Ram Piari (Punjabi Story) : S. Saki

ਰਾਮ ਪਿਆਰੀ (ਕਹਾਣੀ) : ਐਸ ਸਾਕੀ

ਨਵੇਂ ਘਰ ‘ਚ ਆਉਣ ਕਰਕੇ ਕਿਰਾਇਆ ਤਾਂ ਜ਼ਰੂਰ ਢਾਈ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਧ ਗਿਆ ਸੀ, ਪਰ ਪਤਨੀ ਬਹੁਤ ਖੁਸ਼ ਸੀ। ਇਸ ਦੇ ਵੀ ਦੋ ਕਾਰਨ ਸਨ। ਪਹਿਲਾਂ ਤਾਂ ਇਹੋ ਕਿ ਘਰ ਪਹਿਲੀ ਮੰਜ਼ਿਲ ‘ਤੇ ਮਿਲਿਆ ਸੀ। ਮੇਰੀ ਪਤਨੀ ਦੀ ਸੋਚ ਸੀ ਕਿ ਪਹਿਲੀ ਮੰਜ਼ਿਲ ‘ਤੇ ਖੂਬ ਫਰਾਟੇਦਾਰ ਹਵਾ ਆਉਂਦੀ ਹੈ। ਵਾਤਾਵਰਨ ਸਾਫ ਸੁਥਰਾ ਹੁੰਦਾ ਹੈ, ਜਿਹੜਾ ਸਿਹਤ ਲਈ ਬਹੁਤ ਲਾਭਦਾਇਕ ਹੈ। ਦੂਜਾ, ਇਸ ਖੁਸ਼ੀ ਦਾ ਵੱਡਾ ਕਾਰਨ ਇਹ ਸੀ ਕਿ ਮਕਾਨ ਪੌਸ਼ ਕਲੋਨੀ ਵਿੱਚ ਸੀ, ਜਿਥੇ ਸਾਰੇ ਹੀ ਕਾਰਾਂ ਕੋਠੀਆਂ ਵਾਲੇ ਲੋਕ ਰਹਿੰਦੇ ਸਨ। ਇਸ ਤੋਂ ਪਹਿਲਾਂ ਜਿਥੇ ਅਸੀਂ ਰਹਿੰਦੇ ਸੀ ਉਹ ਐਵੇਂ ਹੀ ਟੁੱਟੇ ਭੱਜੇ ਲੋਕਾਂ ਦੀ ਕਲੋਨੀ ਸੀ, ਜਿਸ ਵਿੱਚ ਦਫਤਰਾਂ ਦੇ ਬਾਬੂ, ਛੋਟੇ ਦੁਕਾਨਦਾਰ ਅਤੇ ਕੁਝ ਰੇੜ੍ਹੀਆਂ ਵਾਲੇ ਬੰਦਿਆਂ ਦਾ ਵਾਸਾ ਸੀ। ਵੱਡਿਆਂ ‘ਚ ਰਹਿ ਕੇ ਬੰਦਾ ਆਪ ਵੀ ਵੱਡਾ ਲੱਗਦਾ ਅਤੇ ਵੱਡਾ ਬਣ ਜਾਂਦਾ ਹੈ।
ਇਹ ਪਤਨੀ ਦੀ ਸੋਚ ਸੀ, ਪਰ ਇਸ ਥਾਂ ਆ ਕੇ ਉਸ ਨੂੰ ਥੋੜ੍ਹਾ ਦੁੱਖ ਸੀ ਬਸ ਇਸ ਗੱਲ ਦਾ ਕਿ ਇਥੇ ਬਹੁਤੇ ਦੱਖਣ ਭਾਰਤੀ ਲੋਕਾਂ ਦਾ ਵਾਸਾ ਸੀ। ਇਥੇ ਉਸ ਨੂੰ ਆਪਣੇ ਢੰਗ ਦੀ ਸੁਸਾਇਟੀ ਨਹੀਂ ਸੀ ਮਿਲੀ ਜਿਨ੍ਹਾਂ ‘ਚ ਬਹਿ ਕੇ ਉਹ ਉਨ੍ਹਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕੇ। ਨਵੇਂ ਘਰ ‘ਚ ਆ ਕੇ ਦੁੱਧ ਵਾਲਾ, ਧੋਬੀ, ਪਰਚੂਨ ਵਾਲਾ ਸਭ ਮਿਲ ਗਏ, ਪਰ ਅਜੇ ਘਰ ਦੀ ਸਫਾਈ ਅਤੇ ਭਾਂਡੇ ਮਾਂਜਣ ਵਾਲੀ ਮਾਈ ਦਾ ਇੰਤਜ਼ਾਮ ਨਹੀਂ ਸੀ ਹੋਇਆ। ਚਾਰ ਦਿਨਾਂ ਬਾਅਦ ਆਪੇ ਇਕ ਔਰਤ ਨੇ ਘੰਟੀ ਵਜਾਈ। ਕੋਈ ਕੰਮ ਕਰਨ ਵਾਲੀ ਸੀ। ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਗੱਲ ਕਰਦਿਆਂ ਸਾਰ ਉਸ ਨੂੰ ਫੱਟ ਕੰਮ ‘ਤੇ ਲਾ ਲਿਆ। ਉਸ ਦਾ ਨਾਂ ਰਾਮ ਪਿਆਰੀ ਸੀ। ਜਦੋਂ ਅਸੀਂ ਇਸ ਤੋਂ ਪਹਿਲਾਂ ਵਾਲੇ ਘਰ ਕਿਰਾਏ ‘ਤੇ ਰਹਿੰਦੇ ਸੀ ਤਾਂ ਸਫਾਈ ਵਾਲੀ ਮਾਈ ਤਾਂ ਉਥੇ ਵੀ ਲੱਗੀ ਹੋਈ ਸੀ। ਪਤਨੀ ਆਪਣੇ ਮੂੰਹੋਂ ਆਪਣੀ ਤਾਰੀਫ ਕਰਦੀ ਹੋਈ ਅਕਸਰ ਕਿਹਾ ਕਰਦੀ ਸੀ, ‘ਦੇਖੋ ਜੀ, ਆਂਢ ਗੁਆਂਢ ਵਾਲੀਆਂ ਨੂੰ ਮਾਈ ਨਾਲ ਨਿਰਬਾਹ ਕਰਨਾ ਨਹੀਂ ਆਉਂਦਾ। ਇਕ ਮਹੀਨਾ ਨਹੀਂ ਪੈਂਦਾ ਕਿ ਉਹ ਘਰ ਛੱਡ ਕੇ ਦੂਜੇ ਵਿੱਚ ਜਾ ਲੱਗਦੀਆਂ ਹਨ, ਪਰ ਇਕ ਮੈਂ ਹਾਂ ਕਿ ਸਾਡੇ ਘਰ ਪਿਛਲੇ ਛੇ ਸਾਲਾਂ ਤੋਂ ਇਕੋ ਮਾਈ ਕੰਮ ਕਰਦੀ ਆ ਰਹੀ ਹੈ। ਮਜਾਲ ਨਹੀਂ ਕਿ ਉਸ ਨੇ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਮੂੰਹ ਲਮਕਾਇਆ ਹੋਵੇ। ਇਨ੍ਹਾਂ ਨੂੰ ਕਾਬੂ ਕਰਨ ਦੇ ਕੁਝ ਹੀ ਤਾਂ ਤਰੀਕੇ ਹੁੰਦੇ ਹਨ।’
