Sattar Hunar Vi Ghatt : Uzbek Lok Kahani

ਸੱਤਰ ਹੁਨਰ ਵੀ ਘੱਟ : ਉਜ਼ਬੇਕ ਲੋਕ ਕਹਾਣੀ

ਪੁਰਾਣੇ ਜ਼ਮਾਨੇ ਦੀ ਗੱਲ ਹੈ। ਕਿਸੇ ਥਾਂ ਇੱਕ ਆਦਮੀ ਰਹਿੰਦਾ ਸੀ। ਉਸ ਕੋਲ ਤਿੰਨ ਸੌ ਅਸ਼ਰਫ਼ੀਆਂ ਸਨ। ਇੱਕ ਦਿਨ ਉਸ ਆਦਮੀ ਨੇ ਆਪਣੇ ਇਕਲੌਤੇ ਬੇਟੇ, ਜਿਸ ਦਾ ਨਾਂ ਅਲੀ ਸੀ, ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ: “ਬੇਟੇ! ਤੂੰ ਜਵਾਨ ਹੋ ਗਿਆ ਹੈਂ ਤੇ ਮੈਂ ਬੁੱਢਾ ਹੋ ਚੁੱਕਾ ਹਾਂ। ਮੈਂ ਚਾਹੁੰਦਾ ਹਾਂ ਕਿ ਮਰਨ ਤੋਂ ਪਹਿਲਾਂ ਤੈਨੂੰ ਵਪਾਰ ਦਾ ਕੰਮ ਸਿਖਾ ਦਿਆਂ। ਤੂੰ ਕੱਲ੍ਹ ਹੀ ਵਪਾਰੀਆਂ ਦੇ ਇੱਕ ਕਾਫ਼ਲੇ ਨਾਲ ਚਲਾ ਜਾ। ਮੈਂ ਤੈਨੂੰ ਸੌ ਅਸ਼ਰਫ਼ੀਆਂ ਦਿੰਦਾ ਹਾਂ। ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਤੂੰ ਇਸ ਰਕਮ ਨੂੰ ਫ਼ਜ਼ੂਲ ਜਿਹੀਆਂ ਚੀਜ਼ਾਂ ਉਤੇ ਨਾ ਖਰਚ ਦੇਈਂ। ਇਸ ਨਾਲ ਚੰਗੀਆਂ ਚੰਗੀਆਂ ਚੀਜ਼ਾਂ ਖ਼ਰੀਦ ਲਈਂ ਤਾਂ ਕਿ ਉਨ੍ਹਾਂ ਨੂੰ ਇੱਥੇ ਲਿਆ ਕੇ ਚੰਗੇ ਭਾਅ ਵੇਚ ਸਕੇਂ।”
ਅਲੀ ਜਾਨ ਦੀ ਉਮਰ ਅਜੇ ਅਠਾਰਾਂ ਸਾਲ ਦੀ ਹੋਈ ਸੀ। ਉਹ ਬੜਾ ਨੇਕ, ਹੁਸ਼ਿਆਰ ਅਤੇ ਸਮਝਦਾਰ ਲੜਕਾ ਸੀ। ਵਪਾਰ ਦਾ ਉਸ ਨੂੰ ਕੋਈ ਸ਼ੌਕ ਨਹੀਂ ਸੀ। ਉਸ ਦੀ ਇੱਛਾ ਸੀ ਕਿ ਉਹ ਕੋਈ ਅਜਿਹਾ ਹੁਨਰ ਸਿੱਖ ਲਏ ਜਿਸ ਨਾਲ ਆਪਣੀਆਂ ਬਾਹਾਂ ਦੇ ਜ਼ੋਰ ਉਤੇ ਜ਼ਿੰਦਗੀ ਗੁਜ਼ਾਰ ਸਕੇ।
ਲੇਕਿਨ ਜਦੋਂ ਉਸ ਦੇ ਬੁੱਢੇ ਬਾਪ ਨੇ ਵਪਾਰ ਦਾ ਕੰਮ ਅਪਣਾਉਣ ਨੂੰ ਕਿਹਾ ਤਾਂ ਉਸ ਨਾਲ ਬਹਿਸ ਕਰਨ ਦੀ ਉਸ ਦੀ ਹਿੰਮਤ ਨਾ ਪਈ। ਮੁਕਦੀ ਗੱਲ, ਉਸ ਨੇ ਅਸ਼ਰਫ਼ੀਆਂ ਲੈ ਲਈਆਂ ਤੇ ਅਗਲੇ ਹੀ ਦਿਨ ਵਪਾਰੀਆਂ ਦੇ ਇੱਕ ਕਾਫ਼ਲੇ ਨਾਲ ਸਫ਼ਰ ਉਤੇ ਚੱਲ ਪਿਆ।
ਕਈ ਦਿਨਾਂ ਮਗਰੋਂ ਵਪਾਰੀਆਂ ਦਾ ਇਹ ਕਾਫ਼ਲਾ ਇੱਕ ਸ਼ਹਿਰ ਵਿੱਚ ਪਹੁੰਚਿਆ ਅਤੇ ਇੱਕ ਕਾਰਵਾਂ-ਸਰਾਂ ਵਿੱਚ ਠਹਿਰਿਆ। ਉਸ ਸ਼ਹਿਰ ਵਿੱਚ ਇੱਕ ਵੱਡਾ ਸਾਰਾ ਪਾਰਕ ਸੀ। ਉਸੇ ਰਾਤ ਅਲੀ ਜਾਨ ਉਸ ਪਾਰਕ ਦੀ ਸੈਰ ਕਰਨ ਗਿਆ ਅਤੇ ਉਥੇ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਹਜ਼ਾਰਾਂ ਬਲਬ ਜਗਮਗਾ ਰਹੇ ਹਨ। ਸਾਰਾ ਪਾਰਕ ਦਿਨ ਦੀ ਤਰ੍ਹਾਂ ਚਮਕ ਰਿਹਾ ਹੈ। ਇੱਕ ਪਾਸੇ ਦਰਖ਼ਤਾਂ ਹੇਠ ਇੱਕ ਇਮਾਰਤ ਹੈ, ਜੋ ਚਾਰੇ ਪਾਸਿਓਂ ਖੁੱਲ੍ਹੀ ਹੋਈ ਹੈ। ਉਸ ਦਾ ਫ਼ਰਸ਼ ਮਰ-ਮਰ ਦਾ ਹੈ ਅਤੇ ਕਈ ਉੱਚੇ-ਉੱਚੇ ਤੇ ਮੋਟੇ-ਮੋਟੇ ਥਮ੍ਹਲੇ ਛੱਤ ਨੂੰ ਸਹਾਰਾ ਦੇਈ ਖੜ੍ਹੇ ਹਨ। ਛੱਤ ਵਿੱਚ ਵੱਖ-ਵੱਖ ਰੰਗਾਂ ਵਿੱਚ ਚਿੱਤਰ ਬਣੇ ਹੋਏ ਹਨ। ਫ਼ਰਸ਼ ਉਤੇ ਕਾਲੀਨ ਵਿਛਿਆ ਹੈ ਅਤੇ ਉਸ ਉਤੇ ਥਾਂ-ਥਾਂ ਸੋਨੇ, ਚਾਂਦੀ ਅਤੇ ਲਾਲਾਂ ਨਾਲ ਜੜੀਆਂ ਛੋਟੀਆਂ-ਛੋਟੀਆਂ ਮੇਜ਼ਾਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਉਤੇ ਜਵਾਹਰਾਤ ਦੀਆਂ ਬਣੀਆਂ ਹੋਈਆਂ ਵੱਖ-ਵੱਖ ਸ਼ਕਲਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਚਿਣੀਆਂ ਹੋਈਆਂ ਹਨ। ਇੱਕੋ ਜਿਹੇ ਕਪੜੇ ਪਹਿਨੇ ਹੋਏ ਕੋਈ ਸੌ ਤੋਂ ਜ਼ਿਆਦਾ ਨੌਜਵਾਨ ਦੋ-ਦੋ ਦੀਆਂ ਟੋਲੀਆਂ ਵਿੱਚ ਵੰਡੇ ਹੋਏ ਮੇਜ਼ਾਂ ਦੁਆਲੇ ਬੈਠੇ ਹਨ ਅਤੇ ਉਨ੍ਹਾਂ ਚਿਣੀਆਂ ਹੋਈਆਂ ਚੀਜ਼ਾਂ ਨੂੰ ਇੱਧਰ-ਉੱਧਰ ਸਰਕਾ ਰਹੇ ਹਨ। ਲੋਹੇ ਦੀਆਂ ਸਲਾਖਾਂ ਦੇ ਬਣੇ ਹੋਏ ਇੱਕ ਜੰਗਲੇ ਰਾਹੀਂ ਇਹ ਜਗ੍ਹਾ ਬਾਕੀ ਪਾਰਕ ਤੋਂ ਅਲੱਗ ਕਰ ਦਿੱਤੀ ਗਈ ਸੀ।
