Taake Paachhe Jeewna (Punjabi Story) : Kartar Singh Duggal

ਤਾਕੇ ਪਾਛੇ ਜੀਵਣਾ (ਕਹਾਣੀ) : ਕਰਤਾਰ ਸਿੰਘ ਦੁੱਗਲ

"ਕੁੱਤਾ ਫਿਰ ਭੌਂਕ ਰਿਹਾ ਹੈ ।"
"ਭੌਂਕ ਨਹੀਂ ਰਿਹਾ , ਰੋ ਰਿਹਾ ਹੈ ।" ਪਲਕਾਂ ਵਿਚ ਅੱਥਰੂ ਲਟਕਾਏ ਉਸ ਟਰਾਂਜ਼ਿਟ ਕੈਂਪ ਦੇ ਅਧਿਕਾਰੀ ਨੂੰ ਦਸਿਆ । ਤੇ ਕੈਂਪ ਅਧਿਕਾਰੀ ਨੇ ਹੋਠ ਚਬਾ ਕੇ ਇੰਜ ਉਸ ਵਲ ਵੇਖਿਆ ਜਿਵੇਂ ਕਹਿ ਰਿਹਾ ਹੋਵੇ – ਔਰਤ , ਤੇਰਾ ਸਿਰ ਫਿਰ ਗਿਆ ਹੈ ? ਬੰਗਾਲੀ ਬੜੇ ਸਨਕੀ ਹੁੰਦੇ ਹਨ । ਹੁਣ ਤੇ ਤੁਹਾਡੇ ਤੇ ਸਚਮੁਚ ਮੁਸੀਬਤ ਆ ਪਈ ਹੈ ।
ਤੇ ਫੇਰ ਉਹ ਆਪਣੇ ਕੰਮ ਲਗ ਗਿਆ । ਨਵੇਂ ਆਏ ਸ਼ਰਨਾਥੀਆਂ ਦੇ ਖਲਜਗਣ । ਉਸ ਨੂੰ ਜਿਆਦਾ ਸੋਚਣ ਦੀ ਵਿਹਲ ਹੀ ਕਿੱਥੇ ਮਿਲਦੀ ਸੀ । ਦਿਨ – ਰਾਤ ਦਿਨ – ਰਾਤ ਬੇੜੀਆਂ ਦਰਿਆ ਦੇ ਕੰਢੇ ਇੰਜ ਆ ਕੇ ਲਗਦੀਆਂ ਸਨ । ਤੇ ਉਨ੍ਹਾਂ ਵਿਚ ਲੱਦੇ ਸ਼ਰਨਾਰਥੀ ਮਖਿਆਰੀਆਂ ਵਾਂਗ ਕੈਂਪ ਅਫ਼ਸਰ ਦੇ ਤੰਬੂ ਨੂੰ ਘੇਰ ਲੈਂਦੇ ਸਨ । ਭੁੱਖੇ , ਨੰਗੇ , ਬੀਮਾਰ , ਔਰਤਾਂ ਰਾਹ ਵਿਚ ਜਨਮੇ ਬੱਚੇ ਛਾਤੀਆਂ ਨਾਲ ਲਾਈ , ਔਰਤਾਂ ਜਿਨ੍ਹਾਂ ਦੇ ਦਿਨ ਪੂਰੇ ਹੋ ਚੁਕੇ ਸਨ ; ਕਿਸੇ ਵੇਲੇ ਵੀ ਜਿਨ੍ਹਾਂ ਦੀ ਸਿਪ ਮੋਤੀ ਉਗਲ ਸਕਦੀ ਸੀ ।
ਪਰ ਕਾਇਦੇ ਮੁਤਾਬਕ ਪਹਿਲੇ ਹਰ ਸ਼ਰਨਾਰਥੀ ਦਾ ਨਾਂ ਦਰਜ ਕੀਤਾ ਜਾਣਾ ਸੀ ; ਆਪਣਾ ਨਾਂ , ਪਿਓ ਦਾ ਨਾਂ , ਉਮਰ , ਪੂਰਾ ਪਤਾ , ਕਿੱਤਾ – ਕਸਬ , ਘਰ ਬਾਹਰ ਕਿਓਂ ਛਡ ਕੇ ਆਏ ? ਹੋਰ ਸਾਰੇ ਖਾਨੇ ਉਹ ਭਰ ਲੈਂਦਾ , ਪਰ ਆਖਰੀ ਖਾਤੇ ਤੇ ਉਸ ਨੂੰ ਵੀ ਚਿੜ੍ਹ ਆਂਦੀ ਸੀ । ਘਰ ਬਾਹਰ ਕਿਓਂ ਛੱਡ ਕੇ ਆਏ ! ਆਖਰ ਕੋਈ ਆਪਣਾ ਘਰ ਆਪਣਾ ਅੰਙਣ ਕਿਓਂ ਛਡਦਾ ਹੈ ? ਸ਼ੁਰੂ ਸ਼ੁਰੂ ਵਿਚ ਉਹ ਇਹ ਸੁਆਲ ਪੁੱਛਿਆ ਕਰਦਾ ਸੀ । ਫੇਰ ਇਕ ਦਿਨ ਇਕ ਸੱਤਰ ਸਾਲ ਦੇ ਬੁੱਢੇ ਮੌਲਵੀ ਨੇ ਪੋਲੇ ਜਿਹੇ ਉਹਨੂੰ ਜੁਆਬ ਦਿੱਤਾ – ਸੈਰ ਕਰਨ ਆਏ ਹਾਂ । ਦੋ ਪੁੱਤਰ ਉਹਦੇ ਮਾਰੇ ਗਾਏ ਸਨ । ਉਹਦੀ ਜੁਆਨ ਧੀ ਨੂੰ ਫੌਜੀਆਂ ਨੇ ਖੋਹ ਲਿਆ ਸੀ । ਉਹਦੇ ਘਰ ਨੂੰ ਸਾੜ ਕੇ ਸੁਆਹ ਕਰ ਦਿਤਾ ਸੀ । ਪਤਾ ਨਹੀਂ ਕਿੰਜ ਉਹ ਆਪ ਬਚ ਗਿਆ ਸੀ । ਤੇ ਇਹੀ ਹਸ਼ਰ ਕਾਫਲੇ ਦੇ ਹਰ ਬੰਦੇ ਨਾਲ ਹੋਇਆ ਸੀ । ਘਰ – ਬਾਹਰ ਕਿਓਂ ਛਡ ਆਏ ? ਇਸ ਦਾ ਕੋਈ ਕੀ ਜੁਆਬ ਦੇਵੇ ।
ਪਰ ਸਰਕਾਰ ਨੇ ਬਿਓਰਾ ਤੇ ਰਖੱਣਾ ਹੁੰਦਾ ਹੈ । ਸੋਸ਼ਲ ਵਰਕਰ ਤੇ ਇਸ ਤੋਂ ਕਿਤੇ ਵਧੇਰੇ ਵਿਸਥਾਰ ਨਾਲ ਸ਼ਰਨਾਰਥੀਆਂ ਦੀ ਆਪ ' ਬੀਤੀ ਸੁਣਦੇ ਤੇ ਉਸ ਨੂੰ ਆਪਣੇ ਕਾਗਜ਼ਾਂ ਵਿਚ ਦਰਜ ਕਰਦੇ ਰਹਿੰਦੇ ਸਨ ।
ਕੁੱਤਾ ਫਿਰ ਰੋ ਰਿਹਾ ਸੀ । ਇਕ ਦਰਦਨਾਕ ਵਿਰਲਾਪ । ਸ਼ਰਨਾਰਥੀਆਂ ਤੋਂ ਦੂਰ ਹਟ ਕੇ ਸਾਹਮਣੇ ਦਰਿਆ ਦੇ ਪਾਰਲੇ ਕੰਢੇ ਵਲ ਨਜ਼ਰਾਂ ਜਮਾਈ ਫਰਿਆਦ ਕਰ ਰਿਹਾ ਸੀ ।
ਤੇ ਉਹ ਕੈਂਪ ਅਫ਼ਸਰ ਦੇ ਕੋਲੋਂ ਕਯੂ ਵਿਚੋਂ ਨਿਕਲ ਬਾਹਰ ਆ ਗਈ । ਉਸ ਤੇ ਅਜੇ ਸੈਂਕੜੇ ਸ਼ਰਨਾਰਥੀਆਂ ਦਾ ਵੇਰਵਾ ਦਰਜ ਕਰਨਾ ਸੀ । ਫੇਰ ਕਿਤੇ ਉਨ੍ਹਾਂ ਦੇ ਨਾਂ ਰਾਸ਼ਨ ਕਾਰਡ ਬਣਾਉਣ ਦੀ ਵਾਰੀ ਆਵੇਗੀ ।
ਕਯੂ ਵਿਚੋਂ ਨਿਕਲ ਉਹ ਇਕਲਵਾਂਜੇ ਇਕ ਕੰਡਿਆਲੀ ਝਾੜੀ ਕੋਲ ਆ ਖਲੋਤੀ । ਤੇ ਉਹਦੇ ਕੰਨਾਂ ਵਿਚ ਕੈਂਪ ਅਧਿਕਾਰੀ ਦੀ ਮੁਹਾਰਨੀ ਮੁੜ ਗੂੰਜਣ ਲਗ ਪਈ ।
ਨਾਂ ?
ਫਾਤਮਾ ਬੀਬੀ — ਫਾਤਮਾ ਮਲਿਕ
ਉਮਰ ?
ਵੀਹ ਵਰ੍ਹੇ !
ਘਰ ਵਾਲੇ ਦਾ ਨਾਂ ?
ਅਬਦੁਲ ਮਲਿਕ ।
ਪਤਾ
ਰੰਗਪੁਰ ਖਾਸ ।
ਪਤੀ ਦਾ ਕਿੱਤਾ ?
ਪਤੀ ਮਾਰਿਆ ਗਿਆ ।
ਬੱਚੇ ?
