Puran Da Bhagat (Punjabi Story) : Kulwant Singh Virk

ਪੂਰਨ ਦਾ ਭਗਤ (ਕਹਾਣੀ) : ਕੁਲਵੰਤ ਸਿੰਘ ਵਿਰਕ

ਮੈਨੂੰ ਓਦੋਂ ਬੜੀਆਂ ਮੌਜਾਂ ਸਨ। ਸਰਕਾਰੀ ਨੌਕਰਾਂ ਦੇ ਰਹਿਣ ਲਈ ਨਵੀਂ ਦਿੱਲੀ ਵਿਚ ਵੱਡੇ ਵੱਡੇ ਲੋਕਾਂ ਦੇ ਨਾਂ ਉਤੇ ਬਸਤੀਆਂ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਕਾਲੋਨੀ ਤੇ ਕਿਸੇ ਨੂੰ ਨਗਰ ਆਖਦੇ ਹਨ। ਇਹੋ ਜਿਹੀ ਇਕ ਬਸਤੀ ਦੇ ਇਕ ਘਰ ਵਿਚ ਮੇਰਾ ਆਉਣ ਜਾਣ ਸੀ। ਇਥੇ ਇਕ ਕੁੜੀ ਇਕੱਲੀ ਰਹਿੰਦੀ ਸੀ ਜਿਹੜੀ ਦਫਤਰ ਵਿਚ ਕੰਮ ਕਰਦੀ ਸੀ। ਪਹਿਲਾਂ ਪਹਿਲਾਂ ਮੈਨੂੰ ਉਥੇ ਜਾਂਦੇ ਨੂੰ ਬੜਾ ਡਰ ਲਗਦਾ। ਲੋਕੀ ਕੀ ਕਹਿੰਦੇ ਹੋਣਗੇ? ਮੈਂ ਸੋਚਦਾ। ਜੇ ਟੈਕਸੀ ਜਾਂ ਸਕੂਟਰ ਤੇ ਜਾਂਦਾ ਤਾਂ ਬਸਤੀ ਤੋਂ ਉਰਾਂ ਹੀ ਉਤਰ ਜਾਂਦਾ। ਬਸਤੀ ਵਿਚ ਉਤਰਦੇ ਨੂੰ ਬਹੁਤ ਲੋਕ ਵੇਖਣਗੇ। ਟੁਰਦੇ ਨੂੰ ਘਟ ਵੇਖਦੇ ਹਨ। ਬਹੁਤ ਵਾਰ ਬਸ ਉਤੇ ਹੀ ਜਾਂਦਾ। ਉਹ ਬਸਤੀ ਤੋਂ ਬਾਹਰ ਖਲੋਂਦੀ ਸੀ। ਦਿਨ ਵੇਲੇ ਵੀ ਡਰ ਲਗਦਾ। ਸਾਰਾ ਆਂਢ ਗੁਆਂਢ ਵੇਖ ਰਿਹਾ ਹੋਵੇਗਾ! ਰਾਤ ਵੇਲੇ ਵੀ ਡਰ ਲਗਦਾ। ਜੇ ਕੋਈ ਇਕ ਵੀ ਵੇਖ ਲਵੇ ਤਾਂ ਕਹੇਗਾ ਇਸ ਵੇਲੇ ਕਿਸ ਕੰਮ ਆਇਆ ਹੈ?
ਤੇ ਵੇਖਣ ਵਾਲਾ ਕੋਈ ਇਕ ਹੁੰਦਾ ਸੀ? ਕੋਈ ਥਕੀ ਹੋਈ ਜਨਾਨੀ ਚੁਬਾਰੇ ਵਾਲੇ ਘਰ ਦੇ ਛੱਜੇ ਵਿਚ ਖਲੋ ਕੇ ਹਵਾ ਖਾ ਰਹੀ ਹੁੰਦੀ। ਕੋਈ ਆਪਣੀ ਬਾਰੀ ਵਿਚੋਂ ਬਾਹਰ ਦਾ ਆਨੰਦ ਮਾਣ ਰਹੀ ਹੁੰਦੀ। ਪਰ ਸਭ ਤੋਂ ਵੱਡੀ ਮੁਸੀਬਤ ਕੁੱਤੇ ਸਨ। ਜੇ ਬਸਤੀ ਦੇ ਪੰਜ ਸੌ ਘਰਾਂ ਵਿਚ ਦੋ ਹਜ਼ਾਰ ਜੀਅ ਰਹਿੰਦੇ ਸਨ ਤਾਂ ਉਹ ਉਨ੍ਹਾਂ ਵਿਚੋਂ ਕਿਸੇ ਦੇ ਵੀ ਆਉਣ ਜਾਣ ਉਤੇ ਕਦੀ ਨਾ ਭੌਂਕਦੇ। ਮੇਰੇ ਇਕੱਲੇ ਦੇ ਆਉਣ ਉਤੇ ਉਹ ਤੂਫਾਨ ਚੁਕ ਲੈਂਦੇ। ਹਰ ਪਾਸੇ ਤੋਂ ਹਰ ਗੁੱਠ ਵਿਚੋਂ ਕੋਈ ਭੌਂਕਣ ਲਗ ਜਾਂਦਾ ਜਿਵੇਂ ਬਸਤੀ ਨੂੰ ਡਾਕੂਆਂ ਦੀ ਇਕ ਵੱਡੀ ਧਾੜ ਆ ਪਈ ਹੋਵੇ। ਪਿਛੋਂ ਮੈਨੂੰ ਕਿਸੇ ਨੇ ਦਸਿਆ ਕਿ ਕੰਪਿਊਟਰ ਵਾਂਗ ਹਰ ਕੁੱਤੇ ਨੇ ਹਰ ਬੰਦੇ ਦੀ ਬੋ ਆਪਣੇ ਨੱਕ ਵਿਚ ਸਾਂਭ ਕੇ ਰਖੀ ਹੋਈ ਹੁੰਦੀ ਹੈ। ਜਦੋਂ ਉਨ੍ਹਾਂ ਸਾਰੀਆਂ ਤੋਂ ਵਖਰੀ ਬੋ ਉਸ ਨੂੰ ਆਵੇ ਤਾਂ ਉਹ ਭੌਂਕਣ ਲਗ ਜਾਂਦਾ ਹੈ। ਕੁਤਿਆਂ ਦੀ ਇਹ ਮਜਬੂਰੀ ਸੀ। ਮੇਰਾ ਵੀ ਉਥੇ ਜਾਣਾ ਇਕ ਮਜਬੂਰੀ ਸੀ। ਮੈਂ ਸਦਾ ਧਿਆਨ ਨੀਵਾਂ ਰਖਦਾ ਤੇ ਕਦੀ ਇਹ ਵੀ ਨਾ ਵੇਖਦਾ ਕਿ ਕੋਈ ਵੇਖ ਰਿਹਾ ਹੈ ਜਾਂ ਨਹੀਂ।
ਕੁੜੀ ਕਹਿੰਦੀ ਸੀ ਕਿ ਇਕੋ ਆਦਮੀ ਦੇ ਮੁੜ ਮੁੜ ਆਉਣ ਨੂੰ ਏਥੇ ਬਹੁਤ ਵੱਡਾ ਔਗੁਣ ਨਹੀਂ ਗਿਣਦੇ। ਹੋਰ ਹੋਰ, ਵਖਰੇ ਵਖਰੇ ਆਦਮੀਆਂ ਦੇ ਆਉਣ ਨੂੰ ਗਿਣਦੇ ਹਨ। ਤੇ ਮਹੱਲੇ ਵਾਲੇ ਜੁੜ ਕੇ ਪੁਲਸ ਨੂੰ ਜਾਂ ਸਰਕਾਰ ਨੂੰ ਰਿਪੋਰਟ ਕਰਕੇ ਉਸ ਕੁੜੀ ਨੂੰ ਉਥੋਂ ਕਢਵਾ ਦਿੰਦੇ ਹਨ। ਇਸ ਨਾਲ ਮੈਨੂੰ ਕੁਝ ਹੌਸਲਾ ਹੁੰਦਾ। ਉਂਜ ਜਦੋਂ ਵੀ ਮੈਂ ਦਿਸ ਪੈਂਦਾ ਜਨਾਨੀਆਂ ਬਰਾਂਡਿਆਂ ਜਾਂ ਛਜਿਆਂ ਉਤੇ ਖਲੋ ਕੇ ਮੈਨੂੰ ਵੇਖਦੀਆਂ ਰਹਿੰਦੀਆਂ ਜਿੰਨਾ ਚਿਰ ਮੈਂ ਘਰ ਦੀਆਂ ਕੰਧਾਂ ਵਿਚ ਅਲੋਪ ਨਾ ਹੋ ਜਾਂਦਾ। ਜੇ ਕੁੜੀ ਘਰ ਨਾ ਹੁੰਦੀ ਤਾਂ ਮੈਨੂੰ ਪਤਾ ਹੁੰਦਾ ਚਾਬੀ ਕਿਥੇ ਪਈ ਹੈ – ਚਿਕ ਦੀਆਂ ਤੀਲੀਆਂ ਦੇ ਉਸ ਦੇ ਕਪੜੇ ਦੇ ਵਿਚਕਾਰ। ਜੇ ਉਹ ਘਰ ਹੁੰਦੀ ਤਾਂ ਮੈਂ ਇਕ ਖਾਸ ਢੰਗ ਨਾਲ ਬੂਹਾ ਖੜਕਾਂਦਾ ਤੇ ਉਹ ਬਿਨਾਂ ਕੁਝ ਬੋਲੇ ਝਟ ਖੋਲ੍ਹ ਦਿੰਦੀ।
