Punjabi Stories/Kahanian
ਕਸ਼ਮੀਰੀ ਲਾਲ ਜ਼ਾਕਿਰ
Kashmiri Lal Zakir
Punjabi Kavita
  

Sada-e-Sarhad Kashmiri Lal Zakir

ਸਦਾ-ਏ-ਸਰਹੱਦ ਕਸ਼ਮੀਰੀ ਲਾਲ ਜ਼ਾਕਿਰ

ਅੱਜ ਸੱਤ ਦਸੰਬਰ ਹੈ। ਇਹ ਕਹਾਣੀ ਦੇ ਪਾਤਰਾਂ ਦੇ ਲਈ ਬੜਾ ਸ਼ੁਭ ਦਿਨ ਹੈ।
ਹੁਣ ਤੁਸੀਂ ਇਹ ਕਹਾਣੀ ਨਾਸਰ ਪ੍ਰਵੀਨ ਦੀ ਜ਼ੁਬਾਨੀ ਸੁਣੋ ਜਿਸ ਦਾ ਨਿਕਾਹ ਦੋ ਸਾਲ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਝੰਗ ਦੇ ਕਸਬੇ ਅਬੂਆਹ ਵਿਚ ਮੁਹੰਮਦ ਅਹਿਸਨ ਨਾਲ ਹੋਇਆ ਸੀ ਜੋ ਪਿਛਲੇ ਦੋ ਸਾਲਾਂ ਤੋਂ ਇਸ ਘੜੀ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਕਿ ਕਦ ਭਾਰਤ-ਪਾਕਿਸਤਾਨ ਸਰਹੱਦ ‘ਤੇ ਖੜ੍ਹੇ ਪਹਿਰੇਦਾਰ ਉਸ ਨੂੰ ਭਾਰਤ ਤੋਂ ਸਰਹੱਦ ਦੇ ਦੂਜੇ ਪਾਸੇ ਜਾਣ ਦੀ ਆਗਿਆ ਦੇਣਗੇ ਤੇ ਉਹ ਖੁਦ ਨੂੰ ਵੀ ਆਪਣੇ ਖਾਵੰਦ ਮੁਹੰਮਦ ਅਹਿਸਨ ਦੀਆਂ ਬਾਹਾਂ ਵਿਚ ਸੌਂਪ ਕੇ ਸੁਰੱਖਿਅਤ ਅਤੇ ਚੈਨ ਦਾ ਅਹਿਸਾਸ ਕਰੇਗੀ।
ਮੇਰਾ ਨਾਮ ਨਾਸਰ ਪ੍ਰਵੀਨ ਹੈ। ਮੈਂ ਉਨ੍ਹਾਂ ਲੱਖਾਂ ਮਰਦਾਂ ਤੇ ਔਰਤਾਂ ਤਕ ਆਪਣੀ ਦਰਦ ਭਰੀ ਆਵਾਜ਼ ਪਹੁੰਚਾ ਰਹੀ ਹਾਂ ਜੋ ਮੇਰੇ ਅਤੇ ਤਾਹਿਰਾ ਜ਼ਹੂਰ ਦੇ ਦੁਖ ਵਿਚ ਬਰਾਬਰ ਦੇ ਸ਼ਰੀਕ ਹਨ। ਤਾਹਿਰਾ ਜ਼ਹੂਰ ਦੀ ਕਹਾਣੀ ਅਜਿਹੀਆਂ ਬਹੁਤ ਸਾਰੀਆਂ ਬਦਨਸੀਬ ਔਰਤਾਂ ਦੀ ਦਾਸਤਾਨ ਹੈ ਜਿਨ੍ਹਾਂ ਦੀਆਂ ਹਿੱਕਾਂ ਵਿਚ ਵਿਛੋੜੇ ਅਤੇ ਜੁਦਾਈ ਦੇ ਡੂੰਘੇ ਜ਼ਖਮ ਸੁਲਗ ਰਹੇ ਹਨ, ਜਿਨ੍ਹਾਂ ਨੂੰ ਉਹ ਆਪਣੀ ਪਵਿਤਰ ਮੁਹੱਬਤ ਦਾ ਇਨਾਮ ਸਮਝ ਕੇ ਆਪਣੀਆਂ ਰੂਹਾਂ ਵਿਚ ਸੰਭਾਲੀ ਬੈਠੀਆਂ ਹਨ।
ਅੱਜ ਤਾਹਿਰਾ ਜ਼ਹੂਰ ਮੇਰੇ ਹੀ ਸ਼ਹਿਰ ਨਹੀਂ, ਸਗੋਂ ਮੇਰੇ ਹੀ ਗੁਆਂਢ ਰਹਿੰਦੀ ਹੈ। ਭਾਗਾਂ ਵਾਲੀ ਹੈ ਕਿ ਉਸ ਨੂੰ ਦੋ ਸਾਲ ਮਗਰੋਂ ਹੀ ਸਹੀ, ਇਹ ਘੜੀ ਤਾਂ ਨਸੀਬ ਹੋਈ ਕਿ ਉਹ ਆਪਣੇ ਸਾਰੇ ਹਮਦਰਦਾਂ ਦੀ ਮਦਦ ਨਾਲ ਅੰਤ ਆਪਣੇ ਪ੍ਰੇਮੀ ਕੋਲ ਆ ਜਾਣ ਦੇ ਕਾਬਲ ਹੋਈ ਜੋ ਖੁਦ ਪੂਰੇ ਦੋ ਸਾਲ ਵਿਛੋੜੇ ਦੀ ਅੱਗ ਵਿਚ ਸੜਦਾ ਰਿਹਾ। ਮੈਨੂੰ ਖੁਸ਼ੀ ਹੈ ਕਿ ਅੱਜ ਤਾਹਿਰਾ ਦਾ ਨਿਕਾਹ ਮਕਬੂਲ ਅਹਿਮਦ ਪੁੱਤਰ ਮਨਜ਼ੂਰ ਅਹਿਮਦ (ਮਰਹੂਮ) ਨਾਲ ਉਸ ਦੀ ਮਾਂ ਖੁਰਸ਼ੀਦਾ ਬੇਗਮ ਦੀ ਹਾਜ਼ਰੀ ਵਿਚ ਹੋ ਰਿਹਾ ਹੈ। ਮੈਂ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਚਸ਼ਮਦੀਦ ਗਵਾਹ ਰਹੀ ਹਾਂ।
