Qabar Ch Dafan Hazar Varhe (Punjabi Story) : Ajmer Sidhu

ਕਬਰ 'ਚ ਦਫ਼ਨ ਹਜ਼ਾਰ ਵਰ੍ਹੇ (ਕਹਾਣੀ) : ਅਜਮੇਰ ਸਿੱਧੂ

ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ. ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ। ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ। ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ ਵਿੱਚ ਆ ਗਿਆ ਸੀ। ਇਥੇ ਆ ਕੇ ਮੈਂ ਇਸ ਰਿਪੋਰਟ ਬਾਰੇ ਐਸ. ਪੀ. ਸਾਹਿਬ ਨਾਲ ਫ਼ੋਨ ਤੇ ਗੱਲ ਸਾਂਝੀ ਕੀਤੀ। ਮੈਂ ਉਨ੍ਹਾਂ ਤੋਂ ਉਸ ਕੁਕਰਮੀ ਦਾ ਨਾਂ ਵੀ ਪੁੱਛਿਆ। ਉਨ੍ਹਾਂ ਨੇ 'ਕੁੱਝ ਮਿੰਟ ਠਹਿਰ ਕੇ ਦੱਸਦਾਂ ਕਹਿ ਕੇ ਫ਼ੋਨ ਕੱਟ ਦਿੱਤਾ। ਮੈਂ ਪੁਲੀਸ ਨੂੰ ਰਿਪੋਰਟ ਦੇਣ ਵੇਲੇ ਤਾਂ ਉਤਸ਼ਾਹ ਵਿੱਚ ਸੀ। ਹੁਣ ਜਦ ਐਸ.ਪੀ. ਸਾਹਿਬ ਦੀ ਵਾਪਸੀ ਕਾਲ ਵੀ ਨਹੀਂ ਆਈ। ਮੈਂ ਉਦਾਸ ਹੋ ਗਿਆ।
ਮੈਂ ਇਸ ਉਦਾਸੀ ਚੋਂ ਨਿਕਲਣ ਲਈ ਆਪਣਾ ਧਿਆਨ ਆਰਸੀ ਜਾਂ ਆਪਣੀ ਖੋਜ ਵੱਲ ਡਾਇਵਰਟ ਕਰਨ ਲੱਗਾ ਹਾਂ ।
ਮੈਂ ਅੱਠ ਸਾਲ ਪਹਿਲਾਂ ਬ੍ਰਕਲੇ ਯੂਨੀਵਰਸਿਟੀ ਦਾ ਸਟੂਡੈਂਟ ਸੀ। ਆਖ਼ਰੀ ਸਮੈਸਟਰ ਵੇਲੇ ਉਥੇ ਇਕ ਸੈਮੀਨਾਰ ਹੋਇਆ। ਸੈਮੀਨਾਰ ਦਾ ਵਿਸ਼ਾ ਸੀ 'ਕੀ ਮਨੁੱਖ ਦੀ ਉਮਰ ਹਜ਼ਾਰ ਵਰ੍ਹੇ ਹੋ ਸਕਦੀ ਹੈ?' ਇਸ ਸੈਮੀਨਾਰ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਨੇ ਹਿੱਸਾ ਲਿਆ ਸੀ। ਮੈਨੂੰ ਵੀ ਯੂਨੀਵਰਸਿਟੀ ਨੇ ਇਸ ਸੈਮੀਨਾਰ ਲਈ ਡੈਲੀਗੇਟ ਚੁਣਿਆ ਸੀ। ਸੈਮੀਨਾਰ ਵਿੱਚ ਇਹ ਤੱਤ ਉਭਰ ਕੇ ਸਾਹਮਣੇ ਆਇਆ ਸੀ ਕਿ ਆਦਮੀ ਦੀ ਉਮਰ ਲੰਮੀ ਕਰਨ ਦਾ ਫ਼ਾਰਮੂਲਾ ਲੈਬ ਵਿਚੋਂ ਹੀ ਨਿਕਲ ਸਕਦਾ ਹੈ।
ਇਸ ਬਾਰੇ ਮੇਨ ਆਈਡੀਆ ਬ੍ਰਾਇਓਗ੍ਰੋਨੋਲਾਜਿਸਟ ਡਾਕਟਰ ਸਟੀਫ਼ਨ ਦਾ ਹੀ ਉਭਰਿਆ ਸੀ। ਦੋ ਵਰ੍ਹੇ ਪਹਿਲਾਂ ਵੀ ਉਨ੍ਹਾਂ ਉਮਰ ਵਧਾਉਣ ਦੇ ਫ਼ਾਰਮੂਲੇ ਦਾ ਸੰਕੇਤ 'ਮਾਲੀਕਿਊਲਰ ਸਿਸਟਮਜ਼ ਸਾਇੰਸ' ਮੈਗਜ਼ੀਨ ਦੇ ਸੰਪਾਦਕ ਹੁੰਦਿਆਂ ਦਿੱਤਾ ਸੀ। ਸੈਮੀਨਾਰ ਦੇ ਆਖ਼ਰੀ ਦਿਨ ਮੈਂ ਇਹ ਖੋਜ ਕਰਨ ਦੀ ਆਗਿਆ ਡਾਕਟਰ ਸਾਹਿਬ ਤੋਂ ਮੰਗੀ ਸੀ। ਉਨ੍ਹਾਂ ਮੇਰੀ ਪਿੱਠ ਥਾਪੜ ਕੇ ਸਹਿਮਤੀ ਦੇ ਨਾਲ ਨਾਲ ਇਸ ਖੋਜ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ।
ਉਂਝ ਤਾਂ ਮੈਂ ਅਮਰੀਕਾ ਵਿੱਚ ਰਹਿ ਕੇ ਹੀ ਇਹ ਖੋਜ ਕਰਨ ਦੀ ਇੱਛਾ ਰੱਖਦਾ ਸੀ, ਪਰ ਉਥੋਂ ਕੋਈ ਰਿਸਪੌਂਸ ਨਹੀਂ ਸੀ ਮਿਲਿਆ। ਸ਼ਾਇਦ ਅੱਜ ਕੱਲ੍ਹ ਅਮਰੀਕਾ ਸਰਕਾਰ ਨੇ ਵੀ ਅਜਿਹੀਆਂ ਖੋਜਾਂ ਤੋਂ ਹੱਥ ਖਿੱਚੇ ਹੋਏ ਹਨ। ਉਨ੍ਹਾਂ ਦਾ ਜ਼ੋਰ ਮੰਡੀਆਂ ਵਿੱਚ ਬਾਜ਼ਾਰ ਵਿਕਸਤ ਕਰਨ ਤੇ ਲੱਗਾ ਹੋਇਆ ਹੈ।
ਮੈਂ ਭਾਰਤ ਆ ਗਿਆ। ਮੇਰੀ ਮਾਂ ਸਿਹਤ ਵਿਭਾਗ ਦੀ ਡਾਇਰੈਕਟਰ ਹੁੰਦੀ ਸੀ। ਉਨ੍ਹਾਂ ਦਿਨਾਂ ਵਿੱਚ ਉਹ ਅਗਾਉਂ ਸੇਵਾਮੁਕਤੀ ਲੈ ਚੁੱਕੀ ਸੀ। ਡੈਡ ਨੇ ਉਨ੍ਹਾਂ ਲਈ ਮੇਰੇ ਦਾਦਾ ਜੀ ਸਰਦਾਰ ਜਸਵੰਤ ਸਿੰਘ ਚਾਵਲਾ ਜੀ ਦੀ ਯਾਦ ਵਿਚ 'ਚਾਵਲਾ ਨਰਸਿੰਗ ਇੰਸਟੀਚਿਊਟ' ਖੋਲ੍ਹ ਦਿੱਤਾ ਸੀ। ਮੇਰਾ ਇਰਾਦਾ ਉਨ੍ਹਾਂ ਦੇ ਕਾਲਜ ਵਿੱਚ ਲੈਬ ਬਣਾਉਣ ਦਾ ਸੀ। ਡੈਡ ਸੈਂਟਰ ਵਿੱਚ ਆਈ.ਏ.ਐਸ. ਅਧਿਕਾਰੀ ਨੇ। ਪਰ ਉਨ੍ਹਾਂ ਨੇ ਇਥੇ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਕ੍ਰਿਮੀਨੋਲੌਜੀ ਐਂਡ ਫ਼ੋਰੈਂਸਿਕ ਸਾਇੰਸ ਵਿੱਚ ਮੈਨੂੰ ਜੌਬ ਦੁਆ ਦਿੱਤੀ। ਇਸ ਜੌਬ ਦੇ ਨਾਲ ਨਾਲ ਮੈਂ ਆਪਣੀ ਪ੍ਰਾਈਵੇਟ ਲੈਬ ਵਿੱਚ ਜਵਾਨੀ ਵਾਲੇ ਹਾਰਮੋਨਜ਼ ਵਿੱਚ ਵਾਧਾ ਕਰਨ ਦੇ ਫ਼ਾਰਮੂਲੇ ਤੇ ਰਿਸਰਚ ਸ਼ੁਰੂ ਕਰ ਦਿੱਤੀ।
ਦਿੱਲੀ ਵਰਗੇ ਸ਼ਹਿਰ ਵਿੱਚ ਲੈਬ ਬਣਾਉਣਾ ਕਿਹੜਾ ਸੌਖਾ ਕੰਮ ਏ। ਡੈਡ ਨੇ ਮੈਨੂੰ ਦਿੱਲੀ ਦਾ ਲਗਭਗ ਹਰ ਏਰੀਆ ਦਿਖਾਇਆ। ਪੌਸ਼ ਏਰੀਏ 'ਚ ਵੀ ਲੈ ਕੇ ਗਏ। ਲੈਬ ਵਾਸਤੇ ਤਾਂ ਸ਼ਾਂਤ ਵਾਤਾਵਰਨ ਚਾਹੀਦਾ ਹੁੰਦੈ। ਫੇਰ ਯਮੁਨਾ ਪਾਰ ਤੋਂ ਖਾਸਾ ਦੂਰ ਆਹ ਜਗ੍ਹਾ ਪਸੰਦ ਆਈ ਸੀ। ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਲੋਕਾਂ ਦੀ ਕਾਵਾਂ ਰੌਲੀ ਤੋਂ ਦੂਰ। ਸ਼ਹਿਰ ਦੇ ਭੀੜ ਭੜੱਕੇ ਤੋਂ ਤਾਂ ਕੋਹਾਂ ਦੂਰ। ਮੁੱਖ ਸੜਕ ਤੋਂ ਹੱਟ ਕੇ ਲਿੰਕ ਰੋਡ ਤੇ ਜਾਂਦਿਆਂ ਇੱਕ ਨਿੱਕੀ ਜਿਹੀ ਪਹਾੜੀ ਦੇ ਪੈਰਾਂ ਵਿੱਚ ਇਹ ਨਿਵੇਕਲੀ ਜਿਹੀ ਥਾਂ ਹੈ।
ਇਹਦੇ ਸੱਜੇ ਪਾਸੇ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਨਹਿਰ ਹੈ। ਇਥੋਂ ਦੀ ਸੜਕ ਅਵਾਜ਼ ਦੀ ਤਰੰਗ ਵਾਂਗ ਕਿਤੇ ਉਚੀ ਤੇ ਕਿਤੇ ਨੀਵੀਂ ਹੈ। ਇਸ ਘੱਟ ਚੌੜੀ ਸੜਕ ਦੇ ਆਲੇ ਦੁਆਲੇ ਟਾਂਵੀਆਂ ਟਾਂਵੀਆਂ ਕੋਠੀਆਂ ਹਨ। ਉਹ ਵੀ ਦੂਰ ਦੂਰ। ਚਾਰੇ ਪਾਸੇ ਲੱਗੇ ਦਰਖੱਤਾਂ ਵਿੱਚ ਲੁੱਕੀਆਂ ਹੋਈਆਂ। ਧਰਤੀ ਤੇ ਹਰਿਆਵਲ ਹੀ ਹਰਿਆਵਲ। ਬਿਲਕੁਲ ਸ਼ਾਂਤ ਏਰੀਆ। ਕਿਸੇ ਪੰਛੀ ਦੀ ਚਹਿਚਹਾਟ ਇਥੇ ਪਸਰੀ ਸ਼ਾਂਤੀ ਚ ਥਰਥਰਾਹਟ ਜ਼ਰੂਰ ਪੈਦਾ ਕਰਦੀ ਹੈ।
ਮੈਂ ਡੈਡ ਨੂੰ ਇਸ ਕੋਠੀ ਲਈ ਹਾਂ ਕਰ ਦਿੱਤੀ। ਉਨ੍ਹਾਂ ਕਿਰਾਏ ਤੇ ਲੈ ਦਿਤੀ। ਮੈਂ ਸੁਰੱਖਿਆ ਵਾਲੇ ਪੱਖ ਤੋਂ ਇਹਨੂੰ ਸਕਿਊਰਿਟੀ ਅਲਾਰਮ ਨਾਲ ਜੋੜ ਦਿੱਤਾ। ਇਸ ਦੇ ਵੱਡੇ ਹਾਲ ਵਿੱਚ ਲੈਬ ਸਥਾਪਤ ਕਰ ਲਈ ਤੇ ਬਾਕੀ ਰੂਮ ਰਿਹਾਇਸ਼ ਲਈ ਰੱਖ ਲਏ।
