Punjabi Stories/Kahanian
ਹੀਰਾ ਸਿੰਘ ਦਰਦ
Hira Singh Dard

Punjabi Kavita
  

Pehli Hawalat Yatra Hira Singh Dard

ਪਹਿਲੀ ਹਵਾਲਾਤ ਯਾਤਰਾ ਹੀਰਾ ਸਿੰਘ ਦਰਦ

1910 ਵਿਚ ਪਹਿਲੀ ਵੇਰ ਮੈਨੂੰ ਬਰਤਾਨਵੀ ਸਰਕਾਰ ਦੀ ਹਵਾਲਾਤ ਵਿਚ ਇਕ ਦਿਨ ਪਰਾਹੁਣਾ ਬਣਨ ਦਾ ਅਵਸਰ ਮਿਲਿਆ। ਇਉਂ ਸਮਝ ਲਓ ਕਿ ਇਥੋਂ ਮੇਰੇ ਜਿਹਲੀ ਜੀਵਨ ਦਾ ਸਿਰੀ ਗਣੇਸ਼ ਹੋ ਗਿਆ। ਇਹ ਵਾਰਤਾ ਇਸ ਪਰਕਾਰ ਹੈ।
ਘਰੋਗੀ ਆਰਥਕ ਮਜਬੂਰੀਆਂ ਨੇ ਮੈਨੂੰ ਆਪਣੇ ਪਿਆਰੇ ਵਤਨ, ਕਰੰਗ ਨਦੀ ਦੇ ਪੂਰਬੀ ਕੰਢੇ ਦੀ ਹਰੀ ਭਰੀ ਤੇ ਸੁਹਾਵਣੀ ਧਰਤੀ ਤੋਂ ਧੱਕ ਕੇ ਗਰਮੀਆਂ ਵਿਚ ਭੱਠ ਤਪਦੀ ਲਾਇਲਪੁਰ ਦੀ ਬਾਰ ਵਿਚ ਭੇਜ ਦਿੱਤਾ। ਇਨ੍ਹਾਂ ਦਿਨਾਂ ਵਿਚ ਸਿੱਖਾਂ ਵਿਚ ਵਿਦਿਆ ਪਰਚਾਰ ਦੀ ਲਹਿਰ ਜ਼ੋਰ ਨਾਲ ਉਠ ਰਹੀ ਸੀ। ਪਹਿਲੀ ਸਿੱਖ ਵਿਦਿਅਕ ਕਾਨਫਰੰਸ ਗੁਜਰਾਂਵਾਲੇ ਹੋ ਚੁੱਕੀ ਸੀ ਤੇ ਲਾਇਲਪੁਰ ਵਿਚ ਖਾਲਸਾ ਹਾਈ ਸਕੂਲ ਖੁਲ੍ਹ ਗਿਆ ਸੀ। ਪਿੰਡਾਂ ਵਿਚ ਪਰਾਇਮਰੀ ਸਕੂਲ ਖੋਲ੍ਹਣ ਦੀ ਸਕੀਮ ਵੀ ਚਲ ਰਹੀ ਸੀ। ਵਿਦਿਆ ਪਰਚਾਰ ਨੂੰ ਧਰਮ ਪਰਚਾਰ ਦਾ ਅੰਗ ਸਮਝਿਆ ਜਾਂਦਾ ਸੀ। ਭਾਵੇਂ ਮੇਰੀ ਗਿਣਤੀ ਉਸ ਵੇਲੇ ਦੇ ਉਨ੍ਹਾਂ ਨੌਜਵਾਨਾਂ ਵਿਚੋਂ ਸੀ ਜਿਨ੍ਹਾਂ ਬਾਰੇ ਤੀਵੀਆਂ ਗੀਤ ਗਾਉਂਦੀਆਂ ਹੁੰਦੀਆਂ ਸਨ ਕਿ "ਉਨ੍ਹਾਂ ਨਾਲ ਕੀ ਬੋਲਣਾ ਜਿਨ੍ਹਾਂ ਮਿਡਲ ਪਾਸ ਨਹੀਂ ਕੀਤਾ" ਅਰਥਾਤ ਮੈਂ ਅਜੇ ਮਿਡਲ ਵੀ ਪਾਸ ਨਹੀਂ ਸੀ ਕਰ ਸਕਿਆ ਪਰ ਭਾ ਜਗਤ ਸਿੰਘ ਪਰਦੇਸੀ ਪਰਸਿਧ ਸਿੱਖ ਪਰਚਾਰਕ ਨੇ ਚਕ ਨੰ: 73 ਭਕਨਾ ਝਬਾਲ ਵਿਚ ਪਰਾਇਮਰੀ ਸਕੂਲ ਖੁਲ੍ਹਾ ਕੇ ਮੈਨੂੰ ਅਧਿਆਪਕ ਮੁਕੱਰਰ ਕਰ ਦਿੱਤਾ। ਮਿਡਲ ਪਾਸ ਗਭਰੂ ਦੀ ਚਾਹਵਾਨ ਕਿਸੇ ਮੁਟਿਆਰ ਦਾ ਪ੍ਰੇਮਪਾਤਰ ਤਾਂ ਮੈਂ ਨਾ ਬਣ ਸਕਿਆ ਪਰ ਇਕ ਵਿਦਿਆ ਤੇ ਧਰਮ ਪਰਚਾਰ ਦੇ ਪ੍ਰੇਮੀ ਨੇ ਮੇਰੇ ਨਾਲ ਉਹ ਪਿਆਰ ਕੀਤਾ ਜਿਸ ਨੇ ਮੈਨੂੰ ਲੋਕ ਸੇਵਾ ਦੇ ਰਾਹੇ ਪਾ ਦਿੱਤਾ।
