Shwetambar Ne Kiha Si (Punjabi Story) : Prem Parkash

ਸ਼ਵੇਤਾਂਬਰ ਨੇ ਕਿਹਾ ਸੀ (ਕਹਾਣੀ) : ਪ੍ਰੇਮ ਪ੍ਰਕਾਸ਼

ਕਈ ਵਾਰ ਇੰਜ ਲਗਦਾ ਹੈ ਪਈ ਜਿਹੜੀ ਘਟਨਾ ਮੇਰੇ 'ਤੇ ਹੁਣੀ ਘਟੀ ਏ, ਉਹ ਅੱਗੇ ਵੀ ਕਈ ਵਾਰ ਘੱਟ ਚੁੱਕੀ ਹੈ। ਲਗਦਾ ਏ ਇਹੀ ਸਮਾਂ ਸੀ, ਇਹੀ ਥਾਂ ਸੀ। ਉਹ ਇਵੇਂ ਆਇਆ ਸੀ। ਇਹੀ ਗੱਲਬਾਤ ਹੋਈ ਸੀ, ਸਾਡੇ ਵਿਚਕਾਰ। ਇੰਨ ਬਿੰਨ ਇਹੀ ਮਹਿਸੂਸ ਕੀਤਾ ਸੀ ਮੈਂ। ਇਹ ਘਟਨਾ ਕਦੇ ਖਿਆਲ ਸੀ, ਕਦੀ ਘਟਨਾ ਬਣੀ ਤੇ ਕਦੇ ਸੁਫ਼ਨਾ। ਹੁਣ ਸਿਰਫ਼ ਡਰਾਉਣੀ ਯਾਦ ਬਣੀ ਬੈਠੀ ਏ।
ਮੈਂ ਆਪਣੇ ਕਮਰੇ ਵਿਚ ਬਿਸਤਰੇ ਤੋਂ ਵਸਾਖੀ ਦੇ ਸਹਾਰੇ ਉਠ ਕੇ ਕੁਰਸੀ 'ਤੇ ਬੈਠੀ ਹਾਂ। ਡੁੱਬਦੇ ਸੂਰਜ ਦੀਆਂ ਪੀਲੀਆਂ ਕਿਰਨਾਂ ਬਾਰੀ ਵਿਚ ਆ ਕੇ ਅੱਧ ਮਰੀਆਂ ਜਿਹੀਆਂ ਫਰਸ਼ 'ਤੇ ਡਿੱਗੀਆਂ ਪਈਆਂ ਨੇ। ਤੇ ਮੇਰਾ ਮਨ ਚਿਰਾਂ ਪਹਿਲਾਂ ਝੱਲੇ ਦੁੱਖ ਨਾਲ ਫੇਰ ਦੱਬਣ ਲੱਗ ਪਿਆ ਏ।
ਹਾਂ, ਇਹੀ ਸਮਾਂ ਸੀ, ਇਹੀ ਥਾਂ ਸੀ। ਛੇ ਕੁ ਵਰ੍ਹੇ ਪਹਿਲਾਂ ਪ੍ਰੋਫੈਸਰ ਮੋਦੀ ਇਸ ਸਾਹਮਣੀ ਕੁਰਸੀ 'ਤੇ ਬੈਠਾ ਸੀ। ਉਹ ਦੇ ਭਰੇ ਚਿਹਰੇ 'ਤੇ ਪੀਲਕ ਛਾਈ ਹੋਈ ਸੀ। ਸੁਰਖ਼ ਹੋਈਆਂ ਮੋਟੀਆਂ ਮੋਟੀਆਂ ਮਾਸੂਮ ਅੱਖਾਂ 'ਚ ਪਤਾ ਨ੍ਹੀਂ ਕਿਹੋ ਜਿਹੀ ਭਾਵਨਾ ਲਿਆ ਕੇ ਉਹਨੇ ਕਿਹਾ ਸੀ, "ਸ਼ਾਰਦਾ, ਤੂੰ ਮੈਨੂੰ ਮਾਰ ਦੇ, ਨਹੀਂ ਮੈਂ ਤੈਨੂੰ ਮਾਰ ਦੇਣੈ।" ਮੈਂ ਇਕਦਮ ਉਹਦੇ ਵੱਲ ਦੇਖਿਆ ਤਾਂ ਉਹਨੇ ਪਲਕਾਂ ਝੁਕਾ ਲਈਆਂ। ਮੈਂ ਹੱਸ ਪਈ ਸੀ। ਕਿਹਾ ਸੀ, "ਪਾਗਲ ਤੇ ਨਹੀਂ ਹੋ ਗਿਐਂ? ਚੁੱਕ, ਕਾਫ਼ੀ ਪੀ।"
ਉਠ ਕੇ ਮੈਂ ਉਹਦੇ ਖਿਚੜੀ ਹੋਏ ਵਾਲਾਂ ਨੂੰ ਪਲੋਸਿਆ ਤਾਂ ਉਹ ਮੇਰੇ ਹੱਥਾਂ ਨੂੰ ਚੁੰਮ ਕੇ ਫਰਮਾਬਰਦਾਰ ਬੱਚੇ ਵਾਂਗ ਕਾਫ਼ੀ ਪੀਣ ਲੱਗ ਪਿਆ ਸੀ।
ਪਰ ਕੀ ਪਤਾ ਸੀ, ਛੇ ਕੁ ਮਹੀਨਿਆਂ ਬਾਅਦ ਉਹਦੀ ਗੱਲ ਸੱਚ ਹੋ ਜਾਵੇਗੀ। ਤੇ ਉਹ ਮੇਰੇ ਹੱਥੋਂ ਮਾਰਿਆ ਜਾਵੇਗਾ। ਇਹ ਗੱਲ ਮੈਂ ਹੀ ਜਾਣਦੀ ਹਾਂ, ਹੋਰ ਕੋਈ ਨਹੀਂ। ਉਹ ਆਪ ਵੀ ਨਹੀਂ। ਇਕ ਸ਼ਵੇਤਾਂਬਰ ਜਾਣਦਾ ਏ, ਜਿਹੜਾ ਸੁਣਦਾ ਏ, ਸੋਚਦਾ ਏ, ਬੋਲਦਾ ਹੈ, ਦੇਖਦਾ ਵੀ ਏ ਪਰ ਸਿਰਫ਼ ਮੈਨੂੰ। ਬਿਲਕੁਲ ਉਵੇਂ ਜਿਵੇਂ ਇਸ ਸਾਹਮਣੀ ਕੰਧ 'ਤੇ ਮੈਨੂੰ ਸਿਰਫ਼ ਪ੍ਰੋæ. ਮੋਦੀ ਦਾ ਪੂਰਾ ਚਿਹਰਾ ਉਕਰਿਆ ਦਿੱਸਿਆ ਕਰਦਾ ਸੀ ਪਰ ਹੁਣ ਸਿਰਫ਼ ਉਹਦੀਆਂ ਦੋ ਅੱਖਾਂ ਦਿਸਦੀਆਂ ਨੇ। ਮਾਸੂਮ ਬੱਚਿਆਂ ਵਾਂਗ ਸੋਚਦੀਆਂ, ਕੁਝ ਮੰਗਦੀਆਂ। ਪਰ ਪਤਾ ਨਹੀਂ ਉਹ ਕਿਹੋ ਜਿਹਾ ਸਮਾਂ ਸੀ, ਕਿਹਾ ਮੌਸਮ ਸੀ। ਮੈਂ ਕੀ, ਉਹ ਕੀ ਸੀ? ਮੈਂ ਉਹਦਾ ਹੱਥ ਆਪਣੇ ਨਾਲੋਂ ਤੋੜਦਿਆਂ ਕਿਹਾ ਸੀ, "ਬੱਸ ਮੈਨੂੰ ਛੱਡ ਦੇ, ਤੂੰ ਇਥੋਂ ਚਲਿਆ ਜਾ।"
"ਫੇਰ ਨਾ ਆਵਾਂ?" ਉਹਨੇ ਡਰੇ ਜਿਹੇ ਪੁੱਛਿਆ ਸੀ।
"ਨਾ ਆਵੀਂ?" ਮੈਂ ਇੰਜ ਆਖਿਆ ਸੀ, ਜਿਵੇਂ ਉਸ 'ਤੇ ਥੁੱਕਿਆ ਹੋਵੇ। ਉਹ ਦੁਖੀ ਜਿਹਾ ਬਾਹਰ ਨਿਕਲ ਗਿਆ ਸੀ ਤੇ ਮੈਂ ਬੈਠੀ ਰੋਂਦੀ ਰਹੀ ਸੀ। ਤੇ ਹਾਊਸ ਸਰਜਨ ਲੱਗੇ ਆਪਣੇ ਜੁਆਨ ਬੇਟੇ, ਬਜ਼ੁਰਗ ਵਿਧਵਾ ਭੈਣ ਤੇ ਨੌਕਰਾਣੀ ਤੋਂ ਹੰਝੂ ਲੁਕਾਂਦੀ ਰਹੀ ਸੀ ਤੇ ਸ਼ਵੇਤਾਂਬਰ ਇਕ ਖੂੰਜੇ 'ਚ ਖੜਾ ਬੇਰਹਿਮੀ ਨਾਲ ਮੁਸਕਰਾ ਰਿਹਾ ਸੀ।
ਅੱਜ ਫੇਰ ਉਹੋ ਜਿਹੀ ਸ਼ਾਮ ਹੈ। ਪੀਲੀ ਜਰਦ ਰੋਸ਼ਨੀ ਵਾਲੀ। ਸ਼ਾਂ ਸ਼ਾਂ ਦੀ ਢਹਿੰਦੀ ਆਵਾਜ਼ ਤੇ ਪਲੋ ਪਲ ਵਧਦਾ ਹਨੇਰਾ ਦਿਲ 'ਤੇ ਗਰਦ ਵਾਂਗ ਬੈਠਦੇ ਜਾਂਦੇ ਨੇ। ਪਰਤ ਦਰ ਪਰਤ। ਹੁਣ ਸ਼ਵੇਤਾਂਬਰ ਪਤਾ ਨਹੀਂ ਕਿਥੇ ਗਿਆ। ਨਾ ਕਮਰੇ ਵਿਚ ਹੁੰਦਾ ਏ, ਨਾ ਵਰਾਂਡੇ ਵਿਚ ਤੇ ਨਾ ਹੀ ਲੁਕਾਟ ਦੇ ਬੂਟੇ ਥੱਲੇ।
ਭੈਣ ਜੀ ਪਾਠ ਪੂਜਾ ਕਰ ਰਹੇ ਨੇ। ਸਿਰੇ ਦੇ ਕਮਰੇ ਵਿਚੋਂ ਉਨ੍ਹਾਂ ਦੀ ਭਿਣ ਭਿਣ ਦੀ ਆਵਾਜ਼ ਆ ਰਹੀ ਏ। ਨੌਕਰ ਦੇਵੀ ਦਾਸ ਤੇ ਉਹਦੀ ਪਤਨੀ ਰੁਕਮਣੀ ਖਾਣਾ ਤਿਆਰ ਕਰ ਰਹੇ ਨੇ। ਡਾਕਟਰ ਹਾਂ, ਮੈਂ ਇਸੇ ਨਾਂ ਨਾਲ ਸੱਦਦੀ ਹਾਂ ਆਪਣੇ ਬੇਟੇ ਨੂੰ। ਉਹਦੀ ਵਹੁਟੀ ਡਾਕਟਰ ਮਿਸਿਜ਼ ਵਿਦਿਆ ਸਾਹਨੀ ਨੂੰ ਵੀ ਡਾਕਟਰਨੀ ਕਹਿ ਕੇ ਬੁਲਾਂਦੀ ਹਾਂ। ਉਹ ਕਲੀਨਿਕ ਤੋਂ ਆਉਣਗੇ ਤਾਂ ਇਹ ਆਦਮ ਖੋਰ ਦੁੱਖ ਦਾ ਮਾਹੌਲ ਟੁੱਟੇਗਾ। ਗ਼ਮ ਦੀ ਸ਼ਿੱਦਤ ਕੁਝ ਤਾਂ ਕਮ ਹੋਵੇਗੀ।
ਹਾਂ, ਪ੍ਰੋਫੈਸਰ ਮੋਦੀ ਇਸੇ ਤਰ੍ਹਾਂ ਦੇ ਉਰਦੂ ਲਫ਼ਜ ਬੋਲਿਆ ਕਰਦਾ ਸੀ। ਉਹਦਾ ਕਿੰਨਾ ਕੁਝ ਬੋਲਿਆ, ਮੇਰੀ ਜ਼ਬਾਨ 'ਤੇ ਚੜ੍ਹਿਆ ਪਿਆ ਹੈ। ਉਹਨੂੰ ਮਿਲਣ ਤੋਂ ਪਹਿਲਾਂ ਮੈਨੂੰ ਸ਼ਬਦਾਂ ਦੇ ਅਸਰ ਦਾ ਏਨਾ ਪਤਾ ਨਹੀਂ ਸੀ। ਸਾਇੰਸ ਦੀ ਟੀਚਰ ਸੀ ਨਾ ਮੈਂ। ਉਹਦੀ ਸੁਹਬਤ ਵਿਚ ਰਹਿ ਕੇ ਮੈਨੂੰ ਪਤਾ ਲੱਗਾ ਪਈ ਕੋਈ ਲਫ਼ਜ਼ ਜਿਵੇਂ ਤੇਜਾਬ ਦੀ ਬੂੰਦ ਵਾਂਗ ਦਿਲ 'ਤੇ ਡਿਗਦਾ ਏ ਤੇ ਛੇਕ ਕਰਦਾ ਦੂਜੇ ਪਾਸੇ ਨਿਕਲ ਜਾਂਦਾ ਏ। ਤੇ ਕੋਈ ਲਫ਼ਜ਼ ਕਿਵੇਂ ਦਿਲ ਦੇ ਵਿਚਕਾਰ ਜਾ ਕੇ ਫਸ ਜਾਂਦਾ ਏ ਤੇ ਉਮਰ ਭਰ ਅੜਿਆ ਰਹਿੰਦਾ ਏ। ਮੇਰਾ ਬੋਲਿਆ ਕੋਈ ਸ਼ਬਦ ਉਹਨੂੰ ਏਨਾ ਤੜਫਾ ਦੇਵੇਗਾ, ਇਹਦਾ ਪਤਾ ਮੈਨੂੰ ਉਦੋਂ ਲੱਗਦਾ ਜਦ ਤੀਰ ਨਿਕਲ ਚੁੱਕਾ ਹੁੰਦਾ। ਆਪਣੇ ਆਪ ਨੂੰ ਲਫ਼ਜ਼ਾਂ ਦੀ ਜਾਦੂਗਰਨੀ ਸਮਝਦੀ ਨੂੰ ਮੈਨੂੰ ਵੀ ਉਹਨੂੰ ਮਾਰਨ ਲਈ ਜ਼ਹਿਰ ਦਾ ਸਹਾਰਾ ਲੈਣਾ ਪਿਆ। ਕਿੰਨੀ ਕਮਜ਼ੋਰ ਹੋ ਗਈ ਸੀ ਮੈਂ।