ਇਸ ਲੈਬ ਦੇ ਸਭ ਤੋਂ ਨੇੜੇ ਜਸਟਿਸ ਇਰਫ਼ਾਨ ਅਲੀ ਦੀ ਕੋਠੀ ਹੈ। ਜਿਸ ਦੀਆਂ ਖਿੜਕੀਆਂ ਚੋਂ ਹਲਕਾ ਹਲਕਾ ਪ੍ਰਕਾਸ਼ ਬਾਹਰ ਆਉਂਦਾ ਦਿਖਾਈ ਦਿੰਦਾ ਰਹਿੰਦਾ ਹੈ। ਇਥੇ ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ। ਇਸ ਲੈਬ ਵਿੱਚ ਮੇਰਾ ਨਿੱਜੀ ਸਟਾਫ਼ ਹੁੰਦਾ ਹੈ। ਮੇਰੀ ਸਹਾਇਕ ਵਜੋਂ ਡਾਕਟਰ ਰਾਧਿਕਾ ਹੁੰਦੀ ਹੈ ਜਾਂ ਫਿਰ ਮੇਰਾ ਨੌਕਰ ਯੋਗੇਸ਼। ਡਾਕਟਰ ਰਾਧਿਕਾ ਕੰਮ ਪ੍ਰਤੀ ਭਾਵਨਾ ਰੱਖਣ ਵਾਲੀ ਕੁੜੀ ਏ। ਇਹ ਸਿਰਫ਼ ਡਿਊਟੀ ਤੇ ਆਉਂਦੀ ਏ ਤੇ ਸ਼ਾਮ ਨੂੰ ਵਰਕ ਰਿਪੋਰਟ ਦੇ ਕੇ ਚਲੀ ਜਾਂਦੀ। ਇਸ ਸਮੇਂ ਸਟਾਫ਼ ਦੇ ਘਰੋਂ ਘਰੀਂ ਪਰਤਣ ਮਗਰੋਂ ਵੀ ਯੋਗੇਸ਼ ਲੈਬ ਵਿੱਚ ਹੀ ਰਹਿੰਦਾ।
ਮੇਰੇ ਵਰਗਾ ਵਿਗਿਆਨੀ ਰੱਬ ਦੀ ਹੋਂਦ ਤੋਂ ਮੁਨਕਰ ਹੈ ਪਰ ਯੋਗੇਸ਼ ਰਾਮ ਭਗਤ ਹੈ। ਇਨ੍ਹੇ ਸਰਵੈਂਟ ਰੂਮ ਨੂੰ ਮੰਦਰ ਚ ਬਦਲਿਆ ਹੋਇਆ ਹੈ। ਭਗਵਾਨ ਦੀ ਮੂਰਤੀ ਦੀ ਪੂਜਾ ਕੀਤੇ ਬਗੈਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ। ਬੱਤੀ ਸਾਲਾਂ ਦਾ ਹੋ ਗਿਆ ਹੈ। ਮੇਰੇ ਵਾਂਗ ਕਲੱਮ ਕੱਲਾ। ਗ਼ਰੀਬੀ ਨੇ ਇਹਦਾ ਵਿਆਹ ਨਹੀਂ ਹੋਣ ਦਿਤਾ। ਉਂਝ ਇਹ ਚਿੱਟੇ ਕੁੜਤੇ ਪਜਾਮੇ ਵਿੱਚ ਸ਼ਾਂਤ ਚਿੱਤ ਦਿਖਾਈ ਦੇਵੇਗਾ। ਮੱਥੇ ਦੇ ਤਿਲਕ ਤੋਂ ਇਹ ਕੋਈ ਤਪੱਸਵੀ ਲਗਦਾ ਹੈ। ਇਖਲਾਕ ਦਾ ਵੀ ਵਧੀਆ ਲਗਦਾ। ਇਹਨੇ ਕਦੇ ਰਾਧਿਕਾ ਨੂੰ ਮਾੜੀ ਨਜ਼ਰ ਨਹੀਂ ਵੇਖਿਆ। ਸਗੋਂ ਕਹੇਗਾ, "ਇਹ ਤਾਂ ਸਾਡੀ ਕੁੜੀ ਆ।" ਇਹਨੇ ਕਦੇ ਬਿਗਾਨੀ ਆਰਸੀ ਨੂੰ ਵੀ ਨਹੀਂ ਸੀ ਸਮਝਿਆ। ਉਹਨੂੰ ਤਾਂ ਦੇਖ ਕੇ ਖਿੜ ਜਾਂਦਾ ਹੁੰਦਾ ਸੀ। ਡਾਕਟਰ ਰਾਧਿਕਾ ਤੋਂ ਪਹਿਲਾ ਡਾਕਟਰ ਜਾਵੇਦ ਮੇਰਾ ਸਹਾਇਕ ਹੁੰਦਾ ਸੀ। ਯੋਗੇਸ਼ ਉਹਨੂੰ ਦੇਖ ਕੇ ਸੜ-ਬੁੱਝ ਜਾਦਾ । ਮੈਂ ਇਹਨੂੰ ਡਾਂਟਦਾ ਵੀ ਪਰ ਇਹ ਉਹਦਾ ਕਹਿਣਾ ਨਾ ਮੰਨਦਾ । ਅੱਜ-ਕੱਲ੍ਹ ਨੌਕਰ ਲੱਭਣੇ ਵੀ ਔਖੇ ਨੇ । ਇਸੇ ਕਾਰਨ ਮੈ ਸ਼ਖਤੀ ਨਾ ਕਰਦਾ। ਹਾਰ ਕੇ ਜਾਵੇਦ ਨੇ ਨੌਕਰੀ ਤੋਂ ਛੁੱਟੀ ਕਰ ਲਈ। ਖੈਰ ਮੈਂਨੂੰ ਡਾਕਟਰ ਰਾਧਿਕਾ ਉਹਦੇ ਨਾਲੋਂ ਵੀ ਸਿਨਸੀਅਰ ਕੁੜੀ ਮਿਲ ਗਈ। ਯੋਗੇਸ਼ ਇਹਦੇ ਨਾਲ ਪਰਚਿਆ ਰਹਿੰਦਾ ਆ। ਚਾਣਚੱਕ, ਮੈਨੂੰ ਛੇ ਸਾਲ ਪੁਰਾਣੀ ਗੱਲ ਯਾਦ ਆ ਗਈ। ਮੈਂ ਉਸ ਦਿਨ ਫ਼ੋਰੈਂਸਿਕ ਸੈਂਟਰ ਦੀ ਜੌਬ ਤੋਂ ਖਿੱਝ ਗਿਆ ਸੀ। ਦਿਹਾੜੀ ਵਿੱਚ ਮਸਾਂ ਚਾਰ ਸੈਂਪਲਾਂ ਦੀ ਰਿਪੋਰਟ ਤਿਆਰ ਹੁੰਦੀ ਹੈ। ਉਥੇ ਸੱਤ-ਸੱਤ, ਅੱਠ ਅੱਠ ਸੈਂਪਲ ਮੂਹਰੇ ਕਰ ਦਿੰਦੇ ਨੇ। ਬੰਦਾ ਪਾਗਲ ਨਾ ਹੋਊ ਤਾਂ ਹੋਰ ਕੀ ਹੋਊ? ਸਵੇਰ ਤੋਂ ਸ਼ਾਮ ਤੱਕ ਫ਼ੋਰੈਂਸਿਕ ਸੈਂਟਰ ਫਸੇ ਰਹੋ। ਫਿਰ ਆਪਣੀ ਲੈਬ ਵਿੱਚ ਆ ਕੇ ਡੱਟਣਾ ਪੈਂਦਾ। ਵਿਗਿਆਨੀਆਂ ਦੀ ਵੀ ਕੋਈ ਜ਼ਿੰਦਗੀ ਹੁੰਦੀ ਆ?
ਉਸ ਦਿਨ ਫੋਰੈਂਸਿਕ ਸੈਂਟਰ ਤੋਂ ਤਾਂ ਜਲਦੀ ਤੁਰ ਪਿਆ ਸੀ, ਪਰ ਮੈਂ ਦੇਰ ਤਕ ਯਮੁਨਾ ਪੁਲ ਤੇ ਲੱਗੇ ਟ੍ਰੈਫ਼ਿਕ ਜਾਮ ਵਿੱਚ ਫਸਿਆ ਰਿਹਾ। ਇਹੋ ਸੋਚਦਾ ਕਿ ਮੈਂ, ਬੰਦੇ ਦੀ ਉਮਰ ਕੋਈ ਹਜ਼ਾਰ ਵਰ੍ਹੇ ਕਰਨ ਲੱਗਾ ਹੋਇਆਂ ਹਾਂ, ਪਰ ਸਾਡੀਆਂ ਸਰਕਾਰਾਂ ਕੋਲੋਂ ਸੱਠ ਪੈਂਹਠ ਵਰ੍ਹਿਆਂ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਹੀ ਹੱਲ ਨਹੀਂ ਹੋਈ। ਕੀ ਨੇ ਭਾਰਤ ਦੀਆਂ ਅਸਲ ਸਮੱਸਿਆਵਾਂ ਤੇ ਕੀ ਹੈ ਮੇਰੀ ਖੋਜ? ਉਨ੍ਹਾਂ ਪਲਾਂ ਚ ਮੈਂ ਮਾਯੂਸ ਜਿਹਾ ਹੋ ਗਿਆ ਸੀ। ਭੀੜ ਚੋਂ ਨਿਕਲ ਕੇ ਕਾਰ ਸੁੰਨੀ ਸੜਕ ਤੇ ਪਈ ਤਾਂ ਸੁੱਖ ਦਾ ਸਾਹ ਲਿਆ। ਅਸਮਾਨ ਤੇ ਇੱਕ ਦਮ ਹਨੇਰਾ ਛਾ ਗਿਆ। ਦੇਖਦੇ-ਦੇਖਦੇ ਜ਼ੋਰ ਨਾਲ ਹਨੇਰੀ ਵੀ ਆ ਗਈ। ਅਚਾਨਕ ਕਾਰ ਦੀ ਛੱਤ ਤੇ ਮੋਟੀਆਂ ਮੋਟੀਆਂ ਬੂੰਦਾਂ ਡਿੱਗਣ ਲੱਗੀਆਂ। ਜ਼ੋਰ ਦਾ ਮੀਂਹ ਉਤਰ ਆਇਆ। ਇਉਂ ਲੱਗ ਰਿਹਾ ਸੀ ਜਿਵੇਂ ਸਾਰੇ ਬੱਦਲ ਧਰਤੀ ਦੇ ਇਸ ਕੋਨੇ ਤੇ ਇਕੱਠੇ ਹੋ ਕੇ ਵਰ੍ਹ ਰਹੇ ਹੋਣ। ਸੜਕ ਤੇ ਪਾਣੀ ਭਰ ਜਾਣ ਨਾਲ ਕਾਰ ਦਾ ਚਲਣਾ ਔਖਾ ਹੋ ਗਿਆ ਸੀ। ਮੈਂ ਬੜੀ ਮੁਸ਼ਕਲ ਨਾਲ ਲੈਬ ਤੱਕ ਪਹੁੰਚਿਆ।
ਮੈਂ ਕੱਪੜੇ ਬਦਲੇ। ਨੌਕਰ ਨੂੰ ਚਾਹ ਬਣਾਉਣ ਨੂੰ ਕਿਹਾ। ਬਾਹਰ ਮੀਂਹ ਤੇ ਹਨੇਰੀ ਅਪਣਾ ਵਿਕਰਾਲ ਰੂਪ ਦਿਖਾਉਣ ਲੱਗੇ ਹੋਏ ਸਨ। ਮੈਂ ਖਿੜਕੀ ਵਿੱਚੋਂ ਪਾਣੀ ਦੀਆਂ ਧਰਾਲਾਂ ਪੈਂਦੀਆਂ ਦੇਖਣ ਲੱਗ ਪਿਆ। ਬਾਹਰ ਤਾਂ ਇਵੇਂ ਲੱਗ ਰਿਹਾ ਸੀ, ਜਿਵੇਂ ਤੂਫ਼ਾਨ ਆ ਗਿਆ ਹੋਵੇ। ਮੈਂ ਸੱਜੇ ਪਾਸੇ ਜਸਟਿਸ ਇਰਫਾਨ ਅਲੀ ਦੀ ਕੋਠੀ ਵੱਲ ਨਿਗ੍ਹਾ ਮਾਰੀ। ਹਨੇਰੇ ਕਾਰਨ ਕੋਠੀ ਝਾਉਲੀ ਝਾਉਲੀ ਨਜ਼ਰ ਆ ਰਹੀ ਸੀ। ਵਿੱਚ ਵਿੱਚ ਲਿਸ਼ਕ ਰਹੀ ਬਿਜਲੀ ਕਾਰਨ ਬੰਦ ਗੇਟ ਦਾ ਜਿੰਦਾ ਚਮਕ ਪੈਂਦਾ।
ਖੋਜ ਕਾਰਜ ਤੋਂ ਜਦੋਂ ਵੀ ਵਿਹਲ ਮਿਲਦੀ, ਮੈਂ ਤਰੋਤਾਜ਼ਾ ਹੋਣ ਲਈ ਜਸਟਿਸ ਸਾਹਿਬ ਦੀ ਕੋਠੀ ਵੱਲ ਜ਼ਰੂਰ ਦੇਖਦਾ। ਕੋਠੀ ਦੇ ਪਾਰਕ ਵਿਚਲੇ ਘਾਹ, ਗੁਲਾਬ ਅਤੇ ਕਲੀਆਂ ਨੂੰ ਦੇਖ ਕੇ ਮਨ ਅੱਸ਼ ਅੱਸ਼ ਕਰ ਉਠਦਾ। ਨਾਲ ਹੀ ਉਹਦਾ ਕਲੀਆਂ ਜਿਹਾ ਰੂਪ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ। ਉਹ ਟਹਿਲਦੀ ਹੋਈ ਪਾਰਕ ਵਿੱਚ ਆਣ ਬਹਿੰਦੀ।
ਮੀਂਹ ਦੀ ਛਮਛਮ ਚੋਂ ਅਚਾਨਕ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ। ਦਰਵਾਜ਼ੇ ਦੇ ਮੋਟੇ ਹੈਂਡਲ ਨਾਲ ਫਿੰਗਰ ਪ੍ਰਿੰਟ ਸੈਂਸਰ ਲੱਗਾ ਹੋਇਆ। ਕੋਈ ਵਿਅਕਤੀ ਬਿਨਾਂ ਆਗਿਆ ਅੰਦਰ ਨਹੀਂ ਆ ਸਕਦਾ। ਕੰਪਿਊਟਰ ਵਿੱਚ ਉਨ੍ਹਾਂ ਲੋਕਾਂ ਨੂੰ ਪਛਾਣਨ ਦਾ ਖਾਸ ਪ੍ਰੋਗਰਾਮ ਹੈ, ਜਿਹੜੇ ਪ੍ਰਯੋਗਸ਼ਾਲਾ ਵਿੱਚ ਅਕਸਰ ਆਉਂਦੇ ਰਹਿੰਦੇ ਹਨ। ਕੰਪਿਊਟਰ ਉਨ੍ਹਾਂ ਦੇ ਨਾਮ ਦੀ ਆਵਾਜ਼ ਦਿੰਦਾ ਤੇ ਸਕਰੀਨ ਤੇ ਤਸਵੀਰ ਵੀ ਆ ਜਾਂਦੀ। ਇਹ ਆਵਾਜ਼ ਬੇਨਾਮੀ ਸੀ। ਫਿਰ ਸਕਰੀਨ ਤੇ ਫ਼ੋਟੋ ਕਿਸ ਦੀ ਆਉਣੀ ਸੀ? ਨਾ ਚਾਹੁੰਦੇ ਹੋਏ ਵੀ ਮੈਂ ਦਰਵਾਜ਼ਾ ਖੋਲ੍ਹ ਦਿੱਤਾ ਸੀ। ਹੈਂਅ! ਇਰਫ਼ਾਨ ਅਲੀ ਦੇ ਬਾਗ ਦਾ ਫੁੱਲ?
