Tahli Mere Bachre (Punjabi Story) : Afzal Tauseef

ਟਾਹਲੀ ਮੇਰੇ ਬੱਚੜੇ (ਕਹਾਣੀ) : ਅਫ਼ਜ਼ਲ ਤੌਸੀਫ਼

ਸ਼ੀਸ਼ੇ ਦੀ ਕਿਰਚ ਚੁੱਭ ਜਾਂਦੀ ਏ । ਲਹੂ ਦੀ ਲਾਲ਼ ਸੁਰਖ਼ ਵੀਰ ਵਹੁਟੀ ਨਿਕਲ ਵਹਿੰਦੀ ਏ । ਪੈਰ ਦੀ ਤਲ਼ੀ ਹੇਠ ਜਾਂ ਉਂਗਲ ਦੇ ਪੋਟੇ ਉੱਤੇ । ਪਰ ਗੱਲ ਇਕ ਬੂੰਦ ਦੀ ਨਹੀਂ । ਗੱਲ ਤਾਂ ਲਹੂ ਦੀ ਏ । ਲਹੂ, ਜਿਹੜਾ ਸਾਰੇ ਦਾ ਸਾਰਾ ਦਿਲ ਦੀ ਕਮਾਈ ਏ । ਭਾਵੇਂ ਕਿਸੇ ਅੰਗ 'ਚੋਂ ਨਿਕਲੇ, ਕਿਸੇ ਨਸ ਵਿਚੋਂ ਫੁੱਟੇ ।
ਅੱਜ ਮੇਰੇ ਦਿਲ ਵਿਚ ਇਕ ਅਜਿਹੀ ਕਿਰਚ ਸਿੱਧੀ ਸਾਰ ਜਾ ਲੱਥੀ ਏ । ਉਹਨੇ ਹੁਣ ਬਾਹਰ ਕਦੀ ਨਹੀਂ ਆਉਣਾ । ਉਹਨੇ ਲਹੂ ਦੀ ਬੂੰਦ ਵੀ ਨਹੀਂ ਦੇਣੀ । ਮੈਨੂੰ ਪਤਾ ਏ, ਇਹੋ ਦਿਲ ਦੀ ਕਮਾਈ ਏ । ਉਸ ਵੇਲੇ ਵੀ, ਜਦੋਂ ਜਿੰਦੜੀ ਟੁੱਟ ਭੱਜ ਗਈ ਸੀ- ਬਲੌਰ ਜਿਹੀ ਜਿੰਦੜੀ ਦਾ ਸ਼ੀਸ਼ਾ ਠਾਹ ਕਰਕੇ ਡਿੱਗਾ, ਚੂਰ ਚੂਰ ਹੋ ਕੇ ਖਿਲਰ ਗਿਆ । ਕਿਰਚਾਂ ਦੀ ਢੇਰੀ ਪਹਿਲਾਂ ਤਾਂ ਸਾਹਮਣੇ ਪਈ ਦਿਸਦੀ ਰਹੀ, ਫੇਰ ਕਿਤੇ ਲੁਕ ਲੁਕਾ ਗਈ । ਅੰਦਰ ਨੂੰ ਧੱਸ ਗਈ । ਇਨਸਾਨ ਦੇ ਪਿੰਡੇ, ਜ਼ਮੀਨ ਦੇ ਹਿਰਦੇ 'ਤੇ ਲਹੂ ਦੀਆਂ ਨਿੱਕੀਆਂ ਮੋਟੀਆਂ ਲੀਕਾਂ ਈ ਲੀਕਾਂ ਪੈ ਗਈਆਂ । ਲੀਕਾਂ ਜੁੜ ਗਈਆਂ । ਹੜ੍ਹ ਬਣ ਗਿਆ । ਧਰਤੀ ਦੀ ਮਿੱਟੀ, ਆਦਮੀ ਦੀ ਮਿੱਟੀ ਬੇਪਛਾਣ ਹੋ ਗਈ । ਇਤਬਾਰ ਤਾਂ ਦੋਹਾਂ ਦਾ ਗੁਆਚ ਗਿਆ । ਬੰਦੇ ਦਾ ਵੀ, ਤੇ ਮਿੱਟੀ ਦਾ ਵੀ । ਕੋਈ ਫੱਟ ਜਿਹਾ ਫੱਟ ਸੀ ! ਮਨੁੱਖ ਦਾ ਅੰਦਰ ਬਾਹਰ ਹਿੱਲ ਗਿਆ । ਧਰਤੀ ਵਿਚਾਰੀ ਥਾਂ ਥਾਂ ਤੇ ਵੱਢੀ ਟੁਕੀ ਗਈ ਸੀ । ਹੁਣ ਉਹ ਦੋਵੇਂ ਇਕ ਦੂਜੇ ਕੋਲੋਂ ਲੁਕਦੇ ਫਿਰਦੇ । ਦੋਹਾਂ ਨੇ ਰੱਜ ਕੇ ਆਪਣੀ ਆਪਣੀ ਅੱਖ ਦੇ ਅੱਥਰੂ ਪੀ ਲਏ । ਦੋਵੇਂ ਗੂੰਗੇ ਹੋ ਗਏ । ਧਰਤੀ ਤੇ ਇਨਸਾਨ ਬੜੇ ਦਿਨ ਇਕ ਦੂਜੇ ਨਾਲ਼ ਗੱਲ ਨਾ ਕਰ ਸਕੇ ।

ਇਹ ਕਿੱਸਾ ਉਨ੍ਹਾਂ ਦਿਨਾਂ ਦਾ ਏ ਜਦੋਂ ਪੰਜਾਂ ਪਾਣੀਆਂ ਦੀ ਧਰਤੀ ਉੱਤੇ ਇਬਲੀਸਾਂ (ਸ਼ੈਤਾਨਾਂ) ਦੀ ਕੰਜਰੀ ਮੌਤ ਦਾ ਘੱਗਰਾ ਪਾ ਕੇ ਜ਼ੋਰਾ ਜ਼ੋਰ ਨੱਚੀ ਸੀ । ਨੱਚਦੀ ਨੱਚਦੀ ਉਹ ਆਪ ਈ ਬੇਸੁਰਤ ਹੋ ਕੇ ਡਿੱਗ ਪਈ । ਕਿੰਨੇ ਈ ਮੌਸਮ ਡਰ ਵਾਲੇ- ਕਾਲੀਆਂ ਰਾਤਾਂ ਵਰਗੇ ਮੂੰਹ 'ਤੇ ਠਾਠਾ ਬੰਨ੍ਹ ਕੇ ਕੋਲੋਂ ਦੀ ਲੰਘੇ । ਕਿਸੇ ਨੇ ਉਹਦਾ ਨੰਗ ਨਾ ਢਕਿਆ । ਫੇਰ ਕਿਤੇ ਸੂਰਜ ਨੇ ਆਪਣੀ ਸ਼ਰਮਿੰਦੀ ਜਿਹੀ ਅੱਖ ਖੋਲ੍ਹ ਕੇ ਥੱਲੇ ਦੁਨੀਆਂ ਵੱਲ ਤੱਕਿਆ । ਫੱਟ ਮਿਲ ਗਏ ਸੀ, ਪਰ ਦਰਦਾਂ ਦਾ ਅੰਤ ਕੋਈ ਨਹੀਂ ਸੀ । ਧੁੱਪ ਨੇ ਚੋਰੀ ਚੋਰੀ ਸੇਕ ਦਿੱਤਾ, ਹਵਾ ਨੇ ਪੱਖੀ ਝੱਲੀ । ਲਹੂ ਮਿੱਟੀ ਵਿਚ ਰਲ਼ ਕੇ ਮਿੱਟੀ ਹੋ ਗਿਆ ਸੀ । ਫੇਰ ਵੇਲੇ ਦੇ ਨੌਕਰਾਂ ਨੇ ਰੰਗ ਰਲੀ ਮਿੱਟੀ ਨੂੰ ਹੱਥਾਂ ਨਾਲ਼ ਮਲ ਕੇ ਥਾਂ ਥਾਂ ਢੇਰੀਆਂ ਲਾਈਆਂ । ਅਖ਼ੀਰ ਵਿਚ ਆਈ ਵੇਲੇ ਦੀ ਹਿੰਮਤ ਵਾਲੀ ਚੂਹੜੀ । ਅਸਲੀ ਕੰਮ ਤੇ ਉਹਦਾ ਸੀ । ਉਹਨੇ ਭਰ ਭਰ ਟੋਕਰੇ ਮਿੱਟੀ ਬਸਤੀਆਂ 'ਚੋਂ ਕੱਢੀ ਤੇ ਬਾਹਰ ਲਿਜਾ ਕੇ ਰੋਹੀ ਦੇ ਖੱਡੇ ਪੂਰ ਦਿੱਤੇ । ਚੰਗਾ ਹੋਇਆ ਭੂਤਕਾਲ ਦੇ ਖੱਡੇ ਮੈਲ਼ੀ ਮਿੱਟੀ ਨਾਲ਼ ਪੂਰੇ ਗਏ, ਕਿਸੇ ਲਿਖਾਰੀ ਨੇ ਲਿਖ ਦਿੱਤਾ ।

ਪਰ ਉਸ ਸ਼ੀਸ਼ੇ ਦੀਆਂ ਕੀਚਰਾਂ ਜਿਨ੍ਹਾਂ ਦੇ ਮੂੰਹ ਸੂਲਾਂ ਨਾਲੋਂ ਤਿੱਖੇ ਸੀ, ਉਹ ਕਿਸੇ ਝਾੜੂ ਹੇਠ ਨਾ ਆਈਆਂ । ਉਹ ਤਾਂ ਐਵੇਂ ਹੀ ਲੁਕੀਆਂ ਰਹਿ ਗਈਆਂ । ਧਰਤ ਵਿਚ ਤੇ ਬੱਦਲ ਵਿਚ । ਏਸ ਗੱਲ ਦਾ ਪਤਾ ਵੀ ਦੇਰ ਨਾਲ਼ ਲੱਗਾ ।ਹਾਲੇ ਪੂਰਾ ਨਹੀਂਓਂ ਹੋਇਆ । ਉਸ ਦਿਨ, ਜਦੋਂ ਉਹ ਸਾਰੇ ਰਲ਼ ਕੇ ਮੇਰੇ ਬੁੱਢੇ ਤਾਏ ਨੂੰ ਸ਼ਹਿਰ ਚੁੱਕ ਲਿਆਏ ਸੀ, ਉਸੇ ਪਿੰਡ ਨੂੰ ਪਿੱਛੇ ਛੱਡ ਕੇ ਜਿਹਨੇ ਇਨ੍ਹਾਂ ਸਾਰਿਆਂ ਨੂੰ ਜਨਮ ਦਿੱਤਾ ਤੇ ਰਿਜ਼ਕ ਭੇਜਿਆ, ਸ਼ਹਿਰ ਨੂੰ, ਸ਼ਹਿਰ ਵਾਲਿਆਂ ਨੂੰ ।ਪਰ ਉਹ ਕਰਦੇ ਵੀ ਕੀ । ਤਾਇਆ ਹੁਣ ਇਸ ਪਿੰਡ ਵਿਚ ਕੱਲਾ ਰਹਿ ਗਿਆ ਸੀ । ਉਹਦੇ ਬਾਲ ਬਚੜੇ ਕਦੋਂ ਦੇ ਸ਼ਹਿਰ ਵੱਲ ਉਡਾਰੀਆਂ ਮਾਰ ਚੁੱਕੇ ਸੀ । ਜੀਨੀ ਘੁਮਾਰਣ ਸਵੇਰ ਸ਼ਾਮ ਆ ਕੇ ਦੋ ਰੋਟੀਆਂ ਪੱਕਾ ਜਾਂਦੀ ਸੀ, ਉਹ ਵੀ ਤੁਰਦੀ ਹੋਈ । ਇੰਜ ਤਾਏ ਨੂੰ ਬਹੁਤਾ ਫ਼ਰਕ ਨਹੀਂ ਸੀ ਪਿਆ । ਉਹ ਮਜ਼ੇ ਨਾਲ਼ ਆਪਣੇ ਕੱਚੇ ਘਰ ਦੀਆਂ ਕੰਧਾਂ ਅੰਦਰ ਪੁਰਾਣੀਆਂ, ਨਵੀਆਂ ਯਾਦਾਂ ਦੀ ਸੰਗਤ ਵਿਚ ਰਹਿੰਦਾ, ਖੇਤ ਬੰਨੇ ਜਾਂਦਾ । ਉਹਨੇ ਤਾਂ ਹਾਲੇ ਮੱਝ ਵੀ ਰੱਖੀ ਹੋਈ ਸੀ । ਉਹਦਾ ਪਿੰਡ ਵੀ ਏਡਾ ਸੁੰਨਾ ਤੇ ਨਹੀਂ ਸੀ । ਪੁਰਾਣੇ ਨਵੇਂ ਬਥੇਰੇ ਲੋਕੀਂ ਵਸਦੇ ਸੀ ਉਥੇ । ਬੱਸ ਏਨਾ ਈ ਸੀ ਪਈ ਘਰ ਦੇ ਅੰਦਰ ਘਰ ਦਾ ਕੋਈ ਨਹੀਂ ਸੀ ਰਹਿ ਗਿਆ । ਸ਼ਹਿਰ ਵਿਚ ਪੁੱਤਰ ਸੀ ਤੇ ਨੂੰਹ, ਪੋਤੇ ਪੋਤੀਆਂ, ਉਨ੍ਹਾਂ ਦੇ ਪੱਕੇ ਫ਼ਰਸ਼ਾਂ ਵਾਲਾ ਮਕਾਨ ਸੀ, ਪੱਕੀ ਗਲੀ ਦੇ ਅੰਦਰ ਕਰਕੇ ।
ਤਾਏ ਦਾ ਜੀ ਸ਼ਹਿਰ ਆਉਣ ਵਿਚ ਰਾਜ਼ੀ ਨਹੀਂ ਸੀ । ਪਹਿਲਾਂ ਤਾਂ ਉਹਨੇ ਸ਼ਹਿਰੀ ਰਹਿਤ ਦੀ ਨਿੰਦਿਆ ਕੀਤੀ, ਫੇਰ ਆਪਣੀਆਂ ਸੁੱਕ ਮੁੜੱਕੀਆਂ ਅੱਖਾਂ ਵਿਚ ਘਸਮੈਲੇ ਜਿਹੇ ਅੱਥਰੂ ਭਰ ਕੇ ਆਖਣ ਲੱਗਾ-"ਮੇਰਾ ਆਖ਼ਰੀ ਵੇਲ਼ਾ ਏ, ਤੁਸੀਂ ਮੇਰੀ ਮਿੱਟੀ ਖ਼ਰਾਬ ਕਰਨ ਲੱਗੇ ਹੋਏ ਓ । ਉਥੇ ਈ ਛੱਡ ਦਿਓ, ਨਹੀਂ ਤਾਂ ਮੈਂ ਆਪੇ ਹੀ ਚਲਾ ਜਾਵਾਂਗਾ । ਮੈਂ ਅਪਣਾ ਘਰ ਬਾਰ ਛੱਡ ਕੇ ਬਹੁਤੇ ਦਿਨ ਕਿਤੇ ਰਹਿ ਨਹੀਂ ਸਕਦਾ ।" "ਪਰ ਮਾਮਾ ਜੀ, ਇਹ ਘਰ ਵੀ ਤਾਂ ਤੁਹਾਡਾ ਅਪਣਾ ਘਰ ਏ ।" ਤਾਏ ਦੀ ਨੂੰਹ, ਜਿਹੜੀ ਭਾਣਜੀ ਵੀ ਲਗਦੀ ਸੀ, ਨਰਮ ਝੱਗ ਲਹਿਜੇ ਵਿਚ ਸੌਹਰੇ ਨੂੰ ਸਮਝਾਉਣ ਲੱਗੀ । "ਸਾਨੂੰ ਦੱਸੋ, ਤੁਹਾਨੂੰ ਕੀ ਤੰਗੀ ਏ ?" ਨੂੰਹ ਆਪਣੀ ਕੋਸ਼ਿਸ਼ ਵਿਚ ਲੱਗੀ ਰਹੀ । "ਕਾਕੀ, ਏਥੇ ਮੇਰੇ ਕਰਨ ਜੋਗਾ ਕੋਈ ਕੰਮ ਨਹੀਂ ।"
"ਕੰਮ ਤੁਸੀਂ ਬਥੇਰਾ ਕਰ ਲਿਆ, ਹੁਣ ਆਰਾਮ ਦਾ ਵੇਲ਼ਾ ਏ । "
"ਇਥੇ ਹੋਰ ਵੀ ਕਈ ਗੱਲਾਂ ਨੇ । ਇਕ ਤਾਂ ਪਾਲ਼ਾ ਬਹੁਤ ਏ । ਇਹ ਪੱਕਾ ਫ਼ਰਸ਼ ਮੇਰੇ ਪੈਰਾਂ ਨੂੰ ਠੰਡਾ ਸੀਤ ਲਗਦਾ ਏ ।" ਤਾਏ ਨੇ ਆਪਣੇ ਵੱਲੋਂ ਮੁਸ਼ਕਿਲ ਦੱਸੀ । "ਚੰਗਾ, ਤੁਸੀਂ ਇੰਝ ਕਰੋ, ਇਹ, ਹੌਲੀ ਜਿਹੀ ਜੁੱਤੀ ਹਰ ਵੇਲੇ ਪੈਰੀਂ ਪਾਈ ਰੱਖਿਆ ਕਰੋ ।"
"ਨਾ…ਨਾ…ਕਾਕੀ ।"ਤਾਏ ਨੇ ਰੇਗਜ਼ੀਨ ਦੇ ਸਲੀਪਰ ਪਰ੍ਹਾਂ ਧੱਕ ਦਿੱਤੇ । ਮੇਰੇ ਪੈਰਾਂ ਨੂੰ ਤਾਂ ਚਮਾਰੂ ਜੁੱਤੀ ਚੰਗੀ ਰਹਿੰਦੀ ਏ ।" "ਚਲ ਕੋਈ ਨਾ, ਕਿਸੇ ਨੂੰ ਚੱਕ ਭੇਜ ਕੇ ਤੁਹਾਡੇ ਲਈ ਨਵੀਂ ਜੁੱਤੀ ਉਥੋਂ ਮੰਗਾ ਲੈਂਦੇ ਆਂ" ਪੁੱਤਰ ਨੇ ਸਲਾਹ ਦਿੱਤੀ ।
"ਸੁਦਾਈ ਨਾ ਹੋਣ ਕਿਸੇ ਥਾਂ ਦੇ । ਨਵੀਂ ਜੁੱਤੀ ਕਾਹਦੇ ਲਈ ਮੰਗਵਾਉਣੀ ਐੇ, ਮੈਂ ਆਪ ਜੁ ਉਥੇ ਚਲਿਆ ਜਾਣਾ ਐਂ । ਸ਼ਹਿਰ ਵਿਚ ਹੋਰ ਵੀ ਕਈ ਤਕਲੀਫ਼ਾਂ ਨੇ ।" ਨੂੰਹ ਤਾਂ ਵਿਚਾਰੀ ਘਾਬਰ ਗਈ ।
"ਆਹੋ ਕਾਕੀ । ਇਕ ਤਾਂ ਇਥੇ ਮਸੀਤ ਦੀ ਬੜੀ ਤੰਗੀ ਏ ।"ਤਾਏ ਨੇ ਆਪਣੀ ਗੱਲ ਸਾਫ਼ ਕਰਕੇ ਦੱਸੀ ।

"ਮਸੀਤ ਦੀ ਤੰਗੀ ਕਿਵੇਂ ?" ਤਾਏ ਦਾ ਪੁੱਤਰ ਬੋਲਿਆ । "ਮਸੀਤਾਂ ਆਪਣੀ ਗਲੀ ਵਿਚ ਤਿੰਨ ਚਾਰ ਹੈਗੀਆਂ ਨੇ । ਇਕ ਸ਼ੀਆਂ ਦੀ, ਇਕ ਸੁੰਨੀਆਂ ਦੀ, ਇਕ ਵਹਾਬੀਆਂ ਦੀ । ਇਕ ਅੱਧੀ ਨਿਊਟਰਲ ਵੀ ਹੈਗੀ ਏ । ਸਾਨੂੰ ਤਾਂ ਸਮਝ ਨਹੀਂ ਆਉਂਦੀ, ਏਨੀਆਂ ਮਸੀਤਾਂ ਵਿਚੋਂ ਕਿਹੜੀ ਵਿਚ ਜਾਈਏ । ਏਸ ਕਰਕੇ ਅਸੀਂ ਤਾਂ ਕਿਤੇ ਜਾਂਦੇ ਨਹੀਂ ।" ਤਾਏ ਦੇ ਪੁੱਤਰ ਨੇ ਗੱਲ ਹਾਸੇ ਵਿਚ ਟਾਲਣ ਦੀ ਕੀਤੀ । ਉਹ ਕਿਤੇ ਸਮਝਦਾ ਸੀ ਮਾੜੀ ਜਿਹੀ ਗੱਲ ਏ । ਬਜ਼ੁਰਗ ਦੀ ਹੱਠ ਬੱਚਿਆਂ ਵਾਂਗ ਕਿੰਨੀ ਕੁ ਦੇਰ ਖੜੀ ਰਹਿ ਸਕਦੀ ਏ ! ਪਰ ਕਿੱਥੇ ! ਤਾਏ ਦੇ ਪੁੱਤਰ ਦੀ ਗੱਲ ਨੂੰ ਤਾਂ ਇਹ ਕਹਿ ਕੇ ਰੱਦ ਛੱਡਿਆ- "ਬਰਖ਼ੁਰਦਾਰ, ਤੇਰੀਆਂ ਮਸੀਤਾਂ ਵਿਚੋਂ ਗਾਲ੍ਹਾਂ ਕੱਢਣ ਦੀ ਆਵਾਜ਼ ਬਹੁਤੀ ਆਉਂਦੀ ਏ । ਕੋਈ ਸੁੰਨੀਆਂ ਨੂੰ ਬੁਰਾ ਕਹਿੰਦਾ ਏ, ਕੋਈ ਸ਼ੀਆਂ ਨੂੰ । ਉਥੇ ਮੁਸਲਮਾਨਾਂ ਵਾਲੀ ਗੱਲ ਤਾਂ ਇਕ ਨਹੀਂ ।" "ਚਲੋ ਛੱਡੋ, ਤੁਸੀਂ ਘਰੇ ਨਮਾਜ਼ ਪੜ੍ਹ ਲਿਆ ਕਰੋ ।" ਪੁੱਤਰ ਨੇ ਗੱਲ ਮੁਕਾਉਣ ਦੀ ਕੀਤੀ । ਪਰ ਗੱਲ ਏਨੀ ਛੇਤੀ ਮੁੱਕਣ ਵਾਲੀ ਨਹੀਂ ਸੀ । ਤਾਏ ਕੋਲ਼ ਬਥੇਰੀਆਂ ਦਲੀਲਾਂ ਸੀ । "ਮੈਂ ਇਥੇ ਪੱਕੇ ਫ਼ਰਸ਼ਾਂ ਤੇ ਸਿਜਦੇ ਨਹੀਂ ਕਰ ਸਕਦਾ । ਇਕ ਤਾਂ ਮੇਰੇ ਗੋਡੇ ਨੀਲੇ ਕੱਚ ਹੋ ਗਏ ਨੇ, ਫੇਰ, ਸਿਜਦੇ ਦਾ ਸਵਾਬ ਕੱਚੀ ਮਿੱਟੀ ਤੋਂ ਮਿਲਦਾ ਏ । ਤੁਸੀਂ ਸਾਰੇ ਰਲ਼ ਕੇ ਮੇਰੀ ਆਖ਼ੀਰ ਖੋਟੀ ਕਰਨ ਲੱਗੇ ਹੋਏ ਓ, ਮੈਨੂੰ ਤਾਂ ਕੱਲ੍ਹ ਸਵੇਰੇ ਪਿੰਡ ਛੱਡ ਕੇ ਆਓ ।"