ਸ਼ਵੇਤਾਂਬਰ ਨੇ ਠੀਕ ਕਿਹਾ ਸੀ, ਇਹ ਕੰਮ ਕਰਦੀ ਤੂੰ ਬਹਾਦਰ ਨਹੀਂ ਬਜ਼ੁਦਿਲ ਏਂ, ਕਾਇਰ। ਪਰ ਮੈਂ ਸ਼ਵੇਤਾਂਬਰ ਦੀ ਗੱਲ ਸੁਣੀ ਨਹੀਂ ਸੀ। ਮੈਨੂੰ ਆਪਣੇ ਆਪ ਨਾਲ ਏਨਾ ਪਿਆਰ ਹੋ ਗਿਆ ਸੀ। ਆਪਣਾ ਸਮਾਜੀ ਰੁਤਬਾ ਏਨਾ ਵੱਡਾ ਦਿਸਣ ਲੱਗ ਪਿਆ ਸੀ। ਆਪਣੇ ਡਾਕਟਰ ਬੇਟੇ ਤੇ ਡਾਕਟਰਨੀ ਨੂੰਹ ਦੀ ਇੱਜ਼ਤ ਦਾ ਖਿਆਲ ਏਨਾ ਵੱਧ ਆਉਣ ਲੱਗ ਪਿਆ ਸੀ। ਜਾਂ ਕੁਝ ਹੋਰ ਹੀ ਹੋ ਗਿਆ ਸੀ ਮੈਨੂੰ।
ਇਹੀ ਕਮਰਾ ਸੀ, ਇਹੀ ਸਮਾਂ ਸੀ। ਉਹ ਆਇਆ। ਬੂਹੇ 'ਚ ਖੜ੍ਹਾ ਹੋ ਗਿਆ। ਉਹਦੀਆਂ ਅੱਖਾਂ ਪਾਟੀਆਂ ਜਿਹੀਆਂ ਸਨ। ਉਨ੍ਹਾਂ ਵਿਚ ਧੁਤਕਾਰੇ ਜਾਣ ਦਾ ਡਰ ਸੀ, ਵਿਯੋਗ ਦਾ ਦੁੱਖ ਸੀ, ਮਿਲਣ ਦੀ ਆਰਜੂ ਸੀ ਜਾਂ ਕੀ ਕੀ ਸੀ। ਉਹ ਮੇਰੇ ਚਿਹਰੇ ਵੱਲ ਤੱਕਦਾ ਮੇਰੀ ਇਕ ਨਜ਼ਰ, ਇਕ ਬੋਲ ਦਾ ਮੁੰਤਜ਼ਿਰ ਖੜ੍ਹਾ ਸੀ।
ਮੈਂ ਕਿਹਾ, "ਆ ਜਾ।" ਉਸ ਆ ਜਾ 'ਚ ਖੁਸ਼ੀ ਨਹੀਂ ਸੀ। ਨਾ ਸੁਆਗਤ ਸੀ, ਨਾ ਗੁੱਸਾ ਸੀ, ਨਾ ਨਫ਼ਰਤ ਸੀ। ਪਰ ਉਹ ਸਭ ਕੁਝ ਤਾਂ ਮੇਰੇ ਅੰਦਰ ਸੀ, ਜਿਹੜਾ ਮੈਂ ਜ਼ਾਹਰ ਨਹੀਂ ਸੀ ਹੋਣ ਦਿੱਤਾ । ਉਂਜ ਉਹ ਫ਼ੈਸਲਾ ਤਾਂ ਮੈਂ ਦਿਨੇ ਹੀ ਕਰ ਬੈਠੀ ਸੀ।
ਉਹਦੇ ਨਾਲ ਅੱਖਾਂ ਮਿਲਾਏ ਬਿਨਾ ਹੀ ਮੈਂ ਕਾਫ਼ੀ ਬਣਾਉਣ ਕਿਚਨ 'ਚ ਚਲੀ ਗਈ।
ਸਾਰੀ ਦਵਾਈ ਮੈਂ ਇਕ ਪਿਆਲੇ ਵਿਚ ਪਾ ਦਿੱਤੀ। ਮੈਂ ਕਿਚਨ 'ਚ ਸੀ ਤੇ ਦੁੱਧ ਚਿੱਟੀ ਗਿਲਤੀ ਵਾਲਾ ਸ਼ਵੇਤਾਂਬਰ ਵਰਾਂਡੇ ਵਿਚ ਖੜਾ ਸੀ। ਉਹਦੇ ਗੋਲ ਤੇਜੱਸਵੀ ਚਿਹਰੇ 'ਤੇ ਮੁਸਕਾਨ ਨਹੀਂ ਸੀ, ਗੰਭੀਰਤਾ ਸੀ, ਪੱਥਰ ਦੀ ਮੂਰਤੀ ਵਰਗੀ।
ਇਹ ਕਾਇਰਤਾ ਏ। ਉਹਨੇ ਪੋਲੇ ਜਿਹੇ ਕਿਹਾ ਤਾਂ ਇਕ ਵਾਰ ਮੇਰਾ ਸਾਰਾ ਸਰੀਰ ਕੰਬ ਗਿਆ। ਮੈਂ ਆਪਣੇ ਆਪ ਨੂੰ ਜ਼ੋਰ ਨਾਲ ਸਾਂਭਿਆ ਤੇ ਹੱਥਾਂ ਵਿਚ ਪੂਰੀ ਜਾਨ ਭਰ ਕੇ ਦੋਵੇਂ ਕੱਪ ਚੁੱਕ ਕੇ ਸ਼ਵੇਤਾਂਬਰ ਦੇ ਕੋਲੋਂ ਦੀ ਲੰਘਦੀ ਕਮਰੇ ਵਿਚ ਆ ਗਈ।
ਉਹ ਕੁਰਸੀ 'ਤੇ ਨਹੀਂ ਸੀ, ਬਾਥਰੂਮ ਗਿਆ ਹੋਇਆ ਸੀ। ਮੈਂ ਪਿਆਲੇ ਮੇਜ਼ 'ਤੇ ਧਰ ਦਿੱਤੇ। ਉਹ ਵਾਲਾ ਪਿਆਲਾ ਉਹਦੇ ਵੱਲ ਰੱਖਿਆ। ਦੇਖ ਕੇ ਇਕ ਸਨਸਨੀ ਜਿਹੀ ਮੇਰੇ ਸਿਰ 'ਚੋਂ ਉਠ ਕੇ ਪੈਰਾਂ ਵਿਚ ਨਿਕਲ ਗਈ। ਫੇਰ ਪਤਾ ਨਹੀਂ। ਕਿਸ ਸ਼ਕਤੀ ਨੇ ਉਨ੍ਹਾਂ ਪਿਆਲਿਆਂ ਦੀ ਥਾਂ ਮੈਥੋਂ ਬਦਲਵਾ ਦਿੱਤੀ। ਫੇਰ ਬੇਵਸੀ ਵਿਚ ਜਾਂ ਬੇਸੁਰਤੀ ਵਿਚ ਇਹੀ ਹਰਕਤ ਮੈਥੋਂ ਤਿੰੰਨ ਚਾਰ ਵਾਰ ਹੋ ਗਈ। ਤੇ ਫੇਰ ਮੈਨੂੰ ਪਤਾ ਈ ਨਾ ਰਿਹਾ ਪਈ ਉਹ ਪਿਆਲਾ ਕਿਹੜਾ ਏ। ਉਦੋਂ ਸ਼ਵੇਤਾਂਬਰ ਬਾਰੀ ਵਿਚੀਂ ਵੇਖ ਰਿਹਾ ਸੀ। ਉਹਦੀਆਂ ਨਜ਼ਰਾਂ ਵੀ ਪਥਰਾਈਆਂ ਹੋਈਆਂ ਸਨ। ਪ੍ਰੋæ ਮੋਦੀ ਨੇ ਆ ਕੇ ਖਲੋ ਕੇ ਮੈਨੂੰ ਪੈਰੋਂ ਸਿਰ ਤੱਕ ਦੇਖਿਆ। ਫੇਰ ਮੁਸਕਰਾਉਂਦੇ ਹੋਏ ਪਹਿਲਾਂ ਮੇਰਾ ਹੱਥ ਚੁੰਮਿਆ, ਫੇਰ ਗੱਲ੍ਹ, ਫੇਰ ਮੱਥਾ, ਫੇਰ ਇਕ ਦਮ ਗੋਡਿਆਂ ਭਾਰ ਹੋ ਕੇ ਮੇਰੇ ਪੱਟਾਂ 'ਚ ਮੂੰਹ ਖੁਭਾ ਕੇ ਉਹਨੇ ਲੰਮਾ ਹੌਕਾ ਭਰਿਆ।
ਤੇਰੀ ਕਾਫ਼ੀ ਮੇਰੀ ਪੱਥਰ ਜਿਹੀ ਆਵਾਜ਼ ਨਿਕਲੀ, ਮੇਰਾ ਬੋਲ ਸੁਣ ਕੇ ਉਹਨੇ ਇਕਦਮ ਮੇਰਾ ਚਿਹਰਾ ਦੇਖਿਆ ਤੇ ਡਰਿਆ ਜਿਹਾ ਉਹ ਉਠ ਕੇ ਕੁਰਸੀ 'ਤੇ ਬੈਠ ਗਿਆ। ਉਹਨੇ ਇਕ ਪਿਆਲਾ ਜਿਹੜਾ ਉਸ ਦੇ ਪਾਸੇ ਸੀ, ਖਿੱਚ ਕੇ ਕੋਲ ਕਰ ਲਿਆ।
ਉਹਦੀ ਹਰ ਹਰਕਤ ਮੈਨੂੰ ਇਸ ਤਰ੍ਹਾਂ ਲੱਗ ਰਹੀ ਸੀ, ਜਿਵੇਂ ਕਿਸੇ ਨੇ ਮੇਰੇ ਬੇਜਾਨ ਮੁਰਦੇ ਨੂੰ ਛੂਹਿਆ ਹੋਵੇ। ਉਹਦੀ ਹਰ ਹਰਕਤ ਕਿਸੇ ਵੇਲੇ ਕਿੰਨੀ ਅਰਥ ਭਰਪੂਰ ਲੱਗਦੀ ਸੀ, ਪਰ ਉਸ ਵੇਲੇ ਕਿੰਨੀ ਅਰਥ ਹੀਣ ਬੇਹੂਦਾ ਜਿਹੀ ਲੱਗੀ।
ਜਦ ਉਹ ਦੋ ਘੁੱਟ ਪੀ ਚੁੱਕਾ ਤਾਂ ਮੈਂ ਵੀ ਘੁੱਟ ਭਰਿਆ। ਜਦ ਦੋ ਤਿੰਨ ਘੁੱਟਾਂ ਨਾਲ ਮੈਨੂੰ ਕੁਝ ਨਾ ਹੋਇਆ ਤਾਂ ਮੈਂ ਇਕ ਦਮ ਚੇਤੰਨ ਹੋ ਗਈ। ਝਪਟ ਕੇ ਮੈਂ ਉਹਦਾ ਪਿਆਲਾ ਖੋਹ ਕੇ ਡੋਹਲ ਦਿੱਤਾ। ਫੇਰ ਆਪਣਾ ਵੀ ਡੋਹਲ ਦਿੱਤਾ ਤੇ ਜਾਰੋਕਤਾਰ ਰੋਣ ਲੱਗ ਪਈ।
ਫੇਰ ਦੌਰਾ ਪੈ ਗਿਆ, ਆਖ ਕੇ ਉਹ ਪਹਿਲਾਂ ਭੈਣ ਜੀ ਨੂੰ ਬੁਲਾ ਲਿਆਇਆ ਤੇ ਫੇਰ ਹਸਪਤਾਲ ਤੋਂ ਬੇਟੇ ਨੂੰ ਫ਼ੋਨ ਕਰਕੇ ਬੁਲਾ ਲਿਆਇਆ।
ਮੈਂ ਹੋਸ਼ ਵਿਚ ਆਈ ਤਾਂ ਠੀਕ ਹੀ ਸੀ। ਉਹ ਵੀ ਠੀਕ ਸੀ ਪਰ ਉਹ ਛੇਤੀ ਘਰ ਚਲਿਆ ਗਿਆ। ਰਾਤ ਨੂੰ ਉਹਦੀ ਬੇਟੀ ਕਮਲਾ ਆਈ। ਉਹਦੇ ਪਾਪਾ ਦੀ ਤਬੀਅਤ ਖ਼ਰਾਬ ਸੀ। ਦਿਲ ਘਬਰਾਂਦਾ ਸੀ। ਡਾਕਟਰ ਉਹਨੂੰ ਦੇਖਣ ਚਲਿਆ ਗਿਆ ਤਾਂ ਮੈਂ ਮਾਮਾ ਜੀ ਦੇ ਕੋਲ ਡੇਹਰਾਦੂਨ ਜਾਣ ਦੀ ਤਿਆਰੀ ਕਰ ਲਈ।
ਡਾਕਟਰ ਨੇ ਆ ਕੇ ਦੱਸਿਆ ਕਿ ਅੰਕਲ ਨੂੰ ਕੁਝ ਵੀ ਨਹੀਂ ਹੋਇਆ। ਐਵੇਂ ਪੇਟ ਵਿਚ ਗੈਸ ਪੈਦਾ ਹੋ ਗਈ ਏ ਉਸੇ ਨਾਲ ਦਿਲ ਘਬਰਾਇਆ ਸੀ। ਇਹ ਤਾਂ ਮੈਨੂੰ ਪਤਾ ਸੀ ਪਈ ਉਹਦਾ ਦਿਲ ਕਿਉਂ ਘਬਰਾਇਆ ਸੀ। ਮੈਂ ਉਸੇ ਰਾਤ ਟਰੇਨ ਫੜ ਲਈ।