ਇਕ ਬੇਟਾ ਸੀ , ਉਹ ਵੀ ਮਾਰਿਆ ਗਿਆ ।
ਹੋਰ ਕੋਈ ?
ਬਸ ਇਕ ' ਖੋਖਾ ' ਬਚਿਆ ਹੈ ।
ਖੋਖਾ ਕੌਣ ?
ਸਾਡਾ ਕੁੱਤਾ , ਬਾਹਰ ਖਲੋਤਾ ਰੋ ਰਿਹਾ ਹੈ ।
ਕੈਂਪ ਅਧਿਕਾਰੀ ਨੇ ਸੁਣਿਆ ਤੇ ਫੇਰ ਆਪਣੇ ਹੋਠ ਚਬਾਏ । ਦੀਵਾਨੀ ਔਰਤ । ਤੇ ਬਿਨਾਂ ਹੋਰ ਕੋਈ ਸੁਆਲ ਕੀਤੇ ਅਗਲੇ ਸ਼ਰਨਾਰਥੀ ਦਾ ਬਿਓਰਾ ਪੁੱਛਣਾ ਸ਼ੁਰੂ ਕੀਤਾ ।
ਸਾਹਮਣੇ ਖੋਖਾ ਖਲੋਤਾ ਫਿਰ ਰੋ ਰਿਹਾ ਸੀ । ਦੂਰ , ਬਹੁਤ ਦੂਰ ਦਿਸਹੱਦੇ ਤੇ ਨਜ਼ਰਾਂ ਜਮਾਈ , ਉੱਚਾ ਉੜੂੰਕਾਂ ਸੁੱਟ ਰਿਹਾ ਸੀ । ਜਿਵੇਂ ਕੋਈ ਤੜਫ ਤੜਫ ਕੇ ਕਿਸੇ ਨੂੰ ਪੁਕਾਰ ਰਿਹਾ ਹੋਵੇ ।
"ਖੋਖਾ , ਖੋਖਾ ਤੂੰ ਇੰਜ ਵਰਲਾਪ ਕਰਕੇ ਕਿਸ ਨੂੰ ਸੁਣਾਂਦਾ ਏਂ ? ਕੋਈ ਨਹੀਂ ਜੋ ਤੇਰੀ ਫਰਿਆਦ ਹੁਣ ਸੁਣੇਗਾ । ਖੋਖਾ , ਖੋਖਾ , ਤੂੰ ਇੰਜ ਕੁਰਲਾ ਕੁਰਲਾ ਕੇ ਕਿਸ ਨੂੰ ਬੁਲਾਂਦਾ ਏਂ ? ਉਹ ਤੇ ਚਲਾ ਗਿਆ । ਤਿੰਨ ਗੋਲੀਆਂ ਉਹਦੀ ਛਾਤੀ ਵਿਚ ਆ ਕੇ ਲਗੀਆਂ । ਤਿੰਨ ਗੋਲੀਆਂ ਉਹਦੀ ਛਾਤੀ ਵਿਚ ਤੇ ਇਕ ਗੋਲੀ ਉਹਦੇ ਬੱਚੇ ਦੀ ਛਾਤੀ ਵਿਚ । ਦੌੜ ਕੇ ਆਪਣੇ ਵਿਹੜੇ ਵਿਚ ਢੇਰੀ ਹੋਏ ਪਿਓ ਦੇ ਗਲ ਜਾ ਲੱਗਾ ਸੀ । ਤੇ ਉਹ ਅਖ ਪਲਕਾਰੇ ਵਿਚ ਠੰਡੇ ਹੋ ਗਏ । ਆਪਣੇ ਪੁੱਤਰ ਨੂੰ ਗੋਦ ਵਿਚ ਲੈ ਕੇ ਤੁਰ ਗਿਆ , ਬਿਟ ਬਿਟ ਵੇਖਦੀ ਕਲ – ਮੁੱਕਲੀ ਮੈਨੂੰ ਛਡ ਕੇ ।"
ਹੁਣ ਉਹ ਕੁੱਤਾ ਉਹਦੇ ਕੋਲ ਆ ਕੇ ਉਹਦੇ ਪੈਰਾਂ ਨੂੰ ਸੁੰਘ ਰਿਹਾ ਸੀ , ਉਹਦੇ ਸਾੜੀ ਦਾ ਪੱਲਾ ਮੂੰਹ ਵਿਚ ਲੈ ਕੇ ਉਹਨੂੰ ਖਿੱਚ ਰਿਹਾ ਸੀ , ਜਿਵੇਂ ਕਹਿ ਰਿਹਾ ਹੋਵੇ –ਚਲ , ਹੁਣੇ ਵਾਪਸ ਚਲ ਜਿਥੇ ਉਹ ਰਹਿ ਗਿਆ ਹੈ । ਮੈਂ ਆਪਣੇ ਮਾਲਕ ਕੋਲ ਜਾਣਾ ਏ ।
"ਬੱਚੇ , ਉਧਰ ਕੌਣ ਜਾ ਸਕਦਾ ਹੈ ? " ਫਾਤਮਾ ਖੋਖਾ ਨੂੰ ਸਮਝਾਂਦੀ ਹੈ । " ਉਧਰ ਤੇ ਗੋਲੀਆਂ ਦੀ ਵਰਖਾ ਹੁੰਦੀ ਹੈ । ਲਹੂ ਦੇ ਪਿਆਸੇ ਜਰਵਾਣੇ ਉਧਰ ਤੇ ਚੁਣ ਚੁਣ ਕੇ ਬੰਗਾਲੀ ਦੇਸ਼ ਭਗਤਾਂ ਦਾ ਖੂਨ ਕਰ ਰਹੇ ਨੇ । "
ਖੋਖਾ ਫਟੀਆਂ ਫਟੀਆਂ ਅੱਖੀਆਂ ਆਪਣੀ ਮਾਲਕਣ ਵਲ ਵੇਖਦਾ ਹੈ । ਕੀ ਮਤਲਬ , ਅੱਜ ਵੀ ਰਾਤ ਉਹਨੂੰ ਵੇਖੇ ਬਿਨਾਂ ਕੱਟਣੀ ਹੋਵੇਗੀ ?