10 ਰੁਪਏ ਮਹੀਨਾ ਤੇ ਪਰਸ਼ਾਦਾ ਮੇਰੀ ਤਨਖਾਹ ਮੁਕੱਰਰ ਕੀਤੀ ਗਈ। ਭਾਵੇਂ ਤਨਖਾਹ ਥੋੜ੍ਹੀ ਸੀ ਪਰ ਇਥੇ ਇਲਾਕੇ ਵਿਚ ਵਿਦਿਆ ਤੇ ਧਰਮ ਪਰਚਾਰ ਦਾ ਉਤਸ਼ਾਹ ਭਰਪੂਰ ਵਾਯੂ ਮੰਡਲ ਸੀ, ਜਿਥੇ ਮੇਰੀਆਂ ਉਮੰਗਾਂ ਨੂੰ ਵਧਣ ਫੁੱਲਣ ਦਾ ਬੜਾ ਖੁਲ੍ਹਾ ਮੈਦਾਨ ਨਜ਼ਰ ਆ ਰਿਹਾ ਸੀ। ਇਸ ਕਰਕੇ ਮੈਂ ਬੜਾ ਪਰਸੰਨ ਸਾਂ।
ਵਧੇਰੇ ਆਰਥਕ ਤੰਗੀਆਂ ਮਨੁੱਖ ਨੂੰ ਵਧੇਰੇ ਧਰਮੀ ਜਾਂ ਇਨਕਲਾਬੀ ਬਣਨ ਵਲ ਧੱਕ ਦੇਂਦੀਆਂ ਹਨ। ਮੇਰੇ ਦਿਲ ਵਿਚ ਬਣਨ ਤੇ ਕੁਝ ਕਰ ਕੇ ਵਿਖਾਉਣ ਦਾ ਚਾਉ ਉਛਾਲੇ ਮਾਰ ਰਿਹਾ ਹੈ। ਮੈਂ ਸਮਝਦਾ ਸਾਂ ਕਿ ਧਾਰਮਕ ਰਹਿਣੀ ਬਹਿਣੀ ਵਿਚ ਪਰਪੱਕ ਹੋ ਕੇ ਨਾ ਕੇਵਲ ਆਪਣੀਆਂ ਤੰਗੀਆਂ ਤੋਂ ਛੁਟਕਾਰਾ ਪ੍ਰਾਪਤ ਕਰ ਲਵਾਂਗਾ, ਬਲਕੇ (ਬਲਕਿ) ਵਧੇਰੇ ਲੋਕ-ਸੇਵਾ ਦੇ ਮੈਦਾਨ ਵਿਚ ਅੱਗੇ ਵਧ ਸਕਾਂਗਾ। ਭਜਨੀਕ ਸੰਤ, ਰਹਿਣੀ ਬਹਿਣੀ ਵਿਚ ਪੱਕੇ ਸਿੱਖਾਂ ਤੇ ਸਤਿਸੰਗੀਆਂ ਨੂੰ ਮਿਲਣ ਗਿਲਣ ਉਤੇ ਉਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰਨ ਤੇ ਸਿੱਖ ਇਤਿਹਾਸਕ ਧਰਮ ਅਸਥਾਨਾਂ ਦੇ ਦਰਸ਼ਨਾਂ ਦਾ ਬੜਾ ਸ਼ੌਕ ਸੀ।
ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਦੀ ਖਾਸ ਤੌਰ 'ਤੇ ਬੜੀ ਸਿੱਕ ਲੱਗੀ ਰਹਿੰਦੀ ਸੀ। ਬਾਣੀ ਵਿਚ ਵੀ ਪੜ੍ਹਿਆ ਸੀ- "ਡਿੱਠੇ ਸਭੇ ਥਾਂ ਨਹੀਂ ਤੁਧ ਜੇਹਾ।" ਸੁੰਦਰੀ, ਬਿਜੈ ਸਿੰਘ ਤੇ ਸਿੱਖ ਇਤਿਹਾਸ ਵਿਚ ਤਾਂ ਅੰਮ੍ਰਿਤਸਰ ਦੀ ਮਹਿਮਾ ਦਾ ਹਿਸਾਬ ਨਹੀਂ ਸੀ। ਵਗਦੀਆਂ ਤਲਵਾਰਾਂ ਵਿਚ ਸਿੱਖ ਸ੍ਰੀ ਅੰਮ੍ਰਿਤਸਰ ਦਾ ਅਸ਼ਨਾਨ ਕਰਨ ਚਲੇ ਜਾਂਦੇ ਸਨ ਤੇ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਸਮਝਦੇ ਸਨ। ਮੈਂ ਦਿਲ ਵਿਚ ਕਹਿੰਦਾ ਸਾਂ- "ਓਹ ਲੋਕ ਕਿੰਨੇ ਭਾਗਾਂ ਵਾਲੇ ਹਨ ਜੋ ਸ੍ਰੀ ਅੰਮ੍ਰਿਤਸਰ ਵਸਦੇ ਹਨ। ਨਿੱਤ ਅੰਮ੍ਰਿਤ ਸਰੋਵਰ ਵਿਚ ਅਸ਼ਨਾਨ ਕਰਦੇ, ਅੰਮ੍ਰਿਤ ਬਾਣੀ ਦਾ ਕੀਰਤਨ ਸੁਣਦੇ ਅਤੇ ਨਾਮਰਸ ਦੇ ਹੁਲਾਰੇ ਲੈਂਦੇ ਹਨ।" ਮੈਂ ਇਉਂ ਤਸੱਵਰ ਬੰਨ੍ਹ ਰਿਹਾ ਸਾਂ ਕਿ ਜਦ ਕਦੀ ਮੈਂ ਸ੍ਰੀ ਅੰਮ੍ਰਿਤਸਰ ਦੇ ਅਸ਼ਨਾਨ ਕਰਾਂਗਾ, ਅੰਮ੍ਰਿਤ ਵੇਲੇ ਹਰਿਮੰਦਰ ਵਿਚ ਅੰਮ੍ਰਿਤ ਭਿੰਨਾ ਕੀਰਤਨ ਸੁਣਾਂਗਾ ਤਾਂ ਮੇਰੀ ਕਾਇਆ ਪਲਟ ਜਾਏਗੀ। ਮੇਰੇ ਅੰਦਰ ਕੋਈ ਜੋਤ ਜਾਗ ਉਠੇਗੀ ਅਤੇ ਫਿਰ ਮੈਂ ਕਈ ਲੋਕਾਂ ਦੇ ਜੀਵਨ ਪਲਟ ਦੇਵਾਂਗਾ। ਮੈਂ ਕਈ ਸਾਖੀਆਂ ਸੁਣੀਆਂ ਸਨ ਕਿ ਸਰੋਵਰ ਦੇ ਅੰਮ੍ਰਿਤ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਨਾਲ ਕਈਆਂ ਦੇ ਜੀਵਨ ਬਦਲ ਗਏ ਹਨ। ਇਤਿਹਾਸ ਵਿਚ ਇਹ ਵੀ ਪੜ੍ਹਿਆ ਸੀ ਕਿ ਅੰਮ੍ਰਿਤ ਸਰੋਵਰ ਵਿਚ ਕਾਂ ਨਹਾ ਕੇ ਹੰਸ ਬਣ ਗਿਆ ਸੀ ਤੇ ਪਿੰਗਲਾ ਨੌ ਬਰ ਨੌ ਹੋ ਗਿਆ ਸੀ। ਇਨ੍ਹਾਂ ਸਾਖੀਆਂ ਨੂੰ ਵੀ ਓਦੋਂ ਸੱਚੀਆਂ ਮੰਨਦਾ ਸਾਂ।
ਬੜੀਆਂ ਸੱਧਰਾਂ ਤੇ ਉਮੰਗਾਂ ਨਾਲ ਭਰਿਆ ਹੋਇਆ ਦਿਲ ਲੈ ਕੇ ਦੀਪ ਮਾਲਾ ਦੇ ਮੌਕੇ ਉਤੇ ਮੈਂ ਸ੍ਰੀ ਅੰਮ੍ਰਿਤਸਰ ਪਹੁੰਚ ਗਿਆ। ਬੜੀ ਸ਼ਰਧਾ ਭਗਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅਸ਼ਨਾਨ ਕੀਤੇ। ਦਿਲ ਨੂੰ ਬੜੀ ਸ਼ਾਂਤੀ ਤੇ ਪਰਸੰਨਤਾ ਪਰਾਪਤ ਹੋਈ ਪਰ ਪਰਕਰਮਾ ਵਿਚ ਗੰਦ ਮੰਦ, ਸਰੋਵਰ ਦੇ ਕਿਨਾਰੇ ਬੈਠੇ ਪੰਡਤਾਂ ਤੇ ਮੰਗਤਿਆਂ ਦੀ ਭੀੜ ਅਤੇ ਪੁਜਾਰੀਆਂ ਤੇ ਰਾਗੀਆਂ ਦੀਆਂ ਲਾਲਚ ਭਰੀਆਂ ਨਜ਼ਰਾਂ ਤੇ ਲੋਭੀ ਹਰਕਤਾਂ ਵੇਖ ਕੇ ਦਿਲ ਵਿਚ ਦੁੱਖ ਵੀ ਬੜਾ ਹੋਇਆ। ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਇਕ 10-12 ਵਰ੍ਹੇ ਦੇ ਬਾਲਕ ਨੂੰ ਬੈਠਾ ਵੇਖ ਕੇ ਮੈਂ ਹੈਰਾਨ ਰਹਿ ਗਿਆ। ਪੁੱਛਣ ਤੋਂ ਪਤਾ ਲੱਗਾ ਕਿ ਈਹੋ ਭਾਈ ਫ਼ਤੇ ਸਿੰਘ ਹੈਡ ਗਰੰਥੀ ਹੈ ਜਿਸ ਨੂੰ ਸਰਕਾਰ ਨੇ ਜੱਦੀ ਜਾਇਦਾਦ ਦੇ ਮਾਲਕ ਵਾਂਗ ਇਸ ਗੱਦੀ ਉਤੇ ਬਿਠਾ ਦਿੱਤਾ ਸੀ। ਜਿਸ ਕਰਕੇ ਸਿੱਖ ਨਾਰਾਜ਼ ਸਨ।
ਮਥਰਾ ਦੇ ਬਨਾਰਸ ਦੇ ਪਾਂਡਿਆਂ ਦੀ ਠੱਗੀ ਦੀਆਂ ਗੱਲਾਂ ਸੁਣਦਾ ਹੁੰਦਾ ਸਾਂ ਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਵੇਖ ਕੇ ਮੈਂ ਖਿਆਲ ਕੀਤਾ ਕਿ ਇਹ ਵੀ ਉਨ੍ਹਾਂ ਤੋਂ ਘੱਟ ਨਹੀਂ ਸਨ। ਇਹ ਧਰਮ ਦੇ ਆਗੂ ਇਨ੍ਹਾਂ ਪਵਿੱਤਰ ਧਰਮ ਅਸਥਾਨਾਂ ਨੂੰ ਆਪਣੀਆਂ ਦੁਕਾਨਾਂ ਸਮਝ ਰਹੇ ਸਨ। ਮੈਂ ਸੋਚਦਾ ਸਾਂ 'ਜੇ ਘਰ ਭੰਨੈ ਪਾਹਰੂ ਤਿਸ ਕੋ ਰਖਵਾਰਾ' ਜੋ ਸਾਡੇ ਧਰਮ ਦੇ ਆਗੂਆਂ ਦਾ ਇਹ ਹਾਲ ਹੈ ਤਾਂ ਸਾਡੇ ਧਰਮ ਦਾ ਰੱਬ ਹੀ ਰਾਖਾ! ਗੁਰਦੁਆਰੇ ਉਤੇ ਅਮਲੀ ਤੌਰ'ਤੇ ਸਰਕਾਰੀ ਕਬਜ਼ਾ ਸੀ। ਸਰਕਾਰ ਦਾ ਮੁਕੱਰਰ ਕੀਤਾ ਹੋਇਆ ਸਰਬਰਾਹ ਸਰਦਾਰ ਅਰੂੜ ਸਿੰਘ ਹੁਕਮ ਚਲਾਉਂਦਾ ਸੀ ਅਤੇ ਗਰੰਥੀ, ਪੁਜਾਰੀ, ਸਿੱਖ ਸੰਗਤਾਂ ਦੀ ਰਤਾ ਪਰਵਾਹ ਨਹੀਂ ਕਰਦੇ ਸਨ।
ਸਵੇਰ ਵੇਲੇ ਮਲਵਈ ਬੁੰਗੇ ਵਿਚ ਚੀਫ਼ ਖਾਲਸਾ ਦੀਵਾਨ ਦਾ ਦੀਵਾਨ ਸਜਿਆ ਹੋਇਆ ਸੀ। ਮੈਂ ਉਥੇ ਜਾ ਬੈਠਾ। ਸ਼ਬਦ ਕੀਰਤਨ ਤੇ ਕਥਾ ਮਗਰੋਂ ਉਸ ਵੇਲੇ ਦੀ ਪਰਸਿੱਧ ਪਰਚਾਰਕਾ ਮਾਈ ਰਾਮ ਕੌਰ ਵਖਿਆਨ ਕਰਨ ਲੱਗ ਪਈ। ਥੋੜ੍ਹੇ ਚਿਰ ਮਗਰੋਂ ਇਕ ਡਾਢੀ ਦੁਖਦਾਈ ਘਟਨਾ ਵਾਪਰੀ। ਜਿਸ ਨੇ ਸਾਰਾ ਪ੍ਰੋਗਰਾਮ ਬਦਲ ਦਿੱਤਾ। ਦੋ ਸਿੱਖ ਇਕ ਹਿੰਦੂ ਨੂੰ ਪਰਕਰਮਾ ਵਿਚੋਂ ਫੜ ਕੇ ਦੀਵਾਨ ਵਿਚ ਲੈ ਆਏ। ਉਸ ਦੀ ਮੈਲੀ ਜਿਹੀ ਧੋਤੀ ਦੀ ਗੰਢੜੀ ਵਿਚ ਕੁਝ ਬੱਧਾ ਹੋਇਆ ਸੀ। ਮਾਈ ਰਾਮ ਕੌਰ ਨੇ ਉਹ ਗੰਢੜੀ ਲੈ ਕੇ ਮੇਜ਼ ਉਤੇ ਰੱਖੀ। ਪਤਾ ਲੱਗਾ ਕਿ ਇਸ ਵਿਚ ਪੰਜ ਛੇ ਸੇਰ ਕੜਾਹ ਪਰਸ਼ਾਦ ਬੱਧਾ ਸੀ।
ਮਾਈ ਰਾਮ ਕੌਰ ਨੇ ਡਾਢੀ ਦਰਦ ਭਰੀ ਆਵਾਜ਼ ਵਿਚ ਆਖਿਆ
"ਖਾਲਸਾ ਜੀ, ਇਹ ਜੇ ਸਾਡੇ ਪਵਿੱਤਰ ਗੁਰਧਾਮਾਂ ਦਾ ਹਾਲ! ਜਾਣਦੇ ਹੋ, ਇਹ ਕੀ ਚੀਜ਼ ਹੈ? ਇਹ ਪਵਿੱਤਰ ਕੜਾਹ ਪਰਸ਼ਾਦ ਹੈ। ਇਹ ਦੂਰ ਦੂਰ ਤੋਂ ਆਈਆਂ ਸੰਗਤਾਂ ਦੀ ਪਵਿੱਤਰ ਸ਼ਰਧਾ ਭਗਤੀ ਹੈ, ਜਿਹੜੀ ਇਥੇ ਟਕੇ ਸੇਰ ਵਿਕ ਰਹੀ ਹੈ! ਲਾਲਚੀ ਗਰੰਥੀ ਤੇ ਪੁਜਾਰੀ ਸ਼ਰਧਾ ਭਗਤੀ ਨਾਲ ਚੜ੍ਹਾਏ ਕੜਾਹ ਪਰਸ਼ਾਦ ਨੂੰ ਸੰਗਤਾਂ ਵਿਚ ਵੰਡਦੇ ਨਹੀਂ। ਪਰਸਾਦ ਚੜ੍ਹਾਉਣ ਵਾਲੇ ਨੂੰ ਥੋੜ੍ਹਾ ਜਿਹਾ ਦੇ ਕੇ ਬਾਕੀ ਸਾਰਾ ਇਕ ਵੱਡੇ ਕੜਾਹੇ ਵਿਚ ਇਕੱਠਾ ਕਰਦੇ ਰਹਿੰਦੇ ਹਨ ਅਤੇ ਆਨੇ ਦੋ ਆਨੇ ਸੇਰ ਵੇਚ ਕੇ ਪੈਸੇ ਇਕੱਠੇ ਕਰਦੇ ਹਨ। ਵਧਿਆ ਹੋਇਆ ਪਰਸ਼ਾਦ ਆਪਣੇ ਘਰੀਂ ਲਿਜਾ ਕੇ ਕੁੱਤਿਆਂ ਤੇ ਘੋੜਿਆਂ ਨੂੰ ਪਾਉਂਦੇ ਹਨ। ਸਾਡੀਆਂ ਅਖਬਾਰਾਂ ਗੁਰਦੁਆਰਿਆਂ ਦੀ ਦੁਰਦਸ਼ਾ ਬਾਰੇ ਦੁਹਾਈਆਂ ਪਾ ਰਹੀਆਂ ਹਨ, ਪਰ ਸਰਕਾਰ ਪਰਵਾਹ ਨਹੀਂ ਕਰਦੀ ਅਤੇ ਤੁਸੀਂ ਸੁੱਤੇ ਪਏ ਹੋ। ਖਾਲਸਾ ਜੀ ਜਾਗੋ, ਜੀਉਂਦੇ ਹੋ ਕੇ ਮਰ ਗਏ ਹੋ! ਤੁਹਾਡੀ ਖਾਲਸਈ ਅਣਖ ਕਿਥੇ ਚਲੀ ਗਈ? ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਯਾਦ ਕਰੋ।"
ਮਾਈ ਰਾਮ ਕੌਰ ਦੇ ਇਨ੍ਹਾਂ ਸ਼ਬਦਾਂ ਨੇ ਮੇਰਾ ਕਲੇਜਾ ਵਿੰਨ੍ਹ ਦਿੱਤਾ। ਸੰਗਤ ਵਿਚ ਵੀ ਸਨਾਟਾ ਛਾ ਗਿਆ।
