Punjabi Stories/Kahanian
ਜਸਵੰਤ ਸਿੰਘ ਕੰਵਲ
Jaswant Singh Kanwal

Punjabi Kavita
  

Roop Dhara Jaswant Singh Kanwal

ਰੂਪਧਾਰਾ (ਕਹਾਣੀ ਰੂਪ) ਜਸਵੰਤ ਸਿੰਘ ਕੰਵਲ

(ਰੂਪਧਾਰਾ : ਬਿਰਤਾਂਤਕ ਪਰਿਪੇਖ : ਡਾ. ਪਰਮੀਤ ਕੌਰ)

ਜਸਵੰਤ ਸਿੰਘ ਕੰਵਲ ਦਾ ਰੂਪਧਾਰਾ ਮਹੱਤਵਪੂਰਨ ਅਤੇ ਚਰਚਿਤ ਨਾਵਲ ਹੈ। ਇਸ ਨਾਵਲ ਵਿਚ ਕੰਵਲ ਇਸਤਰੀ ਦੀਆਂ ਸਮੱਸਿਆਵਾਂ ਦੇ ਬਿਰਤਾਂਤਕ-ਪਾਸਾਰ ਅਤੇ ਪਰਿਪੇਖ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਸ ਨਾਵਲ ਵਿਚ ਕੰਵਲ ਨੇ ਦੋ ਪੀੜ੍ਹੀਆਂ ਦੀ ਸਮਾਜਿਕ ਟੱਕਰ ਰਾਹੀਂ, ਆਪਣੇ ਸਮਾਜਵਾਦੀ-ਆਦਰਸ਼ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ ਪਰ ਨਾਵਲੀ-ਬਿਰਤਾਂਤ ਦਾ ਅਧਿਐਨ ਕਰਦਿਆਂ ਅਸੀਂ ਦੇਖਦੇ ਹਾਂ ਕਿ ਉਸ ਦੇ ਸਮਾਜਵਾਦੀ ਨਜ਼ਰੀਏ ਦਾ ਆਧਾਰ ਵਿਚਾਰਧਾਰਕ-ਚਿੰਤਨ ਨਹੀਂ, ਸਗੋਂ ਸਮਾਜਵਾਦੀ ਭਾਵੁਕਤਾ ਹੈ।
ਨਾਵਲੀ ਬਿਰਤਾਂਤ ਦਾ ਹਰ ਕਾਂਡ ਆਪਣੇ ਤੋਂ ਬਿਲਕੁੱਲ ਵੱਖਰੀ ਕਹਾਣੀ, ਦ੍ਰਿਸ਼ ਤੇ ਸਮੱਸਿਆ ਨੂੰ ਪੇਸ਼ ਕਰਦਾ ਹੈ। ਨਾਵਲ ਦੀ ਬਿਰਤਾਂਤਕ-ਨਿਰੰਤਰਤਾ ਭੰਗ ਹੋ ਜਾਣ ਕਾਰਨ ਇਸ ਨਾਵਲ ਦਾ ਕਥਾਨਕ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਨਾਵਲ ਦਾ ਪਹਿਲਾ ਹਿੱਸਾ ਮਾਲਣ ਨਾਲ ਸਬੰਧਿਤ ਹੈ ਜੋ ਕਿ ਜਗਰੂਪ ਦੀ ਭੂਆ ਹੈ। ਨਾਵਲ ਦਾ ਦੂਸਰਾ ਹਿੱਸਾ ਰੂਪ ਤੇ ਕੇਸਰ ਨਾਲ ਸਬੰਧਿਤ ਹੈ। ਨਾਵਲ ਦੇ ਤੀਸਰੇ ਹਿੱਸੇ ਵਿਚ ਬਿਰਤਾਂਤਕਾਰ ਇਨ੍ਹਾਂ ਪਾਤਰਾਂ ਦੀ ਸਹਾਇਤਾ ਨਾਲ ਆਪਣੇ ਉਦੇਸ਼ ਦੀ ਪੂਰਤੀ ਕਰਦਾ ਨਜ਼ਰ ਆਉਂਦਾ ਹੈ। ਕਈ ਆਲੋਚਕਾਂ ਨੇ ਨਾਵਲ ਦੀ ਅਜਿਹੀ ਬਿਰਤਾਂਤਕ ਵਿਵਿਧਤਾ ਨੂੰ ਵੇਖ ਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਨਾਵਲ ਵਿਚ ਨਾ ਤਾਂ ਕਹਾਣੀ ਦੀ ਨਿਰੰਤਰਤਾ ਹੈ, ਨਾ ਥੀਮਕ ਇਕਸੁਰਤਾ ਹੈ ਅਤੇ ਨਾ ਹੀ ਸਮੱਸਿਆਵਾਂ ਵਿਚ ਕੋਈ ਸਾਂਝ ਹੈ। ਇਸ ਲਈ ਇਕ ਢਿੱਲੇ ਜਿਹੇ, ਉਲਝੇ ਹੋਏ ਤੇ ਪ੍ਰਪੰਚਸ਼ੀਲ ਕਥਾਨਕ ਵਾਲਾ ਨਾਵਲ ਹੈ ਪਰ ਰਤਾ ਕੁ ਡੂੰਘੇਰੀ ਦ੍ਰਿਸ਼ਟੀ ਤੋਂ ਦੇਖਿਆ ਪਤਾ ਚੱਲਦਾ ਹੈ ਕਿ ਇਸ ਨਾਵਲ ਵਿਚ ਵੀ ਇਕ ਪ੍ਰਬੰਧ ਹੈ ਤੇ ਉਸ ਪ੍ਰਬੰਧ ਦੀ ਏਕਤਾ ਨੂੰ ਨਾਵਲ ਦੇ ਕੇਂਦਰੀ ਕਿਰਦਾਰ ਜਗਰੂਪ ਨੇ ਕਾਇਮ ਰੱਖਿਆ ਹੋਇਆ ਹੈ।
ਨਾਵਲੀ ਬਿਰਤਾਂਤ ਦਾ ਆਰੰਭ ਬੂੜ ਸਿੰਘ ਦੇ ਵਿਆਹ ਤੋਂ ਹੁੰਦਾ ਹੈ ਜਿੱਥੇ ਉਹ ਦੋਵੇਂ ਬਹੁਤ ਖੁਸ਼ ਹਨ ਪਰ ਅਚਾਨਕ ਬਿਰਤਾਂਤਕਾਰ ਮਾਲਣ ਪਾਤਰ ਰਾਹੀਂ ਅੱਗਲਝਾਤ ਵਿਧੀ ਦੀ ਵਰਤੋਂ ਕਰਦੇ ਨਾਵਲੀ ਬਿਰਤਾਂਤ ਦੀ ਸਮੱਸਿਆ ਤੇ ਫੋਕਸ ਕਰਦਾ ਹੈ :
ਉਸ ਨੂੰ ਕੁਝ ਯਾਦ ਆ ਗਿਆ। ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਕੁਝ ਦਿਲਤੋੜਵੇਂ ਬੋਲ ਸੁਣੇ ਸਨ।
ਇਸ ਤੋਂ ਬਾਅਦ ਬਿਰਤਾਂਤਕਾਰ ਮਾਲਣ ਦੇ ਘੱਟ ਦਾਜ ਲਿਆਉਣ ਦੀ ਸਮੱਸਿਆ ਤੇ ਫੋਕਸ ਕਰਦਾ ਹੈ।
ਵਿਆਹ ਤੋਂ ਕੁਝ ਦੇਰ ਮਗਰੋਂ ਬੂੜ ਸਿੰਘ ਦਾ ਪਿਤਾ ਉਸਨੂੰ ਨੌਕਰੀ ਕਰਨ ਬਾਰੇ ਆਖਦਾ ਹੈ ਤੇ ਉਹ ਲੈ ਦੇ ਕੇ ਆਖ਼ਿਰਕਾਰ ਜ਼ਿਲ੍ਹੇਦਾਰ ਲੱਗ ਜਾਂਦਾ ਹੈ। ਹੌਲੀ-ਹੌਲੀ ਉਹ ਵੀ ਰਿਸ਼ਵਤ ਆਦਿ ਲੈਣ-ਦੇਣ ਦੇ ਦਾਅ-ਪੇਚ ਸਿੱਖ ਜਾਂਦਾ ਹੈ। ਉੱਥੇ ਬੂੜ ਸਿੰਘ ਦੀ ਦੋਸਤੀ ਮਮਤਾਜ਼ ਖ਼ਾਨ ਨਾਲ ਹੋ ਜਾਂਦੀ ਹੈ ਤੇ ਉਹ ਉਸ ਨਾਲ ਰਲ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਮਾਲਣ ਵੀ ਬੂੜ ਸਿੰਘ ਕੋਲ ਚਲੀ ਜਾਂਦੀ ਹੈ। ਗੱਡੀ ਚੜ੍ਹਾਉਣ ਸਮੇਂ ਉਸ ਦਾ ਸਹੁਰਾ ਉਸਨੂੰ ਆਪਣੇ ਘਰ ਅਤੇ ਗਹਿਣੇ ਪਈ ਜ਼ਮੀਨ ਦਾ ਖ਼ਿਆਲ ਰੱਖਣ ਬਾਰੇ ਆਖਦਾ ਹੈ ਤੇ ਮਾਲਣ ਸੋਚਦੀ ਹੈ ਕਿ ਇਹ ਉਹੋ ਬਜ਼ੁਰਗ ਹੈ ਜਿਹੜਾ ਕਦੇ ਉਸਨੂੰ ਘਰੋਂ ਕੱਢ ਦੇਣ ਦੀ ਸਲਾਹ ਦਿੰਦਾ ਹੈ।
ਇਸ ਤੋਂ ਬਾਅਦ ਬੂੜ ਸਿੰਘ ਮੁਮਤਾਜ਼ ਖ਼ਾਨ ਨਾਲ ਹੀਰਾ ਮੰਡੀ ਜਾਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਸੁਲਤਾਨਾ ਨਾਲ ਹੋ ਜਾਂਦੀ ਹੈ। ਉਹ ਸੁਲਤਾਨਾ ਦੀ ਹਰ ਅਦਾ ਤੇ ਫਿਦਾ ਹੋ ਜਾਂਦਾ ਹੈ, ਉਹੀ ਹੌਲੀ-ਹੌਲੀ ਮਾਲਣ ਤੋਂ ਦੂਰ ਹੋਣ ਲੱਗਦਾ ਹੈ।
ਉਧਰੋਂ ਮਾਲਣ ਗਰਭਵਤੀ ਹੋ ਜਾਂਦੀ ਹੈ। ਬੂੜ ਸਿੰਘ ਪਤਾ ਲੱਗਣ ਤੇ ਉਸਨੂੰ ਚਾਰ ਪੁੜੀਆਂ ਲਿਆ ਕੇ ਦਿੰਦਾ ਹੈ ਕਿ ਖਾ ਕੇ ਉਹ ਠੀਕ ਹੋ ਜਾਵੇਗੀ ਪਰ ਉਹ ਪੁੜੀਆਂ ਤਾਂ ਉਸ ਮਾਲਣ ਦੇ ਪੇਟ ਅੰਦਰ ਪਲ ਰਹੇ ਬੀਜ ਨੂੰ ਮਸਲਣ ਲਈ ਸਨ। ਮਾਲਣ ਨੂੰ ਇਕ ਪੁੜੀ ਖਾਣ ਨਾਲ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਉਹ ਪੁੜੀਆਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਗਈ ਤੇ ਉਸ ਨੇ ਰਹਿੰਦੀਆਂ ਪੁੜੀਆਂ ਸੁੱਟ ਦਿੱਤੀਆਂ। ਉਹ ਜਣੇਪੇ ਸਮੇਂ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਉਸ ਦੇ ਕੁੜੀ ਹੁੰਦੀ ਹੈ, ਜਿਸ ਕਰਕੇ ਬੂੜ ਸਿੰਘ ਬਹੁਤ ਗੁੱਸੇ ਹੁੰਦਾ ਹੈ ਤੇ ਉਹ ਵਾਪਸ ਆਈ ਮਾਲਣ ਨੂੰ ਆਖਦਾ ਹੈ :
ਕੁੜੀ ਨੂੰ ਜੰਮਦਿਆਂ ਸਾਰ ਮਾਰਿਆ ਕਿਉਂ ਨਹੀਂ? ਜੇ ਜੰਮਣਾ ਹੀ ਸੀ, ਤਾਂ ਮੁੰਡਾ ਕਿਉਂ ਨਾ ਜਣਿਆ।" ਦੋਨੋਂ ਵਾਰ ਉਸ ‘ਕਿਉਂ` ਤੇ ਪੂਰਾ ਜ਼ੋਰ ਲਾ ਦਿੱਤਾ।
