Pocket-Maar (Punjabi Story) : S. Saki

ਪਾਕਿਟ-ਮਾਰ (ਕਹਾਣੀ) : ਐਸ ਸਾਕੀ

ਉਹ ਬਹੁਤ ਚਿਰ ਤੋਂ ਔਰਤ ਦਾ ਪਿੱਛਾ ਕਰ ਰਿਹਾ ਸੀ ਜਿਸ ਨੇ ਹੱਥ ’ਚ ਨੀਲਾ ਪਰਸ ਫੜਿਆ ਹੋਇਆ ਸੀ। ਉਹ ਦੋਵੇਂ ਲਾਲ ਕਿਲ੍ਹੇ ਤੋਂ ਹੌਲੀ-ਹੌਲੀ ਟੁਰਦੇ ਹੋਏ ਫੁਹਾਰਾ ਚੌਕ ਤਕ ਪਹੁੰਚ ਗਏ ਸਨ। ਬਹੁਤ ਅਜੀਬ ਸੁਭਾਅ ਦੀ ਸੀ, ਉਹ ਔਰਤ। ਟੁਰਦੀ ਹੋਈ ਐਵੇਂ ਕਿਸੇ ਪਟੜੀ ਵਾਲੇ ਕੋਲ ਖੜੋ ਜਾਂਦੀ। ਉਸ ਦੀਆਂ ਇੱਕ-ਦੋ ਚੀਜ਼ਾਂ ਉਲਟ-ਪੁਲਟ ਕਰਦੀ। ਫਿਰ ਬਿਨਾਂ ਕੁਝ ਖ਼ਰੀਦਿਆਂ ਅੱਗੇ ਚੱਲ ਪੈਂਦੀ। ਔਰਤ ਦੇ ਖੜੋਤਿਆਂ ਉਸ ਦੇ ਪੈਰ ਵੀ ਰੁਕ ਜਾਂਦੇ। ਉਹ ਗਰਦਨ ਘੁਮਾ ਕੇ ਇੰਜ ਇਧਰ-ਉਧਰ ਵੇਖਣ ਲੱਗ ਜਾਂਦਾ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ। ਸਿਰ ਨੂੰ ਘੁਮਾਉਂਦਿਆਂ ਵੀ ਉਸ ਦੀਆਂ ਅੱਖਾਂ ਔਰਤ ਦੇ ਹੱਥ ’ਚ ਫੜੇ ਪਰਸ ’ਚੋਂ ਆਰ-ਪਾਰ ਲੰਘਦੀਆਂ ਰਹਿੰਦੀਆਂ। ਉਹ ਉਸ ਅੰਦਰ ਪਏ ਮਾਲ ਨੂੰ ਅੱਖਾਂ ਰਾਹੀਂ ਤੋਲਣ, ਪਰਖਣ ਲੱਗਦਾ। ਹਰ ਵਾਰੀ ਪਰਸ ਉਸ ਨੂੰ ਬਹੁਤ ਭਾਰੀ ਦਿੱਸਦਾ ਪਰ ਚਾਹੁੰਦਿਆਂ ਵੀ ਉਸ ਨੂੰ ਖੋਹਣ ਦਾ ਠੀਕ ਦਾਅ ਨਾ ਲੱਗਦਾ। ਉਸ ਨੇ ਆਪਣੀ ਉਮਰ ਦੇ ਸੋਲ੍ਹਾਂ ਵਿੱਚੋਂ ਗਿਆਰਾਂ ਸਾਲ ਇਸੇ ਪੇਸ਼ੇ ਵਿੱਚ ਲੰਘਾਏ ਸਨ। ਉਹ ਮਸਾਂ ਹੀ ਸੱਤ-ਅੱਠ ਦਿਨਾਂ ਦਾ ਸੀ ਜਦੋਂ ਕੋਈ ਉਸ ਨੂੰ ਦਿੱਲੀ ਦੀ ਪਟੜੀ ’ਤੇ ਲਾਵਾਰਸ ਛੱਡ ਗਿਆ ਸੀ। ਅਜੇ ਉਹ ਮਸਾਂ ਪੰਜ ਵਰ੍ਹਿਆਂ ਦਾ ਹੋਇਆ ਸੀ ਜਦੋਂ ਉਸਤਾਦ ਜੀ ਨੇ ਉਸ ਨੂੰ ਜੇਬਾਂ ਕੱਟਣ ਲਾ ਦਿੱਤਾ ਸੀ। ਇਨ੍ਹਾਂ ਗਿਆਰਾਂ ਸਾਲਾਂ ਵਿੱਚ ਉਸ ਨੇ ਕਿਤਨੀਆਂ ਹੀ ਜੇਬਾਂ ਮਾਰੀਆਂ। ਬਹੁਤ ਸਾਰੀਆਂ ਔਰਤਾਂ ਦੀਆਂ ਜ਼ੰਜੀਰੀਆਂ ਖਿੱਚੀਆਂ। ਕਈਆਂ ਦੀਆਂ ਘੜੀਆਂ ਉਤਾਰੀਆਂ। ਪਤਾ ਨਹੀਂ ਕਿਤਨੀਆਂ ਔਰਤਾਂ ਦੇ ਪਰਸ ਖੋਹੇ ਪਰ ਮਜਾਲ ਕਿਸੇ ਦੇ ਹੱਥ ਲੱਗਿਆ ਹੋਵੇ। ਉਹ ਇਸ ਪੇਸ਼ੇ ਵਿੱਚ ਪੂਰਾ ਮਾਸਟਰ ਸੀ। ਪਾਕਿਟ ਮਾਰਨ ਵਾਲੇ ਦੀ ਸ਼ਕਲ ਵੇਖ ਹੀ ਅੰਦਾਜ਼ਾ ਲਾ ਲੈਂਦਾ ਸੀ ਕਿ ਉਹ ਕਿਤਨਾ ਮਾਲਦਾਰ ਹੋਵੇਗਾ? ਉਸ ਦੀ ਪਾਕਿਟ ਵਿੱਚ ਕਿਤਨਾ ਮਾਲ ਹੈ? ਉਹ ਅੱਜ ਜਿਸ ਔਰਤ ਦਾ ਪਿੱਛਾ ਕਰ ਰਿਹਾ ਸੀ, ਉਹ ਵੀ ਉਸ ਨੂੰ ਬਹੁਤ ਪੈਸੇ ਵਾਲੀ ਲੱਗ ਰਹੀ ਸੀ। ਜਿਵੇਂ ਉਸ ਨੇ ਪਰਸ ’ਚ ਵੜ ਕੇ ਸਭ ਕੁਝ ਤਾੜ ਲਿਆ ਹੋਵੇ। ਉਹ ਕਿੰਨੇ ਚਿਰ ਦਾ ਪਰਸ ਖੋਹਣ ਦਾ ਯਤਨ ਕਰ ਰਿਹਾ ਸੀ। ‘‘ਜੇ ਇਹ ਪਰਸ ਅੱਜ ਕਿਸੇ ਤਰੀਕੇ ਹੱਥ ਲੱਗ ਜਾਵੇ ਤਾਂ…’’ ਔਰਤ ਦਾ ਪਿੱਛਾ ਕਰਦਾ ਉਹ ਵਾਰ-ਵਾਰ ਇਹੋ ਸੋਚਣ ਲੱਗਦਾ ਪਰ ਕੋਸ਼ਿਸ਼ ਕੀਤਿਆਂ ਵੀ ਉਸ ਕੋਲੋਂ ਪਰਸ ਨਹੀਂ ਖੋਹਿਆ ਜਾਂਦਾ। ਉਹ ਚਾਂਦਨੀ ਚੌਕ ਨਾਲ ਲੱਗਦੀਆਂ ਸਾਰੀਆਂ ਗਲੀਆਂ ਅਤੇ ਕਟੜਿਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਕਿਸੇ ਦੀ ਚੀਜ਼ ਖੋਹ ਕਿਹੜੇ ਰਾਹੋਂ ਨੱਸਣਾ ਹੈ ਤਾਂ ਜੋ ਉਹ ਕਿਸੇ ਦੇ ਹੱਥ ਨਾ ਲੱਗੇ। ਫਿਰ ਉਹ ਔਰਤ ਬੇਧਿਆਨੀ ਟੁਰਦੀ ਹੋਈ ਫੁਹਾਰਾ ਚੌਕ ਪਾਰ ਕਰ ਗਈ। ਉਹ ਇੱਕ ਕਟੜੇ ਕੋਲ ਪਹੁੰਚ ਪਟੜੀ ਵਾਲੇ ਵੱਲ ਝੁਕ ਨਕਲੀ ਹਾਰ ਵੇਖਣ ਲੱਗੀ ਤਾਂ ਉਸ ਦਾ ਦਾਅ ਲੱਗ ਗਿਆ। ਉਹ ਝਪਟ ਮਾਰ ਕੇ ਪਰਸ ਖੋਹ ਇੱਕ ਗਲੀ ’ਚ ਵੜ ਤੇਜ਼-ਤੇਜ਼ ਨੱਸਣ ਲੱਗਾ। ‘‘ਚੋਰ… ਚੋਰ… ਚੋਰ।’’ ਅਜਿਹੀਆਂ ਕਿੰਨੀਆਂ ਹੀ ਆਵਾਜ਼ਾਂ ਉਸ ਨੂੰ ਸੁਣਾਈ ਦਿੱਤੀਆਂ ਜਿਹੜੀਆਂ ਪਰਸ ਖੁੱਸਦਿਆਂ ਔਰਤਾਂ ਦੇ ਸੰਘ ’ਚੋਂ ਬਾਹਰ ਨਿਕਲੀਆਂ ਸਨ। ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ‘ਚੋਰ… ਚੋਰ… ਫੜੋ… ਫੜੋ’ ਕਹਿੰਦੇ ਬਹੁਤ ਸਾਰੇ ਬੰਦੇ ਉਸ ਦੇ ਪਿੱਛੇ ਨੱਸ ਰਹੇ ਹੋਣ। ਸੱਚਮੁੱਚ ਉਨ੍ਹਾਂ ਦੇ ਪੈਰਾਂ ਦੀ ਦਗੜ-ਦਗੜ ਦੀ ਆਵਾਜ਼ ਉਸ ਦੇ ਕੰਨੀਂ ਪੈ ਰਹੀ ਸੀ। ਉਹ ਤੰਗ ਗਲੀਆਂ ਰਾਹੀਂ ਵਾਹੋਦਾਹੀ ਨੱਸਦਾ ਜਾ ਰਿਹਾ ਸੀ। ਉਂਜ ਹੀ ਨੱਸਦਿਆਂ ਉਸ ਨੇ ਪਰਸ ਖੋਲ੍ਹ ਵੇਖਿਆ। ਉਸ ਵਿੱਚ ਸੌ-ਸੌ ਦੇ ਨੋਟਾਂ ਦੀਆਂ ਥੱਦੀਆਂ ਸਨ। ਇੰਨੀ ਮੋਟੀ ਰਕਮ ਉਸ ਨੇ ਪਹਿਲੀ ਵਾਰੀ ਵੇਖੀ ਸੀ। ‘‘ਇਹ ਸਾਰੇ ਮੇਰੇ ਨੇ…।’’ ਇਹ ਸੋਚਦਿਆਂ ਉਸ ਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ। ਉਹ ਕਟੜੇ ਰਾਹੀਂ ਗਲੀਆਂ ਪਾਰ ਕਰਦਾ ਜਾ ਰਿਹਾ ਸੀ ‘‘ਚੋਰ-ਚੋਰ ਅਤੇ ਫੜੋ-ਫੜੋ’’ ਦੀਆਂ ਆਵਾਜ਼ਾਂ ਅਜੇ ਵੀ ਉਸ ਦਾ ਪਿੱਛਾ ਕਰ ਰਹੀਆਂ ਸਨ। ਫਿਰ ਨੱਸਦਿਆਂ ਉਹ ਇੱਕ ਅਜਿਹੀ ਗਲੀ ਵਿੱਚ ਵੜ ਗਿਆ ਜਿੱਥੋਂ ਉਹ ਅੱਜ ਤਕ ਕਿਸੇ ਦੀ ਪਕੜ ਵਿੱਚ ਨਹੀਂ ਸੀ ਆਇਆ। ਇਹ ਗਲੀ ਬਹੁਤ ਘੁੰਮਣ-ਘੇਰੀਆਂ ਵਾਲੀ ਸੀ। ਉਹ ਕਿਸੇ ਵੀ ਰਾਹ ਪੈ ਲੋਪ ਹੋ ਸਕਦਾ ਸੀ। ਉਸ ਨੂੰ ਪਤਾ ਸੀ, ਉਸ ਦੇ ਸਾਫ਼ ਬਚ ਕੇ ਲੰਘ ਜਾਣ ਦਾ ਆਖ਼ਰੀ ਪੜਾਅ ਆ ਗਿਆ ਸੀ। ਪਰ ਇਹ ਕੀ? ਉਸ ਨੇ ਨੱਸਦਿਆਂ ਦੂਰੋਂ ਗਲੀ ਬੰਦ ਵੇਖੀ। ਕਿਸੇ ਦੀ ਕੁੜੀ ਦਾ ਵਿਆਹ ਸੀ। ਵਿਆਹ ਵਾਲਿਆਂ ਸ਼ਾਮਿਆਨੇ ਅਤੇ ਕਨਾਤਾਂ ਨਾਲ ਸਾਰੀ ਗਲੀ ਰੋਕ ਰੱਖੀ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਨਾਤਾਂ ਫਾੜ ਕੇ ਲੰਘ ਜਾਵੇ ਪਰ ਅਜਿਹਾ ਨਹੀਂ ਹੋਇਆ। ਅਸਲ ਵਿੱਚ ਉਸ ਨੂੰ ਇੰਨਾ ਵਕਤ ਹੀ ਨਹੀਂ ਮਿਲਿਆ। ਪਿੱਛੋਂ ਨੱਸੀ ਆਉਂਦੀ ਭੀੜ ਨੇ ਉਸ ਨੂੰ ਦਬੋਚ ਲਿਆ। ਉਸ ’ਤੇ ਕਿੰਨੇ ਹੀ ਮੁੱਕੇ ਮੀਂਹ ਵਾਂਗ ਵਰ੍ਹਨ ਲੱਗੇ। ‘‘ਮਾਰੋ ਇਸ … ਨੂੰ।’’ ਕਈ ਆਵਾਜ਼ਾਂ ਭੀੜ ਵਿੱਚੋਂ ਇਕੱਠੀਆਂ ਗੂੰਜੀਆਂ। ਉਹ ਲੋਕਾਂ ’ਚ ਘਿਰਿਆ ਕੁੱਟ ਖਾ ਰਿਹਾ ਸੀ। ‘‘ਉਏ ਰੁਕੋ ਨਾ…’’ ਇੰਨੇ ਵਿੱਚ ਦੋ ਸਿਪਾਹੀ ਕਿਤੋਂ ਆ ਇਹ ਕਹਿੰਦੇ ਅਤੇ ਡੰਡੇ ਲਹਿਰਾਉਂਦੇ ਭੀੜ ਵੱਲ ਵਧੇ। ਕੁਟਾਪਾ ਚਾੜ੍ਹਦੀ ਭੀੜ ਦੇ ਹੱਥ ਰੁਕ ਗਏ। ਉਨ੍ਹਾਂ ਸਾਹਮਣੇ ਉਹ ਦੋ ਸਿਪਾਹੀ ਖੜ੍ਹੇ ਸਨ ਜਿਹੜੇ ਵਿਆਹ ਵਾਲਿਆਂ ਨੇ ਸਕਿਉਰਿਟੀ ਲਈ ਥਾਣੇ ਤੋਂ ਸੱਦੇ ਸਨ। ‘‘ਇਹ ਔਰਤ ਦਾ ਪਰਸ ਖੋਹ ਕੇ ਨੱਸਿਆ ਸੀ।’’ ਭੀੜ ਵਿੱਚੋਂ ਇੱਕ ਪੁਰਸ਼ ਦੀ ਆਵਾਜ਼ ਸੀ ਜਿਹੜਾ ਹੱਥ ਵਿੱਚ ਫੜਿਆ ਪਰਸ ਉੱਚਾ ਕਰ ਕੇ ਔਰਤ ਵੱਲ ਇਸ਼ਾਰਾ ਕਰ ਰਿਹਾ ਸੀ। ‘‘ਲੈ ਚਲਦੇ ਹਾਂ। ਇਸ … ਨੂੰ ਥਾਣੇ, ਠੀਕ ਕਰਵਾ ਦੇਵਾਂਗੇ।’’ ਉਨ੍ਹਾਂ ਦੋਵਾਂ ਵਿੱਚੋਂ ਇੱਕ ਸਿਪਾਹੀ ਉਸ ਬੰਦੇ ਹੱਥੋਂ ਪਰਸ ਫੜਦਾ ਬੋਲਿਆ। ਇਸ ਆਵਾਜ਼ ਦੇ ਨਾਲ ਹੀ ਤਿੰਨ-ਚਾਰ ਹੱਥਾਂ ਨੇ ਪਾਕਿਟ-ਮਾਰ ਦੀਆਂ ਬਾਹਾਂ ਕਾਬੂ ਕਰ ਲਈਆਂ। ਫਿਰ ਕਿਸੇ ਦਾ ਇੱਕ ਸਖ਼ਤ ਹੱਥ ਉਸ ਦੀ ਗਿੱਚੀ ’ਤੇ ਚਲਾ ਗਿਆ। ਗਰਦਨ ’ਤੇ ਪਏ ਸਖ਼ਤ ਹੱਥ ਕਾਰਨ ਉਸ ਦਾ ਸਾਹ ਘੁਟ ਰਿਹਾ ਸੀ। ਲੋਕੀਂ ਅਜੇ ਵੀ ਰੁਕ-ਰੁਕ ਕੇ ਉਸ ’ਤੇ ਮੁੱਕਿਆਂ ਦੇ ਵਾਰ ਕਰ ਰਹੇ ਸਨ। ਫਿਰ ਪਤਾ ਨਹੀਂ ਭੀੜ ਵਿੱਚੋਂ ਕਿਸ ਦਾ ਇੱਕ ਤੇਜ਼ ਹੱਥ ਉਸ ਦੇ ਨੱਕ ’ਤੇ ਵੱਜਾ। ਨੱਕ ਵਿੱਚੋਂ ਤੁਪਕਾ-ਤੁਪਕਾ ਕਰਕੇ ਲਹੂ ਉਸ ਦੇ ਕੁੜਤੇ ’ਤੇ ਡਿੱਗਣ ਲੱਗਾ ਪਰ ਉਹ ਉਸ ਨੂੰ ਪੂੰਝ ਨਹੀਂ ਸੀ ਪਾ ਰਿਹਾ ਕਿਉਂਕਿ ਉਸ ਦੀਆਂ ਦੋਵੇਂ ਬਾਹਾਂ ਲੋਕਾਂ ਨੇ ਕਸ ਕੇ ਫੜੀਆਂ ਹੋਈਆਂ ਸਨ। ਲੋਕੀਂ ਉਸ ਨੂੰ ਖਿੱਚਦੇ ਹੋਏ ਥਾਣੇ ਵੱਲ ਟੁਰ ਪਏ। ਥਾਣੇ ਪਹੁੰਚਣ ਤਕ ਤਮਾਸ਼ਬੀਨਾਂ ਦਾ ਇੱਕ ਵੱਡਾ ਹਜੂਮ ਉਸ ਪਿੱਛੇ ਜੁੜ ਗਿਆ ਸੀ। ਉਨ੍ਹਾਂ ਨਾਲ ਪਰਸ ਵਾਲੀ ਉਹ ਔਰਤ ਵੀ ਸੀ। ‘‘ਕੀ ਹੋਇਆ?’’ ਰੌਲਾ ਸੁਣ ਕੇ ਥਾਣੇ ਵਿੱਚੋਂ ਐੱਸ ਐੱਚ ਓ ਬਾਹਰ ਨਿਕਲਿਆ ਤੇ ਭੀੜ ਵੱਲ ਵੇਖਦਿਆਂ ਉਸ ਨੇ ਕੁਰੱਖ਼ਤ ਆਵਾਜ਼ ਨਾਲ ਪੁੱਛਿਆ। ‘‘ਇਹ ਪਾਕਿਟ-ਮਾਰ ਹੈ ਇਸ ਨੇ ਔਰਤ ਦਾ ਪਰਸ ਖੋਹਿਐ।’’ ਇਸ ਵਾਰੀ ਭੀੜ ਵਿੱਚੋਂ ਕਈ ਆਵਾਜ਼ਾਂ ਇਕੱਠੀਆਂ ਗੂੰਜੀਆਂ ਜਿਹੜੀਆਂ ਪਰਸ ਵਾਲੀ ਔਰਤ ਵੱਲ ਇਸ਼ਾਰਾ ਵੀ ਕਰ ਰਹੀਆਂ ਸਨ। ‘‘ਹੂੰ ਹੁਣੇ ਬੰਦ ਕਰਦਾਂ ਇਸ ਨੂੰ…।’’ ਸਿਪਾਹੀ ਦੇ ਹੱਥੋਂ ਪਰਸ ਫੜਦਿਆਂ ਐੱਸ ਐੱਚ ਓ ਨੇ ਮੁੱਛਾਂ ’ਤੇ ਹੱਥ ਫੇਰਦਿਆਂ ਕਿਹਾ। ਇਸ ਤੋਂ ਪਹਿਲਾਂ ਕਿ ਭੀੜ ਕੁਝ ਹੋਰ ਕਹੇ, ਉਹ ਆਪੇ ਬੋਲਣ ਲੱਗਾ, ‘‘ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਇਸ ਇਲਾਕੇ ਵਿੱਚ ਪਿਛਲੇ ਹਫ਼ਤੇ ਹੀ ਨਵਾਂ ਬਦਲ ਕੇ ਆਇਆਂ ਪਰ ਸ਼ਹਿਰ ਵਿੱਚ ਮੈਂ ਨਵਾਂ ਨਹੀਂ। ਇਸ ਸ਼ਹਿਰ ਦੇ ਜਿੰਨੇ ਵੀ ਬਦਮਾਸ਼ ਤੇ ਪਾਕਿਟ-ਮਾਰ ਨੇ ਸਭ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੁਸੀਂ ਫ਼ਿਕਰ ਨਾ ਕਰੋ। ਜੇ ਮੈਂ ਅਜਿਹੇ ਪਾਕਿਟ-ਮਾਰਾਂ ਕੋਲੋਂ ਤੁਹਾਡਾ ਏਰੀਆ ਹੀ ਨਾ ਛੁਡਾ ਦਿੱਤਾ ਤਾਂ ਮੇਰਾ ਨਾਂ ਵੀ ਭੀਮਾ ਚੌਧਰੀ ਨਹੀਂ। ਲੈ ਬੀਬੀ ਸੰਭਾਲ ਆਪਣਾ ਪਰਸ। ਇਸ ਦੀ ਤਾਂ ਮੈਂ ਚਮੜੀ ਖਿੱਚ ਲਵਾਂਗਾ। ਭਾਵੇਂ ਤੂੰ ਕੱਲ੍ਹ ਆ ਕੇ ਇਸ ਦੀਆਂ ਸਾਰੀਆਂ ਹੱਡੀਆਂ ਇਕੱਠੀਆਂ ਕਰ ਲਵੀਂ।’’ ਔਰਤ ਨੂੰ ਪਰਸ ਫੜਾਉਂਦੇ ਐੱਸ ਐੱਚ ਓ ਨੇ ਜ਼ਹਿਰ ਭਰੀਆਂ ਅੱਖਾਂ ਨਾਲ ਪਾਕਿਟ-ਮਾਰ ਨੂੰ ਘੂਰਿਆ। ਭੀੜ ਦੇ ਚਿਹਰੇ ’ਤੇ ਗੁਲਾਬ ਖਿੜ ਉਠਿਆ। ਸਾਰੇ ਖ਼ੁਸ਼ ਸਨ। ਉਹ ਪਾਕਿਟ-ਮਾਰ ਨੂੰ ਉਸ ਥਾਂ ਛੱਡ ਬਾਹਰ ਵੱਲ ਟੁਰ ਪਏ। ਐੱਸ ਐੱਚ ਓ ਨੇ ਅਜੇ ਗੱਲ ਮੁਕਾਈ ਹੀ ਸੀ ਕਿ ਪਰਸ ਵਾਲੀ ਔਰਤ ਜ਼ੋਰ-ਜ਼ੋਰ ਦੀ ਚੀਕਣ ਲੱਗੀ। ਉਸ ਦੀ ਆਵਾਜ਼ ਸੁਣ ਲੋਕਾਂ ਦੇ ਥਾਣਿਓਂ ਬਾਹਰ ਜਾਂਦੇ ਕਦਮ ਮੁੜ ਅੰਦਰ ਨੂੰ ਪਰਤ ਪਏ। ‘‘ਕੀ ਹੋਇਆ ਬੀਬੀ?’’ ਐੱਸ ਐੱਚ ਓ ਨੇ ਬਰਾਂਡੇ ’ਚ ਖੜੋਤਿਆਂ ਹਲੀਮੀ ਨਾਲ ਉਸ ਔਰਤ ਕੋਲੋਂ ਪੁੱਛਿਆ। ‘‘ਮੇਰੇ ਪਰਸ ਵਿੱਚ ਤਾਂ ਪੰਦਰਾਂ ਹਜ਼ਾਰ ਰੁਪਏ ਸਨ ਜਿਹੜੇ ਮੈਂ ਅੱਜ ਹੀ ਬੈਂਕੋਂ ਕਢਵਾਏ ਸਨ ਪਰ ਹੁਣ ਤਾਂ ਇਸ ਵਿੱਚ ਇੱਕ ਪੈਸਾ ਵੀ ਨਹੀਂ। ਹਾਏ! ਮੈਂ ਤਾਂ ਲੁੱਟੀ ਗਈ। ਮੇਰੇ ਪੈਸੇ…।’’ ਐੱਸ ਐੱਚ ਓ ਨੇ ਇੱਕ ਵਾਰੀ ਗੁੱਸੇ ਭਰੀਆਂ ਨਜ਼ਰਾਂ ਨਾਲ ਪਾਕਿਟ-ਮਾਰ ਵੱਲ ਵੇਖਿਆ, ਜਿਹੜਾ ਅਜੇ ਤਕ ਵੀ ਨੱਕ ’ਚੋਂ ਵਗਦੇ ਲਹੂ ਨੂੰ ਕੁੜਤੇ ਦੀ ਸੱਜੀ ਬਾਂਹ ਨਾਲ ਪੂੰਝ ਰਿਹਾ ਸੀ। ਉਸੇ ਤਰ੍ਹਾਂ ਭਰਿਆ-ਪੀਤਾ ਐੱਸ ਐੱਚ ਓ ਥਾਣੇ ਅੰਦਰੋਂ ਬੈਂਤ ਚੁੱਕ ਲਿਆਇਆ ਅਤੇ ਗਾਲ੍ਹਾਂ ਕੱਢਦਾ ਮੁੰਡੇ ’ਤੇ ਟੁੱਟ ਪਿਆ। ‘‘ਦੱਸ ਉਏ … ਕਿੱਥੇ ਛੁਪਾਏ ਨੇ ਉਹ ਪੰਦਰਾਂ ਹਜ਼ਾਰ ਰੁਪਏ? …ਮੈਂ ਤਾਂ…?’’ ਸਾਰੀ ਭੀੜ ਬਿਨਾਂ ਅੱਖ ਝਪਕਿਆਂ ਐੱਸ ਐੱਚ ਓ ਨੂੰ ਵੇਖ ਰਹੀ ਸੀ ਜਿਹੜਾ ਬੈਂਤ ਘੁਮਾਉਂਦਾ ਇੰਜ ਜਾਪਦਾ ਸੀ ਜਿਵੇਂ ਨੱਚ ਰਿਹਾ ਹੋਵੇ। ਉਹ ਗਾਲ੍ਹਾਂ ਕੱਢਦਾ ਰਿਹਾ ਸੀ। ਪਰ ਭੀੜ ’ਚੋਂ ਇੱਕ ਪਾਸੇ ਹਟ ਕੇ ਉਹ ਦੋ ਪੁਲੀਸ ਵਾਲੇ ਵੀ ਖੜ੍ਹੇ ਸਨ ਜਿਹੜੇ ਵਿਆਹ ਵਾਲੇ ਘਰੋਂ ਜਲੂਸ ਦੇ ਨਾਲ-ਨਾਲ ਆਏ ਸਨ। ਉਨ੍ਹਾਂ ਵਿੱਚੋਂ ਇੱਕ ਨੇ ਬੰਦੇ ਕੋਲੋਂ ਉਸ ਔਰਤ ਦਾ ਪਰਸ ਫੜ ਲਿਆ ਸੀ ਜਿਹੜੀ ਹੁਣ ਵੀ ਉੱਚੀ-ਉੱਚੀ ਰੋ ਰਹੀ ਸੀ। ਔਰਤ ਨੂੰ ਰੋਂਦਿਆਂ ਵੇਖ ਦੋਵੇਂ ਸਿਪਾਹੀਆਂ ਨੇ ਇੱਕ-ਦੂਜੇ ਦੀਆਂ ਅੱਖਾਂ ’ਚ ਦੇਖਿਆ। ਫਿਰ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਖਿੜ ਉੱਠੀ। ਬੁੱਲ੍ਹਾਂ ਦਾ ਆਕਾਰ ਫੈਲ ਚੌੜਾ ਹੋ ਗਿਆ। ਅੱਖਾਂ ਸੁੰਗੜ ਕੇ ਛੋਟੀਆਂ ਹੋ ਗਈਆਂ ਅਤੇ ਉਨ੍ਹਾਂ ਦੇ ਕੋਨਿਆਂ ’ਚ ਨਵੀਆਂ ਲਕੀਰਾਂ ਉੱਭਰ ਪਈਆਂ। ਪਰ ਉਨ੍ਹਾਂ ਵਿੱਚੋਂ ਉਹ ਸਿਪਾਹੀ ਜ਼ਿਆਦਾ ਖ਼ੁਸ਼ ਸੀ ਜਿਸ ਨੇ ਬੰਦੇ ਦੇ ਹੱਥੋਂ ਪਰਸ ਫੜ ਉਸ ਵਿੱਚੋਂ ਹੁਸ਼ਿਆਰੀ ਨਾਲ ਸੌ-ਸੌ ਦੇ ਨੋਟਾਂ ਦੀਆਂ ਸਾਰੀਆਂ ਥੱਦੀਆਂ ਖਿਸਕਾ ਕੇ ਜੇਬ ਵਿੱਚ ਪਾ ਲਈਆਂ ਸਨ। ਉਸ ਨੇ ਥਾਣੇ ਪੁੱਜ ਖਾਲੀ ਪਰਸ ਐੱਸ ਐੱਚ ਓ ਨੂੰ ਫੜਾ ਦਿੱਤਾ ਸੀ ਜਿਹੜਾ ਹੁਣ ਵੀ ਨੱਚਦਾ ਹੋਇਆ ਮੁੰਡੇ ’ਤੇ ਬੈਂਤ ਵਰ੍ਹਾਉਂਦਾ ਆਪਣੇ ਏਰੀਏ ’ਚੋਂ ਸਾਰੇ ਪਾਕਿਟ-ਮਾਰਾਂ ਨੂੰ ਬਾਹਰ ਕੱਢ ਦੇਣ ਦਾ ਵਾਅਦਾ ਪੂਰਾ ਕਰ ਰਿਹਾ ਸੀ।*

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