ਜਦੋਂ ਮੈਂ ਇਕ ਵਾਰ ਬਾਹਰੋਂ ਅੰਦਰ ਆ ਜਾਂਦਾ ਤਾਂ ਮੈਂ ਘਰ ਦਾ ਮਾਲਕ ਹੁੰਦਾ। ਕਪੜੇ ਲਾਹ ਕੇ ਫੁਵਾਰੇ ਹੇਠ ਨਹਾਉਂਦਾ। ਉਹ ਬਰਫ ਤੇ ਸੋਡਾ ਲੈ ਆਉਂਦੀ। ਪੁਰਾਣੇ ਕਿੱਸੇ ਕਹਾਣੀਆਂ ਵਾਂਗ ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਜਾਦੂ ਦੀ ਫੂਹੜੀ ਉਤੇ ਬਹਿ ਕੇ ਕਿਸੇ ਨਿਆਰੇ ਦੇਸ ਆ ਗਿਆ ਹਾਂ ਤੇ ਉਥੋਂ ਦਾ ਬਾਦਸ਼ਾਹ ਬਣ ਗਿਆ ਹਾਂ। ਜਦੋਂ ਬਰਫ ਤੇ ਸੋਡਾ ਆ ਜਾਂਦਾ ਤਾਂ ਮੈਂ ਆਪਣਾ ਪੈਗ ਬਣਾਉਂਦਾ। ਹੌਲੀ ਹੌਲੀ ਪੀਂਦਾ ਤੇ ਗੱਲਾਂ ਕਰਦਾ।
ਉਸ ਲਈ ਇਹ ਇਕ ਤਰ੍ਹਾਂ ਦਾ ਸ਼ਗਨਾਂ ਵਾਲਾ ਦਿਨ ਹੁੰਦਾ। ਪਲੰਘ ਕਿਸ ਚਾਦਰ ਨਾਲ ਸੁਹਣਾ ਲਗੇਗਾ, ਖਾਣ ਨੂੰ ਕਿਸ ਵੇਲੇ ਕੀ ਹੋਣਾ ਚਾਹੀਦਾ ਹੈ, ਇਹੋ ਜਿਹੀਆਂ ਗੱਲਾਂ ਉਹ ਵਿਚਾਰਦੀ ਰਹਿੰਦੀ। ਇਹ ਇਕ ਵਚਿੱਤਰ ਦੁਨੀਆਂ ਸੀ। ਇਸ ਦਾ ਨਾ ਕੋਈ ਮੁਢ, ਨਾ ਕੋਈ ਅੰਤ। ਇਹ ਖੇਤੀ ਨਾ ਬੀਜਣੀ ਪੈਂਦੀ ਨਾ ਵਢਣੀ। ਬਸ ਦਾਣੇ ਹੀ ਦਾਣੇ। ਕਦੀ ਕਦੀ ਮੈਂ ਦਿੱਲੀ ਤੇ ਤਖਤ ਤੇ ਬੈਠਾ ਮਹਿਸੂਸ ਕਰਦਾ। ਅਕਬਰ ਤੇ ਰਣਜੀਤ ਸਿੰਘ ਨੂੰ ਮੂਰਖ ਆਦਮੀ ਸਮਝਦਾ ਜਿਨ੍ਹਾਂ ਆਪਣਾ ਬਹੁਤ ਸਾਰਾ ਸਮਾਂ ਇਲਾਕੇ ਜਿੱਤਣ ਤੇ ਉਨ੍ਹਾਂ ਦਾ ਬੰਦੋਬਸਤ ਕਰਨ ਤੇ ਨਸ਼ਟ ਕੀਤਾ।
ਪਰ ਕਦੀ ਕਦੀ ਮਨ ਏਨਾ ਸੌਖਾ ਨਾ ਹੁੰਦਾ। ਮੈਂ ਆਪਣੇ ਦੁਖ ਦਸਦਾ ਉਹ ਆਪਣੇ। ਮੈਨੂੰ ਲਗਦਾ ਉਹ ਮੇਰੇ ਦੁਖਾਂ ਵਿਚ ਬਹੁਤੀ ਭਾਈਵਾਲੀ ਵਿਖਾ ਰਹੀ ਹੈ। (ਜਨਾਨੀਆਂ ਦਾ ਇਹ ਸੁਭਾ ਹੀ ਹੋਣਾ ਹੈ!) ਮੈਂ ਉਸ ਦੇ ਦੁਖਾਂ ਵਿਚ ਘਟ। ਮੈਂ ਸਦਾ ਇਸ ਤਰ੍ਹਾਂ ਹੀ ਕਰਦਾ ਆਇਆ ਹਾਂ। ਕਈ ਵਾਰ ਉਸ ਦੀ ਤਕਲੀਫ ਤੋਂ ਡਰਦਾ ਮੈਂ ਆਪਣਾ ਕੋਈ ਵੱਡਾ ਦੁਖ ਉਸ ਕੋਲੋਂ ਛੁਪਾ ਹੀ ਜਾਂਦਾ। ਜਾਂ ਸ਼ਾਇਦ ਉਸ ਨੂੰ ਮਿਲਣ ਨਾਲ ਹੀ ਉਹ ਦੁਖ ਘਟ ਜਾਂਦਾ ਜਾਂ ਮੁਕ ਜਾਂਦਾ। ਉਹ ਕਹਿੰਦੀ ਮੇਰੀ ਤਰੱਕੀ ਹੋਇਆਂ ਦੋ ਸਾਲ ਹੋ ਗਏ ਨੇ ਪਰ ਤਨਖਾਹ ਨਵੇਂ ਗਰੇਡ ਅਨੁਸਾਰ ਨਹੀਂ ਮਿਲਣ ਲਗੀ। ਹਜ਼ਾਰਾਂ ਰੁਪਏ ਉਸ ਦੇ ਬਕਾਏ ਦੇ ਬਣਦੇ ਹਨ ਪਰ ਕੋਈ ਦੇਣ ਵਲ ਨਹੀਂ ਆਉਂਦਾ। ਕਹਿੰਦੇ ਨੇ ਬਿਲ ਬਣਾ ਲਿਆ। ਜੇ ਬਣਾ ਕੇ ਲਿਜਾਂਦੀ ਹਾਂ ਤਾਂ ਉਸ ਵਿਚ ਗਲਤੀਆਂ ਲਾ ਕੇ ਵਾਪਸ ਭੇਜ ਦਿੰਦੇ ਨੇ। ਕੁੜੀਆਂ ਨੂੰ ਬਹੁਤ ਤੰਗ ਕਰਦੇ ਨੇ। ਮੈਂ ਉਸ ਦੀ ਤਨਖਾਹ ਦੇਣ ਵਾਲੇ ਦਫਤਰ ਵਿਚ ਕਿਸੇ ਨੂੰ ਨਹੀਂ ਜਾਣਦਾ ਸਾਂ। ਚੁਪ ਕਰ ਜਾਂਦਾ ਜਾਂ ਕੋਈ ਹੋਰ ਗੱਲ ਛੇੜ ਦਿੰਦਾ।
ਆਪਣੇ ਆਉਣ ਬਾਰੇ ਉਸ ਨੂੰ ਪਹਿਲਾਂ ਚਿੱਠੀ ਲਿਖਣਾ ਚੰਗਾ ਰਹਿੰਦਾ। ਇਸ ਤਰ੍ਹਾਂ ਉਹ ਜ਼ਰੂਰੀ ਹੀ ਘਰੇ ਮਿਲ ਜਾਂਦੀ। ਪਰ ਇਸ ਦਾ ਨੁਕਸਾਨ ਵੀ ਬਹੁਤ ਸੀ। ਜੇ ਮੈਨੂੰ ਦੱਸੇ ਵਕਤ ਤੇ ਪਹੁੰਚਣ ਵਿਚ ਚਿਰ ਹੋ ਜਾਂਦਾ ਤਾਂ ਉਹ ਬਹੁਤ ਉਦਾਸ ਹੋ ਜਾਂਦੀ, ਕਈ ਵਾਰ ਆਪਣੇ ਕਾਬੂ ਤੋਂ ਬਾਹਰ ਇਕ ਵਾਰ ਸਿਆਲ ਦੀ ਰਾਤ ਨੂੰ ਮੈਂ ਦੋ ਤਿੰਨ ਘੰਟੇ ਲੇਟ ਹੋ ਗਿਆ। ਜਦੋਂ ਮੈਂ ਆਇਆ ਤਾਂ ਉਹ ਅੱਧੀ ਬੇਹੋਸ਼ ਹੋਈ ਠੰਡੇ ਪਾਣੀ ਦੀ ਟੂਟੀ ਹੇਠ ਨਹਾ ਰਹੀ ਸੀ। ਕਹਿਣ ਲਗੀ, ਉਡੀਕ ਉਡੀਕ ਕੇ ਮੇਰੇ ਪਿੰਡੇ ਨੂੰ ਅੱਗ ਲਗ ਚਲੀ ਸੀ। ਉਡੀਕਣਾ ਉਸ ਲਈ ਬਹੁਤ ਵੱਡਾ ਕਸ਼ਟ ਸੀ। ਇਹੀ ਗੱਲ ਉਥੋਂ ਵਾਪਸ ਟੁਰਨ ਦੀ ਸੀ। ਮੈਂ ਕਿਸ ਵੇਲੇ ਉਥੋਂ ਵਾਪਸ ਮੁੜ ਜਾਣਾ ਹੈ, ਇਹ ਉਸਨੂੰ ਬਹੁਤ ਪਹਿਲਾਂ ਦਸਣਾ ਪੈਂਦਾ। ਜੇ ਮੈਂ ਇਕ ਦਮ ਟੁਰ ਪਵਾਂ ਜਾਂ ਘੰਟੇ ਦੋ ਘੰਟੇ ਪਿਛੋਂ ਵੀ ਟੁਰ ਜਾਣ ਦੀ ਗੱਲ ਕਰਾਂ ਤਾਂ ਉਹ ਸਹਾਰ ਨਹੀਂ ਸਕਦੀ ਸੀ। ਦਸ ਬਾਰਾਂ ਘੰਟੇ ਪਹਿਲਾਂ ਦਸਣਾ ਪੈਂਦਾ। ਉਹ ਕਹਿੰਦੀ ਨਿਖੜਨ ਲਈ ਉਸ ਨੂੰ ਆਪਣੇ ਆਪ ਨੂੰ ਤਿਆਰ ਕਰਨ ਲਈ ਘੱਟੋ ਘੱਟ ਏਨਾ ਚਿਰ ਚਾਹੀਦਾ ਹੈ। ਇਹ ਤੇ ਮੈਂ ਕਰ ਹੀ ਸਕਦਾ ਸਾਂ। ਇਕ ਹੋਰ ਗੱਲ ਦੀ ਬਹੁਤ ਮੈਨੂੰ ਪੱਕੀ ਕਰਦੀ ਰਹਿੰਦੀ – ਜਦੋਂ ਮੈਨੂੰ ਛੱਡਣਾ ਹੋਵੇ ਸਹਿਜ ਸਹਿਜ ਨਾਲ ਛੱਡੀਂ, ਇਕ ਦਮ ਨਹੀਂ। ਇਹ ਵੀ ਮੈਂ ਕਰ ਸਕਦਾ ਸਾਂ।
ਉਸ ਦੇ ਬਾਕੀ ਸਾਰੇ ਦੁਖ ਸੁਣ ਕੇ ਮੈਂ ਚੁਪ ਕਰ ਰਹਿੰਦਾ। ਵੱਡੇ ਭੈਣ ਭਰਾ-ਭਰਾਵਾਂ ਦੇ, ਭਣੇਵਿਆਂ, ਭਣੇਵੀਆਂ, ਭਤੀਜਿਆਂ ਭਤੀਜੀਆਂ ਦੇ। ਇਨ੍ਹਾਂ ਬਾਰੇ ਮੈਂ ਕੁਝ ਨਹੀਂ ਕਰ ਸਕਦਾ ਸਾਂ। ਨਾਲ ਦੇ ਘਰ ਵਾਲਿਆਂ ਨੇ ਮੱਝ ਰਖੀ ਹੋਈ ਸੀ। ਉਹ ਕਹਿੰਦੀ ਬੋ ਆਉਂਦੀ ਹੈ। ਮਝ ਹਰ ਸ਼ੈ ਨੂੰ ਸਿਰ ਮਾਰਦੀ ਸੀ। ਉਤਲੇ ਘਰ ਵਾਲੇ ਆਪਣਾ ਕੂੜਾ ਤੇ ਹੋਰ ਗੰਦ ਮੰਦ ਜਿਸ ਦਾ ਨਾਂ ਵੀ ਨਹੀਂ ਲਿਆ ਜਾ ਸਕਦਾ ਉਸ ਦੇ ਘਰ ਸੁਟ ਦਿੰਦੇ ਸਨ। ਇਨ੍ਹਾਂ ਸਾਰਿਆਂ ਦੀ ਸ਼ਕਾਇਤ ਕਰਨ ਵਾਲੀ ਸੀ। ਮੈਂ ਦੋ ਪੈਗ ਹੋਰ ਪੀ ਲੈਂਦਾ। ਇਸ ਨਾਲ ਸਹਾਇਤਾ ਮਿਲਦੀ। ਜਿਵੇਂ ਕੋਈ ਵੱਡਾ ਸਾਰਾ ਮੀਂਹ ਛੋਟੇ ਸ਼ਹਿਰਾਂ ਦਾ ਸਾਰਾ ਗੰਦ ਧੋ ਦਿੰਦਾ ਹੈ।
ਇਕ ਗੱਲ ਜਿਸ ਬਾਰੇ ਮੈਂ ਕਦੀ ਕਿਸੇ ਤਰ੍ਹਾਂ ਦਾ ਹੁੰਗਾਰਾ ਨਾ ਭਰਦਾ ਉਹ ਸੀ ਉਸ ਨੂੰ ਵਿਆਹ ਕਰਵਾਣ ਦੀਆਂ ਸਲਾਹਵਾਂ। ਘਰ ਵਾਲਿਆਂ ਦੀਆਂ, ਸਹੇਲੀਆਂ ਦੀਆਂ। ਇਨ੍ਹਾਂ ਗੱਲਾਂ ਵਿਚ ਆਉਣ ਠੀਕ ਨਹੀਂ ਸੀ। ਜਿਵੇਂ ਉਸਦੀ ਮਰਜ਼ੀ ਹੋਵੇ ਕਰੇ। ਮੈਂ ਕਿਉਂ ਕੁਝ ਕਹਾਂ? ਤੇ ਮਰਜ਼ੀ ਮੈਨੂੰ ਪਤਾ ਹੀ ਸੀ। ਇਹ ਗੱਲਾਂ ਉਹ ਐਵੇਂ ਸੁਆਦ ਲੈਣ ਲਈ ਦਸਦੀ। ਜਿਉਂ ਜਿਉਂ ਮੈਨੂੰ ਨਸ਼ਾ ਚੜ੍ਹਦਾ ਨਾਲ ਨਾਲ ਉਸ ਨੂੰ ਬਿਨ ਪੀਤਿਆਂ ਹੀ ਚੜ੍ਹੀ ਜਾਂਦਾ। ਦੁਖ ਕਲੇਸ਼ ਉਡ ਜਾਂਦੇ। ਉਹ ਮੇਰੀਆਂ ਨਸ਼ੇ ਵਾਲੀਆਂ ਗੱਲਾਂ ਦਾ ਨਸ਼ੇ ਵਾਲੀਆਂ ਗੱਲਾਂ ਨਾਲ ਜਵਾਬ ਦਿੰਦੀ ਤੇ ਉਹ ਘਰ ਇਕ ਸਰਕਾਰੀ ਮਕਾਨ ਦੀ ਥਾਂ ਧੁਰ ਅਸਮਾਨੋਂ ਡਿੱਗਾ ਇਕ ਸ੍ਵਰਗ ਦਾ ਟੋਟਾ ਲਗਦਾ।
ਘਰ ਵਿਚ ਮੇਰੇ ਫਿਰਨ ਟੁਰਨ ਤੋਂ ਉਹ ਬਹੁਤਾ ਘਬਰਾਂਦੀ ਨਹੀਂ ਸੀ। ਬਸ ਗਲ ਕੁਝ ਕੱਪੜੇ ਹੋਣੇ ਚਾਹੀਦੇ ਨੇ। ਅਸਲ ਵਿਚ ਮੇਰਾ ਆਉਣਾ ਬਹੁਤੇ ਭੇਤ ਦੀ ਗੱਲ ਨਹੀਂ ਰਹੀ ਸੀ। ਪਿਛਲੇ ਪਾਸੇ ਆਂਢ ਗੁਆਂਢ ਦੇ ਬੱਚੇ ਖੇਡਦੇ ਰਹਿੰਦੇ, ਬੰਟੇ ਜਾਂ ਸ਼ਟਾਪੂ। ਜੇ ਕੋਈ ਬੱਚਾ ਰੋਂਦ ਮਾਰਦਾ ਤਾਂ ਉਹ ਉਸ ਕੋਲ ਸ਼ਿਕਾਇਤ ਕਰਨ ਲਈ ‘‘ਆਂਟੀ, ਆਂਟੀ’’ ਕਰ ਕੇ ਵਾਜਾਂ ਮਾਰਦੇ। ਕਦੀ ਉਹ ਉਨ੍ਹਾਂ ਦੀ ਗੱਲ ਸੁਣਨ ਬਾਹਰ ਚਲੀ ਜਾਂਦੀ, ਕਦੀ ਨਾ ਜਾਂਦੀ। ਕਦੀ ਕੋਈ ਬੰਦਾ ਵੀ ਆ ਜਾਂਦਾ, ਕਿਸੇ ਸਾਂਝੇ ਕੰਮ ਲਈ ਚੰਦਾ ਮੰਗਣ ਜਾਂ ਕੋਈ ਦਫਤਰ ਦਾ ਕੰਮ ਕਹਿਣ। ਇਕੱਲੀ ਰਹਿੰਦੀ ਹੋਣ ਕਰਕੇ ਉਸ ਨੂੰ ਕਿਸੇ ਅੰਦਰ ਲੰਘਾਣ ਦੀ ਲੋੜ ਨਹੀਂ ਸੀ। ਬਾਹਰ ਖਲੋ ਕੇ ਹੀ ਗੱਲ ਕਰ ਲੈਂਦੀ ਜਾਂ ਅੰਦਰੋਂ ਹੀ ਕਹਿ ਦਿੰਦੀ, ‘‘ਮੈਂ ਨਹਾ ਰਹੀ ਹਾਂ’’ ਜਾਂ ‘‘ਕੱਪੜੇ ਬਦਲ ਰਹੀ ਹਾਂ, ਠਹਿਰ ਕੇ ਆ ਜਾਣਾ।’’ ਜੇ ਕੋਈ ‘‘ਭੈਣ ਜੀ, ਭੈਣ ਜੀ’’ ਕਰਦੀ ਆਉਂਦੀ ਤਾਂ ਉਸ ਨੂੰ ਵੀ ਉਹ ਇਸੇ ਤਰ੍ਹਾਂ ਹੀ ਭੁਗਤਾ ਦਿੰਦੀ। ਇਕ ਗੁਆਂਢਣ ਤਾਂ ਮੇਰੇ ਲਈ ਕੁਝ ਰਿੱਧਾ ਪੱਕਾ ਵੀ ਦੇ ਜਾਂਦੀ ਤੇ ਸਰਦੀਆਂ ਵਿਚ ਸਵੇਰੇ ਨਹਾਉਣ ਲਈ ਗਰਮ ਪਾਣੀ। ਬਹੁਤੇ ਸਵੇਰੇ ਉਠ ਕੇ ਉਹ ਦੁਧ ਲੈ ਆਉਂਦੀ ਤੇ ਮੈਨੂੰ ਚਾਹ ਬਣਾ ਕੇ ਦਿੰਦੀ ਤੇ ਫਿਰ ਨਾਸ਼ਤਾ। ਤੇ ਫਿਰ ਇਕ ਬੂਹਿਓਂ ਮੈਂ ਬਾਹਰ ਨਿਕਲ ਜਾਂਦਾ ਤੇ ਦੂਜੇ ਬੂਹਿਓਂ ਉਹ ਦਫਤਰ ਚਲੀ ਜਾਂਦੀ।
ਜੇ ਦਫਤਰੋਂ ਛੁਟੀ ਹੁੰਦੀ ਤਾਂ ਆਪਣੇ ਘਰ ਦੇ ਹੋਰ ਕੰਮ ਕਰਦੀ ਕਰਦੀ ਉਹ ਮੇਰੇ ਕਪੜੇ ਵੀ ਧੋ ਦਿੰਦੀ। ਉਸ ਨੂੰ ਡਰ ਰਹਿੰਦਾ ਕਿ ਖੌਰੇ ਇਹ ਠੀਕ ਧੁਪਣ ਕਿ ਨਾ। ਮਰਦਾਵੇਂ ਕਪਣੇ ਧੋਣ ਦਾ ਉਸਨੂੰ ਤਜਰਬਾ ਨਹੀਂ ਸੀ।
