Rakhel (Punjabi Story) : S. Saki

ਰਖੇਲ (ਕਹਾਣੀ) : ਐਸ ਸਾਕੀ

ਮਿਸਿਜ਼ ਮਹਿਰਾ ਨੇ ਆਪਣੇ ਪਤੀ ਦੀਆਂ ਫਰੇਮ ਕੀਤੀਆਂ ਫੋਟੋਆਂ, ਸ਼ਾਇਰੀ ਦੀਆਂ ਕਿਤਾਬਾਂ, ਕੱਪੜੇ ਅਤੇ ਦੂਜੀਆਂ ਚੀਜ਼ਾਂ ਨੂੰ ਵਿਹੜੇ ਵਿਚ ਸੁਟ ਮਿਟੀ ਦਾ ਤੇਲ ਪਾ ਕੇ ਅੱਗ ਲਾਈ ਹੀ ਸੀ ਕਿ ਪਲਾਂ ਵਿਚ ਉਥੇ ਰਹਿੰਦੇ ਪੰਜ ਕਿਰਾਏਦਾਰ ਆਪਣੇ ਆਪ ਕਮਰਿਆਂ ਦੇ ਬੂਹਿਆਂ ਵਿਚ ਆ ਖੜੋਤੇ। ਉਹ ਸਾਰੇ ਹੈਰਾਨ ਹੋਏ ਲੱਟ ਲੱਟ ਕਰਕੇ ਬਲਦੀ ਅੱਗ ਵਲ ਵੇਖਣ ਲਗੇ। ਅਜਿਹਾ ਹੁੰਦਾ ਵੀ ਕਿਉਂ ਨਾ? ਉਹ ਮਿਸਿਜ਼ ਮਹਿਰਾ, ਜਿਹੜੀ ਕਦੀ ਪਤੀ ਨੂੰ ਯਾਦ ਕਰਨਾ ਰੱਬ ਦਾ ਨਾਂ ਲੈਣ ਬਰਾਬਰ ਸਮਝਦੀ ਸੀ, ਆਪਣੇ ਉਸ ਪਤੀ ਨੂੰ ਗਾਲ੍ਹਾਂ ਕਢਦੀ-ਕਢਦੀ ਰੋਈ ਜਾ ਰਹੀ ਸੀ।
ਮਿਸਿਜ਼ ਮਹਿਰਾ ਦੇ ਘਰ ਵਿਚ ਮੈਨੂੰ ਛਡ ਬਾਕੀ ਦੇ ਪੰਜ ਕਿਰਾਏਦਾਰ ਬਹੁਤ ਪੁਰਾਣੇ ਸਨ। ਕੋਈ ਛੇ ਮਹੀਨੇ ਪਹਿਲਾਂ ਬਹੁਤ ਮੁਸ਼ਕਿਲ ਨਾਲ ਕਿਸੇ ਦੀ ਸਿਫਾਰਸ਼ ਲਾ ਮੈਨੂੰ ਇਹ ਕਮਰਾ ਮਿਲਿਆ ਸੀ। ਇਸ ਘਰ ਵਿਚ ਮੇਰੇ ਸ਼ਹਿਰ ਦੇ ਇਕ ਦੋਸਤ ਦੀ ਭੈਣ ਪਹਿਲਾਂ ਹੀ ਰਹਿੰਦੀ ਸੀ। ਉਸ ਨੇ ਮਿਸਿਜ਼ ਮਹਿਰਾ ਨੂੰ ਮੇਰੀ ਗਰੰਟੀ ਦੇ ਕੇ ਇਹ ਕਮਰਾ ਦਿਵਾਇਆ ਸੀ, ਨਹੀਂ ਤਾਂ ਦਿੱਲੀ ਜਿਹੇ ਸ਼ਹਿਰ ਵਿਚ ਅਜਿਹੀ ਥਾਂ ਮਿਲਣੀ ਬਹੁਤ ਮੁਸ਼ਕਿਲ ਸੀ। ਭਾਵੇਂ ਕਮਰਾ ਬਹੁਤ ਛੋਟਾ ਸੀ, ਮਸਾਂ ਦਸ ਬਾਈ ਦਸ ਦਾ, ਪਰ ਬਹੁਤ ਹੀ ਸਾਫ ਸੁਥਰਾ, ਜਿਸ ਦੇ ਦੋ ਬੂਹੇ ਸਨ, ਜਿਨ੍ਹਾਂ ਵਿਚੋਂ ਇਕ ਗਲੀ ਵਿਚ ਤੇ ਦੂਜਾ ਅੰਦਰ ਵਿਹੜੇ ਵਿਚ ਖੁਲ੍ਹਦਾ ਸੀ। ਵਿਹੜੇ ਵਾਲਾ ਬੂਹਾ ਬੰਦ ਹੀ ਰਹਿੰਦਾ ਸੀ। ਬੱਸ ਮੈਂ ਦਿਨ ਵਿਚ ਇਕ ਅੱਧੀ ਵਾਰੀ ਵਿਹੜੇ ਵਿਚ ਲਗੇ ਪੰਪ ਤੋਂ ਪਾਣੀ ਭਰਨ ਵੇਲੇ ਹੀ ਉਸ ਨੂੰ ਖੋਲ੍ਹਦਾ ਸੀ। ਇਕ ਅੱਧੀ ਵਾਰੀ ਮੈਂ ਇਸ ਕਰਕੇ ਕਿਹਾ ਕਿਉਂਕਿ ਮੈਨੂੰ ਏਨਾ ਪਾਣੀ ਲੋੜੀਂਦਾ ਹੀ ਨਹੀਂ ਸੀ। ਬਸ ਪਿੱਤਲ ਦੀ ਇਕ ਛੋਟੀ ਬਾਲਟੀ ਮੂੰਹਹਨੇਰੇ ਭਰੀ ਹੋਈ ਸਾਰਾ ਦਿਨ ਚਲ ਜਾਂਦੀ ਸੀ।
ਮੇਰੇ ਮਿਤਰ ਦੀ ਭੈਣ ਨੇ ਹੀ ਮਿਸਿਜ਼ ਮਹਿਰਾ ਨਾਲ ਮੇਰੇ ਲਈ ਕਮਰੇ ਦੀ ਗੱਲ ਕੀਤੀ ਸੀ। ਉਸ ਲਈ ਮੈਨੂੰ ਮਕਾਨ ਮਾਲਕਣ ਸਾਹਮਣੇ ਇੰਟਰਵਿਊ ਲਈ ਪੇਸ਼ ਹੋਣਾ ਪਿਆ ਸੀ। ਮਿਸਿਜ਼ ਮਹਿਰਾ ਇਕ ਲੰਮੀ-ਲੰਝੀ ਔਰਤ ਸੀ। ਉਸ ਦਾ ਕੱਦ ਸਾਧਾਰਨ ਔਰਤ ਨਾਲੋਂ ਕਿਤੇ ਜਿਆਦਾ ਸੀ। ਸਾਂਵਲਾ ਰੰਗ ਜਿਵੇਂ ਲਿਸ਼ਕਦਾ ਕਾਲਾ ਪੱਥਰ ਹੋਵੇ। ਸੁੱਕੇ ਹੱਥ ਅਤੇ ਉਨ੍ਹਾਂ ਦੇ ਅੱਗੇ ਉਸੇ ਤਰ੍ਹਾਂ ਦੀਆਂ ਪਤਲੀਆਂ-ਪਤਲੀਆਂ ਉਂਗਲਾਂ। ਹੋਰ ਈ ਤਰ੍ਹਾਂ ਦੀਆਂ ਨਾੜਾਂ ਨਾਲ ਭਰੀਆਂ ਬਾਹਾਂ। ਦੇਖਿਆਂ ਲਗਦਾ ਸੀ ਜਿਵੇਂ ਰੱਬ ਨੇ ਉਸ ਔਰਤ ਵਿਚ ਅੱਧਾ ਮਰਦ ਜੋੜ ਦਿਤਾ ਹੋਵੇ।
