Sarangi Di Maut (Punjabi Story) : Gurmeet Karyalvi

ਸਾਰੰਗੀ ਦੀ ਮੌਤ (ਕਹਾਣੀ) : ਗੁਰਮੀਤ ਕੜਿਆਲਵੀ

ਰਾਤੀਂ ਵਰ੍ਹਿਆਂ ਬਾਅਦ ਅਲਗੋਜ਼ਿਆਂ ਦੀ ਹੂਕ ਸੁਣੀ ਸੀ। ਬਿਲਕੁਲ ਉਹੋ ਸੁਰ ਜੋ ਬਚਪਨ ਵਿੱਚ ਸੁਣਦਾ ਰਿਹਾਂ ਸਾਂ। ਉਹੋ ਜਿਹੀ ਹੀ ਵੈਰਾਗਮਈ ਤੇ ਦਿਲ ਨੂੰ ਧੂਹ ਪਾਉਣ ਵਾਲੀ। ਕਿਤੇ-ਕਿਤੇ ਕੰਬਦੀ ਜਿਵੇਂ ਕੋਈ ਸਿਸਕੀਆਂ ਭਰ ਰਿਹਾ ਹੋਵੇ। ਚੰਨ ਵੱਲ ਨੀਝ ਲਾਈ ਤੱਕਦਿਆ, ਸਾਰੀ ਰਾਤ ਮੰਜੇ 'ਤੇ ਉਸਲਵੱਟੇ ਲੈਂਦਿਆਂ ਆ ਰਹੀ ਆਵਾਜ਼ ਨੂੰ ਸੁਣਦਾ ਰਿਹਾ ਸਾਂ। ਬਾਕੀ ਸਾਰਾ ਟੱਬਰ ਘੂਕ ਸੁੱਤਾ ਪਿਆ ਸੀ।

ਮੈਂ ਮੰਜੇ ਤੋਂ ਉੱਠ ਕੇ ਵਿਹੜੇ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾ ਸੀ। ਚੰਨ ਦੀ ਚਾਨਣੀ ਵਿੱਚ ਰਾਤ ਬਿਲਕੁਲ ਚਿੱਟੀ ਹੋਈ ਪਈ ਸੀ। ਮੈਂ ਕੰਧੋਲੀ ਦੇ ਨਾਲ ਕਰਕੇ ਬਣਾਈ ਮਿੱਟੀ ਦੀ ਘੋੜੀ 'ਤੇ ਪੈਰ ਰੱਖ ਕੇ ਕੋਠੇ ਦੀ ਛੱਤ 'ਤੇ ਚੜ੍ਹ ਆਇਆ। ਆਸੇ ਪਾਸੇ ਦੂਰ-ਦੂਰ ਤੱਕ ਨਿਗਾਹ ਮਾਰੀ। ਸਾਰਾ ਪਿੰਡ ਸੁਸਰੀ ਵਾਂਗ ਅਹਿਲ ਸੁੱਤਾ ਪਿਆ ਸੀ। ਬਿਲਕੁਲ ਮੜ੍ਹੀਆਂ ਵਰਗੀ ਸੁੰਨਸਾਨ। ਕੋਈ ਕੁੱਤਾ ਵੀ ਨਹੀਂ ਸੀ ਰੋ ਰਿਹਾ। ਪਤਾ ਨਹੀਂ ਸਾਰੇ ਹੀ ਕਿੱਥੇ ਚਲ ਗਏ ਸਨ। ਜਦੋਂ ਬਚਪਨ 'ਚ ਸਾਂ ਤਾਂ ਰਾਤ ਨੂੰ ਬਹੁਤ ਸਾਰੇ ਕੁੱਤੇ ਰੋਂਦੇ ਰਹਿੰਦੇ ਸਨ। ਅੱਧੀ ਰਾਤ ਲੰਘਦਿਆਂ ਹੀ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ। ਮਾਂ ਕੁੱਤਿਆਂ ਦੇ ਰੋਣ ਨੂੰ ਕਿਸੇ ਬਦਸ਼ਗਨੀ ਦੀ ਨਿਸ਼ਾਨੀ ਸਮਝਦੀ। ਉਹ ਕਿੰਨਾ ਚਿਰ ਬੁਰਾ ਭਲਾ ਬੋਲਦੀ ਰਹਿੰਦੀ, ਕਤੀੜ ਨੂੰ ਜਾਂ ਕਿਸੇ ਹੋਰ ਨੂੰ-ਪਤਾ ਨਾ ਲੱਗਦਾ। ਕਈ ਵਾਰ ਤਾਂ ਉਹ ਬਾਪੂ ਨੂੰ ਹਲੂਣ ਕੇ ਜਗਾਉਂਦੀ ਤੇ ਗਲੀ ਵਿੱਚ ਰੋ ਰਹੇ ਕੁੱਤੇ ਨੂੰ ਭਜਾ ਦੇਣ ਬਾਰੇ ਆਖਦੀ। ਕੱਚੀ ਨੀਂਦ 'ਚੋਂ ਜਗਾ ਲੈਣ ਕਾਰਨ ਬਾਪੂ ਨੂੰ ਖਿੱਝ ਚੜ੍ਹ ਜਾਂਦੀ।
ਆਮ ਤੌਰ 'ਤੇ ਉਹ ਘੇਸਲ ਵੱਟ ਕੇ ਪਿਆ ਰਹਿੰਦਾ। ਕਈ ਵਾਰ ਅੱਕਿਆ, ਮੂੰਹ 'ਚ ਬੁੜਬੁੜ ਕਰਦਾ ਸੋਟੀ ਚੁੱਕ ਗਲੀ ਵਿੱਚ ਰੋਂਦੇ ਲੁੱਟਰ ਕੁੱਤੇ ਦੇ ਚੂਕਣੇ 'ਤੇ ਜਾ ਟਿਕਾਉਂਦਾ। ਕੁੱਤਾ ਚਊਂ-ਚਊਂ ਕਰਦਾ ਪਿੰਡ ਦੇ ਦੂਜੇ ਪਾਸੇ ਰੋਂਦੇ ਅਵਾਰਾ ਕੁੱਤਿਆਂ ਸੰਗ ਜਾ ਰਲਦਾ। ਰਾਤ ਤਾਂ ਸਾਰੇ ਪਿੰਡ 'ਚੋਂ ਇੱਕ ਵੀ ਕੁੱਤੇ ਦੇ ਰੋਣ ਦੀ ਆਵਾਜ਼ ਨਹੀਂ ਸੀ ਆ ਰਹੀ। ਕਹਿੰਦੇ ਨੇ ਇਹ ਸਭ ਹਾਲਾਤਾਂ ਦੀ ਦੇਣ ਸੀ। ਜੇ ਕੁੱਤੇ ਵੀ ਪਿੰਡ ਦੀ ਖਾਮੋਸ਼ੀ ਭੰਗ ਨਹੀਂ ਕਰ ਸਕਦੇ ਤਾਂ ਹੋਰ ਕਿਸਦੀ ਹਿੰਮਤ? ਫਿਰ ਇਹ ਟਿਕੀ ਰਾਤ ਵਿੱਚ ਕੌਣ ਗੁਸਤਾਖ਼ੀ ਕਰ ਰਿਹਾ ਸੀ? ਕੇਵਲ ਅਲਗੋਜ਼ਿਆਂ ਦੀ ਆਵਾਜ਼ ਹੀ ਰਾਤ ਦੀ ਸੰਨਾਟੇ ਭਰੀ ਖਾਸੋਸ਼ੀ ਨੂੰ ਭੰਗ ਕਰ ਰਹੀ ਸੀ। ਮੈਂ ਵਿਹੜੇ ਵਿਚ ਨਿਗਾਹ ਮਾਰੀ, ਬਾਪੂ ਘੂਕ ਸੁੱਤਾ ਪਿਆ ਸੀ। ਸ਼ਾਇਦ ਦਿਨ ਦੇ ਔਖੇ ਕੰਮਾਂ ਦਾ ਭੰਨਿਆ ਹੋਣ ਕਾਰਨ। ਮੇਰਾ ਚਿੱਤ ਬੁਰੀ ਤਰ੍ਹਾਂ ਘਬਰਾਉਣ ਲੱਗਾ।

ਮੈਨੂੰ ਆਪਣੇ ਆਪ 'ਤੇ ਚਿੜ ਜਿਹੀ ਚੜ੍ਹੀ ਜੋ ਪਰਿਵਾਰ ਨੂੰ ਸ਼ਹਿਰ ਛੱਡ ਕੇ ਇਕੱਲਾ ਬਾਪੂ ਨੂੰ ਮਿਲਣ ਆ ਗਿਆ ਸਾਂ। ਰਾਤ ਦਾ ਭਿਆਨਕ ਸੰਨਾਟਾ, ਹਵਾ ਵਿਚਲਾ ਅਣਕਿਆਸਿਆ ਸਹਿਮ-ਬੰਦੇ ਨੂੰ ਕੁੱਝ ਵੀ ਹੋ ਸਕਦਾ, ਕਦੋਂ ਵੀ। ਕੀ ਲੈਣ ਆਉਣਾ ਸੀ ਪਿੰਡ ? ਨਾਲੇ ਹੁਣ ਪਿੰਡ ਹੈ ਵੀ ਕੀ? ਮਾਂ ਦੀ ਮੌਤ ਤੋਂ ਬਾਅਦ ਤਾਂ ਇਹ ਘਰ ਵੱਢ ਖਾਣ ਨੂੰ ਆਉਂਦਾ । ਬਾਪੂ ਨੂੰ ਕਿੰਨੀ ਦਫ਼ਾ ਸ਼ਹਿਰ ਚਲੇ ਚੱਲਣ ਲਈ ਕਹਿ ਚੁੱਕੇ ਹਾਂ ਪਰ ਉਸਦਾ ਪਤਾ ਨਹੀਂ ਕੀ ਦੱਬਿਆ ਏਥੇ? ਨਾਲ ਚੱਲਣ ਦਾ ਨਾਂ ਈ ਨਈਂ ਲੈਂਦਾ। ਕਈ ਵਾਰ ਤਾਂ ਇਸੇ ਗੱਲ 'ਤੇ ਬਾਪੂ ਨਾਲ ਉੱਚਾ-ਨੀਵਾਂ ਵੀ ਬੋਲ ਬੈਠਾ ਸਾਂ। ਬਾਪੂ ਦੇ ਸਾਹਮਣੇ ਪਿੰਡ ਬਿਲਕੁਲ ਈ ਗੇੜਾ ਨਾ ਮਾਰਨ ਦੀ ਸਹੁੰ ਕਈ ਵਾਰ ਖਾਧੀ, ਪਰ ਪਤਾ ਨਹੀਂ ਕਿਹੜੀ ਸ਼ੈਅ ਸੀ ਜੋ ਚਹੁੰ-ਪੰਜੀ ਮਹੀਨੀਂ ਪਿੰਡ ਖਿੱਚ ਲਿਆਉਂਦੀ ਸੀ। ਪਿੰਡ ਦੀਆਂ ਗਲੀਆਂ-ਸੱਥਾਂ ਵੇਖਣ ਨੂੰ ਜੀਅ ਕਰ ਆਉਂਦਾ। ਸਵੇਰੇ ਆਉਂਦਾ ਸੀ ਤੇ ਸ਼ਾਮ ਨੂੰ ਮੁੜ ਵਾਪਸ। ਰਾਤ ਤਾਂ ਪਿੰਡ 'ਚ ਕਿੰਨੇ ਵਰ੍ਹਿਆਂ ਬਾਅਦ ਗੁਜ਼ਾਰ ਰਿਹਾ ਸਾਂ। ਰੋਜ਼ੀ-ਰੋਟੀ ਦੇ ਚੱਕਰ ਵਿੱਚ ਕਿੰਨੇ ਹੀ ਵਰ੍ਹੇ ਤਾਂ ਬਾਹਰ ਭਟਕਦਿਆਂ ਲੰਘਾ ਛੱਡੇ ਸਨ। ਇੰਨ੍ਹਾਂ ਸਾਲਾਂ ਵਿੱਚ ਰੂਹ ਦੀ ਤ੍ਰਿਪਤੀ ਲਈ ਸ਼ਹਿਰ ਦੇ ਪੱਬਾਂ-ਕਲੱਬਾਂ, ਸਿਨੇਮਾਂ ਘਰਾਂ, ਬੀਅਰ ਬਾਰਾਂ, ਅਹਾਤਿਆਂ 'ਚ ਭਟਕਦਾ ਰਿਹਾ ਸਾਂ। ਰੂਹ ਦੀ ਭੁੱਖ ਜਮ੍ਹਾਂ ਈ ਮਰ ਗਈ। ਹੁਣ ਐਨੀ ਦਰਦੀਲੀ ਹੂਕ ਸੁਣ ਕੇ ਭੁੱਖ ਜਿਵੇਂ ਫੇਰ ਚਮਕ ਪਈ ਸੀ। ਦਿਲ ਨੂੰ ਖੋਹ ਪੈਣ ਲੱਗੀ, ਹੰਝੂ ਆਪ-ਮੁਹਾਰੇ ਵਗਣ ਲੱਗ ਪਏ। ਜੀਅ ਕਰਦਾ ਸੀ ਬਾਪੂ ਨੂੰ ਜਗਾ ਕੇ, ਅਲਗੋਜ਼ਿਆਂ ਦੀ ਹੂਕ ਬਾਰੇ ਪੁੱਛਾਂ, ਪਰ ਉਸ ਦੀ ਨੀਂਦ ਖਰਾਬ ਹੋ ਜਾਣ ਦੇ ਡਰੋਂ ਝਿਜਕ ਗਿਆ। ਸੋਚਿਆ, ਬਾਪੂ ਨੇ ਕਿਹੜਾ ਸਿੱਧਾ ਜੁਆਬ ਦੇਣਾ, ਉਲਟਾ ਕਹਿਣਾ ਸੀ,

"ਤੇਰੀਆਂ ਤਾਂ ਵਹਿਵਤਾਂ ਈ ਜੀਬ ਐ। ਧੰਨ ਤੂੰ ਧੰਨ ਤੇਰਾ ਡਮਾਕ। ਕਦੇ ਕਹੇਂਗਾ, ਇਹ ਖੂਹ ਕਿਉਂ ਬੰਦ ਹੋਗੇ? ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਕਿਉਂ ਨ੍ਹੀਂ ਸੁਣਾਈ ਦਿੰਦੀ ? ਲੋਕ ਅੱਧੀ-ਅੱਧੀ ਰਾਤ ਗਏ ਤੱਕ ਹੱਟੀਆਂ-ਭੱਠੀਆਂ 'ਤੇ ਕਿਉਂ ਨ੍ਹੀਂ ਬਹਿੰਦੇ ? ਤੂੰ ਕਾਹਦਾ ਪੜ੍ਹਿਆ-ਲਿਖਿਆਂ ? ਸੌਹਰੀ ਦਿਆ ਨਵੀਂਆਂ ਨਵੀਆਂ ਖੋਜਾਂ ਸੈਨਸ ਦੀਆਂ। ਦੁਨੀਆਂ ਕੋਲ ਵਿਹਲ ਹੈ ਕਿਥੇ ਹੱਟੀ-ਭੱਠੀ ਬਹਿਣ ਦੀ? ਐਵੇਂ ਝੁਰੀ ਜਾਨੈਂ। ਅਖੇ ਆਹ ਲਗੋਜ਼ੇ ਕੌਣ ਬਜੌਂਦੇ। ਹੋਊ ਕੋਈ ਤੇਰੇ ਜਿਹਾ ਰੰਨਾਂ ਦਾ ਪੱਟਿਆ।" ਇਹ ਸੋਚ ਕੇ ਮੇਰਾ ਬਾਪੂ ਤੋਂ ਇਸ ਬਾਰੇ ਪੁੱਛਣ ਲਈ ਹੌਂਸਲਾ ਈ ਨਈਂ ਸੀ ਪਿਆ। ਬਾਪੂ ਉਂਜ ਵੀ ਇਹਨਾਂ ਗੌਣ-ਵਜਾਉਣ ਦੇ ਕੰਮਾਂ ਨੂੰ ਕੁੱਤੇ ਕੰਮ ਹੀ ਸਮਝਦਾ ਸੀ।

"ਪੁੱਤ ਦੇਵ ਸਿਆਂ ਕੀ ਗੱਲ?" ਚਿੱਤ ਢਿੱਲਾ ਜਾਂ ਊਂ ਕੋਈ ਚਿਤਵਣੀ ਲੱਗੀ ਐ ?" ਸ਼ਾਇਦ ਬਾਪੂ ਨੇ ਮੈਨੂੰ ਕੋਠੇ 'ਤੇ ਆ ਚੜਦਿਆਂ ਦੇਖ ਲਿਆ ਸੀ ਤੇ ਮੇਰੇ ਕਿੰਨਾ ਚਿਰ ਥੱਲੇ ਨਾ ਉਤਰਨ 'ਤੇ ਪਤਾ ਲੈਣ ਲਈ ਛੱਤ ਉਪਰ ਆ ਚੜ੍ਹਿਆ ਸੀ। ਬਾਪੂ ਦੀ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।
-ਖਿਆਲ ਪਿੱਛੇ ਬਾਲ ਬੱਚੇ ਕੰਨੀ ਗਿਆ? ਕੋਈ ਨਾ ਭਾਈ ਐਹੇ ਜੇ ਟੈਮ ਚ ਫਿਕਰ ਹੋ ਈ ਜਾਂਦਾ। ਥੱਲੇ ਆ ਕੇ ਸੌਂ ਜਾ। ਦਿਨੇ ਬਿੰਦ ਅਰਾਮ ਕਿਹੜਾ ਕਰਨ ਨੂੰ ਮਿਲਦਾ ਹੋਊ।" ਬਾਪੂ ਆਸ ਦੇ ਉਲਟ ਨਰਮ ਸੀ।

"ਇੱਕ ਆਹ ਹਰੀਪੁਰੀਆ ਰਲਾ, ਬੱਸ ਆਵਦਾ ਰਾਗ ਛੇੜੀ ਰੱਖਦਾ। ਸੌਣ ਕਿਹੜਾ ਦਿੰਦਾ ਕਿਸੇ ਨੂੰ ? ਪਤੰਦਰ ਜਿਵੇਂ ਵੈਣ ਈ ਪਾਈ ਜਾਂਦੈ।" ਆਖਦਿਆਂ ਬਾਪੂ ਥੱਲੇ ਉੱਤਰ ਗਿਆ। ਬਾਪੂ ਦੇ ਮੂੰਹੋਂ ਹਰੀਪੁਰੀਏ ਰਲੇ ਦਾ ਨਾਂ ਸੁਣ ਕੇ ਮੈਂ ਚੌਂਕ ਗਿਆ। ਅਲਗੋਜ਼ਿਆਂ ਦੀ ਆਵਾਜ਼ ਹੋਰ ਵੀ ਸਪੱਸ਼ਟ ਹੋ ਕੇ ਮੇਰੇ ਕੰਨਾਂ ਵਿਚ ਰਸ ਘੋਲਣ ਲੱਗੀ। ਬਚਪਨ ਦੀਆਂ ਵੇਖੀਆਂ ਤੇ ਸੁਣੀਆ ਬਹੁਤ ਸਾਰੀਆਂ ਯਾਦਾਂ ਨੇ ਮੇਰੇ ਦੁਆਲੇ ਝੁਰਮਟ ਮਾਰ ਲਿਆ।

ਹਰੀਪੁਰੀਆ ਰਲਾ, ਢੇਰੀਆਂ ਵਾਲਾ ਅੱਲਾ ਦਿੱਤਾ ਤੇ ਪੀਰੂ ਤਿੰਨੇ ਮੇਲਿਆਂ-ਮੁਸਾਹਬਿਆ ਤੇ ਅਖਾੜੇ ਲਾਉਦੇ ਸਨ। ਪੀਰੂ ਇਹਨਾਂ ਦਾ ਮੋਢੀ ਸੀ। ਇਸ ਤਿਕੜੀ ਦਾ ਮੋਹਰੀ ਸਰਦਾਰ। ਉਹ ਸਾਰੰਗੀ ਵਜਾਉਂਦਾ। ਹਰੀਪੁਰੀਆ ਰਲਾ ਉਸਦੇ ਨਾਲ ਅਲਗੋਜ਼ਿਆਂ 'ਤੇ ਸਾਥ ਦਿੰਦਾ। ਅੱਲਾ ਦਿੱਤਾ ਢੱਡ ਵਜਾਉਂਦਾ ਸੀ। ਇਹ ਤਿਕੜੀ ਦੂਰ-ਨੇੜੇ ਸੌ-ਸੌ ਕੋਹ ਵਾਟ ਤੱਕ ਮਸ਼ਹੂਰ ਸੀ। ਤਿੰਨੇ ਆਪਣੇ ਆਪਣੇ ਸਾਜ਼ ਦੇ ਪੂਰੇ ਮਾਹਰ, ਗੁਰੂ-ਪੀਰ ਦੇ ਚੰਡੇ। ਤਖ਼ਤੂਪੁਰੇ ਦੀ ਵਿਸਾਖੀ, ਆਨੰਦਪੁਰ ਦਾ ਹੋਲਾ-ਮੁਹੱਲਾ, ਮਾੜੀ ਦੀ ਕੌਡੀ, ਜਗਰਾਵਾਂ ਦੀ ਰੋਸ਼ਨੀ, ਸ਼ਾਮੇ ਨੰਗਲ ਦੀ ਛਿੰਝ ਤੇ ਝਿੜੀ ਵਿਚ ਹਜ਼ਰਤ ਪੀਰ ਦਾ ਮੇਲਾ। ਉਹ ਕਿਹੜੀ ਜਗ੍ਹਾ ਸੀ ਜਿਥੇ ਇਹ ਨਹੀਂ ਸੀ ਪਹੁੰਚਦੇ। ਇਕੱਠ ਤੋਂ ਹਟ ਕੇ ਆਪਣੇ ਬੋਰੀਆ ਬਿਸਤਰਾ ਵਿਛਾਉਂਦੇ ਤੇ ਆਪਣਾ ਸਮਾਨ ਉਤੇ ਰੱਖ ਦਿੰਦੇ। ਪੀਰੂ ਸਾਰੰਗੀ ਨੂੰ ਸਾਫ਼ੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦਾ। ਲਾਟੂ ਘੁੰਮਾ ਕੇ ਤਾਰਾਂ ਕੱਸਦਾ ਤੇ ਸਾਰੰਗੀ ਨੂੰ ਚੰਗੀ ਤਰ੍ਹਾਂ ਸੁਰ ਕਰਦਾ। ਹਰੀਪੁਰੀਆ ਰਲਾ ਤੇ ਅੱਲਾ ਦਿੱਤਾ ਵੀ ਤਿਆਰੀ ਖਿੱਚ ਲੈਂਦੇ। ਪੀਰੂ ਸਾਰੰਗੀ ਮੱਥੇ ਨੂੰ ਛੁਹਾਉਂਦਾ ਤੇ ਸਾਰੰਗੀ ਦੀਆਂ ਤਾਰਾਂ 'ਤੇ ਗਜ਼ ਫੇਰਨਾ ਸ਼ੁਰੂ ਕਰ ਦਿੰਦਾ। ਇੱਕ ਦਮ ਕਮਾਨ ਦੀ ਤਰ੍ਹਾਂ ਝੁਕਦਾ, ਜਿਵੇਂ ਧਰਤੀ ਮਾਂ ਨੂੰ ਸਿਰ ਝੁਕਾ ਰਿਹਾ ਹੋਵੇ। ਥੱਲਿਉਂ ਹੀ ਖੱਬਾ ਹੱਥ ਕੰਨ 'ਤੇ ਰੱਖ ਕੇ ਬੋਲ ਚੁੱਕਦਾ। ਹੌਲੀ-ਹੌਲੀ ਸਿੱਧਾ ਹੁੰਦਾ। ਪੂਰੀ ਤਰ੍ਹਾਂ ਸਿੱਧਾ ਹੋਣ ਤੱਕ ਉਸਦੇ ਬੋਲ ਹਵਾ ਵਿੱਚ ਗੂੰਜਣ ਲੱਗ ਪੈਂਦੇ।
"ਓ---ਹ—ਅ—ਹੋ—ਅ--ਅ।"

ਉਸੇ ਤਰ੍ਹਾਂ ਹੀ ਹਰੀਪੁਰੀਆ ਰਲਾ ਥੱਲੇ ਝੁੱਕ ਕੇ ਅਲਗੋਜ਼ੇ ਵਜਾਉਣੇ ਸ਼ੁਰੂ ਕਰਦਾ। ਜਿਵੇਂ-ਜਿਵੇਂ ਸਿੱਧਾ ਹੁੰਦਾ ਜਾਂਦਾ, ਅਲਗੋਜ਼ਿਆਂ ਦੀ ਆਵਾਜ਼ ਵਧੇਰੇ ਸਾਫ਼ ਤੇ ਸਪੱਸ਼ਟ ਹੁੰਦੀ ਚਲੀ ਜਾਂਦੀ। ਪੀਰੂ ਦੀ ਆਵਾਜ਼ ਦੇ ਮੱਧਮ ਜਾਂ ਉੱਚਾ ਹੋਣ 'ਤੇ ਉਸਦੇ ਅਲਗੋਜ਼ਿਆਂ ਦੀ ਸੁਰ ਵੀ ਮੱਧਮ ਜਾਂ ਉੱਚੀ ਹੁੰਦੀ ਰਹਿੰਦੀ। ਹੌਲੀ-ਹੌਲੀ ਪੀਰੂ, ਪੀਰੂ ਦੀ ਸਾਰੰਗੀ, ਅੱਲਾ ਦਿੱਤਾ ਤੇ ਉਸਦੀ ਢੱਡ, ਹਰੀਪੁਰੀਆ ਰਲਾ ਤੇ ਉਸੇ ਅਲਗੋਜ਼ੇ ਇੱਕ ਸੁਰ ਹੋ ਜਾਂਦੇ। ਮੇਲੇ ਵਿਚਲੀ ਭੀੜ ਤਿੰਨਾਂ ਦੁਆਲੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਅੱਲਾ ਦਿੱਤਾ ਵਜਦ ਵਿਚ ਆਕੇ ਢੱਡ ਵਜਾਉਂਦਿਆਂ ਸਿਰ ਵੀ ਉਸੇ ਸੁਰ ਵਿਚ ਹਿਲਾਉਂਦਾ। ਭੀੜ ਦੇ ਜੁੜਦਿਆਂ ਹੀ ਪੀਰੂ ਬੋਲ ਚੁੱਕ ਲੈਂਦਾ-

ਪਹਿਲੀ ਬੰਦਨਾ ਓਸ ਅਕਾਲ ਤਾਈਂ
ਸੂਰਜ ਚੰਦ ਧਰਤੀ ਜੀਹਨੇ ਸਾਜ਼ ਦਿੱਤੀ।
ਦੂਜੀ ਬੰਦਨਾ ਮਾਤਾ ਤੇ ਪਿਤਾ ਤਾਈਂ
ਦੀਨ-ਦੁਨੀਆਂ ਸੀ ਜੀਹਨੇ ਵਿਖਾਲ ਦਿੱਤੀ।
ਤੀਜੀ ਬੰਦਨਾ ਗੁਰੂ ਦੇ ਚਰਨ ਵੱਲੇ,
ਮੋਏ ਹੋਇਆਂ ਨੂੰ ਜੀਵਣ ਜਾਚ ਦੱਸੀ।
ਹੱਥ ਜੋੜ ਕੇ ਵੰਦਨਾ ਖਲਕ ਅੱਗੇ
ਜਿਸਦੇ ਪਿਆਰ ਨੇ ਦਾਸ ਦੀ ਲਾਜ ਰੱਖੀ।
ਹੋ---ਅ—ਹੋਅ-----

ਤਿੰਨਾਂ ਉਪਰ ਹੀ ਨੋਟ ਵਰ੍ਹਨ ਲੱਗਦੇ। ਆਲੇ-ਦੁਆਲੇ ਨੋਟ ਹੀ ਨੋਟ ਖਿੱਲਰ ਜਾਂਦੇ। ਜਿੰਨਾ ਚਿਰ ਉਹ ਗਾਉਂਦੇ, ਨੋਟਾਂ ਨੂੰ ਹੱਥ ਨਾ ਲਾਉਂਦੇ। ਪੈਸਾ ਉਹਨਾਂ ਲਈ ਕੋਈ ਖਾਸ ਗੱਲ ਨਹੀਂ ਸੀ। ਨੋਟ ਉਹਨਾਂ ਦੇ ਪੈਰਾਂ ਵਿੱਚ ਰੁਲਣ ਲਗਦੇ। ਲੋਕ ਵਾਹ-ਵਾਹ ਕਰ ਉੱਠਦੇ। ਨਾਲ-ਨਾਲ ਝੂੰਮਣ ਲੱਗਦੇ। ਪੀਰੂ ਮੁੜ-ਮੁੜ ਕੇ ਝੁਕਦਾ ਤੇ ਝੁੱਕ-ਝੁੱਕ ਕੇ ਉੱਠਦਾ।

