Samundar Wall Di Khirki (Punjabi Story) : Jasbir Bhullar

ਸਮੁੰਦਰ ਵੱਲ ਦੀ ਖਿੜਕੀ (ਕਹਾਣੀ) : ਜਸਬੀਰ ਭੁੱਲਰ

ਮੈਂ ਆਪਣੇ ਮੁਹੱਬਤੀ ਦਿਨਾਂ ਦਾ ਭਗੌੜਾ ਸਾਂ। ਮੈਨੂੰ ਬੰਬਈ ਦੀ ਗਲਵਕੜੀ ਚਾਹੀਦੀ ਸੀ ਪਰ ਬੰਬਈ ਕੋਲ ਨਾ ਬਾਹਵਾਂ ਸਨ, ਨਾ ਮੋਢਾ ਸੀ। ਬੰਬਈ ਰੂਹ ਤੋਂ ਸੱਖਣਾ ਖ਼ਾਲੀ ਤਾਬੂਤ ਸੀ। ਮੇਰੇ ਤਿੰਨਾਂ ਵਰ੍ਹਿਆਂ ਦੀ ਲੋਥ ਉਸ ਤਾਬੂਤ ਵਿਚ ਪਈ ਤਰੱਕ ਰਹੀ ਸੀ। ਮੈਂ ਹੁਣ ਕਿੱਥੋਂ ਲਿਆਵਾਂ ਆਪਣੇ ਉਹ ਤਿੰਨ ਵਰ੍ਹੇ। ਛੱਤ ਨਾਲ ਲਟਕ ਰਿਹਾ ਪੁਰਾਣਾ ਪੱਖਾ ਚੀਕ ਰਿਹਾ ਸੀ। ਮੇਰੇ ਕਮਰੇ ਦੇ ਦੋਵੇਂ ਸਾਥੀ ਜਾ ਚੁੱਕੇ ਸਨ।
ਘੋਸ਼ ਤੇ ਦਿਸਾਈ ਅੱਜ ਫੇਰ ਥਾਂਈਂ-ਥਾਂਈਂ ਜਾਣਗੇ। ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ। ਕਦੀ ਕਿਸੇ ਬੂਹੇ ਤੋਂ ਝਾੜ ਖਾ ਕੇ ਪਰਤ ਆਉਣਗੇ, ਤੇ ਕਦੀ ਕਿਸੇ ਬੂਹੇ ਤੋਂ ਭਰਮ ਦੀ ਉਂਗਲ ਫੜ ਲੈਣਗੇ। ਜਦੋਂ ਉਹ ਸ਼ਾਮੀਂ ਆਉਣਗੇ, ਉਨ੍ਹਾਂ ਦੇ ਜਿਸਮ ਵਿਚ ਦਿਨ ਭਰ ਦੀ ਥਕਾਵਟ ਹੋਵੇਗੀ ਤੇ ਹੱਥਾਂ ਵਿਚ ਸੁਪਨਿਆਂ ਦਾ ਚੂਰਾ ਭੂਰਾ।
ਮੈਂ ਅੱਜ ਕਿਸੇ ਸਟੂਡੀਓ ਦਾ ਫੇਰਾ ਨਹੀਂ ਸਾਂ ਲਾਉਣਾ ਚਾਹੁੰਦਾ। ਮੈਂ ਆਪਣੀ ਜ਼ਿੱਲਤ ਨੂੰ ਇੱਕ ਦਿਨ ਦਾ ਨਾਗਾ ਕਰਨਾ ਚਾਹੁੰਦਾ ਸਾਂ। ਮੇਰੇ ਜਾਣ ਨਾਲ ਵੈਸੇ ਵੀ ਕਿਧਰੇ ਕੋਈ ਫ਼ਰਕ ਨਹੀਂ ਸੀ ਪੈਣਾ। ਹੁੱਸੜੀ ਹੋਈ ਹਵਾ ਉਂਜ ਹੀ ਚੁੱਪ ਰਹਿਣੀ ਸੀ।
ਮੈਂ ਵੱਡਾ ਐਕਟਰ ਨਹੀਂ ਸਾਂ। ਮੈਂ ਐਕਸਟਰਾ ਸਾਂ, ਤਰਲਿਆਂ ਦੀ ਭੀੜ ਵਿਚ ਘਿਰਿਆ ਐਕਸਟਰਾ! ਮੈਂ ਇਕੱਲਾ ਨਹੀਂ ਸਾਂ। ਲੂਣੇ ਟਾਪੂ 'ਤੇ ਬੰਦਿਆਂ ਦਾ ਹਜੂਮ ਸੀ। ਉਹ ਕਿੱਧਰ ਜਾ ਰਹੇ ਸਨ? ਉਹ ਕੀ ਲੱਭ ਰਹੇ ਸਨ? ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਕਿਉਂ ਤੁਰ ਪਿਆ ਸਾਂ? ਥੱਕੀਆਂ ਸੜਕਾਂ ਨੂੰ ਵੀ ਮੇਰੀ ਆਵਾਰਗੀ 'ਤੇ ਕੋਈ ਗਿਲਾ ਨਹੀਂ ਸੀ।
ਦੁਪਹਿਰੇ ਮੈਂ ਕੋਲਾਬਾ ਦੇ ਇੱਕ ਪਾਰਸੀ ਰੈਸਟੋਰੈਂਟ ਤੋਂ ਢਿੱਡ ਭਰ ਕੇ ਰੋਟੀ ਖਾਧੀ, ਚਾਹ ਦਾ ਕੱਪ ਪੀਤਾ ਤੇ ਤੁਰ ਪਿਆ। ਮੈਂ ਚਾਹੁੰਦਾ ਸਾਂ, ਇੰਨਾ ਤੁਰਾਂ, ਇੰਨਾ ਥੱਕਾਂ ਕਿ ਭਲਕ ਤੱਕ ਆਪਣੇ ਵੱਲ ਪਰਤਣ ਦਾ ਖ਼ਿਆਲ ਹੀ ਨਾ ਆਵੇ।
ਮੇਰੇ ਚੁਫ਼ੇਰੇ ਪ੍ਰੇਸ਼ਾਨ ਸਮੁੰਦਰ ਸੀ। ਅਗਲੀ ਸਵੇਰ ਹਾਲੇ ਦੂਰ ਸੀ। ਹਾਲੇ ਤਾਂ ਚਿਪਚਿਪਾ ਦਿਨ ਬਾਕੀ ਸੀ। ਮੇਰੇ ਤੇ ਅਗਲੀ ਸਵੇਰ ਦੇ ਵਿਚਕਾਰ ਹਾਲੇ ਰਾਤ ਨੇ ਆਉਣਾ ਸੀ। ਮੈਂ ਲੋਕਲ ਬੱਸ ਫੜੀ ਤੇ ਬੰਬੇ ਸੈਂਟਰਲ ਜਾ ਉਤਰਿਆ। ਉਥੋਂ ਲਮਿੰਗਟਨ ਰੋਡ ਹੁੰਦਾ ਹੋਇਆ ਮੈਂ ਕ੍ਰਿਸ਼ਨਾ ਸਿਨਮੇ ਜਾ ਪਹੁੰਚਿਆ। ਉਥੇ ਖਲੋਤਾ ਮੈਂ ਫ਼ਿਲਮਾਂ ਦੇ ਪੋਸਟਰ ਵੇਖਦਾ ਰਿਹਾ। ਹਾਲੇ ਸ਼ਾਮ ਨਹੀਂ ਸੀ ਢਲ਼ੀ। ਮੈਂ ਕ੍ਰਿਸ਼ਨਾ ਸਿਨਮੇ ਦੇ ਪਿਛਵਾੜੇ ਵਾਲੇ ਕ੍ਰਿਸ਼ਨਾ ਪੂਰੀ ਹਾਊਸ ਵਿਚ ਜਾ ਬੈਠਾ। ਚਾਹ ਦੀ ਤਲਬ ਨਹੀਂ ਸੀ ਪਰ ਮੈਂ ਕੁਝ ਵਕਤ ਹਾਲੇ ਹੋਰ ਗੁਜ਼ਾਰਨਾ ਸੀ। ਚਾਹ ਦਾ ਕੱਪ ਮੰਗਵਾਇਆ ਤੇ ਹੌਲੀ-ਹੌਲੀ ਘੁੱਟ ਭਰਨ ਲੱਗ ਪਿਆ।
ਬਾਹਰ ਠਰ੍ਹੇ ਵਾਲਾ ਖ਼ੁਦਾ ਬਖ਼ਸ਼ ਦਿਸਿਆ ਤਾਂ ਮੈਂ ਉਠ ਖਲੋਤਾ। ਚਾਹ ਦੇ ਪੈਸੇ ਦਿੱਤੇ ਤੇ ਬਾਹਰ ਆ ਗਿਆ। ਮੈਂ ਉਹਦੇ ਕੋਲੋਂ ਅਧੀਆ ਲਿਆ ਤੇ ਪੁਰਾਣੀ ਅਖ਼ਬਾਰ ਦੇ ਟੋਟੇ ਵਿਚ ਵਲ੍ਹੇਟ ਕੇ ਬੋਤਲ ਮੋਢੇ ਨਾਲ ਲਟਕਦੇ ਝੋਲੇ ਵਿਚ ਪਾ ਲਈ। ਘੜੀ ਵੇਖੀ, ਮੇਰੇ ਕੋਲ ਦੋ ਕੁ ਘੰਟੇ ਹੋਰ ਬਾਕੀ ਸਨ।
ਸ਼ਾਮ ਦੇ ਧੁੰਦਲਕੇ 'ਚ ਮੈਂ ਚੌਪਾਟੀ ਤੱਟ 'ਤੇ ਪਹੁੰਚ ਗਿਆ। ਬੀਚ 'ਤੇ ਰੌਣਕ ਵਧ ਰਹੀ ਸੀ। ਭੇਲਪੂਰੀ ਤੇ ਚਾਟਾਂ ਦੀਆਂ ਰੇਹੜੀਆਂ ਦੁਆਲੇ ਹਜੂਮ ਇਕੱਠਾ ਹੋ ਰਿਹਾ ਸੀ। ਲੋਕ ਚਟਪਟੀਆਂ ਚੀਜ਼ਾਂ ਖਾਣ ਲਈ ਤਰਲੋਮੱਛੀ ਹੋ ਰਹੇ ਸਨ। ਸਮੁੰਦਰ ਬਿਲਕੁਲ ਇਕੱਲਾ ਸੀ।
"ਬਾਬੂ! ਤਫ਼ਰੀਹ ਕੇ ਲੀਏ ਸਾਥ ਚਾਹੀਏ ਕਿਆ?" ਅਠਾਰਾਂ-ਉਨੀਆਂ ਵਰ੍ਹਿਆਂ ਦੀ ਕੁੜੀ ਨੇ ਬੇਝਿਜਕ ਮੇਰਾ ਹੱਥ ਫੜ ਲਿਆ। ਮੈਂ ਉਹਦਾ ਹੱਥ ਝਟਕ ਦਿੱਤਾ।
ਉਹਦੀ ਆਵਾਜ਼ ਲਿਲਕੜੀ ਬਣ ਗਈ, "ਬਾਬੂ, ਕੋਈ ਲਫੜਾ ਨਈਂ, ਕੁਸ਼ ਨਈ। ਏਕ ਘੰਟੇ ਕਾ ਸਿਰਫ਼ ਦਸ ਟਕਾ। ਤੁਮ ਸੇ ਜਾਸਤੀ ਨਈਂ ਮਾਂਗਤਾ।"
ਅਚਨਚੇਤੀ ਚੌਪਾਟੀ ਜਗਮਗ ਕਰਨ ਲੱਗ ਪਈ ਪਰ ਰੁੱਖਾਂ ਵਾਲੇ ਪਾਸੇ ਕੋਈ ਬੱਤੀ ਨਹੀਂ ਸੀ। ਜੋੜੇ ਇਧਰ ਉਧਰ ਝਾੜੀਆਂ ਵਰਗੇ ਰੁੱਖਾਂ ਹੇਠ ਬੈਠੇ ਹੋਏ ਸਨ। ਹਨੇਰਾ ਅਜੇ ਇੰਨਾ ਗੂੜ੍ਹਾ ਨਹੀਂ ਸੀ ਕਿ ਉਨ੍ਹਾਂ ਨੂੰ ਢਕ ਲਵੇ। ਇਹ ਰੁੱਖ ਛਾਂਵੇਂ ਬਹਿਣ ਦੇ ਕੰਮ ਨਹੀਂ ਸਨ ਆਉਂਦੇ, ਇਸੇ ਕੰਮ ਆਉਂਦੇ ਸਨ। ਉਸ ਕੁੜੀ ਦਾ ਕੋਈ ਕਸੂਰ ਨਹੀਂ ਸੀ। ਮੈਂ ਬੇਖ਼ਿਆਲੀ ਵਿਚ ਇੱਕ ਰੁੱਖ ਥੱਲੇ ਖਲੋਤਾ ਹੋਇਆ ਸਾਂ। ਰੁੱਖ ਥੱਲੇ ਖਲੋਣ ਦਾ ਅਰਥ ਇਹੀ ਸੀ ਕਿ ਮੈਨੂੰ ਔਰਤ ਦਾ ਸਾਥ ਚਾਹੀਦਾ ਸੀ। ਇਨ੍ਹਾਂ ਰੁੱਖਾਂ ਦੇ ਹੇਠ ਲੋਕ ਕਿਰਾਏ ਦੇ ਸਾਥ ਨਾਲ ਗਈ ਰਾਤ ਤੱਕ ਬੈਠੇ ਰਹਿੰਦੇ ਸਨ।
ਉਸ ਕੁੜੀ ਤੋਂ ਪੱਲਾ ਛੁਡਾ ਕੇ ਮੈਂ ਅਗਾਂਹ ਤੁਰ ਪਿਆ। ਕਾਰ ਪਾਰਕ ਵਾਲੇ ਖੰਭੇ ਲਾਗੇ ਲੰਘਦਿਆਂ, ਮੇਰੇ ਪੁਰਾਣੇ ਦਿਨ ਪਰਤ ਆਏ। ਖੰਭੇ ਹੇਠ ਦੋ-ਤਿੰਨ ਜਵਾਨ ਮੁੰਡੇ ਖੜ੍ਹੇ ਸਨ।
ਸ਼ਾਮ ਢਲ਼ਦਿਆਂ ਬੰਬਈ ਵੇਸਵਾ ਕਿਉਂ ਹੋ ਜਾਂਦੀ ਹੈ?