ਇਹ ਨਿੱਕਾ ਜਿੰਨਾ ਘਰ ਦਾ ਕ੍ਰਾਈਸਿਸ ਜਦੋਂ ਕਈਆਂ ਦਿਨਾਂ ਉਤੇ ਖਿਲਰ ਗਿਆ, ਤਾਂ ਉਨ੍ਹਾਂ ਨੇ ਮੈਨੂੰ ਸੱਦ ਭੇਜਿਆ । ਦੋਵਾਂ ਧਿਰਾਂ ਨੂੰ ਮੇਰੇ ਕੋਲੋਂ ਬੜੀ ਆਸ ਸੀ । ਮੈਂ ਨਿੱਕਿਆਂ ਹੁੰਦਿਆਂ ਤੋਂ ਤਾਏ ਦੀ ਨਿਸ਼ਾਨੀ । ਜਿਹੜਾ ਤਾਏ ਮੂਜਬ ਸ਼ਹੀਦੀ ਦਰਜੇ ਦਾ ਮਾਲਿਕ ਸੀ । ਮੇਰਾ ਬਾਪ ਤੇ ਹੋਰ ਸਾਰੇ ਲੋਕੀਂ ਜੋ ਪਾਕਿਸਤਾਨ ਦੇ ਨਾਂ ਤੇ ਕੱਠੇ ਸੀ, ਤਾਏ ਦੇ ਆਪਣੇ ਸਕੇ ਸਹੋਦਰੇ-ਸਾਰਾ ਪਿੰਡ ਟੱਬਰ ਕੁਨਬਾ, ਤੇ ਅਪਣਾ ਘਰ । ਉਥੇ ਬਿਆਸ ਦੇ ਕੰਢੇ ਉਨ੍ਹਾਂ ਦਾ ਲਹੂ ਕੱਚੀ ਮਿੱਟੀ ਉਤੇ ਖਿੰਡ ਗਿਆ ਸੀ । ਬੰਦਾ ਬੰਦੇ ਨਾਲੋਂ ਵਿਛੜਿਆ, ਅੰਗ ਅੰਗ ਨਾਲੋਂ । ਭਾਰੀ ਵੱਢ ਟੁੱਕ ਹੋਈ । ਉਸੇ ਥਾਂ ਉਨ੍ਹਾਂ ਦੀਆਂ ਅੱਖਾਂ, ਔਰਤਾਂ ਤੇ ਬੱਚੇ, ਵਹਿਸ਼ੀ ਪੈਰਾਂ ਹੇਠ ਮਿੱਧ ਘੱਤੇ ਸਨ । ਤਾਇਆ ਕੱਲਾ ਆਪਣੀ ਲਾਠੀ ਨਾਲ਼ ਲੜਦਾ ਰਿਹਾ, ਬੱਚਿਆਂ ਨੂੰ ਬਚਾਂਦਾ ਰਿਹਾ, ਜ਼ੁਲਮ ਦੇ ਹੱਥਾਂ ਨੂੰ, ਤਲਵਾਰਾਂ ਛਵੀਆਂ ਨੂੰ ਡਕਦਾ ਰਿਹਾ । ਪਰ ਨਹੀਂ, ਇਕ ਦੀ ਬਹੁਤਿਆਂ ਅੱਗੇ, ਇਨਸਾਨ ਦੀ ਵਹਿਸ਼ੀਆਂ ਅੱਗੇ ਕੀ ਚੱਲਦੀ ! ਉਹਦੀ ਲਾਠੀ ਵੀ ਅਖ਼ੀਰ ਸ਼ਹੀਦ ਹੋ ਗਈ । ( ਉਹ ਆਪਣੀ ਉਸ ਲਾਠੀ ਨੂੰ ਵੀ ਸ਼ਹਾਦਤ ਦਾ ਦਰਜਾ ਦਿੰਦਾ ਹੈ ) । ਇਕ ਬਾਂਹ ਵੀ ਕੱਪੀ ਗਈ, ਸਾਲਮ ਦੀ ਸਾਲਮ ਸੱਜੀ ਬਾਂਹ ਉਥੇ ਕਿੱਥੇ ਡੱਗ ਪਈ । ਹੋਰ ਵੀ ਬੜਾ ਕੁੱਝ ਉਥੇ ਡਿੱਗ ਪਿਆ ਸੀ । ਜੇ ਭਾਈ ਨੂੰ ਬਾਂਹ ਆਖਦੇ ਨੇ ਤਾਂ ਏਸ ਤਰ੍ਹਾਂ ਦੀਆਂ ਛੇ ਬਾਂਹਵਾਂ ਸੀਗੀਆਂ ਮੇਰੇ ਤਾਏ ਦੀਆਂ । ਕੜੀ ਵਰਗੇ ਜੁਆਨ ਭਾਈ । ਇਕੋ ਵਿਹੜੇ ਰਹਿੰਦੇ ਵਸਦੇ ਸੀ ਸਾਰੇ । ਸਾਂਝੀ ਜ਼ਮੀਨ, ਸਾਂਝੇ ਹਲ, ਪੰਜਾਲੀਆਂ, ਸਾਂਝੀ ਮਿਹਨਤ, ਸਾਂਝੀ ਕਮਾਈ । ਰੰਗ ਲੱਗੇ ਹੋਏ ਸੀ । ਕੋਠੇ ਦਾਣਿਆਂ ਨਾਲ਼ ਭਰੇ ਰਹਿੰਦੇ, ਕੁੱਪ ਤੂੜੀ ਨਾਲ਼ ਆਫ਼ਰੇ ਹੁੰਦੇ ।ਪੂਰੀਆਂ ਸੱਤ ਮੱਝਾਂ ਗਾਈਆਂ, ਦੁੱਧ ਦੇ ਗੜਵੇ, ਲੱਸੀ ਦੀਆਂ ਚਾਟੀਆਂ, ਮੱਖਣਾਂ ਦੇ ਪੇੜੇ, ਤੇ ਇਕ ਵੱਡਾ ਵਿਹੜਾ ਭਰਕੇ ਨਿਆਣੇ ਨਿੱਕੇ । ਉਸ ਵੇਲੇ ਪਿੰਡ ਥਾਂ ਦੇ ਜੀਵਨ ਵਿਚ ਜੰਨਤਾਂ ਦੇ ਨਕਸ਼ੇ, ਸੁਫ਼ਨਿਆਂ ਵਾਲੇ ਘਰ, ਏਸ ਤੋਂ ਵੱਧ ਕੇ ਕੁੱਝ ਨਹੀਂ ਸੀ ਹੁੰਦੇ । ਸੁੱਖ, ਹਰਿਆਲੀ, ਇਹੋ ਜਿਹੀਆਂ ਚੀਜ਼ਾਂ ਦਾ ਨਾਂ ਸੀ । ਕਿਸੇ ਮਨੁੱਖ ਨੂੰ ਇਸ ਤੋਂ ਵੱਧ ਕੁੱਝ ਲੋੜੀਂਦਾ ਨਹੀਂ ਸੀ । ਦੁੱਧ ਪੁੱਤਰ ਹੋਵੇ, ਰਿਜ਼ਕ ਰੋਟੀ, ਆਪਣੀ ਜ਼ਮੀਨ, ਆਪਣੀ ਜੋੜੀ । ਇਕ ਹੋਰ ਦਾਤ ਉਥੇ ਇਸ਼ਕ ਪਿਆਰ ਦੇ ਗੀਤ ਸੀ । ਅੰਬਾਂ ਜਾਮਣਾਂ ਦੇ ਦਰੱਖ਼ਤਾਂ ਨਾਲ਼ ਉਹ ਬਿਆਸ ਦੇ ਕੰਢਿਆਂ ਤੇ ਉਗਦੇ, ਸਰਵਾੜ ਦੇ ਫੁੱਲਾਂ ਵਾਂਗ ਫੁਲਦੇ, ਦੋਆਬੇ ਦੀਆਂ ਪੈਲੀਆਂ ਅੰਦਰ ਜੁਆਨੀਆਂ ਮਾਣਦੇ । ਪਰ ਸਾਡਾ ਤਾਇਆ ਤਾਂ ਇਕ ਗੀਤ ਗਾਉਂਦਾ ਸੀ, ਬੜੇ ਚਾਅ ਨਾਲ਼-"ਚੁੰਨੀ ਰੰਗ ਦੇ ਲਲਾਰੀਆ ਮੇਰੀ ਅਲਸੀ ਦੇ ਫੁੱਲ ਵਰਗੀ ।" ਚੁੰਨੀ ਤਾਂ ਇਕ ਹੋਰ ਵੀ ਸੀ, ਮੇਰੀ ਭੈਣ ਦੇ ਸਿਰ ਤੇ । ਸੁਰਮਈ ਚੁੰਨੀ ਲੈ ਕੇ ਉਹ ਬੱਦਲੀ ਜਿਹੀ ਦਿਸਦੀ ਸੀ । ਤੇ ਭਾਬੋ ਜਾਮਨੀ ਗੁਲਾਬੀ ਰੰਗ ਦੀਆਂ ਚੁੰਨੀਆਂ ਆਪੇ ਰੰਗ ਲੈਂਦੀ ਸੀ । ਇਹ ਸਾਰੀਆਂ ਚੁੰਨੀਆਂ ਲੀਰਾਂ ਲੀਰਾਂ ਹੋ ਗਈਆਂ, ਤਾਂ ਸਾਡਾ ਤਾਇਆ ਪਾਕਿਸਤਾਨ ਵੱਲ ਟੁਰ ਪਿਆ । ਉਥੋਂ ਅਲਸੀ ਦੇ ਫੁੱਲਾਂ 'ਚੋਂ ਨਹੀਂ, ਲਾਸ਼ਾਂ ਦੇ ਢੇਰ ਤੋਂ ਉੱਠ ਕੇ ਆ ਗਿਆ ਸੀ । ਕਿਸ ਤਰ੍ਹਾਂ ? ਉਹ ਕਿਵੇਂ ਆਪਣੀ ਜੰਨਤ ਵਿਚੋਂ ਕੱਢਿਆ ਗਿਆ ? ਉਥੇ ਹੋਰ ਕੀ ਕੁੱਝ ਹੋਇਆ ? ਬੁੱਢਾ ਤਾਇਆ ਕਦੀ ਵੀ ਤਸੱਲੀ ਨਾਲ਼ ਗੱਲ ਨਾ ਸੁਣਾਉਂਦਾ । ਜੇ ਪੁੱਛੋ, ਤਾਂ ਟਾਲ਼ ਜਾਂਦਾ । ਬੱਸ, ਇਕ ਅੱਧੀ ਗੱਲ- "ਬੱਸ ਪੁੱਤ ਆ ਗਏ ਸੀ ਆਈ ਦੇ ਅੱਗੇ, ਮੌਤ ਸਾਡੇ ਘਰਾਂ ਵਿਚ ਆ ਵੜੀ। ਇਹ ਵੀ ਚੰਗਾ ਹੋਇਆ, ਤੇਰੀ ਮਾਂ ਤੈਨੂੰ ਲੈ ਕੇ ਭਰਾ ਦੇ ਵਿਆਹ ਚਲੀ ਗਈ ਹੋਈ ਸੀ । ਤੇਰੇ ਨਾਨਕੇ ਬਚ ਗਏ ਸੀ…ਨਹੀਂ ਤਾਂ ਤੂੰ ਵੀ …।" ਇਥੇ ਆ ਕੇ ਤਾਏ ਦਾ ਪਿੰਡਾ ਕੰਬਣ ਲੱਗ ਪੈਂਦਾ । ਉਹ ਚੁੱਪ ਕਰ ਜਾਂਦਾ । ਉਸ ਵੇਲੇ ਕੋਈ ਬੁਲਾਉਂਦਾ ਤਾਂ ਝਿੜਕ ਦਿੰਦਾ ।

ਏਨਾ ਕੁ ਤਾਂ ਮੈਨੂੰ ਵੀ ਪਤਾ ਏ, ਪਈ ਤਾਇਆ ਉਹ ਹੋਣੀ ਦੀ ਤਫ਼ਸੀਲ ਕਾਹਤੇ ਨਹੀਂ ਦਸਦਾ । ਉਹਨੂੰ ਆਪਣੀਆਂ ਭੈਣਾਂ ਭਰਜਾਈਆਂ ਯਾਦ ਆਉਂਦੀਆਂ ਨੇ, ਜਿਹੜੀਆਂ ਇਕ ਦੂਜੀ ਦਾ ਹੱਥ ਫੜ ਕੇ ਬਿਆਸ ਦੇ ਹੜ੍ਹਾਂ ਵਿਚ ਤੂੜੀ ਦੇ ਤੀਲਿਆਂ ਵਾਂਗ ਰੁੜ੍ਹਦੀਆਂ ਜਾਂਦੀਆ ਉਹਨੇ ਅਖ਼ੀਰੀ ਵਾਰੀ ਵੇਖੀਆਂ ਸੀ । ਉਨ੍ਹਾਂ ਸਬਰ ਨਾ ਕੀਤਾ, ਪਰ ਚੰਗਾ ਕੀਤਾ-ਏਨੀ ਕੁ ਗੱਲ ਉਹ ਕਰਦਾ, ਪਰ ਹੋਰ ਸਾਰੀਆਂ ਗੱਲਾਂ ਨੂੰ ਆਪਣੇ ਚੇਤੇ ਦੇ ਟਰੰਕ ਵਿਚ ਜਿੰਦਰਾ ਲਾ ਕੇ ਰੱਖਦਾ । ਆਪਣੀ ਕਹਾਣੀ ਨੂੰ ਉਸੇ ਥਾਂ ਤੋਂ ਟੋਰਦਾ, ਜਦੋਂ ਉਹ ਲਾਹੌਰ ਅੱਪੜ ਗਿਆ । ਪਾਕਿਸਤਾਨ ਦੇ ਏਸ ਸ਼ਹਿਰ ਵਿਚ ਤਾਇਆ ਆਪਣੀ ਇਕੋ ਬਾਂਹ ਲੈ ਕੇ ਕਿਸੇ ਥਾਂ ਪਨਾਹਗੀਰ ਕੈਂਪ ਵਿਚ ਬੈਠਾ ਆਪਣੇ ਆਪ ਨਾਲ਼ ਗੱਲਾਂ ਕਰੀ ਜਾਂਦਾ ਮੇਰਾ ਇਸ ਜੱਗ ਵਿਚ ਹੁਣ ਕੀ ਰੱਖਿਆ ਪਿਆ ਏ ? ਫੇਰ ਇਕ ਦਿਨ ਕੈਂਪ ਦੇ ਲਾਊਡ ਸਪੀਕਰ 'ਤੇ ਉਨ੍ਹਾਂ ਆਪਣੇ ਪਿੰਡ ਦਾ ਨਾਂ ਬੋਲਦਾ ਸੁਣਿਆ । ਓਥੇ ਦੇ ਕੁੱਝ ਬੱਚੇ ਬਚਾ ਕੇ ਲਿਆਂਦੇ ਗਏ ਸੀ । ਰਿਲੀਫ਼ ਕਮੇਟੀ ਵਾਲੇ ਐਲਾਨ ਕਰੀ ਜਾ ਰਹੇ ਸੀ । "ਇਨ੍ਹਾਂ ਬੱਚਿਆਂ ਦਾ ਜੇ ਕੋਈ ਵਾਲੀ ਵਾਰਿਸ ਏਸ ਆਵਾਜ਼ ਨੂੰ ਸੁਣਦਾ ਹੋਵੇ ਤਾਂ…।" ਤਾਏ ਦਾ ਸਾਹ aੇਥੇ ਈ ਰੁਕ ਗਿਆ । ਛਾਲਾਂ ਮਾਰਦਾ ਖ਼ਲਕਤ ਦੇ ਸਿਰਾਂ ਤੋਂ ਟੱਪਦਾ ਉਹ ਐਲਾਨ ਵਾਲੀ ਥਾਂ ਜਾ ਖਲੋਤਾ । ਸਾਰੀ ਭੀੜ ਨੂੰ ਚੀਰ ਕੇ ਉਹਨੇ ਆਪਣੇ ਨਿੱਕੇ ਕਾਕੇ ਨੂੰ ਪਛਾਣ ਲਿਆ । ਫੇਰ ਦੂਜੇ ਨੂੰ । ਫੇਰ ਇਕ ਭਤੀਜਾ ਅੱਖਾਂ ਦਾ ਚਾਨਣ ਬਣ ਕੇ ਸਾਹਮਣੇ ਆ ਗਿਆ । ਸਾਰੀ ਦੁਨੀਆ ਉਹਦੇ ਕਲਾਵੇ ਵਿਚ ਆ ਗਈ ਸੀ । ਇਕ ਪਲ ਵਿਚ ਉਹ ਕਿੱਡਾ ਅਮੀਰ ਹੋ ਗਿਆ ਸੀ । ਉਹਦੇ ਸਾਰੇ ਫੱਟ ਮਿਲ ਗਏ । ਸਾਰੀਆਂ ਬਾਹਵਾਂ ਮੁੜ ਕੇ ਜੁੜ ਗਈਆਂ । ਦੁਨੀਆ ਦਾ ਬਾਜ਼ਾਰ ਦਾ ਲੁੱਟਿਆ ਪੁੱਟਿਆ, ਵੱਢਿਆ ਟੁੱਕਿਆ, ਤੇ ਲੂਲਾ ਤੇ ਕੱਲਾ ਪਨਾਹਗੀਰ ਹੁਣ ਬੱਚਿਆਂ ਵਾਲਾ ਸੀ । ਉਹਦੇ ਪੁੱਤਰ ਸਨ, ਜੀਵਨ ਵਿਚ ਉਹਦੀ ਥਾਂ ਸੀਗੀ, ਉਹਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੀ ਬਹੁਤੀ । ਦੋ ਤਰੈ ਨਿੱਕੀਆਂ ਜਾਨਾਂ ਦੇ ਸਬੱਬੋਂ ਉਹ ਦੁਨੀਆਂ ਦੇ ਮੁਸਤਕਬਿਲ ਨਾਲ਼ ਇਕ ਵਾਰੀ ਫੇਰ ਜੁੜ ਗਿਆ ਸੀ ।
ਉਹ ਬੱਚੇ ਕਿਵੇਂ ਬਚ ਗਏ ? ਕੌਣ ਏਥੇ ਲੈ ਕੇ ਆਇਆ ? ਮੌਤ ਦੀ ਝੁੱਲਦੀ ਨ੍ਹੇਰੀ ਵਿਚ ਉਹ ਜੀਵਨ ਪੁੰਗਰੇ ਕਿਸ ਨੇ ਬਚਾ ਲਏ ? ਤਾਏ ਦੇ ਕਹਿਣ ਮੂਜਬ ਉਹ ਬੱਚੇ ਕਮਿਊਨਿਸਟਾਂ ਨੇ ਬਚਾ ਲਏ ਸੀ । ਮੌਤ ਦੇ ਮੂੰਹ ਵਿਚੋਂ ਕੱਢ ਕੇ ਇਨਸਾਨੀਅਤ ਦੀ ਚਾਦਰ ਵਿਚ ਲੁਕੋ ਲਏ ਸਨ, ਉਸ ਵੇਲੇ ਜਦੋਂ ਮਜ਼ਹਬਾਂ ਵਾਲੇ ਰੱਬ ਨੂੰ ਧੋਖਾ ਦੇਣ ਲੱਗੇ, ਲੋਕਾਈ ਦੇ ਘਰਾਂ ਨੂੰ ਅੱਗਾਂ ਲਾ ਕੇ ਉਨ੍ਹਾਂ ਨੂੰ ਬਰਛੇ ਮਾਰੀ ਜਾ ਰਹੇ ਸਨ । ਉਹ ਬੇਮਜ਼੍ਹਬੇ, ਮੁਸਲਮਾਨ ਬੱਚਿਆਂ ਨੂੰ ਪਾਕਿਸਤਾਨ ਲੈ ਕੇ ਆਏ ਸੀ । ਇਹ ਲਫ਼ਜ਼ ਬੜਾ ਨਿਵੇਕਲਾ ਜਿਹਾ ਲਫ਼ਜ਼ 'ਕਮਿਊਨਿਸਟ' ਮੈਂ ਪਹਿਲੀ ਵਾਰੀ ਆਪਣੇ ਅਨਪੜ੍ਹ ਤਾਏ ਦੇ ਮੂੰਹੋਂ ਸੁਣ ਕੇ ਪੁੱਛਿਆ ਸੀ-"ਉਹ ਕੌਣ ਹੁੰਦੇ ਨੇ ?"