ਉਹ ਪੀਲੀ ਸਾੜੀ ਬੰਨੀ ਕੁਰਸੀ ਵਿਚ ਬੈਠੀ ਸੁਪਾਰੀਆਂ ਕੱਟ ਰਹੀ ਸੀ। ਮੂੰਹ ਵਿਚ ਪਾਨ ਦੀ ਗਲੋਰੀ ਸੀ। ਬੁਲ੍ਹ ਕੁਝ ਲਿਪਸਟਿਕ ਨਾਲ ਅਤੇ ਬਾਕੀ ਪਾਨ ਦੇ ਰੰਗ ਨਾਲ ਰੰਗੇ ਹੋਏ ਸਨ। ਮੱਥੇ ਉਤੇ ਵੱਡੀ ਸਾਰੀ ਬਿੰਦੀ ਸੀ ਅਤੇ ਮਾਂਗ ਸੰਧੂਰ ਨਾਲ ਭਰੀ ਹੋਈ ਸੀ। ਮੈਨੂੰ ਖੜਾ ਦੇਖ ਉਸ ਨੇ ਕੁਰਸੀ ਉਤੇ ਬੈਠਣ ਲਈ ਕਿਹਾ। ਉਹ ਮੇਰੇ ਵਲ ਬਿਨਾ ਦੇਖੇ ਸਵਾਲ ਪੁਛਦੀ ਜਾ ਰਹੀ ਸੀ। ਹਰ ਸਵਾਲ ਦਾ ਉਤਰ ਸੋਚ-ਸੋਚ ਕੇ ਦਿੰਦਾ ਹੋਇਆ ਮੈਂ ਵਾਰ-ਵਾਰ ਉਸ ਦੇ ਚਿਹਰੇ ਦੇ ਉਤਾਰ-ਚੜ੍ਹਾਅ ਨੂੰ ਨਿਹਾਰ ਰਿਹਾ ਸਾਂ। ਆਖਰੀ ਸਵਾਲ ਸੁਣ ਕੇ ਮੈਂ ਕੁਝ ਦੇਰ ਲਈ ਚੁਪ ਰਹਿਣ ਲਈ ਮਜਬੂਰ ਹੋ ਗਿਆ ਸਾਂ। ਉਸ ਨੇ ਸਵਾਲ ਹੀ ਅਜਿਹਾ ਪੁਛਿਆ ਸੀ ਕਿ ਮੇਰਾ ਕਿਸੇ ਕੁੜੀ ਨਾਲ ਚਕੱਰ-ਵੱਕਰ ਤਾਂ ਨਹੀਂ ਚਲ ਰਿਹਾ? ਇਸ ਸਵਾਲ ਦਾ ਜਵਾਬ ਮੇਰੇ ਕੋਲੋਂ ਛੇਤੀ ਦਿਤਾ ਨਾ ਜਾ ਸਕਿਆ।
ਮੈਨੂੰ ਚੁਪ ਤੇ ਝੇਂਪਿਆ ਦੇਖ ਉਹ ਆਪੇ ਬੋਲਣ ਲੱਗੀ, "ਕਿਸੇ ਕੁੜੀ ਨਾਲ ਪਿਆਰ ਕਰਨਾ ਕੋਈ ਪਾਪ ਥੋੜੇ ਹੀ ਹੁੰਦੈ, ਪਰ ਤਾਂ ਜੇ ਉਸ ਵਿਚ ਦੋਵੇਂ ਧਿਰਾਂ ਸਿੰਸੀਅਰ ਹੋਣ। ਇਹ ਨਹੀਂ ਕਿ ਅੱਜ ਇਸ ਥਾਂ ਤੇ ਕੱਲ੍ਹ ਦੂਜੀ ਥਾਂ ਭੁਖੇ ਡੰਗਰ ਵਾਂਗ ਖੁਰਲੀ ਵਿਚ ਮੂੰਹ ਮਾਰਦੇ ਫਿਰੋ! ਇਕ ਮੈਨੂੰ...।" ਇੰਨਾ ਕਹਿ ਕੇ ਉਸ ਗੱਲ ਅਧੂਰੀ ਛੱਡ ਦਿਤੀ ਸੀ। ਮੈਂ ਇਮਤਿਹਾਨ ਵਿਚ ਪਾਸ ਹੋ ਗਿਆ ਤੇ ਮੈਨੂੰ ਕਮਰਾ ਮਿਲ ਗਿਆ ਪਰ ਮੈਂ ਇਕ ਗੱਲ ਨਾ ਸਮਝ ਸਕਿਆ ਕਿ ਮੱਥੇ ਉਤੇ ਬਿੰਦੀ ਅਤੇ ਮਾਂਗ ਵਿਚ ਸੰਧੂਰ ਨਾਲ ਭਰੀ ਇਸ ਔਰਤ ਦਾ ਪਤੀ ਇੰਟਰਵਿਊ ਵੇਲੇ ਕਿਥੇ ਰਿਹਾ? ਪਰ ਮੇਰਾ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਗਿਆ, ਜਦੋਂ ਉਸ ਤੋਂ ਅਗਲੇ ਐਤਵਾਰ ਸਵੇਰ ਵੇਲੇ ਮੈਂ ਇਕ ਬਹੁਤ ਗੋਰੇ-ਚਿੱਟੇ ਮਰਦ ਨੂੰ ਉਸ ਔਰਤ ਦੇ ਕਮਰੇ ਅੰਦਰ ਵੜਦੇ ਦਖਿਆ।
ਮੇਰੇ ਦੋਸਤ ਦੀ ਭੈਣ ਨੇ ਹੀ ਸਾਰੀ ਗੱਲ ਖੋਲ੍ਹੀ। ਉਸ ਨੇ ਦਸਿਆ ਕਿ ਇਹ ਕਾਲ-ਕਲੋਟੀ ਔਰਤ ਉਸ ਦੀ ਦੂਜੀ ਵਿਆਹੁਤਾ ਹੈ। ਮੈਂ ਬਹੁਤ ਹੈਰਾਨ ਹੋਇਆ। ਇਸ ਵਿਚ ਹੈਰਾਨੀ ਵਾਲੀ ਗੱਲ ਤਾਂ ਆਪੇ ਹੀ ਹੋਈ। ਜਦੋਂ ਮੈਂ ਮਿਸਟਰ ਮਹਿਰਾ ਨੂੰ ਉਸ ਔਰਤ ਨੇੜੇ ਖੜ੍ਹੇ ਦੇਖਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਬੁਝੇ ਕੋਲੇ ਨੇੜੇ ਚੰਦਨ ਦੀ ਲਕੜੀ ਰਖ ਦਿਤੀ ਹੋਵੇ। ਮਿਸਟਰ ਮਹਿਰਾ ਦਾ ਗੋਰਾ ਚਿਟਾ ਰੰਗ ਉਸ ਔਰਤ ਨੇੜੇ ਹੋਰ ਗੋਰਾ ਲਗੇ। ਬਿਲਕੁਲ ਅੰਗਰੇਜ਼ਾਂ ਜਿਹੇ ਭੂਰੇ ਵਾਲ, ਬਿਲੀਆਂ ਅੱਖਾਂ ਤੇ ਭਰੇ-ਭਰੇ ਅੰਗ। ਇਹ ਸੋਚ ਮੈਂ ਹੈਰਾਨ ਸਾਂ ਕਿ ਮਿਸਟਰ ਮਹਿਰਾ ਨੂੰ ਇਸ ਅੱਧੇ ਮਰਦ ਜਿਹੀ ਔਰਤ ਵਿਚ ਅਜਿਹਾ ਕੀ ਲਭਿਆ ਕਿ ਉਹ ਇਸ ਨਾਲ ਜੁੜ ਗਿਆ। ਕੁਝ ਹੀ ਦਿਨਾਂ ਵਿਚ ਮਿਸਟਰ ਮਹਿਰਾ ਮੇਰੇ ਨਾਲ ਖੁਲ੍ਹ ਗਿਆ। ਐਤਵਾਰ ਵਾਲੇ ਦਿਨ ਉਹ ਮੈਨੂੰ ਜਰੂਰ ਮਿਲਦਾ। ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਮੈਨੂੰ ਵੀ ਸ਼ਾਇਰੀ ਦਾ ਬਹੁਤ ਸ਼ੌਕ ਹੈ, ਫੇਰ ਤਾਂ ਉਸ ਦੀ ਮੇਰੇ ਨਾਲ ਖੂਬ ਨਿਭਣ ਲੱਗੀ। ਉਸ ਨੂੰ ਦੇਖ ਮੇਰੇ ਮਨ ਵਿਚ ਇਕ ਗੱਲ ਜ਼ਰੂਰ ਆਉਂਦੀ ਕਿ ਇਸ ਕੋਲ ਕਿੰਨੀ ਦੌਲਤ ਹੈ, ਪਤਨੀ ਹੈ, ਬੱਚੇ ਹਨ, ਵਸਿਆ ਵਸਾਇਆ ਘਰ ਹੈ, ਫੇਰ ਇਹ ਇਸ ਔਰਤ ਦੇ ਚਕਰ ਵਿਚ ਕਿਵੇਂ ਪੈ ਗਿਆ? ਪਰ ਇਸ ਗੱਲ ਨੂੰ ਇਕ ਦਿਨ ਮਹਿਰਾ ਨੇ ਆਪੇ ਹੀ ਖੋਲ੍ਹਿਆ। ਉਸ ਦਿਨ ਉਹ ਬਹੁਤ ਮੂਡ ਵਿਚ ਸੀ। ਕਹਿਣ ਲੱਗਾ, "ਮੈਂ ਆਪਣੇ ਮਾਂ-ਪਿਉ ਦੀ ਇਕੱਲੀ ਉਲਾਦ ਸਾਂ। ਪਿਉ ਇਕ ਵਡਾ ਵਕੀਲ ਸੀ। ਉਸ ਨੇ ਜੀਵਨ ਵਿਚ ਬਹੁਤ ਪੈਸਾ ਖਟਿਆ ਸੀ ਅਤੇ ਕੁਝ ਹੀ ਵਰ੍ਹਿਆਂ ਵਿਚ ਇਕ ਤਕੜੀ ਜਾਇਦਾਦ ਖੜੀ ਕਰ ਲਈ ਸੀ। ਉਸ ਮੈਨੂੰ ਉਚੀ ਵਿਦਿਆ ਦਿਵਾਈ, ਚੰਗੇ ਤੋਂ ਚੰਗੇ ਸਕੂਲ ਤੇ ਕਾਲਜ ਭੇਜਿਆ। ਮੇਰੇ ਚਾਚੇ ਦੇ ਵੀ ਕੋਈ ਔਲਾਦ ਨਹੀਂ ਸੀ। ਇਸ ਲਈ ਉਸ ਦੀ ਸਾਰੀ ਜਾਇਦਾਦ ਦਾ ਵਾਰਿਸ ਵੀ ਮੈਂ ਹੀ ਸਾਂ। ਪਿਉ ਦੇ ਹੁੰਦਿਆਂ ਮੈਨੂੰ ਘਰ ਵਿਚ ਪੂਰੀ ਆਜਾਦੀ ਮਿਲੀ ਹੋਈ ਸੀ। ਇੰਨਾ ਪੜ੍ਹ-ਲਿਖ ਕੇ ਮੈਨੂੰ ਆਪਣੀ ਮਰਜੀ ਮੁਤਾਬਕ ਕੰਮ ਕਰਨ ਦੀ ਖੁਲ੍ਹ ਸੀ। ਪਤਾ ਨਹੀਂ ਫੇਰ ਕਿਵੇਂ ਮੈਨੂੰ ਸ਼ਿਅਰ ਕਹਿਣ ਦਾ ਸ਼ੌਕ ਜਾਗ ਪਿਆ। ਭਾਵੇਂ ਸ਼ੁਰੂ ਵਿਚ ਮੈਂ ਚੰਗੇ ਸ਼ਿਅਰ ਨਹੀਂ ਸਾਂ ਕਹਿੰਦਾ ਪਰ ਫੇਰ ਹੌਲੇ-ਹੌਲੇ ਮਹਿਫਿਲਾਂ ਅਤੇ ਮੁਸ਼ਾਇਰਿਆਂ ਵਿਚ ਮੇਰਾ ਵੀ ਨਾਂ ਲਿਆ ਜਾਣ ਲੱਗਾ।"
ਇੰਨੀ ਗੱਲ ਕਰਕੇ ਮਿਸਟਰ ਮਹਿਰਾ ਕਿਸੇ ਸੋਚ ਵਿਚ ਡੁਬ ਗਿਆ, ਪਰ ਛੇਤੀ ਹੀ ਉਸ ਵਿਚੋਂ ਬਾਹਰ ਨਿਕਲ ਅਧੂਰੀ ਕਹਾਣੀ ਕਹਿਣ ਲੱਗਾ, "ਮੈਂ ਵਕਾਲਤ ਪਾਸ ਕਰ ਲਈ। ਸ਼ੁਰੂ-ਸ਼ੁਰੂ ਵਿਚ ਮੈਂ ਕੋਈ ਕੰਮ ਨਹੀਂ ਸਾਂ ਕਰਦਾ। ਵਿਹਲਾ ਰਹਿਰਹਿ ਕੇ ਜਦੋਂ ਮਨ ਭਰ ਗਿਆ ਤਾਂ ਮੈਂ ਪਿਓ ਨਾਲ ਕੰਮ ਵਿਚ ਹੱਥ ਵਟਾਉਣ ਲੱਗਾ। ਕੰਮ ਵਿਚੋਂ ਜਿੰਨਾ ਵਕਤ ਮਿਲਦਾ, ਉਹ ਸ਼ਿਅਰ ਕਹਿਣ ਜਾਂ ਮਿੱਤਰਾਂ ਦੀਆਂ ਮਹਿਫਿਲਾਂ ਵਿਚ ਬੀਤਦਾ। ਅੱਧੀ-ਅੱਧੀ ਰਾਤ ਗਏ ਤੀਕ ਮਿੱਤਰ ਮੰਡਲੀ ਜੁੜੀ ਰਹਿੰਦੀ। ਘਰ ਵਿਚ ਮੇਰਾ ਵਖ ਕਮਰਾ ਸੀ, ਜਿਸ ਵਿਚ ਬਹਿ ਸ਼ਰਾਬ ਦਾ ਦੌਰ ਚਲਦਾ। ਹਰ ਇਕ ਘੁੱਟ ਨਾਲ ਨਵੇਂ ਸ਼ਿਅਰ ਕਹੇ ਤੇ ਸੁਣੇ ਜਾਂਦੇ, ਵਾਹ-ਵਾਹ ਲੁਟੀ ਜਾਂਦੀ। ਫੇਰ ਹੌਲੇ-ਹੌਲੇ ਮੈਂ ਇੰਨਾ ਉਘਾ ਹੋ ਗਿਆ ਕਿ ਮੇਰੀ ਗੈਰਹਾਜਰੀ ਵਿਚ ਹਰ ਇਕ ਮੁਸ਼ਾਇਰਾ ਅਧੂਰਾ ਸਮਝਿਆ ਜਾਣ ਲੱਗਾ।
ਪਿਓ ਨੂੰ ਮੇਰੇ ਵਿਆਹ ਦੀ ਫਿਕਰ ਹੋਈ। ਮੇਰੇ ਲਈ ਇਕ ਮੇਮ ਜਿਹੀ ਕੁੜੀ ਲੱਭੀ ਗਈ। ਉਹ ਸਾਡੇ ਨਾਲੋਂ ਬਹੁਤ ਵਡੇ ਘਰ ਦੀ ਧੀ ਸੀ ਪਰ ਮੇਰੀ ਕਿਸਮਤ, ਕੁੜੀ ਅਨਪੜ੍ਹ ਸੀ ਤੇ ਦੂਜੇ, ਅਜਿਹੀ ਨਹੀਂ ਸੀ ਜਿਹੀ ਮੈਂ ਚਾਹੁੰਦਾ ਸਾਂ। ਮਾਂਪਿਓ ਦੀ ਉਹ ਇਕੱਲੀ ਔਲਾਦ ਸੀ। ਉਸ ਦੇ ਪਿਓ ਨੇ ਖੂਬ ਧੂਮ-ਧੜੱਕੇ ਨਾਲ ਵਿਆਹ ਕੀਤਾ, ਇੰਨਾ ਕੁਝ ਦਿੱਤਾ ਕਿ ਘਰ ਅੰਦਰ ਰਖਣ ਨੂੰ ਥਾਂ ਨਾ ਲੱਭੇ। ਪਰ ਮੇਰੇ ਪਿਓ ਦੇ ਨਸੀਬ ਵਿਚ ਸਾਡਾ ਵਸਦਾ ਘਰ ਵੇਖਣਾ ਨਹੀਂ ਸੀ ਲਿਖਿਆ। ਸਾਡੇ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਉਹ ਟੁਰਦਾ ਬਣਿਆ। ਮੈਂ ਇਕੱਲਾ ਹੀ ਰਹਿ ਗਿਆ। ਮੇਰੀ ਕੋਈ ਵੀ ਆਦਤ ਨਾ ਬਦਲੀ। ਵਕਤ ਲੰਘਦਾ ਗਿਆ। ਦੋ ਵਰ੍ਹਿਆਂ ਵਿਚ ਮੈਂ ਦੋ ਬਚਿਆਂ ਦਾ ਬਾਪ ਬਣ ਗਿਆ।"
