Phull, Pattian, Pankheru, Kuhara (Punjabi Story) : Jasbir Dhand

ਫੁੱਲ, ਪੱਤੀਆਂ, ਪੰਖੇਰੂ, ਕੁਹਾੜਾ (ਕਹਾਣੀ) : ਜਸਬੀਰ ਢੰਡ

ਪਹਿਲਾਂ ਵਾਲਾ ਘਰ ਬਹੁਤ ਭੀੜਾ ਸੀ। ਜਦੋਂ ਸੇਵਾਮੁਕਤੀ ਮਗਰੋਂ ਪੈਸੇ ਮਿਲੇ ਤਾਂ ਹੁਣ ਵਾਲਾ ਵੱਡਾ ਘਰ ਖ਼ਰੀਦ ਲਿਆ। ਦੋ-ਤਿੰਨ ਦਿਨ ਤਾਂ ਸਾਮਾਨ ਟਿਕਾਉਣ ’ਤੇ ਲੱਗ ਗਏ। ਜਦੋਂ ਵਿਹਲ ਮਿਲੀ ਤਾਂ ਮੈਂ ਪਿਛਲੇ ਪਾਸੇ ਕੱਚੇ ਵਿਹੜੇ ਵੱਲ ਨਿਗ੍ਹਾ ਮਾਰੀ।
ਅਨਾਰ ਦਾ ਇੱਕ ਬੂਟਾ ਰੁਲਿਆ-ਖੁਲਿਆ ਜਿਹਾ ਖੜ੍ਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਕਦੇ ਪਾਣੀ ਨਾ ਵਿਖਾਇਆ ਹੋਵੇ! ਮੈਂ ਸੁੱਕੀਆਂ ਟਹਿਣੀਆਂ ਛਾਂਗ ਦਿੱਤੀਆਂ ਤੇ ਜੜ੍ਹਾਂ ਕੋਲੋਂ ਮਿੱਟੀ ਡੂੰਘੀ ਪੁੱਟ ਕੇ ਆਲੇ-ਦੁਆਲੇ ਪੱਕੀਆਂ ਇੱਟਾਂ ਲਾ ਦਿੱਤੀਆਂ। ਪਾਣੀ ਦੀ ਬਾਲਟੀ ਭਰ ਕੇ ਬੂਟੇ ਨੂੰ ਸਿੰਜ ਦਿੱਤਾ। ਰੋਜ਼ ਦੀ ਸੰਭਾਲ ਨਾਲ ਥੋੜ੍ਹੇ ਦਿਨਾਂ ਬਾਅਦ ਹੀ ਬੂਟਾ ਹਰੇ ਕਚੂਰ ਪੱਤਿਆਂ ਨਾਲ ਲੱਦ ਗਿਆ। ਸਿਆਲਾਂ ਵਿੱਚ ਪੱਤੇ ਝੜ ਜਾਂਦੇ। ਫਰਵਰੀ ਦੇ ਅਖੀਰ ਜਿਹੇ ਵਿੱਚ ਟਹਿਣੀਆਂ ’ਤੇ ਪਹਿਲਾਂ ਲਾਲ-ਲਾਲ ਪੱਤੇ ਫੁੱਟਦੇ, ਫਿਰ ਗੂੜ੍ਹੇ ਹਰੇ ਹੋ ਜਾਂਦੇ। ਫਿਰ ਲਾਲ-ਸੂਹੇ ਫੁੱਲ ਖਿੜ੍ਹਦੇ। ਇੰਜ ਜਾਪਦਾ ਜਿਵੇਂ ਕਿਸੇ ਮੁਟਿਆਰ ਨੇ ਹਰੇ ਰੰਗ ਦੀ ਫੁਲਕਾਰੀ ’ਤੇ ਲਾਲ-ਲਾਲ ਬੂਟੀਆਂ ਦੀ ਕਢਾਈ ਕੀਤੀ ਹੋਵੇ। ਫਿਰ ਅਨਾਰ ਲੱਗਣ ਲੱਗ ਪਏ। ਅਨਾਰ ਪਾਟ ਜਾਂਦੇ ਤਾਂ ਪਤਨੀ ਖੱਟੇ-ਮਿੱਠੇ ਦਾਣੇ ਕੱਢ ਕੇ ਬਾਟੀ ਭਰ ਲੈਂਦੀ। ਸਾਰਾ ਟੱਬਰ ਖਾਂਦਾ।
