Shaheed-Saaz (Story in Punjabi) : Saadat Hasan Manto

ਸ਼ਹੀਦ-ਸਾਜ਼ (ਕਹਾਣੀ) : ਸਆਦਤ ਹਸਨ ਮੰਟੋ

ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ।
ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ ਕੋਕੀਨ ਦਾ ਥੋੜ੍ਹਾ ਜਿਹਾ ਕੰਮ-ਕਾਜ ਚੱਲ ਰਿਹਾ ਸੀ। ਜਿਸਦੇ ਨਾਲ ਕੁੱਝ ਆਮਦਨ ਦੀ ਸੂਰਤ ਹੋ ਹੀ ਜਾਂਦੀ ਸੀ। ਜਦੋਂ ਬਟਵਾਰਾ ਹੋਇਆ ਅਤੇ ਇਧਰ ਦੇ ਆਦਮੀ ਉਧਰ ਅਤੇ ਉਧਰ ਦੇ ਇਧਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਜਾਣ ਲੱਗੇ ਤਾਂ ਮੈਂ ਸੋਚਿਆ ਚਲੋ ਪਾਕਿਸਤਾਨ ਚੱਲੀਏ। ਕੋਕੀਨ ਦਾ ਨਾ ਸਹੀ ਕੋਈ ਹੋਰ ਕੰਮ-ਕਾਜ ਸ਼ੁਰੂ ਕਰ ਦੇਵਾਂਗਾ। ਇਸਲਈ ਉੱਥੋਂ ਚੱਲ ਪਿਆ ਅਤੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਧੰਦੇ ਕਰਦਾ ਪਾਕਿਸਤਾਨ ਪਹੁੰਚ ਗਿਆ।
ਮੈਂ ਤਾਂ ਚਲਿਆ ਹੀ ਇਸ ਨੀਅਤ ਨਾਲ ਸੀ ਕਿ ਕੋਈ ਮੋਟਾ ਕੰਮ-ਕਾਜ ਕਰਾਂਗਾ। ਇਸਲਈ ਪਾਕਿਸਤਾਨ ਪੁੱਜਦੇ ਹੀ ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮਸਕਾ ਪਾਲਿਸ਼ ਮੈਨੂੰ ਆਉਂਦਾ ਹੀ ਸੀ। ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਇੱਕ ਦੋ ਆਦਮੀਆਂ ਦੇ ਨਾਲ ਯਰਾਨਾ ਗੰਢਿਆ ਅਤੇ ਇੱਕ ਛੋਟਾ ਜਿਹਾ ਮਕਾਨ ਅਲਾਟ ਕਰਾ ਲਿਆ। ਇਸ ਨਾਲ ਕਾਫ਼ੀ ਮੁਨਾਫਾ ਹੋਇਆ ਤਾਂ ਮੈਂ ਅੱਡ ਅੱਡ ਸ਼ਹਿਰਾਂ ਵਿੱਚ ਫਿਰ ਕੇ ਮਕਾਨ ਅਤੇ ਦੁਕਾਨਾਂ ਅਲਾਟ ਕਰਾਉਣ ਦਾ ਧੰਦਾ ਕਰਨ ਲੱਗਿਆ।
ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਵੀ ਇਸਲਈ ਅਲਾਟਮੈਂਟਾਂ ਦੇ ਸਿਲਸਿਲੇ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਕਿਸੇ ਦੇ ਮਸਕਾ ਲਗਾਇਆ। ਕਿਸੇ ਦੀ ਮੁਠੀ ਗਰਮ ਕੀਤੀ, ਕਿਸੇ ਨੂੰ ਖਾਣੇ ਦੀ ਦਾਵਤ ਦਿੱਤੀ, ਕਿਸੇ ਨੂੰ ਨਾਚ-ਗਾਣੇ ਦੀ ਮਹਿਫਲ। ਗੱਲ ਕੀ ਬੇਸ਼ੁਮਾਰ ਬਖੇੜੇ ਸਨ। ਦਿਨ-ਭਰ ਖ਼ਾਕ ਛਾਣਦਾ, ਵੱਡੀਆਂ ਵੱਡੀਆਂ ਕੋਠੀਆਂ ਦੇ ਫੇਰੇ ਮਾਰਦਾ ਅਤੇ ਸ਼ਹਿਰ ਦਾ ਚੱਪਾ ਚੱਪਾ ਵੇਖਕੇ ਅੱਛਾ ਜਿਹਾ ਮਕਾਨ ਤਲਾਸ਼ ਕਰਦਾ ਜਿਸਦੇ ਅਲਾਟ ਕਰਾਉਣ ਨਾਲ ਜ਼ਿਆਦਾ ਮੁਨਾਫ਼ਾ ਹੋਵੇ।
ਇਨਸਾਨ ਦੀ ਮਿਹਨਤ ਕਦੇ ਖ਼ਾਲੀ ਨਹੀਂ ਜਾਂਦੀ। ਇਸਲਈ ਇੱਕ ਸਾਲ ਦੇ ਅੰਦਰ ਅੰਦਰ ਮੈਂ ਲੱਖਾਂ ਰੁਪਏ ਕਮਾ ਲਏ। ਹੁਣ ਖ਼ੁਦਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ। ਬੈਂਕ ਵਿੱਚ ਬੇ-ਅੰਦਾਜ਼ਾ ਮਾਲ ਪਾਨੀ... ਮੁਆਫ਼ ਕਰਨਾ ਮੈਂ ਕਾਠੀਆਵਾੜ ਗੁਜਰਾਤ ਦਾ ਰੋਜ਼ਮਰਾ ਇਸਤੇਮਾਲ ਕਰ ਗਿਆ। ਮਗਰ ਕੋਈ ਡਰ ਨਹੀਂ। ਉਰਦੂ ਜ਼ਬਾਨ ਵਿੱਚ ਬਾਹਰ ਦੇ ਅਲਫ਼ਾਜ਼ ਵੀ ਸ਼ਾਮਿਲ ਹੋਣ ਚਾਹੀਦੇ ਹਨ...ਜੀ ਹਾਂ, ਅੱਲਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ, ਨੌਕਰ-ਚਾਕਰ, ਪੇਕਾਰਡ ਮੋਟਰ, ਬੈਂਕ ਵਿੱਚ ਢਾਈ ਲੱਖ ਰੁਪਏ। ਕਾਰਖਾਨੇ ਅਤੇ ਦੁਕਾਨਾਂ ਵੱਖ...ਇਹ ਸਭ ਸੀ। ਲੇਕਿਨ ਮੇਰੇ ਦਿਲ ਦਾ ਚੈਨ ਪਤਾ ਨਹੀਂ ਕਿੱਥੇ ਉੱਡ ਗਿਆ। ਇਵੇਂ ਤਾਂ ਕੋਕੀਨ ਦਾ ਧੰਦਾ ਕਰਦੇ ਹੋਏ ਵੀ ਦਿਲ ਤੇ ਕਦੇ ਕਦੇ ਬੋਝ ਮਹਿਸੂਸ ਹੁੰਦਾ ਸੀ ਲੇਕਿਨ ਹੁਣ ਤਾਂ ਜਿਵੇਂ ਦਿਲ ਰਿਹਾ ਹੀ ਨਹੀਂ ਸੀ। ਜਾਂ ਫਿਰ ਇਵੇਂ ਕਹੀਏ ਕਿ ਬੋਝ ਇੰਨਾ ਆ ਪਿਆ ਕਿ ਦਿਲ ਉਸ ਦੇ ਹੇਠਾਂ ਦਬ ਗਿਆ। ਪਰ ਇਹ ਬੋਝ ਕਿਸ ਗੱਲ ਦਾ ਸੀ?
