Punjabi Stories/Kahanian
ਐਲਨ ਪੈਟਨ
Alan Paton

Punjabi Kavita
  

Sharabnoshi Alan Paton

ਸ਼ਰਾਬਨੋਸ਼ੀ ਐਲਨ ਪੈਟਨ

ਦੱਖਣੀ ਅਫ਼ਰੀਕਾ ਨੇ 1960 ਵਿਚ ਆਪਣੀ ਗੋਲਡਨ ਜੁਬਲੀ ਮਨਾਈ। ਇਸ ਮੌਕੇ ਸਾਰਾ ਦੇਸ਼ ਇਹ ਜਾਣ ਕੇ ਦੰਗ ਰਹਿ ਗਿਆ ਕਿ ਸਰਵੋਤਮ ਮੂਰਤੀ ਕਲਾ ਦਾ ਇਕ ਹਜ਼ਾਰ ਪੌਂਡ ਦਾ ਪਹਿਲਾ ਪੁਰਸਕਾਰ ਐਡਵਰਡ ਸਿਮੇਲੇਨ ਨਾਂ ਦੇ ਕਾਲੇ ਮੂਰਤੀਕਾਰ ਨੂੰ ਉਸ ਦੀ 'ਅਫ਼ਰੀਕੀ ਮਾਂ ਅਤੇ ਬੱਚਾ' ਨਾਂ ਦੀ ਮੂਰਤੀ ਉਤੇ ਦਿੱਤਾ ਗਿਆ।
ਪਿੱਛੋਂ ਪਤਾ ਲੱਗਿਆ ਕਿ ਜੇ ਪੁਰਸਕਾਰ ਕਮੇਟੀ ਆਪਣੇ ਨਿਯਮਾਂ ਵਿਚ 'ਇਹ ਮੁਕਾਬਲਾ ਸਿਰਫ ਗੋਰਿਆਂ ਲਈ ਹੈ' ਵਾਲੀ ਸ਼ਰਤ ਦਰਜ ਕਰਨੀ ਨਾ ਭੁੱਲ ਗਈ ਹੁੰਦੀ ਤਾਂ ਇਹ ਪੁਰਸਕਾਰ ਸਿਮੇਲੇਨ ਨੂੰ ਕਦੇ ਵੀ ਨਹੀਂ ਸੀ ਨਸੀਬ ਹੋਣਾ।
ਪੁਰਸਕਾਰ ਦਾ ਐਲਾਨ ਹੋ ਜਾਣ ਪਿੱਛੋਂ ਕਈ ਗੋਰਿਆਂ ਨੇ ਦੱਖਣੀ ਅਫ਼ਰੀਕਾ ਦੀਆਂ 'ਪਰੰਪਰਾਗਤ ਨੀਤੀਆਂ' ਦਾ ਉਲੰਘਣ ਕਰਨ ਲਈ ਇਸ ਕਮੇਟੀ ਦੀ ਭਰਪੂਰ ਨਿੰਦਿਆ ਕੀਤੀ। ਸ਼ੁਕਰ ਇਹ ਸੀ ਕਿ ਪੁਰਸਕਾਰ ਵੰਡ ਸਮਾਰੋਹ ਸਮੇਂ ਸਿਮੇਲੇਨ ਹਾਜ਼ਰ ਨਹੀਂ ਸੀ, ਨਹੀਂ ਤਾਂ ਬੜਾ ਗੰਭੀਰ ਸੰਕਟ ਖੜ੍ਹਾ ਹੋ ਜਾਣਾ ਸੀ।
ਜਦੋਂ ਮੈਂ ਸਿਮੇਲੇਨ ਨੂੰ ਬੁਲਾ ਕੇ ਵਧਾਈ ਦਿੰਦਿਆਂ ਬਰਾਂਡੀ ਪੇਸ਼ ਕੀਤੀ ਤਾਂ ਉਸ ਕਿਹਾ, "ਸ਼ੁਕਰੀਆ! ਇੰਨੀ ਵਧੀਆ ਸ਼ਰਾਬ ਪੀਣ ਦਾ ਮੇਰਾ ਇਹ ਦੂਜਾ ਮੌਕਾ ਏ। ਤੁਸੀਂ ਜਾਣਨਾ ਚਾਹੋਗੇ ਕਿ ਪਹਿਲੀ ਵਾਰ ਵਧੀਆ ਸ਼ਰਾਬ ਮੈਨੂੰ ਕਿੰਜ ਨਸੀਬ ਹੋਈ ਸੀ?" ਤੇ ਜਦੋਂ ਮੈਂ, "ਹਾਂ, ਜ਼ਰੂਰ।" ਕਿਹਾ ਤਾਂ ਉਸ ਨੇ ਇਹ ਕਹਾਣੀ ਸੁਣਾਈ ਸੀ,