ਇਹ ਮੁੰਡੇ ਹੁਣੇ ਇੱਕ ਇੱਕ ਕਰਕੇ ਕੀਮਤੀ ਕਾਰਾਂ ਵਿਚ ਬਹਿਣਗੇ ਤੇ ਚਲੇ ਜਾਣਗੇ। ਬੁੱਢੀਆਂ, ਅੱਧਖੜ ਅਮੀਰ ਔਰਤਾਂ ਇਨ੍ਹਾਂ ਮੁੰਡਿਆਂ ਦੀਆਂ ਗਾਹਕ ਸਨ। ਇਨ੍ਹਾਂ ਔਰਤਾਂ ਦੇ ਪਤੀ ਫਾਈਵ ਸਟਾਰ ਸੱਭਿਆਚਾਰ ਵਿਚ ਖੁੱਭੇ ਹੋਏ ਸਨ। ਉਨ੍ਹਾਂ ਅਲੱਗ ਫਲੈਟਾਂ ਵਿਚ ਰਖੈਲਾਂ ਰੱਖੀਆਂ ਹੋਈਆਂ ਸਨ। ਕਈਆਂ ਦੇ ਪਤੀ ਬਦੇਸ਼ਾਂ ਵਿਚ ਬੈਠੇ ਹੋਏ ਸਨ। ਉਹ ਮੁਲਕ ਫੇਰਾ ਵੀ ਮਾਰਦੇ ਸਨ ਪਰ ਬੀਵੀਆਂ ਲਈ ਨਹੀਂ। ਬੀਵੀਆਂ ਆਪਣੀ ਇਕੱਲ ਦੀ ਸਿਉਂਕ ਵਿਚ ਬਲੂ ਫਿਲਮਾਂ ਭੋਗਦੀਆਂ ਤੇ ਨਸ਼ੇ ਵਿਚ ਭਿੱਜ ਕੇ ਸੌਂ ਜਾਂਦੀਆਂ ਸਨ।
ਵੇਸਵਾ ਦਾ ਕੰਮ ਜਦੋਂ ਆਦਮੀ ਕਰੇ ਤਾਂ ਉਹਨੂੰ ਕੀ ਕਹਿੰਦੇ ਹੋਣਗੇ? ਇਹੋ ਜਿਹੇ ਸ਼ਬਦ ਦੀ ਤਾਂ ਪਛੜੇ ਵੇਲਿਆਂ ਵਿਚ ਲੋੜ ਹੀ ਨਹੀਂ ਪਈ ਹੋਵੇਗੀ। ਖੰਭੇ ਲਾਗੋਂ ਲੰਘਦਿਆਂ ਮੈਂ ਐਵੇਂ ਜਿਹੇ ਸੋਚਿਆ ਤੇ ਖੰਭੇ ਕੋਲੋਂ ਅੱਖ ਚੁਰਾ ਕੇ ਕਦਮ ਕਾਹਲੇ ਕਰ ਲਏ। ਮੈਨੂੰ ਡਰ ਸੀ ਕਿਤੇ ਮੇਰੀ ਕੋਈ ਪੁਰਾਣੀ ਗਾਹਕ ਮੈਨੂੰ ਪਛਾਣ ਕੇ ਮੁੜ ਖਹਿੜੇ ਨਾ ਪੈ ਜਾਵੇ। ਫਾਕਿਆਂ ਦੇ ਦਿਨੀਂ ਮੈਨੂੰ ਕੀਕੀ ਨਹੀਂ ਸੀ ਕਰਨਾ ਪਿਆ। ਸੜਕ ਟੱਪ ਕੇ ਮੈਂ ਲੋਕਲ ਬੱਸ ਸਟੈਂਡ ਤੋਂ ਫਾਰਸ ਰੋਡ ਦੀ ਬੱਸ ਲੈ ਲਈ।
ਜਦੋਂ ਪਹਿਲੀ ਵਾਰ ਮੇਰੇ ਪੈਰਾਂ ਵਿਚ ਬੀਮਾਰ ਗਲੀ ਦੀਆਂ ਗੁੰਝਲਾਂ ਪਈਆਂ ਤਾਂ ਮੈਂ ਪ੍ਰੇਸ਼ਾਨ ਜਿਹਾ ਹੋ ਗਿਆ ਸਾਂ। ਇਹ ਅਚਨਚੇਤੀ ਹੀ ਹੋਇਆ ਸੀ ਕਿ ਮੇਰੀ ਇਕੱਲ ਦੋਸਤੀ ਦੇ ਚਿਹਰੇ ਲੱਭਦੀ ਉਸ ਬਾਜ਼ਰ ਵਿਚ ਪਹੁੰਚ ਗਈ ਸੀ। ਵੇਸਵਾਵਾਂ ਥਾਂ-ਥਾਂ ਖੜ੍ਹੀਆਂ ਸਨ। ਮੋੜਾਂ 'ਤੇ, ਜੰਗਲਿਆਂ ਪਿੱਛੇ, ਛੱਜੇ 'ਤੇ। ਉਹ ਹਾਬੜਿਆਂ ਵਾਂਗ ਗਾਹਕਾਂ ਨੂੰ ਘੇਰ ਲੈਂਦੀਆਂ ਸਨ। ਅਸ਼ਲੀਲ ਫ਼ਿਕਰਿਆਂ ਵਿਚ ਲੁਕਿਆ ਤਰਲਾ! ਮੈਨੂੰ ਲੱਗਾ, ਉਹ ਮੈਂ ਸਾਂ, ਕਤਾਰ ਵਿਚ ਖਲੋਤਾ ਐਕਸਟਰਾ!
ਉਹ ਮੇਰਾ ਆਪਣਾ ਭਾਈਚਾਰਾ ਸੀ। ਉਸ ਵੇਲੇ ਮੈਂ ਕਿਸੇ ਵੀ ਚੁਬਾਰੇ ਦੀਆਂ ਪੌੜੀਆਂ ਚੜ੍ਹ ਸਕਦਾ ਸਾਂ ਤੇ ਮੈਂ ਆਪਣੇ ਵਾਲੇ ਚੁਬਾਰੇ ਦੀਆਂ ਹਨੇਰੀਆਂ ਸਲ੍ਹਾਬੀਆਂ ਪੌੜੀਆਂ ਚੜ੍ਹ ਗਿਆ ਸਾਂ। ਉਸ ਚਕਲੇ ਦੇ ਸਮੁੱਚੇ ਵਾਤਾਵਰਣ ਵਿਚ ਥਿੰਦਾ ਜਿਹਾ ਹਨੇਰਾ ਪਸਰਿਆ ਹੋਇਆ ਸੀ। ਇੱਕ ਉਦਾਸ ਜਿਹੀ ਚੁੱਪ ਠਹਿਰੀ ਹੋਈ ਸੀ।
ਧੰਦੇ ਵਾਲੇ ਕਮਰੇ ਵਿਚ ਲੱਕੜ ਦੀਆਂ ਫੱਟੀਆਂ ਦੇ ਤਿੰਨ ਨਿੱਕੇ-ਨਿੱਕੇ ਕੈਬਿਨ ਬਣੇ ਹੋਏ ਸਨ। ਬਾਕੀ ਥਾਂ ਵਿਚ ਇੱਕ ਮੈਲਾ ਤੇ ਪੁਰਾਣਾ ਸੋਫਾ ਪਿਆ ਸੀ। ਸੋਫੇ ਦੇ ਸਾਹਮਣੇ ਬੈਂਚ ਸੀ। ਸੌਦਾ ਤੈਅ ਹੋਣ ਵੇਲੇ ਵੇਸਵਾਵਾਂ ਬੈਂਚ 'ਤੇ ਆ ਕੇ ਬੈਠ ਜਾਂਦੀਆਂ ਸਨ। ਇੰਨੇ ਤੰਗ ਥਾਂ ਦੀ ਗਾਹਕ ਨੂੰ ਸਹੂਲਤ ਰਹਿੰਦੀ ਸੀ। ਸੌਦਾ ਤੈਅ ਹੋਣ ਪਿੱਛੋਂ ਚੁਣੀ ਹੋਈ ਵੇਸਵਾ ਬੈਠੀ ਰਹਿ ਜਾਂਦੀ ਸੀ ਤੇ ਬਾਕੀ ਉਠ ਕੇ ਅੰਦਰ ਚਲੀਆਂ ਜਾਂਦੀਆਂ ਸਨ।
ਵੇਸਵਾਵਾਂ ਚਾਰ ਸਨ ਤੇ ਕੈਬਿਨ ਤਿੰਨ। ਕਈ ਵਾਰ ਗਾਹਕ ਨੂੰ ਸੋਫੇ 'ਤੇ ਬਹਿ ਕੇ ਕੈਬਿਨ ਦੇ ਵਿਹਲੇ ਹੋਣ ਦੀ ਉਡੀਕ ਕਰਨੀ ਪੈਂਦੀ ਸੀ। ਲੱਕੜ ਦੇ ਕੈਬਿਨਾਂ ਦਾ ਓਹਲਾ ਭੁਲੇਖੇ ਜਿਹੇ ਵਰਗਾ ਸੀ।
ਮੈਡਮ ਮੈਨੂੰ ਵੇਖ ਕੇ ਮੁਸਕਰਾਈ ਤੇ ਮੁੜ ਗਾਹਕ ਨਾਲ ਭਾਅ ਤੈਅ ਕਰਨ ਵਿਚ ਰੁੱਝ ਗਈ। ਮੈਂ ਮੈਡਮ ਦੇ ਲਾਗੇ ਪਏ ਸਟੂਲ 'ਤੇ ਬੈਠ ਗਿਆ।
ਕੁਲਵਿੰਦਰ ਗਾਹਕ ਦੇ ਸਾਹਮਣੇ ਬੈਂਚ 'ਤੇ ਬੈਠੀ ਹੋਈ ਸੀ। ਪੰਜਾਬੀ ਬਾਬੂ ਨੂੰ ਕੁਲਵਿੰਦਰ ਦੇ ਪੰਜਾਬਣ ਹੋਣ ਬਾਰੇ ਸ਼ੱਕ ਸੀ।
"ਬੇਟੀ, ਸੇਠ ਨਾਲ ਪੰਜਾਬੀ 'ਚ ਗੱਲ ਕਰ।" ਮੈਡਮ ਨੇ ਕੁਲਵਿੰਦਰ ਨੂੰ ਆਖਿਆ।
ਕੁਲਵਿੰਦਰ ਨੇ ਟੁੱਟੀ-ਫੁੱਟੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕੀਤੀ।
ਕਈ ਗਾਹਕ ਵੀ ਅਜੀਬ ਸਨ। ਉਹ ਆਪਣੀਆਂ ਮਾਨਤਾਵਾਂ, ਵਿਸ਼ਵਾਸ ਤੇ ਧਰਮ ਚੁੱਕ ਕੇ ਚਕਲੇ 'ਤੇ ਲੈ ਆਉਂਦੇ ਸਨ ਪਰ ਉਨ੍ਹਾਂ ਕੁੜੀਆਂ ਦਾ ਧਰਮ ਜਿਸਮ ਸੀ। ਇਹ ਉਨ੍ਹਾਂ ਲਈ ਜਿਉ ਸਕਣ ਦਾ ਤਰੀਕਾ ਸੀ। ਉਹ ਆਪਣੇ ਗਾਹਕ ਦੇ ਧਰਮ ਦਾ ਸਤਿਕਾਰ ਕਰਦੀਆਂ ਸਨ। ਗਾਹਕ ਦਾ ਧਰਮ ਬਚਾਉਣ ਖ਼ਾਤਰ ਉਨ੍ਹਾਂ ਪਲਾਂ ਲਈ ਉਹ ਆਪਣਾ ਨਾਂ ਵੀ ਬਦਲ ਲੈਂਦੀਆਂ ਸਨ ਤੇ ਧਰਮ ਵੀ। ਨਾਂ ਪਹਿਲੋਂ ਵੀ ਕਿਹੜਾ ਅਸਲੀ ਹੁੰਦਾ ਸੀ!
