The Cop and the Anthem (Story in Punjabi) : O Henry

ਪੁਲਸੀਆ ਅਤੇ ਗੀਤ (ਕਹਾਣੀ) : ਓ ਹੈਨਰੀ

ਮੈਡੀਸਨ ਚੌਕ ਦੀ ਇੱਕ ਬੈਂਚ ਪਰ ਸੋਪੀ ਬੇਚੈਨੀ ਨਾਲ ਕਰਵਟਾਂ ਬਦਲ ਰਿਹਾ ਸੀ । ਜਦੋਂ ਜੰਗਲੀ ਬੱਤਖਾਂ, ਰਾਤ ਨੂੰ ਵੀ ਜ਼ੋਰ ਨਾਲ ਚੀਕਣ ਲੱਗਣ, ਜਦੋਂ ਸੀਲ ਦੀ ਖੱਲ ਦੇ ਓਵਰਕੋਟ ਦੀ ਅਣਹੋਂਦ ਵਿੱਚ ਇਸਤਰੀਆਂ ਆਪਣੇ ਪਤੀਆਂ ਨਾਲ ਹੋਰ ਜਿਆਦਾ ਸਟ ਕੇ ਬੈਠਣ ਲੱਗਣ ਅਤੇ ਜਦੋਂ ਬਾਗ ਵਿੱਚ ਪਈ ਬੈਂਚ ਤੇ ਸੋਪੀ ਬੇਚੈਨੀ ਨਾਲ ਕਰਵਟਾਂ ਬਦਲਣ ਲੱਗੇ, ਤੱਦ ਤੁਸੀਂ ਕਹਿ ਸਕਦੇ ਹੋ ਕਿ ਸਰਦੀ ਦੀ ਆਮਦ ਹੋਣ ਹੀ ਵਾਲੀ ਹੈ।
ਸੋਪੀ ਦੀ ਗੋਦ ਵਿੱਚ ਇੱਕ ਸੁੱਕਿਆ ਹੋਇਆ ਪੱਤਾ ਆ ਡਿਗਿਆ । ਇਹ ਪਾਲਾ ਸ਼ੁਰੂ ਹੋਣ ਦੀ ਪੂਰਵ ਸੂਚਨਾ ਸੀ । ਮੈਡੀਸਨ ਚੌਕ ਦੇ ਨਿਵਾਸੀਆਂ ਦੇ ਪ੍ਰਤੀ ਪਾਲਾ ਮਹਾਸ਼ਾ ਬਹੁਤ ਹੀ ਸਾਊ ਹਨ ਅਤੇ ਆਪਣੀ ਵਾਰਸ਼ਿਕ ਆਮਦ ਦੀ ਪੂਰਵ ਸੂਚਨਾ ਉਨ੍ਹਾਂ ਨੂੰ ਭੇਜ ਦਿੰਦੇ ਹਨ । ਹਰ ਚੁਰਾਹੇ ਤੇ ਪਾਲਾ ਮਹਾਸ਼ਾ, ਉੱਤਰੀ ਪੌਣ ਨੂੰ, ਜੋ ਫ਼ੁਟਪਾਥ ਦੇ ਨਿਵਾਸੀਆਂ ਲਈ ਚਪੜਾਸੀ ਦਾ ਕੰਮ ਕਰਦੀ ਹੈ, ਆਪਣਾ ਵਿਜਿਟਿੰਗ ਕਾਰਡ ਸੁੱਕੇ ਪੱਤਿਆਂ ਦੇ ਰੂਪ ਵਿੱਚ ਦੇ ਦਿੰਦੇ ਹਨ, ਤਾਂ ਕਿ ਉਹ ਉਨ੍ਹਾਂ ਦੇ ਸਵਾਗਤ ਨੂੰ ਤਿਆਰ ਰਹਿਣ ।
ਸੋਪੀ ਦੇ ਮਸਤਸ਼ਕ ਨੇ ਇਸ ਸਚਾਈ ਨੂੰ ਸਵੀਕਾਰ ਕਰ ਲਿਆ ਕਿ ਹੁਣ ਉਸਨੂੰ ਆਉਣ ਵਾਲੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਲਈ ਕਮਰ ਕੱਸਣੀ ਪਵੇਗੀ । ਅਤੇ ਇਸ ਕਾਰਨ ਅੱਜ ਉਹ ਬੈਂਚ ਤੇ ਬੇਚੈਨੀ ਨਾਲ ਕਰਵਟਾਂ ਬਦਲ ਰਿਹਾ ਸੀ ।
ਸੀਤ ਤੋਂ ਬਚਣ ਲਈ ਸੋਪੀ ਦੇ ਦਿਮਾਗ ਵਿੱਚ ਕੋਈ ਬੁਲੰਦ ਕਲਪਨਾਵਾਂ ਨਹੀਂ ਸਨ। ਭੂ ਮਧ ਸਾਗਰ ਦੇ ਕਿਨਾਰੇ ਜਾਂ ਵਿਸੂਵੀਅਸ ਦੀ ਖਾੜੀ ਦੇ ਨਸ਼ੀਲੇ ਅਸਮਾਨ ਹੇਠਾਂ ਉੱਦੇਸ਼ ਹੀਣ ਘੁੰਮਣ ਦੀ ਉਸਦੀ ਆਰਜੂ ਨਹੀਂ ਸੀ । ਉਸਦੀ ਆਤਮਾ ਤਾਂ ਸਿਰਫ਼ ਇਹ ਚਾਹੁੰਦੀ ਸੀ ਕਿ ਤਿੰਨ ਮਹੀਨੇ ਜੇਲ੍ਹ ਵਿੱਚ ਕਟ ਜਾਣ । ਤਿੰਨ ਮਹੀਨੇ ਤੱਕ ਰਹਿਣ, ਖਾਣ ਦੀ ਨਿਸ਼ਚਿਤ ਵਿਵਸਥਾ, ਹਮਜੋਲੀਆਂ ਨਾਲ ਸਹਿਵਾਸ ਅਤੇ ਕੜਾਕੇ ਦੀ ਸਰਦੀ ਅਤੇ ਪੁਲਿਸ ਦੇ ਸਿਪਾਹੀਆਂ ਤੋਂ ਰਿਜ਼ਰਵੇਸ਼ਨ – ਇਹੀ ਉਸਦੀਆਂ ਤਮੰਨਾਵਾਂ ਦਾ ਸਾਰ ਸੀ ।
ਵਰ੍ਹਿਆਂ ਤੋਂ ਬਲੈਕਵੈਲ ਦਾ ਮਹਿਮਾਨਨਵਾਜ ਜੇਲਖਾਨਾ ਹੀ ਉਸਦਾ ਸਰਦੀਆਂ ਦਾ ਨਿਵਾਸ – ਸਥਾਨ ਰਿਹਾ ਹੈ । ਜਿਸ ਤਰ੍ਹਾਂ ਨਿਊਯਾਰਕ ਦੇ ਹੋਰ ਵਡਭਾਗੇ ਲੋਕ ਹਰ ਸਾਲ ਸਰਦੀਆਂ ਗੁਜ਼ਾਰਨ ਲਈ ਰਿਵੀਰਾ ਜਾਂ ਪਾਮਬੀਚ ਦੇ ਟਿਕਟ ਕਟਾਉਂਦੇ ਸਨ ਉਸੇ ਪ੍ਰਕਾਰ ਸੋਪੀ ਨੇ ਵੀ ਸਿਆਲਾਂ ਵਿੱਚ ਜੇਲ੍ਹ ਵਿੱਚ ਹਿਜਰਤ ਕਰਨ ਦੇ ਮਾਮੂਲੀ ਇੰਤਜਾਮ ਕਰ ਲਏ ਸਨ । ਤੇ ਹੁਣ ਉਹ ਸਮਾਂ ਆ ਗਿਆ ਸੀ । ਪਿੱਛਲੀ ਰਾਤ ਉਸੀ ਚੌਕ ਵਿੱਚ ਫ਼ੱਵਾਰੇ ਦੇ ਕੋਲ ਇੱਕ ਬੈਂਚ ਤੇ ਉਸਨੇ ਰਾਤ ਕੱਟੀ ; ਪਰ ਕੋਟ ਦੇ ਹੇਠਾਂ, ਗੋਡਿਆਂ ਤੇ ਅਤੇ ਕਮਰ ਤੇ ਲਪੇਟੇ ਹੋਏ ਤਿੰਨ ਮੋਟੇ – ਮੋਟੇ ਅਖਬਾਰ ਵੀ ਸਰਦੀ ਤੋਂ ਉਸਦੀ ਰਾਖੀ ਨਹੀਂ ਕਰ ਸਕੇ ਸਨ । ਇਸਲਈ ਉਸਨੂੰ ਜੇਲ੍ਹ ਦੀ ਯਾਦ ਸਤਾਣ ਲੱਗੀ । ਸ਼ਹਿਰ ਦੇ ਗਰੀਬਾਂ ਲਈ ਸੋਣ ਦੀ ਜੋ ਧਰਮਾਰਥ ਵਿਵਸਥਾ ਕੀਤੀ ਜਾਂਦੀ ਸੀ, ਉਹ ਉਸਨੂੰ ਪਸੰਦ ਨਹੀਂ ਸੀ । ਸੋਪੀ ਦੀ ਰਾਏ ਵਿੱਚ ਪਰਉਪਕਾਰ ਨਾਲੋਂ ਕਨੂੰਨ ਕਿਤੇ ਜਿਆਦਾ ਦਿਆਲੂ ਸੀ । ਸ਼ਹਿਰ ਵਿੱਚ ਨਗਰਪਾਲਿਕਾ ਵਲੋਂ ਕਈ ਲੰਗਰ ਅਤੇ ਸੰਸਥਾਵਾਂ ਚੱਲਦੀਆਂ ਸਨ, ਜਿੱਥੇ ਉਸਦੇ ਖਾਣ ਸੌਣ ਦੀ ਅਸਹਿ ਬੋਝ ਲੱਗਦੀ ਸੀ । ਦਾਨ ਦੇ ਹੱਥੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਸਹਾਇਤਾ ਦਾ ਮੁੱਲ, ਤੁਹਾਨੂੰ ਰੁਪਿਆ ਨਾਲ ਨਹੀਂ ਸਗੋਂ ਬੇਇੱਜ਼ਤੀ ਨਾਲ ਚੁਕਾਉਣਾ ਹੀ ਪੈਂਦਾ ਹੈ । ਜਿਸ ਤਰ੍ਹਾਂ ਸੀਜਰ ਦੇ ਨਾਲ ਬਰੂਟਸ ਸੀ, ਉਸੀ ਪ੍ਰਕਾਰ ਧਰਮਸ਼ਾਲਾ ਦੀ ਹਰ ਚਾਰਪਾਈ ਦੇ ਨਾਲ ਇਸਨਾਨ ਕਰਨ ਦੀ ਸਜ਼ਾ ਅਤੇ ਲੰਗਰ ਦੀ ਰੋਟੀ ਦੇ ਹਰ ਟੁਕੜੇ ਦੇ ਨਾਲ ਆਪਣੇ ਵਿਅਕਤੀਗਤ ਜੀਵਨ ਦੀ ਛਾਨਬੀਨ ਦਾ ਦੰਡ, ਜ਼ਰੂਰੀ ਜੁੜਿਆ ਰਹਿੰਦਾ ਹੈ ।ਇਸ ਲਈ ਕਨੂੰਨ ਦੇ ਮਹਿਮਾਨ ਬਨਣਾ ਹੀ ਬਿਹਤਰ ਹੈ ਕਿਉਂਕਿ ਕਾਨੂੰਨ, ਨਿਯਮਾਂ ਰਾਹੀਂ ਸੰਚਾਲਿਤ ਹੋਣ ਤੇ ਵੀ, ਕਿਸੇ ਸ਼ਰੀਫ਼ ਆਦਮੀ ਦੇ ਵਿਅਕਤੀਗਤ ਜੀਵਨ ਵਿੱਚ ਦਖਲ ਨਹੀਂ ਦਿੰਦਾ ।
ਜੇਲ੍ਹ ਜਾਣ ਦਾ ਨਿਸ਼ਚਾ ਕਰਦੇ ਹੀ ਸੋਪੀ ਨੇ ਤੁਰੰਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਅਨੇਕ ਆਸਾਨ ਤਰੀਕੇ ਹਨ । ਸਭ ਤੋਂ ਆਸਾਨ ਉਪਾਅ ਇਹ ਸੀ ਕਿ ਕਿਸੇ ਵਧੀਆ ਹੋਟਲ ਵਿੱਚ ਸ਼ਾਨਦਾਰ ਭੋਜਨ ਕੀਤਾ ਜਾਵੇ ਅਤੇ ਉਸਦੇ ਬਾਅਦ ਖੁਦ ਨੂੰ ਦਿਵਾਲੀਆ ਘੋਸ਼ਿਤ ਕਰ ਬਿਨਾਂ ਸ਼ੋਰਗੁਲ, ਚੁਪਚਾਪ ਪੁਲਿਸ ਦੇ ਹੱਥਾਂ ਵਿੱਚ ਜਾਇਆ ਜਾਵੇ । ਇਸਦੇ ਬਾਅਦ ਦੀ ਵਿਵਸਥਾ ਕੋਈ ਸਮਝਦਾਰ ਨਿਆਂ-ਅਧਿਕਾਰੀ ਆਪਣੇ ਆਪ ਕਰ ਦੇਵੇਗਾ ।
ਸੋਪੀ ਬੈਂਚ ਤੋਂ ਉੱਠਕੇ ਚੌਕ ਤੋਂ ਬਾਹਰ ਨਿਕਲਿਆ ਅਤੇ ਪੱਕੀਆਂ ਸੜਕਾਂ ਦੇ ਜਾਲ ਨੂੰ ਲੰਘਦਾ ਹੋਇਆ ਉੱਥੇ ਅੱਪੜਿਆ, ਜਿੱਥੇ ਪੰਜਵੀਂ ਸੜਕ ਬਰਾਡਵੇ ਨੂੰ ਮਿਲਦੀ ਹੈ । ਉਹ ਬਰਾਡਵੇ ਵੱਲ ਮੁੜਿਆ ਅਤੇ ਇੱਕ ਚਮਚਮਾਉਂਦੇ ਹੋਟਲ ਦੇ ਸਾਹਮਣੇ ਰੁਕਿਆ, ਜਿੱਥੇ ਹਰ ਰਾਤ ਰੇਸ਼ਮੀ ਕਪੜਿਆਂ ਦੀ ਤੜਕ – ਭੜਕ ਵਿਖਾਈ ਦਿੰਦੀ ਹੈ, ਅੰਗੂਰਾਂ ਦੀ ਵਧੀਆ ਸ਼ਰਾਬ ਦੀਆਂ ਨਦੀਆਂ ਵਗਦੀਆਂ ਹਨ ਅਤੇ ਸਵਾਦੀ ਵਿਅੰਜਨਾਂ ਦੇ ਢੇਰ ਲੱਗੇ ਮਿਲਦੇ ਹਨ ।
ਸੋਪੀ ਨੂੰ ਕਮਰ ਤੋਂ ਉੱਤੇ ਪਹਿਨੇ ਹੋਏ ਕਪੜਿਆਂ ਤੇ ਤਾਂ ਸਾਰਾ ਵਿਸ਼ਵਾਸ ਸੀ । ਉਸਦੀ ਦਾੜੀ ਬਣੀ ਹੋਈ ਸੀ, ਕੋਟ ਅੱਛਾ ਸੀ ਅਤੇ ਵੱਡੇ ਦਿਨ ਕਿਸੇ ਮਿਸ਼ਨਰੀ ਤੀਵੀਂ ਦੁਆਰਾ ਭੇਂਟ ਮਿਲੀ ਟਾਈ, ਉਸਦੇ ਖਾਂਦਾ ਪੀਂਦਾ ਹੋਣ ਦੀ ਘੋਸ਼ਣਾ ਕਰ ਰਹੀ ਸੀ । ਜੇਕਰ ਉਹ ਕਿਸੇ ਪ੍ਰਕਾਰ ਬਿਨਾਂ ਸ਼ੰਕਾ ਪੈਦਾ ਕੀਤੇ ਟੇਬਲ ਤੱਕ ਪਹੁੰਚ ਗਿਆ, ਤੱਦ ਸਫ਼ਲਤਾ ਉਸਦੇ ਹੱਥ ਵਿੱਚ ਸੀ । ਸਰੀਰ ਦਾ ਉਹ ਭਾਗ, ਜੋ ਟੇਬਲ ਦੇ ਉੱਤੇ ਵਿਖਾਈ ਦਿੰਦਾ ਹੈ, ਵੇਟਰ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਜਗਾ ਸਕਦਾ ।ਸੋਪੀ ਨੇ ਸੋਚਿਆ ਕਿ ਫ਼ਰਾਂਸੀਸੀ ਸ਼ਰਾਬ ਦੀ ਇੱਕ ਬੋਤਲ, ਮੁਰਗ – ਮੁਸੱਲਮ, ਪੁਡਿੰਗ, ਅੱਧਾ ਪੈੱਗ ਸ਼ੈਮਪੇਨ ਅਤੇ ਇੱਕ ਸਿਗਾਰ – ਇੰਨਾ ਕਾਫ਼ੀ ਹੋਵੇਗਾ । ਸਿਗਾਰ ਦੀ ਕੀਮਤ ਤਾਂ ਇੱਕ ਡਾਲਰ ਤੋਂ ਜ਼ਿਆਦਾ ਨਹੀਂ ਹੋਣੀ । ਸਭ ਮਿਲਾਕੇ ਕੀਮਤ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਹੋਟਲ ਮਾਲਿਕ ਦੇ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਜਾਵੇ ; ਫੇਰ ਵੀ ਤ੍ਰਿਪਤੀ ਇੰਨੀ ਹੋਣੀ ਚਾਹੀਏ ਕਿ ਸਿਆਲ ਸਥਾਨ ਤੱਕ ਦੀ ਯਾਤਰਾ ਖੁਸ਼ੀ ਨਾਲ ਕਟੇ ।
ਪਰ ਜਿਵੇਂ ਹੀ ਸੋਪੀ ਨੇ ਹੋਟਲ ਦੇ ਦਰਵਾਜੇ ਵਿੱਚ ਪੈਰ ਰੱਖਿਆ, ਮੁੱਖ ਵੇਟਰ ਦੀ ਨਜ਼ਰ ਉਸਦੀ ਫ਼ਟੀ ਪਤਲੂਨ ਅਤੇ ਪੁਰਾਣੇ ਛਿਤਰਾਂ ਤੇ ਪੈ ਗਈ । ਤੁਰੰਤ ਹੀ ਤਕੜੇ ਅਤੇ ਪ੍ਰਬੀਨ ਹੱਥਾਂ ਨੇ ਉਸਨੂੰ ਫੜਕੇ ਚੁਪਚਾਪ ਸੜਕ ਤੇ ਲਿਆ ਪਟਕਾਇਆ ਅਤੇ ਇਸ ਤਰ੍ਹਾਂ ਮੁਰਗ ਮੁਸੱਲਮ ਦੇ ਬਰਬਾਦ ਹੋਣ ਦੀ ਨੌਬਤ ਟਲ ਗਈ ।
ਸੋਪੀ ਬਰਾਡਵੇ ਤੋਂ ਵਾਪਸ ਪਰਤਿਆ । ਉਸਨੂੰ ਮਹਿਸੂਸ ਹੋਇਆ ਕਿ ਇੱਛਤ ਟੀਚੇ ਤੱਕ ਪੁੱਜਣ ਵਿੱਚ ਇਹ ਸਵਾਦੀ ਭੋਜਨ ਵਾਲਾ ਰਸਤਾ ਤਾਂ ਕੰਮ ਨਹੀਂ ਦੇਵੇਗਾ । ਜੇਲ੍ਹ ਤੱਕ ਪੁੱਜਣ ਦਾ ਹੋਰ ਕੋਈ ਉਪਾਅ ਟੋਲਣਾ ਚਾਹੀਦਾ ਹੈ ।
ਛੇਵੀਂ ਸੜਕ ਦੇ ਮੋੜ ਤੇ ਉਸਨੂੰ ਤਰ੍ਹਾਂ – ਤਰ੍ਹਾਂ ਦੀਆਂ ਚੀਜਾਂ ਨਾਲ, ਕਰੀਨੇ ਨਾਲ ਸਜਾਈ ਹੋਈ, ਇੱਕ ਕੱਚ ਦੀ ਖਿੜਕੀ ਬਿਜਲੀ ਦੀ ਰੋਸ਼ਨੀ ਵਿੱਚ ਜਗਮਗਾਉਂਦੀ ਵਿਖਾਈ ਦਿੱਤੀ । ਸੋਪੀ ਨੇ ਪੱਥਰ ਚੁੱਕਿਆ ਅਤੇ ਸ਼ੀਸ਼ੇ ਤੇ ਦੇ ਮਾਰਿਆ । ਚਾਰੇ ਪਾਸਿਉਂ ਲੋਕ ਭੱਜੇ ਅਤੇ ਇੱਕ ਪੁਲਿਸ ਦਾ ਸਿਪਾਹੀ ਵੀ ਆ ਖੜਾ ਹੋਇਆ । ਸਿਪਾਹੀ ਨੂੰ ਵੇਖਕੇ ਸੋਪੀ ਮੁਸਕਰਾਇਆ ਅਤੇ ਆਪਣੀਆਂ ਜੇਬਾਂ ਵਿੱਚ ਹੱਥ ਪਾਈਂ ਚੁਪਚਾਪ ਖੜਾ ਰਿਹਾ ।
ਸਿਪਾਹੀ ਨੇ ਤਮਤਮਾ ਕੇ ਪੁੱਛਿਆ,"ਸੀਸਾ ਤੋੜਨ ਵਾਲਾ ਕਿੱਥੇ ਗਿਆ ?"
ਸੁਭਾਗ ਦਾ ਸਵਾਗਤ ਕਰਦੇ ਹੋਏ ਸੋਪੀ ਨੇ ਵਿਅੰਗਮਈ ਸੁਰ ਵਿੱਚ ਸੁਹਿਰਦਤਾ ਨਾਲ ਪੁੱਛਿਆ,"ਕੀ ਤੁਸੀਂ ਇੰਨਾ ਵੀ ਨਹੀਂ ਸਮਝਦੇ ਕਿ ਇਸ ਵਿੱਚ ਮੇਰਾ ਵੀ ਕੁੱਝ ਹੱਥ ਹੋ ਸਕਦਾ ਹੈ ?"
