Pul (Punjabi Story) : Sanwal Dhami

ਪੁਲ (ਕਹਾਣੀ) : ਸਾਂਵਲ ਧਾਮੀ

ਸੁਣਿਆ ਏ ਕਿ ਪਹਿਲਾਂ-ਪਹਿਲ ਦੁਆਬੇ ‘ਚੋਂ ਮਾਝੇ ਦੇ ਇਲਾਕੇ ‘ਚ ਬਹੁਤ ਰਿਸ਼ਤੇ ਹੁੰਦੇ ਸਨ: ਜ਼ਿਆਦਾਤਰ ਕੁੜੀਆਂ ਦੇ। ਉਹਨਾਂ ਦਿਨਾਂ ‘ਚ ਮਾਝੇ ਵਿੱਚ ਇਹ ਗੱਲ ਆਮ ਆਖੀ ਜਾਂਦੀ ਸੀ ਕਿ ਦੁਆਬੇ ‘ਚ ਤਾਂ ਜਿਹੜੀ ਕੁੜੀ ਜੰਮਦੀ ਏ, ਮਾਝੇ ਵੱਲ ਪੈਰ ਕਰਕੇ ਜੰਮਦੀ ਏ। ਇਸ ਗੱਲ ਦੇ ਰੋਸ ਵਜੋਂ ਦੁਆਬੇ ‘ਚ ਇਕ ਸ਼ਸਥਾ ਬਣੀ ਸੀ। ਜਿਸ ਦੇ ਪ੍ਰਧਾਨ ਮੇਰੇ ਪਿੰਡ ਦੇ ਮਾਸਟਰ ਕਿਸ਼ਨ ਸਿੰਘ ਸਨ। ਇਹ ਸ਼ਸਥਾ ਮਾਝੇ ‘ਚ ਕੁੜੀ ਦੇਣ ਵਾਲੇ ਪਰਿਵਾਰਾਂ ਦਾ ਸੋਸ਼ਲ ਬਾਈਕਾਟ ਕਰਦੀ ਸੀ।
ਪਰ ਇਸ ਘਟਨਾਕ੍ਰਮ ਤੋਂ ਕਿਤੇ ਪਹਿਲਾਂ ਸਾਡੇ ਟੱਬਰ ਦੀ ਸਾਂਝ ਬਿਆਸੋਂ ਪਾਰਲੇ ਇਲਾਕੇ ਨਾਲ ਪੈ ਚੁੱਕੀ ਸੀ। ਮੇਰੇ ਬਾਬੇ ਦੀ ਇਕ ਮਾਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਹਕੇ ਵਿਆਹੀ ਹੋਈ ਸੀ। ਸਾਨੂੰ ਬੱਚਿਆਂ ਨੂੰ ਇਸ ਰਿਸ਼ਤੇਦਾਰੀ ਬਾਰੇ ਸ਼ਾਇਦ ਕਦੇ ਵੀ ਪਤਾ ਨਾ ਲੱਗਦਾ ਜੇ ਬਾਬਾ ਕਰਤਾਰ ਸਿੰਘ ਕਦੇ-ਕਦਾਈਂ ਸਾਡੇ ਘਰ ਨਾ ਆਉਂਦਾ ਹੁੰਦਾ। ਇਹ ਆਪਣੇ-ਆਪ ਨੂੰ ਕਰਤਾਰ ਸਿੰਘ ਪੰਨੂ: ਖੰਡ ਦੇ ਖਿਡਾਉਣਿਆਂ ਵਾਲਾ ਕਹਿੰਦਾ ਹੁੰਦਾ ਸੀ। ਸਵਾ ਛੇ ਫੁੱਟ ਦੇ ਕਰੀਬ ਕੱਦ, ਪਤਲਾ ਸਰੀਰ, ਗੋਰਾ-ਨਿਛੋਹ ਰੰਗ, ਨੀਲਾ ਚੋਲਾ ਤੇ ਤੇੜ ਕਛਹਿਰਾ, ਸਿਰ ‘ਤੇ ਨਿਹੰਗਾਂ ਵਾਲੀ ਗੋਲ ਪੱਗ ਤੇ ਹੱਥ ‘ਚ ਬਰਛਾ।
“ਵਾ੍ਹਗੁਰੂ ਜੀ ਕਾ ਖਾਲਸਾ, ਵਾ੍ਹਗੁਰੂ ਜੀ ਕੀ ਫਤਿਹ।”
ਉਹ ਜਦ ਕਦੇ ਵੀ ਆਉਂਦਾ ਤਾਂ ਦਰਾਂ ‘ਚ ਖੜ੍ਹ ਕੇ ਏਡੀ ਉੱਚੀ ਫਤਿਹ ਗਜਾਉਂਦਾ ਕਿ ਸੁੱਤੇ ਹੋਏ ਜਾਗ ਉੱਠਦੇ ਤੇ ਜਾਗਿਆਂ ਦੇ ਦਿਲ ਕੰਬਣ ਲੱਗ ਜਾਂਦੇ। ਪਹਿਲਾਂ-ਪਹਿਲ ਉਹ ਸਾਡੇ ਬੱਚਿਆਂ ਲਈ ਅਲੱਗ ਜਿਹੀ ਸ਼ਕਲ ਵਾਲਾ ਇਨਸਾਨ ਤੇ ਇਕ ਓਪਰਾ ਜਿਹਾ ਮਹਿਮਾਨ ਹੁੰਦਾ ਸੀ ਜੋ ਜਾਣੀ-ਪਛਾਣੀ ਬੋਲੀ ਨੂੰ ਅਣਸੁਣੇ ਢੰਗ ਨਾਲ ਬੋਲਦਾ ਸੀ। ਬੱਚੇ ਉਸ ਦੀਆਂ ਗੱਲਾਂ ਸੁਣ ਕੇ ਹੱਸਦੇ ਰਹਿੰਦੇ। ਉਸ ਦੇ ਤੁਰ ਜਾਣ ਤੋਂ ਬਾਅਦ ਕਈ-ਕਈ ਦਿਨ ਉਸ ਦੀਆਂ ਸਾਂਗਾਂ ਲਗਾਉਂਦੇ ਰਹਿੰਦੇ।
“ਤਾਰਾ ਸਿਆਂ, ਤੈਨੂੰ ਵਾਈ ਹੋਈ ਲੱਗਦੀ ਊ।”
“ਇਤ੍ਹਰਾਂ ਕਰ ਕਿ ਲਾਹੁਕਿਓਂ ਮੱਝ ਲੈ ਆ। ਵੱਗ ਦਾ ਵੱਗ ਖੜੋਤਾ ਈ ਓਥੇ।”
ਇਹ ਤਾਂ ਬਹੁਤ ਬਾਅਦ ਵਿਚ ਜਾ ਕੇ ਪਤਾ ਲੱਗਿਆ ਕਿ ਬੋਲੀ ਤਾਂ ਬਾਰਾਂ ਕੋਹ ਬਾਅਦ ਬਦਲ ਜਾਂਦੀ ਏ ਤੇ ਬਾਬੇ ਦਾ ਪਿਛੋਕੜ ਮਾਝੇ ਦਾ ਹੈ।
ਉਹ ਦੱਸਦਾ, “ਮੇਰੀ ਮਾਂ ਦਾ ਨਾਂ ਅਤਰੀ ਸੀ। ਤੇਰੇ ਦਾਦੇ ਦੀ ਮਾਸੀ ਸੀ ਉਹ। ਉਹ ਤਿੰਨ ਭੈਣਾ ਸੀ। ਇਕ ਭੈਣ ਲੰਗੇਰੀ ਵਿਆਹੀ ਹੋਈ ਸੀ। ਰਾਓ ਨਾਂ ਸੀ ਉਸ ਦਾ। ਉਹਦਾ ਬੱਸ ਇੱਕੋ ਪੁੱਤ ਸੀ ਸਤਨਾਮ ਸਿਉਂ। ਉਸ ਦੇ ਗਾੜੀ ਦੋ ਪੁੱਤ ਤੇ ਇਕ ਧੀ। ਬਖਤੌਰੇ ਦੇ ਕੋਈ ਨਿਆਣਾ ਨਈਂ ਸੀ ਹੋਇਆ ਤੇ ਦਿਲਬਾਗ ਸਿਉਂ ਹੁਣ ਪਿੰਡ ਦਾ ਸਰਪੰਚ ਆ। ਉਹਦੇ ਘਰ ਇਕ ਮੁੰਡਾ ਤੇ ਦੋ ਧੀਆਂ।”
ਉਹ ਨਿਰੰਤਰ ਬੋਲੀ ਜਾਂਦਾ ਤੇ ਮੈਂ ਉਸ ਵਲ ਹੈਰਾਨੀ ਨਾਲ ਵੇਖਦਾ ਰਹਿੰਦਾ।
“ਸਾਡੀ ਮਾਂ ਦਾ ਭਰਾ ਨਈਂ ਸੀ ਕੋਈ। ਪਿੱਛੋਂ ਉਹ ਮਾਹਿਲਪੁਰ ਤੋਂ ਸੀ। ਵੈਸੇ ਤਾਂ ਮਾਹਿਲਪੁਰ ਬੈਂਸਾਂ ਦਾ ਈ, ਪਰ ਇਕ ਉਹਨਾਂ ਦਾ ਈ ਘਰ ਸੀ ਕੂਨਰਾਂ ਦਾ। ਨਾਨਾ ਘੋੜੀ ਉੱਤੇ ਚੜਕੇ ਤੇਰੀ ਪੜਦਾਦੀ ਨੂੰ ਮਿਲਣ ਆਇਆ ਸੀ। ਆਪਣੀ ਧੀ ਨੂੰ। ਮੁੜ ਘਰ ਨਈਂ ਪਹੁੰਚਿਆ। ਸ਼ਰੀਕਾਂ ਨੇ ਰਾਹ ਵਿੱਚ ਈ ਕਤਲ ਕਰਕੇ ਖੂਹ ਵਿੱਚ ਸੁੱਟ ਦਿੱਤਾ ਸੀ। ਖੁੱਲ੍ਹੀ ਜ਼ਮੀਨ ਸੀ ਉਸ ਦੀ। ਉਹਦੇ ਕੁਝ ਸ਼ਰੀਕ ਤਾਂ ਓਥੇ ਹੈਗੇ ਆ। ਇਕ ਜੀਤ, ਇਕ ਭਾਨਾ, ਇਕ ਮਾਸਟਰ। ਮੈਂ ਉਹਨਾਂ ਨੂੰ ਮਿਲਦਾ ਰਹਿੰਦਾਂ। ਬੜੀ ਆਓ ਭਗਤ ਕਰਦੇ ਨੇ ਉਹ ਵੀ ਤੁਹਾਡੇ ਵਾਂਗ਼”
ਉਸ ਨੇ ਤਾਂ ਸਭ ਕੁਝ ਨੂੰ ਇਉਂ ਘੋਟਾ ਲਗਾਇਆ ਹੁੰਦਾ ਜਿਉਂ ਪੇਪਰ ਦੇਣੇ ਹੋਣ।
ਬਾਬੇ ਦੀ ਮੌਤ ਤੋਂ ਬਾਅਦ ਉਹ ਜਦ ਕਦੇ ਵੀ ਆਉਂਦਾ ਤਾਂ ਮੈਂ ਉਸ ਕੋਲ ਮੰਜਾ ਡਾਹ ਲੈਂਦਾ। ਦੇਰ ਰਾਤ ਤੱਕ ਉਸ ਕੋਲੋਂ ਗੱਲਾਂ ਸੁਣਦਾ ਰਹਿੰਦਾ। ਉਸ ਦੇ ਪਿੰਡ, ਪਰਿਵਾਰ ਤੇ ਬਾਰ ਦੇ ਇਲਾਕੇ ਦੀਆਂ ਗੱਲਾਂ, ਜਿੱਥੋਂ ਉਹ ਤੇ ਉਸ ਦਾ ਲਾਣਾ ਉੱਜੜ ਕੇ ਆਏ ਸਨ। ਵੱਡੀ ਗੱਲ ਇਹ ਕਿ ਉਸ ਦੀ ਬੋਲੀ ਹੁਣ ਮੈਨੂੰ ਬਹੁਤ ਪਿਆਰੀ ਪਿਆਰੀ ਜਿਹੀ ਲੱਗਣ ਲੱਗ ਪਈ ਸੀ। ਉਹ ਦੱਸਦਾ ਕਿ ਲੋਹਕਿਆਂ ਤੋਂ ਉੱਠ ਕੇ ਇਸ ਪਰਿਵਾਰ ਨੇ ਲਾਇਲਪੁਰ ਦੇ ਪਝੱਤਰ ਨੰਬਰ ਚੱਕ ‘ਚ ਮੁਰੱਬੇ ਲੈ ਲਏ ਸਨ। ਓਧਰ ਲੋਹਕਿਆਂ ਵਾਲੇ ਤਿੰਨ ਥਾਂ ਬੈਠੇ ਹੋਏ ਸਨ। ਇਹਨਾਂ ਵਾਲੇ ਨੂੰ ਚੱਕ ਵਰਿਆਮ ਸਿੰਘ ਵਾਲੇ ਲੋਹਕੇ ਕਿਹਾ ਜਾਂਦਾ ਸੀ। ਇਹ ਵਰਿਆਮ ਸਿੰਘ ਉਸ ਦਾ ਪਿਉ ਤੇ ਮੇਰੇ ਬਾਬੇ ਦਾ ਮਾਸੜ ਸੀ। ਉਸ ਦੇ ਅਗਾਂਹ ਚਾਰ ਪੁੱਤਰ ਸਨ: ਵਧਾਵਾ ਸਿੰਘ, ਵਸਾਵਾ ਸਿੰਘ, ਸਉਣ ਸਿੰਘ ਤੇ ਕਰਤਾਰ ਸਿੰਘ।
“ਚਲੋ ਕਰਤਾਰ ਸਿਉਂ ਨੂੰ ਤਾਂ ਕਪੁੱਤ ਈ ਸਮਝੋ।” ਆਪਣੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਦਿਆਂ ਉਹ ਅਕਸਰ ਹੱਸ ਪੈਂਦਾ।
“ਵਧਾਵਾ ਸਿਉਂ ਤਾਂ ਬੈਠਾ ਸੀ ਬੱਗੇ ਪਿੰਡ ਵਿੱਚ, ਹਰੀਕੇ ਪੱਤਣ ਲਾਗੇ। ਉਸ ਦੇ ਗਾੜੀ: ਲਛਮਣ ਸੂੰ, ਨਿੱਕੋ ਤੇ ਲੱਛੋ। ਵਸਾਵਾ ਸਿਉਂ ਦੇ: ਸ਼ੁਦਰ ਸਿਉਂ, ਜਿੰਦਾ ਸਿਉਂ, ਇੰਦਰ ਸਿਉਂ, ਤਾਰਾ ਸਿਉਂ ਤੇ ਦਰਬਾਰਾ ਸਿਉਂ: ਜਿਸ ਦਾ ਕਤਲ ਹੋ ਗਿਆ ਸੀ। ਸਉਣ ਸਿਉਂ ਦੇ ਅਗਾਂਹ: ਨਾਮ ਸਿਉਂ ਤੇ ਨਾਮੋ ਜੌੜੇ, ਭਾਨ ਸਿਉਂ ਤੇ ਭਾਨੋ ਜੌੜੇ, ਦੀਵਾਨ ਸਿਉਂ ਤੇ ਖਜ਼ਾਨ ਸਿਉਂ ਜੌੜੇ।”
ਮੈਥੋਂ ਉਸ ਦੀ ਯਾਦ-ਸ਼ਕਤੀ ਦੀ ਤਾਰੀਫ ਕੀਤੇ ਬਿਨਾਂ ਰਿਹਾ ਨਾ ਜਾਂਦਾ ਤੇ ਉਹ ਖੁਸ਼ ਹੋ ਕੇ ਏਸ ਬੰਸੀਵਲੀਨਾਮੇ ਵਿੱਚੋਂ ਦੂਜੀ ਪੀੜੀ ਦੀਆਂ ਪਰਤਾਂ ਫਰੋਲਣ ਲੱਗ ਪੈਂਦਾ। ਵਧਾਵਾ ਸਿਉਂ ਦਾ ਹਰੀ ਸੂੰ ਵਿਆਹਿਆ ਸਰਹਾਲੀ, ਉਦ੍ਹੇ ਮੁੰਡੇ ਲੱਖੇ ਨੇ ਪੈਲ਼ੀ ਵੇਚ ਕੇ ਪਹਿਲਾਂ ਬਾਜੇ ਲਏ ਸੀ ਤੇ ਹੁਣ ਸੋਹਲਾਂ ਦੀਆਂ ਕੰਨੀਆਂ ‘ਚ ਬੈਠੇ ਆ ਮੇਰੇ ਲਾਗੇ। ਦੂਜਾ ਸਾਧਾ ਸਿਉਂ ਵਿਆਹਿਆ ਬ੍ਹੈੜਵਾਲ, ਉਹ ਗਾਂਹ ਮਾਝੇ ‘ਚ ਈ ਬੈਠੇ ਨੇ। ਉਸ ਦੇ ਗਾੜੀ ਇਕ ਮੁੰਡਾ ਈ ਤੇ ਇਕ ਧੀ। ਮੁੰਡੇ ਦਾ ਨਾਂ ਚੇਤ ਸਿਉਂ ਆ ਤੇ ਉਹਦੇ ਗਾੜੀ ਕੁੰਡਾ ਤੇ ਟਹਿਲਾ। ਧੀ ਬਖਸ਼ੋ ਵਿਆਹੀ ਆ ਸਲੇਮਾਂ, ਨਕੋਦਰ ‘ਚ ਬੰਡਾਲੀਏ ਹੁੰਦਲਾਂ ਦੇ। ਮੁੰਡਾ ਉਹਦਾ ਵਾਹੀ ਕਰਦਾ ਤੇ ਕੁੜੀ ਜਲੰਧਰ ਵਿਆਹੀ ਆ। ਤੀਜੇ ਨਰਪਾਲ ਸਿਉਂ ਦੇ ਦੋ ਮੁੰਡੇ ਆ: ਸਵਰਨ ਤੇ ਚਰਨ, ਦੋਵੇਂ ਸਾਧਾ ਸਿਉਂ ਦੇ ਸਾਂਢੂ ਦੀਆਂ ਕੁੜੀਆਂ ਨਾਲ ਵਿਆਹੇ ਆ ਭੋਏਂਵਾਲ, ਮਹਿਤੇ ਕੋਲ, ਚੰਨਣਕਿਆਂ ਲਾਗੇ। ਨਿਹੰਗ ਕੁਲਦੀਪ ਸਿਉਂ ਦੇ ਘਰ। ਸਵਰਨ ਦੇ ਗਾੜੀ ਦੋ ਮੁੰਡੇ ਆ, ਜੱਸਾ ਰਸੂਲਪੁਰ ਵਿਆਹਿਆ। ਇਹ ਫੌਜ ਵਿੱਚ ਆ ਤੇ ਦੂਜਾ ਮੌੜ ਪੰਜਗਰਾਈਂ ਵਿਆਹਿਆ: ਵਾਹੀ ਕਰਦਾ…।”
ਉਹ ਨਿਰੰਤਰ ਬੋਲੀ ਜਾਂਦਾ। ਮੇਰੇ ਹੁੰਗਾਰੇ ਦੀ ਉਡੀਕ ਵੀ ਨਾ ਕਰਦਾ।
“ਲਛਮਣ ਸਿਉਂ ਦੀ ਗੇਜੋ ਸਰਹਾਲੀ ਲਾਗੇ ਮੰਡਿਆਲਾਂ ਵਿਆਹੀ ਆ। ਸਾਡੀ ਭੂਆ ਲੈ ਗਈ ਸੀ ਇਹ ਸਾਕ ਮੰਗ ਕੇ। ਪਰ੍ਹੋਣਾ ਜਗੀਰ ਸਿਉਂ ਵਾਹੀ ਕਰਦੈ। ਅਗਾਂਹ ਮੁੰਡਾ ਸਰਵਣ ਜੰਡਿਆਲੇ ਵਿਆਹਿਆ; ਸ਼ਤ ਦਲੇਲ ਸਿਉਂ ਦੇ ਚੇਲਿਆਂ ਦੇ ਘਰ। ਦਰਬਾਰੋ ਚੱਕ ਮੰਡਲੀ ਵਿਆਹੀ ਆ ਮੁਕੇਰੀਆਂ ਲਾਗੇ। ਮੁੰਡਾ ਸ਼ਿੰਦਰ ਆੜਤ ਕਰਦੈ। ਪ੍ਹੋਲੋ ਹਰਿਆਣੇ ‘ਚ ਵਿਆਹੀ ਆ, ਜੀਂਦ ਜ਼ਿਲ੍ਹੇ ਵਿੱਚ, ਪਿੰਡ ਧੌਲੀ।”
ਉਹ ਗੱਲ ਕਰਦਾ ਤਾਂ ਉਹ ਵਿਅਕਤੀ ਅੱਖਾਂ ਮੂਹਰੇ ਸਾਕਾਰ ਹੋ ਉੱਠਦੇ ਜਿਹਨਾਂ ਬਾਰੇ ਉਹ ਗੱਲ ਕਰ ਰਿਹਾ ਹੁੰਦਾ। ਮੈਂ ਉਸ ਦੇ ਬੋਲਾਂ ਰਾਹੀਂ ਸੈਆਂ ਅਨਜਾਣ ਪਿੰਡਾਂ ਵਿਚ ਘੁੰਮਦਾ ਤੇ ਅਨੇਕ ਅਣਦੇਖੇ ਵਿਅਕਤੀਆਂ ਦੇ ਦਰਸ਼ਨ ਕਰਦਾ।
“ਇਹ ਤਾਂ ਹਲੇ ਲਛਮਣ ਸੂੰ ਦਾ ਈ ਲਾਣਾ ਮੁੱਕਿਆ।” ਇਹ ਆਖ ਉਹ ਮੈਨੂੰ ਮਾਣ ਜਿਹੇ ਵਿੱਚ ਪਿਆਰ ਨਾਲ ਘੂਰਦਾ।
“ਵਧਾਵਾ ਸਿਉਂ ਦੀ ਧੀ ਨਿੱਕੋ ਵਿਆਹੀ ਏ ਯੂ ਪੀ ਵਿੱਚ ਤੇ ਨੰਜੋ ਪਹਿਲਾਂ ਰੱਤੇਚੋਆ ਵਿਆਹੀ ਸੀ ਤੇ ਹੁਣ ਬੈਠੀ ਈ ਬਿਹਾਰੀਪੁਰ, ਗੋਇੰਦਵਾਲ ਕੋਲ, ਸ਼ਧੂਆਂ ਦੇ। ਮੁੰਡਾ ਏ ਝਲਮਣ ਸਿਉਂ। ਪਹਿਲਾਂ ਪਰ੍ਹੌਣਾ…..” ਉਹ ਦਾੜੀ ਨੂੰ ਹੱਥਾਂ ਨਾਲ ਸੰਵਾਰਦਾ ਹੋਇਆ ਬੋਲੀ ਜਾਂਦਾ।
ਉਸ ਨੂੰ ਸੈਆਂ ਬੰਦਿਆਂ ਦੇ ਨਾਂ, ਪਿੰਡਾਂ ਦੇ ਨਾਂ, ਉਹਨਾਂ ਦੀਆਂ ਗੋਤਾਂ ਤੇ ਅਗਾਂਹ ਉਹਨਾਂ ਦੇ ਕੰਮਕਾਰ ਵੀ ਯਾਦ ਹੁੰਦੇ।
ਉਸ ਦੀਆਂ ਗੱਲਾਂ ਸੁਣਕੇ ਤਾਂ ਇਉਂ ਲਗਦਾ ਜਿਉਂ ਬਿਆਸ ਤੋਂ ਪਾਰਲੇ ਲੱਗਪਗ ਹਰ ਪਿੰਡ ਵਿੱਚ ਆਪਣੀ ਸਾਂਝ ਉੱਗ ਆਈ ਹੋਵੇ।

ਮੇਰੇ ਲਈ ਹੁਣ ਉਸ ਦਾ ਰੁਤਬਾ ਇਨਸਾਨ ਨਾਲੋਂ ਕਿਤੇ ਵੱਧ ਸੀ। ਉਹ ਤਾਂ ਜਿਉਂ ਇਕ ਪੁਲ਼ ਸੀ: ਇਕ ਦੂਜੇ ਤੋਂ ਦੂਰ ਹੋਏ ਕਈ ਲਾਣਿਆਂ ਵਿਚਕਾਰਲਾ ਪੁਲ਼: ਖਿੰਡੀਆਂ-ਪੁੰਡੀਆਂ ਤੇ ਆਪਣੇ-ਆਪਣੇ ਖੋਲਾਂ ਵਿਚ ਕੈਦ ਹੋ ਚੁੱਕੀਆਂ ਲਹੂ ਦੀਆਂ ਸਾਂਝਾ ਦੇ ਦਰਮਿਆਨ ਦਾ ਪੁਲ਼।
ਉਸ ਦੀਆਂ ਗੱਲਾਂ ਨੇ ਮੇਰੇ ਅੰਦਰ ਇਕ ਪਿਆਰਾ ਜਿਹਾ ਅਹਿਸਾਸ ਪੈਦਾ ਕਰ ਦਿੱਤਾ ਸੀ। ਸਫਰ ਕਰਦਿਆਂ ਜਾਂ ਭੀੜ ‘ਚੋਂ ਲੰਘਦਿਆਂ ਮੈਨੂੰ ਇਉਂ ਲਗਦਾ ਜਿਉਂ ਮੇਰੇ ਨਾਲ ਬੈਠਾ ਜਾਂ ਕੋਲ ਦੀ ਲੰਘਣ ਵਾਲਾ ਵਿਅਕਤੀ ਸ਼ਾਇਦ ਮੇਰਾ ਰਿਸ਼ਤੇਦਾਰ ਹੋਵੇ। ਉਸ ਨਾਲ ਕੋਈ ਸਾਂਝ ਹੋਵੇ। ਜਿਉਂ ਸਾਰੀ ਦੁਨੀਆਂ ਨੇੜੇ-ਨੇੜੇ ਹੋ ਗਈ ਹੋਵੇ। ਇਉਂ ਮਹਿਸੂਸ ਹੋਣ ਲੱਗ ਪਿਆ ਸੀ ਜਿਉਂ ਸਾਰੇ ਇਨਸਾਨ ਇੱਕੋ ਦਰੱਖਤ ਦੇ ਪੁੰਗਾਰੇ ਹੋਣ।
“ਬਾਬਾ ਤੈਨੂੰ ਇੰਨਾ ਕੁਝ ਯਾਦ ਕਿਵੇਂ ਰਹਿ ਜਾਂਦਾ?” ਇਕ ਵਾਰ ਮੈਂ ਉਸ ਤੋਂ ਪੁੱਛਿਆ ਸੀ।
“ਮੈਂ ਮਿਲਦਾ ਆਂ ਭਾਊ ਸਾਰਿਆਂ ਨੂੰ।” ਉਸ ਨੇ ਮਾਣ ਵਿੱਚ ਜਵਾਬ ਦਿੱਤਾ ਸੀ।
“… ਤੇ ਕੰਮ-ਕਾਰ?”
“ਮੈਂ ਛੜਾ-ਛਾਂਟ ਆਂ ਪੁੱਤਰਾ। ਨਾ ਰੰਨ ਨਾ ਕੰਨ।” ਉਸ ਨੇ ਇਕ ਅਜੀਬ ਜਿਹੀ ਸੰਤੁਸ਼ਟੀ ਨਾਲ ਗੱਲ ਤੋਰ ਲਈ ਸੀ।
“ਕਦੇ ਏਸ ਪਿੰਡ ਕਦੇ ਓਸ ਪਿੰਡ। ਬੱਚ ਚਕਰਵਰਤੀ ਹੋਏ ਰਹਿੰਦੇ ਆਂ। ਪੁੱਠੇ-ਸਿੱਧੇ ਬਥੇਰੇ ਕੰਮ ਕਰ ਲਏ ਭਾਊ। ਹੁਣ ਤਾਂ ਮੌਜ ਨਾਲ ਸੈਰਾਂ ਕਰੀਦੀਆਂ। ਅੱਜ ਤਾ੍ਹਢੇ ਕੋਲ ਆਂ, ਕੱਲ ਨੂੰ ਸ਼ੈਤ ਚੱਕ ਮੰਡਲੀ ਜਾ ਆਵਾਂ। ਮੈਨੂੰ ਤਾਂ ਖੁਦ ਨੂੰ ਨਈਂ ਪਤਾ ਹੁੰਦਾ ਕਿ ਅਗਲੇ ਦਿਨ ਕਿੱਥੇ ਪਹੁੰਚਣਾ ਆ। ਬਸ ਮੌਕੇ ਤੇ ਈ ਪੈਰ ਉੱਠ ਖੜ੍ਹਦੇ ਨੇ।”
“ਬਾਬਾ ਤੂੰ ਵਿਆਹ ਨਈਂ ਕਰਵਾਇਆ?”
ਮੇਰਾ ਇਹ ਸਵਾਲ ਸੁਣਕੇ ਉਹ ਖਿੜ੍ਹ-ਖਿੜਾ ਕੇ ਹੱਸ ਪਿਆ ਸੀ।
“ਵਿਆਹ ਕਿੱਥੇ!”
ਉਹ ਕੁਝ ਕੁ ਪਲਾਂ ਲਈ ਚੁੱਪ ਹੋ ਗਿਆ ਸੀ। ਥੋੜ੍ਹਾ ਉਦਾਸ ਵੀ।
“ਹਾਂ ਯਾਦ ਆਇਆ! ਇਕ ਵਾਰ ਹੋਇਆ ਸੀ ਵਿਆਹ ਵੀ।”
ਉਸ ਨੇ ਫਿੱਕਾ ਜਿਹਾ ਹੱਸਦਿਆਂ ਆਪਣੀ ਵਿਆਹ-ਵਾਰਤਾ ਸ਼ੁਰੂ ਕਰ ਲਈ ਸੀ, “ਵਿਆਹ-ਵਿਊਹ ਵੀ ਕਾ੍ਹਦਾ ਸੀ ਪੁੱਤਰ, ਬਸ ਊਈਂ ਸ਼ੁਗਲ-ਮੇਲਾ ਈ ਸਮਝੋ। ਉਦੋਂ ਮੈਂ ਅੰਬਰਸਰ ਰਹਿੰਦਾ ਸਾਂ: ਸੁਲਤਾਨਵਿੰਡ ਕਿਰਾਏ ਤੇ ਚੁਬਾਰਾ ਲਿਆ ਹੋਇਆ ਸੀ। ਇਕ ਦਿਨ ਮੈਂ ਗੁਰੂ-ਘਰ ਮੱਥਾ ਟੇਕਣ ਗਿਆਂ ਤਾਂ ਚਾਟੀਵਿੰਡ ਦਰਵਾਜ਼ੇ ਕੋਲ ਮੈਨੂੰ ਜਨਾਨੀ ਟੱਕਰ ਗਈ।”
‘ਜਨਾਨੀ’ ਸ਼ਬਦ ਉਸ ਨੇ ਅਜੀਬ ਢੰਗ ਨਾਲ ਚਿੱਥ ਕੇ ਕਿਹਾ ਸੀ।
“ਸੀ ਤਾਂ ਉਹ ਮੋਟੀ-ਠੁੱਲੀ, ਚਲੋ ਸੀ ਤਾਂ ਜਨਾਨੀ ਈ। ਵੈਲੀ ਬੰਦਾ ਵੈਲੀ ਨੂੰ ਝੱਟ ਪਛਾਣ ਲੈਂਦਾ। ਉਹ ਮੈਨੂੰ ਮੁੜ-ਮੁੜ ਵੇਖੀ ਜਾਏ। ਮੈਂ ਗੱਲਬਾਤ ਕੀਤੀ ਤੇ ਉਹਨੂੰ ਆਪਣੇ ਟਿਕਾਣੇ ਉੱਤੇ ਲੈ ਆਇਆਂ। ਉਹ ਆਖਣ ਲੱਗੀ ਕਿ ਮੈਨੂੰ ਹੱਥ ਲੌਣ ਤੋਂ ਪ੍ਹੈਲਾਂ ਵਿਆਹ ਕਰਵੌਣਾ ਪਵੇਗਾ। ਮੈਂ ਕਿਤੇ ਘੱਟ ਕੰਜਰ ਸਾਂ। ਝੱਟ ਮੌਕਾ ਸੰਭਾਲਿਆ ਪੁੱਤਰਾ। ਭੱਜ ਕੇ ਦੋ ਹਾਰ ਫੜ ਲਿਆਇਆ ਤੇ ਇਕ ਦੂਜੇ ਦੇ ਗਲ ਵਿੱਚ ਪਾ ਦਿੱਤੇ। ਲਓ ਜੀ ਅਸੀਂ ਜਨਾਨੀ-ਬੰਦੇ ਵਾਲੇ ਰਿਸ਼ਤੇ ਵਿੱਚ ਬੱਝ ਗਏ। ਇਕ ਵਾਰ ਤਾਂ ਇਉਂ ਲੱਗਿਆ ਸੀ ਪੁੱਤਰਾ ਕਿ ਗੁਰੂਆਂ ਦੀ ਮਿਹਰ ਹੋ ਗਈ ਏ। ਘਰ ਵੱਸ ਗਿਆ ਏ। ਪਰ ਉਹ ਵੀਹ ਕੁ ਦਿਨ ਈ ਠੀਕ ਰਹੀ। ਫਿਰ ਉਸ ਨੂੰ ਉਸ ਦੇ ਯਾਰਾਨੇਦਾਰ ਮਿਲਣ ਔਣ ਲੱਗ ਪਏ। ਪ੍ਹੈਲਾਂ ਤਾਂ ਮੇਰੀ ਗੈਰਹਾਜ਼ਰੀ ‘ਚ ਔਂਦੇ ਸੀ ਫਿਰ ਤਾਂ ਭਾਊ ਮੇਰੇ ਹੁੰਦਿਆਂ ਵੀ ਔਣ ਲੱਗ ਪਏ। ਦਾਰੂ-ਮੀਟ ਉਹਨਾਂ ਲੈ ਔਣਾਂ। ਮੈਂ ਵੀ ਰੱਜ ਕੇ ਪੀ ਲੈਣੀ। ਫਿਰ ਸ਼ੁਰੂ ਹੋ ਜਾਣਾ ਜੀ ਦੰਗਲ਼”
“ਦੰਗਲ!” ਮੈਂ ਹੁੰਗਾਰਾ ਭਰਨ ਦਾ ਮੌਕਾ ਸ਼ਭਾਲ ਲਿਆ ਸੀ।
“ਦੰਗਲ ਜਿਹਾ ਦੰਗਲ!” ਫਿੱਕਾ ਜਿਹਾ ਹੱਸ ਕੇ ਅਗਲੇ ਹੀ ਪਲ ਉਸ ਨੇ ਟੁੱਟੀ ਲੜੀ ਫਿਰ ਜੋੜ ਲਈ ਸੀ।
“ਲਓ ਜੀ ਪਹਿਲਾਂ ਤਾਂ ਮੈਂ ਦਾਰੂ-ਮੀਟ ਦੇ ਲਾਲਚ ਵਿੱਚ ਈ ਸਭ ਕੁਝ ਸਹਿੰਦਾ ਰਿਹਾ। ਫਿਰ ਉਹ ਮੇਰੇ ਤੇ ਈ ਰ੍ਹੋਬ ਪੌਣ ਲੱਗ ਪਈ। ਇਕ ਸ਼ਾਮ ਆਖਣ ਲੱਗੀ – ਮੈਨੂੰ ਰਾਤੀਂ ਕਿਸੇ ਖਾਸ ਬੰਦੇ ਨੇ ਮਿਲਣ ਔਣਾ, ਤੂੰ ਅੱਜ ਕਿੱਧਰੇ ਹੋਰ ਸੌਂ ਲੈ। ਮੈਂ ਆਖਿਆ-ਅੱਡਾ ਹੋਵੇ ਮੇਰਾ ਤੇ ਹੁਕਮ ਚਲਾਵੇਂ ਤੂੰ। ਮਾਂ ਦੀਏ… ਜੱਟ ਨੂੰ ਐਨਾ ਵੀ ਜ਼ਲੀਲ ਨਾ ਕਰ। ਅੱਗੋਂ ਆਖਣ ਲੱਗੀ – ਜੱਟ ਹੋ ਕੇ ਜਦੋਂ ਰਿਕਸ਼ਾ ਵਾਹੁੰਦਾ ਤੈਨੂੰ ਉਦੋਂ ਸ਼ਰਮ ਨਈਂ ਔਂਦੀ? ਮੈਂ ਆਖਿਆ – ਕੰਜਰੀਏ ਸਾਨੂੰ ਤਾਂ ਮਾਰ ਲਿਆ ਰੌਲਿਆਂ ਨੇ। ਅਸੀਂ ਤਾਂ ਸਰਦਾਰੀਆਂ ਮਾਣਦੇ ਸੀ ਸਰਦਾਰੀਆਂ। ਉਹ ਗਾੜੀ ਬੋਲੀ-ਮੈਨੂੰ ਵੀ ਤਾਂ ਇਨ੍ਹਾਂ ਰੌਲਿਆਂ ਨੇ ਈ ਮਾਰਿਆ। ਮੈਂ ਵੀ ਸਰਦਾਰਾਂ ਦੀ ਧੀ-ਭੈਣ ਆਂ। ਮੈਂ ਆਪਣਾ ਸਾਰਾ ਟੱਬਰ ਕਤਲ ਹੁੰਦੇ ਵੇਖਿਆ ਸੀ। ਮੈਂ ਔਰਤ ਸਾਂ ਇਸੇ ਲਈ ਉਹਨਾਂ ਮੈਨੂੰ ਬਖਸ਼ ਦਿੱਤਾ… ਤੇ ਪੰਜ ਮਹੀਨੇ ਮੈਨੂੰ ਆਪਣੇ ਕੋਲ ਰੱਖਿਆ। ਕਿਹੜਾ-ਕਿਹੜਾ ਦੁੱਖੜਾ ਰੋਈਏ? ਇਸ ਤੋਂ ਅਗਾਂਹ ਉਸ ਤੋਂ ਕੂਇਆ ਨਾ ਗਿਆ। ਪਤਾ ਨਈਂ ਫਿਰ ਪੁੱਤਰਾ ਸਾਨੂੰ ਦੋਆਂ ਨੂੰ ਅਚਾਨਕ ਕੀ ਹੋ ਗਿਆ।? ਅਸੀਂ ਇਕ-ਦੂਜੇ ਦੇ ਗਲ ਲੱਗ ਕੇ ਡੁਸਕਣ ਲੱਗ ਪਏ। ਬੜੀ ਦੇਰ ਡੁਸਕਦੇ ਰਹੇ।”
ਬਾਬੇ ਦੇ ਚਿਹਰੇ ਦੀਆਂ ਝੁਰੜੀਆਂ ਉਦਾਸੀ ਨਾਲ ਭਰ ਗਈਆਂ ਸਨ।
“ਫਿਰ ਉਹ ਮੈਨੂੰ ਆਪਣੇ ਕੋਲ ਬਿਠਾ ਕੇ ਮੇਰਾ ਸਿਰ ਪਲੋਸਦਿਆਂ ਆਖਣ ਲੱਗੀ – ਤੂੰ ਹੁਣ ਇੱਜ਼ਤਾਂ-ਅਣਖਾਂ ਦੀਆਂ ਗੱਲਾਂ ਛੱਡ ਦੇ। ਜ੍ਹਿੜਾ ਬਚਿਆ-ਖੁਚਿਆ ਜੱਟ ਤੇਰੇ ਅੰਦਰ ਹਾਲੇ ਵੀ ਸਹਿਕਦਾ ਏ ਨਾ ਉਸ ਨੂੰ ਆਪਣੇ ਅੰਦਰੋਂ ਕੱਢ ਕੇ ਕਿਤੇ ਡੂੰਘਾ ਦੱਬ ਦੇ। ਬੈਠ ਕੇ ਖਾਹ। ਬੁੱਲ੍ਹੇ ਲੁੱਟ। ਮੈਂ ਪੁੱਛਿਆ ਕਿਵੇਂ? ਗਾੜੀ ਹੱਸ ਕੇ ਆਖਣ ਲੱਗੀ – ਬਥੇਰੇ ਯਾਰ ਨੇ ਮੇਰੇ। ਤੂੰ ਬੱਸ ਹਿਸਾਬ ਕਿਤਾਬ ਰੱਖੀ ਜਾ। ਆਪਣਾ ਬਣਦਾ-ਸਰਦਾ ਹਿੱਸਾ ਪੱਤੀ ਲਈ ਜਾ। ਪ੍ਹੈਲਾਂ ਤਾਂ ਮੈਨੂੰ ਉਸ ਤੇ ਗੁੱਸਾ ਆਇਆ।”
ਉਸ ਦੀਆਂ ਅੱਖਾਂ ਵਿੱਚ ਮੱਧਮ ਜਿਹੀ ਲਾਲੀ ਉੱਤਰ ਆਈ ਸੀ।
“ਫਿਰ ਭਾਊ ਮੈਂ ਠੰਡੇ ਦਿਮਾਗ ਨਾਲ ਸੋਚਿਆ ਕਿ ਮੈਂ ਕ੍ਹਿੜਾ ਇਦ੍ਹੇ ਨਾਲ ਲਾਂਵਾਂ ਲਈਆਂ। ਨਾਲੇ ਰਿਕਸ਼ਾ ਖਿੱਚਣਾ ਕਿੜ੍ਹਾ ਸੌਖਾ ਏ ਪੁੱਤਰਾ।? ਲਓ ਜੀ ਮੈਂ ਦੋ-ਢਾਈ ਸਾਲ ਫਿਰ ਵ੍ਹੇਲੇ ਬੈਠ ਕੇ ਈ ਖਾਧੀਆਂ। ਜਦ ਕਿਸੇ ਦਿਨ ਉਦ੍ਹੇ ਕਿਸੇ ਪੱਕੇ ਯਾਰਾਨੇਦਾਰ ਨੇ ਨਾ ਔਣਾ, ਉਸ ਨੇ ਮੈਨੂੰ ਚੁਬਾਰੇ ਵਿੱਚੋਂ ਧੱਕ ਕੇ ਬਾਜ਼ਾਰ ਵਲ ਭੇਜ ਦੇਣਾ। ਮੈਂ ਖਿੱਝ ਕੇ ਆਖਣਾ ਕਿ ਅੱਜ ਮੈਂ…। ਉਸ ਨੇ ਹੱਸ ਕੇ ਆਖਣਾ – ਚਾਰ ਰੁਪਏ ਜੋੜ ਲੈ ਵੇ ਬੇਵਕੂਫਾ। ਮੈਂ ਥੋੜ੍ਹੀ ਹੋਰ ਮੋਟੀ ਹੋ ਗਈ ਤਾਂ ਕਿਸੇ ਨੇ ਮੁਫਤ ਵਿੱਚ ਵੀ ਨਈਂ ਪੁੱਛਣਾ। ਮੈਂ ਫਿਰ ਕੋਈ ਨਾ ਕੋਈ ਬੰਦਾ ਫੁੰਡ ਲਿਔਣਾ। ਬਥੇਰੀ ਕਮਾਈ ਕਰਾਈ ਓਸ ਜਨਾਨੀ ਨੇ।”
‘ਦੱਲਾ!’ ਉਸ ਬਾਰੇ ਇਹ ਸੋਚਦਿਆਂ ਮੈਂ ਉਸ ਦੇ ਚਿਹਰੇ ਨੂੰ ਧਿਆਨ ਨਾਲ ਵੇਖਿਆ ਸੀ। ਝੁਰੜੀਆਂ ਵਿੱਚੋਂ ਉਦਾਸੀ ਹੁਣ ਕਿਰ ਚੁੱਕੀ ਸੀ। ਮੇਰੀ ਉਮੀਦ ਦੇ ਉਲਟ ਓਥੇ ਸ਼ਰਮਿੰਦਗੀ ਦਾ ਕੋਈ ਵੀ ਚਿੰਨ ਨਹੀਂ ਸੀ।
“ਫਿਰ ਕੀ ਹੋਇਆ?” ਮੈਂ ਪੁੱਛਿਆ ਸੀ।