ਅਲੀ ਜਾਨ ਜੰਗਲੇ ਕੋਲ ਖੜ੍ਹਾ ਹੋ ਕੇ ਬੜੀ ਹੈਰਾਨੀ ਨਾਲ ਇਹ ਤਮਾਸ਼ਾ ਦੇਖਣ ਲੱਗਿਆ। ਕਈ ਘੰਟੇ ਲੰਘ ਗਏ, ਲੇਕਿਨ ਬੁੱਤ ਬਣਿਆ ਖੜ੍ਹਾ ਅਲੀ ਜਾਨ ਅਜੀਬੋ-ਗ਼ਰੀਬ ਤਮਾਸ਼ਾ ਦੇਖਦਾ ਰਿਹਾ।
ਅੰਤ ਵਿੱਚ ਪਾਰਕ ਦੀ ਦੇਖ-ਭਾਲ ਕਰਨ ਵਾਲੇ ਇੱਕ ਆਦਮੀ ਨੇ ਉਸ ਨੂੰ ਦੇਖ ਲਿਆ ਅਤੇ ਉਸ ਦੇ ਕੋਲ ਆ ਕੇ ਪੁੱਛਿਆ:
“ਸਾਹਬਜ਼ਾਦੇ! ਤੁਸੀਂ ਇੱਥੇ ਕਿਉਂ ਖੜ੍ਹੇ ਹੋ? ਆਖ਼ਰ ਕਿਹੜੀ ਗੱਲ ’ਤੇ ਹੈਰਾਨ ਹੋ ਰਹੇ ਹੋ?
“ਇਹ ਲੋਕ ਕੌਣ ਹਨ ਅਤੇ ਕੀ ਕਰ ਰਹੇ ਹਨ?” ਅਲੀ ਜਾਨ ਨੇ ਜੋਸ਼ ਨਾਲ ਪੁੱਛਿਆ।
“ਇਹ ਨੌਜਵਾਨ ਲੋਕ ਪੂਰੇ ਇੱਕ ਮਹੀਨੇ ਤੋਂ ਸ਼ਤਰੰਜਬਾਜ਼ੀ ਦੀ ਕਲਾ ਸਿੱਖ ਰਹੇ ਹਨ।” ਉਸ ਆਦਮੀ ਨੇ ਦੱਸਿਆ।
“ਕੀ ਮੈਂ ਵੀ ਇਸ ਦਰਗਾਹ ਵਿੱਚ ਦਾਖ਼ਲ ਹੋ ਸਕਦਾ ਹਾਂ? ਇਸ ਦਾ ਤਰੀਕਾ ਕੀ ਹੈ?” ਅਲੀ ਜਾਨ ਨੇ ਪੁੱਛਿਆ।
ਉਸ ਆਦਮੀ ਨੇ ਜਵਾਬ ਦਿੱਤਾ:
“ਸੌ ਅਸ਼ਰਫ਼ੀਆਂ ਦੇਣੀਆਂ ਪੈਣਗੀਆਂ ਤੇ ਬਸ।”
ਸੌ ਅਸ਼ਰਫ਼ੀਆਂ ਦੇ ਕੇ ਅਲੀ ਜਾਨ ਸ਼ਤਰੰਜਬਾਜ਼ੀ ਦੇ ਸਕੂਲ ਵਿੱਚ ਦਾਖ਼ਲ ਹੋ ਗਿਆ। ਥੋੜ੍ਹੇ ਹੀ ਦਿਨਾਂ ਵਿੱਚ ਉਹ ਸ਼ਤਰੰਜ ਖੇਡਣ ਵਿੱਚ ਇੰਨਾ ਮਾਹਰ ਹੋ ਗਿਆ ਕਿ ਉਸਤਾਦਾਂ ਤੋਂ ਵੀ ਅੱਗੇ ਨਿਕਲਣ ਲੱਗਾ। ਇੱਕ ਸਾਲ ਬਾਅਦ ਸ਼ਤਰੰਜਬਾਜ਼ੀ ਦੀ ਸਿਖਲਾਈ ਪੂਰੀ ਹੋ ਗਈ ਅਤੇ ਨੌਜਵਾਨ ਸਕੂਲ ਛੱਡ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲੱਗੇ। ਅਲੀ ਜਾਨ ਉਦਾਸ ਹੋ ਕੇ ਸੋਚਣ ਲੱਗਾ ਕਿ ਹੁਣ ਮੈਂ ਬਿਨਾਂ ਪੈਸਿਆਂ ਦੇ ਕਿੱਥੇ ਜਾਵਾਂਗਾ। ਉਸਤਾਦ ਨੂੰ ਉਸ ਉੱਪਰ ਰਹਿਮ ਆ ਗਿਆ ਤੇ ਉਸ ਨੇ ਇਕ ਅਸ਼ਰਫ਼ੀ ਦੇ ਕੇ ਉਸ ਨੂੰ ਇੱਕ ਕਾਫ਼ਲੇ ਨਾਲ ਘਰ ਨੂੰ ਤੋਰ ਦਿੱਤਾ।
ਅਲੀ ਜਾਨ ਖ਼ਾਲੀ ਹੱਥ ਘਰ ਪਰਤ ਆਇਆ, ਜਿਸ ਕਰਕੇ ਉਸ ਦੇ ਬਾਪ ਨੂੰ ਬੜਾ ਦੁੱਖ ਹੋਇਆ।
ਉਸ ਤੋਂ ਬਾਅਦ ਇੱਕ ਸਾਲ ਲੰਘ ਗਿਆ। ਇੱਕ ਦਿਨ ਬਾਪ ਨੇ ਅਲੀ ਜਾਨ ਨੂੰ ਫਿਰ ਆਪਣੇ ਕੋਲ ਬੁਲਾਇਆ। ਉਸ ਨੇ ਬੇਟੇ ਨੂੰ ਬਹੁਤ ਸਾਰੀਆਂ ਨਸੀਹਤਾਂ ਕੀਤੀਆਂ ਤੇ ਸੌ ਅਸ਼ਰਫ਼ੀਆਂ ਦੇ ਕੇ ਉਸ ਨੂੰ ਸੁਦਾਗਰਾਂ ਦੇ ਇੱਕ ਕਾਫ਼ਲੇ ਨਾਲ ਭੇਜ ਦਿੱਤਾ।
ਸੁਦਾਗਰਾਂ ਦਾ ਇਹ ਕਾਫ਼ਲਾ ਫਿਰ ਉਸੇ ਸ਼ਹਿਰ ਵਿੱਚ ਆਇਆ। ਅਲੀ ਜਾਨ ਨੇ ਦਿਲ ਵਿੱਚ ਇਹ ਧਾਰ ਲਈ ਕਿ ਹੁਣ ਅਸ਼ਰਫ਼ੀਆਂ ਬੇਕਾਰ ਦੀਆਂ ਗੱਲਾਂ ਵਿੱਚ ਖ਼ਰਚ ਨਹੀਂ ਕਰਾਂਗਾ।