''ਸਰ, ਮੈਂ ਅੰਦਰ ਆ ਸਕਦੀ ਆਂ? ਉਸ ਨੇ ਲੰਮੇ ਵਾਲਾਂ ਨੂੰ ਥੋੜ੍ਹਾ ਝਟਕਦਿਆਂ ਦਰਵਾਜ਼ਾ ਪੂਰਾ ਖੋਲ੍ਹ ਲਿਆ ਸੀ।
''ਹਾਂ... ਹਾਂ। ਕਿਉਂ ਨਹੀਂ।
ਮੈਂ ਉਸ ਦੇ ਵਾਲਾਂ ਤੋਂ ਝੜ ਰਹੀਆਂ ਚਾਂਦੀ ਦੀਆਂ ਗੋਲੀਆਂ ਨੂੰ ਫ਼ਰਸ਼ ਤੇ ਬੇਆਵਾਜ਼ ਡਿੱਗ ਡਿੱਗ ਟੁੱਟਦਿਆਂ ਦੇਖਣ ਲੱਗਾ। ਇਕ ਅਨੋਖੀ ਜਿਹੀ ਸੁਗੰਧ ਨਾਲ ਕਮਰਾ ਭਰ ਗਿਆ ਸੀ। ਜਿਉਂ ਉਹ ਪਰੀਆਂ ਦੇ ਝੁੰਡ ਵਿਚੋਂ ਵਿਛੜ ਕੇ ਆਈ ਹੋਵੇ।
''ਸਰ, ਮੈਂ ਆਰਸੀ ਸ਼ਾਹ। ਤੁਸੀਂ ਆਰਸੀ ਕਹਿ ਸਕਦੇ ਹੋ। ਤੁਹਾਡੇ ਗੁਆਂਢ ਤੋਂ ਆ। ਡੈਡ ਤੇ ਨੌਕਰ ਘਰ ਨਈਂ। ਕਾਰ ਵਿੱਚੋਂ ਚਾਬੀ ਲੱਭੀ ਨਈਂ। ਸ਼ਾਇਦ ਕਿਤੇ...। ਕੀ ਡੈਡ ਦੇ ਆਉਣ ਤਕ ਇਥੇ ਰੁਕ ਸਕਦੀ ਆਂ? ਉਹ ਇਹ ਸੱਭ ਕੁੱਝ ਇਕੋ ਸਾਹੇ ਬੋਲ ਗਈ ਸੀ।
ਮੈਂ ਉਹਨੂੰ ਜੀ ਆਇਆਂ ਕਿਹਾ। ਸਧਾਰਨ ਜਿਹੀ ਸਜਾਵਟ ਵਾਲਾ ਇਹ ਮੇਰਾ ਰੂਮ ਮੇਰੇ ਵਾਂਗ ਹੀ ਉਗੜਾ-ਦੁੱਗੜਾ ਹੈ। ਮੇਰੇ ਵਾਂਗ ਹੀ ਅੱਖੜ ਜਿਹਾ ਤੇ ਟੁੱਟ ਭੱਜ ਵਾਲਾ। ਉਸ ਸਾਹਵੇਂ ਹੋਰ ਵੀ ਊਣਾ-ਊਣਾ ਲੱਗਣ ਲੱਗ ਪਿਆ ਸੀ। ਥੋੜ੍ਹੀ ਦੇਰ ਬਾਅਦ ਨੌਕਰ ਦੋ ਕੱਪ ਚਾਹ, ਖਾਣ ਪੀਣ ਦਾ ਸਾਮਾਨ ਅਤੇ ਤੌਲੀਆ ਲੈ ਕੇ ਆ ਗਿਆ। ਪਹਿਲਾਂ ਆਰਸੀ ਨੇ ਤੌਲੀਏ ਨਾਲ ਸਿਰ ਦੇ ਵਾਲ ਸੁਕਾਏ। ਮੂੰਹ ਪੂੰਝਿਆ। ਟਾਪ ਤੇ ਜੀਨ ਵੀ ਨਚੋੜੇ। ਫੇਰ ਬਿਟਰ ਬਿਟਰ ਤੱਕ ਰਹੇ ਯੋਗੇਸ਼ ਦੇ ਹੱਥ ਤੌਲੀਆ ਫੜਾ ਕੇ ਹੱਸ ਪਈ।
''ਸਰ, ਤੁਸੀਂ ਇਥੇ ਇਕੱਲੇ ਰਹਿੰਦੇ ਓ? ਚਾਹ ਦਾ ਘੁੱਟ ਭਰਦੇ ਹੋਏ ਉਸ ਨੇ ਗੱਲਬਾਤ ਸ਼ੁਰੂ ਕਰਨ ਦੇ ਉਦੇਸ਼ ਨਾਲ ਪੁੱਛਿਆ।
''ਕੱਲਾ ਈ ਆਂ।
''ਪਿਛੋਂ ਅਸੀਂ ਜੰਮੂ-ਕਸ਼ਮੀਰ ਤੋਂ ਆਂ। ਡੈਡ ਹਾਈਕੋਰਟ ਚ ਜੱਜ ਨੇ। ਮੈਂ ਨਵੀਂ ਦਿੱਲੀ ਯੂਨੀਵਰਸਿਟੀ 'ਚ ਕੈਮਿਸਟਰੀ ਦੀ ਲੈਕਚਰਾਰ ਹਾਂ। ਤੁਸੀਂ? ਉਸ ਨੇ ਅਪਣੇ ਬਾਰੇ ਜਾਣ-ਪਛਾਣ ਕਰਵਾਈ ਸੀ।
ਮੈਂ ਉਹਨੂੰ ਅਪਣੇ ਬਾਰੇ ਵੀ ਦੱਸ ਦਿੱਤਾ। ਮੈਨੂੰ ਉਸ ਨਾਲ ਗੱਲਾਂ ਕਰ ਕੇ ਆਨੰਦ ਆਉਣ ਲੱਗਾ।
''ਤੁਸੀਂ ਕਿਹੜੀ ਖੋਜ ਕਰ ਰਹੇ ਹੋ? ਉਸ ਨੇ ਸਿਰ ਦੇ ਵਾਲਾਂ ਨੂੰ ਛੰਡਿਆ ਸੀ।
ਮੈਂ ਉਸ ਦੇ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਈਂ ਸੀ ਦਿੱਤਾ। ਨੌਕਰ ਟਰੇਅ ਵਿੱਚ ਖ਼ਾਲੀ ਕੱਪ ਚੁੱਕ ਕੇ ਲੈ ਗਿਆ ਸੀ। ਹੋਰ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹੀਆਂ। ਤਕਰੀਬਨ ਡੇਢ ਕੁ ਘੰਟੇ ਬਾਅਦ ਮੀਂਹ ਵੀ ਰੁੱਕ ਗਿਆ ਸੀ। ਬਾਹਰ ਨਿਕਲ ਕੇ ਦੇਖਿਆ ਤਾਂ ਅਸਮਾਨ ਸਾਫ਼ ਹੋ ਗਿਆ ਸੀ। ਉਨ੍ਹਾਂ ਦੀ ਕੋਠੀ ਵਿੱਚ ਵੀ ਰੋਸ਼ਨੀ ਜਗਮਗਾਉਣ ਲੱਗੀ ਸੀ।
ਉਹ ਕਮਰੇ ਵਿੱਚੋਂ ਨਿੱਕੇ ਨਿੱਕੇ ਕਦਮ ਪੁੱਟਦੀ ਬਾਹਰ ਨਿਕਲੀ ਤੇ ਕਾਰ ਵਿੱਚ ਜਾ ਬੈਠੀ। ਸਟੇਅਰਿੰਗ ਘੁੰਮਾਉਂਦੀ ਹੋਈ ਨੇ ਵਿੰਡ ਸਕਰੀਨ ਤੋਂ ਬਾਹਰ ਦੇਖਿਆ। ਸਾਫ਼ ਆਕਾਸ਼ ਵਿੱਚ ਚੰਦਰਮਾ ਵਿਖਾਈ ਦੇਣ ਲੱਗਾ ਸੀ। ਮੈਂ ਪਹਿਲਾਂ ਉਹਦੇ ਵੱਲ ਵੇਖ ਕੇ ਮੁਸਕਰਾਇਆ ਤੇ ਫਿਰ ਚੰਦਰਮਾ ਵੱਲ। ਉਹਨੇ ਕਈ ਵਾਰ ਅੱਖਾਂ ਝਪਕੀਆਂ। ਕਾਰ ਸਟਾਰਟ ਕੀਤੀ ਤਾਂ ਰੌਸ਼ਨੀ ਫੈਲ ਗਈ। ਉਹ ਬਹੁਤ ਹੀ ਹੌਲੀ ਆਵਾਜ਼ ਵਿੱਚ 'ਸੀ ਯੂ...' ਬੋਲੀ। ਕਾਰ ਲੈ ਕੇ ਅਪਣੀ ਕੋਠੀ ਅੰਦਰ ਚਲੀ ਗਈ ਸੀ।
ਆਰਸੀ ਨੂੰ ਜਿਸ ਕੁਰਸੀ ਤੇ ਬਿਠਾਇਆ ਗਿਆ ਸੀ, ਉਸ ਉਤੇ ਬੈਠਣ ਵਾਲੇ ਦੇ ਲੈਬ ਦੇ ਕੈਮਰੇ ਅਪਣੇ ਆਪ ਫ਼ੋਟੋ ਖਿੱਚ ਲੈਂਦੇ ਨੇ। ਕੁਰਸੀ ਦੀਆਂ ਬਾਂਹਾਂ ਨਾਲ ਹੱਥਾਂ ਦਾ ਸਪਰਸ਼ ਹੁੰਦਿਆਂ ਹੀ ਫਿੰਗਰ ਪ੍ਰਿੰਟ ਆ ਜਾਂਦੇ ਨੇ। ਦੀਵਾਰ ਵਾਲੀ ਮਸ਼ੀਨ ਉਸ ਦੇ ਜੇਬ ਵਿਚਲੇ ਸੈਲ ਫੋਨ ਦਾ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਵਰਗੇ ਡਾਕੂਮੈਂਟਸ ਤੋਂ ਐਡਰੈਸ ਸੇਵ ਕਰ ਲੈਂਦੀ ਹੈ। ਸਭ ਤੋਂ ਪਹਿਲਾ ਮੈਂ ਉਹਦਾ ਨਾਂ ਤੇ ਫੋਟੋ ਫਿੰਗਰ ਪ੍ਰਿੰਟ ਸੈਂਸਰ ਵਿੱਚ ਐਡ ਕੀਤੇ। ਫੇਰ ਤਾਂ ਜਿਵੇਂ ਉਹ ਮੇਰੇ ਸਾਹਾਂ ਵਿੱਚ ਹੀ ਐਡ ਹੋ ਗਈ ਹੋਵੇ।
ਐਨੀ ਸੁੰਦਰ ਤੇ ਜ਼ਹੀਨ ਕੁੜੀ...। ਬੱਸ ਮੈਂ ਦੇਖਦਾ ਰਹਿ ਗਿਆ। ਮੈਂ ਜੌਬ ਅਤੇ ਕੰਮ ਤੋਂ ਅੱਕਿਆ ਪਿਆ ਸਾਂ। ਮੈਨੂੰ ਲੱਗਾ ਕਿ ਇਹ ਕੁੜੀ ਸੁੱਖ ਦੇ ਸਕਦੀ ਆ। ਹੁਣ ਹੋਟਲਾਂ ਵਿੱਚ ਭੱਜਣ ਦੀ ਲੋੜ ਨਈਂ ਰਹਿਣੀ। ਇਸੇ ਲਈ ਦਿਨ ਰਾਤ ਉਹਦਾ ਫੁੱਲਾਂ ਜਿਹਾ ਰੂਪ ਮੇਰੇ ਸਾਹਮਣੇ ਆਉਣ ਲੱਗਾ। ਕੁਰਸੀ ਤੇ ਬੈਠੀ ਜਦੋਂ ਚਾਹ ਪੀ ਰਹੀ ਸੀ ਤਾਂ ਸੁਰਾਹੀਦਾਰ ਗਰਦਨ ਚੋਂ ਚਾਹ ਦਾ ਘੁੱਟ ਲੰਘਦਾ ਵੀ ਦਿਸਦਾ ਸੀ। ਗੋਰੇ ਚਿੱਟੇ ਨਿਛੋਹ ਬਦਨ ਉਤੇ ਨੀਲੀਆਂ-ਨੀਲੀਆਂ ਨਾੜਾਂ ਇਵੇਂ ਲੱਗੀਆਂ ਜਿਵੇਂ ਕੁਦਰਤ ਰਾਣੀ ਨੇ ਉਹਨੂੰ ਸ਼ਿੰਗਾਰਨ ਲਈ ਬੂਟੀਆਂ ਪਾਈਆਂ ਹੋਣ। ਉਹਦੀਆਂ ਅੱਖਾਂ ਦਾ ਬਲੌਰੀਪਨ ਪਾਗਲ ਜਿਹਾ ਕਰ ਗਿਆ ਸੀ।
ਮੈਂ ਆਰਸੀ ਨੂੰ ਹਜ਼ਾਰ ਵਰ੍ਹੇ ਤੱਕ ਅਮਰ ਕਰ ਦੇਣ ਦਾ ਫ਼ੈਸਲਾ ਕਰ ਲਿਆ ਸੀ। ਹੁਣ ਤਕ ਤਿੰਨ ਸੌ ਸੱਤਰ ਬੰਦਿਆਂ ਦੇ ਜੈਨੇਟਿਕ ਡਾਟੇ ਨੂੰ ਪਰਖ ਚੁੱਕਾ ਸੀ। ਮੈਂ ਅਪਣੀ ਖੋਜ ਦੀ ਮੇਨ ਸਟਰੀਮ ਆਰਸੀ ਨੂੰ ਬਣਾਉਣ ਦਾ ਮਨ ਬਣਾ ਲਿਆ ਸੀ। ਉਹਦੇ ਸਹਿਮਤ ਹੋ ਜਾਣ ਦੀ ਉਮੀਦ ਕਰਨ ਲੱਗਾ।