“ਅਸਲ ਵਿੱਚ ਜਦੋਂ ਵਾ੍ਹਵਾ ਕਮਾਈ ਹੋਣ ਲੱਗ ਪਈ ਤਾਂ ਮੈਂ ਵੀ ਥੋੜ੍ਹਾ ਲੋਭੀ ਹੋ ਗਿਆ ਸਾਂ। ਆਪਣਾ ਹਿੱਸਾ-ਪੱਤੀ ਵੀ ਵੱਧ ਮੰਗਣ ਲੱਗ ਪਿਆ ਸਾਂ। ਉਹ ਮੇਰੇ ਨਾਲ ਔਖੀ ਰ੍ਹੈਣ ਲੱਗ ਪਈ। ਇਕ ਦਿਨ ਤਾਂ ਪੁੱਤਰਾ ਉਹ ਸਤੀ-ਸਵਿਤਰੀ ਬਣ ਗਈ। ਕ੍ਹੈਣ ਲੱਗੀ ਮੈਂ ਤਾਂ ਦੇਵੀ ਸਾਂ। ਤੂੰ ਹੀ ਮੈਨੂੰ ਪੁੱਠੇ ਕੰਮੀਂ ਲਾਇਆ। ਮੇਰਾ ਖੂਨ ਖੌਲ੍ਹ ਉੱਠਿਆ। ਮੈਂ ਆਖਿਆ – ਹੁਣ ਨਈਂ ਔਣ ਦਿੰਦਾ ਤੇਰੇ ਕਿਸੇ ਯਾਰ ਨੂੰ। ਤੂੰ ਦੇਵੀ ਬਣ ਕੇ ਹੀ ਰਹੀਂ। ਮੈਂ ਉਹਦੇ ਯਾਰਾਂ ਲਈ ਬੂਹੇ ਢੋ ਦਿੱਤੇ।” ਉਸ ਦੀ ਇਹ ਗੱਲ ਫਖਰ ਨਾਲ ਭਰੀ ਹੋਈ ਸੀ।
“ਦੋ-ਚਾਰ ਕੁ ਦਿਨਾਂ ਦੇ ਬਾਅਦ ਆਪੇ ਆਖਣ ਲੱਗੀ-ਮੇਰਾ ਨਈਂ ਇੱਥੇ ਕੁਝ ਵੀ ਬਣਦਾ-ਸਰਦਾ। ਤੂੰ ਆਪਣੇ ਤੇ ਮੇਰੇ ਢਿੱਡ ਉੱਤੇ ਲੱਤ ਨਾ ਮਾਰ। ਮੈਂ ਨਾ ਮੰਨਿਆਂ। ਅਸਲ ਵਿੱਚ ਪੁੱਤਰਾ ਮੈਂ ਉਹਨੂੰ ਹੋਰ ਝੁਕੌਣਾ ਚਾਹੁੰਦਾ ਸਾਂ। ਆਪਣਾ ਹਿੱਸਾ-ਪੱਤੀ ਹੋਰ ਵਧੌਣਾ ਚਾਹੁੰਦਾ ਸਾਂ। ਪਰ ਫਿਰ ਹੋਰ ਈ ਚੱਕਰ ਚੱਲ ਗਿਆ। ਉਹ ਕੰਜਰ ਦੀ ਭੱਜ ਗਈ।” ਉਸ ਨੇ ਫਿੱਕਾ ਜਿਹਾ ਹੱਸ ਕੇ ਚੁੱਪ ਕਰਦਿਆਂ ਇਉਂ ਸਿਰ ਹਿਲਾਇਆ ਜਿਉਂ ਕਈ ਵਰ੍ਹੇ ਪੁਰਾਣੀ ਭੁੱਲ ਤੇ ਆਪਣੇ-ਆਪ ਨੂੰ ਲਾਹਨਤ ਪਾ ਰਿਹਾ ਹੋਵੇ।
“ਮੁੜ ਨਈਂ ਮਿਲੀ ਫਿਰ ਕਦੇ?” ਮੈਂ ਝੱਟਪਟ ਪੁੱਛਿਆ ਸੀ।
“ਮਿਲੀ ਕਿਉਂ ਨਾ! ਇਕ ਸਾਲ ਵਿੱਚ ਈ ਮੈਂ ਜਾ ਲੱਭੀ ਬਟਾਲਿਓਂ। ਲਹਿੰਦੇ ਪਾਸੇ, ਡੇਰਾ ਬਾਬਾ ਨਾਨਕ ਰੋਡ ਤੇ ਮੁਹੱਲਾ ਤੇਗਪੁਰਾ ਦੀ ਭੀੜੀ ਜਿਹੀ ਗਲੀ ਵਿੱਚ ਸੀ ਬਲੌਰ ਸਿਉਂ ਲੁਹਾਰ ਦਾ ਚੁਬਾਰਾ। ਓਥੇ ਵੀ ਏਹੀ ਕੰਜਰਪੁਣਾ ਸ਼ੁਰੂ ਕਰ ਲਿਆ ਸੀ। ਇਕ ਦਿਨ ਮੈਂ ਵੀ ਜਾ ਚੜਿਆ ਚੁਬਾਰੇ ਦੀਆਂ ਪੌੜੀਆਂ। ਮੈਨੂੰ ਦੇਖ ਕੇ ਤਾਂ ਉਹ ਘਬਰਾ ਈ ਗਈ। ਮੈਂ ਟੋਣਾ ਲਾਇਆ – ਚਲੋਂ ਉੱਠੋ ਦੇਵੀ ਜੀ ਤੁਰੋ ਮੇਰੇ ਨਾਲ਼ ਗਾੜੀ ਆਖਣ ਲੱਗੀ – ਵੇ ਤੂੰ ਹੈਂ ਕੌਣ? ਕੇੜ੍ਹੀਆਂ ਗੱਲਾਂ ਕਰਨ ਡਿਹਾਂ। ਮੈਂ ਨਈ ਸਿਆਣਿਆ ਤੈਨੂੰ। ਮੈਂ ਬਥੇਰੇ ਮਿੰਨਤਾਂ-ਤਰਲੇ ਕੀਤੇ ਭਾਊ ਕਿ ਹੁਣ ਮੇਰੇ ਕੋਲੋਂ ਰਿਕਸ਼ਾ ਨਈ ਵੱਗਦਾ। ਤੂੰ ਮੈਨੂੰ ਵੇਹਲਿਆਂ ਬੈਠ ਖਾਣ ਦੀ ਆਦਤ ਜੋ ਪਾ ਦਿੱਤੀ ਆ। ਪਰ ਉਹ ਕੰਜਰ ਦੀ ਧੀ ਟੱਸ ਤੋਂ ਮੱਸ ਨਾ ਹੋਈ। ਆਖਰ ਮੈਂ ਉਸ ਦੇ ਪੈਰੀਂ ਡਿਗ ਪਿਆ। ਗਾੜੀ ਹੱਸ ਕੇ ਆਖਣ ਲੱਗੀ – ਮੇਰਾ ਆਖਾ ਮੰਨ। ਮੂੰਹ-ਸਿਰ ਮੁਨਾ ਲੈ। ਰੋਟੀ ਜੋਗਾ ਧੰਦਾ ਤਾਂ ਤੂੰ ਵੀ ਕਰ ਸਕਦੈ…। ਏਡੀ ਕੰਜਰ ਜਨਾਨੀ ਸੀ ਉਹ।” ਇਹ ਆਖ ਉਹ ਖਿੜਖਿੜ੍ਹਾ ਕੇ ਹੱਸ ਪਿਆ ਸੀ।
“ਫਿਰ ਛੱਡ ਆਏ ਉਸ ਨੂੰ ਓਥੇ ਈ?” ਮੈਂ ਮੁਸਕਾਉਂਦਿਆਂ ਸਵਾਲ ਕੀਤਾ ਸੀ।
“ਮੈਂ ਤਾਂ ਪੁੱਤਰਾ ਪੂਰੀ ਵਾਹ ਲਾਈ। ਦੋ-ਚਾਰ ਚੁਪੇੜਾਂ ਵੀ ਮਾਰੀਆਂ। ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਬਾਹੋਂ ਫੜ ਕੇ ਬੂਹਿਓਂ ਬਾਹਰ ਵੀ ਧੂਹ ਲਈ ਸੀ। ਕੰਜਰ ਦੀ ਧੀ ਨੇ ਚੀਕਾਂ ਮਾਰ ਦਿੱਤੀਆਂ। ਫਿਰ ਮੈਨੂੰ ਦੋ-ਚਾਰ ਬੰਦਿਆਂ ਨੇ ਆ ਕੇ ਢਾਹ ਲਿਆ। ਕੁੱਟਣ ਡੈਹ ਪਏ… ਛੱਲੀਆਂ ਵਾਂਗਰ। ਮੈਂ ਹੱਥ ਜੋੜ ਲਏ। ਖੇਖਣ ਕਰਨ ਡੈਹ ਪਿਆ ਕਿ ਇਹ ਮੇਰੀ ਘਰ-ਵਾਲੀ ਏ। ਨਿੱਕੇ-ਨਿੱਕੇ ਨਿਆਣੇ ਪਿੱਛੇ ਰੁਲਦੇ ਪਏ ਨੇ। ਉਹ ਕੰਜਰ ਦੀ ਬੋਲੀ – ਉਹ ਕ੍ਹਿਤਰਾਂ? ਕਿੜ੍ਹੇ ਨਿਆਣੇ? ਤੈਨੂੰ ਪਤਾ ਹੈ ਨਿਆਣੇ ਜੰਮਦੇ ਕਿੱਦਾਂ ਨੇ? ਤੂੰ ਮੇਰੇ ਨਾਲ ਲਵਾਂ ਲਈਆਂ ਸੀ? ਮੈਂ ਆਖਿਆ- ਲਾਵਾਂ ਤੋਂ ਵੀ ਵੱਡੀ ਗੱਲ ਮੈਂ ਤੈਨੂੰ ਇਸ਼ਕ ਕੀਤਾ ਆ।”
ਬਾਬੇ ਦੀਆਂ ਭੂਰੀਆਂ ਤੇ ਡੂੰਘੀਆਂ ਅੱਖਾਂ ਵਿੱਚ ਦਰਦ-ਭਿੱਜੀ ਸ਼ਰਾਰਤ ਉੱਭਰ ਆਈ ਸੀ।
“ਉਹ ਗਾੜੀ ਆਖਣ ਲੱਗੀ – ਤਦੇ ਤੂੰ ਨਿੱਤ ਮੇਰੀ ਦੇਹ ਵੇਚ-ਵੇਚ ਰੁਪਏ ਫੜਦਾ ਰਿਹਾ। ਮੈਂ ਚੁੱਪ ਹੋ ਗਿਆ। ਆਖਦਾ ਵੀ ਕੀ? ਪੁੱਛਣ ਨੂੰ ਤਾਂ ਜੀ ਕਰਦਾ ਸੀ ਕਿ ਹੁਣ ਕੰਜਰੀਏ ਕ੍ਹਿੜਾ ਤੂੰ ਚਰਖਾ ਕੱਤੇ ਕੇ ਗੁਜ਼ਾਰਾ ਕਰਦੀ ਏਂ। ਪਰ ਭਾਊ ਹਾਲਾਤ ਨਈਂ ਸੀ ਸਾਜਗਾਰ। ਮੈਂ ਚੁੱਪ ਰ੍ਹੈਣਾ ਈ ਬਿਹਤਰ ਸਮਝਿਆ। ਉਹਨਾਂ ਮੁੜ ਬਟਾਲੇ ਅੰਦਰ ਪੈਰ ਨਾ ਪੌਣ ਦੀ ਸਹੁੰ ਚੁਕਾ ਕੇ ਮੇਰੇ ਦੋ – ਦੋ ਥੱਪੜ ਹੋਰ ਮਾਰੇ ਤੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ। ਮੈਂ ਰਿੜਦਾ-ਰਿੜਦਾ ਹਿਠ੍ਹਾਂ ਆਣ ਡਿੱਗਿਆ। ਗੋਡੇ ਛਿੱਲੇ ਗਏ। ਸਿਰ ਤੇ ਵਾ੍ਹਵਾ ਚੋਟਾਂ ਵੱਜੀਆਂ। ਮੈਂ ਮਸਾਂ ਉੱਠਿਆ, ਪਰ ਜਦ ਪੁੱਤਰਾ ਮੈਂ ਮੂੰਹ ਚੁੱਕਿਆ ਤਾਂ ਉਹ ਕੰਜਰ ਦੀ ਧੀ ਖਿੜ-ਖਿੜ੍ਹਾ ਕੇ ਹੱਸਦੀ ਪਈ ਸੀ। ਦਿਲ ਟੁੱਟ ਗਿਆ। ਮੁੜ ਨਈਂ ਕੀਤਾ ਬਟਾਲੇ ਵੱਲ ਦਾ ਮੂੰਹ। ਰੋਜ-ਰੋਜ ਛਿੱਤਰ ਕ੍ਹਿੜੇ ਖਾ ਹੁੰਦੇ ਨੇ ਭਾਊ?”
ਇਹਨਾਂ ਗੱਲਾਂ ਨਾਲ ਉਸ ਦਾ ਅਕਸ ਕਿਸੇ ਤਰ੍ਹਾਂ ਵੀ ਧੁੰਦਲਾ ਨਹੀਂ ਸੀ ਹੋਇਆ। ਸਗੋਂ ਮੈਨੂੰ ਧੜਕਦੇ ਦਿਲ ਵਾਲਾ ਇਕ ਆਮ ਇਨਸਾਨ ਹੀ ਲੱਗਿਆ ਸੀ। ਬੰਦਿਆ ਵਰਗਾ ਬੰਦਾ…। ਤੇ ਉਮਰ ਦੇ ਫਰਕ ਨੂੰ ਮਿਟਾ ਕੇ ਜਿਸ ਦੋਸਤਾਨੇ ਢੰਗ ਨਾਲ ਉਸ ਨੇ ਮੈਨੂੰ ਆਪਣੀ ਮੁਹੱਬਤ ਦੀ ਅਸਫਲ ਦਾਸਤਾਨ ਸੁਣਾਈ ਸੀ, ਉਸ ਨਾਲ ਤਾਂ ਸਗੋਂ ਇਹ ਪੁਲ੍ਹ ਜਿਉਂ ਹੋਰ ਵੀ ਪੱਕਾ ਹੋ ਗਿਆ ਸੀ।
“ਬਸ ਇਹੀ ਜਨਾਨੀ ਮਿਲੀ ਤੁਹਾਨੂੰ ਜ਼ਿੰਦਗੀ ਵਿਚ?” ਮੇਰੇ ਇਸ ਸਵਾਲ ‘ਤੇ ਉਹ ਮੈਨੂੰ ਮਿੱਠਾ ਜਿਹਾ ਘੂਰ ਕੇ ਹੱਸ ਪਿਆ ਸੀ।
“ਤੂੰ ਤਾਂ ਮੇਰੀ ਪੂਰੀ ਸੀ। ਆਈ। ਡੀ। ਕੱਢਣ ਲੱਗ ਪਿਆਂ ਪਾੜੂਆ।”
ਉਹ ਪਲ ਕੁ ਲਈ ਚੁੱਪ ਰਿਹਾ ਤੇ ਫਿਰ ਹੋਰ ਕਹਾਣੀ ਛੋਹ ਲਈ, “ਰੌਲਿਆਂ ਦੇ ਵਕਤ ਹੋਵਾਂਗਾ ਕੋਈ ਮੈਂ ਬਾਈ ਕੁ ਵਰ੍ਹਿਆਂ ਦਾ। ਸਾਡਾ ਲਾਣਾ ਜੱਦੀ ਪਿੰਡ ਲੋਹਕੇ ਆਣ ਬੈਠਾ। ਓਧਰ ਬ੍ਹੌਤੀ ਲਾਟਮੈਂਟ ਕੱਚੀ ਸੀ। ਏਧਰ ਆਣ ਕੇ ਜ਼ਮੀਨ ਦਾ ਮਸਾਂ ਵੀ੍ਹਵਾਂ ਹਿੱਸਾ ਈ ਮਿਲਿਆ। ਉਹ ਵੀ ਕਦੇ ਇੱਥੇ, ਕਦੇ ਓਥੇ। ਗਰੀਬੀ ਬ੍ਹੌਤ ਸੀ। ਮੈਂ ਪਿੰਡ ਦੇ ਅੱਡੇ ਤੇ ਪਕੌੜਿਆਂ ਦੀ ਦੁਕਾਨ ਪਾ ਲਈ। ਪਰ ਬਹੁਤੀ ਦੇਰ ਚੱਲੀ ਨਾ। ਨਾਜਰ ਝਿਊਰ ਨੇ ਈ ਮੇਰੇ ਪੈਰ ਨਾ ਲੱਗਣ ਦਿੱਤੇ। ਉਸ ਦੀ ਦੁਕਾਨ ਪੰਜਾਹ ਸਾਲਾਂ ਤੋਂ ਚੱਲ ਰਹੀ ਸੀ। ਮੇਰੇ ਪਕੌੜੇ-ਟਿੱਕੀਆਂ ਤਾਂ ਮੈਨੂੰ ਆਪ ਹੀ ਖਾਣੇ ਪੈਂਦੇ।” ਇਹ ਆਖ ਉਹ ਖੱਚਰਾ ਜਿਹਾ ਹਾਸਾ ਹੱਸਿਆ ਸੀ।
“ਫਿਰ ਦੁਕਾਨ ਛੱਡ ਦਿੱਤੀ?”