ਇੱਥੇ ਹੀ ਬੂੜ ਸਿੰਘ ਆਪਣੇ ਪਿਤਾ ਸਾਹਮਣੇ ਆਪਣਾ ਦੂਜਾ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਦਾ ਹੈ। ਇੱਥੇ ਹੀ ਬਿਰਤਾਂਤਕਾਰ ਚੱਲਦੇ ਬਿਰਤਾਂਤ ਨੂੰ ਵਿਚ ਹੀ ਰੋਕ ਕੇ ਆਪ ਆਪਣੀ ਵਿਚਾਰਧਾਰਾ ਨੂੰ ਪੇਸ਼ ਕਰਨ ਲੱਗਦਾ ਹੈ :
ਗੁਲਾਮ ਸਮਾਜ ਵਿਚ ਔਰਤ ਹੋਣਾ ਹੀ ਲਾਹਨਤ ਹੈ। ਜਨਮ ਸਮੇਂ ਪੱਥਰ, ਵਿਆਹ ਸਮੇਂ ਭਾਰ, ਵਿਆਹ ਪਿੱਛੋਂ ਵਗਦਾ ਨਾਸੂਰ ਤੇ ਜੇ ਬਦਕਿਸਮਤੀ ਨਾਲ ਉਹ ਮੁੜ ਕੁੜੀ ਨੂੰ ਜਨਮ ਦੇਣ ਦਾ ਗੁਨਾਹ ਕਰ ਬੈਠੇ, ਮਨਹੂਸ ਸਮਝੀ ਜਾਂਦੀ ਹੈ...ਇਹ ਉਹ ਮਰਦ ਦਾ ਸਮਾਜ ਹੈ, ਜਿਸ ਕਦੇ ਔਰਤ ਨੂੰ ਜ਼ਿੰਦਗੀ ਦੀ ਦੇਵੀ ਸਮਝ ਕੇ ਪੂਜਾ ਕੀਤੀ ਸੀ। ਵਾਸਤਵ ਵਿਚ ਔਰਤ ਨੂੰ ਉਸ ਦੀ ਬਰਾਬਰ ਦੀ ਹੈਸੀਅਤ ਤੋਂ ਵਾਂਝਿਆ ਕਰ ਭਾਵ ਸਮਾਜੀ ਤੌਰ ਤੇ ਬੇਹਥਿਆਰ ਕਰਕੇ ਗੁਲਾਮਾਂ ਦੀ ਵੀ ਗੁਲਾਮ ਬਣਾ ਕੇ ਰੱਖ ਦਿੱਤਾ।
ਬੂੜ ਸਿੰਘ ਸੁਲਤਾਨਾ ਨੂੰ ਵਿਆਹ ਬਾਰੇ ਪੁੱਛਦਾ ਹੈ ਪਰ ਉਹ ਨਾ ਕਰ ਦਿੰਦੀ ਹੈ ਤੇ ਉਸ ਦੇ ਬੂੜੇ ਨਾਲ ਵਾਰਤਾਲਾਪ ਤੋਂ ਇਕ ਵੇਸਵਾ ਦੀ ਮਜ਼ਬੂਰੀ ਦਾ ਲੱਗਦਾ ਹੈ :
“ਬੂੜਿਆ! ਤੂੰ ਮੇਰੀਆਂ ਗੱਲਾਂ ਨੂੰ ਯਾਦ ਕਰ-ਕਰ ਰੋਵੇਗਾ ਤੇ ਸੰਭਲ ਜਾਣ ਲਈ ਵੀ ਕੋਈ ਮੌਕਾ ਵੀ ਹੁੰਦਾ ਵੇ।" ਮੇਰਾ ਧਾਹੀ ਰੋਣ ਨੂੰ ਜੀ ਕਰਦਾ ਹੈ, ਪਰ ਰੋ ਨਹੀਂ ਸਕਦੀ। ਕਿੰਨੇ ਲੱਖ ਕਰੋੜ ਦਿਲ ਹਨ, ਜਿਹੜੇ ਜਹਿਨ `ਚ ਆਏ ਬੇਜ਼ਾਨ ਧੜਕ ਤਾਂ ਰਹੇ ਹਨ ਪਰ ਆਪਣੇ ਸਦਾ ਸਜਰੇ ਜ਼ਖ਼ਮਾਂ ਤੇ ਧਾਹ ਵੀ ਨਹੀਂ ਮਾਰ ਸਕਦੇ...ਮੈਨੂੰ ਆਪਣੇ ਮਾਂ-ਬਾਪ ਦਾ ਕੱਖ ਪਤਾ ਨਹੀਂ, ਕੌਣ ਸਨ, ਕਿੱਥੇ ਹਨ। ਜਿਸ ਮੈਨੂੰ ਥੋੜਾ ਬਹੁਤ ਜਾਣਿਆ ਹਮਦਰਦੀ ਦਿੱਤੀ। ਜ਼ਿੰਦਗੀ ਦੀ ਅਹਿਮੀਅਤ ਜਗਾਉਣ ਵਾਲਾ ਪਿਆਰ ਦਿੱਤਾ, ਉਹ ਮੇਰਾ ਮਹਿਬੂਬ ਪਿਛਲੇ ਹਫ਼ਤੇ ਬੜੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਗਿਆ।
ਇਸ ਘਟਨਾ ਮਗਰੋਂ ਸੁਲਤਾਨਾ ਕਿਤੇ ਦੂਰ ਚਲੀ ਜਾਂਦੀ ਹੈ, ਕੁਝ ਪਤਾ ਨਹੀਂ ਕਿ ਉਹ ਕਿਤੇ ਦੌੜ ਗਈ ਹੈ ਜਾਂ ਮਰ ਗਈ ਹੈ। ਸੁਲਤਾਨਾ ਤੋਂ ਬਾਅਦ ਉਹ ਰੀਹਾਨਾ ਨਾਲ ਮੁਹੱਬਤ ਕਰਨ ਲੱਗ ਜਾਂਦਾ ਹੈ। ਉਧਰ ਮਾਲਣ ਦੁਬਾਰਾ ਗਰਭਵਤੀ ਹੋ ਜਾਂਦੀ ਹੈ। ਉਹ ਜਣੇਪੇ ਲਈ ਆਪਣੇ ਪੇਕੇ ਆ ਜਾਂਦੀ ਹੈ। ਚੱਲ ਰਹੇ ਬਿਰਤਾਂਤ ਵਿਚ ਬਿਰਤਾਂਤਕਾਰ ਅਸੰਤੁਲਨ ਸਿਰਜਦਾ ਹੈ, ਮਾਲਣ ਦੇ ਭਰਾ-ਭਰਜਾਈ ਪਲੇਗ ਕਰ ਕੇ ਮਰ ਜਾਂਦੇ ਤੇ ਮਾਲਣ ਆਪਣੇ ਭਰਾ ਦੀ ਬੱਚੀ ਨੂੰ ਨਾਲ ਲੈ ਕੇ ਪੇਕੇ ਆ ਜਾਂਦੀ ਹੈ। ਮਾਲਣ ਦਾ ਆਪਣਾ ਬੱਚਾ ਜਨਮ ਤੋਂ ਬਾਅਦ ਖਤਮ ਹੋ ਜਾਂਦਾ ਹੈ। ਇਸ ਦਾ ਭੇਤ ਉਹ ਬੂੜ ਸਿੰਘ ਤੋਂ ਲੁਕੋ ਕੇ ਰੱਖਦੀ ਹੈ।
ਇਸ ਤਰ੍ਹਾਂ ਮਾਲਣ ਦੋਹਾਂ ਬੱਚੀਆਂ ਨੂੰ ਲੈ ਕੇ ਪੇਕੇ ਆ ਗਈ। ਬੂੜ ਸਿੰਘ ਦੀ ਬਦਲੀ ਸਰਹੰਦ ਹੋ ਜਾਂਦੀ ਹੈ ਉਹ ਕੁਝ ਦਿਨ ਘਰ ਆਉਂਦਾ ਹੈ ਤੇ ਘਰ ਦਾ ਬਦਲਿਆ ਤੌਰ-ਤਰੀਕਾ ਉਸਨੂੰ ਪ੍ਰਭਾਵਿਤ ਕਰਦਾ ਹੈ। ਫਿਰ ਵੀ ਉਹ ਆਪਣਾ ਰੋਹਬ ਬਣਾਈ ਰੱਖਣ ਲਈ ਮਾਲਣ ਨੂੰ ਪਹਿਲਾਂ ਨਾ ਆਉਣ ਕਰਕੇ ਗੁੱਸੇ ਹੁੰਦਾ ਹੈ ਪਰ ਉਹ ਸਪੱਸ਼ਟ ਰੂਪ ਵਿਚ ਬੂੜੇ ਨੂੰ ਸੰਬੋਧਿਤ ਹੁੰਦੀ ਹੈ। ਇੱਥੇ ਬਿਰਤਾਂਤਕਾਰ ਖੁੱਲ੍ਹੇ ਸਿੱਧੇ ਬੋਲ ਰਾਹੀਂ ਮਾਲਣ ਤੇ ਫੋਕਸ ਕਰਦਾ ਹੈ :
“ਮੈਂ ਅੱਗੋਂ ਪਿੱਛੋਂ ਏਥੇ ਈ ਆਉਣਾ ਸੀ। ਪਰ...।" ਪਰ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਕਰ ਲਵੋ, ਮੇਰੀ ਕੋਈ ਚਿੰਤਾ ਨਾ ਕਰੋ, ਮੈਂ ਤੁਹਾਡੀ ਖੁਸ਼ੀ ਵਿਚ ਕਿਸੇ ਤਰ੍ਹਾਂ ਦੀ ਵੀ ਭੰਗਣਾ ਨਹੀਂ ਪਾਵਾਂਗੀ। ਮੈਥੋਂ ਜੋ ਲਿਖਵਾਉਣਾ ਏ, ਲਿਖਾ ਲਵੋ ਪਰ ਮੈਂ ਇਸ ਘਰੋਂ ਬਿਲਕੁਲ ਨਹੀਂ ਜਾਵਾਂਗੀ। ਤੁਹਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦੇਵਾਂਗੀ। ਜੇਰਾ ਤੇ ਜਬਤ ਕਰਦਿਆਂ ਵੀ ਉਸ ਦੇ ਹੰਝੂ ਰੁਕ ਨਾ ਸਕੇ। ਉਹ ਨਿੱਤ ਦਾ ਝੰਜਟ ਮੁਕਾ ਦੇਣਾ ਚਾਹੁੰਦੀ ਸੀ ਤੇ ਚਾਹੁੰਦੀ ਸੀ, ਰੱਤ ਸੁਕਾਉਣੇ ਸੰਸਿਆਂ ਤੋਂ ਅਜ਼ਾਦ ਹੋ ਕੇ ਬੱਚੀਆਂ ਨੂੰ ਪਾਲੇ ਕਿਉਂਕਿ ਉਸ ਆਪਣੀ ਜ਼ਿੰਦਗੀ ਨੂੰ ਬੱਚਿਆਂ ਨਾਲ ਜੋੜ ਲਿਆ ਸੀ।"
ਬੂੜ ਮਾਲਣ ਦੀਆਂ ਇੰਨੀਆਂ ਸਪੱਸ਼ਟ ਗੱਲਾਂ ਸੁਣ ਕੇ ਹੈਰਾਨ ਹੋ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦੇ ਗਲਤ ਇਰਾਦਿਆਂ ਦੀ ਮੌਤ ਹੋ ਚੁੱਕੀ ਹੋਵੇ। ਜਾਣ ਤੋਂ ਪਹਿਲਾਂ ਉਹ ਜਗਰੂਪ ਨੂੰ ਚੋਰੀ-ਛਿਪੇ ਦੇਖ ਰਿਹਾ ਹੁੰਦਾ ਹੈ ਤੇ ਮਾਲਣ ਜਗਰੂਪ ਨੂੰ ਉਸ ਦੀ ਗੋਦੀ ਵਿਚ ਦੇ ਦੇਂਦੀ ਹੈ ਤੇ ਉਹ ਮਾਲਣ ਨੂੰ ਆਖਦਾ ਹੈ ਕਿ ਇਹ ਕੁੜੀ ਸੋਹਣੀ ਹੈ। ਇਸ ਤਰ੍ਹਾਂ ਬੂੜ ਸਿੰਘ ਹੌਲੀ-ਹੌਲੀ ਸੁਧਰ ਜਾਂਦਾ ਹੈ।
ਇਸ ਤੋਂ ਅਗਲੇ ਕਾਂਡ ਵਿਚ ਬਿਰਤਾਂਤਕਾਰ ਮਾਲਣ ਦੇ ਮੁੰਡਾ ਹੋਣ ਦਾ ਜ਼ਿਕਰ ਕਰਦਾ ਹੈ। ਬਿਰਤਾਂਤਕਾਰ ਤੇਜ਼ੀ ਨਾਲ ਘਟਨਾਕ੍ਰਮ ਨੂੰ ਅੱਗੇ ਤੋਰਦਾ ਹੈ।
ਬੂੜ ਸਿੰਘ ਮੁੰਡਾ ਲੱਭ ਕੇ ਸਤਵੰਤ ਦਾ ਵਿਆਹ ਰੱਖ ਦਿੰਦਾ ਹੈ। ਵਿਆਹ ਤੇ ਨਾਨਕਾ ਮੇਲ ਆਉਂਦਾ ਹੈ। ਇੱਥੇ ਬਿਰਤਾਂਤਕਾਰ ਅਸੰਤੁਲਨ ਸਿਰਜਦਾ ਹੈ, ਜਦੋਂ ਮਾਲਣ ਦੀਆਂ ਭਰਜਾਈਆਂ ਜਗਰੂਪ ਨੂੰ ਮੁਹਾਂਦਰੇ ਤੋਂ ਪਛਾਣਦੀਆਂ ਹਨ :