ਆਦਮੀ ਮੈਂ ਜ਼ਹੀਨ ਹਾਂ, ਦਿਮਾਗ਼ ਵਿੱਚ ਕੋਈ ਸਵਾਲ ਪੈਦਾ ਹੋ ਜਾਵੇ ਤਾਂ ਮੈਂ ਉਸ ਦਾ ਜਵਾਬ ਖੋਜ ਹੀ ਕੱਢਦਾ ਹਾਂ। ਠੰਡੇ ਦਿਲੋਂ (ਹਾਲਾਂਕਿ ਦਿਲ ਦਾ ਕੁੱਝ ਪਤਾ ਹੀ ਨਹੀਂ ਸੀ) ਮੈਂ ਗ਼ੌਰ ਕਰਨਾ ਸ਼ੁਰੂ ਕੀਤਾ ਕਿ ਇਸ ਗੜਬੜ ਘੋਟਾਲੇ ਦੀ ਵਜ੍ਹਾ ਕੀ ਹੈ?
ਔਰਤ?......ਹੋ ਸਕਦੀ ਹੈ। ਮੇਰੀ ਆਪਣੀ ਤਾਂ ਕੋਈ ਸੀ ਨਹੀਂ। ਜੋ ਸੀ ਉਹ ਕਾਠੀਆਵਾੜ ਗੁਜਰਾਤ ਹੀ ਵਿੱਚ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਲੇਕਿਨ ਦੂਸਰਿਆਂ ਦੀਆਂ ਔਰਤਾਂ ਮੌਜੂਦ ਸਨ। ਮਿਸਾਲ ਦੇ ਤੌਰ ਉੱਤੇ ਆਪਣੇ ਮਾਲੀ ਵਾਲੀ ਹੀ ਸੀ। ਆਪਣਾ ਆਪਣਾ ਟੈਸਟ ਹੈ। ਸੱਚ ਪੁੱਛੋ ਤਾਂ ਔਰਤ ਜਵਾਨ ਹੋਣੀ ਚਾਹੀਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਪੜ੍ਹੀ ਲਿਖੀ ਹੋਵੇ, ਡਾਂਸ ਕਰਨਾ ਜਾਣਦੀ ਹੋਵੇ। ਆਪਾਂ ਨੂੰ ਤਾਂ ਸਾਰੀਆਂ ਜਵਾਨ ਔਰਤਾਂ ਚੱਲਦੀਆਂ ਹਨ। (ਕਾਠੀਆਵਾੜ ਗੁਜਰਾਤ ਦਾ ਮੁਹਾਵਰਾ ਹੈ ਜਿਸਦਾ ਉਰਦੂ ਵਿੱਚ ਹੂਬਹੂ ਬਦਲ ਮੌਜੂਦ ਨਹੀਂ)।
ਔਰਤ ਦਾ ਤਾਂ ਸਵਾਲ ਹੀ ਉਠ ਗਿਆ ਅਤੇ ਦੌਲਤ ਦਾ ਪੈਦਾ ਹੀ ਨਹੀਂ ਹੋ ਸਕਦਾ। ਇਸਲਈ ਕਿ ਬੰਦਾ ਜ਼ਿਆਦਾ ਲਾਲਚੀ ਨਹੀਂ ਜੋ ਕੁੱਝ ਹੈ ਉਸੇ ਤੇ ਸੰਤੁਸ਼ਟ ਹੈ ਲੇਕਿਨ ਫਿਰ ਇਹ ਦਿਲ ਵਾਲੀ ਗੱਲ ਕਿਉਂ ਪੈਦਾ ਹੋ ਗਈ ਸੀ?
ਆਦਮੀ ਜ਼ਹੀਨ ਹਾਂ, ਕੋਈ ਮਸਲਾ ਸਾਹਮਣੇ ਆ ਜਾਏ ਤਾਂ ਇਸ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ। ਕਾਰਖਾਨੇ ਚੱਲ ਰਹੇ ਸਨ। ਦੁਕਾਨਾਂ ਵੀ ਚੱਲ ਰਹੀਆਂ ਸਨ। ਰੁਪਿਆ ਆਪਣੇ ਆਪ ਪੈਦਾ ਹੋ ਰਿਹਾ ਸੀ। ਮੈਂ ਅਲਗ-ਥਲਗ ਹੋ ਕੇ ਸੋਚਣਾ ਸ਼ੁਰੂ ਕੀਤਾ ਅਤੇ ਬਹੁਤ ਦੇਰ ਦੇ ਬਾਅਦ ਇਸ ਨਤੀਜੇ ਉੱਤੇ ਪੁੱਜਾ ਕਿ ਦਿਲ ਦੀ ਗੜਬੜ ਸਿਰਫ ਇਸਲਈ ਹੈ ਕਿ ਮੈਂ ਕੋਈ ਨੇਕ ਕੰਮ ਨਹੀਂ ਕੀਤਾ।
ਕਾਠੀਆਵਾੜ ਗੁਜਰਾਤ ਵਿੱਚ ਤਾਂ ਵੀਹਾਂ ਨੇਕ ਕੰਮ ਕੀਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਮੇਰਾ ਦੋਸਤ ਪਾਂਡੂਰੰਗ ਮਰ ਗਿਆ ਤਾਂ ਮੈਂ ਉਸ ਦੀ ਵਿਧਵਾ ਨੂੰ ਆਪਣੇ ਘਰ ਪਾ ਲਿਆ ਅਤੇ ਦੋ ਸਾਲ ਤੱਕ ਉਸ ਨੂੰ ਧੰਦਾ ਕਰਨ ਤੋਂ ਰੋਕੀ ਰੱਖਿਆ। ਵਨਾਇਕ ਦੀ ਲੱਕੜੀ ਦੀ ਟੰਗ ਟੁੱਟ ਗਈ ਤਾਂ ਉਸਨੂੰ ਨਵੀਂ ਖ਼ਰੀਦ ਦਿੱਤੀ। ਤਕਰੀਬਨ ਚਾਲ੍ਹੀ ਰੁਪਏ ਇਸ ਤੇ ਉਠ ਗਏ ਸਨ। ਜਮਨਾ ਬਾਈ ਨੂੰ ਗਰਮੀ ਹੋ ਗਈ ਸਾਲੀ ਨੂੰ (ਮੁਆਫ਼ ਕਰਨਾ ਕੁੱਝ ਪਤਾ ਹੀ ਨਹੀਂ ਸੀ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਛੇ ਮਹੀਨੇ ਬਰਾਬਰ ਉਸ ਦਾ ਇਲਾਜ ਕਰਾਂਦਾ ਰਿਹਾ...ਲੇਕਿਨ ਪਾਕਿਸਤਾਨ ਆਕੇ ਮੈਂ ਕੋਈ ਨੇਕ ਕੰਮ ਨਹੀਂ ਕੀਤਾ ਸੀ ਅਤੇ ਦਿਲ ਦੀ ਗੜਬੜ ਦੀ ਵਜ੍ਹਾ ਇਹੀ ਸੀ। ਵਰਨਾ ਹੋਰ ਸਭ ਠੀਕ ਸੀ ਮੈਂ ਸੋਚਿਆ ਕੀ ਕਰਾਂ?...