Sone Di Chunjh (Punjabi Story) : Bhag Singh Jiwan Sathi

ਸੋਨੇ ਦੀ ਚੁੰਝ (ਕਹਾਣੀ) : ਭਾਗ ਸਿੰਘ ਜੀਵਨ ਸਾਥੀ

ਹਰੀ ਸਿੰਘ ਨੇ ਖੇਤ ਨੂੰ ਘਰ ਬਣਾ ਛਡਿਆ। ਮਜਾਲ ਹੈ, ਜੇ 'ਦਰਵਾਜੇ' ਅਗੇ ਬੈਠੇ ਹਾਣੀ-ਗਭਰੂਆਂ ਪਾਸ ਬੈਠਣ ਦੀ ਸੌਂਹ ਭੰਨੇ। ਚਾਰਾ ਘਰੇ ਸੁਟਦਿਆਂ-ਸਾਰ ਖੇਤ ਨੂੰ ਮੁੜ ਪੈਂਦਾ। ਇਸ ਦੀ ਮਾਤਾ ਨਰੈਣ ਕੌਰ ਮੱਥਾ ਮਾਰ ਦੀ ਹੰਭ ਗਈ, ਕਿ ਹੋਰ ਨਹੀਂ ਤਾਂ ਰੋਟੀ ਦੀਆਂ ਦੋ ਗਰਾਹੀਆਂ ਤਾਂ ਘਰੇ ਬੈਠ ਖਾ ਲਿਆ ਕਰੇ। ਪਰ ਹਰੀ ਸਿੰਘ ਕੀ ਤੇ ਘਰ ਬੈਠ ਰੋਟੀ ਖਾਣੀ ਕੀ? ਲਵੇਰੀ ਗਊ ਕਰ ਕੇ ਹਰੇ ਪਠੇ ਘਰ ਸੁਟੇ ਬਿਨਾਂ ਸਰਦਾ ਨਹੀਂ ਸੀ, ਨਹੀਂ ਤਾਂ ਇਹ ਕਿਆਰੇ ਚੋਂ ਪੈਰ ਕਢਣ ਦਾ ਨਾਮ ਕਿਹੜਾ ਲਵੇ। ਘਰ ਦੀ ਕੋਈ ਸਲਾਹ ਕਰਨ ਸਮੇਂ ਮਾਈ ਨਰੈਣ ਕੌਰ ਤੇ ਬਿਰਧ ਉਤਮ ਸਿੰਘ ਨੂੰ ਇਸ ਪਾਸ ਹੀ ਡੂਮਨੀ ਵਾਲੇ ਖੇਤ ਅਪੜਨਾ ਪੈਂਦਾ।
ਦਿਨ ਰਾਤ ਕਰੀ ਕਮਾਈ ਭੀ ਘਰ ਦੀ ਗਰੀਬੀ ਦੂਰ ਨਾ ਕਰ ਸਕੀ। ਗਰੀਬੀ ਦੂਰ ਹੋਵੇ ਕਿਕਨ, ਜਦ ਬੁਹਲ ਦੇ ਲਗਦੇ ਹੀ ਬਿਸਵੇਦਾਰ ਅਛਰ ਸਿੰਘ ਤੀਜਾ ਹਿਸਾ ਤਾਂ ਬਿਸਵੇਦਾਰੀ ਦਾ ਵੰਡ ਕੇ ਲੈ ਜਾਵੇ। ਬਚੇ ਦੋ ਹਿਸਿਆਂ ਵਿਚੋਂ ਪਟਵਾਰੀ, ਚੌਂਕੀਦਾਰਾਂ, ਆਏ ਗਏ ਅਫਸਰਾਂ ਦੇ ਖਰਚਾਂ, ਖੂਹ, ਧਰਮਸਾਲ ਤੇ ਲਾਗੀਆਂ ਦੇ ਹਿਸੇ ਦਾ ਨਾਮ ਦਸ ਅੱਧ ਸੋਬਤੀ ਹੋਰ ਘਟ ਜਾਂਦਾ।

ਤੀਜਾ ਹਿਸਾ ਦੇਂਦਾ ਤਾਂ ਹਰੀ ਸਿੰਘ ਵਧ ਔਖਾ ਸਾਹ ਨਾ ਲੈਂਦਾ, ਸਮਝਦਾ ਇਹ ਤਾਂ ਮੁਜ਼ਾਰੇ ਦਾ ਜਨਮ ਕਰਮ ਹੈ। ਮੁਜ਼ਾਰਾ ਬਨੀਦਾਂ ਈ ਹੈ ਆਪਣੇ ਤੇ ਜੁਆਕਾਂ ਦੇ ਹਥੋਂ ਦੁਧ ਘਿਉ ਖੋਹ ਵੇਹਲੜ ਇਲਤੀਆਂ ਦੇ ਢਿਡਾਂ ਵਿਚ ਘੜੀ ਮੁੜੀ ਭਰਨ ਖਾਤਰ। ਪਰ ਅਫਸਰ ਤੇ ਚੌਕੀਦਾਰ ਸਾਡੇ ਮੁਜ਼ਾਰਿਆਂ ਦਾ ਸੁਆਰ ਦੇ ਕੀ ਹਨ? ਸਾਡੀ ਕਿਸ ਭਲਾਈ ਬਦਲੇ ਸਾਡੇ ਸਿਰਾਂ ਤੋਂ ਹੀ ਇਹਨਾਂ ਨੂੰ ਸ਼ਰਾਬ ਪਿਆਈ ਤੇ ਮੁਰਗੇ ਖੁਆਏ ਜਾ ਰਹੇ ਹਨ? ਭੁਲ ਭੁਲੇਖੇ ਕਦੇ ਕਿਸੇ ਅਫਸਰਾਂ ਨੂੰ ਸਾਡੇ ਵਿਚੋਂ ਕੋਈ ਸ਼ਹਿਰ ਦੇ ਖਦਰ ਪੋਸ਼ੀਏ (ਕਾਂਗਰਸੀ) ਦੀਆਂ ਸੁਣ ਕਹਿ ਦੇਵੇ ਕਿ ਹਜ਼ੂਰ ਬਿਸਵੇਦਾਰ ਸਾਡੀਆਂ ਮੁਟਿਆਰ ਧੀਆਂ ਨੂੰ ਮਖੌਲ ਕਰਨੋ ਨਹੀਂ ਟਲਦੇ। ਤਦ ਕਹਿਣ ਵਾਲੇ ਨੂੰ ਹੀ ਹੱਡ ਭੰਨਾਣੇ ਪੈਂਦੇ ਨੇ। ਰਬ ਦਾ ਗਜ਼ਬ ਹੀ ਨਾ "ਸਾਡੀਆਂ ਜੁਤੀਆਂ ਸਾਡੇ ਹੀ ਸਿਰੇ" ਇਹੀ ਗਲ ਲਾਗੀਆਂ ਦੀ ਹੈ। ਕੰਮ ਤਾਂ ਸਾਰਾ ਦਿਨ ਬਿਸਵੇਦਾਰ ਦਾ ਕਰਦੇ ਨੇ। ਪਰ ਖਾਂਦੇ ਸਾਡੀ ਹੀ ਰਹੀ ਖੂਹੀ ਚੰਮੜੀ ਉਧੇੜ। ਇਹ ਡੰਡ ਸਾਨੂੰ ਵਾਧੂ ਹੀ ਹੋਰ ਭਰਨੇ ਪੈਂਦੇ ਹਨ।
ਇਹਨਾਂ ਖਿਆਲਾਂ ਦੇ ਦੁਖਾਂ ਵਿਚ ਹੌਕਦੇ ਕਈ ਵੇਰ ਹਰੀ ਸਿੰਘ ਨੇ ਇਰਾਦ ਬਨਾਇਆ ਕਿ ਦੇਸ ਪਰਦੇਸ ਜਾ ਮਾੜ ਮੋਟ ਨੌਕਰੀ ਕਰ ਲਵੇ। ਹੋਰ ਨਹੀਂ ਤਾਂ ਸ਼ਹਿਰ ਚਲ ਦਿਹਾੜੀ ਦਪਾ ਹੀ ਕਰੀ ਲਵਾਂ। ਬਿਸਵੇਦਾਰ ਦੀਆਂ ਹਦੋਂ ਵਧ ਲੁਟਾਂ ਤੇ ਅਕੇਵਿਆਂ ਤੋਂ ਖਾਲਸੀ ਤਾਂ ਛੁਟੇਗੀ। ਪਰ ਫਿਰ ਸੋਚਦਾ ਕਿ ਅਗੇ ਇਕ ਭਰਾ ਤਾਂ ਗਿਆ ਹੀ ਹੋਇਆ ਹੈ। ਮੈਂ ਚਲਾ ਗਿਆ ਤਾਂ ਬਿਰਧ ਮਾਂ ਪਿਓ ਨੂੰ ਔਖ ਵੇਲੇ ਠੰਡਾ ਤੱਤਾ ਹੋਰ ਕੌਣ ਦੇਵੇਗਾ? ਦੂਜੇ ਹਰਬੰਸੋ ਮੁਟਿਆਰ ਹੋ ਰਹੀ ਹੈ। ਜੁਆਨ ਭੈਣ ਨੂੰ ਛਡ ਕੇ ਕਿਵੇਂ ਜਾ ਸਕਦਾ ਆਂ?

