Punjabi Stories/Kahanian
ਭੀਸ਼ਮ ਸਾਹਨੀ
Bhisham Sahni

Punjabi Kavita
  

Samadh Bhai Ram Singh Bhisham Sahani

ਸਮਾਧ ਭਾਈ ਰਾਮ ਸਿੰਘ ਭੀਸ਼ਮ ਸਾਹਨੀ

ਇਹ ਘਟਨਾ ਮੇਰੇ ਸ਼ਹਿਰ ਵਿਚ ਵਾਪਰੀ---ਕਿਤੇ ਹੋਰ ਵਾਪਰ ਵੀ ਨਹੀਂ ਸਕਦੀ ਸੀ। ਸ਼ਹਿਰਾਂ ਵਿਚੋਂ ਇਕ ਸ਼ਹਿਰ ਹੈ, ਇਹ ਮੇਰਾ ਸ਼ਹਿਰ…ਤੇ ਲੋਕਾਂ ਵਿਚੋਂ ਲੋਕ ਹਨ ਤਾਂ ਸਿਰਫ ਮੇਰੇ ਇਸ ਸ਼ਹਿਰ ਦੇ ਲੋਕ---ਜਿਹੜੇ ਕਿਸੇ ਹੋਰ ਨੂੰ ਆਪਣੇ ਮੇਚ ਦਾ ਸਮਝਦੇ ਹੀ ਨਹੀਂ। ਸਾਡੇ ਸ਼ਹਿਰ ਦੇ ਬਾਹਰ-ਵਾਰ ਇਕ ਗੰਦਾ ਨਾਲਾ ਵਗਦਾ ਹੈ, ਪਰ ਅਸੀਂ ਉਸਨੂੰ ਦਰਿਆ ਕਹਿੰਦੇ ਹਾਂ ; ਬੁੱਢਾ ਦਰਿਆ। ਇਕ ਬਾਗ਼ ਹੈ, ਜਿਸ ਵਿਚ ਟਾਹਲੀ ਤੇ ਸਫ਼ੈਦੇ ਦੇ ਰੁੱਖਾਂ ਦੇ ਬਿਨਾਂ ਹੋਰ ਤੀਜਾ ਰੁੱਖ ਨਹੀਂ---ਤੇ ਕਾਵਾਂ ਤੇ ਇੱਲ੍ਹਾਂ ਦੇ ਇਲਾਵਾ ਹੋਰ ਕੋਈ ਪਰਿੰਦਾ ਵੀ ਕਦੀ ਨਜ਼ਰ ਨਹੀਂ ਆਇਆ---ਬੂਝੇ ਹਨ, ਝਾੜੀਆਂ ਵੀ ਹਨ ਅਤੇ ਗੰਜੇ ਰੜੇ ਮੈਦਾਨ ਵਿਚ ਹਰ ਵੇਲੇ ਧੂੜ ਦੇ ਨਿੱਕੇ-ਵੱਡੇ ਵਾ-ਵਰੋਲੇ ਉੱਡਦੇ ਰਹਿੰਦੇ ਹਨ।…ਨਹੀਂ, ਬਸੰਤ ਰੁੱਤੇ ਵੀ ਨਹੀਂ : ਕਦੀ ਵੇਖਣ ਨੂੰ ਵੀ ਹਰਿਆਲੀ ਨਹੀਂ ਮਿਲੀ---ਪਰ ਸ਼ਹਿਰ ਵਾਲੇ ਉਸਨੂੰ ਚਮਨ ਆਖਦੇ ਹਨ, ਤੇ ਉਸਨੂੰ ਕਿਸੇ ਵੀ ਸੁੰਦਰ ਫੁਲਵਾੜੀ ਨਾਲੋਂ ਵਧੇਰੇ ਸੁੰਦਰ ਮੰਨਦੇ ਹਨ। ਇਸ ਸ਼ਹਿਰ ਵਿਚ ਕੋਈ ਚੀਜ਼ ਆਪਣੀ ਨਹੀਂ ਹੁੰਦੀ---ਫਲ ਹੁੰਦੇ ਹਨ, ਪਰ ਕਾਬਲ ਤੋਂ ਆਉਂਦੇ ਹਨ ; ਤੇ ਕੱਪੜਾ ਆਉਂਦਾ ਹੈ, ਵਿਲਾਇਤ ਤੋਂ। ਇਸ ਦੇ ਆਪਣੇ ਫਲ ਤਾਂ ਖੱਟੇ ਅਲੂਚੇ, ਨਸੂੜੇ ਤੇ ਗਰੰਡੇ ਹੁੰਦੇ ਹਨ, ਜਿਹਨਾਂ ਨੂੰ ਹੁਣ ਬੱਕਰੀਆਂ ਵੀ ਖਾਣਾ ਛੱਡ ਗਈਆਂ ਹਨ---ਪਰ ਸ਼ਹਿਰ ਵਾਲੇ ਇਸਨੂੰ ਫਲਾਂ ਦਾ ਘਰ ਤੇ ਕੱਪੜੇ ਦੀ ਮੰਡੀ ਦੱਸਦੇ ਹਨ। ਬਸ ਇਸ ਸ਼ਹਿਰ ਵਾਲਿਆਂ ਦੀ ਇਕੋ ਇਕ ਚੀਜ਼ ਆਪਣੀ ਹੈ---ਉਹ ਹੈ ਉਹਨਾਂ ਦੀ ਮੁੱਛ---ਜਿਸਦੀ ਕੁੰਡੀ, ਹਮੇਸ਼ਾ ਕੁੰਢੀ ਰਹਿੰਦੀ ਹੈ ; ਉਪਰਲੇ ਦੀ ਢੂਹੀਂ ਵਿਚ ਚੁੱਭਣੋ ਹੀ ਨਹੀਂ ਹਟਦੀ।
ਇਸੇ ਲਈ ਇਹ ਘਟਨਾਂ ਵੀ ਇਸੇ ਸ਼ਹਿਰ ਵਿਚ ਵਾਪਰ ਸਕਦੀ ਸੀ।
ਕਿਉਂਕਿ ਸ਼ਹਿਰ ਬਹੁਤਾ ਪੁਰਾਣਾ ਨਹੀਂ, ਇੱਥੇ ਕੋਈ ਸਮਾਰਕ ਜਾਂ ਮੰਦਰ ਵੀ ਨਹੀਂ, ਪਰ ਕਿਸੇ ਸ਼ਹਿਰੀ ਨੂੰ ਪੁੱਛ ਕੇ ਵੇਖੋ, ਤੁਹਾਡੇ ਵੱਲ ਇੰਜ ਦੇਖੇਗਾ ਜਿਵੇਂ ਕੋਈ ਗੁਫ਼ਾਵਾਸੀ ਦਿਸ ਪਿਆ ਹੋਵੇ, ਤੇ ਫੇਰ ਪੁੱਛੇਗਾ, "ਤੁਸੀਂ ਭਾਈ ਰਾਮ ਸਿੰਘ ਦੀ ਸਮਾਧ ਦੇਖੀ ਏ ?"
ਤੇ ਇਸ ਪਿੱਛੋਂ ਸਮਾਧ ਤੇ ਭਾਈ ਰਾਮ ਸਿੰਘ ਦੀ ਤਾਰੀਫ਼ ਵਿਚ ਘੱਟੋਘੱਟ 'ਕੋਤਰੀ ਖੋਲ੍ਹ ਕੇ ਬੈਠ ਜਾਵੇਗਾ। ਹੁਣ ਭਾਈ ਰਾਮ ਸਿੰਘ ਕੋਈ ਗੁਰੂ-ਪੀਰ ਤਾਂ ਹੋਇਆ ਨਹੀਂ, ਉਸਦਾ ਇਤਿਹਾਸ ਵਿਚ ਕਿਤੇ ਕੋਈ ਨਾਂ ਵੀ ਨਹੀਂ ਲਿਖਿਆ ਹੋਇਆ, ਸ਼ਹਿਰ ਤੋਂ ਬਾਹਰ ਇਸ ਵਿਚਾਰੇ ਨੂੰ ਕੋਈ ਜਾਣਦਾ ਵੀ ਨਹੀਂ, ਪਰ ਇੱਥੇ ਉਸਨੂੰ ਤੇ ਉਸਦੀ ਸਮਾਧ ਨੂੰ ਸ਼ਹਿਰ ਦਾ ਬੱਚਾ-ਬੱਚੀ ਜਾਣਦਾ ਹੈ---ਹਾਂ, ਜੇ ਦੇਸ਼ ਦਾ ਬੱਚਾ-ਬੱਚੀ ਨਹੀਂ ਜਾਣਦਾ ਤਾਂ ਇਹ ਕਸੂਰ ਦੇਸ਼ਵਾਸੀਆਂ ਦਾ ਹੋਇਆ ; ਸ਼ਹਿਰ ਵਾਸੀਆਂ ਦਾ ਨਹੀਂ।
ਜਿਸ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ, ਉਹ ਇਸੇ ਸਮਾਧ ਨਾਲ ਜੁੜੀ ਹੋਈ ਹੈ ਤੇ ਇਸੇ ਸ਼ਹਿਰ ਦੀ ਜੰਮੀ-ਜਾਈ ਹੈ।
ਭਾਵੇਂ ਸਾਡਾ ਸ਼ਹਿਰ ਛੋਟਾ-ਜਿਹਾ ਹੈ, ਜਿਸ ਵਿਚ ਇਕ ਲੰਮਾ ਬਾਜ਼ਾਰ ਕੱਪੜੇ ਵਾਲਿਆਂ ਦਾ ਹੈ, ਇਕ ਨਾਨਬਾਈਆਂ ਦਾ। ਇਕ ਸਬਜ਼ੀਮੰਡੀ ਹੈ, ਇਕ ਅਨਾਜ ਮੰਡੀ। ਅਣਗਿਣਤ ਗਲੀਆਂ ਤੇ ਦਰਜਨਾਂ ਦੇ ਹਿਸਾਬ ਨਾਲ ਮੁਹੱਲੇ ਹਨ। ਸ਼ਹਿਰ ਦੇ ਐਨ ਵਿਚਕਾਰ ਇਕ ਛੋਟਾ ਜਿਹਾ ਟਿੱਲਾ ਹੈ, ਜਿਸ ਉੱਤੇ ਇਕ ਮੰਦਰ ਬਣਿਆ ਹੋਇਆ ਹੈ ਤੇ ਚਾਰੇ ਪਾਸੇ ਲੰਮੀਆਂ-ਲੰਮੀਆਂ ਸੜਕਾਂ ਉਤਰਦੀਆਂ ਹਨ, ਜਿਵੇਂ ਸ਼ਿਵਜੀ ਦੀਆਂ ਜਟਾਂ ਵਿਚੋਂ ਇਕ ਦੀ ਬਜਾਏ ਚਾਰ ਨਦੀਆਂ ਵਹਿ ਨਿਕਲੀਆਂ ਹੋਣ। ਲੋਕ ਮਸਤ-ਮੌਲਾ ਸੁਭਾਅਦੇ ਹਨ---ਜਿਹੜੇ ਕੰਮ ਕਰਦੇ ਹਨ ਉਹ ਵੀ, ਤੇ ਜਿਹੜੇ ਕੁਝ ਵੀ ਨਹੀਂ ਕਰਦੇ ਉਹ ਵੀ…ਪਰ ਚੌਵੀ ਘੰਟਿਆਂ ਵਿਚ ਇਹ ਸਾਰੇ ਹੀ ਸ਼ਹਿਰ ਦਾ ਇਕ ਚੱਕਰ ਜ਼ਰੂਰ ਲਾਉਂਦੇ ਹਨ---ਸੋ ਗਲੀਆਂ ਤੇ ਬਾਜ਼ਾਰਾਂ ਦੀਆਂ ਸੜਕਾਂ ਉੱਤੇ ਹਮੇਸ਼ਾ ਰੌਣਕਾਂ ਲੱਗੀਆਂ ਰਹਿੰਦੀਆਂ ਹਨ।
ਇਹਨਾਂ ਰੌਣਕਾਂ ਵਿਚਕਾਰ ਹੀ ਕੋਈ ਵੀਹ ਕੁ ਵਰ੍ਹੇ ਪਹਿਲਾਂ ਇਸ ਟਿੱਲੇ ਵਾਲੇ ਮੰਦਰ ਦੀ ਵੱਖੀ ਵਿਚੋਂ ਨਿਕਲ ਕੇ ਭਾਈ ਰਾਮ ਸਿੰਘ ਚੌਰਾਹੇ ਵਿਚ ਆਣ ਖੜ੍ਹਾ ਹੋਇਆ ਸੀ---ਗੋਰਾ ਰੰਗ, ਲੰਮੀ ਲਿਸ਼ਕਦੀ ਦਾੜ੍ਹੀ, ਕੁਛ-ਕੁਛ ਕਾਲੀ, ਕੁਛ-ਕੁਛ ਬੱਗੀ ਤੇ ਨਰੋਈ, ਗਿੱਠੀ-ਦੇਹ। ਉਸ ਸਮੇਂ ਉਸਦੀ ਅਵਸਥਾ ਚਾਲੀ-ਪੰਤਾਲੀ ਦੇ ਲਗਭਗ ਹੋਵੇਗੀ। ਕੱਛੇ ਸਫ਼ੈਦ ਟੋਕਣੀ ਮਾਰੀ, ਤਨ 'ਤੇ ਸਫ਼ੈਦ ਚਾਦਰ ਤੇ ਤੇੜ ਦੇ ਸਫ਼ੈਦ ਮੂਕੇ ਸਮੇਤ, ਉਹ ਟੀਲੇ ਉੱਤੋਂ ਉਤਰ ਕੇ ਹੇਠਾਂ, ਆਣ ਖੜ੍ਹਾ ਹੋਇਆ ਸੀ, ਪਰ ਕਿਸੇ ਨੇ ਉਸ ਵੱਲ ਖਾਸ ਧਿਆਨ ਨਹੀਂ ਸੀ ਦਿੱਤਾ। ਚੌਰਾਹੇ ਵਿਚ ਕੁਝ ਮੁੰਡੇ ਖੇਡ ਰਹੇ ਸਨ। ਭਾਈ ਰਾਮ ਸਿੰਘ, ਹੌਲੀ-ਹੌਲੀ, ਉਹਨਾਂ ਵੱਲ ਤੁਰ ਪਿਆ ਤੇ ਇਕ ਮੁੰਡੇ ਨੂੰ ਆਪਣੇ ਕੋਲ ਬੁਲਾਅ ਕੇ ਕਹਿਣ ਲੱਗਾ, "ਲੈ ਬੇਟਾ, ਅਹਿ ਪੀ ਜਾਓ।" ਤੇ ਟੋਕਣੀ ਵਿਚੋਂ ਕੌਲਾ ਭਰ ਕੇ ਮੁੰਡੇ ਵੱਲ ਵਧਾਅ ਦਿੱਤਾ।
ਸਾਰੇ ਮੁੰਡੇ ਇਕੱਠੇ ਹੋ ਗਏ ਤੇ ਹੈਰਾਨੀ ਨਾਲ ਉਸ ਵੱਲ ਦੇਖਣ ਲੱਗ ਪਏ। ਫੇਰ ਉਸ ਮੁੰਡੇ ਨੇ ਕੌਲਾ ਭਾਈ ਰਾਮ ਸਿੰਘ ਦੇ ਹੱਥੋਂ ਫੜ੍ਹ ਲਿਆ ਤੇ ਵਾਰੀ-ਵਾਰੀ ਇਧਰ-ਉਧਰ ਦੇਖਣ ਪਿੱਛੋਂ ਮੂੰਹ ਨੂੰ ਲਾ ਲਿਆ---ਤੇ ਦੂਜੇ ਛਿਣ ਹੀ ਉਸਨੇ ਥੁੱਕ ਦਿੱਤਾ ਤੇ ਕੌਲਾ ਪਰ੍ਹਾਂ ਵਗਾਹ ਮਾਰਿਆ।
"ਇਹ ਚਿਰਾਇਤਾ ਏ ਬੇਟਾ ਜੀ, ਇਸ ਨਾਲ ਫੋੜੇ-ਫੁੰਸੀਆਂ ਨਹੀਂ ਨਿਕਲਦੇ। ਲਓ, ਥੋੜ੍ਹਾ-ਥੋੜ੍ਹਾ ਪੀ ਲਓ, ਸਾਰੇ ਈ।"
ਪਰ ਕਿਸੇ ਨੇ ਹੱਥ ਨਾ ਵਧਾਇਆ---ਜਿਸ ਨੇ ਚੱਖਿਆ ਸੀ, ਹੁਣ ਤੀਕ ਥੂਹ-ਥੂਹ ਕਰੀ ਜਾ ਰਿਹਾ ਸੀ ਤੇ ਬਾਕੀ ਮੁੰਡੇ ਉਸਦਾ ਮਖ਼ੌਲ ਉਡਾਅ ਰਹੇ ਸਨ। ਰਹੇ ਸਨ।
ਆਖ਼ਰ ਭਾਈ ਰਾਮ ਸਿੰਘ ਉਹਨਾਂ ਨੂੰ ਛੱਡ ਕੇ ਇਕ ਸੜਕ ਰਹੀਂ ਹੇਠਾਂ ਉਤਰਨ ਲੱਗਾ। ਮੁੰਡੇ ਜਿਗਿਆਸਾ ਵੱਸ ਕੁਝ ਦੂਰ ਤਾਂ ਉਸਦੇ ਪਿੱਛੇ-ਪਿੱਛੇ ਗਏ, ਪਰ ਫੇਰ ਪਰਤ ਆਏ ਤੇ ਆਪਣੀ ਖੇਡ ਵਿਚ ਮਸਤ ਹੋ ਗਏ।
ਇਸ ਪਿੱਛੋਂ ਭਾਈ ਰਾਮ ਸਿੰਘ ਸੜਕ ਉਤਰਨ ਲੱਗਿਆ ਤੇ ਰਾਹ ਜਾਂਦੇ ਹਰੇਕ ਬੱਚੇ, ਵੱਡੇ ਨੂੰ ਚਿਰਾਇਤਾ ਪੀਣ ਦਾ ਸੱਦਾ ਦੇਣ ਲੱਗਿਆ, ਤੇ ਫੇਰ ਹੌਲੀ-ਹੌਲੀ ਸ਼ਹਿਰ ਦੀਆਂ ਗਲੀਆਂ ਵਿਚ ਗਵਾਚ ਗਿਆ।
ਇੰਜ ਭਾਈ ਰਾਮ ਸਿੰਘ ਸ਼ਹਿਰ ਵਿਚ ਪਰਗਟ ਹੋਇਆ ਸੀ।
ਕੁਝ ਦਿਨਾਂ ਵਿਚ ਹੀ ਭਾਈ ਰਾਮ ਸਿੰਘ ਨੂੰ ਸਾਰੇ ਸ਼ਹਿਰ ਵਾਲੇ ਜਾਣਨ ਲੱਗ ਪਏ ਸਨ। ਜਗ੍ਹਾ-ਜਗ੍ਹਾ ਜ਼ਨਾਨੀਆਂ ਆਪਣੇ ਖੇਡਦੇ ਹੋਏ ਬਾਲਾਂ ਨੂੰ ਫੜ੍ਹ-ਫੜ੍ਹ ਕੇ ਉਸ ਕੋਲ ਲੈ ਜਾਂਦੀਆਂ ਤੇ ਮੱਲੋਜ਼ੋਰੀ ਚਿਰਾਇਤਾ ਪਿਆ ਲਿਆਉਂਦੀਆਂ; ਕਿਉਂਕਿ ਚਿਰਾਇਤਾ ਸੱਚਮੁੱਚ ਫੋੜੇ-ਫੁੰਸੀਆਂ ਦਾ ਬਿਹਤਰੀਨ ਇਲਾਜ ਸੀ। ਜਿਸ ਗਲੀ ਵਿਚ ਉਹ ਪਹੁੰਚਦਾ, ਨਿਆਣੇ ਫੌਰਨ ਲੁਕ-ਛਿਪ ਜਾਂਦੇ ਤੇ ਮਾਂਵਾਂ ਉਹਨਾਂ ਦੇ ਪਿੱਛੇ-ਪਿੱਛੇ ਦੌੜਦੀਆਂ ਨਜ਼ਰੀਂ ਆਉਂਦੀਆਂ---ਲੋਕ ਹੱਸਦੇ ਵੀ ਤੇ ਭਾਈ ਰਾਮ ਸਿੰਘ ਦਾ ਮਖ਼ੌਲ ਵੀ ਉਡਾਉਂਦੇ। ਲੋਕਾਂ ਲਈ ਭਾਈ ਰਾਮ ਸਿੰਘ ਤਮਾਸ਼ਾ ਬਣ ਗਿਆ ਸੀ। ਪਰ ਉਸਦੇ ਉਤਸਾਹ ਵਿਚ ਕੋਈ ਕਮੀ ਨਹੀਂ ਸੀ ਆਈ। ਬਲਿਕੇ ਕੁਝ ਦਿਨਾਂ ਵਿਚ ਹੀ ਉਸਦੀ ਟੋਕਣੀ ਨੂੰ ਛੋਟੀ ਜਿਹੀ ਟੂਟੀ ਲੱਗ ਗਈ, ਤਾਂਕਿ ਚਿਰਾਇਤਾ ਪਾਉਣ ਵਿਚ ਆਸਾਨੀ ਰਹੇ; ਫੇਰ ਇਕ ਕੌਲੇ ਦੀ ਜਗ੍ਹਾ ਤਿੰਨ ਕੌਲੇ ਆ ਗਏ, ਤਾਂਕਿ ਤਿੰਨ ਜਣੇ ਇਕੋ ਸਮੇਂ ਪੀ ਸਕਣ; ਫੇਰ ਭਾਈ ਰਾਮ ਸਿੰਘ ਦੇ ਮੋਢੇ ਉਪਰ ਇਕ ਧੂਤੂ ਵੀ ਲਟਕਣ ਲੱਗ ਪਿਆ। ਜਿਸ ਮੁਹੱਲੇ ਵਿਚ ਉਹ ਜਾਂਦਾ, ਧੂਤੂ ਵਜਾਅ ਕੇ ਆਪਣੇ ਆਉਣ ਦੀ ਖ਼ਬਰ ਕਰ ਦੇਂਦਾ।
ਲੋਕਾਂ ਨੇ ਭਾਂਤ-ਭਾਂਤ ਦੇ ਤੁੱਕੇ ਲਾਉਣੇ ਸ਼ੁਰੂ ਕਰ ਦਿੱਤੇ---'ਕੋਈ ਕਹਿੰਦਾ ਕਿ ਨਾਲ ਵਾਲੇ ਪਿੰਡੋਂ ਆਇਆ ਹੈ, ਉੱਥੇ ਉਸਦੀ ਕੱਪੜੇ ਦੀ ਦੁਕਾਨ ਹੁੰਦੀ ਸੀ।' ਕੋਈ ਆਖਦਾ---'ਜਸੂਸ ਐ, ਕਿਸੇ ਕਾਤਲ ਦੀ ਟੋਹ 'ਚ ਆਇਐ।' ਮੇਰੇ ਸ਼ਹਿਰ ਵਾਲੇ ਤੁੱਕੇ ਵੀ ਮਾਰਦੇ ਨੇ ਤਾਂ ਪੂਰੀ ਤਰ੍ਹਾਂ ਹਿੱਕ ਠੋਕ ਕੇ ਮਾਰਦੇ ਨੇ। ਕਿਸੇ ਨੇ ਕਿਹਾ---'ਇਸ ਕੋਲ ਚਾਲ੍ਹੀ ਹਜ਼ਾਰ ਰੁਪਈਆ ਨਕਦ ਐ, ਮੈਂ ਖ਼ੁਦ ਵੇਖਿਐ।' ਮੁੰਡੇ ਕਹਿੰਦੇ, 'ਸ਼ਮਸ਼ਾਨਘਾਟ 'ਚ ਰਹਿੰਦਾ ਈ ਤੇ ਰਾਤ ਨੂੰ ਵੀ ਸ਼ਹਿਰ ਦੇ ਚੱਕਰ ਕੱਟਦਾ ਹੋਇਆ, ਭੂਤਾਂ ਨੂੰ ਚਿਰਾਇਤਾ ਪਿਆਉਂਦਾ ਫਿਰਦਾ ਈ।' ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉੱਡੀਆਂ, ਪਰ ਹੌਲੀ-ਹੌਲੀ ਸ਼ਾਂਤ ਹੋ ਗਈਆਂ। ਭਾਈ ਰਾਮ ਸਿੰਘ ਬਹੁਤਾ ਬੋਲਦਾ ਨਹੀਂ ਸੀ। ਉਸਨੂੰ ਜੇ ਕੋਈ ਪੁੱਛਦਾ, ਤਾਂ ਕਹਿੰਦਾ---"ਗੁਰੂ ਮਹਾਰਾਜ ਦੇ ਚਰਣਾ 'ਚ ਰਹਿਣਾ, ਉਹਨਾਂ ਦਾ ਦਾਸ ਆਂ-ਜੀ।"
ਜਦੋਂ ਚੇਤ ਵਿਸਾਖ ਲੰਘ ਗਏ, ਭਾਈ ਰਾਮ ਸਿੰਘ ਟੋਕਣੀ ਵਿਚ ਠੰਡਾ ਪਾਣੀ ਵਰਤਾਉਣ ਲੱਗ ਪਿਆ। ਕਿਸੇ ਦਿਨ ਮਨ ਦੀ ਮੌਜ ਆਉਂਦੀ ਤਾਂ ਪਾਣੀ ਦੀ ਜਗ੍ਹਾ ਸੰਦਲ ਦਾ ਸ਼ਰਬਤ ਪਿਆਉਣ ਲੱਗਦਾ---ਸਾਡੇ ਸ਼ਹਿਰ ਦਾ ਸ਼ਰਬਤ-ਸੰਦਲ ਦੁਨੀਆਂ ਭਰ ਵਿਚ ਮਸ਼ਹੂਰ ਹੈ---ਤੇ ਸਰਦੀ ਦੇ ਦਿਨਾਂ ਵਿਚ ਕਦੇ-ਕਦਾਈਂ 'ਲਾਚੀਆਂ ਵਾਲੀ ਚਾਹ' ਵੀ ਲੋਕਾਂ ਨੂੰ ਮਿਲ ਜਾਂਦੀ। ਭਾਵ ਇਹ ਕਿ ਭਾਈ ਰਾਮ ਸਿੰਘ ਦਾ ਚੱਕਰ ਜਿਉਂ ਦਾ ਤਿਉਂ ਚੱਲਦਾ ਰਿਹਾ ਤੇ ਸ਼ਹਿਰ ਵਿਚ ਉਹ ਚਿਰਾਇਤੇ ਵਾਲੇ ਸਾਧ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ।
ਇਸ ਨਿਸਵਾਰਥ ਸੇਵਾ ਵਿਚ ਦਸ ਸਾਲ ਬੀਤ ਗਏ। ਹੁਣ ਜਿਸ ਸਾਧ ਦਾ ਆਪਣਾ ਕੋਈ ਠਿਕਾਣਾ ਹੋਵੇ ਜਾਂ ਡੇਰਾ ਹੋਵੇ, ਉਹ ਤਾਂ ਸਾਧ ਤੋਂ ਸੰਤ ਛੇਤੀ ਹੀ ਬਣ ਜਾਂਦਾ ਹੈ ; ਪਰ; ਪਰ ਜਿਹੜਾ ਸਦਾ ਪੈਦਲ ਭੌਂਦਾ ਰਹੇ, ਉਸਦੀ ਚਰਚਾ ਭਾਵੇਂ ਕਿੰਨੀ ਹੀ ਕਿਉੱ ਨਾ ਹੋਵੇ, ਭਾਈ ਦਾ ਭਾਈ ਹੀ ਰਹਿੰਦਾ ਹੈ। ਭਾਈ ਰਾਮ ਸਿੰਘ ਦੇ ਨਾਲ ਵੀ ਇਹੋ ਕੁਝ ਵਾਪਰਿਆ। ਇਹਨਾਂ ਦਸਾਂ ਸਾਲਾਂ ਵਿਚ ਭਾਈਜੀ ਦੇ ਦਾੜ੍ਹੇ ਦੇ ਵਾਲ ਰੇਸ਼ਮ ਵਾਂਗਰ ਸਫ਼ੈਦ ਹੋ ਗਏ, ਚਿਹਰੇ ਉੱਤੇ ਝੁਰੜੀਆਂ ਪੈ ਗਈਆਂ, ਹਾਲਾਂਕਿ ਚਿਹਰੇ ਦੀ ਰੌਣਕ ਜਿਊਂ ਦੀ ਤਿਊਂ ਬਣੀ ਰਹੀ, ਕਿਉਂਕਿ ਜਿਹੜਾ ਆਦਮੀ ਟੋਕਣੀ ਚੁੱਕ ਕੇ ਹਰ ਰੋਜ਼ ਤਿੰਨ ਚਾਰ ਮੀਲ ਪੈਦਲ ਕਰਦਾ ਹੋਵੇ, ਉਸਦੇ ਚਿਹਰੇ ਉੱਤੇ ਲਾਲੀ ਤਾਂ ਰਹੇਗੀ ਹੀ। ਪਰ ਅਜੇ ਤੀਕ ਭਾਈ ਰਾਮ ਸਿੰਘ 'ਚਿਰਾਇਤੇ ਵਾਲਾ ਸਾਧ' ਹੀ ਵੱਜਦਾ ਸੀ। ਜਿਸ ਗਲੀ ਵਿਚੋਂ ਲੰਘਦਾ, ਲੋਕਾਂ ਨੂੰ ਉਹੀ ਨਮਸਕਾਰ ਕਰਦਾ; ਉਸਨੂੰ ਨਮਸਕਾਰ ਕਰਨ ਲਈ ਕੋਈ ਆਪਣੀ ਜਗ੍ਹਾ ਤੋਂ ਨਹੀਂ ਸੀ ਉੱਠਦਾ ਹੁੰਦਾ। ਗੱਲ ਠੀਕ ਵੀ ਸੀ, ਭਲਾ ਚਿਰਾਇਤਾ ਪਿਆਉਣ ਨਾਲ ਵੀ ਕੋਈ, ਕਦੇ ਸਾਧ ਜਾਂ ਸੰਤ ਬਣਿਆ ਹੈ ?