ਖ਼ੈਰਾਤ ਦੇਣ ਦਾ ਖਿਆਲ ਆਇਆ। ਲੇਕਿਨ ਇੱਕ ਰੋਜ ਸ਼ਹਿਰ ਵਿੱਚ ਘੁੰਮਿਆ ਤਾਂ ਵੇਖਿਆ ਕਿ ਕਰੀਬ ਕਰੀਬ ਹਰ ਸ਼ਖਸ ਭਿਖਾਰੀ ਹੈ। ਕੋਈ ਭੁੱਖਾ ਹੈ, ਕੋਈ ਨੰਗਾ। ਕਿਸ-ਕਿਸ ਦਾ ਢਿੱਡ ਭਰਾਂ, ਕਿਸ ਕਿਸ ਦਾ ਅੰਗ ਢਕਾਂ?...ਸੋਚਿਆ ਇੱਕ ਲੰਗਰ ਖਾਨਾ ਖੋਲ ਦੇਵਾਂ, ਲੇਕਿਨ ਇੱਕ ਲੰਗਰ ਖ਼ਾਨੇ ਨਾਲ ਕੀ ਹੁੰਦਾ ਅਤੇ ਫਿਰ ਅੰਨ ਕਿੱਥੋਂ ਲਿਆਉਂਦਾ? ਬਲੈਕ ਮਾਰਕੀਟ ਚੋਂ ਖ਼ਰੀਦਣ ਦਾ ਖਿਆਲ ਪੈਦਾ ਹੋਇਆ ਤਾਂ ਇਹ ਸਵਾਲ ਵੀ ਨਾਲ ਹੀ ਪੈਦਾ ਹੋ ਗਿਆ ਕਿ ਇੱਕ ਤਰਫ਼ ਗੁਨਾਹ ਕਰਕੇ ਦੂਜੀ ਤਰਫ਼ ਭਲੇ ਦੇ ਕੰਮ ਦਾ ਮਤਲਬ ਹੀ ਕੀ ਹੈ।
ਘੰਟਿਆਂ ਬੈਠ ਬੈਠ ਕੇ ਮੈਂ ਲੋਕਾਂ ਦੇ ਦੁੱਖ ਦਰਦ ਸੁਣੇ। ਸੱਚ ਪੁੱਛੋ ਤਾਂ ਹਰ ਸ਼ਖਸ ਦੁਖੀ ਸੀ। ਉਹ ਵੀ ਜੋ ਦੁਕਾਨਾਂ ਦੇ ਧੜਿਆਂ ਉੱਤੇ ਸੋਂਦਾ ਹੈ ਅਤੇ ਉਹ ਵੀ ਜੋ ਉਚੀਆਂ ਉਚੀਆਂ ਹਵੇਲੀਆਂ ਵਿੱਚ ਰਹਿੰਦੇ ਹਨ। ਪੈਦਲ ਚਲਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕੰਮ ਦਾ ਕੋਈ ਜੁੱਤਾ ਨਹੀਂ। ਮੋਟਰ ਵਿੱਚ ਬੈਠਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕਾਰ ਦਾ ਨਵਾਂ ਮਾਡਲ ਨਹੀਂ। ਹਰ ਸ਼ਖਸ ਦੀ ਸ਼ਿਕਾਇਤ ਆਪਣੀ ਆਪਣੀ ਜਗ੍ਹਾ ਦਰੁਸਤ ਸੀ। ਹਰ ਸ਼ਖਸ ਦੀ ਹਾਜਤ ਆਪਣੀ ਆਪਣੀ ਜਗ੍ਹਾ ਮਾਕੂਲ ਸੀ।
ਮੈਂ ਗ਼ਾਲਿਬ ਦੀ ਇੱਕ ਗ਼ਜ਼ਲ, ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਕੋਲੋਂ ਸੁਣੀ ਸੀ, ਇੱਕ ਸ਼ੇਅਰ ਯਾਦ ਰਹਿ ਗਿਆ ਹੈ।
'ਕਿਸ ਦੀ ਹਾਜਤ-ਰਵਾ ਕਰੇ ਕੋਈ'
ਮੁਆਫ਼ ਕਰਨਾ ਇਹ ਉਸ ਦਾ ਦੂਜਾ ਮਿਸਰਾ ਹੈ ਅਤੇ ਹੋ ਸਕਦਾ ਹੈ ਪਹਿਲਾ ਹੀ ਹੋਵੇ।
ਜੀ ਹਾਂ, ਮੈਂ ਕਿਸ ਕਿਸ ਦੀ ਹਾਜਤ ਰਵਾ ਕਰਦਾ ਜਦੋਂ ਸੌ ਵਿੱਚੋਂ ਸੌ ਹੀ ਹਾਜਤਮੰਦ ਸਨ। ਮੈਂ ਫਿਰ ਇਹ ਵੀ ਸੋਚਿਆ ਕਿ ਖ਼ੈਰਾਤ ਦੇਣਾ ਕੋਈ ਅੱਛਾ ਕੰਮ ਨਹੀਂ। ਮੁਮਕਿਨ ਹੈ ਤੁਸੀ ਮੇਰੇ ਨਾਲ ਇੱਤਫਾਕ ਨਾ ਕਰੋ। ਲੇਕਿਨ ਮੈਂ ਮੁਹਾਜਿਰਾਂ ਦੇ ਕੈਂਪਾਂ ਵਿੱਚ ਜਾ ਜਾ ਕੇ ਜਦੋਂ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ ਤਾਂ ਮੈਨੂੰ ਪਤਾ ਚੱਲਿਆ ਕਿ ਖ਼ੈਰਾਤ ਨੇ ਬਹੁਤ ਸਾਰੇ ਮੁਹਾਜਿਰਾਂ ਨੂੰ ਬਿਲਕੁਲ ਹੀ ਨਾਕਾਮ ਬਣਾ ਦਿੱਤਾ ਹੈ। ਦਿਨ-ਭਰ ਹੱਥ ਤੇ ਹੱਥ ਧਰੀ ਬੈਠੇ ਹਨ। ਤਾਸ਼ ਖੇਲ ਰਹੇ ਹਨ। ਜੁਗਾ ਹੋ ਰਹੀ ਹੈ। (ਮੁਆਫ਼ ਕਰਨਾ ਜੁਗਾ ਦਾ ਮਤਲਬ ਹੈ ਜੁਵਾ ਯਾਨੀ ਕੁਮਾਰ ਬਾਜ਼ੀ) ਗਾਲਾਂ ਬਕ ਰਹੇ ਹਨ ਅਤੇ ਫ਼ੋਗਟ ਯਾਨੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ.....ਅਜਿਹੇ ਲੋਕ ਭਲਾ ਪਾਕਿਸਤਾਨ ਨੂੰ ਮਜ਼ਬੂਤ ਬਣਾਉਣ ਵਿੱਚ ਕੀ ਮਦਦ ਦੇ ਸਕਦੇ ਨੇ। ਇਸਲਈ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਭਿੱਖ ਦੇਣਾ ਹਰਗਿਜ਼ ਹਰਗਿਜ਼ ਨੇਕੀ ਦਾ ਕੰਮ ਨਹੀਂ। ਲੇਕਿਨ ਫਿਰ ਨੇਕੀ ਦੇ ਕੰਮ ਲਈ ਹੋਰ ਕਿਹੜਾ ਰਸਤਾ ਹੈ?