ਅਗੇ ਤਾਂ ਔਖੇ ਸੌਖੇ ਦਿਨ ਨਿਭਦੇ ਹੀ ਜਾ ਰਹੇ ਸਨ ਪਰ ਇਸ ਵੇਰ ਸੌਣ ਤੇ ਭਾਦੋਂ ਸੁਕਾ ਟਪਨ ਨਾਲ ਲਾਣੇ ਵਾਲੇ ਚੀਕਨ ਲਗ ਪਏ। ਹਰੀ ਸਿੰਘ ਨੇ ਤਾਂ ਡੌਰ ਭੌਰ ਹੋ ਆਸੇ ਪਾਸੇ ਤਕਨਾ ਹੀ ਸੀ। ਤੇਰੇ ਮੇਰੇ ਪਾਸੋਂ ਭਰਾ ਗੁਰਦਿੱਤ ਸਿੰਘ ਦਾ ਪਤਾ ਕਰ ਤੇ ਉਸ ਦਾ ਚੰਗਾ ਕੰਮ ਚਲਿਆ ਸੁਣ ਉਸ ਨੂੰ ਚਿਠੀ 'ਚ ਲਿਖਿਆ ਕਿ 'ਭਰਾਵਾ' ਘਰ ਦੀ ਹਾਲਤ ਤੇਰੇ ਪਾਸੋਂ ਕਿਹੜਾ ਗੁਝੀ ਹੈ। ਤੈਨੂੰ ਔਖ ਨਹੀਂ ਦੇਣੀ ਚਾਹੁੰਦਾ ਸਾਂ। ਪਰ ਕੀ ਕੀਤਾ ਜਾਵੇ। ਇਸ ਵੇਰ ਸੌਣੀ ਬੀਜੀ ਹੀ ਨਹੀਂ ਗਈ। ਸੋਕੇੜੇ ਨੇ ਰੁਖਾਂ ਦੇ ਪਤੇ ਭੀ ਹਰੇ ਨਹੀਂ ਛਡੇ। ਸੁਣਿਆਂ ਏ ਤੇਰੇ ਪਾਸ ਚਾਰ ਛਿਲੜ ਸੁਖ ਨਾਲ ਜੁੜ ਗਏ ਨੇ। ਵਧੇਰੇ ਨਾ ਸਹੀ ਬਿਰਧਾਂ ਦੇ ਦੋ ਮਹੀਨੇ ਕਟਨ ਗੋਚਰੇ ਰੁਪਏ ਜ਼ਰੂਰ ਭੇਜ।

ਪਿੰਡ ਤਾਂ ਕੀ ਹੋਣਾ ਸੀ, ਡਾਕਖਾਨਾ ਬਠਿੰਡੇ ਤੋਂ ਉਰੇ ਤਿਨਾਂ ਪਿੰਡਾਂ ਵਿਚ ਭੀ ਨਹੀਂ ਸੀ। ਮੀਲ ਦੋ ਮੀਲ ਹੀ ਨਹੀਂ ਉਠਾਂ ਦੀਆਂ ਸੱਤ ਕੋਹਾਂ ਪਿੰਡੋਂ ਬਠਿੰਡਾ ਸੀ। ਚਿਠੀ-ਰਸਾਇਨ ਦੀ ਸਵੱਲੀ ਨਿਗ੍ਹਾ ਹੋ ਜਾਏ ਤਾਂ ਸਤਵੇਂ ਦਿਨ ਅਮਰ-ਗੜ੍ਹ ਫੇਰੀ ਪਾ ਜਾਂਦਾ ਨਹੀਂ ਤਾਂ ਪੰਦਰਾਂ ਦਿਨਾਂ ਤੋਂ ਪਹਿਲੇ ਘਟ ਹੀ ਵਖਾਲੀ ਦੇਂਦਾ ਸੀ। ਲਾਗੇ ਦੇ ਪਿੰਡੀਂ ਤਾਂ ਆ ਹੀ ਜਾਂਦਾ ਭੁਲਿਆ ਚੁਕਿਆ ਪਰ ਅਮਰ-ਗੜ੍ਹ ਲਈ ਤਾਂ ਚਿੱਠੀ-ਰਸਾਇਣ ਈਦ ਦਾ ਚੰਨ ਬਣਿਆ ਹੋਇਆ ਸੀ। ਵਧੇਰੇ ਇਸ ਲਈ ਕਿ ਬਿਸਵੇਦਾਰ ਅਛਰ ਸਿੰਘ ਦੀ ਡਾਕ ਉਸ ਦਾ ਆਦਮੀ ਬਠਿੰਡੇ ਗਿਆ ਦੂਏ ਤੀਏ ਦਿਨ ਫੜੀ ਆਂਦਾ, ਸੋ ਗਿਆਨ ਚੰਦ ਚਿਠੀ-ਰਸਾਇਣ ਇਸ ਪਾਸੇ ਕਈ ਸਾਤੇ ਧਿਆਨ ਨਾ ਦਿੰਦਾ। ਜਿਸ ਪਿੰਡ ਮੁਜ਼ਾਰੇ ਹਨ ਉਥੇ ਉਹ ਸਮਝਦਾ ਸੀ ਬਿਸਵੇਦਾਰ ਤੋਂ ਬਿਨਾ ਹੋਰ ਦੀ ਚਿਠੀ ਨਾ ਦਿਤੀ ਤਾਂ ਕੋਈ ਗੱਲ ਨਹੀਂ।

ਇਸ ਗਲ ਨੂੰ ਹਰੀ ਸਿੰਘ ਭੀ ਸਮਝਦਾ ਸੀ। ਇਸ ਖਾਤਰ ਉਹ ਹਲ-ਛਡਦੇ ਸਾਰ ਨਿਤ ਤਿਖੜ ਦੁਪਹਿਰੇ ਬਠਿੰਡੇ ਜਾਂਦਾ। ਭਲਾ ਗੁਰਦਿਤੇ ਦਆਂ ਭੇਜੀਆਂ ਚਾਰ ਕੌਡਾਂ ਵੇਲੇ ਸਿਰ ਮਿਲ ਜਾਣ ਤਾਂ ਕੁਝ ਸਾਵਲੇ ਡੰਗ ਟੱਪ ਜਾਣ। ਪੰਦਰਾਂ ਦਿਨ ਨਿਤ ਨਰਾਸ ਹੋ ਮੁੜ ਆਂਦਾ, ਜਦ ਡਾਕਖਾਨੇ ਵਾਲੇ ਬੋਲਦੇ ਕਿ ਹਰੀ ਸਿੰਘ ਨਾਮ ਦੀ ਕੋਈ ਚਿਠੀ ਜਾਂ ਮਨੀਆਡਰ ਨਹੀਂ ਆਇਆ ਤਦ ਪਿੰਡ ਵਲ ਮੂੰਹ ਕਰਦਾ ਆਪ ਮੁਹਾਰਾ ਬੋਲਣ ਲਗ ਜਾਂਦਾ 'ਸ਼ਹਿਰ ਦੀ ਸਕੀਰੀ ਨਾਲੋਂ ਪੁਹਏ ਪਿੰਡ ਦੀ ਜਾਣ ਪਹਿਚਾਣ ਕਰੋੜਾਂ ਗੁਣੇ ਚੰਗੀ ਹੁੰਦੀ ਹੈ। ਅਸੀਂ ਹੁਣ ਗੁਰਦਿਤੇ ਦੇ ਕੀ ਲਗਦੇ ਹਾਂ? ਉਹ ਬਣ ਗਿਆ ਨਾ ਸ਼ਹਿਰੀਆ। ਫਿਰ ਬੰਬਈ ਵਰਗੇ ਵਲਾਇਤੀ ਸ਼ਹਿਰ ਦਾ।'
ਦੂਜੇ ਦਿਨ ਮੁੜ ਡਾਕਖਾਨੇ ਨਾ ਆਣ ਦੀ ਸੌਂਹ ਖਾ ਬਠਿੰਡੇ ਤੋਂ ਘਰ ਵਲ ਮੁੜਦਾ ਪਰ ਦੂਜੇ ਦਿਨ ਹਲ ਛਡ ਕੇ ਖਾਦੀ ਸੌਂਹ ਨੂੰ ਕੰਧ ਵਾਂਗ ਅਗੇ ਖੜੀ ਮੰਨ ਬਠਿੰਡੇ ਵਲ ਟੁਰਨੋ ਨਾ ਰਹਿ ਸਕਦਾ, ਸੋਚਦਾ ਅਜ ਦਾ ਦਿਨ ਹੋਰ ਵੇਖ ਲਵਾਂ।
ਇਸੇ ਅਜ ਦੇ ਦਿਨ ਦੀ ਵੇਖ ਵਿਖਾਈ ਵਿਚ ਬਾਈਵੇਂ ਦਿਨ ਬਾਬੂ ਨੇ ਇਕ ਲਫਾਫਾ ਦਿਤਾ ਜਿਸ ਨੂੰ ਵੇਖ ਕੇ ਹਰੀ ਸਿੰਘ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਲਫਾਫਾ ਖੋਲਿਆ ਤਾਂ ਲਫਾਫੇ ਦੇ ਵਾਂਗ ਬੜੇ ਸੁਹਣੇ ਕਾਗ਼ਜ਼ ਤੇ ਗੁਰਮੁਖੀ ਵਿਚ ਲਿਖਿਆ ਸੀ।

ਆਂਨਾ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਅਪਨੀ ਦੁਨੀਆਂ ਨਵੀਂ ਬਨਾਨਾ ਆਂ
ਜ਼ੇਰਾ ਕਰ ਠਹਿਰ ਕੇ ਆਨਾਂ ਆਂ।
...............
ਜਿਨ੍ਹਾਂ ਦੁਖਾਂ ਨਾਲ ਪਾਲਿਆ ਤੁਸੀਂ,
ਮਿਟੀਉਂ ਸੋਨਾ ਕਰ ਵਿਖਾਲਿਆ ਤੁਸੀਂ,
ਭਰੂੰ ਉਨ੍ਹਾਂ ਦੇ ਹਰਜਾਨਾ ਆਂ,
ਆਨਾ ਆਂ..... .....