ਹਫ਼ਤੇ ਕੁ ਬਾਅਦ ਆਰਸੀ ਦਾ ਅਗਲੇ ਦਿਨ ਲੈਬ ਆਉਣ ਲਈ ਫ਼ੋਨ ਆ ਗਿਆ।
ਸਵੇਰੇ-ਸਵੇਰੇ ਸੂਰਜ ਦੀਆਂ ਕਿਰਨਾਂ ਮੇਰੇ ਤੇ ਪਈਆਂ। ਮੈਂ ਅੰਗੜਾਈ ਲੈ ਕੇ ਅੱਖਾਂ ਖੋਲ੍ਹੀਆਂ। ਆਕਾਸ਼ ਦਾ ਰੰਗ ਆਰਸੀ ਦੀਆਂ ਅੱਖਾਂ ਵਰਗਾ ਲੱਗਾ ਸੀ। ਮੈਨੂੰ ਆਰਸੀ ਦੇ ਆਉਣ ਦਾ ਚੇਤਾ ਆ ਗਿਆ ਸੀ। ਮੈਂ ਫਟਾਫਟ ਤਿਆਰ ਹੋਇਆ ਸੀ। ਕੁੱਝ ਸਮੇਂ ਬਾਅਦ ਉਹਨੇ ਗੇਟ ਦੇ ਹੈਂਡਲ ਨੂੰ ਟੱਚ ਕੀਤਾ ਸੀ। ਕੰਪਿਊਟਰ ਨੇ ਉਸੇ ਵਕਤ ਉਹਦੇ ਨਾਂ ਦੀ ਆਵਾਜ਼ ਦੇ ਦਿੱਤੀ ਸੀ। ਸਕਰੀਨ ਤੇ ਉਹਦੀ ਤਸਵੀਰ ਦੇਖ ਕੇ ਮਨ ਬਾਗੋ ਬਾਗ ਹੋ ਗਿਆ। ਸਾਰਾ ਦਿਨ ਫੋਰੈਂਸਿਕ ਸੈਂਟਰ ਦੇ ਕੰਮ ਨੇ ਕਮਲੇ ਕਰੀ ਰੱਖਿਆ ਸੀ। ਰਹਿੰਦਾ ਕੰਮ ਲੈਬ ਚੁੱਕ ਲਿਆਇਆ ਸਾਂ। ਅੱਧੀ ਰਾਤ ਤੱਕ ਉਸੇ ਕੰਮ ਵਿਚ ਉਲਝਿਆ ਰਿਹਾ ਸਾਂ । ਬੱਸ ਉਹਨੂੰ ਦੇਖ ਕੇ ਸਾਰੀ ਥਕਾਵਟ ਲਹਿ ਗਈ।
ਮੈਂ ਝੱਟ ਦਰਵਾਜ਼ਾ ਖੋਲ੍ਹਿਆ... ਤੇ ਉਹ ਠੁਮਕ ਠੁਮਕ ਤੁਰਦੀ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਆਣ ਬੈਠੀ। ਮੈਂ ਉਸ ਤੇ ਨਜ਼ਰ ਸੁੱਟੀ। ਅੱਜ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ। ਨੌਕਰ ਨਾਸ਼ਤਾ ਪਰੋਸਣ ਲੱਗਾ। ਉਦੋਂ ਤੱਕ ਡਾਕਟਰ ਰਾਧਿਕਾ ਵੀ ਆ ਗਈ ਸੀ। ਉਹ ਵੀ ਰਸੋਈ ਵਿੱਚ ਨੌਕਰ ਨਾਲ ਹੱਥ ਵਟਾਉਣ ਲੱਗੀ। ਮੇਰੇ ਸਾਹਮਣੇ ਅਖ਼ਬਾਰ ਫੈਲਿਆ ਹੋਇਆ ਸੀ। ਮੈਂ ਨਾਸ਼ਤੇ ਦੇ ਨਾਲ ਨਾਲ ਖ਼ਬਰਾਂ ਵੀ ਪੜ੍ਹਨ ਲੱਗਾ। ਉਹਦੇ ਵੱਲ ਵੀ ਵੇਖ ਲੈਂਦਾ। ਉਹ ਅੱਖਾਂ ਝਪਕਦੀ ਤਾਂ ਲਗਦਾ ਜਿਵੇਂ ਪਲਕਾਂ ਤੋਂ ਸਿਤਾਰੇ ਝੜ ਰਹੇ ਹੋਣ। ਮੈਂ ਉਹਨੂੰ ਅਪਣੀ ਖੋਜ ਬਾਰੇ ਦੱਸਣ ਦਾ ਮਨ ਬਣਾ ਚੁੱਕਾ ਸਾਂ। ਨਾਸ਼ਤਾ ਕਰਨ ਤੋਂ ਬਾਅਦ ਮੈਂ ਉਹਨੂੰ ਲੈਬ ਅੰਦਰ ਲੈ ਗਿਆ।
ਲੈਬ ਵਿੱਚ ਅਨੇਕ ਤਰ੍ਹਾਂ ਦੇ ਯੰਤਰ ਪਏ ਹਨ, ਜਿਨ੍ਹਾਂ ਦੀ ਉਹਨੂੰ ਸ਼ਾਇਦ ਬਹੁਤੀ ਜਾਣਕਾਰੀ ਨਈਂ ਸੀ। ਪੂਰਬੀ ਦੀਵਾਰ ਦੇ ਨਾਲ ਵੱਡਾ ਮੇਜ ਲੱਗਾ ਹੋਇਆ। ਇਸ ਉੱਤੇ ਅਤੇ ਕੰਧ ਤੇ ਅਣਗਿਣਤ ਪੁਆਂਇਟ ਲੱਗੇ ਹੋਏ ਹਨ। ਆਮ ਦਫ਼ਤਰਾਂ ਵਿੱਚ ਵਰਤਣ ਵਾਲਾ ਮੇਜ ਵੀ ਪਿਆ ਹੈ। ਇਸ ਉਤੇ ਖਾਸ ਪ੍ਰੋਗਰਾਮਿੰਗ ਵਾਲਾ ਕੰਪਿਊਟਰ ਅਤੇ ਤਿੰਨ ਚਾਰ ਛੋਟੇ ਵੱਡੇ ਬਕਸੇ ਪਏ ਹੋਏ ਹਨ। ਕਈ ਤਾਰਾਂ ਕੰਪਿਊਟਰ ਅਤੇ ਬਕਸਿਆਂ ਨੂੰ ਜੋੜ ਰਹੀਆਂ ਹਨ। ਮੇਜ ਦੇ ਸਾਹਮਣੇ ਪਈ ਕੁਰਸੀ ਤੇ ਬੈਠ ਕੇ ਉਹ ਲੈਬ ਦਾ ਜਾਇਜ਼ਾ ਲੈਣ ਲੱਗੀ।
ਦੀਵਾਰਾਂ ਤੇ ਲੱਗੇ ਵਿਗਿਆਨੀਆਂ ਦੇ ਪੋਟਰੇਟ ਵੇਖਦਿਆਂ ਟੇਬਲ ਤੇ ਪਏ ਸ਼ੀਸ਼ੇ ਦੇ ਹੇਠ ਪਈ ਅੰਗਰੇਜ਼ੀ ਸਤਰ ਵਿੱਚ ਉਸ ਨੇ ਬੜੀ ਦਿਲਚਸਪੀ ਵਿਖਾਈ।
'ਸਮੂਥ ਵੇਵਜ਼ ਨੈਵਰ ਪਰੋਡਿਊਸ ਸਕਿਲਡ ਸੇਲਰਜ਼।
ਟੇਬਲ ਤੇ ਪਈ ਇਲੈਕਟ੍ਰੋਨਿਕ ਮਾਈਕਰੋਸਕੋਪ ਵਿੱਚੋਂ ਵੇਖਣ ਲਈ ਆਰਸੀ ਝੁਕੀ ਤਾਂ ਯੋਗੇਸ਼ ਦਾ ਧਿਆਨ ਉਹਦੇ ਵੱਲ ਹੋ ਗਿਆ ਸੀ। ਮੈਂ ਉਹਨੂੰ ਘੂਰਿਆ ਤਾਂ ਉਹ ਪਰ੍ਹੇ ਜਾ ਸੈਂਟਰੀਫਿਊਗਲ ਮਸ਼ੀਨ ਕੋਲ ਪਏ ਰੀਅਜੈਂਟਾਂ ਨੂੰ ਸ਼ੀਸ਼ੇ ਦੀ ਸੈਲਫ਼ ਉਤੇ ਟਿਕਾਣ ਲੱਗ ਪਿਆ। ਫਿਰ ਮੈਂ ਆਰਸੀ ਨੂੰ ਲੋਂਜੀਵਿਟੀ ਬਾਰੇ ਦੱਸਣ ਲੱਗ ਪਿਆ ਸਾਂ। ਪਹਿਲਾਂ ਤਾਂ ਉਹ ਹੱਸੀ ਜਾਵੇ। ਉਹਨੂੰ ਯਕੀਨ ਨਈਂ ਸੀ ਆ ਰਿਹਾ।
''ਹਾਂ, ਮਨੁੱਖ ਦੀ ਉਮਰ ਹਜ਼ਾਰ ਵਰ੍ਹੇ ਹੋ ਸਕਦੀ ਆ।
ਡਾਕਟਰ ਰਾਧਿਕਾ ਦੇ ਮੂੰਹੋਂ ਸੁਣ ਕੇ ਸ਼ਾਇਦ ਉਹਨੇ ਯਕੀਨ ਕਰ ਲਿਆ ਸੀ। ਉਸ ਸਮੇਂ ਰਾਧਿਕਾ ਟੈਸਟ ਟਿਊਬ 'ਚ ਪ੍ਰੋਟੀਨਾਂ ਨੂੰ ਨਿਖੇੜ ਰਹੀ ਸੀ। ਮੈਂ ਫੋਰੈਂਸਿਕ ਸੈਂਟਰ ਦੇ ਸੈਂਪਲ ਨੂੰ ਪਿਛਲੀ ਰਾਤ ਗਲਾਸ ਬੇਸ ਵਾਲੀ ਜੈਲ ਪਲੇਟ ਤੇ ਵਿਛਾ ਗਿਆ ਸੀ। ਵਿਛੇ ਹੋਏ ਸਟਾਰਸ ਦਾ ਕੋਈ ਰੀਐਕਸ਼ਨ ਨਈਂ ਸੀ ਹੋਇਆ। ਹੁਣ ਰਾਧਿਕਾ ਇਸ ਸੈਂਪਲ ਨੂੰ ਹਾਈ ਸਪੀਡ ਵਾਲੀ ਸੈਂਟਰੀਫਿਊਗਲ ਮਸ਼ੀਨ 'ਚ ਪਾਉਣ ਲਈ ਤਿਆਰ ਕਰ ਰਹੀ ਸੀ। ਸ਼ਾਇਦ ਆਰਸੀ ਨੂੰ ਉਹ ਕੋਈ ਗਹਿਰ ਗੰਭੀਰ ਵਿਗਿਆਨਣ ਲੱਗੀ ਹੋਏਗੀ। ਫੇਰ ਆਰਸੀ ਮੈਨੂੰ ਕਹਿਣ ਲੱਗੀ।
''ਡਾਕਟਰ ਸੁਵੀਰ ਸਿੰਘ ਜੀ, ਇਹ ਬੁਢਾਪਾ ਕੀ ਸ਼ੈਅ ਆ?" ਬੁਢਾਪੇ ਸਬੰਧੀ ਸਵਾਲ ਪੁੱਛ ਜਿਵੇਂ ਮੇਰੀ ਜਵਾਨੀ ਦਾ ਅੰਦਾਜ਼ਾ ਲਗਾਉਣ ਲੱਗੀ ਹੋਵੇ। ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ਰਾਰਤੀ ਜਿਹਾ ਹਾਸਾ ਹੱਸਦੀ ਲੱਗੀ।
''ਮਿਟੋਥੋਡ੍ਰਿਆਲ ਫ੍ਰੀ ਰੈਡੀਕਲ ਥਿਊਰੀ ਆਫ਼ ਏਜਿੰਗ ਅਨੁਸਾਰ ਬੁਢਾਪਾ ਹੌਲੀ ਹੌਲੀ ਆਉਣ ਵਾਲੀ ਮੌਤ ਹੈ।
''ਐਂ ਦੱਸੋ, ਤੁਸੀਂ ਬੁਢਾਪਾ ਖ਼ਤਮ ਕਿਵੇਂ ਕਰੋਗੇ? ਉਸ ਨੇ ਅਗਲਾ ਸਵਾਲ ਪੁੱਛ ਲਿਆ ਸੀ।
''ਮਨੁੱਖੀ ਸਰੀਰ ਵਿੱਚ ਮਾਈਕਰੋ ਆਰਗੇਨਿਜ਼ਮ ਦਾ ਜੈਨੇਟਿਕ ਮੈਟੀਰੀਅਲ ਜੋੜ ਦਿੱਤਾ ਜਾਵੇਗਾ। ਜਿਸ ਨਾਲ ਉਹ ਬੁਢਾਪੇ ਨਾਲ ਮਰਨ ਵਾਲੇ ਸੈਲਾਂ ਦੀ ਜ਼ਿੰਦਗੀ ਲੰਮੀ ਕਰ ਦੇਵੇਗਾ। ਜਿਸ ਗੱਲ ਦਾ ਵਿਗਿਆਨੀ ਹਮੇਸ਼ਾ ਉਹਲਾ ਰੱਖਦਾ ਹੈ, ਮੈਂ ਉਹਨੂੰ ਉਹਦਾ ਹਿੰਟ ਦਿੱਤਾ ਸੀ।