“ਗੁਲਜਾਰੇ ਦੀ ਧੀ ਏਹੋ ਏ ਨਾਂ?" ਜਗਰੂਪ ਦੇ ਨਕਸ਼ਾਂ ਨੇ ਉਸਨੂੰ ਯਕੀਨ ਕਰਵਾ ਦਿੱਤਾ। ਉਸ ਮਾਲਣ ਦਾ ਉੱਤਰ ਉਡੀਕੇ ਬਿਨਾਂ ਕੁੜੀ ਨੂੰ ਬੁੱਕਲ ਵਿਚ ਲੈ ਲਿਆ ਅਤੇ ਡੁਸਕਾਰੇ ਭਰ ਭਰ ਰੋਣ ਲੱਗ ਪਈ।...ਨਾਨਕੇ ਮੇਲ ਤੋਂ ਬਿਨਾਂ ਹੈਰਾਨੀ ਨੇ ਸਾਰਿਆਂ ਦੀਆਂ ਖਾਨਿਉ ਗਵਾ ਦਿੱਤੀਆਂ।"
ਜਗਰੂਪ ਅਸਲ ਵਿਚ ਮਾਲਣ ਦੇ ਭਰਾ ਗੁਲਜਾਰੇ ਦੀ ਧੀ ਹੈ ਜਿਸ ਦਾ ਬਿਰਤਾਂਤਕਾਰ ਨੇ ਹੁਣ ਤਕ ਭੇਤ ਲੁਕਾਇਆ ਹੋਇਆ ਹੈ, ਇਸ ਦਾ ਮਾਲਣ ਨੇ ਬੂੜ ਸਿੰਘ ਨੂੰ ਨਹੀਂ ਦੱਸਿਆ ਪਰ ਅਚਾਨਕ ਨਾਨਕੇ ਮੇਲ ਤੋਂ ਇਹ ਭੇਦ ਖੁੱਲਦਾ ਹੈ ਤੇ ਫਿਰ ਬਿਰਤਾਂਤਕਾਰ ਨਾਵਲ ਵਿਚ ਵਾਪਰਨ ਵਾਲੇ ਅਸੰਤੁਲਨ ਦੀ ਝਲਕ ਦਿੰਦਾ ਹੈ :
“ਡੋਰ-ਭੋਰ ਮਾਲਣ ਨੂੰ ਕਿਸੇ ਨਹੀਂ ਸੀ ਵੇਖਿਆ ਪਰ ਬੂੜ ਦੀਆਂ ਪਾੜ-ਖਾਣੀਆਂ ਅੱਖਾਂ ਤੋਂ ਉਤਾਂਹ ਜੰਗਾਲਿਆ ਤਰਸ਼ੂਲ ਇਕ ਵਾਰ ਫਿਰ ਉਭਰ ਆਇਆ...ਮਾਲਣ ਨੇ ਇਕ ਪਲ ਲਈ ਬੂੜ ਨਾਲ ਅੱਖਾਂ ਮਿਲਾਈਆਂ, ਉਹ ਕੰਬੇ ਬਿਨਾਂ ਨਾ ਰਹਿ ਸਕੀ।"
ਇਸ ਤੋਂ ਬਾਅਦ ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਤੇ ਫੋਕਸ ਕਰਦਾ ਹੈ ਜੋ ਪਰਾਈ ਧੀ ਹੋਣ ਦੇ ਅਹਿਸਾਸ ਨਾਲ ਖੇਰੂੰ-ਖੇਰੂ ਹੋ ਚੁੱਕੀ ਸੀ :
“ਜਗਰੂਪ ਆਪਣੀ ਥਾਂ ਰੋਣ ਹਾਕੀ ਹੋਈ ਪਈ ਸੀ। ਇਕ ਪਿੱਛੋਂ ਦੂਜੀ ਬੁੱਕਲ ਵਿਚ ਜਾਂਦਿਆਂ ਉਸ ਦਾ ਦਮ ਘੁੱਟਿਆ ਗਿਆ ਸੀ। ਉਸ ਦਾ ਚਲਦਾ ਲਹੂ, ਧੜਕਦਾ ਦਿਲ ਅਤੇ ਮਹਿਸੂਸ ਕਰਦਾ ਦਿਮਾਗ਼ ਅਟੱਲ ਹੋ ਕੇ ਰਹਿ ਗਏ ਸਨ। ਸਭ ਤੋਂ ਵੱਡੀ ਸੱਟ ਜਿਸ ਉਸ ਦੇ ਦਿਮਾਗ਼ ਬਿਰਤਾਂਤਕਾਰ ਬਉਰਾ ਕਰ ਸੁੱਟਿਆ ਸੀ, ਇਸ ਘਰ ਵਿਚ ਪਰਾਈ ਧੀ ਹੋਣ ਦਾ ਅਹਿਸਾਸ ਸੀ- ਉਹ ਚੀਕ ਮਾਰ ਕੇ ਬੇਹੋਸ਼ ਹੋਣ ਵਾਲੀ ਹੀ ਸੀ ਕਿ ਮੱਲੋਮੱਲੀ ਖਹਿੜਾ ਛੁਡਾ ਕੇ ਅਗਲੇ ਅੰਦਰ ਨੱਸ ਗਈ ਅਤੇ ਜਾਂਦੀ ਹੀ ਪਲੰਘ ਉੱਤੇ ਡਿੱਗ ਪਈ। ਆਉਣ ਵਾਲੇ ਮੇਲ ਨੇ ਰੂਪ ਦੀ ਮਾਨਸਿਕਤਾ ਬਿਰਤਾਂਤਕਾਰ ਨਹੀਂ ਸਮਝਿਆ ਸੀ।"
ਮਾਲਣ ਜਗਰੂਪ ਨੂੰ ਹੌਂਸਲਾ ਦਿੰਦੀ ਹੈ। ਜਗਰੂਪ ਖੂਹ ਵਿਚ ਛਾਲ ਮਾਰਨਾ ਚਾਹੁੰਦੀ ਹੈ ਪਰ ਸਤਵੰਤ ਦੇ ਵਿਆਹ ਵਿਚ ਬਦਸ਼ਗਣੀ ਹੋਣ ਕਰਕੇ ਰੁਕ ਜਾਂਦੀ ਹੈ। ਵਿਆਹ ਤੋਂ ਮਗਰੋਂ ਬੂੜ ਸਿੰਘ ਮਾਲਣ ਤੋਂ ਜਗਰੂਪ ਬਾਰੇ ਪੁੱਛਦਾ ਹੈ ਕਿ ਜੇਕਰ ਜਗਰੂਪ ਤੇਰੇ ਭਰਾ ਦੀ ਕੁੜੀ ਹੈ ਤਾਂ ਤੇਰਾ ਬੱਚਾ ਕਿੱਥੇ ਗਿਆ। ਮਾਲਣ ਇਸ ਭੇਦ ਖੋਲਦੀ ਹੈ :
“ਮੁੰਡਾ ਹੋਇਆ ਸੀ, ਉਹ ਦੋ ਘੰਟੇ ਨਾ ਜਿਉਂਦਾ ਰਿਹਾ। ਜਗਰੂਪ ਉਦੋਂ ਇਕ ਮਹੀਨੇ ਦੀ ਸੀ ਤੇ ਇਕ ਦੋ ਦਿਨਾਂ ਦੀ ਅਗੇਤ ਪਛੇਤ ਨਾਲ ਭਰਾ ਤੇ ਭਰਜਾਈ।..." ਮਾਲਣ ਦਾ ਗਲ ਭਰ ਆਇਆ ਤੇ ਉਸ ਗੱਲ ਵਿਚਕਾਰ ਛੱਡ ਦਿੱਤੀ।"
ਇਹ ਗੱਲਾਂ ਸੁਣ ਕੇ ਬੂੜ ਸਿੰਘ ਮਾਲਣ ਬਿਰਤਾਂਤਕਾਰ ਜਗਰੂਪ ਦੇ ਹਿੱਸੇ ਦੀ ਜ਼ਮੀਨ ਲੈਣ ਲਈ ਆਖਦਾ ਹੈ। ਮਾਲਣ ਮੰਨਦੀ ਨਹੀਂ ਤੇ ਬੂੜ ਸਿੰਘ ਉਸ ਨੂੰ ਜਗਰੂਪ ਦੇ ਵਿਆਹ ਤੇ ਖਰਚ ਨਾ ਕਰਨ ਦੀ ਧਮਕੀ ਦਿੰਦਾ ਹੈ। ਅਸਲੀਅਤ ਪਤਾ ਲੱਗਣ ਤੇ ਸਾਰੇ ਹੀ ਜਗਰੂਪ ਦਾ ਨਿਰਾਦਰ ਕਰਦੇ ਹਨ। ਉਸ ਨੂੰ ਪੜ੍ਹਨ ਤੋਂ ਹਟਾ ਲਿਆ ਜਾਂਦਾ ਹੈ। ਉਧਰ ਹਰਨੇਕ ਫ਼ਿਲਮਾਂ ਵੇਖ ਵੇਖ ਕੇ ਵਿਗੜ ਜਾਂਦਾ ਹੈ। ਉਧਰ ਸਤਵੰਤ ਦਾ ਘਰਵਾਲਾ ਜਗਰੂਪ ਤੇ ਡੋਰੇ ਸੁੱਟਦਾ ਹੈ ਜਿਸ ਨਾਲ ਜਗਰੂਪ ਦੁਖੀ ਹੁੰਦੀ ਹੈ। ਦੁਖੀ ਹੋਈ ਜਗਰੂਪ ਦੀ ਅਚਾਨਕ ਇਕ ਨੌਜਵਾਨ ਕੇਸਰ ਤੇ ਨਜ਼ਰ ਪੈਂਦੀ ਹੈ ਜੋ ਹਾਕੀ ਦਾ ਖਿਡਾਰੀ ਸੀ ਤੇ ਉਹ ਦੋਵੇਂ ਇਕ-ਦੂਜੇ ਨੂੰ ਦੇਖਦੇ ਹਨ। ਦੋ ਦਿਨਾਂ ਬਾਅਦ ਉਹ ਪਿਛਵਾੜੇ ਵਿਚ ਗਈ ਸੀ ਕਿ ਉਹ ਨੌਜਵਾਨ ਫਿਰ ਆ ਗਿਆ ਤੇ ਇਕ ਚਿੱਠੀ ਸੁੱਟਦਾ ਹੈ ਕਿ ਉਹ ਉਸ ਦੇ ਹਰ ਦੁੱਖ ਨੂੰ ਦੂਰ ਕਰਨ ਦਾ ਯਤਨ ਕਰੇਗਾ।
ਅਚਾਨਕ ਇਕ ਦਿਨ ਹਾਕੀ ਦਾ ਮੈਚ ਦਿਖਾਉਣ ਲਈ ਬੇਜ਼ੀ ਉਸ ਨੂੰ ਨਾਲ ਲੈ ਜਾਂਦੀ ਹੈ ਤੇ ਉੱਥੇ ਜਗਰੂਪ ਕੇਸਰ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ। ਮਾਲਣ ਦੋਹਾਂ ਦੀਆਂ ਹਰਕਤਾਂ ਨੂੰ ਤਾੜ ਲੈਂਦੀ ਹੈ। ਘਰ ਆ ਕੇ ਅਗਲੇ ਦਿਨ ਕੇਸਰ ਫਿਰ ਆਉਂਦਾ ਹੈ ਤੇ ਜਗਰੂਪ ਨਾਲ ਗੱਲ ਕਰਨੀ ਚਾਹੁੰਦਾ ਹੈ। ਉੱਪਰੋਂ ਮਾਲਣ ਆ ਕੇ ਦੇਖ ਲੈਂਦੀ ਹੈ ਤੇ ਕੇਸਰ ਦਾ ਨਾਮ ਪਤਾ ਪੁੱਛਦੀ ਹੈ। ਜਗਰੂਪ ਡਰਦੀ ਹੋਈ ਅੰਦਰ ਆ ਕੇ ਤੇਲ ਪਾ ਕੇ ਸੜਨ ਦੀ ਕੋਸ਼ਿਸ਼ ਕਰਦੀ ਹੈ ਕਿ ਮਾਲਣ ਆ ਕੇ ਉਸ ਨੂੰ ਰੋਕ ਲੈਂਦੀ ਹੈ। ਇਸ ਤੋਂ ਮਗਰੋਂ ਬਿਰਤਾਂਤਕਾਰ ਤੇਜ਼ੀ ਨਾਲ ਘਟਨਾਕ੍ਰਮ ਨੂੰ ਅੱਗੇ ਤੋਰਦਾ ਹੈ ਤੇ ਮਾਲਣ ਜਗਰੂਪ ਨੂੰ ਲੈ ਕੇ ਆਪਣੇ ਪੇਕੇ ਜਾਂਦੀ ਹੈ ਤੇ ਉੱਥੇ ਉਹ ਆਪਣੇ ਭਰਾਵਾਂ ਨਾਲ ਰੂਪ ਦੇ ਸਾਕ ਬਾਰੇ ਗੱਲ ਤੋਰਦੀ ਹੈ। ਉਸ ਦਾ ਭਰਾ ਧੱਕੇ ਨਾਲ ਬੂੜ ਸਿੰਘ ਨੂੰ ਨਾਲ ਲੈ ਕੇ ਸ਼ੇਰੇਆਣੇ ਜਾ ਕੇ ਕੇਸਰ ਨਾਲ ਰੂਪ ਦਾ ਵਿਆਹ ਪੱਕਾ ਕਰ ਆਉਂਦਾ ਹੈ। ਜਗਰੂਪ ਦਾ ਵਿਆਹ ਆ ਜਾਂਦਾ ਹੈ ਤੇ ਮਾਲਣ ਬੂੜ ਤੋਂ ਚੋਰੀ ਸਾਰਾ ਖਰਚ ਆਪ ਕਰਦੀ ਹੈ।
ਕੇਸਰ ਰੂਪ ਦਾ ਮੁਕਲਾਵਾ ਲੈਣ ਆਉਂਦਾ ਹੈ। ਕੁੜੀਆਂ ਮਜ਼ਾਕ ਕਰਦੀਆਂ ਹਨ। ਹਰਨੇਕ ਤੇ ਮਨਮੋਹਨ ਉਸ ਨੂੰ ਸ਼ਰਾਬ ਪੀਣ ਲਈ ਆਖਦੇ ਹਨ ਪਰ ਉਹ ਨਾਂਹ ਕਰ ਦਿੰਦਾ ਹੈ। ਮੁਕਲਾਵਾ ਲੈ ਕੇ ਉਹ ਵਾਪਸ ਚਲੇ ਜਾਂਦੇ ਹਨ।