ਮੈਂ ਕਈ ਦਿਨਾਂ ਤੋਂ ਤਾਹਿਰਾ ਜ਼ਹੂਰ ਨੂੰ ਮਿਲਦੀ ਰਹੀ ਹਾਂ। ਸਮੇਂ ਸਮੇਂ ਮੇਰੀ ਜਿਹੜੀ ਗੱਲਬਾਤ ਤਾਹਿਰਾ ਨਾਲ ਹੁੰਦੀ ਰਹੀ ਹੈ, ਉਸ ਦੇ ਆਧਾਰ ਉਤੇ ਜਿਸ ਕਹਾਣੀ ਦਾ ਤਾਣਾ-ਬਾਣਾ ਮੈਂ ਬੁਣਿਆ ਹੈ, ਉਹ ਇਸ ਤਰ੍ਹਾਂ ਹੈ। ਗੱਲਬਾਤ ਦੌਰਾਨ ਤਾਹਿਰਾ ਇੰਨੀ ਜਜ਼ਬਾਤੀ ਹੋ ਜਾਂਦੀ ਸੀ ਕਿ ਉਸ ਦੀਆਂ ਗੱਲ੍ਹਾਂ ਭਖਣ ਲਗਦੀਆਂ।
ਮਾਰਚ 2001 ਦੇ ਅਖੀਰਲੇ ਹਫਤੇ ਤਾਹਿਰਾ ਇਮਤਿਹਾਨ ਦਾ ਪਰਚਾ ਦੇ ਕੇ ਸਕੂਲੋਂ ਘਰ ਆਈ ਸੀ। ਉਸ ਨੇ ਬੈਠਕ ਦਾ ਦਰਵਾਜ਼ਾ ਖਟਾਕ ਕਰ ਕੇ ਖੋਲ੍ਹਿਆ ਅਤੇ ਤੇਜ਼ੀ ਨਾਲ ਅੰਦਰ ਚਲੀ ਗਈ। ਸਾਹਮਣੇ ਸੁਨੱਖਾ ਲੜਕਾ ਬੈਠਾ ਸੀ। ਉਹ ਜੇ ਆਪਣੇ ਆਪ ਨੂੰ ਤੁਰੰਤ ਹੀ ਸੰਭਾਲ ਨਾ ਲੈਂਦੀ ਤਾਂ ਉਸ ਲੜਕੇ ਨਾਲ ਜ਼ਰੂਰ ਟਕਰਾ ਜਾਂਦੀ ਜੋ ਉਸ ਦੇ ਘਰ ਅੱਜ ਪਹਿਲੀ ਵਾਰ ਆਇਆ ਸੀ। ਉਸ ਦੀ ਖੂਬਸੂਰਤੀ ਦੇਖ ਕੇ ਤਾਹਿਰਾ ਹੈਰਾਨ ਰਹਿ ਗਈ। ਤਦ ਹੀ ਉਸ ਦੇ ਪਿਤਾ ਡਾਕਟਰ ਜ਼ਹੂਰ ਅਹਿਮਦ ਨੇ ਕਿਹਾ, “ਤਾਹਿਰਾ, ਇਹ ਮਕਬੂਲ ਅਹਿਮਦ ਐ, ਮੇਰੇ ਵੱਡੇ ਭਾਈ ਮਨਜ਼ੂਰ ਅਹਿਮਦ ਦਾ ਪੁੱਤਰ; ਭਾਰਤ ਤੋਂ ਆਇਆ ਹੈ।”
ਤਾਹਿਰਾ ਨੇ ਮਕਬੂਲ ਨੂੰ ਸਲਾਮ ਕੀਤਾ ਤੇ ਇਕ ਵਾਰ ਭਰਪੂਰ ਨਿਗ੍ਹਾ ਨਾਲ ਉਸ ਨੂੰ ਦੇਖਿਆ। ਉਸ ਦੇ ਦਿਲ ਦੀ ਧੜਕਣ ਇਕਦਮ ਤੇਜ਼ ਹੋ ਗਈ। ਸ਼ਾਇਦ ਉਹ ਪਲ ਆ ਗਿਆ ਸੀ ਜਦੋਂ ਅਣਜਾਣੇ ਹੀ ਦਿਲਾਂ ਦੇ ਸੌਦੇ ਹੋ ਜਾਂਦੇ ਹਨ। ਉਸ ਤੋਂ ਅਗਲੇ ਦਿਨ ਤਾਹਿਰਾ ਦੇ ਪਿਉ ਨੇ ਤਾਹਿਰਾ ਨੂੰ ਕਿਹਾ ਕਿ ਉਹ ਉਸ ਦਾ ਰਿਸ਼ਤਾ ਮਕਬੂਲ ਨਾਲ ਕਰਨਾ ਚਾਹੁੰਦੇ ਹਨ, ਉਸ ਨੂੰ ਕੋਈ ਇਤਰਾਜ਼ ਤਾਂ ਨਹੀਂ! ਤਾਹਿਰਾ ਚੁੱਪ ਰਹੀ। ਫਿਰ ਉਸ ਦੀ ਮਾਂ ਨੇ ਵੀ ਇਹੀ ਸਵਾਲ ਕੀਤਾ। ਤਾਹਿਰਾ ਫਿਰ ਚੁੱਪ ਰਹੀ। ਸਪਸ਼ਟ ਸੀ, ਉਸ ਨੂੰ ਇਹ ਰਿਸ਼ਤਾ ਮਨਜ਼ੂਰ ਸੀ ਅਤੇ ਤਾਹਿਰਾ ਤੇ ਮਕਬੂਲ ਦੀ ਮੰਗਣੀ ਮਾਰਚ 2001 ਦੇ ਆਖਰੀ ਹਫਤੇ ਹੋ ਗਈ। ਮਕਬੂਲ ਬੇਹੱਦ ਖੁਸ਼ ਭਾਰਤ ਪਰਤ ਆਇਆ। ਤੈਅ ਹੋਇਆ ਕਿ ਵਿਆਹ ਦਸੰਬਰ ਮਹੀਨੇ ਹੋਵੇਗਾ। ਤਾਹਿਰਾ ਬੜੀ ਬੇਸਬਰੀ ਨਾਲ ਦਸੰਬਰ ਦਾ ਇੰਤਜ਼ਾਰ ਕਰਨ ਲੱਗੀ। ਇਹੀ ਹਾਲਤ ਮਕਬੂਲ ਦੀ ਵੀ ਸੀ। ਕਦੇ ਕਦੇ ਉਹ ਇਕ ਦੂਜੇ ਨੂੰ ਚਿੱਠੀ ਲਿਖ ਕੇ ਆਪੋ-ਆਪਣੇ ਦਿਲ ਦੀ ਹਾਲਤ ਬਿਆਨ ਕਰ ਦਿੰਦੇ।
ਤਾਹਿਰਾ ਨੂੰ ਭਾਰਤ ਆ ਕੇ ਵਿਆਹ ਕਰਵਾਉਣ ਲਈ ਗਿਆਰਾਂ ਦਸੰਬਰ ਨੂੰ ਪਾਸਪੋਰਟ ਮਿਲ ਗਿਆ। ਉਹ ਦਿਨ ਤਾਹਿਰਾ ਲਈ ਕਰਮਾਂ ਵਾਲਾ ਸੀ। ਹੁਣ ਉਹ ਦਸੰਬਰ ਵਿਚ ਭਾਰਤ ਜਾ ਸਕਦੀ ਸੀ ਜਿਥੇ ਮਕਬੂਲ ਸ਼ਿੱਦਤ ਨਾਲ ਉਸ ਦੀ ਉਡੀਕ ਕਰ ਰਿਹਾ ਸੀ, ਪਰ 13 ਦਸੰਬਰ ਨੂੰ ਪਾਰਲੀਮੈਂਟ ਉਤੇ ਹੋਏ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਖਰਾਬ ਹੋ ਗਏ ਅਤੇ ਤਾਹਿਰਾ ਨੂੰ ਭਾਰਤ ਆਉਣ ਲਈ ਕਈ ਵਾਰ ਅਪਲਾਈ ਕਰਨ ਦੇ ਬਾਵਜੂਦ ਵੀਜ਼ਾ ਨਾ ਮਿਲਿਆ ਜਿਸ ਕਰ ਕੇ ਉਸ ਦੇ ਸੁਪਨਿਆਂ ਦੇ ਚਿਰਾਗ ਮੱਧਮ ਹੁੰਦੇ-ਹੁੰਦੇ ਅੰਤ ਬੁਝ ਗਏ; ਬਲਕਿ ਇਕ ਸਟੇਜ ਅਜਿਹੀ ਵੀ ਆ ਗਈ ਜਦ ਮਕਬੂਲ ਦੀ ਮਾਤਾ ਖੁਰਮੀ ਬੇਗਮ ਨੇ ਤਾਹਿਰ ਦੇ ਪਿਤਾ ਨੂੰ ਲਿਖ ਦਿੱਤਾ ਕਿ ਉਹ ਮਜਬੂਰੀ ਵਸ ਇਹ ਵਿਆਹ ਮਨਸੂਖ ਕਰ ਰਹੀ ਹੈ। ਉਧਰ ਤਾਹਿਰ ਦੇ ਪਿਤਾ ਨੇ ਵੀ ਉਸ ਦਾ ਵਿਆਹ ਕਿਸੇ ਦੂਜੀ ਥਾਂ ਤੈਅ ਕਰਨ ਦਾ ਵਿਚਾਰ ਬਣਾ ਲਿਆ, ਪਰ ਮੁਹੱਬਤ ਦੇ ਦੋਵੇਂ ਦੀਵਾਨੇ ਆਪੋ-ਆਪਣੀ ਜ਼ਿਦ ਉਤੇ ਕਾਇਮ ਰਹੇ। ਉਨ੍ਹਾਂ ਇਸ ਮਾਮਲੇ ‘ਚ ਕਿਸੇ ਦਾ ਵੀ ਦਖਲ ਬਰਦਾਸ਼ਤ ਕਰਨ ਤੋਂ ਨਾਂਹ ਕਰ ਦਿੱਤੀ। ਅੰਤ ਮੁਹੱਬਤ ਦੀ ਜਿੱਤ ਹੋਈ ਅਤੇ ਤਾਹਿਰਾ ਨੂੰ ਭਾਰਤ ਲਈ ਸਿਆਸਤਦਾਨਾਂ ਦੀ ਮਦਦ ਨਾਲ ਵੀਜ਼ਾ ਮਿਲ ਗਿਆ, ਪਰ ਉਸ ਦੇ ਮਾਂ-ਪਿਓ ਜਾਂ ਕਿਸੇ ਰਿਸ਼ਤੇਦਾਰ ਨੂੰ ਵਿਆਹ ਮੌਕੇ ਉਤੇ ਭਾਰਤ ਆਉਣ ਦੀ ਆਗਿਆ ਨਾ ਮਿਲੀ।
ਤਾਹਿਰਾ ਜ਼ਹੂਰ ਦੀਆਂ ਅੱਖਾਂ ਵਿਚ ਖੁਸ਼ੀ ਅਤੇ ਪ੍ਰਸੰਨਤਾ ਦੇ ਹੰਝੂ ਤੈਰ ਆਏ, ਜਦ 28 ਅਕਤੂਬਰ ਨੂੰ ਰਮਜ਼ਾਨ ਮੁਬਾਰਕ ਦੇ ਦਿਨ ਉਸ ਦੇ ਪਿਤਾ ਡਾ ਜ਼ਹੂਰ ਅਹਿਮਦ ਅਤੇ ਉਸ ਦੀ ਮਾਤਾ ਨੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ ‘ਸਦਾ-ਏ-ਸਰਹੱਦ’ ਟਰੇਨ ਦੇ ਡੱਬੇ ਵਿਚ ਬਿਠਾ ਦਿੱਤਾ। ਗੱਡੀ ਚੱਲੀ ਤਾਂ ਤਾਹਿਰਾ ਦੇ ਮਾਤਾ-ਪਿਤਾ ਪਲੇਟ ਫਾਰਮ ਉਤੇ ਖੜ੍ਹੇ ਹੰਝੂ ਪੂੰਝ ਰਹੇ ਸਨ। ਤਾਹਿਰਾ ਡੱਬੇ ਦੇ ਦਰਵਾਜ਼ੇ ‘ਤੇ ਖੜ੍ਹੀ ਚੁੱਪ ਨਿਗਾਹਾਂ ਅਤੇ ਕੰਬਦੇ ਹੱਥਾਂ ਨਾਲ ਉਨ੍ਹਾਂ ਨੂੰ ਅਲਵਿਦਾ ਕਹਿ ਰਹੀ ਸੀ। ਇਹ ਆਖਰੀ ਹੰਝੂ ਸਨ ਜੋ ਤਾਹਿਰਾ ਦੀਆਂ ਅੱਖਾਂ ਵਿਚ ਆਪਣੇ ਪਿਆਰੇ ਵਤਨ ਦੀ ਮਿੱਟੀ ਉਤੇ ਡਿੱਗੇ। ਕੁਝ ਪਲਾਂ ਵਿਚ ਲਾਹੌਰ ਸਟੇਸ਼ਨ ਦਾ ਪਲੇਟਫਾਰਮ ਛੁੱਟ ਗਿਆ ਅਤੇ ਨਾਲ ਹੀ ਤਾਹਿਰਾ ਦੇ ਬਚਪਨ ਤੇ ਜੁਆਨੀ ਦੀਆਂ ਯਾਦਾਂ ਹੌਲੀ-ਹੌਲੀ ਉਸ ਦਾ ਸਾਥ ਛੱਡਣ ਲੱਗੀਆਂ ਜਿਨ੍ਹਾਂ ਨੂੰ ਉਹ ਆਪਣੇ ਦੁਪੱਟੇ ਦੇ ਪੱਲੇ ਬੰਨ੍ਹ ਕੇ ਵਿਹੜੇ ਵਿਚੋਂ ਬਾਹਰ ਨਿਕਲੀ ਸੀ। ਅਜੇ ਉਹ ਇਸ ਦਿਮਾਗੀ ਹਾਲਤ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਸੀ ਹੋਈ, ਉਸ ਦੇ ਜਜ਼ਬਾਤ ਦਾ ਤੂਫਾਨ ਅਜੇ ਥੰਮ੍ਹਿਆ ਵੀ ਨਹੀਂ ਸੀ, ਉਹ ਪੂਰੀ ਤਰ੍ਹਾਂ ਸੰਭਲੀ ਵੀ ਨਹੀਂ ਸੀ, ਉਸ ਦੀਆਂ ਪਲਕਾਂ ਵੀ ਅਜੇ ਸੁੱਕੀਆਂ ਨਹੀਂ ਸਨ ਕਿ ਟਰੇਨ ਅਚਾਨਕ, ਝਟਕੇ ਨਾਲ ਰੁਕ ਗਈ। ਸਾਰੇ ਕੰਪਾਰਟਮੈਂਟ ਵਿਚ ਖਲਬਲੀ ਮਚ ਗਈ। ਤਾਹਿਰਾ ਨੇ ਝਟ ਆਪਣੇ ਆਪ ਨੂੰ ਸੰਭਾਲਿਆ। ਤਾਕੀ ਤੋਂ ਬਾਹਰ ਜੋ ਕੁਝ ਉਸ ਨੇ ਦੇਖਿਆ, ਉਸ ‘ਤੇ ਉਸ ਨੂੰ ਯਕੀਨ ਨਾ ਆਇਆ। ਉਸ ਨੇ ਵਾਰ-ਵਾਰ ਹੱਥਾਂ ਨਾਲ ਅੱਖਾਂ ਮਲੀਆਂ, ਪਰ ਜੋ ਉਸ ਨੇ ਦੇਖਿਆ, ਉਹ ਸੁਪਨਾ ਨਹੀਂ, ਹਕੀਕਤ ਸੀ।