ਇਕ ਦਿਨ ਜਦੋਂ ਮੈਂ ਸ਼ਾਮ ਨੂੰ ਮੁੜਿਆ ਤਾਂ ਉਸ ਨੇ ਕਿਹਾ, ‘‘ਮੈਂ ਤੇਰੀ ਪੈਂਟ ਕਮੀਜ਼ ਧੋ ਦਿੱਤੀ ਹੈ। ਦੇਖ ਲੈ ਠੀਕ ਧੁਪੇ ਹੈਨ ਕਿ ਨਹੀਂ। ਔਖੇ ਕੋਨੇ ਵਿਚ ਇਕ ਧੋਬੀ ਕਪੜੇ ਇਸਤਰੀ ਕਰਦਾ ਏ। ਜੇ ਇਨ੍ਹਾਂ ਨੂੰ ਇਸਤਰੀ ਕਰਵਾਣਾ ਹੈ ਤਾਂ ਉਸ ਕੋਲੋਂ ਕਰਵਾ ਲਿਆ। ਮੈਨੂੰ ਮਰਦਾਵੇਂ ਕੱਪੜੇ ਉਸ ਕੋਲ ਲਿਜਾਂਦਿਆਂ ਸੰਙ ਆਉਂਦੀ ਹੈ।’’
ਇਸਤਰੀ ਕੀਤੇ ਕੱਪੜਿਆਂ ਦਾ ਬੜਾ ਰੁਹਬ ਹੁੰਦਾ ਹੈ। ਮੈਨੂੰ ਪਤਾ ਹੈ ਕਿ ਸ਼ਹਿਰਾਂ ਵਿਚ ਧੋਬੀ ਇਸ ਕੰਮ ਲਈ ਇਸਤਰੀ ਗਰਮ ਰਖਦੇ ਹਨ ਤੇ ਕੁਝ ਪੈਸੇ ਲੈ ਕੇ ਝਟ ਕਪੜੇ ਇਸਤਰੀ ਕਰ ਦਿੰਦੇ ਹਨ।
ਉਸੇ ਕਤਾਰ ਦੇ ਅਖੀਰਲੇ ਮਕਾਨ ਦੀ ਕੰਧ ਨਾਲ ਧੋਬੀ ਇਸੇ ਕੰਮ ਵਿਚ ਰੁਝਾ ਹੋਇਆ ਸੀ। ਕੋਲ ਇਕ ਮੰਜੀ ਉਤੇ ਬਹੁਤ ਸਾਰੇ ਇਸਤਰੀ ਕੀਤੇ ਹੋਏ ਕੱਪੜੇ ਰਖੇ ਸਨ। ਮੈਂ ਪੈਂਟ ਤੇ ਕਮੀਜ਼ ਹਥ ਵਿਚ ਫੜੀ ਉਸ ਦੇ ਕੋਲ ਜਾ ਕੇ ਖਲੋ ਗਿਆ। ਕੱਪੜੇ ਇਸਤਰੀ ਕਰਨਾ ਵੀ ਓਪਰੇਸ਼ਨ ਕਰਨ ਵਰਗਾ ਹੀ ਕੰਮ ਹੈ। ਗਲਤ ਥਾਂ ਉਤੇ ਇਸਤਰੀ ਫਿਰ ਜਾਏ ਤਾਂ ਕਪੜੇ ਦੀ ਭਾਂਨ ਸਦਾ ਲਈ ਖਰਾਬ ਹੋ ਜਾਂਦੀ ਹੈ ਜਾਂ ਇਕ ਥਾਂ ਦੋ ਪੱਕੀਆਂ ਭਾਨਾਂ ਪੈ ਜਾਂਦੀਆਂ ਹਨ। ਧੋਬੀ ਆਪਣੇ ਕੰਮ ਵਿਚ ਮਸਤ ਰਿਹਾ ਤੇ ਮੈਂ ਕੋਲ ਖਲੋਤਾ ਉਸ ਵਲ ਵੇਖਦਾ ਰਿਹਾ।
ਹੌਲੀ ਹੌਲੀ ਮੈਨੂੰ ਪਤਾ ਲਗਾ ਕਿ ਉਸਨੂੰ ਕੱਪੜਿਆਂ ਵਿਚ ਧਿਆਨ ਰੱਖਣ ਦੀ ਉਨੀ ਲੋੜ ਨਹੀਂ ਸੀ ਜਿੰਨੀ ਮੇਰੇ ਤੋਂ ਧਿਆਨ ਪਾਸੇ ਰੱਖਣ ਦੀ। ਇਸ ਲਈ ਮੈਂ ਆਪ ਗੱਲ ਕਰਨੀ ਹੀ ਠੀਕ ਸਮਝੀ।
‘‘ਆਹ ਦੋ ਕੱਪੜੇ ਮੇਰੇ ਵੀ ਪਰੈਸ ਕਰ ਦੇਣੇ’’, ਮੈਂ ਕਿਹਾ।
‘‘ਇਸ ਵੇਲੇ ਤੇ ਟਾਈਮ ਨਹੀਂ ਹੈ।’’ ਧੋਬੀ ਨੇ ਬਿਨਾਂ ਮੇਰੇ ਵਲ ਵੇਖੇ ਜਵਾਬ ਦਿੱਤਾ।
‘‘ਕੀ ਗੱਲ? ਟਾਈਮ ਕੌਣ ਲੈ ਗਿਆ?’’ ਮੈਂ ਖਿਝਣਾ ਨਹੀਂ ਚਾਹੁੰਦਾ ਸਾਂ।