"ਪਰ ਮਹਿਰਾ ਸਾਹਿਬ ਫੇਰ ਤੁਸੀਂ ਇਹ ਦੂਜਾ ਵਿਆਹ ਕਿਉਂ ਕੀਤਾ?" ਅਚਾਨਕ ਮੈਂ ਉਸ ਕੋਲੋਂ ਕਹਾਣੀ ਸੁਣਦਾ ਵਿਚਕਾਰੋਂ ਬੋਲ ਪਿਆ।
"ਹਾਂ! ਹਾਂ! ਬਈ ਇਹ ਵੀ ਦਸਦਾ ਹਾਂ।"
ਇੰਨਾ ਕਹਿ ਕੇ ਮਿਸਟਰ ਮਹਿਰਾ ਨੇ ਇੰਜ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਗੁਆਚੇ ਅਤੇ ਬੀਤੇ ਦਿਨਾਂ ਨੂੰ ਮੁੜ ਲੱਭ ਰਿਹਾ ਹੋਵੇ। "ਮੈਂ ਜੀਵਨ ਵਿਚ ਪਿਓ ਦੇ ਹੁੰਦਿਆਂ ਅਤੇ ਉਸ ਤੋਂ ਬਾਅਦ ਵੀ ਬਹੁਤ ਸੁਖ ਭੋਗੇ ਸਨ। ਮੇਰੇ ਕੋਲ ਪੈਸਾ ਸੀ, ਇੱਜਤ ਸੀ, ਚੰਗਾ ਕੰਮ ਸੀ। ਕਹੇ ਲਗਣ ਵਾਲੀ ਇਕ ਪਤਨੀ ਸੀ, ਬੱਚੇ ਸਨ। ਪਰ ਜੀਵਨ ਵਿਚ ਇਹ ਸਭ ਕੁਝ ਮਿਲ ਜਾਣ ਨਾਲ ਜੀਵਨ ਦੀਆਂ ਮਾਨਸਿਕ ਇਛਾਵਾਂ ਦੀ ਪੂਰਤੀ ਨਹੀਂ ਹੁੰਦੀ ਸੀ। ਫੇਰ ਉਹ ਵੀ ਮੇਰੇ ਜਿਹੇ ਬੰਦੇ ਦੀ ਜਿਹੜਾ ਸਾਹਿਤਕ ਰੁਚੀ ਵਾਲਾ ਹੋਵੇ। ਮੇਰੀ ਪਤਨੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਰ ਸਰੀਰਕ। ਉਸ ਦੀ ਕੋਈ ਵੀ ਆਦਤ ਮੇਰੇ ਨਾਲ ਮੇਲ ਨਹੀਂ ਖਾਂਦੀ ਸੀ। ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਕਿਸੇ ਚੀਜ਼ ਦੀ ਥੁੜ ਹੈ ਸਾਡੇ ਦੋਹਾਂ ਵਿਚਕਾਰ। ਜਿਵੇਂ ਸਾਡੇ ਤਾਂ ਰਾਹ ਹੀ ਵਖਰੇ ਸਨ ਜਿਸ ਉਤੇ ਅਸੀਂ ਗ੍ਰਹਿਸਥੀ ਦੀ ਗੱਡੀ ਨੂੰ ਜ਼ਬਰਦਸਤੀ ਧੂਹੀ ਲਈ ਜਾ ਰਹੇ ਸਾਂ। ਇਹ ਗੱਲ ਸੀ ਵੀ ਸੱਚ। ਜਦੋਂ ਕਦੇ ਮੈਂ ਕੁਝ ਲਿਖਣ ਬਹਿੰਦਾ ਤਾਂ ਉਹ ਮੈਨੂੰ ਟੋਕ ਕੇ ਕਹਿੰਦੀ, "ਕੀ ਮਿਲੇਗਾ ਤੁਹਾਨੂੰ ਇਨ੍ਹਾਂ ਕਾਲੇ ਕੀਤੇ ਕਾਗਜ਼ਾਂ ਤੋਂ?"
ਇਹ ਸੁਣ ਕੇ ਮੈਂ ਆਪਣੇ ਆਪ ਵਿਚ ਘੁਟ ਕੇ ਰਹਿ ਜਾਂਦਾ। ਮੇਰਾ ਮਨ ਕਰਦਾ ਉਸ ਨੂੰ ਕੋਈ ਚੰਗਾ ਜਿਹਾ ਸ਼ਿਅਰ ਸੁਣਾਵਾਂ ਅਤੇ ਉਹ ਦਾਦ ਵਿਚ ਵਾਹ-ਵਾਹ ਕਹਿ ਉਠੇ। ਪਰ ਅਜਿਹਾ ਕਦੇ ਵੀ ਨਾ ਹੋਇਆ। ਜਦੋਂ ਕਦੇ ਮੈਂ ਇੰਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਵੇਲੇ ਨਵੀਆਂ ਸਾੜੀਆਂ ਅਤੇ ਗਹਿਣਿਆਂ ਦੀ ਗੱਲ ਲੈ ਬਹਿੰਦੀ। ਇਹ ਦੇਖ ਮੇਰਾ ਤਾਂ ਮਨ ਹੀ ਬੁਝ ਜਾਂਦਾ। ਸੋਚਦਾ, ਕੀ ਘਰ, ਪਤਨੀ, ਬੱਚੇ ਅਤੇ ਬਹੁਤ ਸਾਰੇ ਧਨ ਨਾਲ ਹੀ ਜੀਵਨ ਦੀਆਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਹੈ? ਕੀ ਮਨੁਖ ਇਹੋ ਕੁਝ ਕਰਨ ਲਈ ਜਨਮ ਲੈਂਦਾ ਹੈ?
"ਫੇਰ ਜਿਵੇਂ ਮੈਂ ਆਪਣੇ ਘਰ ਵਿਚ ਰਹਿੰਦਾ ਹੋਇਆ ਵੀ ਘਰੋਂ ਦੂਰ ਹੁੰਦਾ ਗਿਆ। ਇਸ ਵਿਚ ਮੈਂ ਆਪਣੀ ਪਤਨੀ ਦਾ ਕੋਈ ਕਸੂਰ ਨਹੀਂ ਸਾਂ ਕਢਦਾ। ਉਹ ਤਾਂ ਮੈਨੂੰ ਉਹੀ ਕੁਝ ਦੇ ਸਕਦੀ ਸੀ ਜੋ ਉਸ ਦੇ ਕੋਲ ਸੀ। ਵੱਡੇ ਘਰ ਦੀ ਅਨਪੜ੍ਹ ਧੀ ਸੀ ਉਹ। ਸਿਵਾਏ ਨਵੀਆਂ ਸਾੜੀਆਂ ਅਤੇ ਗਹਿਣਿਆਂ ਦੇ ਉਹ ਹੋਰ ਗੱਲ ਵੀ ਕੀ ਕਰ ਸਕਦੀ ਸੀ?