ਟਰੇਨ ਠੀਕ ਹੀ ਆਪਣੀ ਮੰਜ਼ਲ ਉਤੇ ਪਹੁੰਚ ਗਈ ਸੀ। ਹੇਠਾਂ ਪਲੇਟਫਾਰਮ ਉਤੇ ਉਸ ਦਾ ਮਹਿਬੂਬ, ਉਸ ਦੇ ਦਿਲੋ-ਜਾਨ ਦਾ ਮਾਲਕ, ਉਸ ਦਾ ਪਿਆਰਾ ਮਕਬੂਲ ਆਪਣੇ ਹੱਥਾਂ ਵਿਚ ਫੁੱਲਾਂ ਦਾ ਵੱਡਾ ਹਾਰ ਫੜੀ ਖੜ੍ਹਾ ਮੁਸਕਰਾਉਂਦਾ ਹੋਇਆ ਬਾਹਾਂ ਫੈਲਾ ਕੇ ਉਸ ਨੂੰ ਛਾਤੀ ਨਾਲ ਲਾਉਣ ਲਈ ਬੇਕਰਾਰ ਸੀ। ਤਾਹਿਰਾ ਜਦ ਕੰਪਾਰਟਮੈਂਟ ਵਿਚ ਭਰੀ ਭੀੜ ਦੇ ਧੱਕੇ ਦੇ ਦਬਾਅ ਕਰ ਕੇ ਗੱਡੀ ਦੇ ਪਾਏਦਾਨ ਤੋਂ ਡਿਗਦੀ-ਡਿਗਦੀ ਉਤਰ ਰਹੀ ਸੀ ਤਾਂ ਮਕਬੂਲ ਦੀਆਂ ਜ਼ੋਰਾਵਰ ਬਾਹਾਂ ਨੇ ਉਸ ਨੂੰ ਸੰਭਾਲ ਲਿਆ। ਫਿਰ ਉਸ ਦੇ ਗਲ ਵਿਚ ਤਾਜ਼ੇ ਫੁੱਲਾਂ ਦਾ ਹਾਰ ਪਾ ਦਿੱਤਾ।
ਤਾਹਿਰਾ ਸਵਰਗ ਦੇ ਦਰਵਾਜ਼ੇ ਉਤੇ ਖੜ੍ਹੀ ਸੀ, ਪਰ ਦਰਵਾਜ਼ਾ ਅਜੇ ਖੁੱਲ੍ਹਿਆ ਨਹੀਂ ਸੀ। ਜਿਹੜੇ ਲੋਕ ਗੱਡੀ ਵਿਚੋਂ ਉਤਰੇ ਸੀ, ਉਹ ਕੁਝ ਹੀ ਪਲਾਂ ਵਿਚ ਆਪਣੀਆਂ ਉਦਾਸ ਅਤੇ ਹੰਝੂਆਂ ਭਰੀਆਂ ਅੱਖਾਂ ਲੈ ਕੇ ਆਪੋ-ਆਪਣੇ ਕੰਪਾਰਟਮੈਂਟ ਵਿਚ ਮੁੜ ਆਏ; ਕਿਉਂਕਿ ‘ਸਦਾ-ਏ-ਸਰਹੱਦ’ ਦਾ ਕੋਈ ਵੀ ਮੁਸਾਫਿਰ ਰਾਹ ਵਿਚ ਕਿਸੇ ਵੀ ਸਟੇਸ਼ਨ ‘ਤੇ ਨਹੀਂ ਉਤਰ ਸਕਦਾ ਸੀ। ਹਰ ਮੁਸਾਫਿਰ ਨੂੰ ਪਹਿਲਾਂ ਦਿੱਲੀ ਪਹੁੰਚਣਾ ਜ਼ਰੂਰੀ ਹੁੰਦਾ ਸੀ। ਉਸ ਦੀ ਮੰਜ਼ਿਲ ਚਾਹੇ ਕੋਈ ਵੀ ਹੋਵੇ। ਸਵਰਗ ਦੇ ਬੰਦ ਦਰਵਾਜ਼ੇ ਉਤੇ ਖੜ੍ਹੀ ਤਾਹਿਰਾ ਰੋਂਦੀ ਰਹੀ। ਮਕਬੂਲ ਹੱਥ ਹਿਲਾ ਕੇ ਹੰਝੂਆਂ ਭਰੀਆਂ ਮੁਸਕਰਾਹਟਾਂ ਨਾਲ ਉਸ ਨੂੰ ਦੇਖਦਾ ਰਿਹਾ ਅਤੇ ਉਹ ਤਾਜ਼ੇ ਫੁੱਲਾਂ ਦੇ ਹਾਰ ਨੂੰ ਆਪਣੇ ਹੱਥਾਂ ਨਾਲ ਪਲੋਸਦੀ ਆਪਣੀਆਂ ਹੰਝੂ ਭਰੀਆਂ ਅੱਖਾਂ ਨੂੰ ਦੁਪੱਟੇ ਦੇ ਪੱਲੇ ਨਾਲ ਪੂੰਝਦੀ ਰਹੀ। ਗੱਡੀ ਚੱਲ ਚੁੱਕੀ ਸੀ। ਪਲੇਟਫਾਰਮ ਸੁੰਨਸਾਨ ਹੁੰਦਾ ਜਾ ਰਿਹਾ ਸੀ।
ਅਗਲੇ ਦਿਨ 29 ਅਕਤੂਬਰ ਨੂੰ ਤਾਹਿਰ ਜ਼ਹੂਰ ‘ਸ਼ਾਨ-ਏ-ਪੰਜਾਬ’ ਟਰੇਨ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਚੱਲ ਪਈ। ਉਸ ਨੂੰ ਲੱਗਿਆ ਸਵਰਗ ਦੇ ਜਿਸ ਬੂਹੇ ਉਤੇ ਉਹ ਖੜ੍ਹੀ ਵਾਰ-ਵਾਰ ਦਸਤਕ ਦੇ ਰਹੀ ਸੀ, ਅਜੇ ਨਹੀਂ ਖੁੱਲ੍ਹੇਗਾ। ਉਹ ਅੱਖਾਂ ਮੁੰਦ ਕੇ ਸਾਰਿਆਂ ਤੋਂ ਬੇਖਬਰ ਅੱਲ੍ਹਾ ਨੂੰ ਯਾਦ ਕਰਨ ਲੱਗ ਪਈ। ਇਕ ਉਹੀ ਤਾਂ ਸਹਾਰਾ ਸੀ ਉਸ ਦਾ ਜਿਸ ਨੇ ਪਿਛਲੇ ਦੋ ਸਾਲਾਂ ਵਿਚ ਉਸ ਨੂੰ ਉਡੀਕ ਦੀਆਂ ਦੁੱਖ ਭਰੀਆਂ ਘੜੀਆਂ ਬਿਤਾਉਣ ਦੀ ਹਿੰਮਤ ਦਿੱਤੀ ਸੀ। ਕੰਪਾਰਟਮੈਂਟ ਵਿਚ ਭੀੜ ਅਤੇ ਸ਼ੋਰ ਦੌਰਾਨ ਉਹ ਆਪਣੇ ਮਹਿਬੂਬ ਮਕਬੂਲ ਦੇ ਲਈ ਦੁਆਵਾਂ ਮੰਗਦੀ ਰਹੀ।