ਉਥੇ ਇਕ ਹਫ਼ਤਾ ਮੈਂ ਉਡੀਕਦੀ ਰਹੀ ਪਈ ਹੁਣ ਕੋਈ ਤਾਰ ਆਵੇਗੀ। ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾਣ ਤੱਕ ਮੈਨੂੰ ਇਹੀ ਦਿੱਸਦਾ ਰਹਿੰਦਾ ਉਹ ਮੇਰੀ ਜਾਨ ਦਾ ਦੁਸ਼ਮਣ ਆਪਣੇ ਘਰ ਪਿਆ ਤੜਪ ਰਿਹਾ ਏ। ਉਹਦਾ ਜਿਗਰ ਕੱਟ ਰਿਹਾ ਹੈ। ਉਹਦੀ ਨੇਕ ਪਤਨੀ, ਮਾਸੂਮ ਬੇਟੀ ਤੇ ਡਾਕਟਰ ਉਹਦੇ ਮੰਜੇ ਦੁਆਲੇ ਖੜ੍ਹੇ ਨੇ। ਚੱਲ ਫੈਸਲਾ ਹੋ ਗਿਆ। ਚਲੋ ਕਰੋ ਤਿਆਰੀ। ਇਸ ਦੋਜ਼ਖਣ ਸ਼ਾਰਦਾ ਦੇ ਕੁਝ ਲੱਗਦੇ ਨੂੰ ਚੁੱਕਣ ਦੀ। ਚੀਕ ਚਿਹਾੜਾ ਰਾਮ ਨਾਮ ਸੱਤ ਹੈ ਤੇ ਫੇਰ ਚੁੱਪ, ਸ਼ਾਂਤੀ ਸੋਗ ਤੋਂ ਵੀ ਭਾਰੀ। ਲੱਤਾਂ ਸੌਣ ਲਗਦੀਆਂ ਤਾਂ ਮੈਂ ਉਠ ਕੇ ਕਮਰੇ ਵਿਚ ਤੁਰਨ ਫਿਰਨ ਲੱਗ ਪੈਂਦੀ। ਪਿੰਡਲੀਆਂ ਦਰਦ ਕਰਨ ਲੱਗ ਪੈਂਦੀਆਂ ਤਾਂ ਲੇਟ ਜਾਂਦੀ। ਦਸ ਪੰਦਰਾਂ ਮਿੰਟਾਂ ਬਾਅਦ ਪਾਤਲੀਆਂ ਵਿਚੋਂ ਭਾਫ ਤੇ ਸਿਰ ਵਿਚੋਂ ਜਿਵੇਂ ਬੁਖਾਰਾਤ ਜਿਹੇ ਨਿਕਲਣ ਲੱਗ ਪੈਂਦੇ। ਤੇ ਦਿਲ ਜਿਵੇਂ ਮੀਲਾਂ ਡੂੰਘੀ ਖੱਡ ਵਿਚ ਉਤਰ ਰਿਹਾ ਹੋਵੇ।
ਪੂਰੇ ਦਸ ਦਿਨ ਜਦ ਕੋਈ ਤਾਰ ਨਾ ਆਈ ਤਾਂ ਮੈਂ ਹੀ ਟਰੇਨ ਫੜ ਕੇ ਮੁੜ ਆਈ। ਪਤਾ ਲੱਗਾ, ਗਿਆਰਾਂ ਵਜੇ ਉਹਦਾ ਸਸਕਾਰ ਵੀ ਹੋ ਚੁੱਕਾ ਸੀ। ਮੇਰੇ ਟਰੇਨ ਫੜਨ ਤੋਂ ਬਾਅਦ ਉਥੇ ਤਾਰ ਪੁੱਜੀ ਹੋਵੇਗੀ।
ਮੈਂ ਸੋਚਦੀ ਰਹੀ। ਉਹ ਰੋਇਆ ਹੋਣਾ ਏ। ਬੇਹੋਸ਼ੀ ਵਿਚ ਬੁੜਬੁੜਾਇਆ ਹੋਣਾ ਏ। ਉਹਨੇ ਮੇਰਾ ਨਾਂ ਲਿਆ ਹੋਣਾ ਏ। ਪਰ ਇੰਜ ਕੁਝ ਵੀ ਨਹੀਂ ਹੋਇਆ। ਡਾਕਟਰ ਬੇਟੇ ਨੇ ਦੱਸਿਆ ਕਿ ਉਹ ਬਹੁਤ ਸ਼ਾਂਤ ਰਹੇ। ਕਈ ਦਿਨ ਟੈਮਪਰੇਚਰ ਰਿਹਾ। ਬੇਹੋਸ਼ੀ ਹੋ ਜਾਂਦੀ ਸੀ। ਹੋਸ਼ ਵਿਚ ਆਉਂਦੇ ਸੀ ਤਾਂ ਛਾਤੀ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸ਼ਿਕਾਇਤ ਕਰਦੇ ਸੀ। ਰਾਤੀਂ ਉਨ੍ਹਾਂ ਨੂੰ ਉਲਟੀ ਆਈ ਸੀ, ਖੂਨ ਆਇਆ ਸੀ, ਮਾਮੂਲੀ, ਪਰ ਇਹ ਕੋਈ ਵੱਡੀ ਗੱਲ ਨਹੀਂ ਸੀ। ਮੇਰਾ ਖਿਆਲ ਏ ਉਨ੍ਹਾਂ ਦਾ ਹਾਰਟ ਸਿੰਕ ਕਰ ਗਿਆ। ਉਹ ਮੈਂਟਲੀ ਅਪਸੈਟ ਸਨ। ਬੇਟੇ ਦੀ ਗੱਲ ਮੈਂ ਸਿਰ ਝੁਕਾਈ ਸੁਣਦੀ ਰਹੀ। ਉਹ ਚਲਿਆ ਗਿਆ ਤਾਂ ਮੈਂ ਬਾਥਰੂਮ ਵਿਚ ਜਾ ਕੇ ਰੋਂਦੀ ਰਹੀ ਤੇ ਨਹਾਉਂਦੀ ਰਹੀ। ਮੈਨੂੰ ਲੱਗਿਆ ਜੇ ਡਾਕਟਰ ਨੇ ਮੈਨੂੰ ਨਾ ਸਾਂਭਿਆ ਤਾਂ ਮੇਰਾ ਹਾਲ ਵੀ ਉਹਦੇ ਵਾਲਾ ਹੀ ਹੋਵੇਗਾ।
ਅੰਤਰ ਸ਼ੋਕ ਦਿਵਸ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ। ਉਨ੍ਹਾਂ ਦਿਨਾਂ ਵਿਚ ਸਾਹਮਣੀ ਦੀਵਾਰ 'ਤੇ ਉਹਦਾ ਚਿਹਰਾ ਉਕਰ ਆਇਆ ਸੀ। ਇਹ ਮੈਥੋਂ ਕੀ ਹੋ ਗਿਆ? ਉਹ ਕੌਣ ਸੀ, ਜੀਹਨੇ ਮੈਥੋਂ ਇਹ ਕੁਝ ਕਰਵਾਇਆ? ਮੈਂ ਸ਼ਵੇਤਾਂਬਰ ਤੋਂ ਪੁੱਛਦੀ। ਪਰ ਉਹ ਵੀ ਚੁੱਪ ਚੁੱਪ ਮੈਨੂੰ ਤੱਕਦਾ ਰਹਿੰਦਾ। ਕਦੇ ਉਹ ਕੰਧ ਨਾਲ ਲੱਗਾ ਖੜ੍ਹਾ ਰਹਿੰਦਾ, ਕਦੇ ਵਰਾਂਡੇ ਵਿਚ ਤੇ ਕਦੇ ਲੁਕਾਟ ਹੇਠ। ਪਰ ਉਹਦੀ ਮੁਸਕਰਾਹਟ 'ਚ ਨਾ ਹਮਦਰਦੀ ਹੁੰਦੀ ਸੀ ਨਾ ਤਨਜ਼ ਦੀ ਚੁਭਣ। ਉਹਦੀਆਂ ਅੱਖਾਂ ਹੈਰਾਨੀ ਨਾਲ ਖੁੱਲ੍ਹੀਆਂ ਦੇਖਦੀਆਂ ਰਹਿੰਦੀਆਂ।
ਸ਼ਵੇਤਾਂਬਰ ਨਾਲ ਮੇਰਾ ਵਾਸਤਾ ਚੌਦਾਂ ਕੁ ਵਰ੍ਹੇ ਪਹਿਲਾਂ ਇਥੇ ਹੀ ਪਿਆ ਸੀ। ਮੈਂ ਵਰਾਂਡੇ ਵਿਚ ਬੈਠੀ ਲਗਾਤਾਰ ਗੇਟ ਵੱਲ ਦੇਖੀ ਗਈ ਤੇ ਅਚਾਨਕ ਉਹ ਲੁਕਾਟ ਦੇ ਬੂਟੇ ਹੇਠੋਂ ਨਮੂਦਾਰ ਹੋ ਗਿਆ ਸੀ। ਉਦੋਂ ਇਹ ਬੂਟਾ ਹੀ ਸੀ, ਹੁਣ ਦਰਖ਼ਤ ਬਣ ਚੁੱਕਾ ਏ। ਉਦੋਂ ਮੇਰੇ ਅੰਦਰ ਦੁੱਖ ਹੌਲੀ ਹੌਲੀ ਜੰਮਦਾ ਜੰਮਦਾ ਕਦੇ ਪੱਥਰ ਹੋ ਜਾਂਦਾ ਤੇ ਕਦੇ ਤਰਲ ਹੋ ਕੇ ਨਸ-ਨਸ ਵਿਚ ਵਗ ਪੈਂਦਾ। ਤਿੰਨ ਵਰ੍ਹੇ ਪਹਿਲਾਂ ਮੇਰਾ ਪਤੀ ਇੰਗਲੈਂਡ ਚਲਾ ਗਿਆ ਸੀ। ਇਕ ਦਿਨ ਮੇਰੇ ਭਤੀਜੇ ਦੀ ਚਿੱਠੀ ਆਈ ਪਈ ਸਾਹਨੀ ਸਾਹਿਬ ਨੇ ਹੋਰ ਵਿਆਹ ਕਰਵਾ ਲਿਆ। ਉਨ੍ਹਾਂ ਕੋਲ ਇਕ ਬੱਚਾ ਵੀ ਹੈ। ਮੈਂ ਸੋਚਦੀ, ਵੇਖੋ ਨਾ ਲੜਾਈ, ਨਾ ਝਗੜਾ। ਬੜੀ ਖੁਸ਼ੀ-ਖੁਸ਼ੀ ਮੈਂ ਉਹਨੂੰ ਵਿਦਾ ਕੀਤਾ ਸੀ। ਆਪ ਗਈ ਸੀ ਦਿੱਲੀ, ਹਵਾਈ ਜਹਾਜ਼ ਚੜ੍ਹਾਣ। ਦੋ ਸਾਲ ਕਿੰਨੀਆਂ ਪਿਆਰ ਭਰੀਆਂ ਚਿੱਠੀਆਂ ਆਉਂਦੀਆਂ ਰਹੀਆਂ।
ਰੁਕਮਣੀ। ਮੇਰੀ ਆਵਾਜ਼ 'ਤੇ ਉਹ ਭੱਜੀ ਆਉਂਦੀ ਏ। ਉਹਦੇ ਹੱਥਾਂ ਨੂੰ ਆਟਾ ਲੱਗਾ ਹੋਇਆ ਏ। ਮੈਨੂੰ ਇਕ ਗਲਾਸ ਸ਼ਰਬਤ ਦਾ ਬਣਾ ਦੇ, ਦਿਲ ਘਬਰਾਉਂਦਾ ਏ। ਨਾਲੇ ਮੇਰੇ ਮੇਜ਼ ਤੋਂ ਗੋਲੀਆਂ ਚੁੱਕ ਲਿਆਈਂ। ਉਹ ਤੇਜ਼ੀ ਨਾਲ ਚਲੀ ਗਈ ਏ। ਹੁਣ ਇਹਨੂੰ ਕੀ ਦੱਸਾਂ? ਮੇਰਾ ਦਿਲ ਕਰਦਾ ਏ, ਕੋਈ ਸੁਣੇ ਜੋ ਮੇਰੇ 'ਤੇ ਬੀਤਦੀ ਪਈ ਏ।
ਇਹੀ ਹਾਲਤ ਮੇਰੀ ਉਦੋਂ ਸੀ, ਜਦ ਸਾਲ ਭਰ ਮੈਂ ਸਾਹਨੀ ਸਾਹਿਬ ਦੀ ਚਿੱਠੀ ਉਡੀਕਦੀ ਰਹੀ। ਉਹਨੇ ਕਾਫ਼ੀ ਰੁਪਿਆ ਭੇਜਿਆ ਸੀ। ਜਿਹੜਾ ਮੈਂ ਮਕਾਨ 'ਤੇ ਖਰਚ ਕਰ ਦਿੱਤਾ ਸੀ। ਘਰ ਚਲਾਉਣ ਲਈ ਮੇਰੀ ਆਪਣੀ ਤਨਖਾਹ ਕਾਫ਼ੀ ਸੀ। ਇਕ ਸ਼ਾਮ ਜਦ ਮੈਨੂੰ ਕੋਈ ਰਾਹ ਨਹੀਂ ਸੀ ਲੱਭਦਾ, ਅੱਖਾਂ ਅੱਗੇ ਹਨੇਰਾ ਛਾ ਗਿਆ ਸੀ ਤੇ ਮੈਂ ਲਗਾਤਾਰ ਗੇਟ ਵੱਲ ਦੇਖਦੀ ਰਹੀ ਸੀ ਤਾਂ ਅਚਾਨਕ ਸ਼ਵੇਤਾਂਬਰ ਲੁਕਾਟ ਦੇ ਬੂਟੇ ਹੇਠ ਦਿਸ ਪਿਆ ਸੀ। ਮੁਸਕਰਾਂਦਾ ਹੋਇਆ ਉਹ ਮੇਰੇ ਕੋਲ ਆ ਕੇ ਖਲੋ ਗਿਆ ਸੀ। ਕਹਿੰਦਾ ਆਤਮ ਹੱਤਿਆ ਕਰੇਂਗੀ? ਕਾਇਰ!