ਪੰਜਾਬੀ ਬਾਬੂ ਨੇ ਮੈਡਮ ਨੂੰ ਫੀਸ ਤਾਰੀ ਤੇ ਕੁਲਵਿੰਦਰ ਦੀ ਬਾਂਹ ਫੜ ਕੇ ਉਠ ਖਲੋਤਾ। ਕੈਬਿਨ ਖਾਲੀ ਨਹੀਂ ਸੀ। ਉਹ ਮੁੜ ਬੈਠ ਗਿਆ। ਕੈਬਿਨਾਂ 'ਚੋਂ ਆਉਂਦੀਆਂ ਆਵਾਜ਼ਾਂ ਉਨ੍ਹਾਂ ਦੀ ਚੁੱਪ ਵਿਚ ਹੋਰ ਉਚੀਆਂ ਜਾਪਣ ਲੱਗ ਪਈਆਂ ਸਨ।
"ਬਹੁਤ ਦਿਨਾਂ ਬਾਅਦ ਆਇਆ ਏਂ?"
ਅੰਦਰਲੀਆਂ ਆਵਾਜ਼ਾਂ ਨੂੰ ਢੱਕਣ ਖ਼ਾਤਰ ਮੈਡਮ ਕੁਝ ਉਚੀ ਆਵਾਜ਼ ਵਿਚ ਬੋਲੀ।
"ਬੱਸ ਆਇਆ ਹੀ ਨਹੀਂ ਗਿਆ।"
ਮੈਡਮ ਉਠ ਖਲੋਤੀ, "ਚੱਲ, ਅੰਦਰ ਆ।"
ਦੂਜੇ ਕਮਰੇ ਵਿਚ ਭੁੰਜੇ ਦਰੀ ਵਿਛੀ ਹੋਈ ਸੀ। ਕੰਧ ਨਾਲ ਇਕੱਠੇ ਕੀਤੇ ਹੋਏ ਬਿਸਤਰੇ ਪਏ ਸਨ। ਵੇਸਵਾਵਾਂ ਇਸ ਕਮਰੇ ਵਿਚ ਬਹਿੰਦੀਆਂ ਸਨ, ਸੌਂਦੀਆਂ ਸਨ, ਰਹਿੰਦੀਆਂ ਸਨ। ਇਸ ਕਮਰੇ ਵਿਚ ਲੱਕੜ ਦੇ ਫੱਟਿਆਂ ਦੀ ਵੰਡ ਪਾ ਕੇ ਮੈਡਮ ਲਈ ਕਮਰਾ ਵੱਖ ਕੀਤਾ ਹੋਇਆ ਸੀ। ਕਮਰੇ ਦੀਆਂ ਖਿੜਕੀਆਂ ਸਮੁੰਦਰ ਵੱਲ ਖੁੱਲ੍ਹਦੀਆਂ ਸਨ। ਇੱਕ ਖਿੜਕੀ ਮੈਡਮ ਦੇ ਕੈਬਿਨ ਵਿਚ ਸੀ ਤੇ ਇੱਕ ਵੇਸਵਾਵਾਂ ਦੇ ਕਮਰੇ ਵਿਚ। ਸ਼ਾਮ ਵੇਲੇ ਸਮੁੰਦਰ ਦੀਆਂ ਲਹਿਰਾਂ ਖੌਰੂ ਪਾਉਣ ਲੱਗ ਪੈਂਦੀਆਂ ਸਨ। ਗੁਸੈਲ ਛੱਲਾਂ ਪੱਥਰਾਂ ਨਾਲ ਮੱਥਾ ਮਾਰਦੀਆਂ ਤੇ ਖਿੰਡ-ਪੁੰਡ ਜਾਂਦੀਆਂ ਸਨ। ਸਮੁੰਦਰ ਦੇ ਰੋਹ ਵਿਚ ਬੇਵਸੀ ਸਾਫ਼ ਦਿਸਣ ਲੱਗ ਪੈਂਦੀ ਸੀ।
ਵੇਸਵਾਵਾਂ ਸਮੁੰਦਰ ਤੋਂ ਪ੍ਰੇਸ਼ਾਨ ਸਨ। ਸਮੁੰਦਰ ਉਨ੍ਹਾਂ ਨੂੰ ਉਦਾਸ ਕਰਦਾ ਸੀ।
ਮੈਡਮ ਉਠ ਕੇ ਧੰਦੇ ਵਾਲੇ ਕਮਰੇ ਵਿਚ ਜਾ ਚੁੱਕੀ ਸੀ। ਮੈਂ ਗਲਾਸ ਖਾਲੀ ਕਰ ਕੇ ਦੂਜਾ ਪੈਗ ਪਾ ਲਿਆ। ਪਾਣੀ ਲਿਆਉਣ ਲਈ ਉਠਣ ਲੱਗਾ ਤਾਂ ਕਮਰੇ ਦਾ ਮੈਲਾ ਪਰਦਾ ਚੁੱਕ ਕੇ ਸ਼ੀਰੀਂ ਨੇ ਝਾਕਿਆ। ਉਹ ਹੁਣੇ ਵਿਹਲੀ ਹੋਈ ਸੀ। ਉਸ ਨੇ ਨੱਸ ਕੇ ਮੇਰੇ ਗਲ ਆ ਬਾਹਵਾਂ ਪਾਈਆਂ। ਮੈਂ ਸ਼ੀਰੀਂ ਨੂੰ ਚੰਗਾ ਲੱਗਦਾ ਸਾਂ। ਮੈਂ ਹੈਰਾਨ ਹੋ ਕੇ ਸੋਚਿਆ, ਕਿਤੇ ਸ਼ੀਰੀਂ ਕੋਈ ਸੁਪਨਾ ਤਾਂ ਨਹੀਂ ਸੀ ਵੇਖਣ ਲੱਗ ਪਈ। ਚਕਲੇ ਦੀਆਂ ਕੁੜੀਆਂ ਝੱਲੀਆਂ ਸਨ। ਕੋਈ ਮਲਬੇ ਦੀਆਂ ਇੱਟਾਂ ਵੱਲ ਇਸ਼ਾਰਾ ਕਰਦਾ ਸੀ ਤਾਂ ਉਹ ਘਰ ਉਸਾਰਨ ਬੈਠ ਜਾਂਦੀਆਂ ਸਨ। ਉਨ੍ਹਾਂ ਦੇ ਇੱਦਾਂ ਕਰਨ ਨਾਲ ਧੰਦਾ ਚੌਪਟ ਹੋਣ ਦਾ ਸੰਸਾ ਵੱਧ ਜਾਂਦਾ ਸੀ। ਉਸ ਵੇਲੇ ਜ਼ਰੂਰੀ ਹੋ ਜਾਂਦਾ ਸੀ ਕਿ ਉਨ੍ਹਾਂ ਨੂੰ ਉਥੋਂ ਬਦਲ ਦਿੱਤਾ ਜਾਵੇ।
ਨਵਾਂ ਚਕਲਾ। ਨਵਾਂ ਨਾਂ। ਨਵੇਂ ਗਾਹਕ। ਕੀ ਪਤੈ, ਸੁਪਨਾ ਮੁੜ ਬਣੇ, ਨਾ ਬਣੇ। ਕੋਈ ਸੁਪਨਿਆਂ ਦੀਆਂ ਕੌਡੀਆਂ ਖਿਲਾਰਨ ਵਾਲਾ ਆਵੇ, ਨਾ ਆਵੇ। ਸ਼ੀਰੀਂ ਨੇ ਪਾਣੀ ਲਿਆ ਕੇ ਮੇਰਾ ਗਲਾਸ ਭਰ ਦਿੱਤਾ ਤੇ ਆਪਣੇ ਲਈ ਵੱਖਰਾ ਪੈਗ ਬਣਾ ਲਿਆ।
"ਕਈ ਗਾਹਕ ਵੀ ਬੱਸ ਸਿਰਦਰਦੀ ਹੁੰਦੇ ਨੇ। ਜਿਹੜਾ ਹੁਣ ਗਿਆ ਏ, ਇਹ ਤਾਂ ਰੇੜਕਾ ਪਾ ਕੇ ਹੀ ਬੈਠ ਗਿਆ ਅਖੇ...।" ਸ਼ੀਰੀਂ ਨੇ ਗਲਾਸ ਇੱਕੋ ਝੀਕ ਵਿਚ ਅੱਧਾ ਖਾਲੀ ਕਰ ਦਿੱਤਾ ਤੇ ਹੇਠਾਂ ਰੱਖ ਕੇ ਬੋਲੀ, "ਸੱਚੀਂ ਅਮਰ! ਮੈਂ ਤਾਂ ਉਹਨੂੰ ਸਾਫ਼ ਕਹਿ ਦਿੱਤਾ ਪਈ ਇਹ ਮੇਰਾ ਪੇਸ਼ਾ ਏ ਪਰ ਮੇਰੇ ਬੁੱਲ੍ਹਾਂ 'ਤੇ ਸਿਰਫ਼ ਇੱਕ ਦਾ ਹੱਕ ਏ।"
ਮੈਂ ਹੈਰਾਨ ਜਿਹਾ ਹੋ ਕੇ ਸ਼ੀਰੀਂ ਵੱਲ ਵੇਖਿਆ। ਸ਼ੀਰੀਂ ਦੀਆਂ ਅੱਖਾਂ ਭਰ ਆਈਆਂ ਸਨ। ਉਹ ਗੋਡੇ 'ਤੇ ਠੋਡੀ ਰੱਖੀ, ਨਹੁੰ ਨਾਲ ਦਰੀ 'ਤੇ ਲੀਕਾਂ ਮਾਰਨ ਲੱਗ ਪਈ ਤੇ ਫਿਰ ਸਿਰ ਚੁੱਕ ਕੇ ਹੌਲੀ ਜਿਹੀ ਬੋਲੀ, "ਅਮਰ, ਮੈਂ ਵੇਸਵਾ ਹੀ ਸਹੀ, ਪਰ...। ਮੈਂ ਆਪਣੀ ਕੋਈ ਚੀਜ਼ ਤਾਂ ਕਿਸੇ ਨੂੰ ਸੁੱਚੇ ਹਾਲਤ ਵਿਚ ਦੇ ਸਕਾਂ।"
ਸਮੁੱਚੇ ਚਕਲੇ 'ਤੇ ਹਰ ਵੇਲੇ ਬੋਝਲ ਜਿਹਾ ਹਨੇਰਾ ਫੈਲਿਆ ਰਹਿੰਦਾ ਸੀ। ਮੈਨੂੰ ਉਸ ਪਲ ਹਨੇਰੇ ਦੇ ਉਸ ਬੋਝ ਦੀ ਸਮਝ ਲੱਗ ਗਈ। ਮੈਂ ਸ਼ਰਾਬ ਦਾ ਗਲਾਸ ਕਾਹਲੀ ਨਾਲ ਖ਼ਾਲੀ ਕਰ ਦਿੱਤਾ। ਉਸ ਰਾਤ ਮੈਂ ਬਹੁਤ ਸ਼ਰਾਬ ਪੀਤੀ, ਉਲਟੀਆਂ ਕੀਤੀਆਂ ਤੇ ਸੌਂ ਗਿਆ। ਤੜਕਸਾਰ ਮੇਰੀ ਜਾਗ ਖੁੱਲ੍ਹ ਗਈ।