ਹੌਕਾ ਭਰ ਚਿਠੀ ਨੂੰ ਕੁੜਤੇ ਦੇ ਖੀਸੇ ਵਿਚ ਪਾਉਂਦਾ ਪਿੰਡ ਵਲ ਮੁੜ ਪਿਆ। ਸਾਰੇ ਰਾਹ ਵਿਚ ਘੜੀ ਮੁੜੀ ਇਹੋ ਸੋਚਦਾ ਆਵੇ, 'ਮਨੁਖ ਹਦੋਂ ਵਧ ਗਿਰ ਗਿਆ ਹੈ। ਜਦ ਇਹ ਆਪਣੇ ਮਾਂ-ਪਿਓ ਦੇ ਦੁਖ ਵਲੋਂ ਲਾਪ੍ਰਵਾਹ ਹੋ ਐਸ਼-ਪਰਸਤੀ ਤੇ ਰੁਪਏ ਜੋੜਨ ਵਿਚ ਰੁਝਾ ਰਹਿੰਦਾ ਹੈ ਤਦ ਇਹ ਹੋਰ ਕਿਸੇ ਦਾ ਸਕਾ ਕਿਵੇਂ ਬਣ ਸਕਦਾ ਹੈ? ਕੀ ਗੁਰਦਿਤਾ ਏਡੀ ਛੇਤੀ ਹੀ ਸਭ ਕੁਝ ਭੁਲ ਗਿਆ? ਮੈਂ ਤਾਂ ਉਸ ਨੂੰ ਦਸ ਜਮਾਤਾਂ ਮੰਗ ਪਿੰਨ ਕੇ ਪੜ੍ਹਾਇਆ, ਉਸ ਬਦਲੇ ਮਾਸਟਰ ਦੇ ਤਰਲੇ ਕਢਦੇ ਦਾ ਮੂੰਹ ਭੀ ਘਸ ਗਿਆ ਹੈ।'
ਇਨ੍ਹਾਂ ਸੋਚਾਂ ਵਿਚ ਡੱਬਾ ਘਰ ਅਪੜਿਆ, ਚਿਠੀ ਦੀ ਵਾਰਤਾ ਮਾਂ ਪਿਉ ਨੂੰ ਸੁਣਾਈ। ਸਾਰੇ ਸੁਣ, ਅਧਮੋਏ ਹੋ, ਇਕ ਦੂਜੇ ਵਲ ਬਿਟ ਬਿਟ ਤੱਕਣ ਲੱਗ ਪਏ, ਪਰ ਹਰਬੰਸ ਕੌਰ ਕਰਾਰੀ ਹੋ ਕੇ ਬੋਲ ਪਈ, 'ਬਾਈ ਹਰੀ ਸਿਆਂ! ਤਕੜਾ ਹੋ, ਵਾਹਿਗੁਰੂ ਤੇਰੀ ਕਮਾਈ ਵਿਚ ਬਰਕਤ ਪਾਏ। ਬੰਦੇ ਦੀ ਆਸ ਕਹੀ ਕਰਨੀ ਹੈ।'
‘ਕੁੜੇ ਹਰਬੰਸੋ! ਹੋਰ ਤਾਂ ਕੋਈ ਗੱਲ ਨਹੀਂ ਸੀ, ਖਿਆਲ ਸੀ ਗੁਰਦਿਤੇ ਦੀਆਂ ਚਾਰ ਕੌਡਾਂ ਆ ਜਾਂਦੀਆਂ ਤਾਂ ਮਾਂ ਜੀ ਨੂੰ ਦੋ ਸੇਰ ਘਿਓ ਪਾ ਆਟਾ ਭੁੰਨਾ ਲੈਂਦੇ, ਹਡ ਤਕੜੇ ਹੋ ਜਾਂਦੇ। ਮੌਕੇ ਦੇ ਦਸ ਰੁਪਏ ਲਖ ਵਰਗੇ ਤੇ ਬੇ-ਮੌਕੇ ਲਖਾਂ ਦਾ ਕਾਣੀ ਕੌਡੀ ਜਿੰਨਾ ਭੀ ਅਰਥ ਨਹੀਂ ਹੁੰਦਾ।'
ਅਜੇਹੀਆਂ ਗੱਲਾਂ ਕਰਦਾ ਹਰੀ ਸਿੰਘ ਖੇਤ ਨੂੰ ਟੁਰ ਗਿਆ। ਦਿਨ ਹੋਰ ਤੰਗ ਹੁੰਦੇ ਗਏ। ਗ਼ਰੀਬੀ ਦੇ ਨਾਲ ਬੀਮਾਰੀ ਵੀ ਗਿੱਚੀ ਆ ਮਰੋੜਦੀ ਹੈ। ਇਹੋ ਗੱਲ ਹਰੀ ਸਿੰਘ ਦੇ ਘਰ ਨਾਲ ਹੋਈ। ਇਸੇ ਗਲੋਂ ਹਰੀ ਸਿੰਘ ਡਰਦਾ ਸੀ। ਉਸ ਦੀ ਮਾਈ ਨਰੈਣ ਕੌਰ ਨੂੰ ਮਰੋੜ ਲੱਗ ਗਏ। ਬਥੇਰੀ ਦੁਆ ਦਾਰੂ ਕਰਾਈ, ਰਤੀ ਮੋੜ ਨਾ ਦਿਸਿਆ।