ਨਹੀਂ , ਨਹੀਂ , ਨਹੀਂ , ਤੇ ਖੋਖਾ ਦੌੜ ਕੇ ਫੇਰ , ਦੂਰ ਉਥੇ ਜਿਥੋਂ ਉਸ ਨੂੰ ਦਰਿਆ ਦਾ ਕੰਢਾ ਸਾਫ਼ ਵਿਖਾਈ ਦਿੰਦਾ ਹੈ , ਜਾ ਕੇ ਰੋਣ ਲਗ ਪੈਂਦਾ ਹੈ । ਇਕ ਹਿਰਦੇ – ਵੇਧਕ ਵੇਦਨਾ । ਹੰਝੂਆਂ ਨਾਲ ਭਿੱਜੀ ਫਰਿਆਦ । ਉਹਦੀ ਪੁਕਾਰ ਉੱਚੀ ਹੋ ਜਾਂਦੀ ਹੈ । ਜਿਵੇਂ ਕੋਈ ਵੈਣ ਕਰ ਰਿਹਾ ਹੋਵੇ, ਹਾੜ੍ਹੇ ਕਢ ਰਿਹਾ ਹੋਵੇ ।
ਆਪ ਰੋ ਰਿਹਾ ਸੀ , ਖੋਖਾ ਆਪਣੀ ਮਾਲਕਣ ਨੂੰ ਵੀ ਰਵਾ ਰਵਾ ਕੇ ਉਹਦਾ ਬੁਰਾ ਹਾਲ ਕਰ ਰਿਹਾ ਸੀ ।
ਫੇਰ ਇਕ ਸੋਸ਼ਲ ਵਰਕਰ ਆਪਣਾ ਰਜਿਸਟਰ ਫੜੀ ਫਾਤਮਾ ਕੋਲ ਉਹਦਾ ਉਹ ਵੇਰਵਾ ਲੈਣ ਲਈ ਆ ਗਈ ਜਿਹੜੀ ਇਕ ਔਰਤ ਕਿਸੇ ਔਰਤ ਨੂੰ ਹੀ ਦਸ ਸਕਦੀ ਹੈ । ਫਾਤਮਾ ਨੇ ਵੇਖਿਆ ਰਜਿਸਟਰ ਭਰਿਆ ਹੋਇਆ ਸੀ ਤੱਸ਼ਦਦ ਦੀਆਂ ਉਨ੍ਹਾਂ ਕਹਾਣੀਆਂ ਨਾਲ ਜਿਹੜੀਆਂ ਬੰਗਲਾ ਦੇਸ਼ ਦੇ ਸ਼ਰਨਾਰਥੀਆਂ ਤੇ ਵਾਪਰੀਆਂ ਸਨ ।
"ਸੱਚ ਸੱਚ ਸਭ ਕੁਝ ਦਸ ਦੇਵਾਂ ।" ਫਾਤਮਾ ਨੇ ਸੋਹਣੇ ਮੂੰਹ ਵਾਲੀ ਨੌਜੁਆਨ ਸੋਸ਼ਲ ਵਰਕਰ ਦੀਆਂ ਮਧ ਭਰੀਆਂ ਅੱਖੀਆਂ ਵਲ ਵੇਖਦੇ ਹੋਏ ਕਿਹਾ । ਸ਼ੱਬੋ ਆਪ ਸ਼ਰਨਰਥਣ ਸੀ । ਇਹ ਲੋਕ ਪਹਿਲੇ ਹੱਲੇ ਵਿਚ ਹੀ ਨਿਕਲ ਆਏ ਸਨ ।
ਫੇਰ ਫਾਤਮਾ ਨੇ ਆਪਣੀ ਆਪ ਬੀਤੀ ਸ਼ੁਰੂ ਕੀਤੀ । ਛਲ ਛਲ ਅੱਥਰੂ ਉਹਦੇ ਵਹਿ ਰਹੇ ਸਨ , ਪਰ ਉਹ ਬੋਲਦੀ ਜਾ ਰਹੀ ਸੀ , ਬੋਲਦੀ ਜਾ ਰਹੀ ਸੀ ।
"ਮੇਰੇ ਸ਼ੌਹਰ ਤੇ ਮੇਰੇ ਬੱਚੇ ਦੀਆਂ ਲਾਸ਼ਾਂ ਬਾਹਰ ਵਿਹੜੇ ਵਿਚ ਪਈਆਂ ਸਨ ਤੇ ਮੈਨੂੰ ਉਹ ਜ਼ਾਲਮ ਕਹੇ ਪਲੰਘ ਤੇ ਮੈਂ ਉਹਦੇ ਨਾਲ ਪੈ ਜਾਵਾਂ । ਉਹਦੀ ਬੰਦੂਕ ਵਿਚੋਂ ਅਜੇ ਤੀਕ ਉਨ੍ਹਾਂ ਗੋਲੀਆਂ ਦਾ ਧੂਆਂ ਨਿਕਲ ਰਿਹਾ ਸੀ ਜਿਨ੍ਹਾਂ ਨਾਲ ਉਸ ਮੇਰੀ ਦੁਨੀਆ ਨੂੰ ਹਨੇਰਾ ਕੀਤਾ ਸੀ । ਤੇ ਮੈਂ ਉਹਦੇ ਮੂੰਹ ਤੇ ਥੁੱਕਿਆ , ਇਕ ਵਾਰ , ਦੋ ਵਾਰ , ਤਿੰਨ ਵਾਰ । ਉਹ ਹੱਕਾ ਬੱਕਾ ਮੇਰੇ ਮੂੰਹ ਵਲ ਵੇਖਣ ਲਗ ਪਿਆ । ਇਤਨੇ ਵਿਚ ਸਾਡੇ ਸੁਫੇ ਵਿਚ ਤੜ ਤੜ ਗੋਲੀਆਂ ਕਿਤੋਂ ਵਸਣ ਲਗ ਪਈਆਂ । ਇਕ ਫਟੜ ਸ਼ੇਰਨੀ ਵਾਂਗਰਾਂ ਮੈਂ ਉਂਜ – ਦੀ – ਉਂਜ ਖਲੋਤੀ ਸਾਂ ਤੇ ਉਹ ਮਲਕਣੇ ਹੀ ਕਿਤੇ ਗਲੀ ਵਿਚ ਖਿਸਕ ਗਿਆ । ਤੇ ਫੇਰ ਮੁਕਤੀ ਬਾਹਿਨੀ ਦੇ ਸਿਪਾਹੀਆਂ ਦੀ ਅਗਵਾਈ ਵਿਚ ਅਸੀਂ ਨਿਕਲ ਆਏ । ਮੇਰੇ ਨਾਲ ਸਾਡੀ ਬਸਤੀ ਦੇ ਕਈ ਲੋਕ ਹੋਰ ਸਨ । ਪੜਾਓ ਪੜਾਅ ਅਸੀਂ ਦਰਿਆ ਦੇ ਇਸ ਪਾਸੇ ਪੁੱਜ ਗਏ ।"
ਤੇ ਫੇਰ ਸ਼ੱਬੋ ਤੇ ਫਾਤਮਾ ਕੰਡਿਆਲੀ ਝਾੜੀ ਦੀ ਓਟ ਵਿਚ ਬੈਠੀਆਂ ਕਿਤਨਾ ਚਿਰ ਗੱਲਾਂ ਕਰਦਿਆਂ ਰਹੀਆਂ । ਅਜੇ ਰਾਸ਼ਨ ਕਾਰਡ ਵੰਡੇ ਜਾਣ ਵਿਚ ਦੇਰੀ ਸੀ । ਇਕ ਨਜ਼ਰ ਤੇ ਸ਼ੱਬੋ ਤੇ ਫਾਤਮਾ ਦੀ ਜਿਵੇਂ ਦੋਸਤੀ ਹੋ ਗਈ । ਸ਼ੱਬੋ ਕਹਿੰਦੀ ਉਹ ਫਾਤਮਾ ਨੂੰ ਵੀ ਆਪਣੇ ਨਾਲ ਕੰਮ ਵਿਚ ਲਾ ਲਵੇਗੀ । ਦੋਵੇਂ ਹਾਣ ਸਨ । ਇਨ ਬਿਨ ਇਸ ਤਰ੍ਹਾਂ ਦਾ ਜੋ ਕੁਝ ਫਾਤਮਾ ਨਾਲ ਹੋਇਆ ਸੀ ਸ਼ੱਬੋ ਨਾਲ ਵੀ ਬੀਤਿਆ ਸੀ । ਫਰਕ ਇਤਨਾ ਸੀ ਕਿ ਫਾਤਮਾ ਬਚ ਗਈ ਸੀ ਤੇ ਸ਼ੱਬੋ ਬਚ ਨਹੀਂ ਸਕੀ ਸੀ । ਉਹਦੀਆਂ ਬਾਹਵਾਂ ਨੂੰ ਜਕੜ ਕੇ ਅਗਲਿਆਂ ਨੇ ਉਹਨੂੰ ਵਲੂੰਧਰ ਸੁੱਟਿਆ ਸੀ । ਤੇ ਸ਼ੱਬੋ ਨੇ ਆਪਣੇ ਪੇਟ ਵਲ ਵੇਖ ਕੇ ਉਹਨੂੰ ਦਸਿਆ , ਉਹ ਗੁੰਡੇ ਦੇ ਬੀਜ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਕੁੱਖ ਵਿਚ ਸੰਭਾਲੇ ਹੋਏ ਸੀ । ਹੋਰ ਛੇ ਮਹੀਨੇ ਤੇ ਉਸ ਨੂੰ ਉਹ ਆਪਣੇ ਪੇਟ ਵਿਚੋਂ ਕਢ ਕੇ ਸੂਲੀ ਤੇ ਲਟਕਾ ਦੇਵੇਗੀ । ਤੇ ਸ਼ੱਬੋ ਦੀਆਂ ਅੱਖੀਆਂ ਵਿਚ ਇਕ ਅਜੀਬ ਤਰ੍ਹਾਂ ਦੀ ਵਹਿਸ਼ਤ ਝਾਕ ਰਹੀ ਸੀ ।
