Sanjhi Kandh (Punjabi Story) : Santokh Singh Dhir

ਸਾਂਝੀ ਕੰਧ (ਕਹਾਣੀ) : ਸੰਤੋਖ ਸਿੰਘ ਧੀਰ

ਅੱਠ ਮਹੀਨੇ ਦੀ ਖੱਜਲ ਖ਼ੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜ੍ਹਕਾ ਸਾਂਝੀ ਕੰਧ ਉਤੇ ਪੈ ਗਿਆ । ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ।
ਪਿਛਲੇ ਵਰ੍ਹੇ ਦੀਆਂ ਬਾਰਸ਼ਾਂ ਵਿਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦਾ ਘਰ ਦਾ ਢਹਿਣਾ ਪਿੰਡ ਵਿਚ ਸਭ ਤੋਂ ਵੱਡੀ ਦੁਰਘਟਨਾ ਸੀ। ਇਕ ਵੀ ਖਣ ਸਾਬਤ ਨਹੀਂ ਸੀ ਰਿਹਾ।
ਪੈਸੇ ਵਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੇ ਅੰਦਰ ਆਪਣੀ ਕਬੀਲਦਾਰੀ ਤੋਰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫਤਰਾਂ ਵਿਚ ਧੱਕੇ ਖਾਂਦਾ ਰਿਹਾ। ਉਥੇ ਵਜ਼ੀਰਾਂ ਦੀਆਂ ਸਿਫ਼ਾਰਸ਼ਾਂ ਚਲਦੀਆਂ ਸਨ। ਹਾਰ ਕੇ ਉਹਨੂੰ ਦਸ ਵਿਘੇ ਭੋਂ ਬੈਅ ਕਰਨੀ ਪਈ। ਕਿੰਨਾ ਕੁ ਚਿਰ ਬਗਾਨੇ ਘਰਾਂ ਵਿਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ, ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ?
ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਸਦੇ ਘਰ ਦਾ ਵੀ ਡਿਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਂਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ ਦੋ ਖਣ ਆਬਾਦੀ ਵਿਚ ਛੱਤਣੇ ਸਨ, ਇਸ ਲਈ ਉਹਨੇ ਸ਼ਤੀਰੀ ਧਰਨ ਵੇਲੇ ਅੱਧਾ ਦੇਣ ਮੰਨ ਲਿਆ। ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਹੀ ਸੀ। ਇਹ ਝਗੜਾ ਥੋੜ੍ਹੇ ਕੀਤਿਆਂ ਮੁੱਕਦਾ ਨਾ ਸੀ ਦਿਸਦਾ।
ਇਕ ਦੋ ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ। ਪਰ ਉਹਨੈ ਕੋਈ ਹਾਂ ਹੂੰ ਨਾ ਕੀਤੀ, ਸਗੋਂ ਰੁੱਖਾ ਜਵਾਬ ਦੇਂਦਿਆਂ ਕਿਹਾ, ''ਜਦ ਕੰਧਾਂ ਦੇ ਸਮੇਂ ਆਉਣਗੇ, ਕੰਧਾਂ ਦੇਖੀਆਂ ਜਾਣਗੀਆਂ।'' ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ।
ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ-ਥਾਂ ਤੋਂ ਗਈ ਹੋਈ ਸੀ। ਕਈ ਥਾਂ ਚਾਰ ਚਾਰ ਉਂਗਲ ਦੀਆਂ ਭਗਾਂ ਖੁਲ੍ਹੀਆਂ ਹੋਈਆਂ ਸਨ। ਉਂਝ ਦੀ ਥੋਬੜ, ਜਿਵੇਂ ਰੇਹੀ ਦੀ ਖਾਧੀ ਹੁੰਦੀ ਹੈ। ਆਰ ਪਾਰ ਕਈ ਮੋਰੀਆਂ। ਪਿੱਛੋਂ ਕੋਠੜੀ ਦੇ ਸ਼ਤੀਰ ਦਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ, ਅਸਲ ਵਿਚ, ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ, ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸਨੂੰ ਰਹਿੰਦੀ ਹੈ? ਪਰ ਬਹਾਨੇ ਲਈ, ਇਕ ਲੇਖੇ, ਉਹਨੂੰ ਇਸ ਕੰਧ ਬਿਨਾ ਸਰਦਾ ਵੀ ਸੀ। ਉਹਦੇ ਕੋਲ ਦੋ ਘਰ ਸਨ। ਇਸ ਪੁਰਾਣੇ ਕੋਠੇ ਵਿਚ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿਚ ਰਹਿੰਦੇ ਸਨ, ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸਰਦਾ। ਨਵੇਂ ਘਰ ਉਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ, ਉਹ ਹੁਣ ਕੱਚ ਵੀ ਕਿਉਂ ਰੱਖੇ? ਤਿੰਨੇ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜੱਖਣਾ ਕਿਵੇਂ ਪੁੱਟ ਲਵੇ? ਪੱਕੀਆਂ ਕੰਧਾਂ ਉਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਕੱਚੀਆਂ ਤੇ ਬੋਦੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਸਨ?