ਨਿੱਕੀਆਂ-ਨਿੱਕੀਆਂ ਚਿੜੀਆਂ ਅਨਾਰ ’ਤੇ ਬੈਠੀਆਂ ਅੰਮ੍ਰਿਤ ਵੇਲੇ ਚੀਂ-ਚੀਂ ਕਰਨ ਲੱਗਦੀਆਂ ਤਾਂ ਸਾਨੂੰ ਜਾਗਣ ਲਈ ਅਲਾਰਮ ਦੀ ਲੋੜ ਨਾ ਪੈਂਦੀ। ਇੱਕ ਦਿਨ ਪਿਛਲੇ ਮੁਹੱਲੇ ’ਚੋਂ ਇੱਕ ਗੁਆਂਢਣ ਘਰ ਵੇਖਣ ਆਈ। ਖੁੱਲ੍ਹਾ-ਡੁੱਲ੍ਹਾ ਘਰ ਵੇਖ ਕੇ ਖ਼ੁਸ਼ ਹੋਈ, ਪਰ ਅਨਾਰ ਵੱਲ ਵੇਖ ਕੇ ਪਤਨੀ ਨੂੰ ਕਹਿਣ ਲੱਗੀ, ‘‘ਅਨਾਰ ਘਰ ’ਚ ਲਾਇਆ ਮਾੜਾ ਹੁੰਦੈ। ਜਿਵੇਂ ਅਨਾਰ ਪਾਟ ਜਾਂਦੈ, ਉਵੇਂ ਘਰ ਪਾਟ ਜਾਂਦੈ… ਆਪਣੇ ਮੁਹੱਲੇ ’ਚ ਵੇਖਿਆ ਨਈਂ ਬਿਮਲਾ ਦਾ ਕੀ ਹਾਲ ਹੋਇਆ… ਅਨਾਰ ਲਾ ਰੱਖਿਆ ਸੀ… ਵਿਹੜੇ ਵਿੱਚ। ਪਹਿਲਾਂ ਘਰਵਾਲਾ ਮੁੱਕ ਗਿਆ। ਕੁੜੀ ਵਿਆਹੀ ਤਾਂ ਸਹੁਰਿਆਂ ਛੱਡ ਦਿੱਤੀ। ਘਰੇ ਬੈਠੀ ਐ ਹੁਣ। ਵੱਡਾ ਮੁੰਡਾ ਵਿਆਹਿਆ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗਾ। ਨੂੰਹ-ਸੱਸ ਦੀ ਕਦੇ ਨਾ ਬਣੀ। ਹਾਰ ਕੇ ਮੁੰਡਾ ਘਰਵਾਲੀ ਨੂੰ ਲੈ ਕੇ ਜੁੱਲੀ-ਤਪੜਾ ਚੁੱਕ ਕੇ ਸਹੁਰੀਂ ਰਹਿਣ ਲੱਗ ਪਿਆ। ਸਾਰਾ ਘਰ ਖੱਖਰ-ਭੱਖਰ ਹੋ ਗਿਆ।’’ ਉਹ ਤਾਂ ਆਖ ਕੇ ਚਲੀ ਗਈ। ਮੇਰੀ ਪਤਨੀ ਨੇ ਉਸੇ ਦਿਨ ਤੋਂ ਅਨਾਰ ਪੁੱਟ ਦੇਣ ਦੀ ਰੱਟ ਲਾ ਦਿੱਤੀ। ਬਥੇਰਾ ਸਮਝਾਇਆ ਕਿ ਇਹੋ ਜਿਹਾ ਕੁਝ ਤਾਂ ਸਾਰੇ ਘਰਾਂ ਵਿੱਚ ਹੀ ਹੁੰਦਾ ਹੈ, ਇਹਦੇ ’ਚ ਅਨਾਰ ਦਾ ਕੀ ਦੋਸ਼? ਪਰ ਉਹ ਪੇਕੇ ਘਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਉਪਰਥਲੀ ਹੋਈਆਂ ਮੌਤਾਂ ਕਰਕੇ, ਆਪਣੀ ਪਿੱਠ ਵਿੱਚ ਕਈ ਸਾਲਾਂ ਤੋਂ ਲਗਾਤਾਰ ਹੋ ਰਹੇ ਦਰਦ ਕਾਰਨ ਤੇ ਸਰੀਰ ਦੇ ਰਹਿੰਦੇ ਜਾਣ ’ਤੇ ਅਨਾਰ ਦਾ ਵਹਿਮ ਕਰਨ ਲੱਗ ਪਈ। ਜਦੋਂ ਬਹੁਤੀ ਹੀ ਜ਼ਿੱਦ ਕਰਨ ਲੱਗੀ ਤਾਂ ਹਾਰ ਕੇ ਇੱਕ ਦਿਨ ਬੁਝੇ ਮਨ ਨਾਲ ਕੁਹਾੜੀ ਨਾਲ ਵੱਢ ਦਿੱਤਾ ਉਹ ਸੁਹਣੇ ਫੁੱਲਾਂ, ਪੱਤਿਆਂ ਤੇ ਫਲਾਂ ਨਾਲ ਲੱਦਿਆ ਅਨਾਰ!
ਇੱਕ ਡੇਕ ਸੀ ਚਾਰਦੀਵਾਰੀ ਦੇ ਨਾਲ। ਆਪੇ ਹੀ ਕਿਧਰੇ ਬੀਜ ਫੁੱਟ ਆਇਆ ਸੀ। ਉਸ ਨੂੰ ਪਾਣੀ ਦਿੰਦਾ ਰਿਹਾ। ਹੌਲੀ-ਹੌਲੀ ਡੇਕ ਵੱਡੀ ਹੁੰਦੀ ਗਈ। ਦੋ-ਢਾਈ ਸਾਲਾਂ ਬਾਅਦ ਪੂਰੀ ਛਤਰੀ ਬਣ ਗਈ। ਉਸ ਉੱਪਰ ਵੀ ਪੰਛੀ ਚੜ੍ਹ-ਚੋਲ੍ਹੜ ਪਾਉਂਦੇ, ਟਹਿਣੀਆਂ ਹਵਾ ਨਾਲ ਹਿਲਦੀਆਂ। ਮੈਂ ਉਸ ਦੀ ਛਾਵੇਂ ਪਿਆ ਪੱਤਿਆਂ ਨੂੰ ਝੂਮਦੇ, ਪੰਛੀਆਂ ਨੂੰ ਕਲੋਲਾਂ ਕਰਦੇ ਵੇਖਦਾ ਤਾਂ ਮਨ ਹੁਲਾਸ ਵਿੱਚ ਆ ਜਾਂਦਾ। ਸ਼ੁਕਰ ਕਰਦਾ ਕਿ ਪਰਮਾਤਮਾ ਨੇ ਮੈਨੂੰ ਖੁੱਲ੍ਹਾ-ਡੁੱਲ੍ਹਾ ਘਰ ਦਿੱਤਾ ਫੁੱਲਾਂ, ਬੂਟਿਆਂ ਵਾਲਾ। ਬਦੋਬਦੀ ਦੁਸ਼ਿਅੰਤ ਕੁਮਾਰ ਦੀਆਂ ਸਤਰਾਂ ਗੁਣਗੁਣਾਉਣ ਨੂੰ ਜੀਅ ਕਰਦਾ:
ਜੀਏਂ ਤੋਂ ਅਪਨੇ ਬਗੀਚੇ ਮੇਂ ਗੁਲਮੋਹਰ ਕੇ ਤਲੇ
ਮਰੇਂ ਤੋਂ ਗ਼ੈਰ ਕੀ ਗਲੀਓਂ ਮੇਂ ਗੁਲਮੋਹਰ ਕੇ ਲੀਏ!
