਂ ਦਸ ਦਸ ਫੇਰੇ ਪਾਂਦੇ ਹਨ, ਪਰ ਗਾਲ੍ਹੜ ਨਹੀਂ ਮਿਲਦਾ। ਤੁਹਾਡੇ ਉਤੇ ਤਾਂ ਪੀਰ ਹੁਰੀਂ ਬੜੇ ਮਿਹਰਬਾਨ ਹੋ ਗਏ ਹਨ, ਵੇਖੋ ਅੱਜੋ ਹੀ ਗਾਲ੍ਹੜ ਬਖ਼ਸ਼ ਦਿੱਤਾ।"
ਪਿਛੇ ਪਿਛੇ ਬਿਮਾਰ ਤੀਵੀਂ ਤੇ ਸੁਕੜੂ ਜਿਹਾ ਮਰਦ ਆ ਰਹੇ ਸਨ। ਸੱਚਮੁੱਚ ਉਨ੍ਹਾਂ ਦਾ ਅੱਜ ਛੇਵਾਂ ਫੇਰਾ ਸੀ। ਪੀਰ ਜੀ ਨੇ ਕਿਹਾ ਸੀ, "ਅਜੇ ਹਜ਼ੂਰ ਦਾ ਹੁਕਮ ਆਪ ਨੂੰ ਗਾਲੜ੍ਹ ਦੇਣ ਦਾ ਨਹੀਂ ਹੋਇਆ।" ਮਾਲਣ ਦੀ ਗੱਲ ਸੁਣ ਕੇ ਉਹ ਪੇਂਡੂ ਤੀਵੀਂ ਬੋਲੀ, "ਕਿਆ ਜ਼ਮਾਨਾ ਆਇਆ ਏ, ਅੱਜ ਕੱਲ੍ਹ ਤੇ ਪੀਰ ਫਕੀਰ ਵੀ ਅਮੀਰਾਂ ਦੇ ਹੀ ਹੋ ਗਏ ਨੇ।" ਰਜਨੀ ਨੇ ਇਹ ਗੱਲ ਸੁਣੀ ਅਣਸੁਣੀ ਕਰ ਕੇ ਧੰਨਵਾਦ ਦੀ ਬੋਲੀ ਵਿਚ ਆਖਿਆ, "ਮਾਲਣ ਤੂੰ ਜਿਉਂਦੀ ਰਹੋ। ਇਹ ਸਭ ਤੇਰੀ ਹਿੰਮਤ ਦਾ ਫਲ ਏ। ਮੈਂ ਰਾਜ਼ੀ ਹੋ ਗਈ ਤਾਂ ਤੈਨੂੰ ਖੁਸ਼ ਕਰਾਂਗੀ। ਤੈਨੂੰ ਤਿੰਨੇ ਸੁੱਚੇ ਕੱਪੜੇ ਬਣਵਾ ਦਿਆਂਗੀ।"
"ਜੀ, ਤੇ ਮੈਂ ਅੱਗੇ ਕਿਸ ਦਾ ਦਿੱਤਾ ਖਾਂਦੀ ਆਂ, ਤੁਸੀਂ ਹੀ ਤਾਂ ਮੇਰੇ ਅੰਨ-ਦਾਤਾ ਹੋ। ਇਹ ਸਭ ਆਪ ਦੀਆਂ ਹੀ ਬਖ਼ਸ਼ਸ਼ਾਂ ਨੇ! ਅੱਲਾ ਨੇ ਚਾਹਿਆ ਤਾਂ ਦੋ ਹਫ਼ਤਿਆਂ ਵਿਚ ਈ ਤੁਸੀਂ ਰਾਜ਼ੀ-ਬਾਜ਼ੀ ਹੋ ਜਾਓਗੇ!" ਨੌਕਰਾਣੀਆਂ ਦੇ ਲਹਿਜੇ ਵਿਚ ਨੂਰਭਰੀ ਨੇ ਉਤਰ ਦਿੱਤਾ ਅਤੇ ਨਾਲ ਹੀ ਤਾਕੀਦ ਕੀਤੀ, "ਸਰਦਾਰਨੀ ਜੀ, ਪੀਰ ਜੀ ਦੇ ਹੁਕਮ ਤੇ ਪੂਰੀ ਤਰ੍ਹਾਂ ਅਮਲ ਕਰਨਾ ਤੇ ਗਾਲ੍ਹੜ ਨੂੰ ਪੀਰ ਜੀ ਦੀ ਦਿੱਤੀ ਕਲਾਮ ਵਾਲੀ ਖੁਰਾਕ ਦਿੰਦੇ ਰਹਿਣਾ।"
ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਕਰਦਿਆਂ ਦੋਵੇਂ ਮੋਟਰ 'ਤੇ ਬੈਠ ਕੇ ਆਪਣੇ ਘਰ ਆ ਗਈਆਂ।
ਰਜਨੀ ਕੁਝ ਡਾਕਟਰੀ ਦਵਾਈਆਂ ਵੀ ਖਾਂਦੀ ਰਹੀ ਅਤੇ ਗਾਲ੍ਹੜ ਨੂੰ ਬੇਰ, ਅੰਗੂਰ ਤੇ ਹੋਰ ਕਈ ਫਲ-ਫੁੱਲ ਵੀ ਪਾਏ ਜਾਂਦੇ ਰਹੇ ਅਤੇ ਪੀਰ ਜੀ ਵੱਲੋਂ ਦਿੱਤੀ ਹੋਈ ਖੁਰਾਕ ਵੀ ਖੁਆਈ ਜਾਂਦੀ ਰਹੀ। ਪੰਦਰਾਂ ਦਿਨ ਗੁਜ਼ਰ ਗਏ। ਅੱਗੇ ਹਰ ਰੋਜ਼ ਜਾਂ ਦੂਜੇ ਦਿਨ ਸਰਦਾਰਨੀ ਹੁਰਾਂ ਨੂੰ ਗਸ਼ ਪੈਂਦੀ ਸੀ ਤੇ ਉਹ ਚੀਕਾਂ ਮਾਰਨ ਲੱਗ ਪੈਂਦੇ ਸਨ। ਇਨ੍ਹਾਂ ਪੰਦਰਾਂ ਦਿਨਾਂ ਵਿਚ ਕੇਵਲ ਇਕ ਦੋ ਵੇਰ ਮਾੜੀ ਜਿਹੀ ਬੇਹੋਸ਼ੀ ਹੋਈ। ਸਰੀਰ ਵਿਚ ਬਲ ਆ ਗਿਆ। ਖੁਰਾਕ ਵਧ ਗਈ। ਅੱਗੇ ਘਰੋਂ ਬਾਹਰ ਨਹੀਂ ਸਨ ਜਾਂਦੇ, ਹੁਣ ਸੈਰ ਕਰਨ ਵੀ ਜਾਣ ਲੱਗ ਪਏ। 16ਵੇਂ ਦਿਨ ਗਾਲ੍ਹੜ ਮਰ ਗਿਆ। ਹੁਣ ਸਰਦਾਰਨੀ ਨੂੰ ਨਿਸ਼ਚਾ ਹੋ ਗਿਆ ਕਿ ਗਾਲ੍ਹੜ ਨੇ ਜਾਦੂ ਵੀ ਕੁਤਰ ਦਿੱਤੇ ਹਨ ਤੇ ਉਸ ਦੀ ਬਿਮਾਰੀ ਆਪ ਲੈ ਕੇ ਮਰ ਗਿਆ ਹੈ।