ਸਿਪਾਹੀ ਦੇ ਦਿਮਾਗ ਨੇ ਸੋਪੀ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ । ਬਾਰੀਆਂ ਨੂੰ ਪੱਥਰ ਮਾਰ ਕੇ ਤੋੜਨ ਵਾਲੇ, ਕਨੂੰਨ ਦੇ ਰਖਵਾਲਿਆਂ ਨਾਲ ਗਪ – ਸ਼ਪ ਕਰਨ ਲਈ ਕਦ ਰੁਕਦੇ ਹਨ ? ਉਹ ਤਾਂ ਫ਼ੌਰਨ ਨੌਂ – ਦੋ ਗਿਆਰਾਂ ਹੋ ਜਾਂਦੇ ਹਨ । ਪੁਲਿਸਮੈਨ ਨੇ ਕੁੱਝ ਦੂਰ ਸੜਕ ਤੇ ਇੱਕ ਆਦਮੀ ਨੂੰ ਬਸ ਫੜਨ ਲਈ ਭੱਜਦੇ ਵੇਖਿਆ ਅਤੇ ਆਪਣਾ ਡੰਡਾ ਘੁਮਾਉਂਦਾ ਹੋਇਆ ਉਹ ਉਸਦੇ ਪਿੱਛੇ ਭੱਜਿਆ । ਦੋ ਵਾਰ ਅਸਫ਼ਲ ਹੋਕੇ ਸੋਪੀ ਨਿਰਾਸ਼ ਹੋ ਗਿਆ ਅਤੇ ਮਟਰਗਸ਼ਤੀ ਕਰਨ ਲੱਗਿਆ ।
ਸੜਕ ਦੇ ਉਸ ਪਾਰ, ਇੱਕ ਸਧਾਰਣ ਸ਼ਾਨੋ ਸ਼ੌਕਤ ਦਾ ਹੋਟਲ ਸੀ । ਉੱਥੇ ਛੋਟੀ ਜੇਬ ਅਤੇ ਵੱਡੇ ਢਿੱਡ ਵਾਲੇ ਗਾਹਕ ਜਾਇਆ ਕਰਦੇ ਸਨ । ਘਟੀਆ ਬਰਤਨ ਅਤੇ ਧੁਆਖਿਆ ਮਾਹੌਲ ; ਪਤਲੀ ਦਾਲ ਅਤੇ ਗੰਦੇ ਮੇਜਪੋਸ਼ । ਇਸ ਸਥਾਨ ਤੇ ਸੋਪੀ ਬਿਨਾਂ ਰੋਕ – ਟੋਕ ਆਪਣੀ ਫ਼ਟੀ ਪਤਲੂਨ ਅਤੇ ਪੁਰਾਣੇ ਜੁੱਤਿਆਂ ਸਮੇਤ ਜਾ ਅੱਪੜਿਆ । ਉਹ ਟੇਬਲ ਤੇ ਜਾ ਬੈਠਾ ਅਤੇ ਢਿੱਡ ਭਰ ਕੇ ਕਬਾਬ, ਕੋਫ਼ਤੇ, ਕੇਕ ਅਤੇ ਕਚੌਰੀਆਂ ਖਾ ਗਿਆ । ਅਤੇ ਤੱਦ ਉਸ ਨੇ ਵੇਟਰ ਦੇ ਸਾਹਮਣੇ ਇਹ ਰਹੱਸ ਖੋਲਿਆ ਕਿ ਤਾਂਬੇ ਦੀ ਇੱਕ ਪਾਈ ਦਾ ਵੀ ਉਸਨੇ ਮੂੰਹ ਨਹੀਂ ਵੇਖਿਆ ਹੈ ।
ਵੱਡੇ ਰੋਹਬ ਨਾਲ ਉਸਨੇ ਵੇਟਰ ਨੂੰ ਕਿਹਾ,"ਹੁਣ ਜਲਦੀ ਪੁਲਿਸ ਨੂੰ ਬੁਲਾਓ ; ਵਿਅਰਥ ਵਿੱਚ ਇੱਕ ਸ਼ਰੀਫ਼ ਆਦਮੀ ਦਾ ਵਕਤ ਕਿਉਂ ਖ਼ਰਾਬ ਕਰਦੇ ਹੋ ?"
ਅੰਗਾਰਿਆਂ ਵਰਗੀਆਂ ਲਾਲ ਅੱਖਾਂ ਦਿਖਾਂਦੇ ਹੋਏ, ਕਠੋਰ ਸ਼ਬਦਾਂ ਵਿੱਚ ਵੇਟਰ ਨੇ ਕਿਹਾ,"ਤੂੰ ਅਤੇ ਪੁਲਿਸ ਦਾ ਸਿਪਾਹੀ ?" ਉਸਨੇ ਆਪਣੇ ਸਾਥੀ ਨੂੰ ਅਵਾਜ ਦਿੱਤੀ ਅਤੇ ਸੋਪੀ ਮਹਾਸ਼ਾ ਫੇਰ ਇੱਕ ਵਾਰ ਬੇਰਹਿਮੀ ਨਾਲ ਸੜਕ ਤੇ ਲਿਆ ਪਟਕਾ ਦਿੱਤਾ ਗਿਆ ।
ਤਰਖਾਣ ਦੇ ਗਜ ਦੀ ਤਰ੍ਹਾਂ ਹੌਲੀ – ਹੌਲੀ ਇੱਕ – ਇੱਕ ਜੋੜ ਨੂੰ ਖੋਲ੍ਹਦਾ ਹੋਇਆ ਸੋਪੀ ਉਠਿਆ ਅਤੇ ਕੱਪੜਿਆਂ ਦੀ ਧੂੜ ਝਾੜਣ ਲੱਗਿਆ । ਅੱਜ ਉਸਦੇ ਲਈ ਗਿਰਫ਼ਤਾਰੀ ਮ੍ਰਿਗ – ਮਰੀਚਿਕਾ ਹੋ ਚੱਲੀ ਸੀ ਅਤੇ ਉਸਨੂੰ ਉਹ ਸੁਖਦਾਈ ਜੇਲ੍ਹ ਕੋਹਾਂ ਦੂਰ ਵਿਖਾਈ ਦੇ ਰਹੀ ਸੀ । ਕੁੱਝ ਦੂਰੀ ਤੇ ਇੱਕ ਦੁਕਾਨ ਦੇ ਸਾਹਮਣੇ ਖੜੇ ਸਿਪਾਹੀ ਨੇ ਉਸਨੂੰ ਵੇਖਿਆ ਅਤੇ ਹੱਸਦਾ ਹੋਇਆ ਆਪਣੇ ਰਸਤੇ ਚਲਾ ਗਿਆ ।
ਕਾਫ਼ੀ ਦੇਰ ਏਧਰ – ਉੱਧਰ ਭਟਕਣ ਦੇ ਬਾਅਦ ਸੋਪੀ ਵਿੱਚ ਗਿਰਫ਼ਤਾਰ ਹੋਣ ਦੀ ਤਾਂਘ ਕਰਨ ਦੀ ਹਿੰਮਤ ਨੇ ਫੇਰ ਅੰਗੜਾਈ ਲਈ । ਇਸ ਵਾਰ ਜੋ ਮੌਕਾ ਆਇਆ, ਉਹ ਬੇਸਮਝ ਸੋਪੀ ਨੂੰ ਅਚੁਕ ਲੱਗਿਆ ।