ਰਾਤ ਦੇ ਜਾਗੇ ਤੋਂ ਪਿੱਛੋਂ ਦੀਆਂ ਥੱਕੀਆਂਟੁੱਟੀਆਂ ਵੇਸਵਾਵਾਂ ਬੇਹੋਸ਼ੀ ਦੀ ਨੀਂਦ ਸੁੱਤੀਆਂ ਪਈਆਂ ਸਨ। ਉਹ ਕਿਸੇ ਉਜੜੇ ਕਾਫ਼ਲੇ ਦੇ ਸਾਮਾਨ ਵਾਂਗ ਇਧਰ-ਉਧਰ ਖਿੱਲਰੀਆਂ ਹੋਈਆਂ ਸਨ। ਉਹ ਦੁਪਹਿਰ ਤੱਕ ਇੰਜ ਹੀ ਸੁੱਤੀਆਂ ਰਹਿਣਗੀਆਂ। ਜਦੋਂ ਲੋਕਾਂ ਦਾ ਦਿਨ ਚੜ੍ਹਦਾ ਸੀ ਤਾਂ ਚਕਲੇ ਦੀਆਂ ਧੀਆਂ ਦੀ ਰਾਤ ਹੁੰਦੀ ਸੀ।
ਮੇਰਾ ਸਿਰ ਪੀੜ ਕਰ ਰਿਹਾ ਸੀ। ਮੂੰਹ ਦਾ ਸਵਾਦ ਬਕਬਕਾ ਸੀ। ਮੈਂ ਸਰਹਾਣੇ ਨੂੰ ਕੰਧ ਨਾਲ ਰੱਖ ਕੇ ਢੋਅ ਲਾ ਲਈ ਤੇ ਅੱਧ ਲੇਟਿਆ ਜਿਹਾ ਪਿਆ ਰਿਹਾ। ਉਹ ਕਮਰਾ ਖੁੱਬੇ ਹੋਏ ਖੰਭਾਂ ਵਾਲੀਆਂ ਚਿੜੀਆਂ ਦਾ ਭਰਿਆ ਪੂਰਾ ਚੰਬਾ ਸੀ। ਉਹ ਸੁੱਤੀਆਂ ਪਈਆਂ ਬੜੀਆਂ ਮਾਸੂਮ ਤੇ ਭੋਲੀਆਂ ਦਿਸ ਰਹੀਆਂ ਸਨ ਜਿਵੇਂ ਭੈਣਾਂ ਹੁੰਦੀਆਂ ਨੇ। ਉਹ ਸੱਚਮੁੱਚ ਭੈਣਾਂ ਹੀ ਜਾਪ ਰਹੀਆਂ ਸਨ। ਉਹ ਮੇਰੇ ਨਾਲ ਸ਼ਰਾਰਤਾਂ ਵੀ ਭੈਣਾਂ ਵਾਂਗ ਹੀ ਕਰਦੀਆਂ ਸਨ। ਕਦੀ ਕੋਈ ਬੈਠੇ ਨੂੰ ਮੋਢਿਆਂ ਤੋਂ ਫੜ ਕੇ ਪਿਛਾਂਹ ਡੇਗ ਜਾਂਦੀ। ਕੋਈ ਲੰਘਦੀ ਜਾਂਦੀ ਹੱਥ ਨਾਲ ਮੇਰੇ ਵਾਲ ਖਿਲਾਰ ਦਿੰਦੀ। ਕੰਘੀ ਫੜ ਕੇ ਕੋਈ ਮੇਰੇ ਵਾਲਾਂ ਨੂੰ ਵੱਖਰੇ ਢੰਗ ਨਾਲ ਵਾਹੁਣ ਲੱਗ ਪੈਂਦੀ। ਕੋਈ ਮੇਰੇ ਮੋਢੇ ਤੋਂ ਝੋਲਾ ਉਤਾਰ ਕੇ ਫਰੋਲਣ ਲੱਗ ਪੈਂਦੀ। ਮੈਂ ਭੁੱਖਾ ਨੰਗਾ ਗਾਹਕ ਇਸ ਚਕਲੇ ਦਾ ਇੰਨਾ ਕਰੀਬੀ ਕਿਵੇਂ ਹੋ ਗਿਆ ਸਾਂ? ਮੈਂ ਚਕਲੇ ਦੇ ਬਿਸਤਰੇ 'ਤੇ ਘਰ ਦੀ ਪਨਾਹ ਵਾਂਗ ਪਿਆ ਹੋਇਆ ਸਾਂ ਤੇ ਮੈਨੂੰ ਰਿਸ਼ਤਿਆਂ ਦੇ ਚਿਹਰੇ ਦਿਸ ਰਹੇ ਸਨ।
ਮੈਂ ਸੋਚਿਆ, ਜਦੋਂ ਮੈਂ ਵੱਡਾ ਐਕਟਰ ਜਾਂ ਡਾਇਰੈਕਟਰ ਬਣਾਂਗਾ ਤਾਂ ਇੱਕ ਬਹੁਤ ਵੱਡਾ ਬੰਗਲਾ ਖ਼ਰੀਦਾਂਗਾ। ਸਾਰੀਆਂ ਨੂੰ ਉਥੇ ਲੈ ਜਾਵਾਂਗਾ। ਉਥੇ ਇਹ ਇੱਕ ਕਮਰੇ ਵਿਚ ਭੁੰਜੇ ਦਰੀ ਵਿਛਾ ਕੇ ਨਹੀਂ ਸੌਣਗੀਆਂ। ਸਾਰੀਆਂ ਉਥੇ ਹੀ ਰਹਿਣਗੀਆਂ ਤੇ ਮੈਂ ਇੱਕ-ਇੱਕ ਕਰਕੇ ਆਪਣੇ ਹੱਥੀਂ ਇਨ੍ਹਾਂ ਦਾ ਵਿਆਹ ਕਰਾਂਗਾ।
ਮੈਡਮ ਸ਼ਾਇਦ ਮੇਰੇ ਤੋਂ ਵੀ ਪਹਿਲਾਂ ਦੀ ਉਠੀ ਹੋਈ ਸੀ। ਉਹਨੇ ਮੈਨੂੰ ਪਾਣੀ ਪਿਆਇਆ ਤੇ ਫਿਰ ਦੋਂਹ ਗਲਾਸਾਂ ਵਿਚ ਚਾਹ ਲੈ ਆਈ। ਚਾਹ ਪੀਂਦਿਆਂ ਮੈਂ ਉਹਨੂੰ ਆਪਣੀ ਸੋਚ ਦੀ ਗੱਲ ਦੱਸੀ।
ਉਹ ਖਿੜਖਿੜਾ ਕੇ ਹੱਸ ਪਈ।
ਸੁੱਤੀਆਂ ਹੋਈਆਂ ਵੇਸਵਾਵਾਂ ਤ੍ਰਬਕੀਆਂ। ਉਹ ਹੱਸਦੀ-ਹੱਸਦੀ ਰੋਣ ਲੱਗ ਪਈ।
ਆਪਾ ਕੁਝ ਹੌਲਾ ਹੋਇਆ ਤਾਂ ਉਸ ਅੱਖਾਂ ਪੂੰਝ ਲਈਆਂ। ਲੰਮਾ ਹਉਕਾ ਭਰ ਕੇ ਬੋਲੀ, "ਅਮਰ, ਭੈਣ ਬਣਨ ਦਾ ਨਸੀਬ ਕਿਸੇ ਵੇਸਵਾ ਕੋਲ ਨਹੀਂ ਹੁੰਦਾ, ਬੱਸ ਬੀਵੀ ਬਣਨ ਦਾ ਨਿਮਾਣਾ ਜਿਹਾ ਸੁਪਨਾ ਹੁੰਦਾ ਹੈ। ਉਹ ਸੁਪਨਾ ਵੀ ਕੁਝ ਵਰ੍ਹੇ ਅੱਖਾਂ ਵਿਚ ਰਹਿ ਕੇ ਆਪੇ ਮਰ ਜਾਂਦਾ ਹੈ।"
ਮੈਂ ਕਲਿਆਣ ਸਟੂਡੀਓ ਤੋਂ ਬਾਹਰ ਆਇਆ ਤਾਂ ਪੂਰੇ ਪੰਜ ਸੌ ਰੁਪਏ ਮੇਰੀ ਜੇਬ ਵਿਚ ਸਨ। ਐਕਸਟਰਾ ਦੇ ਕੰਮ ਦੇ ਪੰਜ ਸੌ ਰੁਪਏ! ਮੈਂ ਹੈਰਾਨ ਸਾਂ।
ਮੇਰੀ ਸਿੱਖੀ ਹੋਈ ਡਰਾਈਵਰੀ ਕੰਮ ਆ ਗਈ ਸੀ। ਐਕਸਟਰਾ ਦੀ ਉਸ ਭੀੜ ਵਿਚ ਮੈਂ ਇਕੱਲਾ ਸਾਂ ਜੀਹਨੂੰ ਡਰਾਈਵਰੀ ਆਉਂਦੀ ਸੀ। ਸੋ ਮੈਂ ਚੁਣ ਲਿਆ ਗਿਆ ਸੀ। ਰੋਲ ਕੁਝ ਇਸ ਤਰ੍ਹਾਂ ਸੀ: ਹੀਰੋਇਨ ਬਦਮਾਸ਼ਾਂ ਦੇ ਚੁੰਗਲ 'ਚੋਂ ਨਿਕਲ ਦੌੜੀ ਸੀ। ਮੈਂ ਟਰੱਕ ਵਿਚ ਸਮਗਲਿੰਗ ਦਾ ਮਾਲ ਲਿਆ ਰਿਹਾ ਸਾਂ। ਹੀਰੋਇਨ ਸਾਹਮਣਿਓਂ ਡਿੱਗਦੀ-ਢਹਿੰਦੀ ਆ ਰਹੀ ਸੀ। ਉਹ ਮੇਰੇ ਟਰੱਕ ਸਾਹਮਣੇ ਡਿੱਗ ਕੇ ਬੇਹੋਸ਼ ਹੋ ਗਈ। ਮੈਂ ਉਹਨੂੰ ਚੁੱਕ ਕੇ ਅੱਡੇ 'ਤੇ ਲੈ ਗਿਆ। ਹੀਰੋਇਨ ਨੂੰ ਦੋਹਾਂ ਬਾਹਵਾਂ 'ਤੇ ਚੁੱਕੀ ਮੈਂ ਵੱਡੇ ਹਾਲ ਵਿਚ ਪਹੁੰਚਿਆ ਤੇ ਉਚੀ ਆਵਾਜ਼ ਵਿਚ ਆਖਿਆ, "ਬਾਸ, ਆਪ ਕੇ ਲੀਏ ਤੋਹਫ਼ਾ ਲਾਇਆ ਹੂੰ।" ...ਕੱਟ!