ਨੂਰਭਰੀ ਨੂੰ ਸਦਵਾ ਕੇ ਦੂਜੇ ਦਿਨ ਮੋਟਰ 'ਤੇ ਬੈਠ ਕੇ ਸਰਦਾਰਨੀ ਫਿਰ ਪੀਰ ਗਾਲ੍ਹੜ ਸ਼ਾਹ ਦੇ ਗਈ। ਪੀਰ ਹੁਰੀਂ ਬੜੀ ਮਸਤਾਨੀ ਤਬੀਅਤ ਨਾਲ ਇਨ੍ਹਾਂ ਨੂੰ ਨਾਲ ਲੈ ਕੇ ਟਾਹਲੀ ਦੇ ਮੁੱਢ 'ਤੇ ਜਾ ਬੈਠੇ ਤੇ ਨੂਰਭਰੀ ਨੂੰ ਕਿਹਾ, "ਬੀਬੀ, ਰਤਾ ਔਹ ਜਗ੍ਹਾ ਪੁੱਟ ਕੇ ਵੇਖੇਂ ਨਾ।"
ਨੂਰਭਰੀ ਨੇ ਫੁੱਟ ਕੁ ਡੂੰਘੀ ਜਗ੍ਹਾ ਪੁੱਟੀ ਤਾਂ ਵਿਚੋਂ ਇਕ ਲਾਲ ਟਾਕੀ ਨਿਕਲੀ ਜਿਸ ਵਿਚ ਮੁੱਠ ਕੁ ਸੂਈਆਂ ਦੇ ਨਿਕੇ ਟੋਟੇ ਪਏ ਸਨ। ਟਾਕੀ ਝਾੜੀ ਤਾਂ ਸੂਈਆਂ ਦੇ ਸਾਰੇ ਟੋਟੇ ਹੇਠਾਂ ਢੇਰੀ ਹੋ ਗਏ। ਪੀਰ ਹੁਰਾਂ ਸਰਦਾਰਨੀ ਦੀ ਪਿੱਠ 'ਤੇ ਥਾਪੜੀ ਦੇ ਕੇ ਕਿਹਾ, "ਲੈ ਬੀਬੀ, ਗਾਲ੍ਹੜ ਨੇ ਤੇਰੇ ਸਾਰੇ ਜਾਦੂ ਕੁਤਰ ਦਿਤੇ ਨੇ। ਹੁਣ ਤੂੰ ਬਿਲਕੁਲ ਰਾਜ਼ੀ ਏਂ। ਹੁਣ ਤੇਰੇ ਉਤੇ ਕੋਈ ਜਾਦੂ ਟੂਣਾ ਨਹੀਂ ਚੱਲੇਗਾ। ਜਾਹ, ਪਰ ਯਾਦ ਰੱਖ, ਪੀਰ ਗਾਲ੍ਹੜ ਸ਼ਾਹ ਨੂੰ ਕਦੀ ਨਾ ਭੁੱਲੀਂ। ਵਰ੍ਹੇ ਵਿਚ ਇਕ ਵਾਰੀ ਜ਼ਰੂਰ ਆਇਆ ਕਰੀਂ ਤੇ ਜੁਮੇ-ਰਾਤ ਨੂੰ ਭੰਡਾਰਾ ਭੇਜ ਦਿਆ ਕਰੀਂ।"
ਸਰਦਾਰਨੀ ਨੇ ਪੰਜ ਸੌ ਰੁਪਏ ਪੀਰ ਦੇ ਅੱਗੇ ਢੇਰੀ ਕਰ ਕੇ ਧੰਨਵਾਦ ਕੀਤਾ ਤੇ ਆਖਿਆ, "ਮੈਨੂੰ ਜਦ ਆਪ ਨੇ ਮਿਹਰ ਕਰ ਕੇ ਬਚਾਇਆ ਏ ਤਾਂ ਮੈਂ ਆਪ ਨੂੰ ਕਿਵੇਂ ਭੁੱਲਾਂਗੀ।"
ਸਰਦਾਰਨੀ ਰਜਨੀ ਅਜੇ ਕਾਫੀ ਕਮਜ਼ੋਰ ਸੀ। ਦਵਾਈਆਂ ਵੀ ਖਾਂਦੀ ਸੀ, ਪਰ ਉਸ ਨੂੰ ਹੁਣ ਨਿਸ਼ਚਾ ਹੋ ਗਿਆ ਸੀ ਕਿ ਮੇਰੇ ਜਾਦੂ ਪੀਰ ਗਾਲ੍ਹੜ ਸ਼ਾਹ ਨੇ ਕੁਤਰ ਦਿੱਤੇ ਹਨ ਤੇ ਮੈਂ ਹੁਣ ਰਾਜ਼ੀ ਹੋ ਜਾਵਾਂਗੀ।

(3)
ਸਰਦਾਰ ਚੇਤੰਨ ਸਿੰਘ ਜੀ ਦਿੱਲੀ ਤੋਂ ਫਰੰਟੀਅਰ ਮੇਲ ਗੱਡੀ 'ਤੇ ਸਵੇਰੇ ਲਾਹੌਰ ਆ ਗਏ। ਮੋਟਰ ਤੋਂ ਉਤਰ ਕੇ ਘਰ ਆਏ। ਉਨ੍ਹਾਂ ਦੇ ਹੱਥ ਵਿਚ ਤਾਜ਼ੀ ਅਖ਼ਬਾਰ ਸੀ। ਉਹ ਹੱਸਦੇ ਹੱਸਦੇ ਅੰਦਰ ਆਏ ਤੇ ਆਉਂਦੀਆਂ ਹੀ ਬੈਠਕ ਵਿਚ ਜਾ ਕੇ ਸਰਦਾਰਨੀ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਸੁੱਖ-ਸਾਂਤ ਪੁੱਛ ਕੇ ਕਹਿਣ ਲੱਗੇ, "ਆ ਰਜਨੀ, ਤੈਨੂੰ ਅੱਜ ਨਵੀਂ ਖ਼ਬਰ ਸੁਣਾਈਏ।"
ਰਜਨੀ ਦਿਲ ਵਿਚ ਸੋਚ ਰਹੀ ਸੀ ਕਿ ਜਦੋਂ ਸਰਦਾਰ ਹੁਰੀਂ ਆਉਣਗੇ ਤਾਂ ਸਭ ਤੋਂ ਪਹਿਲੇ ਪੀਰ ਗਾਲ੍ਹੜ ਸ਼ਾਹ ਦੀ ਕਰਾਮਾਤ ਦੀ ਗੱਲ ਉਨ੍ਹਾਂ ਨੂੰ ਸੁਣਾ ਕੇ ਪੁੱਛਾਂਗੀ, ਦੱਸੋ ਮੈਂ ਸੱਚੀ ਨਿਕਲੀ ਕਿ ਨਾ। ਸੋ ਉਸ ਦੇ ਮੂੰਹੋਂ ਨਿਕਲਿਆ, "ਪੀਰ ਗਾਲ੍ਹੜ ਸ਼ਾਹ ਦੀ?"