ਮਾਈ ਰਾਮ ਕੌਰ ਦੇ ਲੈਕਚਰ ਮਗਰੋਂ ਇਕ ਦੋ ਲੈਕਚਰ ਹੋਰ ਹੋਏ। ਦੀਵਾਨ ਦੇ ਭੋਗ ਪੈਣ ਮਗਰੋਂ ਮਾਈ ਰਾਮ ਕੌਰ ਦੀ ਅਗਵਾਈ ਵਿਚ ਇਕ ਜੱਥਾ ਸ਼ਬਦ ਪੜ੍ਹਦਾ ਹੋਇਆ ਪਰਕਰਮਾ ਕਰਨ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚਲ ਪਿਆ। ਮੈਂ ਬਾਜ਼ਾਰ ਮਾਈ ਸੇਵਾ ਵਿਚੋਂ ਕੁਝ ਪੁਸਤਕਾਂ ਖਰੀਦਣ ਲਈ ਚਲਾ ਗਿਆ।
ਕੋਈ ਅੱਧੇ ਕੁ ਘੰਟੇ ਮਗਰੋਂ ਬਾਜ਼ਾਰ ਵਿਚ ਰੌਲਾ ਪੈ ਗਿਆ ਕਿ ਮਾਈ ਰਾਮ ਕੌਰ ਦੇ ਜੱਥੇ ਨੂੰ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਵਿਚ ਡਾਂਗਾਂ ਨਾਲ ਕੁੱਟ ਕੁੱਟ ਕੇ ਕਈਆਂ ਨੂੰ ਫੱਟੜ ਕਰ ਦਿੱਤਾ ਹੈ। ਮਾਈ ਰਾਮ ਕੌਰ ਵੀ ਬੁਰੀ ਤਰ੍ਹਾਂ ਫੱਟੜ ਹੋ ਗਈ ਹੈ।
ਸੁਧਾਰਕ ਖਿਆਲ ਦੇ ਸਿੰਘਾਂ ਤੇ ਪੁਜਾਰੀਆਂ ਵਿਚਕਾਰ ਚਿਰ ਤੋਂ ਵਿਰੋਧ ਵਧ ਰਿਹਾ ਸੀ। ਅੱਜ ਖੁਲ੍ਹੇ ਦੀਵਾਨ ਵਿਚ ਮਾਈ ਰਾਮ ਕੌਰ ਵੱਲੋਂ ਕੜਾਹ ਪਰਸ਼ਾਦ ਦੀ ਬੇਅਦਬੀ ਤੇ ਦਰਬਾਰ ਸਾਹਿਬ ਵਿਚ ਪਰਚਲਤ ਕੁਰੀਤੀਆਂ ਵਿਰੁਧ ਧੜੱਲੇਦਾਰ ਵਖਿਆਨ ਨੇ ਉਨ੍ਹਾਂ ਨੂੰ ਸੱਤੀਂ ਕੱਪੜੀਂ ਅੱਗ ਲਾ ਦਿੱਤੀ ਸੀ। ਗਰੰਥੀਆਂ ਤੇ ਪੁਜਾਰੀਆਂ ਨੂੰ ਪਤਾ ਸੀ ਕਿ ਸਦਾ ਵਾਂਗ ਦੀਵਾਨ ਦੀ ਸਮਾਪਤੀ ਮਗਰੋਂ ਮਾਈ ਰਾਮ ਕੌਰ ਜੱਥਾ ਲੈ ਕੇ ਹਰਿਮੰਦਰ ਸਾਹਿਬ ਦਰਸ਼ਨ ਨੂੰ ਆਏਗੀ। ਪੈਰ ਉਤੇ ਬਦਲਾ ਲੈ ਕੇ ਦਿਲ ਠੰਡਾ ਕਰਨ ਲਈ ਉਨ੍ਹਾਂ ਨੇ ਡਾਂਗਾਂ ਸੋਟੇ ਇਕੱਠੇ ਕਰਕੇ ਤਿਆਰੀ ਕਰ ਲਈ ਸੀ। ਜਦੋਂ ਸ਼ਬਦ ਪੜ੍ਹਦਾ ਜੱਥਾ ਦਰਸ਼ਨੀ ਡਿਉਢੀ ਵਿਚੋਂ ਲੰਘ ਕੇ ਹਰਿਮੰਦਰ ਸਾਹਿਬ ਦੇ ਸਾਹਮਣੇ ਮੱਥਾ ਟੇਕਣ ਲੱਗਾ ਤਾਂ ਉਨ੍ਹਾਂ ਉਤੇ ਅਚਨਚੇਤ ਮੀਂਹ ਵਾਂਗ ਡਾਂਗਾਂ ਵਰ੍ਹਨੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਕਿ ਗਰੰਥੀ ਪੁਜਾਰੀ ਅਜਿਹਾ ਕਹਿਰ ਕਮਾਉਣ ਉਤੇ ਉਤਰ ਆਉਣਗੇ, ਪਰ ਉਨ੍ਹਾਂ ਨੂੰ ਡਰ ਕਾਹਦਾ ਸੀ?