ਮੇਰੀ ਗੱਲ ਸ਼ਾਇਦ ਉਹਦੇ ਪੱਲੇ ਨਈਂ ਸੀ ਪਈ। ਫਿਰ ਮੈਂ ਗੱਲ ਹੋਧਰੇ ਪਾਉਂਦਿਆਂ ਕਿਹਾ, ''ਮੇਰੀ ਜ਼ਿੰਦਗੀ ਵਿੱਚ ਆਏ ਲੋਕਾਂ ਵਿੱਚੋਂ ਸੱਭ ਤੋਂ ਖੂਬਸੂਰਤ ਤੁਸੀਂ ਹੋ। ਮੈਂ ਚਾਹੁੰਦਾ ਆਰਸੀ ਮਨੁੱਖਾਂ ਵਿੱਚੋਂ ਪਹਿਲੀ ਹੋਵੇ, ਜਿਹੜੀ ਹਜ਼ਾਰ ਵਰ੍ਹੇ ਤਕ ਤਰੋਤਾਜ਼ਾ ਤੇ ਜਵਾਨ ਰਹੇ।"
ਇਹ ਸੁਣ ਕੇ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ। ਉਹ ਸੈਂਟਰੀਫਿਊਗਲ ਮਸ਼ੀਨ ਤੇ ਉਂਗਲਾਂ ਮਾਰਨ ਲੱਗ ਪਈ। ਉਹ ਦੋ ਢਾਈ ਘੰਟੇ ਲੈਬ ਬੈਠੀ ਰਹੀ। ਪਰ ਉਹਨੇ ਕੋਈ ਹੁੰਗਾਰਾ ਨਈਂ ਸੀ ਭਰਿਆ।
ਮੈਂ ਵੀ ਮੁੜ ਉਹਦੇ ਨਾਲ ਖੋਜ ਵਾਲੀ ਗੱਲ ਨਹੀਂ ਸੀ ਕੀਤੀ। ਫਿਰ ਉਹ ਦੂਏ ਤੀਏ ਦਿਨ ਮੈਨੂੰ ਮਿਲਣ ਲੱਗ ਪਈ। ਕਦੇ ਉਹ ਮੇਰੇ ਕੋਲ ਆ ਜਾਂਦੀ। ਕਦੇ ਅਪਣੀ ਕੋਠੀ ਬੁਲਾ ਲੈਂਦੀ। ਚੰਦ ਮੁਲਾਕਾਤਾਂ ਤੋਂ ਬਾਅਦ ਉਹ ਮੇਰੀ ਹੋ ਗਈ ਸੀ। ਉਹਦਾ ਮੇਰਾ ਕੋਈ ਜੋੜ ਮੇਲ ਨਈਂ ਸੀ। ਕਦੀ ਕਦੀ ਮੈਂ ਸੋਚਦਾ ਕਿ ਉਹ ਕਿਸੇ ਏਜੰਸੀ ਦੀ ਮੈਂਬਰ ਨਾ ਹੋਵੇ। ਇੱਕ ਦਿਨ ਯੋਗੇਸ਼ ਨੇ ਮੈਨੂੰ ਆਖਿਆ ਸੀ।
''ਸਰ, ਇਸ ਕੁੜੀ ਤੇ ਯਕੀਨ ਨਾ ਕਰਿਉ। ਮੁਸਲਮਾਨ ਦੇਸ਼ ਦੀ ਸੁਰੱਖਿਆ ਦੀ ਸਾਰੀ ਸੂਚਨਾ ਪਾਕਿਸਤਾਨ ਨੂੰ ਦਿੰਦੇ ਆ। ਦੇਸ਼ ਵਿੱਚ ਅੱਤਵਾਦ ਫੈਲਾਉਣਾ ਚਾਹੁੰਦੇ ਆ।"
ਮੈਂ ਤਾਂ ਯੋਗੇਸ਼ ਦੀ ਗੱਲ ਸੁਣ ਕੇ ਡਰ ਗਿਆ ਸੀ। ਇਸ ਪਿੱਛੋਂ ਮੈਂ ਆਰਸੀ ਦੀ ਛਾਣਬੀਣ ਕੀਤੀ। ਜੱਜ ਸਾਹਿਬ ਅਪਣੀ ਡਿਊਟੀ ਵਿੱਚ ਮਸ਼ਰੂਫ਼ ਰਹਿੰਦੇ ਸਨ। ਘਰ ਹੋਰ ਕੋਈ ਮੈਂਬਰ ਨਹੀਂ ਸੀ। ਇਹ ਪੜ੍ਹਾਉਣ ਜਾਂਦੀ। ਉਵਰਲੋਡ ਵਰਕ ਇਹਨੂੰ ਥਕਾ ਦਿੰਦਾ। ਹਿਸਾਬ, ਸਾਇੰਸ ਵਿਸ਼ਿਆਂ ਦੇ ਅਧਿਆਪਕ ਹਮੇਸ਼ਾ ਕੰਮ ਨਾਲ ਝੱਲੇ ਹੋਏ ਰਹਿੰਦੇ ਹਨ। ਇਹਦਾ ਕੋਈ ਦੋਸਤਾਂ ਜਾਂ ਸਹੇਲੀਆਂ ਦਾ ਸਰਕਲ ਨਹੀਂ ਸੀ। ਅਪਣੇ ਰੁਝੇਵਿਆਂ ਭਰੇ ਜੀਵਨ ਤੋਂ ਤੰਗ ਆ ਕੇ ਮੇਰੇ ਵੱਲ ਆਉਣ ਲੱਗ ਪਈ ਸੀ। ਅੱਜ ਕੱਲ੍ਹ ਜਿੰਨਾ ਜੌਬ ਦਾ ਸਟਰੈਸ ਆ, ਕੱਲਾ ਬੰਦਾ ਬੱਚ ਨਹੀਂ ਸਕਦਾ। ਯੋਗੇਸ਼ ਵਾਲੀ ਕੋਈ ਗੱਲ ਸੱਚੀ ਨਾ ਨਿਕਲੀ।
ਇਕ ਤਰ੍ਹਾਂ ਮੇਰੀ ਜ਼ਿੰਦਗੀ 'ਚ ਮੇਰੀ ਖੋਜ ਦੇ ਨਾਲ ਨਾਲ ਆਰਸੀ ਵੀ ਜੁੜ ਗਈ ਸੀ। ਸਾਡੇ ਵਿਆਹ ਤੇ ਸਹਿਮਤੀ ਨਹੀਂ ਸੀ ਹੋਈ। ਉਂਝ ਤੇ ਜਸਟਿਸ ਸਾਹਿਬ ਨਿੱਘੇ ਬੰਦੇ ਹਨ। ਸਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਵੱਡੀਆਂ ਕਰ ਕੇ ਮਨਾਉਂਦੇ ਪਰ ਵਿਆਹ ਬਾਰੇ ਉਨ੍ਹਾਂ ਦਾ ਤਰਕ ਸੀ ਕਿ ਅਪਣੇ ਧਰਮ ਵਿੱਚ ਹੀ ਕਰਵਾਉਣਾ ਚਾਹੀਦਾ ਹੈ। ਜਦੋ ਉਹ ਲੈਬ ਆਏ ਹੋਏ ਏਹੋ ਜਿਹੀਆਂ ਗੱਲਾਂ ਕਰਨ ਲੱਗੇ, ਯੋਗੇਸ਼ ਵੀ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਣ ਲੱਗਾ। ਉਂਝ ਉਹ ਆਰਸੀ ਦੇ ਕੋਲ ਢੁੱਕ-ਢੁੱਕ ਕੇ ਬਹਿੰਦਾ ਤੇ ਜੱਜ ਸਾਹਿਬ ਤੋਂ ਪਾਸਾ ਵੱਟ ਲੈਦਾ ਸੀ । ਉਹ ਦਿਨ ਵਿਆਹ ਵਾਲੇ ਮਾਮਲੇ 'ਤੇ ਜੱਜ ਸਾਹਿਬ ਨਾਲ ਸਟੈਂਡ ਕਰ ਗਿਆ ਸੀ। ਵਿਆਹ ਮੇਰਾ ਵੀ ਸੈਕੰਡਰੀ ਏਜੰਡਾ ਸੀ।
ਉਹ ਡਿਊਟੀ ਤੋਂ ਸੁਰਖਰੂ ਹੋ ਕੇ ਮੇਰੇ ਕੋਲ ਆ ਜਾਂਦੀ। ਫਿਰ ਉਹਦੀ ਮਰਜ਼ੀ ਚੱਲਦੀ। ਉਨ੍ਹੇ ਕਿਧਰ ਨੂੰ ਲੈ ਕੇ ਜਾਣਾ ਏ। ਕਿਹੜੀ ਪਾਰਟੀ ਅਟੈਂਡ ਕਰਵਾਉਣੀ ਹੈ, ਕਿੱਥੇ ਲੰਚ ਕਰਨਾ ਏ ਤੇ ਕਿਥੇ ਡਿਨਰ। ਇਹ ਉਹਤੇ ਡਿਪੈਂਡ ਹੁੰਦਾ ਸੀ। ਮੈਂ ਆਪਣੇ ਜੀਵਨ ਵਿੱਚ ਪਹਿਲ ਹਮੇਸ਼ਾ ਖੋਜ ਕਾਰਜ ਨੂੰ ਦਿਤੀ ਤੇ ਆਰਸੀ ਨੇ ਸਿਰਫ਼ ਮੁਹੱਬਤ ਨੂੰ। ਉਹ ਮੈਨੂੰ ਦਿੱਲੀ ਦੀ ਹਰ ਪਿਕਨਿਕ ਸਪੋਟ ਤੇ ਲੈ ਕੇ ਗਈ। ਮੈਂ ਜ਼ਿੰਦਗੀ ਵਿੱਚ ਕਦੇ ਨੱਚਕੇ ਨਹੀਂ ਸੀ ਦੇਖਿਆ। ਪਾਰਟੀਆਂ ਵਿੱਚ ਭੰਗੜਾ ਪਾਉਣਾ ਵੀ ਉਹਨੇ ਹੀ ਸਿਖਾਇਆ। ਆਪ ਤਾਂ ਉਹ ਕਮਾਲ ਦਾ ਡਾਂਸ ਕਰਦੀ ਸੀ।
ਪਿਛਲੇ ਪੰਜ ਛੇ ਸਾਲ ਤੋਂ ਮੇਰੀ ਤੇ ਆਰਸੀ ਦੀ ਸਾਂਝ ਸੋਹਣੀ ਨਿਭਦੀ ਆ ਰਹੀ ਸੀ। ਜਦੋਂ ਆਰਸੀ ਤੇਤੀ ਸਾਲ ਦੀ ਹੋਈ ਸੀ। ਉਹਨੂੰ ਵੱਡੀ ਹੋ ਰਹੀ ਉਮਰ ਦਾ ਝੋਰਾ ਵੱਢ ਵੱਢ ਖਾਣ ਲੱਗਾ।
''ਮੇਰੀ ਉਮਰ ਢੱਲਣ ਲੱਗ ਪਈ, ਡਾਕਟਰ ਸਾਹਿਬ। ਮੇਰੇ ਨਾਲ ਦੀਆਂ ਸਭ ਵਿਆਹ ਹੋ ਗਈਆਂ। ਡੈਡ ਤੇਰੇ ਲਈ ਨਈਂ ਮੰਨਦੇ ਤੇ ਮੈਂ ਕਿਸੇ ਹੋਰ ਲਈ ਨਈਂ ਮੰਨਦੀ। ਮੇਰੀ ਬਿਊਟੀ ਖ਼ਤਮ ਹੋਣ ਕਿਨਾਰੇ ਆ। ਆਹ ਦੇਖੋ ਚਿਹਰਾ ਮੁਰਝਾਉਣ ਲੱਗ ਪਿਆ। ਆਹ ਠੋਡੀ ਹੇਠ ਰਿੰਕਲ ਪੈਣ ਲੱਗ ਪਏ ਨੇ। ਮੈਨੂੰ ਅਪਣੀ ਧੌਣ ਘੜੇ ਵਰਗੀ ਲੱਗਣ ਲੱਗ ਪਈ ਆ। ਉਹ ਮੇਰੇ ਮੋਢੇ ਤੇ ਸਿਰ ਰੱਖ ਕੇ ਡੁਸਕਣ ਲੱਗ ਪੈਂਦੀ।
ਉਹਨਾਂ ਦਿਨਾਂ ਵਿੱਚ ਵਧਦੀ ਉਮਰ ਬਾਰੇ ਉਹ ਫ਼ਿਰਕਮੰਦ ਬਹੁਤ ਸੀ। ਉਹਨੂੰ ਚਿਹਰੇ ਤੇ ਪੈਂਦੀਆਂ ਝੂਰੜੀਆਂ ਤੰਗ ਕਰਦੀਆਂ। ਸਲਿਮ ਟਰਿਮ ਕੁੜੀ ਔਰਤ ਜਿਹੀ ਲੱਗਣ ਲੱਗ ਪਈ ਸੀ। ਮੈਂ ਵੀ ਉਹਦਾ ਸਰੀਰ ਦੇਖ ਕੇ ਫ਼ਿਕਰਮੰਦ ਹੋਣ ਲੱਗਾ ਸੀ। ਫਿਰ ਉਹਨੇ ਆਪ ਲੋਂਜੀਵਿਟੀ ਵਾਲੀ ਗੱਲ ਛੇੜ ਲਈ।
''ਸੁਵੀਰ ਜੀ, ਤੁਸੀਂ ਮੈਨੂੰ ਕਿਹਾ ਸੀ, ਆਰਸੀ ਮਨੁੱਖਾਂ ਵਿੱਚੋਂ ਪਹਿਲੀ ਹੋਵੇਗੀ ਜਿਹੜੀ ਹਜ਼ਾਰ ਵਰ੍ਹੇ ਤਕ ਤਰੋ-ਤਾਜ਼ਾ ਤੇ ਜਵਾਨ ਰਹੇਗੀ। ਹਜ਼ਾਰ ਵਰ੍ਹੇ ਨੂੰ ਮਾਰੋ ਗੋਲੀ। ਕੀ ਤੁਸੀਂ ਮੈਂਨੂੰ ਵੀਹ ਸਾਲ ਹੋਰ ਟਹਿਕਦੀ ਰੱਖ ਸਕਦੇ ਹੋ?