ਉਸ ਨੇ ਨਵੇਂ ਘਰ ‘ਚ ਆ ਰਹੀ ਰਾਮ ਪਿਆਰੀ ਨਾਲ ਪਹਿਲੇ ਦਿਨ ਤੋਂ ਪੈਂਤੜੇ ਖੇਡਣੇ ਸ਼ੁਰੂ ਕਰ ਦਿੱਤੇ ਸਨ। ਜਦੋਂ ਪਹਿਲੇ ਦਿਨ ਹੀ ਮਾਈ ਆਪਣੇ ਸੱਤ ਅੱਠ ਵਰ੍ਹਿਆਂ ਦੇ ਪੁੱਤ ਨੂੰ ਨਾਲ ਲੈ ਕੇ ਕੰਮ ਕਰਨ ਆਈ ਤਾਂ ਉਸ ਉਨ੍ਹਾਂ ਨੂੰ ਇਕ-ਇਕ ਪਰੌਂਠਾ ਬਣਾ ਕੇ ਨਾਲ ਗਰਮ ਚਾਹ ਦਾ ਇਕ-ਇਕ ਕੱਪ ਵੀ ਭਰ ਕੇ ਦੇ ਦਿੱਤਾ।
ਇਸ ਤਰ੍ਹਾਂ ਕਰਕੇ ਉਸ ਨੇ ਮੇਰੇ ਵੱਲ ਇੰਜ ਵੇਖਿਆ, ਜਿਵੇਂ ਪਹਿਲੇ ਝਟਕੇ ਉਸ ਨੇ ਮਾਈ ਨੂੰ ਆਪਣੇ ਕਾਬੂ ਵਿੱਚ ਕਰ ਕੇ ਸਿੱਧੀ ਲੀਹ ਪਾ ਲਿਆ ਹੋਵੇ। ਜਦੋਂ ਰਾਮ ਪਿਆਰੀ ਚਾਹ ਪੀ ਕੇ ਅਤੇ ਪਰੌਂਠੀ ਖਾ ਕੇ ਆਪਣੇ ਪੁੱਤ ਨਾਲ ਪੌੜੀਆਂ ਉਤਰ ਰਹੀ ਸੀ ਤਾਂ ਇੰਨੀ ਖੁਸ਼ ਨਹੀਂ ਲੱਗ ਰਹੀ ਸੀ। ਉਸ ਦਾ ਪੁੱਤ ਵੀ ਚੁੱਪ-ਚੁੱਪ ਜਿਹਾ ਸੀ। ਫਿਰ ਇਹ ਕਰਮ ਕਈ ਦਿਨ ਟੁਰਦਾ ਰਿਹਾ।
ਇਕ ਸ਼ਾਮ ਮੇਰੀ ਪਤਨੀ ਨੇ ਮੰੂਗੀ ਦੀ ਦਾਲ ਚਾੜ੍ਹੀ, ਜਿਹੜੀ ਅੰਦਾਜ਼ੇ ਨਾਲੋਂ ਕਿਤੇ ਵੱਧ ਬਣ ਗਈ ਸੀ। ਉਸ ਵਿੱਚ ਲੂਣ ਵੀ ਥੋੜ੍ਹਾ ਵੱਧ ਪੈ ਗਿਆ ਸੀ। ਫਿਰ ਉਸ ਰਾਤ ਬੱਚਿਆਂ ਨੇ ਵੀ ਠੀਕ ਤਰ੍ਹਾਂ ਰੋਟੀ ਨਹੀਂ ਖਾਧੀ ਸੀ। ਅਗਲੀ ਸਵੇਰ ਰਾਮ ਪਿਆਰੀ ਦੇ ਆਉਣ ਤੋਂ ਪਹਿਲਾਂ ਉਸ ਨੇ ਰਾਤ ਦੀ ਬਚੀ ਹੋਈ ਮੂੰਗੀ ਦੀ ਦਾਲ ਦਾ ਕਟੋਰਾ ਭਰ ਕੇ ਰੱਖ ਛੱਡਿਆ ਸੀ ਤਾਂ ਕਿ ਰਾਮ ਪਿਆਰੀ ਨੂੰ ਦੇ ਕੇ ਚੰਗੀ ਤਰ੍ਹਾਂ ਆਪਣੇ ਹੱਥ ਹੇਠ ਕਰ ਲਵੇ। ਉਸ ਨੇ ਦਾਲ ਵਾਲਾ ਕਟੋਰਾ ਹੇਠਾਂ ਜਾਂਦੀਆਂ ਪੌੜੀਆਂ ਦੀ ਪਹਿਲੀ ਦੇਹਲੀ ਉੱਤੇ ਇਕ ਪਾਸੇ ਧਰ ਛੱਡਿਆ ਸੀ।