“ਛੱਡੀ ਵੀ ਕੀ ਪੁੱਤਰਾ ਛੱਡਣੀ ਪੈ ਗਈ। ਨਾਜਰ ਮੁੰਨੇਰੇ ਜੰਗਲ-ਪਾਣੀ ਜਾਂਦਾ ਹੁੰਦਾ ਸੀ। ਇਕ ਸਵੇਰ ਮੈਂਹ ਮੂੰਹ-ਸਿਰ ਬੰਨ ਕੇ ਉਸ ਦੇ ਸੱਜੇ ਹੱਥ ਉੱਤੇ ਕਿਰਪਾਨ ਮਾਰੀ ਤੇ ਦੌੜ ਗਿਆ। ਬਾਂਹ ਤਾਂ ਓਥੇ ਹੀ ਡਿਗ ਪੈਣੀ ਸੀ, ਪਰ ਥੋੜ੍ਹੀ ਕਸਰ ਰਹਿ ਗਈ। ਝਿਊਰਾਂ ਨੇ ਦੁਕਾਨ ਇਕ ਦਿਨ ਵੀ ਨਾ ਬੰਦ ਕੀਤੀ। ਕੁਝ ਦਿਨਾ ਬਾਅਦ ਇਕ ਸ਼ਾਮ ਨਾਜਰ ਬਾਂਹ ਗਲ ਵਿੱਚ ਪਾਈ ਮੇਰੀ ਦੁਕਾਨ ਉੱਤੇ ਆਇਆ। ਮੈਂ ਨਜ਼ਰਾਂ ਚੁਰਾਵਾਂ। ਆਖਣ ਲੱਗਾ – ਮੇਰੇ ਚਾਰ ਪੁੱਤ ਨੇ ਭਾਊ। ਚਾਰੋਂ ਪੱਕੇ ਹਲਵਾਈ। ਕਿਸ ਕਿਸ ਦੀ ਬਾਂਹ ਵੱਡੇਗਾਂ? ਮੈਂ ਗੁਰੂਆਂ ਦੀਆਂ ਕਸਮਾਂ ਖਾ ਕੇ ਸਫਾਈ ਦੇਣ ਲੱਗਿਆ ਤਾਂ ਉਸ ਹੱਸ ਕੇ ਆਖਿਆ – ਮੈਂ ਤੇਰੇ ਸਿਵਾ ਕਿਸੇ ਨਾਲ ਗੱਲ ਨਹੀਂ ਕੀਤੀ। ਤੂੰ ਇਹ ਪਾਪ ਨਾ ਕਰ। ਮੈਂ ਤੈਨੂੰ ਮਾਫ ਕੀਤਾ। ਆਪਣਾ ਕਮਾ ਤੇ ਆਪਣਾ ਖਾਹ। ਲੈ ਤੈਨੂੰ ਮੈਂ ਦੱਸਦਾਂ ਕਿ ਦੁਕਾਨ ਕਿਵੇਂ ਚੱਲਣੀ ਏਂ। ਫਿਰ ਭਾਊ ਉਹ ਮੈਨੂੰ ਚੱਟਣੀ ਬਣੌਣ ਦਾ ਨੁਸਖਾ ਦੱਸਣ ਲੱਗ ਪਿਆ। ਨਾਲੇ ਵਧੀਆ ਪਕੌੜਿਆਂ ਤੇ ਟਿੱਕੀਆਂ ਦੇ ਢੰਗ ਵੀ। ਮੈਂ ਤਾਂ ਪਾਣੀ ਨਾਲੋਂ ਪਤਲਾ ਹੋ ਗਿਆ। ਮੈਨੂੰ ਤਾਂ ਠੰਡੀਆਂ ਤਰੇਲੀਆਂ ਆਈ ਜਾਣ। ਫਿਰ ਉਹ ਉੱਠਿਆ ਤੇ ਅੱਖਾਂ ਮੀਟ ਕੇ ਮੇਰੀ ਦੁਕਾਨ ਚੱਲਣ ਲਈ ਅਰਦਾਸ ਕਰਨ ਲੱਗ ਪਿਆ। ਮੈਂ ਉਹਨੂੰ ਹੈਰਾਨੀ ਨਾਲ ਵੇਖਦਾ ਰਿਹਾ। ਉਹ ਚਲਾ ਗਿਆ। ਲਓ ਜੀ ਪਕੌੜੇ ਤੇ ਟਿੱਕੀਆਂ ਪਾਈਆਂ ਅਵਾਰਾ ਕੁੱਤਿਆਂ ਅੱਗੇ ਤੇ ਉਸੇ ਰਾਤ ਮੈਂ ਪਿੰਡ ਛੱਡ ਦਿੱਤਾ।” ਗੱਲ ਮੁਕਾਉਂਦਿਆਂ ਉਸ ਦਾ ਬੋਲ ਭਾਰਾ ਹੋ ਗਿਆ ਸੀ।
“ਕਿਉਂ?” ਮੈਂ ਸਵਾਲ ਕੀਤਾ ਸੀ।
“ਮੈਂ ਨਾਜਰ ਦੀਆਂ ਅੱਖਾਂ ਦਾ ਸਾਮ੍ਹਣਾ ਕਿੰਝ ਕਰਦਾ?” ਉਸ ਦੀਆਂ ਬੁੱਢੀਆਂ ਅੱਖਾਂ ਵਿੱਚੋਂ ਸਵਾਲੀਆ ਨਜ਼ਰ ਮੈਨੂੰ ਘੂਰ ਰਹੀ ਸੀ।
“ਆਹ ਚੱਕਰ ਚੱਲਿਆ ਸੀ ਪੁੱਤਰਾ। ਪਿੰਡ ਛੱਡ ਕੇ ਮੈਂ ਜਾਂਦਾ ਵੀ ਕਿੱਥੇ? ਓਸ ਵੇਲੇ ਤਾਂ ਰਿਸ਼ਤੇਦਾਰ ਵੀ ਛਿਆਨਣੋਂ ਹੱਟ ਗਏ ਸੀ। ਬਟਾਲਿਓਂ ਛਿੱਤਰ ਖਾ ਕੇ ਮੈਂ ਮੁੜ ਤੋਂ ਰਿਕਸ਼ਾ ਵਾਹੁਣ ਲੱਗ ਪਿਆ ਸਾਂ। ਇਕ ਦਿਨ ਕੀ ਹੋਇਆ ਕਿ ਇਕ ਜਨਾਨੀ ਮੇਰੇ ਰਿਕਸ਼ੇ ਉੱਤੇ ਆ ਚੜ੍ਹੀ।”
ਇਹ ਕਹਿੰਦਿਆਂ ਬਾਬੇ ਦਾ ਚਿਹਰਾ ਥੋੜ੍ਹਾ ਖਿੜ੍ਹ ਪਿਆ ਸੀ।
“ਵਾਵ੍ਹਾ ਮੂੰਹ-ਮੱਥੇ ਲੱਗਦੀ ਰੰਨ ਸੀ ਉਹ। ਉਹਦਾ ਘਰ ਰਤਾ ਸ਼੍ਹੈਰੋਂ ਬਾ੍ਹਰ ਸੀ। ਉਜਾੜ ਜਿਹੇ ਵਿੱਚ ਜਾ ਕੇ ਆਖਣ ਲੱਗੀ – ਜੇ ਸਾਨੂੰ ਕੋਈ ਲੁੱਟਣ ਪੈ ਜਾਏ। ਮੈਂ ਰਿਕਸ਼ਾ ਚਲੌਂਦੇ ਨੇ ਈ ਡੱਬ ਵਿੱਚੋਂ ਪਸਤੌਲ ਕੱਢਕੇ ਉਸ ਨੂੰ ਵਿਖੌਂਦਿਆਂ ਆਖਿਆ – ਆਹ ਕੇੜ੍ਹਾ ਫਿਰ ਜੱਟ ਨੇ ਕਾਂ-ਘੁੱਗੀਆਂ ਮਾਰਨ ਲਈ ਰੱਖਿਆ। ਘਰ ਪਹੁੰਚ ਕੇ ਆਖਣ ਲੱਗੀ – ਜਿੱਥੋਂ ਰਿਕਸ਼ਾ ਆਂਦੀ ਏ ਮੋੜ ਆ। ਮੈਨੂੰ ਤੇਰੇ ਵਰਗੇ ਬੰਦੇ ਦੀ ਲੋੜ ਆ। ਤੂੰ ਮੇਰੇ ਕੋਲ ਰ੍ਹੈ। ਜਨਾਨੀਆਂ ਦੀਆਂ ਵੀ ਸੱਪਾਂ ਵਾਂਗ ਕਿਸਮਾਂ ਹੁੰਦੀਆਂ ਨੇ ਪੁੱਤਰਾ। ਮੈਨੂੰ ਤਾਂ ਖਰਾਬ ਜਨਾਨੀ ਦਾ ਝੱਟ ਮੁਸ਼ਕ ਆ ਜਾਂਦਾ। ਮੇਰੀ ਤਾਂ ਅੱਖ ਉਸ ਨੂੰ ਪਲ ਵਿੱਚ ਪਛਾਣ ਲੈਂਦੀ ਆ।” ਉਹ ਇਸ ਅੰਦਾਜ਼ ਵਿੱਚ ਬੋਲਿਆ ਜਿਉਂ ਮੈਨੂੰ ਕੋਈ ਗੁੱਝਾ ਭੇਦ ਸਮਝਾ ਰਿਹਾ ਹੋਵੇ।
“ਭਾਊ ਅੰਨ੍ਹੇ ਨੂੰ ਕੀ ਚਾਹੀਦੀਆਂ ਸੀ, ਦੋ ਅੱਖਾਂ। ਮੈਂ ਫਿਰ ਓਥੇ ਡੇਰੇ ਲਗਾ ਲਏ। ਬੜਾ ਸ੍ਹੌਣਾ ਮਕਾਨ ਸੀ ਉਸ ਦਾ। ਪਹਾੜਾਂ ਵੱਕ ਕੋਈ ਨੌਕਰੀ ਕਰਦਾ ਸੀ ਉਸ ਦਾ ਘਰ ਵਾਲਾ।”
“ਕਿੰਨ੍ਹੇ ਕੁ ਸਾਲ ਕੱਠੇ ਰਹੇ ਫਿਰ ਤੁਸੀਂ?” ਮੈਂ ਉਤਸੁਕਤਾ ਨਾਲ ਪੁੱਛਿਆ ਸੀ।
“ਮਸਾਂ ਡੇਢ ਕੁ ਸਾਲ਼ ਫਿਰ ਹੋਰ ਹੀ ਚੱਕਰ ਚੱਲ ਗਿਆ। ਉਹਦਾ ਘਰ ਵਾਲਾ ਆ ਗਿਆ ਤੇ ਮੈਂ ਕੰਧ ਟੱਪ ਕੇ ਉਸ ਦੇ ਘਰੋਂ ਦੌੜ ਗਿਆ। ਉਸ ਕੰਜਰ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਗੋਲੀ ਵੀ ਕਸੂਤੀ ਜਗ੍ਹਾ ਈ ਮਾਰਨੀ ਸੀ।” ਉਹ ਖੱਚਰਾ ਹਾਸਾ ਹੱਸਿਆ ਸੀ।
“ਪਰ ਜਦੋਂ ਪੁੱਤਰਾ ਕੁੱਤੇ ਨੂੰ ਹੱਡੀ ਦਾ ਸੁਆਦ ਪੈ ਜਾਏ ਉਹ ਹੱਟਦਾ ਕਦੋਂ ਏਂ? ਅਸੀਂ ਚੋਰੀ-ਛਿਪੇ ਮਿਲਣ ਲੱਗ ਪਏ। ਉਹ ਤਾਂ ਕੰਜਰ ਦਾ ਨੌਕਰੀ ਛੱਡ ਕੇ ਆਇਆ ਸੀ। ਉਸ ਨੇ ਤਾਂ ਭਾਊ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਆਖਰ ਉਸ ਨੇ ਘਰ ਵਾਲੀ ਦਾ ਘਰੋਂ ਔਣਾ-ਜਾਣਾ ਈ ਬੰਦ ਕਰ ਛੱਡਿਆ। ਅਸੀਂ ਫਿਰ ਉਸ ਨੂੰ ਬਿਲ੍ਹੇ ਲੌਣ ਦੀ ਸਲਾਹ ਬਣਾ ਲਈ। ਉਸ ਜਨਾਨੀ ਨੇ ਸ਼ਰਾਬ ਵਿੱਚ ਕੁਸ਼ ਪਾ ਕੇ ਉਸ ਨੂੰ ਬੇਸੁਰਤ ਕਰ ਦਿੱਤਾ। ਮੈਂ ਵੀ ਪਹੁੰਚ ਗਿਆ। ਪਹਿਲਾਂ ਤਾਂ ਅਸੀਂ ਘਰ ਨੇੜਲੀ ਉਜਾੜ ਜਿਹੀ ਥਾਂ ਤੇ ਟੋਆ ਪੁੱਟਿਆ। ਫਿਰ ਉਹ ਮੈਨੂੰ ਦਾਤਰ ਫੜਾ ਕੇ ਆਖਣ ਲੱਗੀ- ਸਿੰਘਾ ਕਰ ਵਾਰ। ਜਦ ਮੈਂ ਉਸ ਦੇ ਚਿਹਰੇ ਵੱਲ ਵੇਖਿਆ ਤਾਂ ਮੈਨੂੰ ਇਉਂ ਲੱਗਿਆ ਜਿਉਂ ਉਹ ਗੂੜੀ ਨੀਂਦੇ ਸੁੱਤਾ ਹੋਵੇ। ਬੜਾ ਉੱਚਾ-ਲੰਬਾ ਤੇ ਸ੍ਹੋਣਾ ਜਵਾਨ ਸੀ ਉਹ।” ਨਿੱਕਾ ਜਿਹਾ ਹਉਕਾ ਭਰਦਿਆਂ ਉਹ ਪਲ ਕੁ ਲਈ ਚੁੱਪ ਹੋ ਗਿਆ ਸੀ।
“ਉਸ ਦੀ ਪੱਗ ਸਿਰ ਤੋਂ ਲੱਥੀ ਹੋਈ ਸੀ। ਗੇਰੂਏ ਰੰਗ ਦੀ ਪੱਗ਼!” ਉਸ ਦੀ ਅਵਾਜ਼ ਮੱਧਮ ਹੁੰਦੀ ਹੋਈ ਇਕ ਠੰਡੇ ਹਉਕੇ ਵਿੱਚ ਗੁਆਚ ਗਈ। ਕੁਝ ਦੇਰ ਉਹ ਚੁੱਪ-ਚਾਪ ਸਿਰ ਹਿਲਾਉਂਦਾ ਰਿਹਾ ਸੀ।
“ਮੈਨੂੰ ਆਪਣਾ ਭਤੀਜਾ ਯਾਦ ਆ ਗਿਆ। ਜਿਸ ਦਿਨ ਉਸ ਦਾ ਕਤਲ ਹੋਇਆ ਉਹ ਵੀ ਘਰੋਂ ਗੇਰੂਏ ਰੰਗ ਦੀ ਪੱਗ ਬੰਨ ਕੇ ਗਿਆ ਸੀ। ਮੈਂ ਹੀ ਪਹੁੰਚਿਆ ਸਾਂ ਸਭ ਤੋਂ ਪੈਲ੍ਹਾਂ ਕਤਲ ਵਾਲੀ ਜਗ੍ਹਾ। ਪੱਗ ਦੂਰ ਲੱਥੀ ਪਈ ਸੀ। ਮੈਂ ਹੱਥੀਂ ਪਾਲਿਆ ਸੀ ਉਸ ਨੂੰ। ਦਾਤਰ ਮੇਰੇ ਹੱਥ ਵਿੱਚ ਸੀ ਤੇ ਮੈਨੂੰ ਐਨ ਮੌਕੇ ਤੇ ਦਰਬਾਰੇ ਦੀ ਯਾਦ ਆ ਗਈ ਸੀ। ਮੇਰਾ ਤਾਂ ਹੱਥ ਕੰਬਣ ਲੱਗ ਪਿਆ ਸੀ ਪੁੱਤਰਾ।”
ਉਸ ਦੀ ਬੁੱਢੀ ਦੇਹ ਇਕ ਕੰਬਣੀ ਜਿਹੀ ਵਿੱਚ ਡੁੱਬ ਗਈ ਸੀ।
“ਮੈਂ ਉਸ ਨੂੰ ਆਖਿਆ – ਮੈਂ ਕਿਉਂ ਪਾਪ ਕਰਾਂ? ਉਹ ਗੁੱਸੇ ਵਿੱਚ ਆਖਣ ਲੱਗੀ – ਨਜ਼ਾਰੇ ਲੈਣੇ ਈ ਔਂਦੇ ਨੇ ਬੱਸ! ਮੈਂ ਅੱਗੋਂ ਕੁਝ ਨਾ ਕੂਇਆ। ਉਸ ਨੇ ਗੁੱਸੇ ਵਿੱਚ ਆ ਕੇ ਮੇਰੇ ਹੱਥੋਂ ਦਾਤਰ ਖੋਹ ਲਿਆ ਤੇ ਉਦ੍ਹੀ ਖੋਪੜੀ ਤੇ ਵਾਰ ਕਰਨ ਲੱਗ ਪਈ। ਉਹ ਤਾਂ ਜਿਉਂ ਪਾਗਲ ਈ ਹੋ ਗਈ ਹੋਵੇ ਪੁੱਤਰਾ। ਮੈਂ ਉਸ ਨੂੰ ਰੋਕਣਾ ਚਾਹੁੰਦਾ ਸਾਂ, ਪਰ ਮੇਰੇ ਵਿੱਚ ਏਨੀ ਵੀ ਹਿੰਮਤ ਕਿੱਥੋਂ ਬਚੀ ਸੀ? ਓਸ ਨੂੰ ਵੇਖ ਕੇ ਹੈਰਾਨ ਹੋਈ ਗਿਆ। ਮੇਰੇ ਤਾਂ ਹੋਸ਼ ਹੀ ਗੁੰਮ ਹੋ ਗਏ ਭਾਊ। ਹੋਸ਼ ਆਈ ਤਾਂ ਮੈਂ ਏਨਾ ਕੁ ਕਿਹਾ ਸੀ ਕਿ ਕੰਮ ਹੋ ਗਿਆ ਈ, ਹੁਣ ਬੱਸ ਕਰ।”
ਇਹ ਆਖ ਉਹ ਹਲਕਾ ਜਿਹਾ ਹੱਸ ਪਿਆ ਸੀ, ਪਰ ਮੇਰੀ ਦੇਹ ਵਿਚ ਝੁਣਝੁਣੀਆਂ ਦੌੜ ਗਈਆਂ ਸਨ।
“ਫਿਰ ਤਾਂ ਤੁਸੀਂ ਉਦ੍ਹੇ ਨਾਲ ਵਿਆਹ ਕਰਵਾ ਲਿਆ?” ਮੈਂ ਪੁੱਛਿਆ ਸੀ।
“ਨਾ ਬਈ ਨਾ! ਜਿਸ ਵੇਲੇ ਉਹ ਪਤੀ ਦਾ ਸਿਰ ਖੱਖਰੀ-ਖੱਖਰੀ ਕਰ ਰਹੀ ਸੀ, ਉਸ ਨੂੰ ਛੱਡਣ ਦਾ ਅੱਧਾ ਕੁ ਫੈਸਲਾ ਤਾਂ ਮੈਂ ਓਸ ਵੇਲੇ ਈ ਲੈ ਲਿਆ ਸੀ। ਲਾਸ਼ ਤੇ ਮਿੱਟੀ ਪਾਉਂਦਿਆਂ ਮਨ ‘ਚੋਂ ਅਵਾਜ਼ ਆਈ ਸੀ – ਕਰਤਾਰ ਸਿਹਾਂ ਨਾਲ ਲੱਗਦਾ ਇਕ ਟੋਆ ਆਪਣੇ ਲਈ ਵੀ ਪੁੱਟ ਲੈ। ਅਗਲੀ ਵਾਰੀ ਤੇਰੀ ਆ। ਮੈਂ ਉਸ ਨੂੰ ਪਛਾਣ ਲਿਆ ਸੀ ਪੁੱਤਰਾ। ਉਹ ਬੰਦੇ ਖਾਣੀ ਰੰਨ ਸੀ। ਇਹਤਰਾਂ ਦੀ ਜਨਾਨੀ ਹਜ਼ਾਰਾਂ ‘ਚੋਂ ਕੋਈ ਇਕ ਹੁੰਦੀ ਆ ਭਾਊ। ਉਹ ਉਸ ਦਾ ਪਹਿਲਾ ਕਤਲ ਨਈਂ ਸੀ ਤੇ ਨਾਹੀਂ ਆਖਰੀ। ਮੈਂ ਅਗਲੀ ਸਵੇਰ ਉਸ ਕੋਲੋਂ ਬਹਾਨਾ ਪਾ ਕੇ ਚਲੇ ਗਿਆ ਸਾਂ।” ਉਸ ਦੇ ਚਿਹਰੇ ਉੱਤੇ ਸਤੁੰਸ਼ਟੀ ਝਲਕ ਉੱਠੀ ਸੀ ਜੋ ਕਿਸੇ ਵੱਡੇ ਸੰਕਟ ‘ਚੋਂ ਸਾਫ ਬਚ ਨਿਕਲਣ ਨਾਲ ਆਉਂਦੀ ਏ।
“ਬਹਾਨਾ ਕੀ ਪਾਇਆ ਸੀ ਬਾਬਾ?”
