Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Kavita
  

Surang Maxim Gorky

ਸੁਰੰਗ ਮੈਕਸਿਮ ਗੋਰਕੀ

ਸ਼ਾਂਤ ਨੀਲੀ ਝੀਲ ਬੇਅੰਤ ਬਰਫ਼ ਨਾਲ਼ ਕੱਜੇ ਉੱਚੇ ਪਹਾੜਾਂ ਨਾਲ਼ ਘਿਰੀ ਹੋਈ ਹੈ। ਝੀਲ ਦੇ ਕੰਢੇ ਤੀਕ ਗੂੜ੍ਹੇ ਰੰਗ ਦੇ ਲਹਿਰਦਾਰ ਬਗ਼ੀਚੇ ਫੈਲੇ ਹੋਏ ਹਨ ਜੋ ਅਤਿ ਸੁਹਣੀ ਨੱਕਾਸ਼ੀ ਵਾਂਗ ਪ੍ਰਤੀਤ ਹੁੰੰਦੇ ਹਨ। ਚਿੱਟੇ ਘਰ ਜੋ ਖੰਡ ਦੇ ਬਣੇ ਹੋਏ ਜਾਪਦੇ ਹਨ, ਪਾਣੀ ਵਿੱਚ ਇੱਕ ਟੱਕ ਵੇਖ ਰਹੇ ਹਨ ਤੇ ਉੱਥੇ ਬੱਚੇ ਦੀ ਕੂਲ਼ੀ ਨੀਂਦ ਵਰਗੀ ਚੁੱਪ ਪਸਰੀ ਹੋਈ ਹੈ।
ਸਵੇਰ ਦਾ ਵੇਲ਼ਾ। ਪਹਾੜੀਆਂ ਤੋਂ ਫੁੱਲਾਂ ਦੀ ਮਿਠੀ ਖ਼ੁਸ਼ਬੂ ਲਹਿਰਾਉਂਦੀ ਹੋਈ ਆ ਰਹੀ ਹੈ। ਸੂਰਜ ਹੁਣੇ-ਹੁਣੇ ਚੜ੍ਹਿਆ ਹੈ ਤੇ ਬਿਰਛਾਂ ਦੇ ਪੱਤਿਆਂ ਅਤੇ ਘਾਹ ਦੀਆਂ ਨੋਕਾਂ ਉੱਤੇ ਤ੍ਰੇਲ ਅਜੇ ਵੀ ਚਮਕ ਰਹੀ ਹੈ। ਸ਼ਾਂਤ ਘਾਟੀ ਵਿੱਚੋਂ ਲੰਘਣ ਵਾਲ਼ਾ ਰਾਹ ਭੂਰੇ ਰੰਗ ਦਾ ਫ਼ੀਤਾ ਜਾਪ ਰਿਹਾ ਹੈ ਤੇ ਭਾਵੇਂ ਉਹ ਪੱਥਰ ਦਾ ਪੱਕਾ ਰਾਹ ਹੈ, ਫੇਰ ਵੀ ਇੰਜ ਲਗਦਾ ਹੈ ਕਿ ਛੋਹਣ ‘ਤੇ ਮਖ਼ਮਲ ਵਰਗਾ ਹੋਵੇਗਾ।
ਰੋੜੀ ਦੇ ਢੇਰ ਕੋਲ਼ ਇੱਕ ਕਾਮਾ ਬੈਠਾ ਹੋਇਆ ਹੈ। ਉਸ ਦਾ ਰੰਗ ਭੋਰੇ ਵਰਗਾ ਕਾਲ਼ਾ ਹੈ। ਉਸ ਦੇ ਚਿਹਰੇ ‘ਤੇ ਬਹਾਦਰੀ ਤੇ ਦਇਆ ਦੇ ਭਾਵ ਹਨ ਤੇ ਉਸ ਦੀ ਛਾਤੀ ‘ਤੇ ਇਕ ਤਮਗਾ ਲਟਕ ਰਿਹਾ ਹੈ।
ਆਪਣੇ ਭੂਰੇ ਹੱਥ ਗੋਡਿਆਂ ਉੱਤੇ ਰੱਖੀ ਉਹ ਇੱਕ ਰਾਹੀ ਵੱਲ ਵੇਖ ਰਿਹਾ ਹੈ, ਜੋ ਸ਼ਾਹ ਬਲੂਤ ਦੇ ਇੱਕ ਬਿਰਛ ਥੱਲੇ ਖਲੋਤਾ ਹੈ।
"ਇਹ ਤਮਗਾ”, ਉਹ ਕਹਿੰਦਾ ਹੈ, ”ਮੈਨੂੰ ਸਿੰਪਲਨ ਸੁਰੰਗ ਵਿੱਚ ਕੀਤੇ ਕੰਮ ਲਈ ਮਿਲ਼ਿਆ ਹੈ।”
ਉਹ ਛਾਤੀ ‘ਤੇ ਲਟਕ ਰਹੀ ਧਾਤ ਦੇ ਉਸ ਸੁਹਣੇ ਟੋਟੇ ਨੂੰ ਵੇਖਦਾ ਹੈ ਤੇ ਉਸ ਦੇ ਚਿਹਰੇ ‘ਤੇ ਕੂਲ਼ੀ ਮੁਸਕਰਾਹਟ ਦੌੜ ਜਾਂਦੀ ਹੈ।