"ਜਦੋਂ ਸਾਡੇ ਘਰ ਤੀਜਾ ਬੱਚਾ ਆਉਣਾ ਸੀ ਤਾਂ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਘਰ ਵਿਚ ਕੰਮ ਕਰਨ ਵਾਲਾ ਇਕ ਨੌਕਰ ਸੀ ਪਰ ਪਤਨੀ ਨੂੰ ਮਰਦ ਨੌਕਰ ਦੀ ਥਾਂ ਨੌਕਰਾਣੀ ਚਾਹੀਦੀ ਸੀ। ਕੋਰਟ ਵਿਚ ਮੇਰੇ ਨਾਲ ਵਕਾਲਤ ਕਰਦੇ ਇਕ ਮਿੱਤਰ ਨਾਲ ਮੈਂ ਗੱਲ ਕੀਤੀ। ਕੁਝ ਦਿਨਾਂ ਬਾਅਦ ਹੀ ਉਸ ਨੇ ਵੀਹ ਸਾਲਾਂ ਦੀ ਇਕ ਮੁਸਲਮਾਨ ਔਰਤ ਸਾਡੇ ਘਰ ਭੇਜ ਦਿੱਤੀ, ਜਿਸ ਨੂੰ ਪਤੀ ਨੇ ਤਲਾਕ ਦਿਤਾ ਹੋਇਆ ਸੀ। ਘਰ ਵਿਚ ਮੇਰਾ ਇਕ ਅਲੱਗ ਕਮਰਾ ਸੀ। ਉਸ ਵਿਚ ਬਹਿ ਮੈਂ ਸ਼ਿਅਰ ਕਹਿੰਦਾ ਜਾਂ ਕਿਸੇ ਮੁਸ਼ਾਇਰੇ ਦੀ ਪ੍ਰੈਕਟਿਸ ਕਰਿਆ ਕਰਦਾ ਸਾਂ। ਮੇਰੇ ਕਮਰੇ ਦੇ ਨਾਲ ਕਰਕੇ ਸਾਡਾ ਡਰਾਇੰਗ ਰੂਮ ਸੀ। ਇਕ ਦਿਨ ਮੈਂ ਨਵੇਂ ਲਿਖੇ ਸ਼ਿਅਰ ਉਚੀ ਆਵਾਜ਼ ਵਿਚ ਪੜ੍ਹ ਕੇ ਇਕ ਮੁਸ਼ਾਇਰੇ ਦੀ ਤਿਆਰੀ ਕਰਨ ਲੱਗਾ ਸਾਂ। ਅਜੇ ਮੈਂ ਗਜ਼ਲ ਦਾ ਪਹਿਲਾ ਸ਼ਿਅਰ ਹੀ ਪੜ੍ਹਿਆ ਸੀ ਕਿ ਮੈਨੂੰ ਨਾਲ ਦੇ ਕਮਰੇ ਵਿਚੋਂ ਕਿਸੇ ਇਸਤਰੀ ਦੀ ਉਸ ਸ਼ਿਅਰ ਲਈ ਦਾਦ ਦਿੰਦੀ ਹੋਈ ਵਾਹ-ਵਾਹ ਦੀ ਆਵਾਜ਼ ਸੁਣੀ। ਮੈਂ ਆਪਣੇ-ਆਪ ਨੂੰ ਰੋਕ ਨਾ ਸਕਿਆ। ਡਰਾਇੰਗ ਰੂਮ ਵਿਚ ਜਾ ਕੇ ਦੇਖਿਆ ਤਾਂ ਇਕ ਔਰਤ ਮੇਰੇ ਵਲ ਪਿਠ ਕਰੀ ਬੈਠੀ ਕਾਲੀਨ ਸਾਫ ਕਰ ਰਹੀ ਸੀ। ਮੈਂ ਕੁਝ ਚਿਰ ਉਥੇ ਖੜ੍ਹਾ ਰਹਿ ਆਪਣੇ ਕਮਰੇ ਵਿਚ ਮੁੜ ਆਇਆ। ਉਸ ਦੀ ਪਿਠ ਵਲ ਦੇਖਦਿਆਂ ਹੀ ਪਤਾ ਲੱਗ ਗਿਆ ਸੀ ਕਿ ਘਰ ਅੰਦਰ ਮੇਰੇ ਸ਼ਿਅਰ ਦੀ ਦਾਦ ਦੇਣ ਵਾਲੀ ਕੋਈ ਹੋਰ ਨਹੀਂ ਬਲਕਿ ਉਹੀ ਮੁਸਲਮਾਨ ਨੌਕਰਾਣੀ ਸੀ, ਜਿਹੜੀ ਮੇਰੇ ਮਿੱਤਰ ਨੇ ਘੱਲੀ ਸੀ। ਬਸ ਫੇਰ ਕੀ ਸੀ, ਉਹ ਨੌਕਰਾਣੀ ਮੈਨੂੰ ਇੰਨੀ ਚੰਗੀ ਲੱਗੀ ਕਿ ਮੇਰੇ ਦਿਲ ਦੀ ਹੀ ਮਾਲਕਣ ਬਣ ਬੈਠੀ। ਉਹ ਰਾਤੀਂ ਵੀ ਸਾਡੇ ਘਰ ਸੌਂਦੀ ਸੀ। ਛੇਤੀ ਹੀ ਉਸ ਨਾਲ ਮੇਰਾ ਸਰੀਰਕ ਸਬੰਧ ਜੁੜ ਗਿਆ ਜਿਹੜਾ ਪਤਨੀ ਕੋਲੋਂ ਛਿਪਿਆ ਨਾ ਰਹਿ ਸਕਿਆ।
ਫੇਰ ਇਕ ਦਿਨ ਮੈਂ ਪਤਨੀ ਨੂੰ ਦਸਿਆ ਕਿ ਮੈਂ ਉਸ ਔਰਤ ਨਾਲ ਵਿਆਹ ਕਰਵਾਉਣਾ ਹੈ। ਇਕ ਵਾਰੀ ਤਾਂ ਮੇਰੀ ਕਹੀ ਗੱਲ ਸੁਣ ਕੇ ਉਹ ਚੁਪ ਕਰ ਗਈ ਪਰ ਫੇਰ ਉਸ ਨੇ ਅਜਿਹਾ ਕਰਨ ਦੀ ਇਜਾਜਤ ਦੇ ਦਿਤੀ। ਮੈਨੂੰ ਇਹ ਹੁਣ ਤੀਕ ਵੀ ਸਮਝ ਨਹੀਂ ਆਈ ਕਿ ਹਿੰਦੁਸਤਾਨੀ ਪਤਨੀ ਹੁੰਦਿਆਂ ਵੀ ਉਸ ਨੇ ਮੈਨੂੰ ਅਜਿਹਾ ਕਿਉਂ ਕਰਨ ਦਿਤਾ? ਪਰ ਇਸ ਨਾਲ ਉਸ ਕੁਝ ਸ਼ਰਤਾਂ ਜੋੜ ਦਿਤੀਆਂ, ਜਿਵੇਂ ਹਫਤੇ ਵਿਚ ਮੈਂ ਇਕ ਦਿਨ ਤੇ ਇਕ ਰਾਤ ਹੀ ਉਸ ਔਰਤ ਕੋਲ ਰਹਿ ਸਕਾਂਗਾ। ਉਹ ਇਸ ਘਰ ਵਿਚ ਨਹੀਂ ਆਵੇਗੀ ਸਗੋਂ ਅਲੱਗ ਕਿਸੇ ਦੂਜੇ ਘਰ ਵਿਚ ਰਹੇਗੀ, ਉਹ ਕਿਸੇ ਬੱਚੇ ਦੀ ਮਾਂ ਨਹੀਂ ਬਣੇਗੀ। ਜਦੋਂ ਮੈਂ ਇਹ ਸਭ ਕੁਝ ਉਸ ਔਰਤ ਨੂੰ ਦਸਿਆ ਤਾਂ ਉਸ ਨੇ ਤੁਰਤ ਸਵੀਕਾਰ ਕਰ ਲਿਆ। ਪਰ ਅਜੇ ਵੀ ਇਕ ਅੜਿਚਣ ਸੀ ਜੋ ਸਾਡੇ ਰਾਹ ਵਿਚ ਖੜੀ ਸੀ। ਮੈਂ ਹਿੰਦੂ ਸਾਂ ਤੇ ਉਹ ਮੁਸਲਮਾਨ। ਮੈਂ ਚੋਰੀ ਨਾਲ ਇਹ ਵਿਆਹ ਮੰਦਿਰ ਵਿਚ ਕਰਵਾਉਣਾ ਚਾਹੁੰਦਾ ਸਾਂ।
ਮੈਂ ਪੁਛਿਆ, "ਕੀ ਤੂੰ ਮੇਰੇ ਨਾਲ ਮੰਦਿਰ ਵਿਚ ਹਿੰਦੂ ਰੀਤੀ ਨਾਲ ਵਿਆਹ ਕਰਵਾ ਸਕੇਂਗੀ?"