ਦੁਪਹਿਰ ਨੂੰ ਜਦ ‘ਸ਼ਾਨ-ਏ-ਪੰਜਾਬ’ ਗੱਡੀ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਪਹੁੰਚੀ ਤਾਂ ਤਾਹਿਰਾ ਪਲੇਟਫਾਰਮ ਉਤੇ ਖੜ੍ਹੀ ਭੀੜ ਵਿਚ ਮਕਬੂਲ ਦੇ ਚਿਹਰੇ ਨੂੰ ਲੱਭਣ ਲੱਗੀ। ਉਹ ਚਿਹਰਾ ਉਸ ਨੂੰ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ। ਫਿਰ ਉਸ ਨੇ ਦੇਖਿਆ, ਮਕਬੂਲ ਕੁਝ ਹੋਰ ਆਦਮੀਆਂ ਨਾਲ ਟਰੇਨ ਦੇ ਡੱਬਿਆਂ ਵਿਚ ਝਾਕਦਾ ਭੱਜਿਆ ਆ ਰਿਹਾ ਸੀ। ਤਾਹਿਰਾ ਨੇ ਉਸ ਨੂੰ ਦੋ ਤਿੰਨ ਵਾਰੀ ਆਵਾਜ਼ ਵੀ ਮਾਰੀ, ਪਰ ਉਸ ਦੀ ਆਵਾਜ਼ ਮਕਬੂਲ ਤਕ ਨਹੀਂ ਪਹੁੰਚ ਰਹੀ ਸੀ। ਫਿਰ ਮਕਬੂਲ ਹੌਂਕਦਾ ਹੋਇਆ ਉਸ ਦੇ ਡੱਬੇ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ਤਾਹਿਰਾ ਨੇ ਉਸ ਦਾ ਹੱਥ ਘੁੱਟ ਕੇ ਫੜਦਿਆਂ ਉਸ ਨੂੰ ਸਲਾਮ ਕਹੀ। ਫਿਰ ਉਸ ਨੇ ਕੁਝ ਹੋਰ ਚਿਹਰਿਆਂ ਨੂੰ ਪਹਿਲੀ ਵਾਰ ਦੇਖਿਆ। ਇਹ ਉਨ੍ਹਾਂ ਸਿੱਖਾਂ ਤੇ ਹਿੰਦੂਆਂ ਦੇ ਚਿਹਰੇ ਸਨ ਜਿਹੜੇ ਮਕਬੂਲ ਨਾਲ ਤਾਹਿਰਾ ਨੂੰ ਲੈਣ ਸਟੇਸ਼ਨ ਉਤੇ ਆਏ ਸਨ। ਸਾਰਿਆਂ ਨੇ ਹੱਥ ਜੋੜ ਕੇ ਤਾਹਿਰਾ ਨੂੰ ਆਦਾਬ ਕੀਤਾ। ਤਾਹਿਰਾ ਹੈਰਾਨੀ ਨਾਲ ਸਾਰਿਆਂ ਨੂੰ ਦੇਖ ਰਹੀ ਸੀ। ਉਸ ਦੇ ਹੱਥ ਆਪਣੇ ਆਪ ਹੀ ਆਪਸ ਵਿਚ ਜੁੜ ਕੇ ਨਮਸਕਾਰ ਦਾ ਜਵਾਬ ਦੇ ਰਹੇ ਸੀ। ਫਿਰ ਮਕਬੂਲ ਉਸ ਨੂੰ ਸਹਾਰਾ ਦੇ ਕੇ ਟਰੇਨ ਤੋਂ ਹੇਠਾਂ ਲਾਹ ਕੇ, ਸਟੇਸ਼ਨ ਤੋਂ ਬਾਹਰ ਲੈ ਆਇਆ। ਮਕਬੂਲ ਦੇ ਦੋਸਤ ਨਾਅਰੇ ਲਾ ਰਹੇ ਸੀ, “ਤਾਹਿਰਾ, ਅਸੀਂ ਭਾਰਤ ਦੀ ਧਰਤੀ ਉਤੇ ਤੇਰਾ ਸੁਆਗਤ ਕਰਦੇ ਹਾਂ।”
ਫਿਰ ਦਰਜਨਾਂ ਲੋਕਾਂ ਨੇ ਉਸ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਸਾਰਾ ਚਿਹਰਾ ਫੁੱਲਾਂ ਨਾਲ ਢਕ ਦਿੱਤਾ। ਫਿਰ ਲੋਕਾਂ ਦੀ ਉਹ ਸਾਰੀ ਭੀੜ ਉਸ ਅਤੇ ਮਕਬੂਲ ਨੂੰ ਕਾਰ ਵਿਚ ਬਿਠਾ ਕੇ ਸ਼ਹਿਰ ਵੱਲ ਚੱਲ ਪਈ। ਸਾਰਿਆਂ ਤੋਂ ਅੱਗੇ ਅੰਮ੍ਰਿਤਸਰ ਦੇ ਤਾਂਗੜੀ ਖਾਨਦਾਨ ਦੇ ਮੁਖੀ ਕਰਮਜੀਤ ਸਿੰਘ ਦੀ ਕਾਰ ਸੀ। ਕਾਰਾਂ ਦਾ ਇਹ ਕਾਫਲਾ ਤਾਂਗੜੀ ਪਰਿਵਾਰ ਦੇ ਮਕਾਨ ਵੱਲ ਜਾ ਰਿਹਾ ਸੀ। ਤਾਹਿਰਾ ਹੈਰਾਨੀ ਅਤੇ ਖੁਸ਼ੀ ਦੇ ਮਿਲੇ-ਜੁਲੇ ਅਹਿਸਾਸ ਨਾਲ ਇਹ ਸਾਰਾ ਨਜ਼ਾਰਾ ਦੇਖ ਰਹੀ ਸੀ। ਕਾਰ ਜਦ ਮਕਾਨ ਦੇ ਸਾਹਮਣੇ ਰੁਕੀ ਤਾਂ ਮਕਬੂਲ ਨੇ ਤਾਹਿਰਾ ਨੂੰ ਸੰਭਾਲ ਕੇ ਹੇਠਾਂ ਉਤਾਰਿਆ। ਉਸੇ ਵੇਲੇ ਘਰ ਦੀ ਮਾਲਕਣ ਨੀਤੂ ਤਾਂਗੜੀ ਬਾਹਰ ਨਿਕਲੀ, ਤਾਹਿਰਾ ਨੂੰ ਆਪਣੀਆਂ ਬਾਹਾਂ ਵਿਚ ਲਿਆ ਅਤੇ ਪਲ ਭਰ ਲਈ ਉਸ ਨੂੰ ਦਰਵਾਜ਼ੇ ‘ਤੇ ਹੀ ਰੋਕ ਦਿੱਤਾ। ਤਾਹਿਰਾ ਚੁੱਪ ਅਤੇ ਹੈਰਾਨ ਸੀ। ਫਿਰ ਉਸ ਨੇ ਦੇਖਿਆ, ਕੁਝ ਔਰਤਾਂ ਦਰਵਾਜ਼ੇ ਦੇ ਦੋਹਾਂ ਖੂੰਜਿਆਂ ਉਤੇ ਸਰ੍ਹੋਂ ਦਾ ਤੇਲ ਚੁਆ ਰਹੀਆਂ ਸਨ ਅਤੇ ਫਿਰ ਉਹ ਸਾਰੀਆਂ ਥਾਲੀ ਵਿਚ ਦੀਵੇ ਬਾਲ ਕੇ ਉਸ ਦੀ ਆਰਤੀ ਉਤਾਰਨ ਲੱਗੀਆਂ, ਉਸ ਉਤੇ ਫੁੱਲਾਂ ਦੀ ਬਾਰਸ਼ ਕਰਨ ਲੱਗੀਆਂ। ਇਹ ਸੁਆਗਤ ਦੀ ਰਸਮ ਸੀ। ਮਕਬੂਲ ਭੀੜ ਵਿਚ ਖੜ੍ਹਾ ਮੁਸਕਰਾ ਰਿਹਾ ਸੀ ਅਤੇ ਵਾਰ-ਵਾਰ ਹੱਥ ਹਿਲਾ ਰਿਹਾ ਸੀ। ਫਿਰ ਨੀਤੂ ਤਾਂਗੜੀ ਤਾਹਿਰਾ ਨੂੰ ਆਪਣੀ ਬਗਲ ਵਿਚ ਲੈਂਦੇ ਹੋਏ ਉਸ ਤੋਂ ਘਰ ਦੀ ਦਹਿਲੀਜ਼ ਪਾਰ ਕਰਵਾ ਕੇ ਉਸ ਨੂੰ ਅੰਦਰ ਡਰਾਇੰਗ ਰੂਮ ਵਿਚ ਲੈ ਆਈ। ਹੁਣ ਮਕਬੂਲ ਵੀ ਉਸ ਦੇ ਨਾਲ ਸੀ। ਜਦ ਉਹ ਸੋਫੇ ਉਤੇ ਬੈਠੀ ਤਾਂ ਕਮਰੇ ਵਿਚ ਖੜ੍ਹੀਆਂ ਤੀਵੀਆਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਇਕ-ਇਕ ਕਰ ਕੇ ਸਭ ਨੇ ਉਸ ਨੂੰ ਤੋਹਫਿਆਂ ਨਾਲ ਲੱਦ ਦਿੱਤਾ। ਤਾਹਿਰਾ ਦੇ ਮੂੰਹ ਵਿਚੋਂ ਤਾਂ ਇਕ ਵੀ ਸ਼ਬਦ ਨਹੀਂ ਨਿਕਲ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇੰਨੀ ਇੱਜ਼ਤ ਤਾਂ ਉਸ ਦੇ ਵਤਨ ਵਿਚ ਕਿਸੇ ਨੇ ਵੀ ਉਸ ਨੂੰ ਨਹੀਂ ਦਿੱਤੀ ਸੀ ਉਹ ਸੋਚਣ ਲੱਗੀ ਕਿ ਇਹ ਕਿਹਾ ਮੁਲਕ ਸੀ, ਕਿਹੀ ਧਰਤੀ ਸੀ, ਇਥੋਂ ਦੇ ਵਾਸੀ ਕਿਹੋ ਜਿਹੇ ਸਨ ਅਤੇ ਫਿਰ ਉਸ ਨੂੰ ਖਿਆਲ ਆਇਆ ਕਿ ਇਹ ਜਿਹੜੇ ਇੰਨੇ ਸਾਲਾਂ ਤੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਆਪਸੀ ਵਿਰੋਧ ਚੱਲ ਰਹੇ ਸੀ, ਇਹ ਸਭ ਸਿਆਸੀ ਸਨ। ਆਮ ਲੋਕ ਤਾਂ ਸਰਹੱਦ ਦੇ ਆਰ-ਪਾਰ ਇਕੋ ਜਿਹੇ ਹੀ ਸਨ। ਉਨ੍ਹਾਂ ਦੇ ਅਹਿਸਾਸ ਅਤੇ ਜਜ਼ਬਾਤ ਦੀ ਸ਼ਿੱਦਤ ਤਾਂ ਇਕ ਹੀ ਤਰ੍ਹਾਂ ਦੀ ਸੀ। ਆਮ ਆਦਮੀ ਚਾਹੇ ਉਹ ਕਿਸੇ ਵੀ ਮੁਲਕ ਦਾ ਹੋਵੇ ਅਮਨ ਅਤੇ ਸ਼ਾਂਤੀ ਹੀ ਚਾਹੁੰਦਾ ਹੈ। ਤਾਂ ਫਿਰ ਜੰਗ ਦੀਆਂ ਬਿਜਲੀਆਂ ਸਾਡੇ ਉਤੇ ਕੌਣ ਸੁੱਟਦਾ ਹੈ? ਸਾਨੂੰ ਇਕ ਦੂਜੇ ਨੂੰ ਤਬਾਹ ਕਰਨ ਦਾ ਪੈਗਾਮ ਕੌਣ ਦਿੰਦਾ ਹੈ? ਤਾਹਿਰਾ ਸਟਪਟਾ ਗਈ। ਇਸ ਸਾਰੇ ਖੁਸ਼ੀਆਂ ਭਰੇ ਮਾਹੌਲ ਵਿਚ ਵੀ ਉਹ ਉਦਾਸ ਹੋ ਗਈ। ਉਸ ਨੂੰ ਆਪਣੇ ਮਾਤਾ-ਪਿਤਾ, ਆਪਣੇ ਸਾਰੇ ਭੈਣ-ਭਾਈ ਯਾਦ ਆਉਣ ਲੱਗੇ ਅਤੇ ਉਹ ਇਕਦਮ ਫੁੱਟ ਪਈ। ਮਕਬੂਲ ਨੇ ਅੱਗੇ ਵਧ ਕੇ ਉਸ ਨੂੰ ਸੰਭਾਲ ਲਿਆ।