"ਪੀਰੂ ਵਿੱਚ ਸਰਸਵਤੀ ਦੇਵੀ ਆਉਂਦੀ ਐ।" ਕਈ ਆਖਦੇ।
ਦੁਨੀਆਂ ਮੰਤਰ ਮੁਗਧ ਹੋ ਕੇ ਬੈਠੀ ਰਹਿੰਦੀ। ਭੀੜ ਵਿੱਚੋਂ ਕੋਈ ਖੂੰਢੇ ਵਾਲਾ ਮੁਹਰੈਲੀ ਬਣ ਭੀੜ ਨੂੰ ਗੋਲ ਦਾਇਰੇ ਵਿੱਚ ਬੰਨ੍ਹੀ ਰੱਖਣ ਲਈ ਗੇੜਾ ਦੇਣਾ ਸ਼ੁਰੂ ਕਰ ਦਿੰਦਾ। ਮੇਲੇ ਵਿੱਚ ਨੱਚਣ ਗਾਉਣ ਵਾਲ਼ੇ ਨਚਾਰ, ਹੀਜੜੇ ਤੇ ਨਕਲੀਏ ਆਪੋ ਆਪਣਾ ਅਖਾੜਾ ਬੰਦ-ਕਰਕੇ ਪੀਰੂ ਹੋਰਾਂ ਦੁਆਲੇ ਜੁੜੀ ਮਹਿਫ਼ਲ ਆਣ ਮੱਲਦੇ। ਹੀਜੜਿਆਂ ਦਾ ਸਰਦਾਰ ਦੇਵੀ ਮਹੰਤ ਦੁੱਧ ਚਿੱਟੇ ਕੁੜਤੇ ਦੇ ਖੀਸੇ ਵਿੱਚੋਂ ਰੁੱਗ ਭਰ-ਭਰ ਨੋਟ ਕੱਢਦਾ ਤੇ ਪੀਰੂ ਹੋਰਾਂ ਉੱਪਰ ਵਾਰ ਦਿੰਦਾ। ਜਾਪਦਾ ਜਿਵੇਂ ਨੋਟਾਂ ਦੀ ਵਰਖਾ ਹੋਣ ਲੱਗ ਪਈ ਹੋਵੇ। ਭੀੜ ਵਿੱਚੋਂ ਮਨਚਲੇ ਜੁਆਕ ਚੋਰੀ-ਚੋਰੀ ਅੱਖ ਬਚਾ ਕੇ ਨੋਟਾਂ ਵੱਲ ਵਧਦੇ ਪਰ ਖੂੰਢੇ ਵਾਲ਼ੇ ਮੁਹਰੈਲੀ ਸਰਦਾਰ ਦੀ ਅੱਖ ਤੋਂ ਨਾ ਬਚ ਸਕਦੇ। ਉਂਞ ਕਦੇ-ਕਦੇ ਦੋ-ਚਹੁੰ ਨੋਟਾਂ ਨੂੰ ਦਾਅ ਮਾਰ ਵੀ ਲੈਂਦੇ। ਪੂਰਾ ਮੇਲਾ ਇੱਕ ਤਰ੍ਹਾਂ ਪੀਰੂ ਹੋਰਾਂ ਦੁਆਲੇ ਆ ਜੁੜਦਾ ਸੀ। ਪੀਰੂ ਇੱਕ ਵਾਰ ਸ਼ੁਰੂ ਹੁੰਦਾ ਤਾਂ ਲੱਗਾ ਹੀ ਜਾਂਦਾ। ਇੱਕ ਰੱਖਦਾ, ਦੂਜੀ ਚੁੱਕ ਲੈਂਦਾ। ਲੋਕ ਆਵਾਜ਼ਾਂ ਦਿੰਦੇ-

"ਕੌਲਾ ਸ਼ਾਹਣੀ"
"ਧਰੂ ਭਗਤ"
"ਜਾਨੀ ਚੋਰ!"
"ਸ਼ਾਮੋ ਨਾਰ!"
"ਇੰਦਰ ਬੇਗੋ"
"ਦਾਹੂਦ ਬਾਦਸ਼ਾਹ ਆਵੇ ਵਈ ਓਏ!"
"ਇੱਕ ਬੋਲ ਰੂਪ ਬਸੰਤ ਦਾ।"
ਪੀਰਾ ਸਿਆਂ- ਜ਼ਿੰਦਗੀ ਬਿਲਾਸ ਸਾਧੂ ਦਿਆ ਸਿਹੁੰ ਦਾ।"

ਇੱਕ ਦੋ ਮੱਧਮ ਜਿਹੀਆਂ ਆਵਾਜ਼ਾਂ ਆਉਂਦੀਆਂ। "ਜੱਟ ਮਿਰਜ਼ਾ।" ਪਰ ਇਹ ਆਵਾਜ਼ਾਂ ਇੰਨੀਆਂ ਮੱਧਮ ਹੁੰਦੀਆਂ ਕਿ ਰੁਲ ਹੀ ਜਾਂਦੀਆਂ। ਪੀਰੂ ਲੋਕਾਂ ਦੀ ਮੰਗ ਦਾ ਸੁਣਾਈ ਜਾਂਦਾ। ਜਿਹੜਾ ਕਿੱਸਾ ਕਹਿੰਦੇ ਛੂਹ ਲੈਂਦਾ। ਕਦੇ ਧਰੂ ਭਗਤ, ਕਦੇ ਸ਼ਾਹਣੀ ਕੌਲਾਂ, ਕਦੇ ਦਾਹੂਦ, ਸ਼ਾਮੋਨਾਰ, ਰੂਪ ਬਸੰਤ, ਸਾਹ ਬਹਰਾਮ ਤੇ ਕਦੇ ਪੂਰਨ ਭਗਤ। ਪੀਰੂ ਲੋਕਾਂ ਦੀਆਂ ਖਾਹਿਸ਼ਾਂ ਤੇ ਫਰਮਾਇਸ਼ਾਂ ਪੂਰੀਆਂ ਕਰਦਾ ਨਾ ਥੱਕਦਾ, ਪਰ ਉਹ ਹਰ ਅਖਾੜੇ ਵਿੱਚ ਆਪਣੀ ਮਰਜ਼ੀ ਅਨੁਸਾਰ ਕੌਲਾਂ ਜਰੂਰ ਸੁਣਾਉਂਦਾ। ਕੌਲਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਰੰਗੀ ਨਾਲ ਅਖਾੜੇ ਦੇ ਗੇੜੇ ਦੇ ਦਿੰਦਾ, ਚੁੱਪ-ਚਾਪ। ਮਗਰੇ ਉਸਦੇ ਦੋਵੇਂ ਸਾਥੀ ਰਲਾ ਤੇ ਅੱਲਾ ਦਿੱਤਾ। ਪੀਰੂ ਹੌਲੀ-ਹੌਲੀ ਬੋਲਣਾ ਸ਼ੁਰੂ ਕਰਦਾ,

"ਲੈ ਵਈ ਸਾਧ ਸੰਗਤ ਜੀ, ਕੌਲਾਂ ਸ਼ਾਹਣੀ ਧਰਮਦੀਪ ਦੇ ਇੱਕ ਸੌਦਾਗਰ ਪਹੌੜ ਮੱਲ ਬਾਣੀਏ ਦੀ ਧੀ। ਸ਼ਰਦੀ ਦੀ ਕੁੱਖੋਂ ਜਰਮ ਲੈਣ ਆਲੀ। ਕੌਲਾਂ ਨੇ ਮਾਂ-ਬਾਪ ਦੇ ਘਰ ਜਰਮ ਲੈ ਕੇ ਮਾਂ ਦੀ ਸੱਖਣੀ ਗੋਦ ਨੂੰ ਭਰ ਦਿੱਤਾ। ਪਹੌੜ ਮੱਲ ਬਾਣੀਏ ਨੇ ਖੁਸ਼ੀ ਵਿੱਚ ਗਰੀਬਾਂ ਨੂੰ ਦਾਨ-ਦੱਛਣਾ ਦੇ ਕੇ ਖੁਸ਼ ਕੀਤਾ। ਸਾਰਾ ਸ਼ਹਿਰ ਕੌਲਾਂ ਦੇ ਜਰਮ ਲੈਣ 'ਚ ਖੁਸ਼ ਸੀ। ਏਸ ਸਮੇਂ ਨੂੰ ਰੱਤੋਕਿਆਂ ਆਲੇ ਛੱਜੂ ਸਿਹੁੰ ਸਿੱਧੂ ਨੇ ਇਉਂ ਲਿਖਿਆ ਵਈ:-

ਧਰਮਦੀਪ ਜੋ ਨਾਮ ਸ਼ਹਿਰ ਦਾ
ਅੰਤ ਕੋਈ ਨੀਂ ਆਉਂਦਾ।
ਸ਼ਾਹੂਕਾਰ ਵਸੇ ਇੱਕ ਓਥੇ
ਨਾਮ ਪਹੌੜ ਸਦਾਉਂਦਾ।
ਸ਼ਰਦੀ ਨਾਮ ਜਨਾਨੀ ਉਸਦੀ
ਸੁੰਦਰ ਰੂਪ ਸਹਾਉਂਦਾ।
ਜਰਮੀ ਲੜਕੀ ਘਰੀਂ ਉਹਨਾਂ ਦੇ
ਛੱਜੂ ਸਿੰਘ ਬਤਾਉਂਦਾ
ਸੁਣ ਕੇ ਲਾਲਾ ਜੀ...ਦਿਲ ਵਿੱਚ ਖੁਸ਼ੀ ਮਨਾਉਂਦਾ।
ਸੁਣ ਕੇ ਲਾਲਾ ਜੀ.....

ਕੌਲਾਂ ਦਾ ਮੁੱਢ ਤੋਂ ਛੋਹਿਆ ਕਿੱਸਾ ਚਲਦਾ ਰਹਿੰਦਾ। ਕੌਲਾਂ ਵੱਲੋਂ ਮਹਿਰੀ ਦੀ ਭੱਠੀ 'ਤੇ ਦਾਣੇ ਭੁੰਨਣ ਅਤੇ ਭੱਠੀ ਲਈ ਬਾਲਣ ਚੁਗ ਕੇ ਲਿਆਉਣ ਦੇ ਪ੍ਰਸੰਗ ਤੱਕ ਪੁੱਜਦਿਆਂ ਪੀਰੂ ਦੀ ਸਾਰੰਗੀ ਜਿਵੇਂ ਸੱਚੀਮੁੱਚੀਂ ਕੌਲਾਂ ਦੀ ਦਰਦਮਈ ਹਾਲਤ 'ਤੇ ਰੁਦਨ ਕਰਨ ਲੱਗਦੀ। ਹਰੀਪੁਰੀਆਂ ਰਲਾ ਵੀ ਉਸ ਸਮੇਂ ਸਿਖ਼ਰ ਛੂਹ ਲੈਂਦਾ। ਅਲਗੋਜ਼ਿਆਂ ਦੀ ਹੂਕ ਅੰਬਰ ਨੂੰ ਚੀਰ ਜਾਂਦੀ। ਉਹ ਗੋਡਨੀਆਂ ਲਾ ਕੇ, ਮੂੰਹ ਉੱਪਰ ਨੂੰ ਚੁੱਕ ਲੰਮੀ ਸੁਰ ਅਲਾਪਦਾ। ਜਿਵੇਂ ਸਾਰਾ ਬ੍ਰਹਿਮੰਡ ਹੁਬਕੀਂ ਹੁਬਕੀਂ ਰੋਂਦਾ ਹੋਵੇ। ਪੀਰੂ ਦੀਆਂ ਅੱਖਾਂ ਵਿੱਚੋਂ ਪਾਣੀ ਵੱਟਾਂ ਬੰਨੇ ਟੱਪ ਕੇ ਬਾਹਰ ਆ ਜਾਂਦਾ। ਉਸਦੀ ਆਵਾਜ਼ ਵਿੱਚੋਂ ਸਿਸਕੀਆਂ ਸੁਣਾਈ ਦੇਣ ਲੱਗਦੀਆਂ:-

"ਪਤੀ ਦੇਵ ਨੇ ਘਰੋਂ ਹੈ ਕੱਢ ਦਿੱਤੀ,
ਕੌਲਾਂ ਬਾਬਲਾ ਤੇਰੀ ਵੇ ਧੀ ਪਿਆਰੀ।
ਉੱਚੇ ਮਹਿਲਾਂ 'ਚ ਜਿਹੜੀ ਸੀ ਵਾਸ ਕਰਦੀ,
ਭੈੜੀ ਕਿਸਮਤ ਨੇ ਪਟਕ ਕੇ ਭੋਇੰ ਮਾਰੀ।
ਗੋਲੀਆਂ ਬਾਂਦੀਆਂ 'ਤੇ ਹੁਕਮ ਚਲਾਂਵਦੀ ਸੀ,
ਔਖਾ ਵੇਲੜਾ ਮਸਾਂ ਟਪਾਉਣ ਲੱਗੀ।
ਘਾਹ ਖੋਤ ਕੇ, ਭੱਠੀ ਲਈ ਚੁਗੇ ਬਾਲਣ,
ਮਹਿਰੀ ਨਾਲ ਵੇ ਵਕਤ ਲੰਘਾਉਣ ਲੱਗੀ।
ਝੂਠੀਆਂ ਤੋਹਮਤਾਂ ਲੋਕਾਂ ਦੇ ਬੋਲ ਸੁਣ ਕੇ,
ਜਾਏ ਕਾਲਜੇ ਦਾ ਭਰਿਆ ਰੁੱਗ ਬਾਬਲ,
ਪਾਟੇ ਕੱਪੜੇ ਧੱਕੇ ਮੈਂ ਫਿਰਾਂ ਖਾਂਦੀ
ਧੀ ਦੇ ਸੁਣ ਲੈ ਆਣ ਕੇ ਦੁੱਖ ਬਾਬਲ,
ਵੇ ਧੀ ਧਰਮੀ ਬਾਬਲਾ ਧਰਮੀਆਂ ---ਹੋਅ

ਉਸਦੇ ਸਾਰੰਗੀ ਵਾਲੇ ਹੱਥ ਕੰਬਣ ਲੱਗ ਜਾਂਦੇ। ਉਹ ਨਿਢਾਲ ਹੋ ਕੇ ਡਿੱਗ ਪੈਂਦਾ। ਉਸ ਤੋਂ ਹੋਰ ਗਾਇਆ ਨਾ ਜਾਂਦਾ।
ਹਰੀਪੁਰੀਆ ਰਲਾ ਤੇ ਅੱਲਾ ਦਿੱਤਾ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ। ਦੋ-ਚਾਰ ਖੜਪੈਂਚ ਵੀ ਉਹਨਾਂ ਦੀ ਸਹਾਇਤਾ ਕਰਦੇ। ਅਖਾੜਾ ਹਿੱਲ ਜਾਂਦਾ।