ਮੁਕਾਬਲੇ ਤੋਂ ਬਾਅਦ ਮੇਰੀ ਇਸ ਕਲਾਕ੍ਰਿਤ ਨੂੰ ਕੁਝ ਦਿਨਾਂ ਲਈ ਐਲਬਸਤਰ ਪੁਸਤਕ-ਭਵਨ 'ਚ ਲੋਕਾਂ ਨੂੰ ਦਿਖਾਉਣ ਖਾਤਿਰ ਰੱਖ ਦਿੱਤਾ ਗਿਆ ਸੀ।
ਇਕ ਦਿਨ ਰਾਤੀਂ ਕੰਮ ਤੋਂ ਵਾਪਸ ਆਉਂਦਾ ਹੋਇਆ ਮੈਂ ਉਸ ਭਵਨ ਸਾਹਮਣੇ ਰੁਕ ਕੇ ਆਪਣੀ ਕਲਾ ਕ੍ਰਿਤ ਦੇਖ ਰਿਹਾ ਸਾਂ। ਉਦੋਂ ਉਥੇ ਮੇਰੇ ਸਿਵਾਏ ਹੋਰ ਕੋਈ ਨਹੀਂ ਸੀ ਪਰ ਉਦੋਂ ਹੀ ਕੋਈ ਗੋਰਾ ਨੌਜਵਾਨ ਮੇਰੇ ਕੋਲ ਆ ਕੇ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, "ਮੈਂ ਜਦ ਵੀ ਇਸ ਕਲਾਕ੍ਰਿਤੀ ਨੂੰ ਦੇਖਦਾ ਹਾਂ, ਮੋਹਿਤ ਹੋਏ ਬਗ਼ੈਰ ਨਹੀਂ ਰਹਿ ਸਕਦਾ। ਤੈਨੂੰ ਤਾਂ ਇਸ ਨੂੰ ਦੇਖ ਕੇ ਹੋਰ ਵੀ ਖੁਸ਼ੀ ਹੁੰਦੀ ਹੋਏਗੀ ਕਿਉਂਕਿ ਇਸ ਦੀ ਸਿਰਜਣਾ ਤੁਹਾਡੀ ਜਾਤੀ ਦੇ ਮੂਰਤੀਕਾਰ ਐਡਵਰਡ ਸਿਮੇਲੇਨ ਨੇ ਹੀ ਕੀਤੀ ਏ। ਭਲਾ ਤੂੰ ਉਸ ਨੂੰ ਜਾਣਦਾ ਏਂ?"
"ਹਾਂ।"
"ਮੂਰਤੀ ਨੂੰ ਜ਼ਰਾ ਧਿਆਨ ਨਾਲ ਦੇਖ। ਮਾਂ ਆਪਣੇ ਬੱਚੇ ਨੂੰ ਦੁਲਾਰ ਭਰੀਆਂ ਅੱਖਾਂ ਨਾਲ ਵੇਖ ਰਹੀ ਹੈ ਜਿਵੇਂ ਕਿਸੇ ਅਨਿਸ਼ਚਿਤ ਭਵਿੱਖ ਤੋਂ ਉਸ ਦੀ ਰੱਖਿਆ ਕਰ ਰਹੀ ਹੋਵੇ।"
ਮੈਨੂੰ ਚੁੱਪ ਦੇਖ ਕੇ ਉਹ ਫੇਰ ਬੋਲਿਆ,
"ਉਸ ਦੀ ਇਸ ਕਲਾ-ਕ੍ਰਿਤ ਲਈ ਇਕ ਹਜ਼ਾਰ ਪੌਂਡ ਦਾ ਇਨਾਮ ਮਿਲਿਆ ਹੈ। ਏਡੀ ਵੱਡੀ ਰਕਮ ਕਿਸੇ ਕਾਲੇ ਆਦਮੀ ਨੂੰ ਦੱਖਣੀ ਅਫ਼ਰੀਕਾ ਵਿਚ ਨਸੀਬ ਹੁੰਦੀ ਹੈ ਕਦੀ? ਚੱਲ ਇਸੇ ਖੁਸ਼ੀ ਵਿਚ ਛਿੱਟ ਲਾ ਲਈਏ ਦੋਸਤਾ?"