ਮੈਨੂੰ ਪਹਿਲੀ ਵਾਰ ਡਾਇਲਾਗ ਬੋਲਣ ਦਾ ਮੌਕਾ ਮਿਲਿਆ ਸੀ। ਮੈਨੂੰ ਆਸ ਹੋ ਗਈ ਸੀ ਕਿ ਹੌਲੀ-ਹੌਲੀ ਵੱਡੇ ਰੋਲ ਵੀ ਮਿਲਣੇ ਸ਼ੁਰੂ ਹੋ ਜਾਣਗੇ।
ਮੈਂ ਆਪਣੀ ਖੁਸ਼ੀ ਕਿਸੇ ਨਾਲ ਸਾਂਝੀ ਕਰਨੀ ਚਾਹੁੰਦਾ ਸਾਂ। ਕਿੱਥੇ ਜਾਵਾਂ? ਮੈਂ ਦੋਸਤਾਂ ਬਾਰੇ ਸੋਚਿਆ ਤਾਂ ਮੈਡਮ ਦਾ ਚਕਲਾ ਯਾਦ ਆਇਆ। ਇਹ ਧੰਦੇ ਦਾ ਵੇਲਾ ਨਹੀਂ ਸੀ। ਮੈਂ ਨਿਝੱਕ ਜਾ ਸਕਦਾ ਸਾਂ। ਮੈਂ ਮਠਿਆਈ ਖ਼ਰੀਦੀ। ਗਰਮਗਰਮ ਸਮੋਸੇ ਲਿਫ਼ਾਫ਼ੇ ਵਿਚ ਪਵਾਏ ਤੇ ਫ਼ਾਰਸ ਰੋਡ ਪਹੁੰਚ ਗਿਆ।
ਸਾਰੀਆਂ ਮੇਰੇ ਦੁਆਲੇ ਝੁਰਮਟ ਪਾ ਕੇ ਬੈਠ ਗਈਆਂ। ਉਨ੍ਹਾਂ ਕੋਲੋਂ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ। ਉਹ ਸ਼ੂਟਿੰਗ ਦੀ ਇੱਕ-ਇੱਕ ਗੱਲ ਜਾਣਨਾ ਚਾਹੁੰਦੀਆਂ ਸਨ।
"ਹੇਮਾ ਮਾਲਿਨੀ ਕਿਹੋ ਜਿਹੀ ਹੈ?"
"ਤੂੰ ਤਾਂ ਹੇਮਾ ਨਾਲ ਗੱਲਾਂ ਕਰਕੇ ਵੀ ਵੇਖੀਆਂ ਹੋਣਗੀਆਂ।"
"ਇੰਨੀ ਭਾਰੀ ਨੂੰ ਤੂੰ ਚੁੱਕਿਆ ਕਿਵੇਂ ਹੋਊ?"
ਮੈਂ ਫ਼ਿਲਮ ਵਿਚ ਆਪਣੇ ਰੋਲ ਬਾਰੇ ਉਨ੍ਹਾਂ ਨੂੰ ਵਧਾ ਚੜ੍ਹਾ ਕੇ ਦੱਸਦਾ ਰਿਹਾ।
ਚਾਹ ਪੀਣ ਵੇਲੇ ਮੈਨੂੰ ਖ਼ਿਆਲ ਆਇਆ, ਮੈਡਮ ਨਹੀਂ ਸੀ। ਸ਼ੀਰੀਂ ਨੇ ਮੇਰੇ ਝੋਲੇ 'ਚੋਂ ਰਸਾਲੇ ਕੱਢ ਕੇ ਦਰੀ 'ਤੇ ਖਿਲਾਰਾ ਪਾ ਦਿੱਤਾ ਸੀ। ਮਾਲਾ ਤੇ ਸ਼ੀਰੀਂ ਇੱਕੋ ਰਸਾਲੇ 'ਚੋਂ ਕੋਈ ਤਸਵੀਰ ਵੇਖ ਰਹੀਆਂ ਸਨ। ਕੁਲਵਿੰਦਰ ਤੇ ਰਾਧਿਕਾ ਸਮੋਸੇ ਖਾਣ ਵਿਚ ਰੁੱਝ ਗਈਆਂ ਸਨ।
"ਮੈਡਮ ਕਿੱਥੇ ਹੈ?" ਮੈਂ ਪੁੱਛਿਆ।
"ਹਸਪਤਾਲ!" ਸ਼ੀਰੀਂ ਨੇ ਰਸਾਲਾ ਬੰਦ ਕਰਕੇ ਪਰ੍ਹਾਂ ਰੱਖ ਦਿੱਤਾ।
"ਹਸਪਤਾਲ?"
"ਉਹਨੂੰ ਤਾਂ ਹਫ਼ਤਾ ਹੋ ਗਿਆ ਏ ਦਾਖ਼ਲ ਹੋਇਆਂ।"
"ਮੈਨੂੰ ਕਿਵੇਂ ਪਤਾ ਲੱਗਣਾ ਸੀ। ਮੈਥੋਂ ਇੰਨੇ ਦਿਨ ਆਇਆ ਜੂ ਨਹੀਂ ਗਿਆ। ਮੇਰੇ ਕੋਲ ਪੈਸੇ ਨਹੀਂ ਸਨ ਨਾ।" ਮੈਂ ਆਖਿਆ, "ਹੁਣ ਕੀ ਹਾਲ ਹੈ?"
"ਪਤਾ ਨਹੀਂ।"
"ਕਿਉਂ?"
"ਸਾਡਾ ਜਾਣਾ ਮਨ੍ਹਾਂ ਹੈ ਨਾ। ਦਾਦਾ ਤਾਂ ਕੁਝ ਦੱਸਦਾ ਹੀ ਨਹੀਂ। ਉਹਦੀਆਂ ਲਾਲ-ਲਾਲ ਅੱਖਾਂ ਵੇਖ ਕੇ ਵੈਸੇ ਵੀ ਗੱਲ ਕਰਨ ਦਾ ਹੌਸਲਾ ਨਹੀਂ ਪੈਂਦਾ।" ਸ਼ੀਰੀਂ ਨੇ ਮੇਰੀ ਬਾਂਹ ਫੜ ਕੇ ਰਿਹਾੜ ਕੀਤੀ, "ਪਲੀਜ਼, ਤੁਸੀਂ ਜਾ ਕੇ ਪਤਾ ਲੈ ਆਉ ਨਾ।"
ਮੈਨੂੰ ਕੋਈ ਹੋਰ ਕੰਮ ਨਹੀਂ ਸੀ। ਮੈਂ ਵਿਹਲਾ ਹੀ ਸਾਂ। ਰਾਹ ਵਿਚ ਮੈਂ ਰੇਹੜੀ ਵਾਲੇ ਤੋਂ ਕੇਲੇ ਤੇ ਅੰਗੂਰ ਲੈ ਕੇ ਅੱਡ-ਅੱਡ ਲਿਫ਼ਾਫ਼ਿਆਂ ਵਿਚ ਪਵਾ ਲਏ। ਉਹਨੂੰ ਕਿਸੇ ਦੇ ਆਉਣ ਦੀ ਉਮੀਦ ਨਹੀਂ ਸੀ। ਉਹ ਅੱਖਾਂ ਮੀਟੀ ਪਈ ਸੀ। ਉਹਦੇ ਚਿਹਰੇ 'ਤੇ ਸੜਕ ਕਿਨਾਰੇ ਲਾਵਾਰਸ ਪਏ ਕਿਸੇ ਯਤੀਮ ਦੇ ਚਿਹਰੇ ਵਰਗੀ ਵਿਚਾਰਗੀ ਸੀ। ਚਿਹਰੇ ਦੀ ਪਿਲੱਤਣ ਨੇ ਉਸ ਵਿਚਾਰਗੀ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ ਸੀ।
ਮੈਂ ਮੰਜੇ ਦੇ ਨਾਲ ਪਈ ਤਿਪਾਈ 'ਤੇ ਦੋਵੇਂ ਲਿਫ਼ਾਫ਼ੇ ਰੱਖ ਦਿੱਤੇ। ਉਹਨੇ ਅੱਖਾਂ ਖੋਲ੍ਹੀਆਂ ਤੇ ਤ੍ਰਬਕ ਕੇ ਚੇਤੰਨ ਹੋ ਗਈ। ਮੰਜੇ ਦੀ ਪਿੱਠ ਨਾਲ ਢੋਅ ਲਾ ਕੇ ਉਹ ਅੱਧਲੇਟੀ ਜਿਹੀ ਬੈਠ ਗਈ। ਕੁਝ ਚਿਰ ਉਹਦੀਆਂ ਅੱਖਾਂ ਹੈਰਾਨ ਜਿਹੀਆਂ ਹੋਈਆਂ ਮੈਨੂੰ ਵੇਖਦੀਆਂ ਰਹੀਆਂ। ਉਹਦੇ ਬੁੱਲ੍ਹ ਮੁਸਕਰਾਏ ਤੇ ਅੱਖਾਂ 'ਚੋਂ ਤਿਪ-ਤਿਪ ਹੰਝੂ ਵਗਣ ਲੱਗ ਪਏ।
ਮੈਂ ਲੋਹੇ ਦਾ ਸਟੂਲ ਖਿੱਚਿਆ ਤੇ ਉਹਦੇ ਕੋਲ ਹੋ ਕੇ ਬਹਿ ਗਿਆ। ਮੈਂ ਉਹਦੇ ਹੱਥ ਨੂੰ ਪਲੋਸਿਆ, "ਪਲੀਜ਼ ਮੈਡਮ।"
ਉਹਨੇ ਛੇਤੀ ਨਾਲ ਅੱਖਾਂ ਪੂੰਝੀਆਂ ਤੇ ਕਾਹਲੀ ਨਾਲ ਸੱਜੇ ਖੱਬੇ ਵੇਖਿਆ। ਇਹ ਮਰੀਜ਼ਾਂ ਨੂੰ ਮਿਲਣ ਦਾ ਵੇਲਾ ਸੀ। ਦੋਵੇਂ ਪਾਸੇ ਵਾਲੀਆਂ ਮਰੀਜ਼ ਔਰਤਾਂ ਆਪੋ-ਆਪਣੇ ਰਿਸ਼ਤੇਦਾਰਾਂ ਨਾਲ ਗੱਲੀਂ ਜੁੱਟੀਆਂ ਹੋਈਆਂ ਸਨ। ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਉਸ ਹੌਲੀ ਜਿਹੀ ਆਖਿਆ,
"ਅਮਰ, ਇੱਥੇ ਮੈਨੂੰ ਮੈਡਮ ਨਾ ਕਹਿ ਪਲੀਜ਼।"
ਮੈਂ ਉਹਦਾ ਨਾਂ ਨਹੀਂ ਸਾਂ ਜਾਣਦਾ। ਆਪਣਾ ਨਾਂ ਉਹਨੂੰ ਵੀ ਨਹੀਂ ਸੀ ਆਉਂਦਾ। ਉਹਨੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਚਕਲੇ ਵੇਖ ਲਏ ਸਨ। ਹਰ ਨਵੇਂ ਚਕਲੇ 'ਤੇ ਉਹ ਨਵੇਂ ਨਾਂ ਨਾਲ ਰਹੀ ਸੀ। ਹੁਣ ਉਹ ਸਿਰਫ਼ ਮੈਡਮ ਸੀ ਤੇ ਚਕਲੇ ਦੀ ਮੈਡਮ ਦਾ ਕੋਈ ਨਾਂ ਨਹੀਂ ਹੁੰਦਾ।
"ਅਮਰ, ਪਤੈ, ਮੈਂ ਬਹੁਤ ਇਕੱਲੀ ਸਾਂ।"
ਨਿਆਸਰੀ ਜਿਹੀ ਆਵਾਜ਼ ਕੰਬੀ।
"ਬੰਬਈ ਵਿਚ ਆਪਾਂ ਸਾਰੇ ਇਕੱਲੇ ਹਾਂ।"