ਪੀਰੂ ਆਪਣੇ ਅਖਾੜੇ ਵਿੱਚ ਕਦੇ ਵੀ ਮਿਰਜ਼ਾ ਨਹੀਂ ਸੀ ਸੁਣਾਉਂਦਾ। ਬਹੁਤ ਹੀ ਮਜ਼ਬੂਰੀ ਵੱਸ ਜੇਕਰ ਸੁਣਾਉਣਾ ਵੀ ਪੈ ਜਾਏ ਤਾਂ ਬਿਲਕੁੱਲ ਅਖੀਰ 'ਚ ਜਦੋਂ ਅਖਾੜਾ ਹਿੱਲਣ ਵਾਲਾ ਹੋਵੇ, ਉਦੋਂ ਹੀ ਸੁਣਾਉਂਦਾ। ਪੀਰੂ ਸਾਫ਼ ਸੁਥਰਾ ਗੌਣ ਗਾਉਂਦਾ ਸੀ। ਏਸੇ ਕਰਕੇ ਉਹ ਮਿਰਜ਼ਾ ਸੁਣਾਉਣ ਤੋਂ ਇਨਕਾਰ ਕਰ ਦਿਆ ਕਰਦਾ ਸੀ। ਉਹ ਮਿਰਜ਼ੇ ਨੂੰ ਸੱਚਾ ਆਸ਼ਕ ਨਹੀਂ ਸੀ ਸਮਝਦਾ। ਪੀਰੂ ਕਹਿੰਦਾ ਸੀ ਕਿ ਮਿਰਜ਼ੇ ਨੇ ਇਸ਼ਕ ਹਕੀਕੀ ਨੂੰ ਇਸ਼ਕ ਮਿਜ਼ਾਜ਼ੀ ਵਿੱਚ ਤਬਦੀਲ ਕਰਕੇ ਪਾਕ-ਮੁਹੱਬਤ ਨੂੰ ਸਦਾ ਲਈ ਦਾਗੀ ਕਰ ਦਿੱਤਾ ਸੀ। ਪੀਰੂ ਅਨੁਸਾਰ ਜੇ ਇਹ ਗਾਉਣ ਵਾਲੇ ਉੱਚੀ-ਉੱਚੀ ਆਵਾਜ਼ ਵਿੱਚ ਮਿਰਜ਼ਾ ਸੁਣਾਉਂਦੇ ਹਨ ਤਾਂ ਸਿਰਫ਼ ਪੈਸਾ ਕਮਾਉਣ ਲਈ। ਪੀਰੂ ਆਖਦਾ,

"ਮੈਂ ਪੈਸਾ ਨਹੀਂ ਕਮਾਉਣਾ, ਫਿਰ ਮਿਰਜਾ ਕਿਉਂ ਗਾਵਾਂ? ਪੈਸਾ ਕਮਾਉਣਾ ਵੀ ਕਾਸ ਲਈ? ਪੈਸਾ ਤਾਂ ਬਦਮਾਸ਼ਾਂ ਤੇ ਲੁੱਚਿਆਂ ਲੰਡਿਆਂ ਕੋਲ ਵੀ ਵਾਧੂ ਹੁੰਦਾ। ਇਹ ਪੀਰੂ ਨ੍ਹੀਂ ਪੈਸੇ ਖਾਤਰ ਗੰਦ ਮੰਦ ਗਾ ਸਕਦਾ।" ਉਹ ਗਾਇਕੀ ਬਾਰੇ ਅਕਸਰ ਕਿਹਾ ਕਰਦਾ ਸੀ, "ਗੌਣ ਤਾਂ ਇੱਕ ਇਬਾਦਤ ਐ। ਭਲਾ ਇਬਾਦਤ ਤੋਂ ਵੀ ਕੁਛ ਕਮਾਇਆ ਜਾ ਸਕਦੈ?"

ਪੀਰੂ ਪੂਰਾ ਅਣਖੀ ਦਲੇਰ, ਸੱਚਾ-ਸੁੱਚਾ ਤੇ ਖੁਦਾ ਦਾ ਬੰਦਾ। ਝਿੜੀ ਵਾਲੇ ਹਜ਼ਰਤ ਪੀਰ ਦੀ ਦਰਗਾਹ 'ਤੇ ਗਿਆਰਵੀਂ ਨੂੰ ਭਾਰੀ ਖਲਕਤ ਜੁੜਦੀ। ਇੱਕ ਸਾਲ ਸੌਣ ਦੀ ਗਿਆਰਵੀਂ ਨੂੰ ਪਿਛਲੇ ਸਾਰੇ ਸਾਲਾਂ ਨਾਲੋਂ ਵੱਧ ਮੁਲਖ਼ ਇਕੱਠਾ ਹੋਇਆ। ਉਦੋਂ ਸਾਈਂ ਹੁਸਨ ਸ਼ਾਹ ਗੱਦੀ 'ਤੇ ਬਿਰਾਜਮਾਨ ਸੀ। ਬੜੀ ਦੂਰ-ਦੂਰ ਤੱਕ ਮਹਿਮਾ ਸੀ ਉਸਦੀ। ਪੂਰਾ ਪਹੁੰਚਿਆ ਹੋਇਆ ਫ਼ਕੀਰ। ਗੌਣ ਵਾਲਿਆਂ, ਸਾਧਾਂ, ਫਕੀਰਾਂ, ਨਚਾਰਾਂ, ਖੁਸਰਿਆਂ ਦਾ ਪੂਰਾ ਸਰਪ੍ਰਸਤ। ਇੱਕ ਉੱਚੇ ਥੜ੍ਹੇ 'ਤੇ ਉਸਦਾ ਆਸਣ ਜੰਮਦਾ। ਗਾਉਣ ਵਾਲੀ ਟੋਲੀ ਵਿੱਚਕਾਰ ਖੜ ਜਾਂਦੀ। ਸਾਈਂ ਜੀ ਆਸਣ 'ਤੇ ਬੈਠ ਜਾਂਦੇ। ਆਸੇ ਪਾਸੇ ਖਲਕਤ ਡੇਰੇ ਲਾ ਲੈਂਦੀ। ਦਿਨ ਦੇ ਛਿਪਾ ਨਾਲ ਸ਼ੁਰੂ ਹੋਇਆ ਰਾਗ ਰੰਗ ਸਾਰੀ ਰਾਤ ਚੱਲਦਾ ਰਹਿੰਦਾ। ਇੱਕ ਪਾਸੇ ਗੌਣ ਆਲੇ ਗਾਈਂ ਜਾਂਦੇ, ਦੂਜੇ ਪਾਸੇ ਖੁਸਰੇ ਅਤੇ ਨਚਾਰ ਆਪਣਾ ਰੰਗ ਜਮਾਈ ਰੱਖਦੇ। ਮੁੰਡੀਹਰ ਬਹੁਤੀ ਖੁਸਰਿਆਂ, ਨਚਾਰਾਂ ਦੇ ਅਖਾੜੇ ਵਿੱਚ ਹੀ ਹੁੰਦੀ। ਕਿਸੇ ਪਾਸੇ ਕੋਈ ਫ਼ਕੀਰ ਧੂਣੀ 'ਤੇ ਬੈਠਾ ਚਿਲਮ ਖਿੱਚੀ ਜਾਂਦਾ ਤੇ ਆਲੇ ਦੁਆਲੇ ਜੁੜੇ ਬੈਠੇ ਬੁੱਢਿਆਂ ਨੂੰ ਕੋਈ ਕਥਾ ਸੁਣਾਈ ਜਾਂਦਾ। ਗਾਉਣ ਵਾਲੀਆਂ ਟੋਲੀਆਂ ਵਾਰੀ ਸਿਰ ਲਗਦੀਆਂ। ਮੇਲੇ ਦਾ ਸੈਕਟਰੀ ਹਰ ਟੋਲੀ ਨੂੰ ਹਿੱਸੇ ਆਉਂਦਾ ਵੰਡਵਾਂ ਟਾਈਮ ਦਿੰਦਾ। ਪੀਰੂ ਆਪਣੇ ਟੋਲੀਵਾਲਾ ਨਾਲ ਹਰ ਸਾਲ ਪੀਰ ਦੀ ਦਰਗਾਹ 'ਤੇ ਹਾਜ਼ਰੀ ਭਰਦਾ

ਪੀਰੂ ਨੂੰ ਪਹਿਲਾਂ ਟਾਈਮ ਦੇ ਦਿੱਤਾ ਜਾਂਦਾ ਤਾਂ ਫੇਰ ਦੂਜਿਆਂ ਨੂੰ ਪਿੱਛੋਂ ਕੋਈ ਨਾ ਸੁਣਦਾ, ਏਸੇ ਕਰਕੇ ਉਸ ਨੂੰ ਸਾਰਿਆਂ ਤੋਂ ਪਿੱਛੋਂ ਟੈਮ ਮਿਲਦਾ। ਉਸ ਸਾਲ ਵੀ ਪੀਰੂ ਨੇ ਹਾਜ਼ਰੀ ਭਰੀ ਸੀ। ਜਦੋਂ ਪੀਰੂ ਨੇ ਸਾਰੰਗੀ ਦੀਆਂ ਤਾਰਾਂ 'ਤੇ ਗਜ਼ ਫੇਰਿਆ, ਨਚਾਰਾਂ ਤੇ ਖੁਸਰਿਆਂ ਦੀਆਂ ਭਰਿਆਂ ਮਹਿਫਲਾਂ ਖਿੰਡ-ਪੁੰਡ ਗਈਆਂ। ਸਾਰੇ ਨਚਾਰ ਤੇ ਖੁਸਰੇ ਮਹਿਫਲ 'ਚ ਆਣ ਜੰਮੇ। ਪੀਰੂ ਨੇ ਬੋਲ ਚੁੱਕਿਆ। ਲੋਕ ਸੌਂ ਗਏ। ਪੀਰੂ ਗਾਈ ਜਾਵੇ, ਲੋਕ ਸੁਣੀ ਜਾਣ। ਐਨਾ ਮੁਲਖ਼, ਸਿੱਕਾ ਸੁੱਟਿਆ ਭੁੱਜੇ ਨਾ ਡਿੱਗੇ। ਲੋਕ ਅਸ਼-ਅਸ਼ ਕਰ ਉੱਠੇ। ਸਾਈਂ ਨੇ ਬਗਲੀ 'ਚ ਹੱਥ ਮਾਰਿਆ ਤੇ ਨੋਟਾਂ ਨਾਲ ਰੁੱਗ ਭਰ ਲਿਆ। ਬੈਠੇ-ਬੈਠੇ ਹੀ ਪੀਰੂ ਦੇ ਉੱਪਰ ਦੀ ਵਰਖਾ ਕਰ ਦਿੱਤੀ। ਪੀਰੂ ਨੇ ਪਹਿਲਾਂ ਰੂਪ ਬਸੰਤ, ਫਿਰ ਦਾਹੂਦ ਬਾਦਸ਼ਾਹ ਤੇ ਆਪਣੇ ਪੂਰੇ ਰੰਗ 'ਚ ਆ ਕੇ ਕੌਲਾਂ ਸ਼ਾਹਣੀ ਦਾ ਕਿੱਸਾ ਛੂਹ ਲਿਆ। ਦੁਨੀਆਂ ਲੱਗੀ ਸਾਹ ਰੋਕ ਕੇ ਸੁਨਣ। ਪੀਰੂ ਦੀਆਂ ਅੱਖਾਂ 'ਚੋਂ ਜਿਵੇਂ ਦਰਿਆ ਚੱਲ ਪਿਆ। ਹਰੀਪੁਰੀਆ ਤੇ ਅੱਲਾ ਦਿੱਤਾ ਦੂਹਰੇ ਹੋ-ਹੋ ਜਾਣ। ਮਹਿਫ਼ਲ ਵਿੱਚ ਤਕੜੇ-ਤਕੜੇ ਸਰਦਾਰ ਵੀ ਬੈਠੇ ਸੀ। ਸੌ-ਸੌ ਘੁਮਾ ਮਿਲਖ ਦੇ ਮਾਲਕ। ਇੱਕ-ਦੂਜੇ ਤੋਂ ਵਧ-ਵਧ ਕੋ ਨੋਟ ਵਾਰਨ। ਆਮ ਗਵੰਤਰੀਆਂ ਵਾਂਗੂੰ ਪੀਰੂ ਹੋਰੀਂ ਪੈਸੇ ਦੇਣ ਵਾਲੇ ਸਰਦਾਰਾਂ ਦੇ ਨਾਂ ਲੈ ਕੇ ਵਧੀਆ-ਵਧੀਆ ਵਿਸ਼ੇਸ਼ਣ ਲਾ ਉੱਚੀ-ਉੱਚੀ ਵੇਲਾਂ ਕਰਕੇ ਸਰਦਾਰਾਂ ਨੂੰ ਖੁਸ਼ ਨਹੀਂ ਸੀ ਕਰਦੇ। ਉਸ ਸਾਲ ਖਲਕਤ ਵਿੱਚ ਰੰਘੜੀਆਂ ਸਰਦਾਰ ਬਘੇਲ ਸਿੰਘ ਵੀ ਬੈਠਾ ਸੀ। ਪੂਰਾ ਫੱਬ ਕੇ, ਮੁੱਛਾਂ ਕੁੰਡੀਆਂ, ਦਾੜ੍ਹੀ ਤੇਲ ਨਾਲ ਚੋਪੜੀ, ਦੁਨਾਲੀ ਮੋਢੇ 'ਤੇ, ਜਿਵੇਂ ਕੋਈ ਮਹਾਰਾਜਾ ਹੋਵੇ। ਦੁੱਧ ਵਰਗਾ ਕੁੜਤਾ ਚਾਦਰਾ। ਕੁੜਤੇ ਹੇਠ ਪਾਈ ਫਤੂਹੀ ਦੀਆਂ ਜੇਬਾਂ ਨੋਟਾਂ ਨਾਲ ਤੂਸੀਆਂ। ਪੀਰੂ ਸਭ ਕਾਸੇ ਤੋਂ ਬੇਪਰਵਾਹ। ਇੱਕ ਕਿੱਸਾ ਛੱਡੇ ਦੂਜਾ ਛੋਹ ਲਏ। ਕੌਲਾਂ ਸ਼ਾਹਣੀ ਤੇ ਪੁੱਜਦਿਆਂ- ਪੁੱਜਦਿਆਂ ਸਰਦਾਰ ਦਾ ਸਬਰ ਜੁਆਬ ਦੇ ਗਿਆ। ਘਰ ਦੀ ਕੱਢੀ ਦਾ ਲਾਇਆ ਪੈੱਗ ਉਸ ਅੰਦਰ ਖੌਰੂ ਪਾਉਣ ਲੱਗ ਪਿਆ। ਉਹਨੇ ਸੌ-ਸੌ ਦੇ ਨੋਟ ਮੁੱਠ 'ਚ ਭਰੇ ਤੇ ਪੀਰੂ ਵੱਲ ਵਧਾ ਦਿੱਤੇ।