"ਆਹੋ ਪੀਰ ਗਾਲ੍ਹੜ ਸ਼ਾਹ ਦੀ। ਸੁਣੇਂਗੀ, ਤਾਂ ਵਾਹ ਵਾਹ ਕਰ ਉਠੇਂਗੀ।" "
ਮੈਂ ਜੋ ਕਹਿੰਦੀ ਸਾਂ ਕਿ ਇਹ ਪੀਰ ਬੜੀ ਕਲਾ ਵਾਲਾ ਹੈ, ਪਰ ਤੁਸੀਂ ਮੰਨਦੇ ਨਹੀਂ ਸੀ। ਵੇਖੋ, ਮੇਰੀ ਹਾਲਤ ਬਦਲ ਗਈ ਹੈ ਕਿ ਨਹੀਂ? ਪਰ ਤੁਸੀਂ ਖਬਰੇ ਅਜੇ ਤੀਕਰ ਵੀ ਆਖਦੇ ਹੋਵੋਗੇ ਕਿ ਇਹ ਸਭ ਪਖੰਡ ਹੀ ਏ।"
"ਮੇਰੀ ਗੱਲ ਵੀ ਸੁਣਨੀ ਏਂ ਕਿ ਆਪਣੀ ਈ ਦੱਬੀ ਜਾਏਂਗੀ।"
"ਦੱਸੋ ਵੀ, ਮੈਂ ਸੁਣਦੀ ਹਾਂ ਪਰ ਵੇਖਣਾ, ਪੀਰ ਲਈ ਕੋਈ ਬੁਰਾ ਸ਼ਬਦ ਨਾ ਬੋਲਣਾ। ਤੁਹਾਡਾ ਨਿਸ਼ਚਾ ਨਹੀਂ ਤਾਂ ਨਾ ਮੰਨੋ। ਤੁਸੀਂ ਤਾਂ ਕਿਸੇ ਗੁਰੂ ਪੀਰ ਦੀ ਵੀ ਕਰਾਮਾਤ ਨਹੀਂ ਮੰਨਦੇ। ਅੰਗਰੇਜ਼ੀ ਪੜ੍ਹਿਆਂ ਨੂੰ ਇਹੋ ਮਾਰ ਵਗ ਜਾਂਦੀ ਏ। ਉਨ੍ਹਾਂ ਦਾ ਕਿਸੇ 'ਤੇ ਸਿਦਕ ਭਰੋਸਾ ਹੀ ਨਹੀਂ ਰਹਿੰਦਾ। ਸਾਹਮਣੇ ਵੇਖਦੇ ਹੋ, ਹੱਥਾਂ ਉਤੇ ਸਰ੍ਹੋਂ ਜੰਮੀ ਏ। ਮੈਂ ਮਰਨ ਕਿਨਾਰਿਓਂ ਰਾਜ਼ੀ ਹੋਈ ਹਾਂ, ਪਰ ਤੁਸੀਂ ਅਜੇ ਵੀ ਕਹਿੰਦੇ ਹੋ ਕਿ ਇਹ ਸਭ ਠੱਗੀ ਏ, ਅਡੰਬਰ ਏ। ਵੇਖਣਾ ਮੈਨੂੰ ਕੋਈ ਅਜਿਹੀ ਭੈੜੀ ਗੱਲ ਨ ਸੁਨਾਣੀ।"
"ਚੰਗਾ ਫਿਰ ਤੁਸੀਂ ਪਹਿਲਾਂ ਆਪਣਾ ਲੈਕਚਰ ਮੁਕਾ ਲੌ, ਮੈਂ ਫਿਰ ਦੱਸਾਂਗਾ।" ਚੇਤੰਨ ਸਿੰਘ ਹੁਰਾਂ ਰਤਾ ਮੂੰਹ ਵੱਟ ਕੇ ਕਿਹਾ।
"ਗੁੱਸੇ ਹੋ ਗਏ ਹੋ? ਮੈਂ ਤਾਂ ਸਹਿ-ਸੁਭਾ ਗੱਲ ਕੀਤੀ ਸੀ। ਚੰਗਾ ਮਾਫੀ ਦਿਓ ਤੇ ਦੱਸੋ ਕੀ ਨਵੀਂ ਖ਼ਬਰ ਏ," ਰਜਨੀ ਨੇ ਕਿਹਾ।
"ਖ਼ਬਰ ਇਹੋ ਏ ਕਿ ਥੋੜੇ ਦਿਨਾਂ ਨੂੰ ਪੀਰ ਗਾਲ੍ਹੜ ਸ਼ਾਹ ਹੁਰਾਂ ਦਾ ਇਸ ਦੁਨੀਆਂ ਤੋਂ ਬਿਸਤਰਾ ਗੋਲ ਹੋਣ ਵਾਲਾ ਏ। ਛਾਉਣੀ ਦੇ ਵੱਡੇ ਅਫ਼ਸਰ ਨੇ ਹੁਕਮ ਦਿੱਤਾ ਏ ਕਿ ਅੱਜ ਤੋਂ ਵੀਹ ਪੰਝੀ ਸਾਲ ਪਹਿਲਾਂ ਇਹ ਜਗ੍ਹਾ ਬਿਲਕੁਲ ਸਫ਼ਾ-ਚਟ ਮੈਦਾਨ ਸੀ, ਇਹ ਛਾਉਣੀ ਦੀ ਜਗ੍ਹਾ ਹੈ। ਬਿਨਾਂ ਆਗਿਆ ਤੋਂ ਇਥੇ ਨਾਜਾਇਜ਼ ਕਬਜ਼ਾ ਕਰ ਕੇ ਕਬਰ ਬਣਾ ਲਈ ਗਈ ਤੇ ਇਹ ਸਾਰਾ ਅਡੰਬਰ ਰਚਿਆ ਗਿਆ ਹੈ। ਐਗਜ਼ੈਕਟਿਵ ਆਫ਼ੀਸਰ ਨੇ ਹੁਕਮ ਦਿੱਤਾ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਭ ਮਲਬਾ ਉਠਾ ਕੇ ਲੈ ਜਾਵੋ, ਨਹੀਂ ਤਾਂ ਫੌਜ ਲਿਆ ਕੇ ਸਭ ਮਕਾਨ ਸਾਫ਼ ਕਰ ਦਿੱਤੇ ਜਾਣਗੇ ਤੇ ਇਥੇ ਫੌਜ ਲਈ ਬੈਰਕਾਂ ਬਣਨਗੀਆਂ।"
ਇਹ ਸੁਣ ਕੇ ਰਜਨੀ ਘਬਰਾਈ ਹੋਈ ਬੋਲੀ, "ਇਹ ਕਦੀ ਨਹੀਂ ਹੋਣਾ। ਜਿਹੜਾ ਪੀਰ ਦੀ ਕਬਰ ਢਾਹੁਣ ਜਾਵੇਗਾ, ਉਹ ਅੰਨ੍ਹਾ ਹੋ ਜਾਵੇਗਾ। ਜੋ ਕਹੀ ਮਾਰੇਗਾ, ਉਹਦੇ ਹੱਥ ਟੁੱਟ ਜਾਣਗੇ। ਇਨ੍ਹਾਂ ਲੋਕਾਂ ਦੀ ਕਿਉਂ ਮਤਿ ਮਾਰੀ ਗਈ ਐ? ਜਾਓ ਤੁਸੀਂ ਸਾਹਬ ਨੂੰ ਆਖੋ, ਅਜਿਹੀ ਬੇਵਕੂਫੀ ਨਾ ਕਰੇ।"
"ਮੈਂ ਕਿਉਂ ਜਾ ਕੇ ਆਖਾਂ? ਮੈਂ ਤਾਂ ਅੱਗੇ ਹੀ ਖਿਆਲ ਕਰਦਾ ਸਾਂ ਕਿ ਇਹ ਪੁਰਾਣੀ ਕਬਰ ਨਹੀਂ, ਇਹ ਨਵਾਂ ਹੀ ਅਡੰਬਰ ਏ। ਇਸੇ ਤਰ੍ਹਾਂ ਨਾਲ ਕਈ ਹੋਰ ਸ਼ਹਿਰਾਂ ਵਿਚ ਮਿਊਂਸਪਲ ਕਮੇਟੀਆਂ ਦੀਆਂ ਜ਼ਮੀਨਾਂ ਕਈ ਹਿੰਦੂ, ਮੁਸਲਮਾਨਾਂ ਤੇ ਸਿੱਖ ਸਾਧਾਂ ਫਕੀਰਾਂ ਨੇ ਮੱਲੀਆਂ ਹੋਈਆਂ ਨੇ। ਬਿਨਾਂ ਆਗਿਆ ਮਸੀਤਾਂ ਤੇ ਮੰਦਰ ਬਣਾ ਲਏ ਨੇ, ਜਾਂ ਧੂਣੀਆਂ ਲਾ ਲਈਆਂ ਨੇ। ਕਮੇਟੀਆਂ ਦੇ ਮੈਂਬਰ ਵੋਟਰਾਂ ਤੋਂ ਡਰਦੇ ਉਨ੍ਹਾਂ ਦੇ ਵਿਰੁਧ ਕੋਈ ਕਾਰਵਾਈ ਨਹੀਂ ਕਰਦੇ, ਪਰ ਇਥੇ ਛਾਉਣੀ ਹੈ ਅਤੇ ਸਾਹਬ ਵੀ ਬੜਾ ਕਰੜਾ ਹੈ। ਉਸ ਨੇ ਹੁਣ ਪੀਰ ਹੁਰਾਂ ਦੀਆਂ ਸਾਰੀਆਂ ਕਰਾਮਾਤਾਂ ਮਾਤ ਕਰ ਦੇਣੀਆਂ ਨੇ।"
"ਸਰਦਾਰ ਜੀ, ਚਲੋ ਫਿਰ ਕੁਝ ਦਿਨ ਇਥੋਂ ਬਾਹਰ ਚਲੇ ਚਲੀਏ।"
"ਕਿਉਂ?"