ਕੈਂਪਾਂ ਵਿੱਚ ਧੜਾ ਧੜ ਆਦਮੀ ਮਰ ਰਹੇ ਸਨ। ਕਦੇ ਹੈਜ਼ਾ ਫੁੱਟਦਾ ਸੀ ਕਦੇ ਪਲੇਗ। ਹਸਪਤਾਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ। ਮੈਨੂੰ ਬਹੁਤ ਤਰਸ ਆਇਆ। ਕਰੀਬ ਸੀ ਕਿ ਇੱਕ ਹਸਪਤਾਲ ਬਣਵਾ ਦੇਵਾਂ ਮਗਰ ਸੋਚਣ ਤੇ ਇਰਾਦਾ ਤਰਕ ਕਰ ਦਿੱਤਾ। ਪੂਰੀ ਸਕੀਮ ਤਿਆਰ ਕਰ ਚੁੱਕਿਆ ਸੀ। ਇਮਾਰਤ ਲਈ ਟੈਂਡਰ ਤਲਬ ਕਰਦਾ। ਦਾਖ਼ਲੇ ਦੀਆਂ ਫੀਸਾਂ ਦਾ ਰੁਪਿਆ ਜਮਾਂ ਹੋ ਜਾਂਦਾ। ਆਪਣੀ ਹੀ ਇੱਕ ਕੰਪਨੀ ਖੜੀ ਕਰ ਦਿੰਦਾ ਅਤੇ ਟੈਂਡਰ ਉਸ ਦੇ ਨਾਮ ਕੱਢ ਦਿੰਦਾ। ਖ਼ਿਆਲ ਸੀ ਇੱਕ ਲੱਖ ਰੁਪਏ ਇਮਾਰਤ ਤੇ ਲਾਵਾਂਗਾ। ਸਾਫ਼ ਹੈ ਕਿ ਸੱਤਰ ਹਜ਼ਾਰ ਰੁਪਏ ਵਿੱਚ ਬਿਲਡਿੰਗ ਖੜੀ ਕਰ ਦਿੰਦਾ ਅਤੇ ਪੂਰੇ ਤੀਹ ਹਜ਼ਾਰ ਰੁਪਏ ਬਚਾ ਲੈਂਦਾ। ਮਗਰ ਇਹ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ। ਜਦੋਂ ਮੈਂ ਸੋਚਿਆ ਕਿ ਜੇਕਰ ਮਰਨ ਵਾਲਿਆਂ ਨੂੰ ਬਚਾ ਲਿਆ ਗਿਆ ਤਾਂ ਇਹ ਜੋ ਵੱਧ ਆਬਾਦੀ ਹੈ ਇਹ ਕਿਵੇਂ ਘੱਟ ਹੋਵੇਗੀ?
ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਫ਼ਾਲਤੂ ਆਬਾਦੀ ਦਾ ਹੈ। ਲਫ਼ੜਾ ਦਾ ਮਤਲਬ ਹੈ ਝਗੜਾ, ਉਹ ਝਗੜਾ ਜਿਸ ਵਿੱਚ ਦੰਗਾ ਫ਼ਸਾਦ ਵੀ ਹੋਵੇ। ਲੇਕਿਨ ਇਸ ਤੋਂ ਵੀ ਇਸ ਲਫ਼ਜ਼ ਦੇ ਪੂਰੇ ਮਾਅਨੇ ਮੈਂ ਬਿਆਨ ਨਹੀਂ ਕਰ ਸਕਿਆ।
ਜੀ ਹਾਂ ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਇਸ ਫ਼ਾਲਤੂ ਆਬਾਦੀ ਦੇ ਕਾਰਨ ਹੈ। ਹੁਣ ਲੋਕ ਵੱਧਦੇ ਜਾਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜ਼ਮੀਨਾਂ ਵੀ ਨਾਲ ਨਾਲ ਵਧਦੀਆਂ ਜਾਣਗੀਆਂ। ਅਸਮਾਨ ਵੀ ਨਾਲ ਨਾਲ ਫੈਲਦਾ ਜਾਵੇਗਾ। ਮੀਂਹ ਜ਼ਿਆਦਾ ਪੈਣਗੇ। ਅਨਾਜ ਜ਼ਿਆਦਾ ਉੱਗੇਗਾ। ਇਸਲਈ ਮੈਂ ਇਸ ਨਤੀਜੇ ਤੇ ਪਹੁੰਚਿਆ...ਕਿ ਹਸਪਤਾਲ ਬਣਾਉਣਾ ਹਰਗਿਜ਼ ਹਰਗਿਜ਼ ਨੇਕ ਕੰਮ ਨਹੀਂ। ਫਿਰ ਸੋਚਿਆ ਮਸਜਦ ਬਣਵਾ ਦੇਵਾਂ। ਲੇਕਿਨ ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦਾ ਗਾਇਆ ਹੋਇਆ ਇੱਕ ਸ਼ੇਅਰ ਯਾਦ ਆ ਗਿਆ:
'ਨਾਮ ਮਨਜੂਰ ਹੈ ਤੋ ਫ਼ੈਜ ਕੇ ਅਸਬਾਬ ਬਨਾ'
ਉਹ ਮਨਜ਼ੂਰ ਨੂੰ ਮਨਜੂਰ ਅਤੇ ਫ਼ੈਜ਼ ਨੂੰ ਫ਼ੈਜ ਕਿਹਾ ਕਰਦੀ ਸੀ। 'ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ'। ਪੁਲ ਬਣਾ ਚਾਹੇ ਬਣਾ ਮਸਜਦ-ਓ-ਤਾਲਾਬ ਬਣਾ।