“ਮੈਂ ਕਿਹਾ ਮੈਂ ਬਾਡਰ ਪਾਰ ਕਰਨਾ। ਪਾਰ ਜਾਣਾ। ਆਪਣੇ ਲੈਲਪੁਰ ਵਾਲੇ ਚੱਕ। ਉਹ ਗਾੜੀ ਖਿੱਝ ਕੇ ਪੁੱਛਣ ਲੱਗੀ – ਓਥੇ ਤੇਰੀ ਮਾਂ ਰੱਖ ਲਈ ਸੀ ਕਿਸੇ ਮੁਸਲੇ ਨੇ? ਮੈਂ ਗਾੜੀ ਆਖਿਆ – ਮਾਂ ਹੁੰਦੀ ਤਾਂ ਤੈਨੂੰ ਛੱਡ ਕੇ ਕਾ੍ਹਤੋਂ ਜਾਂਦਾ। ਓਥੋਂ ਉਜੜਨ ਲੱਗਿਆਂ ਮੈਂ ਆਪਣੀਆਂ ਪੈਲੀਆਂ ਵਿੱਚ ਸੋਨੇ, ਚਾਂਦੀ ਤੇ ਰੁਪਈਆਂ ਦੀ ਗਾਗਰ ਦੱਬੀ ਸੀ। ਉਹ ਲੈਣ ਜਾਣਾ। ਪੈਲ੍ਹਾਂ ਤਾਂ ਉਹ ਰੋਣ ਲੱਗ ਪਈ। ਫਿਰ ਪੁੱਛਣ ਲੱਗੀ – ਤੂੰ ਡਰ ਕੇ ਤੇ ਨਈਂ ਭੱਜ ਰਿਹੈ। ਮੈਂ ਆਖਿਆ – ਜੇ ਮੈਂ ਡਰਦਾ ਹੁੰਦਾ ਤਾਂ ਦਸ ਰਾਤ ਤੇਰੇ ਕੋਲ ਸੌਂਦਾ? ਤੈਨੂੰ ਕੀ – ਕੀ ਦੱਸਾਂ ਪੁੱਤਰਾ! ਉਹ ਕਤਲ ਵਾਲੀ ਰਾਤ ਵੀ ਮੇਰੇ ਨਾਲ ਸੁੱਤੀ ਸੀ। ਮੇਰੀ ਦੇਹ ਤਾਂ ਜਿਉਂ ਮਿੱਟੀ ਹੋਈ ਪਈ ਸੀ। ਪਰ ਓਸ ਨੂੰ ਤਾਂ ਨਿੱਤ ਖੇਹ ਖਾਣ ਦੀ ਮਰਜ ਸੀ। ਮੈਂ ਆਖਿਆ-ਅਗਲੇ ਹਫਤੇ ਮੈਂ ਤੇਰੇ ਪੈਰਾਂ ਵਿੱਚ ਹੀਰੇ-ਜਵਾਰ੍ਹਾਤਾਂ ਦੀ ਭਰੀ ਗਾਗਰ ਰੱਖ ਦੇਣੀ ਆਂ, ਤੂੰ ਤਾਂ ਐਵੇਂ ਸ਼ੱਕ ਕਰੀ ਜਾਂਦੀ ਏਂ। ਉਹ ਲਾਲਚੀ ਔਰਤ ਸੀ। ਆਖਰ ਮੈਨੂੰ ਤੋਰਨ ਲਈ ਮੰਨ ਗਈ। ਤੇ ਮੈਂ ਮੁੰਨ੍ਹੇਰੇ ਈ ਪਤਰਾ ਵਾਚ ਗਿਆ।” ਇਹ ਆਖਦਿਆਂ ਉਸ ਨੇ ਮਾਣ ਨਾਲ ਮੁੱਛਾਂ ‘ਤੇ ਹੱਥ ਫੇਰੇ ਸਨ।
“ਬਾਬਾ ਉਹ ਮੁੜ ਕਦੇ ਨਈਂ ਮਿਲੀ?”
“ਮਿਲੀ ਸੀ ਇਕ ਵਾਰ ਤਰਨਤਾਰਨ ਦੀ ਮੱਸਿਆ ਉੱਤੇ। ਕੋਈ ਪੰਜ ਕੁ ਸਾਲਾਂ ਦੇ ਬਾਅਦ। ਉਸ ਦੇ ਨਾਲ ਦੋ ਹੋਰ ਜਨਾਨੀਆਂ ਵੀ ਸੀ ਤੇ ਚਾਰ ਵੈਲੀ ਜਿਹੇ ਬੰਦੇ ਵੀ। ਮੈਨੂੰ ਮਿਲੀ ਤੇ ਆਖਣ ਲੱਗੀ – ਤੂੰ ਐਸਾ ਭੱਜਿਆ ਮੁੜ ਦਰਸ਼ਨ ਈ ਨਈਂ ਦਿੱਤੇ। ਮੈਂ ਝੂਠ ਬੋਲਿਆ ਕਿ ਮੈਂ ਬਾਡਰ ਤੇ ਫੜਿਆ ਗਿਆ ਸਾਂ.. ਤੇ ਇਸੇ ਕੇਸ ਵਿੱਚ ਸਜ਼ਾ ਹੋ ਗਈ ਸੀ। ਉਹ ਭੁਗਤਦਾ ਰਿਹਾ। ਅਜੇ ਕੱਲ੍ਹ ਈ ਬਰੀ ਹੋਇਆਂ। ਸੁੱਖਣਾ ਲ੍ਹੌਣ ਆਇਆਂ। ਫਿਰ ਉਹ ਮੈਨੂੰ ਕਿਸੇ ਦੇ ਘਰ ਲੈ ਗਈ। ਨਾਲ ਈ ਉਹ ਬੰਦੇ ਤੇ ਜਨਾਨੀਆਂ ਵੀ। ਸ਼ਰਾਬ ਦਾ ਦੌਰ ਚੱਲ ਪਿਆ। ਨਾਲੇ ਰੰਗ-ਰਲੀਆਂ। ਫਿਰ ਮੈਨੂੰ ਘਰ ਦੇ ਪਿਛਲੇ ਪਾਸੇ ਲਿਜਾ ਕੇ ਪੁੱਛਣ ਲੱਗੀ- ਉਹ ਗਾਗਰ? ਮੈਂ ਆਖਿਆ- ਮੈਂ ਤਾਂ ਏਧਰੋਂ ਜਾਂਦਾ ਈ ਫੜਿਆ ਗਿਆ ਸਾਂ। ਅਸੀਂ ਇਨ੍ਹਾਂ ਗੱਲਾਂ ਵਿੱਚ ਰੁੱਝੇ ਹੋਏ ਸਾਂ ਕਿ ਪੁਲਸ ਦੀ ਰੇਡ ਪੈ ਗਈ। ਮੈਨੂੰ ਪੁੱਤਰਾ ਇਕ ਵਾਰ ਫਿਰ ਕੰਧ ਟੱਪਣੀ ਪਈ। ਕੰਧ ਤਾਂ ਉਸ ਨੇ ਵੀ ਮੇਰੇ ਨਾਲ ਈ ਟੱਪੀ ਸੀ, ਪਰ ਰਾਤ ਦੇ ਹਨ੍ਹੇਰੇ ਵਿੱਚ ਮੈਂ ਹੋਰ ਪਾਸੇ ਨਿਕਲ ਗਿਆ ਤਾਂ ਉਹ ਕਿਸੇ ਹੋਰ ਪਾਸੇ।” ਗੱਲ ਮੁਕਾਉਂਦਿਆਂ ਉਸ ਨੇ ਲੰਬਾ ਠੰਡਾ ਹਉਕਾ ਭਰਿਆ ਸੀ।
ਇਕ ਵਾਰ ਭਰ ਸਿਆਲ ਵਿੱਚ ਉਹ ਆਇਆ ਤਾਂ ਮੈਂ ਉਸ ਨੂੰ ਰੋਟੀ ਖਿਲਾਉਣ ਤੋਂ ਬਾਅਦ ਸਵਾਲ ਕੀਤਾ ਸੀ, “ਤੁਸੀਂ ਆਪਣੇ ਆਪ ਨੂੰ ਖੰਡ ਦੇ ਖਿਡੌਣਿਆਂ ਵਾਲਾ ਕਿਉਂ ਕਹਿੰਦੇ ਓ?”
ਇਹ ਸਵਾਲ ਸੁਣ ਕੇ ਉਹਦਾ ਚਿਹਰਾ ਖਿੜ੍ਹ ਪਿਆ ਸੀ।
“ਚੱਕਰ ਇਹ ਚੱਲਿਆ ਸੀ ਪੁੱਤਰਾ! ਲੈ ਮੈਂ ਪ੍ਹੈਲਾਂ ਤੈਨੂੰ ਲੈਲਪੁਰ ਦੀ ਕਵਿਤਾ ਸਣੌਂਦਾ।” ਏਨਾ ਆਖ ਉਸ ਨੇ ਖੱਬਾ ਹੱਥ ਕੰਨ ਉੱਤੇ ਟਿਕਾ ਲਿਆ ਸੀ ਤੇ ਸੱਜੇ ਹੱਥ ਨੂੰ ਉੱਪਰ ਵਲ ਉਠਾਂਦਿਆਂ ਗੌਣ ਲੱਗ ਪਿਆ ਸੀ। ਕਿਸੇ ਬੈਂਤ ਦੇ ਬੰਦ ਸਨ ਇਹ।
“ਲਾਮ ਲੈਲਪੁਰ ਦੇ ਵਿੱਚ ਜੋ ਹੋਈ ਚੋਰੀ, ਕੋਈ ਬਾਤ ਨਈਂ ਕ੍ਹੈਣ-ਕਹੌਣ ਵਾਲੀ।
ਬਈ ਓ ਸ਼ੀਸ਼ੇ ਭੰਨ ਕੇ ਬੋਤਲਾਂ ਚੂਰ ਕਰ ਗਏ, ਬੈਟਰੀ ਲੈ ਗਏ ਰਾਤ ਜਗੌਣ ਵਾਲੀ।”
ਉਸ ਨੇ ਅੱਖਾਂ ਮੀਟੀਆਂ ਹੋਈਆਂ ਸਨ। ਉਸ ਦਾ ਪੂਰਾ ਸਰੀਰ ਮਸਤੀ ਵਿੱਚ ਡੁੱਬਾ ਹੋਇਆ ਸੀ। ਕਮਾਲ ਦੀ ਅਵਾਜ਼ ਸੀ.. ਤੇ ਉਹ ਗੌਣ ਨੂੰ ਡੁੱਬ ਕੇ ਗਾ ਰਿਹਾ ਸੀ: ਧੁਰ ਦਿਲੋਂ।
“ਬਈ ਉਏ ਇਕ ਸੋਟੀ ਦੇ ਨਾਲ ਰੁਮਾਲ ਲੈ ਗਏ, ਦਰੀ ਲੈ ਗਏ ਨੇਂ ਹੇਠ ਵਛੌਣ ਵਾਲੀ।
ਸੁਣਿਆ ਇਕ ਕਲਮ ਦੇ ਨਾਲ ਦਵਾਤ ਲੈ ਗਏ, ਕਾਪੀ ਲੈ ਗਏ ਨੇ ਬੈਂਤ ਲਖੌਣ ਵਾਲੀ।
ਕਰਤਾਰ ਸਿੰਘ ਕੈਂਹਦਾ ਲੈ ਗਏ ਜਾਂਦਿਆ ਵੇ, ਕੁੰਜੀ ਇਸ਼ਕ ਬਜਾਜੀ ਨੂੰ ਲੌਣ ਵਾਲੀ।”
ਇਹ ਆਖ ਉਹ ਫੁੱਲੇ ਹੋਏ ਸਾਹ ਨੂੰ ਸੂਤਰ ਕਰਨ ਦੇ ਲਈ ਚੁੱਪ ਹੋ ਕੇ ਮੈਨੂੰ ਗਹੁ ਨਾਲ ਵੇਖਦਾ ਰਿਹਾ ਸੀ। ਸ਼ਾਇਦ ਇਹ ਭਾਂਪ ਰਿਹਾ ਸੀ ਕਿ ਉਸ ਦੇ ਨਵੇਂ ਰੰਗ ਦਾ ਸਰੋਤੇ ‘ਤੇ ਕਿੰਨਾ ਕੁ ਅਸਰ ਪਿਆ ਏ।
“ਵਾਹ ਬਈ ਵਾਹ!” ਉਸ ਦੀਆਂ ਨਜ਼ਰਾਂ ਦੀ ਖਾਮੋਸ਼ ਮੰਗ ਪੂਰੀ ਕਰਦਿਆਂ ਮੈਂ ਆਖਿਆ ਸੀ।
“ਇਹ ਬੈਂਤ ਮੈਂ ਆਪ ਜੋੜੀ ਆ ਪੁੱਤਰਾ। ਬੜੇ ਛੰਦ ਜੋੜੇ ਆ ਮੈਂ। ਭਾਵੇਂ ਹਜ਼ਾਰ ਸੁਣ ਲਓ ਮੇਰੇ ਕੋਲੋਂ।” ਉਹ ਇਕ ਮਾਣ ਜਿਹੇ ਵਿੱਚ ਬੋਲਿਆ ਸੀ।
ਬਿਨਾ ਸ਼ੱਕ ਬਾਬੇ ਨੇ ਕਿਸੇ ਹੋਰ ਦੇ ਲਿਖੇ ਬੈਂਤ ਦੀ ਆਖਰੀ ਸਤਰ ਵਿੱਚ ਬਸ ਆਪਣਾ ਨਾਂ ਹੀ ਠੋਕਿਆ ਸੀ।
“ਉਹ ਖੰਡ ਦੇ ਖਡੌਣਿਆਂ ਵਾਲੀ ਗੱਲ?” ਮੈਂ ਆਪਣਾ ਸਵਾਲ ਦੁਹਰਾਇਆ ਸੀ।
ਉਸ ਨੇ ਹਲਕਾ ਜਿਹਾ ਖੰਘ ਕੇ ਚਾਅ ਜਿਹੇ ਵਿੱਚ ਗੱਲ ਸ਼ੁਰੂ ਕਰ ਲਈ ਸੀ, “ਮੈਂ ਪਿੰਡ-ਪਿੰਡ ਜਾ ਕੇ ਖੰਡ ਦੇ ਖਡੌਣੇ ਵੇਚਦਾ ਰਿਹਾਂ ਆਂ। ਇਹ ਖੰਡ ਦੇ ਖਡੌਣੇ ਤਾਂ ਐਵੇਂ ਇਕ ਬਹਾਨਾ ਸੀ ਪੁੱਤਰਾ, ਅਸਲ ਵਿੱਚ ਮੈਂ ਸ਼ਰਾਬ ਵੇਚੀ ਆ: ਪੰਝੀ ਤੀਹ ਸਾਲ਼ ਬੜਾ ਕੁੱਤਾ ਕੰਮ ਆ ਇਹ ਵੀ। ਪੁਲਸ ਦੇ ਸੂਹੀਆਂ ਤੋਂ ਬਚਣਾ ਪੈਂਦਾ। ਪੁਲਸ ਦਾ ਹਿੱਸਾ-ਪੱਤੀ ਨਾ ਰੱਖੋ ਤਾਂ ਉਹ ਚੁੱਕ ਕੇ ਲੈ ਜਾਂਦੀ ਆ। ਬਥੇਰੀ ਕੁੱਟ ਖਾਧੀ ਆ ਪੁੱਤਰਾ। ਪਰ ਹੋਰ ਕਰਦੇ ਵੀ ਕੀ?”
ਉਹ ਮੈਨੂੰ ਸਵਾਲੀਆ ਨਜ਼ਰਾਂ ਨਾਲ ਘੂਰਦਿਆਂ ਬੋਲਿਆ ਸੀ।
“ਪਾਕਸਤਾਨੋਂ ਉੱਜੜ ਕੇ ਆਏ ਸਾਂ। ਕੁਝ ਤਾਂ ਕਰਨਾ ਈ ਸੀ। ਓਸ ਬੰਦੇ ਖਾਣੀ ਰੰਨ ਕੋਲੋਂ ਭੱਜ ਕੇ ਮੈਂ ਇਕ-ਦੋ ਸਾਲ ਛੋਟੀਆਂ-ਮੋਟੀਆਂ ਚੋਰੀਆਂ ਵੀ ਕੀਤੀਆਂ। ਫਿਰ ਦੋ ਕੁ ਵਾਰ ਪੁਲਸ ਤੋਂ ਗਿੱਦੜ-ਕੁੱਟ ਵੀ ਖਾਧੀ। ਆਖਰ ਭਾਊ ਮੈਂ ਸੋਚਿਆ ਕਿ ਆਪਣੇ ਕੰਮ ਨਾਲ ਦੀ ਕੋਈ ਰੀਸ ਨਈਂ। ਫਿਰ ਮੈਂ ਦਾਰੂ ਵੇਚਣੀ ਸ਼ੁਰੂ ਕਰ ਦਿੱਤੀ। ਮੈਂ ਤੀਹ ਸਾਲ ਹੋਕਾ ਦੇ ਕੇ ਦਾਰੂ ਵੇਚੀ ਆ ਪੁੱਤਰਾ।”
“ਹੋਕਾ ਦੇ ਕੇ!” ਮੈਂ ਹੈਰਾਨ ਹੁੰਦਿਆਂ ਪੁੱਛਿਆ ਸੀ।
“ਆਹੋ ਭਾਊ ਹੋਕਾ ਦੇ ਕੇ। ਦਾਰੂ ਤਾਂ ਬਥੇਰੇ ਵੇਚਦੇ ਹੋਣਗੇ, ਪਰ ਤੂੰ ਕਿਸੇ ਨੂੰ ਨਜਾਇਜ਼ ਦਾਰੂ ਹੋਕਾ ਦੇ ਕੇ ਵੇਚਦਿਆਂ ਵੇਖਿਆ?” ਉਸ ਨੇ ਮਾਣ ਵਿੱਚ ਸਵਾਲ ਕੀਤਾ।
“ਨਹੀਂ।” ਮੈਂ ਨਾਂਹ ਵਿੱਚ ਸਿਰ ਮਾਰਿਆ ਸੀ।
“ਲੈ ਮੈਂ ਤੈਨੂੰ ਉਹ ਹੋਕਾ ਸਣੌਂਦਾਂ। ਇਹ ਵੀ ਮੇਰਾ ਆਪਣਾ ਜੋੜਿਆ।”
ਉਹ ਬਚਕਾਨੇ ਜਿਹੇ ਚਾਅ ਨਾਲ ਲੰਬੀ ਹੇਕ ਲਾ ਕੇ ਗਾਉਣ ਲੱਗ ਪਿਆ ਸੀ –
“ਠੰਡੀਆਂ-ਮਿੱਠੀਆਂ ਗੋਲੀਆਂ ਤੇ ਖੰਡ ਦੇ ਖਡੌਣੇ।
ਓਹ ਲੈ ਲੋ ਤਾਂ ਬ੍ਹੌਤਾ ਚੰਗਾ, ਨਈਂ ਤਾਂ ਭਲਕੇ ਬਾਅਦ ਔਣੇ।
ਬੱਗੇ ਵਾਲਾ ਆ ਗਿਆ ਤੇ ਸਸਤਾ ਮਾਲ ਲੁਟਾ ਗਿਆ।
ਪੰਜੀ ਦੀਆਂ ਪੰਜ ਗੋਲੀਆਂ ਤੇ ਦਸੀ ਦੀਆਂ ਯਾਰ੍ਹਾਂ।
ਤੇ ਜਿਦ੍ਹੇ ਕੋਲ ਪੈਸੇ ਨਈਂ ਪਰਸ਼ਾਦ ਮੁਫਤ॥
ਨਿਆਣਿਆਂ ਲਈ ਗੋਲੀਆਂ ਓਏ ਵੀਰਾਂ ਲਈ ਖੰਡ ਦੇ ਖਡੌਣੇ।
ਓਏ ਬੀਬੀਆਂ ਲਈ ਅਮਰੇ ਗਲੀਚੇ… ਤੇ ਸੂਟਾਂ ਲਈ ਕੱਪੜੇ।
ਇਹ ਰੰਗ ਫਿੱਕੇ ਤਾਂ ਦੂਜੇ ਗੇੜੇ ਵਧੀਆ ਆ ਜਾਣਗੇ।”
ਮੈਂ ਉਸ ਦੀ ਸਿਫਤ ਕਰਨੀ ਚਾਹੁੰਦਾ ਸਾਂ, ਪਰ ਉਸ ਨੇ ਮੈਨੂੰ ਵਕਤ ਹੀ ਨਾ ਦਿੱਤਾ।
“ਪੁੱਤਰਾ ਸੈਕਲ ਤੇ ਟਿਊਬਾਂ ਰੱਖ ਲੈਣੀਆਂ ਭਰ ਕੇ। ਉੱਤੇ ਗਲੀਚੇ ਤੇ ਦਰੀਆਂ। ਮੈਨੂੰ ਤਾਂ ਸੌ ਪਿੰਡਾਂ ਦੇ ਲੋਕ ਅੱਜ ਵੀ ਜਾਣਦੇ ਹੋਣੇ ਆਂ। ਕਿਸੇ ਨੂੰ ਪੁੱਛ ਲਓ ਕਰਤਾਰ ਸੂੰ ਖੰਡ ਦੇ ਖਡੌਣਿਆਂ ਵਾਲੇ ਨੂੰ ਮਿਲਣਾ, ਅਗਲਾ ਪੂਰਾ ਡਰੈੱਸ ਦਊ।” ਉਹ ਮਾਣ ਵਿਚ ਸਿਰ ਉਠਾਂਦਿਆਂ ਬੋਲਿਆ ਸੀ।
“ਤੁਸੀਂ ਦਰੂ ਕੱਢਦੇ ਵੀ ਆਪ ਈ ਹੁੰਦੇ ਸੀ?” ਮੈਂ ਅਗਾਂਹ ਜਾਨਣ ਲਈ ਸਵਾਲ ਕੀਤਾ ਸੀ।
“ਦਾਰੂ ਤਾਂ ਮੈਂ ਦਸ-ਯਾਰਾਂ ਸਾਲ ਦੀ ਉਮਰ ਤੋਂ ਈ ਕੱਢਦਾਂ। ਪਰ ਜਿੰਨੀ ਦੇਰ ਵੇਚੀ, ਮੈਂ ਆਪ ਨਈ ਕੱਢੀ। ਕੱਲਾ ਬੰਦਾ ਸਾਂ ਕਿੱਥੇ-ਕਿੱਥੇ ਹੁੰਦਾ? ਬਥੇਰੀ ਮਿਲ ਜਾਂਦੀ ਸੀ ਕੱਢੀਉ। ਉਦ੍ਹੋਂ ਹਰੀਕੇ ਪੱਤਣ ਤੇ ਪੁਲ਼ ਨਈਂ ਸੀ ਬਣਿਆ। ਮੈਂ ਬੱਗੇ ਪਿੰਡ ਰਹਿੰਦਾ ਸਾਂ ਆਪਣੇ ਭਰਾ ਕੋਲ਼”

… ਤੇ ਬਾਬੇ ਨੇ ਆਪਣਾ ਸਰਾਬਨਾਮਾ ਸ਼ੁਰੂ ਕਰ ਲਿਆ ਸੀ।
“ਗੋਇੰਦਵਾਲੋਂ ਚੁੱਕਣੀਂ ਦੋ ਰੁਪਏ ਬੋਤਲ, ਚੁੱਕ ਕੇ ਪਿੰਡੀਆਂ, ਬਿਹਾਰੀਪੁਰ, ਨਾਗੋਕੇ, ਖਡੂਰ ਸਾਹਿਬ, ਸਕਿਆਵਲੀ, ਪਰਾਂ ਸੁਧਾਰ ਨੂੰ ਚਲੇ ਜਾਣਾ। ਮਹੀਨਾ ਕੁ ਇੱਥੇ ਲੌਣਾ। ਫਿਰ ਮੈਂ ਚਲੇ ਜਾਣਾ ਮਜੀਠਾ ਥਾਣੇ ਵਿੱਚ। ਬਾਠਾਂ ਖਤਰਾਵਾਂ ਨਿਕਲਦੀ ਸੀ ਖੁੱਲ੍ਹੀ। ਓਥੋਂ ਚੁੱਕ ਕੇ ਸਹਿੰਸਰੇ ਤਿੰਨੇ, ਜਗਦੇਅ, ਲੁਹਾਰਕਾ, ਰਾਜਾਸ਼ਸੀ ਵੀ ਚਲੇ ਜਾਣਾ। ਨੰਗਲ ਤੱਕ। ਜਿੱਥੇ ਰਾਤ ਪੈ ਜਾਣੀ ਓਥੇ ਰੈਹ ਜਾਣਾ। ਮਹੀਨਾ ਕੁ ਏਧਰ ਰਹਿਣਾ। ਫਿਰ ਮੈਂ ਪਹੁੰਚ ਜਾਣਾ ਝਬਾਲ ਥਾਣੇ। ਓਥੇ ਢੰਡ ਕਸੇਲ ਵਾ੍ਹਵਾ ਨਿਕਲਦੀ ਸੀ। ਓਥੋਂ ਚੁੱਕਣੀ ਬਾਸਰਕੇ, ਗੁਮਾਨਪੁਰਾ, ਗੁਰੂ ਕੀ ਵਡਾਲੀ, ਮਾਹਲਾਂ, ਘੰਨੂਪੁਰ-ਕਾਲੇ, ਖੈਰਾਬਾਦ ਮਾੜੀ, ਹੇਰ ਕੰਬੋ ਤੱਕ ਵੇਚਣੀ। ਇੱਥੇ ਈ ਰਾਤ ਨੂੰ ਸੌਂ ਜਾਣਾ। ਫਿਰ ਮੈਂ ਦੋ ਚਾਰ ਦਿਨ ਹੋਰ ਕੰਬੋ ਰਹਿ ਕੇ ਮੈਂ ਆਪਣੇ ਇਲਾਕੇ ਵਿੱਚ ਆ ਜਾਣਾ। ਜ਼ਿਲ੍ਹਾ ਜਲੰਧਰ ਵਿੱਚ ਸ਼ਾਹਕੋਟ ਦੇ ਪਿੰਡ ਬੱਗੇ। ਇੱਥੇ ਬ੍ਹੌਤ ਅੱਡੇ ਸੀ। ਦਰਿਆ ਵਗਦਾ ਸੀ ਫਲੌਰ ਵਾਲਾ। ਲੋਕ ਮਹੀਨਾ ਭਰਦੇ ਸੀ… ਤੇ ਡਰੰਮਾਂ ਵਿੱਚ ਕੱਢਦੇ ਸੀ। ਦੋ ਰੁਪਏ ਬੋਤਲ ਚੁੱਕਣੀ ਤੇ ਨਕੋਦਰ ਤੇ ਸ਼ਾਹਕੋਟ ਦੇ ਸਾਰੇ ਪਿੰਡਾਂ ਵਿੱਚ ਵੇਚਣੀ। ਕਦੇ ਸ਼ੇਖ ਮਾਂਗੇ ਤੋਂ ਚੁੱਕਣੀ ਕਦੇ ਭਰੋਆਣੇ ਤੋਂ, ਕਦੇ-ਕਦੇ ਦਾਰੇਆਲ ਤੇ ਤਕੀਆ ਪਿੰਡ ਤੋਂ ਵੀ ਚੁੱਕ ਲੈਣੀ।”
ਇਹ ਸਭ ਨੂੰ ਉਹ ਅਹਿਮ ਪਰਾਪਤੀਆਂ ਵਾਂਗ ਇਕ ਮਾਣ ਜਿਹੇ ਵਿੱਚ ਦੱਸੀ ਗਿਆ ਸੀ।
“ਬਾਬਾ ਸ਼ਰਾਬ ਵੇਚਦਾ ਤੂੰ ਹੇਰ-ਕੰਬੋ ਬੜਾ ਜਾਂਦਾ ਸੀ। ਕੀ ਗੱਲ ਸੀ?”