ਉਸੇ ਦਿਨ ਸ਼ਾਮ ਨੂੰ ਉਹ ਸ਼ਹਿਰ ਦੀ ਸੈਰ ਕਰਨ ਨਿਕਲਿਆ। ਘੁੰਮਦੇ ਫਿਰਦੇ ਉਹ ਉਸੇ ਪਾਰਕ ਤੱਕ ਪਹੁੰਚਿਆ। ਪਾਰਕ ਦੇ ਅੰਦਰੋਂ ਕੋਈ ਪਿਆਰਾ ਜਿਹਾ ਗੀਤ ਸੁਣਾਈ ਦੇ ਰਿਹਾ ਸੀ। ਅੰਦਰ ਜਾਣ ਉਤੇ ਅਲੀ ਜਾਨ ਨੇ ਦੇਖਿਆ ਕਿ ਜਿਸ ਜਗ੍ਹਾ ਉਸ ਨੇ ਇੱਕ ਸਾਲ ਪਹਿਲਾਂ ਸ਼ਤਰੰਜਬਾਜ਼ੀ ਦੀ ਕਲਾ ਸਿੱਖੀ ਸੀ, ਬਹੁਤ ਸਾਰੇ ਨੌਜਵਾਨ ਬੈਠੇ ਵੱਖ-ਵੱਖ ਵਾਜੇ ਵਜਾਉਣਾ ਸਿੱਖ ਰਹੇ ਹਨ। ਉਸ ਨੇ ਉਸੇ ਵੇਲੇ ਆਪਣੇ ਬਾਪ ਦੀਆਂ ਸਾਰੀਆਂ ਨਸੀਹਤਾਂ ਭੁਲਾ ਦਿੱਤੀਆਂ। ਸੌ ਦੀਆਂ ਸੌ ਅਸ਼ਰਫ਼ੀਆਂ ਜੇਬ ਵਿੱਚੋਂ ਕੱਢ ਕੇ ਸਕੂਲ ਚਲਾਉਣ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਅਤੇ ਸਾਜ਼ ਵਜਾਉਣ ਦੇ ਸਬਕ ਲੈਣ ਲੱਗਿਆ। ਥੋੜ੍ਹੇ ਹੀ ਦਿਨਾਂ ਵਿੱਚ ਉਸ ਨੇ ਏਨੀ ਮੁਹਾਰਤ ਹਾਸਲ ਕਰ ਲਈ ਕਿ ਆਪਣੇ ਉਸਤਾਦਾਂ ਤੋਂ ਵੀ ਅੱਗੇ ਨਿਕਲ ਗਿਆ।
ਇੱਕ ਸਾਲ ਮਗਰੋਂ ਜਦੋਂ ਸਿਖਲਾਈ ਖ਼ਤਮ ਹੋਈ ਅਤੇ ਸਕੂਲ ਬੰਦ ਹੋ ਗਿਆ ਤਾਂ ਅਲੀ ਜਾਨ ਉਦਾਸ ਹੋ ਕੇ ਸੋਚਣ ਲੱਗਾ ਕਿ ਹੁਣ ਘਰ ਪਿਤਾ ਜੀ ਕੋਲ ਕੀ ਮੂੰਹ ਲੈ ਕੇ ਜਾਵਾਂਗਾ ਤੇ ਪੈਸਿਆਂ ਬਗ਼ੈਰ ਪਹੁੰਚ ਵੀ ਕਿਵੇਂ ਸਕਾਂਗਾ ਲੇਕਿਨ ਉਸ ਉਤੇ ਰਹਿਮ ਖਾ ਕੇ ਉਸਤਾਦ ਨੇ ਉਸ ਨੂੰ ਦੋ ਅਸ਼ਰਫ਼ੀਆਂ ਦੇ ਦਿੱਤੀਆਂ ਅਤੇ ਉਸ ਨੂੰ ਵਪਾਰੀਆਂ ਦੇ ਇੱਕ ਕਾਫ਼ਲੇ ਨਾਲ ਘਰ ਨੂੰ ਭੇਜ ਦਿੱਤਾ।
ਅਲੀ ਜਾਨ ਵਾਪਸ ਘਰ ਆ ਗਿਆ। ਉਸ ਦੇ ਪਰਤ ਆਉਣ ’ਤੇ ਉਸ ਦਾ ਬਾਪ ਖ਼ੁਸ਼ ਤਾਂ ਹੋਇਆ, ਲੇਕਿਨ ਬੇਟੇ ਨੂੰ ਫਿਰ ਖਾਲੀ ਹੱਥ ਦੇਖ ਕੇ ਬੁੱਢੇ ਨੂੰ ਬਹੁਤ ਗ਼ੁੱਸਾ ਆਇਆ ਅਤੇ ਉਸ ਨੇ ਬੇਟੇ ਨੂੰ ਖ਼ੂਬ ਝਿੜਕਿਆ।
ਇੱਕ ਸਾਲ ਹੋਰ ਲੰਘ ਗਿਆ। ਬੁੱਢੇ ਨੇ ਆਪਣੀਆਂ ਬਚੀਆਂ-ਖੁਚੀਆਂ ਸੌ ਅਸ਼ਰਫ਼ੀਆਂ ਬੇਟੇ ਨੂੰ ਦੇ ਕੇ ਉਸ ਨੂੰ ਕਿਹਾ:
“ਦੇਖ ਪੁੱਤਰਾ, ਜੇ ਤੂੰ ਇਨ੍ਹਾਂ ਸੌ ਅਸ਼ਰਫ਼ੀਆਂ ਨੂੰ ਵੀ ਇੱਧਰ-ਉੱਧਰ ਉਡਾ ਦਿੱਤਾ ਤਾਂ ਅਸੀਂ ਬਿਲਕੁਲ ਕੰਗਾਲ ਹੋ ਜਾਵਾਂਗੇ। ਰੋਟੀ ਦੇ ਇੱਕ-ਇੱਕ ਟੁਕੜੇ ਨੂੰ ਤਰਸਾਂਗੇ। ਬੇਘਰ ਹੋ ਕੇ ਸੜਕਾਂ ਦੀ ਧੂੜ ਫੱਕਦੇ ਫਿਰਾਂਗੇ।”
ਅਲੀ ਜਾਨ ਨੇ ਸਹੁੰ ਖਾ ਕੇ ਕਿਹਾ:
“ਹੁਣ ਮੈਂ ਫ਼ਜ਼ੂਲ ਖ਼ਰਚੀ ਨਹੀਂ ਕਰਾਂਗਾ। ਸਾਰੀ ਰਕਮ ਨਾਲ ਚੰਗਾ ਜਿਹਾ ਮਾਲ ਖ਼ਰੀਦ ਕੇ ਲਿਆਵਾਂਗਾ।”
ਬੁੱਢੇ ਨੂੰ ਕੁਝ ਤਸੱਲੀ ਹੋਈ ਅਤੇ ਉਸ ਨੇ ਅਲੀ ਜਾਨ ਨੂੰ ਇੱਕ ਕਾਫ਼ਲੇ ਨਾਲ ਭੇਜ ਦਿੱਤਾ।
ਅਲੀ ਜਾਨ ਫਿਰ ਉਸੇ ਵੱਡੇ ਸ਼ਹਿਰ ਵਿੱਚ ਪਹੁੰਚਿਆ। ਉਥੇ ਉਹ ਸਭ ਤੋਂ ਪਹਿਲੇ ਹਮਾਮ ਵਿੱਚ ਵੜਿਆ ਤਾਂ ਕਿ ਰਾਹ ਦਾ ਸਾਰਾ ਮਿੱਟੀ ਘੱਟਾ ਆਪਣੇ ਸਰੀਰ ਤੋਂ ਧੋ ਦੇਵੇ।
ਹਮਾਮ ਤੋਂ ਮੁੜਦੇ ਸਮੇਂ ਜਦੋਂ ਜਾਣੇ ਪਛਾਣੇ ਬਾਗ਼ੇ ਕੋਲੋਂ ਲੰਘਣ ਲੱਗਾ ਤਾਂ ਉਸ ਨੇ ਸੋਚਿਆ ਕਿ ਚਲੋ, ਇੱਕ ਨਜ਼ਰ ਬਾਗ਼ ਨੂੰ ਦੇਖ ਲਈਏ। ਬਸ ਫਿਰ ਕੀ ਸੀ। ਉਸ ਨੇ ਆਪਣੇ ਆਪ ਨੂੰ ਬਾਗ਼ ਦੇ ਵਿਚਕਾਰ ਖੜ੍ਹਾ ਦੇਖਿਆ। ਉਥੇ ਦੇਖਦਾ ਹੈ ਕਿ ਉਸੇ ਮਰ-ਮਰ ਦੇ ਚਬੂਤਰੇ ਉਤੇ ਜਿੱਥੇ ਉਸ ਨੇ ਸ਼ਤਰੰਜ ਖੇਡਣਾ ਅਤੇ ਸਾਜ਼ ਵਜਾਉਣਾ ਸਿੱਖਿਆ ਸੀ, ਬਹੁਤ ਸਾਰੇ ਜਵਾਨ ਲੜਕੇ ਲਿਖਣ ਪੜ੍ਹਨ ਦਾ ਸਬਕ ਲੈ ਰਹੇ ਹਨ। ਉਸ ਨੇ ਸੋਚਿਆ: “ਸ਼ਤਰੰਜ ਅਤੇ ਵਾਜੇ ਵਜਾਉਣਾ ਤਾਂ ਮੈਂ ਸਿੱਖ ਗਿਆ ਹਾਂ, ਲੇਕਿਨ ਮੈਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ। ਭਾਵੇਂ ਕੰਗਾਲ ਹੀ ਕਿਉਂ ਨਾ ਹੋ ਜਾਵਾਂ ਮੈਂ ਲਿਖਣਾ ਪੜ੍ਹਨਾ ਜ਼ਰੂਰ ਸਿੱਖਾਂਗਾ।”