"ਸਾਹਬ ਨੇ ਟਲਣਾ ਨਹੀਂ। ਪੀਰ ਜੀ ਦੀ ਬੇਅਦਬੀ ਕਰਨੀ ਏ ਤੇ ਲਾਹੌਰ ਸਾਰਾ ਗ਼ਰਕ ਹੋ ਜਾਣਾ ਏ।"
ਚੇਤੰਨ ਸਿੰਘ ਖਿੜਖਿੜਾ ਕੇ ਹੱਸ ਪਏ, "ਕਸੂਰ ਇਕ ਸਾਹਬ ਕਰੇਗਾ ਤੇ ਸਾਰੇ ਲਾਹੌਰ ਨੂੰ ਸਜ਼ਾ ਕਿਉਂ ਮਿਲੇਗੀ? ਇਹ ਚੰਗਾ ਨਿਆਂ ਏ! ਰਜਨੀ, ਘਬਰਾਓ ਨਹੀਂ, ਅਜਿਹੀ ਕੋਈ ਗੱਲ ਨਹੀਂ ਹੋਣੀ। ਤੈਨੂੰ ਉਥੇ ਨਾਲ ਲੈ ਚੱਲਾਂਗੇ। ਤੇਰੀਆਂ ਅੱਖੀਆਂ ਦੇ ਸਾਹਮਣੇ ਸਭ ਕੁਝ ਹੋਵੇਗਾ।"
ਸਰਦਾਰਨੀ ਕੁਝ ਗ਼ਮਗੀਨ ਜਿਹੀ ਹੋ ਗਈ, "ਤੁਸੀਂ ਆਉਂਦਿਆਂ ਹੀ ਕੇਹੀ ਚੰਦਰੀ ਖ਼ਬਰ ਸੁਣਾਈ, ਮੇਰਾ ਤਾਂ ਦਿਲ ਥਾਵੇਂ ਨਹੀਂ ਰਿਹਾ। ਮੈਂ ਤਾਂ ਅਜੇ ਵੀ ਕਹਿੰਦੀ ਆਂ, ਸਾਹਬ ਨੂੰ ਕਹੋ, ਜ਼ਮੀਨ ਦੀ ਕੀਮਤ ਸਾਥੋਂ ਲੈ ਲਵੇ ਤੇ ਪੀਰ ਜੀ ਨੂੰ ਕੁਝ ਨਾ ਕਹੇ।"
"ਇਸ ਗੱਲ ਦੀ ਕੀ ਲੋੜ ਏ", ਚੇਤੰਨ ਸਿੰਘ ਨੇ ਰਜਨੀ ਦਾ ਹੌਸਲਾ ਵਧਾਉਂਦਿਆਂ ਹੋਇਆਂ ਕਿਹਾ, "ਸਗੋਂ ਸਾਹਬ ਨੂੰ ਢਾਹੁਣ ਦਾ ਸਵਾਦ ਚੱਖਣ ਦਿਓ ਤਾਂ ਜੋ ਪੀਰ ਜੀ ਦੀ ਸ਼ਕਤੀ ਤੇ ਕਲਾ ਹੋਰ ਪ੍ਰਸਿੱਧ ਹੋ ਜਾਵੇ ਅਤੇ ਫਿਰ ਮੇਰੇ ਵਰਗੇ ਬੇਸਿਦਕਿਆਂ ਨੂੰ ਵੀ ਪੀਰ ਜੀ ਦੀ ਸ਼ਰਨੀਂ ਢਹਿਣਾ ਪਵੇ।"
ਇਹ ਸੁਣ ਕੇ ਰਜਨੀ ਨੇ ਸੋਚਿਆ, ਗੱਲ ਤਾਂ ਠੀਕ ਹੈ। ਪੀਰ ਜੀ ਦੀ ਕਬਰ ਨੂੰ ਛੇੜਨ ਵਾਲੇ ਜ਼ਰੂਰ ਅੰਨ੍ਹੇ ਹੋ ਜਾਣਗੇ। ਫਿਰ ਸਾਡੇ ਸਰਦਾਰ ਜੀ ਵੀ ਮੰਨ ਜਾਣਗੇ ਤੇ ਦੋਵੇਂ ਇਕੱਠੇ ਪੀਰ ਦੀ ਜ਼ਿਆਰਤ ਨੂੰ ਚਲਿਆ ਕਰਾਂਗੇ। ਇਸ ਦੇ ਮਗਰੋਂ ਰਜਨੀ ਨੇ ਆਪਣੀ ਸਾਰੀ ਕਥਾ ਵੀ ਸੁਣਾਈ ਤੇ ਜਾਦੂ ਕੁਤਰ ਜਾਣ ਦੀ ਅੱਖੀਂ ਡਿਠੀ ਕਲਾ ਦੱਸੀ ਤੇ ਫੈਸਲਾ ਹੋਇਆ ਕਿ ਅਗਲੇ ਸੋਮਵਾਰ ਨੂੰ ਪੀਰ ਗਾਲ੍ਹੜ ਸ਼ਾਹ ਦੇ ਚੱਲਾਂਗੇ ਜਦੋਂ ਕਬਰ ਨੂੰ ਗਿਰਾਣ ਲਈ ਫੌਜ ਆਵੇਗੀ।
ਪੀਰ ਗਾਲ੍ਹੜ ਸ਼ਾਹ ਦਾ ਅਹਾਤਾ ਆਦਮੀਆਂ ਨਾਲ ਨੱਕੋ-ਨੱਕ ਭਰਿਆ ਪਿਆ ਹੈ। ਹਜ਼ਾਰਾਂ ਮੁਸਲਮਾਨ ਜੋਸ਼ ਵਿਚ ਭਰੇ ਐਲੀ ਐਲੀ ਦੇ ਨਾਹਰੇ ਲਾ ਰਹੇ ਹਨ। ਹਿੰਦੂ ਤੇ ਸਿੱਖ ਵੀ ਕਈ ਪੀਰ ਜੀ ਦੇ ਸ਼ਰਧਾਲੂ ਮੁਰੀਦ ਤੇ ਕਈ ਤਮਾਸ਼ਾਈ ਆਏ ਹੋਏ ਸਨ। ਸ. ਚੇਤੰਨ ਸਿੰਘ ਵੀ ਸਣੇ ਸਰਦਾਰਨੀ ਰਜਨੀ ਦੇ ਉਥੇ ਪਹੁੰਚ ਗਏ ਹਨ। ਜਲਸਾ ਸ਼ੁਰੂ ਹੋ ਗਿਆ। ਜੋਸ਼ ਭਰੀਆਂ ਨਜ਼ਮਾਂ ਪੜ੍ਹੀਆਂ ਗਈਆਂ। ਫਿਰ ਇਕ ਸੱਜਣ ਨੇ ਬੜਾ ਭੜਕੀਲਾ ਲੈਕਚਰ ਦਿੱਤਾ ਤੇ ਕਿਹਾ, "ਪੀਰ ਗਾਲ੍ਹੜ ਸ਼ਾਹ ਹੁਰਾਂ ਦੀ ਇਹ ਕਬਰ ਅੰਗਰੇਜ਼ਾਂ ਦੇ ਰਾਜ ਤੋਂ ਵੀ ਕਈ ਸੌ ਵਰ੍ਹੇ ਪਹਿਲਾਂ ਦੀ ਹੈ। ਅਸੀਂ ਕਟ ਕੇ ਮਰ ਜਾਵਾਂਗੇ, ਪਰ ਕਬਰ ਨਹੀਂ ਪੁੱਟਣ ਦਿਆਂਗੇ। ਇਸ ਵੇਲੇ ਵੀਹਵੀਂ ਪੁਸ਼ਤ ਦੀ ਗੱਦੀ ਚੱਲ ਰਹੀ ਹੈ। ਐ ਪੀਰ ਸਾਹਿਬ ਦੇ ਮੁਰੀਦੋ! ਮੁਸਲਮਾਨੋ, ਹਿੰਦੂਓ ਤੇ ਸਿੱਖੋ, ਅੱਜ ਤੁਹਾਡੇ ਸਿਦਕ ਦਾ ਇਮਤਿਹਾਨ ਹੈ।"
ਇਸੇ ਤਰ੍ਹਾਂ ਦੀਆਂ ਕੁਝ ਹੋਰ ਤਕਰੀਰਾਂ ਦੇ ਮਗਰੋਂ 40-45 ਕੁ ਸਾਲ ਦਾ ਚੰਗਾ ਸਮਝਦਾਰ, ਵਿਦਵਾਨ ਮੁਸਲਮਾਨ ਬਾਬੂ ਸਟੇਜ ਉਤੇ ਆਇਆ ਤੇ ਇਸ ਤਰ੍ਹਾਂ ਬੋਲਣਾ ਸ਼ੁਰੂ ਕੀਤਾ, "ਮੈਂ ਮੁਸਲਮਾਨ ਹਾਂ। ਵੀਹ ਪੰਝੀ ਸਾਲ ਤੋਂ ਇਸਲਾਮ ਦੀ ਖਿਦਮਤ ਕਰ ਰਿਹਾ ਹਾਂ। ਦੋ ਵੇਰ ਹੱਜ ਕੀਤੇ ਨੇ। ਮਸਜਦਾਂ ਬਣਵਾਈਆਂ ਨੇ। ਮੈਂ ਆਪਣੇ ਖੂਨ ਦਾ ਇਕ ਇਕ ਕਤਰਾ ਇਸਲਾਮ ਦੀ ਇੱਜ਼ਤ ਲਈ ਕੁਰਬਾਨ ਕਰ ਦਿਆਂਗਾ। (ਅੱਲਾ ਹੂ ਅਕਬਰ ਦੇ ਨਾਹਰੇ) ਪਰ ਜਿਥੇ ਸੱਚਾਈ ਹੋਵੇ, ਝੂਠ ਨਾ ਹੋਵੇ। ਪੀਰ ਗਾਲ੍ਹੜ ਸ਼ਾਹ ਬਾਰੇ ਜੋ ਅਸਲੀਅਤ ਮੈਨੂੰ ਮਲੂਮ ਏ, ਉਹ ਆਪ ਨੂੰ ਪਤਾ ਨਹੀਂ। ਤੁਸੀਂ ਜੋਸ਼ ਵਿਚ ਓ ਅਤੇ ਸ਼ਾਇਦ ਮੇਰੀ ਗੱਲ ਨਾ ਮੰਨੋ, ਪਰ ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਕਰਾਰ ਕਰਦਾ ਆਂ ਕਿ ਜੇ ਮੈਂ ਝੂਠਾ ਹੋਵਾਂ ਤਾਂ ਮੇਰਾ ਸਿਰ ਇਥੇ ਹੀ ਵੱਢ ਦੇਣਾ। ਗੱਲ ਇਹ ਹੈ ਕਿ ਪੀਰ ਵਾਲੀ ਕਬਰ ਪੁਰਾਣੀ ਨਹੀਂ। ਇਸ ਦੀਆਂ ਇੱਟਾਂ ਪੁੱਟ ਕੇ ਵੇਖੋ ਤਾਂ ਆਪ ਨੂੰ ਪਤਾ ਲੱਗ ਜਾਵੇਗਾ ਕਿ ਇਹ ਵੀਹ ਪੰਝੀ ਕੁ ਸਾਲ ਦੇ ਨਵੇਂ ਭੱਠਿਆਂ ਦੀਆਂ ਇੱਟਾਂ ਹਨ। ਪੰਝੀ ਸਾਲ ਹੋਏ, ਜਦੋਂ ਮੈਂ ਲਾਹੌਰ ਕਾਲਜ ਵਿਚ ਪੜ੍ਹਦਾ ਸੀ, ਮੈਂ ਅਤੇ ਮੇਰੇ ਦੋ ਹੋਰ ਸਾਥੀ ਨਹਿਰ 'ਤੇ ਪੜ੍ਹਨ ਆਇਆ ਕਰਦੇ ਸਾਂ ਅਤੇ ਕਦੀ ਕਦੀ ਓਸ ਟਾਹਲੀ ਹੇਠਾਂ ਬੈਠ ਕੇ ਪੜ੍ਹਿਆ ਕਰਦੇ ਸਾਂ। ਉਦੋਂ ਇਹ ਸਾਰੀ ਜਗ੍ਹਾ ਬਿਲਕੁਲ ਮੈਦਾਨ ਸੀ। ਕਿਸੇ ਕਬਰ ਦਾ ਨਾਂ ਨਿਸ਼ਾਨ ਨਹੀਂ ਸੀ। ਪੀਰ ਗਾਲ੍ਹੜ ਸ਼ਾਹ ਹੁਰੀਂ ਕਿਵੇਂ ਬਣ ਗਏ? ਜਦ ਕਬਰ ਪੁੱਟੋਗੇ ਤਾਂ ਇਸ ਵਿਚੋਂ ਸੰਦੂਕੜੀ ਨਿਕਲੇਗੀ ਤੇ ਉਸ ਵਿਚੋਂ ਪੀਰ ਗਾਲ੍ਹੜ ਸ਼ਾਹ ਦੀ ਸਾਰੀ ਸੱਚੀ ਕਹਾਣੀ ਆਪ ਨੂੰ ਪਤਾ ਲੱਗ ਜਾਵੇਗੀ। ਉਸ ਨੂੰ ਸੁਣ ਕੇ ਆਪ ਨੂੰ ਪੂਰੀ ਤਸੱਲੀ ਹੋ ਜਾਵੇਗੀ। ਆਪ ਜੋਸ਼ ਵਿਚ ਨਾ ਆਵੋ ਅਤੇ ਬੇਫਾਇਦਾ ਆਪਣੀਆਂ ਜਾਨਾਂ ਨਾ ਗਵਾਓ। ਸਰਕਾਰ ਦਾ ਇਥੇ ਕੋਈ ਕਸੂਰ ਨਹੀਂ। ਜੇ ਕੋਈ ਕਸੂਰ ਏ ਤਾਂ ਮੇਰਾ ਤੇ ਮੇਰੇ ਸਾਥੀਆਂ ਦਾ ਹੈ। ਮੈਂ ਇਸ ਰੌਲੇ ਦੀ ਖ਼ਬਰ ਬੰਬਈ ਵਿਚ ਪੜ੍ਹੀ ਜਿਥੇ ਮੈਂ ਅੱਜਕੱਲ੍ਹ ਸੌਦਾਗਰੀ ਕਰ ਰਿਹਾ ਹਾਂ। ਮੈਂ ਸੋਚਿਆ ਕਿ ਅਕਾਰਨ ਹੀ ਸੈਂਕੜੇ ਖੂਨ ਨਾ ਹੋ ਜਾਣ, ਇਸ ਲਈ ਮੈਂ ਭੱਜਾ ਆਇਆ ਹਾਂ ਤੇ ਅੱਜ ਹੀ ਇਥੇ ਪਹੁੰਚਿਆ ਹਾਂ। ਖੁਦਾ ਦੇ ਵਾਸਤੇ ਮੇਰੀ ਗੱਲ 'ਤੇ ਯਕੀਨ ਕਰੋ।"
ਇਹ ਸੁਣ ਕੇ ਕਈ ਸਿਆਣੇ ਤਾਂ ਠੰਢੇ ਹੋ ਗਏ, ਪਰ ਆਮ ਲੋਕੀਂ ਰੌਲਾ ਪਾਉਣ ਲੱਗ ਪਏ, "ਇਹ ਕੋਈ ਸਰਕਾਰੀ ਛਛੂੰਦਰ ਏ। ਝੋਲੀ ਚੁੱਕ ਏ। ਇਸ ਦੀ ਗੱਲ ਨਾ ਮੰਨੋ। ਧੋਖਾ ਦੇ ਰਿਹਾ ਏ। ਇਹ ਮੁਸਲਮਾਨ ਨਹੀਂ, ਕਾਫਰ ਏ ਜੋ ਪੀਰ ਜੀ ਦੀ ਕਬਰ ਢਾਹੁਣ ਦੀ ਹਮਾਇਤ ਕਰਦਾ ਏ।"
ਕੋਈ ਸ਼ਰਧਾਲੂ ਆਖਣ ਲੱਗਾ, "ਹੱਛਾ ਸਾਨੂੰ ਕੀ? ਪੀਰ ਗਾਲ੍ਹੜ ਸ਼ਾਹ ਵਿਚ ਥੋੜ੍ਹੀ ਕਰਾਮਾਤ ਏ? ਉਸ ਦੀ ਕਬਰ ਨੂੰ ਛੇੜਨ ਵਾਲਾ ਉਥੇ ਹੀ ਨਾ ਪਥਰ ਬਣ ਜਾਏਗਾ? ਵੇਖੋ ਤਾਂ ਸਹੀ।"
ਗੱਲ ਕੀ ਜਿੰਨੇ ਮੂੰਹ, ਓਨੀਆਂ ਗੱਲਾਂ। ਤਿੰਨ ਵੱਜ ਗਏ। ਫੌਜ ਆ ਗਈ। ਐਗਜ਼ੈਕਟਿਵ ਆਫ਼ੀਸਰ ਵੀ ਘੋੜੇ 'ਤੇ ਸਵਾਰ ਹੋ ਕੇ ਆ ਗਿਆ। ਮਸ਼ੀਨਗੰਨਾਂ ਵੀ ਆ ਗਈਆਂ। ਐਗਜ਼ੈਕਟਿਵ ਆਫ਼ੀਸਰ ਨੂੰ ਮਿਲ ਕੇ ਉਸੇ ਮੁਸਲਮਾਨ ਬਾਬੂ ਨੇ ਸਾਰੀ ਗੱਲ ਸਮਝਾ ਦਿੱਤੀ ਕਿ ਗੁੱਸੇ ਵਿਚ ਨਹੀਂ ਔਣਾ ਤੇ ਗੋਲੀ ਬਿਲਕੁਲ ਨਹੀਂ ਚਲਾਣੀ। ਕਬਰ ਦੇ ਪੁੱਟਣ ਵਿਚ ਮੈਂ ਆਪ ਦੇ ਨਾਲ ਹਾਂ। ਉਸ ਦੇ ਵਿਚੋਂ ਐਸੀ ਚੀਜ਼ ਨਿਕਲੇਗੀ ਕਿ ਸਭ ਐਜੀਟੇਸ਼ਨ ਠੰਢੀ ਹੋ ਜਾਵੇਗੀ ਅਤੇ ਆਪ ਨੂੰ ਕੋਈ ਆਦਮੀ ਬੁਰਾ-ਭਲਾ ਨਹੀਂ ਕਹੇਗਾ।
ਬੜੀ ਸਿਆਣਪ ਨਾਲ ਭੀੜ ਨੂੰ ਲਾਂਭੇ ਕਰ ਕੇ, ਘੇਰਾ ਪਾ ਕੇ ਅਹਾਤੇ ਦੀ ਸਫ਼ਾਈ ਸ਼ੁਰੂ ਹੋਈ। ਮੁਖੀ ਤੇ ਜ਼ਿੰਮੇਵਾਰ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਨੂੰ ਕੋਲ ਖੜ੍ਹਾ ਕਰ ਕੇ ਕਬਰ ਨੂੰ ਪੁੱਟਣਾ ਸ਼ੁਰੂ ਕੀਤਾ ਗਿਆ।
ਸਰਦਾਰ ਚੇਤੰਨ ਸਿੰਘ ਵੀ ਆਪਣੀ ਸੁਪਤਨੀ ਸਣੇ ਕੋਲ ਖੜੋਤੇ ਸਨ। ਕਬਰ ਦੀਆਂ ਇੱਟਾਂ ਜੋ ਸਭ ਤੋਂ ਹੇਠੋਂ ਨਿਕਲੀਆਂ, ਉਹ ਕੋਈ ਵੀਹ ਸਾਲ ਦੇ ਪੁਰਾਣੇ ਭੱਠਿਆਂ ਦੀਆਂ ਸਨ ਜਿਨ੍ਹਾਂ ਦੇ ਠੱਪੇ ਉਪਰ ਲੱਗੇ ਹੋਏ ਸਨ। ਗਜ਼ ਕੁ ਡੂੰਘਾਈ ਤੋਂ ਬੰਦ ਸੰਦੂਕੜੀ ਨਿਕਲੀ। ਹੋਰ ਕੋਈ ਹੱਡੀ ਜਾਂ ਮਨੁੱਖੀ ਅੰਗ ਦਾ ਨਿਸ਼ਾਨ ਨਾ ਨਿਕਲਿਆ। ਸੰਦੂਕੜੀ ਖੋਲ੍ਹੀ ਗਈ। ਉਸ ਵਿਚ ਦੋ ਬੋਤਲਾਂ ਸਨ। ਇਕ ਬੋਤਲ ਵਿਚੋਂ ਗਾਲ੍ਹੜ ਦਾ ਪਿੰਜਰ ਤੇ ਪੂਛ ਨਿਕਲੀ। ਦੂਜੀ ਵਿਚੋਂ ਕਾਗਜ਼ ਨਿਕਲਿਆ ਜਿਸ ਉਤੇ ਜਨਵਰੀ ਸੰਨ... ਦੀ ਤਾਰੀਖ਼ ਪਈ ਸੀ। ਤਿੰਨ ਸੱਜਣਾਂ ਦੇ ਦਸਤਖਤਾਂ ਹੇਠਾਂ ਇਹ ਇਬਾਰਤ ਲਿਖੀ ਹੋਈ ਸੀ,