ਤੂੰ ਮੈਂ ਦੀ ਸਲਾਹ ਨਾਲ ਬਠਿੰਡੇ ਡਾਕਟਰ ਸੁੰਦਰ ਲਾਲ ਦੇ ਹਸਪਤਾਲ ਮਾਈ ਨੂੰ ਲੈ ਆਇਆ। ਪਹਿਲੇ ਦਿਨ ਦੀ ਦੁਆਈ ਦੇ ਪੰਜ ਰੁਪਏ ਲਗ ਗਏ। ਬੀਬੀ ਹਰਬੰਸੋ ਬਥੇਰਾ ਕਹੇ, 'ਬਾਈ! ਆਪਣੇ ਪਾਸੋਂ ਨਿਤ ਦਾ ਐਨਾ ਖਰਚ ਨਹੀਂ ਝਲ ਸਕਣਾ, ਸਰਕਾਰੀ ਹਸਪਤਾਲ ਚਲ ਵੜੀਏ।' ਪਰ ਹਰੀ ਸਿੰਘ ਇਹੀ ਬੋਲੇ, 'ਬੀਬੀ! ਤੂੰ ਜੁਆਕੜੀ ਏਂਂ, ਤੈਨੂੰ ਨਹੀਂ ਸੂਹ, ਉਸ ਹਸਪਤਾਲ ਵਿਚ ਦਾਲ ਨਹੀਂ ਗਲਣੀ। ਵਡੇ ਢਿਡਾਂ ਵਾਲਿਆਂ ਦੇ ਸਰਕਾਰੀ ਡਾਕਟਰ ਹੁੰਦੇ ਹਨ। ਗਰੀਬਾਂ ਨੂੰ ਤਾਂ ਟਿੰਚਰਾਡੀਨ ਤੇ ਰੰਗਦਾਰ ਜਿਹੇ ਪਾਣੀ ਨਾਲ ਵਰਾ ਦਿੰਦੇ ਹਨ। ਉਹ ਰਿਸ਼ਵਤ ਲਏ ਬਿਨਾਂ ਗੱਲ ਹੀ ਨਹੀਂ ਕਰਦੇ। ਕੰਪੋਡਰ ਤਾਂ ਉਥੋਂ ਦੇ ਮਨੁਖ ਦਾ ਕੱਚਾ ਮਾਸ ਖਾਣੋਂ ਨਹੀਂ ਟਲਦੇ। ਦੁਕਾਨ ਵਾਲਾ ਡਾਕਟਰ ਕਾਂਗਰਸੀ ਹੈ। ਭਾਵੇਂ ਕਾਂਗਰਸ ਰਾਜ ਦੇ ਬਣਦੇ ਸਾਰ ਕਾਂਗਰਸੀ ਭੀ ਗਏ ਗੁਜ਼ਰੇ ਬਣ ਗਏ ਹਨ, ਪਰ ਇਹ ਫੇਰ ਭੀ ਗਰੀਬਾਂ ਨਾਲ ਹਮਦਰਦੀ ਰਖਦਾ ਹੈ।'
ਹਰੀ ਸਿੰਘ ਦੇ ਮਿਠੇ ਤੇ ਮਿਲਣ-ਸਾਰ ਸੁਭਾਓ ਦਾ ਡਾਕਟਰ ਸੁੰਦਰ ਲਾਲ ਤੇ ਉਸ ਦੇ ਕੰਪੋਡਰ ਚਮਨ ਲਾਲ ਤੇ ਬੜਾ ਡਾਢਾ ਅਸਰ ਹੋਇਆ। ਚਮਨ ਲਾਲ ਨੇ ਤਾਂ ਹਰੀ ਸਿੰਘ ਦੀ ਉਹ ਘਾਟ ਹੀ ਪੂਰੀ ਕਰ ਦਿਤੀ ਜਿਹੜੀ ਉਹ ਗੁਰਦਿਤ ਸਿੰਘ ਤੋਂ ਆਸ ਰਖਦਾ ਸੀ।
ਪਰ ਫਿਰ ਵੀ ਦੂਜਾ ਕਿੰਨੀ ਕੁ ਰੁਪਿਆਂ ਦੀ ਮਦਦ ਕਰ ਸਕਦਾ ਹੈ? ਚਮਨ ਲਾਲ ਦੁਆਈ ਦੇ ਵਧ ਨਹੀਂ ਤਾਂ ਸਾਂਵੇ ਤਾਂ ਲਵੇਗਾ ਹੀ ਨਾ। ਉਸ ਨੇ ਵੀ ਡਾਕਟਰ ਸੁੰਦਰ ਲਾਲ ਨੂੰ ਹਿਸਾਬ ਦੇਣਾ ਹੀ ਹੋਇਆ ਨਾ। ਇਹ ਸੋਚ ਗੁਰਦਿਤ ਸਿੰਘ ਨੂੰ ਮਾਈ ਨਰੈਣੀ ਦੀ ਹਾਲਤ ਬਾਰੇ ਹਰੀ ਸਿੰਘ ਨਿਤ ਇਕ ਖਤ ਪਾ ਦੇਂਦਾ। ਹਾਲਤ ਵਧੇਰੇ ਵਿਗੜੀ ਵੇਖ ਇਹ ਭੀ ਲਿਖਿਆ ਕਿ 'ਮਾਂ ਜੀ ਹੁਣ ਬਚਦੇ ਨਹੀਂ ਦਿਸਦੇ, ਆ ਕੇ ਆਖਰੀ ਮੇਲੇ ਹੀ ਕਰ ਜਾ, ਲੋਕ ਸਮੁੰਦਰ ਪਾਰੋਂ ਆ ਜਾਂਦੇ ਨੇ, ਤੂੰ ਤਾਂ ਬੰਬਈ ਹੀ ਹੈਂ।'
ਮਾਈ ਨਰੈਣੀ ਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਬਚ ਨਹੀਂ ਸਕਦੀ। ਹਰੀ ਸਿੰਘ ਨੂੰ ਪਾਸ ਬਠਾ ਕਹਿਣ ਲੱਗੀ, “ਬੱਚਾ, ਤੇਰੇ ਸਦਕੇ ਜਾਵਾਂ, ਤੂੰ ਮੇਰੀ ਬੜੀ ਸੇਵਾ ਕਰ ਰਿਹਾ ਹੈਂ। ਚਾਰ ਚਾਰ ਰੁਪਏ ਦੇ ਫਲਾਂ ਦਾ ਰਸ ਹੀ ਪਿਆਵੇਂ? ਇਸ ਤਰ੍ਹਾਂ ਦਾ ਇਲਾਜ ਤਾਂ ਅਮੀਰ ਕਰਾਂਦੇ ਹਨ। ਬੱਚਿਆ! ਮੈਨੂੰ ਖਬਰ ਨਹੀਂ ਪੈਂਦੀ, ਏਨੇ ਰੁਪਏ ਤੂੰ ਕਿਥੋਂ ਕਢੀ ਜਾਨਾ ਹੈਂ? ਆਣ ਲਗੇ ਪੰਜਾਹ ਰੁਪਏ ਲੈ ਕੇ ਟੁਰੇ ਸਾਂ।'
‘ਮਾਂ ਜੀ ਜੋ ਮਿਲ ਰਿਹਾ ਹੈ ਤੁਹਾਡੀ ਕਿਸਮਤ ਦਾ ਮਿਲ ਰਿਹਾ ਹੈ। ਚਿਟੇ ਕਪੜਿਆਂ ਵਾਲੇ ਜਿਹੜੇ ਭਾਈ ਜੀ ਆਂਦੇ ਨੇ, ਉਹ ਬੜੀ ਸਹਾਇਤਾ ਕਰ ਰਹੇ ਹਨ।'
'ਹਾਂ ਬੱਚਾ! ਬੜੇ ਭਲੇ ਲੋਕ ਹਨ। ਉਹ ਕਿਥੋਂ ਹਨ?'
'ਪਾਕਿਸਤਾਨ ਚੋਂ ਆਏ ਨੇ। ਜ਼ਿਲਾ ਬੰਨੂੰ ਦੇ ਪਠਾਣਾਂ ਦੇ ਦੇਸ ਚੋਂ।' ਹਰੀ ਸਿੰਘ ਨੇ ਕਿਹਾ। 
‘ਪੁਤ ਹਰੀ ਸਿਆਂ! ਮੇਰੀ ਇਕ ਗੱਲ ਮੰਨ।' 
‘ਮਾਂ ਜੀ ! ਇਕ ਕੀ ਸਾਰੀਆਂ ਗੱਲਾਂ ਮੰਨਾਂਗਾਂ।'
'ਮੈਨੂੰ ਪਿੰਡ ਲੈ ਚਲ, ਅਰਾਮ ਹੋਣਾ ਹੋਵੇਗਾ ਤਾਂ ਪਿੰਡ ਹੋ ਜਾਏਗਾ।'
'ਵੀਰ ਗੁਰਦਿਤ ਸਿੰਘ ਨੂੰ ਉਡੀਕ ਰਿਹਾ ਸਾਂ। ਪਰਸੋਂ ਦੀ ਤਾਰ ਪਾਈ ਹੋਈ ਆ।'
‘ਕਮਲਿਆ ਪੁਤਰਾ! ਉਸ ਨੇ ਨਹੀਂ ਆਣਾ, 'ਵਾਧੂ ਵੇਲਾ ਨਾ ਗੁਆ।'
ਏਨੇ ਨੂੰ ਚਿਠੀ-ਰਸਾਇਣ ਨੇ ਹਰੀ ਸਿੰਘ ਨੂੰ ਲਫ਼ਾਫ਼ਾ ਆ ਫੜਾਇਆ, ਜਿਸ ਨੂੰ ਖੋਲ੍ਹ ਕੇ ਉਸ ਇਉਂ ਪੜ੍ਹਿਆ:-

ਤੈਨੂੰ ਹੀ ਮਾਂ ਦਾ ਹੈ ਖਿਆਲ ਵੀਰੇ,
ਔਖਾ ਸੌਖਾ ਕਟ ਤੂੰ ਸਿਆਲ ਵੀਰੇ,
ਆ ਘਰ ਦੇ ਦੁਖ ਉਡਾਨਾ ਆਂ,
ਆਨਾ ਆਂ।
ਸੋਨੇ ਦੀ ਚੁੰਜ ਘੜਾਨਾ ਆਂ,
ਆਪਣੀ ਦੁਨੀਆਂ ਨਵੀਂ ਬਨਾਨਾ ਆਂ,
ਜ਼ੇਰਾ ਕਰ ਠਹਿਰ ਕੇ ਆਨਾ ਆਂ।