"ਉਏ ਛੱਡ ਪਰ੍ਹਾਂ ਪੀਰੂਆ--- ਕੀ ਰੰਡੀ ਰੋਣਾ ਜਿਆ ਪਾ ਰੱਖਿਆ। ਓਏ ਆਹ ਕੀ ਬਦਕਾਰ ਰੰਨ ਦਾ ਕਿੱਸਾ ਛੋਹ ਛੱਡਿਆ ਈ। ਸੁਣਾ ਕੋਈ ਮਿਰਜ਼ੇ ਜੱਟ ਦੀ----ਨੀ ਸਾਹਿਬਾਂ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਤੋਂ ਡਰੇ ਖੁਦਾ-- ਬੂਰ-ਆ।" ਤੇ ਨਾਲ ਈ ਉਹਨੇ ਲਲਕਾਰਾ ਮਾਰਿਆ। ਸਰਦਾਰ ਦੀ ਬਾਕੀ ਜੁੰਡਲੀ ਨੇ ਵੀ ਲਲਕਾਰੇ ਦਾ ਜਵਾਬ ਦਿੱਤਾ। ਸੌ-ਸੌ ਦੇ ਨੋਟ ਦੇਖ ਕੇ ਦੁਨੀਆਂ ਦੰਗ ਰਹਿ ਗਈ। ਬਹੁਤੇ ਲੋਕਾਂ ਨੇ ਸੌ ਦਾ ਨੋਟ ਜਿੰਦਗੀ 'ਚ ਪਹਿਲੀ ਵਾਰ ਉਸ ਦਿਨ ਹੀ ਦੇਖਿਆ ਸੀ। ਖ਼ਲਕਤ ਵਿੱਚ ਸਰਦਾਰ ਦੇ ਇਸ ਤਰ੍ਹਾਂ ਕਰਨ ਨਾਲ ਰੌਲਾ ਪੈ ਗਿਆ।
"ਮਿਰਜ਼ਾ----ਮਿਰਜ਼ਾ" ਦੀਆਂ ਮੱਧਮ ਅਵਾਜ਼ਾਂ ਬਾਕੀ ਖਲਕਤ ਵਿੱਚੋਂ ਵੀ ਆਈਆਂ।

ਪੀਰੂ ਨੇ ਗਾਉਣਾ ਬੰਦ ਕਰ ਦਿੱਤਾ। ਕੁੱਝ ਚਿਰ ਸ਼ਾਂਤ ਚਿੱਤ ਖੜ੍ਹਾ ਰਿਹਾ।। ਹੌਲੀ-ਹੌਲੀ ਉਸਦੀਆਂ ਅੱਖਾਂ ਵਿੱਚ ਲਾਲ ਡੋਰੇ ਉੱਤਰਦੇ ਗਏ। ਉਸਨੇ ਥੱਲੇ ਡਿੱਗੇ ਸੌ-ਸੌ ਦੇ ਨੋਟ ਚੁੱਕੇ ਤੇ ਮੜਕ ਚਾਲ ਨਾਲ ਚੱਲਦਾ ਸਰਦਾਰ ਦੇ ਸਾਹਮਣੇ ਆ ਖੜ੍ਹਾ ਹੋਇਆ। ਇੱਕ ਦਮ ਲੋਕਾਂ ਵਿੱਚ ਰੌਲਾ ਪੈ ਗਿਆ। ਪੀਰੂ ਨੇ ਨੋਟ ਸਰਦਾਰ ਦੇ ਮੂੰਹ 'ਤੇ ਚਲਾ ਮਾਰੇ ਤੇ ਗੁੱਸੇ ਨਾਲ ਧਰਤੀ 'ਤੇ ਥੁੱਕ ਦਿੱਤਾ ਸੀ। ਸਰਦਾਰ ਦੀਆਂ ਅੱਖਾਂ ਵਿੱਚ ਅੱਗੇ ਦੇ ਗੋਲੇ ਉੱਤਰ ਆਏ। ਉਸ ਦੀ ਭਰੀ ਮਹਿਫਲ ਵਿੱਚ ਭਾਰੀ ਬੇਇੱਜ਼ਤੀ ਹੋਈ। ਉਹ ਕੁੱਝ ਬੋਲਣ ਹੀ ਲੱਗਾ ਸੀ ਕਿ ਸਾਈਂ ਹੁਸਨ ਸ਼ਾਹ ਨੇ ਉੱਠ ਕੇ ਪੀਰੂ ਨੂੰ ਬੁੱਕਲ ਵਿੱਚ ਲੈ ਲਿਆ। ਲੋਕਾਂ ਖੁਸ਼ੀ ਵਿਚ ਚੀਕਾਂ, ਕੂਕਾਂ ਤੇ ਤਾੜੀਆਂ ਮਾਰੀਆਂ। ਮੁੰਡੀਹਰ ਮੱਛਰ ਗਈ। ਸਰਦਾਰ ਨਾਲ ਖਹਿਬਾਜ਼ੀ ਰੱਖਣ ਵਾਲ਼ਿਆਂ ਨੇ ਪੀਰੂ ਦੇ ਉਤੋਂ ਦੀ ਨੋਟਾਂ ਦਾ ਮੀਂਹ ਵਰਾਅ ਦਿੱਤਾ। ਸਰਦਾਰ ਨੂੰ ਨੀਵਾਂ ਦਿਖਾਉਣ ਦਾ ਮਸੀਂ ਸੁਨਹਿਰਾ ਮੌਕਾ ਉਹਨਾਂ ਹੱਥ ਲੱਗਾ ਸੀ। ਆਵਾਜ਼ਾਂ ਹਵਾ ਵਿੱਚ ਗੂੰਜੀਆਂ:

"ਅਸ਼ਕੇ ਬਈ ਅਣਖੀ ਦਲੇਰ ਦੇ!"
"ਸਦਕੇ ਮਾਂ ਦੇ ਜੀਹਨੇ ਪੀਰੂ ਜਣਿਆ।"
"ਜੀਂਦਾ ਰਹਿ ਓ ਪੀਰਾ ਸਿਆਂ।"
"ਸਰਦਾਰ ਹੋਊ-----ਆਵਦੇ ਘਰੇ ਹੋਊ। ਸਾਧਾਂ, ਪੀਰਾਂ, ਫਕੀਰਾਂ ਤੇ ਗਾਵੰਤਰੀਆਂ 'ਤੇ ਕੀ ਜ਼ੋਰ?"

ਅਖਾੜੇ ਵਿੱਚ ਰੋਲ਼ਾ ਪੈ ਗਿਆ ਸੀ। ਕੋਈ ਕੁੱਝ ਬੋਲਦਾ ਸੀ, ਕੋਈ ਕੁੱਝ। ਸਰਦਾਰ ਦੇ ਚਮਚਿਆਂ ਨੂੰ ਚਿੜ੍ਹ ਚੜ੍ਹ ਗਈ। ਉਹ ਲੜਨ ਲਈ ਤਿਆਰ ਹੋ ਗਏ। ਸਰਦਾਰ ਨੂੰ ਡੁੱਬ ਮਰਨ ਨੂੰ ਕੋਈ ਥਾਂ ਨਹੀਂ ਸੀ ਲੱਭਦੀ। ਉਸਦਾ ਜੀਅ ਕਰਦਾ ਸੀ ਪੀਰੂ ਨੂੰ ਕੱਚੇ ਨੂੰ ਖਾ ਜਾਏ, ਪਰ ਸਮੇਂ ਨੂੰ ਵਿਚਾਰ ਸਾਰਾ ਗੁੱਸਾ ਅੰਦਰੇ-ਅੰਦਰ ਪੀ ਗਿਆ। ਆਪਣੇ ਕੌਲੀਚੱਟ ਚਮਚਿਆਂ ਨੂੰ ਅੱਖ ਦੀ ਘੂਰ ਨਾਲ ਚੁੱਪ ਕਰਾਇਆ ਤੇ ਨੱਕੋਂ ਠੂੰਹੇਂ ਡੇਗਦਾ ਮਹਿਫ਼ਲ ਛੱਡ ਕੇ ਤੁਰ ਗਿਆ। ਮੁੰਡੀਹਰ ਦੇ ਦਿਲ ਲੂਹਣ ਵਾਲੇ ਫਿਕਰੇ ਵੀ ਉਸਦੇ ਜਾਂਦੇ ਦੇ ਮਗਰੇ ਤੁਰ ਗਏ।

ਸਰਦਾਰ ਨੇ ਉਸ ਦਿਨ ਆਪਣੀ ਬੇਇੱਜ਼ਤੀ ਤਾਂ ਸਹਿ ਲਈ, ਪਰ ਖੋਰ ਨਾ ਛੱਡਿਆ। ਇਲਾਕੇ ਦੇ ਯਾਰ ਬਾਸ਼ ਥਾਣੇਦਾਰ ਨੂੰ ਮਿਲ ਕੇ ਪੀਰੂ ਨੂੰ ਅਫੀਮ ਵੇਚਣ ਦੇ ਝੂਠੇ ਦੋਸ਼ ਵਿਚ ਫੜਾ ਦਿੱਤਾ। ਥਾਣੇ ਵਿਚ ਸਰਦਾਰ ਨੇ ਪੀਰੂ ਨੂੰ ਕੋਲ ਖੜਕੇ ਕੁਟਵਾਇਆ। ਕੁੱਟ- ਕੁੱਟ ਕੇ ਥਾਣੇ ਵਾਲਿਆਂ ਪੀਰੂ ਨੂੰ ਅਧਮੋਇਆ ਕਰ ਦਿੱਤਾ। ਸਰਦਾਰ ਦੇ ਆਖੇ ਪੁਲਸੀਆਂ ਨੇ ਪੀਰੂ ਦੇ ਹੱਥ ਪੁੱਠੇ ਕਰਕੇ ਉਂਗਲਾਂ 'ਤੇ ਸੋਟੀਆਂ ਮਾਰੀਆਂ। ਹੱਥਾਂ ਦੀਆਂ ਤਲੀਆਂ ਨੂੰ ਕੁੱਟਿਆ। ਆਪਣੇ ਵਲੋਂ ਉਹਨਾਂ ਪੀਰੂ ਦੇ ਹੱਥ ਸਾਰੰਗੀ ਵਜਾਉਣ ਤੋਂ ਪੂਰੀ ਤਰ੍ਹਾਂ ਨਕਾਰਾ ਕਰ ਦਿਤੇ। ਸਰਦਾਰ ਕੁਰਲਾਉਂਦੇ ਪੀਰੂ ਦੇ ਸਿਰਹਾਣੇ ਖੜਾ ਹੱਸਦਾ ਰਿਹਾ। ਥਾਣੇਦਾਰ ਨੇ ਪੀਰੂ ਨੂੰ ਸਰਦਾਰ ਤੋਂ ਮੁਆਫ਼ੀ ਮੰਗ ਲੈਣ ਦੀ ਸ਼ਰਤ 'ਤੇ ਛੱਡ ਦੇਣ ਬਾਰੇ ਕਿਹਾ,ਪਰ ਪੀਰੂ ਨੇ ਧੌਣ ਅਕੜਾ ਕੇ ਸਰਦਾਰ ਵੱਲ ਵੇਖਿਆ ਤੇ ਭੁੰਜੇ ਥੁੱਕ ਦਿੱਤਾ।

ਸਰਦਾਰ ਦੇ ਵਿਰੋਧੀਆਂ ਅਤੇ ਪੀਰੂ ਦੇ ਹਮਦਰਦੀਆਂ ਨੇ ਪੂਰੀ ਭੱਜ ਦੌੜ ਕਰਕੇ ਪੁਲਿਸ ਦੇ ਵੱਡੇ ਅਫ਼ਸਰਾਂ ਨੂੰ ਮਿਲ-ਮਿਲਾ ਕੇ ਪੀਰੂ ਨੂੰ ਬੜੀ ਮੁਸ਼ਕਲ ਨਾਲ ਛੁਡਵਾਇਆ। ਪੀਰੂ ਪਿੰਡ ਪਰਤਿਆ, ਬੁਰੀ ਤਰ੍ਹਾਂ ਨਪੀੜਿਆ ਤੇ ਨਿਢਾਲ ਹੋਇਆ। ਤੁਰਨ ਸਮੇਂ ਉਸਦੇ ਅੰਗ-ਅੰਗ ਵਿੱਚੋਂ ਪੀੜ ਨਿਕਲਦੀ ਸੀ, ਪਰ ਉਹ ਕਿਸੇ ਜੇਤੂ ਜਰਨੈਲ ਵਾਂਗ ਧੌਣ ਅਕੜਾ ਕੇ ਸੜਕ 'ਤੇ ਤੁਰਦਾ ਰਿਹਾ। ਇਸ ਵਾਰ ਵੀ ਹਾਰ ਸਰਦਾਰ ਦੀ ਹੀ ਹੋਈ ਸੀ।

ਇਸ ਕੁੱਟ ਨੇ ਕੁੱਝ ਸਮੇਂ ਲਈ ਪੀਰੂ ਨੂੰ ਤੁਰਨ-ਫਿਰਨ ਤੇ ਗਾਉਣ ਤੋਂ ਰੋਕ ਦਿੱਤਾ ਸੀ। ਜੋ ਵੀ ਪੀਰੂ ਨੂੰ ਮਿਲਣ ਗਿਆ, ਉਸਨੇ ਇਹੀ ਸਮਝਿਆ ਕਿ ਪੀਰੂ ਨਾ ਹੁਣ ਗਾ ਸਕੇਗਾ ਤੇ ਨਾ ਸਾਰੰਗੀ ਵਜਾ ਸਕੇਗਾ। ਲੋਕ ਪੀਰੂ ਨੂੰ ਧਰਵਾਸ ਦਿੰਦੇ। ਉਸਦੇ ਮੂੰਹ 'ਤੇ ਤਾਂ ਛੇਤੀ ਠੀਕ ਹੋ ਜਾਣ ਤੇ ਗਾਉਣ ਲੱਗਣ ਦੀਆਂ ਗੱਲਾਂ ਕਰਦੇ, ਪਰ ਪੀਰੂ ਤੋਂ ਪਾਸੇ ਹੋ ਨਿਰਾਸ਼ਾ ਵਿੱਚ ਸਿਰ ਮਾਰਨ ਲੱਗ ਜਾਂਦੇ ਸਨ।

"ਹੁਣ ਨੀ ਪੀਰੂ ਉੱਠ ਸਕਦਾ।"
"ਪੁਲਿਸ ਦੀ ਕੁੱਟ ਛੱਡਦੀ ਕਿਸੇ ਨੂੰ ਉੱਠਣ ਜੋਗਾ?"
"ਕੰਜ਼ਰਾਂ ਨੇ ਮਾਰੀਆਂ ਵੀ ਹੱਥਾਂ 'ਤੇ ਈ-----ਮੇਰਾ ਖਿਆਲ ਹੱਥ ਨੀ ਕੰਮ ਕਰਨ ਲਗਦੇ ਹੁਣ?"
"ਕੀ ਗਵਾਇਆ ਸੀ ਪੀਰੂ ਨੇ ਕਿਸੇ ਦਾ?"
"ਹੁਣ ਨ੍ਹੀਂ ਸੁਣਨ ਨੂੰ ਮਿਲਦੀ ਪੀਰੂ ਦੀ ਸਾਰੰਗੀ। ਬੱਸ ਸੁਪਨਾ ਈ ਹੋ ਕੇ ਰਹਿ ਜੂ।" ਕੋਈ ਬਹੁਤ ਹੀ ਡੁੱਬੀ ਜਿਹੀ ਆਵਾਜ਼ ਵਿੱਚ ਆਖਦਾ।