ਮੈਂ ਬਹੁਤ ਹੈਰਾਨ ਹੋਇਆ ਜਦੋਂ ਉਸ ਨੇ ਮੇਰੇ ਇਸ ਸਵਾਲ ਦੇ ਜਵਾਬ ਵਿਚ ਵੀ ਹਾਂ ਕਹਿ ਦਿੱਤੀ। ਸਾਡਾ ਵਿਆਹ ਹੋ ਗਿਆ। ਉਹ ਬਾਨੋ ਤੋਂ ਸਵਿਤਰੀ ਸੱਦੀ ਜਾਣ ਲੱਗੀ ਅਤੇ ਫਿਰ ਘਰ ਵਿਚ ਰਹਿੰਦੀ ਨੌਕਰਾਣੀ ਇਕ ਦਿਨ ਮੇਰੇ ਦਿਲ ਤੇ ਘਰ ਦੀ ਰਾਣੀ ਬਣ ਬੈਠੀ ਤੇ ਅੱਜ ਉਹ ਮਾਲਕਣ ਇਹੋ ਹੈ।
ਮਿਸਟਰ ਮਹਿਰਾ ਦਾ ਇਸ਼ਾਰਾ ਉਸ ਔਰਤ ਵਲ ਸੀ, ਜਿਸ ਪਾਸੋਂ ਮੈਂ ਕਮਰਾ ਕਿਰਾਏ 'ਤੇ ਲਿਆ ਸੀ, ਜਿਸ ਨੇ ਮੇਰੇ ਕੋਲੋਂ ਇੰਟਰਵਿਊ ਵੇਲੇ ਪੁਛਿਆ ਸੀ ਕਿ ਕਿਸੇ ਕੁੜੀ ਨਾਲ ਮੇਰਾ ਕੋਈ ਚਕਰ-ਵਕਰ ਤਾਂ ਨਹੀਂ ਸੀ ਚਲ ਰਿਹਾ। ਉਸ ਦੇ ਉਸ ਵੇਲੇ ਦੇ ਸਵਾਲ ਨੂੰ ਹੁਣ ਸਮਝਦਿਆਂ ਮੇਰੇ ਬੁੱਲ੍ਹ ਮੁਸਕਾਣ ਨਾਲ ਭਰ ਗਏ ਸਨ।
ਮਿਸਟਰ ਮਹਿਰਾ ਇਹ ਕਹਾਣੀ ਦਸ ਚਲਾ ਗਿਆ। ਮੈਂ ਉਸ ਕਮਰੇ ਵਿਚ ਰਹਿੰਦਾ ਰਿਹਾ। ਮੈਂ ਦੇਖਦਾ, ਉਹ ਹਰ ਐਤਵਾਰ ਨੂੰ ਸਵੇਰੇ ਹੀ ਆ ਜਾਂਦਾ। ਆਉਂਦਾ ਹੋਇਆ ਆਪਣੇ ਨਾਲ ਫਲਾਂ ਦੀ ਟੋਕਰੀ ਅਤੇ ਹੋਰ ਖਾਣ-ਪੀਣ ਦੀਆਂ ਕਿੰਨੀਆਂ ਹੀ ਚੀਜ਼ਾਂ ਲਿਆਉਂਦਾ। ਉਹ ਸਾਰਾ-ਸਾਰਾ ਦਿਨ ਉਸ ਔਰਤ ਨਾਲ ਕਮਰੇ ਵਿਚ ਅੰਦਰ ਵੜਿਆ ਰਹਿੰਦਾ। ਦਿਨ ਵਿਚ ਕਈ ਵਾਰੀ ਉਸ ਔਰਤ ਦੇ ਵਾਹ-ਵਾਹ ਕਰਨ ਦੀ ਆਵਾਜ਼ ਸੁਣਾਈ ਦਿੰਦੀ। ਇਸ ਤੋਂ ਇਹੋ ਅੰਦਾਜ਼ਾ ਲਗਦਾ ਕਿ ਉਹ ਮਹਿਰਾ ਦੇ ਕਹੇ ਸ਼ਿਅਰਾਂ ਦੀ ਦਾਦ ਦੇ ਰਹੀ ਹੋਵੇਗੀ।
ਐਤਵਾਰ ਦੀ ਰਾਤ ਵੀ ਉਹ ਦੋਵੇਂ ਕਮਰੇ ਅੰਦਰੋਂ ਬਾਹਰ ਨਾ ਨਿਕਲਦੇ। ਸੋਮਵਾਰ ਸਵੇਰੇ ਹੀ ਮਿਸਟਰ ਮਹਿਰਾ ਤਿਆਰ ਹੋ ਟੁਰ ਪੈਂਦਾ। ਉਹ ਔਰਤ ਉਸ ਨੂੰ ਬੂਹੇ ਤੀਕ ਛੱਡਣ ਜਾਂਦੀ। ਫੇਰ ਬਾਕੀ ਦੇ ਛੇ ਦਿਨ ਉਹ ਉਸ ਦੀ ਉਡੀਕ ਕਰਦੀ। ਹਰ ਰੋਜ ਮਾਂਗ ਭਰਦੀ, ਵੱਡੀ ਸਾਰੀ ਬਿੰਦੀ ਲਾਉਂਦੀ। ਉਹ ਮਨ ਦੀ ਬਹੁਤ ਚੰਗੀ ਸੀ। ਵਿਹੜੇ ਵਿਚ ਰਹਿੰਦੇ ਕਿਰਾਏਦਾਰਾਂ ਨਾਲ ਪਿਆਰ ਨਾਲ ਬੋਲਦੀ। ਉਨ੍ਹਾਂ ਦੇ ਬੱਚਿਆਂ ਨੂੰ ਖਾਣ-ਪੀਣ ਲਈ ਦਿੰਦੀ।
ਫੇਰ ਇਕ ਦਿਨ ਬਹੁਤ ਬੁਰੀ ਗੱਲ ਹੋਈ। ਅਚਾਨਕ ਮਿਸਟਰ ਮਹਿਰਾ ਦਾ ਹਾਰਟ ਅਟੈਕ ਨਾਲ ਸੁਰਗਵਾਸ ਹੋ ਗਿਆ। ਅਸੀਂ ਦੇਖਿਆ, ਉਸ ਔਰਤ ਨੇ ਆਪਣੇ ਸਿਰ ਦੇ ਵਾਲ ਪੁਟ ਸੁਟੇ, ਪਿੱਟ-ਪਿੱਟ ਕੇ ਆਪਣੀ ਛਾਤੀ ਲਾਲ ਕਰ ਲਈ।
ਅਸੀਂ ਵਿਹੜੇ ਵਿਚ ਰਹਿੰਦੇ ਕਿਰਾਏਦਾਰ ਮਿਸਟਰ ਮਹਿਰਾ ਦੇ ਦਿੱਲੀ ਵਾਲੇ ਘਰ ਗਏ। ਉਹ ਔਰਤ ਵੀ ਸਾਡੇ ਨਾਲ ਸੀ। ਉਸ ਨੇ ਮਿਸਟਰ ਮਹਿਰਾ ਦੇ ਭੁੰਜੇ ਪਏ ਸਰੀਰ ਨੂੰ ਦੇਖਦਿਆਂ ਜ਼ੋਰ-ਜ਼ੋਰ ਦੀ ਚੀਕਾਂ ਮਾਰੀਆਂ ਅਤੇ ਫੇਰ ਉਹ ਬੇਸੁਧ ਹੋ ਕੇ ਪਿਛੇ ਨੂੰ ਧਰਤੀ ਉਤੇ ਡਿਗ ਪਈ। ਅਸੀਂ ਸਭ ਸ਼ਮਸ਼ਾਨ ਤੀਕ ਨਾਲ ਜਾ ਆਪਣੇ-ਆਪਣੇ ਘਰਾਂ ਨੂੰ ਮੁੜ ਪਏ, ਪਰ ਉਹ ਔਰਤ ਉਸੇ ਥਾਂ ਰਹਿ ਗਈ। ਫੇਰ ਜਦੋਂ ਉਹ ਪੰਦਰਾਂ ਦਿਨਾਂ ਬਾਅਦ ਵਾਪਸ ਮੁੜੀ ਤਾਂ ਉਸ ਨੂੰ ਦੇਖ ਸਾਡਾ ਤਾਂ ਰੋਣਾ ਹੀ ਨਿਕਲ ਗਿਆ। ਉਸ ਚਿੱਟੀ ਧੋਤੀ ਬੰਨੀ ਹੋਈ ਸੀ, ਮਾਂਗ ਖਾਲੀ ਸੀ ਅਤੇ ਮੱਥੇ ਉਤੇ ਬਿੰਦੀ ਨਹੀਂ ਸੀ। ਫੇਰ ਉਸ ਨੇ ਚੁਪਚਾਪ ਆ ਕੇ ਕਮਰੇ ਦਾ ਬੂਹਾ ਭੇੜ ਲਿਆ।