ਤੇ ਫਾਤਮਾ ਨੇ ਆਪਣਾ ਸਾਰਾ ਕਲੇਸ਼ ਭੁੱਲ ਕੇ ਉਹਨੂੰ ਛਾਤੀ ਨਾਲ ਲਾ ਲਿਆ । ਕਿਤਨੀ ਦੇਰ ਇੰਜ ਉਹ ਇਕ ਦੂਜੇ ਦੀਆਂ ਬਾਹਵਾਂ ਵਿਚ ਵਲਿੰਗੀਆਂ ਰਹੀਆਂ ।
ਖੋਖਾ ਫਿਰ ਰੋ ਰਿਹਾ ਸੀ । ਤੋਬਾ, ਤੋਬਾ ਕਿਸ ਤਰ੍ਹਾਂ ਕੀਰਨੇ ਪਾ ਰਿਹਾ ਸੀ । ਰੋ ਰੋ ਕੇ ਉਹਦੀ ਆਵਾਜ਼ ਬੈਠ ਗਈ ਸੀ । ਜਿਵੇਂ ਕੋਈ ਫਾਵ੍ਹਾ ਹੋ ਗਿਆ ਹੋਵੇ । ਮੁੜ ਮੁੜ ਦੂਰ ਸਾਹਮਣੇ ਦਰਿਆ ਦੇ ਪਾਰ ਦਿਸਹੱਦੇ ਵਲ ਵੇਖਣ ਲਗ ਪੈਂਦਾ ਤੇ ਕੁਰਲਾਉਣ ਲਗਦਾ ।
ਤ੍ਰਕਾਲਾਂ ਪੈ ਰਹੀਆਂ ਸਨ । ਪਲਾਤਾ ਪਲਾਤਾ ਹਨੇਰਾ ਹੋ ਰਿਹਾ ਸੀ । ਰੂੰ ਦੇ ਗੋਹੜਿਆਂ ਵਰਗੇ ਸਲੇਟੀ ਰੰਗ ਦੇ ਬੱਦਲ ਆਕਾਸ਼ ਵਿਚ ਵਾਹੋਦਾਹੀ ਉੱਡਦੇ ਜਾ ਰਹੇ ਸਨ । ਤੇ ਖੋਖਾ ਜਿਵੇਂ ਉਨ੍ਹਾਂ ਨੂੰ ਰੋ ਰੋ ਕੇ ਆਪਣਾ ਹਾਲ ਸੁਣਾ ਰਿਹਾ ਹੋਵੇ । ਉਨ੍ਹਾਂ ਹੱਥ ਆਪਣੇ ਦਰਦ – ਫਰਾਕ ਦੇ ਸੁਨੇਹੇ ਘਲ ਰਿਹਾ ਸੀ । ਉਹ ਬੱਦਲ ਜਿਹੜੇ ਉਹਦੇ ਬੰਗਲਾ ਦੇਸ਼ ਵਲ ਉੱਡਦੇ ਜਾ ਰਹੇ ਸਨ ।
ਫਾਤਮਾ ਤੇ ਸ਼ੱਬੋ ਕਿਤਨਾ ਚਿਰ ਇਕ ਦੂਜੇ ਦੇ ਅਲਿੰਗਣ ਵਿਚ ਗੜੂੰਦ ਪਈਆਂ ਰਹੀਆਂ ਤੇ ਫੇਰ ਉਹ ਉਠ ਕੇ ਰਾਸ਼ਨ ਕਾਰਡ ਦੀ ਕੈੜ ਲੈਣ ਤੁਰ ਪਈਆਂ । ਰਾਸ਼ਨ ਕਾਰਡ ਅਗਲੀ ਸਵੇਰ ਮਿਲਣੇ ਸਨ । ਅਗਲੀ ਸਵੇਰ ਰਾਸ਼ਨ ਕਾਰਡ ਵੀ ਮਿਲਣਗੇ ਤੇ ਟਰੱਕਾਂ ਵਿਚ ਪਾ ਕੇ ਸ਼ਰਨਾਰਥੀਆਂ ਨੂੰ ਆਪੋ ਆਪਣੇ ਕੈਂਪ ਵਿਚ ਭੇਜ ਦਿੱਤਾ ਜਾਵੇਗਾ । ਰਾਤ ਉਨ੍ਹਾਂ ਨੂੰ ਟ੍ਰਾਂਜ਼ਿਟ ਕੈਂਪ ਵਿਚ ਹੀ ਕੱਟਣੀ ਸੀ । ਪੰਕਤਾਂ ਦੀਆਂ ਪੰਕਤਾਂ ਸ਼ਰਨਾਰਥੀਆਂ ਵਿਚ ਪੂੜੀਆਂ ਤੇ ਸਬਜ਼ੀ ਵਰਤਾਈ ਜਾ ਰਹੀ ਸੀ ।
