Punjabi Stories/Kahanian
ਗੁਲਜ਼ਾਰ ਸਿੰਘ ਸੰਧੂ
Gulzar Singh Sandhu
 Punjabi Kahani
Punjabi Kavita
  

Shaheed Gulzar Singh Sandhu

ਸ਼ਹੀਦ ਗੁਲਜ਼ਾਰ ਸਿੰਘ ਸੰਧੂ

ਭਾਰਤ, ਹਿੰਦੁਸਤਾਨ ਤੇ ਪਾਕਿਸਤਾਨ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਭਾਵੇਂ ਉਦੋਂ ਤੱਕ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ ਵਿੱਚ ਚੋਖੀ ਵੱਢ-ਟੁੱਕ ਹੋ ਚੁੱਕੀ ਸੀ, ਪਰ ਸਾਡੇ ਇਲਾਕੇ ਵਿੱਚ ਹਾਲੀ ਸ਼ਾਂਤੀ ਸੀ। ਮੈਂ ਤੇ ਨੂਰਾ ਤਕੀਏ ਵਿੱਚ ਅੰਬੀ ਦੇ ਬੂਟੇ ਥੱਲੇ ਬੈਠੇ ਇਤਿਹਾਸ ਦਾ ਕੋਈ ਸਵਾਲ ਯਾਦ ਕਰ ਰਹੇ ਸਾਂ। ਨੂਰੇ ਦੀ ਭੈਣ ਰਹਿਮਤੇ ਸਾਡੇ ਸ਼ਹੀਦਾਂ ਵਾਲੇ ਖੇਤ ਵਿਚੋਂ ਚਰ੍ਹੀ ਵੱਢ ਰਹੀ ਸੀ। ਸ਼ਹੀਦਾਂ ਅਤੇ ਤਕੀਏ ਵਿਚਕਾਰ ਕੇਵਲ ਇੱਕ ਖੇਤ ਦੀ ਵਿੱਥ ਸੀ ਪਰ ਮੈਨੂੰ ਉਦੋਂ ਤਕੀਏ ਦਾ ਐਨਾ ਭੈਅ ਨਹੀਂ ਸੀ, ਜਿੰਨਾਂ ਸ਼ਹੀਦਾਂ ਦਾ। ਸ਼ਹੀਦ ਕਾਫ਼ੀ ਕਰਾਮਾਤ ਵਾਲੇ ਸਮਝੇ ਜਾਂਦੇ ਸਨ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਮੈਂ ਕੱਚਾ-ਪੱਕਾ ਕੋਈ ਇਮਤਿਹਾਨ ਦੇਣ ਸ਼ਹੀਦਾਂ ਦਾ ਪ੍ਰਸ਼ਾਦ ਸੁੱਖਣ ਤੋਂ ਬਿਨਾਂ ਨਹੀਂ ਸੀ ਦਿੰਦਾ ਤੇ ਮੇਰੇ ਬਾਬਾ ਜੀ ਦਾ ਕਹਿਣਾ ਸੀ ਕਿ ਇਸੇ ਕਾਰਨ ਮੈਂ ਕਦੀ ਫੇਲ੍ਹ ਨਹੀਂ ਸੀ ਹੋਇਆ।
ਨੂਰੇ ਦੀ ਭੈਣ ਰਹਿਮਤੇ ਮੈਨੂੰ ਬਹੁਤ ਚੰਗੀ ਲਗਦੀ ਸੀ ਤੇ ਅੱਜ ਇਸ ਗੱਲ ਦੀ ਪੁਸ਼ਟੀ ਕਰਵਾਉਣ ਲਈ ਮੈਂ ਨੂਰੇ ਨੂੰ ਪੁੱਛਿਆ, "ਤੈਨੂੰ ਆਪਣੀਆਂ ਦੋਨਾਂ ਭੈਣਾਂ ਵਿਚੋਂ ਰਹਿਮਤੇ ਚੰਗੀ ਲਗਦੀ ਹੈ ਕਿ ਜੈਨਾਂ?"
"ਜੈਨਾ" ਨੂਰੇ ਨੇ ਆਪਣੀ ਵੱਡੀ ਭੈਣ ਦਾ ਨਾਂ ਲਿਆ, ਜਿਹੜੀ ਚਾਰ-ਪੰਜ ਵਰ੍ਹੇ ਪਹਿਲਾਂ ਵਿਆਹੀ ਜਾ ਚੁੱਕੀ ਸੀ।
"ਤੈਨੂੰ ਰਹਿਮਤੇ ਕਿਉਂ ਨਹੀਂ ਚੰਗੀ ਲਗਦੀ?" ਮੇਰੇ ਮੂੰਹੋਂ ਅਭੋਲ ਹੀ ਨਿਕਲ ਗਿਆ। ਪਰ ਫੇਰ ਮੈਨੂੰ ਖ਼ਿਆਲ ਆਇਆ ਕਿ ਨੂਰਾ ਮੇਰੀ ਗੱਲ ਦਾ ਕੋਈ ਹੋਰ ਭਾਵ ਨਾ ਕੱਢ ਬੈਠੇ। ਮੈਂ ਸ਼ਰਮਿੰਦਾ ਜਿਹਾ ਹੋ ਗਿਆ।
"ਇਸ ਲਈ ਕਿ ਰਹਿਮਤੇ ਮੈਨੂੰ ਨਿੱਕੇ ਹੁੰਦੇ ਨੂੰ ਮਾਰਦੀ ਹੁੰਦੀ ਸੀ ਤੇ ਜੈਨਾ ਬੜੇ ਪਿਆਰ ਨਾਲ ਖਿਡਾਉਂਦੀ ਹੁੰਦੀ ਸੀ।" ਨੂਰੇ ਦਾ ਉੱਤਰ ਸੁਣ ਕੇ ਮੇਰੀ ਤਸੱਲੀ ਹੋਈ ਕਿ ਨੂਰੇ ਨੇ ਮੇਰੇ ਪ੍ਰਸ਼ਨ ਦਾ ਉਹੀਓ ਭਾਵ ਕੱਢਿਆ ਸੀ, ਜਿਹੜਾ ਹੈ ਸੀ।
ਫੜ-ਫੜ ਕਰਦਾ, ਸ਼ਹੀਦਾਂ ਵਾਲੇ ਪਿੱਪਲ ਤੋਂ ਇੱਕ ਮੋਰ ਉੱਡਿਆ ਤੇ ਉਸ ਦਾ ਨਵਾਂ ਨਕੋਰ ਖੰਭ ਹਵਾ ਵਿੱਚ ਡਿੱਕੋ ਡੋਲੇ ਖਾਂਦਾ ਹੇਠਾਂ ਆ ਡਿੱਗਿਆ।
ਮੈਂਨੂੰ ਉਹਨਾਂ ਦਿਨਾਂ ਵਿੱਚ ਮੋਰ ਦੇ ਖੰਭ ਇਕੱਠੇ ਕਰਨ ਦਾ ਬੜਾ ਸ਼ੌਕ ਸੀ। ਕਿਤਾਬ ਨੂਰੇ ਨੂੰ ਫੜਾ ਕੇ ਜਦ ਭੱਜਿਆ ਭੱਜਿਆ ਮੈਂ ਖੰਭ ਕੋਲ ਪੁੱਜਾ ਤਾਂ ਖੰਭ ਰਹਿਮਤੇ ਦੇ ਹੱਥ ਵਿੱਚ ਸੀ।