ਪਰ ਇਕ ਦਿਨ ਪਤਾ ਨਹੀਂ ਭਾਈ ਰਾਮ ਸਿੰਘ ਨੂੰ ਕੀ ਵੈਰਾਗ ਉਠਿਆ, ਜਾਂ ਕੋਈ ਭਰਮ ਹੋਇਆ ਜਾਂ ਸੁਪਨਾ ਆਇਆ ਜਾਂ ਸੱਚਮੁੱਚ ਹੀ ਕੋਈ ਆਕਾਸ਼ਵਾਣੀ ਹੋਈ ਕਿ ਸਵੇਰੇ-ਸਵਖਤੇ ਹੀ ਟਿੱਲੇ ਉੱਤੋਂ ਆਣ ਕੇ ਕਹਿਣ ਲੱਗਾ---"ਭਗਤੋ ! ਰਾਤੀਂ ਗੁਰੂ ਮਹਾਰਾਜ ਦਾ ਪ੍ਰਵਾਨਾ ਆ ਗਿਆ, ਆਪਾਂ ਜਾ ਰਹੇ ਆਂ। ਕੱਲ੍ਹ ਸਵੇਰੇ ਪਹੁ-ਫੁਟਾਲੇ ਦੇ ਨਾਲ ਈ ਚੋਲਾ ਬਦਲ ਲਵਾਂਗੇ।"
ਇਹ ਗੱਲ ਉਸਨੇ ਬੁੱਧ ਸਿੰਘ ਦੀ ਦੁਕਾਨ ਸਾਹਮਣੇ ਕਹੀ ਸੀ, ਜਿੱਥੇ ਉਹ ਦਿਨੇ ਪਹਿਲੀ ਵੇਰ ਧੁਤੂ ਵਜਾਉਂਦਾ ਹੁੰਦਾ ਸੀ। ਟੋਕਣੀ ਅੱਜ ਵੀ ਉਹਨੇ ਚੁੱਕੀ ਹੋਈ ਸੀ। ਬੁੱਧ ਸਿੰਘ ਬਜਾਜ ਨੇ ਸੁਣਿਆ, ਪਰ ਕੋਈ ਵਿਸ਼ੇਸ਼ ਧਿਆਨ ਨਾ ਦਿਤਾ; ਪਰ ਉਸਦੇ ਛੋਟੇ ਭਰਾ ਨੇ, ਜਿਹੜਾ ਨਾਮਧਾਰੀ ਸਿੱਖ ਸਜਿਆ ਹੋਇਆ ਸੀ, ਸੁਣਿਆ ਤੇ ਕਹਿਣ ਲੱਗਾ---"ਸੁਣਿਆ, ਭਾਈ ਰਾਮ ਸਿੰਘ ਨੇ ਕੀ ਕਿਹਾ ਈ? ਉਹ ਚੋਲਾ ਬਦਲਨ ਵਾਲਾ ਈ।"
ਸਰਦਾਰ ਬੁੱਧ ਸਿੰਘ ਨੇ ਉਤਰ ਦਿੱਤਾ---"ਮੈਂ ਸੁਣ ਲਿਐ, ਤੂੰ ਸਮਝਦੈਂ, ਮੈਨੂੰ ਸੁਣਿਆ ਨਹੀਂ ? ਚੋਲਾ ਬਦਲਨਾਂ ਈ ਤਾਂ ਬਦਲੇ ਪਿਆ, ਮੈਂ ਮੈਂ ਕੋਈ ਉਸਨੂੰ ਦਾਗ ਦੇਣਾ ਈ---ਹਾਂ, ਤੇਰੇ ਮੁੰਡੇ ਨੂੰ ਚਿਰਾਇਤਾ ਪਿਲਾਂਦਾ ਰਿਹਾ ਜੇ, ਤੂੰ ਪੈਰ ਫੜ੍ਹ ਲੈ ਜਾ ਕੇ…।"
ਇਸ ਉੱਤੇ ਦੋਵੇਂ ਭਰਾ ਹੱਸ ਕੇ ਚੁੱਪ ਹੋ ਗਏ।
ਦੁਕਾਨ ਉੱਤੇ ਬੈਠੀਆਂ ਦੋ ਜ਼ਨਾਨੀਆਂ ਦੇ ਕੰਨੀਂ ਵੀ ਇਹ ਗੱਲ ਪੈ ਗਈ ਸੀ। ਪਹਿਲਾਂ ਦੋਵੇਂ ਹੱਸੀਆਂ ਸਨ, ਪਰ ਜਦੋਂ ਕੱਪੜਾ ਲੈ ਕੇ ਤੁਰੀਆਂ ਤੇ ਸੇਵਾਰਾਮ ਦੀ ਗਲੀ ਵਿਚੋਂ ਲੰਘੀਆਂ ਤੇ ਗਲੀ ਮੋੜ ਉੱਤੇ ਭਾਈ ਰਾਮ ਸਿੰਘ ਨੂੰ ਖਲੋਤਿਆਂ ਤੇ ਚਿਰਾਇਤਾ ਪਿਆਉਂਦਿਆਂ ਦੇਖਿਆ, ਤਾਂ ਉਹਨਾਂ ਦੇ ਦਿਲ ਨੂੰ ਕੁਝ ਹੋਣ ਲੱਗ ਪਿਆ। ਇਕ ਨੇ ਦੁਪੱਟੇ ਦਾ ਪੱਲਾ ਮੂੰਹ ਅੱਗੇ ਕਰਦਿਆਂ ਕਿਹਾ, "ਹਾਏ ਨੀਂ, ਕੱਲ੍ਹ ਵਿਚਾਰੇ ਨੇ ਚੋਲਾ ਛੱਡ ਜਾਣਾ ਏਂ ਤੇ ਅੱਜ ਵੀ ਚਿਰਾਇਤਾ ਪਿਆ ਰਿਹੈ।"
ਬਸ ਫੇਰ ਕੀ ਸੀ। ਖ਼ਬਰ ਫੈਲਨ ਵਿਚ ਦੇਰ ਨਹੀਂ ਲੱਗੀ। ਸੇਵਾਰਾਮ ਦੀ ਗਲੀ 'ਚੋਂ ਗੱਲ ਨਵੇਂ ਮੁਹੱਲੇ ਵਿਚ ਪਹੁੰਚੀ, ਉੱਥੋਂ ਛਾਛੀ ਮੁਹੱਲੇ ਵਿਚ, ਫੇਰ ਲੁੰਡਾ ਬਾਜ਼ਾਰ, ਭਾਭੜਖਾਨਾ, ਸਯੱਦਪੁਰੀ ਦਰਵਾਜ਼ਾ। ਇਕ ਗਲੀ ਤੋਂ ਦੂਜੀ ਗਲੀ ਤੀਕ ਪਹੁੰਚਦਿਆਂ ਉਸਦੀ ਰਫ਼ਤਾਰ ਤੇਜ਼ ਹੋ ਜਾਂਦੀ। ਇੱਥੋਂ ਤੀਕ ਕਿ ਥੋੜ੍ਹੀ ਦੇਰ ਵਿਚ ਹੀ ਇਹ ਖ਼ਬਰ ਇਕ ਵਰੋਲੇ ਵਾਂਗ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਉੱਤੇ ਘੁੰਮੇਰੀਆਂ ਖਾਣ ਲੱਗ ਪਈ ਕਿ ਚਿਰਾਇਤੇ ਵਾਲਾ ਭਾਈ ਰਾਮ ਸਿੰਘ ਕੱਲ੍ਹ ਸਵੇਰੇ ਚਾਰ ਵਜੇ ਪਹੁ-ਫੁਟਾਲੇ ਦੇ ਨਾਲ ਹੀ ਚੋਲਾ ਛੱਡ ਦਏਗਾ।
ਉਧਰ ਭਾਈ ਰਾਮ ਸਿੰਘ ਦੀ ਚਿਰਾਇਤਾ ਫੇਰੀ ਸਦਾ ਵਾਂਗ ਲੁੰਡਾ ਬਾਜ਼ਾਰ ਦੇ ਸਿਰੇ 'ਤੇ ਪਹੁੰਚ ਕੇ ਖ਼ਤਮ ਹੋ ਗਈ ਤੇ ਉੱਥੋਂ ਹੀ ਉਹ ਵਾਪਸ ਹੋ ਲਿਆ…ਤੇ ਸ਼ਹਿਰ ਦੇ ਬਾਹਰ-ਵਾਰ ਜਿੱਥੇ ਪਲਾਸ਼ ਦੇ ਰੁੱਖਾਂ ਦਾ ਇਕ ਝੁੰਡ ਹੈ, ਜਿਸਨੂੰ ਅਸੀਂ ਤਪੋਵਣ ਕਹਿੰਦੇ ਹਾਂ, ਇਕ ਰੁੱਖ ਹੇਠ ਜਾ ਬੈਠਾ।
ਤਪੋਵਣ ਸ਼ਹਿਰ ਦੇ ਬਾਹਰ-ਵਾਰ ਕਿੱਕਰਾਂ ਤੇ ਪਲਾਸ਼ ਦੇ ਰੁੱਖਾਂ ਦਾ ਇਕ ਝੁਰਮੁਟ ਹੈ, ਜਿੱਥੇ ਇਕ ਪੁਰਾਣਾ ਖੂਹ ਹੈ, ਜਿਸ ਉਪਰ ਲੋਕ ਸਵੇਰੇ ਦਾਤਨ-ਕੁਰਲੀ ਕਰਨ ਤੇ ਨਹਾਉਣ ਜਾਂਦੇ ਨੇ। ਉੱਥੇ ਰਹਿੰਦਾ ਕੋਈ ਨਹੀਂ, ਸਿਰਫ ਕਦੇ-ਕਦਾਰ ਆਏ ਕਿਸੇ ਸੰਤ ਦੀ ਕਥਾ ਹੁੰਦਾ ਹੁੰਦੀ ਹੈ।