ਚਿਠੀ ਮੁਕਾਈ ਈ ਸੀ ਕਿ ਗੁਆਂਢੀ ਕਰਮ ਸਿੰਘ ਲਾਰੀ ਲੈਕੇ ਆ ਗਿਆ ਤੇ ਕਹਿਣ ਲਗਾ ਵੀਹ ਰੁਪਏ ਲਾਰੀ ਵਾਲੇ ਨਾਲ ਕੀਤੇ ਹਨ। ਬੂਹੇ ਅਗੇ ਜਾ ਉਤਾਰੂਗਾ। ਪਰ ਛੇਤੀ ਕਰੋ। ਸਵਾਰੀਆਂ ਕਾਹਲ ਕਰਦੀਆਂ ਨੇ। ਤਰਲੇ ਕਢ ਕੇ ਮਨਾਇਆ ਇਨ੍ਹਾਂ ਨੂੰ.........
ਮਾਈ ਨਰੈਣੀ ਦਾ ਆਣਾ ਸੁਣ ਕੇ ਆਂਡ ਗੁਆਂਡ ਦੀਆਂ ਪੁਰਾਣੀਆਂ ਹਾਣੀ ਸਹੇਲੀਆਂ ਮਿਲਣ ਆਈਆਂ। ਸਾਰੀਆਂ ਨੂੰ ਇਹੀ ਕਹੇ ‘ਭੈਣ ਹਰੀ ਸਿੰਘ ਵਰਗੇ ਸਭ ਦੇ ਸਲੱਗ ਪੁਤਰ ਹੋਣ। ਮੇਰੀ ਬੜੀ ਸੇਵਾ ਕਰ ਰਿਹਾ ਹੈ। ਡਾਕਟਰ ਦੇ ਸਿਰ ਖਬਰੇ ਹਰੀ ਸਿੰਘ ਨੇ ਕੀ ਝਾੜਿਆ, ਸਾਡੇ ਪਾਸੋਂ ਪੈਸਾ ਨਹੀਂ ਲਿਆ। ਅਲਾਜ ਲੋਹੜੇ ਦਾ ਕੀਤਾ। ਰਾਜ਼ੀ ਹੋਣਾ ਭੈਣੋਂ ਆਪੋ ਆਪਣੇ ਕਰਮਾਂ ਦਾ ਹੈ। ਪਰ ਡਾਕਟਰ ਤਾਂ ਦੂਜਾ ਰੱਬ ਸੀ।
ਬਚਨੀ ਵਲ ਮੂੰਹ ਕਰ ਤੁਹਾਡੇ ਮਿਲਣ ਨੂੰ ਜੀ ਕਰਦਾ ਸੀ। ਮੇਰੀ ਹਰਬੰਸ ਤੇਰੇ ਗੋਚਰੀ ਹੈ।
ਸਰਹਾਣੇ ਖੜਾ ਹਰੀ ਸਿੰਘ ਕਹਿਣ ਲਗਾ ਮਾਂ ਜੀ (ਹਥ ਅਗੇ ਕਰੋ) ਆਹ ਅਨਾਰਾਂ ਦੇ ਦਾਣੇ ਖਾ ਲਵੋ।
ਹਰੀ ਸਿੰਘ ਵਲ ਤਕ, ਬਚਾ ਮੇਰੇ ਕੋਲ ਆ ਬੈਠ।
ਹਰੀ ਸਿੰਘ ਮੰਜੇ ਦੀ ਬਾਹੀ ਤੇ ਆ ਬੈਠ ਗਿਆ। ਬੈਠਦੇ ਨੂੰ ਮਾਈ ਨਰੈਣੀ ਨੇ ਬਾਹਾਂ ਵਿੱਚ ਲੈ ਘੁਟ ਕੇ ਕਲੇਜੇ ਦੇ ਨਾਲ ਲਾ ਕੇ ਪਿਆਰ ਦਿਤਾ। ਹਰੀ ਸਿੰਘ ਮੰਜੇ ਤੋਂ ਉਤਰ ਬਾਹੀ ਨਾਲ ਬੈਠਾ ਹੀ ਸੀ ਕਿ ਮਾਈ ਨਰੈਣੀ ਨੂੰ ਦੰਦਲ ਪੈ ਗਈ। ਅਨਾਰ ਦੇ ਦਾਣਿਆਂ ਦਾ ਰਸ ਚੰਮਚੇ ਨਾਲ ਮੂੰਹ ਵਿਚ ਪਾਇਆ, ਪਰ ਅੰਦਰ ਨਾ ਲੰਘਿਆ।
ਖੜੀ ਕਿਸ਼ਨੀ ਕਹਿਣ ਲਗੀ ਕਾਕਾ ਬਸ ਕਰ, ਨਰੈਣੀ ਚਲੀ ਗਈ ਆਪਣੇ ਪਾਸੋਂ।
ਹਰਬੰਸੋ ਮਾਈ ਨਰੈਣੀ ਦੇ ਸਰਹਾਣੇ ਬੈਠੀ ਰੋਈ ਜਾਂਦੀ ਸੀ। ਹਰੀ ਸਿੰਘ ਦੀ ਭੁਬ ਨਿਕਲਦੀ ਵੇਖ ਉਹ ਭੀ ਨਰੈਣੀ ਦੀ ਹਿਕ ਤੇ ਡਿਗ ਪਈ। ਬਚਨੀ ਤੇ ਕਿਸ਼ਨੀ ਨੇ ਮਸਾਂ ਲੋਥ ਨਾਲੋਂ ਲਾਹੀ।
ਬ੍ਰਿਧ ਉਤਮ ਸਿੰਘ ਪਹਿਲੇ ਹੀ ਕੁਝ ਢਿਲਾ ਰਹਿੰਦਾ ਸੀ। ਮਾਈ ਨਰੈਣੀ ਦੀ ਮੌਤ ਪਿਛੋਂ ਉਹ ਮੰਜੇ ਤੇ ਹੀ ਪੈ ਗਿਆ।
ਇਸ ਦੀ ਔਖੀ ਹਾਲਤ ਵਸ ਤੋਂ ਬਾਹਰ ਹੁੰਦੀ ਦੇਖ ਹਰੀ ਸਿੰਘ ਨੇ ਫੇਰ ਗੁਰਦਿਤ ਸਿੰਘ ਨੂੰ ਖਤ ਪਾਇਆ ਕਿ ਮਾਂ ਜੀ ਤਾਂ ਨਹੀਂ ਬਚ ਸਕੇ। ਚਿਠੀ ਵੇਖਦੇ ਸਾਰ ਘਰ ਅਪੜ ਜਾ । ਬਾਪੂ ਜੀ ਨੂੰ ਰਾਜੀ ਕਰਾ ਲਈਏ। ਇਕ ਇਕੇਲਾ ਤੇ ਦੋ ਗਿਆਰਾਂ ਹੁੰਦੇ ਹਨ।
ਉਤਮ ਸਿੰਘ ਦਵਾ ਦਾਰੂ ਨਾਲ ਅੰਨ ਪਾਣੀ ਭੀ ਸੰਘੋ ਥਲੇ ਕਰਨੀ ਹਟ ਗਿਆ। ਮਾਈ ਨਰੈਣੀ ਤੋਂ ਪੂਰੇ ਡੇੜ ਮਹੀਨੇ ਪਿਛੋਂ ਉਹ ਭੀ ਚਲ ਵਸਿਆ। ਉਤਮ ਸਿੰਘ ਦਾ ਸਸਕਾਰ ਕਰ ਧਰਮਸਾਲਾ ਆ ਕੇ ਅਜੇ ਬੈਠੇ ਹੀ ਸਨ ਕਿ ਚਿਠੀ ਰਸਾਇਨ ਨੇ ਹਰੀ ਸਿੰਘ ਨੂੰ ਚਾਲੀ ਰੁਪਏ ਫੜਾਏ, ਗੁਰਦਿਤ ਸਿੰਘ ਦੇ ਭੇਜੇ ਮਨੀਆਡਰ ਤੇ ਦਸਤਖਤ ਕਰਾ, ਇਕ ਲਫਾਫਾ ਦਿਤਾ ਜਿਸ ਨੂੰ ਹਰੀ ਸਿੰਘ ਨੇ ਖੋਲ ਕੇ ਪੜਿਆ ਤਾਂ ਇਉਂ ਉਠਿਆ।

ਬਾਪੂ ਜੀ ਭੀ ਤਕੜਾ ਹੋ ਜਾਉ
ਪੈਰੀਂ ਅਪਨੀ ਮੈਂ ਭੀ ਖੜੋ ਜਾਉ
ਕਲ ਸਠ ਘਰ ਨੂੰ ਹੋਰ ਪਾਨਾ ਆਂ, ਆਨਾਂ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਅਪਨੀ ਦੁਨੀਆਂ ਵਧੀਆ ਬਨਾਨਾ ਆਂ
ਤਕੜਾ ਹੋ ਠਹਿਰ ਕੇ ਆਨਾ ਆਂ 

...............
ਏਨੀਂ ਦਿਨੀਂ ਸੂਬੇਦਾਰ ਮੇਜਰ ਪਿਆਰਾ ਸਿੰਘ ਨਾਲ ਹਰੀ ਸਿੰਘ ਦਾ ਮੇਲ ਹੋ ਗਿਆ। ਪਹਿਲੀ ਮਿਲਨੀ ਨਾਲ ਹੀ ਉਸ ਦੇ ਦਿਲ ਨੂੰ ਜਿਤ ਲਿਆ। ਘਰ ਦੇ ਬੰਦਿਆਂ ਬਾਬਤ ਗਲਾਂ ਛਿੜੀਆਂ ਤਾਂ ਸੂਬੇਦਾਰ ਨੇ ਆਪਣੀ ਲੜਕੀ ਜਸਮੇਲ ਕੌਰ ਦੀ ਕੁੜਮਾਈ ਦੇ ਸਗਨ ਦਾ ਰੁਪਿਆ ਹਰੀ ਸਿੰਘ ਦੇ ਹਥ ਤੇ ਧਰਦੇ ਨੇ ਕਿਹਾ। ਅਜ ਤੋਂ ਗੁਰਦਿਤ ਸਿੰਘ ਸਾਡਾ ਹੋ ਗਿਆ। ਮਾਘ ਦੀ ਪੂਰਨ ਮਾਸ਼ੀ ਦਾ ਅਨੰਦ ਪਕਾ ਹੋਇਆ। ਮੁੰਡੇ ਨੂੰ ਬਲਵਾ ਲੈ। ਇਸ ਬੋਲ ਦੇ ਪੂਰੇ ਹੋਣ ਦੇ ਨਾਲ ਹਰੀ ਸਿੰਘ ਦੇ ਪਿਤਾ ਉਤਮ ਸਿੰਘ ਦਾ ਮਿਲਾਪੀ ਹੌਲਦਾਰ ਰਾਮ ਸਿੰਘ ਆ ਗਿਆ। ਉਸ ਤੋਂ ਉਸੇ ਵੇਲੇ ਕੁੜਮਾਈ ਦੀ ਰਸਮ ਦਾ ਅਰਦਾਸਾ ਸੋਧਾਇਆ ਗਿਆ।
ਬੀਬੀ ਹਰਬੰਸੋ ਨੂੰ ਤਾਂ ਲੋਹੜੇ ਦਾ ਚਾਅ ਚੜ੍ਹ ਗਿਆ। ਉਸ ਆਂਡ ਗੁਆਂਡ ਚੌਲ ਵੰਡੇ। ਖੁਸ਼ੀ ਵਿਚ ਆਪ ਰੋਟੀ ਖਾਦੇ ਬਿਨਾਂ ਹੀ ਸੈਂ ਗਈ।
ਦਿਨ ਚੜ੍ਹੇ ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਖਤ ਲਿਖਿਆ ਕਿ ਤੇਰੀ ਮੰਗਣੀ ਸੂਬੇਦਾਰ ਮੇਜਰ ਪਿਆਰਾ ਸਿੰਘ ਦੀ ਲੜਕੀ ਜਸਮੇਲ ਕੌਰ ਨਾਲ ਕਲ ਕਰ ਦਿਤੀ ਗਈ ਹੈ। ਲੜਕੀ ਦਸ ਜਮਾਤਾਂ ਪੜ੍ਹੀ ਹੋਈ ਹੈ। ਮੇਮ ਵਾਂਗ ਗੋਰੀ ਨਸ਼ੁਹ ਹੈ। ਖਤ ਵੇਖ ਦੇ ਸਾਰ ਘਰ ਅਪੜ ਜਾ। ਮਾਘ ਦੀ ਪੁਨਿਆਂ ਦਾ ਵਿਆਹ ਹੈ। ਅਜ ਕੁਲ ਇਕੀ ਦਿਨ ਰਹਿੰਦੇ ਹਨ।"
ਪੰਜਵੇਂ ਦਿਨ ਬਠਿੰਡੇ ਗਏ ਹਰੀ ਸਿੰਘ ਨੂੰ ਡਾਕਖਾਨੇ ਦੇ ਬਾਬੂ ਨੇ ਗੁਰਦਿਤਾ ਸਿੰਘ ਦਾ ਭੇਜਿਆ ਸੌ ਰੁਪਇਆ ਤੇ ਇਕ ਲਫਾਫਾ ਫੜਾਇਆ। ਲਫਾਫਾ ਖੋਲ ਕੇ ਪੜ੍ਹਿਆ ਤਾਂ ਇਉ ਉਠਿਆ।