ਤਾਏ ਨੇ ਦੱਸਿਆ, ਭਈ "ਉਹ ਹੁੰਦੇ ਤਾਂ ਬੰਦੇ ਈ ਨੇ ਕਾਕੀ, ਪਰ ਉਹ ਹਿੰਦੂ ਸਿੱਖ ਨਹੀਂ ਹੁੰਦੇ, ਉਹ ਮੁਸਲਮਾਨ ਵੀ ਨਹੀਂ ਹੁੰਦੇ ।
ਫੇਰ ਉਹ ਕੌਣ ਹੋਏ ।
ਬੱਸ ਤੋਂ ਇਸ ਤਰ੍ਹਾਂ ਸਮਝ ਲੈ ਕਾਕੀ, ਉਹ ਬੱਚਿਆਂ ਨੂੰ ਬਚਾਉਣ ਵਾਲੇ ਹੁੰਦੇ ਨੇ । ਉਨ੍ਹਾਂ ਦਾ ਇਕ ਬੰਦਾ ਆਇਆ ਸੀ ਇਥੇ ਤੇਰੇ ਵੀਰੇ ਲੈ ਕੇ । ਪਨਾਹਗੀਰਾਂ ਦੇ ਕਾਫ਼ਲਿਆਂ ਨਾਲ਼ ਤੁਰਦਾ ਆਇਆ । ਫੇਰ ਏਥੇ ਕੈਂਪ ਵਿਚ ਬੈਠਾ ਰਿਹਾ । ਚੰਗਾ ਪੜ੍ਹਿਆ-ਲਿਖਿਆ ਸੀ । ਸਾਰੇ ਥਾਈਂ ਐਲਾਨ ਕਰਾਉਂਦਾ ਰਿਹਾ । ਮੇਰੇ ਹੱਥ ਵਿਚ ਇਨ੍ਹਾਂ ਦਾ ਹੱਥ ਦੇ ਕੇ ਜਾਣ ਲੱਗਾ ਤਾਂ ਮੈਂ ਉਹਦੇ ਪੈਰ ਫੜ ਲਏ । ਉਹਦੀ ਮਿਹਰ ਕਿੱਡੀ ਵੱਡੀ ਸੀ, ਤੇ ਉਹਦੀ ਮਿਹਰ ਦੇ ਸ਼ੁਕਰਾਨੇ ਵੱਜੋਂ ਕੀ ਸੀ ਮੇਰੇ ਕੋਲ਼ ! ਪਰ ਉਹ ਤਾਂ ਬੜਾ ਹੀ ਮਹਾਨ ਸੀ । ਆਖਣ ਲੱਗਾ-: ਕੋਈ ਗੱਲ ਨਹੀਂ ਬੇਲੀਆ ! ਅਸੀਂ ਉਨ੍ਹਾਂ ਸਾਰਿਆਂ ਦੇ ਬੇਲੀ ਹੁੰਦੇ ਆਂ, ਜਿਹੜੇ ਮਾੜੇ ਹੋਣ । ਜ਼ੁਲਮ ਦੇ ਮਾਰੇ ਹੋਏ ਹੋਣ ।" ਏਧਰ ਆ ਕੇ ਵੀ ਉਹ ਥਾਂ ਥਾਂ ਹਿੰਦੂਆਂ ਸਿੱਖਾਂ ਦੇ ਗੁਆਚੇ ਨਿਆਣੇ ਲੱਭਦਾ ਫਿਰਿਆ । ਫੇਰ ਉਨ੍ਹਾਂ ਦੇ ਕਾਫ਼ਲਿਆਂ ਨਾਲ਼ ਰਲ਼ ਕੇ ਪਿਛਾਂਹ ਨੂੰ ਮੁੜ ਗਿਆ । ਇਧਰ ਉਹ ਮੁਸਲਮਾਨ ਦੇ ਨਾਂ ਨਾਲ਼ ਆਇਆ ਸੀ, ਉਧਰ ਨੂੰ ਹਿੰਦੂ ਬਣ ਕੇ, ਮੁੜ ਗਿਆ । ਕਾਗ਼ਜ਼ ਦਾ ਉਹ ਭੋਰਾ, ਜਿਸਦੇ ਉਤੇ ਉਸ ਫ਼ਰਿਸ਼ਤੇ ਨੇ ਅਪਣਾ ਨਾਂ ਪਤਾ ਲਿਖ ਕੇ ਦਿੱਤਾ, ਤਾਏ ਨੇ ਅਖ਼ੀਰ ਤੋੜੀ ਸਾਂਭ ਕੇ ਰੱਖਿਆ, ਜਿਵੇਂ ਕਿਤੇ ਉਹਦੀ ਨੂੰਹ ਧੀ ਦਾ ਗਹਿਣਾ ਹੋਵੇ ।

ਮੈਂ ਆਖਿਆ ਨਾ…ਆਪਣੀ ਪਿਛਲੀ ਗੱਲ ਤਾਇਆ ਨਹੀਂ ਕਰਦਾ, ਪਰ ਆਪਣੀ ਕਹਾਣੀ ਦਾ ਇਹ ਟੋਟਾ, ਜਿਹੜਾ ਪਾਕਿਸਤਾਨ ਦੀ ਧਰਤੀ ਉਤੇ ਆ ਕੇ ਅੱਗੇ ਤੁਰਿਆ, ਉਹ ਬੜੀ ਦਿਲਜਮਾਈ ਨਾਲ਼ ਸੁਣਾਉਂਦਾ ਰਹਿੰਦਾ ਏ । ਜਿਨੀ ਵਾਰੀ ਗੱਲ ਛੇੜੂ, ਉਹ ਪਨਾਹਗੀਰ ਕੈਂਪ ਤੋਂ ਸ਼ੁਰੂ ਕਰਦਾ ਏ, ਫੇਰ ਬੜੀ ਛੇਤੀ ਇਸ ਥਾਂ ਆ ਕੇ ਖਲੋ ਰਹਿੰਦਾ ਏ, ਜਿਥੇ ਕੈਂਪ ਵਿਚ ਤਿੰਨ ਨਿਆਣੇ ਉਹਦੇ ਨਾਲ਼ ਆ ਕੇ ਰਲਦੇ ਨੇ । ਉਹ ਜੀਊਂਦਿਆਂ ਵਿਚ ਆ ਜਾਂਦਾ ਏ । ਇਕ ਨਿੱਕਾ ਜਿੰਨਾ ਟੱਬਰ ਆਪੇ ਆਪਣਾ ਕਾਫ਼ਲਾ ਬਣ ਕੇ ਜੀਵਨ ਦੀ ਰਾਹ ਤੇ ਲੱਗ ਪੈਂਦਾ ਏ । ਹੁਣ ਉਹ ਸਿਰ ਵੱਢਿਆ ਦਰਖ਼ਤ ਨਹੀਂ ਸੀ । ਉਹਦੀਆਂ ਕਰੂੰਬਲਾਂ ਟਾਹਣੀਆਂ ਹੈਸਨ । ਖ਼ਾਨਦਾਨ ਦੀ ਜੜ੍ਹ ਬਚ ਗਈ ਸੀ ।
ਬੜੀ ਛੇਤੀ ਉਹਨੇ ਕੈਂਪ ਦੀ ਰੋਟੀ ਛੱਡ ਦਿੱਤੀ । ਮਿਹਨਤ ਮਜ਼ਦੂਰੀ ਕਰਨ ਲੱਗ ਪਿਆ ਜਿਨ੍ਹਾਂ ਦੀ ਜ਼ੱਦ ਪੁਸ਼ਤ ਵਿਚ ਕਿਸੇ ਨੇ ਬੈਠ ਕੇ ਨਾ ਖਾਧਾ ਹੋਵੇ, ਉਹ ਰੋਟੀ ਕਿਵੇਂ ਮੰਗੇ ? "ਪੂਰਾ ਇਕ ਸਾਲ ਮੈਨੂੰ ਜ਼ਮੀਨ ਨਹੀਂ ਮਿਲੀ, ਪਰ ਮੈਂ ਬੱਚਿਆਂ ਨੂੰ ਰੋਟੀ ਕਮਾ ਕੇ ਖਵਾਈ, ਮੰਗ ਕੇ ਨਹੀਂ ।" ਤਾਇਆ ਬੜੇ ਅਣਖੇ ਨਾਲ਼ ਇਹ ਗੱਲ ਦੱਸਦਾ । ਬੱਸ ਇਕ ਹਿਰਖ ਰਹਿ ਗਿਆ ਸੀ ਰਾਤ ਨੂੰ ਸੌਣ ਵਾਸਤੇ ਮੰਜੀਆਂ ਦਾ ਪਰਬੰਧ ਨਹੀਂ ਸੀ ਹੋ ਸਕਿਆ । ਸੋ, ਕਾਕਿਆਂ ਵਿਚੋਂ ਇਕ ਨੂੰ ਰਾਤੀਂ ਸੁੱਤਿਆਂ ਸੁੱਤਿਆਂ ਸੱਪ ਨੇ ਡੰਗ ਲਿਆ । ਇਸ ਵਰ੍ਹੇ ਪਨਾਹਗੀਰਾਂ ਦੇ ਜ਼ੋਰ ਨਾਲ਼ ਦਰਿਆ ਵਿਚ ਰੋੜ੍ਹ ਵੀ ਆਖ਼ਰਾਂ ਦਾ ਸੀ । ਪਾਣੀ ਧਰਤੀ ਦੇ ਅੰਦਰ ਉੱਤਰ ਗਿਆ । ਸੱਪ ਸਪੋਲੀਏ ਬਾਹਰ ਨਿਕਲ ਆਏ । ਉਹ ਵੀ ਬਲਵਾਈਆਂ ਦੇ ਨਾਲ਼ ਰਲ਼ ਕੇ ਆਦਮੀ ਦੇ ਬੱਚੜੇ ਖਾਵਣ ਲੱਗ ਪਏ । ਤਾਏ ਕੋਲ਼ ਹੁਣ ਦੋ ਈ ਜਿਗਰ ਦੇ ਟੋਟੇ ਰਹਿ ਗਏ । ਉਹਨੂੰ ਸ਼ਹਿਰ ਕੋਲੋਂ ਡਰ ਲੱਗਣ ਲੱਗ ਪਿਆ । ਦੋਹਾਂ ਨੂੰ ਉਂਗਲੀ ਲਾ ਕੇ ਉਹਨੇ ਪਿੰਡ ਦੀ ਡੰਡੀ ਫੜ ਲਈ ।
ਉਥੇ ਚੱਕ ਵਿਚ ਕੱਚਾ ਕੋਠਾ, ਦੋ ਚਾਰ ਖੇਤ, ਇਕ ਜੋੜੀ ਬਲਦਾਂ ਦੀ, ਤੇ ਕੁੱਝ ਭਾਂਡੇ ਟੀਂਡੇ ਮਿਲ ਗਏ । ਬੱਸ ਜੀਵਨ ਦਾ ਮੂੰਹ ਮੱਥਾ ਬਣ ਗਿਆ । ਹੱਥ ਤਾਂ ਇਕੋ ਰਹਿ ਗਿਆ ਸੀ ਉਹਦਾ । ਜ਼ਨਾਨੀ ਘਰ ਵਿਚ ਹੈ ਕੋਈ ਨਹੀਂ ਸੀ, ਪਰ ਤਾਏ ਨੇ ਹਲ ਜੋੜਿਆ, ਖੇਤ ਬੀਜਿਆ, ਕਣਕ ਵੱਢੀ, ਕਣਕ ਛੱਟੀ । ਇਕ ਹੱਥ ਨਾਲ਼ ਉਹ ਅਪਣਾ ਕੁਰਤਾ ਸੇਪੀ ਕੋਲੋਂ ਸੁਆਉਂਦਾ ਸੀ । ਆਪਣੇ ਬੱਚਿਆਂ ਦਾ ਪਿਓ ਸੀ, ਮਾਂ ਸੀ, ਚਾਚਾ, ਤਾਇਆ, ਮਾਮਾ ਮਾਮੀ, ਸਾਰੀਆਂ ਸਕੀਰੀਆਂ ਉਹ ਆਪੇ ਆਪ ਸੀ । ਇਹ ਸਿਲਸਿਲਾ ਜੋ ਤੁਰਿਆ, ਤਾਂ ਅਖ਼ੀਰ ਤੋੜੀ ਚਲਿਆ । ਤਾਏ ਦੇ ਦੋਵੇਂ ਕਾਕੇ ਲਾਇਕ ਨਿਕਲੇ । ਬੀ. ਏ. ਐਮ. ਏ. ਪੜ੍ਹ ਗਏ । ਪੜ੍ਹਾਈ ਦਾ ਹੱਥ ਫੜ ਕੇ ਸ਼ਹਿਰ ਵੱਲ ਆ ਗਏ ।
ਉਥੇ ਘਰ ਵਿਚ ਹੁਣ ਕੋਈ ਨਹੀਂ ਸੀ । ਬੱਸ ਤਾਇਆ ਕੱਲਾ । ਘਰ ਵੀ ਕੀ ਸੀ ? ਨਿਰਾ ਖੰਡਰ ਖੋਲ਼ਾ । ਕਿਸੇ ਵੇਲੇ ਮੀਂਹ ਪਾਣੀ ਵਿਚ ਢੈ ਸਕਦਾ ਸੀ । ਤਾਇਆ ਆਪ ਵੀ ਹੁਣ ਖੰਡਰ ਖੋਲ਼ਾ ਈ ਸੀ। ਪਰ ਉਹਦੀ ਮਿਹਨਤ ਅਜੇ ਵੀ ਜੁਆਨ ਸੀ । ਕਮਜ਼ੋਰ ਨਿਗਾਹ ਤੇ ਬੁੱਢੇ ਹੱਥ ਨਾਲ਼ ਵੀ ਉਹਨੇ ਖੇਤਾਂ ਦੀ ਹਰਿਆਲੀ ਨੂੰ ਜੁਆਨ ਰੱਖਣ ਦੀ ਟਿੱਲ ਲਾਈ ਹੋਈ ਸੀ । ਪਰ ਹੁਣ ਇਸ ਤਰ੍ਹਾਂ ਦੀ ਗੱਲ ਨਾਲ਼ ਤਾਏ ਦਾ ਪ੍ਰੋਫ਼ੈਸਰ ਬੇਟਾ ਤੇ ਨਰਸ ਜਿਹੇ ਦਿਲ ਵਾਲੀ ਨੂੰਹ ਰਾਜ਼ੀ ਨਹੀਂ ਸਨ । ਉਹ ਅੰਦਰੋ ਅੰਦਰੀ ਇਕ ਗਿਲਟੀ ਕਾਨਸੰਸ ਦੇ ਤਸੀਹੇ ਵਿਚ ਪਏ ਹੋਏ ਸੀ । ਕੀ ਉਹ ਆਪਣੇ ਪਿਆਰੇ ਬਜ਼ੁਰਗ ਨੂੰ ਏਸ ਉਮਰੇ ਮਿਹਨਤ ਦੇ ਕਸ਼ਟ ਤੋਂ ਬਚਾ ਕੇ ਚਾਰ ਦਿਨ ਸੁੱਖ ਦੇ ਨਹੀਂ ਸਕਦੇ ? ਫੇਰ ਬਜ਼ੁਰਗ ਵੀ ਕਿਹੜਾ !

