Punjabi Stories/Kahanian
ਅਸਗ਼ਰ ਵਜਾਹਤ
Asghar Wajahat

Punjabi Kavita
  

Shah Aalam Camp Dian Roohan Asghar Wajahat

ਸ਼ਾਹ ਆਲਮ ਕੈਂਪ ਦੀਆਂ ਰੂਹਾਂ ਅਸਗ਼ਰ ਵਜਾਹਤ

ਸ਼ਾਹ ਆਲਮ ਕੈਂਪ ਵਿੱਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ, ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਅਜਿਹੀ ਹਫੜਾ ਦਫੜੀ ਦਾ ਆਲਮ ਹੁੰਦਾ ਹੈ ਕਿ ਅੱਲ੍ਹਾ ਬਚਾਵੇ। ਇੰਨੀਆਂ ਆਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲ਼ਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ…।
ਰਾਤ ਸਮੇਂ ਰੂਹਾਂ ਆਪਣੇ ਬਾਲ-ਬੱਚਿਆਂ ਨੂੰ ਮਿਲਣ ਆਉਂਦੀਆਂ ਹਨ। ਰੂਹਾਂ ਆਪਣੇ ਯਤੀਮ ਬੱਚਿਆਂ ਦੇ ਸਿਰ ’ਤੇ ਹੱਥ ਫੇਰਦੀਆਂ ਹਨ, ਉਨ੍ਹਾਂ ਦੀਆਂ ਸੁੰਨੀਆਂ ਅੱਖਾਂ ਵਿੱਚ ਆਪਣੀਆਂ ਸੁੰਨੀਆਂ ਅੱਖਾਂ ਪਾ ਕੇ ਕੁਝ ਕਹਿੰਦੀਆਂ ਹਨ। ਬੱਚਿਆਂ ਨੂੰ ਗਲ ਨਾਲ ਲਾਉਂਦੀਆਂ ਹਨ। ਜਿਊਂਦੇ ਸਾੜੇ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਜਿਹੜੀਆਂ ਸੀਨਾ ਪਾੜਵੀਆਂ ਚੀਕਾਂ ਨਿਕਲੀਆਂ ਸਨ ਉਹ ਪਿਛੋਕੜ ਵਿੱਚ ਗੂੰਜਦੀਆਂ ਰਹਿੰਦੀਆਂ ਹਨ।
ਸਾਰਾ ਕੈਂਪ ਜਦੋਂ ਸੌਂ ਜਾਂਦਾ ਹੈ ਤਾਂ ਬੱਚੇ ਜਾਗਦੇ ਹਨ। ਉਨ੍ਹਾਂ ਨੂੰ ਉਡੀਕ ਰਹਿੰਦੀ ਹੈ ਆਪਣੀ ਮਾਂ ਨੂੰ ਦੇਖਣ ਦੀ… ਅੱਬਾ ਨਾਲ ਖਾਣਾ ਖਾਣ ਦੀ।
‘ਕਿਵੇਂ ਹੋ ਸਿਰਾਜ?’ ਅੰਮੀ ਦੀ ਰੂਹ ਨੇ ਸਿਰਾਜ ਦੇ ਸਿਰ ’ਤੇ ਹੱਥ ਫੇਰਦੇ ਹੋਏ ਕਿਹਾ।
‘ਤੁਸੀਂ ਕਿਵੇਂ ਹੋ ਅੰਮੀ?’