ਰਾਮ ਪਿਆਰੀ ਆਪਣੇ ਪੁੱਤ ਨੂੰ ਨਾਲ ਲੈ ਕੇ ਕੰਮ ਕਰਨ ਆਈ। ਉਸ ਨੇ ਸਾਰਾ ਕੰਮ ਮੁਕਾਇਆ। ਜਦੋਂ ਕੰਮ ਮੁਕਾ ਕੇ ਪੁੱਤ ਨੂੰ ਨਾਲ ਲੈ ਹੇਠਾਂ ਜਾਣ ਲੱਗੀ ਤਾਂ ਪਤਨੀ ਨੇ ਪਿੱਛੋਂ ਉਸ ਨੂੰ ਆਵਾਜ਼ ਮਾਰੀ, ‘ਰਾਮ ਪਿਆਰੀ, ਆਹ! ਪੌੜੀਆਂ ‘ਚ ਦਾਲ ਦਾ ਕਟੋਰਾ ਪਿਆ ਹੈ। ਲੈ ਜਾ, ਤੇਰੇ ਬੱਚੇ ਖਾ ਲੈਣਗੇ।’
ਪੌੜੀਆਂ ਉਤਰਦੀ ਹੋਈ ਰਾਮ ਪਿਆਰੀ ਕੁਝ ਪਲ ਲਈ ਖੜੋ ਗਈ। ਉਸ ਨੇ ਹੇਠਾਂ ਝੁਕ ਕੇ ਦਾਲ ਦਾ ਕਟੋਰਾ ਚੁੱਕ ਲਿਆ। ਉਸ ਦੇ ਅਜਿਹਾ ਕਰਨ ਦੀ ਦੇਰ ਸੀ ਕਿ ਮੇਰੀ ਪਤਨੀ ਨੇ ਇਕ ਵਾਰੀ ਇਕ ਹੋਰ ਤਰ੍ਹਾਂ ਦੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਜਿਵੇਂ ਉਹ ਦੱਸ ਰਹੀ ਹੋਵੇ, ‘ਦੇਖ ਲਉ ਜੀ, ਰਾਮ ਪਿਆਰੀ ਨੂੰ ਦਾਲ ਦਾ ਕਟੋਰਾ ਦੇ ਕੇ ਮੈਂ ਸਾਰੀ ਦੀ ਸਾਰੀ ਨੂੰ ਕਿਵੇਂ ਜਿੱਤ ਲਿਆ ਹੈ। ਬਸ ਹੁਣ ਤਾਂ ਇਹ ਮੇਰੇ ਜੋਗੀ ਹੀ ਰਹਿ ਗਈ ਹੈ।’
ਫਿਰ ਇਹ ਜਿੱਤ ਜਿਵੇਂ ਸੱਚਮੁੱਚ ਹੀ ਉਸ ਦੀਆਂ ਅੱਖਾਂ ਵਿੱਚ ਭਰ ਗਈ ਸੀ। ਪਹਿਲਾਂ ਰਾਮ ਪਿਆਰੀ ਨੇ ਕਟੋਰੇ ਦਾ ਢੱਕਣ ਨੰਗਾ ਕਰਕੇ ਇਕ ਪਲ ਲਈ ਦਾਲ ਵੱਲ ਵੇਖਿਆ ਅਤੇ ਫਿਰ ਉਹ ਨਜ਼ਰ ਮੇਰੀ ਪਤਨੀ ਦੇ ਚਿਹਰੇ ਵੱਲ ਲੈ ਗਈ। ਇਸ ਤੋਂ ਬਾਅਦ ਉਹ ਕਟੋਰਾ ਉਵੇਂ ਹੀ ਢਕ ਕੇ ਪੌੜੀਆਂ ‘ਤੇ ਧਰ ਕੇ ਹੇਠਾਂ ਨੂੰ ਜਾਣ ਲੱਗੀ।