"ਇਹ ਖੰਭ ਤਾਂ ਮੈਂ ਚੁੱਕਣਾ ਸੀ।" ਮੈਂ ਨਿਰਾਸ਼ ਜਿਹਾ ਹੋ ਕੇ ਰਹਿਮਤੇ ਨੂੰ ਆਖਿਆ।
"ਪਰ ਹੁਣ ਤਾਂ ਮੈਂ ਚੁੱਕ ਬੈਠੀ ਹਾਂ", ਰਹਿਮਤੇ ਨੇ ਉੱਤਰ ਦਿੱਤਾ।
"ਕੁਝ ਵੀ ਹੋਵੇ ਖੰਭ ਤਾਂ ਤੈਨੂੰ ਦੇਣਾ ਹੀ ਪਵੇਗਾ", ਮੈਂ ਜ਼ਿੱਦ ਕੀਤੀ।
"ਫੇਰ ਤਾਂ ਮੈਂ ਕਦੇ ਵੀ ਨਹੀਂ ਦਿੰਦੀ", ਏਨਾ ਕਹਿ ਕੇ ਉਹ ਮੁਸਕਰਾ ਪਈ।
"ਖੰਭ ਤਾਂ ਤੂੰ ਦੇ ਹੀ ਦੇਵੇਂਗੀ", ਮੈਂ ਵੀ ਮੁਸਕਰਾ ਕੇ ਆਖਿਆ, "ਹੋਰ ਤੈਨੂੰ ਭਾਵੇਂ ਮੈਂ ਕੁੱਝ ਨਹੀਂ ਕਹਿੰਦਾ।"
"ਚੁੱਕ ਲੈ ਆਪਣਾ ਖੰਭ" ਉਸ ਨੇ ਘੂਰ ਕੇ ਤੱਕਦਿਆਂ ਕਿਹਾ।
ਖੰਭ ਸੁੱਟ ਕੇ ਤੇ ਭਰੀ ਚੁੱਕ ਕੇ, ਉਹ ਪਿੰਡ ਵੱਲ ਨੂੰ ਤੁਰ ਪਈ। ਦੂਰ ਤੱਕ ਮੈਨੂੰ ਉਸ ਦੀ ਪੀਲੀ ਚੁੰਨੀ ਦਿਖਾਈ ਦਿੰਦੀ ਰਹੀ ਤੇ ਮੈਂ ਉਸ ਵੱਲ ਇੰਝ ਵੇਖਦਾ ਰਿਹਾ ਜਿਵੇਂ ਇਸ ਸਿੱਟੇ ਉੱਤੇ ਪੁੱਜਣਾ ਚਾਹੁੰਦਾ ਹੋਵਾਂ ਕਿ ਉਸ ਨੇ ਮੈਨੂੰ ਪਿਆਰ ਨਾਲ ਘੂਰਿਆ ਸੀ ਜਾਂ ਘ੍ਰਿਣਾ ਨਾਲ।
ਖੰਭ ਲੈ ਕੇ ਜਦ ਮੈਂ ਵਾਪਸ ਤਕੀਏ ਵਿੱਚ ਆਇਆ ਤਾਂ ਨੂਰੇ ਦਾ ਅੱਬਾ 'ਬਦਰੂ ਸਾਈਂ' ਸੰਝਾਂ ਵੇਲੇ ਦੀ ਨਿਮਾਜ਼ ਪੜ੍ਹ ਰਿਹਾ ਸੀ ਤੇ ਨੂਰਾ ਵੀ ਕੋਲ ਖੜ੍ਹਾ ਆਪਣੇ ਅੱਬਾ ਵਾਂਗ ਹੀ ਸ਼ਰਧਾ ਜਤਾ ਰਿਹਾ ਸੀ। ਨੂਰੇ ਦੇ ਗਲ ਵਿੱਚ ਵੀ ਪੀਲਾ ਪਟਕਾ ਸੀ ਤੇ ਉਸ ਦੇ ਅੱਬਾ ਦੇ ਗਲ ਵਿੱਚ ਵੀ।
ਪੀਲਾ ਪਟਕਾ? ਤੁਸੀਂ ਪੁੱਛੋਗੇ, ਉਹ ਕਿਉਂ? ਇਹ ਵੀ ਇੱਕ ਦਿਲਚਸਪ ਕਹਾਣੀ ਹੈ।
ਦੋ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਨੇ ਸਾਡੇ ਪਿੰਡਾਂ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਹੀਓ ਮੁਸਲਮਾਨ ਹਿੰਦੁਸਤਾਨ ਵਿੱਚ ਰਹਿ ਸਕਣਗੇ ਜਿਹੜੇ ਹਿੰਦੂ-ਸਿੱਖ ਬਣ ਜਾਣ ਅਤੇ ਬਾਕੀ ਸਭ ਪਾਕਿਸਤਾਨ ਪਹੁੰਚਾ ਦਿੱਤੇ ਜਾਣਗੇ। ਸਾਡੇ ਪਿੰਡ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ ਤੇ ਮੁਸਲਮਾਨ ਵੀ ਕੱਟੜ ਸੁੰਨੀ। ਪਰ ਕੀ ਕਰਦੇ ਵਿਚਾਰੇ! ਹੁਸ਼ਿਆਰਪੁਰ ਦੇ ਨੇੜੇ ਮੁਸਲਮਾਨਾਂ ਦੀਆਂ ਬਾਈ ਬਸੀਆਂ (ਬਹੁਤ ਵੱਡੇ ਪਿੰਡ) ਸਨ। ਫੇਰ ਵੀ ਉੱਥੇ ਜਿਹੜਾ ਅੜਿਆ ਨੇਜਿਆਂ ਨਾਲ ਵਿੰਨ੍ਹ ਦਿੱਤਾ ਗਿਆ ਸੀ। ਸਾਡੇ ਪਿੰਡ ਦੇ ਮੁਸਲਮਾਨ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ।
ਐਲਾਨ ਤੋਂ ਦੂਜੇ ਹੀ ਦਿਨ ਸਾਡੇ ਬਾਬਾ ਜੀ ਨੇ ਪਿੰਡ ਦੀ ਧਰਮਸ਼ਾਲਾ ਵਿੱਚ ਡੇਢ ਸੌ ਕੜੇ ਮੰਗਵਾਏ, ਓਨੇ ਹੀ ਖੰਡੇ ਵਾਲੇ ਕੰਘੇ, ਓਨੀਆਂ ਹੀ ਕੱਛਾਂ ਅਤੇ ਓਨੇ ਹੀ ਪੀਲੇ ਰੰਗ ਦੇ ਪਟਕੇ। ਜਦ ਅੰਮ੍ਰਿਤ ਲਈ ਦੇਗ ਤਿਆਰ ਕਰਨ ਵਾਸਤੇ ਚਾਸ਼ਣੀ ਦੇ ਕੜਾਹੇ ਚੜ੍ਹਾਏ ਜਾਣ ਲੱਗੇ ਤਾਂ ਪਿੱਛਿਓਂ ਕਿਸੇ ਸਿਆਣੇ ਦੀ ਆਵਾਜ਼ ਆਈ, "ਇਹੋ ਜਿਹੇ ਅੰਮ੍ਰਿਤ ਦਾ ਕੀ ਲਾਭ? ਇਨ੍ਹਾਂ ਮੁਸਲਿਆਂ ਦਾ ਕੀ ਭਰੋਸਾ ਹੈ ਕਲ੍ਹ ਨੂੰ ਕੜੇ-ਛੜੇ ਲਾਹ ਕੇ ਫੇਰ ਮੁਸਲੇ ਦੇ ਮੁਸਲੇ।" ਮੈਂ ਪਿੱਛੇ ਮੁੜ ਕੇ ਤੱਕਿਆ ਤਾਂ ਬਾਬਾ ਫੁੰਮਣ ਸਿੰਘ ਜੀ ਬੋਲ ਰਹੇ ਸਨ। ਏਨਾ ਕਹਿ ਕੇ ਉਨ੍ਹਾਂ ਨੇ ਅਫ਼ੀਮ ਦੀ ਡੱਬੀ ਵਿੱਚੋਂ ਇੱਕ ਗੋਲੀ ਕੱਢੀ ਤੇ ਮੂੰਹ ਵਿੱਚ ਸੁੱਟ ਕੇ ਪਾਣੀ ਦਾ ਘੁੱਟ ਭਰ ਲਿਆ।