ਮਾਂ ਖ਼ੁਸ਼ ਨਜ਼ਰ ਆ ਰਹੀ ਸੀ, ਕਹਿਣ ਲੱਗੀ, ‘ਸਿਰਾਜ, ਹੁਣ ਮੈਂ ਰੂਹ ਹਾਂ, ਹੁਣ ਮੈਨੂੰ ਕੋਈ ਜਾਲ ਨਹੀਂ ਸਕਦਾ।’
‘ਅੰਮੀ, ਕੀ ਮੈਂ ਵੀ ਤੁਹਾਡੀ ਤਰ੍ਹਾਂ ਹੋ ਸਕਦਾ ਹਾਂ?’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਇੱਕ ਔਰਤ ਦੀ ਘਬਰਾਈ, ਬੁਖਲਾਈ ਰੂਹ ਪਹੁੰਚੀ ਜੋ ਆਪਣੇ ਬੱਚੇ ਨੂੰ ਲੱਭ ਰਹੀ ਸੀ। ਉਸ ਦਾ ਬੱਚਾ ਨਾ ਉਸ ਦੁਨੀਆਂ ਵਿੱਚ ਸੀ ਤੇ ਨਾ ਹੀ ਉਹ ਕੈਂਪ ਵਿੱਚ ਸੀ। ਬੱਚੇ ਦੀ ਮਾਂ ਦਾ ਕਾਲਜਾ ਫਟਿਆ ਜਾ ਰਿਹਾ ਸੀ। ਦੂਜੀਆਂ ਔਰਤਾਂ ਦੀਆਂ ਰੂਹਾਂ ਵੀ ਇਸ ਔਰਤ ਨਾਲ ਬੱਚੇ ਨੂੰ ਢੂੰਡਣ ਲੱਗੀਆਂ। ਉਨ੍ਹਾਂ ਸਾਰੀਆਂ ਨੇ ਇਕੱਠੀਆਂ ਹੋ ਕੇ ਸਾਰਾ ਕੈਂਪ ਛਾਣ ਮਾਰਿਆ, ਮੁਹੱਲੇ ਗਈਆਂ, ਘਰ ਧੂੰਆਂ ਧੂੰਆਂ ਹੋਏ ਸੜ ਰਹੇ ਸਨ। ਕਿਉਂਕਿ ਉਹ ਰੂਹਾਂ ਸਨ ਇਸ ਕਰਕੇ ਸੜਦੇ ਹੋਏ ਮਕਾਨਾਂ ਦੇ ਅੰਦਰ ਚਲੀਆਂ ਗਈਆਂ। ਕੋਨਾ ਕੋਨਾ ਛਾਣ ਮਾਰਿਆ, ਪਰ ਬੱਚਾ ਨਾ ਮਿਲਿਆ। ਆਖਿਰ ਸਭ ਔਰਤਾਂ ਦੀਆਂ ਰੂਹਾਂ ਦੰਗਾਕਾਰੀਆਂ ਕੋਲ ਗਈਆਂ। ਉਹ ਕੱਲ੍ਹ ਵਾਸਤੇ ਪੈਟਰੋਲ ਬੰਬ ਬਣਾ ਰਹੇ ਸਨ। ਬੰਦੂਕਾਂ ਸਾਫ਼ ਕਰ ਰਹੇ ਸਨ। ਹਥਿਆਰ ਚਮਕਾ ਰਹੇ ਸਨ। ਬੱਚੇ ਦੀ ਮਾਂ ਨੇ ਉਨ੍ਹਾਂ ਤੋਂ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਉਹ ਹੱਸਣ ਲੱਗੇ ਤੇ ਬੋਲੇ: ‘ਸੁਣ ਪਾਗਲ ਔਰਤ, ਜਦੋਂ ਦਸ ਦਸ, ਵੀਹ ਵੀਹ ਲੋਕਾਂ ਨੂੰ ਇਕੱਠਿਆਂ ਜਲਾਇਆ ਜਾਂਦਾ ਹੈ ਤਾਂ ਇੱਕ ਬੱਚੇ ਦਾ ਹਿਸਾਬ ਕੌਣ ਰੱਖਦਾ ਹੈ? ਪਿਆ ਹੋਣੈ ਕਿਸੇ ਸੁਆਹ ਦੇ ਢੇਰ ਵਿੱਚ।’ ਮਾਂ ਨੇ ਕਿਹਾ, ‘ਨਹੀਂ ਨਹੀਂ, ਮੈਂ ਤਾਂ ਹਰ ਥਾਵੇਂ ਦੇਖ ਲਿਆ ਹੈ, ਕਿਧਰੇ ਨਹੀਂ ਮਿਲਿਆ।’ ਉਦੋਂ ਕਿਸੇ ਦੰਗਾਕਾਰੀ ਨੇ ਕਿਹਾ, ‘ਉਏ, ਇਹ ਕਿਧਰੇ ਉਸ ਬੱਚੇ ਦੀ ਮਾਂ ਤਾਂ ਨਹੀਂ ਜਿਹਨੂੰ ਅਸੀਂ ਵਿੰਨ੍ਹ ਆਏ ਸਾਂ।’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਰੂਹਾਂ ਆਪਣੇ ਬੱਚਿਆਂ ਵਾਸਤੇ ਸਵਰਗ ਤੋਂ ਖਾਣਾ ਲਿਆਉਂਦੀਆਂ ਹਨ, ਪਾਣੀ ਲਿਆਉਂਦੀਆਂ ਹਨ, ਦਵਾਈਆਂ ਲਿਆਉਂਦੀਆਂ ਹਨ ਅਤੇ ਬੱਚਿਆਂ ਨੂੰ ਦੇ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਸ਼ਾਹ ਆਲਮ ਕੈਂਪ ਵਿੱਚ ਨਾ ਤਾਂ ਕੋਈ ਬੱਚਾ ਭੁੱਖਾ, ਨੰਗਾ ਰਹਿੰਦਾ ਹੈ ਤੇ ਨਾ ਹੀ ਬਿਮਾਰ। ਇਹੀ ਕਾਰਨ ਹੈ ਕਿ ਸ਼ਾਹ ਆਲਮ ਕੈਂਪ ਮਸ਼ਹੂਰ ਹੋ ਗਿਆ ਹੈ। ਦੂਰ ਦੂਰ ਤਕ ਮੁਲਕਾਂ ਵਿੱਚ ਉਸਦਾ ਨਾਮ ਹੈ। ਦਿੱਲੀ ਤੋਂ ਇੱਕ ਵੱਡਾ ਨੇਤਾ ਜਦੋਂ ਸ਼ਾਹ ਆਲਮ ਕੈਂਪ ਦੇ ਦੌਰੇ ’ਤੇ ਗਿਆ ਸੀ ਤਾਂ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ, ‘ਇਹ ਤਾਂ ਬਹੁਤ ਵਧੀਆ ਥਾਂ ਹੈ। ਇੱਥੇ ਤਾਂ ਦੇਸ਼ ਦੇ ਸਾਰੇ ਮੁਸਲਮਾਨ ਬੱਚਿਆਂ ਨੂੰ ਪਹੁੰਚਾ ਦੇਣਾ ਚਾਹੀਦਾ ਹੈ।’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਰਾਤ ਭਰ ਬੱਚਿਆਂ ਨਾਲ ਰਹਿੰਦੀਆਂ ਹਨ, ਉਨ੍ਹਾਂ ਨੂੰ ਰੂਹ ਨਾਲ ਦੇਖਦੀਆਂ ਹਨ, ਉਨ੍ਹਾਂ ਦੇ ਭਵਿੱਖ ਬਾਰੇ ਸੋਚਦੀਆਂ ਹਨ। ਉਨ੍ਹਾਂ ਨਾਲ ਗੱਲਬਾਤ ਕਰਦੀਆਂ ਹਨ। ‘ਸਿਰਾਜ, ਹੁਣ ਤੂੰ ਘਰ ਚਲਾ ਜਾ।’ ਮਾਂ ਦੀ ਰੂਹ ਨੇ ਸਿਰਾਜ ਨੂੰ ਕਿਹਾ।