ਇਹ ਸੋਚ ਕੇ ਉਸ ਨੇ ਆਪਣੀਆਂ ਸੌ ਅਸ਼ਰਫ਼ੀਆਂ ਕੱਢ ਕੇ ਦੇ ਦਿੱਤੀਆਂ ਅਤੇ ਉਨ੍ਹਾਂ ਨਾਲ ਬੈਠ ਕੇ ਲਿਖਣਾ ਪੜ੍ਹਨਾ ਸਿੱਖਣ ਲੱਗਾ।
ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰਦਾ ਗਿਆ ਅਤੇ ਥੋੜ੍ਹੇ ਹੀ ਦਿਨਾਂ ਵਿੱਚ ਤਾਲੀਮ ਹਾਸਲ ਕਰ ਲਈ। ਲੇਕਿਨ ਇੱਕ ਵਾਰ ਫਿਰ ਉਹੋ ਸਵਾਲ ਖੜ੍ਹਾ ਹੋਇਆ ਕਿ ਪੈਸਿਆਂ ਬਿਨਾਂ ਹੁਣ ਕੀ ਕੀਤਾ ਜਾਏ। ਉਸਤਾਦ ਨੇ ਰਹਿਮ ਖਾ ਕੇ ਉਸ ਨੂੰ ਆਪਣੇ ਕੋਲੋਂ ਤਿੰਨ ਅਸ਼ਰਫ਼ੀਆਂ ਦਿੱਤੀਆਂ ਅਤੇ ਉਸ ਨੂੰ ਇੱਕ ਕਾਫ਼ਲੇ ਨਾਲ ਘਰ ਭੇਜ ਦਿੱਤਾ।
ਲੇਕਿਨ ਅਲੀ ਜਾਨ ਦੀ ਹੁਣ ਖ਼ਾਲੀ ਹੱਥ ਘਰ ਪਰਤਣ ਦੀ ਹਿੰਮਤ ਨਾ ਹੋਈ। ਇੱਕ ਸੁਦਾਗਰ ਦੂਰ ਦੇ ਕਿਸੇ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਆਪਣਾ ਸਾਰਾ ਸਮਾਨ ਊਠਾਂ ਉਤੇ ਲਦਵਾ ਚੁੱਕਿਆ ਸੀ। ਅਲੀ ਜਾਨ ਨੇ ਉਸ ਸੁਦਾਗਰ ਕੋਲ ਨੌਕਰੀ ਕਰ ਲਈ। ਮੂੰਹ ਹਨੇਰੇ ਕਾਫ਼ਲਾ ਚੱਲ ਪਿਆ। ਰਾਹੀ ਦਿਨ ਰਾਤ ਲਗਾਤਾਰ ਚਲਦੇ ਰਹੇ, ਪਰ ਕਿਤੇ ਪਾਣੀ ਦਿਖਾਈ ਨਾ ਦਿੱਤਾ। ਚਲਦੇ-ਚਲਦੇ ਆਖ਼ਰ ਉਹ ਇੱਕ ਖੂਹ ਤੱਕ ਪਹੁੰਚੇ। ਖੂਹ ਬਹੁਤ ਡੂੰਘਾ ਸੀ ਅਤੇ ਉਸ ਵਿੱਚ ਬਹੁਤ ਥੋੜ੍ਹਾ ਜਿਹਾ ਪਾਣੀ ਸੀ। ਆਪਣੇ ਮਾਲਕ ਦੇ ਕਹਿਣ ਉਤੇ ਅਲੀ ਜਾਨ ਕਿਸੇ ਤਰ੍ਹਾਂ ਉਸ ਖੂਹ ਵਿੱਚ ਹੇਠਾਂ ਉਤਰ ਗਿਆ। ਉਸ ਨੇ ਮਸ਼ਕ ਵਿੱਚ ਪਾਣੀ ਭਰ ਲਿਆ ਅਤੇ ਉਪਰ ਚੜ੍ਹਨ ਦੀ ਸੋਚ ਹੀ ਰਿਹਾ ਸੀ ਕਿ ਅਚਾਨਕ ਖੂਹ ਦੀ ਕੰਧ ਵਿੱਚ ਬਣੇ ਹੋਏ ਇੱਕ ਛੋਟੇ ਜਿਹੇ ਦਰਵਾਜ਼ੇ ਉਤੇ ਉਸ ਦੀ ਨਜ਼ਰ ਪਈ। ਉਸ ਨੇ ਮਸ਼ਕ ਉਥੇ ਹੀ ਰੱਖ ਦਿੱਤੀ ਅਤੇ ਦਰਵਾਜ਼ੇ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਅੰਦਰ ਝਾਕਿਆ। ਦੇਖਦਾ ਕੀ ਹੈ ਕਿ ਇੱਕ ਵੱਡਾ ਸਾਰਾ ਰੋਸ਼ਨੀ ਨਾਲ ਭਰਿਆ ਹੋਇਆ ਕਮਰਾ ਹੈ। ਫ਼ਰਸ਼ ਉਤੇ ਕਾਲੀਨ ਵਿਛਿਆ ਹੈ, ਜਿਸ ਉਤੇ ਇੱਕ ਬੁੱਢਾ ਆਦਮੀ ਆਪਣਾ ਸਿਰ ਝੁਕਾਈ ਬਹੁਤ ਉਦਾਸ ਬੈਠਾ ਹੈ ਅਤੇ ਉਸ ਦੇ ਹੱਥ ਵਿੱਚ ਇੱਕ ਵਾਇਲਿਨ ਹੈ। ਇਹ ਸਭ ਦੇਖ ਕੇ ਅਲੀ ਜਾਨ ਜ਼ਰਾ ਵੀ ਨਾ ਘਬਰਾਇਆ। ਉਹ ਹੌਲੀ-ਹੌਲੀ ਬੁੱਢੇ ਕੋਲ ਗਿਆ ਅਤੇ ਉਸ ਦੇ ਹੱਥੋਂ ਵਾਇਲਿਨ ਲੈ ਕੇ ਉਸ ਨੂੰ ਵਜਾਉਣ ਲੱਗਿਆ। ਤਾਰਾਂ ਦੀ ਪਿਆਰੀ ਟੁਣਕਾਰ ਤੇ ਗੀਤ ਸੁਣ ਕੇ ਬੁੱਢੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਕਿਸੇ ਵੱਡੀ ਤਸੱਲੀ ਨਾਲ ਡੂੰਘਾ ਸਾਹ ਲਿਆ। ਉਸ ਨੇ ਇੱਧਰ-ਉੱਧਰ ਨਜ਼ਰ ਮਾਰੀ ਤੇ ਅਲੀ ਜਾਨ ਨੂੰ ਦੇਖਿਆ ਤਾਂ ਗੋਡਿਆਂ ਦੇ ਭਾਰ ਚਲਦਾ ਹੋਇਆ ਉਸ ਦੇ ਕੋਲ ਆਇਆ ਅਤੇ ਉਸ ਦੇ ਸਿਰ ਉਪਰ ਪਿਆਰ ਨਾਲ ਹੱਥ ਫੇਰਦੇ ਹੋਏ ਉਸ ਨੂੰ ਪੁੱਛਿਆ:
“ਐ ਆਦਮ ਜ਼ਾਤ! ਤੂੰ ਇੱਥੇ ਕਿਵੇਂ ਆ ਗਿਆ?”