"ਹੋਰ ਕਿੱਦਾਂ ਦਾ ਅੰਮ੍ਰਿਤ ਛਕਾਇਆ ਜਾਵੇ?" ਪਿੰਡ ਦੇ ਸਿਆਣਿਆਂ ਵਿਚੋਂ ਇੱਕ ਨੇ ਪੁੱਛਿਆ।
"ਝਟਕੇ ਵਾਲਾ", ਬਾਬਾ ਜੀ ਨੇ ਆਪਣੇ ਖੂੰਡੇ ਦੇ ਸਹਾਰੇ ਉੱਠਦਿਆਂ ਆਖਿਆ।
"ਬਿਲਕੁਲ ਠੀਕ", ਸਭ ਸਿਆਣੇ ਰਜ਼ਾਮੰਦ ਹੋ ਗਏ।
"ਸਾਡੇ ਸਿੱਖ ਭਰਾਵਾਂ ਨੂੰ ਓਧਰ ਹਲਾਲ ਖਿਲਾਇਆ ਗਿਆ ਹੈ", ਕਿਸੇ ਨੇ ਪਾਕਿਸਤਾਨ ਦੀਆਂ ਕਰਤੂਤਾਂ ਵੱਲ ਇਸ਼ਾਰਾ ਕੀਤਾ।
"ਤੇ ਉਹ ਵੀ ਗਊ ਦਾ", ਕਿਸੇ ਹੋਰ ਨੇ ਤਾਈਦ ਕੀਤੀ।
ਮੁਸਲਮਾਨ ਵਿਚਾਰੇ ਚੁੱਪ-ਚਾਪ ਸੁਣਦੇ ਰਹੇ। ਪਲੋ-ਪਲੀ ਪੰਜ-ਛੇ ਬੱਕਰੇ ਝਟਕਾ ਦਿੱਤੇ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ, ਜਿੱਥੇ ਵੀ ਮੁਸਲਮਾਨਾਂ ਨੂੰ ਸਿੱਖ ਬਣਾਇਆ ਜਾ ਰਿਹਾ ਸੀ, ਝਟਕੇ ਦੇ ਅੰਮ੍ਰਿਤ ਨਾਲ ਹੀ ਬਣਾਇਆ ਸੀ। ਪੱਦੀ, ਪੋਸੀ, ਕਿੱਤਣਾ, ਮਜਾਰਾ, ਬਿੰਝੋਂ, ਬਾਕੀ ਗੁਆਂਢੀ ਪਿੰਡਾਂ ਵਿੱਚ ਵੀ ਇਹ ਅਮਲ ਕਰਨਾ ਸੀ। ਮੁਸਲਮਾਨਾਂ ਦੇ ਦਿਲ ਵਿੱਚ ਇੱਕ ਚੜ੍ਹਦੀ ਤੇ ਇੱਕ ਉੱਤਰਦੀ ਸੀ ਪਰ ਕਰ ਕੁੱਝ ਵੀ ਨਹੀਂ ਸੀ ਸਕਦੇ।
"ਗੁਰੂ ਜੀ ਨੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਦੁਆਰਾ ਅੰਮ੍ਰਿਤ ਛਕਾਇਆ ਸੀ", ਬਾਪੂ ਜੀ ਨੇ ਬਾਬੇ ਫੁੰਮਣ ਸਿੰਘ ਨੂੰ ਹੌਲੀ ਜਿਹੀ ਟੋਕ ਕੇ ਕਿਹਾ।
"ਚੁੱਪ ਰਿਹਾ ਕਰ ਓਏ ਮੁੰਡਿਆ। ਬਹੁਤੀਆਂ ਨਘੋਚਾਂ ਨਹੀਂ ਕੱਢੀਦੀਆਂ", ਬਾਬੇ ਹੁਰਾਂ ਬਾਪੂ ਜੀ ਨੂੰ ਚੁੱਪ ਕਰਾ ਦਿੱਤਾ ਤੇ ਫੇਰ ਖੂੰਡੇ ਦੇ ਸਹਾਰੇ ਝਟਕੇ ਦੇ ਬਲਟੋਹਿਆਂ ਦਾ ਮੁਆਇਨਾ ਕਰਨ ਲੱਗ ਪਏ। ਅੱਜ ਮੈਂ ਗਹੁ ਨਾਲ ਵੇਖਿਆ ਸੀ ਕਿ ਬਾਬਾ ਜੀ ਨੇ ਕਿਰਪਾਨ ਨਹੀਂ ਸੀ ਪਹਿਨੀ ਹੋਈ। ਕਿਰਪਾਨ ਦੀ ਥਾਂ ਉਹ ਖੂੰਡਾ ਹੀ ਰੱਖਦੇ ਸਨ ਤੇ ਏਦਾਂ ਚਾਰ ਕੱਕੀਏ ਹੀ ਸਿੱਖ ਸਨ।
ਘੜੀ ਪਲ ਵਿੱਚ ਸਾਰੇ ਦੇ ਸਾਰੇ ਮੁਸਲਮਾਨਾਂ ਨੇ ਕੰਘੇ, ਕੜੇ, ਕੱਛੇ, ਕਿਰਪਾਨਾਂ ਪਹਿਨ ਲਈਆਂ ਤੇ ਬੋਟੀ-ਬੋਟੀ ਕਰ ਕੇ ਝਟਕਾ ਮੂੰਹ ਵਿੱਚ ਪਾਉਣ ਲੱਗੇ।"ਅਸੀਂ ਪਹਿਲਾਂ ਵੀ ਹਿੰਦੂ ਹੀ ਸਾਂ, ਸਹੁਰੇ ਔਰੰਗਜ਼ੇਬ ਨੇ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਸੀ" ਝਟਕੇ ਦੀ ਬੋਟੀ ਮੂੰਹ ਵਿੱਚ ਪਾਉਂਦੇ ਹੋਏ ਸੁੰਨੀ ਮੁਸਲਮਾਨ ਆਪਣੇ ਹਿੰਦੂ-ਸਿੱਖ ਭਰਾਵਾਂ ਨਾਲ ਗੱਲਾਂ ਕਰ ਰਹੇ ਸਨ। ਬਾਬਾ ਫੁੰਮਣ ਸਿੰਘ ਤੇ ਹੋਰ ਸਿਆਣੇ ਵੀ ਆਪਣੀ ਸਰਦਾਰੀ ਠਾਠ ਵਿੱਚ ਬੈਠ ਕਦੀ ਅਫ਼ੀਮ ਤੇ ਕਦੀ ਝਟਕੇ ਦੀ ਬੋਟੀ ਮੂੰਹ ਵਿੱਚ ਪਾ ਲੈਂਦੇ।