‘ਘਰ?’ ਸਿਰਾਜ ਸਹਿਮ ਗਿਆ। ਉਸ ਦੇ ਚਿਹਰੇ ’ਤੇ ਮੌਤ ਦੇ ਪਰਛਾਵੇਂ ਨੱਚਣ ਲੱਗੇ।
‘ਹਾਂ, ਇੱਥੇ ਕਦੋਂ ਤਕ ਰਹੇਂਗਾ? ਮੈਂ ਹਰ ਰੋਜ਼ ਰਾਤ ਨੂੰ ਤੇਰੇ ਕੋਲ ਆਇਆ ਕਰਾਂਗੀ।’
‘ਨਹੀਂ, ਮੈਂ ਘਰ ਨਹੀਂ ਜਾਵਾਂਗਾ, ਕਦੇ ਨਹੀਂ, ਕਦੇ…’
ਧੂੰਆਂ, ਅੱਗ, ਚੀਕਾਂ, ਰੌਲ਼ਾ।
‘ਅੰਮੀ, ਮੈਂ ਤੇਰੇ ਅਤੇ ਅੱਬੂ ਦੇ ਨਾਲ ਰਹਾਂਗਾ।’
‘ਤੂੰ ਸਾਡੇ ਨਾਲ ਕਿਵੇਂ ਰਹਿ ਸਕਦਾ ਏਂ ਸਿੱਕੂ…?’
‘ਭਾਈ ਜਾਨ ਤੇ ਭੈਣ ਵੀ ਰਹਿੰਦੇ ਹਨ ਨਾ ਤੁਹਾਡੇ ਨਾਲ!’
‘ਉਨ੍ਹਾਂ ਨੂੰ ਵੀ ਸਾਡੇ ਨਾਲ ਹੀ ਜਲਾ ਦਿੱਤਾ ਗਿਆ ਸੀ ਨਾ।’
‘ਫੇਰ… ਫੇਰ ਤਾਂ ਮੈਂ ਘਰ ਚਲਾ ਜਾਵਾਂਗਾ ਅੰਮੀ।’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਇੱਕ ਬੱਚੇ ਦੀ ਰੂਹ ਆਉਂਦੀ ਹੈ…। ਬੱਚਾ ਰਾਤ ਵੇਲੇ ਚਮਕਦੇ ਹੋਏ ਟਟਹਿਣੇ ਵਰਗਾ ਲੱਗਦਾ ਹੈ। ਇੱਧਰ ਉੱਧਰ ਉਡਦਾ ਫਿਰਦਾ ਹੈ, ਪੂਰੇ ਕੈਂਪ ਵਿੱਚ ਦੌੜਿਆ ਫਿਰਦਾ ਹੈ, ਉਛਲਦਾ-ਕੁੱਦਦਾ ਹੈ, ਸ਼ਰਾਰਤਾਂ ਕਰਦਾ ਹੈ, ਤੁਤਲਾਉਂਦਾ ਨਹੀਂ, ਸਾਫ਼ ਸਾਫ਼ ਬੋਲਦਾ ਹੈ, ਮਾਂ ਦੇ ਕੱਪੜਿਆਂ ਨਾਲ ਲਿਪਟਿਆ ਰਹਿੰਦਾ ਹੈ, ਬਾਪ ਦੀ ਉਂਗਲ ਫੜੀ ਰੱਖਦਾ ਹੈ।
ਸ਼ਾਹ ਆਲਮ ਕੈਂਪ ਦੇ ਦੂਜੇ ਬੱਚਿਆਂ ਤੋਂ ਵੱਖਰਾ ਇਹ ਬੱਚਾ ਬਹੁਤ ਖ਼ੁਸ਼ ਰਹਿੰਦਾ ਹੈ।
‘ਤੂੰ ਇੰਨਾ ਖ਼ੁਸ਼ ਕਿਉਂ ਰਹਿੰਦਾ ਏਂ ਬੱਚੇ?’
