Shikar (Story in Punjabi) : Mazhar ul Islam

ਸ਼ਿਕਾਰ (ਕਹਾਣੀ) : ਮਜ਼ਹਰ ਉਲ ਇਸਲਾਮ

ਮੱਛੀ ਦਾ ਸ਼ਿਕਾਰ ਉਸ ਦਾ ਸ਼ੌਕ ਨਹੀਂ, ਆਦਤ ਸੀ। ਜਦੋਂ ਇੰਤਜ਼ਾਰ ਲੰਮਾ ਹੋ ਜਾਂਦਾ ਅਤੇ ਇਕਰਾਰ ਕਰਨ ਵਾਲਾ ਟੈਲੀਫੋਨ ਦੀ ਘੰਟੀ ਦਾ ਰਿਸ਼ਤਾ ਵੀ ਤੋੜ ਦਿੰਦਾ ਤਾਂ ਉਹ ਟੈਲੀਫੋਨ ਦਾ ਰਿਸੀਵਰ ਬੰਦ ਕਰਕੇ ਮੱਛੀ ਦਾ ਸ਼ਿਕਾਰ ਖੇਡਣ ਨਿਕਲ ਤੁਰਦਾ ਅਤੇ ਇੰੰਤਜ਼ਾਰ ਨਾਲ ਇੰਤਜ਼ਾਰ ਨੂੰ ਕੱਟਣ ਦੀ ਕੋਸ਼ਿਸ਼ ਕਰਦਾ। ਉਹ ਜ਼ਿਆਦਾ ਮੱਛੀਆਂ ਨਹੀਂ ਫੜਦਾ ਸੀ। ਉਸ ਨੂੰ ਮੱਛੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਸਨ। ਉਸ ਦਾ ਦਿਲ ਚਾਹੁੰਦਾ ਕਿ ਮੱਛੀ ਕੰਡੇ ਨਾਲ ਲੱਗਿਆ ਚਾਰਾ ਖਾ ਕੇ ਭੱਜ ਜਾਵੇ। ਇਕ ਦਿਨ ਜਦ ਉਹ ਸ਼ਿਕਾਰ ਖੇਡਣ ਲਈ ਪਹੁੰਚਿਆ ਤਾਂ ਦਰਿਆ ਦੇ ਕੰਢੇ ਇਕ ਆਦਮੀ, ਜਿਸ ਦੀ ਉਮਰ ਕਾਫ਼ੀ ਢਲ ਚੁੱਕੀ ਸੀ, ਕੰਡਾ ਪਾਣੀ ਵਿਚ ਸੁੱਟੀ ਮੱਛੀ ਦੀ ਉਡੀਕ ਕਰ ਰਿਹਾ ਸੀ। ਗੱਡੀ ਲੌਕ ਕਰਦੇ ਹੋਏ ਉਸ ਨੇ ਗਹੁ ਨਾਲ ਉਸ ਆਦਮੀ ਵੱਲ ਵੇਖਿਆ ਤਾਂ ਉਸ ਨੂੰ ਅੰਦਾਜ਼ਾ ਹੋਇਆ ਕਿ ਉਹ ਆਦਮੀ ਬੁਢਾਪੇ ਵਿਚ ਪੈਰ ਰੱਖ ਚੁੱਕਿਆ ਹੈ। ਪੈਰਾਂ ਦੀ ਆਵਾਜ਼ ਸੁਣ ਕੇ ਬਜ਼ੁਰਗ ਨੇ ਉਸ ਵੱਲ ਦੇਖਿਆ ਅਤੇ ਦੁਆ-ਸਲਾਮ ਤੋਂ ਬਾਅਦ ਬੋਲਿਆ, ‘‘ਇੱਥੇ ਹੀ ਲਗਾ ਲਓ ਤੁਸੀਂ ਆਪਣਾ ਕੰਡਾ। ਤੁਸੀਂ ਨੌਜਵਾਨ ਹੋ ਅਤੇ ਮੇਰਾ ਵੀ ਹੁਣ ਜਾਣ ਦਾ ਵੇਲਾ ਹੈ। ਜਜ਼ਬਾ ਅਤੇ ਤਜਰਬਾ ਇਕੱਠੇ ਹੋ ਜਾਣ ਤਾਂ ਮੱਛੀ ਦਾ ਸ਼ਿਕਾਰ ਸੌਖਾ ਹੋ ਜਾਂਦਾ ਹੈ।’’