ਬਾਪੂ ਜੀ ਆਪਣੇ ਆਪ ਨੂੰ ਆਮ ਜੱਟਾਂ ਨਾਲੋਂ ਵੱਖਰਿਆ ਕੇ ਪਿੰਡ ਦੇ ਬਾਕੀ ਬੰਦਿਆਂ ਨੂੰ ਆਪਣੇ ਸੰਧੂ ਹੋਣ ਦੀ ਵਿਸ਼ੇਸ਼ਤਾ ਸਮਝਾ ਰਹੇ ਸਨ।"ਮਹਾਰਾਜੇ ਪਟਿਆਲੇ ਦਾ ਗੋਤ ਸਿੱਧੂ ਹੈ ਤੇ ਸਿੱਧੂ ਸੰਧੂ ਇੱਕ ਬਰਾਬਰ ਹੀ ਹੁੰਦੇ ਹਨ। ਏਨੀ ਗੱਲ ਹੈ ਜ਼ਰਾ ਕਿ ਸਾਡੀ ਜਾਗੀਰ ਨਾਲ ਅਫ਼ੀਮ-ਡੋਡੇ ਹੀ ਚਲਦੇ ਹਨ ਤੇ ਮਹਾਰਾਜੇ ਦਾ ਸ਼ਾਹੀ ਠਾਠ ਵੀ ਕਾਇਮ ਹੈ। ਸਿੱਖੀ ਵਿੱਚ ਉਹ ਵੀ ਪੱਕਾ ਹੈ ਤੇ ਅਸੀਂ ਵੀ। ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਮੁਸਲਿਆਂ ਦਾ ਕੀ ਵਿਗਾੜ ਸਕਦੇ ਸੀ? ਉਨ੍ਹਾਂ ਨੇ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਸੀ ਛਕਣਾ।"
ਸਾਰੇ ਮੁਸਲਮਾਨਾਂ ਨੇ ਅੰਮ੍ਰਿਤ ਛਕ ਲਿਆ। ਕੇਵਲ ਥੋੜ੍ਹੇ ਜਿਹੇ ਘਰ ਜਿਨ੍ਹਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਦੇ ਦਿੱਤਾ ਸੀ, ਰਹਿ ਗਏ ਸਨ। ਨੂਰੇ ਦੇ ਪਰਿਵਾਰ ਵਿੱਚੋਂ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ।
"ਨੂਰੇ ਹੁਰਾਂ ਨੇ ਨਹੀਂ ਅੰਮ੍ਰਿਤ ਛਕਣਾ?" ਮੈਂ ਬਾਪੂ ਜੀ ਨੂੰ ਪੁੱਛਿਆ।
"ਰੌਲਾ ਨਹੀਂ ਪਾਈਦਾ, ਮੱਲ। ਮੈਂ ਕੰਘੇ ਕੜੇ ਉਨ੍ਹਾਂ ਦੇ ਘਰ ਪਹੁੰਚਾ ਦਿੱਤੇ ਹਨ ਤੇ ਉਨ੍ਹਾਂ ਨੇ ਪਹਿਨ ਵੀ ਲਏ ਹਨ। ਨੂਰੇ ਦਾ ਅੱਬਾ ਸਾਈਂ ਲੋਕ ਹੈ। ਉਹ ਝਟਕਾ ਖਾਣ ਤੋਂ ਕਤਰਾਉਂਦਾ ਹੈ। ਖ਼ੈਰ, ਮੈਂ ਆਪੇ ਨਿਪਟ ਲਵਾਂਗਾ। ਵਿਚਾਰਾ ਬੜਾ ਮਾਣ ਕਰਦਾ ਹੈ ਆਪਣਾ। ਤੈਨੂੰ ਪਹਿਲੀਆਂ ਛੇ ਜਮਾਤਾਂ ਨੂਰੇ ਦੇ ਨਾਲ ਹੀ ਤਾਂ ਪਾਸ ਕਰਵਾ ਦਿੱਤੀਆਂ ਸਨ। ਤੇਰੇ ਹਾਣ ਦੇ ਹਾਲੀਂ ਚੌਥੀ ਵਿੱਚ ਧੱਕੇ ਖਾਂਦੇ ਫਿਰਦੇ ਨੇ ਤੇ ਤੂੰ ਸੁੱਖ ਨਾਲ ਅੱਠਵੀਂ ਵਿੱਚ ਏਂ। ਇਹ ਸਭ ਬਦਰੂ ਸਾਈਂ ਦੀਆਂ ਹੀ ਮਿਹਰਬਾਨੀਆਂ ਨੇ।" ਬਾਪੂ ਜੀ ਨੇ ਸਾਰੀ ਗੱਲ ਮੇਰੇ ਕੰਨ ਵਿੱਚ ਹੀ ਸਮਝਾ ਦਿੱਤੀ ਤੇ ਆਪ ਆਪਣੇ ਕੰਮ ਵਿੱਚ ਮਗਨ ਹੋ ਗਏ।
ਜਦ ਬਾਪੂ ਜੀ ਤੋਂ ਬਦਰੂ ਸਾਈਂ ਦੇ ਅੰਮ੍ਰਿਤ ਛਕਣ ਸੰਬੰਧੀ ਪੁੱਛਿਆ ਗਿਆ ਤਾਂ ਬਾਪੂ ਜੀ ਨੇ ਏਧਰ-ਓਧਰ ਦੀਆਂ ਕਈ ਗੱਲਾਂ ਜੋੜ ਕੇ ਪਿੰਡ ਦੀ ਪੰਚਾਇਤ ਨੂੰ ਯਕੀਨ ਦਵਾਇਆ ਕਿ ਬਦਰੂ ਸਾਈਂ ਨੇ ਉਹਨਾਂ ਦੇ ਸਾਹਮਣੇ ਝਟਕੇ ਦੀ ਬੋਟੀ ਮੂੰਹ ਵਿੱਚ ਪਾਈ ਸੀ। ਤੇ ਫੇਰ ਵੀ ਜਦ ਬਾਬਾ ਜੀ ਨੇ ਉਨ੍ਹਾਂ ਦੀ ਨੀਯਤ 'ਤੇ ਸ਼ੱਕ ਕੀਤਾ ਤਾਂ ਬਾਪੂ ਜੀ ਨੂੰ ਝੂਠੀ ਸਹੁੰ ਖਾ ਕੇ ਯਕੀਨ ਕਰਾਉਣਾ ਪਿਆ ਸੀ।
