Phatak : Dhanjall Zira

ਫਾਟਕ : ਧੰਜਲ ਜ਼ੀਰਾ

ਅਜੇ ਕੱਲ੍ਹ ਦੀ ਗੱਲ ਆ ਮੈਂ ਬੱਸ ਦੀ ਉਡੀਕ ਵਿੱਚ ਫਾਟਕਾਂ ਨੇੜੇ ਖੜਾ ਸੀ। ਕੀ ਦੇਖ ਰਿਹਾਂ ਫਾਟਕਾਂ ਵਾਲਾ ਕਰਮਚਾਰੀ ਫਾਟਕ ਲਗਾ ਰਿਹਾ ਸੀ। ਫਾਟਕਾਂ ਨੂੰ ਲੱਗਦਾ ਦੇਖਕੇ ਸਾਰੇ ਮੋਟਰਸਾਇਕਲ, ਗੱਡੀਆਂ ਵਾਲੇ ਛੇਤੀ-ਛੇਤੀ ਫਾਟਕਾਂ ਦੇ ਹੇਠੋਂ ਦੀ ਲੰਘ ਰਹੇ ਸਨ। ਤੇ ਏਨੇ ਨੂੰ ਹੌਲੀ-ਹੌਲੀ ਫਾਟਕ ਬੰਦ ਹੋ ਗਿਆ। ਫਾਟਕ ਬੰਦ ਹੋਣ ਤੋਂ ਹੋਏ ਪ੍ਰੇਸ਼ਾਨ ਲੋਕ ਓਥੇ ਗੱਲਾਂ ਕਰ ਰਹੇ ਸਨ ਕਿ ਏਥੇ ਪੁਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ, ਪਰ ਸਰਕਾਰ ਕਿੱਥੇ ਇਨ੍ਹਾਂ ਕੰਮਾਂ ਵੱਲ ਧਿਆਨ ਦਿੰਦੀ ਆ।

ਉਨ੍ਹਾਂ ਦੀਆਂ ਗੱਲਾਂ ਵਿੱਚੇ ਹੀ ਰਹਿ ਗਈਆਂ ਜਦੋਂ ਪਿੱਛੋਂ ਤੇਜ ਆਉਂਦੀ ਐਂਬੂਲੈਂਸ ਦੀ ਅਵਾਜ ਸੁਣੀ। ਮੇਰੇ ਪਾਸਿਓ ਐਂਬੂਲੈਂਸ ਤੇਜ ਹੂਟਰ ਮਾਰਦੀ ਆ ਰਹੀ ਸੀ। ਫਾਟਕ ਲੱਗੇ ਦੇਖ ਕੇ ਐਂਬੂਲੈਂਸ ਦੇ ਡਰਾਇਵਰ ਨੇ ਉਤਰ ਕੇ ਫਾਟਕਾਂ ਵਾਲੇ ਕਰਮਚਾਰੀ ਦੀਆਂ ਮਿੰਨਤਾਂ ਕੀਤੀਆਂ ਕਿ ਸਾਨੂੰ ਲੰਘ ਜਾਣਦੇ ਬਹੁਤ ਐਮਰਜੈਂਸੀ ਆ। ਪਰ ਉਸ ਫਾਟਕਾਂ ਵਾਲੇ ਕਰਮਚਾਰੀ ਨੇ ਆਪਣੀ ਡਿਊਟੀ ਨੂੰ ਮੁੱਖ ਰੱਖਦੇ ਹੋਏ ਡਰਾਇਵਰ ਦੀ ਕੋਈ ਗੱਲ ਨਾ ਸੁਣੀ। ਤੇ ਏਨੇ ਨੂੰ ਐਂਬੂਲੈਂਸ 'ਚ ਪਏ ਮਰੀਜ ਦੀ ਮੌਤ ਹੋ ਗਈ। ਦੂਜੇ ਪਾਸੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਸੀ। ਕਾਫੀ ਸਮਾਂ ਖੜਣ ਮਗਰੋਂ ਪਤਾ ਲੱਗਾ ਕਿ ਟਰੇਨ ਹਜੇ ਇਕ ਘੰਟਾ ਹੋਰ ਲੇਟ ਹੈ। ਤੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲ ਗਿਆ।

ਮੈਂ ਬਹੁਤ ਉਦਾਸ ਪ੍ਰੇਸ਼ਾਨ ਸੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ। ਕਿ ਅੱਜ ਕਿਤੇ ਇਹ ਫਾਟਕ ਨਾ ਲੱਗਦੇ ਤਾਂ ਮੇਰੀ ਇੰਟਰਵਿਓ ਹੋ ਜਾਣੀ ਸੀ ਤੇ ਉਹ ਐਂਬੂਲੈਂਸ ਵਾਲਾ ਮਰੀਜ ਵੀ ਬਚ ਜਾਣਾ ਸੀ।
ਸਹੀ ਕਹਿੰਦੇ ਸੀ ਓਥੇ ਖੜ੍ਹੇ ਲੋਕ ਕਿ ਏਥੇ ਇਕ ਪੁਲ ਬਣਨਾ ਚਾਹੀਦਾ ਤਾਂ ਜੋ ਅੱਜ ਆਹ ਦੁਰਘਟਨਾ ਨਾ ਘਟਦੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