ਦੁਪਹਿਰ ਤੀਕ ਉਸ ਤਪੋਵਣ ਵਿਚ ਸ਼ਾਂਤੀ ਰਹੀ, ਪਰ ਜਿਵੇਂ ਜਿਵੇਂ ਦੋ ਵੱਜਣ ਵਾਲੇ ਹੋਏ ਤੇ ਜ਼ਨਾਨੀਆਂ ਨੇ ਚੁੱਲ੍ਹਾ-ਚੌਂਕਾ ਸਮੇਟਿਆ---ਕਈ ਭਗਤਨੀਆਂ ਹਰੀ ਨਾਮ ਦਾ ਜਾਪ ਕਰਦੀਆਂ ਤੇ ਦਿਲ ਵਿਚ ਹਾਏ-ਹਾਏ ਕਰਦੀਆਂ, ਭਾਈ ਰਾਮ ਸਿੰਘ ਨੂੰ ਲੱਭਦੀਆਂ ਹੋਈਆਂ, ਉੱਥੇ ਆ ਪਹੁੰਚੀਆਂ। ਚਾਰ ਵੱਜਦਿਆਂ-ਵੱਜਦਿਆਂ ਜ਼ਨਾਨੀਆਂ ਦੀ ਭੀੜ ਜੁੜ ਗਈ। ਮਰਦਾਂ ਨੇ ਸੁਣਿਆ ਤਾਂ ਹੱਸੇ, ਪਰ ਹੌਲੀ-ਹੌਲੀ ਉਹਨਾਂ ਦਾ ਸਬਰ ਵੀ ਡੋਲ ਗਿਆ। ਕੀ ਪਤਾ ਇਹ ਵੀ ਕੋਈ ਪਹੁੰਚਿਆ ਹੋਇਆ ਸੰਤ ਈ ਹੋਵੇ। ਦਰਸ਼ਨ ਕਰਨ ਵਿਚ ਕੀ ਹਰਜ਼ ਹੈ? ਕਈ ਤਮਾਸ਼ਾ ਦੇਖਣ ਦੇ ਵਿਚਾਰ ਨਾਲ ਤੁਰ ਪਏ ਤੇ ਬੱਚੇ, ਬੁੱਢੇ, ਜਵਾਨ, ਸਾਰੇ ਹੀ ਉੱਥੇ ਪਹੁੰਚਣ ਲੱਗੇ। ਆਖ਼ਰ ਸ਼ਹਿਰ ਤਾਂ ਉਹੀ ਸੀ---'ਮਾਮੇ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ 'ਕੱਲੀ।' ਸੋ ਘਰੇ ਬੈਠਣਾ ਮੁਹਾਲ ਹੋ ਗਿਆ ਸੀ ਮੇਰੇ ਸ਼ਹਿਰ ਦੇ ਲੋਕਾਂ ਦਾ।
ਜਿਹੜਾ ਭਾਈ ਰਾਮ ਸਿੰਘ ਹੁਣ ਤਕ ਭਾਈ ਰਾਮ ਸਿੰਘ ਹੀ ਸੀ, ਦੁਪਹਿਰ ਤੱਕਰ ਉਹ ਸੰਤ ਬਣ ਗਿਆ, ਤੇ ਸ਼ਾਮ ਹੁੰਦਿਆਂ-ਹੁੰਦਿਆਂ ਸੰਤ ਤੋਂ ਅੱਗੇ ਮਹਾਰਾਜ ਦੀ ਉਪਾਧੀ ਵੀ ਉਸਨੂੰ ਮਿਲ ਗਈ। ਕਈ ਮੁਰਾਦਾਂ ਬਿਨਾਂ ਮੰਗਿਆਂ ਪੂਰੀਆਂ ਹੋ ਜਾਂਦੀਆਂ ਨੇ। ਜਿਸ ਦੀ ਦਸ ਸਾਲ ਤਾਂ ਕਦੀ ਕਿਸੇ ਨੇ ਪੂਛ ਨਹੀਂ ਸੀ ਮਾਰੀ, ਅੱਜ ਉਸੇ ਦੇ ਦਰਸ਼ਨਾਂ ਲਈ ਹਜ਼ਾਰਾਂ ਲੋਕ ਅੱਡੀਆਂ ਚੁੱਕ-ਚੁੱਕ ਅਹੁਲ ਰਹੇ ਸਨ। ਇਕ ਰੁੱਖ ਹੇਠ ਆਸਨ ਵਿਛਾ ਦਿਤਾ ਗਿਆ। ਫੇਰ ਕਿਤੋਂ ਚੌਂਕੀ ਆ ਗਈ। ਦਰਸ਼ਨਾਂ ਲਈ ਸੰਤ ਮਹਾਰਾਜ ਨੂੰ ਉੱਚਾ ਬਿਠਾਉਣਾ ਜ਼ਰੂਰੀ ਸੀ। ਇਕ ਭਗਤ ਚਵਰ ਝੱਲਣ ਲੱਗ ਪਿਆ। ਫੁੱਲਾਂ ਦੇ ਢੇਰ ਲੱਗ ਗਏ। ਕਿਤੋਂ ਗੈਸੀ ਲੈਂਪ ਆ ਗਿਆ। ਫੇਰ ਦੋ ਲੈਂਪ ਹੋਰ ਆ ਗਏ। ਜ਼ਨਾਨੀਆਂ ਦੇ ਭਗਤੀ ਭਾਵ ਦਾ ਕੋਈ ਅੰਤ ਨਹੀਂ ਹੁੰਦਾ---ਪੈਸੇ, ਆਟਾ, ਘਿਓ ਨਿਛਾਵਰ ਹੋਣ ਲੱਗ ਪਿਆ। ਭਾਈ ਰਾਮ ਸਿੰਘ ਨੂੰ ਵੀ ਮਾਹੌਲ ਅਨੁਸਾਰ ਅੱਖਾਂ ਮੀਚ ਕੇ ਧਿਆਨ-ਮੁਦਰਾ ਵਿਚ ਬੈਠਣਾ ਪਿਆ। ਫੇਰ ਕਿਤੋਂ ਵਾਜਾ, ਤਬਲਾ ਵਗ਼ੈਰਾ ਆ ਗਏ। ਕੀਰਤਨ ਹੋਣ ਲੱਗ ਪਿਆ। ਲੋਕ ਝੁਕ-ਝੁਕ ਭਾਈ ਰਾਮ ਸਿੰਘ ਦੀ ਦਿਵ-ਮੂਰਤ ਨੂੰ ਪ੍ਰਣਾਮ ਕਰਨ ਲੱਗੇ।
ਗੱਲ ਮੁਸਲਮਾਨਾ ਦੇ ਮੁਹੱਲੇ ਵਿਚ ਵੀ ਜਾ ਪਹੁੰਚੀ। ਸੰਤ-ਪੀਰ ਸਾਰਿਆਂ ਦੇ ਸਾਂਝੇ ਹੁੰਦੇ ਨੇ। ਮੁਸਲਮਾਨ ਵੀ ਆਣ ਪਹੁੰਚੇ---'ਵਾਹ! ਵਾਹ! ਕਿਆ ਜਲਾਲ ਹੈ!' ਜ਼ਨਾਨੀਆਂ ਘਰਾਂ ਨੂੰ ਮੁੜ ਗਈਆਂ, ਪਰ ਘਰਾਂ ਵਿਚ ਉਹਨਾਂ ਦੇ ਪੈਰ ਕਦੋਂ ਟਿਕਦੇ ਸਨ ? ਜਿਹੋ-ਜਿਹੀ ਦਾਲ-ਰੋਟੀ ਬਣੀ, ਬਣਾਈ ਤੇ ਫੇਰ ਦੌੜ ਕੇ ਉੱਥੇ ਜਾ ਪਹੁੰਚੀਆਂ।
ਰਾਤ ਦੇ ਬਾਰਾਂ ਵੱਜ ਗਏ। ਉਤੇਜਨਾ ਵਧਣ ਲੱਗੀ। ਇਕ ਨਰਮ ਦਿਲ ਬਿਰਧ ਔਰਤ ਨੇ ਭਾਈ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ 'ਮਹਾਰਾਜ! ਦਯਾ ਕਰੋ, ਚੋਲਾ ਨਾ ਬਦਲੋ।' ਮਹਾਰਾਜ ਨੇ ਸੁਣਿਆ, ਮੁਸਕਰਾਏ ਤੇ ਚੁੱਪਚਾਪ ਅੱਖਾਂ ਆਕਾਸ਼ ਵੱਲ ਚੁੱਕੀਆਂ ਤੇ ਫੇਰ ਧਿਆਨ-ਮਗਨ ਹੋ ਗਏ। ਸਾਰੇ ਸ਼ਹਿਰ ਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਜਗਿਆਸਾ ਤੇ ਉਤੇਜਨਾ ਵੱਸ ਲੋਕ ਇਸੇ ਉਡੀਕ ਵਿਚ ਸਨ ਕਿ ਕਦੋਂ ਚਾਰ ਵੱਜਣ ਤੇ ਚੋਲਾ-ਬਦਲੀ ਦਾ ਚਮਤਕਾਰ ਦੇਖੀਏ।