ਇਹ ਸਵਾਲ ਸੁਣ ਉਹ ਉੱਚੀ-ਉੱਚੀ ਹੱਸਣ ਲੱਗ ਪਿਆ ਸੀ।
“ਡਾਢ੍ਹਾ ਖਚਰਾ ਏ ਤੂੰ! ਵਕੀਲ ਬਣ ਸਕਦੈ। ਕਮਾਲ ਦਾ ਨੁਕਤਾ ਕੱਢਿਆ। ਅਸਲ ਵਿੱਚ ਓਥੇ ਇਕ ਬੰਦਾ ਸੀ: ਦਾਰੂ ਦਾ ਬੜਾ ਸ਼ੁਕੀਨ। ਸਰਦਾਰੀਆਂ ਮਾਣੀਆਂ ਸੀ ਉਸ ਨੇ ਵੀ ਕਦੇ। ਉਹ ਵੀ ਓਦਰੋਂ ਈ ਉੱਜੜ ਕੇ ਆਇਆ ਸੀ। ਸਾਡੇ ਵਾਂਗਰਾਂ ਸਭ ਕੁਝ ਲੁਟਾ ਕੇ। ਜਨਾਨੀ ਬੜੀ ਆਲਾ ਸੀ ਉਸ ਦੀ। ਮੇਰਾ ਇਮਾਨ ਡੋਲ ਗਿਆ ਪੁੱਤਰਾ। ਮੈਂ ਪਹਿਲਾਂ ਤਾਂ ਪਤੀ ਨੂੰ ਮੁਫਤ ਦੀ ਦਾਰੂ ਪਿਲਾ ਕੇ ਪੱਟਿਆ, ਫਿਰ ਉਸ ਦੀ ਜਨਾਨੀ ਨੂੰ। ਮੈਂ ਸੁੱਕੀ ਦਾਰੂ ਦੀ ਇਕ ਬੋਤਲ ਵੱਖਰੀ ਈ ਟੰਗ ਲੈਣੀ ਸੈਕਲ ਦੇ ਹੈਂਡਲ ਨਾਲ਼ ਉਸ ਦੇ ਪਤੀ ਨੇ ਪੈੱਗ ਤੇ ਪੈੱਗ ਭਰ-ਭਰ ਚਾੜੀ ਜਾਣੇ। ਨਾਲੇ ਰੋਈ ਜਾਣਾ। ਆਪਣੀਆਂ ਗੁਆਚੀਆਂ ਸਰਦਾਰੀਆਂ ਤੇ ਟੌਹਰਾਂ ਨੂੰ ਯਾਦ ਕਰਕੇ। ਉਸ ਦੀ ਭੈਣ ਮੁਸਲਿਆਂ ਨੇ ਗੱਡੇ ਵਿੱਚੋਂ ਧੂਹ ਲਈ ਸੀ। ਬ੍ਹੌਤਾ ਤਾਂ ਏਹੀ ਦੁੱਖ ਸੀ ਉਸ ਨੂੰ।”
ਮੈਨੂੰ ਉਸ ਪਲ ਆਪਣਾ ਬਾਬਾ ਯਾਦ ਆਇਆ ਸੀ।
ਦਾਦੀ ਦੱਸਦੀ ਹੁੰਦੀ ਸੀ ਕਿ ਸੰਤਾਲੀ ਦੇ ਰੌਲਿਆਂ ਵੇਲੇ ਪਿੰਡਾਂ ਨੂੰ ਲੁੱਟਦਾ ਜਦੋਂ ਸੰਤ ਹਰੀ ਸਿੰਘ ਦਾ ਜਥਾ ਸਾਡੇ ਪਿੰਡ ਦੀ ਜੂਹ ਵਿੱਚ ਪਹੁੰਚਿਆ ਸੀ ਤਾਂ ਬਾਬੇ ਨੇ ਆਪਣੇ ਅਸਰ-ਰਸੂਖ ਨਾਲ ਉਹ ਜਥਾ ਵਾਪਸ ਮੋੜ ਦਿੱਤਾ ਸੀ। ਉਸ ਨੇ ਆਪਣੇ ਪਿੰਡ ਵਿਚ ਕੋਈ ਵੀ ਮੁਸਲਮਾਨ ਕਤਲ ਨਹੀਂ ਸੀ ਹੋਣ ਦਿੱਤਾ। ਤੇ ਉਹਨਾਂ ਦੇ ਮੂਹਰੇ ਲੱਗ ਕੇ ਸਹੀ ਸਲਾਮਤ ਕੈਂਪ ਤੱਕ ਛੱਡ ਕੇ ਆਇਆ ਸੀ: ਹਾਲਾਂਕਿ ਦੋ ਦਿਨ ਪਹਿਲਾਂ ਹੀ ਉਸ ਨੂੰ ਇਕ ਮਨਹੂਸ ਖਬਰ ਮਿਲੀ ਸੀ। ਉਸ ਦੀ ਇੱਕੋ-ਇਕ ਭੈਣ ਸ਼ੇਖੂਪੁਰੇ ਦੇ ਕਿਸੇ ਚੱਕ ਵਿੱਚ ਵਿਆਹੀ ਹੋਈ ਸੀ। ਉਹ ਸਾਰਾ ਚੱਕ ਹੀ ਕਤਲ ਕਰ ਦਿੱਤਾ ਗਿਆ ਸੀ। ਬਹੁਤੀਆਂ ਔਰਤਾਂ ਉਧਾਲ ਲਈਆਂ ਗਈਆਂ ਸਨ। ਉਹਨਾਂ ਵਿੱਚ ਮੇਰੇ ਬਾਬੇ ਦੀ ਭੈਣ ਵੀ ਸੀ।
ਇਹ ਹਾਦਸਾ ਬਾਬੇ ਦੇ ਧੁਰ ਅੰਦਰ ਤੱਕ ਲਹਿ ਗਿਆ ਸੀ। ਉਹ ਕਈ ਵਾਰ ਸੁੱਤਾ ਪਿਆ ਅੱਭੜਵਾਹੇ ਉੱਠ ਪੈਂਦਾ.. ਤੇ ਆਪਣੀ ਭੈਣ ਨੂੰ ਚੀਕ-ਚੀਕ ਕੇ ਅਵਾਜ਼ਾਂ ਮਾਰਦਾ ਹੋਇਆ, ਦਰਵਾਜ਼ਾ ਖੋਹਲ ਕੇ ਗਲੀ ਵਿੱਚ ਚਲਾ ਜਾਂਦਾ ਹੁੰਦਾ ਸੀ। ਅਸੀਂ ਬੱਚੇ ਵੀ ਚੀਕ-ਚਿਹਾੜਾ ਪਾਉਣ ਲੱਗ ਪੈਂਦੇ। ਉਦੋਂ ਸਾਨੂੰ ਉਸ ਦੇ ਦਰਦ ਦੀ ਸਮਝ ਨਹੀਂ ਸੀ। ਪਰ ਹੌਲੀ-ਹੌਲੀ ਮੈਂ ਉਸ ਦੇ ਦਰਦ ਨੂੰ ਮਹਿਸੂਸ ਕਰਨ ਲੱਗ ਪਿਆ ਸਾਂ।
ਮੌਤ ਤੱਕ ਡਾਹਡਾ ਉਦਾਸ ਰਿਹਾ ਸੀ।
ਬਾਬਾ ਕਰਤਾਰ ਸਿੰਘ ਪਲ ਕੁ ਲਈ ਚੁੱਪ ਕੀਤਾ ਤੇ ਫਿਰ ਮੁਸਕਾ ਕੇ ਬੋਲਿਆ ਸੀ, “ਉਸ ਨੇ ਉਦੋਂ ਤੱਕ ਪੀਈ ਜਾਣੀ ਜਦ ਤੱਕ ਬੇਸੁਰਤ ਨਾ ਹੋ ਜਾਣਾ। ਫਿਰ ਤਾਂ ਸਾਰੀ ਰਾਤ ਈ ਆਪਣੀ ਹੁੰਦੀ ਸੀ; ਮੁੰਨੇਰੇ ਤੱਕ ਰੱਜ ਕੇ ਬੁੱਲੇ ਲੁੱਟਣੇ। ਇਸ਼ਕ ਵਿੱਚ ਕਈ ਪਾਪੜ ਵੇਲਣੇ ਪੈਂਦੇ ਆ ਭਾਊ। ਮੇਰੇ ਵੰਡੇ ਤਾਂ ਮਸਾਂ ਚਾਰ ਕਨਾਲਾਂ ਜ਼ਮੀਨ ਈ ਔਂਦੀ ਸੀ। ਏਡੇ ਗਰੀਬ ਜੱਟ ਦੇ ਪੁੱਤ ਨੂੰ ਕੁੜੀ ਭਲਾ ਕਿਸ ਨੇਂ ਦੇਣੀ ਸੀ? ਉਦੋਂ ਤਾਂ ਵੈਸੇ ਈ ਕੁੜੀਆਂ ਦਾ ਕਾਲ ਪਿਆ ਹੋਇਆ ਸੀ। ਜਵਾਨੀ ਵਿੱਚ ਬੁੱਤਾ ਸਾਰਨਾ ਈ ਪੈਂਦਾ। ਪਿਆਸੇ ਕਿਤੇ ਮਰਿਆ ਜਾਂਦਾ?”
“ਬਾਬਾ ਜੀ ਦਾਰੂ ਵੇਚਣੀ ਕਦੋਂ ਛੱਡੀ?”
“ਛੱਡੀ ਕੀ ਅਗਲਿਆਂ ਛੁਡਵਾ ਦਿੱਤੀ।” ਉਹ ਹੱਸ ਕੇ ਬੋਲਿਆ ਸੀ।
“ਕਿਨ੍ਹਾਂ ਨੇ?” ਉਂਝ ਮੈਂ ਉਸ ਦੇ ਕਹਿਣ ਦਾ ਅੱਧਾ ਕੁ ਭਾਵ ਤਾਂ ਸਮਝ ਗਿਆ ਸੀ।
“ਮੁੰਡਿਆਂ ਨੇ। ਉਹਨਾਂ ਮੇਰਾ ਸਾਥੀ ਮਾਰ ਦਿੱਤਾ। ਜਿਉਣਾ ਸਾਂਸੀ। ਮੈਂ ਸਾਂ ਛੋਹਲਾ। ਦੂਰੋਂ ਵੇਖ ਲਏ ਤੇ ਸੈਕਲ ਨੈਹਰ ਵਿੱਚ ਰੋੜ ਆਪ ਚੜ ਗਿਆ ਪਿੱਪਲ ਉੱਤੇ। ਰੈਲਾਂ ਜਿਹਾ ਸਾਂ। ਜਿਉਣਾ ਸੀ ਵਾ੍ਹਵਾ ਮੋਟਾ-ਠੁੱਲਾ। ਉਹਨਾਂ ਆ ਘੇਰਿਆ। ਜੱਟਾਂ ਵਾਲਾ ਜਿਗਰਾ ਸੀ ਸਾਂਸੀ ਵਿੱਚ। ਜਿਉਣੇ ਦੇ ਹੱਥ ਵਿੱਚ ਦਾਤਰ ਸੀ। ਉਸ ਨੇ ਉਹੀ ਵਗਾਵਾਂ ਮਾਰਿਆ। ਮੈਂ ਸਾਰਾ ਕੁਛ ਦੇਖੀ ਜਾ ਰਿਹਾ ਸਾਂ। ਡਰ ਨਾਲ ਮੇਰੀ ਦੰਦੋਕੜੀ ਪਈ ਵੱਜਦੀ ਸੀ। ਉਹ ਜੇ ਇੱਕ-ਅੱਧੇ ਦੇ ਵੱਜ ਜਾਂਦਾ ਪੁੱਤਰਾ ਤਾਂ…। ਪਰ ਉਹ ਬਚ ਗਏ। ਉਹ ਦੋ ਜਣੇ ਸੀ। ਉਹਨਾਂ ਉਸ ਦੇ ਲੱਤਾਂ ਵਿੱਚ ਬਰੱਸਟ ਮਾਰਿਆ। ਜਿਉਣਾ ਥਾਏਂ ਡਿੱਗ ਪਿਆ। ਇਕ ਸਿੰਘ ਨੇ ਉਸ ਦੀ ਛਾਤੀ ਉੱਤੇ ਪੈਰ ਰੱਖ ਕੇ ਪੁੱਛਿਆ – ਉਹ ਖੰਡ ਦੇ ਖਡੌਣਿਆਂ ਵਾਲਾ ਤੇਰਾ ਸਾਥੀ ਕਿੱਥੇ ਆ? ਮੈਂ ਤਾਂ ਉਸ ਵੇਲੇ ਡਿਗਣ ਈ ਲੱਗਾ ਸਾਂ। ਮੈਂ ਟਾ੍ਹਣ ਨੂੰ ਘੁੱਟ ਕੇ ਜੱਫਾ ਪਾ ਲਿਆ। ਕੰਬੀ ਜਾਂਵਾਂ। ਮੂਤ ਨਿਕਲਣ ਨੂੰ ਫਿਰੇ। ਪਰ ਜਿਉਣੇ ਨੇ ਆਖਿਆ – ਮੈਂ ਨਈਂ ਜਾਣਦਾ ਕਿਸੇ ਨੂੰ। ਸਦਕੇ ਜਾਵਾਂ ਉਸ ਸ਼ੇਰ ਦੇ। ਉਹਨਾਂ ਵਿੱਚੋਂ ਮੱਧਰਾ ਜਿਹਾ ਸਿੰਘ ਬੋਲਿਆ – ਉਏ ਸਾਂਸੀਆ ਤੈਨੂੰ ਕਿੰਨੀ ਵਾਰੀ ਸੁਨ੍ਹਾਂ ਘੱਲੇ ਕਿ ਇਹ ਗੁਰਾਂ ਦੀ ਧਰਤੀ ਏ। ਇੱਥੇ ਆਹ ਕੁੱਤੇ ਕੰਮ ਨਾ ਕਰਿਆ ਕਰੋ। ਅੱਗੋਂ ਜਿਊਣਾ ਗਾਲ੍ਹ ਕੱਢ ਕੇ ਬੋਲਿਆ – ਮੇਰੇ ਕੋਲ ਕਿਹੜੀਆਂ ਪਿਓ ਵਾਲੀਆਂ ਪੈਲੀਆਂ ਨੇ। ਮੈਂ ਹੋਰ ਕੀ ਕਰਦਾ? ਫਿਰ ਉਹਨਾਂ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਮੈਂ ਪਲ ਕੁ ਲਈ ਅੱਖਾਂ ਮੀਟ ਲਈਆਂ।” ਬਾਬੇ ਨੇ ਗੱਲ ਪੂਰੀ ਕਰਦਿਆਂ ਅੱਖਾਂ ਮੀਟ ਲਈਆਂ ਸੀ। ਥੋੜ੍ਹਾ ਉਦਾਸ ਹੋ ਕੇ ਪਲ ਕੁ ਲਈ ਚੁੱਪ ਕਰ ਗਿਆ ਸੀ।
“ਫਿਰ ਮੈਂ ਦੇਖਿਆ ਕਿ ਉਹਨਾਂ ਡਿਗੇ ਪਏ ਸੈਕਲ ਨਾਲੋਂ ਦਾਰੂ ਵਾਲੀ ਟਿਊਬ ਲਾਹੀ। ਇਕ ਬੰਦੇ ਨੇ ਚੋਲੇ ਦੀ ਜੇਬ ਵਿੱਚੋਂ ਗਲਾਸ ਕੱਢੇ ਤੇ ਟੂਟੀ ਖੋਲ੍ਹ ਕੇ ਦਾਰੂ ਪਾ ਲਈ। ਨੈਹਰ ਵਿੱਚੋਂ ਪਾਣੀ ਪਾ ਲਿਆ। ਇੱਕੋ ਡੀਕ ਵਿੱਚ ਪੀ ਗਏ। ਅੰਬਰ ਵਲ ਨੂੰ ਬਰੱਸਟ ਮਾਰਿਆ ਤੇ ਜਿਧਰੋਂ ਆਏ ਸੀ ਓਧਰ ਨੂੰ ਤੁਰ ਗਏ। ਬੜੀ ਦੇਰ ਬਾਅਦ ਮੈਂ ਹਿਠਾਂਹ ਉੱਤਰਿਆ। ਜਿਊਣੇ ਵਾਲਾ ਸੈਕਲ ਚੁੱਕਿਆ ਤੇ ਓਥੋਂ ਦੌੜ ਆਇਆ। ਉਸ ਦਿਨ ਤੋਂ ਬਾਅਦ ਨਾ ਦਾਰੂ ਪੀਤੀ ਨਾ ਵੇਚੀ। ਸੁਲਤਾਨਪੁਰ ਜਾ ਕੇ ਬਾਬਾ ਦਿਲਬਾਗ ਸੂੰ ਦੇ ਡੇਰਿਓਂ ਅੰਮ੍ਰਿਤ ਛਕ ਲਿਆ। ਕਲਗੀਆਂ ਵਾਲੇ ਦੇ ਲੱੜ ਲੱਗ ਗਏ। ਆਹ ਚੱਕਰ ਚੱਲਿਆ ਸੀ ਪੁੱਤਰਾ।” ਉਸ ਨੇ ਗੱਲ ਪੂਰੀ ਕਰਕੇ ਇਕ ਠੰਡਾ ਹਉਕਾ ਭਰਿਆ ਸੀ।
“ਉਹ ਰੋਕਣ ਵਾਲੇ ਕੌਣ ਸਨ?”