"ਸਈਆਂ ਭਏ ਕੁਤਵਾਲ ਅਬ ਡਰ ਕਾਹੇ ਕਾ"
ਸਰਕਾਰ ਮਾਈ ਬਾਪ ਦਾ ਹੱਥ ਉਨ੍ਹਾਂ ਦੇ ਸਿਰ ਉਪਰ ਸੀ। ਪੁਲਿਸ ਨੂੰ ਤੇ ਸਥਾਨਕ ਹਾਕਮਾਂ ਨੂੰ ਉਹ ਸਦਾ ਪਰਸੰਨ ਰੱਖਦੇ ਸਨ। ਸਿੱਖ ਸੰਗਤਾਂ ਨੂੰ ਉਹ ਟਿਚ ਸਮਝਦੇ ਸਨ। ਇਸ ਬੇਦਰਦੀ ਨਾਲ ਇਕ ਧਰਮ ਪਰਚਾਰਕਾ ਮਾਈ ਤੇ ਗੁਰੂ ਪਿਆਰੇ ਸਿੱਖਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਲਹੂ ਲੁਹਾਣ ਕਰਕੇ ਉਹ ਝੱਟ ਘੰਟਾ ਘਰ ਦੇ ਕੋਲ ਪੁਲਿਸ ਚੌਕੀ ਵਿਚ ਚਲੇ ਗਏ। ਰਿਪੋਰਟ ਲਿਖਾ ਦਿੱਤੀ ਕਿ ਮਾਈ ਰਾਮ ਕੌਰ ਸਿੰਘ ਸਭੀਆਂ ਦਾ ਜੱਥਾ ਲੈ ਕੇ ਗੁਰੂ ਦੀ ਗੋਲਕ ਲੁੱਟਣ ਆ ਪਈ ਸੀ। ਥਾਣੇਦਾਰ ਸਾਹਿਬ ਨੇ ਪੁਲਿਸ ਦੀ ਗਾਰਦ ਲੈ ਕੇ ਤੁਰੰਤ ਮਾਈ ਰਾਮ ਕੌਰ ਨੂੰ ਕੁਝ ਹੋਰ ਦੂਹਰੀਆਂ ਪੱਗਾਂ ਵਾਲੇ ਸਿੱਖਾਂ ਨੂੰ ਘੇਰੇ ਵਿਚ ਲੈ ਕੇ ਪੁਲਿਸ ਚੌਕੀ ਵਿਚ ਬੁਲਾ ਲਿਆ।
ਜਦੋਂ ਮੈਂ ਬਾਜ਼ਾਰ ਵਿਚ ਇਹ ਸਾਰੀ ਖਬਰ ਤੇ ਰੌਲਾ ਗੌਲਾ ਸੁਣਿਆ ਤਾਂ ਮੈਂ ਵੀ ਝੱਟ ਪੱਟ ਭੱਜਾ ਭੱਜਾ ਘੰਟਾ ਘਰ ਕੋਲ ਪੁਲਿਸ ਚੌਕੀ ਕੋਲ ਪੁਜਾ। ਉਥੇ ਹੋਰ ਗਰੰਥੀਆਂ ਤੋਂ ਬਿਨਾਂ ਇਕ ਮੱਧਰੇ ਕਦ ਦਾ ਚਿਲਕਦੇ ਲੰਮੇ ਦਾਹੜੇ ਵਾਲਾ ਗਰੰਥੀ ਸੀ। ਜਿਸ ਦਾ ਦਾਹੜਾ ਧੁਨੀ ਤੋਂ ਹੇਠਾਂ ਤੱਕ ਲੰਮਾ ਸੀ। ਗਲ ਵਿਚ ਸਰਬ-ਲੋਹ ਦੀ ਮਾਲਾ ਤੇ ਹੱਥ ਵਿਚ ਸਿਮਰਨਾ ਸੀ। ਕੜਾਹ ਦੀ ਥਿੰਧਿਆਈ ਨਾਲ ਉਸ ਦਾ ਮੂੰਹ ਚਿਲਕ ਰਿਹਾ ਸੀ। ਮੈਨੂੰ ਵੇਖਦਿਆਂ ਹੀ ਥਾਣੇਦਾਰ ਨੂੰ ਕਹਿਣ ਲੱਗਾ- "ਲੌ ਜੀ ਔਹ ਆ ਗਿਆ ਜੇ, ਇਹ ਵੀ ਰਾਮ ਕੌਰ ਦੇ ਨਾਲ ਸੀ ਤੇ ਉਚੀ ਉਚੀ ਕਹਿੰਦਾ ਸੀ, "ਫੜ ਲੌ ਗਰੰਥੀਆਂ ਨੂੰ ਤੇ ਲੁੱਟ ਲੌ ਗੋਲਕ।"
ਮੈਨੂੰ ਪੁੱਛਣ ਦੀ ਹੁਣ ਕੀ ਲੋੜ ਸੀ! ਝੱਟ ਮੈਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੇਰੇ ਸਣੇ 20-25 ਸਿੰਘਾਂ ਨੂੰ ਘੇਰ ਕੇ ਸ਼ਹਿਰ ਦੀ ਕੋਤਵਾਲੀ ਵਿਚ ਜਾ ਡਕਿਆ।