"ਨਈਂ ਅਮਰ! ਤੂੰ ਨਹੀਂ ਸਮਝਦਾ। ਸ਼ਾਮ ਵੇਲੇ ਸਾਰੇ ਮਰੀਜ਼ਾਂ ਕੋਲ ਕੋਈ ਨਾ ਕੋਈ ਮਿਲਣ ਵਾਲਾ ਬੈਠਾ ਹੁੰਦਾ ਹੈ। ਇੱਕ ਮੈਂ ਹੀ ਸਾਂ...।" ਉਹਨੇ ਹੰਝੂ ਪੂੰਝ ਲਏ ਪਰ ਅੱਖਾਂ ਫੇਰ ਵੀ ਭਰੀਆਂ ਹੀ ਰਹੀਆਂ। ਉਹ ਬੋਲੀ, "ਮੈਂ ਡਰਦੀ ਸਾਂ। ਮੈਨੂੰ ਕੋਈ ਹਸਪਤਾਲ 'ਚੋਂ ਕੱਢ ਹੀ ਨਾ ਦੇਵੇ। ਸਭ ਵੇਖਦੇ ਹੋਣਗੇ ਕਿ ਮੇਰੇ ਕੋਲ ਕੋਈ ਨਹੀਂ ਆਉਂਦਾ। ਹੁਣ ਤੂੰ ਆ ਗਿਆ ਏਂ ਨਾ, ਹੁਣ ਮੈਨੂੰ ਹਸਪਤਾਲ 'ਚੋਂ ਕੋਈ ਨਹੀਂ ਕੱਢ ਸਕਦਾ।"
"ਪਰ ਮੈਂ ਤਾਂ ਇੱਥੇ ਕਿਸੇ ਡਾਕਟਰ ਨੂੰ ਨਹੀਂ ਜਾਣਦਾ।"
"ਇਹਦਾ ਕੋਈ ਫ਼ਰਕ ਨਹੀਂ ਪੈਂਦਾ।...ਹੁਣ ਉਹ ਸਮਝਣਗੇ, ਮੈਂ ਵੀ ਕੋਈ ਇੱਜ਼ਤਦਾਰ ਔਰਤ ਹਾਂ।"
ਉਹਦਾ ਡਰ ਕਿਸੇ ਮਾਸੂਮ ਬਾਲ ਦੇ ਡਰ ਵਰਗਾ ਸੀ।
"ਜੇ ਇਹ ਗੱਲ ਹੈ ਤਾਂ ਮੈਂ ਰੋਜ਼ ਆਇਆ ਕਰੂੰਗਾ।"
"ਸੱਚੀਂ!" ਇੱਕ ਛਿਣ ਤਾਂ ਉਹਨੂੰ ਜਿਵੇਂ ਯਕੀਨ ਹੀ ਨਾ ਆਇਆ। ਉਸ ਬੱਚਿਆਂ ਵਾਲੇ ਚਾਅ ਨਾਲ ਆਖਿਆ, "ਅੱਗੇ ਤਾਂ ਮੈਂ ਮੁਲਾਕਾਤ ਦੇ ਵੇਲੇ ਅੱਖਾਂ ਮੀਟ ਕੇ ਪਈ ਰਹਿੰਦੀ ਸਾਂ। ਹੁਣ ਮੈਂ ਬੈਠ ਕੇ ਤੈਨੂੰ ਉਡੀਕਿਆ ਕਰੂੰ।"
"ਜੇ ਦਾਦਾ ਵਾਰੀ-ਵਾਰੀ ਕੁੜੀਆਂ ਨੂੰ ਵੀ ਆ ਲੈਣ ਦੇਵੇ ਤਾਂ...।"
"ਨਈਂ ਅਮਰ! ਵੇਖਣ ਸਾਰ ਹੀ ਉਨ੍ਹਾਂ ਦੇ ਵੇਸਵਾ ਹੋਣ ਦਾ ਪਤਾ ਲੱਗ ਜਾਂਦਾ ਹੈ। ਫੇਰ ਤਾਂ ਇੱਥੇ ਮੇਰਾ ਇਲਾਜ ਕਿਸੇ ਨੇ ਨਹੀਂ ਕਰਨਾ।" ਉਹਨੇ ਖਾਲੀ ਕੰਧ ਵੱਲ ਵੇਖਦਿਆਂ ਠੰਢਾ ਸਾਹ ਭਰਿਆ, "ਵੈਸੇ ਵੀ ਇਹ ਧੰਦੇ ਦਾ ਵੇਲਾ ਹੁੰਦਾ ਏ ਨਾ। ਕੁੜੀਆਂ ਨੇ ਤਿਆਰ ਹੋ ਕੇ ਬੈਠਣਾ ਹੁੰਦਾ ਏ।"
ਜਦੋਂ ਮੈਂ ਉਹਨੂੰ ਫ਼ਲ ਖਾ ਲੈਣ ਦੀ ਪੱਕੀ ਕੀਤੀ ਤਾਂ ਉਹਦੀਆਂ ਅੱਖਾਂ ਇੱਕ ਵਾਰ ਫਿਰ ਭਰ ਆਈਆਂ। ਉਸ ਅੱਖਾਂ ਪੂੰਝੀਆਂ ਤੇ ਆਵਾਜ਼ ਦੇ ਕੇ ਨਾਲ ਦੀ ਮਰੀਜ਼ ਨੂੰ ਫ਼ਲ ਲੈਣ ਲਈ ਆਖਿਆ। ਮੈਂ ਉਠ ਕੇ ਮੈਡਮ ਹੱਥੋਂ ਲਿਫ਼ਾਫ਼ਾ ਫੜਿਆ ਤੇ ਉਸ ਮਰੀਜ਼ ਦੇ ਅੱਗੇ ਕਰ ਦਿੱਤਾ। ਮੈਡਮ ਨੇ ਜ਼ੋਰ ਦੇ ਕੇ ਉਹਨੂੰ ਫ਼ਲ ਦਿੱਤੇ। ਦੂਜੇ ਪਾਸੇ ਦੀ ਮਰੀਜ਼ ਨੂੰ ਵੀ ਉਸ ਇਸੇ ਤਰ੍ਹਾਂ ਜ਼ੋਰ ਲਾਇਆ। ਉਹਦੀ ਕੋਸ਼ਿਸ਼ ਸੀ, ਸਾਰੇ ਵੇਖ ਸਕਣ ਕਿ ਉਹਨੂੰ ਵੀ ਕੋਈ ਮਿਲਣ ਆਇਆ ਹੈ।
ਮੈਡਮ ਦੀ ਬਿਮਾਰੀ ਵੀ ਅਜੀਬ ਸੀ। ਬੈਠਿਆਂ-ਬੈਠਿਆਂ ਉਹਦਾ ਦਿਲ ਡੁੱਬਣ ਲੱਗਦਾ ਸੀ। ਬੇਹੋਸ਼ ਹੋ ਜਾਂਦੀ ਸੀ। ਜਦੋਂ ਹੋਸ਼ ਆਉਂਦੀ ਸੀ ਤਾਂ ਅਤਿ ਦੀ ਸਿਰ ਪੀੜ ਹੁੰਦੀ ਸੀ। ਲੱਗਦਾ ਸੀ ਸਿਰ ਟੁਕੜਿਆਂ 'ਚ ਖਿੰਡ ਜਾਵੇਗਾ। ਉਹ ਪਹਿਲਾਂ ਨਾਲੋਂ ਰਾਜ਼ੀ ਸੀ ਪਰ ਲੱਗਦਾ ਸੀ, ਉਹਦਾ ਅਸਲੀ ਇਲਾਜ ਡਾਕਟਰਾਂ ਕੋਲ ਨਹੀਂ ਸੀ।
ਕੋਈ ਰਿਸ਼ਤਾ ਸਿਰ ਪੁੱਟ ਰਿਹਾ ਸੀ ਜਾਂ ਸ਼ਾਇਦ ਇਹ ਮੇਰੀ ਜਾਨਲੇਵਾ ਇਕੱਲ ਸੀ। ਮੈਂ ਆਏ ਦਿਨ ਉਹਨੂੰ ਮਿਲਣ ਲਈ ਹਸਪਤਾਲ ਪਹੁੰਚ ਜਾਂਦਾ ਸਾਂ। ਮੈਂ ਸਟੂਲ ਉਹਦੇ ਕੋਲ ਖਿੱਚ ਲੈਂਦਾ ਤੇ ਫਿਰ ਬਹੁਤ ਦੇਰ ਤਕ ਅਸੀਂ ਹੌਲੀ-ਹੌਲੀ ਗੱਲਾਂ ਕਰਦੇ ਰਹਿੰਦੇ।
"ਮਾਂ ਨੂੰ ਇਹ ਨਾਂ ਬਹੁਤ ਚੰਗਾ ਲੱਗਦਾ ਸੀ।" ਉਹਦੇ ਬੁੱਲ੍ਹ ਕੰਬੇ ਸਨ, "ਪਿਤਾ ਜੀ ਨੂੰ ਇਹ ਨਾਂ ਚੰਗਾ ਨਹੀਂ ਸੀ ਲੱਗਦਾ। ਸਾਹਿਬਾਂ ਪ੍ਰੇਮਿਕਾ ਦਾ ਨਾਂ ਹੈ ਨਾ, ਇਸ ਲਈ।"
"ਸਾਹਿਬਾਂ।"
"ਹਾਂ, ਸਾਹਿਬਾਂ!" ਉਹ ਜਿਵੇਂ ਆਪਣੇ-ਆਪ ਨਾਲ ਗੱਲਾਂ ਕਰਨ ਲੱਗ ਪਈ ਸੀ, "ਮਾਂ ਆਖਦੀ ਸੀ-ਕੋਈ ਰਾਜ ਕੁਮਾਰ ਘੋੜੇ 'ਤੇ ਚੜ੍ਹ ਕੇ ਆਵੇਗਾ ਤੇ ਮੇਰੀ ਸਾਹਿਬਾਂ ਨੂੰ ਆਪਣੇ ਨਾਲ ਲੈ ਜਾਵੇਗਾ। ਤੁਰ ਜਾਣ ਪਿੱਛੋਂ ਮੈਂ ਆਪਣੀ ਸਾਹਿਬਾਂ ਨੂੰ ਯਾਦ ਕਰ ਕੇ ਬਹੁਤ ਰੋਇਆ ਕਰਾਂਗੀ। ਮਾਂ ਨੂੰ ਰੋਣਾ ਚੰਗਾ ਲੱਗਦਾ ਸੀ। ਰੋਣਾ ਮੈਨੂੰ ਵੀ ਚੰਗਾ ਲੱਗਣ ਲੱਗ ਪਿਆ ਏ।"
ਉਹ, ਜੋ ਘਰ ਦਾ ਮਿਰਗ ਜਾਲ ਉਹਦੇ ਰਾਹ 'ਤੇ ਵਿਛਾ ਕੇ ਉਹਨੂੰ ਚਕਲੇ 'ਤੇ ਲੈ ਆਇਆ ਸੀ, ਉਹਦੀ ਭਲਾ ਉਹ ਕੀ ਗੱਲ ਕਰਦੀ। ਉਸ ਬੋਲਣਾ ਚਾਹਿਆ ਪਰ ਫਿਸ ਪਈ।
+++
ਮੇਰੇ ਲਈ ਉਨ੍ਹਾਂ ਨੂੰ ਕੈਮਰੇ ਦਾ ਐਂਗਲ ਬਦਲਣ ਦੀ ਲੋੜ ਨਹੀਂ ਸੀ।
ਹੀਰੋ ਨੇ ਮੇਰੇ ਮੂੰਹ 'ਤੇ ਘਸੁੰਨ ਮਾਰਿਆ। ਘਸੁੰਨ ਅਸਲੀ ਸੀ। ਮੇਰੀਆਂ ਅੱਖਾਂ ਸਾਹਵੇਂ ਭੰਬਰ-ਤਾਰੇ ਨੱਚ ਪਏ। ਮੈਂ ਪਿਛਾਂਹ ਡਿੱਗਿਆ ਤੇ ਲੱਕੜ ਦੀ ਰੇਲਿੰਗ ਤੋੜ ਕੇ ਹੇਠਾਂ ਆਣ ਪਿਆ।
ਸ਼ਾਟ ਓ.ਕੇ. ਹੋ ਗਿਆ ਪਰ ਮੇਰਾ ਜਬਾੜਾ ਹਾਲੇ ਵੀ ਦੁਖ ਰਿਹਾ ਸੀ। ਮੈਂ ਲੱਕੜ ਦੀ ਰੇਲਿੰਗ ਨੂੰ ਨਾਲ ਲੈ ਕੇ ਹੇਠਾਂ ਡਿੱਗਿਆ ਸੀ। ਮੇਰੀ ਪਿੱਠ ਵੀ ਟਸ-ਟਸ ਕਰ ਰਹੀ ਸੀ।