‘ਤੁਹਾਨੂੰ ਨਹੀਂ ਪਤਾ, ਇਹ ਤਾਂ ਸਭ ਜਾਣਦੇ ਹਨ।’
‘ਕੀ?’
‘ਇਹ ਹੀ ਕਿ ਮੈਂ ਸਬੂਤ ਹਾਂ।’
‘ਸਬੂਤ? ਕਾਹਦਾ ਸਬੂਤ?’
‘ਬਹਾਦਰੀ ਦਾ ਸਬੂਤ ਹਾਂ।’
‘ਕਿਹਦੀ ਬਹਾਦਰੀ ਦਾ ਸਬੂਤ ਐਂ?’
‘ਉਨ੍ਹਾਂ ਦੀ ਜਿਨ੍ਹਾਂ ਨੇ ਮੇਰੀ ਮਾਂ ਦਾ ਪੇਟ ਚੀਰ ਕੇ ਮੈਨੂੰ ਕੱਢਿਆ ਸੀ ਅਤੇ ਮੇਰੇ ਦੋ ਟੁਕੜੇ ਕਰ ਦਿੱਤੇ ਸਨ।’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇੱਕ ਲੜਕੇ ਕੋਲ ਉਹਦੀ ਮਾਂ ਦੀ ਰੂਹ ਆਈ। ਲੜਕਾ ਦੇਖ ਕੇ ਹੈਰਾਨ ਹੋ ਗਿਆ।
‘ਮਾਂ ਤੂੰ ਅੱਜ ਇੰਨੀ ਖ਼ੁਸ਼ ਕਿਉਂ ਏਂ?’
‘ਸਿਰਾਜ, ਮੈਂ ਅੱਜ ਤੇਰੇ ਦਾਦੇ ਨੂੰ ਮਿਲੀ ਸੀ। ਉਨ੍ਹਾਂ ਨੇ ਮੈਨੂੰ ਆਪਣੇ ਅੱਬਾ ਨਾਲ ਮਿਲਾਇਆ। ਉਨ੍ਹਾਂ ਨੇ ਆਪਣੇ ਦਾਦੇ ਨਾਲ… ਨਕੜਦਾਦਾ… ਤੇਰੇ ਨਕੜਦਾਦੇ ਨੂੰ ਮੈਂ ਮਿਲੀ।’ ਮਾਂ ਦੀ ਆਵਾਜ਼ ਵਿੱਚੋਂ ਖ਼ੁਸ਼ੀ ਫੁੱਟ ਰਹੀ ਸੀ। ‘ਸਿਰਾਜ, ਤੇਰੇ ਨਕੜਦਾਦਾ ਹਿੰਦੂ ਸਨ… ਹਿੰਦੂ… ਸਮਝਿਆ? ਸਿਰਾਜ ਇਹ ਗੱਲ ਸਾਰਿਆਂ ਨੂੰ ਦੱਸ ਦੇਵੀਂ।’
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇੱਕ ਭੈਣ ਦੀ ਰੂਹ ਆਈ। ਰੂਹ ਆਪਣੇ ਭਰਾ ਨੂੰ ਲੱਭ ਰਹੀ ਸੀ। ਲੱਭਦੇ ਹੋਏ ਉਸ ਦਾ ਭਰਾ ਉਸ ਨੂੰ ਪੌੜੀਆਂ ’ਤੇ ਬੈਠਾ ਦਿਖਾਈ ਦਿੱਤਾ। ਭੈਣ ਦੀ ਰੂਹ ਖ਼ੁਸ਼ ਹੋਈ। ਉਹ ਨੱਠ ਕੇ ਭਰਾ ਦੇ ਕੋਲ ਪਹੁੰਚੀ ਅਤੇ ਬੋਲੀ ‘ਵੀਰਾ’। ਭਰਾ ਨੇ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ। ਉਹ ਪੱਥਰ ਦੀ ਮੂਰਤੀ ਬਣਿਆ ਬੈਠਾ ਰਿਹਾ। ਭੈਣ ਨੇ ਫਿਰ ਕਿਹਾ ‘ਸੁਣ ਵੀਰਿਆ’। ਭਰਾ ਨੇ ਫਿਰ ਨਹੀਂ ਸੁਣਿਆ ਤੇ ਨਾ ਹੀ ਭੈਣ ਵੱਲ ਦੇਖਿਆ। ‘ਤੂੰ ਮੇਰੀ ਗੱਲ ਕਿਉਂ ਨਹੀਂ ਸੁਣ ਰਿਹਾ, ਵੀਰਿਆ?’ ਭੈਣ ਨੇ ਜ਼ੋਰ ਨਾਲ ਕਿਹਾ ਤਾਂ ਭਰਾ ਦਾ ਚਿਹਰਾ ਅੱਗ ਦੀ ਤਰ੍ਹਾਂ ਲਾਲ ਸੁਰਖ਼ ਹੋ ਗਿਆ। ਉਸ ਦੀਆਂ ਅੱਖਾਂ ਉਬਲਣ ਲੱਗੀਆਂ। ਉਹ ਇਕਦਮ ਉੱਠਿਆ ਤੇ ਭੈਣ ਨੂੰ ਬੁਰੀ ਤਰ੍ਹਾਂ ਕੁੱਟਣ ਲੱਗ ਪਿਆ। ਲੋਕ ਇਕੱਠੇ ਹੋ ਗਏ। ਕਿਸੇ ਨੇ ਕੁੜੀ ਤੋਂ ਪੁੱਛਿਆ ਕਿ ਉਸ ਨੇ ਅਜਿਹਾ ਕੀ ਕਹਿ ਦਿੱਤਾ ਕਿ ਭਰਾ ਉਸ ਨੂੰ ਕੁੱਟਣ ਹੀ ਲੱਗ ਪਿਆ? ‘ਮੈਂ ਤਾਂ ਸਿਰਫ਼ ਇਸ ਨੂੰ ਵੀਰਾ ਕਹਿ ਕੇ ਬੁਲਾਇਆ ਹੀ ਹੈ।’ ਇੱਕ ਬਜ਼ੁਰਗ ਕਹਿਣ ਲੱਗਾ, ‘ਨਹੀਂ ਸਲੀਮਾ ਨਹੀਂ, ਤੂੰ ਇੰਨੀ ਵੱਡੀ ਗ਼ਲਤੀ ਕਿਉਂ ਕੀਤੀ?’ ਬਜ਼ੁਰਗ ਫੁੱਟ ਫੁੱਟ ਕੇ ਰੋਣ ਲੱਗਿਆ ਅਤੇ ਭਰਾ ਆਪਣਾ ਸਿਰ ਪਿੱਟਣ ਲੱਗਿਆ।
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇੱਕ ਦਿਨ ਹੋਰ ਰੂਹਾਂ ਦੇ ਨਾਲ ਇੱਕ ਬੁੱਢੇ ਆਦਮੀ ਦੀ ਰੂਹ ਵੀ ਸ਼ਾਹ ਆਲਮ ਕੈਂਪ ਵਿੱਚ ਆ ਗਈ। ਬੁੱਢਾ ਆਦਮੀ ਨੰਗੇ ਪਿੰਡੇ ਸੀ, ਉੱਚੀ ਧੋਤੀ ਬੰਨ੍ਹੀ ਹੋਈ ਸੀ। ਪੈਰਾਂ ਵਿੱਚ ਚੱਪਲਾਂ ਸਨ ਅਤੇ ਹੱਥ ਵਿੱਚ ਇੱਕ ਬਾਂਸ ਦਾ ਡੰਡਾ ਸੀ। ਧੋਤੀ ਵਿੱਚ ਉਹਨੇ ਕਿਧਰੇ ਘੜੀ ਬੰਨ੍ਹੀ ਹੋਈ ਸੀ।
ਰੂਹਾਂ ਨੇ ਬੁੱਢੇ ਆਦਮੀ ਨੂੰ ਪੁੱਛਿਆ, ‘ਕੀ ਤੁਹਾਡਾ ਵੀ ਕੋਈ ਰਿਸ਼ਤੇਦਾਰ ਕੈਂਪ ਵਿੱਚ ਹੈ?’