ਇਹ ਬਜ਼ੁਰਗ ਉਸ ਨੂੰ ਦਿਲਚਸਪ ਲੱਗਾ। ਉਹ ਉਹਦੇ ਕੋਲ ਹੀ ਬਹਿ ਗਿਆ ਅਤੇ ਕੰਡੇ ’ਤੇ ਆਟਾ ਲਗਾਉਣ ਲੱਗਾ। ਬਜ਼ੁਰਗ ਬੋਲਿਆ, ‘‘ਜਾਲ ਨਾਲ ਮੱਛੀਆਂ ਫੜਨ ਵਾਲੇ ਇਕ-ਦੂਜੇ ਨਾਲ ਈਰਖਾ ਨਹੀਂ ਰੱਖਦੇ ਅਤੇ ਉਨ੍ਹਾਂ ’ਚੋਂ ਕੋਈ ਇਕ ਵੀ ਮੱਛੀ ਫੜ ਲੈਂਦਾ ਹੈ ਤਾਂ ਦੂਸਰੇ ਨੂੰ ਖ਼ੁਸ਼ੀ ਹੁੰਦੀ ਹੈ। ਮੱਛੀ ਦਾ ਸ਼ਿਕਾਰ ਸ਼ੇਰ ਦੇ ਨਾਲੋਂ ਘੱਟ ਮੁਸ਼ਕਿਲ ਨਹੀਂ…। ਏਨੇ ਵਿਚ ਉਸ ਨੇ ਜ਼ੋਰ ਨਾਲ ਕੰਡਾ ਬਾਹਰ ਖਿੱਚਿਆ ਤਾਂ ਮੱਛ ਤੜਪਦੀ ਹੋਈ ਕੰਢੇ ’ਤੇ ਆ ਡਿੱਗੀ। ਉਸ ਨੇ ਉੱਠ ਕੇ ਮੱਛੀ ਨੂੰ ਕੰਡੇ ਦੀ ਪਕੜ ’ਚੋਂ ਆਜ਼ਾਦ ਕੀਤਾ ਅਤੇ ਕੰਡੇ ’ਤੇ ਆਟਾ ਲਗਾ ਕੇ ਉਸ ਨੂੰ ਪਾਣੀ ਵਿਚ ਸੁੱਟਦੇ ਹੋਏ ਬੋਲਿਆ, ‘‘ਚਾਲੀ ਸਾਲ ਬਾਅਦ ਹੁਣ ਮੈਨੂੰ ਪਤਾ ਲੱਗਾ ਹੈ ਕਿ ਕਿਹੜੇ ਰੁਖ਼ ਕੰਡਾ ਸੁੱਟਾਂਗਾ ਤਾਂ ਮੱਛੀ ਫਸੇਗੀ?’’ ਫਿਰ ਉਸ ਨੇ ਨੌਜਵਾਨ ਦੀਆਂ ਨਜ਼ਰਾਂ ਦਾ ਪਿੱਛਾ ਕੀਤਾ ਅਤੇ ਪਾਣੀ ’ਤੇ ਫੈਲਦੀਆਂ ਤੇ ਟੁੱਟਦੀਆਂ ਲਹਿਰਾਂ ’ਤੇ ਨਜ਼ਰਾਂ ਟਿਕਾਉਂਦੇ ਹੋਏ ਬੋਲਿਆ, ‘‘ਮੱਛੀ ਆਟਾ ਖਾ ਰਹੀ ਹੈ। ਭੱਜ ਜਾਏਗੀ। ਹੱਥ ਪੂਰੀ ਤਰ੍ਹਾਂ ਉੱਚੇ ਚੁੱਕ ਕੇ ਸੱਜੇ ਵੱਲ ਝੁਕ ਕੇ ਜ਼ੋਰ ਦੇਣੀ ਖਿੱਚ ਮਾਰੋ।’’