ਖ਼ੂਬਸੂਰਤ ਅਤੇ ਸੁਸ਼ੀਲ ਮੁਖਮੁਦਰਾ ਵਾਲੀ ਇੱਕ ਨਵਯੁਵਤੀ, ਇੱਕ ਦੁਕਾਨ ਦੀ ਖਿੜਕੀ ਦੇ ਸਾਹਮਣੇ ਖੜੀ, ਅੰਦਰ ਸਜੀਆਂ ਹੋਈਆਂ ਪਿਆਲੀਆਂ ਅਤੇ ਦਾਵਾਤਾਂ ਨੂੰ ਕੁੱਝ ਵਧੇਰੇ ਹੀ ਦਿਲਚਸਪੀ ਨਾਲ ਵੇਖ ਰਹੀ ਸੀ ਅਤੇ ਦੋ ਗਜ ਦੀ ਦੂਰੀ ਤੇ ਹੀ ਕਠੋਰ ਮੁਹਾਂਦਰੇ ਵਾਲਾ ਇੱਕ ਸਿਪਾਹੀ ਨਲਕੇ ਦਾ ਸਹਾਰਾ ਲਈ ਖੜਾ ਸੀ ।
ਸੋਪੀ ਨੇ ਇਸ, ਵਾਰ ਔਰਤਾਂ ਨੂੰ ਛੇੜ – ਛਾੜ ਕਰਨ ਵਾਲੇ ਘਿਰਣਿਤ ਅਤੇ ਤੁੱਛ ਗੁੰਡੇ ਦਾ ਪਾਰਟ ਅਦਾ ਕਰਨ ਦੀ ਯੋਜਨਾ ਬਣਾਈ । ਆਪਣੇ ਸ਼ਿਕਾਰ ਦੀ ਸੁਨੱਖੀ ਅਤੇ ਭੋਲੀ ਸੂਰਤ ਵੇਖਕੇ ਅਤੇ ਕਨੂੰਨ ਦੇ ਚੇਤੰਨ ਪਹਰੇਦਾਰ ਨੂੰ ਕੋਲ ਖੜਾ ਜਾਣ ਕੇ ਸੋਪੀ ਦੀ ਇਹ ਸੋਚਣ ਦੀ ਜੁਰਅਤ ਹੋਈ ਕਿ ਜਲਦੀ ਹੀ ਉਸਦੀ ਬਾਂਹ ਨੂੰ ਸਿਪਾਹੀ ਦੇ ਪੰਜੇ ਦੀ ਉਸ ਸੁਖਦਾਈ ਗ੍ਰਿਫਤ ਦਾ ਅਹਿਸਾਸ ਹੋਵੇਗਾ ਜੋ ਉਸਨੂੰ ਸਰਦੀਆਂ ਗੁਜਰਨ ਲਈ ਨਿਘੀ ਜੇਲ੍ਹ ਵਿੱਚ ਪਹੁੰਚਾ ਦੇਵੇਗੀ ।
ਸੋਪੀ ਨੇ ਮਿਸ਼ਨਰੀ ਤੀਵੀਂ ਦੁਆਰਾ ਭੇਂਟ ਦਿੱਤੀ ਗਈ ਟਾਈ ਨੂੰ ਠੀਕ ਕੀਤਾ, ਸੁਨ੍ਗ੍ਦੀਆਂ ਹੋਈਆਂ ਆਸਤੀਨਾਂ ਨੂੰ ਤਾਕਤ ਨਾਲ ਬਾਹਰ ਕੱਢਿਆ, ਟੋਪ ਨੂੰ ਤਿਰਛੇ ਅੰਦਾਜ਼ ਨਾਲ ਪਹਿਨਿਆ ਅਤੇ ਉਸ ਮੁਟਿਆਰ ਵੱਲ ਵਧਿਆ । ਉਸਨੇ ਉਸਦੀ ਤਰਫ਼ ਅੱਖ ਨਾਲ ਇਸ਼ਾਰੇ ਕੀਤੇ, ਉਸਨੂੰ ਵੇਖਕੇ ਖੰਗਿਆ ਖੰਗੂਰਿਆ, ਅਤੇ ਚਿਹਰੇ ਤੇ ਬਣਾਉਟੀ ਹਾਸੀ ਲਿਆ ਕੇ ਬਦਤਮੀਜ ਘਿਰਣਿਤ ਗੁੰਡਿਆਂ ਦੀ ਤਰ੍ਹਾਂ ਝੂਮਣ ਲੱਗਿਆ । ਆਪਣੀ ਅੱਖ ਦੀ ਕੋਰ ਤੋਂ ਤਿਰਛੀ ਨਜ਼ਰ ਨਾਲ ਉਸਨੇ ਇਹ ਵੇਖ ਲਿਆ ਕਿ ਪੁਲਿਸ ਦਾ ਸਿਪਾਹੀ ਉਸਨੂੰ ਘੂਰ ਰਿਹਾ ਹੈ । ਮੁਟਿਆਰ ਦੋ – ਚਾਰ ਕਦਮ ਅੱਗੇ – ਪਿੱਛੇ ਹੋਈ ਅਤੇ ਫੇਰ ਜਿਆਦਾ ਇਕਾਗਰਤਾ ਨਾਲ ਖਿੜਕੀ ਵਿੱਚ ਸਜੀਆਂ ਚੀਜਾਂ ਨੂੰ ਦੇਖਣ ਲੱਗੀ । ਸੋਪੀ ਨਿਰਭੈਤਾ ਨਾਲ ਅੱਗੇ ਵੱਧ ਉਸਦੇ ਕੋਲ ਜਾ ਖੜਿਆ ਅਤੇ ਆਪਣਾ ਟੋਪ ਸਿਰ ਤੋਂ ਚੁੱਕ ਕੇ ਬੋਲਿਆ," ਕਿਉਂ ਚਿੜੀਏ ! ਕਿਤੇ ਕੁੱਝ ਤਫ਼ਰੀਹ ਦਾ ਇਰਾਦਾ ਹੈ ?"
ਸਿਪਾਹੀ ਹੁਣ ਵੀ ਵੇਖ ਰਿਹਾ ਸੀ । ਸਤਾਈ ਹੋਈ ਮੁਟਿਆਰ ਦੀ ਉਂਗਲ ਦੇ ਇੱਕ ਇਸ਼ਾਰੇ ਮਾਤਰ ਨਾਲ ਸੋਪੀ ਆਪਣੀ ਮੰਜਿਲ ਤੱਕ ਪਹੁੰਚ ਸਕਦਾ ਸੀ । ਆਪਣੀ ਕਲਪਨਾ ਵਿੱਚ ਉਹ ਥਾਣੇ ਦੇ ਸੁਖਦ ਨਿਘ ਵਿੱਚ ਪਹੁੰਚ ਵੀ ਚੁਕਾ ਸੀ । ਪਰ ਮੁਟਿਆਰ ਉਸ ਵੱਲ ਮੁੰਹ ਕਰਕੇ ਖੜੀ ਹੋ ਗਈ ਅਤੇ ਆਪਣਾ ਹੱਥ ਵਧਾਕੇ ਉਸਦੇ ਕੋਟ ਦੀ ਬਾਂਹ ਨੂੰ ਫੜ ਕੇ ਖੁਸ਼ੀ ਨਾਲ ਬੋਲੀ –"ਜਰੂਰ ਦੋਸਤ ਮੈਂ ਤਾਂ ਬਿਲਕੁੱਲ ਤਿਆਰ ਹਾਂ । ਮੈ ਤਾਂ ਆਪਣੇ ਆਪ ਹੀ ਤੁਹਾਨੂੰ ਕਹਿਣ ਵਾਲੀ ਸੀ, ਮਗਰ ਉਹ ਸਿਪਾਹੀ ਜੋ ਵੇਖ ਰਿਹਾ ਸੀ !"