ਨਹੀਂ ਕਾਇਰ ਤਾਂ ਕੁਝ ਵੀ ਨਹੀਂ ਕਰ ਸਕਦੇ। ਆਪ ਮਰ ਵੀ ਨਹੀਂ ਸਕਦੇ।
ਹਾਂ, ਉਹ ਪੁੱਤਰ ਨੂੰ ਪਾਲ ਨਹੀਂ ਸਕਦੇ। ਵਿਧਵਾ ਭੈਣ ਦਾ ਬੋਝ ਨਹੀਂ ਚੁੱਕ ਸਕਦੇ। ਜੀਅ ਹੀ ਨਹੀਂ ਸਕਦੇ। ਉਹਨੇ ਇਸ ਤਰ੍ਹਾਂ ਕਿਹਾ ਸੀ ਜਿਵੇਂ ਬੋਧ ਬ੍ਰਿਕਸ਼ ਹੇਠੋਂ ਬੋਲ ਰਿਹਾ ਹੋਵੇ।
ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਤਾਂ ਸ਼ਵੇਤਾਂਬਰ ਨੇ ਰਤਾ ਕੁ ਬੂਹਾ ਖੋਲ ਕੇ ਆਪਣਾ ਘੋਨ ਮੋਨ ਚਮਕਦਾ ਸਿਰ ਤੇ ਤੇਜੱਸਵੀ ਚਿਹਰਾ ਅੰਦਰ ਕੀਤਾ। ਤੇ ਬਰਫ਼ ਚਿੱਟੀ ਚਾਦਰ ਦੀ ਗਿਲਤੀ ਸੰਵਾਰਦਾ ਮੇਰੇ ਸਾਹਮਣੇ ਆ ਖੜੋਤਾ। ਉਸ ਰਾਤ ਦੀ ਗੱਲਬਾਤ ਦੇ ਬਾਅਦ ਮੈਂ, ਮੇਰਾ ਸਭ ਕੁਝ ਇਸ ਘਰ ਦੇ ਹਵਾਲੇ ਹੋ ਗਿਆ ਸੀ।
ਤੇ ਚਾਰ ਵਰ੍ਹਿਆਂ ਬਾਅਦ ਹੀ ਮੈਨੂੰ ਪ੍ਰਿੰਸੀਪਲਸ਼ਿਪ ਮਿਲ ਗਈ ਸੀ।
ਰੋਟੀ, ਕੱਪੜਾ, ਮਕਾਨ, ਸਿਹਤ ਤੇ ਵਿਦਿਆ-ਇਹ ਕਾਫੀ ਨਹੀਂ ਜਿਊਣ ਲਈ, ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਣ ਲੱਗਾ ਸੀ, ਜਦੋਂ ਮੈਂ ਆਪਣੀ ਤਨਖਾਹ ਨਾਲ ਚੀਜ਼ਾਂ ਖਰੀਦ-ਖਰੀਦ ਕੇ ਘਰ ਭਰ ਕੇ ਅੱਕ ਗਈ ਸੀ। ਵਿਨੋਦ ਡਾਕਟਰ ਬਣ ਰਿਹਾ ਸੀ, ਆਪਣੀ ਹਿੰਮਤ ਨਾਲ। ਭੈਣ ਜੀ ਆਪਣੀ ਆਕਬਤ ਸੰਵਾਰਨ ਲਈ ਭਗਤੀ ਵਿਚ ਲੱਗੇ ਰਹਿੰਦੇ ਸਨ। ਉਦੋਂ ਮੇਰੀ ਉਮਰ ਹੀ ਕੀ ਸੀ, ਪੈਂਤੀ-ਸੈਂਤੀ ਸਾਲ। ਸਕੂਲ ਵਿਚ ਮੇਰੇ ਅੰਦਰ ਜਨਮੇ ਪ੍ਰਿੰਸੀਪਲ ਨੇ ਆਪਣੇ ਤੇ ਟੀਚਰਾਂ ਵਿਚਕਾਰ, ਆਪਣੇ ਤੇ ਵਿਦਿਆਰਥਾਂ ਵਿਚਕਾਰ ਤੇ ਗੁਆਂਢੀਆਂ ਵਿਚਕਾਰ ਜਿਹੜੀ ਵਿੱਥ ਪਾ ਲਈ ਸੀ, ਉਹਨੂੰ ਭਰਨ ਲਈ ਮੇਰੇ ਕੋਲ ਕੀ ਸੀ? ਕੁਝ ਵੀ ਨਹੀਂ?
ਉਨ੍ਹੀਂ ਦਿਨੀਂ ਸ਼ਵੇਤਾਂਬਰ ਨੇ ਕਿਹਾ ਸੀ, "ਪ੍ਰੋਫੈਸਰ ਮੋਦੀ ਇਸ ਵਿੱਥ ਨੂੰ ਭਰ ਤੇ ਰਿਹੈ।" ਇਹ ਸੁਣ ਕੇ ਮੈਂ ਆਪ ਡਰ ਗਈ ਸੀ।
ਉਹ ਸ਼ਾਮ ਸ਼ਵੇਤਾਂਬਰ ਨਹੀਂ ਸੀ ਆਇਆ, ਪ੍ਰੋਫੈਸਰ ਆ ਗਿਆ ਸੀ। ਪਤਾ ਨਹੀਂ ਕਿੰਨੀ ਹੀ ਝਿਜਕ ਬਾਅਦ, ਕਿੰਨੀ ਉਡੀਕ ਬਾਅਦ ਉਹਨੇ ਹੱਥ ਵਾਲੀ ਕਿਤਾਬ ਦਿਖਾਉਂਦਿਆਂ ਕਿਹਾ ਸੀ, ਇਹ ਕਿਤਾਬ ਸੀ ਨਾ, ਜੀਹਦਾ ਤੁਸੀਂ ਜ਼ਿਕਰ ਕੀਤਾ ਸੀ। ਮੈਨੂੰ ਲਾਇਬਰੇਰੀ ਵਿਚੋਂ ਲੱਭ ਪਈ। ਮੈਂ ਕਿਤਾਬ ਫੜ ਰੱਖ ਲਈ। ਥੈਂਕ ਯੂ ਕਿਹਾ ਤੇ ਸੋਚਾਂ ਹੁਣ ਕੀ ਕਹਾਂ? ਉਹ ਜ਼ਰਾ ਕੁਰਸੀ ਵੱਲ ਨੂੰ ਵਧਿਆ ਤੇ ਮੈਥੋਂ ਕਹਿ ਹੋ ਗਿਆ, ਕਾਫ਼ੀ ਪੀਓਗੇ ? ਦੋ ਕੱਪ ਕਾਫ਼ੀ ਲਿਆ ਬਈ ਦੇਵੀ ਰੁਕਮਣੀ।
ਮੋਦੀ ਦਾ ਚਿਹਰਾ ਲਾਲ ਹੋਇਆ ਪਿਆ ਸੀ। ਉਹਨੇ ਕੰਬਦੇ ਹੱਥਾਂ ਨਾਲ ਸਿਗਰਟ ਲਾਈ ਤਾਂ ਬੁਝੀ ਤੀਲੀ ਉਹ ਹੱਥ ਵਿਚ ਫੜ ਕੇ ਬਹਿ ਗਿਆ।
ਮੈਂ ਅਲਮਾਰੀ ਵਿਚੋਂ ਉਹ ਪੁਰਾਣਾ ਐਸ਼ ਟ੍ਰੇ ਕੱਢਿਆ, ਜਿਹੜਾ ਸਾਹਨੀ ਸਾਹਿਬ ਕਸ਼ਮੀਰ ਤੋਂ ਲਿਆਏ ਸੀ, ਕਾਫ਼ੀ ਦੇਰ ਤੱਕ ਲੱਕੜ ਦੇ ਉਸ ਐਸ਼ ਟ੍ਰੇ ਦੀ ਨਕਾਸ਼ੀ ਦੀ ਤਾਰੀਫ਼ ਕਰਦਾ ਰਿਹਾ। ਉਹਦਾ ਭਰਿਆ ਭਰਿਆ ਲਾਲ ਚਿਹਰਾ, ਮੋਟੀਆਂ ਗੋਲ ਅੱਖਾਂ, ਚਿਹਰੇ 'ਤੇ ਆਈ ਸ਼ਰਮ ਤੇ ਮੁਸਕਰਾਹਟ, ਕਾਫ਼ੀ ਕਲਰ ਦਾ ਚੈਕ ਸੂਟ, ਸਭ ਕੁਝ ਤੋਂ ਉਹ ਮੈਨੂੰ ਆਪਣੇ ਆਪ ਤੋਂ ਕਿਤੇ ਵੱਡਾ ਇਮਾਨਦਾਰ ਤੇ ਸੋਚਵਾਨ ਇਨਸਾਨ ਜਾਪਿਆ।
ਉਹ ਜਾਣ ਲੱਗਾ ਤਾਂ ਮੈਂ ਉਹ ਐਸ਼ ਟ੍ਰੇ ਲਿਫ਼ਾਫ਼ੇ ਵਿਚ ਪਾ ਕੇ ਮੱਲੋ-ਮੱਲੀ ਉਹਨੂੰ ਫੜਾਉਂਦੀ ਕਿਹਾ ਸੀ, ਇਥੇ ਕੌਣ ਸਿਗਰਟ ਪੀਂਦਾ ਏ। ਨਾਲੇ ਸਾਡੇ ਕੋਲ ਇਕ ਹੋਰ ਵੀ ਏ।
ਉਹ ਚਲਾ ਗਿਆ ਤਾਂ ਮੇਰਾ ਦਿਲ ਕੀਤਾ ਕਿ ਘਰ ਵਿਚ ਜੋ ਕੁਝ ਵੀ ਸਾਹਨੀ ਸਾਹਿਬ ਦਾ ਸਮਾਨ ਪਿਆ ਹੈ, ਮੋਦੀ ਨੂੰ ਦੇ ਦਿਆਂ। ਬੱਸ ਮੈਨੂੰ ਏਨੀ ਹੀ ਗੱਲ ਯਾਦ ਏ, ਫੇਰ ਪਤਾ ਨਹੀਂ ਕਦੋਂ ਤੇ ਕਿਵੇਂ ਸਾਡੇ ਵਿਚਕਾਰ ਉਹ ਰਿਸ਼ਤਾ ਬਣ ਗਿਆ ਪਈ ਇੰਜ ਮਹਿਸੂਸ ਹੁੰਦਾ ਕਿ ਅਸੀਂ ਪਤਾ ਨਹੀਂ ਕਿੰਨੀ ਉਮਰ ਤੋਂ ਇਕ ਦੂਜੇ ਦੀ ਤਲਾਸ਼ ਵਿਚ ਰਹੇ ਹਾਂ। ਅਸੀਂ ਇਕ ਦੂਜੇ ਨੂੰ ਬੜੀ ਖੋਜ ਬਾਅਦ ਲੱਭ ਲਿਆ ਏ।
ਕੁਝ ਦਿਨਾਂ ਬਾਅਦ, ਪਤਾ ਨਹੀਂ ਕਿੰਨੀ ਉਡੀਕ ਬਾਅਦ, ਉਹ ਆਇਆ ਸੀ। ਕਿੰਨੀ ਝਿਜਕ ਤੇ ਘਬਰਾਹਟ 'ਚ ਉਹਨੇ ਕਿਹਾ ਸੀ ਪਤਾ ਨਹੀ ਤੁਹਾਨੂੰ ਚੰਗਾ ਨਾ ਲੱਗੇ ਸ਼ਾਇਦ ਮੈਂ ਰੋਜ਼ ਇਸ ਮੋੜ ਤੋਂ ਮੁੜਦਾ ਰਿਹਾਂ।
ਮੈਂ ਚੁੱਪ ਉਹਨੂੰ ਦੇਖਦੀ ਰਹੀ। ਉਹਦਾ ਚਿਹਰਾ ਇਕਦਮ ਲਾਲ ਹੋ ਗਿਆ। ਜ਼ੋਸ਼ ਵਿਚ ਜਾਂ ਘਬਰਾਹਟ ਵਿਚ ਉਹਦੇ ਬੁੱੱਲ੍ਹ ਫਰਕੇ। ਮੈਂ ਅੱਖਾਂ ਝੁਕਾ ਲਈਆਂ। ਉਹਨੇ ਹੱਥ ਵਧਾ ਕੇ ਮੇਰਾ ਹੱਥ ਫੜ ਲਿਆ। ਮੈਂ ਕੰਬ ਗਈ। ਮੈਂ ਅੱਖਾਂ ਚੁੱਕੀਆਂ, ਉਹ ਮੂਰਤੀ ਬਣਿਆ ਮੈਨੂੰ ਦੇਖਦਾ ਰਿਹਾ। ਮੈਨੂੰ ਲੱਗਾ ਮੇਰੀਆਂ ਅੱਖਾਂ ਵਿਚ ਉਹ ਤੇਜ਼ ਮੁੱਕ ਗਿਆ ਏ ਜਿਹੜਾ ਟੀਚਰਾਂ ਨੂੰ ਵਿਦਿਆਰਥਣਾਂ ਨੂੰ ਤੇ ਆਮ ਲੋਕਾਂ ਨੂੰ ਮੈਥੋਂ ਪਰੇ ਰੱਖਦਾ ਏ।
ਹਾਂ, ਇਹੀ ਕਮਰਾ ਸੀ, ਇਹੋ ਜਿਹੀ ਸ਼ਾਮ ਸੀ। ਭੈਣ ਜੀ ਆਪਣੇ ਕਮਰੇ 'ਚ ਬਿਮਾਰ ਪਏ ਸਨ। ਬੇਟਾ ਕਾਲਜ ਗਿਆ ਹੋਇਆ ਸੀ। ਰੁਕਮਣੀ ਸਬਜੀ ਲੈਣ ਗਈ ਸੀ। ਅਸੀਂ ਕੱਲੇ ਸੀ, ਲੋਕਾਂ ਦੀਆਂ ਨਜ਼ਰਾਂ ਦੀ ਜ਼ੱਦ ਤੋਂ ਬਾਹਰ। ਸਾਡੇ ਵਿਚਕਾਰ ਅਦ੍ਰਿਸ਼ ਕੋਈ ਤੰਦ ਸੀ ਜੀਹਦੇ ਨਾਲ ਅਸੀਂ ਬੱਝੇ ਹੋਏ ਸੀ। ਬਿਨਾਂ ਬੋਲਿਆਂ ਇਕ ਦੂਜੇ ਦੀ ਗੱਲ ਸੁਣ ਕਹਿ ਰਹੇ ਸੀ। ਸਾਡੇ ਸੂਕਸ਼ਮ ਸਰੀਰ ਸਾਡੇ ਵੱਸ ਵਿਚ ਨਹੀਂ ਸਨ। ਜੋ ਕੁਝ ਸਾਡੇ ਪੁੱਤਰ ਧੀਆਂ ਨੇ ਕਰਨਾ ਸੀ, ਉਹ ਅਸੀਂ ਕਰ ਰਹੇ ਸੀ।