ਕਪੂਰ ਸਿੰਘ ਬੜਾ ਤੰਗ ਪਿਆ - ਸ਼ਰੀਕ ਕਹਿੰਦੇ ਹੁੰਦੇ ਨੇ, ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉਤੇ ਗੁੱਸਾ ਆਉਂਦਾ। ਪਰ ਗੁੱਸੇ ਨਾਲ ਉਹ ਜਾਣਦਾ ਸੀ, ਉਹਦਾ ਕੰਮ ਸੌਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ। ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ, ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ, ਇਕ ਵਾਰ ਉਹ ਫੇਰ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ। ਖ਼ਬਰੇ ਕੋਈ ਗੱਲ ਉਹਦੀ ਅਕਲ ਵਿਚ ਆ ਹੀ ਜਾਵੇ।
ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜ੍ਹਾ ਅਹੁਲ ਕੇ ਵਾਜ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵਲ ਨੂੰ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉਥੇ ਹੀ, ਦੋ ਆਦਮੀਆਂ ਸਾਹਮਣੇ, ਗੱਲ ਕਰਨੀ ਯੋਗ ਸਮਝੀ। ਜਾਂਦੇ ਅੱਗੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇਕ ਦੋ ਆਦਮੀ ਹੋਰ ਮੰਜਿਆਂ ਉਤੇ ਬੈਠੇ ਸਨ।
ਦਰਬਾਰਾ, ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ''ਭਾਈ ਦਰਬਾਰਾ ਸਿਆਂਹ, ਕੰਧ ਦਾ ਫੇਰ ਹੁਣ ਕਿੱਕੁਣ ਕਰਨੈਂ?''
''ਕਿਹੜੀ ਕੰਧ...?'' ਦਰਬਾਰੇ ਨੇ ਪੈਰਾਂ ਉਤੇ ਪਾਣੀ ਹੀ ਨਾ ਪੈਣ ਦਿੱਤਾ।
''ਤੂੰ ਭੁਲਿਆ ਹੋਇਐਂ....।'' ਕਪੂਰ ਸਿੰਘ ਬੋਲਿਆ, ''ਆਪਣੀ, ਸਾਂਝੀ..!''
''ਮੈਨੂੰ ਨੀ ਲੋੜ ਕੰਧ ਕਰਨ ਦੀ!'' ਓਪਰਿਆਂ ਵਾਂਗ ਦਰਬਾਰੇ ਨੇ ਉਹਦੇ ਵਲੋਂ ਮੂੰਹ ਫੇਰ ਕੇ ਹਵਾ ਵਿਚ ਖਾਲੀ ਝਾਕਦਿਆਂ ਕਿਹਾ।
''ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ,'' ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ। ਪਰ ਇਹ ਗੱਲ ਦਰਬਾਰੇ ਦੇ ਨੇੜਿਉਂ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ''ਤੈਨੂੰ... ਲੋੜ ਐ ਤੂੰ ਕਰ ਲੈ!''
''ਮੈਂ ਕਿਵੇਂ ਕਰ ਸਕਦਾਂ ਭਲਾ, ਐਡੀ ਬੜੀ ਕੰਧ, ਕੱਲਾ-ਚਾਲੀ ਫੁੱਟ ਲੰਬੀ, ਚੌਦਾਂ ਫੁੱਟ ਉਚੀ, ਡੂਢ ਇੰਟ ਚੌੜੀ.....?''
''ਫੇਰ ਮੇਰੇ ਸਿਰ ਅਸਾਨ ਐ?''
''ਹਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜੈ?''
''ਮੈਨੂੰ ਜ਼ੁੰਮੇਵਾਰੀ ਐ ਤੇਰੇ ਕੰਮ ਦੀ? ਅਟਕਿਐ ਰਹੇ।'' ਦਰਬਾਰਾ ਸਿਰ ਨੂੰ ਆਇਆ।
ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ, ''ਕਾਹਨੂੰ ਬਾਖੋਚੌੜ ਹੁੰਨੇ ਓ-ਮੁਕਾ ਲਓ ਰਲ ਕੇ।''
ਪਰ, ਸਰਪੰਚ ਨੇ ਮਲਵੀਂ ਜੀਭ ਨਾਲ ਚੱਬ ਕੇ ਟੋਕਿਆ, ''ਆਪਾਂ ਨੇ ਕਾਹਨੂੰ ਆਉਣੈ ਵਿਚ ਪਟਵਾਰੀ ਜੀ! ਭਾਈ ਭਾਈ ਨੇ, ਆਪੇ ਸਮਝਣਗੇ।''
ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ। ਅੱਗੇ ਵੀ ਉਹ ਕਈ ਵਰ੍ਹਿਆਂ ਤੋਂ ਉਹਦੇ ਨਾਲ ਲਗਦਾ ਆਉਂਦਾ ਸੀ। ਦਰਬਾਰੇ ਘੱਪਲ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ। ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ।
ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ''ਦਰਬਾਰਾ ਸਿਆਂਹ, ਮੈਂ ਤੈਨੂੰ ਮਿੰਨਤ ਨਾਲ ਕਹਿਨਾਂ, ਆਪਾਂ ਕਬੀਲਦਾਰ ਆਂ, ਲੜਦੇ ਚੰਗੇ ਨਹੀਂ ਲਗਦੇ, ਆ ਰਲ ਕੇ ਕੰਧ ਬਣਾਈਏ, ਤੂੰ ਹਾਂ ਕਰ, ਜਿੱਕੁਣ ਕਹੇਂਗਾ ਮੈਂ ਓਕਣੇ ਮੰਨ ਲੂੰਗਾ, ਕੰਧ ਐ ਮਾੜੀ, ਦੋਹਾਂ ਨੂੰ ਇੰ ਸੁਖ ਐ, ਮਾੜੀ ਮੋਟੀ ਕੰਧੋੜੀ ਹੁੰਦੀ, ਮੈਂ ਤੈਨੂੰ ਕਹਿੰਦਾ ਵੀ ਨਾ, ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖੈ, ਤੂੰ ਮੈਨੂੰ ਬਹੁਤਾ ਚਕਾ ਦੇਹ, ਆਪ ਥੋੜ੍ਹਾ ਚੁੱਕ ਲਈਂ...।''
ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਦਿੱਤੀ। ਘੁੱਟੀਆਂ ਉਹਦੇ ਮੱਥੇ ਵਿਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੌਲੀ ਜਹੀ ਸਰਪੰਚ ਖੂੰਘਾਰਿਆ। ਏਨੀ ਹੌਲੀ ਤੇ ਏਨਾ ਬੇਮਲੂਮ, ਜਿਸ ਵਿਚਲੀ ਰਮਜ਼ ਨੂੰ ਦਰਬਾਰਾ ਹੀ ਬੁਝ ਸਕੇ।
ਦਰਬਾਰੇ ਨੂੰ ਫੇਰ ਵੱਟ ਚੜ੍ਹ ਗਿਆ ਤੇ ਉਹਦੇ ਪੱਧਰ ਹੁੰਦੇ ਮੱਥੇ ਵਿਚ ਘੁੱਟੀਆਂ ਫੇਰ ਸੰਘਣੀਆ ਹੋ ਗਈਆਂ, ''ਓ ਮੈਂ ਸ਼ਦਾਈ ਆਂ ਜਿਹੜਾ ਮੱਲੋਂ ਮੱਲੀ ਕਿਸੇ ਦਾ ਭਾਰ ਚੱਕਦਾਂ ਫਿਰਾਂ?''
''ਪਰ ਤੈਨੂੰ ਅਨਕਾਰ ਕੇਹੜੀ ਗੱਲੋਂ ਐ?'' ਕਪੂਰ ਸਿੰਘ ਫੇਰ ਵੀ ਭਾਈਬੰਦੀ ਵਰਤੀ। ਕੀ ਕਰੇ, ਉਹਨੂੰ ਲੋੜ ਜੋ ਸੀ।
''ਮੇਰੇ 'ਚ ਨਹੀਂ ਜਾਨ ਪੈਸਾ ਖਰਚਣ ਦੀ। ਮੈਂ ਫਾਹੇ ਚੜ੍ਹਾਂ?'' ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ।
''ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦਈਂ-ਜਦ ਹੋਣਗੇ ਉਦੋਂ ਦੇ ਦਈਂ?''
''ਮੈਂ ਐਵੇਂ ਤੇਰੀ ਜੁੱਤੀ ਹੇਠ ਆਵਾਂ!'' ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦੇਂਦਾ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਨ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ।
ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ, ''ਲੈਣਾ ਦੇਣਾ ਬਣਿਆ ਹੋਇਆ ਈ ਐ, ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ।'' ਕਪੂਰ ਸਿੰਘ ਦੀ ਹਾਲਤ ਉਤੇ ਉਹਨੂੰ ਤਰਸ ਆ ਰਿਹਾ ਸੀ।
''ਤੈਨੂੰ ਨਹੀਂ ਪਤਾ ਚਾਚਾ....!'' ਦਰਬਾਰੇ ਨੇ ਝਟ ਤਾੜ ਦਿੱਤਾ। ਉਹ ਚੁਪ ਕਰ ਗਿਆ। ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਏ।
ਕਪੂਰ ਸਿੰਘ ਦੁਖੀ ਹੋ ਗਿਆ। ਕੀ ਕਰੇ, ਨਾ ਕਰੇ! ਇਹ ਬੇਈਮਾਨ ਕਿਸੇ ਪਾਸੇ ਦੀ ਨਹੀਂ ਮੰਨਦਾ। ਪੱਲਿਓਂ ਚਾਰ ਸੌ ਰੁਪਈਆ ਲਾ ਕੇ ਉਹਨੂੰ ਮੁਫ਼ਤ ਵਿਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਐ, ਜੇ ਅੱਧ ਮੰਗੋ ਤਾਂ ਲੋੜ ਨ੍ਹੀਂ। ਉਹ ਜਾਣਦੈ, ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਐ, ਉਹ ਕਿਉਂ ਖ਼ਾਹਮਖ਼ਾਹ ਹਾਮੀ ਭਰੇ, ਸ਼ਤੀਰ ਉਹਦੇ ਕੋਈ ਲਾਹ ਹੀ ਨਹੀਂ ਸਕਦਾ।
''ਦਰਬਾਰਾ ਸਿਆਂਹ!'' ਕਪੂਰ ਸਿੰਘ ਬਿਰ ਬਿਰ ਕਰਨ ਲੱਗਾ, ''ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੰ, ਹੁਣ ਤੂੰ ਐਵੇਂ ਅੜਿੱਕਾ ਨਾਂ ਡਾਹ, ਜਿੱਕਣ ਕਹੇਂਗਾ, ਓਕਣੇ ਕਰ ਲਾਂਗੇ...।''
ਨਿੱਕਾ ਜਿਹਾ ਖੰਘੂਰਾ ਫੇਰ ਸੁਣਿਆ।
ਦਰਬਾਰੇ ਵਿਚ ਜਿਵੇਂ ਓਪਰੀ ਹਵਾ ਆ ਗਈ ਹੋਵੇ, ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ''ਮੇਰਾ ਹਾਲ ਕਿਹੜਾ ਚੰਗੈ, ਮੈਂ ਤੇਰੇ ਹਾਲ ਕੰਨੀ ਦੇਖਾਂ....!''
ਪਟਵਾਰੀ, ਸਰਪੰਚ, ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁਚ ਕੇ ਹੋਰ ਸਮਾਈ ਨਾਲ ਆਖਿਆ, ''ਡੂਢ ਇੱਟ ਦੀ ਨਾ ਸਹੀ, ਇਕ ਇੱਟ ਦੀ ਕਰ ਲੈ।''
''ਇਕ ਇੱਟੀ ਨ੍ਹੀਂ ਕਰਨੀ।''
''ਕੱਚੀ ਕਰ ਲੈ।''
''ਕੱਚੀ ਨਾ ਪੱਕੀ।''
''ਚਲ ਤੂੰ ਇੱਟਾਂ ਦਾ ਹੀ ਅੱਧ ਦੇ ਦੇਹ, ਮਜ਼ੂਰੀ ਨਾ ਸਹੀ।'' ਉਹਨੇ ਹੋਰ ਕਾਂਪ ਖਾਧੀ। ਪਰ ਦਰਬਾਰਾ ਤਾਂ ਇਕੋ ਆਟੇ ਦਾ ਸ਼ੀਂਹ ਸੀ, ਹੋਰ ਵਿਗੜ ਕੇ ਬੋਲਿਆ, ''ਜਦ ਮੈਂ ਕੇਰਾਂ ਕਹਿ ਦਿੱਤਾ, ਮੈਨੂੰ ਨ੍ਹੀਂ ਲੋੜ, ਮੈਂ ਨ੍ਹੀਂ ਕਰਨੀ, ਮੈਨੂੰ ਨਾ ਕਹੀਂ!''
ਜੇ ਕੰਧ ਕਪੂਰ ਸਿੰਘ ਵੀ ਕਰੇ, ਤਾਂ ਵੀ, ਢਾਹੁਣ ਵੇਲੇ ਤਾਂ ਆਧੀ ਦਾ ਕੋਲ ਹੋਣ ਜ਼ਰੂਰੀ ਸੀ।
ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮ੍ਹੀਆਂ ਦੇਣੀਆਂ...। ਉਹਨੇ ਫੇਰ ਵੀ ਠਰੰਮੇ ਨਾਲ ਦਰਬਾਰੇ ਨੂੰ ਆਖਿਆ, ''ਪਰ ਤੇਰੀ ਰਜ਼ਾਮੰਦੀ ਬਿਨਾ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਤੂੰ ਕੋਲ ਤਾਂ ਖੜ੍ਹ, ਕੰਧ ਬਣੂੰਗੀ ਤਾਂ ਢਹਿ ਕੇ ਹੀ।''
''ਮੈਂ ਤਾਂ ਸਰਦਾਰ ਜੀ ਅੱਗ ਨ੍ਹੀਂ ਲਾਉਣ ਜਾਂਦਾ ਕੰਧ ਨੂੰ। ਤੂੰ ਕਹਿਨੈਂ ਕੋਲ ਖੜ੍ਹ। ਮੈਨੂੰ ਚੱਟੀ ਪਈ ਐ?''
''ਨਾ ਬਈ....!'' ਵਿਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ, ''ਆਹ ਤਾਂ ਬੇ ਜੈਂ ਐਂ!''
ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। 'ਇਹਨੂੰ ਕਹਿੰਦੇ ਨੇ ਸ਼ਰੀਕ' ਉਹਨੇ ਦਿਲ ਵਿਚ ਆਖਿਆ। ਬੰਦਾ ਕਿਥੋਂ ਕੁ ਤੱਕ ਸਬਰ ਕਰਦਾ ਰਹੇ? ਤਾਂ ਵੀ ਉਹ ਤੱਤ ਨੂੰ ਮਾਰ ਕੇ, ਪਰ ਥੋੜ੍ਹਾ ਤੇਜ਼ ਹੋ ਕੇ ਬੋਲਿਆ, ''ਜੇ ਮੈਂ ਬਣਾ ਲਾਂ, ਤਾਂ ਤੂੰ ਸ਼ਤੀਰ ਤਾਂ ਨ੍ਹੀਂ ਧਰੇਂਗਾ ਮੇਰੀ ਕੰਧ ਉਤੇ?''
''ਸ਼ਤੀਰ ਧਰਨੋ ਮੈਨੂੰ ਕਿਹੜਾ ਹਟਾ ਸਕਦੈ? ਮੈਂ ਮਾਲਕਾਂ ਕੰਧ ਦਾ!'' ਦਰਬਾਰੇ ਨੇ ਹਿੱਕ ਥਾਪੜੀ।
''ਤੇਰੀ ਕੱਲੇ ਦੀ ਐ ਕੰਧ? ਮੇਰੀ ਨ੍ਹੀਂ? ਤੂੰ ਬਹੁਤਾ ਮਾਲਕ ਐਂ?'' ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ?
ਦਰਬਾਰੇ ਨੇ ਉਲਟੀ ਤੜ੍ਹੀ ਮਾਰੀ, ''ਮੈਂ ਤਾਂ ਸਰਦਾਰ ਜੀ ਤੇਰੇ ਉਤੇ ਅਰਜੀ ਦੇਣੀ ਐਂ, ਤੂੰ ਭਾਲਦੈ ਅੱਧ, ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗੀ ਨੰਗੀ, ਜੇ ਮੀਂਹਾਂ ਵਿਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ੁੰਮੇਵਾਰ?''
ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ, ''ਤੂੰ ਲਾ ਲਈਂ ਜਿਹੜਾ ਜ਼ੋਰ ਲਾਉਣੈ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦੈ, ਅਰਜੀ ਦਊ ਇਹ ਨਗੌਰਾ ਮੇਰੇ ਉਤੇ, ਹੁਣ ਗਿਣ ਕੇ ਲਈ ਤੂੰ ਹਰਜ਼ਾਨਾ ਮੇਰੇ ਕੋਲੋਂ ਹਵੇਲੀ ਦਾ, ਚਲ ਮੈਂ ਢਾਹੁੰਨਾਂ ਕੰਧ ਆ ਹਟਾ ਤੂੰ ਮੈਨੂੰ...!''
ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ, ਤੇ ਸਰੀਰ ਦਾ ਵੀ ਲਿੱਸਾ ਤੇ ਅਗੇ ਕਦੇ ਉਹਦੇ ਸਾਹਮਣੇ ਇਉਂ ਬੋਲਿਆ ਵੀ ਨਹੀਂ ਸੀ, ਪਰ ਚੁਕ ਬੁਰੀ ਹੁੰਦੀ ਹੈ। ਦਰਬਾਰਾ ਉਠ ਕੇ ਖੜ੍ਹਾ ਹੋ ਗਿਆ ਤੇ ਬਾਹਵਾਂ ਚਾੜ੍ਹਦਾ ਗੜ੍ਹਕੇ ਨਾਲ ਬੋਲਿਆ, ''ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ!''
ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝਟ ਉਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਕੀਤੀ।
ਕਪੂਰ ਸਿੰਘ ਉਥੋਂ ਤੁਰ ਪਿਆ, 'ਮਖਾਂ ਚਲ ਤਾਂ ਸਹੀ ਮੈਂ ਢਾਹੁਨਾਂ, ਤੂੰ ਹਟਾਈਂ ਦੇਖੀਂ ਨਾਲੇ ਹੁਣ ਕੰਧ ਬਣਦੀ ਕਿਵੇਂ ਐ, ਨਾਲੇ ਨਾ ਦਈਂ ਖਾਂ ਭਲਾ ਤੂੰ ਅੱਧ...!'' ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ।
ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ, ''ਬਹੁਤ ਮਾੜੀ ਗੱਲ ਐ ਦਰਬਾਰੇ ਖਾਤਰ। ਕਿਸੇ ਲੋਟ ਤਾਂ ਬੰਦੇ ਨੂੰ ਮੰਨਣਾ ਚਾਹੀਦੈ।''
ਕਪੂਰ ਸਿੰਘ ਦੁਚਿੱਤੀ ਵਿਚ ਪੈ ਗਿਆ : ਘਰ ਬਣਾਵੇ ਜਾਂ ਨਾ ਬਣਾਵੇ। ਏਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ। ਅੱਧੀ ਵੱਢ ਕੇ ਬਣਾਉਣ ਠੋਹਕਰਾਂ ਕਰਨ ਵਿਚ ਉਹ ਗੱਲ ਨਹੀਂ। ਚਾਰ ਚੁਫੇਰਿਓਂ ਪੱਕਾ ਸੁਹਣਾ, ਟੱਲੀ ਵਰਗਾ ਚਕੋਰ ਘਰ ਬਣ ਜਾਂਦਾ....।
ਅਖ਼ੀਰ ਉਹਨੇ ਫੈਸਲ਼ਾ ਕੀਤਾ, ਉਹ ਕੰਮ ਸ਼ੁਰੂ ਕਰੇ, ਜਦ ਕੰਧ ਉਤੇ ਕੰਮ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਹਕਰਾਂ ਕਰਕੇ ਉਤੇ ਪਾਸਵਲੀਆ ਪਾ ਦਿਆਂਗੇ। ਇਕ ਪਾਸਾ ਜਾਣੋ ਕੱਚਾ ਰਹਿ ਗਿਆ। ਹੋਰ ਹੁਣ ਕੀਤਾ ਵੀ ਕੀ ਜਾਵੇ। ਲੋਕ ਤਾਂ ਕਹਿੰਦੇ ਸਨ, ਜਾ ਕੇ ਡਿਪਟੀ ਦੇ ਅਰਜ਼ੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿਚ ਪੈ ਜਾਣਾ ਸੀ। ਜੇਠ ਹਾੜ੍ਹ ਦੇ ਖੁਲ੍ਹੇ ਦਿਨ ਲੰਘਦੇ ਜਾਂਦੇ ਸਨ। ਜੇ ਇਸ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ। ਤੇ ਨਾਲੇ ਹੁਣ ਤਾਂ ਖੁੰਝਿਆ ਖਬਰੇ ਕਦ ਉਤੇ ਜਾ ਪਵੇ.....।
ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜੂਰ ਨੀਹਾਂ ਕੱਢਣ ਲੱਗੇ। ਤਿੰਨਾਂ ਦਿਨਾਂ ਵਿਚ ਕੰਧ ਸਿਰੇ ਜਾ ਲੱਗੀ। ਦਲਾਨ, ਵਰਾਂਡਾ, ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉਠਣ ਲੱਗੀਆਂ। ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਦਸਾਂ ਦਿਨਾਂ ਵਿਚ ਥਾਓਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ, ''ਹੁਣ ਇਹ ਵੀ ਦਲਿੱਦਰ ਕੱਢ ਕੇ ਛਡਿਓ।''
ਪਰ, ਦਰਬਾਰੇ ਨੇ ਅਜੇ ਵੀ ਇਕੋ ਨੰਨਾ ਫੜਿਆ ਹੋਇਆ ਸੀ।
ਬੈਠਕ ਦੀਆਂ, ਬਾਰੀਆਂ ਤੇ ਬੂਹਿਆਂ ਉਤੇ ਲਿੰਟਲ ਲਗ ਗਏ। ਡਿਓਢੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਓਢੀ ਦਰਬਾਰੇ ਵੱਲ। ਡਿਓਢੀ ਦੀ ਛੱਤ ਨੀਵੀਂ ਰੱਖ ਕੇ ਅੱਠ ਫੁੱਟ ਉਤੇ ਲਿੰਟਲ ਪਾਉਣਾ ਸੀ, ਕਿਉਂਕਿ ਉਤੇ ਮਿਆਨੀ ਰੱਖਣੀ ਸੀ। ਡਿਓਢੀ ਦੀ ਲਿੰਟਲ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚਲ ਸਕਦਾ।
ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜੇ ਇਕੱਠ ਕੀਤਾ। ਸਾਰਾ ਪਿੰਡ ਚੌਤਰੇ ਉਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਉਹਨੇ ਬੜੇ ਪੈਰ ਅੜਾਏ : ''ਮੈਂ ਕੁੜੀ ਦਾ ਵਿਆਹ ਕਰਨੈ-ਮੈਨੂੰ ਲੋੜ ਨਹੀਂ-ਮੇਰੀ ਪੁੱਜਤ ਨਹੀਂ......।'' ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਸੀ।
ਮਜੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ। ਉਹਨੂੰ, ਕਿਉਂਕਿ ਕੰਧ ਦੀ ਹਾਲੇ ਏਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ ਦੋ ਲੰਮੀਆਂ ਕਿਸ਼ਤਾਂ ਵਿਚ ਵੰਡ ਦਿੱਤੀ। ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਮਾਣੀ ਨੂੰ, ਤੇ ਦੂਜੀ ਅਗਲੀ ਲੋਹੜੀ ਨੂੰ । ਕਾਗਜ਼ ਬਣ ਗਿਆ।
ਭਾਵੇਂ ਮਜੂਰੀ ਸਾਰੀ ਕਪੂਰ ਸਿੰਘ ਦੇ ਹੀ ਸਿਰ ਪੈ ਗਈ ਸੀ, ਜੋ ਅੱਸੀ ਬਿਆਸੀ ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਹਦੇ ਸਿਰ ਚਾਲੀ ਕੁ ਹੀ ਵੱਧ ਪਏ? ਕੋਈ ਗੱਲ ਨਹੀਂ। ਏਨਾ ਕੁਝ ਤਾਂ ਉਹ ਆਪ ਵੀ ਜਾ ਜਾ ਕੇ ਦਰਬਾਰੇ ਨੂੰ ਕਹਿੰਦਾ ਹੀ ਸੀ।
ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਮ੍ਹਣੇ ਕੰਧ ਢੁਹਾ ਕੇ ਨੀਂਹ ਪੁਟਵਾਉਣ ਲੱਗੇ।
ਇੱਟ ਧਰਨ ਵੇਲੇ ਕੰਧ ਉਤੇ ਮੇਲਾ ਲਗ ਗਿਆ।
ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਜਦ ਹੁਣ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿਚ ਉਹਦੀ ਹਿੱਕ ਉਤੇ ਸੱਪ ਲਿਟ ਰਿਹਾ ਸੀ।
ਇਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ।
ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉਤੇ ਛੋਹੀ ਤਾਂ ਝੱਟ ਬੁਖਲਾਈ ਆਵਾਜ਼ ਵਿਚ ਦਰਬਾਰਾ ਬੋਲਿਆ, ''ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀਂ ਕਾਲੀਆ!''
''ਸਾਨੂੰ ਤਾਂ ਦੋਵੇਂ ਇਕਸਾਰ ਓ ਦਰਬਾਰਾ ਸਿਆਂਹ....!'' ਨਾਹਰ ਸਿੰਘ ਨੇ ਉਤਰ ਦਿੱਤਾ।
ਸਾਰੇ ਲੋਕ ਇਕ ਟੱਕ ਰੱਸੀ ਵੱਲ ਦੇਖਣ ਲੱਗੇ।
ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ।
ਇਕ ਦਮ ਰੌਲਾ ਪੈ ਗਿਆ : ''ਆਹ ਤਾਂ ਜਮਾਂ ਵਿੰਗੀ ਐ, ਐਥੇ ਕੰਧ ਜਾਂਦੀਓ ਨ੍ਹੀਂ...!''
ਕਿਸੇ ਉਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨ੍ਹਿਆਂ ਨੂੰ ਵੀ ਦਿਸਦਾ ਸੀ।
ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ।
''ਹੁਣ ਠੀਕ ਐ।'' ਸਾਰਿਆਂ ਨੇ ਤਸੱਲੀ ਦਾ ਸਾਹ ਲਿਆ।
ਸਾਹਲ ਸੁਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝਟ ਰੌਲਾ ਪਾ ਦਿੱਤਾ, ''ਮੈਨੂੰ ਨ੍ਹੀਂ ਮਨਜੂਰ, ਇਹ ਕੋਈ ਅਨਸਾਫ਼ ਐ, ਕੰਧ ਚਾਰ ਉਂਗਲ ਮੇਰੇ ਪਾਸੇ ਪਈ ਐ!''
''ਤੇਰੇ ਪਾਸੇ ਤਾਂ ਸਾਰੀਓ, ਪਈ ਐ, ਜਦ ਚਾਰ ਆਦਮੀ ਖੜ੍ਹੇ ਨੇ ਕੋਲ....!'' ਕਪੂਰ ਸਿੰਘ ਬੋਲਿਆ।
ਦਰਬਾਰੇ ਨੇ ਝਟ ਗਾਲ੍ਹ ਕੱਢ ਕੇ ਆਖਿਆ, ''ਜੰਮਿਆ ਕੌਣ ਐ ਓਏ ਮੇਰੇ ਪਾਸੇ ਕੰਧ ਕਰਨ ਆਲਾ....!''
ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ੍ਹ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ''ਨਿਊ 'ਚ ਗੱਡ ਦੂੰ ਨਿਊਂ 'ਚ.....'' ਤੇ ਏਨੇ ਵਿਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁਕ ਲਿਆਇਆ। ਦੋਵੇਂ ਪਾਸਿਓਂ ਗਾਹਲਾਂ ਦੀ ਵਾਛੜ ਹੋਣ ਲੱਗੀ।
ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ੍ਹ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ, ''ਆ ਤੈਨੂੰ ਦੇਖਾਂ ਨਿਊਂ 'ਚ ਗੱਡਦੇ ਨੂੰ'' ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿਚੋਂ ਆਈ। ''ਘੀਚਰਾ ਘੀਚਰਾ...!' ਝੱਟ ਗੰਧਾਲੀ ਦਰਬਾਰੇ ਦੇ ਮੌਰਾਂ ਉਤੇ ਪਈ, ਦੂਜੀ ਪੁੜਪੁੜੀ ਵਿਚ, ਲਹੂ ਦੀ ਟੀਕ ਚਲ ਪਈ ਤੇ ਉਹ ਉਲਟ ਕੇ ਨੀਂਹ ਵਿਚ ਜਾ ਡਿਗਿਆ। ਪੰਚ ਰੱਸੀ ਛੱਡ ਕੇ ਪਰ੍ਹਾ ਹੋ ਗਏ ਸਨ। ਆਖਰ ਕੁਝ ਲੋਕ ਹੌਸਲਾ ਕਰ ਕੇ ਛੁਡਾਉਣ ਲੱਗੇ। ਤੀਵੀਆਂ ਘਰਾਂ 'ਚੋਂ ਨਿਕਲ ਕੇ ਆਹਮੋ ਸਾਹਮਣੇ ਬਾਹਾਂ ਉਲਾਰਦੀਆਂ ਮਿਹਣੋ ਮਿਹਣੀ ਹੋਣ ਲੱਗੀਆਂ। ਚੀਕ ਚਿਹਾੜਾ, ਗਾਲ੍ਹਾ ਦੁੱਪੜਾਂ, ਕੰਨ ਪਈ ਵਾਜ ਨਾ ਸੁਣੇ। ਦੋ ਘੰਟੇ ਉਹ ਝੱਜੂ ਪਿਆ, ਉਹ ਰੂਦ ਛਣਿਆ ਕਿ ਲੋਕੀਂ ਕੰਨਾਂ ਉਤੇ ਹੱਥ ਧਰ ਗਏ।
ਇਸ ਤੋਂ ਮਗਰੋਂ, ਕੁਝ ਦਿਨ ਪਾ ਕੇ, ਕੰਧ ਤੇ ਬਣ ਗਈ, ਜੇਹੋ ਜੇਹੀ ਚਾਹੀਦੀ ਸੀ, ਉਹੋ ਜੇਹੀ ਬਣ ਗਈ, ਪਰ ਜੀਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹੀ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜਮਾਨਤਾਂ ਹੋ ਗਈਆਂ। ਦਿਲਾਂ ਵਿਚ ਪਾਟਕ ਪੈ ਗਏ। ਬੋਲ ਚਾਲ ਜਾਂਦੀ ਰਹੀ। ਪੁਸ਼ਤਾਂ ਲਈ ਵੈਰ ਖੜ੍ਹਾ ਹੋ ਗਿਆ।
ਦੋ, ਚਾਰ, ਛੇ ਮਹੀਨੇ, ਓੜਕ ਵਰ੍ਹਾ ਲੰਘਾ ਲਿਆ। ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜ ਨਾ ਛੇੜਨਾ ਚਾਹਿਆ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ। ਮੁੱਕਰ ਤਾਂ ਉਹ ਸਕਦਾ ਹੀ ਨਹੀਂ।
ਛੇ ਮਹੀਨੇ ਹੋਰ ਲੰਘ ਗਏ। ਦੂਜੀ, ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ, ''ਤੈਂ ਕੁਸ਼ ਸੁਣਿਐ ਕਪੂਰ ਸਿਆਂਹ?''
ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ, ''ਨਾ ਚਾਚੀ, ਕਿਉਂ ਕੀ ਗੱਲ ਐ?''
''ਲੈ ਵੇ, ਤੈਨੂੰ ਖਬਰੇ ਨ੍ਹੀਂ, ਮੁੰਡਾ ਤਾਂ ਭੁੰਜੇ ਲਿਹਾ ਪਿਐ, ਦਰਬਾਰਾ!''
''ਦਰਬਾਰਾ....? ''
'ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਐ, ਠੰਢ ਦੀ ਸੀੜ੍ਹ 'ਚ ਆ ਗਿਆ, ਪੰਦਰਾਂ ਦਿਨ ਹੋਗੇ, ਰਾਤ ਬਹੂ ਰੋਂਦੀ ਨ੍ਹੀਂ ਸੀ ਝੱਲੀ ਜਾਂਦੀ, ਇਕ ਤਾਂ 'ਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ, ਬਿਨਾਂ ਪੈਸੇ।''
''ਮੈਨੂੰ ਤਾਂ, ਚਾਚੀ, ਹੁਣ ਤਿਤੋਂ ਪਤਾ ਲੱਗਿਐ....!''
''ਲੈ ਆਹੋ ਡੱਡ, ਤੈਨੂੰ ਕਿਤੇ ਓਪਰੈ!''
''ਆਉਣ ਜਾਣ ਬਾਝੋਂ ਕੰਧ ਉਹਲੇ ਪਰਦੇਸ ਐ ਚਾਚੀ।''
''ਲੈ ਉਹ ਜਾਣੇ, ਨੌਹਾਂ ਨਾਲੋਂ ਮਾਸ ਨ੍ਹੀਂ ਟੁੱਟਦਾ ਕਦੇ ਸਾਊ....!'' ਕਹਿੰਦਿਆਂ ਚਾਚੀ ਸੈਨਤ ਸੁਟ ਕੇ ਚਲੀ ਗਈ।
ਕਪੂਰ ਸਿੰਘ ਉਠਿਆ ਤੇ ਝਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿਚ, ਕੰਧ ਦੀ ਓਟ ਨਾਲ, ਧੁੱਪੇ, ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜ੍ਹੇ ਦਾ ਖੜ੍ਹਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏਂ ਵਰਗਾ ਰੰਗ, ਅੰਦਰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟਬਰੀ....!''