ਏਸ ਰੁਪਏ ਦਾ ਘਿਓ ਖਰੀਦ
ਸਾਂਭ ਰਖਨੀ ਤੈਂ ਰਸੀਦ
ਰਾਣੀ ਹਾਰ ਬਨਾਨਾ ਆਂ
ਆਨਾਂ ਆਂ ............
ਪੰਜਵੇਂ ਜਰੂਰ ਘਰ ਆ ਜਾਉਂ
ਹਥ ਬੰਨ ਚਰਨੀ ਸੀਸ ਨਵਾ ਦਿਉਂ
ਬਰਕਤਾਂ ਤੇਰੀਆਂ ਦੇ ਜਸ ਗਾਨਾ ਆਂ
ਆਨਾ ਆਂ
ਸੋਨੇ ਦੇ ਚੁੰਜ ਘੜਾਨਾ ਆਂ
ਅਜ ਰਾਗ ਖੁਸ਼ੀ ਦੇ ਗਾਨਾ ਆਂ।
ਪੰਜਾਬ ਮੇਲ ਤੇ ਚੜਿਆ ਆਨਾ ਆਂ। 

.........
ਇਸ ਦਿਨ ਬੜਾ ਮੀਂਹ ਤੇ ਕਾਕੜੋ ਉਤਰੇ। ਤੇ ਕਈ ਦਿਨ ਬਦਲ ਵਾਈ ਰਹੀ, ਹਰਬੰਸ ਕੌਰ ਨੂੰ ਠੰਡ ਲਗ ਰਹੀ ਸੀ।
ਹਰੀ ਸਿੰਘ ਨੇ ਬਥੇਰਾ ਜ਼ੋਰ ਲਾਇਆ ਪਰ ਹਰਬੰਸੋ ਨੇ ਕੰਬਲ ਨਾ ਹੀ ਲਿਆ ਪਤਲੀ ਰਜ਼ਾਈ ਲੈ ਕੇ ਹੀ ਪੈ ਗਈ। ਸਵੇਰੇ ਕੁਕੜ ਦੀ ਬਾਂਗ ਦੇ ਨਾਲ ਹੀ ਹਰਬੰਸੋ ਔਖਾ ਸਾਹ ਲੈਂਦੀ ਕਹਿਣ ਲਗੀ ਬਾਈ ਹਰੀ ਸਿੰਘ ਮੈਨੂੰ ਤਾਂ ਠੰਡ ਲਗ ਗਈ ਹੈ।
ਹਰੀ ਸਿੰਘ ਅਗੇ ਜਾਗਿਆ ਹੋਇਆ ਬਲਦਾ ਨੂੰ ਚਾਰਾ ਪਾ ਰਿਹਾ ਸੀ।
ਹਰਬੰਸੋ ਦਾ ਬੋਲ ਸੁਣਦਿਆਂ ਕਹਿਣ ਲਗਾ ਮੇਰੀ ਨਹੀਂ ਮੰਨੀ ਤਾਂ ਔਖੀ ਹੋਈ ਹੈਂ। ਮੈਂ ਚਾਹ ਧਰਦਾ ਆਂ। ਕੰਬਲ ਫੜਾਂਦੇ ਕਿਹਾ ਰਜਾਈ ਥਲੇ ਜੋੜ ਕੇ ਮੂੰਹ ਸਿਰ ਢਕ ਲੈ ਸੇਕ ਲਈ ਅੱਗ ਭੀ ਲਿਆਉਂਦਾ ਹਾਂ।”
ਚਾਹ ਪਿਆ ਕੇ ਸੇਕ ਭੀ ਦਿਤਾ ਪਰ ਕੋਈ ਅਰਾਮ ਨਾ ਆਇਆ। ਦਿਨ ਚੜ੍ਹਦੇ ਨੂੰ ਹਰਬੰਸੋ ਬਹੁਤ ਤੰਗ ਹੋ ਗਈ। ਹਕੀਮ ਤੇ ਡਾਕਟਰ ਤਾਂ ਹੈ ਈ ਨਹੀਂ ਸੀ ਤੇਰੇ ਮੇਰੇ ਤੋਂ ਪੁਛ ਠੰਡਾ ਤਤਾ ਦਿਤਾ ਪਰ ਰਤੀ ਫਰਕ ਨਾ ਪਿਆ ਗਡੀ ਜੋੜ ਬਠਿੰਡੇ ਅਪੜੇ, ਡਾ. ਸੁੰਦਰ ਲਾਲ ਦੇ ਹਸਪਤਾਲ ਪੰਦਰਾਂ ਦਿਨ ਰਹੇ। ਨਮੂਨੀਏ ਵਲੋਂ ਤਾਂ ਅਰਾਮ ਹੋ ਗਿਆ ਪਰ ਮਿੰਨਾ ਮਿੰਨਾ ਬੁਖਾਰ ਹਰ ਵੇਲੇ ਰਹਿਣ ਲਗ ਪਿਆ। ਅਖੀਰ ਡਾਕਟਰ ਨੇ ਸਾਫ ਦਸ ਦਿਤਾ ਕਿ ਬੀਬੀ ਨੂੰ ਤਾਂ ਬਰੀਕ ਬੁਖਾਰ ਟਿਕ ਗਿਆ ਹੈ। ਉਸ ਵੇਲੇ ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਹਰਬੰਸੋ ਦੀ ਬਿਮਾਰੀ ਦਾ ਸਾਰਾ ਹਾਲ ਲਿਖਿਆ। ਇਹ ਭੀ ਜੋਰ ਨਾਲ ਲਿਖਿਆ ਕਿ ਜਸਮੇਲ ਕੌਰ ਨੂੰ ਜ਼ਰੂਰ ਛੱਡ ਜਾ। ਬੀਬੀ ਦੀ ਸੇਵਾ ਕਰੇਗੀ। ਦਵਾਈ ਨਾਲੋਂ ਉਪਰਲੀ ਟੈਹਲ ਬੜਾ ਅਰਥ ਰਖਦੀ ਹੈ, ਬੀਮਾਰੀ ਵਧੇਰੇ ਨਹੀਂ ਹੈ। ਡਾਕਟਰ ਦਾ ਖਿਆਲ ਹੈ ਕਿ ਖਿਆਲ ਰਖਿਆ ਜਾਏ ਤਾਂ ਦੋ ਮਹੀਨੇ ਵਿਚ ਫਾਇਦਾ ਹੋ ਜਾਊ। ਪਰ ਪਹਾੜ ਜ਼ਰੂਰ ਜਾਣਾ ਪਵੇਗਾ। ਜਸਮੇਲ ਕੌਰ ਨੂੰ ਬੀਬੀ ਪਾਸ ਜ਼ਰੂਰ ਰਹਿਣ ਦੀ ਲੋੜ ਹੈ। ਇਕ ਹਫਤਾ ਬਠਿੰਡੇ ਤੁਹਾਡੀ ਅੜੀਕ ਕਰਾਂਗੇ।
ਹਰਬੰਸੋ ਨੂੰ ਵੇਖਣ ਆਏ ਡਾਕਟਰ ਨੇ ਇਕ ਲਫਾਫਾ ਹਰੀ ਸਿੰਘ ਨੂੰ ਫੜਾਂਦਿਆਂ ਕਿਹਾ ਕਿ ਘੰਟੇ ਨੂੰ ਡਾਕੀਆ ਏਥੇ ਆਵੇਗਾ। ਦੋ ਸੌ ਰੁਪਏ ਗੁਰਦਿਤ ਸਿੰਘ ਨੇ ਤੇਰੇ ਨਾ ਭੇਜੇ ਹਨ। ਲਫਾਫਾ ਖੋਲਿਆ ਤਾਂ ਇਉਂ ਉਠਿਆ।