ਮੈਂ ਹੈਰਾਨ ਸੀ, ਹੁਣ ਵੀ ਹੈਰਾਨ ਹਾਂ। ਅਸੀਂ ਕਈ ਸਾਲ, ਕਿੰਨੀਆਂ ਥਾਂਵਾਂ 'ਤੇ, ਕਿਸੇ ਸਬੱਬ ਨਾਲ ਜਾਂ ਯਤਨਾਂ ਨਾਲ ਮਿਲਦੇ ਰਹੇ। ਪਰ ਉਹ ਫ਼ੈਸਲਾ ਨਾ ਕਰ ਸਕੇ, ਜੀਹਦੇ ਵਾਸਤੇ ਕੁਦਰਤ ਨੇ ਸਾਨੂੰ ਸੂਝ ਤੇ ਸ਼ਕਤੀ ਦਿੱਤੀ ਸੀ। ਜਾਂ ਜੀਹਦੇ ਵਾਸਤੇ ਕੁਦਰਤ ਨੇ ਸਾਨੂੰ ਸਾਜਿਆ ਸੀ, ਜਿਵੇਂ ਕਿ ਲੋਕ ਕਹਿੰਦੇ ਹੁੰਦੇ ਨੇ।
ਹੁਣ ਪਤਾ ਲੱਗਦਾ ਏ ਪਈ ਪਰਮਾਤਮਾ ਦੀ ਦੱਸੀ ਉਹ ਸੱਚਾਈ ਸਭ ਝੂਠ ਏ, ਤੇ ਸੱਚ ਉਹ ਹੈ, ਜਿਹੜਾ ਸਮਾਜ ਸਾਨੂੰ ਦੱਸਦਾ ਹੈ। ਜੀਹਦੇ ਨਾਲ ਮੇਰਾ ਸਮਾਜੀ ਰੁਤਬਾ, ਮੇਰੇ ਪੁੱਤਰ ਤੇ ਨੂੰਹ ਦੀ ਇੱਜ਼ਤ ਬਣਦੀ ਏ। ਜਿਹੜਾ ਔਰਤ ਦੀ ਹਰ ਹਰਕਤ ਉਤੇ ਪਾਬੰਦੀ ਲਾਉਂਦਾ ਏ।
ਉਹ ਜਦ ਵੀ ਮੇਰੇ ਕੋਲੋਂ ਜਾਂਦਾ ਸੀ ਤਾਂ ਸ਼ਵੇਤਾਂਬਰ ਕਹਿੰਦਾ ਸੀ। ਉਹ ਤੇਰਾ ਨਹੀਂ ਹੋ ਸਕਦਾ। ਮੈਂ ਜ਼ਿੱਦ ਨਾਲ ਕਹਿੰਦੀ, ਮੈਂ ਇਹ ਗੱਲ ਝੂਠ ਸਾਬਤ ਕਰ ਦਿਆਂਗੀ, ਏਨਾ ਆਤਮਵਿਸ਼ਵਾਸ ਏ ਮੇਰੇ ਅੰਦਰ।
ਪਹਿਲਾਂ ਮੇਰੀ ਗੱਲ ਸੱਚ ਹੋਈ। ਉਹ ਮੇਰਾ ਹੋ ਗਿਆ। ਕਈ ਵਰ੍ਹੇ ਮੇਰਾ ਰਿਹਾ। ਅਸੀਂ ਅੰਡਰ ਗਰਾਊਂਡ ਜ਼ਿੰਦਗੀ ਜਿਊਂਦੇ ਰਹੇ। ਜਿਹੜੀ ਅੰਤਾਂ ਦੀ ਸੁੱਖ ਭਰੀ ਵੀ ਸੀ ਤੇ ਦੁੱਖ ਭਰੀ ਵੀ। ਜੀਹਦੇ ਜਿਊਣ ਲਈ ਅਸੀਂ ਤਰਸਦੇ ਸੀ ਤੇ ਜੀਹਨੂੰ ਜਿਉਂ ਕੇ ਅਸੀਂ ਰੋਂਦੇ ਸੀ। ਜੀਹਦੇ 'ਚ ਹਿਜਰ ਤੇ ਵਸਲ ਦੀ ਕੋਈ ਹੱਦ ਨਹੀਂ ਸੀ।
ਹਾਂ, ਉਹ ਇਸ ਤਰ੍ਹਾਂ ਦੇ ਉਰਦੂ ਦੇ ਲਫਜ਼ ਇਸਤੇਮਾਲ ਕਰਿਆ ਕਰਦਾ ਸੀ। ਕਦੇ ਕਦੇ ਅਸੀਂ ਦਾਨਿਸ਼ਵਰ ਦੋਸਤਾਂ ਦੀ ਸਤਹ 'ਤੇ ਜਿਊਂਦੇ ਸੀ ਤੇ ਕਦੇ ਗੰਧਰਵ ਪਤੀ-ਪਤਨੀ ਦੇ ਰੂਪ ਵਿਚ। ਕਦੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਲੋਕ ਸਮਝਦੇ ਤੇ ਕਦੇ ਸਮਾਜੀ ਮੁਜਰਮ। ਜਿਹੜੇ ਇਕ ਦੂਜੇ ਨੂੰ ਵਾਲਿਹਾਨਾ ਮੁਹੱਬਤ ਕਰਦੇ ਮਰ ਰਹੇ ਸੀ ਤੇ ਇਕ ਦੂਜੇ ਨੂੰ ਮਾਰ ਰਹੇ ਸੀ। ਮੁਹੱਬਤ ਵਿਚ ਆਦਮੀ ਪਲ ਪਲ ਮਰਦਾ ਵੀ ਏ, ਮੈਨੂੰ ਉਦੋਂ ਪਤਾ ਲੱਗਾ ਸੀ।
ਗੱਲ ਸ਼ਵੇਤਾਂਬਰ ਦੀ ਵੀ ਸੱਚ ਨਿਕਲੀ। ਉਹ ਮੇਰਾ ਨਾ ਹੋ ਸਕਿਆ। ਇਕ ਦਿਨ ਇਕ ਦਮ ਨਿਕਲ ਗਿਆ ਮੇਰੀ ਜ਼ਿੰਦਗੀ ਵਿਚੋਂ। ਉਹ ਤੇ ਨਿਕਲਣਾ ਨਹੀਂ ਸੀ ਚਾਹੁੰਦਾ, ਮੈਂ ਹੀ ਕੱੱਢ ਦਿੱਤਾ ਮਾਰ ਕੇ।
ਕਿੰਨੀ ਅਸੰਭਵ ਜਿਹੀ ਲੱਗਦੀ ਏ ਇਹ ਗੱਲ। ਪਰ ਜੇ ਕੋਈ ਸਾਡੀਆਂ ਗੱਲਾਂ ਜਾਣਦਾ ਤਾਂ ਮੰਨ ਜਾਵੇ ਪਈ ਹਾਲਾਤ ਨੇ ਕਿਵੇਂ ਸਾਨੂੰ ਕਿਸ ਹੱਦ ਤੱਕ ਲਿਆ ਖਿਲਾਰਿਆ ਸੀ।
ਸਖ਼ਤ ਸਰਦੀਆਂ ਦੀ ਰਾਤ ਸੀ ਉਹ। ਪ੍ਰੋਫੈਸਰ ਬੈਠਾ ਸਿਗਰਟ ਪੀਈ ਜਾ ਰਿਹਾ ਸੀ। ਉਹ ਦੇ ਸਿਗਰਟ ਪੀਣ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਸੀ ਪਈ ਅੱਜ ਉਹ ਉਖੜਿਆ ਹੋਇਆ ਏ ਜਾਂ ਜੰਮਿਆ ਹੋਇਆ ਨਹੀਂ। ਜਦ ਉਹ ਉਖੜਿਆ ਹੋਇਆ ਹੁੰਦਾ ਤਾਂ ਕਸ਼ ਤੇਜੀ ਨਾਲ ਲਾਉਂਦਾ। ਧੂੰਏਂ ਦੇ ਛੱਲੇ ਜਾਂ ਨੀਮ ਛੱਲੇ ਬਣਾਉਣ ਦੀ ਥਾਂ ਧੂੰਏ ਦੀ ਲੰਮੀ ਲੀਕ ਛੱਡਦਾ। ਹੌਕੇ ਵਾਂਗ। ਉਹਦੇ ਬੁੱਲ੍ਹਾਂ ਦੇ ਕੋਨਿਆਂ 'ਤੇ ਸਿਗਰਟ ਫੜਨ ਵਾਲੀਆਂ ਉਂਗਲਾਂ 'ਚ ਲਰਜ਼ਾ ਹੁੰਦਾ। ਤਦ ਉਹ ਨਜ਼ਰ ਝੁਕਾ ਕੇ ਰੱਖਣੀ ਪਸੰਦ ਕਰਦਾ ਸੀ। ਉਹਦੀਆਂ ਮਾਸੂਮ ਅੱਖਾਂ 'ਚ ਬੇਜ਼ਾਰੀ ਅਤੇ ਬੇਚਾਰਗੀ ਦਿੱਸਦੀ।
ਦਸ ਵੱਜ ਚੁੱਕੇ ਸਨ। ਉਹ ਮੇਰੇ ਕੋਲੋਂ ਜਾਣਾ ਨਹੀਂ ਸੀ ਚਾਹੁੰਦਾ। ਬੇਟਾ ਆਪਣੇ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ। ਭੈਣ ਜੀ ਦੇ ਕਮਰੇ ਦੀ ਬੱਤੀ ਬੁੱਝ ਚੁੱਕੀ ਸੀ। ਰੁਕਮਣੀ ਰਸੋਈ ਸਾਫ਼ ਕਰ ਰਹੀ ਸੀ।
ਮੈਂ ਉਹਦੇ ਮੋਢਿਆਂ 'ਤੇ ਹੱਥ ਧਰ ਕੇ ਸਮਝਾਇਆ, ਨਾਰਮਲ ਹੋ, ਸਿਆਣਾ ਬਣ। ਕਿਉਂ ਬੱਚਿਆਂ ਵਾਂਗ ਜ਼ਿੱਦ ਕਰਦੈਂ। ਪਰ ਉਹ ਨੇ ਇਕੋ ਗੱਲ ਫੜੀ ਹੋਈ ਸੀ, ਮੈਨੂੰ ਇਕ ਰਾਤ ਇਥੇ ਰੱਖ ਲੈ। ਇਹ ਰਾਤ ਮੈਂ ਇਥੇ ਈ ਰਹਿਣੈ।
ਜਦ ਮੈਂ ਸਮਝਾਇਆ ਪਈ ਇਹ ਸੰਭਵ ਨਹੀਂ। ਬੇਟੇ ਨੂੰ ਪਤਾ ਲੱਗਾ ਤਾਂ ਕੀ ਸੋਚੇਗਾ, ਤਾਂ ਉਹ ਉਠ ਖਲੋਤਾ। ਇਕ ਵਾਰ ਭਰਪੂਰ ਨਜ਼ਰਾਂ ਨਾਲ ਮੈਨੂੰ ਤੱਕਿਆ। ਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ।
ਇਹ ਗੱਲ ਤਾਂ ਉਹ ਪਹਿਲਾਂ ਹੀ ਮੰਨਦਾ ਸੀ ਕਿ ਪਈ ਸਾਡਾ ਇਕ ਛੱਤ ਹੇਠ ਰਹਿਣਾ ਮੁਮਕਿਨ ਨਹੀਂ। ਉਹ ਆਪਣੀ ਬੀਵੀ ਤੇ ਬੇਟੀ ਨੂੰ ਨਹੀਂ ਛੱਡ ਸਕਦਾ, ਮੈਂ ਆਪਣੇ ਬੇਟੇ ਤੇ ਬੇਸਹਾਰਾ ਭੈਣ ਨੂੰ। ਤੇ ਨਾ ਹੀ ਮੈਨੂੰ ਇਹ ਗਵਾਰਾ ਸੀ ਕਿ ਅਸੀਂ ਸਾਰੀ ਉਮਰ ਇਸ ਤਰ੍ਹਾਂ ਦੀ ਅੰਡਰ ਗਰਾਊਂਡ ਜ਼ਿੰਦਗੀ ਜਿਊਂਦੇ ਰਹੀਏ। ਆਖਰ ਕਦ ਤੱਕ ਇਕ ਦੂਜੇ ਨੂੰ ਮਾਰਦਿਆਂ ਜਿਵਾਂਦਿਆਂ ਦੋਜ਼ਖ ਸਹਾਂਗੇ।
ਮੈਂ ਪਈ ਸੋਚਦੀ ਰਹੀ। ਉਹ ਪੌਣੇ ਕੁ ਘੰਟੇ ਬਾਅਦ ਫਿਰ ਆ ਗਿਆ, ਗੇਟ ਟੱਪ ਕੇ। ਮੈਂ ਬੱਤੀ ਬੁਝਾ ਦਿੱਤੀ ਸੀ। ਨੀਂਦ ਨਹੀਂ ਸੀ ਆ ਰਹੀ। ਮੈਂ ਉਹਦੇ ਪੈਰਾਂ ਦੀ ਬਿੜਕ ਝੱਟ ਪਛਾਣ ਲਈ। ਉਹ ਲੁਕਾਟ ਕੋਲੋਂ ਤੁਰਦੀ ਮੇਰੇ ਦਰਵਾਜ਼ੇ ਅੱਗੇ ਆ ਕੇ ਰੁੱਕ ਗਈ ਸੀ। ਉਸ ਨੂੰ ਦਰਵਾਜ਼ਾ ਖੜਕਾਣ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਉਠ ਕੇ ਪੋਲੇ ਪੈਰੀਂ ਜਾ ਕੇ ਬੂਹਾ ਖੋਲ੍ਹ ਕੇ ਉਹਨੂੰ ਅੰਦਰ ਵਾੜ ਲਿਆ।