“ਰੱਬ ਜਾਣੇ! ਉਦੋਂ ਕਿੜ੍ਹਾ ਪਤਾ ਲੱਗਦਾ ਸੀ ਪੁੱਤਰਾ ਕਿ ਕਿੜ੍ਹਾ ਕੌਣ ਆ! ਸਿੰਘਾ ਦੀਆਂ ਸੂਰਤਾਂ ਵਿੱਚ ਪਤਾ ਨਈਂ ਕੌਣ-ਕੌਣ ਮਰੀ ਜਾਂਦਾ ਸੀ, ਮਾਰੀ ਜਾਂਦਾ ਸੀ। ਆਪ ਤਾਂ ਪਤਾ ਨਈਂ ਉਹ ਕੌਣ ਸਨ, ਪਰ ਮੈਨੂੰ ਗੁਰੂ ਵਾਲਾ ਬਣਾ ਗਏ। ਅੱਜ ਦਸ-ਬਾਰਾਂ ਸਾਲ ਹੋ ਗਏ ਹੋਣੇ ਮੈਨੂੰ ਸਿੰਘ ਬਣੇ ਨੂੰ।” ਉਸ ਨੇ ਮਾਣ-ਭਰੀ ਖੁਸ਼ੀ ਵਿੱਚ ਇਹ ਗੱਲ ਪੂਰੀ ਕੀਤੀ ਸੀ।
ਇਸ ਗੱਲਬਾਤ ਤੋਂ ਬਾਅਦ ਉਹ ਕਈ ਸਾਲ ਨਾ ਆਇਆ।
ਇਕ ਸ਼ਾਮ ਮੈਂ ਕਾਲਜੋਂ ਮੁੜਿਆ ਤਾਂ ਉਹ ਵਿਹੜੇ ਦੇ ਵਿਚਕਾਰ ਡੱਠੇ ਮੰਜੇ ਉੱਤੇ ਬੈਠਾ ਬਾਪੂ ਨਾਲ ਗੱਲਾਂ ਵਿੱਚ ਰੁੱਝਿਆ ਪਿਆ ਸੀ।
ਮੈਂ ਪੈਰ ਛੋਹੇ ਤਾਂ ਉਹ ਖਿੜ੍ਹ ਪਿਆ ਸੀ, “ਲਓ ਜੀ ਆ ਗਿਆ ਆਪਣਾ ਬੇਲੀ। ਤੂੰ ਸੱਜਣ ਸਿਆਂ ਹੁਣ ਕੋਈ ਕੰਮ-ਧੰਦਾ ਸਵਾਰ ਲੈ। ਮੈਂ ਪਾੜੂ ਨਾਲ ਦੁੱਖ-ਸੁਖ ਫੋਲ ਲਵਾਂ। ਪੈਲੀਆਂ ਵਲ ਗੇੜਾ ਮਾਰ ਔਂਦੇ ਆਂ। ਹੁਣ ਆਪਣੀ ਘੜੀ ਵਧੀਆ ਲੰਘ ਜਾਣੀ ਆ। ਇਸ ਦੇ ਨਾਲ ਮੇਰਾ ਵਾਵ੍ਹਾ ਕਰੂਰਾ ਰ੍ਹਲਦਾ।”
ਬਾਬੇ ਨੂੰ ਚਾਹ-ਪਾਣੀ ਛਕਾ ਕੇ ਮੈਂ ਖੇਤਾਂ ਵੱਲ ਲੈ ਤੁਰਿਆ ਸਾਂ।
“ਪੈਰ ਬ੍ਹੌਤਾ ਛੋਹਲਾ ਨਾ ਪੁੱਟੀਂ।” ਦਰੋਂ ਬਾਹਰ ਆਉਂਦਿਆਂ ਉਸ ਜ਼ਰੂਰੀ ਤਾਕੀਦ ਕੀਤੀ ਸੀ।
ਹੱਥ ਵਿੱਚ ਫੜੇ ਬਰਛੇ ਕੋਲੋਂ ਖੂੰਟੀ ਵਾਲਾ ਆਸਰਾ ਲੈਂਦਿਆਂ ਹੌਲੀ-ਹੌਲੀ ਕਦਮ ਪੁੱਟਦਾ ਉਹ ਮੇਰੇ ਨਾਲ-ਨਾਲ ਤੁਰਨ ਲੱਗਾ। ਉਸ ਦੀ ਚਾਲ ਵਿਚ ਵਕਤ ਨੇ ਇਕ ਹਲਕਾ ਜਿਹਾ ਲੰਗ ਭਰ ਦਿੱਤਾ ਸੀ। ਬਾਹਰਲੀ ਫਿਰਨੀ ਉੱਤੇ ਆਉਂਦਿਆਂ ਉਸ ਦੇ ਪੈਰ ਰੁਕ ਗਏ ਸਨ। ਉਸ ਨੇ ਬਰਛੇ ਦਾ ਡੰਡਾ ਆਪਣੇ ਮੋਢੇ ਨਾਲ ਲਾ ਲਿਆ ਸੀ। ਕੁਝ ਪਲ ਫੁੱਲੇ ਹੋਏ ਸਾਹਾਂ ਨੂੰ ਸੂਤਰ ਕਰਨ ਲਈ ਉਹ ਚੁੱਪ ਰਿਹਾ।
“ਬੜਾ ਪੁਰਾਣਾ ਅੰਬ ਆ ਬਈ ਏਹ!” ਉਸ ਨੇ ਛੱਪੜ ਕੰਢੇ ਖਵ੍ਹੇ ਵਿਸ਼ਾਲ ਤੇ ਬੁੱਢੇ ਅੰਬ ਨੂੰ ਬੁੱਢੀਆਂ ਅੱਖਾਂ ਨਾਲ ਘੂਰਦਿਆਂ ਅਚਾਨਕ ਆਖਿਆ ਸੀ।
“ਤਾਢ੍ਹਾ ਤਾਂ ਸਾਰਾ ਪਿੰਡ ਈ ਅੰਬਾਂ ਵਿੱਚ ਲੁਕਿਆ ਹੁੰਦਾ ਸੀ। ਸਾਰੇ ਦੁਆਬੇ ਵਿਚ ਬੜੇ ਈ ਅੰਬ ਸੀ। ਸੀਰੋਵਾਲ ਵਿੱਚ ਤਾਂ ਅੰਬ ਈ ਅੰਬ ਹੁੰਦੇ ਸੀ। ਅਸੀਂ ਬਰਸਾਤਾਂ ਨੂੰ ਇੱਥੇ ਵਾਂਢਾ ਕੱਟਣ ਔਣਾ।” ਇਹ ਆਖ ਉਹ ਤੁਰ ਪਿਆ ਸੀ।
“ਓਧਰ ਬਾਰ ਵਿੱਚ ਵੀ ਇਹ ਗੱਲ ਮਸ਼ਹੂਰ ਸੀ ਕਿ ਅੰਬਾਂ ਦੀ ਰੁੱਤੇ ਸੀਰੋਵਾਲੀਏ ਤੌੜੀਆਂ ਤਾਂ ਕੋਠਿਆਂ ਤੇ ਪੁੱਠੀਆਂ ਮਾਰ ਦਿੰਦੇ ਨੇ। ਨਾ ਕੋਈ ਦਾਲ, ਨਾ ਸਬਜ਼ੀ। ਇਨਾਂ ਆਖਣਾ ਕਿ ਪਰ੍ਹੌਣਾ ਆਇਆ, ਬਟੇਰੇ ਈ ਭੁੰਨ ਲਓ। ਕਈਆਂ ਨੇ ਤਾਂ ਸਗੋਂ ਖੁਸ਼ ਹੋ ਜਾਣਾ। ਪਤਾ ਉਦੋਂ ਲੱਗਣਾ ਜਦੋਂ ਚੁੱਲ੍ਹੇ ਵਿਚ ਅੰਬ ਭੁੰਨ ਕੇ ਉਹਨਾਂ ਦਾ ਘੋਲ ਜਿਹੇ ਨਾਲ ਭਰਿਆ ਮਲਾਂਜੀ ਦਾ ਛੰਨਾ ਅੱਗੇ ਧਰ ਦੇਣਾ।” ਏਨਾ ਆਖ ਉਹ ਖਿੜ-ਖਿੜ੍ਹਾ ਕੇ ਹੱਸ ਪਿਆ ਸੀ।
ਫਿਰ ਆਡ ਵਿੱਚ ਵਗਦੇ ਪਾਣੀ ਨੂੰ ਵੇਖ ਉਹ ਅਚਾਨਕ ਰੁਕ ਗਿਆ ਸੀ। ਪੱਗ ਦੇ ਪੇਚਾਂ ਵਿੱਚ ਫਸਾਈ ਪੋਟਲੀ ਕੱਢ ਲਈ ਸੀ।
“ਅਫੀਮ ਤਾਂ ਖਾਲਸ ਮਿਲਦੀ ਨਈਂ।” ਪੋਟਲੀ ਨੂੰ ਕੰਬਦੇ ਹੱਥਾਂ ਨਾਲ ਖੋਲ੍ਹਦਿਆਂ ਉਹ ਬੋਲਿਆ ਸੀ।
“ਭੁੱਕੀ ਨਾਲ ਈ ਬੁੱਤਾ ਰੇੜ੍ਹਨਾ ਪੈਂਦਾ।” ਇਹ ਆਖ ਉਸ ਨੇ ਭੁੱਕੀ ਦੀਆਂ ਕੁਝ ਚੁਟਕੀਆਂ ਤਲੀ ਉੱਤੇ ਰੱਖ ਲਈਆਂ ਤੇ ਭੁੱਕੀ ਦਾ ਫੱਕਾ ਮਾਰ ਕੇ ਝੁਕਦੇ ਹੋਏ ਆਡ ਵਿਚ ਵਗਦੇ ਪਾਣੀ ਵਿੱਚੋਂ ਬੁੱਕ ਭਰਕੇ ਪੀ ਲਿਆ ਸੀ।
“ਇਹ ਅੰਬ ਤਾਂ ਹਊ ਕੋਈ ਸੌ ਸਾਲ ਪੁਰਾਣਾ। ਤਦੇ ਤਾਂ ਬੋਹੜ ਨਾਲੋਂ ਵੀ ਘਣਾ ਤੇ ਭਾਰਾ ਆ। ਰੌਲਿਆਂ ਵੇਲੇ ਵੀ ਇਤ੍ਹਰਾਂ ਦਾ ਈ ਸੀ ਇਹ। ਸਾਂਝੀ ਥਾਂ ਵਿੱਚ ਖੜਾ ਹੋਣ ਕਰਕੇ ਬਚ ਗਿਆ। ਛੱਲੀ ਅੰਬ ਆਂਹਦੇ ਆ ਇਸ ਨੂੰ। ਬੜਾ ਮਿੱਠਾ…”
ਉਹ ਪਤਾ ਨਹੀਂ ਕਦ ਤੱਕ ਅੰਬਾਂ ਦੀਆਂ ਸਿਫਤਾਂ ਕਰਦਾ ਰਹਿੰਦਾ ਜੇ ਮੈਂ ਅਚਾਨਕ ਉਸ ਨੂੰ ਹੋਰ ਰੰਗ ਦਾ ਸਵਾਲ ਨਾ ਕਰ ਦਿੱਤਾ ਹੁੰਦਾ, “ਰੌਲਿਆਂ ਵੇਲੇ ਦੀ ਕੋਈ ਗੱਲ ਸੁਣਾਓ।”
“ਕਿਤੇ ਇਕ ਗੱਲ! ਹਜ਼ਾਰਾਂ ਕਿੱਸੇ ਨੇ ਓਹਨਾਂ ਵੇਲਿਆਂ ਦੇ ਤਾਂ।” ਉਸ ਨੇ ਰੁਕਦੇ ਹੋਏ ਮੈਨੂੰ ਸ਼ਰਾਰਤੀ ਅੱਖਾਂ ਨਾਲ ਘੂਰਦਿਆਂ ਕਿਹਾ ਸੀ।
“ਮਾਵਾਂ ਨੇ ਬੱਚੇ ਨਈਂ ਸੰਭਾਲੇ। ਏਡੀ ਅੱਗ ਵਰ੍ਹੀ ਸੀ ਓਸ ਵੇਲੇ ਤਾਂ। ਲਾਸ਼ਾਂ ਨਾਲ ਜੂਹਾਂ ਭਰੀਆਂ ਪਈਆਂ ਸਨ। ਵਥੇਰਾ ਲਹੂ ਡੁੱਲਿਆ!” ਹੁਣ ਉਸ ਦੀ ਚਾਲ ਵਿੱਚ ਇਕ ਤੇਜ਼ੀ ਆ ਗਈ ਸੀ।
“ਤੁਸੀਂ ਵੀ ਕੋਈ ਕਤਲ ਹੁੰਦੈ ਵੇਖਿਆ?” ਮੈਂ ਬੱਗੀ ਦਾੜੀ ਵਿੱਚ ਅੱਧ-ਲੁਕੇ ਉਸ ਦੇ ਚਿਹਰੇ ਨੂੰ ਇਕ ਟੱਕ ਵੇਖਦਿਆਂ ਪੁੱਛਿਆ ਸੀ।
“ਦਰਅਸਲ ਲੈਲਪੁਰ ਵਾਲੇ ਚੱਕ ਵਿਚ ਨਈਂ ਸਾਂ ਮੈਂ ਉਦੋਂ।” ਚਾਰੋਂ ਪਾਸੇ ਸਰਸਰੀ ਜਿਹੀ ਨਜ਼ਰ ਘੁੰਮਾਉਂਦਿਆਂ ਉਹ ਰੁਕ ਗਿਆ ਸੀ।
“ਮਹੀਨਾ ਕੁ ਹੋ ਗਿਆ ਸੀ ਮੈਨੂੰ ਆਪਣੀ ਮੰਡਿਆਲੀ ਵਾਲੀ ਭੂਆ ਕੋਲ ਆਏ ਹੋਏ ਨੂੰ। ਕਿੜ੍ਹਾ ਪਤਾ ਸੀ ਕਿ ਆਹ ਭਾਣਾ ਵਾਪਰ ਜਾਣਾ। ਬੜਾ ਸ੍ਹੌਣਾਂ ਤਾਂ ਚੱਲੀ ਜਾਂਦਾ ਸੀ ਸਭ ਕੁਝ। ਭੈਣ… ਲੀਡਰਾਂ ਨੂੰ ਗੋਲੀ ਵੱਜ ਗਈ। ਦੇਸ਼ ਨੂੰ ਅਜ਼ਾਦ ਕਰੌਂਦੇ-ਕਰੌਂਦੇ ਦੇਸ਼ ਦੇ ਟੁੱਕੜੇ ਕਰਨ ਦੀਆਂ ਗੱਲਾਂ ਕਰਨ ਡੈਹ ਪਏ। ਬਸ ਮੌਜਾਂ ਲੁੱਟਣ ਲਈ ਲੱਖਾਂ ਬੰਦੇ ਮਰਵਾਤੇ ਇਨ੍ਹਾਂ ਕੁੱਤਿਆਂ ਨੇ!” ਗੱਲ ਮੁਕਾ ਉਸ ਨੇ ਕੁੜੱਤਣ ਨਾਲ ਥੁੱਕਿਆ ਸੀ।
“ਫਿਰ ਰੌਲੇ ਪੈ ਗਏ ਵੱਢ-ਵਡਾਂਗਾ ਸ਼ੁਰੂ ਹੋ ਗਿਆ। ਵੇਖਦਿਆਂ-ਵੇਖਦਿਆਂ ਸਭ ਰੰਗ ਬਦਲ ਗਏ। ਬਸ ਭੂਤਾਂ ਦਾ ਨਾਚ ਸ਼ੁਰੂ ਹੋ ਗਿਆ। ਨਾ ਏਧਰ ਨਾ ਓਧਰ ਕਿਸੇ ਭੈਣ.. ਨੇਤਾ ਨੇ ਇਹ ਨਾ ਦੱਸਿਆ ਕਿ ਚੰਗਾ ਕੀ ਏ ਤੇ ਮਾੜਾ ਕੀ ਏ। ਹਰਾਮਜ਼ਾਦੇ ਤਾਂ ਆਪ ਘੋੜੀਆਂ ਤੇ ਸਵਾਰ ਹੋ ਕੇ ਵੱਢ-ਟੁੱਕ ਦੀ ਅਗਵਾਈ ਕਰਨ ਡੈਹ ਪਏ ਸੀ। ਫਿਰ ਕੀ ਸੀ ਪੁੱਤਰਾ? ਸਾਡੇ ਵਰਗੇ ਕੁੱਤੇ ਵੀ ਸ਼ੇਰ ਹੋ ਗਏ।” ਇਹ ਆਖਦਿਆਂ ਉਹ ਫਿੱਕਾ ਜਿਹਾ ਮੁਸਕਾਇਆ ਸੀ।
“ਮੈਂ ਤਾਂ ਬੜਾ ਜੋਰ ਲਾਇਆ ਭਾਊ ਲੈਲਪੁਰ ਵਾਲੇ ਚੱਕ ਜਾਣ ਲਈ, ਪਰ ਭੂਆ ਨੇ ਨਾ ਜਾਣ ਦਿੱਤਾ। ਮੈਨੂੰ ਵੀ ਸਿੰਘਾਂ ਨੇ ਆਪਣੇ ਜਥੇ ਵਿੱਚ ਰਲਾ ਲਿਆ। ਜਦ ਓਧਰੋਂ ਮੁਸਲਿਆਂ ਨੇ ਆਪਣੀਆਂ ਛਾਤੀਆਂ ਕੱਟੀਆਂ ਔਰਤਾਂ ਦੀ ਲਾਸ਼ਾਂ-ਭਰੀ ਗੱਡੀ ਭੇਜੀ ਤਾਂ ਫਿਰ ਕੀ ਸੀ ਪੁੱਤਰਾ! ਸਾਡੇ ਮਨ ਅੰਦਰ ਧੁਖਦੀ ਅੱਗ ਨੇ ਵੀ ਭਾਂਬੜ ਬਣਨਾ ਈ ਸੀ! ਮੈਂ ਤਾਂ ਓਦੋਂ ਗਤਕਾ ਵੀ ਖੇਡ ਲੈਂਦਾ ਸਾਂ। ਜਾਨ ਬੜੀ ਸੀ ਮੇਰੇ ਵਿੱਚ। ਸੱਪ ਨਾਲੋਂ ਵੀ ਵੱਧ ਛੋਹਲਾ ਸਾਂ ਮੈਂ। ਮੇਰੀ ਤਾਂ ਬੜੀ ਪੁੱਛ-ਗਿੱਛ ਸੀ ਬਾਬਾ ਸੰਤ ਸੂੰ ਦੇ ਜਥੇ ਵਿੱਚ। ਜਦੋਂ ਪੱਟੀ ਨੂੰ ਘੇਰਾ ਪਾਇਆ ਤਾਂ ਓਥੇ ਕਈ ਦਿਨ ਗੋਲੀ ਚੱਲਦੀ ਰਹੀ ਸੀ। ਤਕੜੇ ਮੁਸਲੇ ਸੀ ਓਥੇ। ਫਿਰ ਅੱਗ ਲਾਈ ਤਾਂ ਸੂਤਰ ਆਏ। ਅੱਗ ਲਗੌਣ ਵਾਲਿਆਂ ਵਿੱਚੋਂ ਇਕ ਮੈਂ ਵੀ ਸਾਂ…!”