ਦਿਨ ਹੌਲੀ-ਹੌਲੀ ਲੰਘਦੇ ਗਏ। ਇਸ ਘਟਨਾ ਬਾਅਦ ਸਾਰੇ ਕਿਰਾਏਦਾਰ ਉਸ ਔਰਤ ਦੇ ਹੋਰ ਨੇੜੇ ਹੋ ਗਏ। ਉਹ ਵੀ ਪਹਿਲਾਂ ਨਾਲੋਂ ਬਹੁਤ ਬਦਲ ਗਈ। ਜਦੋਂ ਐਤਵਾਰ ਦਾ ਦਿਨ ਆਉਂਦਾ, ਸਾਡੇ ਸਭ ਦੇ ਮਨ ਉਦਾਸ ਹੋ ਜਾਂਦੇ। ਮਿਸਟਰ ਮਹਿਰਾ ਦੀ ਬਹੁਤ ਯਾਦ ਆਉਂਦੀ। ਜਿਹੜਾ ਬੰਦਾ ਪਿਛਲੇ ਕਿੰਨੇ ਵਰ੍ਹਿਆਂ ਤੋਂ ਇਸ ਘਰ ਵਿਚ ਆਉਂਦਾ ਰਿਹਾ ਹੋਵੇ, ਉਸ ਨੂੰ ਕਿਵੇਂ ਭੁਲਿਆ ਜਾ ਸਕਦਾ ਸੀ। ਉਸ ਔਰਤ ਨੇ ਮੇਰੇ ਕੋਲੋਂ ਉਸ ਦੀਆਂ ਦੋ ਫੋਟੋਆਂ ਵੱਡੀਆਂ ਕਰਵਾ ਕੇ ਸ਼ੀਸ਼ੇ ਵਿਚ ਮੜ੍ਹ ਲਈਆਂ। ਉਹ ਹਰ ਰੋਜ਼ ਉਨ੍ਹਾਂ ਨੂੰ ਪੂਜਦੀ, ਉਨ੍ਹਾਂ ਅੱਗੇ ਧੂਫ-ਬੱਤੀ ਕਰਦੀ, ਉਨ੍ਹਾਂ ਉਤੇ ਫੁਲ ਚੜਾਉਂਦੀ। ਮੈਂ ਸੋਚਦਾ ਕਿੰਨਾ ਸੱਚਾ ਪਿਆਰ ਹੈ ਇਸ ਔਰਤ ਦਾ, ਜਿਸ ਨੇ ਆਪਣਾ ਸਾਰਾ ਜੀਵਨ ਇਕ ਅਜਿਹੇ ਮਰਦ ਦੇ ਅਰਪਣ ਕਰ ਦਿਤਾ ਜਿਸ ਦਾ ਭਾਵੇਂ ਇਸ ਵੇਲੇ ਉਸ ਸਾਹਮਣੇ ਕੋਈ ਵਜੂਦ ਨਹੀਂ ਪਰ ਤਾਂ ਵੀ ਉਹ ਉਸ ਨੂੰ ਨਹੀਂ ਸੀ ਭੁਲੀ।
ਫਿਰ ਦੋ ਮਹੀਨੇ ਬਾਅਦ ਇਕ ਬੰਦਾ ਸਾਡੇ ਘਰ ਦਾ ਪਤਾ ਪੁਛਦਾ ਹੋਇਆ ਆਇਆ। ਉਸ ਕੋਲ ਮਿਸਿਜ਼ ਮਹਿਰਾ ਦੇ ਨਾਂ ਦੀ ਇਕ ਚਿਠੀ ਸੀ ਜਿਹੜੀ ਅਦਾਲਤ ਨੇ ਭੇਜੀ ਸੀ। ਮੈਂ ਮਿਸਿਜ਼ ਮਹਿਰਾ ਦੇ ਦਸਤਖਤ ਕਰਵਾ ਕੇ ਉਹ ਚਿਠੀ ਲੈ ਲਈ ਜਿਹੜੀ ਅੰਗਰੇਜ਼ੀ ਵਿਚ ਟਾਈਪ ਕੀਤੀ ਹੋਈ ਸੀ। ਉਸ ਨੇ ਮੈਨੂੰ ਪੜ੍ਹਨ ਲਈ ਕਿਹਾ। ਇਹ ਅਦਾਲਤ ਵਿਚ ਕੀਤੀ ਗਈ ਮਿਸਟਰ ਮਹਿਰਾ ਦੀ ਵਸੀਅਤ ਦੀ ਨਕਲ ਸੀ। ਲਿਖਿਆ ਸੀ,
1. ਮੇਰੇ ਮਰਨ ਬਾਅਦ ਬੈਂਕ ਵਿਚ ਪਏ ਤਿੰਨ ਲੱਖ ਰੁਪਏ ਵਿਚੋਂ ਇਕ ਲੱਖ ਮੇਰੀ ਪਹਿਲੀ ਪਤਨੀ ਅਤੇ ਦੋ ਲੱਖ ਰੁਪਇਆ ਸਵਿਤਰੀ ਨੂੰ ਮਿਲੇਗਾ।
2. ਦਿੱਲੀ ਵਾਲੇ ਦੋ ਮਕਾਨਾਂ ਵਿਚੋਂ ਵੱਡਾ ਘਰ ਸਵਿਤਰੀ ਦਾ ਹੋਵੇਗਾ ਅਤੇ ਛੋਟੇ ਵਿਚ ਮੇਰੀ ਪਹਿਲੀ ਪਤਨੀ ਤੇ ਉਸ ਦੇ ਤਿੰਨ ਬੱਚੇ ਰਹਿਣਗੇ।
3. ਜਿਸ ਘਰ ਵਿਚ ਇਸ ਵੇਲੇ ਸਵਿਤਰੀ ਰਹਿੰਦੀ ਹੈ, ਇਹ ਵੀ ਉਸ ਦੇ ਹਿੱਸੇ ਆਵੇਗਾ।
4. ਲਾਕਰ ਵਿਚ ਪਏ ਸਾਰੇ ਜੇਵਰ ਸਵਿਤਰੀ ਦੇ ਹੋਣਗੇ।
ਜਿਵੇਂ-ਜਿਵੇਂ ਮੈਂ ਚਿਠੀ ਪੜ੍ਹਦਾ ਜਾ ਰਿਹਾ ਸਾਂ, ਮੇਰਾ ਮਨ ਮਿਸਟਰ ਮਹਿਰਾ ਲਈ ਸ਼ਰਧਾ ਨਾਲ ਭਰਦਾ ਜਾ ਰਿਹਾ ਸੀ। ਮੈਂ ਇਕ ਪਲ ਲਈ ਸੋਚੀਂ ਪੈ ਗਿਆ ਕਿ ਕਿੰਨਾ ਚੰਗਾ ਸੀ ਉਹ ਬੰਦਾ, ਜਿਹੜਾ ਮਰਨ ਤੋਂ ਬਾਅਦ ਵੀ ਸਵਿਤਰੀ ਨੂੰ ਭੁਲਣ ਲਈ ਤਿਆਰ ਨਹੀਂ ਸੀ। ਅੱਗੇ ਲਿਖਿਆ ਸੀ,
5. ਮੇਰੀ ਜਾਇਦਾਦ ਦਾ ਜਿਹੜਾ ਹਿੱਸਾ ਮੇਰੀ ਪਤਨੀ ਨੂੰ ਮਿਲਿਆ, ਉਹ ਉਸ ਨੂੰ ਤਦ ਤੀਕ ਨਹੀਂ ਵੇਚ ਸਕੇਗੀ ਜਦੋਂ ਤੀਕ ਤਿੰਨੋਂ ਬੱਚੇ ਬਾਲਿਗ ਨਾ ਹੋ ਜਾਣ ਪਰ ਸਵਿਤਰੀ ਨੂੰ ਇਹ ਹੱਕ ਹੈ ਕਿ ਜਦੋਂ ਚਾਹੇ ਆਪਣੇ ਹਿਸੇ ਦੀ ਜਾਇਦਾਦ ਵੇਚ ਸਕਦੀ ਹੈ ਜਾਂ ਕਿਸੇ ਨੂੰ ਦੇ ਸਕਦੀ ਹੈ।
6. ਮੇਰੇ ਤਿੰਨਾਂ ਬੱਚਿਆਂ ਦੇ ਵਿਆਹ ਉਨ੍ਹਾਂ ਦੀ ਮਾਂ (ਮੇਰੀ ਪਹਿਲੀ ਪਤਨੀ) ਦੀ ਮਰਜੀ ਨਾਲ ਹੋਣਗੇ। ਉਹ ਜਿਹਾ ਮਰਜੀ ਚਾਹੇ, ਕਰ ਸਕੇਗੀ। ਉਸ ਵਿਚ ਸਵਿਤਰੀ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾ ਕਿ ਉਹ ਮੇਰੇ ਬੱਚਿਆਂ ਦੇ ਵਿਆਹ ਜਾਂ ਘਰੇਲੂ ਮਾਮਲਿਆਂ ਵਿਚ ਦਖਲ-ਅੰਦਾਜ਼ੀ ਕਰੇ, ਕਿਉਂਕਿ ਉਹ ਸਾਡੀ ਜਾਤ ਦੀ ਨਹੀਂ, ਉਹ ਮੇਰੀ ਵਿਆਹੁਤਾ ਨਹੀਂ, ਸਗੋਂ ਰਖੇਲ ਹੈ।