ਫਾਤਮਾ ਤੇ ਸ਼ੱਬੋ ਆਪਣਾ ਆਪਣਾ ਹਿੱਸਾ ਲੈ ਕੇ ਸ਼ੱਬੋ ਦੇ ਤੰਬੂ ਵਲ ਤੁਰ ਪਈਆਂ । ਤੰਬੂ ਟ੍ਰਾਜ਼ਿਟ ਕੈਂਪ ਦੇ ਇਕਲਵੰਜੇ ਕਰਕੇ ਸੀ ।
"ਨੂਰ ਹੈ , ਨੂਰਉੱਲਇਸਲਾਮ ।" ਤੇ ਸ਼ੱਬੋ ਤਾਵਲੇ ਤਾਵਲੇ ਕਦਮ ਅੱਗੇ ਵਧੀ । ਪਰ ਉਥੇ ਤੇ ਕੋਈ ਵੀ ਨਹੀਂ ਸੀ ।
ਮੁੜ ਮੁੜ ਫਾਤਮਾ ਦਾ ਜੀਅ ਕਰਦਾ ਸ਼ੱਬੋ ਤੋਂ ਪੁਛੇ, ਨੂਰ ਕੌਣ ਸੀ ? ਕੌਣ ਸੀ ਨੂਰ ਜਿਸ ਲਈ ਇਕਦੰਮ ਉਹ ਉਤਾਵਲੀ ਹੋ ਗਈ ਸੀ ।
ਪਰ ਫੇਰ ਉਸ ਨੂੰ ਖੋਖਾ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ ਤੇ ਉਸ ਨੂੰ ਸਭ ਕੁਝ ਵਿਸਰ ਗਿਆ । ਕਿੰਜ ਬੱਚਿਆਂ ਵਾਂਗ ਰੋਂਦਾ ਸੀ । ਬੱਚੇ ਵਾਂਗਰਾਂ ਹੀ ਤੇ ਉਸਨੂੰ ਉਸ ਦੇ ਘਰ ਵਾਲੇ ਨੇ ਪਾਲਿਆ ਸੀ । ਤੇ ਹੁਣ ਉਸ ਲਈ ਉਹ ਤੜਫ ਰਿਹਾ ਸੀ । ਰੋ ਰੋ ਕੇ ਆਪਣੀ ਦੀਦੇ ਕਲੁੰਜ ਰਿਹਾ ਸੀ ।
ਕਿਤਨਾ ਚਿਰ ਖੋਖਾ ਦੇ ਰੋਣ ਦੀ ਆਵਾਜ਼ ਆਂਦੀ ਰਹੀ ਤੇ ਫਾਤਮਾ ਦੀਆਂ ਅੱਖੀਆਂ ਮੁੜ ਮੁੜ ਡਬਡਬਾ ਜਾਂਦੀਆਂ ।
ਫੇਰ ਸ਼ੱਬੋ ਗਾਣ ਪਈ – ਹਮਾਰ ਸੋਨਾਰ ਬੰਗਲਾ ਦੇਸ਼ ।
ਤੇ ਸ਼ੱਬੋ ਦਾ ਗੀਤ ਸੁਣਦੀ ਕਈ ਦਿਨਾਂ ਦੀ ਥਕੀ – ਹਾਰੀ ਜਫ਼ਰ ਜਾਲ ਰਹੀ ਫਾਤਮਾ ਦੀ ਅੱਖ ਲਗ ਗਈ । ਇਕ ਝਟ ਦਾ ਝਟ ਤੇ ਉਹ ਬੇਸੁਧ ਪਈ ਸੀ ।
ਸਾਰੀ ਉਹ ਰਾਤ ਫਾਤਮਾ ਵਟੇ ਦਾ ਵਟਾ ਪਈ ਰਹੀ । ਸਵੇਰ ਹੋ ਗਈ , ਧੁਪਾਂ ਨਿਕਲ ਆਈਆਂ ਤਾਂ ਵੀ ਉਹ ਸੁਤੀ ਹੋਈ ਸੀ ।
ਸ਼ੱਬੋ ਕਦੋਂ ਦੀ ਆਪਣੇ ਕੰਮ ਨਿਕਲ ਗਈ ਸੀ ।