"ਹਾਂ, ਜਦ ਤਕ ਤੁਸੀਂ ਕੰਮ ਵਿਚ ਚਿੱਤ ਨਹੀਂ ਲਾਉਂਦੇ ਤੇ ਉਸ ਨੂੰ ਪਿਆਰ ਕਰਨਾ ਨਹੀਂ ਸਿੱਖਦੇ ਤਦ ਤੱਕ ਹਰ ਕੰਮ ਔਖਾ ਹੈ, ਪਰ ਜਦ ਉਸ ਨਾਲ਼ ਦਿੱਲੀ ਪਿਆਰ ਹੋ ਜਾਂਦਾ ਹੈ ਤਾਂ ਉਹ ਤੁਹਾਨੂੰ ਪ੍ਰੇਰਨਾ ਦਿੰਦਾ ਹੈ ਤੇ ਉਹ ਔਖਾ ਨਹੀਂ ਰਹਿੰਦਾ। ਪਰ, ਵੇਖਿਆ ਜਾਏ ਤਾਂ ਉਹ ਸੌਖਾ ਕੰਮ ਨਹੀਂ ਸੀ।”
ਸੂਰਜ ਵੱਲ ਵੇਖ ਕੇ ਉਸ ਨੇ ਮੁਸਕ੍ਰਾਉਂਦਿਆਂ ਆਪਣੇ ਸਿਰ ਨੂੰ ਕੁਝ ਹਿਲਾਇਆ, ਫੇਰ ਚਾਣਚੱਕ ਸੁਚੇਤ ਹੋ ਕੇ ਹੱਥ ਹਿਲਾਇਆ ਤੇ ਉਸ ਵੇਲ਼ੇ ਉਸ ਦੀਆਂ ਕਾਲ਼ੀਆਂ ਅੱਖਾਂ ਚਮਕ ਉਠੀਆਂ।
"ਕਦੇ ਕਦੇ ਤਾਂ ਇਹ ਕੰਮ ਡਰਾਉਣਾ ਵੀ ਸੀ। ਧਰਤੀ ਨੂੰ ਵੀ ਜ਼ਰੂਰ ਕੁਝ ਮਹਿਸੂਸ ਹੁੰਦਾ ਹੋਵੇਗਾ, ਕੀ ਖ਼ਿਆਲ ਏ ਤੁਹਾਡਾ? ਪਹਾੜ ਦੀ ਵੱਖੀ ਨੂੰ ਚੀਰ ਕੇ ਜਦ ਅਸੀਂ ਡੂੰਘੀ ਖੋਹ ਬਣਾਈ ਤਦ ਉੱਥੋਂ ਦੀ ਧਰਤੀ ਬੜੇ ਗ਼ੁੱਸੇ ਨਾਲ਼ ਸਾਡੇ ਸਾਹਮਣੇ ਆਈ। ਉਸ ਦਾ ਸਾਹ ਤੱਤਾ ਸੀ। ਸਾਡੇ ਦਿਲ ਬੈਠ ਗਏ, ਸਾਡੇ ਸਿਰ ਬੋਝਲ ਹੋ ਗਏ ਤੇ ਸਾਡੀਆਂ ਹੱਡੀਆਂ ਵਿੱਚ ਪੀੜ ਉੱਠੀ। ਕਈਆਂ ਬੰਦਿਆਂ ਨੇ ਇਹੋ ਮਹਿਸੂਸ ਕੀਤਾ। ਫੇਰ ਧਰਤੀ ਨੇ ਸਾਡੇ ‘ਤੇ ਪੱਥਰਾਂ ਦੀ ਵਰਖਾ ਕੀਤੀ ਤੇ ਤੱਤਾ ਪਾਣੀ ਡੋਲ੍ਹਿਆ। ਕਿੰਨਾਂ ਭਿਆਨਕ ਸੀ ਉਹ! ਜਦ ਕਦੇ ਪਾਣੀ ‘ਤੇ ਚਾਨਣ ਪੈਂਦਾ, ਉਹ ਲਾਲ ਸੂਹਾ ਦਿਸਦਾ ਤੇ ਤਦ ਮੇਰੇ ਪਿਤਾ ਜੀ ਕਹਿੰਦੇ ਕਿ ਅਸੀਂ ਧਰਤੀ ਨੂੰ ਜਖਮੀ ਕੀਤਾ ਹੈ, ਉਹ ਸਾਨੂੰ ਸਾਰਿਆਂ ਨੂੰ ਆਪਣੇ ਲਹੂ ਵਿੱਚ ਡੁਬੋ ਦਏਗੀ, ਆਪਣੇ ਲਹੂ ਨਾਲ਼ ਲੂਹ ਸੁੱਟੇਗੀ! ਹਾਂ, ਇਹ ਸੀ ਤਾਂ ਨਿਰੀ ਕਲਪਨਾ, ਪਰ ਧਰਤੀ ਦੇ ਗਰਭ ਵਿੱਚ, ਜਿੱਥੇ ਕਿ ਗਲ਼-ਘੋਟੂ ਹਨੇਰਾ ਪਸਰਿਆ ਹੋਇਆ ਹੋਵੇ, ਪਾਣੀ ਜਿਵੇਂ ਰੋਂਦਾ ਹੋਇਆ ਰਿਸ ਰਿਹਾ ਹੋਵੇ ਤੇ ਪੱਥਰ ‘ਤੇ ਲੋਹੇ ਦੇ ਰਗੜੇ ਜਾਣ ਦੀ ਅਵਾਜ਼ ਆ ਰਹੀ ਹੋਵੇ, ਹਰ ਗੱਲ ਸੰਭਵ ਲਗਦੀ ਹੈ। ਉੱਥੇ ਹਰ ਚੀਜ਼ ਬੜੀ ਅਜੀਬ ਸੀ। ਜਿਸ ਪਹਾੜ ਦੀਆਂ ਆਂਦਰਾਂ ਵਿੱਚ ਅਸੀਂ ਛੇਕ ਪਾ ਰਹੇ ਸਾਂ, ਅਸਮਾਨ ਨੂੰ ਛੋਹਣ ਵਾਲ਼ੇ ਉਸ ਪਹਾੜ ਦੇ ਸਾਹਮਣੇ ਅਸੀਂ ਕਿੰਨੇ ਕਮਜ਼ੋਰ ਦਿਸ ਰਹੇ ਸਾਂ…. ਜੇ ਤੁਸੀਂ ਉਸ ਨੂੰ ਵੇਖਿਆ ਹੁੰਦਾ ਤਾਂ ਤੁਸੀਂ ਮੇਰੀ ਗੱਲ ਸਮਝ ਜਾਂਦੇ ਕਿ ਅਸੀਂ ਸਧਾਰਨ ਜਿਹੇ ਬੰਦਿਆਂ ਨੇ ਉਸ ਪਹਾੜ ਦੀ ਵੱਖੀ ਵਿੱਚ ਕਿੱਡਾ ਵੱਡਾ ਛੇਕ ਪਾਇਆ ਸੀ। ਸਵੇਰ ਵੇਲ਼ੇ ਜਦ ਅਸੀਂ ਥੱਲੇ ਉੱਤਰ ਕੇ ਧਰਤੀ ਦੀਆਂ ਆਂਦਰਾਂ ਵਿੱਚ ਖੋਹ ਬਣਾਉਣ ਲਗਦੇ ਤਾਂ ਸੂਰਜ ਕਿਹੋ ਜਿਹੀ ਉਦਾਸ ਨਜ਼ਰ ਨਾਲ ਸਾਨੂੰ ਵੇਖਦਾ! ਕਿਤੇ ਤੁਸੀਂ ਵੇਖੀਆਂ ਹੁੰਦੀਆਂ ਉਹ ਮਸ਼ੀਨਾਂ, ਉਹ ਉਦਾਸ ਚਿਹਰੇ ਵਾਲ਼ਾ ਪਹਾੜ ਅਤੇ ਕਿਸੇ ਪਾਗਲ ਆਦਮੀ ਦੇ ਹਾਸੇ ਵਰਗੀਆਂ ਉਹ ਅਵਾਜ਼ਾਂ ਸੁਣੀਆਂ ਹੁੰਦੀਆਂ ਜੋ ਧਰਤੀ ਦੇ ਥੱਲੇ ਉੱਚੀ ਗੜਗੜਾਹਟ ਤੇ ਧਰਤੀ ਦੇ ਪਾਟਣ ਸਦਕਾ ਪੈਦਾ ਹੁੰਦੀਆਂ!
ਉਸ ਨੇ ਆਪਣੇ ਹੱਥਾਂ ਨੂੰ ਵੇਖਿਆ, ਨੀਲੇ ਲਿਬਾਸ ‘ਤੇ ਲਟਕ ਰਹੇ ਤਮਗ਼ੇ ਨੂੰ ਠੀਕ ਕੀਤਾ ਤੇ ਹੌਲ਼ੀ ਜਿਹੀ ਇੱਕ ਹਉਂਕਾ ਲਿਆ।
"ਆਦਮੀ ਜਾਣਦੇ ਹਨ ਕਿ ਕੰਮ ਕਿਵੇਂ ਕਰਨਾ ਚਾਹੀਦਾ ਹੈ।” ਉਸ ਨੇ ਮਾਣ ਨਾਲ ਗੱਲ ਅੱਗੇ ਤੋਰੀ। ”ਆਦਮੀ ਭਾਵੇਂ ਛੋਟਾ ਹੀ ਹੋਵੇ, ਪਰ ਜਦ ਉਹ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਕਦੇ ਨਾ ਹਾਰਨ ਵਾਲ਼ੀ ਤਾਕਤ ਬਣ ਜਾਂਦਾ ਹੈ ਤੇ ਯਕੀਨ ਜਾਣੋ ਕਿ ਸਧਾਰਨ ਹੋਣ ‘ਤੇ ਵੀ ਬੰਦਾ ਜੋ ਵੀ ਚਾਹੁੰਦਾ ਹੈ, ਕਰ ਸਕਦਾ ਹੈ। ਮੇਰੇ ਪਿਤਾ ਜੀ ਪਹਿਲਾਂ ਇਹ ਨਹੀਂ ਸਨ ਮੰਨਦੇ ਹੁੰਦੇ।
"ਉਹ ਕਿਹਾ ਕਰਦੇ ਸਨ ਕਿ ਪਹਾੜ ਨੂੰ ਚੀਰ ਕੇ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾਣਾ ਰੱਬ ਦੇ ਉਲਟ ਕੰਮ ਕਰਨਾ ਹੈ ਕਿਉਂਕਿ ਰੱਬ ਨੇ ਪਹਾੜਾਂ ਦੀਆਂ ਕੰਧਾਂ ਨਾਲ਼ ਧਰਤੀ ਨੂੰ ਵੰਡਿਆ ਹੈ। ਵੇਖਣਾ, ਦੇਵੀ ਮੱਦੋਨਾ ਸਾਡੇ ‘ਤੇ ਨਰਾਜ਼ ਹੋਵੇਗੀ। ਪਿਤਾ ਜੀ ਦੀ ਇਹ ਗੱਲ ਸਹੀ ਨਹੀਂ ਸੀ, ਕਿਉਂਕਿ ਮੱਦੋਨਾ ਉਨ੍ਹਾਂ ‘ਤੇ ਕਦੇ ਨਰਾਜ਼ ਨਹੀਂ ਹੁੰਦੀ ਜੋ ਉਸ ਨੂੰ ਪਿਆਰ ਕਰਦੇ ਹਨ। ਮਗਰੋਂ ਪਿਤਾ ਜੀ ਵੀ ਲਗਭਗ ਉਹੀ ਸੋਚਣ ਲੱਗੇ ਜੋ ਮੈਂ ਸੋਚਦਾ ਸਾਂ, ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਪਹਾੜ ਨਾਲੋਂ ਵੀ ਵੱਡਾ ਤੇ ਤਗੜਾ ਮਹਿਸੂਸ ਕੀਤਾ, ਪਰ ਅਜਿਹੇ ਮੌਕੋ ਵੀ ਆਉਂਦੇ ਸਨ ਜਦ ਕਿਸੇ ਤਿਉਹਾਰ ਦੇ ਦਿਨ ਆਪਣੇ ਸਾਹਮਣੇ ਮੇਜ਼ ‘ਤੇ ਸ਼ਰਾਬ ਦੀ ਬੋਤਲ ਰੱਖੀ ਉਹ ਮੈਨੂੰ ਤੇ ਦੂਜੇ ਲੋਕਾਂ ਨੂੰ ਭਾਸ਼ਣ ਸੁਣਾਉਂਦੇ।
‘ਪਰਮਾਤਮਾ ਦੇ ਬੱਚਿਓ’, — ਇਹ ਪਿਤਾ ਜੀ ਦਾ ਇੱਕ ਖ਼ਾਸ ਮਨਪਸੰਦ ਸੰਬੋਧਨ ਸੀ ਕਿਉਂਕਿ ਉਹ ਇੱਕ ਚੰਗੇ ਧਾਰਮਕ ਆਦਮੀ ਸਨ। ਉਹ ਕਹਿਣਾ ਸ਼ੁਰੂ ਕਰਦੇ, ‘ਪਰਮਾਤਮਾ ਦੇ ਬੱਚਿਓ, ਤੁਸੀਂ ਇਸ ਤਰ੍ਹਾਂ ਧਰਤੀ ਦਾ ਮੁਕਾਬਲਾ ਨਹੀਂ ਕਰ ਸਕਦੇ। ਆਪਣੇ ਜ਼ਖ਼ਮਾਂ ਦਾ ਉਹ ਜ਼ਰੂਰ ਬਦਲਾ ਲਏਗੀ ਤੇ ਕਦੇ ਜਿੱਤੀ ਨਹੀਂ ਜਾਏਗੀ! ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਪਹਾੜ ਦੇ ਦਿਲ ਤੱਕ ਖੋਹਾਂ ਜ਼ਰੂਰ ਬਣਾਵਾਗੇ, ਪਰ ਜਿਵੇਂ ਹੀ ਉਸ ਨੂੰ ਛੋਹਾਂਗੇ, ਅਸੀਂ ਅੱਗ ਦੀਆਂ ਲਾਟਾਂ ਵਿੱਚ ਸੁੱਟ ਦਿਤੇ ਜਾਵਾਂਗੇ ਕਿਉਂਕਿ ਧਰਤੀ ਦਾ ਦਿਲ ਅੱਗ ਹੈ, ਹਰ ਕੋਈ ਇਹ ਜਾਣਦਾ ਹੈ! ਧਰਤੀ ‘ਤੇ ਹਲ਼ ਵਾਹੁਣਾ ਹੋਰ ਗੱਲ ਹੈ, ਕੁਦਰਤ ਦੀਆਂ ਜੰਮਣ-ਪੀੜਾਂ ਵਿੱਚ ਸਹਾਈ ਹੋਣਾ ਮਨੁੱਖ ਦਾ ਫ਼ਰਜ਼ ਹੈ, ਪਰ ਉਸ ਦੇ ਚਿਹਰੇ ਨੂੰ ਜਾਂ ਉਸ ਦੇ ਸਰੀਰ ਨੂੰ ਖਰਾਬ ਕਰਨਾ— ਨਹੀਂ, ਇਹ ਅਸੀਂ ਨਹੀਂ ਕਰ ਸਕਦੇ। ਵੇਖੋ, ਅਸੀਂ ਜਿਉਂ-ਜਿਉਂ ਪਹਾੜ ਨੂੰ ਪੁੱਟ ਕੇ ਅੰਦਰ ਜਾਂਦੇ ਹਾਂ, ਹਵਾ ਵਧੇਰੇ ਤੱਤੀ ਹੁੰਦੀ ਜਾਂਦੀ ਹੈ ਤੇ ਸਾਹ ਲੈਣਾ ਔਖਾ ਹੋ ਰਿਹਾ ਹੈ…।”
ਮੁੱਛਾਂ ਨੂੰ ਮਰੋੜਦਾ ਹੋਇਆ ਉਹ ਆਦਮੀ ਹੌਲ਼ੀ ਜਿਹੀ ਹੱਸਿਆ।