ਜਦ ਸ਼ਾਮ ਦੇ ਧੁੰਦਲਕੇ ਵਿਚ ਤਾਹਿਰਾ ਅਤੇ ਮਕਬੂਲ ਕਾਦੀਆਂ ਪਹੁੰਚੇ ਤਾਂ ਉਥੇ ਮਾਹੌਲ ਹੋਰ ਹੀ ਸੀ। ਮਕਬੂਲ ਦੀ ਮਾਂ ਖੁਰਸ਼ੀਦ ਬੇਗਮ ਨੇ ਉਸ ਦਾ ਸਦਕਾ ਉਤਾਰਦਿਆਂ ਸਜਦੇ ਵਿਚ ਗਿਰ ਕੇ ਉਸ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ। ਉਸ ਸ਼ਾਮ ਕਸਬੇ ਦੇ ਸਾਰੇ ਸਿਆਸੀ ਲੀਡਰ ਆਪੋ-ਆਪਣੇ ਮਤਭੇਦ ਭੁਲਾ ਕੇ ਹੱਥਾਂ ਵਿਚ ਫੁੱਲਾਂ ਦੇ ਹਾਰ ਲਈ ਤਾਹਿਰਾ ਦੇ ਸੁਆਗਤ ਨੂੰ ਆ ਗਏ। ਤਾਹਿਰਾ ਕਿੰਨੀ ਭਾਗਾਂ ਵਾਲੀ ਸੀ ਕਿ ਉਸ ਦੇ ਅਚਾਨਕ ਆ ਜਾਣ ਨਾਲ ਸਾਰੇ ਸ਼ਹਿਰ ਦਾ ਮਾਹੌਲ ਅਮਨ ਭਾਈਚਾਰੇ ਅਤੇ ਦੋਸਤੀ ਦੀ ਖੁਸ਼ਬੂ ਨਾਲ ਮਹਿਕ ਉਠਿਆ। ਉਸ ਨੂੰ ਲੱਗਿਆ ਕਿ ਸਵਰਗ ਦਾ ਦਰਵਾਜ਼ਾ ਜਿਸ ਨੂੰ ਉਹ ਕਿੰਨੇ ਲੰਮੇ ਸਮੇਂ ਤੋਂ ਖੜਕਾਉਂਦੀ ਆ ਰਹੀ ਸੀ, ਪਲ ਭਰ ਵਿਚ ਫਟਾਕ ਦੇਣੇ ਖੁੱਲ੍ਹ ਗਿਆ ਸੀ ਅਤੇ ਫਰਿਸ਼ਤੇ ਉਸ ਦਾ ਮੱਥਾ ਚੁੰਮ ਰਹੇ ਸੀ। ਕਸਬੇ ਦਾ ਹਰ ਬਜ਼ੁਰਗ ਬਿਨਾ ਕਿਸੇ ਜਾਤ-ਪਾਤ ਦੇ ਭੇਦਭਾਵ ਦੇ ਉਸ ਨੂੰ ਆਪਣੀ ਸਰਪ੍ਰਸਤੀ ਵਿਚ ਲੈਣ ਲਈ ਕਾਹਲਾ ਪੈ ਰਿਹਾ ਸੀ। ਤਾਹਿਰਾ ਲਈ ਕੁਝ ਹੀ ਪਲਾਂ ਵਿਚ ਇਕ ਅਜਨਬੀ ਵੀ ਅਜਨਬੀ ਨਹੀਂ ਸੀ। ਸਾਰੇ ਤਾਂ ਉਸ ਦੇ ਆਪਣੇ ਸਨ। ਉਸ ਨੇ ਇੰਨੇ ਲੋਕਾਂ ਵਿਚ ਘਿਰੇ ਹੋਣ ਦੇ ਬਾਵਜੂਦ ਸ਼ੁਕਰਾਨੇ ਲਈ ਦੁਆ ਵਿਚ ਹੱਥ ਚੁੱਕ ਲਏ। ਸਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ।
ਇਹ ਸਾਰੀਆਂ ਗੱਲਾਂ ਮੈਨੂੰ ਤਾਹਿਰਾ ਜ਼ਹੂਰ ਨੇ ਸਮੇਂ-ਸਮੇਂ ਹੋਈ ਗੱਲਬਾਤ ਦੌਰਾਨ ਦੱਸੀਆਂ ਹਨ ਜਿਨ੍ਹਾਂ ਨੂੰ ਦੱਸ ਕੇ ਮੇਰੇ ਵਿਛੋੜੇ ਭਰੇ ਦਿਲ ਨੂੰ ਬਹੁਤ ਚੈਨ ਮਿਲਦਾ ਹੈ। ਮੈਨੂੰ ਜਿਸ ਦਾ ਨਾਮ ਨਾਸਰ ਪ੍ਰਵੀਨ ਹੈ ਅਤੇ ਤਕਰੀਬਨ ਡੇਢ ਸਾਲ ਪਹਿਲਾਂ ਜਿਸ ਦਾ ਨਿਕਾਹ ਪਾਕਿਸਤਾਨ ਦੇ ਜ਼ਿਲ੍ਹਾ ਝੰਗ ਵਿਚ ਅਬੂਆਹ ਦੇ ਕਸਬੇ ਵਿਚ ਮੁਹੰਮਦ ਅਹਿਸਨ ਦੇ ਨਾਲ ਹੋਇਆ ਸੀ, ਜਦ ਉਹ ਵੀ ਉਥੇ ਆਪਣੇ ਖਾਨਦਾਨ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ। ਮੈਂ ਵੀ ਤਾਂ ਉਨ੍ਹਾਂ ਬਦਨਸੀਬ ਔਰਤਾਂ ਵਿਚੋਂ ਹਾਂ ਜਿਨ੍ਹਾਂ ਦੀ ਫਰਿਆਦ ਗੁਆਂਢੀ ਮੁਲਕ ਦੇ ਹੁਕਮਰਾਨ ਨਾ ਸੁਣ ਕੇ ਉਨ੍ਹਾਂ ਨੂੰ ਆਪਣੇ ਪਿਆਰਿਆਂ ਤੋਂ ਦੂਰ ਰੱਖਣ ਦੇ ਹਾਲਾਤ ਪੈਦਾ ਕਰਦੇ ਰਹੇ।
ਅੱਜ ਤਾਹਿਰਾ ਜ਼ਹੂਰ ਦੇ ਖੁਸ਼ੀਆਂ ਭਰੇ ਪਲਾਂ ਵਿਚ ਮੇਰੇ ਦਿਲ ਨੂੰ ਵੀ ਸ਼ਾਂਤੀ ਮਿਲੀ ਹੈ। ਹੋ ਸਕਦਾ ਹੈ, ਅੱਲ੍ਹਾ ਮੇਰੀ ਫਰਿਆਦ ਵੀ ਸੁਣ ਲਵੇ। ਮੈਂ ਭਾਰਤ ਦੀ ਮਿੱਟੀ ਆਪਣੇ ਪੱਲੇ ਵਿਚ ਬੰਨ੍ਹ ਕੇ ਪਾਕਿਸਤਾਨ ਚਲੀ ਜਾਵਾਂ ਅਤੇ ਇਥੋਂ ਦੀ ਪਵਿਤਰ ਮਿੱਟੀ ਨੂੰ ਪਾਕਿਸਤਾਨ ਦੀ ਮਿੱਟੀ ਵਿਚ ਮਿਲਾ ਕੇ ਦੋਵੇਂ ਮੁਲਕਾਂ ਦੇ ਭਰਪੂਰ ਫਸਲਾਂ ਪੈਦਾ ਕਰਨ ਵਾਲੇ ਖੇਤਾਂ ਵਿਚ ਮੁਹੱਬਤ ਅਤੇ ਅਮਨ ਦੇ ਬੀਜ ਪਾ ਕੇ ਪਿਆਰ ਦੀ ਫਸਲ ਨੂੰ ਲਹਿਲਹਾਉਂਦੀ ਹੋਈ ਦੇਖ ਸਕਾਂ।