ਕਿਸੇ ਕਮਬਖ਼ਤ ਨੂੰ ਨਾਮ-ਓ-ਨਮੂਦ ਦੀ ਖਾਹਿਸ਼ ਹੈ। ਉਹ ਜੋ ਨਾਮ ਉਛਾਲਣ ਲਈ ਪੁਲ ਬਣਾਉਂਦੇ ਹਨ, ਨੇਕੀ ਦਾ ਕੀ ਕੰਮ ਕਰਦੇ ਹਨ? ਖ਼ਾਕ ਮੈਂ ਕਿਹਾ ਨਾ ਇਹ ਮਸਜਦ ਬਣਵਾਉਣ ਦਾ ਖ਼ਿਆਲ ਬਿਲਕੁਲ ਗ਼ਲਤ ਹੈ। ਬਹੁਤ ਸਾਰੀਆਂ ਵੱਖ ਵੱਖ ਮਸਜਦਾਂ ਦਾ ਹੋਣਾ ਵੀ ਕੌਮ ਦੇ ਹੱਕ ਵਿੱਚ ਹਰਗਿਜ਼ ਮੁਫ਼ੀਦ ਨਹੀਂ ਹੋ ਸਕਦਾ। ਇਸਲਈ ਕਿ ਅਵਾਮ ਬਟ ਜਾਂਦੇ ਹਨ।
ਥੱਕ-ਹਾਰ ਮੈਂ ਹੱਜ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅੱਲਾ ਮੀਆਂ ਨੇ ਮੈਨੂੰ ਖ਼ੁਦ ਹੀ ਇੱਕ ਰਸਤਾ ਦੱਸ ਦਿੱਤਾ। ਸ਼ਹਿਰ ਵਿੱਚ ਇੱਕ ਜਲਸਾ ਹੋਇਆ। ਜਦੋਂ ਖ਼ਤਮ ਹੋਇਆ ਤਾਂ ਲੋਕਾਂ ਵਿੱਚ ਬਦਹਜ਼ਮੀ ਫੈਲ ਗਈ। ਇੰਨੀ ਭਗਦੜ ਮੱਚੀ ਕਿ ਤੀਹ ਆਦਮੀ ਹਲਾਕ ਹੋ ਗਏ। ਇਸ ਹਾਦਸੇ ਦੀ ਖ਼ਬਰ ਦੂਜੇ ਰੋਜ ਅਖ਼ਬਾਰਾਂ ਵਿੱਚ ਛਪੀ ਤਾਂ ਪਤਾ ਲੱਗਿਆ ਕਿ ਉਹ ਹਲਾਕ ਨਹੀਂ ਸਗੋਂ ਸ਼ਹੀਦ ਹੋਏ ਸਨ।
ਮੈਂ ਸੋਚਣਾ ਸ਼ੁਰੂ ਕੀਤਾ। ਸੋਚਣ ਦੇ ਇਲਾਵਾ ਮੈਂ ਕਈ ਮੌਲਵੀਆਂ ਨੂੰ ਮਿਲਿਆ। ਪਤਾ ਲੱਗਿਆ ਕਿ ਉਹ ਲੋਕ ਜੋ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਮਿਲਦਾ ਹੈ। ਯਾਨੀ ਉਹ ਰੁਤਬਾ ਜਿਸ ਨਾਲੋਂ ਵੱਡਾ ਕੋਈ ਹੋਰ ਰੁਤਬਾ ਹੀ ਨਹੀਂ। ਮੈਂ ਸੋਚਿਆ ਕਿ ਜੇਕਰ ਲੋਕ ਮਰਨ ਦੀ ਬਜਾਏ ਸ਼ਹੀਦ ਹੋਇਆ ਕਰਨ ਤਾਂ ਕਿੰਨਾ ਅੱਛਾ ਹੈ। ਉਹ ਜੋ ਆਮ ਮੌਤ ਮਰਦੇ ਹਨ। ਸਾਫ਼ ਹੈ ਕਿ ਉਨ੍ਹਾਂ ਦੀ ਮੌਤ ਬਿਲਕੁਲ ਅਕਾਰਥ ਜਾਂਦੀ ਹੈ। ਜੇਕਰ ਉਹ ਸ਼ਹੀਦ ਹੋ ਜਾਂਦੇ ਤਾਂ ਕੋਈ ਗੱਲ ਬਣਦੀ।
ਮੈਂ ਇਸ ਬਰੀਕੀ ਤੇ ਹੋਰ ਗ਼ੌਰ ਕਰਨਾ ਸ਼ੁਰੂ ਕੀਤਾ।
ਚਾਰੋਂ ਤਰਫ਼ ਜਿਧਰ ਵੇਖੋ ਖ਼ਸਤਾ-ਹਾਲ ਇਨਸਾਨ ਸਨ। ਚਿਹਰੇ ਜ਼ਰਦ, ਫ਼ਿਕਰ-ਓ-ਤਰੱਦੁਦ ਅਤੇ ਗ਼ਮ-ਏ-ਰੋਜ਼ਗਾਰ ਦੇ ਬੋਝ ਥਲੇ ਪਿਸੇ ਹੋਏ, ਧਸੀਆਂ ਹੋਈਆਂ ਅੱਖਾਂ ਬੇ-ਜਾਨ ਚਾਲ, ਕੱਪੜੇ ਤਾਰਤਾਰ। ਰੇਲ-ਗੱਡੀ ਦੇ ਕੰਡਮ ਮਾਲ ਦੀ ਤਰ੍ਹਾਂ ਜਾਂ ਤਾਂ ਕਿਸੇ ਟੁੱਟੇ ਫੁੱਟੇ ਝੋਂਪੜੇ ਵਿੱਚ ਪਏ ਹਨ ਜਾਂ ਬਜ਼ਾਰਾਂ ਵਿੱਚ ਬੇ ਮਾਲਿਕ ਮਵੇਸ਼ੀਆਂ ਦੀ ਤਰ੍ਹਾਂ ਮੂੰਹ ਚੁੱਕ ਬੇਮਤਲਬ ਘੁੰਮ ਰਹੇ ਹਨ। ਕਿਓਂ ਜੀ ਰਹੇ ਹਨ? ਕਿਸ ਲਈ ਜੀ ਰਹੇ ਹਨ ਅਤੇ ਕੈਸੇ ਜੀ ਰਹੇ ਹਨ? ਇਸ ਦਾ ਕੁੱਝ ਪਤਾ ਹੀ ਨਹੀਂ। ਕੋਈ ਛੂਤ ਦਾ ਰੋਗ ਫੈਲ ਜਾਵੇ। ਹਜ਼ਾਰਾਂ ਮਰ ਗਏ ਹੋਰ ਕੁੱਝ ਨਹੀਂ ਤਾਂ ਭੁੱਖ ਅਤੇ ਪਿਆਸ ਨਾਲ ਹੀ ਘੁਲ ਘੁਲ ਕੇ ਮਰੇ। ਸਰਦੀਆਂ ਵਿੱਚ ਆਕੜ ਗਏ, ਗਰਮੀਆਂ ਵਿੱਚ ਸੁੱਕ ਗਏ। ਕਿਸੇ ਦੀ ਮੌਤ ਤੇ ਕਿਸੇ ਨੇ ਦੋ ਅੱਥਰੂ ਵਗਾ ਦਿੱਤੇ। ਬਹੁਤਿਆਂ ਦੀ ਮੌਤ ਖੁਸ਼ਕ ਹੀ ਰਹੀ।
ਜ਼ਿੰਦਗੀ ਸਮਝ ਵਿੱਚ ਨਾ ਆਈ, ਠੀਕ ਹੈ। ਇਸ ਨੂੰ ਗੌਲਣ ਦੀ ਲੋੜ ਨਹੀਂ, ਇਹ ਵੀ ਠੀਕ ਹੈ...ਉਹ ਕਿਸ ਦਾ ਸ਼ੇਅਰ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦੀ ਦਰਦ-ਭਰੀ ਆਵਾਜ਼ ਵਿੱਚ ਗਾਇਆ ਕਰਦੀ ਸੀ:
ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ । ਮੇਰਾ ਮਤਲਬ ਹੈ ਜੇਕਰ ਮਰਨ ਦੇ ਬਾਅਦ ਵੀ ਜ਼ਿੰਦਗੀ ਨਾ ਸੁਧਰੀ ਤਾਂ ਲਾਹਨਤ ਹੈ ਸੁਸਰੀ ਤੇ।
ਮੈਂ ਸੋਚਿਆ ਕਿਉਂ ਨਾ ਇਹ ਬੇਚਾਰੇ, ਇਹ ਕਿਸਮਤ ਦੇ ਮਾਰੇ, ਦਰਦ ਦੇ ਠੁਕਰਾਏ ਹੋਏ ਇਨਸਾਨ ਜੋ ਇਸ ਦੁਨੀਆ ਵਿੱਚ ਹਰ ਚੰਗੀ ਚੀਜ਼ ਲਈ ਤਰਸਦੇ ਹਨ, ਉਸ ਦੁਨੀਆ ਵਿੱਚ ਅਜਿਹਾ ਰੁਤਬਾ ਹਾਸਲ ਕਰਨ ਕਿ ਉਹ ਜੋ ਇੱਥੇ ਉਨ੍ਹਾਂ ਦੀ ਤਰਫ਼ ਨਜ਼ਰ ਚੁੱਕ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਉਨ੍ਹਾਂ ਨੂੰ ਵੇਖਣ ਅਤੇ ਸ਼ਕ ਕਰਨ। ਇਸ ਦੀ ਇੱਕ ਹੀ ਸੂਰਤ ਸੀ ਕਿ ਉਹ ਆਮ ਮੌਤ ਨਾ ਮਰਨ ਸਗੋਂ ਸ਼ਹੀਦ ਹੋਣ।
ਹੁਣ ਸਵਾਲ ਇਹ ਸੀ ਕਿ ਇਹ ਲੋਕ ਸ਼ਹੀਦ ਹੋਣ ਲਈ ਰਾਜੀ ਹੋਣਗੇ? ਮੈਂ ਸੋਚਿਆ , ਕਿਉਂ ਨਹੀਂ। ਉਹ ਕੌਣ ਮੁਸਲਮਾਨ ਹੈ ਜਿਸ ਵਿੱਚ ਜ਼ੌਕ-ਏ-ਸ਼ਹਾਦਤ ਨਹੀਂ। ਮੁਸਲਮਾਨਾਂ ਦੀ ਵੇਖਾ ਵੇਖੀ ਤਾਂ ਹਿੰਦੂ ਅਤੇ ਸਿੱਖਾਂ ਵਿੱਚ ਵੀ ਇਹ ਰੁਤਬਾ ਪੈਦਾ ਕਰ ਦਿੱਤਾ ਗਿਆ ਹੈ। ਲੇਕਿਨ ਮੈਨੂੰ ਸਖ਼ਤ ਨਾਉਮੀਦੀ ਹੋਈ ਜਦੋਂ ਮੈਂ ਇੱਕ ਮਰੀਅਲ ਜਿਹੇ ਆਦਮੀ ਨੂੰ ਪੁੱਛਿਆ। ਕੀ ਤੂੰ ਸ਼ਹੀਦ ਹੋਣਾ ਚਾਹੁੰਦਾ ਹੈਂ? ਤਾਂ ਉਸ ਨੇ ਜਵਾਬ ਦਿੱਤਾ ਨਹੀਂ।
ਸਮਝ ਵਿੱਚ ਨਾ ਆਇਆ ਕਿ ਉਹ ਆਦਮੀ ਜੀ ਕੇ ਕੀ ਕਰੇਗਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਵੇਖੋ ਬੜੇ ਮੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਡੇਢ ਮਹੀਨਾ ਹੋਰ ਜੀ ਲਏਂਗਾ। ਚਲਣ ਦੀ ਤੇਰੇ ਵਿੱਚ ਸ਼ਕਤੀ ਨਹੀਂ। ਖੰਘਦੇ ਖੰਘਦੇ ਗ਼ੋਤੇ ਵਿੱਚ ਜਾਂਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਬਸ ਦਮ ਨਿਕਲ ਗਿਆ। ਫੁੱਟੀ ਕੌਡੀ ਤੱਕ ਤੇਰੇ ਕੋਲ ਨਹੀਂ। ਜ਼ਿੰਦਗੀ-ਭਰ ਤੂੰ ਸੁਖ ਨਹੀਂ ਵੇਖਿਆ। ਭਵਿੱਖ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਹੋਰ ਜੀ ਕੇ ਕੀ ਕਰੇਂਗਾ। ਫ਼ੌਜ ਵਿੱਚ ਤੂੰ ਭਰਤੀ ਨਹੀਂ ਹੋ ਸਕਦਾ। ਇਸਲਈ ਮਹਾਜ਼ ਉੱਤੇ ਆਪਣੇ ਵਤਨ ਦੀ ਖਾਤਰ ਲੜਦੇ ਲੜਦੇ ਜਾਨ ਦੇਣ ਦਾ ਖਿਆਲ ਵੀ ਅਨਰਥ ਹੈ। ਇਸਲਈ ਕੀ ਇਹ ਬਿਹਤਰ ਨਹੀਂ ਕਿ ਤੂੰ ਕੋਸ਼ਿਸ਼ ਕਰਕੇ ਇੱਥੇ ਬਾਜ਼ਾਰ ਵਿੱਚ ਜਾਂ ਡੇਰੇ ਵਿੱਚ ਜਿੱਥੇ ਤੂੰ ਰਾਤ ਨੂੰ ਸੋਂਦਾ ਹੈਂ, ਆਪਣੀ ਸ਼ਹਾਦਤ ਦਾ ਬੰਦੋਬਸਤ ਕਰ ਲਵੇਂ। ਉਸਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ?
ਮੈਂ ਜਵਾਬ ਦਿੱਤਾ। ਇਹ ਸਾਹਮਣੇ ਕੇਲੇ ਦਾ ਛਿਲਕਾ ਪਿਆ ਹੈ। ਫ਼ਰਜ਼ ਕਰ ਲਿਆ ਜਾਵੇ ਕਿ ਤੂੰ ਇਸ ਤੋਂ ਫਿਸਲ ਗਿਆ...ਸਾਫ਼ ਹੈ ਕਿ ਤੂੰ ਮਰ ਜਾਏਂਗਾ ਅਤੇ ਸ਼ਹਾਦਤ ਦਾ ਰੁਤਬਾ ਪਾ ਲਏਂਗਾ। ਪਰ ਇਹ ਗੱਲ ਉਸ ਦੀ ਸਮਝ ਵਿੱਚ ਨਾ ਆਈ ਕਹਿਣ ਲਗਾ ਮੈਂ ਕਿਉਂ ਅੱਖੀਂ ਵੇਖੇ ਕੇਲੇ ਦੇ ਛਿਲਕੇ ਉੱਤੇ ਪੈਰ ਧਰਾਂਗਾ...ਕੀ ਮੈਨੂੰ ਆਪਣੀ ਜਾਨ ਪਿਆਰੀ ਨਹੀਂ...ਅੱਲਾ ਅੱਲਾ ਕੀ ਜਾਨ ਸੀ। ਹੱਡੀਆਂ ਦਾ ਢਾਂਚਾ। ਝੁਰੜੀਆਂ ਦੀ ਗਠੜੀ!
ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਇਸ ਵਕਤ ਹੋਰ ਵੀ ਜ਼ਿਆਦਾ ਹੋਇਆ। ਜਦੋਂ ਮੈਂ ਸੁਣਿਆ ਕਿ ਉਹ ਕਮਬਖਤ ਜੋ ਬੜੀ ਸੌਖ ਨਾਲ ਸ਼ਹਾਦਤ ਦਾ ਰੁਤਬਾ ਇਖ਼ਤਿਆਰ ਕਰ ਸਕਦਾ ਸੀ। ਖ਼ੈਰਾਤੀ ਹਸਪਤਾਲ ਵਿੱਚ ਲੋਹੇ ਦੀ ਚਾਰਪਾਈ ਉੱਤੇ ਖੰਘਦਾ ਖੰਗਾਰਦਾ ਮਰ ਗਿਆ।
ਇੱਕ ਬੁੜੀ ਸੀ ਮੂੰਹ ਵਿੱਚ ਦੰਦ ਨਾ ਢਿੱਡ ਵਿੱਚ ਆਂਤ। ਆਖ਼ਿਰੀ ਸਾਹ ਲੈ ਰਹੀ ਸੀ। ਮੈਨੂੰ ਬਹੁਤ ਤਰਸ ਆਇਆ। ਸਾਰੀ ਉਮਰ ਗਰੀਬ ਦੀ ਮੁਫਲਿਸੀ ਅਤੇ ਰੰਜੋ ਗ਼ਮ ਵਿੱਚ ਬੀਤੀ ਸੀ। ਮੈਂ ਉਸਨੂੰ ਉਠਾ ਕੇ ਰੇਲ ਦੇ ਪਾਟੇ ਉੱਤੇ ਲੈ ਗਿਆ। ਮੁਆਫ਼ ਕਰਨਾ। ਸਾਡੇ ਇੱਥੇ ਪਟੜੀ ਨੂੰ ਪਾਟਾ ਕਹਿੰਦੇ ਹਨ। ਲੇਕਿਨ ਜਨਾਬ ਜਿਓਂ ਹੀ ਉਸਨੂੰ ਟ੍ਰੇਨ ਦੀ ਆਵਾਜ਼ ਸੁਣੀ ਉਹ ਹੋਸ਼ ਵਿੱਚ ਆ ਗਈ ਅਤੇ ਫੂਕ ਭਰੇ ਖਿਡੌਣੇ ਦੀ ਤਰ੍ਹਾਂ ਉਠ ਕੇ ਭੱਜ ਗਈ।
ਮੇਰਾ ਦਿਲ ਟੁੱਟ ਗਿਆ। ਲੇਕਿਨ ਫਿਰ ਵੀ ਮੈਂ ਹਿੰਮਤ ਨਾ ਹਾਰੀ। ਬਾਣੀਏ ਦਾ ਪੁੱਤਰ ਆਪਣੀ ਧੁਨ ਦਾ ਪੱਕਾ ਹੁੰਦਾ ਹੈ। ਨੇਕੀ ਦਾ ਜੋ ਸਾਫ਼ ਅਤੇ ਸਿੱਧਾ ਰਸਤਾ ਮੈਨੂੰ ਨਜ਼ਰ ਆਇਆ ਸੀ, ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਾ ਹੋਣ ਦਿੱਤਾ।
ਮੁਗ਼ਲਾਂ ਦੇ ਵਕ਼ਤ ਦਾ ਇੱਕ ਵਿਸ਼ਾਲ ਅਹਾਤਾ ਖ਼ਾਲੀ ਪਿਆ ਸੀ। ਇਸ ਵਿੱਚ ਇੱਕ ਪਾਸੇ ਛੋਟੇ ਛੋਟੇ ਕਮਰੇ ਸਨ। ਬਹੁਤ ਹੀ ਖ਼ਸਤਾ ਹਾਲਤ ਵਿੱਚ। ਮੇਰੀਆਂ ਤਜਰਬਾਕਾਰ ਅੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਪਹਿਲੇ ਹੀ ਭਾਰੀ ਮੀਂਹ ਵਿੱਚ ਸਭ ਦੀਆਂ ਛੱਤਾਂ ਢਹਿ ਜਾਣਗੀਆਂ। ਇਸਲਈ ਮੈਂ ਇਸ ਅਹਾਤੇ ਨੂੰ ਸਾਢੇ ਦਸ ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਅਤੇ ਇਸ ਵਿੱਚ ਇੱਕ ਹਜ਼ਾਰ ਮੰਦੇ-ਹਾਲ ਆਦਮੀ ਬਸਾ ਦਿੱਤੇ। ਦੋ ਮਹੀਨੇ ਦਾ ਕਿਰਾਇਆ ਵਸੂਲ ਕੀਤਾ, ਇੱਕ ਰੁਪਿਆ ਮਹੀਨਾਵਾਰ ਦੇ ਹਿਸਾਬ ਨਾਲ। ਤੀਸਰੇ ਮਹੀਨੇ ਜਿਵੇਂ ਕ‌ਿ ਮੇਰਾ ਅੰਦਾਜ਼ਾ ਸੀ, ਪਹਿਲੇ ਹੀ ਵੱਡੇ ਮੀਂਹ ਵਿੱਚ ਸਭ ਕਮਰਿਆਂ ਦੀਆਂ ਛੱਤਾਂ ਹੇਠਾਂ ਆ ਗਿਰੀਆਂ ਅਤੇ ਸੱਤ ਸੌ ਆਦਮੀ ਜਿਨ੍ਹਾਂ ਵਿੱਚ ਬੱਚੇ ਬੁਢੇ ਸਾਰੇ ਸ਼ਾਮਿਲ ਸਨ...ਸ਼ਹੀਦ ਹੋ ਗਏ।