ਐਕਸਟਰਾ ਦੇ ਕੰਮ ਦੀ ਪੇਮੈਂਟ ਉਸੇ ਦਿਨ ਹੋ ਜਾਂਦੀ ਸੀ ਪਰ ਮੇਰੇ ਇੱਕ-ਦੋ ਸੀਨ ਅਜੇ ਬਾਕੀ ਸਨ। ਯਾਨਿ ਹਾਲੇ ਮੈਂ ਕੁਝ ਹੋਰ ਕੁੱਟ ਖਾਣੀ ਸੀ। ਉਸ ਤੋਂ ਪਿੱਛੋਂ ਹੀ ਪੈਸਿਆਂ ਦਾ ਭੁਗਤਾਨ ਹੋਣਾ ਸੀ। ਮੈਂ ਵਾਪਸ ਪਹੁੰਚਿਆ ਤਾਂ ਗੈਸਟ ਹਾਊਸ ਦੇ ਕਾਊਂਟਰ 'ਤੇ ਘੋਸ਼ ਖੜ੍ਹਾ ਸੀ। ਉਹਨੇ ਮੈਨੂੰ ਤਾਰ ਫੜਾ ਦਿੱਤੀ। ਮੇਰੇ ਮੋਢੇ 'ਤੇ ਹੱਥ ਰੱਖ ਕੇ ਉਸ ਇੱਕ-ਦੋ ਵਾਰ ਥਾਪੜਿਆ।
ਮੈਨੂੰ ਹੱਥ ਵਿਚ ਫੜੇ ਕਾਗਜ਼ ਦੇ ਟੁਕੜੇ ਤੋਂ ਡਰ ਆਇਆ। ਮੈਂ ਬਿਨਾ ਕੋਈ ਗੱਲ ਕੀਤਿਆਂ ਕਮਰੇ ਵਿਚ ਆ ਗਿਆ ਪਰ ਹਰਫ਼ਾਂ ਦੀ ਜ਼ੁਬਾਨ ਚੁੱਪ ਨਹੀਂ ਸੀ। ਮੇਰੇ ਹੱਥ ਵਿਚ ਫੜਿਆ ਕਾਗਜ਼ ਕੰਬਿਆ।
ਮਾਂ ਨਹੀਂ ਸੀ ਰਹੀ। ਮੈਂ ਪਥਰਾਇਆ ਜਿਹਾ ਉਥੇ ਹੀ ਬੈਠ ਗਿਆ। ਮੇਰੇ ਸਾਹਮਣੇ ਪਈ ਤਾਰ ਪੱਖੇ ਦੀ ਹਵਾ ਨਾਲ ਹਿੱਲ ਰਹੀ ਸੀ।
ਕੀ ਆਖਰੀ ਵੇਲੇ ਮਾਂ ਨੇ ਮੈਨੂੰ ਯਾਦ ਕੀਤਾ ਸੀ? ਮੇਰਾ ਨਾਂ ਲੈ ਕੇ ਬੁਲਾਇਆ ਸੀ? ਤਾਂਘ ਨਾਲ ਬਾਹਰਲੇ ਬੂਹੇ ਵੱਲ ਵੇਖਿਆ ਸੀ? ਕਾਗਜ਼ ਦਾ ਟੁਕੜਾ ਹਵਾ ਨਾਲ ਫੜਫੜਾਇਆ ਤੇ ਉਡ ਕੇ ਕਮਰੇ ਦੀ ਨੁੱਕਰ ਵਿਚ ਜਾ ਲੱਗਾ।
ਮੈਂ ਆਉਣ ਲੱਗਾ ਮਾਂ ਨੂੰ ਸੁਪਨਿਆਂ ਦੇ ਭੜੋਲੇ ਭਰ ਕੇ ਦੇ ਆਇਆ ਸਾਂ। ਮਾਂ ਨੂੰ ਸੁਪਨਿਆਂ ਦੀ ਤਾਸੀਰ ਦਾ ਪਤਾ ਸੀ। ਮੈਨੂੰ ਰੋਕਣ ਲਈ ਉਹਨੇ ਆਖਰੀ ਵਾਰ ਤਰਲਾ ਲਿਆ ਸੀ। ਮੇਰੇ ਵੱਲ ਆਪਣੀ ਬਾਂਹ ਲੰਮੀ ਕੀਤੀ ਸੀ। ਉਹਦਾ ਹੱਥ ਮੇਰੇ ਤੱਕ ਨਹੀਂ ਸੀ ਪਹੁੰਚਿਆ ਪਰ ਮੈਂ ਉਹਦੇ ਹੱਥ ਦੀਆਂ ਕੰਬਦੀਆਂ ਉਂਗਲਾਂ ਵੇਖਦਾ ਰਿਹਾ ਸਾਂ। ਉਸ ਦਿਨ ਮੇਰੇ ਸੁਪਨਿਆਂ ਦੇ ਕੁਹਰੇ ਵਿਚ ਮਾਂ ਦਾ ਨਿਮਾਣਾ ਜਿਹਾ ਤਰਲਾ ਗੁਆਚ ਗਿਆ ਸੀ।
ਮੈਂ ਮੰਜੇ ਤੋਂ ਉਠ ਕੇ ਨੰਗੇ ਫਰਸ਼ 'ਤੇ ਬੈਠ ਗਿਆ। ਗੋਡਿਆਂ 'ਚ ਸਿਰ ਦੇਈ ਮੈਂ ਪਤਾ ਨਹੀਂ ਕਿੰਨਾ ਕੁ ਚਿਰ ਉਂਜ ਹੀ ਬੈਠਾ ਰਿਹਾ।
ਕਮਰੇ ਵਿਚ ਤਿੰਨ ਮੰਜਿਆਂ ਦੀ ਥਾਂ ਸੀ। ਤਿੰਨ ਮੰਜੇ ਡੱਠਣ ਤੋਂ ਪਿੱਛੋਂ ਲੰਘਣ ਜੋਗੀ ਥਾਂ ਹੀ ਬਾਕੀ ਬਚਦੀ ਸੀ। ਹਰ ਇੱਕ ਨੇ ਮੰਜੇ ਦੀ ਥਾਂ ਕਿਰਾਏ 'ਤੇ ਲਈ ਸੀ, ਕਮਰਾ ਕਿਰਾਏ 'ਤੇ ਨਹੀਂ ਸੀ ਲਿਆ। ਅਸੀਂ ਇੱਕ ਦੂਜੇ ਲਈ ਅਜਨਬੀ ਸਾਂ। ਬੇਸ਼ੱਕ ਹੁਣ ਥੋੜ੍ਹਾ ਥੋੜ੍ਹਾ ਜਾਣਨ ਲੱਗ ਪਏ ਸਾਂ ਪਰ ਇੰਨਾ ਵੀ ਨਹੀਂ ਸਾਂ ਜਾਣਦੇ ਕਿ ਉਹ ਮੇਰੀ ਮਾਂ ਦੇ ਮਰਨ 'ਤੇ ਸੱਥਰ ਵਿਛਾ ਕੇ ਬੈਠ ਜਾਂਦੇ। ਦੋਵੇਂ ਵਾਰੀ-ਵਾਰੀ ਆਏ। ਆਪੋ ਆਪਣੇ ਬਿਸਤਰੇ 'ਤੇ ਬੈਠ ਕੇ ਮੇਰੇ ਨਾਲ ਅਫ਼ਸੋਸ ਕੀਤਾ, ਕੱਪੜੇ ਉਤਾਰੇ ਤੇ ਤੌਲੀਆ ਲੈ ਕੇ ਵਾਰੀ-ਵਾਰੀ ਬਾਥਰੂਮ 'ਚ ਵੜ ਗਏ।
ਮੈਂ ਮੰਜੇ ਦੀ ਹੀਅ 'ਤੇ ਸਿਰ ਰੱਖ ਦਿੱਤਾ ਤੇ ਬਹੁਤ ਦੇਰ ਤਕ ਉਂਜ ਹੀ ਪਿਆ ਰਿਹਾ ਪਰ ਮੰਜੇ ਦੀ ਹੀਅ ਦੋਸਤ ਦਾ ਮੋਢਾ ਨਹੀਂ ਸੀ। ਮੈਂ ਉਠਿਆ ਤੇ ਟਰੰਕ ਨੂੰ ਮੰਜੇ ਹੇਠੋਂ ਖਿੱਚ ਕੇ ਬਾਹਰ ਕੱਢਿਆ। ਭਾਂਅ-ਭਾਂਅ ਕਰਦੇ ਟਰੰਕ ਨੂੰ ਖੋਲ੍ਹਿਆ। ਟਰੰਕ ਬੰਦ ਕਰਕੇ ਆਪਣਾ ਬਟੂਆ ਫਰੋਲਿਆ। ਮੇਰੇ ਕੋਲ 53 ਰੁਪਏ ਤੇ ਕੁਝ ਪੈਸੇ ਸਨ। ਪਿੰਡ ਜਾਣ ਲਈ ਇੱਕ ਪਾਸੇ ਦਾ ਕਿਰਾਇਆ ਵੀ ਪੂਰਾ ਨਹੀਂ ਸੀ।
ਇੱਕ ਵਾਰ ਮਨ 'ਚ ਆਇਆ, ਦਿਸਾਈ ਜਾਂ ਘੋਸ਼ ਕੋਲੋਂ ਕੁਝ ਰੁਪਏ ਉਧਾਰ ਮੰਗ ਲਵਾਂ ਪਰ ਉਹ ਮੇਰੇ ਕੌਣ ਸਨ? ਉਹ ਮੈਨੂੰ ਰੁਪਏ ਭਲਾ ਕਿਉਂ ਦੇਣਗੇ, ਉਹ ਤਾਂ ਆਪ ਭੁੱਖ ਨਾਲ ਲੜ ਰਹੇ ਸਨ। ਹੁਣ ਮੈਂ ਪਿੰਡ ਜਾਣਾ ਵੀ ਕੀਹਦੇ ਕੋਲ ਸੀ? ਮਾਂ ਆਖਰੀ ਕੜੀ ਸੀ ਜੋ ਮੈਨੂੰ ਤੇ ਪਿੰਡ ਨੂੰ ਜੋੜਦੀ ਸੀ ਤੇ ਉਹ ਵੀ ਟੁੱਟ ਗਈ ਸੀ।
ਮੈਂ ਬਟੂਆ ਮੁੜ ਜੀਨ ਦੀ ਜੇਬ ਵਿਚ ਪਾ ਲਿਆ ਤੇ ਸੱਖਣੇ ਟਰੰਕ ਨੂੰ ਜੰਦਰਾ ਲਾ ਕੇ ਪੈਰ ਨਾਲ ਮੰਜੇ ਹੇਠਾਂ ਧੱਕ ਦਿੱਤਾ।
ਮਾਂ ਮਰ ਗਈ ਸੀ। ਮੈਨੂੰ ਰੋਣਾ ਚਾਹੀਦਾ ਸੀ। ਮੈਂ ਰੱਜ ਕੇ ਰੋਣਾ ਵੀ ਚਾਹੁੰਦਾ ਸਾਂ ਪਰ ਮੈਨੂੰ ਰੋਣ ਨਹੀਂ ਸੀ ਆ ਰਿਹਾ। ਗੁਬਾਰ ਜਿਹਾ ਉਠ ਕੇ ਮੇਰੇ ਜ਼ਿਹਨ ਵਿਚ ਪਥਰਾ ਗਿਆ ਸੀ। ਮੇਰਾ ਸਿਰ ਸੁੰਨ ਹੋਇਆ ਪਿਆ ਸੀ। ਮੈਂ ਕੁਝ ਮਹਿਸੂਸ ਕਰਨ ਦੀ ਸਮਰੱਥਾ ਵੀ ਗੁਆ ਬੈਠਾ ਸਾਂ।
ਮੇਰੇ ਨਿਰਵਾਣ ਦਾ ਰਾਹ ਫਾਰਸ ਰੋਡ ਦੇ ਉਸ ਚਕਲੇ ਤੱਕ ਪਹੁੰਚ ਕੇ ਮੁੱਕ ਗਿਆ। ਮੇਰੇ ਸਾਹਵੇਂ ਫਿਰ ਉਹੀ ਉਦਾਸ ਸਲ੍ਹਾਬੀਆਂ ਪੌੜੀਆਂ ਸਨ।
ਮੈਡਮ ਮੈਲੇ ਸੋਫੇ 'ਤੇ ਬੈਠੀ ਸੀ। ਉਸ ਹੈਰਾਨ ਹੋ ਕੇ ਮੇਰੇ ਖਿੱਲਰੇ ਵਜੂਦ ਨੂੰ ਵੇਖਿਆ। ਉਸ ਵੇਲੇ ਇੱਕ ਹੀ ਗਾਹਕ ਸੀ। ਉਹਦੇ ਨਾਲ ਮਾਲਾ ਦਾ ਭਾੜਾ ਤੈਅ ਕਰਕੇ ਉਹ ਉਠ ਖਲੋਤੀ ਤੇ ਮੇਰਾ ਹੱਥ ਫੜ ਕੇ ਦੂਜੇ ਕਮਰੇ ਵਿਚ ਲੈ ਗਈ,
"ਕੀ ਗੱਲ ਐ?"