ਅਲੀ ਜਾਨ ਨੇ ਉਸ ਨੂੰ ਸਾਰਾ ਕਿੱਸਾ ਕਹਿ ਸੁਣਾਇਆ। ਫਿਰ ਉਸ ਨੂੰ ਕਾਫ਼ਲਾ ਯਾਦ ਆ ਗਿਆ ਤੇ ਉਹ ਜਾਣ ਲੱਗਿਆ। ਬੁੱਢੇ ਨੇ ਉਸ ਨੂੰ ਰੋਕ ਕੇ ਕਿਹਾ:
“ਤੇਰੀ ਸਭ ਤੋਂ ਵੱਡੀ ਇੱਛਾ ਕੀ ਹੈ? ਮੈਂ ਤੇਰੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਹਾਂ।”
ਅਲੀ ਜਾਨ ਬੁੱਢੇ ਵੱਲ ਬੜੀ ਹੈਰਾਨੀ ਨਾਲ ਵੇਖਣ ਲੱਗਿਆ।
“ਮੇਰਾ ਇਕਲੌਤਾ ਬੇਟਾ ਮਰ ਗਿਆ ਹੈ” ਬੁੱਢੇ ਨੇ ਦੱਸਿਆ, “ਪੰਜ ਦਿਨ ਹੋਏ ਉਹ ਮੈਨੂੰ ਇਕੱਲਾ ਛੱਡ ਕੇ ਇਸ ਦੁਨੀਆਂ ਤੋਂ ਚਲਾ ਗਿਆ ਹੈ। ਮੈਂ ਗ਼ਮ ਵਿੱਚ ਡੁੱਬਿਆ ਖ਼ੁਦ ਵੀ ਮਰਨ ਨੂੰ ਤਿਆਰ ਹੋ ਗਿਆ। ਕਿਸੇ ਤਰ੍ਹਾਂ ਆਪਣਾ ਗ਼ਮ ਦੂਰ ਕਰਨ ਲਈ ਮੈਂ ਵਾਇਲਿਨ ਚੁੱਕ ਲਈ। ਲੇਕਿਨ ਇਸ ਨੂੰ ਵਜਾਉਣਾ ਮੈਨੂੰ ਨਹੀਂ ਆਉਂਦਾ। ਜੇ ਤੂੰ ਥੋੜ੍ਹਾ ਦੇਰ ਨਾਲ ਆਉਂਦਾ ਤਾਂ ਮੇਰੀ ਜਾਨ ਨਿਕਲ ਗਈ ਹੁੰਦੀ। ਤੇਰੇ ਜਾਦੂ ਭਰੇ ਗੀਤ ਨੇ ਮੇਰੀ ਜਾਨ ਬਚਾ ਲਈ। ਤੂੰ ਚਾਹੇਂ ਤਾਂ ਮੇਰੀ ਸਾਰੀ ਦੌਲਤ ਲੈ ਸਕਦਾ ਹੈਂ।”
“ਬਸ ਖੂਹ ਵਿੱਚੋਂ ਬਾਹਰ ਨਿਕਲਣ ਵਿੱਚ ਮੇਰੀ ਮਦਦ ਕਰ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ” ਅਲੀ ਜਾਨ ਨੇ ਕਿਹਾ।
ਉਸ ਨੇ ਫਿਰ ਇੱਕ ਵਾਰ ਵਾਇਲਿਨ ਵਜਾਈ। ਉਸ ਮਗਰੋਂ ਬੁੱਢੇ ਜਾਦੂਗਰ ਨੇ ਸੋਨੇ ਨਾਲ ਭਰਿਆ ਇੱਕ ਥੈਲਾ ਅਲੀ ਜਾਨ ਨੂੰ ਦੇ ਕੇ ਉਸ ਨੂੰ ਕਿਹਾ:
“ਆਪਣੀਆਂ ਅੱਖਾਂ ਬੰਦ ਕਰ।”
ਅਲੀ ਜਾਨ ਨੇ ਅੱਖਾਂ ਮੀਚ ਲਈਆਂ ਅਤੇ ਇੱਕ ਪਲ ਮਗਰੋਂ ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਉਹ ਉਪਰ ਜ਼ਮੀਨ ‘ਤੇ ਖੜਾ ਹੈ ਅਤੇ ਕਾਫ਼ਲਾ ਗ਼ਾਇਬ ਹੈ। ਉਹ ਕਦਮਾਂ ਦੇ ਨਿਸ਼ਾਨ ਦੇਖਦਾ ਹੋਇਆ ਚੱਲ ਪਿਆ ਅਤੇ ਕਾਫ਼ਲੇ ਤੱਕ ਪਹੁੰਚ ਗਿਆ। ਸਾਰੇ ਬੜੇ ਹੈਰਾਨ ਹੋਏ ਅਤੇ ਪੁੱਛਣ ਲੱਗੇ ਕਿ ਤੂੰ ਖੂਹ ਵਿੱਚੋਂ ਬਾਹਰ ਕਿਵੇਂ ਨਿਕਲ ਆਇਆ? ਅਲੀ ਜਾਨ ਨੇ ਸਾਰਾ ਹਾਲ ਸੁਣਾ ਦਿੱਤਾ ਅਤੇ ਜਾਦੂਗਰ ਦਾ ਦਿੱਤਾ ਹੋਇਆ ਸੋਨੇ ਨਾਲ ਭਰਿਆ ਥੈਲਾ ਉਨ੍ਹਾਂ ਨੂੰ ਦਿਖਾਇਆ।
ਕਾਫ਼ਲਾ ਅਰਾਮ ਕਰਨ ਲਈ ਇੱਕ ਥਾਂ ਰੁਕਿਆ ਤਾਂ ਕਾਫ਼ਲੇ ਦੇ ਮਾਲਕ ਦੇ ਦਿਲ ਵਿੱਚ ਬੇਈਮਾਨੀ ਆ ਗਈ। ਉਸ ਨੇ ਕਾਗ਼ਜ਼ ਕਲਮ ਕੱਢ ਕੇ ਇੱਕ ਖ਼ਤ ਲਿਖਿਆ। ਉਸ ਨੂੰ ਇੱਕ ਲਿਫ਼ਾਫ਼ੇ ਵਿੱਚ ਬੰਦ ਕਰ ਕੇ, ਲਿਫ਼ਾਫ਼ਾ ਅਲੀ ਜਾਨ ਨੂੰ ਦਿੰਦੇ ਹੋਏ ਉਸ ਨੂੰ ਕਿਹਾ:
