Punjabi Stories/Kahanian
ਸੰਤੋਖ ਸਿੰਘ ਧੀਰ
Santokh Singh Dhir

Punjabi Kavita
  

Tai Nihali Santokh Singh Dhir

ਤਾਈ ਨਿਹਾਲੀ ਸੰਤੋਖ ਸਿੰਘ ਧੀਰ

ਬਨੇਰੇ ਉਤੇ ਕਾਂ ਬੋਲਿਆ ।
"ਤੀਰ...ਕਾਣਿਆਂ......।"
ਤਾਈ ਨਿਹਾਲੀ ਨੇ ਫਿਟਕਾਰਦੇ ਹਥ ਨਾਲ ਕਾਂ ਨੂੰ ਉਡਾ ਦਿਤਾ ।
ਕਾਂ ਉਡ ਗਿਆ, ਪਰ ਤਾਈ ਦੇ ਕਾਲਜੇ ਨੂੰ ਜਾਣੋਂ ਹੌਲ ਪੈ ਗਿਆ । ਢਿਡ ਦੇ ਪਾਲੇ ਨੇ ਉਹਦੇ ਬੋਦੇ ਸਰੀਰ ਨੂੰ ਕਾਂਬਾ ਛੇੜ ਦਿਤਾ। ਤੇ ਤਾਈ ਦੀਆਂ ਅੱਖਾਂ ਸਾਹਮਣੇ ਪੰਜ ਵਰ੍ਹੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਝ ਵਾਂਗ ਆਪਣੇ ਖੰਭ ਫੜਫੜਾਉਣ ਲਗਿਆ । ਖੰਭ-ਜਿਨ੍ਹਾਂ ਤਾਈ ਦੇ ਕੋਠੇ ਉਤੇ ਹਨੇਰਾ ਕਰ ਦਿਤਾ ਸੀ ।
ਪੰਜ ਵਰ੍ਹੇ ਪਹਿਲਾਂ, ਇਕ ਸ਼ਾਮ, ਤਾਈ ਨੂੰ ਡਾਕੀਆ ਇਕ ਬੰਦ ਚਿਠੀ ਦੇ ਗਿਆ ਸੀ । ਕਿਵੇਂ ਔਸੀਆਂ ਪੌਣ ਪਿਛੋਂ ਤਾਈ ਨੂੰ ਉਹ ਚਿਠੀ ਆਈ ਸੀ; ਜਿਹੜੀ ਉਹਦੇ ਜੀ ਵਿਚ, ਉਹਦੇ ਜੀਊਣ ਜੋਗੇ ਪੁਤ ਵਲੋਂ ਸੁਖ ਸਾਂਦ ਦੀ ਹੋਵੇਗੀ । ਪਰ ਉਹ ਚਿਠੀ ਕਮਾਨ-ਅਫ਼ਸਰ ਵਲੋਂ ਨਿਕਲੀ ਸੀ, ਜੋ ਲੜਾਈ ਵਿਚੋਂ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖ਼ਬਰ ਲੈ ਕੇ ਆਈ ਸੀ । ਉਸ ਦਿਨ ਵੀ ਤਾਈ ਦੇ ਕੋਠੇ ਉਤੇ ਕਾਂ ਬੋਲਿਆ ਸੀ।