ਇਸ ਪ੍ਰਕਾਰ ਬਦਰੂ ਸਾਈਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ ਸੀ। ਇਸ ਵਿੱਚ ਝੂਠ ਵੀ ਕੀ ਸੀ। ਅੱਜ ਜਦ ਮੈਂ ਸ਼ਹੀਦਾਂ ਵਾਲੇ ਪਿਪਲ ਕੋਲ ਰਹਿਮਤੇ ਤੋਂ ਖੰਭ ਮੰਗਿਆ ਸੀ ਤਾਂ ਉਸ ਦੀ ਬਾਂਹ ਵਿੱਚ ਲੋਹੇ ਦਾ ਕੜਾ ਸੀ ਤੇ ਸਿਰ ਉੱਤੇ ਪੀਲੀ ਚੁੰਨੀ। ਇਹ ਗੱਲ ਵੱਖਰੀ ਹੈ ਕਿ ਪੀਲੀ ਚੁੰਨੀ ਨੇ ਰਹਿਮਤੇ ਦੇ ਹੁਸਨ ਦੀ ਆਬ ਨਹੀਂ ਸੀ ਛੱਡੀ, ਉਸ ਦੇ ਗੋਰੇ ਰੰਗ ਨੂੰ ਕਾਲੀ ਚੁੰਨੀ ਹੀ ਫਬਦੀ ਸੀ। ਬਦਰੂ ਸਾਈਂ ਜਦ ਨਿਮਾਜ਼ ਪੜ੍ਹ ਰਿਹਾ ਸੀ ਤਾਂ ਉਸਦੇ ਹੱਥ ਵਿੱਚ ਕੜੇ ਤੋਂ ਇਲਾਵਾ ਉਸਦੇ ਗਲ ਵਿੱਚ ਪੀਲਾ ਪਟਕਾ ਸੀ ਤੇ ਨੂਰੇ ਦੇ ਗਲ ਵਿੱਚ ਵੀ।
ਹੁਣ ਉਹ ਨਿਮਾਜ਼ ਨਾ ਵੀ ਪੜ੍ਹਦੇ ਜੇ ਕੋਈ ਹੋਰ ਉਨ੍ਹਾਂ ਨੂੰ ਵੇਖਦਾ ਹੁੰਦਾ। ਇਸ ਵੇਲੇ ਤਾਂ ਉਹਨਾਂ ਕੋਲ ਕੇਵਲ ਮੈਂ ਸਾਂ ਨੂਰੇ ਦਾ ਹਮ-ਜਮਾਤੀ ਤੇ ਬਦਰੂ ਸਾਈਂ ਦਾ ਪੁਰਾਣਾ ਵਿਦਿਆਰਥੀ। ਉਹ ਵਿਦਿਆਰਥੀ ਜਿਸ ਨੂੰ ਸਬਕ ਭੁੱਲਣ ਤੇ ਵੀ ਬਦਰੂ ਸਾਈਂ ਨੇ ਕਦੀ ਨਹੀਂ ਸੀ ਮਾਰਿਆ ਤੇ ਸਾਈਂ ਵੀ ਉਹ ਜਿਹੜਾ ਮਾਰਨ ਲੱਗਿਆਂ ਨੂਰੇ ਨਾਲ ਵੀ ਲਿਹਾਜ਼ ਨਹੀਂ ਸੀ ਕਰਦਾ। ਜੇ ਕਦੀ ਨੂਰਾ ਇਸ ਦਾ ਕਾਰਨ ਵੀ ਪੁੱਛਦਾ ਤਾਂ ਉਹ ਦਲੀਲ ਦਿੰਦਾ, "ਇਹ ਤਾਂ ਵਿਚਾਰਾ ਮਾਪਿਆਂ ਦੇ ਘਰ ਦਾ ਇਕੱਲਾ ਪੁੱਤਰ ਹੈ। ਤੁਹਾਡਾ ਕੀ ਹੈ ਤੁਸੀਂ ਤਾਂ ਪੰਜ ਹੋ। ਇੱਕ-ਅੱਧੇ ਨੂੰ ਕੁੱਝ ਹੋ ਵੀ ਜਾਵੇ ਤਾਂ ਕੁੱਝ ਨਹੀਂ ਵਿਗੜਦਾ।" ਤੇ ਏਨਾ ਕਹਿ ਕੇ ਸਾਈਂ ਇੱਕ ਚਪੇੜ ਨੂਰੇ ਦੇ ਹੋਰ ਜੜ ਦਿੰਦਾ।
ਸੱਤਵੀਂ ਵਿੱਚ ਮੈਂ ਤੇ ਨੂਰਾ ਮਾਹਿਲਪੁਰ ਜਾਣ ਲਗ ਪਏ ਸਾਂ। ਮਾਹਿਲਪੁਰ ਇਕੱਠੇ ਪੜ੍ਹਨ ਕਾਰਨ ਮੈਂ ਤੇ ਨੂਰਾ ਹੋਰ ਵੀ ਮਿੱਤਰ ਹੋ ਗਏ ਸਾਂ। ਉਂਝ ਵੀ ਬਾਪੂ ਜੀ ਨਾਲ ਸਾਈਂ ਹੁਰਾਂ ਦੇ ਬਹੁਤ ਚੰਗੇ ਸੰਬੰਧ ਸਨ। ਇਸ ਲਈ ਉਨ੍ਹਾਂ ਨੂੰ ਕੀ ਡਰ ਸੀ? ਮੈਂ ਕਿਹੜਾ ਪਿੰਡ ਦੇ ਕਿਸੇ ਬੰਦੇ ਨੂੰ ਦੱਸਣ ਲੱਗਾ ਸਾਂ ਕਿ ਨੂਰਾ ਤੇ ਨੂਰੇ ਦੇ ਅੱਬਾ ਨਿਮਾਜ਼ ਪੜ੍ਹ ਰਹੇ ਸਨ।
ਮੈਂ ਉਦੋਂ ਤੇਰ੍ਹਵੇਂ ਵਰ੍ਹੇ ਵਿੱਚ ਸਾਂ। ਨੂਰਾ ਪੰਦਰਾਂ ਕੁ ਵਰ੍ਹੇ ਦਾ ਹੋਵੇਗਾ। ਰਹਿਮਤੇ ਨੂਰੇ ਨਾਲੋਂ ਦੋ ਵਰ੍ਹੇ ਵੱਡੀ ਸੀ ਤੇ ਮੈਨੂੰ ਯਾਦ ਹੈ ਕਿ ਤੀਜੀ ਤੱਕ ਮੈਂ ਬਹੁਤ ਸਾਰੇ ਸਵਾਲ ਰਹਿਮਤੇ ਕੋਲੋਂ ਹੀ ਸਮਝਦਾ ਹੁੰਦਾ ਸੀ। ਤੇ ਹੁਣ ਉਹ ਚਰ੍ਹੀ ਦੀ ਭਰੀ ਚੁੱਕੀ ਜਾ ਰਹੀ ਸੀ। ਬਦਰੂ ਸਾਈਂ ਨਿਮਾਜ਼ ਪੜ੍ਹ ਰਿਹਾ ਸੀ। ਨੂਰਾ ਬੜੇ ਸ਼ਰਧਾ ਭਾਵ ਨਾਲ ਉਸਦੇ ਕੋਲ ਖੜ੍ਹਾ ਸੀ। ਸਾਈਂ ਦੀ ਨਸਵਾਰੀ ਰੰਗ ਦੀ ਦਾੜ੍ਹੀ ਧਰਤੀ ਨਾਲ ਲੱਗੀ ਹੋਈ ਸੀ ਤੇ ਕਲੀਆਂ ਵਾਲਾ ਕੁੜਤਾ ਭੋਇੰ ਵਿੱਚ ਲਿਬੜਿਆ ਹੋਇਆ ਸੀ ਕਿ ਪਿੱਠ ਪਿੱਛੋਂ "ਬੋਲੇ ਸੋ ਨਿਹਾਲ…ਸਤਿ ਸ੍ਰੀ ਅਕਾਲ" ਦੇ ਜੈਕਾਰੇ ਸੁਣਾਈ ਦੇਣ ਲੱਗੇ।