ਸਰਦਾਰ ਅਤੇ ਉਸਦੇ ਦੋ ਚਾਰ ਚਮਚਿਆਂ ਤੋਂ ਬਗੈਰ ਤਕਰੀਬਨ ਸਾਰਾ ਪਿੰਡ ਈ ਪੀਰੂ ਦਾ ਪਤਾ ਲੈਣ ਆਇਆ। ਪੀਰੂ ਦੁਆਲੇ ਸਾਰੀ ਦਿਹਾੜੀ ਮੇਲਾ ਲੱਗਾ ਰਹਿੰਦਾ। ਲੋਕ ਪੀਰੂ ਨਾਲ ਹੋਏ ਧੱਕੇ, ਪੀਰੂ ਦੀ ਅਣਖ ਤੇ ਦਲੇਰੀ ਅਤੇ ਉਸ ਨਾਲ ਹਮਦਰਦੀ ਦੀਆਂ ਗੱਲਾਂ ਕਰਦੇ। ਪੀਰੂ ਦੇ ਜੋਟੀਦਾਰਾਂ ਹਰੀਪੁਰੀਏ ਰਲੇ ਅਤੇ ਅੱਲਾ ਦਿੱਤੇ ਨੇ ਪੀਰੂ ਦੀ ਟਹਿਲ ਸੇਵਾ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ।

ਜਿਹੜੇ ਸਾਲ ਪੀਰੂ ਮੰਜੇ 'ਤੇ ਪਿਆ ਸੀ, ਉਸ ਸਾਲ ਵੀ ਵਿਸਾਖੀ ਵਾਲਾ ਮੇਲਾ ਭਾਵੇਂ ਪੂਰਾ ਭਰਿਆ ਸੀ ਪਰ ਮੇਲੇ ਵਿੱਚ ਪਹਿਲੇ ਸਾਲਾਂ ਵਾਲੀ ਰੂਹ ਨਹੀਂ ਸੀ ਜਾਪਦੀ। ਗਵੰਤਰੀਆਂ, ਨਚਾਰਾਂ, ਹਿਜੜਿਆਂ ਤੇ ਹੋਰ ਢੱਡ-ਸਾਰੰਗੀ ਵਾਲਿਆਂ ਨੇ ਆਪੋ-ਆਪਣੇ ਅਖਾੜੇ ਜਮਾਏ ਪਰ ਕਿਸੇ ਅਖਾੜੇ ਵਿੱਚ ਲੋਕ ਨਹੀਂ ਸਨ ਟਿਕੇ। ਪੀਰੂ ਦੀ ਗੈਰ ਹਾਜ਼ਰੀ ਲੋਕਾਂ ਨੂੰ ਖਟਕੀ ਸੀ। ਅਚਾਨਕ ਇੱਕ ਪਾਸਿਓਂ ਸਾਰੰਗੀ ਦੀ ਮਿੱਠੀ ਪਿਆਰੀ ਸੁਰ ਸੁਣਾਈ ਦਿੱਤੀ। ਹੂਕ ਅੰਬਰ ਨੂੰ ਗਈ ਤੇ ਢੱਡ ਨੇ ਜਿਵੇਂ ਮੇਲੇ ਨੂੰ ਆਪਣੇ ਵੱਲ ਖਿੱਚਣ ਲਈ ਤਰਲੇ ਪਾਏ। ਲੋਕ ਹੈਰਾਨ ਰਹਿ ਗਏ। ਪੀਰੂ ਨੇ ਪੂਰੇ ਵਜਦ ਵਿੱਚ ਬੋਲ ਚੁੱਕਿਆ ਸੀ। ਕਿਸੇ ਨੂੰ ਵੀ ਪੀਰੂ ਦੇ ਇਸ ਵਾਰ ਅਖਾੜਾ ਲਾ ਸਕਣ ਦੀ ਉਮੀਦ ਨਹੀਂ ਸੀ। ਹੁਣ ਪੀਰੂ ਨੂੰ ਅਖਾੜੇ ਵਿੱਚ ਦੇਖ ਕੇ ਕਈ ਮਸਤਾਨਿਆਂ ਨੇ ਬੜਕ ਮਾਰ ਦਿੱਤੀ ਸੀ। ਪੀਰੂ ਦੀ ਸਾਰੰਗੀ ਪਹਿਲਾਂ ਨਾਲੋਂ ਵੀ ਵਧੇਰੇ ਸੁਰੀਲੀ ਸੀ। ਪੀਰੂ ਦੇ ਚਿਹਰੇ 'ਤੇ ਅੱਗੇ ਨਾਲੋਂ ਕਈ ਗੁਣਾਂ ਵਧੇਰੇ ਚਮਕ ਸੀ। ਚਾਲ ਵਿੱਚ ਅੱਗੇ ਨਾਲੋਂ ਵਧੇਰੇ ਮਟਕ ਤੇ ਬੋਲਾਂ ਵਿੱਚ ਅੱਗੇ ਨਾਲੋਂ ਕਿਤੇ ਡੂੰਘਿਆਈ ਤੇ ਲੈਅ। ਸਰਦਾਰ ਪੂਰੀ ਵਾਹ ਲਾ ਕੇ ਪੀਰੂ ਦੀ ਸਾਰੰਗੀ ਨੂੰ ਮਾਰ ਨਹੀਂ ਸੀ ਸਕਿਆ। ਉਸ ਦਿਨ ਤੋਂ ਫੇਰ ਪੀਰੂ ਦੀ ਸਾਰੰਗੀ ਦੀਆਂ ਗੱਲਾਂ ਘਰ-ਘਰ ਹੋਣ ਲੱਗੀਆਂ ਸਨ।

ਤੇ ਇੱਕ ਦਿਨ ਲੋਕਾਂ ਨੂੰ ਫੇਰ ਜਾਪਿਆ ਕਿ ਪੀਰੂ ਬਹੁਤ ਬੁੱਢਾ ਹੋ ਗਿਆ ਹੈ। ਲੋਕਾਂ ਨੇ ਸੋਚਿਆ ਕਿ ਹੁਣ ਸੱਚਮੁੱਚ ਪੀਰੂ ਦੀ ਸਾਰੰਗੀ ਦੀ ਮੋਤ ਹੋ ਗਈ ਹੈ। ਪੀਰੂ ਦੇ ਸ਼ਹਿਰ ਪੜ੍ਹਦੇ ਮੁੰਡੇ ਦੀ ਅਚਾਨਕ ਹੋਈ ਭੇਦਭਰੀ ਮੌਤ ਨਾਲ ਲੋਕਾਂ ਵਿੱਚ ਗੱਲਾਂ ਹੋਣ ਲੱਗੀਆਂ ਸਨ।
"ਬੜਾ ਲੈਕ ਮੁੰਡਾ ਸੀ। ਬੜਾ ਈ ਸਾਊ। ਗਊ ਅਰਗਾ। ਐਹੇ ਜੇ ਮੁੰਡੇ ਵਾਰ-ਵਾਰ ਨੀ ਜੰਮਦੇ।"
"ਡਾਹਢਾ ਈ ਅਨਰਥ ਹੋਇਆ ਪੀਰੂ ਨਾਲ। ਐਨਾ ਭਲਾ ਪੁਰਸ਼ ਵਿਚਾਰਾ ਪੀਰੂ। ਰੱਬ ਵੀ ਖੌਰੇ ਕਿਉਂ ਭਲੇ ਪੁਰਸ਼ਾਂ ਦੇ ਵੈਰ ਪੈ ਜਾਂਦਾ।" ਕੋਈ ਹੋਰ ਆਖਦਾ।
"ਪੁਲਿਸ ਤਾਂ ਕਹਿੰਦੀ ਇਹਦੀ ਲਾਗ-ਡਾਟ ਆਲਿਆਂ ਨੇ ਮਾਰ ਕੇ ਲਾਸ਼ ਟੋਇਆਂ ਵਿੱਚ ਸੁੱਟੀ। ਪਾੜੇ ਦੀ ਭਲਾ ਕੀ ਦੁਸ਼ਮਣੀ ਸੀ ਕਿਸੇ ਨਾਲ਼?" ਮੁੰਡੇ ਦੀ ਮੌਤ ਬਾਰੇ ਸ਼ੱਕ ਈ ਸੀ।
"ਐਵੇਂ ਪੁਲਿਸ ਦੀ ਘੜੀ ਇਹ ਸਾਰੀ ਘਾਣ੍ਹੀ। ਸੁਣਿਆ, ਮੁੰਡਾ ਦਸਾਂ ਦਿਨਾਂ ਦਾ ਫੜਿਆ ਹੋਇਆ ਸੀ ਪੁਲਸ ਨੇ। ਪੀਰੂ ਨੇ ਪਿੱਛਾ ਨਾ ਕੀਤਾ ਵਈ ਕਿਸੇ ਜਾਣੂ-ਪਛਾਣੂ ਕੋਲ ਹੋਊ। ਉਥੇ ਥਾਣੇ 'ਚ ਪੁਲਸ ਨੇ ਕੁੱਟਮਾਰ ਜ਼ਿਆਦਾ ਕਰਤੀ। ਮਾਸ ਚੀਰ-ਚੀਰ ਕੇ ਵਿੱਚ ਲੂਣ ਮਿਰਚਾਂ ਪਾਈਆਂ। ਬਰਫ਼ ਤੇ ਪਾ-ਪਾ ਕੇ ਖਲੜੀ ਉਧੇੜਤੀ। ਨਹੁੰ ਜਮੂਰ ਨਾਲ ਖਿੱਚਤੇ। ਕੁੱਟਦੇ-ਕੁੱਟਦੇ ਈ ਮਰ ਗਿਆ।" ਗਿੱਦੜੀਏ ਪਾਲੂ ਨੇ ਆਸਾ ਪਾਸਾ ਵੇਖ ਕੇ ਹੌਲੀ ਜਿਹੀ ਕਿਹਾ।
"ਤੈਨੂੰ ਕਿਮੇ ਪਤਾ?"
"ਆਪਣਾ ਘਣੀਏ ਆਲਾ ਰਿਸ਼ਤੇਦਾਰ, ਮੁਨਸ਼ੀ ਆ ਨਾ ਥਾਣੇ 'ਚ। ਉਹਨੇ ਭੋਲ ਭੰਨੀ ਸੀ ਮੇਰੇ ਕੋਲ ਥੋੜੀ ਜੀ।"
"ਪਰ ਪੁਲਿਸ ਐਮੀ ਕਿਮੇ ਫੜਲੂ ?"

"ਆਹ ਮੁੰਡੇ-ਖੁੰਡੇ ਚੱਕੀ ਜੋ ਫਿਰਦੇ ਆ ਉੱਦਮੂਲ। ਕਹਿੰਦੇ ਗਰੀਬਾਂ ਦਾ ਰਾਜ ਲਿਆਉਣਾ। ਲੈਂਟ-ਲਾਈਟੇ ਮਾਰ-ਮਾਰ ਕੇ ਮੁਕਾ ਦੇਣੇ। ਪੀਰੂ ਦਾ ਮੁੰਡਾ ਸ਼ਾਰਦੀ ਵੀ ਇਹਨਾਂ ਸੰਗ ਰਲ ਗਿਆ ਹੋਊ। ਸ਼ੈਅਰ ਈ ਮੀਟਿੰਗ ਕਰਦੇ ਹੁੰਦੇ ਸੀ ਗੁਪਤ। ਕਿਸੇ ਮੁਖ਼ਬਰੀ ਕਰਤੀ। ਮੀਟਿੰਗ ਕਰਦਿਆਂ 'ਤੇ ਈ ਜਾ ਛਾਪਾ ਮਾਰਿਆ। ਬਾਕੀ ਤਾਂ ਸਾਰੇ ਭੱਜਗੇ, ਸ਼ਾਰਦੀ ਤੇ ਹੋਰ ਦੋ ਮੁੰਡੇ ਹੱਥ ਆਗੇ। ਹੋਰ ਸੁਣਿਐ, ਕੁੱਤੀਆਲੇ ਥਾਣੇਦਾਰ ਨੂੰ ਮਾਰਨ 'ਚ ਵੀ ਹੱਥ ਸੀਗਾ ਪਾੜੇ ਦਾ।" ਗਿੱਦੜੀਏ ਨੂੰ ਪੀਰੂ ਦੇ ਮੁੰਡੇ ਬਾਰੇ ਕਾਫ਼ੀ ਜਾਣਕਾਰੀ ਜਾਪਦੀ ਸੀ। "ਹਾਂ ਗੱਲ ਤਾਂ ਤੇਰੀ ਠੀਕ ਐ ਚਾਚਾ। ਪਾੜਾ ਗੱਲਾਂ ਤਾਂ ਈਕਣ ਈ ਕਰਨ ਲੱਗ ਗਿਆ ਸੀ। ਹੋਰੂੰ-ਹੋਰੂੰ ਜੇ ਤਰ੍ਹਾਂ ਦੀਆਂ।" ਇਹ ਗਿੰਦਰ ਸੀ।
"ਹੋਰ ਤਰ੍ਹਾਂ ਦੀਆਂ ਕਿਮੇ?" ਹਰ ਕੋਈ ਤਹਿ ਤੱਕ ਪੁੱਜਣਾ ਚਾਹੁੰਦਾ ਸੀ।