ਹੁਣ ਉਨ੍ਹਾਂ ਨੂੰ ਮੇਰੀ ਲੋੜ ਪਈ । ਤਾਏ ਨੂੰ ਏਥੇ ਰਹਿਣ ਵਾਸਤੇ ਰਾਜ਼ੀ ਕਰਨ ਦੀ ਕੋਸ਼ਿਸ਼ ਵਿਚ ਮੇਰਾ ਹਿੱਸਾ ਵਾਫ਼ਰ ਹੋ ਸਕਦਾ ਸੀ । ਪਰ ਤਾਇਆ ਤਾਂ ਰੁੱਸਿਆ ਬੈਠਾ ਸੀ । ਬੱਚਿਆਂ ਵਾਂਗ ਜ਼ਿੱਦਾਂ ਕਰ ਰਿਹਾ ਸੀ । ਮੈਨੂੰ ਆਪਣੇ ਉਤੇ ਬਹੁਤ ਇਤਬਾਰ ਤਾਂ ਨਹੀਂ ਸੀ, ਕਿਉਂ ਜੋ ਇਨ੍ਹਾਂ ਪੇਂਡੂ ਬੁੱਢਿਆਂ ਦੇ ਸੁਭਾ ਨੂੰ ਚੰਗੀ ਤਰ੍ਹਾਂ ਸਮਝਦੀ ਆਂ । ਇਹ ਲੋਕੀਂ, ਸ਼ਹਿਰੀ ਬਜ਼ੁਰਗਾਂ ਕੋਲੋਂ ਵੱਖ ਹੁੰਦੇ ਨੇ । ਇਨ੍ਹਾਂ ਦਾ ਮਾਮਲਾ ਇੰਝ ਕਦੀ ਨਹੀਂ ਹੁੰਦਾ, ਪਈ ਉਹ ਆਪਣੇ ਨੂੰਹਾਂ ਪੁੱਤਰਾਂ ਕੋਲੋਂ ਲੰਮੀਆਂ ਚੌੜੀਆਂ ਆਸਾਂ ਲਾਵਣ । ਬੱਚਿਆਂ ਕੋਲੋਂ ਆਪਣੇ ਤਨ ਦਾ ਸੁੱਖ ਮੰਗਣ । ਜੇ ਕੁੱਝ ਅਜਿਹਾ ਨਾ ਲੱਭੇ ਤਾਂ ਪਿੱਟ ਸਿਆਪੇ ਕਰਨ । ਇਨ੍ਹਾਂ ਲਈ ਤਾਂ ਇਹੋ ਬੜਾ ਹੁੰਦਾ ਏ ਜੇ ਇਹ ਆਪਣੇ ਆਹਰੇ ਲੱਗੇ ਰਹਿਣ । ਕੋਈ ਇਨ੍ਹਾਂ ਦੀ ਰੂਟੀਨ ਨਾ ਤੋੜੇ । ਅੰਤ ਸਮੇਂ ਤਾਈਂ, ਅਖ਼ੀਰਲੇ ਸਾਹ ਤਾਈਂ ਧੀਆਂ, ਪੁੱਤਰਾਂ ਦੇ ਕੰਮ ਸਵਾਰੀ ਜਾਣ । ਨੂੰਹ ਆਵੇ, ਜਮ ਜਮ ਪਲੰਘ ਪੀਹੜੇ ਬੈਠੇ, ਪਰ ਸੱਸ ਕੋਲੋਂ ਹਾਂਡੀ ਨਾ ਛੁੜਾਵੇ । ਪੁੱਤਰ ਲਖ ਅਫ਼ਸਰ ਬਣੇ, ਨਿੱਤ ਨਿੱਤ ਸ਼ਹਿਰ ਜਾਵੇ, ਮੌਜਾਂ ਮਾਣੇ, ਪਰ ਬਾਪ ਦਾ ਖੇਤ ਬੰਨਾ ਉਹਦੇ ਕੋਲੋਂ ਛੁੜਾਉਣ ਦੀ ਗੱਲ ਨਾ ਕਰੇ । ਇਹ ਲੋਕੀਂ ਕੁੱਝ ਨਹੀਂ ਮੰਗਦੇ, ਕੁੱਝ ਨਹੀਂ ਕਹਿੰਦੇ । ਭਾਵੇਂ ਤੁਸੀਂ ਇਨ੍ਹਾਂ ਨੂੰ ਕੁੱਝ ਵੀ ਨਾ ਦੇਵੋ, ਪਰ ਜੇ ਕੋਈ ਬਹੁਤਾ ਕੁੱਝ ਇਨ੍ਹਾਂ ਲਈ ਕਰਨਾ ਚਾਹਵੇ, ਤਾਂ ਬੁਰਾ ਮੰਨ ਜਾਂਦੇ ਨੇ । ਰੁੱਸ ਬੈਠਣ ਲੱਗ ਪੈਂਦੇ ਨੇ । ਭਲੇ ਨੂੰ ਸਾਡੇ ਕੋਲ਼ ਤਾਂ ਕੋਈ ਅਜਿਹੀ ਸ਼ੈ ਹੈ ਵੀ ਨਹੀਂ ਸੀ, ਜਿਸਦੇ ਬਦਲੇ ਤਾਏ ਵਰਗੇ ਕਿਸਾਨ ਕੋਲੋਂ ਉਹਦਾ ਖੇਤ ਬੰਨਾ ਛੁੜਾ ਸਕਦੇ । ਫੇਰ ਖੇਤ ਕਿਹੜਾ ? ਉਹੋ, ਜੋ ਉਹਨੇ ਆਪਣੇ ਦੂਸਰੇ ਜੀਵਨ ਵਿਚ ਇਕੋ ਹੱਥ ਨਾਲ਼ ਕਮਾਇਆ ਸੀ ।
ਇਕ ਪੱਤਾ ਰੰਗ ਵਾਲਾ ਹੈ ਸੀ, ਬੱਸ ਇਸੇ ਨੂੰ ਲੜ ਬੰਨ੍ਹ ਕੇ ਮੈਂ ਆਪਣੇ ਤਾਏ ਦੀ ਮੰਜੀ ਦੇ ਪੁਆਂਦੀ ਜਾ ਬੈਠੀ । ਤਾਏ ਦੀ ਕਹਾਣੀ ਦੇ ਜੰਗਲ਼ ਬੇਲੇ ਵਿਚ ਲੁਕੀ ਹੋਈ ਇਕ ਨਿੱਕੀ ਜਿੰਨੀ ਕਿਆਰੀ ਐਸੀ ਵੀ ਹੈ ਜਿਥੇ ਦੁੱਖ ਦਾ ਫੁੱਲ ਸਦਾ ਖਿੜਿਆ ਰਹਿੰਦਾ ਹੈ । ਜਿਥੇ ਦਿਲ ਦੇ ਜਜ਼ਬੇ ਦੀ ਮਿੱਟੀ ਬੜੀ ਮੁਲਾਇਮ ਤੇ ਹੱਸਾਸ ਜਿਹੀ ਏ । ਇਥੇ ਆ ਕੇ ਤਾਏ ਦੇ ਮਨ ਦੀ ਮਿਹਰ ਦਾ ਦਰਿਆ ਸਮੁੰਦਰੋਂ ਡੂੰਘਾ ਹੋ ਜਾਂਦਾ ਏ । ਜੀਵਨ ਦੇ ਸਾਰੇ ਮੈਲ ਕੁਚੈਲ, ਸਾਰੇ ਕ੍ਰੋਧ ਨੂੰ ਰੋੜ੍ਹ ਕੇ ਆਪਣੇ ਅੰਦਰ ਸੁੱਟ ਲੈਂਦਾ ਏ । ਮੈਂ ਅੱਗੇ ਵੀ ਕਈ ਵਾਰੀ ਇਨ੍ਹਾਂ ਪਾਣੀਆਂ ਦੇ ਕੰਢੇ ਬਹਿ ਕੇ ਜੀਵਨ ਦੇ ਕਈ ਧੋਣੇ ਧੋਤੇ ਨੇ । ਇਥੇ ਮੈਂ ਆਪਣੇ ਪਾਠਕਾਂ ਨੂੰ ਏਨਾ ਕੁ ਦੱਸ ਦੇਵਾਂ, ਪਈ ਮੇਰਾ ਤਾਇਆ ਜੇ ਕਿਸਾਨ ਨਾ ਹੁੰਦਾ, ਤਾਂ ਕਹਾਣੀਕਾਰ ਹੁੰਦਾ । ਉਨਾਂ ਹੀ ਵਧੀਆ ਤੇ ਸੁੱਚਲ । ਉਹ ਕਹਾਣੀ ਦੀ ਏਨੀ ਕਦਰ ਕਰਦਾ ਸੀ, ਜਿਨੀ ਕੁ ਆਪਣੀਆਂ ਨਿਸਰੀਆਂ ਕਣਕਾਂ ਦੀ । ਏਥੇ ਵੀ ਕਹਾਣੀ ਦਾ ਇਕ ਹਿੱਸਾ ਆਉਂਦਾ, ਜਿਥੇ ਆ ਕੇ ਉਹ ਆਪਣੀ ਪੱਕੀ ਹੱਠ ਤੋਂ ਵੀ ਇਕ ਪਾਸੇ ਹੋ ਕੇ ਕਹਿੰਦਾ-"ਚੰਗਾ ਕੁੜੀਏ, ਜਿਵੇਂ ਤੇਰੀ ਮਰਜ਼ੀ" ਪਰ ਇਹ ਕਹਾਣੀ ਦਾ ਉਹ ਹਿੱਸਾ ਨਹੀਂ ਜਿੱਥੇ ਸਾਨੂੰ ਇਕ ਲੁੱਟਿਆ ਪੁੱਟਿਆ ਕੱਲਮ ਕੱਲਾ ਪਨਾਹਗੀਰ ਮਿਲਦਾ ਏ । ਆਪਣੇ ਕਿਰਚੀ ਕਿਰਚੀ ਦਿਲ ਨਾਲ਼, ਆਪਣੀ ਵੱਢੀ ਹੋਈ ਬਾਂਹ ਨਾਲ਼ ਗੱਲਾਂ ਕਰਦਾ ਹੋਇਆ ਮੁੜ ਮੁੜ ਕਹਿੰਦਾ-"ਹੁਣ ਕੀ ਏ ? ਕਾਹਦੇ ਲਈ ? ਮੈਂ ਏਥੇ ਕੀ ਲੋੜਣ ਆਇਆ ਵਾਂ ? ਮੇਰਾ ਤਾਂ ਸਾਰੇ ਜੱਗ ਵਿਚ ਕੋਈ ਨਹੀਂ ।" ਫੇਰ ਜਦੋਂ ਜੀਵਨ ਦੀ ਦਲੀਲ ਮੁੱਕ ਜਾਣ ਪਿੱਛੋਂ, ਨਹੀਂ ਇਕ ਪਲ ਪਹਿਲਾਂ ਉਹ ਆਵਾਜ਼ ਉਹਦੇ ਕਿੰਨੀ ਪੈ ਗਈ ਜਿਹੜੀ ਜ਼ਿੰਦਗੀ ਮੋੜ ਲਿਆਉਣ ਵਾਲਿਆਂ ਨੇ ਦਿੱਤੀ ਸੀ, ਉਹ ਜ਼ਾਤ ਜਿਹੜੀ ਤਾਏ ਲਈ ਤਰੈ ਬੱਚੇ, ਸੱਤ ਬਾਹਵਾਂ ਦੀ ਸ਼ਕਤੀ ਲੈ ਕੇ ਆਈ ਸੀ । ਕਹਾਣੀ ਦੀ ਨਰਮ ਮਿੱਟੀ ਅੱਜ ਏਥੇ ਵੀ ਨਹੀਂ । ਉਹ ਇਕ ਹੋਰ ਥਾਂ ਏ । ਹੋਰੇ ਮਿੱਟੀ ।
ਆਹੋ ! ਉਹ ਨਰਮ ਮਿੱਟੀ, ਜਿੱਥੇ ਦਰਦਾਂ ਦੇ ਫੁੱਲ ਉਹਦੀ ਅਖ਼ੀਰ ਤੋੜੀ ਖ਼ੁਸ਼ਬੂ ਦਿੰਦੇ ਰਹੇ । ਇਕ ਹੋਰ ਥਾਂ ਵੇ, ਇਕ ਹੋਰ ਧਰਤੀ, ਇਕ ਹੋਰ ਦਰਿਆ ਦਾ ਕੰਢਾ । ਸ਼ੇਖ਼ੂਪੁਰ ਜ਼ਿਲੇ ਦੇ ਇਕ ਚੱਕ ਵਿਚ ਜਾ ਕੇ, ਤਾਏ ਨੇ ਆਪਣੇ ਨਵੇਂ ਖੇਤ ਵਿਚੋਂ ਉਹ ਮਿੱਟੀ ਲੱਭੀ ਸੀ । ਉਹ ਦਿਨ, ਜਦੋਂ ਤਾਇਆ, ਆਪਣੇ ਖੇਤ ਵੇਖਣ ਪਿੰਡ ਦੇ ਪਟਵਾਰੀ ਨਾਲ਼ ਗਿਆ ਸੀ । ਗੁਜ਼ਾਰਾ ਯੂਨਿਟ ਦੇ ਹਿਸਾਬ 'ਚ ਅਲਾਟਮੈਂਟ ਨਾਲ਼ ਉਹਨੂੰ ਕੁੱਝ ਖੇਤ ਮਿਲੇ ਸੀ । ਬੱਸ ਇਥੇ ਇਕ ਖੇਤ ਦੇ ਬੰਨੇ ਬੈਠਾ ਦੂਸਰੀ ਕਹਾਣੀ ਵਾਲਾ ਮਿਲ ਗਿਆ ਸੀ । ਨਾਂ ਉਹਦਾ ਦਿਲਗੀਰ ਸੀ । "ਦਿਲਗੀਰ ਸਿਆਂ" ਪਟਵਾਰੀ ਨੇ ਦੱਸਿਆ । ਉਹ ਚੁੱਪ ਚੁਪੀਤਾ ਸਿਰ ਸੁਟ ਕੇ ਬੈਠਾ ਹੋਇਆ ਸੀ । ਹੱਥ ਵਿਚ ਇਕ ਠੀਕਰੀ ਜਿਹੀ ਫੜ ਕੇ ਮਿੱਟੀ ਉਤੇ ਕੁੱਝ ਲਿਖਦਾ, ਫੇਰ ਆਪੇ ਮਿਟਾ ਦਿੰਦਾ । ਪਟਵਾਰੀ ਉਥੇ ਦਾ ਪੁਰਾਣਾ ਬਾਸ਼ਿੰਦਾ ਸੀ । ਉਹਨੇ ਸਾਰੀ ਗੱਲ ਦੱਸੀ ।"ਇਹ ਸਿਖੜਾ ਅਜੇ ਤਾਈਂ , ਏਥੇ ਈ ਰਹਿੰਦਾ ਏ । ਮੁਰੱਬੇ ਨਾਲ਼ ਚਿੰਬੜਿਆ ਬੈਠਾ ਏ । ਹਾ,ਹਾ…ਹਾ ।" ਪਟਵਾਰੀ ਉੱਚੀ ਸਾਰੀ ਹੱਸਿਆ । ਉਹਦਾ ਹਾਸਾ ਤਾਏ ਨੂੰ ਵੀ ਚੰਗਾ ਨਾ ਲੱਗਾ । ਉਹ ਕਹਿਣ ਲੱਗਾ ਸੀ ਚਿੜੀਆਂ ਦਾ ਮਰਨ, ਕਾਵਾਂ ਦਾ ਹਾਸਾ । ਪਰ ਚੁੱਪ ਕਰ ਰਿਹਾ । ਪਟਵਾਰੀ ਆਪਣੀ ਬਕਵਾਸ ਕਰੀ ਗਿਆ । "ਰੱਸੀ ਜਲ਼ ਗਈ, ਪਰ ਵੱਟ ਨਹੀਂਉਂ ਗਿਆ ।" ਉਹ ਕਹਿਣ ਲੱਗਾ-"ਇਹ ਥੋੜ੍ਹਾ ਜਿੰਨਾ ਗਵਈਆ ਵੀ ਹੁੰਦਾ ਏ ।" ਆਪਣੇ ਭਾਣੇ ਉਹ ਤਾਏ ਨਾਲ਼ ਗੱਲਾਂ ਕਰਦਾ ਪਿਆ ਸੀ । "ਭੰਗੜੇ ਦਾ ਤਾਂ ਉਸਤਾਦ ਹੈ ਪੂਰਾ ।" ਫੇਰ ਉਹ ਦਿਲਗੀਰ ਦੇ ਨੇੜੇ ਜਾ ਖਲੋਤਾ ।
"ਕਿਉਂ ਵੇ ਸਰਦਾਰਾ, ਕਿੱਥੇ ਗਈ ਤੇਰੀ ਹੀਰ ਸਲੇਟੀ ? ਕਿਧਰ ਨੂੰ ਗਿਆ ਤੇਰਾ ਨੀਲੀ ਦਾ ਅਸਵਾਰ ? ਮਿਰਜ਼ੇ ਜੱਟ ਦੀਆਂ ਵਾਰਾਂ ਬੜੀਆਂ ਗਾਉਂਦਾ ਸੀ ਤੂੰ ਪਿਛਲੀਆਂ ਵਿਸਾਖੀਆਂ ਵਿਚ ।"
ਦਿਲਗੀਰ ਨੇ ਪਟਵਾਰੀ ਦੀ ਗੱਲ ਨੂੰ ਧਿਆਨ ਨਹੀਂਉਂ ਦਿੱਤਾ । ਉਸੇ ਤਰ੍ਹਾਂ ਬੈਠਾ ਮਿੱਟੀ ਉਤੇ ਲਿਖੀ ਗਿਆ…।
ਗੱਡੀ ਆਈ ਏ ਖ਼ੁਦਾਈ ਵਾਲੀ
ਉਠ ਵਿਦਿਆ ਕਰ ਬਾਲੋ
ਸਾਡੀ ਰਾਤ ਜੁਦਾਈ ਵਾਲੀ ।
ਪਟਵਾਰੀ ਉਥੋਂ ਚਲਾ ਗਿਆ ਤਾਂ ਉਹ ਤਾਏ ਦੇ ਨੇੜੇ ਆਣ ਖਲੋਤਾ । "ਤੈਨੂੰ ਏਥੇ ਛੇ ਕਿੱਲੇ ਦਿੱਤੇ ਨੇ । ਉਂਝ ਇਹ ਸਾਰਾ ਮੁਰੱਬਾ ਮੇਰਾ ਈ ਏ । ਇਹ ਨਾਲ਼ ਵਾਲਾ ਵੀ ਆਪਣਾ ਈ ਏ । ਇਹ ਦੋਵੇਂ ਮੁਰੱਬੇ ਚੱਕ ਵਿਚ ਨੰਬਰ ਇਕ ਨੇ । ਮੈਂ ਆਪ ਕਮਾਏ ਹੋਏ ਨੇ । ਮੈਂ ਨਿੱਕਾ ਜਿੰਨਾ ਸਾਂ ਜਦੋਂ ਆਪਣੇ ਬਾਪੂ ਨਾਲ਼ ਕੰਮ ਤੇ ਆਉਣ ਲੱਗਾ । ਮੇਰਾ ਬਾਪੂ ਆਪ ਨਿੱਕਾ ਜਿੰਨਾ ਸੀ, ਜਦੋਂ ਉਹ ਇਥੇ ਆਇਆ ਸੀ ਇਨ੍ਹਾਂ ਬਾਰਾਂ ਨੂੰ ਆਬਾਦ ਕਰਨ ਲਈ । ਇਹ ਸਾਰੀ ਮਿੱਟੀ ਮੈਂ ਆਪ ਕਮਾਈ ਹੋਈ ਏ । ਇਹ ਵੇਖ ਹਲ ਦੀ ਹੱਥੀ ਨਾਲ਼ ਕੀ ਕੁੱਝ ਬਣਿਆ ।" ਉਹਦੇ ਪੋਰ ਪੋਰ ਅੱਟਣ ਪਏ ਹੋਏ ਸਨ । ਫੇਰ ਆਪਣੀਆਂ ਦੋਵੇਂ ਬਾਹਵਾਂ ਅੱਡ ਕਰਕੇ ਜਿਵੇਂ ਧਰਤੀ ਨੂੰ ਜੱਫੀ ਪਾਉਣ ਲੱਗਾ ਹੋਵੇ, ਮੁੱਠੀਆਂ ਭਰ ਕੇ ਉਹਨੇ ਭੁਰਭੁਰੀ ਮਿੱਟੀ ਆਪਣੇ ਪਿੰਡੇ ਤੇ ਬਰੂਰ ਲਈ । ਹੱਥ ਆਪਣੇ ਕੇਸਾਂ ਤੇ ਫੇਰ ਕੇ ਸਾਫ਼ ਕਰ ਲਏ । "ਇਹ ਫ਼ਸਲ," ਉਹਨੇ ਗੰਨੇ ਤੇ ਕਪਾਹ ਦੀਆਂ ਭਰਵੀਆਂ ਫ਼ਸਲਾਂ ਵੱਲ ਇਸ਼ਾਰਾ ਕੀਤਾ । "ਇਹ ਸਾਰੀਆਂ ਮੇਰੇ ਹੱਥਾਂ ਦੀਆਂ ਬੀਜੀਆਂ ਹੋਈਆਂ ਨੇਂ ।" ਮੁੰਜੀ ਦੀਆਂ ਪੈਲੀਆਂ, ਬਾਸਮਤੀ ਦੀ ਖ਼ੁਸ਼ਬੂ ਦੇ ਗੁੱਛਿਆਂ ਨਾਲ਼ ਲੱਦੀਆਂ ਖੜ੍ਹੀਆਂ ਸੀ ।
ਦੋਵੇਂ ਕਿਸਾਨ ਗੱਲਾਂ ਕਰਦੇ ਰਹੇ, ਜਿਵੇਂ ਸਭ ਕੁੱਝ ਆਮ ਵਰਗਾ ਹੋਵੇ । ਸਦਾ ਤੋਂ ਉਨ੍ਹਾਂ ਦਾ ਖੇਤ ਬੰਨਾ ਨਾਲ਼ ਨਾਲ਼ ਰਿਹਾ ਹੋਵੇ । ਅਜੇ ਇਹ ਪਨੀਰੀਆਂ ਗਿੱਠ ਗਿੱਠ ਉੱਚੀਆਂ ਨਹੀਂ ਸੀ ਹੋਈਆਂ। ਬਰਸਾਤ ਦੀ ਵਾਛੜ ਧਾਨਾਂ ਦਾ ਰੰਗ ਨਿਖਾਰਨ ਲੱਗੀ ਸੀ, ਜਦੋਂ ਪੰਜਾਬ ਵਿਚ ਕਹਿਰ ਦੀ ਹਨੇਰੀ ਝੁੱਲ ਪਈ । ਬਰਸਾਤ ਦੀ ਥਾਂ ਲਹੂ ਬਰਸਣ ਲੱਗ ਪਿਆ । ਉਸ ਹੜ੍ਹ ਵਿਚ ਸਭ ਤੋਂ ਬਹੁਤਾ ਲਹੂ ਕਿਸਾਨਾਂ ਦਾ ਸੀ । ਉਸੇ ਤਰ੍ਹਾਂ ਜਿਵੇਂ ਉਸ ਜ਼ਹਿਰ ਭਰੀ ਸਿਆਸਤ ਵਿਚ ਸਭ ਤੋਂ ਘੱਟ ਹਿੱਸਾ ਕਿਸਾਨਾਂ ਦਾ ਸੀ । ਪਰ ਹੱਲਵਾਹਾ ਸਭ ਤੋਂ ਬਹੁਤਾ ਉਜੜ ਗਿਆ ।" ਉਹ ਦੋਵੇਂ ਇਕ ਦੂਜੇ ਨੂੰ ਦੱਸਦੇ ਰਹੇ । ਪਲ ਦੀ ਪਲ ਚੁੱਪ ਕਰ ਗਏ । ਹਵਾ ਉਨ੍ਹਾਂ ਦੇ ਸਿਰਾਂ ਤੋਂ ਦੁੱਖ ਦਾ ਗੀਤ ਗਾਉਂਦੀ ਕੀਰਨੇ ਪਾਉਂਦੀ ਲੰਘ ਗਈ । ਕਿੱਕਰਾਂ ਦੇ ਪੀਲੇ ਫੁੱਲ ਕਿਸੇ ਦੀ ਅੱਖ ਦੇ ਅੱਥਰੂਆਂ ਵਾਂਗ ਕਿਰ ਗਏ । ਦਿਲਗੀਰ ਉਸ ਦੇ ਫ਼ਿਲਮੀ ਗੀਤ ਦਾ ਟੁਕੜਾ ਹੌਲੀ ਹੌਲੀ ਗਾਉਣ ਲੱਗ ਪਿਆ-"ਆਂਧੀਆਂ ਗ਼ਮ ਕੀ ਐਸੀ ਚਲੀਂ, ਬਾਗ਼ ਉਜੜ ਕੇ ਰਹਿ ਗਿਆ …" ਫੇਰ ਤਾਏ ਨੇ ਸਿਰ ਉਤਾਂਹ ਚੱਕ ਕੇ ਅਸਮਾਨ ਵੱਲ ਤੱਕਿਆ । "ਕੀ ਏਥੇ ਵੀ ਉਸੇ ਤਰ੍ਹਾਂ ਭਾਰੀ ਵੱਢ ਟੁੱਕ ਹੋਈ, ਜਿਸ ਤਰ੍ਹਾਂ ਉਧਰ ਸਾਡੇ ਵੱਲ ?" ਉਹਨੇ ਆਪਣੀ ਬਾਂਹ ਦੇ ਟੁੰਡ ਵੱਲ ਤੱਕਦੇ ਹੋਏ ਪੁੱਛਿਆ ।
"ਹਾਂ ਬੇਲੀਆ ! ਇਥੇ ਵੀ । ਮੇਰੇ ਦੋ ਕਾਕੇ ਸਨ, ਇਕ ਭੈਣ । ਉਹਦੀ ਡੋਲੀ ਜਾਣ ਵਾਲੀ ਸੀ । ਦੋ ਨਿੱਕੇ ਭਰਾ-ਮੇਰੀਆਂ ਬਾਹਵਾਂ…" ਕਹਿੰਦੇ ਕਹਿੰਦੇ ਉਹਦੀਆਂ ਅੱਖਾਂ ਉਬਲ ਪਈਆਂ ਤੇ ਗਲਾ ਰੁੰਨ੍ਹਿਆ ਗਿਆ । ਫੇਰ ਉਹਨੇ ਅੰਦਰੋਂ ਅੰਦਰੀ ਲਹੂ ਦਾ ਘੁੱਟ ਜਿਹਾ ਭਰ ਕੇ ਖੇਤ ਵਿਚ ਇਕ ਉੱਚੀ ਜਹੀ ਥਾਂ ਵੱਲ ਤੱਕਿਆ ਜਿਥੇ ਨਿੱਕੀਆਂ ਨਿੱਕੀਆਂ ਦੋ ਚਾਰ ਟਾਹਲੀਆਂ ਉਗੀਆਂ ਖੜ੍ਹੀਆਂ ਸੀ । "ਮੇਰੇ ਟੱਬਰ ਦੇ ਅੱਧੇ ਜੀ ਤਾਂ ਉਥੇ ਦੱਬੇ ਹੋਏ ਨੇ, ਆਪਣੇ ਈ ਖੇਤ ਵਿਚ । ਮੈਂ ਵੀ ਉਥੇ ਈ ਬੈਠਾ ਹਾਂ, ਆਪਣੇ ਖੇਤ ਵਿਚ ਪਨਾਹਗੀਰ ਹੋ ਗਿਆ ਵਾਂ । ਕੁੱਝ ਥੋੜ੍ਹੇ ਬਹੁਤ ਜੀ ਬਚ ਗਏ ਸੀਗੇ, ਉਹ ਕਾਫ਼ਲਿਆਂ ਨਾਲ਼ ਰਲ਼ ਕੇ ਹਿੰਦੁਸਤਾਨ ਚਲੇ ਗਏ ਨੇ । ਓਥੇ ਉਨ੍ਹਾਂ ਨੂੰ ਵੀ ਕਿਸੇ ਹੋਰ ਦੇ ਮੁਰੱਬੇ ਵਿਚੋਂ ਗੁਜ਼ਾਰਾ ਯੂਨਿਟ ਮਿਲ ਗਿਆ ਹੋਣਾ ਐਂ ।"
ਦੋਵੇਂ ਜਨਮ ਜਨਮ ਦੇ ਕਿਸਾਨ ਸੀ ਨਾ, ਗੱਲਾਂ ਕਰਦੇ ਕਰਦੇ ਉਨ੍ਹਾਂ ਦੇ ਹੱਥ ਕਪਾਹ ਦੀਆਂ ਫੁੱਟੀਆਂ ਚੁਗਣ ਲੱਗ ਪਏ । ਖਿੜ ਖਿੜ ਹੱਸਦੀ ਕਪਾਹ ਕਿਸੇ ਚੋਗਣ ਦੇ ਹੱਥ ਨੂੰ ਉਡੀਕਦੀ ਉਦਾਸ ਹੋ ਗਈ ਸੀ । ਹੁਣ ਤਾਂ ਉਹਦਾ ਰੰਗ ਵੀ ਘਸਮੈਲਾ ਹੋ ਗਿਆ ਸੀ । ਦਿਲਗੀਰ ਨੇ ਤਾਏ ਨੂੰ ਦੱਸਿਆ-"ਮੇਰੀ ਕਪਾਹ ਵਰਗਾ ਫੁੱਲ ਕਿਸੇ ਦੇ ਖੇਤ ਵਿਚ ਕਦੇ ਨਹੀਂ ਖਿੜਿਆ । ਮੇਰੇ ਗੰਨਿਆਂ ਜਿੰਨੇ ਉੱਚੇ ਗੰਨੇ ਕਿਸੇ ਦੇ ਕਮਾਦ ਵਿਚ ਨਹੀਂ ਉਗਦੇ, ਤੇ ਮੇਰੇ ਚੌਲਾਂ ਦੀ ਖ਼ੁਸ਼ਬੂ ਦਰਿਆਉਂ ਪਾਰ ਜਾਂਦੀ ਏ । ਜਦੋਂ ਵੀ ਕਿਸੇ ਘਰ ਵਿਚ ਨਵਾਂ ਪ੍ਰਾਹੁਣਾ ਆਉਂਦਾ …।" ਦਿਲਗੀਰ ਦੇ ਮਨ ਦਾ ਪੰਛੀ ਵਕਤ ਦੇ ਪਿੰਜਰੇ 'ਚੋਂ ਨਿਕਲ ਪਿਆ । ਉਹਨੇ ਪਿੱਛੇ ਨੂੰ ਉਡਾਰੀ ਮਾਰ ਲਈ । ਲੰਘੇ ਹੋਏ ਵੇਲਿਆਂ ਦੇ ਅਸਮਾਨ, ਜਿਥੇ ਮਜ਼ਹਬਾਂ, ਸਿਆਸਤਾਂ ਦੇ ਮੌਤ ਪਰਛਾਵੇਂ ਨਹੀਂ ਸਨ । ਉਹਦੀਆਂ ਯਾਦਾਂ ਵਾਲਾ ਪੰਛੀ ਤੁਰਨ ਲੱਗ ਪਿਆ । ਉਹ ਬੜੇ ਚਾਅ ਨਾਲ਼ ਸੁਣਾਉਂਦਾ ਰਿਹਾ । ਜਦ ਵੀ ਕਿਸੇ ਘਰ ਦੀ ਧੀ ਭੈਣ ਦੇ ਸਹੁਰੇ ਪਿੰਡ ਦਾ ਪ੍ਰਾਹੁਣਾ ਆਉਂਦਾ, ਉਸ ਘਰ ਮੇਰੇ ਖੇਤ ਦੇ ਚੌਲ ਪੱਕਦੇ । ਮੇਰਾ ਗੁੜ ਜਾਂਦਾ ।" ਫੇਰ ਉਹ ਚੁੱਪ ਕਰ ਗਿਆ । ਉਦਾਸੀ ਦੀ ਘੁੱਗੀ ਦੋਵਾਂ ਦੇ ਅੰਦਰੋਂ ਬੋਲੀ- "ਯੂਸੁਫ਼ ਖੂਹ…ਯੂਸੁਫ਼ ਖੂਹ …ਚੌਧਰੀ !" ਉਹਨੇ ਤਾਏ ਨੂੰ ਕਿਤੋਂ ਦੂਰੋਂ ਹਾਕ ਮਾਰੀ। ਇਸ ਵੇਲੇ ਤਾਇਆ ਆਪ ਆਪਣੇ ਪਿਛਲੇ ਪਿੰਡ ਅੱਪੜ ਗਿਆ ਸੀ । "ਚੰਗਾ ਹੋਇਆ, ਚੌਧਰੀ ਤੂੰ ਇੁਥੇ ਆ ਗਿਆ ਏਂ, ਮੇਰੇ ਪਿੰਡ ਵਿਚ, ਮੇਰੇ ਖੇਤ ਵਿਚ ।" ਦਿਲਗੀਰ ਦੀ ਆਵਾਜ਼ ਜਿਵੇਂ ਕਿਤੇ ਖੂਹ ਵਿਚੋਂ ਆਈ । "ਤੂੰ ਇਹ ਸਾਰਾ ਮੁਰੱਬਾ ਆਪਣੇ ਨਾਂ ਪਵਾ ਲਈਂ, ਪਰ ਵੇਖੀਂ ਹਲ ਵਾਹਣ ਲੱਗਾ ਏਸ ਥਾਂ ਦਾ ਧਿਆਨ ਜ਼ਰੂਰ ਰੱਖੀਂ ।" ਉਹਨੇ ਟਾਹਲੀਆਂ ਵਾਲੀ ਥਾਂ ਵੱਲ ਇਸ਼ਾਰਾ ਕੀਤਾ । "ਇਹ ਮੇਰੀ ਆਖ਼ਰੀ ਢੇਰੀ ਏ, ਮੇਰੇ ਲਹੂ ਦੀ ਅਮਾਨਤ । ਬੱਸ ਮੈਨੂੰ ਪਤਾ ਏ, ਹੋਰ ਕਿਸੇ ਨੂੰ ਨਹੀਂ । ਉਸ ਰਾਤ ਮੈਂ ਹਨੇਰੇ ਦੀ ਬੁੱਕਲ ਮਾਰ ਕੇ ਚੋਰੀ ਚੋਰੀ ਆਪਣੇ ਘਰ ਗਿਆ ਸਾਂ, ਇਨ੍ਹਾਂ ਨੂੰ ਲੈਣ ਵਾਸਤੇ । ਮੇਰੇ ਵੱਢੇ ਟੁੱਕੇ ਅੰਗ ਸਾਕ ਆਪਣੇ ਵਿਹੜੇ ਵਿਚ ਖਿਲਰੇ ਪਏ ਸੀ । ਮੈਂ ਚੁੱਕ ਚੁੱਕਾ ਕੇ ਇਥੇ ਲਿਆਂਦੇ । ਕੱਲਾ ਰਹਿ ਗਿਆ ਸਾਂ । ਦੱਸ, ਮੈਂ ਹੋਰ ਕੀ ਕਰਦਾ ?" ਤਾਏ ਨੇ ਉਹਦਾ ਹੱਥ ਫੜ ਲਿਆ । "ਤੂੰ ਤਾਂ ਮੇਰੇ ਨਾਲੋਂ ਚੰਗਾ ਰਹਿ ਗਿਆ ਏਂ ਦਿਲਗੀਰਿਆ । ਮੈਥੋਂ ਤਾਂ ਇਹ ਵੀ ਨਾ ਹੋ ਸਕਿਆ । ਉਨ੍ਹਾਂ ਸਾਰਿਆਂ ਦੀਆਂ ਨੰਗੀਆਂ ਹੱਡੀਆਂ ਸੁੱਟ ਕੇ ਆ ਗਿਆ, ਏਸ ਕੋਹੜੇ ਸੂਰਜ ਦੀਆਂ ਅੱਖੀਆਂ ਅੱਗੇ ।" ਹੁਣ ਦਿਲਗੀਰ ਦੀ ਵਾਰੀ ਸੀ ਰੋ ਪੈਣ ਦੀ । ਉਹਨੇ ਉੱਠ ਕੇ ਤਾਏ ਨੂੰ ਜੱਫੀ ਪਾ ਲਈ-"ਮੈਂ ਵੀ ਪਨਾਹੀ, ਤੂੰ ਵੀ ਪਨਾਹੀ…ਮੈਂ ਇਥੇ ਜੰਮਿਆ ਸਾਂ… ਹਾ, ਹਾ…ਹਾ ।" ਉਹ ਰੋਂਦਾ ਰੋਂਦਾ ਹੱਸ ਪਿਆ । "ਸੁਣਿਆਂ ਏ, ਅੜਿਆ ਹੁਣ ਅਸੀਂ ਬੰਦੇ ਨਹੀਂ ਰਹੇ, ਪਨਾਹਗੀਰ ਹੋ ਗਏ ਹਾਂ । ਮੈਂ ਦਿਲਗੀਰ ਸਿਹੁੰ ਨਹੀਂ, ਪਨਾਹਗੀਰ ਹਾਂ, ਤੂੰ ਫ਼ਜ਼ਲ ਖ਼ਾਂ ਨਹੀਂ, ਮਹਾਜਰ ਹੋ ਗਿਆ ਏਂ । ਪਤਾ ਏ ਪਟਵਾਰੀ ਮੈਨੂੰ ਕੱਲ੍ਹ ਕੀ ਆਖਦਾ-'ਸੀ ਜਾ ਤੁਰ ਜਾ ਤੂੰ ਵੀ, ਤੇਰਾ ਏਥੇ ਕੀ ਰੱਖਿਆ ਪਿਆ ਏ ।' ਆਹੋ, ਅੱਜ ਸਾਡੀ ਰਜਨੀ ਜੋ ਰੁੱਸ ਗਈ ਏ ।" ਪਲ ਕੁ ਉਹ ਚੁੱਪ ਕੀਤਾ । ਫੇਰ ਗਾਉਣ ਲੱਗ ਪਿਆ-"ਹੁਣ ਦੱਸ ਕੀ ਕਰਾਂ ਨੀ ਮਾਏ ।" ਪਰ ਉਹਦੇ ਕੋਲੋਂ ਗਾ ਨਾ ਹੋਇਆ । ਉਹਦੀ ਆਵਾਜ਼ ਪਾਟ ਗਈ । ਫੇਰ ਉਹ ਮਿੱਟੀ ਪੱਧਰੀ ਕਰਕੇ ਉਤੇ ਲਿਖਣ ਲੱਗ ਪਿਆ-"ਉਠ ਵਿਦਿਆ ਕਰ ਬਾਲੋ, ਸਾਡੀ ਰਾਤ ਜੁਦਾਈ ਵਾਲੀ ।"
ਤਾਏ ਨੇ ਦਿਲਗੀਰ ਨੂੰ ਘਰ ਚੱਲਣ ਲਈ ਆਖਿਆ, ਰੋਟੀ ਲੱਸੀ ਵਾਸਤੇ ਪਰ ਉਹ ਮੰਨਿਆ ਨਹੀਂ । "ਹੁਣ ਉਥੇ ਕੀ ਏ ਮੇਰਾ ? ਉਸ ਪਿੰਡ ਵਿਚ ਮੈਂ ਜਾ ਨਹੀਂ ਸਕਦਾ । ਏਥੇ ਖੇਤ ਵਿਚ ਤਾਂ ਮਿੱਟੀ ਨੇ ਅਜੇ ਮੈਨੂੰ ਨਹੀਂ ਛੱਡਿਆ ।" ਉਹ ਧੰਮ ਦੇਣੀ ਭੁੰਜੇ ਬਹਿ ਗਿਆ । ਹੱਥ ਵਿਚ ਉਹੋ ਆਪਣੀ ਠੀਕਰੀ ਦੀ ਕਲਮ ਫੜ ਲਈ, ਲਿਖਣ ਲੱਗ ਪਿਆ…
ਪਿੰਡ ਮੇਰਾ ਸੁਫ਼ਨਿਆਂ ਦੇ ਹਵਾਲੇ
ਪਿੰਡ ਮੇਰਾ ਸੁਫ਼ਨਿਆਂ ਦੇ ਹਵਾਲੇ ।
ਕਈ ਦਿਨ ਏਸੇ ਤਰ੍ਹਾਂ ਲੰਘ ਗਏ । ਉਹਦੀ ਰੋਟੀ ਲੱਸੀ ਤਾਏ ਨੇ ਓਥੇ ਖੇਤ ਉਤੇ ਅਪੜਾਈ । ਸੱਚੀ ਮੁੱਚੀ ਉਹ ਕਾਮਾ ਬਣ ਗਿਆ ਸੀ । ਸਾਰਾ ਦਿਨ ਖੇਤ ਵਿਚ ਕੰਮ ਲੱਗਾ ਰਹਿੰਦਾ । ਕਪਾਹ ਦੀਆਂ ਫੁੱਟੀਆਂ ਚੁਗ ਚੁਗ ਢੇਰ ਲਾ ਦਿੰਦਾ ।ਸਬਜ਼ੀ ਵਿਚ ਗੋਡੀ ਕਰਦਾ । ਪਾਣੀ ਦੀਆਂ ਨਾਲੀਆਂ ਦੇ ਮੋੜ ਘਰੋੜ ਕਰਦਾ, ਪੱਠਾ ਦੱਥਾ ਬਣਾਉਂਦਾ । ਮੱਝ ਵਾਸਤੇ ਚਾਰਾ ਤਾਂ ਰੋਜ਼ ਹੀ ਵੱਢ ਕੇ ਰੱਖਦਾ ਸੀ । ਫੇਰ ਜਦੋਂ ਇਨ੍ਹਾਂ ਕੰਮਾਂ ਤੋਂ ਬੱਸ ਕਰਦਾ, ਤਾਂ ਹੱਥ ਵਿਚ ਆਪਣੀ ਠੀਕਰੀ ਦੀ ਕਲਮ ਫੜ ਲੈਂਦਾ । ਧਰਤੀ ਨੂੰ ਫੱਟੀ ਬਣਾ ਲੈਂਦਾ । ਲਕੀਰਦਾ, ਸ਼ਬਦ ਲਿਖਦਾ, ਸ਼ਿਅਰ ਬਣਾਉਂਦਾ, ਨਾਲ਼ ਨਾਲ਼ ਗਾਉਂਦਾ-...ਉਠ ਵਿਦਿਆ ਕਰ ਬਾਲੋ...ਸਾਡੀ ਰਾਤ ਜੁਦਾਈ ਵਾਲੀ । ਰਾਤ ਨੂੰ ਉਥੇ ਖੇਤ ਦੇ ਇਕ ਪਾਸੇ ਪੈ ਕੇ ਸੌਂ ਜਾਂਦਾ । ਭਾਰੀ ਜਿਹੀ ਇਕ ਟਾਹਲੀ ਥੱਲੇ ਉਹਨੇ ਥਾਂ ਨੀਵੀਂ ਕਰਕੇ ਪਰਾਲ਼ੀ ਵਿਛਾ ਲਈ ਸੀ । ਬੱਸ ਉਹੋ ਉਹਦਾ ਬਿਸਤਰਾ ਸੀ । ਉੱਪਰ ਵੀ ਰਜ਼ਾਈ ਵਾਂਗ ਪਰਾਲ਼ੀ ਲੈ ਲੈਂਦਾ, ਤੇ ਦੜ ਵੱਟ ਜਾਂਦਾ । ਜਿਵੇਂ ਕਿਤੇ ਉਹ ਜਨਮ ਜਨਮ ਤੋਂ ਇਸੇ ਤਰ੍ਹਾਂ ਰਹਿੰਦਾ ਰਿਹਾ ਹੋਵੇ । ਸਦਾ ਤੋਂ ਬੇਘਰਾ, ਬੇ ਵਤਨਾ ਹੋਵੇ ।
ਪਿਛਲੀਆਂ ਗੱਲਾਂ ਉਹ ਘੱਟ ਕਰਦਾ । ਇਕ ਦੁਪਹਿਰ ਨੂੰ ਲੱਸੀ ਦਾ ਛੰਨਾ ਖ਼ਾਲੀ ਕਰਕੇ ਉਹਨੇ ਤਾਏ ਨੂੰ ਪੁੱਛਿਆ-"ਸੱਚ ਦੱਸੀਂ ਭਾਈਆ, ਇਹ ਕਿਹੜੀ ਮੱਝ ਦੀ ਲੱਸੀ ਏ ?"
"ਬੂਰੀ ਦੀ," ਤਾਏ ਨੇ ਦੱਸਿਆ ।
"ਬੂਰੀ ਪੰਜ ਕਲਿਆਣੀ ਏ, ਉਹਦੀ ਇਕ ਅੱਖ ਬਲੌਰੀ ?"
"ਆਹੋ, ਆਹੋ ।"
"ਉਹਦੇ ਮੱਥੇ ਚੌੜਾ ਫੁੱਲ, ਤੇ ਸੱਜੇ ਪਾਸੇ ਦਾ ਸਿੰਗ ਛੱਲੇ ਵਾਂਗ ਏ ?"
"ਆਹੋ…ਪਰ ਤੂੰ ਕਾਹਦੇ ਲਈ ਪੁੱਛੀ ਜਾਂਦਾ ਏਂ ?"
"ਇਹ ਮੱਝ ਆਪਣੀ ਐਂ । ਸੌਂਹ ਰੱਬ ਦੀ, ਮੇਰੀ ਭਾਬੋ ਦੇ ਦਾਜ ਵਿਚ ਆਈ ਸੀ, ਚਾਂਦੀ ਦੀਆਂ ਝਾਂਜਰਾਂ ਪਾ ਕੇ । ਬੜੀ ਨਰੋਈ ਲੱਸੀ ਹੁੰਦੀ ਏ ਇਹਦੀ ।"
ਤਾਏ ਦੇ ਉਥੇ ਆਉਣ ਮਗਰੋਂ ਦਿਲਗੀਰ ਦੀ ਜਿੰਦੜੀ ਦਾ ਉੱਖੜਿਆ ਬੂਟਾ ਜਿਵੇਂ ਮੁੜ ਕੇ ਮਿੱਟੀ ਫੜਨ ਲੱਗ ਪਿਆ । ਨਿਆਣਿਆਂ ਨੂੰ ਦੇਖਦੇ ਸਾਰ ਉਹਦੇ ਵਿਚ ਜਾਨ ਪੈ ਜਾਂਦੀ । ਦੋਵਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਬਿਠਾਲ ਲੈਂਦਾ, ਫੇਰ ਊਠ ਵਾਂਗ ਸਾਰੇ ਖੇਤ ਵਿਚ ਨੱਸਿਆ ਫਿਰਦਾ । "ਤੁਸੀਂ ਮੈਨੂੰ ਚਾਚਾ ਕਹਿ ਕੇ ਉੱਚੀ ਸਾਰੀ ਹਾਕ ਮਾਰੋ, ਮੈਂ ਤੁਹਾਡੇ ਲਈ ਵਧੀਆ ਗੰਨੇ ਭੰਨ ਕੇ ਲਿਆਵਾਂਗਾ ।" ਉਹ ਭਰਵੀਂ ਕਮਾਦ ਵਿਚ ਵੜ ਕੇ ਛਾਂਟ ਕੇ ਗੰਨੇ ਕੱਢਦਾ । ਆਖ਼ੀਰੀ ਆਗ ਲਾਹ ਕੇ ਪੋਨਿਆਂ ਦੀ ਭਰੀ ਜਹੀ ਬਣਾ ਲੈਂਦਾ ।
ਇਕ ਦਿਨ ਉਹਨੇ ਤਾਏ ਨੂੰ ਦੱਸਿਆ ਪਈ ਪਟਵਾਰੀ ਦੀ ਨਿਯਤ ਚੰਗੀ ਨਹੀਂ ਦਿਸਦੀ । ਉਸਦੇ ਦਿਲ ਵਿਚ ਦੋਹਾਂ ਵੱਲੋਂ ਕ੍ਰੋਧ ਪੈ ਗਿਆ ਏ, ਤੇ ਉਹ ਏਸ ਜ਼ਮੀਨ ਤੇ ਕਬਜ਼ੇ ਦੀ ਸੋਚ ਰਿਹਾ ਏ । ਕਿਸੇ ਸਰਕਾਰੀ ਅਹਿਲਕਾਰ ਨੂੰ ਵੀ ਆਪਣੇ ਨਾਲ਼ ਲਈ ਫਿਰਦਾ ਏ । ਮੁਰੱਬੇ ਉਤੇ ਉਹਦੀ ਅੱਖ ਮੈਲ਼ੀ ਜਾਪਦੀ ਏ । ਜੇ ਕਿਤੇ ਕਿਸੇ ਹੋਰ ਦੇ ਨਾਂ ਇਹ ਜ਼ਮੀਨ ਪੈ ਗਈ, ਤਾਂ ਫੇਰ ਤਾਏ ਕੋਲ਼ ਚਾਰਾ ਨਹੀਓਂ ਰਹਿਣਾ । ਏਸ ਥੀਂ ਪਿੱਛੇ ਜੋ ਕੁੱਝ ਹੋਇਆ, ਉਹ ਏਸ ਤਰ੍ਹਾਂ ਸੀ । ਇਕ ਦਿਨ ਪਟਵਾਰੀ ਨੇ ਦਿਲਗੀਰ ਸਿੰਘ ਨੂੰ ਧਮਕਾਇਆ, ਪਈ ਉਹ ਮੁਰੱਬਾ ਛੱਡ ਕੇ ਚਲਾ ਜਾਵੇ । ਕਿਉਂ ਉਹ ਸਿੱਖ ਏ । ਉਥੇ ਉਸ ਦੀ ਥਾਂ ਕੋਈ ਨਹੀਂ । ਸਾਰੀ ਗੱਲ ਦਾ ਜਵਾਬ ਦਿਲਗੀਰ ਨੇ ਇਨਾਂ ਈ ਦਿੱਤਾ…
"ਜੇ ਮੈਂ ਜਾਣ ਵਾਲਾ ਹੁੰਦਾ, ਤਾਂ ਉਸੇ ਦਿਨ ਚਲਿਆ ਜਾਂਦਾ । ਮੈਨੂੰ ਤਾਂ ਵੇਲੇ ਨੇ ਸੰਗਲ ਪਾਏ ਹੋਏ ਨੇ ਪਟਵਾਰੀਆ । ਤੈਨੂੰ ਪਤਾ ਨਹੀਂ ਮੇਰੇ ਨਾਲ਼ ਕੀ ਵਾਪਰੀ ਏ । ਹੁਣ ਮੈਂ ਤੇਰੇ ਜਾਂ ਕਿਸੇ ਹੋਰ ਦੇ ਹੱਥ ਤਾਂ ਡੱਕ ਨਹੀਂ ਸਕਦਾ, ਪਰ ਮੇਰੇ ਪੈਰ ਏਸ ਮਿੱਟੀ ਵਿਚ ਗੱਡੇ ਗਏ ਨੇ । ਮੈਂ ਇਥੋਂ ਜਾਣਾ ਕਿਤੇ ਵੀ ਨਹੀਂ । ਤੂੰ ਖ਼ੌਰੇ ਪਾਕਿਸਤਾਨ ਬਣਾਇਆ ਕਿ ਨਹੀਂ, ਪਰ ਇਹ ਧਰਤੀ ਮੈਂ ਪਾਲ਼ੀ ਏ, ਆਪਣੇ ਹੱਥੀਂ, ਆਪਣੀ ਹੱਥੀਂ ।"
ਫੇਰ ਦੋ ਚਾਰ ਦਿਹਾੜੇ ਚੁੱਪ ਕਰਕੇ ਲੰਘ ਗਏ । ਇਕ ਦਿਨ ਸਵੇਰ ਨੂੰ ਦਿਨ ਚੜ੍ਹੇ ਤਾਈਂ ਦਿਲਗੀਰ ਪਰਾਲ਼ੀ ਹੇਠ ਸੁੱਤਾ ਰਿਹਾ । ਨਰਮ ਜਿਹਾ ਦੁਪਿਹਰਾ ਹੋ ਗਿਆ । ਤਾਇਆ ਉਹਦੀ ਲੱਸੀ ਰੋਟੀ ਲੈ ਕੇ ਵੀ ਆ ਗਿਆ । ਹਾਕਾਂ ਮਾਰੀਆਂ, ਉਹਦੇ ਮੂੰਹ ਤੋਂ ਪਰਾਲ਼ੀ ਪਰ੍ਹਾਂ ਕੀਤੀ । ਪਿੰਡਾ ਟੋਹ ਕੇ ਦੇਖਿਆ, ਉਹ ਠੰਡਾ ਸੀਤ ਸੀ । ਉਹਦੇ ਬੁਲ ਨੀਲੇ ਕੱਚੇ ਹੋ ਗਏ ਸੀ । ਕਨਪਟੀ ਉਤੇ ਜਾਮਣੂੰ ਰੰਗ ਦਾ ਗੁੰਮ ਜਿਹਾ ਜ਼ਖ਼ਮ ਸੀ । ਲਹੂ ਸਿੰਮ ਕੇ ਸੁੱਕ ਗਿਆ ਸੀ । ਉਹਨੂੰ ਡੱਸ ਲਿਆ ਸੀ । ਕਿਨ੍ਹੇ ? ਖ਼ੌਰੇ ਸੱਪ ਨੇ, ਖੌਰੇ ਪਟਵਾਰੀ ਨੇ । ਕਿਸੇ ਨੂੰ ਵੀ ਪਤਾ ਨਹੀਂ, ਪਰ ਸਾਰਿਆਂ ਨੂੰ ਪਤਾ ਏ, ਨ੍ਹੇਰੇ ਵਿਚ ਕੀ ਹੋਇਆ ? ਕੀਹਨੇ ਸਵਾਬ ਖੱਟਿਆ ? ਇਕ ਸੁੱਤੇ ਪਏ ਸਿੱਖ ਨੂੰ ਮਾਰ ਲਿਆ । ਤਾਏ ਨੇ ਉਹਨੂੰ ਦਫ਼ਨਾ ਦਿੱਤਾ ਉਥੇ ਉਹਦੇ ਆਪਣਿਆਂ ਦੇ ਲਾਗੇ ਕਰਕੇ । ਉਹਦੀ ਢੇਰੀ ਅਤੇ ਇਕ ਨਵੀਂ ਟਾਹਲੀ ਦੀ ਨਿਸ਼ਾਨੀ ਬੀਜ ਦਿੱਤੀ ।
ਹੁਣ ਤਾਂ ਉਹ ਟਾਹਲੀ ਜੁਆਨ ਹੋਈ ਖੜੀ ਏ । ਬੱਸ ਮੇਰੇ ਤਾਏ ਨੂੰ ਪਤਾ ਸੀ ਉਹ ਟਾਹਲੀ ਕਿਹੜੀ ਏ । ਉਨ੍ਹਾਂ ਸਾਰਿਆਂ ਟਾਹਲੀਆਂ ਦਾ ਵੀ ਤਾਏ ਨੂੰ ਪਤਾ ਸੀ ਜੋ ਦਿਲਗੀਰ ਨੇ ਬੀਜੀਆਂ ਸਨ ਤੇ ਰਾਖੀ ਕਰਨ ਦਾ ਵਾਅਦਾ ਤੱਕ ਤਾਏ ਤੋਂ ਲਿਆ ਸੀ । ਉਂਜ ਤਾਂ ਤਾਏ ਦੇ ਦਿਲ ਵਿਚ ਜਿੰਨੇ ਕੁ ਦੁੱਖ ਦੱਬੇ ਗਏ, ਉਨ੍ਹਾਂ ਸਾਰਿਆਂ ਉਤੇ ਵੇਲੇ ਦੀਆਂ ਟਾਹਲੀਆਂ ਜੁਆਨ ਹੋਈਆਂ ਖਲੋਤੀਆਂ ਨੇ । ਕਿਸੇ ਟਾਹਲੀ ਦੀ ਛਾਵੇਂ ਉਹ ਸੌਖਾ ਨਹੀਂੰ ਬਹਿੰਦਾ, ਪਰ ਫੇਰ ਵੀ ਜਿਸ ਪਲ ਉਹਦੀ ਕਹਾਣੀ ਦਿਲਗੀਰ ਦੀ ਟਾਹਲੀ ਦੇ ਨੇੜੇ ਆਉਂਦੀ, ਉਹ ਪੱਬਾਂ ਭਾਰ ਹੋ ਜਾਂਦੀ । ਉਥੇ ਆ ਕੇ ਮੇਰਾ ਤਾਇਆ ਘੁੱਟ ਘੁੱਟ ਲਹੂ ਪਿਆਲੇ ਪੀਂਦਾ । ਉੱਕਾ ਚੁੱਪ ਕਰ ਜਾਂਦਾ । ਪਰ ਉਸੇ ਥਾਂ ਆ ਕੇ ਉਹਦੀਆਂ ਅੰਦਰਲੀਆਂ ਸੋਚਾਂ ਦੀ ਹਿਰਨੀ ਚੌਕੜੀਆਂ ਭਰਦੀ ਲਫ਼ਜ਼ਾਂ ਦੀ ਦੁਨੀਆ ਤੋਂ ਦੂਰ ਨਿਕਲ ਜਾਂਦੀ । ਦੇਰ ਪਿੱਛੋਂ ਉਹਦੀ ਆਵਾਜ਼ ਬੜੀ ਦੂਰੋਂ, ਕਿਤੋਂ ਪਤਾਲ਼ ਵਿਚੋਂ ਆਉਂਦੀ , ਗਵਾਚੀ ਹੋਈ ਖ਼ੌਰੇ ਲੱਭੀ ਆਵਾਜ਼ ਹੁੰਦੀ । ਇਸੇ ਤਰ੍ਹਾਂ ਦੀ ਜਿਵੇਂ ਗੌਤਮ ਬੋਲਿਆ ਸੀ ਪਹਿਲੀ ਵਾਰੀ ਤੇ ਅਖ਼ੀਰੀ ਵਾਰੀ-"ਕੁਛ ਨਹੀਂ । ਇਹ ਦੁਨੀਆਂ ਕੋਈ ਚੰਗਾ ਤਮਾਸ਼ਾ ਨਹੀਂ । ਏਸ ਦੁਨੀਆਂ ਲਈ ਕਾਹਦਾ ਮਾਣ ? ਏਥੇ ਬੰਦੇ ਨਾਲ਼ ਕਦੀ ਵੀ ਚੰਗੀ ਨਹੀਂ ਹੋਈ, ਤੇ ਹੋਣੀ ਵੀ ਨਹੀਂ ।"