ਸ਼ਾਮ ਦੇ ਕੋਈ ਚਾਰ ਕੁ ਵਜੇ ਦਾ ਸਮਾਂ ਹੋਵੇਗਾ। ਅਸੀਂ ਸਾਰੇ ਹੀ ਸੁੱਤ ਉਨੀਂਦਰੇ ਜਿਹੇ ਪਿੰਡ ਵੱਲ ਨੂੰ ਭੱਜ ਤੁਰੇ। ਨਿਮਾਜ਼ ਵੀ ਪੂਰੀ ਨਾ ਹੋ ਸਕੀ। ਮਾਰੇ ਭੈਅ ਦੇ ਚੰਗੀ ਤਰ੍ਹਾਂ ਕੋਈ ਵੀ ਨਹੀਂ ਸੀ ਭੱਜ ਸਕਦਾ। ਨੂਰਾ ਔਖੜ ਕੇ ਡਿੱਗ ਪਿਆ। ਇੱਕ ਚਿਲਕਦੀ ਹੋਈ ਬਰਛੀ ਨੂਰੇ ਦੇ ਢਿੱਡ ਵਿੱਚ ਖੁਭ ਗਈ। ਰੁੱਗ ਭਰ ਆਂਦਰਾਂ ਉਸ ਦੇ ਢਿੱਡ ਵਿੱਚੋਂ ਬਾਹਰ ਨਿਕਲ ਆਈਆਂ। ਮੈਂ ਭੈਅ-ਭੀਤ ਹੋ ਕੇ ਬਰਛੀ ਵਾਲੇ ਵੱਲ ਤੱਕਿਆ ਤਾਂ ਕੋਈ ਨੀਲੇ ਵਸਤਰਾਂ ਵਾਲਾ ਘੋੜ-ਸਵਾਰ ਸੀ। ਸਾਈਂ ਨੇ ਆਖਿਆ, "ਸਰਦਾਰ ਜੀ! ਅਸੀਂ ਸਿੰਘ ਸਜ ਗਏ ਹਾਂ। ਅਸੀਂ ਅੰਮ੍ਰਿਤ ਛਕ ਲਿਆ ਹੈ, ਅਹਿ ਵੇਖੋ ਪੀਲਾ ਪਟਕਾ ਤੇ ਕੜਾ……" ਤਾਂ ਇੱਕ ਮੁੱਛਾਂ ਵਾਲੇ ਰਾਜਪੂਤ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਹਦਾ ਕੜਾ ਕੱਟ ਦਿੱਤਾ। ਉਸ ਨੇ ਹੱਥ ਜੋੜਕੇ ਮਿੰਨਤ ਕਰਨ ਲਈ ਜਦ ਦੂਜਾ ਹੱਥ ਚੁੱਕਿਆ ਤਾਂ ਉਹ ਵੀ ਵੱਢ ਦਿੱਤਾ।
"ਇਹਨੂੰ ਤਾਂ ਘੱਲੋ ਪਾਕਿਸਤਾਨ" ਮੇਰੇ ਵੱਲ ਇਸ਼ਾਰਾ ਕਰ ਕੇ ਕਿਸੇ ਹੋਰ ਨੇ ਕਿਹਾ।
"ਇਹ ਤਾਂ ਸਿੰਘਾਂ ਦਾ ਭੁਝੰਗੀ ਐ……ਓਏ ਮੂਰਖੋ" ਨੂਰੇ ਦੇ ਢਿੱਡ ਵਿੱਚ ਬਰਛੀ ਖੋਭਣ ਵਾਲੇ ਨਿਹੰਗ ਸਿੰਘ ਨੇ ਉਸ ਨੂੰ ਝਿੜਕਿਆ ਅਤੇ ਮੈਨੂੰ ਚੁੱਕ ਕੇ ਆਪਣੀ ਘੋੜੀ 'ਤੇ ਸੁੱਟ ਲਿਆ।
ਉਸ ਤੋਂ ਪਿੱਛੋਂ ਮੈਨੂੰ ਨਹੀਂ ਪਤਾ, ਕੀ ਹੋਇਆ ਜਾਂ ਕੀ ਨਾ ਹੋਇਆ। ਮੈਂ ਬੇਹੋਸ਼ ਹੋ ਗਿਆ ਸੀ। ਦੂਜੇ ਦਿਨ ਜਦ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਘਰ ਦੇ ਬਰਾਂਡੇ ਵਿੱਚ ਪਿਆ ਸੀ। ਮੇਰੀ ਮਾਂ ਦੀਆਂ ਅੱਖਾਂ ਰੋ-ਰੋ ਕੇ ਲਾਲ ਹੋ ਚੁੱਕੀਆਂ ਸਨ।
"ਬੱਸ ਬਚ ਗਿਆ ਹੁਣ। ਫ਼ਿਕਰ ਨਾ ਕਰੋ। ਡਰ ਨਾਲ ਸਹਿਮ ਗਿਆ ਸੀ। ਹਾਲੀਂ ਜੁਆਕ ਹੀ ਤਾਂ ਹੈ ਵਿਚਾਰਾ।" ਅੰਦਰੋਂ ਆਵਾਜ਼ ਆਈ। ਮੈਂ ਬੋਲ ਪਛਾਣਿਆ ਤਾਂ ਬਾਬਾ ਜੀ ਦਾ ਸੀ।
"ਭਾਣਾ ਵਾਹਿਗੁਰੂ ਦਾ- ਪਰਲੋ ਹੀ ਆ ਗਈ ਸੀ" ਮਾਂ ਨੇ ਹੰਝੂਆਂ ਵਿਚੋਂ ਆਖਿਆ ਤੇ ਮੈਨੂੰ ਗੋਦ ਵਿੱਚ ਲੈ ਕੇ ਘੁੱਟਣ ਲੱਗ ਪਈ, "ਤੂੰ ਡਰ ਗਿਆ ਸੀ ਪੁੱਤ? ਮੈਂ ਸਦਕੇ ਜਾਵਾਂ ਆਪਣੇ ਪੁੱਤ ਦੇ।"
ਮਾਂ ਨੇ ਆਖਿਆ ਤੇ ਦੁਪੱਟੇ ਨਾਲ ਆਪਣੇ ਹੰਝੂ ਪੂੰਝ ਕੇ ਮੇਰਾ ਮੂੰਹ ਸਾਫ਼ ਕਰਨ ਲੱਗ ਪਈ,
"ਸਦਕੇ ਵਾਰੀ ਜਾਇਓ ਪਹਿਲਾਂ ਸ਼ਹੀਦਾਂ ਦਾ ਪ੍ਰਸ਼ਾਦ ਚੜ੍ਹਾ ਲਵੋ ਜਿਨ੍ਹਾਂ ਦੀ ਕਿਰਪਾ ਨਾਲ ਇਸ ਦੀ ਜਾਨ ਬਖ਼ਸ਼ੀ ਹੋਈ ਏ।" ਬਾਬਾ ਜੀ ਨੇ ਡਿਉੜ੍ਹੀ ਵਿਚੋਂ ਹੀ ਸਿਆਣੀ ਗੱਲ ਕੀਤੀ।
"ਬੀਬੀ! ਨੂਰੇ ਦੇ ਢਿੱਡ ਵਿੱਚ ਮੇਰੇ ਸਾਹਮਣੇ ਬਰਛੀ ਵੱਜੀ ਸੀ" ਮੈਂ ਚੇਤਾ ਕਰਕੇ ਮਾਂ ਨੂੰ ਆਖਿਆ, "ਤੇ ਰਹਿਮਤੇ ਕਿੱਥੇ ਹੈ" ਮੈਂ ਪੁੱਛਿਆ।
ਹੁਣ ਮੈਂ ਐਨ ਹੋਸ਼ ਵਿੱਚ ਸਾਂ।