ਬੁੱਢੇ ਨੇ ਕਿਹਾ, ‘ਨਹੀਂ ਅਤੇ ਹਾਂ।’
ਰੂਹਾਂ ਨੇ ਬੁੱਢੇ ਆਦਮੀ ਨੂੰ ਪਾਗਲ ਸਮਝ ਕੇ ਛੱਡ ਦਿੱਤਾ ਅਤੇ ਉਹ ਕੈਂਪ ਦਾ ਗੇੜਾ ਲਾਉਣ ਲੱਗੀਆਂ।
ਕਿਸੇ ਨੇ ਬੁੱਢੇ ਆਦਮੀ ਨੂੰ ਪੁੱਛਿਆ, ‘ਬਾਬਾ, ਤੁਸੀਂ ਕਿਸ ਨੂੰ ਲੱਭ ਰਹੇ ਹੋ?’
ਬੁੱਢੇ ਨੇ ਕਿਹਾ, ‘ਅਜਿਹੇ ਲੋਕਾਂ ਨੂੰ ਜੋ ਮੇਰੀ ਹੱਤਿਆ ਕਰ ਸਕਣ।’
‘ਕਿਉਂ?’
‘ਮੈਨੂੰ ਅੱਜ ਤੋਂ ਪੰਜਾਹ ਸਾਲ ਪਹਿਲਾਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਹੁਣ ਮੈਂ ਚਾਹੁੰਦਾ ਹਾਂ ਕਿ ਦੰਗਾਕਾਰੀ ਮੈਨੂੰ ਜਿਊਂਦੇ ਨੂੰ ਸਾੜ ਕੇ ਮਾਰ ਦੇਣ।’
‘ਇਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਬਾਬਾ?’ ‘ਸਿਰਫ਼ ਇਹ ਦੱਸਣ ਲਈ ਕਿ ਨਾ ਤਾਂ ਉਨ੍ਹਾਂ ਵੱਲੋਂ ਗੋਲੀ ਮਾਰਿਆਂ ਹੀ ਮੈਂ ਮਰਿਆ ਸੀ ਅਤੇ ਨਾ ਹੀ ਉਨ੍ਹਾਂ ਵੱਲੋਂ ਜਿਊਂਦੇ ਸਾੜ ਦੇਣ ਨਾਲ ਮੈਂ ਮਰਾਂਗਾ।’
+++
ਸ਼ਾਹ ਆਲਮ ਕੈਂਪ ਵਿੱਚ ਇੱਕ ਰੂਹ ਤੋਂ ਕਿਸੇ ਨੇ ਪੁੱਛਿਆ, ‘ਤੇਰੇ ਮਾਂ-ਬਾਪ ਹਨ?’
‘ਮਾਰ ਦਿੱਤਾ ਸਾਰਿਆਂ ਨੂੰ।’
‘ਭੈਣ ਭਰਾ?’
‘ਨਹੀਂ ਹੈ।’
‘ਕੋਈ ਹੈ?’
‘ਨਹੀਂ।’
‘ਇੱਥੇ ਆਰਾਮ ਨਾਲ ਹੋ?’
‘ਹਾਂ, ਹਾਂ।’
‘ਖਾਣਾ-ਪੀਣਾ ਮਿਲਦਾ ਹੈ?’
‘ਹਾਂ ਮਿਲਦਾ ਹੈ।’
‘ਕੱਪੜੇ-ਲੱਤੇ ਹਨ?’
‘ਹਾਂ, ਹੈਨ।’
‘ਕੁਝ ਚਾਹੀਦਾ ਤਾਂ ਨਹੀਂ?’