ਅੰਬੀ ਦੇ ਬੂਟੇ ਵਿਚੋਂ ਛਣ ਛਣ ਕੇ ਸਵੇਰ ਦੀਆਂ ਕਿਰਨਾਂ ਫਾਤਮਾਂ ਦੇ ਮੂੰਹ ਤੇ ਪੈ ਰਹੀਆਂ ਸਨ । ਚੰਨ ਵਰਗਾ ਉਹਦਾ ਮੂੰਹ ਜਿਵੇਂ ਖਿੜ – ਪੁੜ ਗਿਆ ਹੋਵੇ । ਸਵੇਰੇ ਦੀ ਠੰਡੀ – ਮਿਠੀ ਹਵਾ ਵਿਚ ਉਹਦੇ ਵਾਲ ਉਡ ਉਡ ਕੇ ਉਹਦੀਆਂ ਗੱਲ੍ਹਾਂ ਤੇ ਉਹਦੇ ਮਥੇ ਤੇ ਪੈ ਰਹੇ ਸਨ । ਉਹਦੀ ਅੰਗੀ ਦੀਆਂ ਉਤਲੀਆਂ ਤੰਦਾਂ ਛਿੱਝੀਆਂ ਹੋਈਆਂ ਸਨ ਤੇ ਉਹਦਾ ਕਹਿਰਾਂ ਦਾ ਜੋਬਨ ਡੁਲ੍ਹ ਡੁਲ੍ਹ ਪੈ ਰਿਹਾ ਸੀ ।
ਨੂਰ ਸੀ , ਨੂਰ ਉਹਦੇ ਕੰਨਾਂ ਵਿਚ ਗੋਸ਼ੇ ਕਰ ਰਿਹਾ ਸੀ । ਸ਼ੱਬੋ ਬੰਗਲਾ ਦੇਸ਼ ਵਿਚ ਉਸ ਜਰਵਾਣੇ ਨੂੰ ਟੋਲਣ ਗਈ ਸੀ ਜਿਸ ਦਾ ਬੀ ਉਹਦੇ ਪੇਟ ਵਿਚ ਸੀ । ਤੇ ਨੂਰ ਕਹਿ ਰਿਹਾ ਸੀ , ਹੁਣ ਉਹ ਮੁੜ ਕੇ ਕਦੀ ਨਹੀਂ ਆਵੇਗੀ । ਤੇ ਉਹ ਉਹਦੇ ਮੂੰਹ ਤੇ ਉਹਦੇ ਮਥੇ ਤੇ ਉਡ ਉਡ ਪੈ ਰਹੇ ਉਹਦੇ ਵਾਲਾਂ ਨੂੰ ਹਥ ਨਾਲ ਪੋਲੇ ਜਿਹੇ ਪਿਛੇ ਕਰਦਾ ਹੈ । ਤੇ ਸੁਆਦ ਸੁਆਦ ਹੋਈ ਫਾਤਮਾ ਅਖਾਂ ਮੁੰਦ ਲੈਂਦੀ ਹੈ । ਇਕ ਨਸ਼ੇ ਨਸ਼ੇ ਵਿਚ ਜਿਵੇਂ ਕੋਈ ਗੋਤੇ ਖਾ ਰਿਹਾ ਹੋਵੇ ।
"ਫਾਤਮਾ ! ਫਾਤਮਾ !! " ਸਾਹੋ ਸਾਹ ਘਬਰਾਈ ਹੋਈ ਸ਼ੱਬੋ ਦੀ ਆਵਾਜ਼ ਤੇ ਫਾਤਮਾ ਦੀ ਅਖ ਖੁਲ੍ਹ ਜਾਂਦੀ ਹੈ । ਸ਼ੱਬੋ ਦੀਆਂ ਅਖਾਂ ਵਿਚ ਅਥਰੂ ਡਲ੍ਹਕ ਰਹੇ ਹਨ । ਫਾਤਮਾਂ ਨੂੰ ਬਾਹੋਂ ਫੜ ਉਹ ਕੈੰਪ ਦੇ ਦਫਤਰ ਦੇ ਪਰਲੇ ਪਾਸੇ ਲੈ ਜਾਂਦੀ ਹੈ ।
ਤੇ ਫਾਤਮਾ ਵੇਖ ਕੇ ਕੁਰਲਾ ਉਠਦੀ ਹੈ । ਸਾਹਮਣੇ ਬੰਨੇ ਤੇ ਖੋਖਾ ਬੇਹਿਸ ਪਿਆ ਹੈ , ਫਟੀਆਂ ਫਟੀਆਂ ਅਖੀਆਂ ਦੂਰ ਦਰਿਆ ਤੇ ਪਾਰ ਦਿਸਹੱਦੇ ਵਲ ਲਗੀਆਂ ਹੋਈਆਂ ਉਹ ਖਤਮ ਹੋ ਗਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