"ਮੈਡਮ!...ਮਾਂ!...ਮਾਂ...।"
ਮੈਡਮ ਮੇਰੇ ਨਾਲ ਹੀ ਦਰੀ 'ਤੇ ਬੈਠ ਗਈ।
ਹੌਲੀ-ਹੌਲੀ ਮਾਂ ਦੀ ਮੌਤ ਦੀ ਖ਼ਬਰ ਸਾਰੀਆਂ ਨੂੰ ਪਤਾ ਲੱਗ ਗਈ। ਵਾਰੀ-ਵਾਰੀ ਸਾਰੀਆਂ ਮੇਰੇ ਕੋਲ ਆ ਕੇ ਬੈਠ ਗਈਆਂ। ਨਵਾਂ ਗਾਹਕ ਆਉਣ 'ਤੇ ਉਹ ਉਠਦੀਆਂ ਜਿਹੜੀ ਵਿਹਲੀ ਹੁੰਦੀ ਉਹ ਵਾਪਸ ਆ ਕੇ ਮੇਰੇ ਕੋਲ ਬੈਠ ਜਾਂਦੀ।
ਉਹ ਮੇਰੇ ਨਾਲ ਮਾਂ ਦੀਆਂ ਗੱਲਾਂ ਕਰਦੀਆਂ ਰਹੀਆਂ। ਮੇਰੇ ਕੋਲ ਬੈਠੀਆਂ ਉਹ ਖ਼ੁਦ ਵੀ ਬਹੁਤ ਉਦਾਸ ਹੋ ਗਈਆਂ। ਮੈਂ ਆਪਣੀ ਮਾਂ ਦੀਆਂ ਗੱਲਾਂ ਕਰ ਰਿਹਾ ਸਾਂ। ਉਹ ਆਪਣੀ ਮਾਂ ਦੀਆਂ ਗੱਲਾਂ ਸੁਣ ਰਹੀਆਂ ਸਨ।
ਇਹ ਚਕਲਾ ਮੇਰਾ ਘਰ ਨਹੀਂ ਸੀ। ਹੁਣ ਮੇਰਾ ਜਾਣਾ ਹੀ ਬਣਦਾ ਸੀ। ਇਸ ਵੇਲੇ ਮੈਂ ਉਨ੍ਹਾਂ ਦਾ ਵਕਤ ਖੋਟਾ ਕਰ ਰਿਹਾ ਸਾਂ।
"ਮੈਂ ਚਲਦਾਂ।" ਮੈਂ ਉਠ ਖਲੋਤਾ।
ਮੈਡਮ ਧੰਦੇ ਵਾਲੇ ਕਮਰੇ ਵਿਚ ਬੈਠੀ ਸੀ। ਉਸ ਮੇਰੇ ਵੱਲ ਵੇਖਿਆ।
"ਮੈਂ ਚੱਲਦਾਂ ਹੁਣ।" ਮੈਂ ਆਪਣੀ ਗੱਲ ਦੁਹਰਾਈ।
ਧੰਦੇ ਵੇਲੇ ਕੋਈ ਵੇਸਵਾ ਚਕਲੇ ਦੀਆਂ ਪੌੜੀਆਂ ਨਹੀਂ ਉਤਰਦੀ ਪਰ ਚਕਲੇ ਦਾ ਅਸੂਲ ਭੁੱਲ ਕੇ ਉਹ ਮੇਰੇ ਨਾਲ ਤੁਰ ਪਈ। ਕੁਝ ਪੌੜੀਆਂ ਉਤਰ ਕੇ ਉਹ ਹਨੇਰੇ ਵਿਚ ਠਿਠਕ ਗਈ, "ਸੁਣ!"
ਮੈਂ ਵੀ ਖਲੋ ਗਿਆ।
"ਇਸ ਵੇਲੇ ਕਿੱਥੇ ਜਾਵੇਂਗਾ?"
ਪੌੜੀਆਂ ਦੇ ਹੇਠਲੇ ਸਿਰੇ 'ਤੇ ਸੜਕ ਦੀ ਸਿਆਹ ਕਾਤਰ ਦਿਸ ਰਹੀ ਸੀ।
ਉਹਨੇ ਹੱਥ ਫੜ ਕੇ ਮੈਨੂੰ ਮੋੜ ਲਿਆ ਤੇ ਦਾਈਏ ਨਾਲ ਬੋਲੀ, "ਅੱਜ ਮੈਂ ਤੈਨੂੰ ਇਕੱਲਿਆਂ ਨਹੀਂ ਰਹਿਣ ਦੇਣਾ।"
ਮੇਰੀ ਜਾਗ ਖੁੱਲ੍ਹ ਗਈ।
ਪਤਾ ਨਹੀਂ ਮੈਡਮ ਰਾਤ ਕਿੰਨੀ ਕੁ ਦੇਰ ਤੱਕ ਜਾਗਦੀ ਰਹੀ ਸੀ। ਉਹ ਹਾਲੇ ਵੀ ਗੂੜ੍ਹੀ ਨੀਂਦ ਵਿਚ ਸੀ। ਉਹਦੀ ਖੱਬੀ ਬਾਂਹ ਮੇਰੇ ਸਿਰ ਦੇ ਥੱਲੇ ਸੀ। ਸੱਜੀ ਬਾਂਹ ਮੇਰੇ ਉਤੋਂ ਦੀ ਵਲੀ ਹੋਈ ਸੀ। ਮੈਂ ਨਿੱਕੇ ਜਿਹੇ ਬੋਟ ਵਾਂਗ ਉਹਦੇ ਖੰਭਾਂ ਵਿਚ ਸਿਰ ਲੁਕਾਈ ਬੇਹੋਸ਼ੀ ਦੀ ਨੀਂਦ ਸੁੱਤਾ ਰਿਹਾ ਸਾਂ।
ਮੈਨੂੰ ਕੁਝ ਘੁੱਟ ਜਿਹਾ ਜਾਪਿਆ। ਹੈਰਾਨ ਹੋ ਕੇ ਵੇਖਿਆ ਸਮੁੰਦਰ ਵੱਲ ਦੀ ਖਿੜਕੀ ਬੰਦ ਸੀ। ਸਮੁੰਦਰ ਵੱਲ ਦੀ ਖਿੜਕੀ ਅਕਸਰ ਖੁੱਲ੍ਹੀ ਰਹਿੰਦੀ ਸੀ। ਮੈਡਮ ਵਿਚਲੇ ਵੇਲੇ ਖਿੜਕੀ ਕੋਲ ਬੈਠੀ ਸਮੁੰਦਰ ਵੱਲ ਵੇਖਦੀ ਸੀ। ਦੂਰ ਤਕ ਫੈਲਿਆ ਗਹਿਰਾ ਨੀਲਾ ਸਮੁੰਦਰ ਤੇ ਉਹਦੀ ਸ਼ਾਂਤ ਦੀਂਹਦੀ ਹਿੱਕ ਵਿਚ ਲੁਕੇ ਬੇਪਨਾਹ ਜਵਾਰਭਾਟੇ ਉਦੋਂ ਮੈਡਮ ਦੀਆਂ ਚੁੱਪ ਅੱਖਾਂ ਵਿਚ ਸਮਾ ਜਾਂਦੇ ਸਨ।
ਉਹ ਸਮੁੰਦਰ ਕੋਲੋਂ ਆਪਣੀ ਪਛਾਣ ਪੁੱਛਦੀ ਸੀ ਤੇ ਉਦਾਸ ਹੋ ਜਾਂਦੀ ਸੀ।
ਮੈਂ ਪਾਸਾ ਪਰਤਿਆ ਤਾਂ ਮੈਡਮ ਦੀ ਜਾਗ ਖੁੱਲ੍ਹ ਗਈ। ਉਹ ਮੇਰੇ ਵੱਲ ਵੇਖ ਕੇ ਮੁਸਕਰਾਈ। ਆਪਣੀ ਬਾਂਹ ਮੇਰੇ ਹੇਠੋਂ ਖਿੱਚੀ ਤੇ ਉਠ ਕੇ ਬੈਠ ਗਈ, "ਰਾਤ ਮੈਂ ਖਿੜਕੀ ਬੰਦ ਕਰ ਦਿੱਤੀ ਸੀ। ਸੋਚਿਆ, ਸਮੁੰਦਰ ਦਾ ਰੌਲਾ ਤੇਰੀ ਨੀਂਦ ਖਰਾਬ ਨਾ ਕਰੇ।"
ਕੈਬਿਨ ਤੋਂ ਬਾਹਰ, ਦਰੀ ਉਤੇ ਵੇਸਵਾਵਾਂ ਬੇਹੋਸ਼ੀ ਦੀ ਨੀਂਦ ਸੁੱਤੀਆਂ ਹੋਈਆਂ ਸਨ। ਮੈਂ ਉਠ ਕੇ ਤਿਆਰ ਹੋਇਆ ਤੇ ਜਾਣ ਵੇਲੇ ਦਸ-ਦਸ ਦੇ ਤਿੰਨ ਨੋਟ ਮੈਡਮ ਵੱਲ ਕਰ ਦਿੱਤੇ।
ਉਹਨੇ ਹੈਰਾਨ ਜਿਹਾ ਹੋ ਕੇ ਮੇਰੇ ਵੱਲ ਵੇਖਿਆ ਤੇ ਪਿਛਾਂਹ ਮੁੜ ਕੇ ਸਮੁੰਦਰ ਵੱਲ ਦੀ ਖਿੜਕੀ ਖੋਲ੍ਹ ਦਿੱਤੀ। ਸਮੁੰਦਰੀ ਹਵਾ ਦਾ ਬੁੱਲਾ ਚਕਲੇ ਦੀ ਸਾਰੀ ਭੜਾਸ ਉਡਾ ਕੇ ਲੈ ਗਿਆ। ਸਮੁੰਦਰ ਵੱਲ ਮੂੰਹ ਕਰੀ ਉਹ ਕੁਝ ਚਿਰ ਚੁਪਚਾਪ ਨੀਲੇ ਪਾਣੀਆਂ ਨੂੰ ਵੇਂਹਦੀ ਰਹੀ। ਉਹਦੀਆਂ ਅੱਖਾਂ ਵਿਚ ਜੰਮੀ ਹੋਈ ਬਰਫ਼ ਹੌਲੀ-ਹੌਲੀ ਪਿਘਲਣ ਲੱਗ ਪਈ ਸੀ। ਉਸ ਬਰਫ਼ ਹੇਠ ਦੱਬੇ ਹੋਏ ਸੁਪਨੇ ਹੌਲੀ-ਹੌਲੀ ਨੰਗੇ ਹੋ ਗਏ ਸਨ। ਉਹ ਸੁਪਨੇ ਬੇਸ਼ੱਕ ਉਹਦੀਆਂ ਅੱਖਾਂ ਦੇ ਸਨ ਪਰ ਉਹ ਉਨ੍ਹਾਂ ਨੂੰ ਵੇਖ ਨਹੀਂ ਸੀ ਰਹੀ।
ਉਹਨੇ ਅੱਖਾਂ ਪੂੰਝੀਆਂ ਤੇ ਮੁੜ ਕੇ ਮਾਂਵਾਂ ਵਾਂਗ ਮੇਰੇ ਵਾਲਾਂ 'ਚ ਹੱਥ ਫੇਰਿਆ। ਮੈਨੂੰ ਮੋਢੇ ਨਾਲ ਲਾ ਕੇ ਮੇਰਾ ਮੱਥਾ ਚੁੰਮਿਆ। ਮੇਰਾ ਰੁਪਈਆਂ ਵਾਲਾ ਹੱਥ ਪਿਛਾਂਹ ਕਰਦਿਆਂ ਭਿੱਜੀ ਆਵਾਜ਼ ਵਿਚ ਬੋਲੀ, "ਝੱਲਿਆ, ਤੈਨੂੰ ਇੰਨਾ ਵੀ ਨਹੀਂ ਪਤਾ, ਇਸ ਰਿਸ਼ਤੇ ਦੀ ਕੋਈ ਕੀਮਤ ਨਹੀਂ ਤਾਰਦਾ ਹੁੰਦਾ। ਚਕਲੇ 'ਤੇ ਆ ਕੇ ਵੀ ਨਹੀਂ।"
ਦਸ-ਦਸ ਦੇ ਤਿੰਨ ਨੋਟ ਝੁਲਸੇ ਹੋਏ ਕਾਗਜ਼ ਵਾਂਗ ਮੇਰੇ ਹੱਥ ਵਿਚ ਭੁਰ ਗਏ। ਉਹਦੇ ਮੋਢੇ ਨਾਲ ਲੱਗ ਕੇ ਮੈਂ ਨਿੱਕੇ ਬਾਲ ਵਾਂਗ ਹਟਕੋਰੇ ਭਰ-ਭਰ ਰੋਣ ਲੱਗ ਪਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