ਰਬ ਦਾ ਕੀ ਭਾਣਾ ਵਗ ਗਿਆ।
ਰੋਗ ਕਸੂਤਾ ਭੈਣ ਨੂੰ ਲਗ ਗਿਆ।
ਘਰ ਦੇ ਸੰਸੇ 'ਚ ਹੀ ਘਟਦਾ ਜਾਨਾ ਆਂ
ਆਨਾ ਆਂ।
ਸੋਨੇ ਦੇ ਚੁੰਜ ਘੜਾਨਾ ਆਂ
ਜਸਮੇਲ ਲਈ ਸੂਟ ਬਨਾਨਾ ਆਂ
ਅਠਵੇਂ ਮਹੀਨੇ ਨੂੰ ਆਨਾ ਆਂ

ਹਰੀ ਸਿੰਘ ਬੀਬੀ ਹਰਬੰਸੋ ਨੂੰ ਪਹਾੜ ਤੇ ਲੈਗਿਆ। ਮਾਲ ਡੰਗਰ ਵੇਚ ਪੰਜ ਸੌ ਰੁਪਏ ਹੋਰ ਲੈ, ਪਰ ਪਹਾੜ ਦੇ ਖਰਚ ਹੀ ਪਟੀ ਨਾ ਬਜਨ ਦੇਣ। ਡਾਕਟਰ ਬੜਾ ਚੰਗਾ ਸੀ। ਧਿਆਨ ਨਾਲ ਅਲਾਜ ਕਰੇ। ਫਿਰ ਭੀ ਹਰ ਮਹ ਨੇ ਸਤਰ ਰੁਪਏ ਦੀ ਦਵਾਈ ਹੀ ਲਗ ਜਾਏ। ਗੁਰਦਿਤ ਸਿੰਘ ਨੇ ਦੋ ਸੌ ਰੁਪਏ ਪਹਾੜ ਹੋਰ ਭੇਜੇ ਪਰ ਮਸਾਂ ਚਾਰ ਮਹੀਨੇ ਲੰਘੇ। ਬੜਾ ਹਰਬੰਸੋ ਨੂੰ ਫਾਇਦਾ ਹੋ ਗਿਆ।
ਡਾਕਟਰ ਤਾਂ ਕਹੇ ਕਿ ਠਹਿਰੋ ਪਰ ਠਹਿਰਨ ਕਿਸ ਦੇ ਸਹਾਰੇ ਤੇ? ਗਰਦਿਤ ਸਿੰਘ ਵਲੋਂ ਪੰਦਰਵੀਂ ਚਿਠੀ ਦਾ ਭੀ ਉਤਰ ਨਾ ਮਿਲਿਆ। ਨਿਰਾਸ਼ ਹੋ ਹਰਬੰਸੋ ਨੂੰ ਪਿੰਡ ਲੈ ਆਂਦਾ।
ਡਾਕਟਰ ਦੇ ਦੱਸੇ ਅਨੁਸਾਰ ਵਿਤੋਂ ਬਾਹਰੀ ਦਵਾਈ ਸਾਰਾ ਸਿਆਲ ਕਰਦਾ ਰਿਹਾ ਪਰ ਦੁਧ ਘਿਓ ਦੀ ਘਾਟ ਨੇ ਦਵਾਈ ਦਾ ਪੂਰਾ ਅਸਰ ਨਾ ਹੋਣ ਦਿੱਤਾ। ਜ਼ਮੀਨ ਵਾਂਗ ਘਰ ਨੂੰ ਵੇਚਣ ਤੇ ਰਹਿਣ ਕਰਨ ਦਾ ਹੱਕ ਮੁਜ਼ਾਰਾ ਕਰ ਨਹੀਂ ਸਕਦਾ, ਬਿਕਰੀ ਕਰੇ ਤਾਂ ਕਿਸਦੀ? ਦਿਲ ਵਿਚ ਕਹੇ ਮੈਨੂੰ ਹੀ ਕੋਈ ਖਰੀਦ ਲਵੇ? ਭਲਾ ਉਨ੍ਹਾਂ ਰੁਪਇਆਂ ਦੀ ਮਦਦ ਨਾਲ ਹੀ ਹਰਬੰਸੋ ਤਕੜੀ ਹੋ ਜਾਏ।
ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਫੇਰ ਰੁਪਏ ਭੇਜਨ ਲਈ ਲਿਖ ਦਿਤਾ।
ਚਿਠੀ ਪਾਕੇ ਸੋਚੇ ਭਲਾ ਜੇ ਪੰਜਾਂ ਮਹੀਨਿਆਂ ਪਿਛੋਂ ਅਕਲ ਆ ਗਈ ਹੋਵੇ? ਮੁੜ ਮੁੜ ਤਰਲੇ ਕੱਢ ਲਿਖਨਾ; ਹੈ ਤਾਂ ਮੇਰਾ ਢੀਠ ਪੁਣਾ ਹੈ, ਪਰ ਮਰਦੇ ਕੀ ਨਹੀਂ ਕਰੀਦਾ? ਹਰਬੰਸੋ ਰਾਜੀ ਹੋ ਜਾਏ ਸਭ ਦੁਖ ਭੁਲ ਜਾਣ। ਇਨ੍ਹਾਂ ਸੋਚਾਂ ਵਿਚ ਹਰਬੰਸੋ ਦੇ ਮੰਜੇ ਪਾਸ ਆ ਕਹਿਣ ਲਗਾ, “ਬੰਸੋ! ਰੋਟੀ ਨੂੰ ਅਜੇ ਦੇਰ ਲਗੇ ਗੀ, ਦੇ ਘੁਟ ਦੁਧ ਪੀ ਲੈ।" ਅੰਦਰ ਖੋਹ ਪੈਂਦੀ ਹੋਉ?
‘ਬਾਈ ਐਨਾਂ ਉਦਾਸ ਕਿਉਂ ਹੋ ਰਿਹਾ ਏਂ? ਤੂੰ ਕਸਰ ਥੋੜੇ ਛਡੀ ਏ' ਇੰਝੂ ਭਰਿਆ ਅਖਾਂ ਪੂੰਜ 'ਅਗੇ ਕਿਹੜਾ ਦਵਾਈ ਦੀ ਕਸਰ ਛਡੀ ਹੈ? ਗੁਰਦਿਤੇ ਨੂੰ ਹੁਣ ਏਨਾਂ ਹੀ ਲਿਖਦੇ ਕਿ ਆਖਰੀ ਮੇਲੇ ਹੀ ਕਰ ਜਾਏ।"
“ਬੰਸੋ ਤੇਰੀ ਜਾਚੇ ਉਸ ਨੂੰ ਕੁਝ ਲਿਖਿਆ ਹੀ ਨਹੀਂ? ਏਥੋਂ ਤਕ ਲਿਖਿਆ ਕਿ ਤੇਰੇ ਰੁਪਏ ਟੋਕਰੀ ਢੋਕੇ ਉਤਾਰ ਦੇਵਾਂਗਾ ਕਰਜਾ ਹੀ ਭੇਜ ਦੇ।" ਹਰੀ ਸਿੰਘ ਨੇ ਦਸਿਆ।
ਤਾਂ ਉਸ ਨੇ ਨਹੀਂ ਆਣਾ? ਬੰਸੋ ਬੋਲੀ।
ਅਜੇਹੇ ਭਰਾ ਦੇ ਮੇਲੇ ਖੁਣੋ ਥੁੜਿਆ ਹੀ ਕੀ ਪਿਆ ਹੈ?
ਬਾਈ ਮਾਂ-ਜਾਇਆ ਹੈ। ਮੋਹ ਆਂਦਾ ਹੈ ਜੇ।
ਅਖਾਂ ਭਰ ਹਰੀ ਸਿੰਘ ਨੇ ਕਿਹਾ, “ਮੈਂ ਸਰਦਾਰ ਦੇ ਬੜੇ ਕਾਕੇ ਪਾਸ ਜਾਂਦਾ ਆਂ ਜੇ ਉਹ ਦਸ ਛਿਲੜ ਦੇ ਦੇਵੇ। ਦਸ ਦੇ ਹਨ ਗਰੀਬਾਂ ਤੇ ਬੜਾ ਤਰਸ ਕਰਦਾ ਹੈ। ਦਿਲੀ ਚੌਦਵੀਂ 'ਚ ਪੜ੍ਹਦਾ ਹੈ। ਕਲਦਾ ਆਇਆ ਹੋਇਆ ਹੈ।
ਹਰੀ ਸਿੰਘ ਤੂੰ ਬੜੀ ਗਲਤੀ ਕੀਤੀ। ਫਗਣ ਵਿਚ ਕਿਉਂ ਨਾ ਆਇਆ?
ਡਾਕਟਰ ਸਾਹਿਬ ਕੀ ਦਸਾਂ, ਬੜਾ ਤੰਗ ਸੀ। ਹੁਣ ਭੀ ਸਰਦਾਰ ਦੇ ਕਾਕੇ ਨੇ ਪੰਜਾਹ ਰੁਪਏ ਦਿਤੇ ਹਨ ਤਾਂ ਬੀਬੀ ਨੂੰ ਲਿਆ ਸਕਿਆ।
ਘਰੇ ਅਪੜਨ ਦੀ ਕਰੋ। ਹੁਣ ਕੁੜੀ ਵਿੱਚ ਕੁਝ ਬਾਕੀ ਨਹੀਂ ਹੈ। ਪੰਦਰਾਂ ਦਿਨ ਪਹਿਲੇ ਆ ਜਾਂਦਾ ਸਭੋ ਕੁਝ ਸੀ।
ਡਾਕਟਰ ਦੇ ਮੂੰਹ ਵਲ ਤਕ, ਪੰਦਰਾਂ ਦਿਨਾਂ ਵਿਚ........।
ਜੋ ਦਸਿਆ ਠੀਕ ਹੈ।
ਡਾਕਟਰ ਨੂੰ ਫਤਹ ਬੁਲਾ ਹਰਬੰਸੋ ਨੂੰ ਡੋਲੀ ’ਚ ਬਠਾ ਸਟੇਸ਼ਨ ਤੇ ਰੋਂਦੇ ਗਡੀ ਚੜ੍ਹ ਪਿੰਡ ਅਪੜ ਗਿਆ। ਪਿੰਡ ਆ ਪੰਜਵੇਂ ਦਿਨ ਮਾਂ ਪਿਓ ਵਲ ਹਰਬੰਸੋ ਨੂੰ ਗਈ ਵੇਖ ਬਠਿੰਡੇ ਆ ਗਿਆ।