‘ਕੁਝ ਨਹੀਂ।’
‘ਕੁਝ ਨਹੀਂ?’
‘ਕੁਝ ਨਹੀਂ।’
ਨੇਤਾ ਜੀ ਖ਼ੁਸ਼ ਹੋ ਗਏ। ਸੋਚਿਆ ਕਿ ਲੜਕਾ ਸਮਝਦਾਰ ਹੈ। ਸੁੰਨਤਧਾਰੀਆਂ ਵਰਗਾ ਨਹੀਂ ਹੈ।
+++
ਸ਼ਾਹ ਆਲਮ ਕੈਂਪ ਵਿੱਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇੱਕ ਦਿਨ ਰੂਹਾਂ ਦੇ ਨਾਲ ਸ਼ੈਤਾਨ ਦੀ ਰੂਹ ਵੀ ਆ ਗਈ। ਇਧਰ ਉੱਧਰ ਦੇਖ ਕੇ ਬੜਾ ਸ਼ਰਮਿੰਦਾ ਅਤੇ ਪ੍ਰੇਸ਼ਾਨ ਹੋਇਆ। ਲੋਕਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਕੰਨੀ ਕਤਰਾ ਰਿਹਾ ਸੀ। ਰਸਤਾ ਬਦਲ ਲੈਂਦਾ ਸੀ। ਗਰਦਨ ਝੁਕਾ ਕੇ ਤੇਜ਼ੀ ਨਾਲ ਉੱਧਰ ਮੁੜ ਜਾਂਦਾ ਸੀ ਜਿੱਧਰ ਲੋਕ ਨਹੀਂ ਹੁੰਦੇ ਸਨ। ਆਖਿਰ ਵਿੱਚ ਲੋਕਾਂ ਨੇ ਉਸ ਨੂੰ ਫੜ ਹੀ ਲਿਆ। ਉਹ ਅਸਲੋਂ ਸ਼ਰਮਿੰਦਾ ਹੋ ਕੇ ਕਹਿਣ ਲੱਗਿਆ, ‘ਹੁਣ ਜੋ ਕੁਝ ਹੋਇਆ ਹੈ ਇਸ ਵਿੱਚ ਮੇਰਾ ਕੋਈ ਹੱਥ ਨਹੀਂ। ਅੱਲ੍ਹਾ ਦੀ ਕਸਮ ਮੇਰਾ ਕੋਈ ਹੱਥ ਨਹੀਂ।’ ਲੋਕਾਂ ਨੇ ਕਿਹਾ, ‘ਹਾਂ ਹਾਂ, ਅਸੀਂ ਜਾਣਦੇ ਹਾਂ ਕਿ ਤੂੰ ਤਾਂ ਇਉਂ ਕਰ ਹੀ ਨਹੀਂ ਸਕਦਾ। ਆਖਿਰ ਤੁਹਾਡਾ ਵੀ ਕੋਈ ਸਟੈਂਡਰਡ ਹੈ।’ ਸ਼ੈਤਾਨ ਠੰਢਾ ਸਾਹ ਲੈ ਕੇ ਕਹਿਣ ਲੱਗਾ, ‘ਚਲੋ, ਦਿਲ ਤੋਂ ਇੱਕ ਬੋਝ ਉਤਰ ਗਿਆ… ਤੁਸੀਂ ਲੋਕ ਸੱਚਾਈ ਜਾਣਦੇ ਹੋ।’ ਲੋਕਾਂ ਨੇ ਕਿਹਾ, ‘ਕੁਝ ਦਿਨ ਪਹਿਲਾਂ ਅੱਲ੍ਹਾ ਮੀਆਂ ਵੀ ਆਏ ਸਨ ਅਤੇ ਇਹੀ ਕਹਿ ਰਹੇ ਸਨ।’
(ਪੰਜਾਬੀ ਰੂਪ: ਕੇਹਰ ਸ਼ਰੀਫ਼)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com