ਮੈਨੂੰ ਉਹਦਾ ਚਿਹਰਾ ਨਹੀਂ ਸੀ ਦਿਸਦਾ, ਪਰ ਉਹਦੇ ਹੱਥਾਂ ਦੀਆਂ ਹਰਕਤਾਂ ਤੋਂ, ਉਹਦੇ ਉਖੜੇ ਸਾਹ ਤੋਂ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਵਿਚ ਨਹੀਂ ਸੀ। ਉਹ ਕਿਸੇ ਆਰਜੂ ਦੇ ਦੁੱਖ ਨਾਲ, ਕਿਸੇ ਮਾਨਸਿਕ ਕਸ਼ਟ ਨਾਲ ਜਲ ਰਿਹਾ ਸੀ। ਉਹਨੂੰ ਆਪ ਵੀ ਪਤਾ ਨਹੀਂ, ਉਹ ਕਿੱਥੇ ਹੈ, ਕੀ ਕਰ ਰਿਹਾ ਹੈ।
ਦਸਾਂ ਮਿੰਟਾਂ ਬਾਅਦ ਉਹ ਆਪਣੇ ਦੁੱਖ ਦਾ ਬੋਝ ਲਾਹ ਕੇ ਚਲਿਆ ਗਿਆ। ਪਰ ਮੈਂ ਤੜਕੇ ਤੱਕ ਜਾਗਦੀ ਰਹੀ। ਨੀਂਦ ਦੀਆਂ ਗੋਲੀਆਂ ਵੀ ਮੇਰੇ ਦਿਮਾਗ ਦੀਆਂ ਨਾੜਾਂ ਨੂੰ ਢਿੱਲੀਆਂ ਨਾ ਕਰ ਸਕੀਆਂ। ਜਦ ਜ਼ਰਾ ਅੱਖ ਲੱਗਦੀ ਤਾਂ ਭਿਆਨਕ ਸ਼ਕਲਾਂ ਵਾਲੇ ਜਾਨਵਰ ਮੇਰੀ ਬੋਟੀ ਬੋਟੀ ਖਿੱਚਣ ਨੂੰ ਮੈਨੂੰ ਘੇਰਦੇ ਰਹੇ। ਭੱਜਣ ਲਈ ਜਿਹੜਾ ਵੀ ਰਸਤਾ ਲੱਭਦਾ ਸੀ, ਉਹਦੇ ਮੋੜ 'ਤੇ ਨਵਾਂ ਆਦਮ ਖੋਰ ਮਿਲ ਜਾਂਦਾ ਸੀ। ਇਕ ਹਨੇਰੀ ਜਿਹੀ ਗਲੀ ਵਿਚੀਂ ਨਿਕਲੀ ਤਾਂ ਉਥੇ ਮਗਰਮੱਛ ਦੇ ਰੂਪ ਵਿਚ ਪ੍ਰੋਫੈਸਰ ਲੇਟਿਆ ਹੋਇਆ ਸੀ। ਉਹਦੀ ਪੂਛ ਵਾਰ ਵਾਰ ਧਰਤੀ 'ਤੇ ਵੱਜ ਰਹੀ ਸੀ। ਮੈਂ ਇਕ ਦਮ ਉਹਦੇ ਵਿਚ ਵੜ ਗਈ। ਹੁਣ ਉਹ ਨਾ ਮੈਨੂੰ ਖਾਂਦਾ ਸੀ, ਨਾ ਬਾਹਰ ਨਿਕਲਣ ਦਿੰਦਾ ਸੀ। ਮੂੰਹ ਵਿਚ ਸਾਹ ਘੁੱਟਵੀਂ ਗਰਮ ਹਵਾ ਸੀ।
ਜਾਗੀ ਤਾਂ ਮੈਂ ਨੀਮ ਮੁਰਦਾ ਸੀ। ਬਸ ਉਸੇ ਦਿਨ ਤੋਂ ਇਹ ਬੀਮਾਰੀ ਪੂਰੇ ਜ਼ੋਰ ਨਾਲ ਆ ਚੜ੍ਹੀ, ਜੀਹਨੂੰ ਡਾਕਟਰ ਲੋਕ ਹਾਈਪਰਟੈਨਸ਼ਨ ਕਹਿੰਦੇ ਨੇ।
ਦੁੱਖ ਦੀ ਗੱਲ ਤਾਂ ਇਹ ਸੀ ਪਈ ਅਸੀਂ ਬੁੱਢੇ ਹੁੰਦੇ ਜਾਂਦੇ ਸੀ, ਡਾਕਟਰ ਜਵਾਨ ਹੁੰਦਾ ਜਾ ਰਿਹਾ ਸੀ। ਪਰ ਪ੍ਰੋਫੈਸਰ ਦਿਨੋ ਦਿਨ ਨਿਆਣਾ ਹੁੰਦਾ ਜਾ ਰਿਹਾ ਸੀ। ਉਹ ਬਿਨਾਂ ਸੋਚੇ ਸਮਝੇ ਹਰ ਸ਼ਾਮ ਨੂੰ ਆ ਧਮਕਦਾ ਸੀ। ਮੈਂ ਚੰਗੀ ਤਰ੍ਹਾਂ ਗੱਲ ਨਾ ਕਰਦੀ। ਉਹ ਬੈਠਾ ਸਿਗਰਟਾਂ ਫੂਕੀ ਜਾਂਦਾ। ਹੌਕੇ ਭਰਦਾ ਰਹਿੰਦਾ। ਉਹ ਆਪਣੇ ਆਪ ਨੂੰ ਤਬਾਹ ਕਰਨ 'ਤੇ ਤੁੱਲ ਗਿਆ ਸੀ। ਏਨਾ ਪਾਗਲਪਣ। ਕਦੇ ਕਦੇ ਉਹ ਨਸ਼ੀਲੀਆਂ ਗੋਲੀਆਂ ਖਾ ਕੇ ਆ ਜਾਂਦਾ। ਪਰ ਉਦੋਂ ਉਹ ਵੱਧ ਸਿਆਣਾ, ਸ਼ਾਇਸਤਾ ਤੇ ਮੁਹੱਜ਼ਬ ਹੁੰਦਾ ਸੀ। ਨਸ਼ਾ ਵੱਧ ਹੁੰਦਾ ਤਾਂ ਕੁਰਸੀ 'ਤੇ ਬੈਠਾ ਸੌਂ ਜਾਂਦਾ। ਮੈਂ ਬੈਠੀ ਸੋਚਦੀ ਰਹਿੰਦੀ। ਇਹਦਾ ਹੁਣ ਮੈਂ ਕੀ ਕਰਾਂ?
ਉਹਦੀ ਸਿਹਤ ਤਾਂ ਖਰਾਬ ਹੁੰਦੀ ਜਾਂਦੀ ਸੀ, ਨਾਲ ਮੈਨੂੰ ਵੀ ਘੁਣ ਲੱਗ ਗਿਆ ਸੀ। ਹਾਈਪਰਟੈਨਸ਼ਨ ਵਾਲੀ ਹਾਲਤ ਹਮੇਸ਼ਾਂ ਰਹਿਣ ਲੱਗ ਪਈ ਸੀ। ਮੇਰੀਆਂ ਹਥੇਲੀਆਂ ਤੇ ਪਾਤਲੀਆਂ 'ਤੇ ਪਸੀਨਾ ਆਈ ਜਾਂਦਾ। ਅੱਗ ਨਿਕਲਦੀ ਰਹਿੰਦੀ। ਕਦੇ ਲੱਗਦਾ, ਲੱਤਾਂ ਵਿਚ ਸਿੱਕਾ ਭਰ ਗਿਆ ਏ, ਟੁਰ ਨਹੀਂ ਹੁੰਦਾ। ਕਦੇ ਲੱਗਦਾ, ਲੱਤਾਂ ਵਿਚ ਪਾਰਾ ਭਰ ਗਿਆ ਏ, ਮੈਨੂੰ ਨਿਚੱਲੀ ਨਾ ਬਹਿ ਹੁੰਦਾ। ਵਰਾਂਡੇ ਵਿਚ ਗੇੜੇ ਕੱਢੀ ਜਾਂਦੀ। ਥੱਕ ਜਾਂਦੀ ਤਾਂ ਨੀਮ ਹੋਸ਼ੀ 'ਚ ਲੇਟੀ ਰਹਿੰਦੀ। ਡਾਕਟਰਾਂ ਨੂੰ ਦੱਸਦੀ ਤਾਂ ਉਹ ਸਮਝਦੇ ਮੀਨੋਪਾਜ਼ ਦੀ ਹਾਲਤ ਏ। ਮੈਨਸਿਜ਼ ਦੇ ਡਿਸ ਆਰਡਰ ਹੋਣ 'ਤੇ ਅਜਿਹਾ ਹੋਣਾ ਕੁਦਰਤੀ ਹੈ, ਪਰ ਮੈਂ ਕੀ ਦੱਸਦੀ, ਪਈ ਅਸਲੀ ਗੱਲ ਤਾਂ ਹੋਰ ਈ ਏ?
ਸਰਦੀਆਂ ਦੀ ਇਕ ਸ਼ਾਮ ਸੀ। ਬਾਰਿਸ਼ ਹੋ ਰਹੀ ਸੀ। ਉਹ ਸਾਹਮਣੇ ਬੈਠਾ ਸੀ। ਸਿਗਰਟ ਬੁੱਝਾ ਚੁੱਕਾ ਸੀ, ਪਰ ਕਾਫ਼ੀ ਦਾ ਇਕ ਘੁੱਟ ਵੀ ਨਹੀਂ ਭਰਿਆ ਸੀ। ਤੈਨੂੰ ਕੀ ਹੋ ਗਿਆ, ਮੇਰੇ ਮੂੰਹ ਵਿਚੋਂ ਨਿਕਲਿਆ। ਮੇਰਾ ਸਾਰਾ ਅੰਦਰ ਉਸ ਕਮਬਖ਼ਤ ਵਾਸਤੇ ਹਮਦਰਦੀ ਤੇ ਪਿਆਰ ਨਾਲ ਭਰ ਗਿਆ। ਮੇਰੀਆਂ ਅੱਖਾਂ ਭਰ ਆਈਆਂ। ਪਰ ਜਦੇ ਮੈਂ ਡਰ ਵੀ ਗਈ।
ਉਹੀ ਗੱਲ ਹੋਈ। ਮੇਰੀ ਇਹ ਸ਼ਕਲ ਦੇਖ ਕੇ ਹਮੇਸ਼ਾਂ ਵਾਂਗ ਉਹ ਤੇਜ਼ੀ ਨਾਲ ਉਠਿਆ। ਫਰਸ਼ 'ਤੇ ਗੋਡਿਆਂ ਦੇ ਭਾਰ ਹੋ ਕੇ ਉਹਨੇ ਮੇਰੇ ਪੱਟਾਂ 'ਚ ਸਿਰ ਖੁਭੋ ਦਿੱਤਾ ਤੇ ਹੁਭਕੀਆਂ ਭਰਦਾ ਰੋਣ ਲੱਗ ਗਿਆ।
ਉਹਦਾ ਸਾਹ ਤੇਜ਼ ਚੱਲ ਰਿਹਾ ਸੀ। ਉਹ ਦੇ ਸਿਰ ਦੇ ਖਿਚੜੀ ਹੋਏ ਵਾਲ ਉਲਝੇ ਪਏ ਸਨ। ਮੈਂ ਚਾਹੁੰਦੀ ਹੋਈ ਵੀ ਉਨ੍ਹਾਂ 'ਤੇ ਹੱਥ ਨਾ ਫੇਰ ਸਕੀ। ਮੈਨੂੰ ਡਰ ਸੀ ਪਈ ਕਿਤੇ ਮੈਂ ਵੀ ਭਾਵੁਕ ਨਾ ਹੋ ਜਾਵਾਂ। ਉਹਨੇ ਹੁਭਕੀ ਲੈ ਕੇ ਸਿਰ ਚੁੱਕਿਆ। ਉਹਦੀਆਂ ਅੱਖਾਂ ਵਿਚ ਅੰਤ ਦਾ ਦੁੱਖ, ਹਸਰਤ ਤੇ ਆਰਜੂ ਸੀ। ਉਹ ਭਿਖਾਰੀਆਂ ਦੇ ਖਾਲੀ ਠੂਠਿਆਂ ਵਾਂਗ ਉਪਰ ਨੂੰ ਉਠੀਆਂ ਹੋਈਆਂ ਸਨ। ਮੇਰੀਆਂ ਅੱਖਾਂ ਫੇਰ ਭਰ ਆਈਆਂ। ਸੋਚਾਂ ਮੈਂ ਕਿਸ ਸਥਿਤੀ ਵਿਚ ਫਸ ਗਈ ਹਾਂ? ਕੋਈ ਸਾਨੂੰ ਉਸ ਅਵਸਥਾ ਵਿਚ ਦੇਖਦਾ। ਏਨੇ ਪੜ੍ਹੇ ਲਿਖੇ, ਵਿਦਵਾਨ, ਅਧਿਆਪਕ ਕਿਹੋ ਜਿਹੀਆਂ ਬੱਚਿਆਂ ਵਰਗੀਆਂ ਹਰਕਤਾਂ ਕਰ ਰਹੇ ਸੀ। ਕੋਈ ਸਾਡੀ ਤਸਵੀਰ ਖਿੱਚ ਕੇ ਵਿਖਾ ਦਿੰਦਾ, ਮੈਂ ਤਾਂ ਆਤਮ ਹੱਤਿਆ ਕਰ ਲੈਂਦੀ। ਪਰ ਕਿੰਨਾ ਭਿਆਨਕ ਯਥਾਰਥ ਸੀ ਉਹ। ਆਦਮੀ ਦਾ ਅਸਲੀ ਜਨਮ ਜਾਤ ਰੂਪ। ਜਿਹੜਾ ਧਰਮ ਦੀਆਂ, ਸਮਾਜਿਕ ਸਦਾਚਾਰ ਦੀਆਂ ਕੰਧਾਂ ਤੋਂ ਪਾਰ ਲੱਭਦਾ ਏ। ਮੈਂ ਉਠੀ। ਪਾਣੀ ਦਾ ਇਕ ਗਿਲਾਸ ਲਿਆ ਕੇ ਬਲੱਡ ਪ੍ਰੈਸ਼ਰ ਦੀ ਇਕ ਗੋਲੀ ਲਈ। ਫੇਰ ਆਪਣੇ ਆਪ ਨੂੰ ਤੇ ਉਹਨੂੰ ਟਿਕਾਂਦਿਆਂ ਪੁੱਛਿਆ ਹਾਂ ਦੱਸ ਕੀ ਗੱਲ ਏ?
ਉਹਦੇ ਮੂੰਹ ਵਿਚੋਂ ਸੁੱਕੀ ਤੇ ਗੜਬੜਾਈ ਜਿਹੀ ਆਵਾਜ਼ ਨਿਕਲੀ, ਤੂੰ … ਤੂੰ ਮੈਨੂੰ ਮਾਰ ਦੇ। ਰੱਬ ਦੇ ਵਾਸਤੇ।
ਫੇਰ ਉਹੀ ਗੱਲ। ਮੈਂ ਉਹਨੂੰ ਵੱਡਿਆਂ ਵਾਂਗ ਝਿੜਕਦਿਆਂ ਪੁਚਕਾਰਿਆ ਤੇ ਉਹਦੇ ਹੰਝੂ ਪੂੰਝਦਿਆਂ ਕਿਹਾ, ਚੰਗਾ ਪਹਿਲਾਂ ਉਠ ਕੇ ਕਾਫ਼ੀ ਪੀ ਲੈ। ਰੁਕਮਣੀ ਆ ਜਾਵੇਗੀ।
ਉਹਨੇ ਦੋ ਘੁੱਟ ਕਾਫ਼ੀ ਪੀ ਕੇ ਮੱਧਮ ਜਿਹੀ ਆਵਾਜ਼ ਵਿਚ ਕਿਹਾ, ਆਪਾਂ ਕਿਸੇ ਹੋਰ ਮੁਲਕ ਵਿਚ ਭੱਜ ਜਾਈਏ?
ਅੰਦਰੋਂ ਰੋਂਦੀ ਮੈਂ ਉਤੋਂ ਹੱਸੀ। ਕਿਹਾ ਚੰਗਾ ਪਹਿਲਾਂ ਅੱਖਾਂ ਪੂੰਝ ਲੈ। ਕਿਸੇ ਨੇ ਦੇਖ ਲਿਆ ਤਾਂ। ਇਕ ਦਿਨ ਬੜੀ ਦਿਲਚਸਪ ਗੱਲ ਹੋਈ। ਉਹਨੇ ਬੜੇ ਨਾਟਕੀ ਢੰਗ ਨਾਲ ਆਪਣੀ ਜੇਬ ਵਿਚੋਂ ਰੁਮਾਲ ਕੱਢਿਆ। ਉਹਦੀਆਂ ਤਹਿਆਂ ਖੋਹਲੀਆਂ। ਵਿਚ ਨਾਫਾ ਰੱਖਿਆ ਹੋਇਆ ਸੀ। ਉਹਦੇ ਵਿਚੋਂ ਸਚਮੁੱਚ ਖੁਸ਼ਬੂ ਆ ਰਹੀ ਸੀ। ਇਸ ਗੱਲ ਦਾ ਉਹਨੂੰ ਵੀ ਪਤਾ ਸੀ ਪਈ ਉਹ ਮੁਸ਼ਕੇ-ਨਾਫ਼ਾ ਨਕਲੀ ਏ। ਪਰ ਕਿੰਨੀ ਮਾਸੂਮ ਖਾਹਿਸ਼ ਸੀ ਉਹਦੀ ਪਈ ਉਹ ਤੋਹਫਾ ਮੈਂ ਕਬੂਲ ਕਰ ਲਾਂ। ਤੇ ਉਸ ਨੇ ਮਰਨ ਬਾਅਦ ਜਦ ਉਹ ਯਾਦ ਆਵੇ, ਖੋਹਲ ਕੇ ਸੁੰਘ ਲਿਆ ਕਰਾਂ। ਪਤਾ ਨਹੀਂ ਗੱਲ ਸੱਚ ਹੈ ਜਾਂ ਵਹਿਮ ਪਈ ਮਰਨ ਵਾਲੇ ਨੂੰ ਆਪਣੀ ਮੌਤ ਦਿੱਸਣ ਲੱਗ ਪੈਂਦੀ ਏ।
ਉਸ ਰਾਤ ਸ਼ਵੇਤਾਂਬਰ ਮੈਨੂੰ ਬੜਾ ਸਮਝਾਉਂਦਾ ਰਿਹਾ ਸੀ। ਪਰ ਮੈਂ ਉਹਦੀ ਇਕ ਵੀ ਮੰਨਣ ਨੂੰ ਤਿਆਰ ਨਹੀਂ। ਉਹ ਮੇਰੇ 'ਤੇ ਹੱਸਿਆ ਵੀ, ਟਿੱਚਰਾਂ ਵੀ ਕੀਤੀਆਂ ਪਰ ਮੈਂ ਅਟੱਲ ਰਹੀ। ਇਕ ਦਿਨ ਸਾਨੂੰ ਬੈਡ ਰੂਮ ਵਿਚੋਂ ਭੱਜ ਕੇ ਡਰਾਇੰਗ ਰੂਮ ਵਿਚ ਆਉਣਾ ਪਿਆ। ਡਾਕਟਰ ਆ ਗਿਆ ਸੀ। ਮੇਰਾ ਜਿਸਮ ਪਸੀਨਾ ਹੋ ਕੇ ਠੰਢਾ ਹੋ ਗਿਆ ਸੀ। ਮੈਂ ਆਖਿਆ ਪ੍ਰੋਫੈਸਰ ਤੈਂ ਮੈਨੂੰ ਮਾਰ ਛੱਡਣੈ।
ਦੇਖਦਿਆਂ ਦੇਖਦਿਆਂ ਮੈਨੂੰ ਦਿਸਣੋਂ ਹੱਟ ਗਿਆ। ਅੱਖਾਂ ਅੱਗੇ ਨੱਚਦੇ ਚਿੱਟੇ ਕਾਲੇ ਪਤੰਗੇ ਵੀ ਦਿਸਣੋਂ ਹੱਟ ਗਏ।
ਹੋਸ਼ ਆਈ ਤਾਂ ਉਹ ਤੇ ਭੈਣ ਜੀ ਮੇਰੇ ਹੱਥ ਪੈਰ ਝੱਸ ਰਹੇ ਸਨ। ਬੇਟਾ ਕਿਸੇ ਡਾਕਟਰ ਨੂੰ ਬੁਲਾਉਣ ਗਿਆ ਹੋਇਆ ਸੀ। ਭੈਣ ਜੀ ਜੂਸ ਲੈਣ ਗਈ ਡਰਾਇੰਗ ਰੂਮ ਵਿਚ ਗਏ ਤਾਂ ਉਹਨੇ ਮੇਰੇ ਨੇੜੇ ਹੋ ਕੇ ਦੁੱਖੀ ਆਵਾਜ਼ ਵਿਚ ਪੁੱਛਿਆ, ਮੈਂ ਤੇਰੇ ਵਾਸਤੇ ਕੀ ਕਰ ਸਕਦੈਂ?
ਮੈਨੂੰ ਬਖ਼ਸ਼ ਦੇ। ਮੇਰੇ ਕੋਲ ਨਾ ਆਇਆ ਕਰ । ਮੈਂ ਹੱਥ ਜੋੜਦੀ ਹਾਂ। ਮੈਂ ਸਚਮੁੱਚ ਹੱਥ ਜੋੜ ਦਿੱਤੇ। ਜਿਹੜੇ ਭੈਣ ਜੀ ਨੇ ਵੀ ਦੇਖ ਲਏ।
ਉਹ ਚਲਿਆ ਗਿਆ। ਫੇਰ ਹਫ਼ਤਾ ਦਸ ਦਿਨ ਨਾ ਆਇਆ। ਇਕ ਸ਼ਾਮ ਮੈਨੂੰ ਮਹਿਸੂਸ ਹੋਇਆ ਪਈ ਜੇ ਉਹ ਇਕ ਦਿਨ ਹੋਰ ਨਾ ਆਇਆ ਤਾਂ ਮੇਰੇ ਅੰਦਰ ਖ਼ੂਨ ਦਾ ਦੌਰਾ ਰੁਕ ਜਾਵੇਗਾ।
ਸ਼ਾਮ ਨੂੰ ਮੈਂ ਛੁੱਟੀ ਕਰਕੇ ਉਹ ਦੇ ਘਰ ਵੱਲ ਟੁਰ ਗਈ ਸੀ, ਪਰ ਉਹ ਰਾਹ ਵਿਚ ਹੀ ਮਿਲ ਗਿਆ।
ਏਨੇ ਦਿਨ ਕਿਉਂ ਨਹੀਂ ਆਇਆ? ਮੈਂ ਪੁੱਛਿਆ।
ਤੈਂ ਹੀ ਤਾਂ ਕਿਹਾ ਸੀ।
ਫੇਰ ਅੱਜ ਕਿਉਂ ਆਉਂਦਾ ਸੀ?
ਪਤਾ ਨ੍ਹੀਂ।
ਮੈਂ ਤੈਨੂੰ ਲੈਣ ਚੱਲੀ ਸੀ।
ਕਿਉਂ?
ਪਤਾ ਨਹੀਂ।
ਮਾਰਕੀਟ ਦੇ ਕਾਫ਼ੀ ਹਾਊਸ ਵਿਚ ਬੈਠੇ ਅਸੀਂ ਸੋਚਦੇ ਰਹੇ। ਅਸੀਂ ਕਿਹੜੀ ਪ੍ਰਸਥਿਤੀ ਵਿਚ ਫਸ ਗਏ ਹਾਂ। ਇਸ ਤਰ੍ਹਾਂ ਤਾਂ ਅਸੀਂ ਪਾਗਲ ਹੋ ਜਾਵਾਂਗੇ। ਪ੍ਰੋਫੈਸਰ ਖੁਸ਼ ਸੀ ਪਈ ਮੈਂ ਉਹਦੇ ਬਾਰੇ ਹਮਦਰਦੀ ਨਾਲ ਸੋਚ ਰਹੀ ਸੀ। ਉਹਨੇ ਆਪਣੀ ਆਦਤ ਅਨੁਸਾਰ ਆਪਣਾ ਜੂਠਾ ਪਿਆਲਾ ਮੇਰੇ ਅੱਗੇ ਕਰ ਦਿੱਤਾ ਤੇ ਮੇਰਾ ਆਪਣੇ ਅੱਗੇ। ਤੇ ਮੁਸਕਰਾ ਪਿਆ। ਮੈਂ ਸੋਚਾਂ ਬੰਦਾ ਕਿਵੇਂ ਨਿੱਕੀ ਨਿੱਕੀ ਖੁਸ਼ੀ ਦੇ ਸਹਾਰੇ ਜਿਊਂਦਾ ਏ। ਏਡੇ ਵੱਡੇ ਗ਼ਮ ਝੱਲਦਾ ਏ।
ਇਕ ਰਾਹ ਏ। ਉਹਨੇ ਬੜੀ ਖੁਸ਼ੀ ਨਾਲ ਕਈ ਵਾਰ ਆਖੀ ਗੱਲ ਦੁਹਰਾਈ, ਆਪਾਂ ਇਸੇ ਤਰ੍ਹਾਂ ਮਿਲਦੇ ਰਹੀਏ।
ਸ਼ਵੇਤਾਂਬਰ ਵੀ ਇਹੀ ਗੱਲ ਕਹਿੰਦਾ ਸੀ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਕਿੰਨਾ ਔਖਾ ਏ ਇਸ ਤਰ੍ਹਾਂ ਜਿਊਣਾ। ਮਨਾਂ ਨੂੰ ਜੋੜ ਕੇ, ਸਰੀਰਾਂ ਨੂੰ ਤੋੜ ਕੇ ਰੱਖਣਾ। ਨਾਲੇ ਕੱਲ ਨੂੰ ਵਿਨੋਦ ਸਭ ਕੁਝ ਸਮਝ ਜਾਵੇਗਾ। ਉਹ ਡਾਕਟਰਨੀ ਲੈ ਆਵੇਗਾ।
ਪ੍ਰੋਫੈਸਰ ਸਿਗਰਟ ਦੇ ਧੂੰਏਂ ਦੇ ਛੱਲੇ ਉਡਾ ਰਿਹਾ ਸੀ। ਉਹਨੂੰ ਆਸ ਸੀ ਕਿ ਮੈਂ ਉਹਦੀ ਗੱਲ ਜੇ ਸਾਰੀ ਨਹੀਂ ਤਾਂ ਅੱਧੀ ਤਾਂ ਮੰਨ ਹੀ ਲਈ ਏ। ਪਰ ਮੈਂ ਤਾਂ ਉਹਨੂੰ ਸਮਝਾਉਣ ਆਈ ਸੀ ਪਈ ਆਪਾਂ ਹੁਣ ਸਮਝੀਏ, ਤੇ ਗੈਰ ਜਜ਼ਬਾਤੀ ਹੋ ਕੇ ਆਮ ਵਾਕਿਫ਼ਾਂ ਵਾਂਗ ਮਿਲਿਆ ਕਰੀਏ। ਇਸ ਤਰ੍ਹਾਂ ਕਰਨ ਨਾਲ ਸੌਖਾ ਹੋ ਸਕਦਾ ਸੀ ਜੇ ਡਾਕਟਰ ਬੇਟਾ ਕਮਲਾ ਬੇਟੀ ਨਾਲ ਸ਼ਾਦੀ ਕਰ ਲੈਂਦਾ ਪਰ ਉਹ ਤਾਂ ਉਹਨੂੰ ਭੈਣਾਂ ਵਾਂਗੂ ਮੰਨਦਾ ਸੀ।
ਇਕ ਗੱਲ ਹੋਰ ਸੀ ਕਿ ਉਹ ਉਕਾ ਸਮਝ ਨਹੀਂ ਸੀ ਰਿਹਾ। ਮੈਂ ਚਾਹੁੰਦੀ ਸੀ ਪਈ ਉਹ ਹਰ ਸ਼ਾਮ ਨਾ ਆਇਆ ਕਰੇ। ਜ਼ਿੰਦਗੀ ਦਾ ਕੁਝ ਹਿੱਸਾ ਤਾਂ ਮੈਂ ਆਪਣੀ ਮਰਜ਼ੀ ਨਾਲ ਗੁਜ਼ਾਰ ਸਕਾਂ।
ਉਹਨੇ ਤਾਂ ਮੇਰਾ ਪਲ ਪਲ ਗ੍ਰੱਸ ਲਿਆ ਸੀ। ਹੌਲੀ ਹੌਲੀ ਜ਼ਰਾ ਰੁਕ ਰੁਕ ਕੇ, ਦੂਜੇ ਦੇ ਚਿਹਰੇ ਵੱਲ ਵੇਖਦਿਆਂ, ਦੋ ਉਂਗਲਾਂ ਉਠਾ ਕੇ ਗੱਲ ਕਰਨ ਦਾ ਉਹ ਅੰਦਾਜ਼ ਪੂਰੀ ਤਰ੍ਹਾਂ ਮੇਰੇ 'ਤੇ ਅਸਵਾਰ ਹੋ ਗਿਆ ਸੀ। ਉਹਦਾ ਸਾਰਾ ਵਜੂਦ ਮੇਰੇ ਵਜੂਦ 'ਤੇ ਫੈਲ ਗਿਆ ਸੀ। ਕਦੇ ਕਦੇ ਲੱਗਦਾ ਮੈਂ ਲੱਭਾਂ ਪਈ ਮੇਰਾ ਵਜੂਦ ਕਿੱਥੇ ਹੈ?