ਮੈਂ ਵੀ ਨਈਂ ਸੀ ਚਾਹੁੰਦਾ ਕਿ ਇਹ ਫੁਲ ਮੁਰਝਾ ਜਾਏ। ਮੈਂ ਇਹਨੂੰ ਹਮੇਸ਼ਾ ਗੁਲਾਬ ਦੇ ਫੁੱਲ ਵਾਂਗ ਖਿੜੀ ਦੇਖਣਾ ਚਾਹੁੰਦਾ ਸੀ। ਫਿਰ ਮੈਂ ਉਹਨੂੰ ਲੈਬ ਸੱਦਣ ਲੱਗ ਪਿਆ। ਸਭ ਤੋਂ ਪਹਿਲਾਂ ਮੈਂ ਉਹਦੇ ਜੀਨਜ਼ ਦੇ ਸੈਂਪਲ ਸਟੋਰ ਕੀਤੇ। ਫੋਸਿਲ ਲੈਬ ਵਿੱਚ ਟੈਸਟਾਂ ਰਾਹੀਂ ਉਸ ਦੇ ਛੋਟੇ ਛੋਟੇ ਉਹ ਜੀਨਜ਼ ਲੱਭ ਲਏ, ਜਿਹੜੇ ਜਵਾਨੀ ਉਤੇ ਅਸਰ ਪਾਉਂਦੇ ਨੇ। ਪਿਛਲੇ ਛੇ ਮਹੀਨਿਆਂ ਵਿੱਚ ਮੈਂ ਇਹ ਵੱਡੀ ਪ੍ਰਾਪਤੀ ਕੀਤੀ ਸੀ। ਪਿਛਲੇ ਛੇ ਸਾਲਾਂ ਵਿੱਚ ਹੋਰ ਲੋਕਾਂ ਤੇ ਵੀ ਤਜ਼ਰਬੇ ਕੀਤੇ ਸਨ, ਪਰ ਸਫ਼ਲਤਾ ਨਹੀਂ ਸੀ ਮਿਲੀ।
ਮੈਂ ਆਰਸੀ ਦੇ ਜੀਨਜ਼ ਦਾ ਸੈਂਪਲ ਲੈ ਕੇ ਐਰੀਜੋਨਾਂ ਦੀ ਪ੍ਰਾਜੈਕਟ ਰਿਸਰਚ ਲੈਬਾਰਟਰੀ ਨੂੰ ਵੀ ਭੇਜ ਚੁੱਕਾ ਸਾਂ। ਦੁਨੀਆਂ ਦੇ ਸਾਰੇ ਸੈਂਪਲਾਂ ਦੀ ਪ੍ਰੋਸੈਸਿੰਗ ਐਰੀਜੋਨਾਂ ਵਿੱਚ ਹੀ ਹੁੰਦੀ ਹੈ। ਉਹ ਸੈਂਪਲ ਵੀ ਮੁਕੰਮਲ ਪਾਇਆ ਗਿਆ ਸੀ। ਦੂਜੀ ਪ੍ਰਾਪਤੀ ਇਹ ਹੋਈ ਸੀ ਉਥੇ ਹੀ ਜੈਨੇਟਿਕ ਡਾਟੇ ਦੀ ਪਰਖ ਵੀ ਕਰਵਾਈ ਸੀ। ਫ਼ਾਈਨਲ ਸਟੇਜ ਤੋਂ ਪਹਿਲਾਂ ਆਰਸੀ ਦੇ ਸਰੀਰ ਦੇ ਸੱਤ ਹਿੱਸਿਆਂ ਦੇ ਸੈਲਾਂ ਦੀ ਮੁਰੰਮਤ ਕਰਨੀ ਪੈਣੀ ਸੀ। ਜੀਨਜ਼ ਦੀ ਮੁਰੰਮਤ ਤਾਂ ਸੈਂਪਲ ਲੈਣ ਵੇਲੇ ਕਰ ਦਿੱਤੀ ਸੀ।
ਮੈਂ ਆਪਣੀ ਖੋਜ ਦੇ ਬਿਲਕੁਲ ਨੇੜੇ ਪੁੱਜ ਗਿਆ ਸੀ।
ਉਨ੍ਹਾਂ ਦਿਨਾਂ ਵਿੱਚ ਹੀ ਇਹ ਅਨਹੋਣੀ ਵਾਪਰ ਗਈ। ਸਵੇਰੇ ਉਠ ਕੇ ਪਤਾ ਲੱਗਾ ਕਿ ਰਾਤ ਹਾਰਟ ਅਟੈਕ ਨੇ ਮੇਰੀ ਆਰਸੀ ਦੀ ਜਾਨ ਲੈ ਲਈ। ਉਹ ਸਾਡੇ ਦੋਵੇਂ ਘਰ ਸੁੰਨੇ ਕਰ ਗਈ ਸੀ। ਜਿਸ ਵਿਗਿਆਨੀ ਨੇ ਆਪਣੀ ਮਹਿਬੂਬ ਨੂੰ ਗੁਲਾਬ ਦੇ ਫੁੱਲ ਵਰਗੀ ਰੱਖਣਾ ਸੀ। ਉਹ ਉਹਨੂੰ ਬਿਨ੍ਹਾ ਦੱਸੇ ਅਪਣੇ ਡੈਡ ਦੇ ਹੱਥਾਂ ਵਿੱਚ ਲੁੜਕ ਗਈ ਸੀ। ਕਦੇ ਮੈਂ ਅਪਣੀ 11-12 ਮਹੀਨੇ ਦੀ ਖੋਜ ਦੀ ਅਜਾਈਂ ਗਈ ਮਿਹਨਤ ਬਾਰੇ ਸੋਚਣ ਲੱਗਦਾ, ਕਦੇ ਅਪਣੀ ਆਰਸੀ ਦੇ ਵਿਛੋੜੇ ਬਾਰੇ।
ਮੈਨੂੰ ਪਤੈ ਕਿ ਮੈਂ ਆਰਸੀ ਨੂੰ ਸਪੁਰਦ-ਏ-ਖਾਕ ਹੁੰਦਿਆਂ ਕਿਵੇਂ ਜਰਿਆ। ਮੈਂ ਉਹਦੇ ਨਾਲ ਹੀ ਕਟੈੜਾ ਪੁੱਟਦੇ ਸਮੇਂ ਦਫ਼ਨ ਹੋ ਜਾਣਾ ਚਾਹੁੰਦਾ ਸੀ। ਇਹ ਤਾਂ ਮੈਨੂੰ ਡਾਕਟਰ ਰਾਧਿਕਾ ਵਾਪਸ ਲੈ ਆਈ। ਉਸ ਰਾਤ ਮੇਰੀਆਂ ਅੱਖਾਂ ਵਿੱਚ ਨੀਂਦ ਕਿਤੇ ਨਈਂ ਸੀ। ਸਵੇਰੇ ਨਾ ਨਹਾਉਣ ਨੂੰ ਚਿੱਤ ਕੀਤਾ ਤੇ ਨਾ ਹੀ ਖਾਣ ਪੀਣ ਨੂੰ। ਮੈਂ ਨੌਕਰ ਨੂੰ ਕਬਰਸਤਾਨ ਵਿੱਚ ਹੀ ਖਾਣੇ ਤੋਂ ਮਨ੍ਹਾ ਕਰ ਦਿੱਤਾ ਸੀ। ਉਹ ਉਥੋਂ ਹੀ ਅਪਣੇ ਕਿਸੇ ਦੋਸਤ ਕੋਲ ਚਲਾ ਗਿਆ ਸੀ। ਰਾਤ ਸਮੇਂ ਮੈਂ ਇਕੱਲਾ ਹੀ ਸੀ। ਕਦੇ ਕਦੇ ਫ਼ਿੰਗਰ ਪ੍ਰਿੰਟ ਸੈਂਸਰ ਵਾਲੇ ਕੰਪਿਊਟਰ ਤੇ ਉਹਦੀ ਤਸਵੀਰ ਆਉਣ ਦਾ ਭੁਲੇਖਾ ਪੈ ਜਾਂਦਾ। ਮੈਂ ਦਰਵਾਜ਼ਾ ਖੋਲ੍ਹਣ ਉਠਦਾ ਪਰ ਅੱਗੇ...। ਮੇਰਾ ਰੋਣ ਨਿਕਲ ਜਾਂਦਾ ਤੇ ਨਿਸੱਤੇ ਸਰੀਰ ਨੂੰ ਬੈਡ ਤੇ ਸੁੱਟ ਫਿਰ ਹਉਂਕੇ ਭਰਨ ਲਗਦਾ। ਸੈਲ ਫੋਨ ਵਿੱਚ ਦਿਲਚਸਪੀ ਨਾ ਰਹੀ। ਪਤਾ ਨਈਂ ਉਹਦੀ ਬੈਟਰੀ ਦੀ ਚਾਰਜਿੰਗ ਕਦੋਂ ਦੀ ਮੁੱਕ ਗਈ ਸੀ।
ਜਿਉਂ ਹੀ ਦਿਨ ਚੜ੍ਹਿਆ, ਮੈਂ ਲੈਬ ਵਿੱਚ ਉਹਦੀ ਸੂਰਤ ਦੇਖਣ ਲਈ ਆ ਵੜਿਆ। ਕੰਪਿਊਟਰ ਆਨ ਕੀਤਾ। ਸਭ ਤੋਂ ਪਹਿਲਾਂ ਵਾਲਪੇਪਰ ਵਿੱਚ ਪਈਆਂ ਤਸਵੀਰਾਂ ਤੇ ਕਲਿੱਕ ਕੀਤਾ। ਉਸੇ ਵੇਲੇ ਨਾਲ ਦੇ ਟੇਬਲ ਤੇ ਪਰੀਜ਼ਰਵ ਕੀਤੇ ਜੀਨਜ਼ ਅਤੇ ਸੈਂਪਲਜ਼ ਤੇ ਨਿਗਾਹ ਗਈ। ਮੈਨੂੰ ਉਹ ਝਾਉਲੇ ਝਾਉਲੇ ਦਿਸ ਰਹੇ ਸਨ, ਪਰ ਹੱਸਦੀ ਹੋਈ ਆਰਸੀ ਸਾਫ਼ ਦਿਖਾਈ ਦੇ ਰਹੀ ਸੀ। ਮੈਂ ਟੇਬਲ ਤੋਂ ਧਿਆਨ ਹਟਾ ਉਹਦੀ ਲੋਂਜੀਵਿਟੀ ਵਾਲੀਆਂ ਰਿਪੋਰਟਾਂ ਵਿੱਚ ਖੁਭ ਗਿਆ। ਈ-ਪੇਜ ਫਰੋਲਿਆ ਤਾਂ ਰਾਇਲ ਸੁਸਾਇਟੀ ਲੰਡਨ ਨੂੰ ਆਰਸੀ ਦੀ ਜੋ ਰਿਪੋਰਟ ਭੇਜੀ, ਪੜ੍ਹਨ ਲਈ ਕਮਾਂਡ ਦੇ ਦਿੱਤੀ। ਉਸੇ ਸਮੇਂ ਸੱਜੇ ਪਾਸੇ ਵਾਲਾ ਕੰਪਿਊਟਰ ਟੂੰ-ਟੂੰ ਕਰਨ ਲੱਗ ਪਿਆ ਸੀ। ਮੈਂ ਰਿਪੋਰਟ ਨੂੰ ਵਿਚਕਾਰ ਛੱਡ ਕੇ ਐਮਰਜੈਂਸੀ ਮੈਸਜ ਪੜ੍ਹਿਆ। ਉਸ ਤੋਂ ਬਾਅਦ ਮੈਤੋਂ ਕਿੰਨਾ ਚਿਰ ਕੁਰਸੀ ਚੋਂ ਉਠਿਆ ਨਹੀਂ ਸੀ ਗਿਆ। ਮੇਰੀ ਰੀੜ੍ਹ ਦੀ ਹੱਡੀ ਵਿੱਚ ਡਰ ਦੀ ਲਹਿਰ ਦੌੜ ਗਈ ਸੀ। ਕੁੱਝ ਝਟਕਿਆਂ ਤੋਂ ਬਾਅਦ ਮੈਂ ਸਧਾਰਨ ਹਾਲਤ ਵਿੱਚ ਪੁੱਜਾ।
''ਕਾਸ਼! ਐਸ.ਪੀ. ਮਿਸਟਰ ਸ਼ੁਕਲਾ ਦੀ ਮੈਸਜ ਵਾਲੀ ਖ਼ਬਰ ਝੂਠੀ ਹੋਵੇ।"
ਇਹ ਖ਼ਬਰ ਸੁੰਨ ਕਰਨ ਵਾਲੀ ਸੀ। ਜੋ ਆਰਸੀ ਨਾਲ ਹੋਈ, ਇਸ ਦੀ ਤਾਂ ਕੋਈ ਕਲਪਨਾ ਵੀ ਨਈਂ ਸੀ ਕਰ ਸਕਦਾ। ਕਹਿਰ ਦੀ ਗਰਮੀ ਵਿੱਚ ਵੀ ਮੇਰੇ ਦੰਦ ਵੱਜਣ ਲੱਗ ਪਏ ਸਨ। ਹੱਥ ਕੰਬ ਰਹੇ ਸਨ। ਮੈਨੂੰ ਕੁੱਝ ਸੁਝ ਨਈਂ ਸੀ ਰਿਹਾ ਕਿ ਮੈਂ ਕੀ ਕਰਾਂ? ਇਸੇ ਪ੍ਰੇਸ਼ਾਨੀ ਵਿੱਚ ਮੈਂ ਲੈਬ ਵਿੱਚੋਂ ਨਿਕਲਿਆ ਤੇ ਆਪਣੇ ਕਮਰੇ ਵਿੱਚ ਗੇੜੇ ਕੱਢਣ ਲੱਗ ਪਿਆ।
ਥੋੜ੍ਹੀ ਦੇਰ ਬਾਅਦ ਡਾਕਟਰ ਰਾਧਿਕਾ ਲੈਬ ਪੁੱਜੀ ਤਾਂ ਉਹਦੇ ਚਿਹਰੇ ਤੇ ਪ੍ਰੇਸ਼ਾਨੀ ਸਾਫ਼ ਝਲਕਦੀ ਸੀ। ਉਹਨੇ ਆਉਂਦਿਆਂ ਈ ਸਾਰੀ ਘਟਨਾ ਬਿਆਨ ਕਰ ਦਿੱਤੀ। ਇਸ ਪਿੱਛੋਂ ਕਮਰੇ ਵਿੱਚ ਕਾਫ਼ੀ ਸਮਾਂ ਚੁੱਪ ਪਸਰੀ ਰਹੀ। ਡਾਕਟਰ ਰਾਧਿਕਾ ਨੇ ਹੀ ਮੈਨੂੰ ਦਿਲਾਸਾ ਦਿੱਤਾ ਸੀ। ਉਹੀ ਮੈਨੂੰ ਕਾਰ ਵਿੱਚ ਬਿਠਾ ਕੇ ਕਬਰਸਤਾਨ ਵੱਲ ਲੈ ਤੁਰੀ ਸੀ।