‘‘ਸਤ ਵਜੇ ਮੈਂ ਕਿਧਰੇ ਜਾਣਾ ਹੈ।’’ ਧੋਬੀ ਨੇ ਜਵਾਬ ਦਿੱਤਾ।
ਮੈਂ ਘੜੀ ਵੱਲ ਵੇਖਿਆ। ਸਾਢੇ ਛੇ ਵੱਜੇ ਸਨ।
‘‘ਅਜੇ ਤੇ ਅੱਧਾ ਘੰਟਾ ਪਿਆ ਏ। ਇੰਨੇ ਚਿਰ ਵਿਚ ਤੇ ਇਹ ਸਾਰੇ ਕੱਪੜੇ ਹੋ ਸਕਦੇ ਨੇ।’’ ਉਸ ਕੋਲ ਤਿੰਨ ਚਾਰ ਕੱਪੜੇ ਹੀ ਦਿਸਦੇ ਸਨ।
‘‘ਨਹੀਂ ਕੁਝ ਕੱਪੜੇ ਪਏ ਨੇ ਹੋਰ ਵੀ।’’ ਉਸ ਨੇ ਹੋਰ ਮੰਜੀ ਵਲ ਇਸ਼ਾਰਾ ਕੀਤਾ।
‘‘ਇਨ੍ਹਾਂ ਕੱਪੜਿਆਂ ਤੇ ਪੰਜ ਮਿੰਟ ਤੋਂ ਵਧ ਨਹੀਂ ਲਗਣੇ। ਸਤ ਵਜੇ ਦੀ ਥਾਂ ਤੂੰ ਸਤ ਵਜ ਕੇ ਪੰਜ ਮਿੰਟ ਤੇ ਚਲਾ ਜਾਈਂ,’’ ਮੈਂ ਫਿਰ ਯਤਨ ਕੀਤਾ।
‘‘ਨਹੀਂ ਜੀ, ਮੈਂ ਪੂਰੇ ਸਤ ਵਜੇ ਜਾਣਾ ਏ। ਜ਼ਰੂਰੀ ਕੰਮ ਏ।’’
‘‘ਡਬਲ ਰੇਟ ਤੇ ਨਹੀਂ ਹੋ ਸਕਦੇ?’’ ਮੈਂ ਕੰਮ ਦੀ ਗੰਭੀਰਤਾ ਦਸਣ ਲਈ ਪੁੱਛਿਆ। ਮੈਂ ਬਿਨਾਂ ਇਸਤਰੀ ਕੀਤੇ ਕੱਪੜੇ ਕਿਵੇਂ ਵਾਪਸ ਲੈ ਜਾਂਦਾ?
‘‘ਨਹੀਂ ਜੀ, ਕੱਪੜੇ ਇਸਤਰੀ ਕਰਨ ਦਾ ਕੋਈ ਡਬਲ ਰੇਟ ਨਹੀਂ ਹੁੰਦਾ।’’
ਇਹ ਮੈਨੂੰ ਆਪ ਵੀ ਪਤਾ ਸੀ।
‘‘ਕੋਈ ਹੋਰ ਧੋਬੀ ਹੈ ਵੇ ਨੇੜੇ?’’ ਮੈਂ ਉਸ ਨਾਲ ਅਪਣਤ ਬਨਾਉਣ ਲਈ ਕਿਹਾ।
‘‘ਇਧਰ ਉਧਰ ਦੇਖ ਲਓ ਜੇ ਕੋਈ ਕੰਮ ਕਰ ਰਿਹਾ ਹੋਵੇ ਤਾਂ।’’ ਉਸ ਨੇ ਕੋਰਾ ਜਵਾਬ ਦਿੱਤਾ।
ਮੈਂ ਕੱਪੜੇ ਮੋੜ ਲਿਆਇਆ। ਕਹਿੰਦੇ ਨੇ ਟੈਰੀਲੀਨ ਵਾਲੇ ਕੱਪੜਿਆਂ ਨੂੰ ਇਸਤਰੀ ਕਰਾਣ ਦੀ ਲੋੜ ਨਹੀਂ ਹੁੰਦੀ। ਠੀਕ ਹੀ ਕਹਿੰਦੇ ਹੋਣਗੇ, ਮੈਂ ਆਪਣੇ ਮਨ ਨੂੰ ਧਰਵਾਸ ਦਿੱਤਾ।
ਕੱਪੜੇ ਅੰਦਰ ਰੱਖ ਕੇ ਮੈਂ ਬਾਹਰ ਘੁੰਮਣ ਚਲਾ ਗਿਆ। ਘੰਟੇ ਕੁ ਪਿਛੋਂ ਜਦੋਂ ਮੁੜਦਾ ਹੋਇਆ ਮੈਂ ਉਧਰੋਂ ਲੰਘਿਆ ਤਾਂ ਧੋਬੀ ਅਜੇ ਵੀ ਕੱਪੜੇ ਇਸਤਰੀ ਕਰ ਰਿਹਾ ਸੀ। ਮੈਂ ਘੜੀ ਵਲ ਦੇਖਿਆ। ਸਾਢੇ ਸਤ ਵੱਜੇ ਸਨ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