ਇਹ ਸੀ ਮੇਰੀ ਪਹਿਲੀ ਹਵਾਲਾਤ ਯਾਤਰਾ! ਹਵਾਲਾਤ ਕੀ ਸੀ, ਘੋੜਿਆ ਦਾ ਅਸਤਬਲ ਸੀ। ਇਕ ਨੁੱਕਰ ਵਿਚ ਪਸ਼ਾਬ ਤੇ ਟੱਟੀ ਦਾ ਬੰਦੋਬਸਤ ਸੀ। ਜਿਥੋਂ ਦੇ ਗੰਦ ਤੇ ਬਦਬੂ ਨਾਲ ਨੱਕ ਸੜ ਰਿਹਾ ਸੀ। ਓਥੇ ਗੱਲਾਂ ਬਾਤਾਂ ਕਰਨ ਤੋਂ ਪਤਾ ਲੱਗਾ ਕਿ ਗ੍ਰਿਫ਼ਤਾਰ ਹੋਇਆਂ ਵਿਚੋਂ ਅਧਿਆਂ ਤੋਂ ਵੱਧ ਉਹ ਸੱਜਣ ਸਨ ਜਿਹੜੇ ਅਜੇ ਪਰਕਰਮਾ ਵਿਚ ਵੀ ਨਹੀਂ ਗਏ ਸਨ।
ਗਰੰਥੀਆਂ ਦਾ ਝੂਠ ਫਰੇਬ ਤੇ ਧੱਕੇ ਸ਼ਾਹੀ ਅਤੇ ਪੁਲਿਸ ਵੱਲੋਂ ਬਿਨਾਂ ਪੁੱਛ ਗਿੱਛ ਦੇ ਅੰਧਾ ਧੁੰਦ ਗ੍ਰਿਫਤਾਰੀ ਵੇਖ ਕੇ ਮੈਂ ਆਖਿਆ- "ਇਸ ਦਾ ਨਾਂ ਹੈ ਅੰਧ ਰਾਜ ਤੇ ਬੇਦਾਦ ਨਗਰੀ।" ਸਾਰਾ ਦਿਨ ਅਸੀਂ ਹਵਾਲਾਤ ਵਿਚ ਭੁੱਖੇ ਭਾਣੇ ਡੱਕੇ ਰਹੇ। ਤ੍ਰਿਕਾਲਾਂ ਵੇਲੇ ਸਾਡੇ ਨਾਂ ਪਤੇ ਤੇ ਬਿਆਨ ਲਿਖਣੇ ਸ਼ੁਰੂ ਕੀਤੇ ਗਏ। ਫਿਰ ਥਾਣੇਦਾਰ ਸਾਨੂੰ ਧਮਕੀਆਂ ਦੇ ਕੇ ਕਹਿਣ ਲੱਗਾ ਕਿ ਮਾਫੀਮਾਨਾ ਲਿਖ ਦਿਓ ਤੁਹਾਨੂੰ ਰਿਹਾਅ ਕਰ ਦਿਆਂਗਾ।
ਮੈਂ ਪੁੱਛਿਆ- "ਥਾਣੇਦਾਰ ਸਾਹਿਬ ਡਾਕੇ ਦੇ ਮੁਕੱਦਮੇ ਵਿਚ ਮਾਫੀ ਕੈਸੀ? ਜੇ ਅਸਾਂ ਡਾਕਾ ਮਾਰਨ ਦਾ ਜੁਰਮ ਕੀਤਾ ਹੈ ਤਾਂ ਸਾਨੂੰ ਚਲਾਨ ਕਰੋ, ਅਸੀਂ ਮੁਕੱਦਮਾ ਲੜਾਂਗੇ।" ਬਿਆਨ ਲਿਖ ਕੇ ਥਾਣੇਦਾਰ ਚਲਦਾ ਹੋਇਆ।
ਘੰਟੇ ਕੁ ਮਗਰੋਂ ਸਾਡੇ ਜਾਤੀ ਮਚਲਕੇ ਲੈ ਕੇ ਸਾਨੂੰ ਛੱਡ ਦਿੱਤਾ ਗਿਆ।
ਮੈਂ ਅੰਮ੍ਰਿਤਸਰ ਸਾਹਿਬ ਬੜੀ ਸ਼ਰਧਾ ਭਗਤੀ ਤੇ ਤਾਂਘ ਨਾਲ ਦਿਲ ਵਿਚ ਆਤਮਕ ਜੋਤ ਜਗਾਉਣ ਦੇ ਆਸ਼ੇ ਨਾਲ ਗਿਆ ਸਾਂ। ਉਹ ਜੋਤ ਨਾ ਜਗੀ ਪਰ ਦਿਲ ਵਿਚ ਇਕ ਲਾਟ ਬਾਲ ਕੇ ਵਾਪਸ ਮੁੜਿਆ, ਇਹ ਲਾਟ ਗੁਰਦੁਆਰਾ ਸੁਧਾਰ ਤੇ ਰਾਜ ਪਰਬੰਧ ਦੇ ਸੁਧਾਰ ਦੀ ਅਬੁਝ ਅਗਨੀ ਸੀ।
ਇਹ ਹੈ ਮੇਰੀ ਪਹਿਲੀ ਹਵਾਲਾਤ ਯਾਤਰਾ ਦੀ ਸੰਖੇਪ ਕਥਾ।
('ਕੁਲ ਕਹਾਣੀਆਂ ਤੇ ਅਭੁੱਲ ਯਾਦਾਂ' ਵਿਚੋਂ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com