ਮਾਂ ਨੇ ਰੋ-ਰੋ ਕੇ ਦੱਸਿਆ ਕਿ ਨੂਰੇ ਦੀਆਂ ਭੈਣਾਂ ਜੈਨਾਂ ਅਤੇ ਰਹਿਮਤੇ ਨੂੰ ਜਥੇ ਵਾਲੇ ਨਾਲ ਲੈ ਗਏ ਸਨ। ਉਹ ਆਪਣੇ ਨਾਲ ਮੁਸਲਮਾਨਾਂ ਦੀਆਂ ਹੋਰ ਵੀ ਕਈ ਮੁਟਿਆਰਾਂ ਚੁੱਕ ਕੇ ਲੈ ਗਏ ਸਨ। ਸਾਈਂ ਦੇ ਦੋਵੇਂ ਹੱਥ ਤੇ ਇੱਕ ਲੱਤ ਵੱਢੀ ਗਈ ਸੀ। ਨੂਰੇ ਦੀ ਓਥੇ ਹੀ ਜਾਨ ਨਿਕਲ ਗਈ ਸੀ। ਸਾਡੇ ਪਿੰਡ ਦੇ ਇੱਕੀ ਮੁਸਲਮਾਨ ਵੱਢ ਦਿੱਤੇ ਸਨ। ਜਿਹੜਾ ਵੀ ਪੀਲੇ ਪਟਕੇ, ਕੜੇ ਜਾਂ ਨਵੇਂ ਕੱਛੇ ਵਾਲਾ ਵਿਖਾਈ ਦਿੱਤਾ, ਨਹੀਂ ਸੀ ਛੱਡਿਆ। ਗੱਲਾਂ ਕਰ ਰਹੀ ਮੇਰੀ ਮਾਂ ਦੀਆਂ ਅੱਖਾਂ ਪਥਰਾਉਂਦੀਆਂ ਜਾ ਰਹੀਆਂ ਸਨ।
ਸ਼ਾਮ ਨੂੰ ਜਦ ਅਸੀਂ ਸ਼ਹੀਦੀਂ ਪ੍ਰਸ਼ਾਦ ਚੜ੍ਹਾਉਣ ਚੱਲੇ ਤਾਂ ਸਾਰਿਆਂ ਦੇ ਚਿਹਰੇ 'ਤੇ ਇੱਕ ਦਹਿਸ਼ਤ ਜਿਹੀ ਛਾਈ ਹੋਈ ਸੀ। ਬਾਬਾ ਜੀ ਨੂੰ ਕੁੱਝ ਵੀ ਨਹੀਂ ਸੀ ਸੁੱਝ ਰਿਹਾ। ਕਿਸੇ ਨੇ ਦੱਸਿਆ ਕਿ ਬਾਬਾ ਜੀ ਦਾ ਪੋਸੀ ਵਾਲਾ ਲੰਗੋਟੀਆ ਮਿੱਤਰ ਘਣਸ਼ਾਮ ਦਾਸ ਆਪਣੇ ਕਿਸੇ ਮੁਸਲਮਾਨ ਸਾਥੀ ਨੂੰ ਪੀਲਾ ਪਟਕਾ ਦੇਣ ਚੱਲਿਆ ਸੀ। ਉਸਨੂੰ ਮੁਸਲਮਾਨ ਸਮਝ ਕੇ ਉਸਦੇ ਵੀ ਛੁਰਾ ਖੋਭ ਦਿੱਤਾ ਸੀ। ਉਨ੍ਹਾਂ ਕੋਲ ਏਨੀ ਵਿਹਲ ਹੀ ਕਿੱਥੇ ਸੀ ਕਿ ਪੂਰਨ ਪੁੱਛ-ਗਿੱਛ ਕਰਦੇ। ਉਨ੍ਹਾਂ ਨੇ ਸਾਡੇ ਪਿੰਡ ਤੋਂ ਅਗਲੇ ਪਿੰਡ ਵਿੱਚ ਲੁੱਟ ਮਾਰ ਕਰਨੀ ਸੀ। ਸੂਨੀ ਵਰਗੇ ਨਿੱਕੇ ਜਿਹੇ ਪਿੰਡ ਵਿਚੋਂ ਪੰਜ-ਛੇ ਸੌ ਬੰਦਿਆਂ ਦੇ ਜਥੇ ਜੋਗਾ ਧਨ ਮਾਲ ਕਿਵੇਂ ਪ੍ਰਾਪਤ ਹੋ ਸਕਦਾ ਹੈ?
ਬਾਬਾ ਜੀ ਨੂੰ ਘਣਸ਼ਾਮ ਦਾਸ ਦੀ ਮੌਤ ਦਾ ਏਨਾ ਸਦਮਾ ਸੀ ਕਿ ਸ਼ਹੀਦੀਂ ਪਹੁੰਚ ਕੇ ਅਰਦਾਸ ਕਰਦਿਆਂ ਵੀ ਉਨ੍ਹਾਂ ਦੇ ਕਦਮ ਡੋਲ ਰਹੇ ਸਨ। ਮਰਨੇ ਨੂੰ ਤਾਂ ਘਣਸ਼ਾਮ ਦਾਸ ਨੇ ਵੀ ਇੱਕ ਦਿਨ ਮਰਨਾ ਹੀ ਸੀ। ਬਾਬਾ ਜੀ ਨੇ ਆਪ ਕਿਹੜਾ ਬੈਠੇ ਰਹਿਣਾ ਸੀ। ਘਣਸ਼ਾਮ ਦਾਸ ਤਾਂ ਭਲਾ ਧੋਖੇ ਨਾਲ ਮਾਰਿਆ ਗਿਆ ਸੀ ਪਰ ਉਹ ਕਿਹੜਾ ਬਚ ਰਹੇ ਸਨ, ਜਿਨ੍ਹਾਂ ਨੇ ਅੰਮ੍ਰਿਤ ਛਕਣ ਤੋਂ ਦੋ ਕੁ ਦਿਨ ਪਿੱਛੋਂ ਹੀ ਗੱਲ ਗੱਲ ਉੱਤੇ 'ਤੋਬਾ-ਤੋਬਾ' ਜਾਂ 'ਅੱਲਾ-ਅੱਲਾ' ਦੀ ਥਾਂ 'ਵਾਹਿਗੁਰੂ-ਵਾਹਿਗੁਰੂ' ਤੇ 'ਰਾਮ-ਰਾਮ' ਕਹਿਣਾ ਸਿੱਖ ਲਿਆ ਸੀ ਅਤੇ ਕੰਘੇ, ਕੜੇ ਤੇ ਪਟਕੇ ਪਹਿਨ ਲਏ ਸਨ। ਇਸ ਦੇ ਉਲਟ ਉਹ ਮੁਸਲਮਾਨ ਜਥੇ ਵਾਲਿਆਂ ਦੀ ਨਜ਼ਰ ਨਹੀਂ ਚੜ੍ਹ ਸਕੇ, ਜਿਨ੍ਹਾਂ ਨੇ ਪਿੰਡ ਛੱਡ ਕੇ ਪਾਕਿਸਤਾਨ ਜਾਣਾ ਤਾਂ ਪ੍ਰਵਾਨ ਕਰ ਲਿਆ ਸੀ ਪਰ ਹਿੰਦੂ ਬਣਨਾ ਪ੍ਰਵਾਨ ਨਹੀਂ ਸੀ ਕੀਤਾ। ਪੀਲੇ ਪਟਕੇ ਜਾਂ ਨਵੇਂ ਕੱਛੇ ਵੀ ਨਹੀਂ ਸਨ ਪਹਿਨੇ। "ਚਾਰ ਸਾਹਿਬਜ਼ਾਦੇ, ਪੰਜ ਪਿਆਰੇ ਤੇ ਚਾਲ਼ੀ ਮੁਕਤੇ" ਦੀ ਅਰਦਾਸ ਕਰਦਿਆਂ ਬਾਬਾ ਜੀ ਦੀ ਆਵਾਜ਼ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਸੀ। ਅੰਤ ਵਿੱਚ ਜਦ ਉਹ 'ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ਼ ਵਹਾਈ, ਧਰਮ ਹੇਤ ਸੀਸ ਕੁਰਬਾ……" ਕਹਿਣ ਲੱਗੇ ਤਾਂ ਉਨ੍ਹਾਂ ਦੇ ਕਦਮ ਲੜਖੜਾ ਗਏ ਤੇ ਉਨ੍ਹਾਂ ਦੇ ਹੱਥ ਵਾਲਾ ਖੂੰਡਾ ਡਿੱਗ ਪਿਆ। ਬਾਕੀ ਅਰਦਾਸ ਵੀ ਬਾਪੂ ਜੀ ਨੇ ਹੀ ਸਮਾਪਤ ਕੀਤੀ।