...............
ਸਾਧੂਆਂ ਦੀ ਮੰਡਲੀ ਦੇ ਵਿਖਿਆਣ ਕਈ ਸੁਣੇ ਉਦਾਸੀ ਤੇ ਗੱਮ ਉਤਰੇ ਹੀ ਨਾ। ਅਮਰਦਾਸ ਸੰਤ ਦੀ ਮਝ ਨੂੰ ਸਾਂਭ ਛਡਿਆ ਕਰੇ। ਤੇ ਦੋਨੋਂ ਡੰਗ ਰੋਟੀ ਡੇਰਿਉਂ ਖਾ ਲਿਆ ਕਰੇ। ਕਈ ਵੇਰ ਦਿਲ ਤਕੜਾ ਕਰ ਬਜ਼ਾਰ ਗਿਆ ਕਿ ਕੋਈ ਕਾਰ ਕਾਰਾਂ ਪਰ ਚੁਪ ਕੀਤਾ ਮੁੜ ਆਇਆ ਕਰੇ। ਅਖੀਰ ਤਿੰਨ ਮਹੀਨੇ ਪਿਛੋਂ ਤੀਹ ਰੁਪਏ ਰੋਟੀ ਕਪੜੇ ਤੇ ਵਿਸਾਖੀ ਰਾਮ ਦੇ ਖੂਹ ਤੇ ਨੌਕਰ ਰਹਿ ਪਿਆ ਦਿਲ ਭੀ ਲਗ ਗਿਆ।
ਹਰਬੰਸੋ ਦੀ ਸੂਰਤ ਅੱਖਾਂ ਅਗੋਂ ਪਲ ਭਰ ਦੂਰ ਨਾ ਹੋਵੇ। ਬਥੇਰਾ ਕਹੇ ਕਿ ‘ਦੁਨੀਆਂ ਦੀ ਖੇਡ ਹੀ ਅਜੇਹੀ ਹੈ। ਮਰ ਗਿਆਂ ਨੂੰ ਯਾਦ ਕਰ ਝੁਰਨਾ ਮੂਰਖਪੁਣਾ ਹੈ। ਪਰ ਜਦ ਰਾਤ ਪਈ ਕੋਠੜੀ ਦਾ ਬੂਹਾ ਖੋਲਦਾ, ਕੋਠੜੀ ਮੌਤ ਦੇ ਮੂੰਹ ਟਡਿਆ ਦਿਸਦੀ।
ਦਵਾਲੀ ਮੰਨਾ ਚੰਗਾ ਭਲਾ ਸੁਤਾ ਪਰ ਸਵੇਰੇ ਉਠਿਆ ਹੀ ਨਾ ਜਾਏ। ਦਸ ਕੁ ਵਜੇ ਉਠ ਕੇ ਡਾਕਟਰ ਸੁੰਦਰ ਲਾਲ ਦੇ ਹਸਪਤਾਲ ਅਪੜਿਆ। ਉਥੇ ਪਹੁੰਚਦੇ ਨੂੰ ਲੋਹੜੇ ਦਾ ਬੁਖਾਰ ਹੋ ਗਿਆ। ਮੰਜੀ ਲੈ ਹਸਪਤਾਲ ਵਿਚ ਹੀ ਪੈ ਗਿਆ।
ਡਾਕਟਰ ਬਥੇਰੀ ਵਾਹ ਲਾਏ, ਬੁਖਾਰ ੧੦੪ ਤੋਂ ਥਲੇ ਹੀ ਨਾ ਹੋਵੇ। ਦਿਲ ’ਚ ਪਤਾ ਨਹੀਂ ਕੀ ਆਈ, ਪੰਜਵੇਂ ਦਿਨ ਗੁਰਦਿਤ ਸਿੰਘ ਨੂੰ ਚਿਠੀ ਲਿਖੀ “ਭਰਾਵਾ, ਡਾਕਟਰ ਸੁੰਦਰ ਲਾਲ ਦੇ ਹਸਪਤਾਲ ਵਿੱਚ ਸਖਤ ਬੀਮਾਰ ਪਿਆ ਹਾਂ। ਬਚਦਾ ਹੁਣ ਮੈਂ ਭੀ ਨਹੀਂ। ਕਿਉਂਕਿ ਵੇਲੇ ਕੁਵੇਲੇ ਠੰਡਾ ਤਤਾ ਨਹੀਂ ਮਿਲਦਾ। ਤੇਰੇ ਨਾਲ ਦੋ ਗਲਾਂ ਕਰਨ ਦੀ ਭੁਖ ਹੈ, ਖਤ ਪੜਦੇ ਸਾਰ ਆ ਜਾ।
ਦਸਵੇਂ ਦਿਨ ਗੁਰਦਿਤ ਸਿੰਘ ਦੀ ਚਿਠੀ ਆਈ ਉਸ 'ਚ ਲਿਖਿਆ ਸੀ।

ਤਕੜਾ ਹੋ, ਮੇਰਾ ਸਭ ਕੁਝ ਤੇਰਾ ਹੈ।
ਤੂੰ ਹੀ ਰਹਿ ਗਿਆ, ਇਕੋ ਵੀਰਾ ਮੇਰਾ ਹੈ
ਭੁਲ ਚੁਕ ਮੁਆਫ ਕਰਾਨਾ ਆਂ।
ਆਂਨਾ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਤੇਰੇ ਲਈ ਸੂਟ ਨਵੇਂ ਸਵਾਨਾ ਆਂ
ਦਸ ਦਿਨ ਠੈਹਰ ਕੇ ਆਨਾ ਆਂ

ਮੇਰੀ ਜਾਨ ਮੁਕਾਨ ਤੇ ਆਈ ਹੋਈ ਹੈ। ਇਸ ਨੂੰ ਗੀਤਾ ਤੇ ਸੂਟਾ ਦੀ ਅਗ ਲਗੀ ਏ। ਚਿਠੀ ਪੜ੍ਹਕੇ ਹਰੀ ਸਿੰਘ ਨੇ ਉਸ ਦੇ ਦਸ ਟੁਕੜੇ ਕਰ ਦਿਤੇ।
ਡਾਕਟਰ ਸਾਹਿਬ "ਜੈ ਹਿੰਦ।"
ਸਰਦਾਰ ਸਾਹਿਬ ਦੇ ਪਿਛੇ ਅਸਮਾਨੀ ਰੰਗ ਦੇ ਲੇਡੀ ਕੋਟ ਪਾਈ ਤੇ ਹਥ ਵਿਚ ਬਟੂਆ ਫੜੀ ਮੁਟਿਆਰ ਵਲ ਝਾਕ, ਡਾਕਟਰ ਸਾਹਿਬ ਨੇ ਉਤ੍ਰ ਦਿਤਾ।
ਜੈ ਹਿੰਦ, “ਸਰਦਾਰ ਸਾਹਿਬ"।
ਜੀ, ਡਾਕਟਰ ਸਾਹਿਬ, ਆਪਦੇ ਹਸਪਤਾਲ ਵਿੱਚ ਹਰੀ ਸਿੰਘ ਕੋਈ ਮਰੀਜ਼ ਹੈ?
ਸਰਦਾਰ ਦੇ ਮੂੰਹ ਵਲ ਤਕ ‘ਜੀ ਸਨ, 'ਨੀਵਾਂ ਮੂੰਹ ਕਰ, ਪਰਸੋਂ ਉਨ੍ਹਾਂ ਦੀ ਮੌਤ ਹੋ ਗਈ ਹੈ।
ਹੈਂ। ਹਰੀ ਸਿੰਘ ਮਰ ਗਿਆ।
ਆਪ ਦੇ ਰਿਸ਼ਤੇ ਦਾਰ ਸਨ?
ਵਡਾ ਭਰਾ ਸੀ ਮੇਰਾ। ਇਹ ਬੋਲ ਅੱਖਾਂ ਪੂੰਜ ਸੜਕ ਵਲ ਮੂੰਹ ਕਰ ਲਿਆ।

  • ਮੁੱਖ ਪੰਨਾ : ਕਹਾਣੀਆਂ, ਭਾਗ ਸਿੰਘ ਜੀਵਨ ਸਾਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