"ਕੇਰਾਂ ਪਿੱਛੇ ਜੇ ਮਿਲਿਆ। ਕਹਿੰਦਾ ਗਿੰਦਰਾ ਕੀ ਹਾਲ ਐ? ਮੈਂ ਐਮੀ ਸੁਭੈਕੀ ਕਿਹਾ ਵਈ ਕੀ ਹਾਲ ਪੁੱਛਦੈਂ? ਬੱਸ ਬੁਰਾ ਹਾਲ ਐ। ਸਾਰੀ ਦਿਹਾੜੀ ਦੇਹ ਤੋੜ ਕੇ ਕੰਮ ਕਰੀਦਾ। ਪੇਟ ਨੂੰ ਦੋ ਡੰਗ ਰੋਟੀ ਨ੍ਹੀਂ ਜੁੜਦੀ। ਭੁੱਖੇ ਮਰਨ ਆਲੀ ਗੱਲ ਐ। ਡਾਹਢੇ ਬੁਰੇ ਦਿਨ ਲੰਘਦੇ। ਮੈਨੂੰ ਬੜੇ ਜੋਸ਼ ਵਿੱਚ ਹਿੱਕ ਚੌੜੀ ਕਰਕੇ ਕਹਿੰਦਾ, "ਗਿੰਦਰਾ ਮਾੜੇ ਹਾਲ ਜ਼ਿਆਦਾ ਦਿਨ ਨ੍ਹੀਂ ਰਹਿਣੇ। ਵੱਡੀਆਂ ਗੋਗੜਾਂ ਆਲੇ ਹੁਣ ਖਤਮ ਈ ਸਮਝ। ਬੱਸ ਕੇਰਾਂ ਚੜ੍ਹ ਲੈਣ ਦੇ ਢਾਕ 'ਤੇ ਮੇਰੇ ਪੁੱਤ ਦਿਆਂ ਨੂੰ।" ਕਸਮ ਨਾਲ ਪਾੜ੍ਹੇ ਦਾ ਮੂੰਹ ਉਦੋਂ ਜਮ੍ਹਾਂ ਲਾਲ ਸੁਰਖ਼ ਹੋ ਗਿਆ ਸੀ। ਮੈਨੂੰ ਕਹਿਣ ਲੱਗਾ, "ਗਿੰਦਰਾ! ਕਮਾਈਆਂ ਅਸੀਂ ਕਰੀਏ, ਅੰਨ ਅਸੀਂ ਉਗਾਈਏ, ਖਾਈ ਜਾਣ ਏਹ ਮਗਰਮੱਛ। ਇਮਾਰਤਾਂ ਅਸੀਂ ਉਸਾਰੀਏ, ਵਿੱਚ ਚੌੜੇ ਹੋ-ਹੋ ਬਹਿਣ ਏਹ ਤੇ ਸਾਨੂੰ ਸਿਰ ਢਕਣ ਜੋਗੀ ਕੁੱਲੀ ਵੀ ਨਸੀਬ ਨਾ ਹੋਵੇ। ਲੱਖ ਲਾਹਨਤ ਐਹੇ ਜੀ ਜ਼ਿੰਦਗੀ ਦੇ। ਹੈ ਕੋਈ 'ਨਸਾਫ਼? ਨਿਰਾ ਨਰਕ। ਇਹ ਵੱਡੇ ਲੋਕ ਹੈ ਕਿੰਨੇ ਕੁ? ਜੇ ਅਸੀਂ ਗਰੀਬ ਲੋਕ ਇੱਕਮੁੱਠ ਹੋ ਜਾਈਏ, ਏਹ ਤਾਂ ਫੂਕ ਮਾਰਿਆਂ ਉੱਡ ਜਾਣਗੇ। ਗਰੀਬਾਂ ਦਾ ਰਾਜ ਹੋਊ ਏਥੇ।" ਚਾਚਾ ਪਾਲੂਆਂ ਕੇਰਾਂ ਤਾਂ ਮੇਰੇ ਖਾਨੇ ਬੀ ਵੜਗੀ ਵਈ ਪਾੜ੍ਹਾ ਠੀਕੇ ਕਹਿੰਦਾ।" ਗਿੰਦਰ ਨੇ ਪਾੜ੍ਹੇ ਨਾਲ ਹੋਈ ਪੁਰਾਣੀ ਗੱਲ ਦੱਸੀ।

"ਹੋਰ ਮੈਂ ਝੂਠ ਮਾਰਦੈਂ? ਸਿਆਣਾ-ਬਿਆਣਾ। ਪਾੜ੍ਹਾ ਪੁਲਿਸ ਨੇ ਈ ਮਾਰਿਆ।" ਗਿੱਦੜੀਆ ਪਾਲੂ ਆਪਣੀ ਗੱਲ ਦੇ ਸੱਚੀ ਹੋਣ 'ਤੇ ਚੌੜਾ ਹੋਇਆ।
"ਚਲੋ ਕਿਮੇ ਵੀ ਹੋਗੀ-ਹੋਈ ਬਹੁਤ ਮਾੜੀ।"

"ਮਾੜੀ ਅਰਗੀ ਮਾੜੀ? ਪੀਰੂ ਨ੍ਹੀਂ ਉੱਠਦਾ ਸਾਰੀ ਉਮਰ। ਇਹ ਸੱਟ ਨ੍ਹੀਂ ਸਹਾਰੀ ਜਾਣੀ ਉਹਦੇ ਤੋਂ। ਸਾਰੇ ਲਾਕੇ ਦੀ ਰੂਹ ਸੀ ਪੀਰੂ। ਇਹਦੀ ਸਾਰੰਗੀ ਸੁਣਕੇ ਤਾਂ ਮੁਰਦੇ 'ਚ ਵੀ ਜਾਨ ਪੈਜੇ।" ਕੋਈ ਡਾਹਢੇ ਫਿਕਰ ਤੇ ਸੋਗ ਨਾਲ ਆਖਦਾ।
"ਹੁਣ ਪੀਰੂ ਦੀ ਸਾਰੰਗੀ ਤੇ ਸ਼ਾਹਣੀ ਕੌਲਾਂ ਨਈ ਮਿਲਣੀ ਸੁਨਣ ਨੂੰ।" ਕੋਈ ਢਹਿੰਦੀ ਜਾਂਦੀ ਉਮਰ ਵਾਲਾ ਆਖਦਾ।
"ਹੁਣ ਬਚਦਾ ਨ੍ਹੀਂ ਬਾਹਲਾ ਚਿਰ। ਪੁੱਤ ਦੀ ਸੱਟ ਕੋਈ ਪੱਥਰ ਦਿਲ ਈ ਸਹਾਰ ਸਕਦੈ।"
"ਦੋ ਈ ਤਾਂ ਪੁੱਤ ਸੀ। ਏਹੀ ਲੈਕ ਸੀ। ਦੂਜਾ ਤਾਂ ਊਈਂ ਲੁੱਟਰ ਐ। ਵਿਹਲਾ ਤੁਰਦਾ ਫਿਰਦਾ ਰਹਿੰਦਾ। ਮਜ਼ਾਲ ਕੀ ਪੀਰੂ ਦੇ ਆਖੇ ਲੱਗਜੇ।"
"ਸੌ ਦੀ ਇੱਕੋ ਗੱਲ, ਪੀਰੂ ਦੀ ਸਾਰੰਗੀ ਦੀ ਮੌਤ ਹੋ ਗਈ ਐ।"

-ਤੇ ਇਉਂ ਗੱਲ ਖਤਮ ਹੋ ਜਾਂਦੀ। ਏਸੇ ਤਰਾਂ ਦੀਆਂ ਗੱਲਾ ਹਰ ਚੁਰੱਸਤੇ, ਮੋੜ, ਗਲੀ, ਮੁਹੱਲੇ ਵਿੱਚ ਹੋਈਆਂ। ਪੀਰੂ ਤਾਂ ਜਿਵੇਂ ਮੰਜੇ ਨਾਲ ਈ ਜੁੜ ਗਿਆ ਸੀ। ਢਾਈ-ਤਿੰਨ ਮਹੀਨੇ ਉੱਠ ਨਹੀਂ ਸੀ ਸਕਿਆ। ਫਿਰ ਹੌਲ਼ੀ-ਹੌਲ਼ੀ ਉਸਨੇ ਬਾਹਰ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਉਸਨੂੰ ਬਿਮਾਰਾਂ ਵਾਂਗ ਤੁਰੇ ਜਾਂਦੇ ਨੂੰ ਦੇਖ ਲੋਕ ਲੰਮਾ ਹੌਕਾ ਖਿੱਚ ਲੈਂਦੇ।

ਲੋਕਾਂ ਦੀਆਂ ਅਜਿਹੀਆਂ ਸਾਰੀਆਂ ਕਿਆਸਰਾਈਆਂ ਉਸ ਸਮੇਂ ਝੂਠ ਸਾਬਤ ਹੋਈਆਂ ਜਦੋਂ ਜਗਰਾਵਾਂ ਦੀ ਰੌਸ਼ਨੀ 'ਤੇ ਪੀਰੂ ਦੀ ਸਾਰੰਗੀ ਨੇ ਲੋਕਾਂ ਦੇ ਕਾਲਜੇ ਧੂਹ ਪਾਈ। ਪੀਰੂ ਨੇ ਅੱਗੇ ਨਾਲੋਂ ਵੀ ਵਧੇਰੇ ਜੋਸ਼ ਨਾਲ ਬੋਲ ਚੁੱਕੇ ਸਨ। ਐਤਕੀਂ ਉਸਨੇ ਸਭ ਤੋਂ ਪਹਿਲਾਂ ਬੰਦਾ ਬਹਾਦਰ ਦੀ ਵਾਰ ਸੁਣਾਈ। ਦੁੱਲਾ ਭੱਟੀ ਤੇ ਸ਼ਹੀਦ ਭਗਤ ਸਿੰਘ ਦੀਆਂ ਵਾਰਾਂ ਵੀ ਸੁਣਾਈਆਂ। ਪੀਰੂ ਦਾ ਛੋਟਾ ਮੁੰਡਾ ਕਾਦਰੀ ਵੀ ਪਹਿਲੀ ਵਾਰ ਪੀਰੂ ਨਾਲ ਅਖਾੜੇ ਵਿੱਚ ਆਇਆ ਸੀ। ਕਾਦਰੀ ਨੇ ਪਹਿਲੀ ਵਾਰ ਬੋਲ ਚੁੱਕਿਆ, ਲੋਕ ਹੈਰਾਨ ਰਹਿ ਗਏ। ਬਿਲਕੁਲ ਪੀਰੂ ਵਰਗੀ ਆਵਾਜ਼। ਲੋਕਾਂ ਨੂੰ ਆਪਣੀਆਂ ਅੱਖਾਂ ਅਤੇ ਕੰਨਾਂ 'ਤੇ ਵਿਸ਼ਵਾਸ ਨਾ ਆਵੇ। ਕਾਦਰੀ ਪੰਜਵੀਂ-ਛੇਵੀਂ ਵਿੱਚ ਹੀ ਸਕੂਲੋਂ ਭੱਜ ਗਿਆ ਸੀ। ਵਾਗੀਆਂ-ਪਾਲੀਆਂ ਨਾਲ ਰਲ ਨਸ਼ੇ-ਪੱਤੇ ਕਰਦਾ ਪੂਰਾ ਵੈਲੀ ਬਣਿਆ ਰਹਿੰਦਾ ਸੀ। ਪੀਰੂ ਇਸ ਮੁੰਡੇ ਤੋਂ ਡਾਹਢਾ ਦੁਖੀ ਸੀ। ਕਾਦਰੀ ਪੀਰੂ ਦੀ ਕੋਈ ਗੱਲ ਨਹੀਂ ਸੀ ਮੰਨਦਾ। ਕਾਦਰੀ ਨੂੰ ਪੀਰੂ ਨਾਲ ਵੇਖ ਕੇ ਲੋਕ ਹੈਰਾਨ ਵੀ ਹੋਏ ਤੇ ਖੁਸ਼ ਵੀ। ਪੀਰੂ ਨੂੰ ਆਪ ਜਿਵੇਂ ਡਾਹਢਾ ਚਾਅ ਚੜ੍ਹਿਆ ਸੀ।

ਇੰਜ ਹੌਲ਼ੀ-ਹੌਲ਼ੀ ਪੀਰੂ ਕਾਦਰੀ ਨੂੰ ਆਪਣੇ ਨਾਲ ਅਖਾੜਿਆਂ 'ਤੇ ਲਿਜਾਣ ਲੱਗ ਪਿਆ ਸੀ। ਕਾਦਰੀ ਹੁਣ ਤਾਂ ਪੀਰੂ ਤੋਂ ਬਗੈਰ ਵੀ ਹਰੀਪੁਰੀਏ ਰਲੇ ਅਤੇ ਅੱਲਾ ਦਿੱਤੇ ਨਾਲ ਰਲ ਕੇ ਬੋਲ ਲਾਉਣ ਲੱਗ ਪਿਆ ਸੀ। ਸਾਰੰਗੀ 'ਤੇ ਵੀ ਉਸਦੇ ਹੱਥ ਬਿਲਕੁਲ ਪੀਰੂ ਵਾਂਗ ਚੱਲਦੇ ਸਨ।

"ਪੀਰੂ ਦਾ ਮੁੰਡਾ ਤਾਂ ਜਮ੍ਹਾਂ ਪੀਰੂ 'ਤੇ ਈ ਗਿਆ। ਉਹੋ ਹੱਥ, ਉਹੋ ਈ ਬੋਲ। ਜਿਮੇ ਕਹਿੰਦੇ ਹੁੰਦੇ ਨੇ, ਪਿਓ ਪਰ ਪੂਤ, ਨਸਲ ਪਰ ਘੋੜਾ, ਬਹੁਤ ਨਈਂ ਤੇ ਥੋੜ੍ਹਾ ਥੋੜ੍ਹਾ।"

"ਹਾਂ! ਬੱਲ੍ਹੇ ਦਾ ਬੱਲ੍ਹਾ, ਨਈਂ, ਮੱਥੇ ਫੁੱਲੀ ਤਾਂ ਜ਼ਰੂਰ ਹੋਊ।" ਲੋਕ ਪੀਰੂ ਦੇ ਮੁੰਡੇ ਨੂੰ ਬੋਲ ਕਰਦਿਆਂ ਸੁਣ ਕੇ ਆਖਦੇ। ਪੀਰੂ ਵੀ ਆਪਣੇ ਵਾਰਸ 'ਤੇ ਖੁਸ਼ ਸੀ। ਅਖਾੜੇ ਵਿੱਚ ਕਾਦਰੀ ਮੂੰਹੋਂ ਬੋਲ ਸੁਣਦਾ ਤਾਂ ਤਾਂ ਉਸਦੀ ਛਾਤੀ ਮਾਣ ਨਾਲ ਫੁੱਲ ਜਾਂਦੀ। ਪੀਰੂ ਦੀ ਹਾਜ਼ਰੀ ਵਿੱਚ ਮੁੰਡਾ ਗਾਉਂਦਾ ਤਾਂ ਪੀਰੂ ਜਿਵੇਂ ਸ਼ਰਾਬੀ ਹੋ ਜਾਂਦਾ। ਲੋਕ ਕਹਿੰਦੇ ਸਨ, "ਪੀਰੂ ਵਿੱਚ ਸਰਸਵੀ ਦੇਵੀ ਆਉਂਦੀ ਐ। ਹੋਰ ਐਵੇਂ ਤਾਂ ਨੀ ਸਾਰੰਗੀ ਦਿਨੋ-ਦਿਨ ਸੁਰੀਲੀ ਹੋਈ ਜਾਂਦੀ। ਮਜ਼ਾਲ ਕੀ ਵਧਦੀ ਉਮਰ ਅੜਿਕਾ ਡਾਹ ਦੇਵੇ।" ਪੀਰੂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਸੀ। ਲੋਕ ਪੀਰੂ ਵਲੋਂ ਵੱਡੇ ਮੁੰਡੇ ਦੀ ਮੌਤ ਦਾ ਸੱਲ ਤਕੜੇ ਦਿਲ ਨਾਲ ਜਰ ਲੈਣ 'ਤੇ ਪੀਰੂ ਦੇ ਜਿਗਰੇ ਦੀ ਪ੍ਰੰਸ਼ਸ਼ਾ ਕਰਦੇ ਸਨ।