“ਮੇਰੀ ਇੱਕ ਬੇਟੀ ਹੈ, ਜੋ ਬਹੁਤ ਹੀ ਖ਼ੂਬਸੂਰਤ ਹੈ। ਮੈਂ ਉਸ ਦਾ ਤੇਰੇ ਨਾਲ ਵਿਆਹ ਕਰ ਦਿਆਂਗਾ। ਤੂੰ ਜਲਦੀ ਨਾਲ ਮੇਰੇ ਘਰ ਚਲਾ ਜਾ ਤੇ ਮੇਰੇ ਪਹੁੰਚਣ ਤੱਕ ਸ਼ਾਦੀ ਦੀ ਤਿਆਰੀ ਪੂਰੀ ਕਰ ਲੈ। ਪਰ ਦੇਖ, ਆਪਣਾ ਸੋਨੇ ਦਾ ਥੈਲਾ ਸੰਭਾਲ ਕੇ ਰੱਖਣਾ। ਤਿੰਨ ਦਿਨਾਂ ਦੇ ਅੰਦਰ ਮੈਂ ਘਰ ਪਹੁੰਚ ਜਾਵਾਂਗਾ।”
ਉਸ ਨੇ ਅਲੀ ਜਾਨ ਨੂੰ ਇੱਕ ਚੰਗਾ ਜਿਹਾ ਘੋੜਾ ਦੇ ਦਿੱਤਾ ਅਤੇ ਰਾਹ ਦੱਸ ਦਿੱਤਾ। ਅਲੀ ਜਾਨ ਘੋੜੇ ਉਤੇ ਸਵਾਰ ਹੋ ਕੇ ਚਲਾ ਗਿਆ।
ਅਲੀ ਜਾਨ ਬਹੁਤ ਦੇਰ ਤੱਕ ਬਿਨਾਂ ਰੁਕੇ ਚਲਦਾ ਗਿਆ। ਫਿਰ ਇੱਕ ਥਾਂ ਰੁਕ ਕੇ ਅਰਾਮ ਕਰਨ ਲੱਗਿਆ। ਬੈਠੇ-ਬੈਠੇ ਉਸ ਨੇ ਸੋਚਿਆ ਕਿ ਮੈਂ ਅਸ਼ਰਫ਼ੀਆਂ ਦੇ ਕੇ ਲਿਖਣਾ ਪੜ੍ਹਨਾ ਸਿਖਿਆ ਹੈ। ਜ਼ਰਾ ਪੜ੍ਹ ਕੇ ਦੇਖਾਂ ਕਿ ਖ਼ਤ ਵਿੱਚ ਕੀ ਲਿਖਿਆ ਹੈ। ਇਹ ਸੋਚ ਕੇ ਉਸ ਨੇ ਖ਼ਤ ਕੱਢਿਆ ਅਤੇ ਉਸ ਨੂੰ ਖੋਲ੍ਹ ਕੇ ਪੜ੍ਹਨ ਲੱਗਿਆ। ਖ਼ਤ ਨੂੰ ਪੜ੍ਹਿਆ ਸਾਰ ਉਹ ਘਬਰਾ ਗਿਆ। ਖ਼ਤ ਵਿੱਚ ਲਿਖਿਆ ਸੀ:
“ਮੇਰੀ ਅੱਛੀ ਘਰਵਾਲੀ! ਮੈਂ ਸੋਨੇ ਨਾਲ ਭਰਿਆ ਹੋਇਆ ਇੱਕ ਥੈਲਾ ਤੈਨੂੰ ਭੇਜ ਰਿਹਾ ਹਾਂ। ਉਹ ਇਸ ਨੌਕਰ ਦੇ ਕੋਲ ਹੈ। ਧੋਖਾ ਦੇਣ ਲਈ ਮੈਂ ਇਸ ਨੂੰ ਕਿਹਾ ਹੈ ਕਿ ਤੇਰੇ ਨਾਲ ਆਪਣੀ ਬੇਟੀ ਦੀ ਸ਼ਾਦੀ ਕਰ ਦਿਆਂਗਾ। ਤੂੰ ਇਸ ਦਾ ਸਿਰ ਫ਼ੌਰਨ ਕਟਵਾ ਦੇਣਾ। ਸਲਾਮ ਦੇ ਨਾਲ ਤੇਰਾ ਘਰਵਾਲਾ।”
ਅਲੀ ਜਾਨ ਨੇ ਇਹ ਖ਼ਤ ਪਾੜ ਕੇ ਸੁੱਟ ਦਿੱਤਾ ਅਤੇ ਉਸ ਦੇ ਬਦਲੇ ਇੱਕ ਦੂਜਾ ਖ਼ਤ ਲਿਖਿਆ, ਜੋ ਇਸ ਤਰ੍ਹਾਂ ਸੀ:
“ਮੇਰੀ ਅੱਛੀ ਬੇਗਮ! ਇਸ ਪਿਆਰੇ ਮਹਿਮਾਨ ਦਾ ਖ਼ੂੁਬ ਚੰਗੀ ਤਰ੍ਹਾਂ ਸਵਾਗਤ ਕਰਨਾ ਅਤੇ ਇਸ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰ ਦੇਣਾ। ਮੇਰੇ ਆਉਣ ਦੀ ਉਡੀਕ ਕੀਤੇ ਬਿਨਾਂ ਸ਼ਾਦੀ ਫ਼ੌਰਨ ਕਰ ਦੇਣਾ। ਸਲਾਮ ਦੇ ਨਾਲ ਤੇਰਾ ਘਰਵਾਲਾ।”
ਅਲੀ ਜਾਨ ਨੇ ਇਸ ਖ਼ਤ ਨੂੰ ਲਿਫ਼ਾਫ਼ੇ ਵਿੱਚ ਬੰਦ ਕਰ ਕੇ ਜੇਬ ਵਿੱਚ ਪਾ ਲਿਆ ਅਤੇ ਅੱਗੇ ਚੱਲ ਪਿਆ। ਉਹ ਉਸ ਸ਼ਹਿਰ ਪਹੁੰਚਿਆ। ਉਸ ਸੁਦਾਗਰ ਦਾ ਘਰ ਲੱਭ ਲਿਆ। ਆਪਣੇ ਕੋਲੋਂ ਲਿਖਿਆ ਖ਼ਤ ਉਸ ਦੀ ਘਰਵਾਲੀ ਦੇ ਹਵਾਲੇ ਕਰ ਦਿੱਤਾ। ਖ਼ਤ ਪੜ੍ਹ ਕੇ ਸੁਦਾਗਰ ਦੀ ਘਰਵਾਲੀ ਨੇ ਆਉਣ ਵਾਲੇ ਮਹਿਮਾਨ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਸ ਦੀ ਦਿਲ ਖੋਲ੍ਹ ਕੇ ਖ਼ਾਤਰਦਾਰੀ ਕੀਤੀ। ਅਗਲੇ ਹੀ ਦਿਨ ਸੁਦਾਗਰ ਦੀ ਘਰਵਾਲੀ ਨੇ ਬੜੀ ਧੂਮ-ਧਾਮ ਨਾਲ ਅਲੀ ਜਾਨ ਨਾਲ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ।
ਤੀਜੇ ਦਿਨ ਸਵੇਰ ਹੁੰਦਿਆਂ ਹੀ ਅਲੀ ਜਾਨ ਆਪਣੇ ਘੋੜੇ ਉਤੇ ਸਵਾਰ ਹੋ ਕੇ ਚਲਾ ਗਿਆ। ਜਾਂਦੇ ਸਮੇਂ ਉਸ ਨੇ ਨੌਕਰਾਂ ਨੂੰ ਹਦਾਇਤ ਦਿੱਤੀ:
“ਮੈਂ ਵਪਾਰ ਦੇ ਸਿਲਸਲੇ ਵਿੱਚ ਬਾਹਰ ਜਾ ਰਿਹਾ ਹਾਂ। ਰਾਤ ਨੂੰ ਕੋਈ ਵੀ ਆਏ ਤਾਂ ਦਰਵਾਜ਼ਾ ਨਾ ਖੋਲ੍ਹਣਾ। ਜੇ ਕੋਈ ਕੰਧ ਟੱਪ ਕੇ ਅੰਦਰ ਆ ਜਾਏ ਤਾਂ ਉਸ ਨੂੰ ਫੜ ਲੈਣਾ ਅਤੇ ਕੁੱਟ ਕੁੱਟ ਕੇ ਉਸ ਦਾ ਕਚੂਮਰ ਕੱਢ ਦੇਣਾ। ਤੁਹਾਡੇ ਮਾਲਕ ਦਾ ਇਹੋ ਹੀ ਹੁਕਮ ਹੈ।”
ਰਾਤ ਨੂੰ ਸੁਦਾਗਰ ਆਪਣੇ ਕਾਫ਼ਲੇ ਨਾਲ ਆਪਣੇ ਘਰ ਆ ਪਹੁੰਚਿਆ ਅਤੇ ਦਰਵਾਜ਼ਾ ਖੜਕਾਇਆ। ਬੜੀ ਦੇਰ ਤੱਕ ਉਹ ਦਰਵਾਜ਼ਾ ਖੜਕਾਉਂਦਾ ਰਿਹਾ ਲੇਕਿਨ ਦਰਵਾਜ਼ਾ ਨਾ ਖੁੱਲ੍ਹਣਾ ਸੀ, ਨਾ ਖੁੱਲਿ੍ਹਆ। ਤਦ ਸੁਦਾਗਰ ਮਜਬੂਰਨ ਕੰਧ ਟੱਪ ਕੇ ਅੰਦਰ ਵਿਹੜੇ ਵਿੱਚ ਆ ਗਿਆ। ਉਧਰ ਨੌਕਰ ਇਸੇ ਝਾਕ ਵਿੱਚ ਬੈਠੇ ਸਨ। ਉਨ੍ਹਾਂ ਨੇ ਫ਼ੌਰਨ ਉਸ ਨੂੰ ਫੜ ਲਿਆ ਅਤੇ ਬਿਨਾਂ ਦੇਖੇ ਉਸ ਨੂੰ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਸੁਦਾਗਰ ਬਹੁਤ ਦੇਰ ਤੱਕ ਬੇਹੋਸ਼ ਪਿਆ ਰਿਹਾ। ਹੋਸ਼ ਆਈ ਤਾਂ ਉਹ ਕਿਸੇ ਤਰ੍ਹਾਂ ਆਪਣੇ ਕਮਰੇ ਤੱਕ ਪਹੁੰਚਿਆ। ਘਰਵਾਲੀ ਨੂੰ ਸਲਾਮ ਕਹੀ ਅਤੇ ਉਸ ਨੂੰ ਪੁੱਛਿਆ:
“ਕੋਈ ਮੇਰਾ ਖ਼ਤ ਲੈ ਕੇ ਆਇਆ ਸੀ? ਉਸ ਦਾ ਤੂੰ ਕੀ ਕੀਤਾ?”
“ਮੈਂ ਤੁਹਾਡਾ ਦਿੱਤਾ ਹੁਕਮ ਪੂਰਾ ਕਰ ਦਿੱਤਾ” ਘਰਵਾਲੀ ਨੇ ਜਵਾਬ ਦਿੱਤਾ।
“ਤੇ ਸੋਨੇ ਦਾ ਭਰਿਆ ਥੈਲਾ ਲੈ ਲਿਆ? ਕਿੱਥੇ ਹੈ ਉਹ?” ਸੁਦਾਗਰ ਨੇ ਜਾਣਨਾ ਚਾਹਿਆ।
“ਕਿਹੜਾ ਸੋਨੇ ਦਾ ਥੈਲਾ? ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ?” ਘਰਵਾਲੀ ਨੇ ਹੈਰਾਨ ਹੋ ਕੇ ਪੁੱਛਿਆ।
“ਮੈਂ ਖ਼ਤ ਵਿੱਚ ਲਿਖ ਦਿੱਤਾ ਸੀ ਨਾ ਕਿ ਖ਼ਤ ਲੈ ਕੇ ਆਉਣ ਵਾਲੇ ਨੂੰ ਮਾਰ ਸੁੱਟਣਾ ਅਤੇ ਸੋਨੇ ਨਾਲ ਭਰਿਆ ਥੈਲਾ ਲੈ ਲੈਣਾ” ਸੁਦਾਗਰ ਨੇ ਕਿਹਾ।
“ਜੀ, ਤੁਹਾਨੂੰ ਹੋ ਕੀ ਗਿਆ ਹੈ? ਤੁਸੀਂ ਹੋਸ਼ ਵਿੱਚ ਤਾਂ ਹੋ? ਭਲਾ ਕੋਈ ਆਪਣੇ ਜਵਾਈ ਨੂੰ ਵੀ ਮਾਰ ਸੁੱਟਦਾ ਹੈ?” ਘਰਵਾਲੀ ਨੇ ਕਿਹਾ।
“ਜਵਾਈ? ਕਾਹਦਾ ਜਵਾਈ?” ਸੁਦਾਗਰ ਨੇ ਘਬਰਾ ਕੇ ਕਿਹਾ।
“ਜੀ ਹਾਂ, ਤੁਹਾਡੀ ਬੇਟੀ ਦੇ ਘਰ ਵਾਲਾ।” ਘਰਵਾਲੀ ਨੇ ਜਵਾਬ ਦਿੱਤਾ।
“ਮੇਰੀ ਬੇਟੀ ਦੇ ਘਰ ਵਾਲਾ? ਤੂੰ ਇਸ ਦੀ ਸ਼ਾਦੀ ਕਦੋਂ ਕਰ ਦਿੱਤੀ?” ਸੁਦਾਗਰ ਨੇ ਹੈਰਾਨ ਹੁੰਦਿਆਂ ਪੁੱਛਿਆ।
“ਦੋ ਦਿਨ ਹੋ ਗਏ ਨੇ” ਘਰਵਾਲੀ ਨੇ ਕਿਹਾ।
ਸੁਦਾਗਰ ਨੇ ਆਪਣੇ ਮੱਥੇ ਦੇ ਹੱਥ ਮਾਰਿਆ ਤੇ ਆਪਣੀ ਘਰਵਾਲੀ ਤੇ ਨੌਕਰਾਂ ਨੂੰ ਝਾੜਦਿਆਂ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗਾ। ਫਿਰ ਉਸ ਨੇ ਆਪਣੇ ਜਵਾਈ ਬਾਰੇ ਪੁੱਛਿਆ:
“ਤੇ ਉਹ ਆਪ ਕਿੱਥੇ ਹੈ?”