ਬਿਰਤਾਂਤਕਾਰ ਰੂਪ ਦੇ ਸਹੁਰੇ ਘਰ ਵਿਚਰਨ, ਕੰਮ-ਕਾਰ ਕਰਨ ਤੇ ਫੋਕਸ ਕਰਦਾ ਹੈ। ਇਸ ਦੇ ਨਾਲ-ਨਾਲ ਹੀ ਇੱਥੇ ਉਹ ਰੂਪ ਦੇ ਨਾਲ ਆਉਂਦੇ ਹਰ ਪਾਤਰ ਦੇ ਚਰਿੱਤਰ ਤੇ ਵੀ ਫੋਕਸ ਕਰਦਾ ਹੈ :
“ਤੇਜੋ ਆਪਦੇ ਨਾਂ ਮੁਤਾਬਕ ਲੋੜ ਤੋਂ ਵੱਧ ਈ ਚਲਾਕ ਸੀ। ਉਹ ਉਸ ਦੇ ਕੰਮਾਂ `ਚ ਨੁਕਸ ਤਾਂ ਕੱਢਦੀ ਪਰ ਪ੍ਰਸੰਸਾ ਕਰਕੇ ਸਾਹਮਣੇ ਦੀ ਵਖੀ ਪਰਨਿਉਂ ਪੈਣਾ ਉਸ ਦਾ ਆਪਣੀ ਤਰ੍ਹਾਂ ਦਾ ਕਰਤੱਵ ਸੀ।...ਤੇਜੋ ਦੇ ਘਰ ਵਾਲਾ ਰਤਨ ਸਿੰਘ ਬਹੁਤ ਚਤਰ ਆਦਮੀ ਨਹੀਂ ਸੀ। ਉਹ ਆਪਣੀ ਮਾਂ ਵਾਂਗ ਸਿਧੇ-ਸਾਦੇ ਸੁਭਾਅ ਵਾਲਾ ਕਮਾਊ ਗਭਰੂ ਸੀ ਜਿਸ ਦੇ ਮੋਢਿਆਂ ਉੱਤੇ ਦੋ ਹਲ ਦੀ ਵਾਹੀ ਦਾ ਭਾਰ ਸੀ।...ਰੂਪ ਨੂੰ ਉਸ ਘਰ ਵਿਚ ਆਪਣੀ ਸੱਸ ਇਕ ਦਰਵੇਸ਼ ਜੀਅ ਜਾਪਿਆ ਸੀ। ਉਸ ਦੀ ਸਾਰੇ ਜੀਅ ਘਟ ਪ੍ਰਵਾਹ ਕਰਦੇ ਸਨ। ਲੰਮੀ ਬੀਮਾਰੀ ਨਾਲ ਉਸ ਦੇ ਜੋੜ-ਜੋੜ ਚੋਂ ਪੀੜਾਂ ਉੱਠ ਖਲੋਤੀਆਂ ਸਨ...ਇਸ ਟੱਬਰ ਦੇ ਜੀਆਂ ਵਿਚ ਇਕ ਹੋਰ ਰੂਪ ਵੀ ਸੀ, ਜਿਸ ਨੂੰ ਰੂਪ ਨੇ ਆਪਣੇ ਦਿਲ ਦਾ ਪਿਆਰ ਦਿੱਤਾ, ਉਹ ਸੀ ਕੇਸਰ ਦਾ ਛੋਟਾ ਭਰਾ ਤਾਰਾ...।"
ਇਸ ਤੋਂ ਬਾਅਦ ਅਚਾਨਕ ਫਿਰ ਬਿਰਤਾਂਤ ਵਿਚ ਅਸੰਤੁਲਨ ਵਾਪਰਦਾ ਹੈ। ਬਿਰਤਾਂਤਕਾਰ ਸੰਕੇਤਕ ਇਕਾਈ ਰਾਹੀਂ ਇਸ ਦੀ ਜਾਣਕਾਰੀ ਦਿੰਦਾ ਹੈ :
“ਰੂਪ ਦੇ ਸ਼ਾਂਤ ਵਗਦੇ ਸਾਗਰ ਵਿਚ ਅਚਾਨਕ ਗੜਬੜ ਉੱਠ ਖਲੋਤੀ, ਜਿਵੇਂ ਮਾਖਿਉ ਮਾਝੇ ਦੁੱਧ ਵਿਚ ਜਿਹੜਾ ਖੀਰ ਬਣਾ ਰਿਹਾ ਸੀ, ਖੋਇਆ ਹੋ ਰਿਹਾ ਸੀ, ਅਚਾਨਕ ਖੱਟੇ ਦੀਆਂ ਛਿੱਟਾਂ ਆ ਪੈਣ...।"
ਕੇਸਰ ਖੇਡਾਂ ਕਰਕੇ ਜਲੰਧਰ ਗਿਆ ਹੋਇਆ ਸੀ। ਅਚਾਨਕ ਰਾਤ ਨੂੰ ਰੂਪ ਨੇ ਚੁਬਾਰੇ ਵਿਚ ਇਕ ਮਰਦ ਦਾ ਝਾਉਲਾ ਵੇਖਿਆ ਤੇ ਉਹ ਡਰ ਗਈ ਪਰ ਜਦੋਂ ਉਹ ਹਿੰਮਤ ਕਰਕੇ ਨੀਚੇ ਪੌੜੀਆਂ ਉਤਰ ਕੇ ਆਪਣੇ ਸਹੁਰੇ ਨੂੰ ਦੱਸਣ ਜਾਂਦੀ ਹੈ ਤਾਂ ਉਹ ਉੱਥੇ ਨਹੀਂ ਹੁੰਦਾ ਅਤੇ ਉਹ ਕੰਬ ਜਾਂਦੀ ਹੈ। ਵਾਪਿਸ ਆ ਕੇ ਉਹ ਦਰਵਾਜ਼ਾ ਬੰਦ ਕਰਕੇ ਝੀਥ ਵਿਚੋਂ ਵੇਖਦੀ ਹੈ ਕਿ ਉਹ ਮਰਦ ਤੇਜੋ ਦੇ ਕਮਰੇ ਵਿਚ ਜਾਂਦਾ ਹੈ, ਵਾਪਿਸ ਆਉਂਦੇ ਨੂੰ ਉਹ ਪਛਾਣ ਜਾਂਦੀ ਹੈ ਕਿ ਇਹ ਉਸ ਦਾ ਸਹੁਰਾ ਹੈ। ਇੱਥੇ ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਰਾਹੀਂ ਇਕੋ ਸਮੇਂ ਉਸ ਦੇ ਸਹੁਰੇ ਅਤੇ ਉਸ ਦੇ ਪਿਤਾ ਤੇ ਫੋਕਸ ਕਰਦਾ ਹੈ :
“ਇਹਦੀ ਜੀਭ, ਬਾਬਾ-ਬੀਬਾ ਕਰਦੀ ਖੰਡ ਦੀ ਛੁਰੀ, ਉਹ ਇਕ ਵਾਰ ਹੀ ਮੰਜੇ ਤੇ ਡਿੱਗ ਪਈ ਤੇ ਦੋਹਾਂ ਹੱਥਾਂ `ਚ ਮੂੰਹ ਘੁਟਦਿਆਂ ਸਿਰ ਨੂੰ ਤਿੰਨ ਵਾਰ ਨਹੀਂ ਨਹੀਂ ਨਹੀਂ ਦੀਆਂ ਭੁਆਟਣੀਆਂ ਦਿੱਤੀਆਂ। ਉਸ ਨੂੰ ਆਪਣਾ ਅੜ੍ਹਬ, ਲਾਲਚੀ ਤੇ ਸ਼ਰਾਬੀ ਪਿਤਾ ਲੱਖ ਦਰਜੇ ਚੰਗਾ ਤੇ ਸਾਊ ਪ੍ਰਤੀਤ ਹੋ ਰਿਹਾ ਸੀ।"
ਇਸ ਘਟਨਾ ਤੋਂ ਬਾਅਦ ਉਹ ਕਾਫੀ ਡਰ ਜਾਂਦੀ ਹੈ ਤੇ ਤਾਰੇ ਨੂੰ ਆਪਣੇ ਕੋਲ ਪਾ ਲੈਂਦੀ ਹੈ। ਸਵੇਰੇ ਉੱਠ ਕੇ ਉਸ ਦੀ ਸੱਸ ਦੇ ਪੁੱਛਣ ਤੇ ਕਿ ਉਹ ਰਾਤੀ ਤੁਰੀ ਫਿਰਦੀ ਰਹੀ ਹੈ, ਇਹ ਗੱਲ ਸੁਣ ਕੇ ਸਹੁਰਾ ਪਾੜ-ਖਾਣੀਆਂ ਨਜ਼ਰਾਂ ਨਾਲ ਉਸ ਨੂੰ ਝਾਕਦਾ ਹੈ। ਉਧਰੋਂ ਕੇਸਰ ਆ ਜਾਂਦਾ ਹੈ ਪਰ ਰੂਪ ਇਕਦਮ ਉਸ ਨੂੰ ਕੁਝ ਨਹੀਂ ਦੱਸਦੀ। ਬਿਰਤਾਂਤਕਾਰ ਪਿੱਛਲਝਾਤ ਰਾਹੀਂ ਤੇਜੋ ਪਾਤਰ ਰਾਹੀਂ ਇਸਤਰੀ ਦੀ ਮਜ਼ਬੂਰੀ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਉਹ ਪਿੱਛੋਂ ਭਾਵ ਆਪਦੇ ਪੇਕੇ ਘਰੋਂ ਗਰੀਬ ਹੋਣ ਕਰਕੇ ਉਹ ਆਪਣੇ ਸਹੁਰੇ ਘਰ ਵੱਸਣ ਲਈ ਆਪਦੇ ਸਹੁਰੇ ਦੀ ਵਧੀਕੀ ਦਾ ਸ਼ਿਕਾਰ ਹੁੰਦੀ ਹੈ :
“ਤੇਜੋ ਦੇ ਮਾਪੇ ਗਰੀਬ ਸਨ ਅਤੇ ਉਹ ਉਸ ਦੇ ਵਿਆਹ ਸਮੇਂ ਖਾਸ ਦਾਜ ਦਹੇਜ ਨਹੀਂ ਦੇ ਸਕੇ। ਸਜਰੇ ਰੱਜੇ ਦੁੱਲਾ ਸਿੰਘ ਜੱਟ ਨੇ ਇਸ ਗੱਲ ਨੂੰ ਆਪਣੀ ਹੱਤਕ ਸਮਝ ਲਿਆ ਸੀ।...ਸਹੁਰੇ ਨੇ ਤੇਜੋ ਨੂੰ ਛੱਡ ਦੇਣ ਲਈ ਮੂੰਹ ਪਾੜ ਕੇ ਕਹਿ ਦਿੱਤਾ...ਉਸ ਦੀਆਂ ਮੁਕਾਬਲੇ ਲਈ ਤਣੀਆਂ ਬੇਹਥਿਆਰ ਬਾਹਾਂ ਹਉਕਾ ਭਰ ਕੇ ਹਿੱਕ ਤੇ ਡਿੱਗ ਪਈਆਂ। ਮਜ਼ਬੂਰ ਤੇ ਬੇਵੱਸ ਔਰਤ ਆਪਣੇ ਪਾੜ ਖਾਣੇ ਸਮਾਜ ਵਿਚ ਹੋਰ ਵੀ ਮਜ਼ਲੂਮ ਹੋ ਗਈ।"
ਇਸ ਤੋਂ ਮਗਰੋਂ ਦੁੱਲਾ ਸਿੰਘ ਉਹੀ ਹੱਥਕੰਡੇ ਰੂਪ ਤੇ ਵੀ ਵਰਤਣੇ ਸ਼ੁਰੂ ਕਰ ਦਿੰਦਾ ਹੈ ਜੋ ਕਦੇ ਉਹ ਤੋਜੋ ਲਈ ਵਰਤਦਾ ਹੈ। ਉਹ ਗੋਹਾ-ਕੂੜਾ ਕਰਨ ਵਾਲੀ ਚੂੜੀ ਹਟਾ ਦਿੰਦਾ ਹੈ ਪਰ ਰੂਪ ਫਿਰ ਵੀ ਕੁਝ ਨਹੀਂ ਆਖਦੀ। ਉਸ ਤੋਂ ਬਾਅਦ ਉਹ ਰੂਪ ਦੇ ਦਾਜ ਦੇ ਕੱਪੜੇ ਸਿਉਣ ਵਾਲੀ ਮਸ਼ੀਨ ਆਪਦੀ ਧੀ ਗੁਰਦੇਵ ਨੂੰ ਦੇ ਦਿੰਦਾ ਹੈ। ਰੂਪ ਫਿਰ ਵੀ ਕੁਝ ਨਹੀਂ ਬੋਲਦੀ। ਫਿਰ ਵੀ ਪਾਸਾ ਪਲਟਦਿਆਂ ਨਾ ਵੇਖ ਉਹ ਦੂਜੇ ਤਰੀਕੇ ਰੂਪ ਨੂੰ ਕਾਬੂ ਕਰਨਾ ਚਾਹੁੰਦਾ ਹੈ ਤੇ ਉਹ ਉਸ ਨੂੰ ਸੂਟ ਲਿਆ ਕੇ ਦਿੰਦਾ ਹੈ ਤੇ ਮਸ਼ੀਨ ਲਿਆ ਕੇ ਦੇਣ ਲਈ ਵੀ ਆਖਦਾ ਹੈ। ਪਰ ਰੂਪ ਤੇ ਇਨ੍ਹਾਂ ਮਿਹਰਬਾਨੀਆਂ ਦਾ ਕੋਈ ਅਸਰ ਨਹੀਂ ਹੁੰਦਾ। ਅਚਾਨਕ ਬਿਰਤਾਂਤ ਵਿਚ ਫਿਰ ਅਸੰਤੁਲਨ ਵਾਪਰਦਾ ਹੈ ਜਦੋਂ ਦੁੱਲਾ ਸਿੰਘ ਹਵੇਲੀ ਵਿਚ ਰੂਪ ਪਿੱਛੋਂ ਮਾੜੀ ਨੀਯਤ ਨਾਲ ਜਾਂਦਾ ਹੈ ਤਾਂ ਰੂਪ ਜੇਰਾ ਕਰਕੇ ਉਸ ਨੂੰ ਵੰਗਾਰਦੀ ਹੈ :
“ਕਿਉਂ ਮੇਰੇ ਤੇ ਗੁਰਦੇਵ ਵਿਚ ਕੀ ਫਰਕ ਹੈ? ਤੇਰੇ ਵਰਗੇ ਧਰਮੀ ਪਿਉ ਦਾ ਮੂੰਹ ਕਾਲਾ ਕਰ ਕੇ ਪਿੰਡ `ਚ ਨਾ ਫੇਰਿਆ ਜਾਵੇ? ਕੀ ਖਿਆਲ ਐ? ਇਸ ਜਿਊਣ ਨਾਲੋਂ ਕੁੱਝ ਖਾ ਕੇ ਨਹੀਂ ਮਰਿਆ ਜਾਂਦਾ ਹੈ?"
ਪਰ ਦੁੱਲਾ ਸਿੰਘ ਫਿਰ ਚੁਸਤੀ ਵਰਤਦਾ ਹੈ ਤੇ ਘਰ ਜਾ ਕੇ ਉਹ ਆਪਦੀ ਗਲਤੀ ਨੂੰ ਢਕਣ ਲਈ ਰੂਪ ਤੇ ਦੂਸ਼ਣ ਲਾਉਂਦਾ ਹੈ :
“ਤੂੰ ਕੁੱਤੀਏ! ਹਵੇਲੀ ਯਾਰ ਹੰਢਾਉਣ ਗਈ ਸੀ ਜਾ ਬਾਲਣ ਲੈਣ। ਦੋ ਮਿੰਟ ਦੀ ਹੀ ਕਸਰ ਰਹਿ ਗਈ, ਜੇ ਉੱਥੇ ਦੋਹਾਂ ਦੇ ਟੋਟੇ ਨਾ ਕਰ ਦੇਂਦਾ। ਸਾਥੋਂ ਨਹੀਂ ਤੇਰੇ ਥਾਂ ਫਾਹੇ ਲਗੀਦਾ, ਤੂੰ ਕਨਾਰਾ ਕਰ, ਅਸੀਂ ਮੁੰਡਾ ਵਿਆਹ ਲਵਾਂਗੇ।"
ਦੁੱਲਾ ਸਿੰਘ ਧੱਕੇ ਨਾਲ ਕੇਸਰ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ਧੱਕੇ ਮਾਰ ਘਰੋਂ ਕੱਢ ਦਿੰਦਾ ਹੈ। ਉਹ ਜੇਰਾ ਕਰ ਤਾਰੇ ਦੇ ਸਕੂਲ ਜਾਂਦੀ ਹੈ ਤੇ ਉਸ ਨੂੰ ਉੱਥੋਂ ਲੈ ਕੇ ਪਿੰਡੋਂ ਬਾਹਰ ਆ ਕੇ ਕੇਸਰ ਨੂੰ ਉਡੀਕਦੀ ਹੈ। ਉਧਰੋਂ ਕੇਸਰ ਆ ਜਾਂਦਾ ਹੈ ਤੇ ਉਹ ਉਸ ਦੇ ਪੁੱਛਣ ਤੇ ਅਸਲੀਅਤ ਦੱਸਦੀ ਹੈ ਕਿ :
“ਮੈਂ ਉਸ ਦੀ ਨਹੀਂ ਬਣ ਸਕੀ।" ਉਸ ਰੋਂਦਿਆਂ ਆਪਣਾ ਮੂੰਹ ਢੱਕ ਲਿਆ ਅਤੇ ਉੱਥੇ ਹੀ ਬਹਿ ਗਈ।
ਇੰਨੀ ਗੱਲ ਸੁਣ ਕੇ ਕੇਸਰ ਘਰ ਜਾ ਕੇ ਆਪਦੇ ਬਾਪੂ ਨੂੰ ਹਾਕੀ ਨਾਲ ਕੁੱਟਦਾ ਹੈ ਤੇ ਘਰੋਂ ਦੋ ਚਾਰ ਜ਼ਰੂਰਤ ਦੀਆਂ ਚੀਜ਼ਾਂ ਚੁੱਕ ਵਾਪਸ ਆ ਜਾਂਦਾ ਹੈ ਤੇ ਉਹ ਸ਼ਹਿਰ ਜਾਣ ਤੋਂ ਪਹਿਲਾ ਨੂਰਪੁਰ ਰੂਪ ਦੇ ਪੇਕੇ ਚਲੇ ਜਾਂਦੇ ਹਨ। ਉੱਥੇ ਜਾ ਕੇ ਕੇਸਰ ਫੌਜ ਵਿਚ ਭਰਤੀ ਹੋਣ ਬਾਰੇ ਸੋਚਦਾ ਹੈ ਪਰ ਆਖਿਰਕਾਰ ਉਹ ਕਲਰਕ ਲੱਗ ਜਾਂਦਾ ਹੈ ਤੇ ਉਹ ਇਕ ਚੁਬਾਰਾ ਕਿਰਾਏ ਤੇ ਲੈ ਕੇ ਪਿੰਡ ਸਮਾਨ ਲੈਣ ਚਲਾ ਜਾਂਦਾ ਹੈ। ਉਹ ਤੇ ਰੂਪ ਸ਼ਹਿਰ ਰਹਿਣ ਲੱਗਦੇ ਹਨ ਕਿ ਦੁੱਲਾ ਸਿੰਘ ਨਵਾਂ ਨਾਟਕ ਰਚਦਾ ਹੈ ਤੇ ਪੰਚਾਇਤ ਲੈ ਕੇ ਪਹੁੰਚ ਜਾਂਦਾ ਹੈ ਕਿ ਕੇਸਰ ਘਰੋਂ ਪੈਸੇ ਚੋਰੀ ਕਰਕੇ ਲਿਆਇਆ ਹੈ ਪਰ ਕੇਸਰ ਸੱਚੀ ਗੱਲ ਸੁਣਾ ਕੇ ਉਨ੍ਹਾਂ ਨੂੰ ਤੋਰ ਦਿੰਦਾ ਹੈ।
ਰੂਪ ਕੇਸਰ ਦੀ ਸਹਾਇਤਾ ਨਾਲ ਦਸਵੀਂ ਦੇ ਇਮਤਿਹਾਨ ਦੀ ਤਿਆਰੀ ਕਰਦੀ ਹੈ। ਜੰਗ ਖਤਮ ਹੋ ਰਹੀ ਸੀ ਅਤੇ ਕੇਸਰ ਜਮਾਂਦਾਰ ਭਰਤੀ ਨਾ ਹੋ ਸਕਿਆ। ਉੱਧਰ ਉਸ ਦਾ ਦਫ਼ਤਰ ਬੰਗਲੌਰ ਚਲਾ ਗਿਆ। ਮਜ਼ਬੂਰੀ ਵੱਸ ਉਹ ਵੀ ਬੰਗਲੌਰ ਚਲੇ ਜਾਂਦੇ ਹਨ। ਉਧਰ ਰੂਪ ਗਰਭਵਤੀ ਹੋ ਜਾਂਦੀ ਹੈ ਤੇ ਉਸ ਦੇ ਕੁੜੀ ਹੁੰਦੀ ਹੈ।
ਰੂਪ ਨੇ ਭਗਵੰਤ ਤੋਂ ਪੈਸੇ ਉਧਾਰ ਲੈ ਕੇ ਕੱਪੜੇ ਸੀਣ ਵਾਲੀ ਮਸ਼ੀਨ ਲੈ ਲਈ ਤੇ ਕੱਪੜੇ ਸੀ ਕੇ ਸਾਰਾ ਉਧਾਰ ਚੁਕਾ ਦਿੱਤਾ। ਅਚਾਨਕ ਕੇਸਰ ਕੋਲੋਂ ਦਫ਼ਤਰ ਦੀ ਫਾਈਲ ਗੁੰਮ ਹੋ ਜਾਂਦੀ ਹੈ ਤੇ ਉਸ ਨੂੰ ਅੱਧੀ ਤਨਖਾਹ ਮਿਲਦੀ ਹੈ।
ਇਸ ਪ੍ਰਸੰਗ ਨੂੰ ਵਿਚੇ ਛੱਡ ਕੇ ਰੂਪ ਦੇ ਮੁੰਡਾ ਹੋਣ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਚਿੱਠੀ-ਪੱਤਰ ਦੀ ਜੁਗਤ ਵਰਤਦਿਆਂ ਬਿਰਤਾਂਤਕਾਰ ਜਾਣਕਾਰੀ ਦਿੰਦਾ ਹੈ ਕਿ ਕੇਸਰ ਦੇ ਬਾਪੂ ਤੇ ਮੁਕੱਦਮਾ ਬਣ ਗਿਆ ਹੈ। ਭੈਣ ਦੀ ਚਿੱਠੀ ਮਿਲਣ ਪਿੱਛੋਂ ਕੇਸਰ ਸ਼ੇਰੇਆਣੇ ਚਲਾ ਜਾਂਦਾ ਹੈ ਤੇ ਰੂਪ ਆਪਦੇ ਪੇਕੇ। ਤਾਰਾ ਤੇ ਉਸ ਦੀਆਂ ਨਣਦਾਂ ਉਸ ਨੂੰ ਮਿਲਣ ਆਈਆਂ ਸ਼ੇਰੇਆਣੇ ਲੈ ਗਈਆਂ। ਕੇਸਰ ਆਪਦੇ ਦੋਸਤ ਇੰਦਰਜੀਤ ਨੂੰ ਨਾਲ ਲੈ ਕੇ ਦੁੱਲਾ ਸਿੰਘ ਤੇ ਰਤਨੇ ਨੂੰ ਬਰੀ ਕਰਵਾ ਦਿੰਦਾ ਹੈ। ਕੇਸਰ ਅੱਧੀ ਤਨਖਾਹ ਵਿਚ ਗੁਜ਼ਾਰਾ ਨਾ ਹੋਣ ਕਰਕੇ ਰੂਪ ਨੂੰ ਸ਼ੇਰੇਆਣੇ ਰਹਿਣ ਲਈ ਆਖਦਾ ਹੈ। ਰੂਪ ਕੇਸਰ ਦੇ ਤਰਲੇ ਕਰਕੇ ਦਸਵੀਂ ਕਰਨ ਨੂੰ ਮਨਾ ਲੈਂਦੀ ਹੈ। ਰੂਪ ਮੋਗੇ ਕਾਲਜ ਵਿਚ ਦਾਖਲਾ ਲੈ ਲੈਂਦੀ ਹੈ। ਉੱਥੇ ਉਸ ਦੀ ਸਹੇਲੀ ਸਰਲਾ ਬਣ ਜਾਂਦੀ ਹੈ। ਉਧਰ ਹਰਨੇਕ ਦਾ ਸ਼ਰਾਬੀ ਚਾਚਾ ਜੈਬੂ ਰੂਪ ਦੇ ਮਗਰ ਲੱਗ ਜਾਂਦਾ ਹੈ।
ਹਰਨੇਕ ਧੱਕੇ ਨਾਲ ਜੈਬੂ ਦੇ ਕਹਿਣ ਤੇ ਸਰਲਾ ਤੇ ਰੂਪ ਨੂੰ ਉਸ ਦੇ ਘਰ ਲੈ ਜਾਂਦਾ ਹੈ। ਹਰਨੇਕ ਜੈਬੂ ਤੋਂ ਰੂਪ ਦੇ ਬਹਾਨੇ ਪੈਸੇ ਲੈ ਲੈ ਕੇ ਸ਼ਰਾਬ ਪੀਂਦਾ ਰਹਿੰਦਾ ਹੈ। ਉਧਰ ਉਹ ਸਰਲਾ ਤੇ ਡੋਰੇ ਵੀ ਸਿੱਟਦਾ ਹੈ। ਜੈਬੂ ਆਨੇ-ਬਹਾਨੇ ਰੂਪ ਦਾ ਪਿੱਛਾ ਕਰਦਾ ਹੈ। ਉਹ ਆਪਣੀ ਘਰਵਾਲੀ ਨੂੰ ਵੀ ਆਪਣੇ ਮਤਲਬ ਲਈ ਵਰਤਦਾ ਹੈ। ਬਿਰਤਾਂਤਕਾਰ ਉਸ ਦੀ ਘਰਵਾਲੀ ਦੀ ਮਜ਼ਬੂਰੀ ਤੇ ਫੋਕਸ ਕਰਦਾ ਹੈ :
“ਚਾਚੀ ਕੋਈ ਜਵਾਬ ਨਾ ਮੋੜ ਸਕੀ। ਜੋ ਰੂਪ ਨੇ ਕਿਹਾ, ਉਹ ਰੱਦਿਆ ਨਹੀਂ ਜਾ ਸਕਦਾ ਸੀ, ਪਰ ਚਾਚੀ ਆਪਣੀ ਥਾਂ ਮਜ਼ਲੂਮ ਔਰਤ ਸੀ, ਜਿਹੜੀ ਕੁਝ ਸਮਾਂ ਪਹਿਲੋਂ ਜੈਬੂ ਤੋਂ ਥੱਪੜ ਖਾ ਚੁਕੀ ਸੀ। ਉਸ ਨੂੰ ਡੰਡੇ ਦੇ ਜੋਰ ਭੇਜਿਆ ਗਿਆ ਸੀ ਕਿ ਰੂਪ ਨੂੰ ਨਾਲ ਲੈ ਕੇ ਘਰ ਆਵੀ।"
ਰੂਪ ਸਚਦੇਵ ਕੋਲ ਟਿਊਸ਼ਨ ਰੱਖ ਲੈਂਦੀ ਹੈ। ਸਚਦੇਵ ਪਾਤਰ ਮੂਲ ਰੂਪ ਵਿਚ ਕੰਵਲ ਦੇ ਸਮਾਜਵਾਦੀ ਵਿਚਾਰਾਂ ਦੀ ਪ੍ਰੋੜਤਾ ਕਰਨ ਵਾਲਾ ਪਾਤਰ ਹੈ। ਰੂਪ ਉਸ ਦਾ ਕਾਫੀ ਪ੍ਰਭਾਵ ਕਬੂਲਦੀ ਹੈ। ਪੇਪਰਾਂ ਤੋਂ ਬਾਅਦ ਰੂਪ ਦਾ ਸਮਾਨ ਲੈ ਕੇ ਹਰਨੇਕ ਉਸ ਨੂੰ ਜੈਬੂ ਦੇ ਟਰੱਕ ਤੇ ਲੈ ਕੇ ਜਾਂਦਾ ਹੈ, ਰਾਹ ਵਿਚ ਜੈਬੂ ਵੀ ਟਰੱਕ ਵਿਚ ਚੜ੍ਹ ਜਾਂਦਾ ਹੈ ਤੇ ਰੂਪ ਮਨ ਹੀ ਮਨ ਪਛਤਾਂਦੀ ਹੈ ਤੇ ਉਤਰ ਕੇ ਹਰਨੇਕ ਨੂੰ ਝਾੜ ਪਾਉਂਦੀ ਹੈ :
ਰੂਪ ਘਰ ਆ ਕੇ ਬੱਚਿਆਂ ਨੂੰ ਮਿਲਦੀ ਹੈ। ਕੇਸਰ ਦਾ ਖਤ ਪੜ੍ਹਦੀ ਹੈ। ਬਿਰਤਾਂਤਕਾਰ ਨਾਵਲ ਵਿਚ ਥਾਂ-ਥਾਂ ਤੇ ਚਿੱਠੀ-ਪੱਤਰ ਦੀ ਜੁਗਤ ਵਰਤਦਾ ਹੈ। ਕੇਸਰ ਦੀ ਤਾਰ ਆਉਂਦੀ ਹੈ ਕਿ ਉਹ ਕੇਸ ਜਿੱਤ ਗਿਆ ਹੈ। ਰੂਪ ਪਾਸ ਹੋ ਗਈ ਤੇ ਉਹ ਬੇਸਿਕ ਵਿਚ ਦਾਖਲਾ ਲੈ ਲੈਂਦੀ ਹੈ। ਕਿਉਂਕਿ ਨਾਵਲ ਹੁਣ ਅੰਤ ਵਲ ਵੱਧ ਰਿਹਾ ਹੈ, ਬਿਰਤਾਂਤਕਾਰ ਰੂਪ ਦੀ ਜੱਦੋ-ਜਹਿਦ ਨੂੰ ਵੀ ਤੇਜ਼ ਕਰਦਾ ਹੈ। ਸਚਦੇਵ ਪਾਤਰ ਰਾਹੀਂ ਉਹ ਆਪਣੀ ਵਿਚਾਰਧਾਰਾ ਪੇਸ਼ ਕਰਦਾ ਹੈ :
“ਜੇ ਸੱਚ ਨਿੱਤਰ ਕੇ ਲੋਕਾਂ ਸਾਹਮਣੇ ਆ ਜਾਵੇ, ਤਾਂ ਲੁੱਟ ਦੀ ਬੁਨਿਆਦ ਤੋਂ ਉਸਰੀ ਕਲਾਸਾਂ ਵਾਲੀ ਬਿਲਡਿੰਗ ਮੂਧੀ ਨਾ ਹੋ ਜਾਵੇ ਤੇ ਇਨ੍ਹਾਂ ਦ ਧਰਮ ਪੰਥੀਏ...ਸਮਾਜ ਦੀ ਸਰਦਾਰੀ ਅੱਜ ਵੀ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੈ ਜਿਨ੍ਹਾਂ ਕਦੇ ਯਸੂ ਮਸੀਹ ਨੂੰ ਸੂਲੀ ਦਿੱਤੀ ਸੀ। ਕਿਸੇ ਨੂੰ ਸੂਲੀ ਦੇ ਦਿੰਤੀ, ਕਿਸੇ ਨੂੰ ਭੁੱਖ ਨਾਲ ਮਾਰ ਦਿੱਤਾ, ਜ਼ਿੰਦਗੀ ਦੇ ਕਤਲਾਮ ਵਿਚ ਕੀ ਫਰਕ ਪਿਆ?"
ਰੂਪ ਦੀ ਪੜ੍ਹਾਈ ਚੱਲਦੀ ਰਹਿੰਦੀ ਹੈ, ਉਹ ਮਾਸਟਰ ਸਚਦੇਵ ਦਾ ਵੀ ਕਾਫੀ ਪ੍ਰਭਾਵ ਕਬੂਲਦੀ ਹੈ। ਜੈਬੂ ਫਿਰ ਰੂਪ ਦਾ ਪਿੱਛਾ ਕਰਦਾ ਹੈ। ਇੱਥੇ ਪਹੁੰਚ ਕੇ ਨਾਵਲੀ ਬਿਰਤਾਂਤ ਕਿਸੇ ਖਾਸ ਦਿਸ਼ਾ ਵੱਲ ਨਹੀਂ ਤੁਰਦਾ ਸਗੋਂ ਮੂਲ ਬਿਰਾਂਤਤ ਅਟਕਾਅ ਦੀ ਸਥਿਤੀ ਵਿਚ ਹੈ। ਬਿਰਤਾਂਤਕਾਰ ਵਾਰ-ਵਾਰ ਥਾਂ-ਥਾਂ ਤੇ ਜੈਬੂ ਨੂੰ ਰੂਪ ਦਾ ਪਿੱਛਾ ਕਰਦਿਆਂ ਦਿਖਾਉਂਦਾ ਹੈ। ਉਹ ਰੂਪ ਦੇ ਕਾਲਜ ਫਲਾਂ ਦੀ ਟੋਕਰੀ ਲੈ ਕੇ ਉਸ ਨੂੰ ਮਿਲਣ ਜਾਂਦਾ ਹੈ। ਹਰਨੇਕ ਰੂਪ ਤੋਂ ਪੈਸੇ ਮੰਗਣ ਆਉਂਦਾ ਹੈ ਕਿ ਚੱਪਲਾਂ ਲੈਣੀਆਂ ਹਨ ਪਰ ਰੂਪ ਸਰਲਾ ਨੂੰ ਆਖਦੀ ਹੈ ਕਿ ਸ਼ਾਮ ਨੂੰ ਹਰਨੇਕ ਨਾਲ ਜਾਵੇ। ਉਧਰ ਹਰਨੇਕ ਚੰਗਾ ਮੌਕਾ ਵੇਖ ਕੇ ਸ਼ਾਮ ਨੂੰ ਚੱਪਲਾਂ ਲੈਣ ਦੇ ਬਹਾਨੇ ਸਰਲਾ ਨੂੰ ਲੈ ਕੇ ਹੋਟਲ ਚਾਹ ਪੀਣ ਲੈ ਜਾਂਦਾ ਹੈ। ਉਧਰ ਜੈਬੂ ਫਿਰ ਕਾਲਜ ਵਿਚ ਰੂਪ ਨੂੰ ਮਿਲਣ ਆਉਂਦਾ ਹੈ ਤੇ ਰੂਪ ਉਸ ਦੀ ਖੁੰਬ ਠੱਪਦੀ ਹੈ ਤੇ ਜੈਬੂ ਉਸ ਨੂੰ ਚੁੱਕ ਕੇ ਲੈ ਜਾਣ ਦਾ ਡਰਾਵਾ ਦਿੰਦਾ ਹੈ।
ਰੂਪ ਇਹ ਗੱਲ ਜਾ ਕੇ ਸਚਦੇਵ ਨੂੰ ਦੱਸਦੀ ਹੈ ਤੇ ਸਚਦੇਵ ਪ੍ਰਿੰਸੀਪਲ ਨਾਲ ਗੱਲ ਕਰਦਾ ਹੈ। ਬਿਰਤਾਂਤਕਾਰ ਕਿਉਂਕਿ ਇਸਤਰੀ ਨੂੰ ਸਮਾਜ ਵਿਚ ਪੈਰ-ਪੈਰ ਤੇ ਪੇਸ਼ ਆਉਂਦੀਆਂ ਮੁਸ਼ਕਿਲਾਂ ਤੇ ਫੋਕਸ ਕਰਨਾ ਚਾਹੁੰਦਾ ਹੈ, ਇਸ ਲਈ ਉਹ ਰੂਪ ਪਾਤਰ ਨੂੰ ਆਦਰਸ਼ ਪਾਤਰ ਬਣਾ ਕੇ, ਚੰਗੇ ਗੁਣ ਭਰ ਕੇ ਸਮਾਜ ਵਿਚ ਆਪਣੀ ਹੋਂਦ ਲਈ ਜੱਦੋ-ਜਹਿਦ ਕਰਨ ਵੱਲ ਮੋੜ ਕੇ ਉਸ ਨੂੰ ਕਈ ਅਜਿਹੀਆਂ ਪ੍ਰਸਥਿਤੀਆਂ ਵਿਚੋਂ ਗੁਜ਼ਾਰਦਾ ਹੈ, ਜਿੱਥੇ ਜੈਬੂ ਵਰਗੇ ਬਦਮਾਸ਼ ਉਸ ਨੂੰ ਤੰਗ ਕਰਦੇ ਹਨ। ਨਾਵਲੀ ਬਿਰਤਾਂਤ ਵਿਚ ਜੈਬੂ ਕਈ ਵਾਰ ਰੂਪ ਦਾ ਪਿੱਛਾ ਕਰਦਾ ਹੈ ਤੇ ਇਹ ਘਟਨਾ ਨਾਵਲ ਵਿਚ ਕਈ ਵਾਰ ਪੇਸ਼ ਕੀਤੀ ਗਈ ਹੈ। ਜੈਬੂ ਫਿਰ ਕਾਲਜ ਵਿਚ ਰੂਪ ਨੂੰ ਮਿਲਣ ਜਾਂਦਾ ਹੈ। ਪ੍ਰਿੰਸੀਪਲ ਉਸ ਨੂੰ ਪੁਲਿਸ ਦਾ ਡਰਾਵਾ ਦਿੰਦਾ ਹੈ ਅਤੇ ਜੈਬੂ ਮਾਫ਼ੀ ਮੰਗਦਾ ਉੱਥੋਂ ਭੱਜ ਜਾਂਦਾ ਹੈ, ਰੂਪ ਸੁੱਖ ਦਾ ਸਾਹ ਲੈਂਦੀ ਹੈ :
“ਇਕ ਮਹੀਨੇ ਦੀ ਸਿਰ ਦਰਦੀ ਪਿੱਛੋਂ ਰੂਪ ਦਾ ਦਿਮਾਗੀ ਪੱਧਰ ਸਾਵਾਂ ਹੋ ਗਿਆ। ਉਸ ਹੋਰ ਮਹੀਨੇ ਭਰ ਵਿਚ ਪੜ੍ਹਾਈ ਦੇ ਖੱਪੇ ਨੂੰ ਪੂਰ ਲਿਆ...ਹੁਣ ਇਹ ਹਾਲਤ ਸੀ ਸਰਲਾ ਅਤੇ ਉਸ ਦੀਆਂ ਸਾਥਣਾਂ ਰੂਪ ਤੋਂ ਖੁਸ਼ੀ ਉਧਾਰ ਲੈਂਦੀਆਂ ਸਨ। ਉਹ ਕਿਸੇ ਵੀ ਵਿਦਿਆਰਥਣ ਦੇ ਕੰਮ ਆ ਕੇ ਪ੍ਰਸੰਨਤਾ ਅਨੁਭਵ ਕਰਦੀ ਸੀ।"
ਇਕ ਦਿਨ ਭਗਵੰਤ ਰੂਪ ਨੂੰ ਹੋਸਟਲ ਮਿਲਣ ਆਉਂਦੀ ਹੈ ਤੇ ਉਸ ਨੂੰ ਚੜ੍ਹਾ ਕੇ ਵਾਪਸ ਆਉਂਦੀ ਨੂੰ ਸਰਲਾ ਦਾ ਖ਼ਤ ਮਿਲਦਾ ਹੈ, ਜਿਸ ਤੇ ਹਰਨੇਕ ਦੀ ਲਿਖਾਈ ਉਹ ਪਛਾਣ ਜਾਂਦੀ ਹੈ। ਉਹ ਸਰਲਾ ਨੂੰ ਹਰਨੇਕ ਦੀਆਂ ਭੈੜੀਆਂ ਆਦਤਾਂ ਤੋਂ ਜਾਣੂ ਕਰਵਾ ਕੇ ਉਸ ਦਾ ਸਾਥ ਛੱਡਣ ਨੂੰ ਕਹਿੰਦੀ ਹੈ। ਇਉਂ ਸਰਲਾ ਤੇ ਹਰਨੇਕ ਦੀ ਜਿਹੜੀ ਤੰਦ ਬਿਰਤਾਂਤਕਾਰ ਨੇ ਛੋਹੀ ਸੀ, ਉਸ ਦਾ ਇੱਥੇ ਅੰਤ ਹੋ ਜਾਂਦਾ ਹੈ। ਪੇਪਰ ਦੇ ਕੇ ਉਹ ਸਚਦੇਵ ਨੂੰ ਮਿਲਣ ਜਾਂਦੀ ਹੈ ਤੇ ਬਿਰਤਾਂਤਕਾਰ ਸਚਦੇਵ ਪਾਤਰ ਰਾਹੀਂ ਆਪਣੇ ਸਮਾਜਵਾਦੀ ਵਿਚਾਰਾਂ ਨੂੰ ਪੇਸ਼ ਕਰਦਾ ਹੈ :