ਪੀਰੂ ਜਦੋਂ ਦਾ ਗੌਣ ਲੱਗਾ ਸੀ, ਪਹਿਲੀ ਵਾਰ ਉਸਦੀ ਹਜ਼ਰਤ ਸ਼ਾਹ ਦੀ ਦਰਗਾਹ ਦੇ ਮੇਲੇ 'ਚ ਗੈਰ ਹਾਜ਼ਰੀ ਹੋਈ ਸੀ। ਪੀਰੂ ਨੂੰ ਵਾਂਢੇ ਜਾਣਾ ਪਿਆ ਸੀ। ਪੀਰੂ ਦੀ ਕੁੜੀ ਬਡਬਰ ਲਾਗੇ ਕਿਸੇ ਪਿੰਡ ਵਿਆਹੀ ਹੋਈ ਸੀ। ਉਸਦੇ ਸਹੁਰੇ ਕਿਸੇ ਨਾਲ ਲੜ ਪਏ ਸਨ। ਪੀਰੂ ਦੇ ਜਵਾਈ ਨੂੰ ਥਾਣੇ ਫੜਿਆ ਹੋਇਆ ਸੀ। ਇਸ ਕਰਕੇ ਪੀਰੂ ਨੂੰ ਅਣਸਰਦੇ ਨੂੰ ਜਾਣਾ ਪਿਆ।

ਭਾਵੇਂ ਪੀਰੂ ਮੇਲੇ ਵਿੱਚ ਨਹੀਂ ਸੀ ਪਰ ਕਾਦਰੀ ਨੇ ਅਖਾੜਾ ਪੂਰਾ ਜਮਾ ਦਿੱਤਾ। ਲੋਕਾਂ ਨੂੰ ਪੀਰੂ ਦੀ ਘਾਟ ਖਟਕੀ ਨਹੀਂ ਸੀ। ਲੋਕ ਕਾਦਰੀ ਦੇ ਗੌਣ ਤੋਂ ਮੈਅਲ ਹੋਏ ਪਏ ਸਨ। ਕਾਦਰੀ ਬਾਪੂ ਵਾਂਗ ਹੀ ਆਵਾਜ਼ਾਂ ਲਾ ਰਿਹਾ ਸੀ। ਧਰੂ ਭਗਤ, ਦਾਹੂਦ ਬਾਦਸ਼ਾਹ, ਬੇਗੋਨਾਰ, ਕੁੰਢਾ ਡਾਕੂ ਤੇ ਸੁੱਚੇ ਸੂਰਮੇ ਦੇ ਪ੍ਰਸੰਗ ਸੁਣਾ ਕੇ ਉਸਨੇ ਤਸੱਲੀ ਕਰਵਾ ਦਿੱਤੀ। ਮੁਲਖ ਵਿੱਚ ਰੰਘੜੀਆ ਸਰਦਾਰ ਗੁਰਬੀਰ ਜੋ ਬਘੇਲ ਸਿੰਘ ਦਾ ਮੁੰਡਾ ਸੀ, ਵੀ ਬੈਠਾ ਹੋਇਆ ਸੀ। ਉਸਨੇ ਵੀ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਜਦੋਂ ਅਖਾੜਾ ਸਿਖ਼ਰ 'ਤੇ ਚਲਾ ਗਿਆ, ਰੰਘੜੀਏ ਸਰਦਾਰ ਨੇ ਕਾਦਰੀ ਨੂੰ ਮਿਰਜ਼ੇ ਦੀ ਫਰਮਾਇਸ਼ ਕਰ ਦਿੱਤੀ। ਹਰੀਪੁਰੀਏ ਰਲੇ ਨੇ ਕਾਦਰੀ ਨੂੰ ਰੋਕਣ ਦਾ ਯਤਨ ਕੀਤਾ ਪਰ ਕਾਦਰੀ ਨੇ ਬੋਲ ਚੁੱਕ ਲਿਆ ਸੀ।

ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦਿੰਦਾ ਮੱਤ,
ਭੱਠ ਰੰਨਾਂ ਦੀ ਦੋਸਤੀ, ਖੁਰੀਂ ਜਿਨ੍ਹਾਂ ਦੀ ਮੱਤ
ਪਹਿਲਾਂ ਹੱਸ-ਹੱਸ ਲਾਉਂਦੀਆਂ ਯਾਰੀਆਂ,
ਪਿਛੋਂ ਰੋ-ਰੋ ਦਿੰਦੀਆਂ ਦੱਸ।
ਲੱਥੀ ਹੱਥ ਨਾ ਆਂਵਦੀ ਓਏ ਜੱਟ ਮਿਰਜ਼ਿਆ
ਕਦੇ ਦਾਨਸ਼ਮੰਦਾਂ ਦੀ ਪੱਤ ਓਏ-----ਭੋਲਿਆ-----

ਸਰਦਾਰ ਅਤੇ ਉਸਦੀ ਜੁੰਡਲੀ ਨੇ ਬੱਕਰੇ ਬੁਲਾਏ। ਫੇਰ ਸਰਦਾਰ ਜੋ ਕਹਿੰਦੇ ਰਹੇ, ਕਾਦਰੀ ਉਹੀ ਗੰਦ-ਮੰਦ ਸੁਣਾਉਂਦਾ ਰਿਹਾ। ਅੱਲਾ ਦਿੱਤੇ ਅਤੇ ਰਲੇ ਦੀ ਕੋਈ ਪੇਸ਼ ਨਾ ਗਈ। ਸਰਦਾਰ ਦੇ ਚਮਚਿਆਂ ਕਾਦਰੀ ਨੂੰ ਮੋਢਿਆਂ 'ਤੇ ਚੁੱਕ ਲਿਆ। ਸਾਈਂ ਹੁਸਨ ਸ਼ਾਹ ਸਾਰੇ ਸਮੇਂ ਦੌਰਾਨ ਅਖਾੜੇ ਵਿੱਚ ਨਹੀਂ ਸੀ ਰਿਹਾ। ਉਹ ਭਰੇ ਦਿਲ ਨਾਲ਼ ਅਖਾੜਾ ਵਿੱਚੇ ਛੱਡ ਅੰਦਰ ਜਾ ਬੈਠਾ। ਸਰਦਾਰ ਅਤੇ ਉਸਦੇ ਪਾਸ਼ੂ ਚਾਂਭੜਾਂ ਮਾਰਦੇ ਰਹੇ। ਮਿਰਜ਼ਾ ਸੁਣ ਕੇ ਉਹਨਾਂ ਦੀ ਪੀਤੀ ਦਾ ਨਸ਼ਾ ਕਈ ਗੁਣਾਂ ਵਧ ਗਿਆ ਸੀ।

ਘਰ ਵਾਪਸ ਪਰਤਦਿਆਂ, ਪੀਰੂ ਨੂੰ ਰਾਹ ਵਿੱਚ ਈ ਕਾਦਰੀ ਦੀ ਕਰਤੂਤ ਦਾ ਪਤਾ ਲੱਗ ਗਿਆ। ਉਸ ਨੂੰ ਪਿੰਡ ਪੁੱਜਣਾ ਮੁਸ਼ਕਲ ਹੋ ਗਿਆ ਸੀ। ਸਬੱਬੀਂ ਫਿਰਨੀ 'ਤੇ ਉਸਨੂੰ ਰੰਘੜੀਆ ਸਰਦਾਰ ਮਿਲ ਗਿਆ। ਪੀਰੂ ਉਸਦੀਆਂ ਅੱਖਾਂ ਨਾਲ ਅੱਖਾਂ ਨਾ ਮਿਲਾ ਸਕਿਆ। ਸਰਦਾਰ ਬਘੇਲ ਸਿੰਘ ਦੀਆਂ ਅੱਖਾਂ ਵਿਚ ਤੈਰਦੀ ਸ਼ਰਾਰਤ ਭਰੀ ਮੁਸਕਾਣ ਉਸਦੇ ਆਰ-ਪਾਰ ਲੰਘ ਗਈ। ਸਰਦਾਰ ਜੋ ਪੀਰੂ ਨੂੰ ਵੇਖਦਿਆਂ ਸਾਰ ਨੀਵੀਂ ਸੁੱਟ ਲਿਆ ਕਰਦਾ ਸੀ, ਮੁੱਛਾਂ ਨੂੰ ਵੱਟ ਦਿੰਦਾ ਘੰਖੂਰੇ ਮਾਰਦੇ ਰਿਹਾ। ਪੀਰੂ ਨੂੰ ਜਾਪਿਆ ਜਿਵੇਂ ਪਹਿਲੀ ਵਾਰ ਉਸਦੀ ਸਰਦਾਰ ਦੇ ਹੱਥੋਂ ਹਾਰ ਹੋਈ ਹੋਵੇ। ਉਸਨੂੰ ਆਪਣਾ ਆਪ ਸਰਦਾਰ ਤੋਂ ਬੌਣਾ-ਬੌਣਾ ਜਾਪਿਆ। ਘਰ ਆ ਕੇ ਉਹ ਸ਼ਾਮ ਤੱਕ ਬੈਚੇਨੀ, ਗੁੱਸੇ ਅਤੇ ਆਵਾਜ਼ਾਰੀ ਨਾਲ ਵਿਹੜੇ 'ਚ ਘੁੰਮਦਾ ਰਿਹਾ। ਘੁਸਮੁਸੇ ਹੋਏ ਕਾਦਰੀ ਘਰ ਆਇਆ। ਅਖਾੜੇ ਵਿੱਚ ਮਿਲੇ ਚਮਕਦੇ-ਚਮਕਦੇ ਨੋਟ ਉਸਨੇ ਹੱਥਾਂ 'ਚ ਫੜੇ ਹੋਏ ਸਨ। ਵਿਹੜੇ ਵਿਚ ਵੜਦਿਆਂ ਹੀ ਕਾਦਰੀ ਪੀਰੂ ਵੱਲ ਗਿਆ। ਉਸਨੇ ਪੈਰੀਂ ਹੱਥ ਲਾਉਂਦਿਆਂ ਨੋਟ ਪੀਰੂ ਵੱਲ ਵਧਾ ਦਿੱਤੇ। ਪੀਰੂ ਨੇ ਗੁੱਸੇ ਨਾਲ ਨੋਟ ਕਾਦਰੀ ਦੇ ਹੱਥੋਂ ਧਰੂਹ ਕੇ ਪੂਰੇ ਜ਼ੋਰ ਨਾਲ ਉਸ ਦੇ ਮੂੰਹ 'ਤੇ ਚਲਾ ਮਾਰੇ। ਵਿਹੜੇ ਵਿੱਚ ਪਈ ਬੈਂਤ ਦੀ ਸੋਟੀ ਚੁੱਕ ਬਿਨਾਂ ਕੁਝ ਬੋਲਿਆਂ, ਧੈਂ-ਧੈਂ ਕਰ ਕਾਦਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨਾ ਚਿਰ ਕੁੱਟਦਾ ਰਿਹਾ, ਜਿੰਨਾ ਚਿਰ ਆਪ ਹਫ਼ ਕੇ ਡਿੱਗ ਨੀ ਪਿਆ। ਉਸ ਨੇ ਕਾਦਰੀ ਨੂੰ ਘਰੋਂ ਨਿਕਲ ਜਾਣ ਅਤੇ ਸਾਰੀ ਉਮਰ ਮੱਥੇ ਨਾ ਲੱਗਣ ਦਾ ਹੁਕਮ ਸੁਣਾ ਦਿੱਤਾ।

ਇਸ ਘਟਨਾ ਤੋਂ ਬਾਅਦ ਪੀਰੂ ਮੰਜੇ 'ਤੇ ਐਸਾ ਡਿੱਗਿਆ ਫੇਰ ਉੱਠ ਨਾ ਸਕਿਆ। ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ। ਪੰਦਰਵੇਂ ਦਿਨ ਪੀਰੂ ਦੇ ਘਰੋਂ ਹਰੀਪੁਰੀਏ ਰਲੇ ਅਤੇ ਢੇਰੀਆਂ ਵਾਲੇ ਅੱਲਾ ਦਿੱਤੇ ਦੇ ਰੋਣ ਦੀਆਂ ਆਵਾਜ਼ਾਂ ਲੋਕਾਂ ਨੇ ਸੁਣੀਆਂ। ਪੀਰੂ ਦੀ ਮੌਤ 'ਤੇ ਜਿਵੇਂ ਸਾਰਾ ਪਿੰਡ ਈ ਮਸੋਸਿਆ ਗਿਆ ਸੀ। ਛੇਤੀ ਪਿੱਛੋਂ ਢੇਰੀਆਂ ਵਾਲਾ ਅੱਲਾ ਦਿੱਤਾ ਵੀ ਪੀਰੂ ਦੇ ਮਗਰ ਤੁਰ ਗਿਆ। ਪੀਰੂ ਦੀ ਟੋਲੀ ਵਿਚੋਂ ਹਰੀਪੁਰੀਆ ਰਲਾ ਈ ਰਹਿ ਗਿਆ ਸੀ।

"ਕਾਹਦੀਆਂ ਗੱਲਾਂ? ਪੀਰੂ ਰੌਣਕਾਂ ਈ ਲੈ ਗਿਆ ਪਿੰਡ ਦੀਆਂ ਆਵਦੇ ਨਾਲ। ਪੀਰੂ ਦੀ ਨਹੀਂ ਸਾਰੰਗੀ ਦੀ ਮੌਤ ਹੋ ਗਈ ਐ।" ਪੀਰੂ ਦੀ ਸਾਰੰਗੀ ਸੁਣਨ ਤੋਂ ਤਰਸ ਗਏ ਲੋਕ ਗੱਲਾਂ ਕਰਦੇ।
"ਪੁੱਤ ਦੇਵ ਸਿਆਂ, ਆਜਾ ਥੱਲੇ। ਸੌਂ ਜਾ। ਸੁਬ੍ਹਾ ਫੇਰ ਸਾਝਰੇ ਜਾਣਾ ਹੋਊ ਕੰਮ 'ਤੇ।" ਬਾਪੂ ਨੇ ਕਾਫ਼ੀ ਉਡੀਕ ਬਾਅਦ ਮੈਨੂੰ ਦੁਬਾਰਾ ਆਵਾਜ਼ ਦੇ ਦਿੱਤੀ ਸੀ। ਮੈਂ ਚੁੱਪ-ਚਾਪ ਥੱਲੇ ਉੱਤਰ ਆਇਆ।

"ਕੈਅ ਸਾਲ ਹੋਗੇ ਪੀਰੂ ਮਰੇ ਨੂੰ, ਜਦੋਂ ਦਾ ਪੀਰੂ ਮਰਿਆ ਇਹ ਏਸੇ ਤਰ੍ਹਾਂ ਟਿਕੀ ਰਾਤ ਨੂੰ ਲਗੋਜ਼ੇ ਵਜਾਉਣ ਲੱਗ ਜਾਂਦੈ। ਲੋਕ ਕਹਿੰਦੇ ਅਖੇ ਪੀਰੂ ਦੀ ਰੂਹ ਰਲੇ 'ਚ ਆ ਵੜੀ। ਨਹੀਂ ਆਏਂ ਭਲਾ ਲਗੋਜ਼ੇ ਦੀਆਂ ਸੁਰਾਂ ਵਿੱਚ ਐਨਾ ਰਸ ਕਿਮੇ ਆਜੂ ?" ਬਾਪੂ ਆਖ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