ਅੰਦਰੋਂ, ਦਰਬਾਰੇ ਦੀ ਘਰ ਵਾਲੀ ਨੇ ਮੰਜੇ ਕੋਲ ਸਟੂਲ ਡਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਉਤੇ ਬਹਿ ਗਿਆ, ''ਕੀ ਹਾਲ ਐ ਭਾਈ ਦਰਬਾਰਿਆ...!''
ਰਜਾਈ ਦੇ ਆਸਰੇ ਢੋਅ ਲਾ ਕੇ ਦਰਬਾਰਾ ਕੁੱਝ ਬੈਠਦਾ ਹੋਇਆ ਬੋਲਿਆ, 'ਹੁਣ ਤਾਂ ਚੰਗੈ ਬਾਈ...'' ਬੀਮਾਰੀ ਦਾ ਭੰਨਿਆ ਉਹਦਾ ਨਿਢਾਲ ਮਨ ਕੁਝ ਕਰਾਰ ਫੜ ਆਇਆ।
''ਕੋਈ ਨਾ, ਤੂੰ ਪਿਆ ਰਹੁ, ਉਠਣ ਦੀ ਖੇਚਲ ਨਾ ਕਰੋ।''
''ਕਮਜੋਰੀ..... ਜਾਦੇ.... ਐ!'' ਬੋਲਣ ਲੱਗਿਆਂ ਦਰਬਾਰੇ ਦਾ ਸਾਰਾ ਤਿਗ ਕੰਬਦਾ ਸੀ।
''ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਬਾਣ ਬਥੇਰਾ!'' ਕਪੂਰ ਸਿੰਘ ਨੇ ਹੌਂਸਲਾ ਦਿੱਤਾ।
ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ, ਉਹਦੀਆਂ ਵੱਖੀਆਂ ਉਤੇ ਸੇਕਣ ਲਈ ਲਿਆਈ।
''ਅਲਾਜ ਕੀਹਦੈ?'' ਕਪੂਰ ਸਿੰਘ ਨੇ ਪੁੱਛਿਆ।
'' ਅਲਾਜ....!'' ਦਰਬਾਰਾ ਅੱਗੇ ਚੁਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਹਨ?
ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ ਦਸ ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿਚ ਪਾ ਦਿੱਤਾ, ''ਮੈਂ ਜਾ ਕੇ ਮੰਡੀਉਂਂ ਡਾਕਟਰ ਨੂੰ ਭੇਜਦਾਂ।''
ਦਰਬਾਰੇ ਦੇ ਮਨ ਵਿਚ ਹੂਕ ਉਠੀ, ''ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਐਂ ਬਾਈ ਕੰਧ ਆਲੇ....!''
''ਤੂੰ ਹਾਲੇ ਤਕੜਾ ਹੋ, ਦਿੰਦਾ ਰਹੀਂ ਪੈਸੇ, ਪੈਸਿਆਂ ਸਾਲਿਆਂ ਨੇ ਨਾਲ ਜਾਣੈ?''
ਦਰਬਾਰੇ ਦੀਆਂ ਅੱਖਾਂ ਸਿੰਮ ਆਈਆਂ। ਥੋੜ੍ਹੇ ਚਿਰ ਪਿਛੋਂ ਭਰੇ ਹੋਏ ਗਲੇ ਨਾਲ ਉਹ ਧੀਮਾ ਜਿਹਾ ਬੋਲਿਆ, ''ਮਕਾਨ ਦਾ ਕੰਮ ਚੜ੍ਹ ਗਿਆ ਸਿਰੇ?''
''ਥੋੜ੍ਹਾ ਜਿਹਾ ਟੀਪ ਟੱਲਾ ਰਹਿੰਦੈ, ਸੀਮਿੰਟ ਥੁੜ ਗਿਆ।''
''ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਰਿਹਾ, ਨਹੀਂ ਮੈਂ ਕਿਹੜਾ ਤੇਰਾ ਦੋਖੀ ਸੀ।''
''ਹੁਣ ਤੂੰ ਇਹਨਾਂ ਗੱਲਾਂ ਨੂੰ ਮਨ 'ਤੇ ਨਾ ਲਿਆ - ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ!''
ਹਾੜ੍ਹ ਦਾ ਬੰਸੋ ਦਾ ਵਿਆਹ ਦੇ ਦੇਈਏ?'' ਦਰਬਾਰੇ ਦੇ ਲੂੰ ਲੂੰ 'ਚੋਂ ਅਣਪੱਤ ਜਾਗ ਰਹੀ ਸੀ।
''ਕੋਈ ਡਰ ਨ੍ਹੀਂ, ਜਿਹੜਾ ਭਾਰ ਸਿਰੋਂ ਲਹਿ ਜਾਵੇ, ਚੰਗਾ।''
''ਤੂੰ ਆਇੰਗਾ?''
''ਜਿੱਕਣ ਤੂੰ ਕਹੇਂ।''
ਦਰਬਾਰੇ ਨੇ ਕੰਬਦੇ ਹੱਥਾਂ ਵਿਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ''ਤੇਰੇ ਬਿਨਾਂ, ਬਾਈਂ ਮੈਂ ਕਾਹਦੇ ਜੋਗਾਂ....!'' ਉਹਦੇ ਬੁੱਲ੍ਹ ਫਰ੍ਹਕਣ ਲੱਗੇ ਤੇ ਅੱਖਾਂ ਵਿਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ।
''ਓ ਤੂੰ ਦਿਲ ਰਖ ਵੀਰ, ਮੈਂ ਤਿਤੋਂ ਨਾਬਰ ਤਾਂ ਨ੍ਹੀਂ...!'' ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉਤੇ ਵੀ ਵਗ ਪਈਆਂ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