‘ਇੰਜ ਸੋਚਣ ਵਾਲ਼ੇ ‘ਕੱਲੇ ਓਹੀ ਨਹੀਂ ਸਨ ਤੇ ਇਹ ਸੱਚ ਵੀ ਸੀ- ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਸਾਂ, ਹਵਾ ਤੱਤੀ ਹੁੰਦੀ ਜਾ ਰਹੀ ਸੀ, ਅਸੀਂ ਵਧੇਰੇ ਬਿਮਾਰ ਹੁੰਦੇ ਗਏ ਤੇ ਮੌਤ ਦਾ ਸ਼ਿਕਾਰ ਬਣਦੇ ਗਏ। ਤੱਤੇ ਪਾਣੀ ਦੇ ਚਸ਼ਮੇ ਤਿੱਖੇ ਵਹਿਣਾਂ ਵਿੱਚ ਵਗਣ ਲੱਗੇ, ਧਰਤੀ ਵਿੱਚ ਤ੍ਰੇੜਾਂ ਪਾਟੀਆਂ ਤੇ ਸਾਡੇ ਦੋ ਸਾਥੀ ਜੋ ਲਗਾਨੋ ਤੋਂ ਆਏ ਸਨ, ਪਾਗਲ ਹੋ ਗਏ। ਰਾਤ ਵੇਲ਼ੇ ਬੈਰਕਾਂ ਵਿੱਚ ਕਈ ਆਦਮੀ ਨੀਂਦ ਵਿੱਚ ਬੁੜਬੁੜਾਉਂਦੇ ਹੋਏ ਉੱਠਦੇ ਤੇ ਭੈਭੀਤ ਹੋਏ ਆਪਣੇ ਮੰਜਿਆਂ ਤੋਂ ਛਾਲ਼ਾਂ ਮਾਰ ਦਿੰਦੇ…..
‘ਮੈਂ ਠੀਕ ਆਖ ਰਿਹਾ ਸਾਂ ਨਾ?’ ਪਿਤਾ ਜੀ ਨੇ ਕਿਹਾ। ਉਨ੍ਹਾਂ ਦੀਆਂ ਅੱਖਾਂ ਵਿੱਚ ਡਰ ਸੀ ਤੇ ਉਨ੍ਹਾਂ ਦੀ ਖੰਘ ਵਧ ਰਹੀ ਸੀ…, ‘ਮੈਂ ਠੀਕ ਆਖ ਰਿਹਾ ਸਾਂ ਨਾ?’ ਉਨ੍ਹਾਂ ਨੇ ਫੇਰ ਕਿਹਾ। ‘ਤੁਸੀਂ ਕੁਦਰਤ ਨੂੰ ਹਰਾ ਨਹੀਂ ਸਕਦੇ!’
"ਤੇ ਅਖ਼ੀਰ ਉਹ ਬੀਮਾਰ ਪਏ ਤਾਂ ਫੇਰ ਰਾਜ਼ੀ ਨਾ ਹੋਏ। ਉਹ ਬ੍ਰਿਧ ਸਨ, ਪਰ ਤਗੜੇ ਸਨ ਤੇ ਉਨ੍ਹਾਂ ਨੇ ਜ਼ਿੱਦ ਨਾਲ਼, ਬਿਨਾਂ ਕਿਸੇ ਸ਼ਿਕਾਇਤ ਦੇ, ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਮੌਤ ਦਾ ਮੁਕਾਬਲਾ ਕੀਤਾ— ਉਸ ਆਦਮੀ ਵਾਂਗ ਜੋ ਆਪਣਾ ਮੁੱਲ ਜਾਣਦਾ ਹੋਵੇ।
‘ਮੇਰਾ ਕੰਮ ਖ਼ਤਮ ਹੋਇਆ ਪਾਓਲੋਂ’, ਇੱਕ ਰਾਤ ਪਿਤਾ ਜੀ ਨੇ ਮੈਨੂੰ ਕਿਹਾ। ‘ਸੰਭਲ਼ ਕੇ ਕੰਮ ਕਰੀਂ ਤੇ ਘਰ ਚਲਾ ਜਾਵੀਂ। ਮੱਦੋਨਾ ਤੈਨੂੰ ਸੁਖੀ ਰੱਖੇ’ ਤਦ ਉਹ ਕਿੰਨਾਂ ਚਿਰ ਚੁੱਪ ਰਹੇ। ਉਨ੍ਹਾਂ ਦੀਆਂ ਅੱਖਾਂ ਬੰਦ ਸਨ ਤੇ ਸਾਹ ਔਖਾ ਆ ਰਿਹਾ ਸੀ।
ਉਹ ਆਦਮੀ ਉੱਠ ਖਲੋਤਾ। ਉਸ ਨੇ ਪਹਾੜ ਵੱਲ ਵੇਖਿਆ ਤੇ ਆਕੜ ਭੰਨੀ ਜਿਸ ਨਾਲ਼ ਉਸ ਦੀਆਂ ਨਾੜਾਂ ਚਟਕ ਪਈਆਂ।