ਉਹ ਜੋ ਮੇਰੇ ਦਿਲ ਤੇ ਬੋਝ ਜਿਹਾ ਸੀ ਕਿਸੇ ਹੱਦ ਤੱਕ ਹਲਕਾ ਹੋ ਗਿਆ। ਆਬਾਦੀ ਵਿੱਚੋਂ ਸੱਤ ਸੌ ਆਦਮੀ ਘੱਟ ਵੀ ਹੋ ਗਏ। ਲੇਕਿਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਵੀ ਮਿਲ ਗਿਆ...ਉੱਧਰ ਦਾ ਪੱਖ ਭਾਰੀ ਹੀ ਰਿਹਾ।
ਉਦੋਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ। ਹਰ ਰੋਜ ਆਪਣੀ ਸਮਰਥਾ ਮੁਤਾਬਕ ਦੋ ਤਿੰਨ ਆਦਮੀਆਂ ਨੂੰ ਸ਼ਹਾਦਤ ਦਾ ਜਾਮ ਪਿਆਲ ਦਿੰਦਾ ਹਾਂ। ਜਿਵੇਂ ਕ‌ਿ ਮੈਂ ਅਰਜ ਕਰ ਚੁੱਕਿਆ ਹਾਂ, ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਹੀ ਪੈਂਦੀ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਇੱਕ ਸ਼ੇਅਰ ਗਾਇਆ ਕਰਦੀ ਸੀ। ਲੇਕਿਨ ਮੁਆਫ਼ ਕਰਨਾ ਉਹ ਸ਼ੇਅਰ ਇੱਥੇ ਠੀਕ ਨਹੀਂ ਬੈਠਦਾ। ਕੁੱਝ ਵੀ ਹੋਵੇ, ਕਹਿਣਾ ਇਹ ਹੈ ਕਿ ਮੈਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਆਦਮੀ ਨੂੰ ਜਿਸਦਾ ਵਜੂਦ ਛਕੜੇ ਦੇ ਪੰਜਵੇਂ ਪਹੀਏ ਦੀ ਤਰ੍ਹਾਂ ਬੇਮਾਅਨਾ ਅਤੇ ਬੇਕਾਰ ਸੀ। ਸ਼ਹਾਦਤ ਦਾ ਜਾਮ ਪਿਲਾਣ ਲਈ ਮੈਨੂੰ ਪੂਰੇ ਦਸ ਦਿਨ ਜਗ੍ਹਾ ਜਗ੍ਹਾ ਕੇਲੇ ਦੇ ਛਿਲਕੇ ਸੁੱਟਣੇ ਪਏ। ਲੇਕਿਨ ਮੌਤ ਦੀ ਤਰ੍ਹਾਂ ਜਿੱਥੇ ਤੱਕ ਮੈਂ ਸਮਝਦਾ ਹਾਂ ਸ਼ਹਾਦਤ ਦਾ ਵੀ ਇੱਕ ਦਿਨ ਮੁਕੱਰਰ ਹੈ। ਦਸਵੇਂ ਰੋਜ ਜਾ ਕੇ ਉਹ ਪਥਰੀਲੇ ਫ਼ਰਸ਼ ਉੱਤੇ ਕੇਲੇ ਦੇ ਛਿਲਕੇ ਤੋਂ ਫਿਸਲਿਆ ਅਤੇ ਸ਼ਹੀਦ ਹੋਇਆ।
ਅੱਜਕੱਲ੍ਹ ਮੈਂ ਇੱਕ ਬਹੁਤ ਵੱਡੀ ਇਮਾਰਤ ਬਣਵਾ ਰਿਹਾ ਹਾਂ। ਠੇਕਾ ਮੇਰੀ ਹੀ ਕੰਪਨੀ ਦੇ ਕੋਲ ਹੈ। ਦੋ ਲੱਖ ਦਾ ਹੈ। ਇਸ ਵਿੱਚੋਂ ਪਛੱਤਰ ਹਜ਼ਾਰ ਤਾਂ ਮੈਂ ਸਾਫ਼ ਆਪਣੀ ਜੇਬ ਵਿੱਚ ਪਾ ਲਵਾਂਗਾ। ਬੀਮਾ ਵੀ ਕਰਾ ਲਿਆ ਹੈ। ਮੇਰਾ ਅੰਦਾਜ਼ਾ ਹੈ ਕਿ ਜਦੋਂ ਤੀਜੀ ਮੰਜ਼ਿਲ ਖੜੀ ਕੀਤੀ ਜਾਵੇਗੀ ਤਾਂ ਸਾਰੀ ਬਿਲਡਿੰਗ ਧੜੰਮ ਡਿੱਗ ਪਵੇਗੀ। ਕਿਉਂਕਿ ਮਸਾਲਾ ਹੀ ਮੈਂ ਅਜਿਹਾ ਲਗਵਾਇਆ ਹੈ। ਇਸ ਵਕ਼ਤ ਤਿੰਨ ਸੌ ਮਜ਼ਦੂਰ ਕੰਮ ਤੇ ਲੱਗੇ ਹੋਣਗੇ। ਖ਼ੁਦਾ ਦੇ ਘਰ ਤੋਂ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਸਭ ਦੇ ਸਭ ਸ਼ਹੀਦ ਹੋ ਜਾਣਗੇ। ਲੇਕਿਨ ਜੇਕਰ ਕੋਈ ਬੱਚ ਗਿਆ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਪਰਲੇ ਦਰਜੇ ਦਾ ਗੁਨਾਹਗਾਰ ਹੈ, ਜਿਸਦੀ ਸ਼ਹਾਦਤ ਅੱਲਾ-ਤਾਲਾ ਨੂੰ ਮਨਜ਼ੂਰ ਨਹੀਂ ਸੀ।

(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