“ਦੂਜੇ ਅਸੀਂ ਪਚਾਸੀ ਫੀਸਦੀ ਅਨਪੜ੍ਹ ਹਾਂ ਤੇ ਅਨਪੜ੍ਹਾਂ ਵਿਚ ਇਕ ਪੜ੍ਹਿਆ-ਲਿਖਿਆ ਬੇਵਕੂਫ ਬਣਨੋਂ ਤਦ ਹੀ ਬਚ ਸਕਦਾ ਹੈ, ਜੇ ਉਨ੍ਹਾਂ ਨੂੰ ਕਿਸੇ ਆਹਰੇ ਲਾਈ ਰੱਖੇ...ਮਾਸਟਰ ਹੀ ਇਕ ਅਜਿਹੀ ਚੇਤੰਨ ਜਮਾਤ ਹੈ, ਜਿਹੜੀ ਦੇਸ਼ ਦੇ ਹਰ ਹਿੱਸੇ `ਚ ਵਿਦਿਆਰਥੀਆਂ ਤੇ ਲੋਕਾਂ ਦੇ ਦਿਲ ਦਿਮਾਗ ਨਾਲ ਸਿੱਧਾ ਸਬੰਧ ਰੱਖਦੀ ਹੈ।"
ਇਸ ਤੋਂ ਬਿਰਤਾਂਤਕਾਰ ਬਹੁਤ ਜਲਦ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਰੂਪ ਰੱਤੇਵਾਲ ਦੇ ਸਕੂਲ ਵਿਖੇ ਪ੍ਰਾਇਮਰੀ ਟੀਚਰ ਲੱਗ ਗਈ ਹੈ। ਉਹ ਵਿਗੜੇ ਹੋਏ ਬੱਚਿਆਂ ਨੂੰ ਪਿਆਰ ਨਾਲ ਕਾਬੂ ਕਰਦੀ ਹੈ। ਉਹ ਪਿੰਡ ਦੀਆਂ ਔਰਤਾਂ ਨੂੰ ਵੀ ਪੜ੍ਹਾਈ-ਲਿਖਾਈ, ਸਿਲਾਈ-ਕਢਾਈ ਸਿੱਖਣ ਲਈ ਪ੍ਰੇਰਦੀ ਹੈ। ਉਹ ਕੇਸਰ ਨੂੰ ਖ਼ਤ ਲਿਖਦੀ ਹੈ। ਅਚਾਨਕ ਇਕ ਦਿਨ ਸਕੂਲ ਆਉਂਦੀ ਨੂੰ ਜੈਬੂ ਫਿਰ ਦੇਖ ਲੈਂਦਾ ਹੈ ਤੇ ਉਸ ਦਾ ਪਿੱਛਾ ਕਰਨ ਲੱਗ ਜਾਂਦਾ ਹੈ। ਮਾਸਟਰ ਸ਼ਿਵਦੱਤ ਉਸ ਨੂੰ ਦੇਖ ਲੈਂਦਾ ਹੈ ਤੇ ਉਸ ਦਾ ਪਿੱਛਾ ਕਰਨ ਲੱਗ ਜਾਂਦਾ ਹੈ। ਮਾਸਟਰ ਸ਼ਿਵਦੱਤ ਉਸ ਨੂੰ ਦੇਖ ਲੈਂਦਾ ਹੈ ਤੇ ਰੂਪ ਨੂੰ ਉਸ ਬਾਰੇ ਪੁੱਛਦਾ ਹੈ। ਰੂਪ ਲੰਮਾ ਰਸਤਾ ਤੁਰ ਕੇ ਆਉਣ ਦੇ ਡਰੋਂ ਮੰਡੀ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਆਪ ਦੇ ਕੋਲ ਬੱਚਿਆਂ ਤੇ ਬੇਜੀ ਨੂੰ ਰੱਖ ਲੈਂਦੀ ਹੈ। ਉਹ ਸਚਦੇਵ ਨੂੰ ਚਿੱਠੀ ਲਿਖ ਕੇ ਜੈਬੂ ਬਾਰੇ ਦੱਸਦੀ ਹੈ। ਸਕੂਲ ਵਿਚ ਚਾਹ ਪੀਣ ਸਮੇਂ ਰੂਪ ਦੀ ਮੁਲਾਕਾਤ ਪਿੰਡ ਦੇ ਸਰਪੰਚ ਨਾਲ ਹੁੰਦੀ ਹੈ।
ਰੂਪ ਕਰਤਾਰ ਨੂੰ ਸਾਰੀ ਗੱਲ ਦੱਸਣ ਲਈ ਆਪਣੇ ਘਰ ਮੰਡੀ ਬੁਲਾਉਂਦੀ ਹੈ। ਉਧਰ ਸਚਦੇਵ ਵੀ ਰੂਪ ਦੇ ਘਰ ਆ ਜਾਂਦਾ ਹੈ ਤੇ ਰੂਪ ਉਨ੍ਹਾਂ ਨੂੰ ਜੈਬੂ ਦੀ ਕਰਤੂਤ ਬਾਰੇ ਦੱਸਦੀ ਹੈ। ਉਧਰ ਕੇਸਰ ਛੁੱਟੀ ਆ ਜਾਂਦਾ ਹੈ ਤੇ ਕੁਝ ਛੁੱਟੀਆਂ ਉਹ ਸ਼ੇਰੇਆਣੇ ਗੁਜ਼ਾਰਨ ਜਾਂਦੇ ਹਨ। ਛੁੱਟੀਆਂ ਤੋਂ ਬਾਅਦ ਕੇਸਰ ਰੂਪ ਨਾਲ ਰੱਤੇਵਾਲ ਸਕੂਲ ਜਾਂਦਾ ਹੈ ਤੇ ਕਰਤਾਰ ਸਰਪੰਚ ਨੂੰ ਮਿਲਦਾ ਹੈ। ਸਰਪੰਚ ਦੇ ਘਰ ਚਾਹ ਪੀਂਦੇ ਸਰਪੰਚ ਆਪਣੇ ਵਿਆਹ ਦਾ ਕਿੱਸਾ ਛੇੜ ਲੈਂਦਾ ਹੈ। ਇਹ ਪ੍ਰਸੰਗ ਮੂਲ-ਬਿਰਤਾਂਤ ਤੋਂ ਅਸਲੋਂ ਹਟ ਕੇ ਹੈ ਅਤੇ ਚੱਲ ਰਹੇ ਬਿਰਤਾਂਤ ਵਿਚ ਅਟਕਾਅ ਪੈਦਾ ਕਰਦਾ ਹੈ। ਉਹ ਦੇਸ਼ ਦੀ ਆਜ਼ਾਦੀ ਸਮੇਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਬਚਾਉਣ ਦੇ ਕਿੱਸੇ ਸੁਣਾਉਂਦਾ ਹੈ।
ਉਪਰ ਜੈਬੂ ਰੱਤੇਵਾਲ ਦੇ ਮੁੰਡਿਆਂ ਚੈਨ ਤੇ ਇੰਦਰ ਨਾਲ ਦੋਸਤੀ ਪਾ ਲੈਂਦਾ ਹੈ। ਉਹ ਉਨ੍ਹਾਂ ਨਾਲ ਰਲ ਕੇ ਸ਼ਰਾਬ ਪੀਂਦਾ ਹੈ ਤੇ ਰੂਪ ਬਾਰੇ ਦੱਸਦਾ ਹੈ। ਉਹ ਸ਼ਰਾਬ ਪੀ ਕੇ ਪਿੰਡ ਵਿਚ ਗੇੜਾ ਮਾਰਨ ਜਾਂਦੇ ਹਨ ਅਤੇ ਸਰਪੰਚ ਦੇ ਘਰ ਅੱਗੇ ਜਾ ਕੇ ਇੰਦਰ ਬੜਕ ਮਾਰਦਾ ਹੈ ਤੇ ਅੱਗੋਂ ਕਾਲਾ ਤੇ ਗੁਰਦਿਆਲ ਉਸ ਨੂੰ ਵੰਗਾਰਦੇ ਹਨ ਤੇ ਉਹ ਆਪਸ ਵਿਚ ਹੱਥੋਪਾਈ ਹੋ ਜਾਂਦੇ ਹਨ। ਕਰਤਾਰ ਸਿੰਘ ਨੂੰ ਜੈਬੂ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਕੁੱਟਦਾ ਹੈ ਤੇ ਜੈਬੂ ਮਿੰਨਤਾ ਕਰਦਾ ਭੱਜ ਜਾਂਦਾ ਹੈ। ਅਗਲੇ ਦਿਨ ਮਾਮਲਾ ਪੁਲਿਸ ਤਕ ਜਾਂਦਾ ਹੈ ਪਰ ਸਰਪੰਚ ਸੱਚਾਈ ਨਾਲ ਸਭ ਠੀਕ ਨਿਬੇੜ ਦਿੰਦਾ ਹੈ।
ਇਸੇ ਪ੍ਰਸੰਗ ਨੂੰ ਇੱਥੇ ਛੱਡ ਕੇ ਬਿਰਤਾਂਤਕਾਰ ਕਮਿਊਨਿਟੀ ਮੇਲੇ ਦਾ ਜ਼ਿਕਰ ਕਰਦਾ ਹੈ। ਮੇਲੇ ਦੀ ਸਫ਼ਲਤਾ ਤੋਂ ਬਾਅਦ ਰਾਤ ਦੀ ਰੋਟੀ ਸਮੇਂ ਸਚਦੇਵ ਆਪਣੇ ਸਮਾਜਵਾਦੀ ਵਿਚਾਰ ਰੂਪ ਤੇ ਸਰਪੰਚ ਨਾਲ ਸਾਂਝੇ ਕਰਦਾ ਹੈ :
“ਮੈਂ ਤੁਹਾਡੇ ਕੰਮਾਂ ਉੱਤੇ ਬਹੁਤ ਖੁਸ਼ ਹਾਂ, ਲੋਕਾਂ ਦਾ ਭਰੋਸਾ ਜਿੱਤਣਾ ਅਤੇ ਉਨ੍ਹਾਂ ਨੂੰ ਆਪ ਦਾ ਵਿਸ਼ਵਾਸ ਦੇਣਾ ਅਸਲ ਕੰਮ ਦੀ ਬੁਨਿਆਦੀ ਕੜੀ ਹੈ...ਦੇਸੀ ਪ੍ਰਦੇਸੀ ਬੁਰਜੂਆਵਾਦੀ ਅਤੇ ਲੋਕਾਂ ਦੀ ਟੱਕਰ ਦਾ ਇਤਿਹਾਸਕ ਪੜਾਅ ਲੰਘੇ ਬਿਨਾਂ ਅਸੀਂ ਸਮਾਜਵਾਦ ਵਿਚ ਦਾਖਲ ਨਹੀਂ ਹੋ ਸਕਦੇ। ਉਸ ਲਈ ਤਿਆਰੀ ਜ਼ਰੂਰੀ ਤੋਂ ਵੀ ਲਾਜ਼ਮੀ ਹੈ।"