ਮੈਂ ਵੇਖਿਆ, ਅਜੇ ਕਾਗਜ਼ ਦੀ ਲਿਖਾਈ ਸਾਰੀ ਨਹੀਂ ਸੀ ਮੁਕੀ ਕਿ ਮੇਰੇ ਸਾਹਮਣੇ ਬੈਠੀ ਇਕ ਆਮ ਸਾਧਾਰਣ ਜਿਹੀ ਔਰਤ ਦਾ ਰੂਪ ਇਕੋ ਵਾਰੀ ਬਦਲ ਕੇ ਚੰਡਿਕਾ ਦਾ ਹੋ ਗਿਆ। ਉਸ ਦੀਆਂ ਅੱਖਾਂ ਵਿਚ ਜਿਵੇਂ ਅੰਗਾਰੇ ਬਲਣ ਲੱਗੇ। ਉਸ ਦਾ ਸਰੀਰ ਗੁੱਸੇ ਨਾਲ ਕੰਬਣ ਲੱਗਾ। ਉਸ ਨੇ ਮੇਰੇ ਹੱਥੋਂ ਉਹ ਚਿੱਠੀ ਖੋਹ ਕੇ ਟੁਕੜੇ-ਟੁਕੜੇ ਕਰ ਦਿਤੀ ਅਤੇ ਮੇਜ਼ ਉਤੇ ਪਈਆਂ ਮਿਸਟਰ ਮਹਿਰਾ ਦੀਆਂ ਦੋਵੇਂ ਫਰੇਮ ਕੀਤੀਆਂ ਫੋਟੋਆਂ ਸ਼ੀਸ਼ੇ ਸਮੇਤ ਚੁਕ ਕੇ ਵਿਹੜੇ ਵਿਚ ਸੁਟ ਦਿਤੀਆਂ, ਜਿਸ ਦੀ ਆਵਾਜ਼ ਸੁਣ ਸਾਰੇ ਕਿਰਾਏਦਾਰ ਬਾਹਰ ਨਿਕਲ ਆਪਣੇ-ਆਪਣੇ ਕਮਰਿਆਂ ਦੇ ਬੂਹਿਆਂ ਵਿਚ ਖੜੇ ਇਕ ਦੂਜੇ ਵਲ ਵੇਖਣ ਲਗੇ।
ਫਿਰ ਉਸ ਔਰਤ ਨੇ ਉਸ ਦੇ ਸਾਰੇ ਸ਼ਿਅਰ, ਜਿਨ੍ਹਾਂ ਉਤੇ ਉਸ ਨੂੰ ਸਵਿਤਰੀ ਕੋਲੋਂ ਦਾਦ ਮਿਲੀ ਸੀ, ਉਸ ਦੀਆਂ ਕਿਤਾਬਾਂ, ਕੱਪੜੇ ਬਾਹਰ ਵਿਹੜੇ ਵਿਚ ਸੁਟ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿਤੀ। ਫੇਰ ਉਹ ਔਰਤ ਆਪਣੀਆਂ ਭਰੀਆਂ ਅੱਖਾਂ ਨੂੰ ਚਿੱਟੀ ਧੋਤੀ ਨਾਲ ਪੂੰਝਣ ਲਗੀ।
ਸਾਰਾ ਸਾਮਾਨ ਚਿੜ-ਚਿੜ ਕਰਦਾ ਹੋਇਆ ਬਲਣ ਲੱਗਾ। ਉਹ ਔਰਤ ਇਕੋ ਸਾਹ ਰੋਂਦੀ ਹੋਈ ਉਸ ਮਰਦ ਨੂੰ ਗਾਲ੍ਹਾਂ ਕਢ ਰਹੀ ਸੀ ਜਿਹੜਾ ਹੁਣ ਇਸ ਦੁਨੀਆਂ ਵਿਚ ਨਹੀਂ ਸੀ, ਜਿਹੜਾ ਕਦੇ ਉਸ ਦੇ ਸੰਸਾਰ ਦਾ ਰਾਜਾ ਸੀ। ਜਿਸ ਨੂੰ ਯਾਦ ਕਰਨਾ ਉਸ ਔਰਤ ਲਈ ਰੱਬ ਦਾ ਨਾਂ ਲੈਣ ਦੇ ਬਰਾਬਰ ਸੀ। ਉਹ ਉਚੀ-ਉਚੀ ਬੋਲਦੀ ਕਹੀ ਜਾ ਰਹੀ ਸੀ, "ਹਰਾਮਖੋਰ, ਤੂੰ ਮੇਰੀ ਸਾਰੀ ਜਵਾਨੀ ਨੂੰ ਖਿਡੌਣਾ ਬਣਾ ਖੇਡਦਾ ਰਿਹਾ। ਮੈਂ ਤੇਰੇ ਲਈ ਆਪਣਾ ਘਰ ਛਡਿਆ, ਆਪਣੇ ਲੋਕ ਛਡੇ, ਆਪਣੇ ਸਮਾਜ ਤੋਂ ਅਲਗ ਹੋ ਗਈ। ਮੈਂ ਆਪਣਾ ਧਰਮ ਤੇਰੇ ਉਤੇ ਕੁਰਬਾਨ ਕਰ ਦਿਤਾ। ਪਰ ਤੂੰ ਇਸ ਦੇ ਬਦਲੇ ਵਿਚ ਮੈਨੂੰ ਪੈਸੇ ਅਤੇ ਜਾਇਦਾਦ ਦਾ ਲੋਭ ਦੇ ਰਿਹੈਂ? ਪਰ ਪਤਨੀ ਨਹੀਂ ਸਗੋਂ ਰਖੇਲ ਬਣਾ ਕੇ। ਜੇ ਮੈਨੂੰ ਪਤਾ ਹੁੰਦਾ, ਵੀਹ ਵਰ੍ਹਿਆਂ ਵਿਚ ਤੂੰ ਮੈਨੂੰ ਔਰਤ ਦਾ ਦਰਜਾ ਨਾ ਦੇ ਕੇ ਕੇਵਲ ਰਖੇਲ ਸਮਝਦਾ ਰਹੇਂਗਾ ਅਤੇ ਦੌਲਤ ਦੇ ਢੇਰ ਉਤੇ ਬਿਠਾ ਕੇ ਮੈਨੂੰ ਜਿਤਣਾ ਚਾਹੇਂਗਾ ਤਾਂ, ਹਰਾਮੀਆ, ਇਸ ਤੋਂ ਬਹੁਤਾ ਤਾਂ ਮੈਂ ਕੋਠੇ ਉਤੇ ਬਹਿ ਚਾਰ-ਪੰਜ ਸਾਲਾਂ ਵਿਚ ਕਮਾ ਲੈਂਦੀ, ਵੀਹ ਵਰ੍ਹਿਆਂ ਤੀਕ ਤੈਨੂੰ ਆਪਣੇ ਸਰੀਰ ਨਾਲ ਕਿਉਂ ਖੇਡਣ ਦਿੰਦੀ?"
ਮੈਂ ਦੇਖਿਆ, ਉਹ ਔਰਤ ਰੋਂਦੀ ਹੋਈ ਗਾਲ੍ਹਾਂ ਕਢਦੀ ਹੋਈ ਮਿਸਟਰ ਮਹਿਰਾ ਦੀ ਇਕ-ਇਕ ਚੀਜ਼ ਚੁਕ-ਚੁਕ ਕੇ ਅੱਗ ਵਿਚ ਸੁਟ ਰਹੀ ਸੀ, ਜਿਵੇਂ ਉਹ ਉਸ ਨੂੰ ਵੀਹ ਵਰ੍ਹਿਆਂ ਤੋਂ ਜੋਕ ਬਣ ਕੇ ਆਪਣੇ ਸਰੀਰ ਨਾਲ ਚਿਪਟੇ ਹੋਏ ਨੂੰ ਤੋੜ ਕੇ ਹਮੇਸ਼ਾਂ ਲਈ ਦੂਰ ਕਰ ਦੇਣਾ ਚਾਹੁੰਦੀ ਸੀ।
ਅੱਗ ਹੌਲੀ-ਹੌਲੀ ਬਲਦੀ ਰਹੀ। ਕਿਰਾਏਦਾਰ ਆਪੋ-ਆਪਣੀਆਂ ਦਹਿਲੀਜਾਂ ਛਡ ਕਮਰਿਆਂ ਅੰਦਰ ਚਲੇ ਗਏ। ਉਨ੍ਹਾਂ ਵਿਚ ਮੈਂ ਹੀ ਇਕ ਅਜਿਹਾ ਸਾਂ ਜਿਹੜਾ ਇਕ ਟਕ ਉਸ ਔਰਤ ਦੇ ਚਿਹਰੇ ਵਲ ਦੇਖੀ ਜਾ ਰਿਹਾ ਸਾਂ ਜਿਹੜਾ ਹੰਝੂਆਂ ਨਾਲ ਭਿਜ-ਭਿਜ ਪੈ ਰਿਹਾ ਸੀ।
ਜਦੋਂ ਉਂਗਲਾਂ ਦੇ ਪੋਟਿਆਂ ਨਾਲ ਮੈਂ ਆਪਣੀਆਂ ਅੱਖਾਂ ਛੂਹ ਕੇ ਦੇਖੀਆਂ ਤਾਂ ਉਨ੍ਹਾਂ ਦੇ ਕੋਇਆਂ ਵਿਚ ਵੀ ਪਾਣੀ ਦੀਆਂ ਦੋ ਬੂੰਦਾਂ ਅਟਕੀਆਂ ਹੋਈਆਂ ਸਨ, ਉਸ ਬੇਬਸ ਔਰਤ ਲਈ, ਜਿਸ ਦੇ ਦਿਲ ਦੀ ਵੇਦਨਾ ਸਮਝਣ ਵਾਲਾ ਉਸ ਵਿਹੜੇ ਵਿਚ ਮੈਂ ਇਕੱਲਾ ਹੀ ਸਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