ਮੈਂ ਉਹਨੂੰ ਸਮਝਾ ਕੇ ਚਲੀ ਗਈ।
ਉਹ ਤਿੰਨਾਂ ਦਿਨਾਂ ਬਾਦ ਫੇਰ ਆ ਗਿਆ। ਬੂਹੇ ਅੱਗੇ ਖਲੋ ਕੇ ਕਹਿੰਦਾ, ਮੈਂ ਫਿਰ ਆ ਗਿਆਂ।
ਮੈਂ ਆਖਿਆ ਮੈਨੂੰ ਪਤਾ ਸੀ ਪਈ ਤੈਂ ਆਉਣੈਂ। ਤੈਥੋਂ ਆ ਹੋ ਜਾਣੈ।
ਉਹ ਸਾਹਮਣੀ ਕੁਰਸੀ 'ਤੇ ਬਹਿ ਗਿਆ। ਮੈਂ ਚੁੱਪ ਰਹੀ। ਉਹਦੇ ਵੱਲ ਵੇਖਿਆ ਵੀ ਨਾ।
ਸਿਗਰਟ ਲਾਉਂਦਾ ਉਹ ਬੋਲਿਆ, ਮੈਂ ਛੇਤੀ ਚਲਿਆ ਜਾਵਾਂਗਾ। ਦਸ ਮਿੰਟ ਬੈਠਾਂਗਾ, ਸਿਰਫ਼ ਦਸ ਮਿੰਟ। ਮੈਨੂੰ ਪਾਣੀ ਤਾਂ ਪਿਆ ਦੇ।
ਕੀ ਇਹੀ ਉਹ ਸ਼ਖਸ ਏ ਜੀਹਨੂੰ ਦੇਖਦਿਆਂ ਹੀ ਮੈਂ ਆਪਣਾ ਸਭ ਕੁਝ ਸਮਰਪਣ ਕਰ ਦਿੰਦੀ ਸੀ। ਉਹੀ ਮੈਥੋਂ ਪਾਣੀ ਮੰਗ ਰਿਹਾ ਸੀ। ਇਹ ਸਾਡੇ ਵਿਚਕਾਰ ਮੁਹੱਬਤ ਦਾ ਰਿਸ਼ਤਾ ਸੀ ਜਾਂ ਨਫਰਤ ਦਾ। ਸਮਝ ਨਹੀਂ ਸੀ ਪੈਂਦੀ।
ਪਾਣੀ ਲੈਣ ਗਈ ਮੈਂ ਕਿਚਨ ਵਿਚ ਰੋ ਪਈ।
ਪਾਣੀ ਲੈ ਕੇ ਆਈ ਤਾਂ ਉਹ ਜਾ ਚੁੱਕਾ ਸੀ। ਕਿੰਨਾ ਹੱਸਾਸ ਸੀ ਉਹ। ਮੇਰਾ ਚਿਹਰਾ ਦੇਖ ਕੇ ਸਭ ਕੁਝ ਸਮਝ ਜਾਂਦਾ ਸੀ।
ਵਿਨੋਦ ਹਾਊਸ ਸਰਜਨ ਬਣ ਗਿਆ ਸੀ। ਉਹ ਘਰ ਵਿਚ ਮਰੀਜਾਂ ਨੂੰ ਦੇਖਣ ਵੀ ਲੱਗ ਪਿਆ ਸੀ। ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ। ਮੈਂ ਪ੍ਰੀਮੈਚਿਓਰ ਰੀਟਾਇਰਮੈਂਟ ਲੈ ਲਈ ਸੀ। ਕੋਠੀ ਵਿਚ ਆਮ ਲੋਕਾਂ ਦਾ ਆਉਣਾ-ਜਾਣਾ ਹੋ ਗਿਆ ਸੀ। ਮੈਂ ਵਿਹਲੀ ਹੁੰਦੀ, ਮੇਰੇ ਕੋਲ ਗੁਆਂਢੀ ਔਰਤਾਂ ਆਉਣ ਲੱਗ ਪਈਆਂ ਸਨ।
ਇਕ ਸ਼ਾਮ ਪ੍ਰੋਫੈਸਰ ਲੜਖੜਾਉਂਦਾ ਹੋਇਆ ਸਿੱਧਾ ਮੇਰੇ ਕਮਰੇ ਵਿਚ ਆ ਗਿਆ। ਡਾਕਟਰ ਆਪਣੇ ਕਮਰੇ ਵਿਚ ਮਰੀਜ ਨੂੰ ਦੇਖ ਰਿਹਾ ਸੀ। ਭੈਣ ਜੀ ਵਰਾਂਡੇ ਵਿਚ ਬੈਠੀ ਸੀ। ਉਨ੍ਹਾਂ ਦੇ ਕੋਲ ਬੈਠੀ ਰੁਕਮਣੀ ਸਬਜ਼ੀ ਚੀਰ ਰਹੀ ਸੀ।
ਕੁਰਸੀ 'ਤੇ ਬੈਠਾ ਉਹ ਅੱਖਾਂ ਟੱਡ ਕੇ ਮੈਨੂੰ ਇਸ ਤਰ੍ਹਾਂ ਦੇਖੀ ਜਾ ਰਿਹਾ ਸੀ ਜਿਵੇਂ ਪਾਗਲ ਹੋਵੇ। ਉਹਦੇ ਬੁੱਲ੍ਹ ਹਿਲਦੇ ਸਨ। ਉਹ ਕੁਝ ਕਹਿਣਾ ਚਾਹੁੰਦਾ ਸੀ, ਪਰ ਕੁਝ ਬੋਲ ਨਹੀਂ ਸੀ ਹੁੰਦਾ। ਹੌਲੀ ਹੌਲੀ ਉਹਦੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਤੇ ਉਹ ਕੁਰਸੀ 'ਤੇ ਡਿੱਗ ਪਿਆ।
ਅਸੀਂ ਸਾਰਿਆਂ ਉਹਨੂੰ ਚੁੱਕਿਆ। ਡਾਕਟਰ ਨੇ ਕੋਈ ਇੰਜੈਕਸ਼ਨ ਦਿੱਤਾ। ਜਦ ਹੋਸ਼ ਆਈ ਤਾਂ ਰਿਕਸ਼ੇ 'ਚ ਬਹਾ ਕੇ ਘਰ ਭੇਜ ਦਿੱਤਾ। ਕਿੰਨਾ ਚਿਰ ਮੈਂ ਸੋਚਦੀ ਰਹੀ ਪਈ ਡਾਕਟਰ ਬੇਟੇ ਨੇ ਕੀ ਸੋਚਿਆ ਹੋਵੇਗਾ, ਜਦ ਉਹਨੇ ਬੇਸੁਰਤੀ 'ਚ ਮੇਰੀ ਸਾੜੀ ਦਾ ਲੜ ਘੁੱਟ ਕੇ ਫੜ ਲਿਆ ਸੀ ਤੇ ਅਸੀਂ ਮਸੀਂ ਛੁਡਾਇਆ ਸੀ। ਫੇਰ ਜਦ ਉਹਨੇ ਕਿਹਾ ਸੀ, ਪ੍ਰਿੰਸੀਪਲ ਮੈਨੂੰ ਮਾਰ ਦੇ। ਮਾਰ ਦੇ ਮੈਨੂੰ।
ਉਸੇ ਰਾਤ ਮੈਂ ਪੱਕਾ ਫ਼ੈਸਲਾ ਕਰ ਲਿਆ ਕਿ ਖੁਦਕੁਸ਼ੀ ਕਰ ਲੈਣੀ ਏ। ਮੈਂ ਸ਼ਵੇਤਾਂਬਰ ਦੀ ਇਕ ਵੀ ਗੱਲ ਮੰਨਣੋਂ ਨਾਂਹ ਕਰ ਦਿੱਤੀ। ਸ਼ਵੇਤਾਂਬਰ, ਸ਼ਵੇਤਾਂਬਰ, ਸ਼ਵੇਤਾਂਬਰ ਮੈਂ ਉਹਦੀਆਂ ਨਸੀਹਤਾਂ ਤੋਂ ਆਜਜ਼ ਆ ਚੁੱਕੀ ਸੀ।
ਉਸੇ ਰਾਤ ਮੈਂ ਡਾਕਟਰ ਦੀ ਅਲਮਾਰੀ ਵਿਚੋਂ ਉਹ ਦਵਾਈ ਕੱਢ ਲਈ ਸੀ।
ਪ੍ਰੋਫੈਸਰ ਸ਼ਾਮ ਨੂੰ ਆਇਆ ਤਾਂ ਮੈਥੋਂ ਉਹ ਸਭ ਕੁਝ ਹੋਈ ਗਿਆ, ਜਿਹਨੂੰ ਮੈਂ ਅਸੰਭਵ ਸਮਝਦੀ ਸੀ। ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਨਾ ਮੇਰੇ ਵੱਸ ਵਿਚ ਸੀ, ਨਾ ਪ੍ਰੋਫੈਸਰ ਦੇ ਤੇ ਨਾ ਹੀ ਸ਼ਵੇਤਾਂਬਰ ਦੇ।
ਹੁਣ ਸੋਚਦੀ ਹਾਂ, ਉਹ ਤਾਂ ਹੱਡ ਛੁੜਾ ਗਿਆ, ਮੈਂ ਰਹਿ ਗਈ ਇਸ ਦੋਜ਼ਖ਼ ਦੀ ਅੱਗ ਵਿਚ ਜਲਣ ਨੂੰ।
ਜਿਸ ਦਿਨ ਅੰਤਿਮ ਸ਼ੋਕ ਦਿਵਸ ਸੀ, ਮੈਂ ਬਾਥ ਰੂਮ ਵਿਚ ਤਿਲਕ ਕੇ ਡਿੱਗ ਪਈ ਸੀ। ਚੂਲੇ ਦੀ ਹੱਡੀ ਟੁੱਟ ਗਈ ਸੀ ਦੋ ਥਾਂਵਾਂ ਤੋਂ। ਤਦ ਤੋਂ ਵਸਾਖੀ ਬਗਲ ਵਿਚ ਰਹਿਣ ਲੱਗ ਪਈ ਸੀ।
ਲਗਿਆ ਤਾਂ ਇਸ ਤਰ੍ਹਾਂ ਸੀ ਜਿਵੇਂ ਬਾਥਰੂਮ ਵਿਚ ਮੈਨੂੰ ਚੱਕਰ ਆਇਆ ਸੀ ਪਰ ਬਾਅਦ ਵਿਚ ਹੋਸ਼ ਆਉਣ ਉਤੇ ਮਹਿਸੂਸ ਹੋਇਆ ਕਿ ਮੈਨੂੰ ਤਾਂ ਕਿਸੇ ਨੇ ਉਸ ਵੇਲੇ ਧੱਕਾ ਦਿੱਤਾ ਸੀ, ਜਦ ਮੈਂ ਉਹਦਾ ਦਿੱਤਾ ਮੁਸ਼ਕੇ-ਨਾਫਾ ਵਾਲਾ ਰੁਮਾਲ ਕੱਢ ਕੇ ਸੁੰਘ ਕੇ ਚੁੰਮ ਕੇ ਫੇਰ ਉਵੇਂ ਲਪੇਟ ਕੇ ਜੇਬ ਵਿਚ ਪਾ ਕੇ ਬਾਹਰ ਨਿਕਲਣ ਲਈ ਕੁੰਡੀ ਖੋਹਲੀ ਸੀ। ਜਾਂ ਸ਼ਾਇਦ ਉਹ ਧੱਕਾ ਸ਼ਵੇਤਾਂਬਰ ਨੇ ਦਿੱਤਾ ਸੀ। ਤੇ ਸ਼ਾਇਦ ਕਿਹਾ ਸੀ, ਤੇਰਾ ਇਹੀ ਹਸ਼ਰ ਹੋਣਾ ਸੀ।

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