ਰਾਤ ਕਾਫੀ ਹੋ ਚੁੱਕੀ ਸੀ ਤੇ ਮੈਂ ਆਲੇਂਡੋ ਵਾਲੀ ਆਖ਼ਰੀ ਟ੍ਰੇਨ ਫੜਨੀ ਸੀ। ਨਾਲੇ ਇਹ ਆਦਮੀ ਗੋਰਾ ਸੀ ਤੇ ਮੇਰੇ ਲਈ ਅਜਨਬੀ ਵੀ ਪਰ ਕਿਸੇ ਗੋਰੇ ਦੇ ਮੂੰਹੋਂ ਆਪਣੇ ਲਈ 'ਦੋਸਤਾ' ਸੁਣਨ ਦਾ ਮੇਰਾ ਇਹ ਪਹਿਲਾ ਮੌਕਾ ਸੀ। ਸੋ, ਮਨ ਉਸ ਦੀ ਤਜਵੀਜ਼ ਮੰਨਣ ਲਈ ਰਾਜ਼ੀ ਹੋਣ ਲੱਗਾ। ਫਿਰ ਮੈਨੂੰ ਕੁਝ ਚੇਤੇ ਆਇਆ ਤੇ ਮੈਂ ਉਸ ਨੂੰ ਕਿਹਾ, "ਤੁਸੀਂ ਜਾਣਦੇ ਹੀ ਹੋਵੋਗੇ ਕਿ ਸਾਨੂੰ ਕਾਲੇ ਲੋਕਾਂ ਨੂੰ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਸ਼ਹਿਰ ਵਿਚ ਰਹਿਣ ਦੀ ਆਗਿਆ ਨਹੀਂ।"
"ਜਾਣਦਾ ਹਾਂ ਪਰ ਆਪਾਂ ਬਹੁਤੀ ਦੇਰ ਨਹੀਂ ਲਾਉਂਦੇ। ਮੇਰਾ ਘਰ ਨੇੜੇ ਈ ਏ। ਆ ਚੱਲੀਏ, ਅੱਛਾ ਇਹ ਤਾਂ ਦੱਸ ਬਈ ਤੈਨੂੰ ਅਫ਼ਰੀਕੰਸ (ਅਫ਼ਰੀਕਾ ਦੇ ਕਾਲੇ ਲੋਕਾਂ ਦੀ ਮਾਤਭਾਸ਼ਾ) ਆਉਂਦੀ ਏ ਨਾ, ਮੇਰੀ ਅੰਗਰੇਜ਼ੀ ਕੋਈ ਖਾਸ ਠੀਕ ਨਹੀਂ। ਮੁਆਫ ਕਰੀਂ, ਮੇਰਾ ਨਾਂ ਵਾਨ ਰੇਂਸਬਰਗ ਹੈ ਤੇ ਤੇਰਾ?"
"ਮੇਰਾ ਨਾਂ ਵਾਕਾਸੀ ਏ ਤੇ ਮੈਂ ਆਲੇਂਡੋ 'ਚ ਰਹਿੰਦਾ ਵਾਂ।" ਮੈਂ ਆਪਣਾ ਗਲਤ ਨਾਂ ਦੱਸਣ ਲਈ ਮਜਬੂਰ ਸਾਂ।
ਮੈਨੂੰ ਉਸ ਨਾਲ ਜਾਂਦਿਆਂ ਬੜਾ ਓਪਰਾ ਜਿਹਾ ਲੱਗ ਰਿਹਾ ਸੀ। ਰਸਤੇ ਵਿਚ ਸਾਡੇ ਦੋਹਾਂ ਵਿਚੋਂ ਕੋਈ ਕੁਝ ਨਹੀਂ ਸੀ ਬੋਲਿਆ ਤੇ ਕਿਸੇ ਨੇ ਸਾਨੂੰ ਇਕੱਠੇ ਜਾਂਦਿਆਂ ਦੇਖਿਆ ਵੀ ਨਹੀਂ ਸੀ। ਜਦੋਂ ਅਸੀਂ ਦੋਏ ਉਸ ਦੇ ਘਰ ਸਾਹਮਣੇ ਪਹੁੰਚੇ, ਮੈਨੂੰ ਸੁੰਨਸਾਨ ਰਾਹ ਵਿਚ ਕੁਝ ਚਿਰ ਰੁਕਣ ਲਈ ਕਹਿ ਕੇ ਉਹ ਅੰਦਰ ਚਲਾ ਗਿਆ। ਅੰਦਰੋਂ ਆਉਂਦੀਆਂ ਆਵਾਜ਼ਾਂ ਤੋਂ ਮੈਂ ਅੰਦਾਜ਼ਾ ਲਾਇਆ ਸੀ ਕਿ ਉਹ ਘਰ ਵਾਲਿਆਂ ਨੂੰ ਮੇਰੇ ਬਾਰੇ ਹੀ ਦੱਸ ਰਿਹਾ ਹੈ। ਫਿਰ ਉਸ ਮੁਸਕਰਾਉਂਦਾ ਹੋਇਆ ਬਾਹਰ ਆਇਆ।
ਉਦੋਂ ਹੀ ਅੰਦਰੋਂ ਕੁਝ ਔਰਤਾਂ ਵੀ ਬਾਹਰ ਆਈਆਂ ਤੇ ਬੜੇ ਹੀ ਪਿਆਰ ਤੇ ਮੋਹ ਨਾਲ ਮੈਨੂੰ ਅੰਦਰ ਲੈ ਗਈਆਂ। ਇਕ ਨੇ ਹੌਲੀ ਜਿਹੀ ਕਿਹਾ,
"ਰੇਂਸਬਰਗ ਰੋਜ਼ ਰਾਤੀਂ ਉਸ ਕਲਾ-ਮੂਰਤ ਨੂੰ ਦੇਖਣ ਜਾਂਦਾ ਹੈ। ਕਹਿੰਦਾ ਹੈ, ਇੰਨੀ ਵਿਲੱਖਣ ਕਲਾ ਦੀ ਸਿਰਜਣਾ ਜਿਸ ਨੇ ਵੀ ਕੀਤੀ ਹੈ, ਉਸ ਅੰਦਰ ਜ਼ਰੂਰ ਭਗਵਾਨ ਦਾ ਵਾਸਾ ਹੋਏਗਾ।"
ਸ਼ਰਾਬ ਪੀ ਕੇ ਜਦ ਮੈਂ ਜਾਣ ਲੱਗਿਆ ਤਾਂ ਸਾਰਿਆਂ ਨੇ ਮੈਨੂੰ ਬੜੇ ਹੀ ਮੋਹ ਨਾਲ ਵਿਦਾ ਕੀਤਾ।
ਰਸਤੇ ਵਿਚ ਰੇਂਸਬਰਗ ਨੇ ਪੁੱਛਿਆ, "ਜਾਣਦਾ ਏਂ ਮੈਂ ਕੀ ਸੋਚ ਰਿਹਾਂ ਕਿ ਸਾਡਾ ਦੇਸ਼ ਕਿੰਨਾ ਮਹਾਨ ਹੈ?"
ਪਰ ਅਸਲ ਵਿਚ ਉਹ ਕੀ ਸੋਚ ਰਿਹਾ ਸੀ, ਇਹ ਮੈਂ ਜਾਣ ਚੁੱਕਿਆ ਸਾਂ। ਉਹ ਮੈਨੂੰ ਮੋਹ-ਵੱਸ ਕਲਾਵੇ ਵਿਚ ਭਰ ਲੈਣਾ ਚਾਹੁੰਦਾ ਸੀ ਪਰ ਛੂਹ ਨਹੀਂ ਸੀ ਸਕਦਾ ਕਿਉਂਕਿ ਵੱਖਵਾਦ ਦੇ ਹਨੇਰੇ ਵਿਚ ਰਹਿੰਦਿਆਂ ਉਸ ਦੀਆਂ ਅੱਖਾਂ ਅੰਨ੍ਹੀਆਂ ਹੋ ਗਈਆਂ ਸਨ, ਤੇ ਜਦੋਂ ਇਕ ਆਦਮੀ ਦੂਜੇ ਆਦਮੀ ਨੂੰ ਪਿਆਰ ਨਾਲ ਛੂਹ ਵੀ ਨਾ ਸਕਦਾ ਹੋਵੇ ਤਾਂ ਨਫ਼ਰਤ ਨਾਲ ਨਸ਼ਟ ਕਰਨ ਉਤੇ ਉਤਾਰੂ ਹੋ ਜਾਂਦਾ ਹੈ।
(ਹਿੰਦੀ ਤੋਂ ਅਨੁਵਾਦ:ਮਹਿੰਦਰ ਬੇਦੀ, ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)