"ਤਦ ਪਿਤਾ ਜੀ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਮੈਨੂੰ ਆਪਣੇ ਕੋਲ਼ ਖਿੱਚ ਕੇ ਕਿਹਾ—’ਇਹ ਰੱਬੀ ਸੱਚਾਈ ਹੈ!’ ਹਾਂ, ਉਨ੍ਹਾਂ ਕਿਹਾ, ‘ਜਾਣਦਾ ਏਂ ਪੁੱਤਰ ਪਾਓਲੋ, ਮੈਂ ਮੰਨਦਾ ਹਾਂ ਕਿ ਇਹ ਇੰਝ ਹੀ ਹੋਵੇਗਾ- ਅਸੀਂ ਅਤੇ ਦੂਜੇ ਪਾਸਿਉਂ ਪੁੱਟਣ ਵਾਲ਼ੇ ਲੋਕ ਪਹਾੜ ਦੇ ਵਿਚਕਾਰ ਇੱਕ ਦੂਜੇ ਨੂੰ ਮਿਲ਼ਾਂਗੇ, ਹਾਂ ਜ਼ਰੂਰ ਮਿਲ਼ਾਂਗੇ ਅਸੀਂ, ਤੂੰ ਮੰਨਦਾ ਏਂ ਪੁੱਤਰ ਪਾਓਲੋ?’ ਹਾਂ ਮੈਂ ਮੰਨਦਾ ਸਾਂ। ‘ਠੀਕ ਏ ਪੁੱਤਰ! ਮਨੁੱਖ ਨੂੰ ਆਪਣੇ ਕੰਮ ਵਿੱਚ ਸਦਾ ਭਰੋਸਾ ਰੱਖਣਾ ਚਾਹੀਦੈ, ਆਪਣੀ ਸਫ਼ਲਤਾ ਵਿੱਚ ਯਕੀਨ ਹੋਣਾ ਚਾਹੀਦੈ ਤੇ ਉਸ ਰੱਬ ਲਈ ਸ਼ਰਧਾ ਹੋਣੀ ਚਾਹੀਦੀ ਏ, ਜੋ ਮੱਦੋਨਾ ਦੀ ਕਿਰਪਾ ਸਦਕਾ ਚੰਗੇ ਕੰਮਾਂ ਵਿੱਚ ਸਹਾਇਕ ਹੁੰਦਾ ਹੈ। ਪੁੱਤਰ, ਮੈਂ ਬੇਨਤੀ ਕਰਦਾ ਹਾਂ ਕਿ ਜੇ ਇਹ ਹੋ ਜਾਏ, ਪਹਾੜ ਦੇ ਵਿਚਕਾਰ ਲੋਕਾਂ ਦਾ ਮੇਲ਼ ਹੋ ਜਾਏ ਤਾਂ ਮੇਰੀ ਕਬਰ ‘ਤੇ ਆਵੀਂ ਤੇ ਕਹੀਂ—ਪਿਤਾ ਜੀ, ਉਹ ਹੋ ਗਿਆ! ਤਦ ਮੈਂ ਜਾਣ ਜਾਵਾਂਗਾ!”
ਇਹ ਬੜਾ ਚੰਗਾ ਹੋਇਆ ਤੇ ਮੈਂ ਪਿਤਾ ਜੀ ਨੂੰ ਯਕੀਨ ਦਵਾਇਆ। ਪੰਜਾਂ ਦਿਨਾਂ ਮਗਰੋਂ ਪਿਤਾ ਜੀ ਸ੍ਵਰਗਵਾਸ ਹੋ ਗਏ। ਮਰਨ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਤੇ ਸਾਡੇ ਹੋਰਨਾਂ ਸਾਥੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸੁਰੰਗ ਦੇ ਅੰਦਰ ਉੱਥੇ ਹੀ ਦੱਬਿਆ ਜਾਏ ਜਿੱਥੇ ਉਨ੍ਹਾਂ ਕੰਮ ਕੀਤਾ ਸੀ। ਉਨ੍ਹਾਂ ਨੇ ਸਾਨੂੰ ਇੰਜ ਕਰਨ ਦੀ ਬੇਨਤੀ ਹੀ ਕੀਤੀ, ਪਰ ਮੈਂ ਮੰਨਦਾ ਹਾਂ ਕਿ ਉਹ ਜਿਵੇਂ ਸੁਪਨੇ ਵਿੱਚ ਬੋਲ ਰਹੇ ਸਨ।
"ਅਸੀਂ ਅਤੇ ਦੂਜੇ ਪਾਸਿਓਂ ਸਾਡੇ ਵੱਲ ਵਧਣ ਵਾਲ਼ੇ ਲੋਕ ਮੇਰੇ ਪਿਤਾ ਜੀ ਦੇ ਸ੍ਵਰਗਵਾਸ ਹੋਣ ਦੇ ਤੇਰਾਂ ਹਫ਼ਤਿਆਂ ਮਗਰੋਂ ਪਹਾੜ ਵਿਚਕਾਰ ਇੱਕ ਦੂਜੇ ਨਾਲ਼ ਮਿਲ਼ੇ। ਉਹ! ਉਸ ਦਿਨ ਅਸੀਂ ਜਿਵੇਂ ਪਾਗਲ ਹੋ ਗਏ ਸਾਂ ਜਦ ਅਸੀਂ ਧਰਤੀ ਦੇ ਹਨੇਰ ਗਰਭ ਵਿੱਚ ਦੂਜੇ ਪਾਸਿਓਂ ਆਉਣ ਵਾਲ਼ੇ ਲੋਕਾਂ ਦੇ ਕੰਮ ਦੀ ਅਵਾਜ਼ ਸੁਣੀ। ਰਤਾ ਸੋਚੋ ਖ਼ਾਂ, ਅਸੀਂ ਉਸੇ ਵੇਲ਼ੇ ਧਰਤੀ ਦੇ ਅਜਿਹੇ ਵੱਡੇ ਭਾਰ ਥੱਲੇ ਸਾਂ ਕਿ ਜੇ ਉਹ ਚਾਹੁੰਦੀ ਤਾਂ ਇੱਕੋ ਸੱਟ ਨਾਲ਼ ਸਾਨੂੰ ਸਾਰਿਆਂ ਸਧਾਰਨ ਜਿਹੇ ਬੰਦਿਆਂ ਨੂੰ ਫੇਹ ਸੁੱਟਦੀ।
"ਕਈਆਂ ਦਿਨਾਂ ਤੀਕ ਅਸੀਂ ਇਹ ‘ਵਾਜ ਸੁਣਦੇ ਰਹੇ। ਹਲਕੀਆਂ ਜਿਹੀਆਂ ‘ਵਾਜਾਂ ਦਿਨੋਂ-ਦਿਨ ਵਧੇਰੇ ਉੱਚੀਆਂ ਤੇ ਸਾਫ਼ ਹੋ ਰਹੀਆਂ ਸਨ ਤੇ ਸਾਡੇ ਉੱਤੇ ਜੇਤੂਆਂ ਵਾਲ਼ਾ ਨਸ਼ਾ ਛਾਇਆ ਹੋਇਆ ਸੀ। ਅਸੀਂ ਰਾਕਸ਼ਾਂ ਵਾਂਗ, ਭੂਤਾਂ ਵਾਂਗ ਕੰਮ ਕਰਦੇ ਰਹੇ ਤੇ ਸਾਨੂੰ ਰਤਾ ਵੀ ਥਕੇਵਾਂ ਪ੍ਰਤੀਤ ਨਾ ਹੋਇਆ, ਨਾ ਹੀ ਕਿਸੇ ਦੇ ਹੁਕਮ ਦੀ ਲੋੜ ਪਈ। ਕਿੰਨਾਂ ਸਵਾਦ ਆ ਰਿਹਾ ਸੀ। ਯਕੀਨ ਮੰਨੋ, ਸਾਨੂੰ ਉਸ ਵੇਲ਼ੇ ਲੱਗ ਰਿਹਾ ਸੀ ਕਿ ਅਸੀਂ ਇੱਕ ਬੜੇ ਸੁਹਣੇ ਦਿਨ ਦਿਹਾਰ ‘ਤੇ ਨੱਚ ਰਹੇ ਹਾਂ ਤੇ ਅਸੀਂ ਸਾਰੇ ਬਾਲਾਂ ਵਾਂਗ ਨਰਮ ਦਿਲ ਤੇ ਮਾਸੂਮ ਬਣ ਗਏ। ਕਿਤੇ ਤੁਸੀਂ ਜਾਣ ਸਕੋ ਕਿ ਮਹੀਨਿਆਂ ਬੱਧੀ ਜਿੱਥੇ ਅਸੀਂ ਛਛੂੰਦਰ ਵਾਂਗ ਅਣਥੱਕ ਮਿਹਨਤ ਨਾਲ਼ ਖੋਹਾ ਬਣਾ ਰਹੇ ਸਾਂ ਉੱਥੇ ਧਰਤੀ ਦੇ ਹਨੇਰੇ ਗਰਭ ਵਿੱਚ ਦੂਜੇ ਲੋਕਾਂ ਨੂੰ ਮਿਲਣ ਦੀ ਕਿੱਡੀ ਵੱਡੀ ਤਾਂਘ ਰਹੀ ਹੋਵੇਗੀ।”
ਇਨ੍ਹਾਂ ਯਾਦਾਂ ਸਦਕਾ ਉਸ ਆਦਮੀ ਦਾ ਚਿਹਰਾ ਜੋਸ਼ ਨਾਲ ਭਖ ਉੱਠਿਆ। ਉਹ ਕੋਲ਼ ਆਇਆ ਤੇ ਆਪਣੀਆਂ ਗੰਭੀਰ ਮਨੁੱਖੀ ਅੱਖਾਂ ਨਾਲ਼ ਉਸ ਆਦਮੀ ਦੀਆਂ ਅੱਖਾਂ ਵਿੱਚ ਵੇਖਦਿਆਂ ਉਸ ਨੇ ਨਰਮ ਤੇ ਖ਼ੁਸ਼ੀ ਭਰੀ ਅਵਾਜ਼ ਵਿੱਚ ਗੱਲ ਅੱਗੇ ਤੋਰੀ—
"ਸਾਡੇ ਵਿਚਕਾਰ ਜੋ ਮਿੱਟੀ ਦੀ ਅੰਤਲੀ ਤਹਿ ਸੀ, ਉਹ ਡਿੱਗ ਪਈ, ਸੁਰੰਗ ਦਾ ਹੁਣੇ-ਹੁਣੇ ਖੁੱਲ੍ਹਿਆ ਹਿੱਸਾ ਮਸ਼ਾਲ ਦੇ ਤਿੱਖੇ ਪੀਲ਼ੇ ਚਾਨਣ ਨਾਲ਼ ਜਗਮਗਾ ਉੱਠਿਆ ਤੇ ਉਸ ਪਾਸੇ ਸਾਨੂੰ ਇੱਕ ਕਾਲ਼ਾ ਚਿਹਰਾ ਵਿਖਾਈ ਦਿੱਤਾ ਜਿਸ ‘ਤੇ ਖ਼ੁਸ਼ੀ ਦੇ ਹੰਝੂ ਚਮਕ ਰਹੇ ਸਨ। ਇਸ ਚਿਹਰੇ ਦੇ ਪਿਛੇ ਕਈ ਹੋਰ ਮਸ਼ਾਲਾਂ ਤੇ ਚਿਹਰੇ ਦਿਸੇ। ਇੱਕ-ਵਾਰਗੀ ਜਿੱਤ ਦੀਆਂ ਅਵਾਜ਼ਾਂ ਗੂੰਜੀਆਂ, ਖੁਸ਼ੀ ਭਰਿਆ ਰੌਲ਼ਾ ਪਿਆ। ਮੇਰੀ ਜ਼ਿੰਦਗੀ ਦਾ ਉਹ ਸਭ ਤੋਂ ਵੱਧ ਖ਼ੁਸ਼ੀ ਭਰਿਆ ਦਿਨ ਸੀ ਤੇ ਜਦ ਮੈਨੂੰ ਉਹ ਦਿਨ ਯਾਦ ਆਉਂਦਾ ਹੈ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਬੇਅਰਥ ਨਹੀਂ ਗਈ। ਮੈਂ ਤੁਹਾਨੂੰ ਦੱਸਦਾ ਹਾਂ, ਇਸ ਦਾ ਕਾਰਨ ਸੀ ਮੇਰਾ ਕੰਮ, ਮੇਰਾ ਪਵਿੱਤਰ ਕੰਮ! ਜਦ ਅਸੀਂ ਧਰਤੀ ਦੇ ਗਰਭ ‘ਚੋਂ ਫੇਰ ਉੱਪਰ, ਸੂਰਜ ਦੇ ਚਾਨਣ ਵਿੱਚ ਆਏ ਤਾਂ ਸਾਡੇ ਵਿੱਚੋਂ ਕਈਆਂ ਨੇ ਧਰਤੀ ‘ਤੇ ਡਿੱਗ ਕੇ ਰੋਂਦਿਆਂ ਆਪਣੇ ਬੁੱਲ੍ਹਾਂ ਨਾਲ਼ ਉਸ ਨੂੰ ਚੁੰਮ ਲਿਆ। ਇਹ ਸਭ ਪਰੀ-ਕਹਾਣੀ ਵਾਂਗ ਅਲੋਕਾਰ ਸੀ। ਹਾਂ, ਉਸ ਜਿੱਤੇ ਹੋਏ ਪਹਾੜ ਨੂੰ ਚੁੰਮਿਆਂ, ਧਰਤੀ ਨੂੰ ਚੁੰਮਿਆ ਤੇ ਉਸ ਦਿਨ ਮੈਂ ਆਪਣੇ ਆਪ ਨੂੰ ਧਰਤੀ ਦੇ ਵਧੇਰੇ ਨੇੜੇ ਪ੍ਰਤੀਤ ਕੀਤਾ, ਮੈਂ ਉਸ ਨੂੰ ਪਿਆਰ ਕੀਤਾ, ਉਸੇ ਤਰ੍ਹਾਂ ਜਿਵੇਂ ਆਦਮੀ ਤੀਵੀਂ ਨੂੰ ਪਿਆਰ ਕਰਦਾ ਹੈ!
"ਤੇ ਮੈਂ ਆਪਣੇ ਪਿਤਾ ਜੀ ਦੀ ਕਬਰ ‘ਤੇ ਗਿਆ। ਮੈਨੂੰ ਪਤਾ ਸੀ ਕਿ ਮੋਏ ਹੋਏ ਆਦਮੀ ਕੁਝ ਸੁਣ ਨਹੀਂ ਸਕਦੇ, ਫੇਰ ਵੀ ਮੈਂ ਉੱਥੇ ਗਿਆ ਕਿਉਂਕਿ ਸਾਨੂੰ ਉਨ੍ਹਾਂ ਲੋਕਾਂ ਦੀਆਂ ਖ਼ਾਹਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਲਈ ਮਿਹਨਤ ਕੀਤੀ ਤੇ ਸਾਡੇ ਵਾਂਗ ਹੀ ਦੁੱਖ ਝੱਲੇ। ਕੀ ਠੀਕ ਏ ਨਾ?
"ਹਾਂ, ਮੈਂ ਪਿਤਾ ਜੀ ਦੀ ਕਬਰ ‘ਤੇ ਗਿਆ, ਧਰਤੀ ‘ਤੇ ਮੈਂ ਆਪਣੇ ਪੈਰ ਨਾਲ਼ ਦਸਤਕ ਦਿੱਤੀ ਤੇ ਉਹੀ ਲਫ਼ਜ਼ ਦੁਹਰਾਏ ਜੋ ਪਿਤਾ ਜੀ ਮੈਨੂੰ ਕਹਿ ਗਏ ਸਨ—
"ਪਿਤਾ ਜੀ, ਉਹ ਹੋ ਗਿਆ, ‘ਮੈਂ ਕਿਹਾ। ‘ਅਸੀਂ ਆਦਮੀ ਜਿੱਤ ਗਏ ਹਾਂ। ਉਹ ਹੋ ਗਿਆ, ਪਿਤਾ ਜੀ!”

ਪੰਜਾਬੀ ਕਹਾਣੀਆਂ (ਮੁੱਖ ਪੰਨਾ)