ਇੱਕ ਦਿਨ ਪਰਲੀ ਗਲੀ ਵਿੱਚੋਂ ਇੱਕ ਹੋਰ ਗੁਆਂਢਣ ਪਤਨੀ ਕੋਲ ਆਈ। ਗੱਲਾਂ-ਗੱਲਾਂ ਵਿੱਚ ਕਹਿਣ ਲੱਗੀ, ‘‘ਆਹ ਡੇਕ ਕਾਹਦੇ ਪਿੱਛੇ ਲਾਈ ਐ?’’
ਪਤਨੀ ਨੇ ਕਿਹਾ, ‘‘ਕਿਉਂ? ਡੇਕ ਨਾਲ ਕੀ ਹੁੰਦੈ?’’
‘‘ਲੈ! ਤੂੰ ਕਹਾਵਤ ਨ੍ਹੀਂ ਸੁਣੀ। ਜੀਹਦੇ ਘਰੇ ਡੇਕ, ਉਹਨੂੰ ਕਦੇ ਨਾ ਆਵੇ ਟੇਕ। ਭੈਣੇ! ਸਾਡੇ ਘਰ ਲਾਈ ਸੀ ਡੇਕ। ਘਰ ’ਚੋਂ ਜ਼ਹਿਮਤ ਨਾ ਮੁੱਕਿਆ ਕਰੇ, ਨਾ ਮੁੱਕਿਆ ਕਰੇ ਕਲੇਸ਼। ਮੌਤਾਂ ਤੇ ਬੀਮਾਰੀਆਂ ਨੇ ਲੈ ਲਿਆ ਸਾਨੂੰ। ਉੱਪਰੋਂ ਜ਼ਮੀਨ-ਜਾਇਦਾਦ ਦੇ ਮੁਕੱਦਮੇ। ਹਾਰ ਕੇ ਵੱਢ ਦਿੱਤੀ ਡੇਕ!’’
ਉਹ ਤਾਂ ਆਖ ਕੇ ਚਲੀ ਗਈ, ਪਰ ਹੁਣ ਮੇਰੀ ਪਤਨੀ ਨੇ ਡੇਕ ਵੱਢਣ ਦੀ ਰੱਟ ਫੜ ਲਈ। ਕਈ ਦਿਨ ਟਾਲ-ਮਟੋਲ ਕਰਦਾ ਰਿਹਾ, ਕੀ ਪਤਾ ਹੈ ਭੁੱਲ ਜਾਵੇ। ਪਰ ਜਦੋਂ ਬਹਿੰਦੇ ਉੱਠਦੇ ਜ਼ਿਆਦਾ ਹੀ ਅਕਾਉਣ ਲੱਗੀ ਤਾਂ ਸੋਚਿਆ: ‘ਮਨਾਂ ਏਸ ਨੇਕਬਖ਼ਤ ਨੂੰ ਗੁੱਸੇ ਕਰਕੇ ਕਿੰਨੇ ਕੁ ਦਿਨ ਨਿਕਲਣਗੇ? ਢਿੱਲੀ-ਮੱਠੀ ਹੁੰਦੀ ਹੋਈ ਵੀ ਸਾਰੇ ਟੱਬਰ ਦੀ ਇੰਨੀ ਸੇਵਾ ਕਰਦੀ ਐੇ… ਵਹਿਮ ਦਾ ਕੀ ਇਲਾਜ?’ ਘਰ ਦੇ ਜੀਅ ਦੀ ਤਸੱਲੀ ਅੱਗੇ ਡੇਕ ਦਾ ਪੱਲੜਾ ਹੌਲਾ ਪੈ ਗਿਆ।