ਤਾਈ ਨਿਹਾਲੀ ਨਿਕੀਆਂ ਨਿਕੀਆਂ ਗੱਲਾਂ ਦੇ ਵਹਿਮ ਵਿਚਾਰਦੀ। ਘਰੋਂ ਤੁਰਦੀ ਨੂੰ ਜੇ ਅਗੋਂ ਪਾਣੀ ਦਾ ਘੜਾ ਜਾਂ ਚੂਹੜਾ ਮਿਲ ਪੈਂਦਾ ਤਾਂ ਉਹ ਸਿਧ ਮਨਾਉਂਦੀ । ਪਰ ਜੇ ਪਾਥੀਆਂ, ਲਕੜਾਂ, ਬਾਹਮਣ, ਨੰਬਰਦਾਰ, ਜਾਂ ਕੋਈ ਸਿਰ ਉਤੇ ਖ਼ਾਲੀ ਟੋਕਰਾ ਚੁਕੀ ਟੱਕਰ ਜਾਂਦਾ, ਤਾਂ ਉਹ ਝਟ ਪਿਛੇ ਮੁੜ ਪੈਂਦੀ।
ਪਹਿਲੀਆਂ ਵਿਚ, ਉਹ ਕਾਂ ਦੇ ਕੁਰਲਾਣ ਨੂੰ ਏਨਾ ਮੰਦਾ ਨਹੀਂ ਸੀ ਜਾਣਦੀ, ਉਹ ਸਮਝਦੀ ਕਿ ਬੜੀ ਹਦ ਕੋਈ ਪ੍ਰਾਹੁਣਾ ਆ ਜਾਏਗਾ, ਜਿਸਦੀ ਖੇਚਲ ਉਹ ਔਖੀ ਸੌਖੀ ਝਲ ਲਏਗੀ। ਪਰ ਹੁਣ ਉਹ ਕਾਂ ਨੂੰ ਇਕ ਜਮਦੂਤ ਮੰਨਦੀ, ਜਿਸਦੇ ਸੰਘ ਵਿਚ ਉਹਦੇ ਪੁਤ ਦੀ ਮੌਤ ਕੁਰਲਾਈ ਸੀ ।
ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿਤਾ-ਪਲੋਠੀ ਦਾ ਤ੍ਹੜੇ ਵਰਗਾ ਕਮਾਊ ਪੁਤ ਟੱਬਰ ਨੂੰ ਰੁਲਦਾ ਛਡ ਕੇ ਮਰ ਗਿਆ ਸੀ-ਤਾਏ ਦੀ ਛਾਤੀ ਵਿਚ ਟੋਇਆ ਪੈ ਗਿਆ, ਜਿਸ ਟੋਏ ਵਿਚ ਉਹਦਾ ਨਿਕਾ ਪੁਤ ਬਲਵੰਤ ਸਾਰਾ ਹੀ ਨਿਘਰਿਆ ਪਿਆ ਸੀ । ਤੇ ਇਹ ਟੋਇਆ ਪੂਰਿਆ ਵੀ ਕਿਵੇਂ ਜਾ ਸਕਦਾ ਸੀ ?
ਹਾਂ, ਤਾਈ ਨੂੰ ਏਨਾ ਹੌਂਕਾ ਜ਼ਰੂਰ ਹੈ ਕਿ ਉਹਦਾ ਲੱਠ ਵਰਗਾ ਪੁਤ ਜੁਆਨਾਂ ਦੀ ਮੌਤ ਕਦੇ ਨਾ ਮਰਦਾ, ਜੇ ਉਹ ਫ਼ੌਜ ਵਿਚ ਭਰਤੀ ਹੋ ਕੇ ਜੰਗ ਨੂੰ ਨਾ ਜਾਂਦਾ । 'ਸੱਜਰੇ ਲਹੂ ਵਲ ਝਾਕਣ ਦਾ ਹੀਆ ਮੌਤ ਵਿਚ ਕਿਥੇ !' ਇਹ ਖ਼ਿਆਲ ਉਹਦੇ ਅਚੇਤ ਮਨ ਵਿਚੋਂ ਲੰਘ ਕੇ ਨਿਸ਼ਚਾ ਕਰਾਉਂਦਾ, ਜਦ ਕਦੇ ਉਹ ਆਪਣੀਆਂ ਪੂਣੀ-ਚਿਟੀਆਂ ਉਲਝੀਆਂ ਲਿਟਾਂ ਵਿਚ ਕੰਬਦੀਆਂ ਉਗਲਾਂ ਵਾਹੁੰਦੀ।
ਉਸਨੂੰ ਇਹ ਪੱਕ ਸੀ, ਕਿ ