Taale : K.L. Garg

ਤਾਲੇ : ਕੇ.ਐਲ. ਗਰਗ

ਪਿਆਰੇ ਲਾਲ ਸੁਖੀ ਜਦੋਂ ਹੀ ਸਾਡੇ ਘਰ ਵੜਦਾ, ਸਾਡੇ ਦੋਵੇਂ ਜੁਆਕ ਮਸਖਰੀ ਅੰਦਾਜ਼ ਵਿੱਚ ਆ ਜਾਂਦੇ। ਉਸ ਦਾ ਚੌਖਟਾ ਦੇਖਦਿਆਂ ਹੀ ਸਾਡੀ ਵੱਡੀ ਧੀ ਨੰਨ੍ਹੀ ਗਿੱਧਾ ਜਿਹਾ ਪਾਉਂਦਿਆਂ ਆਪਣੇ ਛੋਟੇ ਵੀਰ ਕੁੱਕੀ ਨੂੰ ਧੀਮੀ ਸੁਰ ਵਿੱਚ ਆਖਦੀ:
"ਲੈ ਆ ਗੇ ਅੰਕਲ ਨਾਨ ਸਟਾਪ… ਹੁਣ ਘੰਟਾ ਤਾਂ ਤੇਰਾ ਤੇ ਮੇਰਾ ਗਿਆ ਸਮਝ। ਇਨ੍ਹਾਂ ਦੀਆਂ ਟਾਕਾਂ ਸੁਣੀ ਜਾਈਂ ਹੁਣ।" ਨੰਨ੍ਹੀ ਤੋਂ ਛੋਟਾ ਕੁੱਕੀ ਵੀ ਮੁਸਕਰਾਉਂਦਿਆਂ ਕਹਿ ਦਿੰਦਾ:
"ਅੰਕਲ ਚੈਟਰ ਬਾਕਸ ਕਹਿ ਚੈਟਰ ਬਾਕਸ। ਇੱਕ ਵਾਰ ਸ਼ੁਰੂ ਹੋ ਗਏ ਤਾਂ ਗੱਡੀ ਪਤਾ ਨੀ ਕਿਹੜੇ ਸਟੇਸ਼ਨ ‘ਤੇ ਜਾ ਕੇ ਹਾਲਟ ਕਰੂ। ਵਾਹ ਜੀ ਵਾਹ ਅੰਕਲ ਚੈਟਰ-ਬਾਕਸ।"
ਪਿਆਰੇ ਲਾਲ ਸੁਖੀ ਆਉਂਦਿਆਂ ਹੀ ਬੱਚਿਆਂ ਨੂੰ ਟੁਣਕਾ ਲਾਉਂਦਿਆਂ ਪੁੱਛਦਾ:
"ਬੱਲੇ ਬਈ ਬੱਲੇ, ਸਾਡੇ ਸ਼ੇਰ ਤਾਂ ਪੜ੍ਹਾਈਆਂ ਕਰੀ ਜਾਂਦੇ ਆ। ਬੱਲੇ ਬਈ ਬੱਲੇ, ਪੜ੍ਹਾਈਆਂ ਦੀ ਕੋਈ ਰੀਸ ਨੀ ਜੀ। ਪੜ੍ਹਾਈ ਨਾਲ ਤਾਂ ਬੰਦੇ ਦਾ ਅੰਦਰ ਬਾਹਰ ਰੋਸ਼ਨੀ ਨਾਲ ਭਰ ਜਾਂਦੈ। ਸਾਡੇ ਵਾਂਗੂ ਨ੍ਹੇਰਾ ਨੀ ਢੋਣਾ ਪੈਂਦਾ। ਅਨਪੜ੍ਹ ਬੰਦਾ ਤਾਂ ਡੰਗਰ ਹੁੰਦਾ ਨਿਰਾ। ਨਾ ਕਿਸੇ ਦੀ ਗੱਲ ਸਮਝੇ, ਨਾ ਆਪਣੀ ਦੱਸ ਸਕੇ। ਮੂਰਖਾਂ ਵਾਂਗ ਅਗਲੇ ਦੇ ਮੂੰਹ ਵੱਲ ਝਾਕਦਾ ਰਹਿੰਦੈ ਮੁਤਰ-ਮੁਤਰ। ਸਾਨੂੰ ਵੀ ਜੇ ਚਾਰ ਅੱਖਰ ਆ ਜਾਂਦੇ, ਸਾਡਾ ‘ਮਰੀਕਾ ਆਉਣਾ ਸਫਲਾ ਹੋ ਜਾਂਦਾ। ਬੱਲੇ ਬਈ ਬੱਲੇ, ਪੜ੍ਹਾਈਆਂ ਵਾਲੇ ਈ ਰਾਜ ਕਰਦੇ ਹੁੰਦੇ ਐ। ਸਾਡੇ ਵਰਗੇ ਤਾਂ ਇੱਥੇ ਭਾਰ ਈ ਢੋਣ ਆਏ ਆ ਜਿਨ੍ਹਾਂ ਨੂੰ ਇੱਲ ਦਾ ਨਾਂ ਕੁੱਕੜ ਵੀ ਨੀ ਆਉਂਦਾ। ਪੜ੍ਹੋ ਬੱਲਿਆ, ਦੱਬ ਕੇ ਪੜ੍ਹੋ। ਸਾਨੂੰ ਤਾਂ ਟੈਮ ਈ ਨੀ ਮਿਲਿਆ ਪੜ੍ਹਾਈਆਂ ਕਰਨ ਦਾ। ਹੋਸ਼ ਸੰਭਾਲਦਿਆਂ ਹੀ ਘਰ ਦਿਆਂ ਨੇ ਕੰਮ ਵਿੱਚ ਪਾ ਤਾ ਸੀ। ਟੈਮ ਈ ਨੀ ਮਿਲਿਆ, ਪੜ੍ਹਾਈਆਂ ਵੱਲ ਝਾਕਣ ਦਾ। ਬੱਸ ਐਵੇਂ ਚੱਲ ਸੋ ਚੱਲ ਈ ਹੁੰਦੀ ਰਹੀ ਸਾਰੀ ਉਮਰ। ਸਮਝੋ ਸਾਹ ਈ ਨੀ ਆਇਆ। ਕਬੀਲਦਾਰੀ ਵਿੱਚ ਐਸਾ ਫਸੇ ਕਿ ਮੁੜ ਰੱਸਾ ਲਾਹ ਹੀ ਨੀ ਹੋਇਆ।" ਉਸ ਦੀ ਨਾਨ-ਸਟਾਪ ਗੱਡੀ ਹੋਰ ਪਤਾ ਨਹੀਂ ਕਿੰਨੇ ਸਟੇਸ਼ਨ ਟੱਪਦੀ ਜੇ ਦੋਵੇਂ ਬੱਚੇ ਹੱਥ ਜੋੜ ਕੇ "ਨਮਸਤੇ ਅੰਕਲ ਜੀ" ਜਾਂ "ਗੁੱਡ ਮਾਰਨਿੰਗ ਅੰਕਲ ਜੀ" ਨਾ ਕਹਿ ਦਿੰਦੇ।
ਉਹ ਆਉਂਦਿਆਂ ਹੀ ਸੋਫਾ ਮੱਲ ਲੈਂਦਾ। ਚਾਹ ਪੀਂਦਿਆਂ ਵੀ ਉਹ ਕਿਸੇ ਨਾ ਕਿਸੇ ਗੱਲ ਦਾ ਸਿਰਾ ਲੱਭਦਾ ਰਹਿੰਦਾ। ਹੋਰ ਕੁਝ ਨਾ ਮਿਲਦਾ ਤਾਂ ਆਪਣੇ ਅਮਰੀਕਾ ਆਉਣ ਦਾ ਸਬੱਬ ਹੀ ਦੱਸਣ ਲੱਗਦਾ:
"ਭਰਾ ਜੀ, ਸਾਡੇ ਕਰਮਾਂ ਵਿੱਚ ਕਿੱਥੇ ਲਿਖਿਆ ਸੀ ‘ਮਰੀਕਾ ਆਉਣਾ। ਉਹ ਤਾਂ ਸਾਡਾ ਵੱਡਾ ਭਰਾ ਬਹੁਤ ਪਹਿਲਾਂ ਇੱਥੇ ਆ ਗਿਆ ਸੀ। ਉਦੋਂ ਉਹਨੂੰ ਟੱਬਰ ਦਾ ਮੋਹ-ਮਾਹ ਜਿਹਾ ਵੀ ਸੀ। ਬੱਸ ਆਉਂਦੇ ਨੇ ਸਾਡੇ ਭੈਣਾਂ-ਭਰਾਵਾਂ ਦੇ ਕਾਗਜ਼ ਭਰ ਦਿੱਤੇ। ਟੈਮ ਆਉਣ ‘ਤੇ ਸਭ ਦਾ ਤੋਪਾ ਭਰਿਆ ਗਿਆ। ਦੋ ਚਾਰ ਸਾਲ ਹੋਰ ਲੇਟ ਹੋ ਜਾਂਦਾ ਤਾਂ ਬੱਸ ਰਹਿ ਜਾਣਾ ਸੀ ਸਭ ਧਰਿਆ-ਧਰਾਇਆ। ਉੱਥੇ ਬੈਠੇ ਈ ਬਿਜਲੀ ਦੀਆਂ ਤਾਰਾਂ ਜੋੜੀ ਜਾਣੀਆਂ ਸੀ। ਮੋਟਰਾਂ ਬੰਨ੍ਹੀ ਜਾਣੀਆਂ ਸੀ। ਭਰਾ ਦਾ ਪਿਉ ਵਰਗਾ ਆਸਰਾ ਸੀ। ਹੁਣ ਵਾਂਗ ਨਮ੍ਹੋਰਾ ਹੋ ਜਾਂਦਾ ਤਾਂ ਅਸੀਂ ਕਿੱਥੇ ਦੇਖਣਾ ਸੀ ‘ਮਰੀਕਾ ‘ਮਰੂਕਾ। ਇੱਥੋਂ ਦਾ ਤਾਂ ਤੁਸੀਂ ਜਾਣਦੇ ਓ ਪਾਣੀ ਈ ਇਹੋ ਜਿਹਾ ਬਈ ਚੰਗਾ ਭਲਾ ਜਾਣੂੰ ਬੰਦਾ ਵੀ ਅੱਖਾਂ ਫੇਰ ਲੈਂਦਾ, ਪਿੱਠ ਮੋੜ ਕੇ ਖੜ੍ਹਾ ਹੋ ਜਾਂਦਾ। ਜਿਉਂਦਾ ਰਵ੍ਹੇ ਭਰਾ। ਉਂਝ ਉਨ੍ਹਾਂ ਦੀ ਪਿੱਠ ਸੁਣਦੀ ਐ, ਕੀਤਾ ਭਰਜਾਈ ਨੇ ਵੀ ਸਾਡਾ ਬਥੇਰਾ। ਨਹੀਂ ਤਾਂ ਸਾਡੇ ਵਰਗੇ ਅਨਪੜ੍ਹਾਂ ਦੇ ਪੈਰ ਇੱਥੇ ਕਿੱਥੇ ਜੰਮਣੇ ਸੀ! ਜਿਹੜੇ ਲੋਕਾਂ ਵਿੱਚ ਰਹੋ, ਉਨ੍ਹਾਂ ਦੀ ਜ਼ੁਬਾਨ ਤਾਂ ਆਉਣੀ ਈ ਚਾਹੀਦੀ ਐ ਭਰਾ ਜੀ, ਨਹੀਂ ਤਾਂ ਮਨ ਦੇ ਬੂਹੇ ਕਿਵੇਂ ਖੁੱਲ੍ਹਣਗੇ। ਪਰ ਊਂ ਹੌਲੀ-ਹੌਲੀ ਸਭ ਕੁਝ ਆ ਜਾਂਦਾ। ਸਰੀਰ ਦੇ ਹੋਰ ਵੀ ਤਾਂ ਅੰਗ ਹੁੰਦੇ ਆ ਬੰਦੇ ਦੇ। ਉਹ ਵੀ ਜੀਭ ਦਾ ਕੰਮ ਦੇ ਜਾਂਦੇ ਐ ਅੜੇ-ਥੁੜ੍ਹੇ। ਅੱਖਾਂ, ਹੱਥ, ਨੱਕ, ਕੰਨ ਦੇ ਦਿੰਦੇ ਆ ਕੰਮ ਬਾਤਚੀਤ ਕਰਨ ਦਾ। ਊਂ ਔਖੀਆਂ ਬਹੁਤ ਐ ਬਗੈਰ ਪੜ੍ਹਾਈਆਂ ਦੇ, ਕਿਸੇ ਓਪਰੇ ਮੁਲਕ ਵਿੱਚ ਜੜ੍ਹਾਂ ਲਾਉਣੀਆਂ…।" ਕਈ ਵਾਰੀ ਸਾਨੂੰ ਉਸ ਦੀਆਂ ਗੱਲਾਂ ਤੋਂ ਕੋਫਤ ਆਉਣ ਲੱਗਦੀ। ਲੱਗਦਾ ਜਿਵੇਂ ਉਹ ਖਾਹ-ਮਖਾਹ ਸਾਡਾ ਸਮਾਂ ਬਰਬਾਦ ਕਰੀ ਜਾਂਦਾ ਹੋਵੇ। ਉਸ ਦੀਆਂ ਬੇਰਸੀਆਂ ਗੱਲਾਂ ਕਈ ਵਾਰੀ ਝੁੰਝਲਾਹਟ ਵੀ ਪੈਦਾ ਕਰਦੀਆਂ। ਸਾਡਾ ਮਨ ਕਾਹਲਾ ਪੈਣ ਲੱਗਦਾ। ਮਨ ਕਰਦਾ ਕਿ ਉਸ ਨੂੰ ਕਹਿ ਦੇਈਏ ਕਿ ਸੁਖੀ ਸਾਹਿਬ ਪੁੱਛ ਕੇ ਆਇਆ ਕਰੋ। ਗੱਲਾਂ ਦਾ ਮਜ਼ਾ ਤਦ ਹੀ ਆਉਂਦਾ ਜੇ ਅਸੀਂ ਵੀ ਤੁਹਾਡੇ ਵਾਂਗ ਵਿਹਲੇ ਹੋਈਏ। ਸਾਡੇ ਉੱਖੜੇ-ਪੁੱਖੜੇ ਰਉਂ ਨੂੰ ਦੇਖ ਕੇ ਪਿਆਰੇ ਲਾਲ ਸੁਖੀ ਝੱਟ ਤਾੜ ਜਾਂਦਾ ਤੇ ਮੁਆਫ਼ੀ ਮੰਗਣ ਦੇ ਲਹਿਜ਼ੇ ਵਿੱਚ ਝੱਟ ਆਖਣ ਲੱਗਦਾ:
"ਭਰਾ ਜੀ, ਮੈਂ ਵੀ ਐਵੇਂ ਤੁਹਾਡਾ ਸਿਰ ਖਾਣ ਆ ਜਾਨਾਂ। ਪਰ ਕੀ ਕਰਾਂ, ਇਹ ਦਿਲ ਦਾ ਦਰਵਾਜ਼ਾ ਹੈ ਹੀ ਇਹੋ ਜਿਹਾ ਬਈ ਜਣੇ ਖਣੇ ਮੂਹਰੇ ਨਹੀਂ ਖੋਲਿ੍ਹਆ ਜਾ ਸਕਦਾ। ਤੁਹਾਡਾ ਘਰ ਤਾਂ ਹੁਣ ਆਪਣਾ ਆਪਣਾ ਈ ਲੱਗਣ ਲੱਗ ਪਿਐ। ਅਪਣੱਤ ਜਿਹੀ ਆਉਣ ਲੱਗ ਪਈ ਐ। ਚਾਹੀਦਾ ਤਾਂ ਹੈ ਕਿ ਪੁੱਛ ਕੇ ਹੀ ਆਈਏ ਪਰ ਆਪਣਿਆਂ ਕੋਲੋਂ ਕਾਹਦਾ ਪੁੱਛਣਾ ਤੇ ਕਾਹਦਾ ਦੱਸਣਾ। ਥਿਰੀ ਨਾਟ ਥਿਰੀ ਦੀ ਗੋਲੀ ਵਾਂਗ ਸਿੱਧੇ ਆ ਬੱਜੀਦਾ।"
ਸੁਖੀ ਦੇ ਇਸ ਤਰ੍ਹਾਂ ਅਪਣੱਤ ਜ਼ਾਹਿਰ ਕਰਨ ‘ਤੇ ਸਾਨੂੰ ਵੀ ਸਿਸ਼ਟਾਚਾਰ ਵਜੋਂ ਕਹਿਣਾ ਹੀ ਪੈਂਦਾ ਸੀ:
"ਨਹੀਂ, ਨਹੀਂ ਸੁਖੀ ਜੀ। ਤੁਹਾਡਾ ਆਪਣਾ ਘਰ ਐ। ਭਾਵੇਂ ਅੱਧੀ ਰਾਤ ਆਉ। ਤੁਹਾਡੇ ਲਈ ਇਹ ਬੂਹੇ ਹਮੇਸ਼ਾ ਈ ਖੁੱਲ੍ਹੇ ਆ। ਭਲਾ ਕੋਈ ਆਪਣਿਆਂ ਵਾਸਤੇ ਵੀ ਬੂਹਿਆਂ ਨੂੰ ਤਾਲੇ ਮਾਰਦਾ ਹੁੰਦਾ। ਸਗੋਂ ਤੁਹਾਡੇ ਆਉਣ ਨਾਲ ਤਾਂ ਘਰ ਵਿੱਚ ਰੌਣਕ ਲੱਗ ਜਾਂਦੀ ਆ। ਨਹੀਂ ਤਾਂ ਐਵੇਂ ਬੈਠੇ ਰਹੀਦਾ ਸਾਰਾ ਸਾਰਾ ਦਿਨ ਬੁਸੇ-ਬੁਸੇ ਜਿਹੇ। ਤੁਸੀਂ ਨਾ ਆਵੋ ਤਾਂ ਅਸੀਂ ਤਾਂ ਬੋਰ ਹੋ ਕੇ ਹੀ ਮਰ ਜਾਈਏ। ਤੁਹਾਡੇ ਨਾਲ ਸੁਹਣੀ ਟੈਮ ਕਟੀ ਹੋ ਜਾਂਦੀ ਆ। ਤੁਸੀਂ ਆਪਣਾ ਘਰ ਹੀ ਸਮਝੋ ਇਸ ਨੂੰ। ਮਸਾਂ ਤਾਂ ਆਪਣੇ ਮੁਲਕ ਦਾ ਬੰਦਾ ਦਿਸਦਾ ਇੱਥੇ।"
ਇਕੇਰਾਂ ਅਸੀਂ ਕਹਿ ਬੈਠੇ:
"ਤੁਹਾਡਾ ਨਾਂ ਬਹੁਤ ਵਧੀਆ, ਪਿਆਰੇ ਲਾਲ ਸੁਖੀ। ਇਹ ਨਾਂ ਲੈਂਦਿਆਂ ਸੁਣਦਿਆਂ ਮਨ ਵਿੱਚ ਸੁਖ ਦਾ ਤਰਲ ਜਿਹਾ ਭਾਵ ਪੈਦਾ ਹੋ ਜਾਂਦਾ ਇੱਕ ਵਾਰ ਤਾਂ। ਮਨ ਵਿੱਚ ਪ੍ਰੇਮ ਦਾ ਝਰਨਾ ਜਿਹਾ ਵਹਿਣ ਲੱਗ ਪੈਂਦਾ।"
ਸੁਣਦਿਆਂ ਹੀ ਸੁਖੀ ਦੀ ਕੈਸਟ ਚਾਲੂ ਹੋ ਗਈ ਸੀ:
"ਘਰਦਿਆਂ ਨੇ ਮੇਰਾ ਨਾਂ ਤਾਂ ਵਲੈਤੀ ਸ਼ਾਹ ਰੱਖਿਆ ਸੀ ਪਰ ਮੇਰੀ ਦਾਦੀ ਨੂੰ ਨਹੀਂ ਸੀ ਜਚਿਆ ਇਹ ਨਾਂ। ਉਂਜ ਮੇਰੀ ਸ਼ਕਲ ਬੜੀ ਪਿਆਰੀ ਪਿਆਰੀ ਸੀ ਛੋਟੇ ਹੁੰਦਿਆਂ। ਮੇਰੀ ਦਾਦੀ ਨੂੰ ਮੇਰਾ ਬੜਾ ਮੋਹ ਆਉਂਦਾ ਸੀ। ਸੁਹਣਾ ਵੀ ਮੈਂ ਬਥੇਰਾ ਹੁੰਦਾ ਸੀ। ਉਸ ਮੇਰਾ ਨਾਂ ਪਿਆਰੇ ਲਾਲ ਰੱਖ ਦਿੱਤਾ…।"
"ਤੇ ਇਹ ਸੁਖੀ?" ਅਸੀਂ ਆਖ ਦਿੱਤਾ ਸੀ।
"ਦੁਨੀਆ ਤਾਂ ਭਰਾ ਜੀ ਦੁੱਖਾਂ ਦੀ ਮਾਰੀ ਪਈ ਆ। ਮਾੜਾ ਜਿਹਾ ਛੇੜਨ ‘ਤੇ ਹੀ ਅਗਲਾ ਫੋੜੇ ਵਾਂਗ ਉੱਚੜ ਜਾਂਦਾ। ਜਣਾ ਖਣਾ ਆਪਣੇ ਦੁੱਖਾਂ ਦੀ ਪਟਾਰੀ ਚੁੱਕੀ ਫਿਰਦਾ। ਭੋਰਾ ਕੁ ਪੁੱਛਣ ‘ਤੇ ਹੀ ਝੱਟ ਪਟਾਰੀ ਖੋਲ੍ਹ ਕੇ ਬਹਿ ਜਾਂਦਾ। ਉਂਜ ਦੁੱਖ ਵੰਡਾਉਂਦਾ ਕੌਣ ਐ ਕਿਸੇ ਦਾ। ਕਿਸ ਕੋਲ ਹੈ ਟੈਮ? ਸਭ ਆਪੋ-ਆਪਣਾ ਬੋਝ ਚੁੱਕੀ ਫਿਰਦੇ ਆ। ਫੇਰ ਕਾਸਨੂੰ ਐਵੇਂ ਆਪਣਾ ਝੱਗਾ ਚੁੱਕ ਕੇ ਢਿੱਡ ਨੰਗਾ ਕਰੀਏ। ਆਪਾਂ ਸੁਖੀ ਨਾਂ ਨਾਲ ਜੋੜ ਲਿਆ। ਜੱਗ ਮਰੇ ਚਾਹੇ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਜਦੋਂ ਕਿਸੇ ਨੇ ਸਾਡਾ ਦੁੱਖ ਵੰਡਾਉਣਾ ਈ ਨੀ, ਫੇਰ ਕਾਸ ਨੂੰ ਐਵੇਂ ਆਪਣੇ ਆਪ ਨੂੰ ਦੁਖੀ ਦੁਖੀ ਆਖੀ ਜਾਈਏ। ਆਪਾਂ ਤਾਂ ਜੀ ਸੁਖੀ ਆਂ। ਪੂਰੀ ਤਰ੍ਹਾਂ ਸੁਖੀ। ਲਉ ਕਰ ਲਉ ਗੱਲ।"
ਜਦੋਂ ਉਸ "ਮੈਂ ਛੋਟਾ ਹੁੰਦਾ ਸੁਹਣਾ ਬਹੁਤ ਸੀ" ਆਖਿਆ ਸੀ ਤਾਂ ਅਸੀਂ ਉਸ ਦੇ ਚੇਚਕ ਮਾਰੇ ਮੂੰਹ ਵੱਲ ਗੌਰ ਨਾਲ ਦੇਖਿਆ ਸੀ। ਸਾਨੂੰ ਇੰਜ ਆਪਣੇ ਵੱਲ ਨੀਝ ਲਾ ਕੇ ਦੇਖਦਿਆਂ ਤੱਕ ਕੇ ਸੁਖੀ ਕਹਿਣ ਲੱਗਾ:
"ਇਹ ਚੇਚਕ ਵਾਲੀ ਗੱਲ ਤਾਂ ਬਾਅਦ ਦੀ ਐ। ਮੈਨੂੰ ਵੱਡੀ ਮਾਤਾ ਨਿਕਲ ਆਈ ਸੀ। ਦਾਦੀ ਆਪਣੇ ਵਾਲ ਖੋਹ ਖੋਹ ਆਖੀ ਗਈ ਮੁੰਡੇ ਨੂੰ ਉਹਦੀ ਹੀ ਨਜ਼ਰ ਲੱਗ ਗਈ ਸੀ। ਉਹ ਆਪਣੇ ਪੈਰ ਦੀ ਮਿੱਟੀ ਚੁੱਕ ਚੁੱਕ ਹੀ ਚੁੱਲ੍ਹੇ ਦੀ ਅੱਗ ਵਿੱਚ ਪਾਉਣ ਲੱਗ ਪਈ ਸੀ। ਚੇਚਕ ਨੂੰ ਆਰਾਮ ਤਾਂ ਆ ਗਿਆ ਪਰ ਉਹ ਆਪਣੀਆਂ ਪੈੜਾਂ ਮੇਰੇ ਚਿਹਰੇ ‘ਤੇ ਸਦਾ ਸਦਾ ਲਈ ਛਾਪ ਗਈ ਸੀ। ਊਂ ਭਰਾ ਜੀ ਪਿਆਰੇ ਲਾਲ ਸੁਖੀ ਬਚਪਨ ਵਿੱਚ ਸੁਹਣਾ ਬਹੁਤ ਹੁੰਦਾ ਸੀ। ਹੁਣ ਸਾਡੀ ਕੁੱਜੇ ਜਿਹੀ ਬੂਥੀ ਦੇਖ ਕੇ ਕੋਈ ਮੰਨ ਲਊ ਇਹ ਗੱਲ। ਨਹੀਂ ਮੰਨਣੀ ਨਾ ਕਿਸੇ ਨੇ ਇਹ ਗੱਲ?"
ਸੁਖੀ ਨੂੰ ਬਿਜਲੀ ਦੀ ਹੀ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ ਸੀ। ਉਸ ਦੇ ਪੁੱਤ-ਧੀਆਂ ਵੀ ਉਸ ਦੇ ਨਾਲ ਹੀ ਆਉਣ ਵੇਲੇ ਅਧਪੜ੍ਹੇ ਜਿਹੇ ਹੀ ਸੀ। ਕੋਈ ਅੱਠਵੀਂ ਵਿੱਚੋਂ ਉੱਠਿਆ ਸੀ ਤੇ ਕੋਈ ਚੌਥੀ ਪੰਜਵੀਂ ਵਿੱਚੋਂ। ਤੀਵੀਂ ਵੀ ਉਸ ਦੀ ਕੋਰੀ ਅਨਪੜ੍ਹ ਹੀ ਸੀ। ਅਸੀਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਦੇ ਗੁਆਂਢ ਵਾਲਾ ਖਾਲੀ ਫਲੈਟ ਖਰੀਦਿਆ ਸੀ। ਹੌਲੀ-ਹੌਲੀ ਆਂਢ-ਗੁਆਂਢ ਨਾਲ ਵਾਹ ਵਾਸਤਾ ਪੈਣ ਲੱਗਾ ਤਾਂ ਪਿਆਰੇ ਲਾਲ ਸੁਖੀ ਹੁਰੀਂ ਆਪਣੇ ਆਪਣੇ ਲੱਗਣ ਲੱਗੇ ਸਨ। ਸੁਖੀ ਨੂੰ ਤਾਂ ਜਿਵੇਂ ਰੱਬ ਹੀ ਮਿਲ ਗਿਆ ਹੋਵੇ। ਉਹਦੇ ਮਨ ਦਾ ਬੂਹਾ ਸਾਡੇ ਆਉਣ ਨਾਲ ਚੁਪੱਟ ਖੁੱਲ੍ਹ ਗਿਆ ਸੀ। ਉਸ ਨੂੰ ਤਾਂ ਜਿਵੇਂ ਜੰਗਾਲੇ ਤਾਲੇ ਦੀ ਚਾਬੀ ਹੀ ਹੱਥ ਲੱਗ ਗਈ ਹੋਵੇ। ਉਸ ਦੀ ਪਤਨੀ ਵੀ ਵਿਚਾਰੀ ਸਾਂਈ ਲੋਕ ਹੀ ਸੀ। ਉਹ ਸਾਡੀ ਪਤਨੀ ਨੂੰ ਗੱਲਾਂ ਗੱਲਾਂ ਵਿੱਚ ਹੀ ਦੱਸਿਆ ਕਰਦੀ ਸੀ:
"ਭੈਣ ਜੀ, ਸਾਡਾ ਇਹ ਬਹੁਤ ਅਵੈੜਾ ਬੰਦਾ ਸੀ। ਗੱਲ ਗੱਲ ‘ਤੇ ਹੱਥ ਚੁੱਕ ਲੈਂਦਾ। ਮੈਂ ਤਾਂ ਬਥੇਰੀ ਕੁੱਟ ਖਾਧੀ ਐ ਇਸ ਤੋਂ। ਇਹ ਤਾਂ ਇੱਥੇ ਆ ਕੇ ਕੁਸ਼ ਚੈਨ ਆਈ ਐ। ਇੱਥੋਂ ਦੇ ਰਵਾਜ ਤਾਂ ਤੁਸੀਂ ਜਾਣਦੇ ਈ ਓ। ਜ਼ਨਾਨੀਆਂ ਨੂੰ ਬਥੇਰੀ ‘ਜ਼ਾਦੀ ਐ ਇੱਥੇ। ਕੋਈ ਹੱਥ ਲਗਾ ਕੇ ਤਾਂ ਦੇਖੇ। ਝੱਟ ਪੁਲੀਸ ਆ ਜਾਂਦੀ ਐ। ਠਾਣੇ ਵਿੱਚ ਇੱਕ ਰਾਤ ਕੱਟ ਕੇ ਈ ਸੁਰਤ ਠਕਾਣੇ ਆ ਜਾਂਦੀ ਐ ਇਹੋ ਜਿਹਿਆਂ ਦੀ। ਉੱਥੋਂ ਦਾ ਗਿੱਝਿਆ ਇੱਕ ਦਿਨ ਲੱਗਾ ਸੀ ਹੱਥ ਹੌਲਾ ਕਰਨ। ਮੈਂ ਝੱਟ ਕਹਿ ਤਾ ‘ਬਲਾਵਾਂ ਪੁਲੀਸ… ਆਹ ਫੂਨ ਪਿਆ। ਇੱਕ ਸਕਿੰਟ ਵੀ ਨੀ ਲੱਗਣਾ। ਭੂਤਨੀਆਂ ਭੁੱਲ ਜਾਣਗੀਆਂ। ਲਉ ਜੀ ਉਹ ਦਿਨ ਤੇ ਆਹ ਦਿਨ, ਮੁੜ ਕੇ ਨੀ ਕੁਸਕਿਆ। ਮੈਂ ਤਾਂ ਕਹਿ ਤਾ ਸੀ ਬਈ ਬਹੁਤਾ ਤਾਂਘੜਿਆ ਤਾਂ ਮੈਂ 911 ‘ਤੇ ਫੋਨ ਮਾਰ ਦੇਣਾ। ਫੇਰ ਨੀ ਕੁਸਕਿਆ ਮੁੜ। ਅੱਖ ਵਿੱਚ ਪਾਇਆ ਕਿਹੜਾ ਰੜਕਿਆ। ਠੰਢਾ ਸੀਤ ਹੋ ਗਿਆ। ਇਹ ਬੰਦੇ ਸੂਤ ਈ ਇਉਂ ਆਉਂਦੇ ਐ ਭੈਣ ਜੀ।"
ਇੱਕ ਵਾਰ ਇੰਡੀਅਨਾਂ ਦੇ ਵਿਗੜ ਰਹੇ ਮੁੰਡਿਆਂ ਕੁੜੀਆਂ ਦੀ ਗੱਲ ਚੱਲੀ ਤਾਂ ਪਿਆਰੇ ਲਾਲ ਸੁਖੀ ਸ਼ੁਰੂ ਹੋ ਗਿਆ:
"ਜਿੱਥੇ ਕੋਈ ਮਾਨਸ ਰਹੂ ਭਰਾ ਜੀ, ਉਥੋਂ ਦੇ ਆਲੇ-ਦੁਆਲੇ ਦਾ, ਪੌਣ ਪਾਣੀ ਦਾ, ਅੰਨ ਜਲ ਦਾ ਅਸਰ ਤਾਂ ਹੋਊਗਾ ਈ ਹੋਊਗਾ। ਪਾਣੀ ਵਿੱਚ ਵੜ ਕੇ ਭਿੱਜਣੋਂ ਕਿਵੇਂ ਬਚਿਆ ਜਾ ਸਕਦਾ? ਅੱਗ ਕੋਲ ਬੈਠਾਂਗੇ ਤਾਂ ਸੇਕ ਆਊਗਾ ਈ ਆਊਗਾ। ਐਵੇਂ ਕਹਿ ਦੇਈਏ, ਬਥੇਰਾ ਕੀਤਾ ਜੁਆਕਾਂ ਦਾ, ਮੂੰਹੋਂ ਕੱਢ ਕੱਢ ਖੁਆਇਆ। ਇੱਥੇ ਲੈ ਕੇ ਆਇਆ ਪੰਜੀ ਪੰਜੀ ਜੋੜ ਕੇ। ਹੁਣ ਕੰਮ ਧੰਦਿਆਂ ਜੋਗੇ ਵੀ ਕਰ ਤੇ। ਡਾਲਰ ਡਿੱਗਦੇ ਦੇਖ ਕੇ ਛੋਟਾ ਕਹਿਣ ਲੱਗਾ, ‘ਹਮ ਤੋ ਅੱਡ ਰਿਹਾ ਕਰਿਆਂਗੇ। ਤੁਹਾਡੇ ਨਾਲ ਨੀ ਮੈਂ ਹੁਣ ਰਹਿ ਸਕਦਾ। ਮੇਰੇ ਨਾਲ ਦੇ ਸਾਰੇ ਮੁੰਡੇ ਮਾਪਿਆਂ ਤੋਂ ਅੱਡ ਰਹਿੰਦੇ ਆ।’ ਵੱਡਾ ਕਹਿਣ ਲੱਗਾ, ‘ਜੇ ਇਹ ਜਾਊ ਤਾਂ ਮੈਂ ਵੀ ਅੱਡ ਰਹਿਣ ਲੱਗ ਜੂੰ।’ ਲੈ ਗੇ ਛਿਛਪਤ ਚੁੱਕ ਕੇ ਆਪਣਾ। ਭਰਾ ਜੀ, ਜੈਸਾ ਦੇਸ, ਵੈਸਾ ਭੇਸ। ਜਿਹੋ ਜਿਹਾ ਤੁਹਾਡਾ ਅੰਨ ਪਾਣੀ, ਉਹੋ ਜਿਹੀ ਸਾਡੀ ਮੱਤ ਜਾਣੀਂ। ਇਹ ਤਾਂ ਹੋ ਨੀ ਸਕਦਾ ਬਈ ਆਪਾਂ ਸੁਖ ਤਾਂ ਇੱਥੋਂ ਦੇ ਭੋਗੀਏ ਤੇ ਗੱਲਾਂ ਕਰੀਏ ਇੰਡੀਆ ਦੀਆਂ। ਮੱਝ ਚਿੱਕੜ ਵਿੱਚ ਜਾਊ ਤਾਂ ਲਿਬੜੂ ਈ ਲਿਬੜੂ। ਜਦੋਂ ਬੋਟਾਂ ਦੇ ਖੰਭ ਨਿਕਲ ਆਉਣ ਤਾਂ ਉਨ੍ਹਾਂ ਨੂੰ ਆਲ੍ਹਣਾ ਛੋਟਾ ਲੱਗਣ ਲੱਗ ਜਾਂਦਾ। ਉਨ੍ਹਾਂ ਉਡਾਰੀ ਮਾਰਨੀ ਹੀ ਮਾਰਨੀ ਆ। ਆਪਾਂ ਉਨ੍ਹਾਂ ਨੂੰ ਫੜ ਕੇ ਨਹੀਂ ਰੱਖ ਸਕਦੇ। ਖੰਭਾਂ ਵਾਲੇ ਬੋਟਾਂ ਨੂੰ ਰੋਕਣਾ ਬੇਵਕੂਫੀ ਆ ਬੇਵਕੂਫੀ। ਬੱਸ ਬੰਦਾ ਇਹੋ ਸੋਚ ਕੇ ਚੁੱਪ ਵੱਟ ਲਵੇ ਬਈ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ। ਹੋਰ ਤੁਸੀਂ ਆਪਾਂ ਕਰ ਵੀ ਕੀ ਸਕਦੇ ਆਂ। ਊਂ ਭਰਾ ਜੀ, ਦੁਨੀਆਂ ਦਾ ਦਸਤੂਰ ਵੀ ਤਾਂ ਇਹੋ ਐ ਬਈ ਕੱਲੇ ਆਏ ਸੀ, ਕੱਲੇ ਈ ਜਾਵਾਂਗੇ।"
ਸੁਖੀ ਤਾਂ ਸ਼ਾਇਦ ਆਪਣਾ ਵਖਿਆਨ ਹੋਰ ਵੀ ਚਾਲੂ ਰੱਖਦਾ ਪਰ ਉਸ ਨੂੰ ਬੋਲਦਿਆਂ-ਬੋਲਦਿਆਂ ਇਕਦਮ ਅੱਥੂ ਜਿਹਾ ਆ ਗਿਆ। ਅਸੀਂ ਝੱਟ ਉਸ ਨੂੰ ਪਾਣੀ ਦਾ ਗਿਲਾਸ ਲਿਆ ਕੇ ਦਿੱਤਾ। ਦੋ ਘੁੱਟਾਂ ਪੀ ਕੇ ਉਸ ਨੂੰ ਸੌਖਾ ਜਿਹਾ ਸਾਹ ਆਇਆ। ਉਸ ਅੱਖਾਂ ਵਿੱਚ ਸਿੰਮਿਆ ਪਾਣੀ ਜੇਬ ਵਿੱਚੋਂ ਕੱਢੇ ਰੁਮਾਲ ਨਾਲ ਪੂੰਝਿਆ। ਸਾਹ ਜਿਹਾ ਲੈ ਕੇ ਕਹਿਣ ਲੱਗਾ:
"ਭਰਾ ਜੀ, ਜ਼ਿੰਦਗੀ ਦੀ ਇਹ ਨਦੀ ਜਿਵੇਂ ਵਹਿੰਦੀ ਐ ਵਹਿਣ ਦੇਣੀ ਚਾਹੀਦੀ ਆ। ਇਹਦੇ ਵਿੱਚ ਡੱਕਾ ਲਾਉਣਾ ਵੱਡੀ ਮੂਰਖਤਾ ਆ। ਆਪਣੇ ਕੀਤਿਆਂ ਕੁਸ਼ ਨੀ ਹੋਣ ਲੱਗਾ। ਫੇਰ ਕਾਸਨੂੰ ਐਵੇਂ ਸਿਰ ਖਪਾਈ ਕਰੀਏ ਇਹਦੇ ਨਾਲ। ਜਦੋਂ ਸਭ ਕੁਸ਼ ਆਪਣੇ ਆਪ ਦੀ ਹੋਈ ਜਾਣਾ ਫੇਰ ਚਿੰਤਾ ਕਾਹਦੀ ਕਰੀਏ ਤੇ ਕਿਉਂ ਕਰੀਏ?"
"ਪਰ ਸੁਖੀ ਜੀ, ਹਿੰਮਤ ਵੀ ਤਾਂ ਕੁਸ਼ ਕਰਦੀ ਈ ਆ। ਬੰਦਾ ਹਿੰਮਤ ਕਰੇ ਤਾਂ ਕੀ ਨੀ ਹੋ ਸਕਦਾ ਭਲਾਂ?" ਅਸੀਂ ਐਵੇਂ ਟੁੱਲ ਜਿਹਾ ਮਾਰ ਦਿੱਤਾ ਸੀ।
"ਹਿੰਮਤ ਵੀ ਜੇ ਅਹੁ ਉਪਰਲਾ ਰਾਜ਼ੀ ਹੋਵੇ ਤਾਂ ਹੀ ਹੁੰਦੀ ਆ। ਨਹੀਂ ਤਾਂ ਕੁਸ਼ ਨੀ ਹੋ ਸਕਦਾ। ਆਪਾਂ ਕਦੇ ਸੋਚਿਆ ਸੀ ਬਈ, ‘ਮਰੀਕਾ ਆ ਵੜਾਂਗੇ? ਉਹਨੇ ਚਾਹਿਆ ਤਾਂ ਆ ਗੇ।"
ਅਸੀਂ ਦੇਖ ਰਹੇ ਸਾਂ ਕਿ ਇਸ ਮਾਮਲੇ ਵਿੱਚ ਸੁਖੀ ਨਾਲ ਬਹਿਸ ਕਰਨ ਦਾ ਕੋਈ ਲਾਭ ਨਹੀਂ ਸੀ। ਐਵੇਂ ਵਾਧੂ ਦੀ ਸਿਰ ਖਪਾਈ ਸੀ। ਸੁਖੀ ਚਾਹ ਦਾ ਕੱਪ ਸਮੇਟ ਕੇ ਚਲਾ ਗਿਆ ਸੀ।
"ਭਰਾ ਜੀ, ਕਿੰਨਾਂ ਬੋਲਦੇ ਆ ਜੀ। ਸਾਹ ਕਿਹੜਾ ਲੈਂਦੇ ਆ। ਪਤਾ ਨੀ ਇਹ ਸੌਂਦੇ ਕਿਵੇਂ ਹੋਣਗੇ?" ਪਤਨੀ ਨੇ ਆਖਿਆ ਤਾਂ ਅਸੀਂ ਹੱਸ ਕੇ ਕਹਿ ਦਿੱਤਾ ਸੀ:
"ਆਪਣੀ ਸਾਰੀ ਭੜਾਸ ਤਾਂ ਕੱਢ ਜਾਂਦਾ ਇੱਥੇ। ਇਹ ਤਾਂ ਹੌਲਾ ਫੁੱਲ ਹੋ ਕੇ ਜਾਂਦੈ ਇੱਥੋਂ। ਇਹਨੂੰ ਤਾਂ ਬੈੱਡ ‘ਤੇ ਪੈਂਦਿਆਂ ਈ ਨੀਂਦ ਆ ਜਾਂਦੀ ਹੋਣੀ ਆਂ। ਨੀਂਦ ਤਾਂ ਆਪਣੀ ਉੱਡ ਜਾਂਦੀ ਐ ਉਹਦੀ ਯੱਕੜਵਾਹ ਸੁਣ ਕੇ।" ਅਸੀਂ ਦੋਵੇਂ ਜੀਅ ਕਿੰਨੀ ਦੇਰ ਪਿਆਰੇ ਲਾਲ ਸੁਖੀ ਦੀਆਂ ਗੱਲਾਂ ਕਰ ਕਰ ਆਪਸ ਵਿੱਚ ਹੱਸਦੇ ਰਹੇ। ਵਾਹਵਾ ਸ਼ੁਗਲ ਮੇਲਾ ਜਿਹਾ ਬਣਿਆ ਰਿਹਾ। ਸਾਨੂੰ ਵੀ ਹੁਣ ਉਸ ਦਾ ਭੁਸ ਜਿਹਾ ਪੈ ਚੱਲਿਆ ਸੀ। ਉਹ ਆਉਂਦਾ ਤਾਂ ਘਬਰਾਹਟ ਜਿਹੀ ਹੋਣ ਲੱਗਦੀ, ਨਾ ਆਉਂਦਾ ਤਾਂ ਅਸੀਂ ਬਿਹਬਲ ਜਿਹੇ ਹੋਣ ਲੱਗਦੇ। ਸਾਡੇ ਜੁਆਕ ਵੀ ਅੰਕਲ ਨਾਨ-ਸਟਾਪ ਜਾਂ ਅੰਕਲ ਚੈਟਰ ਬਾਕਸ ਨੂੰ ਯਾਦ ਕਰ ਕਰ ਮਜ਼ੇ ਲੈਂਦੇ।
ਫਿਰ ਉਹ ਕਈ ਦਿਨ ਨਾ ਆਇਆ। ਅਸੀਂ ਉਡੀਕਦੇ ਰਹੇ। ਕੰਮ-ਕਾਰ ਵਿੱਚ ਉਸ ਦੇ ਘਰੋਂ ਵੀ ਪਤਾ ਨਾ ਕੀਤਾ। ਕਿੰਨੇ ਦਿਨਾਂ ਬਾਅਦ ਉਹ ਆਇਆ ਤਾਂ ਉਸ ਦੇ ਚਿਹਰੇ ‘ਤੇ ਪਹਿਲਾਂ ਵਾਲੀ ਟਹਿਕ ਚਹਿਕ ਨਹੀਂ ਸੀ। ਪਤਨੀ ਬੱਚਿਆਂ ਨੂੰ ਪੰਜਾਬੀ ਬਾਲ ਬੋਧ ਪੜ੍ਹਾ ਰਹੀ ਸੀ। ਉਹ ਕਦੀ-ਕਦੀ ਉਨ੍ਹਾਂ ਨੂੰ ਕੋਲ ਬਿਠਾ ਲੈਂਦੀ ਸੀ। ਮਕਸਦ ਇਹੋ ਸੀ ਕਿ ਏਦਾਂ ਉਹ ਆਪਣੇ ਪਿੱਛੇ ਨਾਲ ਜੁੜੇ ਰਹਿਣਗੇ। ਸੁਖੀ ਆਇਆ ਤੇ ਚੁੱਪਚਾਪ ਸੋਫੇ ‘ਤੇ ਬਹਿ ਗਿਆ। ਜੁਆਕਾਂ ਨੇ ਇੱਕ-ਦੂਸਰੇ ਦੇ ਮੋਢੇ ਮਾਰ-ਮਾਰ ਹੌਲੀ ਜਿਹੀ ਆਖਿਆ:
"ਅੰਕਲ ਨਾਨ ਸਟਾਪ।"
"ਅੰਕਲ ਚੈਟਰ ਬਾਕਸ।"
"ਕੀ ਗੱਲ ਭਰਾ ਜੀ, ਕਿੱਥੇ ਗਾਇਬ ਰਹੇ ਏਨੇਂ ਦਿਨ। ਅਸੀਂ ਤਾਂ ਤੁਹਾਡੀ ਸ਼ਕਲ ਦੇਖਣੋਂ ਤਰਸੇ ਪਏ ਆਂ?" ਸਾਡੇ ਦੋਵਾਂ ਦੇ ਮੂੰਹੋਂ ਇਕਦਮ ਇਕੱਠਾ ਹੀ ਨਿਕਲ ਗਿਆ ਸੀ।
ਸੁਖੀ ਜਿਵੇਂ ਪਤਾਲ ਲੋਕ ਵਿੱਚੋਂ ਬੋਲਿਆ ਹੋਵੇ। ਭਾਰੀ ਜਿਹੀ ਆਵਾਜ਼ ਵਿੱਚ ਕਹਿਣ ਲੱਗਾ:
"ਕੀ ਦੱਸਾਂ ਭਰਾ ਜੀ, ਵੱਡੀ ਭਰਜ਼ਾਈ ਗੁਜ਼ਰ ਗੀ ਸੀ। ਕੈਲੇਫੋਰਨੀਆ ਰਹਿੰਦੇ ਨੇ। ਅਫ਼ਸੋਸ ਕਰਨ ਗਿਆ ਸੀ ਭਰਾ ਕੋਲ।"
"ਇਹ ਉਹੀ ਭਰਾ ਭਰਜਾਈ ਨੇ ਜਿਨ੍ਹਾਂ ਨੇ ਤੁਹਾਡੇ ਕਾਗਜ਼ ਭਰੇ ਸੀ ਇੱਥੇ ਲਿਆਉਣ ਲਈ?" ਅਸੀਂ ਪੁੱਛਿਆ।
"ਹਾਂ ਜੀ, ਹਾਂ ਜੀ ਉਹੀਉ ਨੇ। ਭਰਾ ਭਰਜਾਈ ਨੇ ਸਾਡਾ ਕੀਤਾ ਬਹੁਤ ਆ ਭਰਾ ਜੀ, ਸਾਡੇ ਪੈਰ ਜਮਾ ਤੇ ਇੱਥੇ ਸਾਡੀਆਂ ਜੜ੍ਹਾਂ ਲਾ ਤੀਆਂ। ਅਸੀਂ ਕਿੱਥੇ ਦੇਖਣਾ ਸੀ ‘ਮਰੀਕਾ।" ਆਖ ਉਹ ਫੇਰ ਚੁੱਪ ਵੱਟ ਗਿਆ। ਉਸ ਦੇ ਮੂੰਹ ਨੂੰ ਤਾਂ ਜਿਵੇਂ ਤਾਲਾ ਈ ਲੱਗ ਗਿਆ ਹੋਵੇ।
"ਆਉਣ ਜਾਣ ਤਾਂ ਭਰਾ ਜੀ ਬਣਿਆ ਈ ਹੋਇਆ। ਜਿਹੜਾ ਆਇਐ ਇਸ ਜੱਗ ‘ਤੇ, ਉਸ ਨੇ ਜਾਣਾ ਵੀ ਜ਼ਰੂਰ ਐ।" ਅਸੀਂ ਸੁਖੀ ਨੂੰ ਫੋਕਾ ਜਿਹਾ ਦਿਲਾਸਾ ਦਿੰਦਿਆਂ ਆਖ ਦਿੱਤਾ ਸੀ।
"ਉਹ ਤਾਂ ਠੀਕ ਐ ਭਰਾ ਜੀ, ਭਰਜਾਈ ਸਾਡੀ ਬਹੁਤ ਹੀ ਮੋਹਵੰਤੀ ਤੀਮੀਂ ਸੀ। ਉਹਦੇ ਜਾਣ ਨਾਲ ਸਾਡੇ ਲਈ ਇੱਕ ਬੂਹਾ ਤਾਂ ਬੰਦ ਹੋ ਹੀ ਗਿਐ। ਜਮ੍ਹਾਂ ਈ ਜਿੰਦਰਾ ਬੱਜ ਗਿਐ ਪੱਕਾ। ਦੂਜਾ ਬੂਹਾ ਵੀ ਓਨੀ ਦੇਰ ਈ ਖੁੱਲ੍ਹੈ, ਜਿੰਨੀ ਦੇਰ ਭਰਾ ਜਿਉਂਦੈ। ਉਹਦੇ ਬਾਅਦ ਤਾਂ ਸਾਡੇ ਲਈ ਉਥੇ ਪੱਕੇ ਤਾਲੇ ਈ ਲੱਗ ਜਾਣੇ ਆ। ਭਤੀਜੇ ਭਤੀਜੀਆਂ ਬਣਗੇ ਪੱਕੇ ‘ਮਰੀਕਨ। ਨਾ ਉਹ ਸਾਡੀ ਕੋਈ ਗੱਲ ਸਮਝਣ, ਨਾ ਉਨ੍ਹਾਂ ਦੀ ਕੋਈ ਗੱਲ ਸਾਡੇ ਪੱਲੇ ਪਵੇ। ਬੱਸ ਹੁਣ ਤਾਂ ਇਹੋ ਅਰਦਾਸ ਐ ਬਈ ਵੱਡਾ ਭਰਾ ਜਿਉਂਦਾ ਰਵ੍ਹੇ। ਘੱਟੋ-ਘੱਟ ਦੂਜਾ ਬੂਹਾ ਤਾਂ ਖੁੱਲ੍ਹਾ ਰ੍ਹਵੇ ਕੁਸ਼ ਦੇਰ ਲਈ।"
ਫੇਰ ਲੰਮਾ ਸਾਹ ਜਿਹਾ ਖਿੱਚ ਕੇ ਕਹਿਣ ਲੱਗਾ:
"ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਪੜ੍ਹਨੀ ਲਿਖਣੀ ਸਿਖਾ ਰਹੇਂ ਓ। ਚੰਗਾ ਉੱਦਮ ਐ। ਇਹੋ ਇੱਕ ਤਰੀਕਾ ਐ ਜੁਆਕਾਂ ਨੂੰ ਆਪਣੇ ਪਿੱਛੇ ਨਾਲ ਜੋੜੀ ਰੱਖਣ ਦਾ। ਦੇਸੋਂ ਆਉਣ ਵਾਲਿਆਂ ਲਈ ਤੁਹਾਡੇ ਬੂਹੇ ਤਾਂ ਖੁੱਲ੍ਹੇ ਰਹਿਣਗੇ ਏਦਾਂ। ਉਂਜ ਇਹ ਬਹੁਤ ਜ਼ਾਲਮ ਮੁਲਕ ਨੇ, ਭਰਾ ਜੀ। ਦਿੰਦੇ ਘੱਟ ਨੇ, ਖੋਂਹਦੇ ਜ਼ਿਆਦਾ ਨੇ। ਆਪਣੀ ਬੋਲੀ ਸਿਖਾ ਕੇ ਸਾਡੀ ਔਲਾਦ ਤੱਕ ਖੋਹ ਲੈਂਦੇ ਨੇ ਸਾਥੋਂ। ਇਨ੍ਹਾਂ ਤੋਂ ਬਚਾਈਏ ਆਪਣੇ ਬੱਚੇ ਕਿਸੇ ਤਰ੍ਹਾਂ…" ਆਖ ਉਹ ਸਾਡਾ ਢੋਇਆ ਹੋਇਆ ਬੂਹਾ ਖੋਲ੍ਹ, ਬਾਹਰ ਨਿਕਲ ਗਿਆ ਸੀ।
ਆਪਣੀਆਂ ਅੱਖਾਂ ਵਿੱਚ ਸਿੰਮ ਆਇਆ ਪਾਣੀ, ਉਹ ਬੜੀ ਹੁਸ਼ਿਆਰੀ ਨਾਲ ਸਾਥੋਂ ਲੁਕੋ ਗਿਆ ਸੀ। ਅੱਜ ਪਹਿਲੀ ਵਾਰੀ ਲੱਗਿਆ ਸੀ ਕਿ ਉਹ ਤਾਂ ਬੰਦਾ ਈ ਹੋਰ ਸੀ। ਬੱਚੇ ਤਾਂ ਐਵੇਂ ਉਸ ਨੂੰ ਅੰਕਲ ਨਾਨ-ਸਟਾਪ ਜਾਂ ਅੰਕਲ ਚੈਟਰ ਬਾਕਸ ਆਖਦੇ ਰਹੇ ਸਨ। ਉਸ ਨੂੰ ਤਾਂ ਆਪਣੇ ਮੂੰਹ ਨੂੰ ਤਾਲਾ ਲਾਉਣਾ ਵੀ ਚੰਗੀ ਤਰ੍ਹਾਂ ਆਉਂਦਾ ਸੀ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