ਰੁੱਖ ਨਾਲ ਵੇਲ ਵਾਂਗ ਆਪਣੀ ਦੇਹ ਨਾਲ ਲਿਪਟੀ ਹੋਈ ਉਸ ਕੁੜੀ ਨੂੰ ਲਈ, ਹੁਣ ਸੋਪੀ ਪੁਲਿਸਮੈਨ ਦੇ ਸਾਹਮਣੇ ਤੋਂ ਗੁਜਰਿਆ, ਤਾਂ ਉਦਾਸੀ ਨੇ ਉਸਨੂੰ ਘੇਰ ਲਿਆ । ਉਸਦੇ ਕਿਸਮਤ ਵਿੱਚ ਸ਼ਾਇਦ ਆਜ਼ਾਦੀ ਹੀ ਲਿਖੀ ਸੀ ।
ਅਗਲੇ ਮੋੜ ਤੇ ਹੀ ਉਹ ਉਸ ਕੁੜੀ ਤੋਂ ਪਿੰਡ ਛੁਡਾ ਕੇ ਭੱਜਿਆ । ਉੱਥੇ ਨਾਲ ਉਹ ਏਸੇ ਮੁਹੱਲੇ ਵਿੱਚ ਪਹੁੰਚ ਕੇ ਰੁਕਿਆ, ਜਿੱਥੇ ਰਾਤ ਵਿੱਚ ਝੂਠੇ ਵਾਦੇ ਕਰਨ ਵਾਲੇ ਬੇਫ਼ਿਕਰ ਪ੍ਰੇਮੀ ਅਤੇ ਸ਼ਰਾਬ – ਸੰਗੀਤ ਦੇ ਦੌਰ ਚਲਦੇ ਹਨ । ਫਰ ਦੇ ਕੋਟ ਪਹਿਨੀਂ ਔਰਤਾਂ ਅਤੇ ਵਧੀਆ ਓਵਰਕੋਟ ਪਹਿਨੀਂ ਪੁਰਖ, ਉਸ ਸੁਹਾਵਣੀ ਹਵਾ ਵਿੱਚ ਟਹਿਲ ਰਹੇ ਸਨ । ਅਚਾਨਕ ਸੋਪੀ ਦੇ ਮਨ ਵਿੱਚ ਸ਼ੰਕਾ ਉੱਠੀ ਕਿ ਕਿਸੇ ਭਿਆਨਕ ਟੂਣੇ ਨੇ ਤਾਂ ਉਸਨੂੰ ਗਿਰਫ਼ਤਾਰੀ ਤੋਂ ਮੁਕੰਮਲ ਆਜ਼ਾਦ ਨਹੀਂ ਕਰ ਰੱਖਿਆ ਹੈ । ਇਸ ਵਿਚਾਰ ਨਾਲ ਉਹ ਕੁੱਝ ਘਬਰਾਇਆ, ਪਰ ਇੱਕ ਸ਼ਾਨਦਾਰ ਨਾਟਕਘਰ ਦੇ ਸਾਹਮਣੇ ਸ਼ਾਨ ਨਾਲ ਟਹਿਲਦੇ ਹੋਏ ਇੱਕ ਸਿਪਾਹੀ ਨੂੰ ਵੇਖਦੇ ਹੀ ਉਸਦੇ ਮਨ ਵਿੱਚ ਸ਼ਰਾਬੀ ਦਾ ਪਾਰਟ ਅਦਾ ਕਰਨ ਦੀ ਯੋਜਨਾ ਫੇਰ ਬਿਜਲੀ ਦੀ ਤਰ੍ਹਾਂ ਕੌਂਧ ਗਈ ।
ਫ਼ੁਟਪਾਥ ਤੇ ਖੜੇ ਹੋਕੇ ਸੋਪੀ ਨੇ ਆਪਣੇ ਆਪਣੀ ਕੁਰਖਤ ਅਵਾਜ ਵਿੱਚ ਸ਼ਰਾਬੀਆਂ ਦੀ ਤਰ੍ਹਾਂ ਬਕਵਾਸ ਕਰਨਾ ਅਤੇ ਚੀਖਣਾ ਸ਼ੁਰੂ ਕੀਤਾ ।ਉਹਨੇ ਖੜਦੁੰਮ ਮਚਾਇਆ, ਨੱਚਿਆ ਟੱਪਿਆ, ਚੀਖਿਆ ਚਿਲਾਇਆ ਅਤੇ ਹੋਰ ਅਨੇਕ ਤਰੀਕਿਆਂ ਨਾਲ ਉਸਨੇ ਅਸਮਾਨ ਸਿਰ ਤੇ ਉਠਾ ਲਿਆ ।
ਪੁਲਿਸਮੈਨ ਨੇ ਡੰਡਾ ਘੁਮਾਉਂਦੇ ਹੋਏ ਸੋਪੀ ਦੀ ਤਰਫ਼ ਪਿੱਠ ਕਰ ਲਈ ਅਤੇ ਇੱਕ ਰਾਹਗੀਰ ਨੂੰ ਕਹਿਣ ਲੱਗਿਆ,"ਇਹ ਕਾਲਜ ਦਾ ਕੋਈ ਮੁੰਡਾ ਹੈ । ਉਨ੍ਹਾਂ ਨੇ ਹਾਰਟਫ਼ੋਰਟ ਕਾਲਜ ਨੂੰ ਅੱਜ ਬੁਰੀ ਤਰ੍ਹਾਂ ਹਰਾਇਆ ਹੈ, ਇਸ ਲਈ ਖੁਸ਼ੀਆਂ ਮਨਾ ਰਿਹਾ ਹੈ । ਸਿਰਫ਼ ਹੋ ਹੱਲਾ ਮਚਾਉਂਦਾ ਹੈ – ਡਰ ਦੀ ਕੋਈ ਗੱਲ ਨਹੀਂ ।ਇਹਨਾਂ ਲੋਕਾਂ ਨੂੰ ਕੁੱਝ ਨਾ ਕਹਿਣ ਦੀ ਸਾਨੂੰ ਹਿਦਾਇਤ ਹੈ ।"
ਦੁਖੀ ਹੋਕੇ ਸੋਪੀ ਨੇ ਇਸ ਅਸਫ਼ਲ ਤਿਕੜਮ ਨੂੰ ਤਿਆਗ ਦਿੱਤਾ । ਕੀ ਪੁਲਿਸ ਦੇ ਸਿਪਾਹੀ ਉਸਨੂੰ ਕਦੇ ਗਿਰਫ਼ਤਾਰ ਨਹੀ ਕਰਨਗੇ ? ਉਸਦੀ ਕਲਪਨਾ ਦੀ ਜੇਲ੍ਹ ਹੁਣ ਉਸਨੂੰ ਇੱਕ ਦੁਰਲੱਭ ਸਵਰਗ ਦੇ ਸਮਾਨ ਲੱਗਣ ਲੱਗੀ ।ਉਸਨੇ ਠੰਡੀ ਹਵਾ ਤੋਂ ਬਚਣ ਲਈ ਆਪਣੇ ਘਸੇ ਪੁਰਾਣੇ ਕੋਟ ਦੇ ਬਟਨ ਬੰਦ ਕਰ ਲਏ ।
ਸਿਗਾਰ ਦੀ ਇੱਕ ਦੁਕਾਨ ਵਿੱਚ ਉਸਨੇ ਇੱਕ ਬਣਦੇ ਫੱਬਦੇ ਮਨੁੱਖ ਨੂੰ ਸਿਗਾਰ ਸੁਲਗਾਉਂਦੇ ਹੋਏ ਵੇਖਿਆ । ਅੰਦਰ ਜਾਂਦੇ ਸਮੇਂ ਉਸਨੇ ਆਪਣੀ ਰੇਸ਼ਮੀ ਛਤਰੀ ਦਰਵਾਜੇ ਦੇ ਕੋਲ ਰੱਖ ਦਿੱਤੀ ਸੀ ।
ਸੋਪੀ ਅੰਦਰ ਘੁਸਿਆ, ਛਤਰੀ ਚੁੱਕੀ ਅਤੇ ਹੌਲੀ – ਹੌਲੀ ਚਹਿਲਕਦਮੀ ਕਰਦਾ ਅੱਗੇ ਵੱਧ ਗਿਆ । ਸਿਗਾਰ ਵਾਲਾ ਮਨੁੱਖ ਜਲਦੀ ਨਾਲ ਉਸਦੇ ਪਿੱਛੇ ਪਿੱਛੇ ਆਇਆ ।
ਉਹ ਕੁੱਝ ਸੱਖਤੀ ਨਾਲ ਬੋਲਿਆ"ਮੇਰੀ ਛਤਰੀ" !
ਚੋਰੀ ਉੱਪਰੋਂ ਸੀਨਾਜੋਰੀ ਕਰਦੇ ਹੋਏ, ਸੋਪੀ ਮਜਾਕ ਕਰਨ ਲੱਗਿਆ," ਕੀ ਸਚੀਂ ਇਹ ਤੇਰੀ ਛਤਰੀ ਹੈ ? ਤਾਂ ਫੇਰ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਬੁਲਾਉਂਦੇ ? ਇਹ ਖੂਬ ਰਹੀ – ਤੁਹਾਡਾ ਛਤਰੀ ! ਜਲਦੀ ਕਰੋ, ਸਾਹਿਬ, ਪੁਲਿਸ ਨੂੰ ਬੁਲਾਓ, ਮੋੜ ਤੇ ਹੀ ਖੜਾ ਹੈ !"