"ਅੱਜ ਅਸੀਂ ਤਿੰਨੇ ਬੀ.ਏ. ਦੇ ਵਿਦਿਆਰਥੀ ਟਾਹਲੀ ਹੇਠਾਂ ਬੈਠੇ ਪੜ੍ਹ ਰਹੇ ਸਾਂ ਕਿ ਇਕ ਗਾਲ੍ਹੜ ਸਾਡੇ ਅੱਗਿਉਂ ਲੰਘਿਆ। ਸਾਡੇ ਵਿਚੋਂ ਇਕ ਜਣੇ ਨੇ ਉਸ ਵੱਲ ਬੂਟ ਵਗਾਹ ਮਾਰਿਆ। ਉਹ ਉਥੇ ਹੀ ਚਿਤ ਹੋ ਗਿਆ। ਇਹ ਵੇਖ ਕੇ ਸਾਨੂੰ ਬਹੁਤ ਦੁੱਖ ਹੋਇਆ। ਅਸਾਂ ਗਾਲ੍ਹੜ ਚੁੱਕ ਲਿਆ। ਫਿਰ ਸਲਾਹ ਕੀਤੀ, ਇਸ ਨੂੰ ਦਫ਼ਨ ਕਰ ਦਈਏ। ਸਾਡੇ ਵਿਚੋਂ ਇਕ ਨੂੰ ਮੌਜੂ ਸੁੱਝਿਆ ਤੇ ਉਸ ਨੇ ਦੋ ਬੋਤਲਾਂ ਤੇ ਸੰਦੂਕੜੀ ਲੈ ਆਂਦੀ। ਕਹਿਣ ਲੱਗਾ, ਇਸ ਵਿਚ ਬੰਦ ਕਰ ਕੇ ਅਸੀਂ ਇਸ ਦੀ ਕਬਰ ਬਣਾਵਾਂਗੇ ਅਤੇ ਵੇਖਾਂਗੇ ਲੋਕੀਂ ਸਾਡੇ ਗਾਲ੍ਹੜ ਸ਼ਾਹ ਦੀ ਕਿਤਨੀ ਕੁ ਮਾਨਤਾ ਕਰਦੇ ਹਨ। ਦੂਜੇ ਨੇ ਕਿਹਾ, ਕਿਤੇ ਮਗਰੋਂ ਭਾਰੀ ਬਿਪਤਾ ਨਾ ਬਣ ਜਾਵੇ, ਨਾਲ ਇਕ ਚਿੱਠੀ ਲਿਖ ਕੇ ਪਾ ਦਿਓ! ਸੋ ਦੂਜੀ ਬੋਤਲ ਵਿਚ ਅਸੀਂ ਇਹ ਚਿੱਠੀ ਲਿਖ ਕੇ ਪਾ ਰਹੇ ਹਾਂ ਤਾਂ ਜੇ ਜਦ ਕਦੀ ਕੋਈ ਝਗੜਾ ਪਵੇ, ਇਸ ਨੂੰ ਪੜ੍ਹ ਕੇ ਫੈਸਲਾ ਹੋ ਜਾਵੇ।"
ਦਸਤਖਤ 1. ਗੁਲਾਮ ਮੁਹੰਮਦ 2. ਰਾਮ ਨਾਥ 3. ਸ਼ਾਮ ਸਿੰਘ
ਅੱਜ ਤਾਰੀਖ ਜਨਵਰੀ ਸੰਨ...
ਇਹ ਚਿੱਠੀ ਪੜ੍ਹਦਿਆਂ ਹੀ ਖਿੱਲੀ ਮਚ ਗਈ ਅਤੇ ਜੋਸ਼ ਦਾ ਤੂਫ਼ਾਨ ਇਕਦਮ ਸ਼ਾਂਤ ਹੋ ਗਿਆ। ਬੰਬਈ ਵਾਲੇ ਬਾਬੂ ਨੇ ਹੋਰ ਦੱਸਿਆ ਕਿ ਅਸਾਂ ਫਿਰ ਕਬਰ ਬਣਾਈ ਸੀ ਅਤੇ ਬੈਠੇ ਬੈਠੇ ਜੇ ਕੋਈ ਮਿਲੇ, ਅਸੀਂ ਇਹੋ ਕਹਿੰਦੇ ਸਾਂ ਕਿ ਪੀਰ ਗਾਲ੍ਹੜ ਸ਼ਾਹ ਦੀ ਕਬਰ ਹੈ। ਸਾਡੇ ਕਾਲਜ ਵਿਚ ਹੁੰਦਿਆਂ ਹੀ ਕੋਈ ਤਿੰਨ ਕੁ ਮਹੀਨੇ ਮਗਰੋਂ ਇਥੇ ਇਕ ਫ਼ਕੀਰ ਆ ਕੇ ਬੈਠ ਗਿਆ ਸੀ ਜਿਸ ਨੇ ਹਰੀ ਝੰਡੀ ਖੜ੍ਹੀ ਕਰ ਦਿੱਤੀ ਸੀ। ਕਾਲਜ ਪਾਸ ਕਰ ਕੇ ਅਸੀਂ ਆਪੋ ਆਪਣੇ ਕੰਮਾਂ 'ਤੇ ਚਲੇ ਗਏ। ਇਹ ਸਭ ਕੁਝ ਸਾਡੇ ਮਗਰੋਂ ਰਚਨਾ ਰਚੀ ਗਈ।
ਜਦੋਂ ਲੋਕਾਂ ਨੂੰ ਇਸ ਅਸਲੀਅਤ ਦਾ ਪਤਾ ਲੱਗਾ ਤਾਂ ਸਾਰੇ ਸ਼ਹਿਰ ਵਿਚ ਅਖ਼ਬਾਰਾਂ ਵਿਚ ਕਈ ਦਿਨ ਮੌਜੂ ਬਣਿਆ ਰਿਹਾ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com