ਉਧਰੋਂ ਰੂਪ ਨੂੰ ਡੀ.ਆਈ.ਜੀ. ਦੇ ਦਫ਼ਤਰ ਬੁਲਾਇਆ ਜਾਂਦਾ ਹੈ, ਕਿਉਂਕਿ ਪਿੰਡ ਵਾਲਿਆਂ ਨੇ ਉਸ ਦੇ ਖਿਲਾਫ਼ ਅਰਜ਼ੀ ਭੇਜੀ ਸੀ। ਕਲਰਕ ਰੂਮ ਨੂੰ ਅੱਧੀ ਤਨਖਾਹ ਜਾਂ ਫਿਰ ਇਕ ਰਾਤ ਬਦਲੇ ਦਰਖ਼ਾਸਤ ਪਾੜ੍ਹਨ ਲਈ ਰਾਹ ਦੱਸਦਾ ਹੈ ਪਰ ਉਹ ਉਸ ਦੇ ਮੂੰਹ ਤੇ ਥੱਪੜ ਮਾਰ ਕੇ ਚਲੀ ਜਾਂਦੀ ਹੈ।
ਰੂਪ ਆਪਣੀ ਕਹਾਣੀ ਟੀਚਰ ਯੂਨੀਅਨ ਨੂੰ ਲਿਖਦੀ ਹੈ। ਉਹ ਇਸਤਰੀ ਮਨਿਸਟਰ ਨੂੰ ਵੀ ਸਾਰੀ ਗੱਲ ਦੱਸਦੀ ਹੈ ਪਰ ਕਿਸੇ ਪਾਸੇ ਕੁਝ ਨਾ ਹੁੰਦਾ ਵੇਖ ਉਹ ਆਪਣੀ ਜਥੇਬੰਦੀ ਬਣਾਉਣ ਦਾ ਫੈਸਲਾ ਕਰਦੀ ਹੈ। ਉਧਰ ਬੂੜ ਸਿੰਘ ਹਰਨੇਕ ਦੇ ਚੋਰੀ ਕਰਨ ਕਰਕੇ ਮਾਯੂਸ ਹੋ ਜਾਂਦਾ ਹੈ ਤੇ ਰੂਪ ਬੂੜ ਸਿੰਘ ਨੂੰ ਪੈਸੇ ਦੇਣ ਦਾ ਹੌਂਸਲਾ ਦਿੰਦੀ ਹੈ। ਸਕੂਲ ਦੀ ਉਸਾਰੀ ਕਰਾਈ ਜਾ ਰਹੀ ਸੀ। ਕਰਤਾਰ ਜਰਨਲ ਸਕੱਤਰ ਸੀ ਪਰ ਵਿਚ ਹੀ ਉਸ ਦੀ ਘਰਵਾਲੀ ਮਹਿੰਦਰੋਂ ਦਾ ਦੇਹਾਂਤ ਹੋ ਜਾਂਦਾ ਹੈ। ਇੱਥੇ ਫਿਰ ਬਿਰਤਾਂਤਕਾਰ ਮਹਿੰਦਰੋ ਦੀ ਮੌਤ ਤੋਂ ਬਾਅਦ ਕਰਤਾਰ ਸਿੰਘ ਦੀ ਮਾਨਸਿਕ ਹਾਲਤ ਨੂੰ ਚਿੱਤ੍ਰਦਾ ਹੈ। ਭੋਗ ਵਾਲੇ ਦਿਨ ਉਸ ਦੇ ਛੋਟੇ ਮੁੰਡੇ ਨੂੰ ਰੂਪ ਚੁੱਕ ਲੈਂਦੀ ਹੈ ਕਿ ਉਹ ਉਸ ਨੂੰ ਪਾਲੇਗੀ।
ਉਧਰੋਂ ਕੇਸਰ ਦਾ ਖ਼ਤ ਆਉਂਦਾ ਹੈ ਤੇ ਉਹ ਪੜ੍ਹ ਕੇ ਆਵਾਕ ਰਹਿ ਜਾਂਦੀ ਹੈ ਕਿ ਕੇਸਰ ਨੇ ਕੀ ਲਿਖਿਆ ਹੈ। ਬਿਰਤਾਂਤਕਾਰ ਰੂਪ ਦੀ ਮਾਨਸਿਕਤਾ ਤੇ ਫੋਕਸ ਕਰਕੇ ਅੱਗਲਝਾਤ ਰਾਹੀਂ ਜਾਣਕਾਰੀ ਦਿੰਦਾ ਹੈ ਕਿ ਖ਼ਤ ਵਿਚ ਕੀ ਲਿਖਿਆ ਹੈ:
“ਵਾਹ, ਇਹ ਇਨ੍ਹਾਂ ਨੂੰ ਐਤਕੀ ਕੀ ਮਖੌਲ ਸੁਝਿਆ ਵੇ, ਪਿਅਰੀ ਤੋਂ ਸਰਦਾਰਨੀ ਬਣਾ ਧਰਿਆ। ਪਹਿਲਾ ਵਾਕ ਪੜ੍ਹ ਕੇ ਉਸ ਦੀਆਂ ਮੁਸਕਾਣਾਂ ਖਤਮ ਹੋ ਗਈਆਂ, ਦੂਜਾ ਫਿਕਰਾ ਪੜ੍ਹ ਕੇ ਉਸ ਦਾ ਰੰਗ ਉੱਡਣਾ ਸ਼ੁਰੂ ਹੋ ਗਿਆ...ਇਹ ਕਿਵੇਂ ਹੋ ਗਿਆ? ਵਿਚਕਾਰ ਛੱਡੀ ਚਿੱਠੀ ਉਸ ਦੁਬਾਰਾ ਪੜ੍ਹਨ ਦਾ ਯਤਨ ਕੀਤਾ।"
ਕੇਸਰ ਰੂਪ ਤੇ ਸ਼ੱਕ ਕਰਦਾ ਹੈ ਤੇ ਬੱਚੇ ਤਾਰੇ ਹੱਥ ਭੇਜ ਦੇਣ ਲਈ ਆਖਦਾ ਹੈ। ਰੂਪ ਵੀ ਹੌਂਸਲਾ ਕਰਕੇ ਕੇਸਰ ਨੂੰ ਚਿੱਠੀ ਲਿਖਦੀ ਹੈ। ਉਹ ਚਿੱਠੀ ਵਿਚ ਉਹ ਸਭ ਕੁਝ ਨੂੰ ਫਿਰ ਪੇਸ਼ ਕਰਨ ਦਾ ਯਤਨ ਕਰਦੀ ਹੈ ਜੋ ਬਿਰਤਾਂਤ ਵਿਚ ਸ਼ੁਰੂ ਤੋਂ ਲੈ ਕੇ ਹੁਣ ਤਕ ਵਾਪਰਿਆ ਹੈ ਤਾਂ ਕਿ ਕੇਸਰ ਆਪਣੀ ਹੱਡ ਬੀਤੀ ਸੁਣ ਕੇ ਕੁਝ ਸਮਝ ਸਕੇ :
“ਆਓ ਤਾਰੀਖ ਤੋਂ ਨਾ ਸਹੀ ਘੱਟ ਤੋਂ ਘੱਟ ਆਪਣੀ ਹੱਡ ਬੀਤੀ ਤੋਂ ਹੀ ਸਿੱਖਿਆ ਲਈਏ। ਮੇਰੇ ਬਾਪੂ ਜੀ, ਜਿਹੜੇ ਅਸਲ ਵਿਚ ਫੁੱਫੜ ਜੀ ਹਨ, ਮੇਰੇ ਖਾਤਰ ਬੇਜੀ ਨੂੰ ਘਰੋਂ ਕੱਢਣ ਲੱਗੇ ਸਨ। ਜਿਵੇਂ ਛੋਟੂ ਦੀ ਖਾਤਰ ਤੁਸਾਂ ਬੂਹੇ ਢੋਅ ਲਏ ਹਨ। ਪਰ ਉਨ੍ਹਾਂ ਹਰ ਜਬਰ ਸਹਿ ਕੇ ਮੈਨੂੰ ਪਰਵਾਨ ਚੜ੍ਹਾਇਆ...ਤੁਹਾਡੇ ਬਾਪੂ ਜੀ ਨੇ ਕੁੱਤੇ ਵਾਂਗ ਘਰੋਂ ਬਾਹਰ ਵਗਾਹ ਮਾਰੀ, ਇਸ ਲਈ ਕਿ ਮੈਂ ਉਸ ਦੀ ਕਾਮਨਾ ਦਾ ਸ਼ਿਕਾਰ ਹੋਣੋ ਨਾਂਹ ਕਰ ਦਿੱਤੀ...ਸਗੋਂ ਅਜਿਹੇ ਭਰਾ ਨਾਲ ਵੀ ਵਾਹ ਪਿਆ, ਜਿਹੜਾ ਭੈਣ ਦੀ ਬੇਖਬਰੀ ਵਿਚ ਉਸ ਦੀ ਮੁਹੱਬਤ ਵੇਚ-ਵੇਚ ਅੱਯਾਸ਼ੀ ਕਰਦਾ ਰਿਹਾ ਤੇ ਉਹੀ ਭੈਣ ਉਸ ਨੂੰ ਖਰਚ ਵੀ ਦੇਂਦੀ ਰਹੀ ਅਤੇ ਉਸ ਦੇ ਕਰਜ਼ੇ ਲਾਹੁੰਦੀ ਰਹੀ। ਇਸ ਸਮਾਜ ਵਿਚ ਚਿੱਟੀਆਂ ਤੇ ਕਰੜਬਰੜੀਆਂ ਦਾੜ੍ਹੀਆਂ ਵਾਲੇ ਡਰਾਈਵਰ, ਮਾਸਟਰ, ਥਾਣੇਦਾਰ ਅਤੇ ਕਲਰਕ ਵੀ ਆਏ, ਜਿਨ੍ਹਾਂ ਧੀ ਅਤੇ ਭੈਣ ਕਹਿ ਕੇ ਮਹਿਬੂਬ ਬਣਾਉਣ ਦੇ ਦਿਲ ਲਾਏ। ਅੱਜ ਦੇ ਸਫੈਦਪੋਸ਼ ਅਤੇ ਪੰਚਾਇਤ ਮੈਂਬਰ ਕਮੀਨੀਆਂ ਹਰਕਤਾਂ ਤੇ ਉਤਰ ਆਏ ਹਨ। ਕਿਸੇ ਦੇ ਵੱਸਦੇ ਘਰ ਅੱਗੇ ਅੱਗ ਸੁੱਟ ਰਹੇ ਹਨ। ਇਸ ਵਿਚ ਅਨੋਖੀ ਗੱਲ ਕਿਹੜੀ ਹੈ?
ਇੱਥੇ ਬਿਰਤਾਂਤਕਾਰ ਦਾ ਵੱਧ ਤੋਂ ਵੱਧ ਫੋਕਸੀਕਰਨ ਜਗਰੂਪ ਪਾਤਰ ਤੇ ਹੈ ਜੋ ਬਿਰਤਾਂਤਕਾਰ ਦਾ ਆਦਰਸ਼ ਪਾਤਰ ਹੋਣ ਦੇ ਨਾਲ-ਨਾਲ ਸਮੁੱਚੀ ਔਰਤ ਜਾਤੀ ਦੀ ਪ੍ਰਤੀਨਿਧਤਾ ਕਰਦੀ ਨਜ਼ਰ ਆਉਂਦੀ ਹੈ।
“ਦੋਜ਼ਖ ਦੀ ਅੱਗ ਹੋਰ ਵੀ ਤੇਜ਼ ਹੋ ਲਵੇ, ਲੂਹ ਲਵੇ, ਸਾੜ ਲਏ,
ਪਰ ਇਹ ਜਗਰੂਪ ਨੂੰ ਬਿਲਕੁਲ ਨਹੀਂ ਮੁਕਾ ਸਕੇਗੀ।
ਜਿਸ ਦੁਖਿਆਰੀ ਦੀਆਂ ਬਾਹਾਂ `ਚ ਲਹੂ-ਕੁਸ਼ੂ ਸਨ,
ਉਸ ਨੂੰ ਇਹ ਧਰਤੀ ਵੀ ਨਿਘਾਰਨੋਂ ਇਨਕਾਰ ਕਰ ਦੇਵੇਗੀ।
ਇਹ ਸਮਾਜ, ਜਿਸ ਦਾ ਤੁਸੀਂ ਇਕ ਹਿੱਸਾ ਹੋ, ਵੱਢ ਲਵੇ, ਟੁਕ ਲਵੇ,
ਕਤਲ ਵੀ ਕਰ ਦੇਵੇ, ਪਰ ਜਗਰੂਪ ਗਲਤ ਕੀਮਤ ਨਾਲ ਸਮਝੌਤਾ ਨਹੀਂ ਕਰੇਗੀ।"
ਚਿੱਠੀ ਪਾਉਣ ਤੋਂ ਤਿੰਨ ਦਿਨ ਬਾਅਦ ਰੂਪ ਨੂੰ ਕੇਸਰ ਦੀ ਤਾਰ ਮਿਲਦੀ ਹੈ ਕਿ ਉਹ ਸਰਵਿਸ ਛੱਡ ਕੇ ਆ ਰਿਹਾ ਹੈ। ਰੂਪ ਖੁਸ਼ ਹੋ ਜਾਂਦੀ ਹੈ ਤੇ ਇੱਥੇ ਹੀ ਨਾਵਲ ਬਿਰਤਾਂਤ ਦਾ ਅੰਤ ਹੁੰਦਾ ਹੈ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com