ਲੈਬ ਵਿੱਚ ਜਿਸ ਮੈਸਜ ਤੇ ਮੈਂ ਯਕੀਨ ਨਈਂ ਸੀ ਕਰ ਰਿਹਾ। ਉਹ ਸੱਚ ਹੋਇਆ ਪਿਆ ਸੀ। ਕਬਰ ਦੀ ਮਿੱਟੀ ਪੁੱਟੀ ਹੋਈ ਸੀ। ਆਰਸੀ ਦੀ ਲਾਸ਼ ਸਪੈਣਾਂ ਦੇ ਕਬਜ਼ੇ ਵਿੱਚ ਸੀ। ਉਹ ਤਾਂ ਮੂੰਹ ਵੀ ਨਹੀਂ ਸੀ ਦੇਖਣ ਦੇ ਰਹੀਆਂ। ਅਫ਼ਸਰ ਤੇ ਜਸਟਿਸ ਸਾਹਿਬ ਦੇ ਰਿਸ਼ਤੇਦਾਰ ਗੁੱਸੇ ਵਿੱਚ ਘੁੰਮ ਰਹੇ ਸਨ। ਮੈਨੂੰ ਉਨ੍ਹਾਂ ਦੇ ਮਨਾਂ ਅੰਦਰ ਅੱਗ ਦੇ ਭਾਂਬੜ ਬਲਦੇ ਨਜ਼ਰ ਆਏ। ਤਣਾਅ ਐਨਾ ਸੀ ਕਿ ਇਸ ਸਮੇਂ ਕੁੱਝ ਵੀ ਵਾਪਰ ਸਕਦਾ ਸੀ। ਹਾਲਾਤ ਨਾਲ ਨਜਿੱਠਣ ਲਈ ਐਸ.ਪੀ. ਸਾਹਿਬ ਦੀ ਅਗਵਾਈ ਹੇਠ ਪੁਲੀਸ ਤਿਆਰ ਬਰ ਤਿਆਰ ਖੜੀ ਸੀ। ਲਾਸ਼ ਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਤੁਰੇ ਸਨ।
ਐਸ.ਪੀ. ਸਾਹਿਬ ਵਲੋਂ ਫੋਰੈਂਸਿਕ ਸੈਂਟਰ ਲਈ ਸੈਂਪਲ ਲੈਣ ਲਈ ਮੈਨੂੰ ਮੈਸਜ ਕੀਤਾ ਗਿਆ ਸੀ। ਡਾਕਟਰ ਰਾਧਿਕਾ ਨੇ ਅਪਰੇਟਸ ਬਾਕਸ, ਗਲੱਵਜ਼ ਅਤੇ ਪਰੀਜ਼ਰਵੇਟਿਵਜ਼ ਆਦਿ ਸਾਮਾਨ ਕਾਰ ਵਿੱਚ ਰੱਖ ਲਿਆ ਸੀ। ਮੈ ਤਾਂ ਇਸ ਗੱਲੋਂ ਸੁੰਨ ਸੀ ਕਿ ਇੱਕ ਲਾਸ਼ ਨਾਲ ਬਲਾਤਕਾਰ। ਉਹ ਕਮੀਨਾ ਭੱਜ ਕਿਵੇਂ ਗਿਆ। ਪੁਲੀਸ ਦਾ ਕਹਿਣਾ ਸੀ-ਇਕ ਗਰੀਬੜਾ ਸ਼ਰਾਬੀ ਅੱਧੀ ਰਾਤ ਤੋਂ ਬਾਅਦ ਕਬਰਸਤਾਨ ਸੌਣ ਲਈ ਪੁੱਜਾ ਸੀ। ਉਹ ਸ਼ਰਾਬੀ ਨੂੰ ਦੇਖ ਕੇ ਭੱਜ ਗਿਆ ਸੀ।
ਐਸ.ਪੀ. ਸਾਹਿਬ ਤਾਂ ਚਾਹੁੰਦੇ ਸੀ ਕਿ ਮੈਂ ਛੇਤੀ ਤੋਂ ਛੇਤੀ ਸੈਂਪਲ ਲੈ ਲਵਾਂ ਤਾਂ ਕਿ ਪੋਸਟ ਮਾਰਟਮ ਹੋ ਜਾਵੇ ਤੇ ਲਾਸ਼ ਨੂੰ ਦੁਬਾਰਾ ਸਪੁਰਦ-ਏ-ਖਾਕ ਕਰ ਦਿੱਤਾ ਜਾਵੇ। ਐਸ.ਪੀ. ਸਾਹਿਬ ਨੇ ਆਰਸੀ ਦੇ ਸਰੀਰ ਤੋਂ ਕੱਪੜਾ ਸਰਕਾਇਆ ਸੀ। ਹੈਂਅ! ਆਰਸੀ? ਉਹ ਤਾਂ ਪਛਾਣੀ ਵੀ ਨਹੀਂ ਸੀ ਗਈ। ਥਾਂ ਥਾਂ ਤੇ ਦੰਦੀਆਂ ਨਾਲ ਵੱਢ ਮਾਰੇ ਹੋਏ ਸਨ।
"ਰਾਖਸ਼ਸ਼...। ਮੇਰੇ ਕਲੇਜੇ ਰੁੱਗ ਭਰਿਆ ਗਿਆ ਸੀ। ਡਾਕਟਰ ਰਾਧਿਕਾ ਮੇਰੀ ਹਾਲਤ ਸਮਝ ਗਈ ਸੀ। ਉਸ ਨੇ ਸੈਂਪਲ ਲੈਣੇ ਸ਼ੁਰੂ ਕੀਤੇ। ਪਹਿਲਾਂ ਉਹਨੇ ਆਰਸੀ ਦੇ ਕੱਪੜਿਆਂ ਤੋਂ ਵਾਲਾਂ ਦਾ ਸੈਂਪਲ ਲਿਆ। ਫਿਰ ਜੰਮੇ ਹੋਏ ਖ਼ੂਨ ਦਾ। ਇਸ ਤੋਂ ਬਾਅਦ ਆਰਸੀ ਦੇ ਮੂੰਹ ਵਿੱਚੋਂ ਆਰਟਰੀ ਫੋਰਸੈਂਪ ਨਾਲ ਸਵੈਬ ਅਟੈਚ ਕਰ ਕੇ ਲਾਰ ਦਾ ਸੈਂਪਲ ਲਿਆ। ਜਦੋਂ ਉਹ ਰੂੰ ਦੇ ਫੰਬੇ ਨਾਲ ਵੇਜਾਈਨਲ ਸਵੈਬ ਦਾ ਸੈਂਪਲ ਲੈਣ ਲੱਗੀ। ਮੇਰੀਆਂ ਅੱਖਾਂ ਮੀਟੀਆਂ ਗਈਆਂ। ਡਾਕਟਰ ਰਾਧਿਕਾ ਮੈਨੂੰ ਹਸਪਤਾਲ ਤੋਂ ਕਬਰਸਤਾਨ ਲੈ ਕੇ ਗਈ। ਆਰਸੀ ਨੂੰ ਦਫ਼ਨਾਉਣ ਤੋਂ ਬਾਅਦ ਮੇਰੇ ਕਮਰੇ ਤਕ ਛੱਡਣ ਵੀ ਆਈ ਸੀ।
ਮੈਨੂੰ ਇਸ ਘਟਨਾ ਨੇ ਬੇਚੈਨ ਕਰ ਦਿੱਤਾ ਸੀ। ਫੋਰੈਂਸਿਕ ਸੈਂਟਰ ਵਾਲੇ ਡਿਊਟੀ ਕਰਨ ਲਈ ਦਬਾਅ ਪਾ ਰਹੇ ਸਨ। ਉਹ ਇਸ ਘਟਨਾ ਦੀ ਤੁਰੰਤ ਰਿਪੋਰਟ ਮੰਗ ਰਹੇ ਸਨ। ਮੇਰਾ ਕਿਸੇ ਕੰਮ ਵਿੱਚ ਦਿਲ ਨਹੀਂ ਸੀ ਲਗਦਾ। ਆਖ਼ਰ ਮੇਰੀਆਂ ਵੀ ਭਾਵਨਾਵਾਂ ਨੇ। ਵਿਗਿਆਨੀ ਦੇ ਸੀਨੇ 'ਚ ਵੀ ਦਿਲ ਹੁੰਦਾ। ਮੈਂ ਦੋਸ਼ੀ ਨੂੰ ਹਰ ਹੀਲੇ ਫੜਨ ਦੇ ਹੱਕ ਵਿੱਚ ਸੀ।
''ਸਰ, ਮੈਂ ਕੁੱਝ ਦਿਨ ਸੈਂਟਰ ਨਈਂ ਆ ਸਕਦਾ। ਮੈਨੂੰ ਮੈਡੀਕਲ ਲੀਵ ਤੇ ਸਮਝਿਆ ਜਾਵੇ। ਉਂਝ ਮੈਂ ਆਰਸੀ ਵਾਲੇ ਮਾਮਲੇ ਨੂੰ ਅਪਣੀ ਲੈਬ ਵਿੱਚ ਨਜਿੱਠ ਲਵਾਂਗਾ। ਨਤੀਜਾ ਆਉਣ ਤੇ ਰਿਪੋਰਟ ਤੁਰੰਤ ਤੁਹਾਡੇ ਆਫ਼ਿਸ ਪੇਸ਼ ਕਰ ਦਿਆਂਗਾ।" ਮੈਂ ਫੋਰੈਂਸਿਕ ਸੈਂਟਰ ਦੀ ਹਾਇਰ ਅਥਾਰਟੀ ਨੂੰ ਸਾਫ਼ ਕਹਿ ਦਿੱਤਾ ਸੀ।
ਸੈਂਟਰ ਵਾਲਿਆਂ ਨੇ ਐਨੀ ਕੁ ਮੇਰੀ ਮੰਨ ਲਈ ਸੀ। ਡਾਕਟਰ ਰਾਧਿਕਾ ਵੀ ਇਹ ਕੇਸ ਜਲਦੀ ਹੱਲ ਕਰਨਾ ਚਾਹੁੰਦੀ ਸੀ। ਸਭ ਤੋਂ ਪਹਿਲਾਂ ਉਸ ਨੇ ਹੀ ਲੈਬ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਵੇਜਾਈਨਲ ਸਵੈਬ ਦਾ ਕੰਮ ਅਰੰਭ ਕੀਤਾ ਸੀ। ਸੈਂਪਲ ਤਿਆਰ ਕਰ ਕੇ ਮੇਰੇ ਮੂਹਰੇ ਰੱਖ ਦਿੱਤਾ ਸੀ। ਮੈਂ ਕੈਮੀਕਲ ਨਾਲ ਆਰਸੀ ਦੇ ਡੀ.ਐਨ.ਏ. ਧੋ ਦਿੱਤੇ। ਪਿੱਛੇ ਰੂੰ ਦੇ ਫ਼ੰਬੇ ਉਤੇ ਸਿਰਫ਼ ਦੋਸ਼ੀ ਦੇ ਸਪਰਮ ਬਚੇ ਸਨ। ਹੋਰ ਕੈਮੀਕਲ ਵਰਤ ਕੇ ਸਪਰਮ ਨੂੰ ਨਿਖੇੜ ਲਿਆ ਸੀ ਅਤੇ ਉਸ ਦਾ ਡੀ.ਐਨ.ਏ. ਪ੍ਰਿੰਟ ਵੀ ਲੈ ਲਿਆ ਸੀ। ਡਾਕਟਰ ਰਾਧਿਕਾ ਨੇ ਮਾਈਕਰੋਸਕੋਪ ਦੇ ਆਈ. ਪੀਸ ਵੱਲ ਇਸ਼ਾਰਾ ਕਰ ਕੇ ਵਿਉ ਦੇਖਣ ਨੂੰ ਕਿਹਾ। ਫ਼ੋਕਸ ਕਰਨ ਤੇ ਲਗਭਗ ਡੈੱਡ ਸਪਰਮ ਨਜ਼ਰ ਆ ਰਹੇ ਸਨ।
ਜਿਸ ਦਿਨ ਦੀ ਇਹ ਘਟਨਾ ਵਾਪਰੀ, ਪੁਲੀਸ ਮਾਮਲੇ ਦੀ ਜਾਂਚ ਪੂਰੀ ਸਾਵਧਾਨੀ ਨਾਲ ਕਰ ਰਹੀ ਸੀ। ਐਡੇ ਵੱਡੇ ਬੰਦੇ ਦੀ ਬੇਟੀ ਨਾਲ ਕੁਕਰਮ ਹੋਇਆ ਹੋਵੇ, ਦੋਸ਼ੀ ਤਾਂ ਫੜ ਕੇ ਹੀ ਇਨ੍ਹਾਂ ਦਾ ਗੁਜ਼ਾਰਾ ਹੋਣੈ। ਪੁਲੀਸ ਅਧਿਕਾਰੀ ਦੂਏ ਤੀਏ ਦਿਨ ਜਸਟਿਸ ਸਾਹਿਬ ਦੇ ਘਰ ਆਉਂਦੇ। ਕੀਤੀ ਕਾਰਵਾਈ ਦੀ ਰਿਪੋਰਟ ਦਿੰਦੇ। ਦਰਅਸਲ ਉਨ੍ਹਾਂ ਕੋਲ ਬਲਾਤਕਾਰੀ ਦੀ ਸੂਹ ਨਹੀਂ ਸੀ ਨਿਕਲ ਰਹੀ। ਐਸ.ਪੀ. ਸਾਹਿਬ ਮੁਤਾਬਕ ਇਸ ਜਾਂਚ ਵਿੱਚ ਕੋਈ ਇਕ ਸੌ ਵੀਹ ਅਪਰਾਧੀਆਂ ਤੋਂ ਪੁਛਗਿਛ ਕੀਤੀ ਜਾ ਚੁੱਕੀ ਹੈ। ਪੁਲੀਸ ਨੇ ਤਾਂ ਅੰਤਮ ਰਸਮ ਵਿੱਚ ਹਿੱਸਾ ਲੈਣ ਵਾਲੇ ਵੀ ਨਈਂ ਬਖ਼ਸ਼ੇ। ਉਨ੍ਹਾਂ ਦੇ ਕਹਿਣ ਤੇ ਸਾਰੇ ਮਰਦਾਂ ਨੂੰ ਡੀ.ਐਨ.ਏ. ਟੈਸਟ ਵਿੱਚ ਸ਼ਾਮਿਲ ਕੀਤਾ ਗਿਆ। ਪੁਲੀਸ ਦੀ ਐਨੀ ਤਫ਼ਤੀਸ਼ ਦੇ ਬਾਵਜੂਦ ਉਨ੍ਹਾਂ ਦੇ ਹੱਥ ਪੱਲੇ ਕੁੱਝ ਨਾ ਪਿਆ।