ਜ਼ਿੰਦਗੀ ਨਾਲੋਂ ਤੇ ਜ਼ਿੰਦਗੀ ਦੇ ਮਾਮਲਿਆਂ ਨਾਲੋਂ ਵਖਰੇਵੇਂ ਦਾ ਇਕ ਪਲ ਸੀ । ਉਹਨੂੰ ਘੇਰ ਕੇ ਖੜ੍ਹਾ ਸੀ । ਬੱਸ ਇਹੋ ਇਕ ਪਲ਼ ਸੀ, ਜਦੋਂ ਭਤੀਜੀ ਨੇ ਤਾਏ ਕੋਲੋਂ ਵਾਅਦਾ ਲੀਤਾ ਸੀ, ਸ਼ਹਿਰ ਵਿਚ ਸਾਡੇ ਨਾਲ਼ ਰਹਿਣ ਦਾ ਵਾਅਦਾ ਉਹਨੇ ਕੀਤਾ ਸੀ-"ਬੱਸ ਥੋੜ੍ਹੇ ਦਿਨ ਆਉਂਦੀਆਂ ਸਰਦੀਆਂ ਤਾਈਂ ਸਾਡੇ ਕੋਲ਼ ਰਹਿ ਜਾਓ ।" ਨੂੰਹ ਰਾਣੀ ਨੇ ਮਿੰਨਤ ਜਿਹੀ ਕੀਤੀ ।" ਚੰਗਾ ਜਿਵੇਂ ਤੁਹਾਡੀ ਮਰਜ਼ੀ ਏ ਕੁੜੀਏ । ਮੇਰਾ ਜੀ ਇਥੇ ਲੱਗਣਾ ਨਹੀਂ, ਤੁਸੀਂ ਵੇਖ ਲਿਓ ।" ਤਾਏ ਨੇ ਇੰਨੀ ਗੱਲ ਕੀਤੀ ਤੇ ਅੱਖਾਂ ਮੀਚ ਕੇ ਮੰਜੀ ' ਤੇ ਪੈ ਗਿਆ । ਫੇਰ ਅਸੀਂ ਸਾਰਿਆਂ ਨੇ ਰਲ਼ ਕੇ ਬੜਾ ਖੁੱਲ੍ਹਾ ਕਨਸੈਸਨ ਤਾਏ ਨੂੰ ਦਿੱਤਾ, ਪਈ ਜਦੋਂ ਉਹਦਾ ਜੀ ਕਰੇ, ਪਿੰਡ ਜਾ ਕੇ ਅਪਣਾ ਖੇਤ ਬੰਨਾ ਵੇਖ ਆਇਆ ਕਰੇ । ਐਹ ਨਾਲ਼ ਤਾਂ ਪਿੰਡ ਖੜ੍ਹਾ ਏ ਆਪਣਾ ।
ਪਰ ਗੱਲ ਇਥੇ ਮੁੱਕਣ ਵਾਲੀ ਨਹੀਂ ਸੀ । ਤਾਏ ਦਾ ਦਿਲ, ਜਿਹੜਾ ਜ਼ਿੰਦਗੀ ਦੇ ਕਈ ਅੰਜਾਮ ਵੇਖ ਕੇ ਵੀ ਕਾਈਮ ਰਿਹਾ, ਹੁਣ ਉਖੜ ਗਿਆ ਸੀ । ਇਸ ਗੱਲ ਨੂੰ ਸੱਤ ਦਿਹਾੜੇ ਨਹੀਂ ਸੀ ਲੰਘੇ, ਉਹ ਆਪਣੀ ਚਿੱਟੀ ਝੱਗ ਜਿਹੀ ਪੱਗ ਬੰਨ੍ਹ ਕੇ ਤਿਆਰ ਖੜ੍ਹਾ ਸੀ । ਕੀ ਪਿੰਡ ਜਾਣ ਲਈ ? ਨਹੀਂ, ਆਪਣੇ ਪਿੰਡ ਦੀ ਗੱਲ ਉਹਨੇ ਮੁੜ ਕਦੇ ਨਾ ਕੀਤੀ । ਬੂਹਾ ਨਿਕਲਦੇ ਹੋਏ, ਜੋ ਉਹਨੇ ਦੱਸਿਆ, ਉਹ ਇੰਝ ਸੀ :
"ਨਾਲ਼ ਦੇ ਚੱਕ ਇਕ ਬੰਦਾ ਰਹਿੰਦਾ ਏ, ਨਿਰਾ ਬਾਈ ਵਰਗਾ ( ਤਾਏ ਨੂੰ ਆਪਣੇ ਵੱਡੇ ਭਰਾ ਨਾਲ਼ ਬੜਾ ਪਿਆਰ ਸੀ ) ਉਸੇ ਤਰ੍ਹਾਂ ਗੱਲਾਂ ਕਰਦਾ, ਉਸੇ ਤਰ੍ਹਾਂ ਹੱਸਦਾ । ਮੈਂ ਜ਼ਰਾ ਕੁ ਉਹਨੂੰ ਮਿਲ ਆਵਾਂ । ਤੁਸੀਂ ਫ਼ਿਕਰ ਨਾ ਕਰਿਓ, ਸ਼ਾਮ ਤਾਈਂ ਮੁੜ ਆਵਾਂਗਾ ।" ਪਰ ਉਹ ਅਜੇ ਵੱਡੀ ਸੜਕ ਤੇ ਚੜ੍ਹਿਆ ਈ ਹੋਣਾ ਏ, ਜਦੋਂ ਕਿ ਇਕ ਬਦਮਸਤ ਕਾਰ ਨੇ ਉਹਦੀ ਨਹੀਫ਼ (ਕਮਜ਼ੋਰ) ਜਿਹੀ ਜਾਨ ਨੂੰ ਚੁੱਕ ਕੇ ਵੀਹ ਗਜ਼ ਪਰੇ ਸੁੱਟ ਦਿੱਤਾ । ਏਸ ਐਕਸੀਡੈਂਟ ਪਿੱਛੋਂ ਤਾਏ ਨੂੰ ਉਹ ਸਭ ਕੁੱਝ ਭੁੱਲ ਗਿਆ, ਜੋ ਯਾਦ ਸੀ । ਉਹ ਪਿੰਡ, ਜਿਸ ਨੂੰ ਛੱਡ ਕੇ ਵੀ ਨਾ ਛੱਡ ਸਕਿਆ । ਉਹ ਥਾਂ, ਜਿਥੇ ਉਹਨੇ ਛੱਤੀ ਵਰ੍ਹੇ ਹਯਾਤੀ ਦੇ ਕੱਟੇ ਸੀ । ਜਿਥੇ ਹੁਣ ਪੂਰੇ ਮੁਰੱਬੇ ਦੀ ਮਿੱਟੀ ਉਹਦੇ ਹੱਥ ਦੀ ਕਮਾਈ ਮਿੱਟੀ ਬਣ ਚੁੱਕੀ ਸੀ-ਸ਼ੱਕਰ ਵਰਗੀ ਮਿੱਠੀ ਤੇ ਨਰਮ । ਏਸ ਮਿੱਟੀ ਨਾਲ਼ ਉਹ ਅੰਤ ਸਮੇਂ ਤਾਈਂ ਜੁੜ ਕੇ ਜੀਣਾ ਚਾਹੁੰਦਾ ਸੀ ।
ਪਰ ਏਸ ਜੱਗ ਤੇ ਅੰਤ ਕਾਹਦਾ ਏ ? ਸਮੇਂ ਦਾ ਨਾ ਸੱਧਰਾਂ ਦਾ । ਬੱਸ ਇਕ ਬੰਦਾ ਏ, ਜਿਹੜਾ ਸਾਰੇ ਅੰਤ ਆਪਣੀ ਜਾਨ ਤੇ ਸਹਿ ਲੈਂਦਾ ਏ । ਤਾਏ ਦੇ ਪਿੰਡੇ ਨੂੰ ਪੂਰੇ ਇਕ ਦਰਜਨ ਫ਼ਰੈਕਚਰ ਲੱਗੇ ਸਨ, ਜਿਨ੍ਹਾ ਵਿਚੋਂ ਪੰਜ ਸਿਰ ਦੀ ਹੱਡੀ ਨੂੰ । ਕਦੀ ਬੇਸੁੱਧ ਘੜੀਆਂ ਲੰਘ ਜਾਣ ਪਿੱਛੋਂ, ਉਹਨੂੰ ਸਰਤ ਜਿਹੀ ਆਈ ਤਾਂ ਅਸੀਂ ਉਹਦੀਆਂ ਅੱਖਾਂ ਵਿਚ ਤੱਕਿਆ, ਉਥੇ ਸਾਡੇ ਲਈ ਪਛਾਣ ਕੋਈ ਨਹੀਂ ਸੀ, ਉਹ ਤਾਂ ਕੋਈ ਹੋਰ ਬੰਦਾ ਸੀ-ਆਪਣੇ ਅੱਧੇ ਜੀਵਨ ਨਾਲੋਂ ਟੁੱਟਾ ਹੋਇਆ । ਬੜੀ ਛੇਤੀ ਉਹਨੇ ਆਪਣੇ ਮਾਜ਼ੀ ਨੂੰ ਲੱਭ ਲਿਆ । ਇਲਾਜ ਕਰਨ ਵਾਲੇ ਡਾਕਟਰ ਨੂੰ ਕਹਿਣ ਲੱਗਾ : "ਤੂੰ ਏਥੇ ਕੀ ਕਰਦਾ ਏਂ ਕਾਕਾ । ਵੇਖ ਚਾਰ ਚੁਫੇਰੇ ਬਲਵੇ ਹੋ ਰਹੇ ਨੇ, ਜਾ ਲੁਕ ਜਾ ਕਿਤੇ ਜਾ ਕੇ । ਆਈ ਦੇ ਅੱਗੇ ਨਾ ਜਾਈਂ । ਵੇਖ ਤਾਂ ਸਹੀ ਉਨ੍ਹਾਂ ਜ਼ਾਲਮਾਂ ਨੇ ਕਿਵੇਂ ਮੇਰਾ ਹਾਲ ਕੀਤਾ ਏ । ਉਸ ਤੋਂ ਪਿੱਛੋਂ ਕਈ ਮਹੀਨੇ ਏਸ ਤਰ੍ਹਾਂ ਹੀ ਰਿਹਾ । ਪਲਸਤਰਾਂ ਪੱਟੀਆਂ ਵਿਚ ਨੂੜੇ ਜੂੜੇ ਜਿਸਮ ਵਿਚ ਜਾਨ ਤਾਂ ਕਿਧਰੇ ਫੇਰਾ ਪਾ ਵੀ ਲੈਂਦੀ, ਪਰ ਤਾਏ ਦੀ ਉਹ ਰੂਹ ਕਦੇ ਵੀ ਮੁੜ ਕੇ ਨਾ ਆਈ, ਜਿਸਦੇ ਨਾਲ਼ ਉਹਨੇ ਅਪਣਾ ਜੀਵਨ ਨਵੇਂ ਸਿਰੇ ਤੋਂ ਬਣਾਇਆ ਸੀ । ਉਹ ਚਲਾ ਗਿਆ । ਬੜੇ ਜੀਉਂਦੇ ਜਾਗਦੇ ਜ਼ਿਹਨ ਨਾਲ਼ ਸੁਰਤ ਸੰਭਾਲ਼ ਨਾਲ਼, ਉਹ ਆਪਣੇ ਪੁਰਾਣੇ ਪਿੰਡ ਜਾ ਕੇ ਵੱਸ ਗਿਆ ਸੀ । ਆਪਣੇ ਬਚਪਨੇ ਤੋਂ ਲੈ ਕੇ ਬੱਚਿਆਂ ਤੱਕ ਸਾਰੀਆਂ ਵੇਲਿਆਂ ਦੀਆਂ ਗੱਲਾਂ ਕਰਦਾ ਰਹਿੰਦਾ । ਸਾਹਮਣੇ ਵਾਲੀ ਦੁਨੀਆਂ ਦੇ ਨਾਲ਼ ਉਹਦੀ ਜਿਉਂਦੇ ਜੀ ਮੁੱਕ ਗਈ ਸੀ । ਆਪਣੇ ਪਿਛੋਕੜ ਦੀਆਂ ਸ਼ੈਆਂ ਦੇ ਨਾਲ਼ ਉਹ ਜੀਊਣ ਲੱਗ ਪਿਆ ਸੀ । ਸਾਲ ਦੇ ਚਾਰੇ ਮੌਸਮ ਤਾਏ ਨੇ ਆਪਣੇ ਖੇਤਰ ਵਿਚਲੀ ਨਦੀ, ਆਪਣੇ ਆੜੀ ਬੇਲੀ ਯਾਦ ਕੀਤੇ । ਆਪਣੇ ਪਿੰਡ ਦਾ ਨਾਂ ਲੈ ਕੇ ਉਥੋਂ ਦੇ ਅੰਬਾਂ, ਜਾਮਣਾਂ, ਬੇਰਾਂ, ਫ਼ਾਲਸਿਆਂ ਦਾ ਜ਼ਿਕਰ ਕੀਤਾ । ਕਿਸੇ ਸ਼ੈ ਦੀ ਲੋੜ ਹੁੰਦੀ ਤਾਂ ਉਹ ਅਜਿਹੇ ਬੰਦੇ ਨੂੰ ਹਾਕ ਮਾਰਦਾ, ਜਿਸ ਨੂੰ ਲੱਭ ਕੇ ਲਿਆਉਣਾ ਸਾਡੇ ਵੱਸ ਦੀ ਗੱਲ ਨਹੀਂ ਸੀ ।
ਕੋਈ ਹਲਕੀ ਗਿਜ਼ਾਅ, ਦਲੀਆ, ਖਿਚੜੀ ਸਾਹਮਣੇ ਰੱਖਦੇ ਤਾਂ ਉਸੇ ਤਰ੍ਹਾਂ ਮੋੜ ਦਿੰਦਾ । ਕਦੇ ਤਾਂ ਗ਼ੁੱਸੇ ਨਾਲ਼ ਕਹਿੰਦਾ-"ਕਿਹਾ ਸਾਬਣ ਵਰਗਾ ਸੁਆਦ ਹੈਗਾ । ਇਨ੍ਹਾਂ ਚੀਜ਼ਾਂ ਦਾ, ਖ਼ੌਰੇ ਮੈਨੂੰ ਲੱਸੀ ਰੋਟੀ ਕਾਹਤੋਂ ਨਹੀਂ ਦਿੰਦੇ ਸਹੁਰੇ । ਰੱਬਾ ਮੈਂ ਕਿਹੜੇ ਜ਼ਾਲਮਾਂ ਵਿਚ ਫਸ ਗਿਆ ਵਾਂ । ਫੇਰ ਉਹ ਉੱਚੀ ਉੱਚੀ ਹਾਕਾਂ ਮਾਰਨ ਲੱਗ ਪੈਂਦਾ ਬਾਈ ਓਏ, ਬਾਈ ਦੇਖੀਂ ਆ ਕੇ, ਇਨ੍ਹਾਂ ਨੇ ਮੈਨੂੰ ਕਿਵੇਂ ਰੱਸੀਆਂ ਨਾਲ਼ ਨੂੜ ਕੇ ਰੱਖਿਆ ਹੋਇਆ ਏ । ਮੈਂ ਇਥੇ ਨਹੀਂਉਂ ਰਹਿਣਾ । ਮੈਂ ਘਰ ਜਾਣਾ ਏ ।" ਬਹਾਦਰ ਤਾਇਆ ਬੱਚਿਆਂ ਵਾਂਗ ਰੋਣ ਲੱਗ ਜਾਂਦਾ । ਮੈਂ ਆਪ ਰੋਣ ਲੱਗ ਪੈਂਦੀ । ਉਸ ਘੜੀ ਨੂੰ ਪਛਤਾਉਂਦੀ, ਜਦੋਂ ਮੈਂ ਆਪ ਤਾਏ ਨੂੰ ਉਹਦੇ ਪਿੰਡੋਂ ਨਿਖੇੜਨ ਵਿਚ ਹਿੱਸਾ ਪਾਇਆ ਸੀ । ਹੁਣ ਸਾਡੇ ਕੋਲੋਂ ਛੁੱਟੀ ਮੰਗਦਾ ਸੀ । ਅਸੀਂ ਉਹਦੀ ਖ਼ਿਦਮਤ ਕਰਦੇ ਸਾਂ । ਨੂੰਹ ਦੁੱਧ ਦਾ ਗਲਾਸ ਲੈ ਕੇ ਆਈ । ਤਾਏ ਨੇ ਇਕੋ ਘੁੱਟ ਭਰ ਕੇ ਮੋੜ ਦਿੱਤਾ, "ਨਿਰਾ ਕੱਚੀ ਲੱਸੀ ਵਰਗਾ ਦੁੱਧ ਕਿਥੋਂ ਲਿਆਂਦਾ ਏ ? ਮੈਂ ਕਿੰਨੀ ਵਾਰੀ ਆਖਿਆ ਬੂਰੀ ਦਾ ਦੁੱਧ ਰੱਖਿਆ ਕਰੋ ਪੀਣ ਜੋਗਾ, ਪਰ ਕਾਕੇ ਦੀ ਮਾਂ ਨੂੰ ਘੇ ਜੋੜਨ ਦੀ ਲੱਗੀ ਰਹਿੰਦੀ ਏ ।" ਇਹ ਘੇ ਜੋੜਨ ਵਾਲੀ ਸਾਡੀ ਤਾਈ ਸੀ । ਉਹਨੂੰ ਤਾਏ ਨੇ ਪਹਿਲਾਂ ਕਦੇ ਉੱਚੀ ਸਾਰੀ ਯਾਦ ਨਹੀਂ ਸੀ ਕੀਤਾ, ਪਰ ਹੁਣ ਤਾਂ ਸਾਰੇ ਮੋਏ ਜੀਊਣ ਲੱਗ ਪਏ ਸੀ ਤੇ ਸਾਰੇ ਜੀਊਂਦੇ ਮਰ ਚੁੱਕੇ ਸੀ ।