ਇੱਕ ਦਿਨ ਸਵੇਰੇ ਉੱਠਦਿਆਂ ਹੀ ਕਸੀਸ ਜਿਹੀ ਵੱਟ ਕੇ ਚਲਾ ਦਿੱਤਾ ਕੁਹਾੜਾ। ਜਾਲੀ ਵਾਲੇ ਦਰਵਾਜ਼ੇ ਪਿੱਛੇ ਖੜ੍ਹਾ ਛੇਵੀਂ ਵਿੱਚ ਪੜ੍ਹਦਾ ਬੜਾ ਹੀ ਸੰਵੇਦਨਸ਼ੀਲ ਪੋਤਰਾ ਕੁਰਲਾ ਰਿਹਾ ਸੀ, ‘‘ਪਾਪਾ ਨਾ ਵੱਢੋ ਟ੍ਰੀ ਨੂੰ। ਪਲੀਜ਼ ਸੇਵ ਦਿ ਟ੍ਰੀਜ਼।’’ ਮੈਨੂੰ ਇੱਕ ਗੱਲ ਦੀ ਤਸੱਲੀ ਹੋਈ ਕਿ ਚਲੋ ਨਵੀਂ ਪੀੜ੍ਹੀ ਨੂੰ ਤਾਂ ਰੁੱਖਾਂ ਬਾਰੇ ਸੋਝੀ ਹੈ। ਇਨ੍ਹਾਂ ਦੀ ਸੋਚ ਤਾਂ ਸਹੀ ਹੈ। ਫਿਰ ਜਦੋਂ ਧੜੰਮ ਕਰਕੇ ਡੇਕ ਦਾ ਤਣਾ ਧਰਤੀ ’ਤੇ ਡਿੱਗਾ ਤਾਂ ਪੋਤਰਾ ਬੁੜਬੁੜਾਇਆ: ‘‘ਓ ਟ੍ਰੀ! ਮੇਰੇ ਸਾਹਮਣੇ ਤੈਨੂੰ ਵੱਢ ਦਿੱਤਾ ਗਿਆ, ਪਰ ਮੈਂ ਤੇਰੇ ਲਈ ਕੁਝ ਨਾ ਕਰ ਸਕਿਆ…!’’ ਮੇਰੀਆਂ ਅੱਖਾਂ ਭਰ ਆਈਆਂ।
ਹੁਣ ਬਾਹਰਲੀ ਕੰਧ ਦੀ ਗਰਿੱਲ ’ਤੇ ਫੁੱਲਾਂ ਨਾਲ ਲੱਦੀ ਝੁਮਕਾ ਵੇਲ ਲਹਿਰਾ ਰਹੀ ਹੈ। ਪਰ੍ਹੇ ਪੀਲੇ ਫੁੱਲਾਂ ਵਾਲੀ ਇੱਕ ਕਨੇਰ ਖੜ੍ਹੀ ਹੈ।
ਹੁਣ ਜਦੋਂ ਵੀ ਕੋਈ ਔਰਤ ਘਰ ਦੀਆਂ ਬਰੂਹਾਂ ਟੱਪ ਕੇ ਅੰਦਰ ਵੜਦੀ ਹੈ ਤਾਂ ਮੈਨੂੰ ਡਰ ਜਿਹਾ ਲੱਗਣ ਲੱਗਦਾ ਹੈ। ਪਰ ਹੁਣ ਮੈਂ ਫ਼ੈਸਲਾ ਕਰ ਲਿਆ ਹੈ ਕਿ ਕਿਸੇ ਵੀ ਕੀਮਤ ’ਤੇ ਇਨ੍ਹਾਂ ਬੇਜ਼ੁਬਾਨਾਂ ਉੱਤੇ ਕੁਹਾੜਾ ਨਹੀਂ ਚਲਾਵਾਂਗਾ।

  • ਮੁੱਖ ਪੰਨਾ : ਕਹਾਣੀਆਂ, ਜਸਬੀਰ ਢੰਡ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