ਇਸ ਪਿੱਛੋਂ ਸਭ ਦੀ ਆਸ ਫੋਰੈਂਸਿਕ ਸੈਂਟਰ ਤੇ ਬੱਝ ਗਈ। ਮੈਂ ਆਪ ਸਫਲਤਾ ਨਾ ਮਿਲਣ ਤੋਂ ਪ੍ਰੇਸ਼ਾਨ ਸੀ। ਅੱਜ ਤਕ ਮੇਰਾ ਕੋਈ ਵੀ ਟੈਸਟ ਫੇਲ੍ਹ ਨਹੀਂ ਸੀ ਹੋਇਆ। ਮੈਂ ਖੁਦ ਤਿੰਨ ਵਾਰ ਡੀ.ਐਨ.ਏ. ਜਾਂਚ ਕੀਤੀ। ਆਰਸੀ ਦੇ ਕੱਪੜਿਆਂ ਤੋਂ ਲਏ ਵਾਲਾਂ ਦੇ ਸੈਂਪਲ ਵੀ ਟੈਸਟ ਕੀਤੇ। ਉਹਦੇ ਸਰੀਰ ਤੇ ਲੱਗੇ ਖੂਨ ਦੇ ਡੀ.ਐਨ.ਏ. ਦਾ ਨਿਰੀਖਣ ਵੀ ਕੀਤਾ। ਵੇਜਾਈਨਲ ਸਵੈਬ ਟੈਸਟ ਵੀ ਕੀਤਾ। ਕਿਸੇ ਵੀ ਅਪਰਾਧੀ ਦੇ ਡੀ.ਐਨ.ਏ. ਦੇ ਬੈਂਡ ਆਰਸੀ ਦੇ ਸੈਂਪਲ ਦੇ ਡੀ.ਐਨ.ਏ. ਦੇ ਬੈਂਡਾਂ ਨਾਲ ਨਹੀਂ ਸੀ ਮਿਲੇ।
ਇਹ ਮੇਰੇ ਨਾਲ ਪਹਿਲੀ ਵਾਰ ਹੋ ਰਿਹਾ ਸੀ ਕਿ ਤਿੰਨ ਵਾਰ ਟੈਸਟ ਕਰਨ ਦੇ ਬਾਵਜੂਦ ਅਪਰਾਧੀ ਦੀ ਪਛਾਣ ਨਹੀਂ ਸੀ ਹੋ ਸਕੀ। ਮੇਰੇ ਕੋਲ ਸੱਠ ਕੁ ਸ਼ੱਕੀ ਬੰਦਿਆਂ ਦੇ ਡੀ.ਐਨ.ਏ. ਸਨ। ਉਨ੍ਹਾਂ ਦੀ ਸੱਭ ਦੀ ਪਰਖ ਕਰ ਕੇ ਦੇਖ ਲਈ ਸੀ। ਸ਼ਾਇਦ ਪੁਲੀਸ ਤਾਂ ਚੁੱਪ ਕਰ ਜਾਏ। ਮੈਂ ਹਾਰ ਮੰਨਣ ਵਾਲਾ ਨਹੀਂ ਸੀ। ਆਖਰ ਮੇਰੀ ਆਰਸੀ ਦਾ ਮਾਮਲਾ ਸੀ। ਮੇਰੀ ਖੋਜ ਦਾ...। ਜੇ ਇੱਦਾਂ ਹੀ ਹੁੰਦਾ ਰਿਹਾ ਤਾਂ ਆਦਮੀ ਦੀ ਉਮਰ ਹਜ਼ਾਰ ਵਰ੍ਹੇ ਕਰਨ ਦੀ ਖੋਜ ਦਾ ਕੀ ਬਣੇਗਾ?...ਹਾਂ, ਹਾਂ ਮੇਰੇ ਜੀਵਨ ਦਾ ਮਕਸਦ ਖੋਜ ਹੈ। ਫਿਰ ਮੈਂ ਥੁੱਕ ਨਾਲ ਬਣੇ ਪ੍ਰੋਫ਼ਾਈਲ ਦੀ ਜਾਂਚ ਕਰਨੀ ਸ਼ੁਰੂ ਕੀਤੀ।
''ਲਾਰ ਵਿੱਚ ਵੀ...ਸ...ਪ...ਰ...ਮ?" ਦੇਖ ਕੇ ਡਾਕਟਰ ਰਾਧਿਕਾ ਜਿਉਂ ਸੁੰਨ ਹੋ ਗਈ ਸੀ।
ਇਹ ਪ੍ਰੋਫ਼ਾਈਲ ਸਹਾਇਕ ਦੇ ਹੱਥ ਵਿੱਚ ਸੀ। ਮੈਂ ਉਸ ਸੈਂਪਲ ਨੂੰ ਇੰਜਾਇਮ ਦੇ ਘੋਲ ਵਿੱਚ ਮਾਈਨਸ ਸੱਤਰ ਡਿਗਰੀ ਸੈਲਸੀਅਸ ਤੇ ਫ਼ਰੀਜ ਕੀਤਾ। ਇਸ ਡੀ.ਐਨ.ਏ. ਦੇ ਹਜ਼ਾਰਾਂ ਹੀ ਛੋਟੇ ਛੋਟੇ ਟੁਕੜੇ ਹੋ ਗਏ ਸਨ। ਇਨ੍ਹਾਂ ਟੁਕੜਿਆਂ ਨੂੰ ਪਰਖ ਨਲੀ ਵਿੱਚ ਪਾ ਕੇ ਗਰਮ ਕਰ ਲਿਆ। ਇਸ ਨਾਲ ਸੈਲ ਟੁੱਟ ਗਏ ਤੇ ਡੀ.ਐਨ.ਏ. ਅਲੱਗ ਹੋ ਗਏ। ਥ੍ਰੋਮਾਈਡ ਉਤੇ ਪੱਟੀਆਂ ਉਭਰ ਆਈਆਂ। ਮੈਂ ਇਨ੍ਹਾਂ ਦਾ ਅਪਰਾਧੀਆਂ ਦੇ ਡੀ.ਐਨ.ਏ. ਨਾਲ ਮੇਲ ਕੀਤਾ।
"ਕਮੀਨਾ ਫੜਿਆ ਗਿਆ... ਮੈਂ ਡਾਕਟਰ ਰਾਧਿਕਾ ਨਾਲ ਖੁਸ਼ੀ ਸਾਂਝੀ ਕੀਤੀ। ਤੇਤੀ ਨੰਬਰ ਵਾਲਾ ਡੀ.ਐਨ.ਏ. ਦਾ ਸੈਂਪਲ ਆਰਸੀ ਦੇ ਥੁੱਕ ਨਾਲ ਮਿਲਿਆ ਸੀ। ਮੈਂ ਇਸ ਦੀ ਰਿਪੋਰਟ ਤਿਆਰ ਕਰ ਕੇ ਫੋਰੈਂਸਿਕ ਸੈਂਟਰ ਪੁੱਜਦੀ ਕੀਤੀ। ਉਥੋਂ ਕਾਰਵਾਈ ਕਰਵਾ ਕੇ ਪੁਲੀਸ ਡਿਪਾਰਟਮੈਂਟ ਕੋਲ ਪਹੁੰਚਾਈ। ਹੁਣ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਉਦਾਂ ਤਾਂ ਸੱਠ ਬੰਦਿਆਂ ਵਿੱਚੋਂ ਹੀ ਹੋਏਗਾ। ਮੈਂ ਐਸ.ਪੀ. ਸ਼ੁਕਲਾ ਨੂੰ ਦੁਬਾਰਾ ਆਪ ਹੀ ਫ਼ੋਨ ਲਾ ਲਿਆ। ਉਨ੍ਹਾਂ ਦੀ ਆਵਾਜ਼ ਵਿੱਚ ਸਖ਼ਤੀ ਹੈ।
''ਡਾਕਟਰ ਸੁਵੀਰ ਸਿੰਘ, ਵੇਟ ਕਰੋ। ਮੈਂ ਖੁਦ ਆ ਕੇ ਗੱਲ ਕਰਦਾਂ।"
ਮੈਂ ਐਸ.ਪੀ. ਸਾਹਿਬ ਦਾ ਫ਼ੋਨ ਸੁਣ ਕੇ ਡਰ ਗਿਆ। ਮੇਰਾ ਮਨ ਪੁੱਠੀਆਂ ਸੋਚਾਂ ਸੋਚਣ ਲੱਗ ਪਿਆ। ਕਦੇ ਤਾਂ ਮੈਨੂੰ ਲਗਦਾ ਕਿਤੇ ਮੈਂ ਹੀ ਨਾ ਅਰਧ ਨੀਂਦ ਵਿੱਚ ਚਲੇ ਗਿਆ ਹੋਵਾਂ। ਨਹੀਂ, ਐਨਾ ਕਮੀਨਾ ਮੈਂ ਨਹੀਂ ਹੋ ਸਕਦਾ। ਜਸਟਿਸ ਸਾਹਿਬ... ਉਹਨਾਂ ਬਾਰੇ ਤੇ ਸੋਚਿਆਂ ਵੀ ਨਹੀਂ ਜਾ ਸਕਦਾ । ਫਿਰ ਮੈਂ ਯੋਗੇਸ਼ ਬਾਰੇ ਸੋਚਣ ਲੱਗ ਪਿਆ। ਇੱਕ ਵਾਰ ਡਾਕਟਰ ਰਾਧਿਕਾ ਤੇ ਯੋਗੇਸ਼ ਵਿਚਕਾਰ ਮੁਸਲਮਾਨਾਂ ਬਾਰੇ ਬਹਿਸ ਹੋ ਰਹੀ ਸੀ।
''ਭਾਰਤੀ ਮੁਸਲਮਾਨ ਸਾਡੇ ਹਿੰਦੂਆਂ ਵਾਂਗ ਹੀ ਅੱਛੇ ਸ਼ਹਿਰੀ ਹਨ। ਇਸ ਦੇਸ਼ ਤੇ ਇਥੋਂ ਦੇ ਬਸ਼ਿੰਦਿਆਂ ਦਾ ਬਰਾਬਰ ਦਾ ਹੱਕ ਏ।" ਡਾਕਟਰ ਰਾਧਿਕਾ ਨੇ ਕਿਹਾ ਸੀ।
''ਇਹ ਪਾਕਿਸਤਾਨ ਦੇ ਹਮਾਇਤੀ ਨੇ ਤੇ ਦੇਸ਼ ਦੇ ਦੁਸ਼ਮਣ। ਇਨ੍ਹਾਂ ਨੂੰ ਤਾਂ 'ਮੌਤ' ਮਗਰੋਂ ਵੀ ਮਾਫ਼ ਨਈਂ ਕਰਨਾ ਚਾਹੀਦਾ।" ਯੋਗੇਸ਼ ਦੇ ਬੋਲਾਂ ਵਿੱਚ ਤਲਖ਼ੀ ਸੀ।
ਇਨ੍ਹਾਂ ਊਲ-ਜਲੂਲ ਸੋਚਾਂ 'ਚ ਗਲਤਾਨ ਮੈਂ ਕਿੰਨੀ ਦੇਰ ਤੋਂ ਕੁਰਸੀ ਤੇ ਨਿਢਾਲ ਪਿਆ ਹਾਂ । ਫ਼ਿੰਗਰ ਪ੍ਰਿੰਟ ਸੈਂਸਰ ਨੇ ਐਸ.ਪੀ. ਸ਼ੁਕਲਾ ਦੇ ਨਾਮ ਦੀ ਆਵਾਜ਼ ਦਿੱਤੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਪੁਲੀਸ ਅੰਦਰ ਆ ਵੜੀ।
''ਡਾਕਟਰ ਸੁਵੀਰ ਸਿੰਘ ਜੀ, ਮੁਬਾਰਕਬਾਦ! ਤੁਹਾਡੇ ਵਰਗੇ ਵਿਗਿਆਨੀਆਂ ਦੇ ਹੁੰਦਿਆਂ, ਦੋਸ਼ੀ ਬੱਚ ਨਈਂ ਸਕਦੇ। ...ਅਖੇ ਚੋਰ ਜਲੰਧਰ ਟੱਕਰਾਂ ਦਿੱਲੀ। ਐਸ.ਪੀ. ਸ਼ੁਕਲਾ ਦੀ ਰੋਹਬਦਾਰ ਆਵਾਜ਼ ਪੂਰੀ ਲੈਬ 'ਚ ਗੂੰਜੀ।
ਚਾਣਚੱਕ ਰਸੋਈ ਚੋਂ ਬਾਹਰ ਵੱਲ ਤੇਜ਼ ਕਦਮਾਂ ਦੀ ਆਵਾਜ਼ ਆਈ। ਪੁਲੀਸ ਦੇ ਜਵਾਨਾਂ ਨੇ ਫੁਰਤੀ ਨਾਲ ਭੱਜੇ ਜਾਂਦੇ ਯੋਗੇਸ਼ ਨੂੰ ਕਾਬੂ ਕਰ ਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