ਛਤਰੀ ਦੇ ਮਾਲਿਕ ਨੇ ਆਪਣੀ ਚਾਲ ਹੌਲੀ ਕਰ ਦਿੱਤੀ । ਸੋਪੀ ਨੇ ਵੀ ਉਵੇਂ ਹੀ ਕੀਤਾ । ਲੇਕਿਨ ਉਸਦੇ ਮਨ ਵਿੱਚ ਇਹ ਸੰਦੇਹ ਉਠ ਚੁੱਕੀ ਸੀ ਕਿ ਇਸ ਵਾਰ ਵੀ ਕਿਸਮਤ ਉਸਨੂੰ ਧੋਖੇ ਦੇ ਜਾਵੇਗੀ । ਸਿਪਾਹੀ ਸਹਿਮਿਆ ਸਹਿਮਿਆ ਉਨ੍ਹਾਂ ਦੋਨਾਂ ਵੱਲ ਵੇਖਦਾ ਰਿਹਾ ।
ਛਾਤੇ ਵਾਲੇ ਨੇ ਕਿਹਾ," ਜੀ ਹਾਂ, ਜੀ – ਤੁਸੀਂ ਜਾਣਦੇ ਹੀ ਹੋ, ਐਸੀ ਗਲਤੀ ਹੋ ਹੀ ਜਾਂਦੀ ਹੈ । ਜੇਕਰ ਇਹ ਛਤਰੀ ਤੁਹਾਡੀ ਹੈ ਤਾਂ ਮੈਨੂੰ ਮੁਆਫ਼ ਕਰੋ । ਦਰਅਸਲ ਗੱਲ ਇਹ ਹੈ ਕਿ ਅੱਜ ਸਵੇਰੇ ਹੀ ਮੈਂ ਇਸਨੂੰ ਇੱਕ ਹੋਟਲ ਨੂੰ ਚੁੱਕਿਆ ਸੀ । ਜੇਕਰ ਤੁਸੀਂ ਇਸਨੂੰ ਪਛਾਣਦੇ ਹੋ – ਜੇਕਰ ਤੁਹਾਡੀ ਹੈ ਤਾਂ ਮੈ ਆਸ ਕਰਦਾ ਹਾਂ ਕਿ ਤੁਸੀਂ ਮੈਨੂੰ… . ।"
ਸੋਪੀ ਦੁਸ਼ਟਤਾ ਨਾਲ ਬੋਲਿਆ,"ਜੀ ਹਾਂ, ਨਿਸ਼ਚਿਤ ਤੌਰ ਤੇ ਇਹ ਮੇਰੀ ਹੈ ।"
ਛਤਰੀ ਦਾ ਤਥਾਕਥਿਤ ਸਵਾਮੀ ਮੈਦਾਨ ਛੱਡਕੇ ਭੱਜ ਗਿਆ । ਪੁਲਿਸਮੈਨ ਵੀ ਕਾਫ਼ੀ ਦੂਰ ਪਰ ਵਿਖਾਈ ਦੇਣ ਵਾਲੀ ਇੱਕ ਮੋਟਰ ਤੋਂ ਸੜਕ ਪਾਰ ਕਰ ਰਹੀ ਇੱਕ ਸੁੰਦਰੀ ਨੂੰ ਬਚਾਉਣ ਲਈ ਚੱਲ ਪਿਆ ।
ਸੋਪੀ, ਪੂਰਬ ਦੀ ਤਰਫ਼ ਮਰੰਮਤ ਲਈ ਪੁੱਟੀ ਗਈ ਇੱਕ ਸੜਕ ਤੇ ਅੱਗੇ ਵਧਿਆ । ਗ਼ੁੱਸੇ ਨਾਲ ਉਸਨੇ ਛਤਰੀ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ । ਸਿਰ ਤੇ ਲੋਹੇ ਦੀ ਟੋਪੀ ਅਤੇ ਹੱਥ ਵਿੱਚ ਡੰਡਾ ਲਈ ਘੁੰਮਣ ਵਾਲੇ, ਪੁਲਿਸ ਸਮੁਦਾਏ ਦੇ ਪ੍ਰਤੀ ਉਸਦਾ ਮਨ ਵੈਰਾਗ ਨਾਲ ਭਰ ਗਿਆ । ਉਹ ਤਾਂ ਉਨ੍ਹਾਂ ਦੇ ਪੰਜਿਆਂ ਵਿੱਚ ਫਸਣਾ ਚਾਹੁੰਦਾ ਸੀ ਅਤੇ ਸਿਪਾਹੀ ਸ਼ਾਇਦ ਉਸਨੂੰ, ਬੁਰਾਈ ਤੋਂ ਉੱਤੇ ਉੱਠੇ ਹੋਏ ਕਿਸੇ ਰਾਜੇ ਦੇ ਸਮਾਨ ਸਮਝ ਰਹੇ ਸਨ ।
ਅਖੀਰ ਵਿੱਚ ਸੋਪੀ ਪੂਰਬ ਵਾਲੇ ਪਾਸੇ ਇੱਕ ਅਜਿਹੇ ਮਾਰਗ ਤੇ ਜਾ ਪਹੁੰਚਿਆ ਜਿੱਥੇ ਖੱਪਖਾਨਾ ਅਤੇ ਚਮਕ ਦਮਕ ਬਹੁਤ ਘੱਟ ਸੀ । ਇਥੋਂ ਉਹ ਸਿਧਾ ਮੈਡੀਸਨ ਚੌਕ ਦੀ ਦਿਸ਼ਾ ਵਿੱਚ ਮੁੜ ਪਿਆ । ਘਰ ਦਾ ਮੋਹ ਮਨੁੱਖ ਨੂੰ ਆਪਣੀ ਵੱਲ ਖਿੱਚਦਾ ਹੀ ਹੈ, ਚਾਹੇ ਉਸਦਾ ਘਰ ਕਿਸੇ ਪਾਰਕ ਦੀ ਬੈਂਚ ਹੀ ਕਿਉਂ ਨਹੀਂ ਹੋਵੇ ।
ਲੇਕਿਨ ਇੱਕ ਅਤਿਅੰਤ ਸੁੰਨ ਸ਼ਾਂਤ ਸਥਾਨ ਤੇ ਸੋਪੀ ਦੇ ਪੈਰ ਰੁਕ ਗਏ । ਇੱਥੇ ਇੱਕ ਪੁਰਾਣਾ ਗਿਰਜਾ ਸੀ – ਟੁੱਟਿਆ – ਫੁੱਟਿਆ, ਵਿਲੱਖਣ ਅਤੇ ਮਹਿਰਾਬਦਾਰ । ਬੈਂਗਨੀ ਰੰਗ ਦੇ ਕੱਚ ਵਲੀ ਖਿੜਕੀ ਵਿੱਚੋਂ ਮੰਦ ਪ੍ਰਕਾਸ਼ ਛਣ ਰਿਹਾ ਸੀ ਅਤੇ ਨਿਸ਼ਚੇ ਹੀ ਅਗਲੇ ਐਤਵਾਰ ਦੀ ਅਰਦਾਸ ਦੀ ਤਿਆਰੀ ਵਿੱਚ ਲੀਨ ਪਿਯਾਨੋ ਵਜਾਉਣ ਵਾਲਾ ਕੀਬੋਰਡ ਤੇ ਆਪਣੀਆਂ ਉਗਲੀਆਂ ਨਚਾ ਰਿਹਾ ਸੀ ।
ਸਵਰਗੀ ਸੰਗੀਤ ਦੀ ਮਧੁਰ ਆਵਾਜ਼ – ਲਹਿਰੀ ਵਗਦੀ ਹੋਈ ਸੋਪੀ ਦੇ ਕੰਨਾਂ ਤੱਕ ਆਈ ਜਿਸਨੇ ਉਸਤੇ ਜਾਦੂ ਕਰ ਗਿਰਜੇ ਦੀ ਬਾਗਲ ਨਾਲ ਜਿਵੇਂ ਜਕੜ ਲਿਆ ।