ਨੌਜਵਾਨ ਨੇ ਇਉਂ ਹੀ ਕੀਤਾ ਅਤੇ ਮੱਛੀ ਬਾਹਰ ਆ ਡਿੱਗੀ। ਉਹ ਕਾਫ਼ੀ ਦੇਰ ਤੱਕ ਸ਼ਿਕਾਰ ਖੇਡਦੇ ਰਹੇ ਅਤੇ ਇਕ ਦੂਜੇ ਦੇ ਬਹੁਤ ਨੇੜੇ ਆ ਗਏ। …ਸ਼ਾਮ ਦੇ ਸਮੇਂ ਜਦ ਵਗਦੇ ਦਰਿਆ ਦੇ ਪਾਣੀ ਵਿਚ ਲੁਕਿਆ ਹੋਇਆ ਖੌਫ਼ ਸਤਹਿ ’ਤੇ ਆ ਗਿਆ ਤਾਂ ਥੈਲੇ ਸੰਭਾਲ ਕੇ ਉੱਠੇ। ਨੌਜਵਾਨ ਨੇ ਬਜ਼ੁਰਗ ਨੂੰ ਆਪਣੀ ਗੱਡੀ ਵਿਚ ਲਿਫਟ ਦੀ ਪੇਸ਼ਕਸ਼ ਕੀਤੀ। ਉਹ ਕਹਿਣ ਲੱਗਾ, ‘‘ਮੇਰੇ ਘਰ ਨੂੰ ਜਾਣ ਵਾਲੀ ਸੜਕ ਤੰਗ ਹੈ ਅਤੇ ਉਸ ਦੀ ਹਾਲਤ ਵੀ ਚੰਗੀ ਨਹੀਂ ਹੈ।’’

ਨੌਜਵਾਨ ਨੇ ਮੁਸਕਰਾ ਕੇ ਬਜ਼ੁਰਗ ਵੱਲ ਦੇਖਿਆ। ਗੱਡੀ ਤੁਰ ਪਈ। ਥੋੜ੍ਹੀ ਦੂਰ ਜਾ ਕੇ ਨੌਜਵਾਨ ਬੋਲਿਆ, ‘‘ਸੜਕ ਤੰਗ ਹੋਵੇ ਜਾਂ ਚੌੜੀ, ਸਫ਼ਰ ਇਕੋ ਜਿਹਾ ਹੁੰਦਾ ਹੈ।’’
ਬਜ਼ੁਰਗ ਬੋਲਿਆ, ‘‘ਸੜਕਾਂ ਮੇਰੇ ਖ਼ਿਆਲ ਵਿਚ ਕਿਸੇ ਸ਼ਹਿਰ ਦੀ ਦੌਲਤ ਦੀ ਲਕੀਰ ਦੀ ਤਰ੍ਹਾਂ ਹੁੰਦੀਆਂ ਹਨ ਅਤੇ ਜਿੱਥੇ ਮੇਰਾ ਘਰ ਹੈ, ਮੇਰਾ ਮਤਲਬ ਹੈ ਆਮ ਘਰਾਂ ਨੂੰ ਜਾਣ ਵਾਲੀ ਸੜਕ, ਮੇਰੇ ਖ਼ਿਆਲ ਵਿਚ ਕਿਸੇ ਸ਼ਹਿਰ ਦੀ ਬਿਮਾਰੀ ਦੀ ਲਕੀਰ ਹੁੰਦੀ ਹੈ। ਥਾਂ-ਥਾਂ ਤੋਂ ਟੁੱਟੀ ਹੋਈ… ਕਿਤੇ-ਕਿਤੇ ਜੁੜੀ ਹੋਈ। ਕਦੇ ਮੇਰੇ ਕੋਲ ਵੀ ਕਾਰ ਸੀ।’’ ਨੌਜਵਾਨ ਨੇ ਚੌਂਕ ਕੇ ਬਜ਼ੁਰਗ ਵੱਲ ਵੇਖਿਆ। ਬਜ਼ੁਰਗ ਨੇ ਕਿਹਾ, ‘‘ਤੁਹਾਨੂੰ ਸ਼ਾਇਦ ਯਕੀਨ ਨਹੀਂ ਆਇਆ। ਸਾਰੀ ਜੇਬ੍ਹ ਦੀ ਗੱਲ ਹੈ। ਜੇਬ੍ਹ ਇਜਾਜ਼ਤ ਦੇਵੇ ਤਾਂ ਕਈ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ, ਜੇਬ੍ਹ ਖਾਲੀ ਹੋ ਜਾਵੇ ਤਾਂ ਕਈ ਕਾਰਾਂ ਵਿਕ ਜਾਂਦੀਆਂ ਹਨ। ਮੈਂ ਜ਼ਿੰਦਗੀ ਵਿਚ ਕਾਰ ਹੀ ਨਹੀਂ ਗੁਆਈ, ਆਪਣੀ ਜ਼ਿੰਦਗੀ ’ਚੋਂ ਔਰਤ ਵੀ ਨਿਕਲਦੀ ਦੇਖੀ ਹੈ। ਇਕ ਔਰਤ ਮੇਰੀ ਜ਼ਿੰਦਗੀ ਵਿਚ ਆਈ ਸੀ, ਪਰ ਇਕ ਸ਼ਾਨਦਾਰ ਸ਼ਖ਼ਸ ਨੇ ਕਿਸੇ ਮਾਹਿਰ ਜੇਬ੍ਹਕਤਰੇ ਦੀ ਤਰ੍ਹਾਂ ਉਸ ਨੂੰ ਜੇਬ੍ਹ ਵਾਂਗ ਕੱਟ ਲਿਆ। ਜੇਬ੍ਹ ਤਾਂ ਗ਼ਰੀਬ ਆਦਮੀ ਦੀ ਹੀ ਕੱਟੀ ਜਾ ਸਕਦੀ ਹੈ ਨਾ… ਅਮੀਰ ਆਦਮੀ ਤਾਂ ਆਪਣੇ ਪੈਸੇ ਬੈਂਕ ਵਿਚ ਰੱਖਦਾ ਹੈ…।’’

ਨੌਜਵਾਨ ਬੋਲਿਆ, ‘‘ਕਈ ਅਮੀਰ ਆਦਮੀ ਵੀ ਆਪਣੇ ਪੈਸੇ ਜੇਬ੍ਹ ਵਿਚ ਰੱਖਣ ਦੀ ਭੁੱਲ ਕਰ ਬਹਿੰਦੇ ਹਨ।’’ ਬੁੱਢੇ ਨੇ ਮੁਸਕਰਾ ਕੇ ਨੌਜਵਾਨ ਵੱਲ ਦੇਖਿਆ ਅਤੇ ਬੋਲਿਆ, ‘‘ਪੈਂਟ ਦੀ ਜੇਬ੍ਹ ਅਤੇ ਕੁੜਤੇ ਦੀ ਜੇਬ੍ਹ ਵਿਚ ਬੜਾ ਫ਼ਰਕ ਹੈ। ਬਿਲਕੁਲ ਉੁਹੀ ਫ਼ਰਕ ਜੋ ਕਿਸੇ ਸਿੱਧੀ-ਸਾਦੀ ਪੇਂਡੂ ਅਤੇ ਸ਼ਹਿਰੀ ਔਰਤ ਵਿਚ ਹੰਦਾ ਹੈ। ਮੇਰੀ ਬੇਟੀ ਜੋ ਹਰੇਕ ਕਿਸਮ ਦਾ ਲਿਬਾਸ ਸਿਊਣ ਵਿਚ ਮਾਹਿਰ ਹੈ। ਅਕਸਰ ਮੈਨੂੰ ਕਹਿੰਦੀ ਹੈ, ਬਾਬਾ ਗ਼ਰੀਬ ਆਦਮੀ ਦੀਆਂ ਬੇਟੀਆਂ ਤਾਂ ਬਗਲੀ ਜੇਬ੍ਹ ਦੀ ਤਰ੍ਹਾਂ ਹੁੰਦੀਆਂ ਹਨ ਕਿ ਉਸ ਵਿਚ ਬਿਜਲੀ ਪਾਣੀ ਦੇ ਬਿੱਲਾਂ, ਬੱਸ ਦੀਆਂ ਟਿਕਟਾਂ ਅਤੇ ਟੁੱਟੇ ਹੋਏ ਬਟਨਾਂ ਤੋਂ ਇਲਾਵਾ ਕੁਝ ਨਹੀਂ ਹੁੰਦਾ ਜਾਂ ਫਿਰ ਕੋਈ ਤਾਵੀਜ਼ ਹੁੰਦਾ ਹੈ ਜੋ ਆਪਣੇ ਅਸਰ ਦੀ ਮੁੱਦਤ ਲੰਘ ਜਾਣ ਦੇ ਬਾਅਦ ਆਸ ਦੀ ਡੋਰੀ ਨਾਲ ਬੱਝਿਆ ਹੁੰਦਾ ਹੈ…।’’