“ਅੱਛਾ!” ਮੈਂ ਉਸ ਦੇ ਮਾਣ ਨੂੰ ਕਾਇਮ ਰੱਖਣ ਲਈ ਥੋੜ੍ਹਾ ਹੈਰਾਨ ਹੁੰਦਿਆਂ ਕਿਹਾ ਸੀ।
“ਫਿਰ ਮੈਂ ਸੰਤ ਸਿਉਂ ਵਾਲਾ ਜਥਾ ਛੱਡ ਦਿੱਤਾ ਸੀ। ਉਸ ਨੇ ਆਖਣਾ-ਕਤਲ ਕਰੀ ਜਾਓ। ਲੁੱਟੀ ਜਾਓ। ਭਜਾਈ ਜਾਓ। ਸੈਆਂ ਸਾਲਾਂ ਦਾ ਬਦਲਾ ਲੈਣਾ ਆ। ਪੁੱਤਰਾ ਬੰਦਾ ਤਾਂ ਕਤਲ ਹੋ ਜਾਂਦਾ। ਬੱਚੇ ਤੇ ਬੁੱਢਿਆਂ ਦੀ ਵੀ ਕਿੜ੍ਹੀ ਗੱਲ ਸੀ। ਪਰ ਤੂੰ ਦੱਸ ਕਿ ਸ੍ਹੌਣੀ-ਸੁਨੱਖੀ ਜਨਾਨੀ ਉੱਤੇ ਜਵਾਨ ਬੰਦਾ ਕਿਵੇਂ ਵਾਰ ਕਰੇ? ਉਹ ਆਪ ਤਾਂ ਕੰਜਰ ਦਾ ਬੁੱਢਾ ਸੀ।” ਇਹ ਆਖ ਉਹ ਖਿੜ-ਖਿੜ੍ਹਾ ਕੇ ਹੱਸ ਪਿਆ ਸੀ।
“ਪ੍ਹੈਲਾਂ ਤਾਂ ਮੈਂ ਦੋ ਕੁ ਵਾਰ ਉਸ ਤੋਂ ਚੋਰੀ-ਛਿੱਪੇ ਖੇਹ ਖਾਧੀ। ਪਰ ਉਸ ਦੇ ਸੂਹੀਏ ਬੜੇ ਸਨ। ਉਸ ਨੂੰ ਪਤਾ ਲੱਗ ਗਿਆ। ਆਖਣ ਲੱਗਾ – ਕਰਤਾਰਿਆ ਜਾਂ ਤੇ ਜੱਤ-ਸੱਤ ਕੈਮ ਰੱਖ ਕੇ ਗੁਰਾਂ ਵਾਲੇ ਦੱਸੇ ਰਾਹ ਉੱਤੇ ਤੁਰੀ ਜਾਹ ਤੇ ਜਾਂ ਫਿਰ ਜੱਥਾ ਛੱਡ ਦੇ। ਮੈਂ ਦੂਸਰਾ ਕੰਮ ਕਰ ਲਿਆ। ਦੋ-ਚਾਰ ਆਪਣੇ ਵਰਗੇ ਕੰਜਰ ਆਪਣੇ ਨਾਲ ਹੋਰ ਜੋੜ ਲਏ ਤੇ ਵਾਰਦਾਤਾਂ ਕਰਨ ਡੈਹ ਪਏ। ਪਰ ਉਦੋਂ ਤੱਕ ਟਾਂਵਾਂ-ਟਾਂਵਾਂ ਮਾਲ ਈ ਬਚਿਆ ਸੀ। ਜੇ ਕਿਤੇ ਜੱਥਾ ਥੋੜ੍ਹਾ ਪੈਲ੍ਹਾਂ ਛੱਡਿਆ ਹੁੰਦਾ ਤਾਂ ਨਜ਼ਾਰਾ ਆ ਜਾਣਾ ਸੀ।” ਇਹ ਆਖਦਿਆਂ ਉਸ ਦੇ ਝੁਰੜਾਏ ਚਿਹਰੇ ਉੱਤੇ ਪਛਤਾਵੇ ਦਾ ਭਾਵ ਉੱਤਰ ਆਇਆ ਸੀ। .. ਤੇ ਉਸ ਨੇ ਦੁਖੀ ਮਨ ਨਾਲ ਕਦਮ ਅਗਾਂਹ ਪੁੱਟ ਲਿਆ ਸੀ।
“ਆਪਣਾ ਜਥਾ ਬਣਾ ਕੇ ਤੁਸੀਂ ਵੀ ਕੋਈ ਕਤਲ ਕੀਤਾ?” ਮੈਂ ਪੁੱਛਿਆ ਸੀ।
“ਮੈਂ ਪੱਟੀ-ਡਰੇਨ ਵਾਲੇ ਪੁਲ਼ ਦੇ ਹੇਠਾਂ ਲੁਕ ਕੇ ਬੈਠੇ ਛੇ ਮੁਸਲੇ ਮਾਰੇ ਸੀ। ਕਈ ਦਿਨਾਂ ਦੇ ਭੁੱਖੇ ਤਿਹਾਏ ਸੀ ਉਹ। ਹੱਥ ਵੀ ਮਸਾਂ ਜੋੜਦੇ ਸੀ। ਪੈਰਾਂ ਉੱਤੇ ਡਿੱਗੇ ਪਏ। ਮੈਂ ਟਲਣ ਵਾਲੀ ਸ਼ੈਅ ਕਿੱਥੇ ਸਾਂ ਪੁੱਤਰਾ! ਇਕ-ਇਕ ਜੈਕਾਰੇ ਨਾਲ ਦੋ-ਦੋ ਛਾਤੀਆਂ ਵਿੰਨ੍ਹ ਦਿੱਤੀਆਂ। ਨਾਲੇ ਤਾਂ ਭਾਊ ਬਦਲਾ ਲੈ ਲਿਆ, ਨਾਲੇ ਉਹਨਾਂ ਨੂੰ ਮੁਕਤੀ ਦੇ ਦਿੱਤੀ।”
ਇਸ ਵਾਰ ਉਸ ਦਾ ਹਾਸਾ ਮੈਨੂੰ ਜ਼ਹਿਰੀਲਾ ਜਿਹਾ ਲੱਗਿਆ ਸੀ।
ਮੈਂ ਦੁਖੀ ਮਨ ਨਾਲ ਨਜ਼ਰ ਉਠਾਈ। ਦੂਰ-ਦੁਮੇਲ ‘ਤੇ ਸੂਰਜ ਅਸਤ ਹੋ ਰਿਹਾ ਸੀ। ਧੁੱਪ ਧੁੰਦਲੀ ਧੁੰਦਲੀ ਜਿਹੀ ਹੋ ਗਈ ਸੀ।
“ਓਦੋਂ ਮੇਰੇ ਕੋਲ ਕਮਾਲ ਦੀ ਬਰਛੀ ਹੁੰਦੀ ਸੀ। ਜਿੱਥੇ ਖੁੱਭਦੀ ਬੱਸ ਆਂਦਰਾ ਧੂਹ ਲਿਔਂਦੀ। ਹਾ ਨਾਲੇ ਉਹਨਾਂ ਦੀਆਂ ਦੋ ਕੁੜੀਆਂ…।” ਉਸ ਦੀ ਅਵਾਜ਼ ਵਿਚਲਾ ਰੋਹ ਅਚਾਨਕ ਇਕ ਰੁਮਾਂਸ ਵਿੱਚ ਢਲ ਗਿਆ ਸੀ। ਮੇਰੀ ਨਜ਼ਰ ਉਸ ਦੇ ਬਰਛੇ ‘ਤੇ ਟਿਕੀ ਹੋਈ ਸੀ। ਇਉਂ ਮਹਿਸੂਸ ਹੋਇਆ ਸੀ ਜਿਉਂ ਉਸ ਦੀ ਨੋਕ ਉੱਤੋਂ ਲਹੂ ਦੇ ਤੁਬਕੇ ਰਿਸ ਰਹੇ ਹੋਣ।
“ਇਕ ਸੀ…” ਬਾਬੇ ਨੇ ਗੱਲ ਦੀ ਟੁੱਟੀ ਤੰਦ ਫਿਰ ਤੋਂ ਜੋੜ ਲਈ ਸੀ।
“ਬਾਰ੍ਹਾਂ-ਤੇਰਾਂ ਸਾਲ ਤੇ ਦੂਸਰੀ ਹੋਵੇਗੀ ਮਸਾਂ ਦਸ-ਯਾਰਾਂ ਕੁ ਸਾਲ ਦੀ। ਜਮ੍ਹਾਂ ਲੈਰੀਆਂ ਜਿਹੀਆਂ ਸੀ ਦੋਵੇਂ। ਵੱਡੀ ਤਾਂ ਮੈਂ ਵੀਹ ਕੁ ਦਿਨ ਕੋਲ ਰੱਖੀ। ਫਿਰ ਘਰ ਵਸੌਣ ਲਈ ਕਿਸੇ ਅੱਧ-ਖੜ੍ਹ ਜਿਹੇ ਵੈਲੀ ਨੂੰ ਵੇਚ ਦਿੱਤੀ: ਸਿਰਫ ਪੰਝੀ ਰੁਪਏ ਵਿੱਚ। ਹੈ ਕੇ ਕਮਾਲ ਦੀ ਗੱਲ! ਹੁਣ ਤਾਂ ਨਿੱਤ ਪੰਜਾਹ-ਸੱਠਾਂ ਦੀ ਮੈਂ ਭੁੱਕੀ ਈ ਖਾ ਜਾਂਦਾ। ਸਭ ਕੁਝ ਨੂੰ ਈ ਅੱਗ ਲੱਗ ਗਈ ਆ ਹੁਣ ਤਾਂ!” ਉਹ ਥੋੜ੍ਹਾ ਗੰਭੀਰ ਹੁੰਦਿਆਂ ਚੁੱਪ ਕਰ ਗਿਆ ਸੀ।
“ਤੇ ਛੋਟੀ ਕੁੜੀ?” ਮੈਂ ਤੇਜ਼-ਤੇਜ਼ ਧੜਕਦੇ ਦਿਲ ਨਾਲ ਪੁੱਛਿਆ ਸੀ।
“ਉਸ ਨੂੰ ਮੈਂ ਲੁਕੋ ਕੇ ਰੱਖ ਲਿਆ ਸੀ। ਸੋਚਿਆ ਸੀ ਕਿ ਦੋ ਕੁ ਸਾਲਾਂ ਵਿੱਚ ਥੋੜੀ ਹੁੰਦੜਹੇਲ ਹੋ ਜਾਏਗੀ ਤਾਂ ਘਰ ਵਸਾ ਲਵਾਂਗਾ। ਬੜੇ ਸੌਣ੍ਹੇ ਨੈਣ-ਨਕਸ਼ ਸੀ ਉਸ ਦੇ। ਅੱਖਾਂ ਮੋਟੀਆਂ। ਪਤਲੀ-ਪਤੰਗ! ਬਲੂਰ ਜਿਹੀ! ਲਗਰ ਜਿਹੀ! ਮੈਂ ਉਸ ਨੂੰ ਭੂਆ ਦੇ ਪੈਲੀਆਂ ਵਿਚਲੇ ਕੋਠੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ। ਦਿਨੇ ਮੈਂ ਉਸ ਦੇ ਹੱਥ-ਪੈਰ ਬੰਨ ਜਾਣੇ। ਰਾਤ ਨੂੰ ਆਪਣੇ ਨਾਲ ਲੰਮੀ ਪਾ ਲੈਣੀ। ਉਸ ਨਾਲ ਜਬਰ-ਜਿਨਾਹ ਕਰਨ ਦਾ ਕੋਈ ਇਰਾਦਾ ਨਈਂ ਸੀ ਮੇਰਾ। ਮੈਂ ਉਸ ਨੂੰ ਘਰ ਜੋ ਵਸੌਣਾ ਸੀ, ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਪੁੱਤਰਾ।” ਉਸ ਦੀ ਅਵਾਜ਼ ਮੱਧਮ ਤੇ ਉਦਾਸ ਹੋ ਗਈ ਸੀ। ਉਸ ਨੇ ਨੀਵੀਂ ਪਾ ਲਈ। ਕੁਝ ਦੇਰ ਤਾਂ ਉਹ ਮੂੰਹ ਵਿਚ ਹੀ ਕੁਝ ਬੁੜ-ਬੁੜ ਕਰਦਾ ਰਿਹਾ ਸੀ।
“ਇਹ ਦੁਨੀਆਂ ਬੜੀ ਕਮੀਨੀ ਜੇ ਪੁੱਤਰਾ। ਇਕ ਸਾਮ ਮੈਂ ਮੁੜਿਆ ਤਾਂ ਉਹ ਮਰੀ ਪਈ ਸੀ। ਨਗਨ! ਲਹੂ-ਲੁਹਾਨ!! ਉਸ ਦਾ ਚਿਹਰਾ ਨਹੁੰਦਰਾਂ ਦੇ ਨਿਸਾਨਾਂ ਨਾਲ ਭਰਿਆ ਪਿਆ ਸੀ। ਸਾਰੀ ਦੰਦੀਆਂ ਨਾਲ ਖਾਧੀ ਹੋਈ ਸੀ ਵਿਚਾਰੀ। ਕਿਸੇ ਕੰਜਰ ਨੇ ਉਸ ਨਾਲ ਖੇਹ ਖਾ ਕੇ ਉਸ ਦੀ ਸੰਘੀ ਨੱਪ ਦਿੱਤੀ ਸੀ। ਮੈਂ ਉਸ ਨੂੰ ਆਪਣੇ ਨਾਲ ਪਾ ਲਿਆ। ਰੋਈ ਗਿਆ! ਰੋਈ ਗਿਆ!! ਫਿਰ ਮੈਂ ਉਸ ਦਾ ਮੂੰਹ ਚੁੰਮਣ ਲੱਗ ਪਿਆ। ਫਿਰ ਸਾਰੀ ਦੇਹ ਨੂੰ। ਅਚਾਨਕ ਮੇਰੀ ਦੇਹ ਤੱਤੀ-ਤੱਤੀ ਜਿਹੀ ਹੋ ਗਈ।”
ਉਹ ਪਲ ਕੁ ਲਈ ਚੁੱਪ ਹੋਇਆ। ਖੰਗੂਰਾ ਮਾਰਕੇ ਗਲ ਸਾਫ ਕੀਤਾ.. ਤੇ ਫਿਰ ਬੋਲ ਪਿਆ, “ਫਿਰ ਮੈਂ ਉੱਠਿਆ। ਜਮੀਨ ਵਿੱਚ ਦੱਬੀ ਦਾਰੂ ਦੀ ਬੋਤਲ ਕੱਢੀ ਤੇ ਇਕੋ ਡੀਕੇ ਅੱਧੀਉਂ ਵੱਧ ਪੀ ਗਿਆ…। ਤੇ ਉਸ ਨੂੰ ਫਿਰ ਤੋਂ ਬਾਹਵਾਂ ਵਿੱਚ ਲੈ ਲਿਆ। ਚੁੰਮੀ ਗਿਆ! ਚੁੰਮੀ ਗਿਆ! ਉਸ ਦੀ ਧੌਣ ਮੇਰੇ ਹੱਥਾਂ ਵਿੱਚੋਂ ਲੁੜਕੀ ਜਾਏ। ਕਦੇ ਏਸ ਪਾਸੇ, ਕਦੇ ਓਸ ਪਾਸੇ। ਮੇਰਾ ਸਰੀਰ ਭੱਠੀ ਵਾਂਗ ਤਪਣ ਲੱਗ ਪਿਆ। ਮੈਂ ਉਸ ਨੂੰ ਕੋਈ ਪੰਜਾਹ ਨੱਢੀਆਂ ਵਿੱਚੋਂ ਚੁਣਿਆ ਸੀ। ਬੜੀ ਮਿਹਨਤ ਨਾਲ ਆਪਣੇ ਲਈ ਲੁਕੋ ਕੇ ਰੱਖਿਆ ਸੀ। ਪਰ ਕਿਸੇ ਮਾਂ ਆਪਣੀ ਦੇ… ਨੇ ਹੋਰ ਈ ਭਾਣਾ ਵਰਤਾ ਦਿੱਤਾ ਸੀ।”
ਹੁਣ ਉਸ ਦੀ ਅਵਾਜ਼ ਵਿੱਚ ਉਦਾਸੀ ਵੀ ਸੀ, ਲਾਹਨਤ ਵੀ ਤੇ ਪਛਤਾਵਾ ਵੀ।
ਉਹ ਬੜੀ ਦੇਰ ਜ਼ਮੀਨ ਉੱਤੇ ਨਜ਼ਰ ਗੱਡੀ ਕਿਸੇ ਪਛਤਾਵੇ ਜਿਹੇ ਵਿੱਚ ਸਿਰ ਹਿਲਾਉਂਦਾ ਰਿਹਾ।
ਸਾਡੇ ਸਾਹਵੇਂ ਪਿੰਡ ਦੇ ਲਹਿੰਦੇ ਪਾਸੇ ਵਹਿੰਦੀ ਨਹਿਰ ਦਾ ਪੁਲ਼ ਸੀ। ਕੋਲ ਦੀ ਬਿੱਕਰ ਬੱਕਰੀਆਂ ਦਾ ਇੱਜੜ ਲੈ ਕੇ ਲੰਘਿਆ, ਪਰ ਬਾਬੇ ਨੂੰ ਕੁਝ ਪਲ ਤਾਂ ਜਿਉਂ ਆਸੇ-ਪਾਸੇ ਦੀ ਕੋਈ ਖਬਰ ਹੀ ਨਾ ਰਹੀ ਹੋਵੇ।
“ਤੁਰ ਪੁੱਤਰਾ। ਥੋੜਾ ਗਾੜੀ ਜਾ ਔਂਦੇ ਆਂ।” ਉਸ ਨੇ ਬਰਛੇ ਦਾ ਆਸਰਾ ਲੈਂਦਿਆਂ ਦੇਹ ਨੂੰ ਹੌਲੀ ਹੌਲੀ ਸਿੱਧਾ ਕੀਤਾ ਸੀ ਤੇ ਤੁਰਨ ਲਈ ਤਿਆਰ ਹੋ ਗਿਆ ਸੀ।
“ਉਸ ਦੀ ਲਾਸ਼ ਦਾ ਕੀ ਕੀਤਾ ਫਿਰ ਤੁਸੀਂ?” ਮੈਂ ਉਸ ਦੇ ਬਰਾਬਰ ਖੜਦਿਆਂ ਉਦਾਸ ਆਵਾਜ਼ ਵਿੱਚ ਪੁੱਛਿਆ ਸੀ।
“ਪੁੱਤਰਾ ਮੈਂ ਵੱਡੇ ਤੜਕੇ ਉਸ ਨੂੰ ਬਾਹਵਾਂ ‘ਤੇ ਚੁੱਕ ਕੇ ਨਹਿਰ ਉੱਤੇ ਲੈ ਗਿਆਂ…” ਇਹ ਆਖ ਉਸ ਨੇ ਪੈਰ ਪੁੱਟ ਲਿਆ ਸੀ।
“..ਤੇ ਰੱਬ ਦਾ ਨਾਂ ਲੈ ਕੇ ਪਾਣੀ ਵਿੱਚ ਰੋੜ ਦਿੱਤੀ।” ਨਹਿਰ ਦੇ ਪੁਲ਼ ‘ਤੇ ਚੜ੍ਹਦਿਆਂ ਉਹ ਬੋਲਿਆ ਸੀ।
“ਆਹੋ ਇਕ ਗੱਲ ਤਾਂ ਮੈਂ ਦੱਸਣੀ ਭੁਲ ਈ ਗਿਆ।” ਸਹਿਜਤਾ ਨਾਲ ਪੁਲ਼ ਪਾਰ ਕਰਦਿਆਂ ਉਹ ਬੋਲਿਆ ਸੀ।
“ਉਸ ਰਾਤ ਮੈਂ ਉਸ ਨਾਲ ਖੇਹ ਖਾਧੀ ਸੀ, ਪੁੱਤਰਾ।” ਇਹ ਆਖ ਉਹ ਪੁਲ਼ ਤੋਂ ਪਾਰ ਹੋ ਗਿਆ ਸੀ।
ਮੇਰੇ ਕਦਮ ਤਾਂ ਜੰਮ ਕੇ ਰਹਿ ਗਏ ਸਨ।
ਪੁਲ਼ ਜ਼ੋਰ ਨਾਲ ਕੰਬਣ ਲੱਗ ਪਿਆ ਸੀ। ਪਲ ਕੁ ਲਈ ਲੱਗਿਆ ਜਿਉਂ ਪੁਲ਼ ਮੇਰੇ ਸਿਰ ਉੱਪਰ ਡਿਗ ਪਿਆ ਹੋਵੇ।
ਮੈਂ ਉਦਾਸ ਨਜ਼ਰਾਂ ਨਾਲ ਅੰਬਰ ਵਲ ਵੇਖਿਆ ਸੀ। ਸੂਰਜ ਡੁੱਬ ਗਿਆ ਸੀ। ਚਾਰੇ ਪਾਸੇ ਹਨ੍ਹੇਰਾ ਉੱਤਰ ਆਇਆ ਸੀ।
ਉਹ ਉਸ ਪਾਰ ਸੀ ਤੇ ਮੈਂ ਇਸ ਪਾਰ।
ਸਾਡੇ ਦਰਮਿਆਨ ਹੁਣ ਕੋਈ ਪੁਲ਼ ਨਹੀਂ ਸੀ।
(ਰਾਹੀਂ: ਸਤਦੀਪ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