ਅਕਾਸ਼ ਵਿੱਚ ਨਿਰਮਲ ਪ੍ਰੇਮ-ਯੁਕਤ ਚੰਨ ਚਮਕ ਰਿਹਾ ਸੀ । ਸੜਕ ਰਾਹਗੀਰਾਂ ਤੋਂ ਸੁੰਨੀ ਸੀ । ਪੰਛੀ ਤੰਦਰਿਲ ਸਵਰਾਂ ਵਿੱਚ ਚਹਿਚਹਾ ਰਹੇ ਸਨ । ਮਾਹੌਲ ਕਿਸੇ ਪਿੰਡ ਦੇ ਗਿਰਜੇ ਦੇ ਸਮਾਨ ਸ਼ਾਂਤ ਸੀ । ਅਰਦਾਸ ਦੀਆਂ ਸੁਰਾਂ ਨੇ ਸੋਪੀ ਨੂੰ ਬਾਗਲੇ ਦੀਆਂ ਗ੍ਰੇਲਾਂ ਨਾਲ ਜਕੜ ਦਿੱਤਾ ਸੀ । ਕਿਉਂਕਿ ਉਹ ਉਸ ਅਰਦਾਸ ਤੋਂ ਵਾਕਫ਼ ਸੀ – ਉਸਨੇ ਇਸਨੂੰ ਇਸ ਯੁੱਗ ਵਿੱਚ ਸੁਣਿਆ ਸੀ ਜਦੋਂ ਕਦੇ ਉਸਦੇ ਜੀਵਨ ਵਿੱਚ ਪਵਿਤਰ ਵਿਚਾਰਾਂ, ਸਾਫ਼ ਕਪੜਿਆਂ, ਇੱਛਾਵਾਂ, ਫੁਲਾਂ, ਮਾਵਾਂ, ਭੈਣਾ, ਅਤੇ ਮਿੱਤਰਾਂ ਦਾ ਵੀ ਸਥਾਨ ਰਿਹਾ ਸੀ ।
ਸੋਪੀ ਦੇ ਮਨ ਦੀ ਗ੍ਰਹਿਣਸ਼ੀਲਤਾ ਅਤੇ ਪੁਰਾਣੇ ਗਿਰਜੇ ਦੇ ਪਵਿਤਰ ਪ੍ਰਭਾਵ ਦੀ ਸਾਂਝੀ ਸ਼ਮੂਲੀਅਤ ਨੇ ਸੋਪੀ ਦੀ ਅੰਤਰਆਤਮਾ ਵਿੱਚ ਇੱਕ ਅਦਭੁਤ ਤਬਦੀਲੀ ਲਿਆ ਦਿੱਤੀ । ਆਤੰਕਿਤ ਹੋਕੇ ਉਸਨੇ ਉਸ ਟੋਏ ਦੀ ਗਹਿਰਾਈ ਦਾ ਅਨੁਭਵ ਕੀਤਾ, ਜਿਸ ਵਿੱਚ ਉਹ ਡਿੱਗ ਚੁਕਾ ਸੀ ਪਤਨ ਦੇ ਦਿਨ, ਘਿਰਣਾਜਨਕ ਤਮ੍ਹਾ, ਮੁਰਦਾ ਆਸ਼ਾਵਾਂ,ਬਰਬਾਦ ਹੋਏ ਗੁਣ ਅਤੇ ਕਮੀਨੇ ਮਨੋਰਥ – ਜਿਨ੍ਹਾਂ ਨੇ ਹੁਣ ਤੱਕ ਉਸਦੇ ਵਜੂਦ ਨੂੰ ਬਣਾਇਆ ਸੀ, ਉਸਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਉੱਭਰ ਆਏ ।
ਅਤੇ ਦੂਜੇ ਹੀ ਪਲ, ਉਸਦੇ ਹਿਰਦੇ ਨੇ ਇਸ ਨਵੇਂ ਵਿਚਾਰ ਦਾ ਉਤਸਾਹਪੂਰਵਕ ਹੁੰਗਾਰਾ ਭਰਿਆ । ਅਚਾਨਕ, ਉਸਦੇ ਹਿਰਦੇ ਵਿੱਚ ਆਪਣੇ ਬਦਕਿੱਸਮਤੀ ਵਿਰੁਧ ਲੜਨ ਦੀ ਇੱਕ ਤਕੜੀ ਪ੍ਰੇਰਨਾ ਪੈਦਾ ਹੋਈ । ਇਸ ਦਲਦਲ ਤੋਂ ਆਪਣੇ ਆਪ ਨੂੰ ਬਾਹਰ ਕੱਢਣੇ ਦਾ ਉਸਨੇ ਨਿਸ਼ਚਾ ਕੀਤਾ । ਉਹ ਫੇਰ ਤੋਂ ਆਪਣੇ ਆਪ ਨੂੰ ਮਨੁੱਖ ਬਨਾਏਗਾ । ਜਿਸ ਬੁਰਾਈ ਨੇ ਉਸਨੂੰ ਦਬੋਚ ਰੱਖਿਆ ਹੈ, ਉਸਨੂੰ ਉਹ ਕਾਬੂ ਕਰੇਗਾ ।ਅਜੇ ਵੀ ਸਮਾਂ ਹੈ, ਉਸਦੀ ਉਮਰ ਕੋਈ ਜ਼ਿਆਦਾ ਨਹੀਂ । ਉਹ ਆਪਣੀ ਪੁਰਾਣੀਆਂ ਇੱਛਾਵਾਂ ਨੂੰ ਪੁਨਰਜੀਵਨ ਦੇ ਕੇ, ਬਿਨਾਂ ਲੜਖੜਾਏ ਪੂਰੀਆਂ ਕਰੇਗਾ । ਪਿਆਨੋ ਦੇ ਉਨ੍ਹਾਂ ਮਧੁਰ ਸੁਰਾਂ ਨੇ, ਉਸਦੀ ਆਤਮਾ ਵਿੱਚ ਇੱਕ ਹਲਚਲ ਮਚਾ ਦਿੱਤੀ ਸੀ । ਕੱਲ ਸਵੇਰੇ ਹੀ ਉਹ ਸ਼ਹਿਰ ਦੇ ਦੱਖਣ ਭਾਗ ਵਿੱਚ ਜਾਕੇ ਕੰਮ ਢੂੰਡੇਗਾ । ਫਰ ਦੇ ਇੱਕ ਵਪਾਰੀ ਨੇ ਉਸਨੂੰ ਇੱਕ ਵਾਰ ਡਰਾਈਵਰ ਦੀ ਨੌਕਰੀ ਦੇਣੀ ਚਾਹੀ ਸੀ । ਕੱਲ ਹੀ ਉਹ ਉਸਨੂੰ ਖੋਜ ਕੇ ਨੌਕਰੀ ਲੈ ਲਵੇਗਾ । ਉਹ ਦੁਨੀਆਂ ਵਿੱਚ ਕੁੱਝ ਬਣੇਗਾ ।
ਸੋਪੀ ਨੇ ਆਪਣੀ ਬਾਂਹ ਤੇ ਕਿਸੇ ਜਕੜ ਦਾ ਅਨੁਭਵ ਕੀਤਾ । ਤੇਜੀ ਨਾਲ ਘੁੰਮਦੇ ਹੀ ਉਸਨੂੰ ਇੱਕ ਸਿਪਾਹੀ ਦਾ ਕਠੋਰ ਚਿਹਰਾ ਵਿਖਾਈ ਦਿੱਤਾ ।
ਸਿਪਾਹੀ ਨੇ ਪੁੱਛਿਆ,"ਇੱਥੇ ਕੀ ਕਰ ਰਹੇ ਹੋ ?"
ਸੋਪੀ ਨੇ ਕਿਹਾ,"ਜੀ, ਕੁੱਝ ਨਹੀਂ ?"
ਸਿਪਾਹੀ ਬੋਲਿਆ,"ਕੁੱਝ ਨਹੀਂ ? ਤਾਂ ਮੇਰੇ ਨਾਲ ਚੱਲ ।"
ਦੂਜੇ ਦਿਨ ਸਵੇਰੇ ਪੁਲਿਸ ਕੋਰਟ ਦੇ ਨਿਆਂ-ਅਧਿਕਾਰੀ ਸਾਹਿਬ ਨੇ ਫ਼ਰਮਾਇਆ,"ਤਿੰਨ ਮਹੀਨੇ ਦੀ ਸਖ਼ਤ ਕੈਦ ।"

ਅਨੁਵਾਦ: ਚਰਨ ਗਿੱਲ

  • ਮੁੱਖ ਪੰਨਾ : ਓ ਹੈਨਰੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