ਨੌਜਵਾਨ ਨੇ ਇਕ ਲੰਬੀ ਮੁਸਕਰਾਹਟ ਨਾਲ ਬਜ਼ੁਰਗ ਵੱਲ ਦੇਖਿਆ ਅਤੇ ਬੋਲਿਆ, ‘‘ਕਿਹੜੇ ਪਾਸੇ ਹੈ ਤੁਹਾਡਾ ਘਰ?’’ ਬਜ਼ੁਰਗ ਨੇ ਸਾਹਮਣੇ ਸੜਕ ’ਤੇ ਤੇਜ਼ ਭੱਜਦੀਆਂ ਗੱਡੀਆਂ ’ਤੇ ਨਜ਼ਰ ਟਿਕਾਏ ਹੋਏ ਕਿਹਾ, ‘‘ਇੱਥੇ ਅੱਗੇ ਇਕ ਬੇਕਰੀ ਹੈ। ਮੈਂ ਉੱਥੇ ਰੋਜ਼ ਡਬਲ ਰੋਟੀ ਖਰੀਦਦਾ ਹਾਂ। ਜ਼ਰਾ ਤੁਸੀਂ ਗੱਡੀ ਰੋਕੋ, ਮੈਂ ਡਬਲ ਰੋਟੀ ਖਰੀਦ ਲਵਾਂ, ਨਹੀਂ ਤਾਂ ਫਿਰ ਘਰ ਜਾ ਕੇ ਵਾਪਸ ਆਉਣਾ ਪਵੇਗਾ।’’

ਬਜ਼ੁਰਗ ਨੇ ਡਬਲ ਰੋਟੀ ਤੇ ਕੁਝ ਹੋਰ ਸਾਮਾਨ ਖਰੀਦਿਆ ਅਤੇ ਗੱਡੀ ਬਜ਼ੁਰਗ ਦੇ ਦੱਸੇ ਰਾਹ ਅਗਾਂਹ ਭੱਜਣ ਲੱਗੀ। ਥੋੜ੍ਹੀ ਦੂਰ ਜਾ ਕੇ ਬਜ਼ੁਰਗ ਨੇ ਗੱਡੀ ਰੋਕਣ ਦਾ ਇਸ਼ਾਰਾ ਕਰਦੇ ਹੋਏ ਕਿਹਾ, ‘‘ਮੈਨੂੰ ਇੱਥੇ ਹੀ ਲਾਹ ਦਿਓ। ਅੱਗੇ ਸੜਕ ਟੁੱਟੀ ਹੈ।’’ ਗੱਡੀ ਰੁਕੀ। ਬਜ਼ੁਰਗ ਥੱਲੇ ਉਤਰਿਆ ਅਤੇ ਕਹਿਣ ਲੱਗਾ, ‘‘ਤੁਸੀਂ ਬੜੇ ਚੰਗੇ ਨੌਜਵਾਨ ਹੋ, ਪਰ ਫਿਰ ਵੀ ਜੇਕਰ ਕਦੀ ਮੇਰੇ ਲਾਇਕ ਕੋਈ ਖ਼ਿਦਮਤ ਹੋਵੇ ਤਾਂ ਜ਼ਰੂਰ ਦੱਸਣਾ, ਮੈਨੂੰ ਖ਼ੁਸ਼ੀ ਹੋਵੇਗੀ।’’
ਨੌਜਵਾਨ ਨੇ ਗਹੁ ਨਾਲ ਬਜ਼ੁਰਗ ਵੱਲ ਦੇਖਿਆ ਅਤੇ ਬੋਲਿਆ, ‘‘ਮੇਰਾ ਬਟੂਆ ਤਾਂ ਵਾਪਸ ਦਿੰਦੇ ਜਾਓ।’’
(ਪੰਜਾਬੀ ਰੂਪ: ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਕਹਾਣੀਆਂ, ਮਜ਼ਹਰ ਉਲ ਇਸਲਾਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