‘ਰਾਮ ਪਿਆਰੀ ਕੀ ਗੱਲ ਹੈ, ਇਹ ਦਾਲ ਨਹੀਂ ਲੈ ਕੇ ਜਾਵੇਂਗੀ?’ ਹੇਠਾਂ ਵੱਲ ਜਾਂਦੀ ਰਾਮ ਪਿਆਰੀ ਨੂੰ ਉਸ ਨੇ ਸਵਾਲ ਕੀਤਾ।
ਉਹ ਪੌੜੀਆਂ ਉਤਰਦੀ ਇਕ ਵਾਰੀ ਫਿਰ ਖੜੋ ਗਈ। ਉਸ ਨੇ ਉਂਜ ਹੀ ਖੜੋਤੀ ਨੇ ਗਰਦਨ ਭੁਆ ਕੇ ਪਹਿਲਾਂ ਪਤਨੀ ਵੱਲ ਦੇਖਿਆ ਤੇ ਫਿਰ ਜਿਵੇਂ ਉਹ ਸ਼ਬਦਾਂ ਨੂੰ ਚੱਬ ਕੇ ਬੋਲਣ ਲੱਗੀ, ‘ਬੀਬੀ ਜੀ, ਆਪ ਭੀ ਕਿਆ ਬਾਤ ਕਰਤੀ ਹੋ। ਪਹਿਲੇ ਪਹਿਲੇ ਜਬ ਹਮ ਲੋਗ ਗਾਂਵ ਸੇ ਦਿੱਲੀ ਆਏ ਥੇ ਤੋ ਉਸ ਵਕਤ ਬੱਚੇ ਯੇਹ ਦਾਲ ਭਾਜੀ ਖਾਤੇ ਥੇ ਕਿਉਂਕਿ ਉਸ ਵਕਤ ਮੈਂ ਭੀ ਏ ਟੂ ਸੀ ਕਾਲੋਨੀ ਮੇਂ ਕਾਮ ਕਰਤੀ ਥੀ ਜਹਾਂ ਜ਼ਿਆਦਾ ਦਫਤਰੋਂ ਕੇ ਬਾਬੂ ਲੋਗ ਰਹਿਤੇ ਥੇ। ਲੇਕਿਨ ਜਬ ਸੇ ਮੈਂ ਇਸ ਕਾਲੋਨੀ ਬੜੇ-ਬੜ ਲੋਗੋਂ ਕੇ ਘਰੋਂ ਮੇਂ ਕਾਮ ਕਰਨੇ ਲੱਗੀ ਹੂੰ ਤੋ ਮੇਰੇ ਬੱਚੇ ਭੀ ਸਿਵਾਏ ਇਡਲੀ, ਡੋਸਾ ਅਤੇ ਸਾਂਬਰ ਵੜਾ ਕੇ ਔਰ ਕੁਝ ਖਾਨਾ ਪਸੰਦ ਹੀ ਨਹੀਂ ਕਰਤੇ। ਔਰ ਫਿਰ ਯੇਹ ਮੂੰਗ ਕੀ ਦਾਲ..?’
ਰਾਮ ਪਿਆਰੀ ਗੱਲ ਵਿੱਚੇ ਛੱਡ ਆਪਣੇ ਪੁੱਤ ਨੂੰ ਨਾਲ ਲੈ ਕੇ ਦਗੜ-ਦਗੜ ਕਰਦੀ ਪੌੜੀਆਂ ਉਤਰ ਗਈ ਸੀ।
ਰਾਮ ਪਿਆਰੀ ਦੇ ਇਹ ਕਹਿਣ ‘ਤੇ ਆਪਣੀ ਪਤਨੀ ਦੇ ਹਾਵ ਭਾਵ ਮੈਂ ਜਾਣਬੁੱਝ ਕੇ ਨਾ ਵੇਖੇ ਸਗੋਂ ਮੈਂ ਆਪਣਾ ਮੂੰਹ ਦੂਜੇ ਪਾਸੇ ਭੁਆ ਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