ਰਾਤ ਗੂੜ੍ਹੀ ਹੋਣ ਲੱਗੀ। ਲੋਕ ਘੜੀਆਂ ਦੇਖਣ ਲੱਗ ਪਏ। ਉਸ ਰਾਤ ਪੂਰੇ ਸ਼ਹਿਰ ਵਿਚ ਕੋਈ ਵੀ ਨਹੀਂ ਸੀ ਸੌਂ ਸਕਿਆ। ਗਲੀਆਂ ਸੁੰਨੀਆਂ ਪਈਆਂ ਸਨ---ਉਹਨਾਂ ਵਿਚ ਕੋਈ ਖੜਾਕ ਹੁੰਦਾ ਤਾਂ ਦੌੜਦੇ ਹੋਏ ਕਾਹਲੇ ਕਦਮਾਂ ਦਾ। ਇਕ ਦਰਵਾਜ਼ਾ ਖੜਕਦਾ, ਇਕ ਆਵਾਜ਼ ਆਉਂਦੀ---'ਦੋ ਵੱਜੇ ਨੇ, ਬਸ ਦੋ ਘੰਟੇ ਬਾਕੀ ਰਹਿ ਗਏ ਨੇ। ਤੂੰ ਬੈਠ ਮੈਂ ਹੁਣੇ ਆਇਆ। ਤੂੰ ਜਾਵੇਂਗੀ ਤਾਂ ਬੱਚਿਆਂ ਨੂੰ ਕੌਣ ਸਾਂਭੇਗਾ ? ਮੈਂ ਹੋ ਆਵਾਂ, ਫੇਰ ਤੂੰ ਚਲੀ ਜਾਵੀਂ'---ਸਾਰੀ ਰਾਤ ਇਹੋ ਕਿੱਸਾ ਚਲਦਾ ਰਿਹਾ। ਜਦੋਂ ਮਰਦ ਦੇ ਪੈਰਾਂ ਦਾ ਖੜਾਕ ਦੂਰ ਚਲਾ ਜਾਂਦਾ, ਔਰਤ ਦੇ ਪੈਰਾਂ ਦਾ ਖੜਾਕ ਆਉਣ ਲੱਗਦਾ।
ਤਿੰਨ ਵੱਜ ਗਏ, ਫੇਰ ਸਾਢੇ ਤਿੰਨ। ਕੀਰਤਨ ਵਿਚ ਹੁਣ ਹਜ਼ਾਰਾਂ ਮਰਦ ਔਰਤਾਂ ਸ਼ਾਮਿਲ ਹੋ ਗਏ ਸਨ। ਉੱਚੀਆਂ ਸੁਰਾਂ ਵਿਚ ਗੁਰਬਾਣੀ ਗਾਈ ਜਾ ਰਹੀ ਸੀ। ਰੁੱਖਾਂ ਉੱਤੇ ਬੈਠੇ ਹੋਏ ਪੰਛੀ ਵੀ ਪੱਤਿਆਂ ਵਿਚੋਂ ਝਾਕ-ਝਾਕ ਕੇ ਇਸ ਅਲੋਕਾਰ ਭਾਣੇ ਨੂੰ ਦੇਖਣ ਲਈ ਉਤਾਵਲੇ ਹੋਏ ਜਾਪਦੇ ਸਨ।
ਪੌਣੇ ਚਾਰ ਵੱਜਦਿਆਂ-ਵੱਜਦਿਆਂ ਜੈ-ਜੈਕਾਰ ਹੋਣ ਲੱਗੀ। ਮਹਾਰਾਜ ਨੇ ਅੱਖਾਂ ਖੋਹਲੀਆਂ। ਜ਼ਨਾਨੀਆਂ ਨੇ ਰੋ-ਰੋ ਕੇ ਇਕ ਦੂਜੀ ਨੂੰ ਕਹਿਣਾ ਸ਼ੁਰੂ ਕੀਤਾ---'ਸਮਾਂ ਆਣ ਪਹੁੰਚਿਆ…ਵੇਖੋ ਇਹਨਾਂ ਨੂੰ ਆਪਣੇ ਆਪੂੰ ਪਤਾ ਲੱਗ ਗਿਆ।'
ਹਨੇਰਾ ਅਜੇ ਖਾਸਾ ਸੰਘਣਾ ਸੀ। ਪਰ ਲੋਕ ਆਪੋ-ਆਪਣੀਆਂ ਘੜੀਆਂ ਵੇਖ ਕੇ ਇਕ ਇਕ ਮਿੰਟ ਉੱਚੀ ਆਵਾਜ਼ ਵਿਚ ਗਿਣ ਰਹੇ ਸਨ। ਸਾਡੇ ਸ਼ਹਿਰ ਵਿਚ ਚਾਰ ਵਜੇ ਦਾ ਸਮਾਂ ਪਹੁ-ਫੁੱਟਣ ਦਾ ਸਮਾਂ ਮੰਨਿਆਂ ਜਾਂਦਾ ਹੈ।
ਚਾਰ ਵੱਜਣ ਵਿਚ ਪੰਜ ਮਿੰਟ 'ਤੇ ਗੁਰੂ ਮਹਾਰਾਜ ਜੀ ਚੌਂਕੀ ਤੋਂ ਉੱਠ ਖੜ੍ਹੇ ਹੋਏ ਤੇ ਹੱਥ ਜੋੜ ਕੇ, ਸਿਰ ਨਿਵਾਅ ਕੇ ਹੇਠਾਂ ਆ ਕੇ, ਵੇਦੀ ਦੇ ਐਨ ਬਰਾਬਰ ਲੇਟ ਗਏ…ਛਾਤੀ ਉਪਰ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰ ਲਈਆਂ। ਸ਼ਰਧਾ ਤੇ ਭਗਤੀ ਦੇ ਬੰਨ੍ਹ ਟੁੱਟ ਗਏ, ਜ਼ਨਾਨੀਆਂ ਹੁਭਕੀਂ-ਹੌਂਕੀ ਰੋਣ ਲੱਗੀਆਂ, ਤੇ ਮਹਾਰਾਜ ਉੱਤੇ ਮੁੜ ਪੁਸ਼ਪ-ਬਰਖਾ ਹੋਣ ਲੱਗ ਪਈ।
ਚਾਰ ਵੱਜਣ ਵਿਚ ਇਕ ਮਿੰਟ 'ਤੇ ਯਕਦਮ ਸੰਨਾਟਾ ਛਾ ਗਿਆ। ਚਾਰੇ ਪਾਸੇ ਚੁੱਪ ਵਾਪਰ ਗਈ। ਹਰੀਨਾਮ ਦੀ ਧੁਨੀ ਬਿਲਕੁਲ ਸ਼ਾਂਤ ਹੋ ਗਈ। ਜ਼ਨਾਨੀਆਂ ਦੇ ਅੱਥਰੂ ਸੁੱਕ ਗਏ ਤੇ ਅੱਖਾਂ ਭਾਈ ਰਾਮ ਸਿੰਘ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਸਾਰੇ ਲੋਕੀ ਸਾਹ ਰੋਕੀ ਇਕ ਟੱਕ ਗੁਰੂ ਮਹਾਰਾਜ ਵੱਲ ਵੇਖ ਰਹੇ ਸਨ।
ਠੀਕ ਚਾਰ ਵਜੇ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ ਤੇ ਹਿੱਲਣਾ-ਜੁੱਲਣਾ ਛੱਡ ਦਿਤਾ।
ਲੋਕ ਚੁੱਪਚਾਪ, ਅੱਖਾਂ ਅੱਡੀ, ਖੜ੍ਹੇ ਦੇਖਦੇ ਰਹੇ। ਇਕ ਦੋ ਨੇ ਹੱਥ ਆਸਮਾਨ ਵੱਲ ਚੁੱਕੇ ਰੋਣ ਹਾਕੀ ਆਵਾਜ਼ ਵਿਚ ਕਹਿ ਵੀ ਦਿਤਾ---'ਗਏ ! ਸਾਨੂੰ ਛੱਡ ਕੇ ਚਲੇ ਗਏ।'
ਫੇਰ ਸ਼ਹਿਰ ਦੇ ਇਕ ਮੁਖੀਏ ਨੇ, ਕੋਲ ਆ ਕੇ ਕੁਝ ਫੁੱਲ ਪਰ੍ਹਾਂ ਹਟਾਏ ਤੇ ਮਹਾਰਾਜ ਦੀ ਨਬਜ਼ ਦੇਖੀ; ਸਿਰ ਹਿਲਾਅ ਕੋ ਬੋਲਿਆ---"ਸੁਸਤ ਹੈ, ਪਰ ਚੱਲ ਰਹੀ ਹੈ।"
ਲੋਕ ਚੁੱਪ ਸਨ। ਉਹਨਾਂ ਦੀਆਂ ਅੱਖਾਂ ਹੁਣ ਵੀ ਸਾਧੂ ਮਹਾਰਾਜ ਦੇ ਚਿਹਰੇ ਉੱਤੇ ਚਿਪੀਆਂ ਹੋਈਆਂ ਸਨ।
ਚਾਰ ਵੱਜ ਕੇ ਤਿੰਨ ਮਿੰਟ ਉੱਤੇ ਮੁਖੀਏ ਨੇ ਫੇਰ ਨਬਜ਼ ਦੇਖੀ, ਫੇਰ ਸਿਰ ਹਿਲਾਅ ਕੇ ਹੌਲੀ ਜਿਹੇ ਕਿਹਾ---"ਧੀਮੀ ਹੈ, ਪਰ ਚੱਲ ਰਹੀ ਹੈ।"
ਦੂਜਾ ਮੁਖੀਆ ਬੋਲਿਆ---"ਸੰਸਾਰੀ ਘੜੀਆਂ ਦਾ ਕੀ ਭਰੋਸਾ ਈ ? ਜਦੋਂ ਉਪਰ ਚਾਰ ਵੱਜਣਗੇ, ਉਦੋਂ ਈਹ ਚੋਲਾ ਆਪੂੰ ਛੁੱਟ ਜਾਵੇਗਾ।"
ਚਾਰ ਵੱਜ ਕੇ ਪੰਜ ਮਿੰਟ ਹੋ ਗਏ। ਨਬਜ਼ ਹੁਣ ਵੀ ਚੱਲ ਰਹੀ ਸੀ। ਮੁਖੀਏ ਨੇ ਝੁਕ ਕੇ ਮਹਾਰਾਜ ਦੇ ਕੰਨ ਵਿਚ ਪੁੱਛਿਆ---"ਮਹਾਰਾਜ, ਕੈਸੇ ਹੋ ?"