ਫੇਰ ਬਾਪੂ ਜੀ ਦੇ ਕਹਿਣ ਅਨੁਸਾਰ ਮੈਂ ਸ਼ਹੀਦਾਂ ਦੀਆਂ ਪੰਜੇ ਸਮਾਧੀਆਂ 'ਤੇ ਭੋਰਾ-ਭੋਰਾ ਪ੍ਰਸ਼ਾਦ ਰੱਖ ਕੇ ਆਇਆ, ਜਿਸ ਨੂੰ ਮੇਰੇ ਵੇਖਦੇ-ਵੇਖਦੇ ਹੀ ਸ਼ਹੀਦਾਂ ਵਾਲੇ ਪਿੱਪਲਾਂ ਦੇ ਕਾਂ ਛਕ ਗਏ।
ਬਾਕੀ ਸਾਰੇ ਸੰਸਕਾਰ ਸਮਾਪਤ ਕਰ ਕੇ ਜਦ ਬਾਪੂ ਜੀ ਸਾਨੂੰ ਵੀ ਪ੍ਰਸ਼ਾਦ ਵੰਡਣ ਲੱਗੇ ਤਾਂ ਬਾਬਾ ਜੀ ਨੇ ਰੋਕ ਦਿੱਤਾ।
"ਕੀ ਗੱਲ?" ਬਾਪੂ ਜੀ ਨੇ ਪੁੱਛਿਆ।
"ਕਾਕੇ ਨੂੰ ਪ੍ਰਸ਼ਾਦ ਦੇ ਦੇ ਭੋਰਾ ਕੁ" ਬਾਬਾ ਜੀ ਨੇ ਸੁਝਾਓ ਦਿੱਤਾ, "ਸਾਈਂ ਦੀ ਕਬਰ 'ਤੇ ਵੀ ਚੜ੍ਹਾ ਆਵੇ ਜਾ ਕੇ।" ਬਾਬਾ ਜੀ ਨੇ ਤਕੀਏ ਵੱਲ ਇਸ਼ਾਰਾ ਕਰ ਕੇ ਆਖਿਆ। ਤਕੀਏ ਤੇ ਸ਼ਹੀਦਾਂ ਵਿਚਕਾਰ ਕੇਵਲ ਅੱਧੇ ਖੇਤ ਦੀ ਵਿੱਥ ਸੀ।
ਤਕੀਏ ਵੱਲ ਵੇਖ ਕੇ ਮੈਨੂੰ ਨੂਰਾ ਯਾਦ ਆ ਗਿਆ ਤੇ ਪਿੱਪਲ ਵੱਲ ਵੇਖ ਕੇ ਰਹਿਮਤੇ। ਰਹਿਮਤੇ ਨੇ ਮੈਨੂੰ ਇਸ ਪਿੱਪਲ ਹੇਠ ਘੂਰ ਕੇ ਤੱਕਿਆ ਸੀ। ਪਤਾ ਨਹੀਂ, ਪਿਆਰ ਨਾਲ, ਪਤਾ ਨਹੀਂ ਘ੍ਰਿਣਾ ਨਾਲ। ਤੇ ਹੁਣ ਉਹਨੂੰ ਜਥੇ ਵਾਲੇ ਲੈ ਗਏ ਸਨ। ਪਤਾ ਨਹੀਂ ਕਿਉਂ?
"ਕੀ ਮਤਲਬ?" ਬਾਪੂ ਜੀ ਨੇ ਤਕੀਏ ਵਾਲੀ ਕਬਰ 'ਤੇ ਪ੍ਰਸ਼ਾਦ ਚੜ੍ਹਾਉਣ ਦਾ ਕਾਰਨ ਪੁੱਛਿਆ।
"ਕਲ੍ਹ ਦਾ ਘੱਲੂ-ਘਾਰਾ ਯਾਦ ਏ ਨਾ?" ਬਾਪੂ ਜੀ ਦੇ ਮੋਢੇ ਉੱਤੇ ਹੱਥ ਰੱਖ, ਉਨ੍ਹਾਂ ਨੂੰ ਸ਼ਹੀਦਾਂ ਦੀ ਹੱਦ ਤੋਂ ਬਾਹਰ ਲਿਜਾ ਕੇ ਬਾਬਾ ਜੀ ਨੇ ਉਨ੍ਹਾਂ ਦੇ ਕੰਨ ਵਿੱਚ ਆਖਿਆ। ਸ਼ਹੀਦਾਂ ਦੀ ਹੱਦ ਵਿੱਚ ਸ਼ਾਇਦ ਉਹਨਾਂ ਨੇ ਇਸ ਲਈ ਗੱਲ ਨਹੀਂ ਕੀਤੀ ਕਿ ਉਨ੍ਹਾਂ ਦੇ ਕੋਲ ਹੀ ਉਨ੍ਹਾਂ ਦੀ ਕਰਾਮਾਤ ਉੱਤੇ ਸ਼ੱਕ ਕਰਨ ਨਾਲ ਸਰਾਪ ਮਿਲ ਜਾਣ ਦਾ ਡਰ ਸੀ।
"ਯਾਦ ਹੈ" ਬਾਪੂ ਜੀ ਨੇ ਉੱਤਰ ਦਿੱਤਾ।
"ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹ ਮਾਰੇ ਗਏ ਨਾ?" ਬਾਬਾ ਜੀ ਨੇ ਪ੍ਰਸ਼ਨ ਕੀਤਾ।
ਬਾਪੂ ਜੀ ਨੇ ਹਾਂ ਵਿੱਚ ਸਿਰ ਹਿਲਾਇਆ।
"ਜਿਹੜੇ ਸਾਈਂ ਦੀ ਕਬਰ ਨੂੰ ਪੂਜਦੇ ਰਹੇ, ਉਹ ਬਚ ਰਹੇ ਨੇ ਕਿ ਨਹੀਂ?" ਏਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏ।
"ਮੈਂ ਸਮਝਿਆ ਨਹੀ" ਬਾਪੂ ਜੀ ਨੇ ਮੁੜ ਆਖਿਆ।
"ਨਹੀਂ ਸਮਝਿਆ ਤਾਂ ਨਾ ਸਮਝ" ਬਾਬਾ ਜੀ ਨੇ ਖਿਝ ਕੇ ਆਖਿਆ, "ਕਲ੍ਹ ਬਾਰੇ ਕੌਣ ਜਾਣਦਾ ਹੈ। ਸਮਾਧੀਆਂ ਦੀ ਥਾਂ ਕਬਰਾਂ ਵਲੀ ਨਿਕਲ ਆਈਆਂ, ਫੇਰ?" ਇਹ ਗੱਲ ਬਾਬਾ ਜੀ ਨੇ ਬਹੁਤ ਹੌਲੀ ਬਾਪੂ ਜੀ ਦੇ ਕੰਨ ਵਿੱਚ ਕਹੀ ਤਾਂ ਕਿ ਸ਼ਹੀਦ ਨਾ ਸੁਣ ਲੈਣ।
ਮੈਂ ਭੱਜ ਕੇ ਸਾਈਂ ਦੀ ਕਬਰ 'ਤੇ ਪ੍ਰਸ਼ਾਦ ਰੱਖ ਆਇਆ ਤੇ ਬਾਪੂ ਜੀ ਨੇ ਵੀ ਕੋਈ ਇਤਰਾਜ਼ ਨਾ ਕੀਤਾ। ਪਤਾ ਨਹੀਂ ਉਨ੍ਹਾਂ ਨੂੰ ਬਾਬਾ ਜੀ ਦੀ ਗੱਲ ਸਮਝ ਪਈ ਸੀ ਕਿ ਨਹੀਂ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com