ਦੁੱਧ ਦੀ ਗੱਲ ਤੋਂ ਰੋਜ਼ ਹੀ ਕਲੇਸ਼ ਹੁੰਦਾ। ਬੂਰੀ ਦਾ ਦੁੱਧ ਬਹੁਤ ਸੰਘਣਾ, ਬਹੁਤ ਥਿੰਦਾ ਹੁੰਦਾ ਏ । ਗੁਆ ਲੈ ਦੀ ਮਿੰਨਤ ਮਾਦਰ ਕੀਤੀ-"ਵੇਖ ਭਾਈ ਗੁਆਲੇ, ਸਾਨੂੰ ਕੁੱਝ ਦਿਨਾਂ ਲਈ ਦੁੱਧ ਚਾਹੀਦਾ ਏ, ਦਵਾਈ ਵਰਗਾ ਅਸਲੀ । ਤੋਂ ਜੋ ਰੇਟ ਲਾਉਣਾ ਏ, ਲਾ ਲੈ, ਪਾਣੀ ਬੂੰਦ ਨਾ ਛੁਆਈਂ । ਦੂਜੇ ਦਿਨ ਖੀਰ ਵਰਗਾ ਗਾੜ੍ਹਾ ਦੁੱਧ ਸੀ । ਪਰ ਤਾਏ ਨੇ ਘੁੱਟ ਭਰ ਕੇ ਮੋੜ ਦਿੱਤਾ । ਝੱਲੀ ਕੁੜੀ ਫੇਰ ਭੁੱਲ ਗਈ, ਬੂਰੀ ਦਾ ਦੁੱਧ ਨਹੀਂ ਰੱਖਿਆ ।" ਐਦਕਾਂ ਉਹਨੇ ਆਪਣੀ ਨਿੱਕੀ ਭੈਣ ਦਾ ਨਾਂ ਲੈ ਕੇ ਕਿਹਾ ।
ਬੂਰੀ ਦਾ ਦੁੱਧ ! ਨੂੰਹ ਦੇ ਦਿਲ ਵਿਚ ਖ਼ੌਰੇ ਕੀ ਆਈ । ਉਹ ਗੁਆਲਿਆਂ ਦੇ ਮੁਹੱਲੇ ਤਾਈਂ ਚਲੀ ਗਈ । ਉਥੇ ਤਾਜ਼ੀ ਸੂਈ ਹੋਈ ਬੂਰੀ ਮੱਝ ਦੀ ਖੁਰਲੀ ਦੇਖ ਕੇ ਉਹਨੇ ਮੱਝ ਦੇ ਮਾਲਿਕ ਨਾਲ਼ ਗੱਲ ਕੀਤੀ । ਦੋ ਸੇਰ ਦੁੱਧ ਸਾਹਮਣੇ ਚੁਆ ਕੇ ਲਿਆਈ ।ਅਗਲੇ ਰੋਜ਼ ਤਾਏ ਨੇ ਸੜੂਕਿਆਂ ਨਾਲ਼ ਗਲਾਸ ਖ਼ਾਲੀ ਕਰ ਦਿੱਤਾ । ਫੇਰ ਆਪਣੇ ਜ਼ਖ਼ਮੀ ਹੱਥ ਦੇ ਪੁੱਠੇ ਪਾਸੇ ਨਾਲ਼ ਮੂੰਹ ਪੂੰਝ ਲਿਆ, ਤੇ ਆਖਣ ਲੱਗਾ-"ਇੰਝ ਲਗਦਾ ਏ ਮੁੰਡਿਓ, ਆਪਣੀ ਬੂਰੀ ਕੁੱਝ ਲਿੱਸੀ ਹੋ ਗਈ ਏ । ਤੁਸੀਂ ਉਹਨੂੰ ਖਲ ਵੜੇਵੇਂ ਚੋਖੇ ਪਾਇਆ ਕਰੋ । ਓ ਸੁਦਾਈਓ, ਦੁੱਧ ਦੇਣ ਵਾਲੇ ਨੂੰ ਬਾਦਾਮ ਗਿਰੀਆਂ ਖੁਆਣੀਆਂ ਚਾਹੀਦੀਆਂ ਨੇ । ਨਹੀਂ ਤਾਂ ਉਹਦੇ ਹੱਡ ਖੁਰਨ ਲੱਗ ਪੈਂਦੇ ਨੇ ।" ਫੇਰ ਝੱਟ ਪਿੱਛੋਂ ਆਖਣ ਲੱਗਾ-"ਚੱਲ ਹੋਊ , ਮੈਂ ਆਪੇ ਉੱਠ ਕੇ ਉਹਦੀ ਸੇਵਾ ਕਰਾਂਗਾ । ਮੇਰੇ ਹੱਥਾਂ ਦੀ ਝੋਟੀ ਏ ਨਾ, ਪਰ ਦੇਖਿਓ, ਕੀਤੇ ਦਿਲਗੀਰੇ ਦੀ ਰੋਟੀ ਨੂੰ ਦੇਰ ਨਾ ਕਰਿਓ । ਤੜਕੇ ਦਾ ਕੰਮ ਤੇ ਲੱਗਾ ਹੋਇਆ ਏ ਮੁਰੱਬੇ । ਹੁਣ ਤਾਂ ਉਹ ਮੈਨੂੰ ਉਡੀਕਦਾ ਹੋਣਾ ਏ ।"
ਇਹ ਅਖ਼ੀਰੀਲੀ ਗੱਲ ਸੀ । ਜਿਹੜੀ ਉਸ ਅਜ਼ਲੀ ਤੇ ਅਬਦੀ ਕਿਸਾਨ ਦੇ ਮੂੰਹੋਂ ਨਿਕਲੀ । ਸਾਹ ਅੰਦਰ ਫਸ ਗਿਆ । ਥੋੜ੍ਹੀ ਜਿਹੀ ਧੌਖਣੀ ਚਲੀ, ਫੇਰ ਸਾਰੇ ਬੰਨ੍ਹਣ ਇਕੋ ਵਾਰੀ ਟੁੱਟ ਗਏ । ਚੁੱਪ ਚਾਪ ਕਦਮਾਂ ਨਾਲ਼ ਟੁਰਦਾ ਉਹ ਜੀਵਨ ਚੌਣੇ ਦਾ ਪਾਲ਼ੀ ਮੌਤ ਦੀ ਘਾਟੀ ਉੱਤਰ ਗਿਆ । ਕਣਕਾਂ ਬੀਜਣ ਵਾਲਾ ਅੱਜ ਮੋਇਆ, ਪਰ ਅਲਸੀ ਦੇ ਫੁੱਲਾਂ ਦੇ ਰੰਗ ਦੀ ਚੁੰਨੀ ਰੰਗਾਉਣ ਦੇ ਗੀਤ ਗਾਵਣ ਵਾਲਾ ਬਹੁਤ ਪਹਿਲਾਂ ਮਰ ਗਿਆ ਸੀ । ਪੌਣੀ ਸਦੀ ਬਰਾਬਰ ਦੀ ਜ਼ਿੰਦਗੀ ਅੱਜ ਆਪਣੀ ਸਫ਼ ਲਪੇਟ ਗਈ । ਅੱਧੀ ਰਾਤ ਦੇ ਹਨੇਰੇ ਦਾ ਮੁਸਾਫ਼ਰ, ਵੀਹਵੀਂ ਸਦੀ ਦਾ ਪਨਾਹਗੀਰ ਅੰਤ ਸਮੇਂ ਤਾਈਂ ਪਲਸਤਰਾਂ ਪੱਟੀਆਂ ਵਿਚ ਨੂੜਿਆ ਹੋਇਆ ਸੀ । ਉਹਦੇ ਸਾਰੇ ਪਿੰਡੇ ਤੇ ਸੱਟਾਂ ਈ ਸੱਟਾਂ ਸੀ । ਲੂੰ ਲੂੰ ਵਿੰਨ੍ਹਿਆ ਹੋਇਆ, ਪਰ ਉਹਦੀ ਰੂਹ ਸਦਾ ਈ ਆਜ਼ਾਦ, ਬੇਦਾਗ਼ ਤੇ ਨੌਂ ਬਰ ਨੌਂ। ਅਮਨ ਦੀ ਘੁੱਗੀ ਉਡਾਰੀ ਮਾਰ ਗਈ, ਉਸ ਦੁਨੀਆਂ ਵੱਲ, ਜਿਥੇ ਕਿਸੇ ਦਾ ਕੋਈ ਜ਼ੋਰ ਨਹੀਂ ।
ਤਾਇਆ ਹੁਣ ਸਾਰੀਆਂ ਗੱਲਾਂ ਤੋਂ ਪਰੇ ਸੀ । ਪਰ ਮੈਂ ਅਜੇ ਵੀ ਸੋਚਾਂ ਸੋਚਦੀ, ਉਹਦੇ ਸਾਹਮਣੇ ਬੈਠੀ ਸਾਂ । ਏਸ ਫ਼ਾਨੀ ਦੁਨੀਆ ਦੇ ਜੀਵਨ ਨੇ, ਆਪ ਤਾਰੀਖ਼ ਨੇ, ਸ਼ਹਿਰ ਵਾਲਿਆਂ ਦੀ ਸਿਆਸਤ ਨੇ, ਮਜ਼ਹਬ ਵਾਲਿਆਂ ਦੀ ਦਿਲ ਦੀ ਕਾਲ਼ਖ ਨੇ ਇਸ ਭੋਲੇ ਪੇਂਡੂ ਨਾਲ਼ ਕੀ ਕੀਤਾ ।ਉਸ ਮਾਸੂਮ ਦੀ ਖੱਲ ਨੂੰ ਸਭਨਾਂ ਆਪਣੀ ਅੱਗ ਵਿਚ ਭੁੰਨਿਆ । ਉਸੇ ਦੇ ਦਿਲ ਨੂੰ ਆਪਣੀਆਂ ਛੁਰੀਆਂ ਲਈ ਪਸੰਦ ਕੀਤਾ, ਟੋਭੇ 'ਚੋਂ ਕੱਢੇ ਹੋਏ ਉਸ ਡੱਡੂ ਵਾਂਗ ਲੈਬਾਰਟਰੀ ਦੀ ਮੇਜ਼ 'ਤੇ ਤਜਰਬਾ ਕਰਨ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਏ । ਪਰ ਉਹ ਇਨਸਾਨ, ਜਿਸ ਨੂੰ ਇਨ੍ਹਾਂ ਨੇ ਬੰਦਾ ਵੀ ਨਹੀਂ ਸੀ ਮੰਨਿਆ, ਉਹਨੇ ਆਦਮ ਦੀ ਜ਼ਾਤ ਦਾ ਕਿੱਡਾ ਭਰਮ ਰੱਖਿਆ । ਜੀਵਨ ਜੀ ਲਿਆ । ਦੋ ਟੋਟੇ ਹੋ ਕੇ ਵੀ ਉਹ ਖਿਲਰਿਆ ਨਹੀਂ । ਕੱਚੀ ਮਿੱਟੀ ਵਿਚ ਜੰਮ ਕੇ ਉਹਨੇ ਸਾਰਾ ਜੀਵਨ ਜੀ ਲਿਆ । ਅੱਵਲ ਤੇ ਅਖ਼ੀਰ, ਮੇਰਾ ਤਾਇਆ ਕੱਚੀ ਮਿੱਟੀ ਦਾ ਬਾਸ਼ਿੰਦਾ ਸੀ । ਪੱਕੀਆਂ ਸੜਕਾਂ ਨੇ ਉਹਦੇ ਕੋਲੋਂ ਲਹੂ ਦਾ ਭਾਰਾ ਟੈਕਸ ਵਸੂਲਿਆ । ਟੈਕਸ ਭਰਨ ਲਈ ਉਹ ਤਾਂ ਲਾਹੌਰ ਸ਼ਹਿਰ ਆਇਆ ਸੀ । ਅਸੀਂ ਉਹਨੂੰ ਜਾਣ ਨਾ ਦਿੱਤਾ ।
ਤਾਏ ਦੇ ਮਰਨ ਪਿੱਛੋਂ ਸਾਨੂੰ ਆਪ ਛੇਤੀ ਸੀ ਉਹਨੂੰ ਪਿੰਡ ਲੈ ਜਾਣ ਦੀ । ਨਰਮ ਤੇ ਸ਼ੱਕਰ ਵਰਗੀ ਮਿੱਟੀ, ਜਿਹਦੇ ਵਿਚ ਅਸੀਂ ਤਾਏ ਨੂੰ ਦੱਬਿਆ, ਇਸੇ ਚੱਕ ਦੀ ਮਿੱਟੀ ਸੀ, ਜਿਥੇ ਦਿਲਗੀਰ ਜੰਮਿਆ ਸੀ । ਉਸ ਥਾਂ ਤੋਂ ਦੋ ਚਾਰ ਗਜ਼ ਅਗਾਹਾਂ ਉਹ ਖੇਤ ਖੜੇ ਸੀ, ਜਿਨ੍ਹਾਂ ਦੀ ਨਰਮ ਤੇ ਮਿੱਠੀ ਮਿੱਟੀ ਵਿਚ ਖ਼ੁਸ਼ਬੂ ਦੇ ਗੁੱਛਿਆਂ ਨਾਲ਼ ਲੱਦੀ ਬਾਸਮਤੀ ਖੜੀ ਸੀ । ਅੱਠ ਅੱਠ ਫੁੱਟ ਉੱਚੇ, ਰਸ ਨਾਲ਼ ਭਰੇ ਹੋਏ ਪੋਨੇ । ਮੈਂ ਸੋਚਦੀ ਹਾਂ ਅੱਜ ਤਾਂ ਕਿਸੇ ਨੂੰ ਪਤਾ ਵੀ ਹੈ ਪਈ ਤਾਏ ਦੇ ਆਉਣ ਤੋਂ ਪਹਿਲਾਂ ਇਥੇ ਖੇਤ ਨਹੀਂ, ਕੌੜੀ ਤੇ ਬੰਜਰ ਮਿੱਟੀ ਦੇ ਡਲੇ ਸੀ ਨਿਰੇ । ਠੱਗੀ ਨਾਲ਼ ਇਕ ਪਨਾਹਗੀਰ ਨੂੰ ਉਹਦੀ ਜ਼ਮੀਨ ਬਦਲੇ ਦੇ ਦਿੱਤੇ ਗਏ । ਪਰ ਕੱਲ੍ਹ ਨੂੰ ਕਿਸਨੇ ਕਹਿਣਾ ਏ, ਪਈ ਬਾਂਝ ਡਲਿਆਂ ਨੂੰ ਇਕ ਹੱਥ ਵਾਲੇ ਪਨਾਹਗੀਰ ਨੇ ਆਪਣੇ ਪਿਆਰ ਦੇ ਛਿੱਟੇ ਲਾ ਕੇ, ਸ਼ੱਕਰ ਵਰਗੀ ਮਿੱਟੀ ਬਣਾ ਲਿਆ ਸੀ । ਅੱਜ ਇਹ ਮਿੱਟੀ ਐਡੀ ਦਿਆਲੂ ਹੈ, ਪਈ ਸਾਲ ਦੀਆਂ ਤਿੰਨ ਤਿੰਨ ਫ਼ਸਲਾਂ ਝੋਲ਼ੀ ਪਾਉਂਦੀ ਏ । ਦਿਲਗੀਰ ਦੇ ਮੁਰੱਬੇ ਵਾਲੇ ਵਧੀਆ ਖੇਤ ਤਾਏ ਕੋਲੋਂ ਖੋਹ ਲਏ ਗਏ ਸੀ । ਉਹ ਤਾਂ ਉਸ ਵੇਲੇ ਦੇ ਕਿਸੇ ਸਰਕਾਰੀ ਅਹਿਲਕਾਰ ਨੇ ਆਪਣੇ ਨਾਂ ਕਰ ਲਏ ਸੀ । ਹੁਣ ਉਹ ਖੇਤ ਸੁੱਕ ਸੜ ਕੇ ਕਾਲੇ ਸਿਆਹ ਕਲਰ ਹੇਠ ਆ ਚੁੱਕੇ ਨੇ । ਕਿਸੇ ਹਾਲ਼ੀ ਦੇ ਮਿਹਰਬਾਨ ਹੱਥਾਂ ਦੀ ਸੇਵਾ ਸਹਿਕਦੇ ਸਹਿਕਦੇ ਮਰ ਮੁੱਕ ਗਏ । ਪਰ ਉਸ ਥਾਂ ਕੁੱਝ ਟਾਹਲੀਆਂ ਅਜੇ ਵੀ ਖੜ੍ਹੀਆਂ ਨੇ । ਪਿੰਡ ਦੇ ਲੋਕੀਂ ਦੱਸਦੇ ਨੇ, ਪਈ ਤਾਇਆ ਹਰ ਰੋਜ਼ ਦੁਪਹਿਰਾਂ ਵੇਲੇ ਉਨ੍ਹਾਂ ਟਾਹਲੀਆਂ ਦੀ ਛਾਵੇਂ ਆ ਕੇ ਬਹਿੰਦਾ ਸੀ । ਪਤਾ ਨਹੀਂ ਕਿਉਂ ? ਉਹਦੇ ਤਾਂ ਆਪਣੇ ਖੇਤ ਬਥੇਰੀ ਛਾਂ ਹੈਗੀ ਸੀ । ਲੋਕਾਂ ਨੂੰ ਕੀ ਪਤਾ, ਇਨ੍ਹਾਂ ਟਾਹਲੀਆਂ ਦੀ ਖ਼ਾਤਿਰ ਤਾਏ ਨੇ ਦੂਜੇ ਪਿੰਡ ਜਾ ਕੇ ਚੰਗੀ ਜ਼ਮੀਨ ਨਾ ਲਈ । ਇਸੇ ਚੱਕ ਵਿਚ ਪਟਵਾਰੀ ਦਾ ਦਿੱਤਾ ਬੰਜਰ ਟੋਟਾ ਦਿਲ ਤੇ ਹੋਰ ਜ਼ਖ਼ਮਾਂ ਵਾਂਗ ਚੁੱਪ ਕਰਕੇ ਕਬੂਲ ਕਰ ਲਿਆ । ਅੱਜ ਤਾਂ ਮੈਨੂੰ ਪਤਾ ਏ । ਮੇਰੇ ਪਿੱਛੇ ਇਨ੍ਹਾਂ ਦਾ ਕੌਣ ਭੇਤੀ ਹੋਵੇਗਾ ? ਇਹ ਜੋ ਦਿਲ ਵਿਚ ਖੁਭ ਕੇ ਰਹਿਣ ਵਾਲੀਆਂ ਨਿੱਕੀਆਂ ਨਿੱਕੀਆਂ ਕਿਰਚਾਂ ਹੋਣੀਆਂ ਨੇ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਫ਼ਜ਼ਲ ਤੌਸੀਫ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