ਕੱਲ੍ਹ ਰਾਤ ਮੈਂ ਤਾਹਿਰਾ ਦੇ ਘਰ ਵਿਚ ਹੀ ਸੀ ਅਤੇ ਉਸ ਦੀ ਮਹਿੰਦੀ ਦੀ ਰਸਮ ਵਿਚ ਸ਼ਾਮਲ ਹੋਈ ਸੀ। ਤਾਹਿਰਾ ਦੇ ਹੱਥਾਂ ਨੂੰ ਮਹਿੰਦੀ ਬਹੁਤ ਹੀ ਖੂਬਸੂਰਤ ਸਿੱਖ ਲੜਕੀ ਹਰਸੁਖਚੈਨ ਕੌਰ ਨੇ ਲਾਈ ਸੀ। ਉਹੀ ਤਾਹਿਰਾ ਦੀ ਭੈਣ ਦਾ ਰੋਲ ਨਿਭਾਅ ਰਹੀ ਹੈ। ਫੋਟੋਗਰਾਫਰਾਂ ਨੇ ਜੀਅ ਭਰ ਕੇ ਦੋਹਾਂ ਦੀਆਂ ਤਸਵੀਰਾਂ ਲਈਆਂ। ਅੱਜ ਸਵੇਰੇ ਮੈਂ ਉਹ ਖੂਬਸੂਰਤ ਤਸਵੀਰਾਂ ਅਖਬਾਰਾਂ ਵਿਚ ਵੀ ਛਪੀਆਂ ਦੇਖੀਆਂ ਹਨ। ਹਰਸੁਖਚੈਨ ਦੀ ਮਾਂ ਡਾ ਬਲਜੀਤ ਕੌਰ ਹੀ ਤਾਹਿਰਾ ਦੀ ਮਾਂ ਦੇ ਫਰਜ਼ ਪੂਰੇ ਕਰ ਰਹੀ ਹੈ, ਕਿਉਂਕਿ ਤਾਹਿਰਾ ਦੀ ਮਾਂ ਤੇ ਪਿਓ, ਦੋਹਾਂ ਵਿਚੋਂ ਕੋਈ ਵੀ ਸਮਾਗਮ ਵਿਚ ਹਾਜ਼ਰ ਨਹੀਂ ਹੋ ਸਕਿਆ।
ਹੁਣੇ-ਹੁਣੇ ਨਿਕਾਹ ਦੀ ਰਸਮ ਪੂਰੀ ਹੋਈ ਹੈ।
“ਮਕਬੂਲ ਅਹਿਮਦ ਕੀ ਤੈਨੂੰ ਤਾਹਿਰਾ ਪੁੱਤਰੀ ਡਾ ਜ਼ਹੂਰ ਅਹਿਮਦ ਨਾਲ ਪੱਚੀ ਹਜ਼ਾਰ ਰੁਪਏ ਹੱਕ-ਮਿਹਰ ਦੇ ਔਜ ਨਿਕਾਹ ਕਬੂਲ ਹੈ?”
ਇਸ ਸਵਾਲ ਦਾ ਜਵਾਬ ਮਕਬੂਲ ਅਹਿਮਦ ਨੇ ਜ਼ੋਰਦਾਰ ਆਵਾਜ਼ ਵਿਚ ਦਿੱਤਾ, “ਕਬੂਲ ਹੈ।”
ਹਰ ਪਾਸਿਓਂ ਤਾੜੀਆਂ ਗੂੰਜ ਉਠੀਆਂ ਅਤੇ ਇਸ ਤਰ੍ਹਾਂ ਦੋ ਸਾਲ ਦੀ ਕੜੀ ਜੁੜਦੀ-ਜੁੜਦੀ ਦੋ ਦੇਸ਼ਾਂ ਦੀ ਮੁਹੱਬਤ ਦੀ ਕਹਾਣੀ ਪੂਰੀ ਹੋ ਗਈ।
ਵਿਦਾਈ ਦੀ ਰਸਮ ਡਾ ਬਲਜੀਤ ਕੌਰ ਨੇ ਤਾਹਿਰਾ ਦਾ ਮੱਥਾ ਚੁੰਮ ਕੇ ਅਤੇ ਉਸ ਦੇ ਗਲ ਵਿਚ ਸੋਨੇ ਦਾ ਹਾਰ ਪਾ ਕੇ ਕੀਤੀ। ਮਕਬੂਲ ਅਤੇ ਤਾਹਿਰਾ ਨੇ ਬਲਜੀਤ ਕੌਰ ਦੇ ਪੈਰੀਂ ਹੱਥ ਲਾਏ। ਹਰਸੁਖਚੈਨ ਨੇ ਤਾਹਿਰਾ ਦੀਆਂ ਗੱਲ੍ਹਾਂ ਚੁੰਮ ਕੇ ਉਸ ਨੂੰ ਕਾਰ ਵਿਚ ਮਕਬੂਲ ਨਾਲ ਬਿਠਾ ਦਿੱਤਾ। ਕਾਰ ਫੁੱਲਾਂ ਦੇ ਹਾਰਾਂ ਨਾਲ ਸਜੀ ਹੋਈ ਸੀ। ਦੇਖਣ ਵਾਲੇ ਹੌਲੀ-ਹੌਲੀ ਸਰਕਦੀ ਕਾਰ ਉਤੇ ਫੁੱਲਾਂ ਦੀ ਬਾਰਸ਼ ਕਰ ਰਹੇ ਸੀ। ਸਰਕਦੀ ਗੱਡੀ ਵਿਚੋਂ ਸਿਰ ਬਾਹਰ ਕੱਢ ਕੇ ਤਾਹਿਰਾ ਨੇ ਮੇਰੇ ਕੰਨਾਂ ਵਿਚ ਹੌਲੀ ਜਿਹੀ ਕਿਹਾ, “ਖੁਦਾ ਬੜਾ ਕਾਰਸਾਜ਼ ਹੈ। ਇਸ ‘ਤੇ ਭਰੋਸਾ ਰੱਖਣਾ ਨਾਸਰ।”
ਤਾਹਿਰਾ ਦੇ ਨਿਕਾਹ ਦੌਰਾਨ ਜੋ ਦੁਆਵਾਂ ਉਭਰੀਆਂ ਸਨ, ਉਹ ਬੜੀਆਂ ਪਵਿਤਰ ਹਨ। ਮਕਬੂਲ ਅਤੇ ਤਾਹਿਰਾ ਦੋਵੇਂ ਇਸ ਦੇ ਗਵਾਹ ਹਨ, ਇਹ ਗਵਾਹੀ ਬੜੀ ਸਹੀ ਅਤੇ ਬੜੀ ਮਹਾਨ ਹੈ। ਕਾਸ਼! ਦੋਹਾਂ ਦੇਸ਼ਾਂ ਦੇ ਮੁਖੀ ਇਸ ਮਹਾਨਤਾ ਨੂੰ ਪਛਾਣ ਸਕਣ ਕਾਸ਼!! ਕਾਸ਼!!!

(ਅਨੁਵਾਦ : ਗੁਰਮੇਲ ਮਡਾਹੜ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)