ਜਵਾਬ ਬੜੀ ਧੀਮੀ ਆਵਾਜ਼ ਵਿਚ ਸੀ---"ਮੈਂ ਉਡੀਕ ਵਿਚ ਹਾਂ। ਆਪਣੇ ਵੱਲੋਂ ਮੈਂ ਚੋਲਾ ਛੱਡ ਦਿਤਾ ਏ।"
ਲੋਕ ਇਕ ਇਕ ਸੈਕਿੰਟ ਗਿਣ ਰਹੇ ਸਨ। ਚਾਰ ਵੱਜ ਕੇ ਸੱਤ ਮਿੰਟ ਉੱਤੇ ਇਕ ਮੁਖੀਏ ਨੇ ਫੇਰ ਨਬਜ਼ ਫੜ ਲਈ ਤੇ ਪੂਰਾ ਇਕ ਮਿੰਟ ਫੜੀ ਰੱਖੀ। ਐਤਕੀਂ ਉਹਨੇ ਜ਼ਰਾ ਉੱਚੀ ਆਵਾਜ਼ ਵਿਚ ਕਿਹਾ---"ਨਬਜ਼ ਓਵੇਂ ਦੀ ਜਿਵੇਂ ਚੱਲ ਰਹੀ ਹੈ।"
ਲੋਕ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ। ਧੌਣਾ ਹਿੱਲਣ ਲੱਗੀਆਂ। ਚਿਹਰਿਆਂ ਉੱਤੇ ਸ਼ੰਕੇ ਦੀਆਂ ਲਕੀਰਾਂ ਉਭਰ ਆਈਆਂ। ਫੇਰ ਦੂਜੇ ਮੁਖੀਏ ਨੇ ਖੜ੍ਹਾ ਹੁੰਦਿਆਂ ਹੋਇਆਂ ਪੁੱਛਿਆ---"ਕਿਉਂ ਸਾਧੂ ਮਹਾਰਾਜ, ਹੁਣ ਕੈਸੀ ਦੇਰੀ ਹੈ ?"
ਮਹਾਰਾਜ ਨੇ ਬੰਦ ਅੱਖਾਂ ਨਾਲ ਉਤਰ ਦਿਤਾ---"ਉੱਪਰੋਂ ਪਰਵਾਨਾ ਆਵੇ ਫੇਰ ਈ ਨਾ..."
ਜਿਹੜੀ ਸ਼ਰਧਾ ਤੇ ਭਗਤੀ ਪਹਿਲਾਂ ਮੌਨ ਉਡੀਕ ਵਿਚ ਗੁੰਦੀ ਹੋਈ ਸੀ, ਹੁਣ ਅਵਿਸ਼ਵਾਸ ਤੇ ਕਰੋਧ ਵਿਚ ਬਦਲਨ ਲੱਗੀ। ਲੋਕੀ ਸਮਝਣ ਲੱਗੇ, ਜਿਵੇਂ ਉਹਨਾਂ ਨਾਲ ਮਜ਼ਾਕ ਹੋਇਆ ਹੈ, ਉਹਨਾਂ ਦਾ ਅਪਮਾਨ ਹੋਇਆ ਹੈ।
ਐਨ ਸਵਾ ਚਾਰ ਵਜੇ ਜਦੋਂ ਮੁਖੀਏ ਨੇ ਚੀਕ ਕੇ ਪੁੱਛਿਆ ਕਿ 'ਹੁਣ ਕਾਹਦੀ ਦੇਰੀ ਹੈ, ਅਸੀਂ ਖੜ੍ਹੇ-ਖੜ੍ਹੇ ਥੱਕ ਗਏ ਹਾਂ' ਤਾਂ ਭਾਈ ਰਾਮ ਸਿੰਘ ਹੱਥ ਜੋੜ ਕੇ ਉਠ ਬੈਠੇ ਹੋਏ---"ਭਗਵਾਨ ਮੈਨੂੰ ਰੁਆ ਰਿਹੈ, ਮੈਂ ਕੀ ਕਰਾਂ ? ਮੈਂ ਹਰ ਛਿਣ ਉਡੀਕਵਾਨ ਹਾਂ।"
ਪਰ ਇਸ ਵਾਕ ਦਾ ਉਲਟਾ ਅਸਰ ਹੋਇਆ। ਔਰਤਾਂ ਵੀ ਬੋਲਣ ਲੱਗ ਪਈਆਂ---"ਹੈਂ, ਹੈਂ ! ਦੇਖੋ, ਦੋਖੋ ! ਇਹ ਤਮਾਸ਼ਾ ਦੇਖੋ, ਪਾਖੰਡੀ ਦਾ !"
ਇਕ ਦੋ ਸੱਜਣ ਤਾਂ ਸਾਰੀ ਰਾਤ ਚਮਤਕਾਰ ਦੀ ਉਡੀਕ ਵਿਚ ਜਾਗਦੇ ਰਹੇ ਸਨ, ਤੇ ਘਰੋਂ ਵੀ ਘਰਵਾਲੀਆਂ ਨਾਲ ਲੜ ਕੇ ਆਏ ਸਨ, ਅੱਗੇ ਵਧੇ---"ਸਾਲਿਆ ! ਜਾਣਦਾ ਨਹੀਂ ਇਹ ਕਿਹੜਾ ਸ਼ਹਿਰ ਈ ?"