“ਉਹ ਤਾਂ ਸਵੇਰੇ-ਸਵੇਰੇ ਹੀ ਘੋੜੇ ਉਤੇ ਸਵਾਰ ਹੋ ਕੇ ਕਿਤੇ ਬਾਹਰ ਚਲਾ ਗਿਆ” ਨੌਕਰਾਂ ਨੇ ਦੱਸਿਆ, “ਤੇ ਸਾਨੂੰ ਕਹਿ ਗਿਆ ਕਿ ਕੋਈ ਵੀ ਰਾਤ ਨੂੰ ਆਏ ਦਰਵਾਜ਼ਾ ਨਹੀਂ ਖੋਲ੍ਹਣਾ ਤੇ ਜੇ ਕੋਈ ਕੰਧ ਟੱਪ ਕੇ ਅੰਦਰ ਆ ਵੜੇ ਤਾਂ ਮਾਰ-ਮਾਰ ਕੇ ਉਸ ਦਾ ਕਚੂਮਰ ਕੱਢ ਦੇਣਾ।”
ਸੁਦਾਗਰ ਸਮਝ ਗਿਆ ਕਿ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ ਅਤੇ ਉਸ ਨੇ ਆਪਣੇ ਜਵਾਈ ਨਾਲ ਸੁਲ੍ਹਾ ਕਰਨ ਦਾ ਫ਼ੈਸਲਾ ਕਰ ਲਿਆ।
ਹੁਣ ਸੁਦਾਗਰ ਅਤੇ ਉਸ ਦੀ ਘਰਵਾਲੀ ਨੂੰ ਇੱਥੇ ਛੱਡ ਕੇ ਜ਼ਰਾ ਅਲੀ ਜਾਨ ਦਾ ਹਾਲ ਸੁਣਦੇ ਹਾਂ।
ਅਲੀ ਜਾਨ ਚਲਦੇ-ਚਲਦੇ ਇੱਕ ਵੱਡੇ ਸ਼ਹਿਰ ਵਿੱਚ ਪਹੁੰਚਿਆ। ਬਜ਼ਾਰ ਦਾ ਦਿਨ ਸੀ ਅਤੇ ਬਜ਼ਾਰ ਵਿੱਚ ਢੰਡੋਰਚੀ ਇਹ ਐਲਾਨ ਕਰ ਰਿਹਾ ਸੀ:
“ਐ ਲੋਕੋ ਸੁਣੋ! ਫਿਰ ਨਾ ਕਹਿਣਾ ਕਿ ਸੁਣਿਆ ਨਹੀਂ। ਜੋ ਕੋਈ ਸ਼ਤਰੰਜ ਵਧੀਆ ਖੇਡ ਲੈਂਦਾ ਹੋਵੇ ਸ਼ਾਹੀ ਮਹੱਲ ਵਿੱਚ ਪਹੁੰਚ ਜਾਏ। ਜਿਹੜਾ ਕੋਈ ਬਾਦਸ਼ਾਹ ਨਾਲ ਖੇਡ ਕੇ ਤਿੰਨ ਬਾਜ਼ੀਆਂ ਜਿੱਤ ਲਏਗਾ ਉਸ ਨੂੰ ਬਾਦਸ਼ਾਹ ਆਪਣੇ ਤਖ਼ਤ ਉਤੇ ਬਿਠਾਏਗਾ ਅਤੇ ਜੋ ਤਿੰਨੇ ਬਾਜ਼ੀਆਂ ਹਾਰ ਜਾਏਗਾ, ਬਾਦਸ਼ਾਹ ਉਸ ਦਾ ਸਿਰ ਕਟਵਾ ਦੇਵੇਗਾ।”
ਅਲੀ ਜਾਨ ਦਰਬਾਰ ਵਿੱਚ ਪਹੁੰਚਿਆ ਅਤੇ ਕਿਹਾ ਕਿ ਮੈਂ ਬਾਦਸ਼ਾਹ ਨਾਲ ਸ਼ਤਰੰਜ ਖੇਡਣਾ ਚਾਹੁੰਦਾ ਹਾਂ।
ਖੇਡ ਸ਼ੁਰੂ ਹੋਈ। ਅਲੀ ਜਾਨ ਇੱਕ ਬਾਜ਼ੀ ਹਾਰ ਗਿਆ ਅਤੇ ਦੋ ਬਾਜ਼ੀਆਂ ਜਿੱਤ ਗਿਆ। ਦੋਵੇਂ ਫਿਰ ਖੇਡਣ ਲੱਗੇ। ਇਸ ਵਾਰ ਬਾਦਸ਼ਾਹ ਦੋ ਵਾਰ ਜਿੱਤ ਗਿਆ ਤੇ ਇੱਕ ਵਾਰ ਹਾਰ ਗਿਆ। ਫਿਰ ਤੀਜੀ ਵਾਰ ਖੇਡਣ ਲੱਗੇ। ਇਸ ਵਾਰ ਅਲੀ ਜਾਨ ਨੇ ਤਿੰਨੇ ਬਾਜ਼ੀਆਂ ਜਿੱਤ ਲਈਆਂ।
ਬਾਦਸ਼ਾਹ ਨੇ ਆਪਣਾ ਤਖ਼ਤ ਅਲੀ ਜਾਨ ਦੇ ਹਵਾਲੇ ਕਰ ਦਿੱਤਾ ਅਤੇ ਝੁਕ ਕੇ ਉਸ ਨੂੰ ਕਿਹਾ:
“ਲੈ, ਹੁਣ ਤੂੰ ਬਾਦਸ਼ਾਹ ਬਣ ਗਿਆ ਏਂ। ਤਖ਼ਤ ਉਪਰ ਬੈਠ ਜਾ।”
“ਨਹੀਂ, ਬਾਦਸ਼ਾਹ ਬਣਨ ਦੀ ਮੇਰੀ ਕੋਈ ਇੱਛਾ ਨਹੀਂ।” ਅਲੀ ਜਾਨ ਨੇ ਕਿਹਾ, “ਮੈਂ ਤਾਂ ਆਪਣੇ ਸ਼ਹਿਰ ਜਾ ਕੇ ਲੋਕਾਂ ਨੂੰ ਲਿਖਣਾ ਪੜ੍ਹਨਾ ਅਤੇ ਵਾਜੇ ਵਜਾਉਣਾ ਸਿਖਾਉਣਾ ਚਾਹੁੰਦਾ ਹਾਂ।”
ਅਲੀ ਜਾਨ ਉਥੋਂ ਚੱਲ ਕੇ ਪਹਿਲਾਂ ਉਸ ਸ਼ਹਿਰ ਗਿਆ ਜਿਥੇ ਉਸ ਸੁਦਾਗਰ ਦਾ ਘਰ ਸੀ। ਉਥੋਂ ਉਸ ਨੇ ਆਪਣੀ ਘਰ ਵਾਲੀ ਨੂੰ ਨਾਲ ਲਿਆ ਅਤੇ ਆਪਣੇ ਸ਼ਹਿਰ ਵੱਲ ਚੱਲ ਪਿਆ।
ਘਰ ਆਉਣ ‘ਤੇ ਜਦੋਂ ਉਸ ਨੇ ਆਪਣੀ ਸਾਰੀ ਆਪ-ਬੀਤੀ ਆਪਣੇ ਬਾਪ ਨੂੰ ਸੁਣਾਈ ਤਾਂ ਬੁੱਢਾ ਬਹੁਤ ਖ਼ੁਸ਼ ਹੋਇਆ ਤੇ ਬੇਟੇ ਨੂੰ ਕਿਹਾ:
“ਤੂੰ ਸੱਚਮੁੱਚ ਬਹੁਤ ਹੁਸ਼ਿਆਰ ਹੈਂ। ਤੂੰ ਕਿੰਨੇ ਹੀ ਹੁਨਰ ਸਿਖ ਲਏ ਹਨ ਤੇ ਕਿੰਨੀ ਹੀ ਵਾਰ ਮੌਤ ਤੋਂ ਬਚ ਨਿਕਲਿਆ ਏਂ!”
ਅਲੀ ਜਾਨ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ:
“ਪਿਤਾ ਜੀ! ਇੱਕ ਜਵਾਨ ਆਦਮੀ ਲਈ ਸੱਤਰ ਹੁਨਰ ਵੀ ਘੱਟ ਹੁੰਦੇ ਹਨ।”
(ਹਰਮਿੰਦਰ ਕਾਲੜਾ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