ਮਹਾਰਾਜ ਡਰ ਕੇ ਉਠ ਖੜ੍ਹੇ ਹੋਏ ਤੇ ਚੌਂਕੀ ਕੋਲ ਜਾ ਖੜ੍ਹੇ ਹੋਏ। ਬੋਲੇ---"ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਚੋਲਾ ਛੱਡ ਜਾਵਾਂਗਾ। ਭਗਤੋ! ਮੈਨੂੰ ਇਹੋ ਪਰਵਾਨਾ ਮਿਲਿਆ ਏ, ਤੁਸੀਂ ਆਪਣੇ ਘਰਾਂ ਨੂੰ ਜਾਓ।"
"ਹੁਣ ਹੋਰ ਦਿਨ ਕਦੋਂ ਚੜੂਗਾ ਓਇ ? ਚਾਰ ਤਾਂ ਸਾਲੇ ਕਦੇ ਦੇ ਵੱਜ ਚੁੱਕੇ ਐ !" ਲੋਕਾਂ ਵਿਚੋਂ ਕਿਸੇ ਨੇ ਚੀਕ ਕੇ ਕਿਹਾ।
"ਭਰਾਵੋ ! ਤੁਸੀਂ ਘਰੋ-ਘਰੀਂ ਚਲੇ ਜਾਓ। ਮੈਂ ਇੱਥੇ ਕਿਸੇ ਨੂੰ ਨਹੀਂ ਬੁਲਾਇਆ। ਤੁਸੀਂ ਜਾਓ…ਸੂਰਜ ਚੜ੍ਹਨ ਤੋਂ ਪਹਿਲਾਂ ਮ…"
ਪਰ ਲੋਕਾਂ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ ਸੀ। ਦੇਖਦੇ ਦੇਖਦੇ ਹੀ ਉਹਨਾਂ ਦਾ ਹੜ੍ਹ ਅੱਗੇ ਵਧਿਆ। ਉਹਨਾਂ ਦੀਆਂ ਮੁੱਠੀਆਂ ਕੱਸੀਆਂ ਗਈਆਂ। ਸ਼ਹਿਰ ਦੇ ਪੰਜ ਸੱਤ ਸ਼ੋਹਦੇ ਤੇ ਮੁਸ਼ਟੰਡੇ ਸਭ ਤੋਂ ਅੱਗੇ ਸਨ।
ਭਾਈ ਰਾਮ ਸਿੰਘ ਡਰ ਕੇ ਚੌਂਕੀ ਕੋਲੋਂ ਪਰ੍ਹਾਂ ਹਟ ਗਿਆ ਤੇ ਇਕ ਰੁੱਖ ਹੇਠ ਜਾ ਖੜ੍ਹਾ ਹੋਇਆ।
ਬਸ, ਉਸਦਾ ਇੱਥੋਂ ਹਿੱਲਣਾ ਸੀ ਕਿ ਧੱਫਾ-ਮੁੱਕੀ ਸ਼ੁਰੂ ਹੋ ਗਈ। ਭਾਈ ਰਾਮ ਸਿੰਘ ਉੱਤੇ ਘਸੁੰਨਾ ਦੀ ਵਾਛੜ ਹੋਣ ਲੱਗੀ। ਜਿਸਦੇ ਨੇੜੇ ਹੁੰਦਾ, ਉਹੀ ਮੁਰੰਮਤ ਸ਼ੁਰੂ ਕਰ ਦੇਂਦਾ।
ਭਾਈ ਰਾਮ ਸਿੰਘ ਦੀ ਭੱਜਦੀ ਕਾਇਆ, ਕਦੀ ਇਕ ਰੁੱਖ ਪਿੱਛੇ ਤੇ ਕਦੀ ਦੂਜੇ ਪਿੱਛੇ ਲੁਕਣਾ ਲੋਚਦੀ। ਭਲਾ ਭਗਤਾਂ ਤੋਂ ਵੀ ਕਦੀ ਕੋਈ ਭੱਜ ਸਕਿਆ ਏ ? ਪਹਿਲਾਂ ਘਸੁੰਨ-ਮੁੱਕੀਆਂ ਵਰ੍ਹਦੀਆਂ ਰਹੀਆਂ, ਜਦੋਂ ਉਹ ਭੱਜ ਖੜ੍ਹਾ ਹੋਇਆ ਤਾਂ ਪੱਥਰ ਤੇ ਜੂੱਤੀਆਂ ਵਰ੍ਹਨ ਲੱਗ ਪਈਆਂ। ਭਾਈ ਰਾਮ ਸਿੰਘ ਚੀਕਦਾ-ਕੂਕਦਾ ਰਿਹਾ---"ਓਇ ਭਰਾਵੋ ! ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਮੈਨੂੰ ਨਾ ਮਾਰੋ ਓਇ, ਮੈਂ ਤੁਹਾਡੀ ਸੇਵਾ ਈ ਕੀਤੀ ਏ।"
ਪਰ ਭਗਤਾਂ ਦੀ ਭਾਵਨਾ ਵਿਚ ਕੋਈ ਮੋੜ ਨਹੀਂ ਆਇਆ। ਹਾਂ ਕੁਝ ਜਣਿਆਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਪੱਥਰਾਂ ਤੋਂ ਡਰ ਕੇ ਪਿੱਛੇ ਹਟ ਗਏ।
ਫੇਰ ਸੱਚਮੁੱਚ ਇਕ ਚਮਤਕਾਰ ਹੋ ਗਿਆ, ਜਿਸ ਦੀ ਚਰਚਾ ਕਰਦੇ ਅੱਜ ਵੀ ਸਾਡੇ ਸ਼ਹਿਰ ਦੇ ਲੋਕ ਬੜਾ ਮਾਣ ਮਹਿਸੂਸ ਕਰਦੇ ਹਨ।
ਸੂਰਜ ਚੜ੍ਹਿਆ, ਪਹੁ-ਫੁੱਟੀ ਤੇ ਭਾਈ ਰਾਮ ਸਿੰਘ ਨੇ ਚੋਲਾ ਛੱਡ ਦਿਤਾ---ਉਸਦੇ ਪ੍ਰਾਣ ਪੰਖੇਰੂ ਉੱਡ ਕੇ ਭਗਵਾਨ ਦੇ ਕੋਲ ਜਾ ਪਹੁੰਚੇ; ਹਾਂ, ਸਿਰਫ ਉਸਦੀ ਦੇਹ, ਚਿੱਕੜ, ਮਿੱਟੀ ਤੇ ਖ਼ੂਨ ਵਿਚ ਲੱਥਪੱਥ ਹੋ ਗਈ ਸੀ ਤੇ ਉਸਦੇ ਇਰਦ-ਗਿਰਦ ਜੁੱਤੀਆਂ ਤੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਸੀ।
ਚਲੋ ਜੀ, ਉਹ ਤਾਂ ਤਿਆਗਿਆ ਹੋਇਆ ਚੋਲਾ ਸੀ, ਆਖ਼ਰ ਉਸਨੇ ਮਿੱਟੀ ਵਿਚ ਹੀ ਮਿਲਣਾ ਸੀ।
ਇਸ ਚਮਤਕਾਰ ਦਾ ਅਹਿਸਾਸ ਹੋਣ ਵਿਚ ਦੇਰ ਨਹੀਂ ਲੱਗੀ। ਜਦੋਂ ਚਿੱਟਾ ਦਿਨ ਚੜ੍ਹ ਆਇਆ ਤੇ ਰਾਤ ਦਾ ਭਰਮ ਟੁੱਟ ਗਿਆ ਤਾਂ ਭਾਈ ਰਾਮ ਸਿੰਘ ਦੀ ਦੇਹ ਇਕ ਕੋਰੇ-ਸੱਚ ਵਾਂਗਰ ਸਾਹਮਣੇ ਨਜ਼ਰ ਆਉਣ ਲੱਗ ਪਈ ਤੇ ਕਿਸੇ ਨੇ ਕਿਹਾ---"ਠੀਕ ਈ ਪਿਆ ਆਖਦਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਮਰ ਗਿਆ ਨਾ?" (ਮਰ ਹੀ ਤਾਂ ਗਿਆ ਸੀ।)
ਫੇਰ ਦੂਜੇ ਨੇ ਕਿਹਾ---"ਭਲਾ ਪੱਥਰ ਮਾਰਨ ਦੀ ਕੀ ਲੋੜ ਪਈ ਸੀ ? ਮਰ ਤਾਂ ਉਸਨੇ ਉਂਜ ਵੀ ਜਾਣਾ ਸੀ। ਆਪਣੇ ਲੋਕਾਂ ਵਿਚ ਸਬਰ ਨਹੀਂ।"
ਬਸ, ਫੇਰ ਕੀ ਸੀ, ਜ਼ਨਾਨੀਆਂ ਨੇ ਆਪਣੇ ਦੁਪੱਟੇ ਗਲਾਂ ਵਿਚ ਲਮਕਾਅ ਲਏ। ਅੱਥਰੂ ਕਿਰਨ ਲੱਗੇ। ਭਗਤ ਫੇਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜੁੱਤੀਆਂ ਤੇ ਪੱਥਰ ਹਟਾਅ ਦਿਤੇ ਗਏ ਤੇ ਮੁੜ ਪੁਸ਼ਪ-ਬਰਖਾ ਹੋਣ ਲੱਗ ਪਈ…ਤੇ ਭਾਈ ਰਾਮ ਸਿੰਘ ਦਾ ਤਿਆਗਿਆ ਹੋਇਆ ਚੋਲਾ ਫੇਰ ਫੁੱਲਾਂ ਹੇਠ ਨੱਪਿਆ ਗਿਆ। ਤੇ ਭਾਈ ਰਾਮ ਸਿੰਘ ਦੀ ਅਰਥੀ ਏਨੀ ਧੂਮਧਾਮ ਨਾਲ ਸਜਾ ਕੇ ਕੱਢੀ ਗਈ ਕਿ ਸ਼ਹਿਰ ਵਾਲੇ ਖ਼ੁਦ ਆਪਣੀ ਸ਼ਰਧਾ ਉੱਤੇ ਅੱਸ਼-ਅੱਸ਼ਕਰ ਉੱਠੇ।
ਤੇ ਰਾਮ ਸਿੰਘ ਦੀ ਸਮਾਧ ਤਪੋਵਣ ਲਾਗੇ ਐਨ ਉਸੇ ਜਗ੍ਹਾ ਬਣਾਈ ਗਈ, ਜਿੱਥੇ ਉਹ ਆਸਨ 'ਤੇ ਬੈਠੇ ਸਨ। ਅਜਿਹੀ ਸਫ਼ੈਦ, ਸੁੰਦਰ ਚਮਕਦੀ ਇਮਾਰਤ ਹੈ ਕਿ ਰਾਤ ਨੂੰ ਵੀ ਦੂਰੋਂ ਹੀ ਨਜ਼ਰ ਆਉਂਦੀ ਹੈ। ਤੇ ਉਸ ਉੱਤੇ ਇਕ ਗੋਲ ਗੁੰਬਦ ਵੀ ਹੈ, ਜਿਸ ਵਿਚ ਸੰਤ ਮਹਾਰਾਜ ਜੀ ਦੀ ਟੋਕਣੀ ਰੱਖੀ ਹੋਈ ਹੈ ਤੇ ਸਫ਼ੈਦ ਨਵਾਂ ਬਾਣਾ ਵੀ…ਤੇ ਇਕ ਜੋੜੀ ਖੜਾਵਾਂ ਵੀ; ਜਿਹੜੀਆਂ ਕਿਸੇ ਭਗਤ ਨੇ ਆਪਣੇ ਵੱਲੋਂ ਖਰੀਦ ਕੇ ਇੱਥੇ ਰੱਖ ਦਿਤੀਆਂ ਸਨ।…ਸਾਡੇ ਨਗਰ ਦੇ ਬੱਚੇ-ਬੁੱਢੇ, ਸੱਚੇ ਦਿਲ ਨਾਲ ਮੰਨਦੇ ਹਨ ਕਿ ਜੇ ਕੋਈ ਔਲੀਆ ਇਸ ਕਲਯੁਗ ਵਿਚ ਹੋਇਆ ਹੈ ਤਾਂ ਉਹ ਸੰਤ ਰਾਮ ਸਿੰਘ ਹੈ, ਜਿਸਨੂੰ ਭਗਵਾਨ ਨੇ ਇਕ ਦਿਨ ਸਾਕਾਰ ਦਰਸ਼ਨ ਦੇ ਕੇ ਸਿੱਧਾ ਆਪਣੇ ਕੋਲ ਬੁਲਾਇਆ ਸੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com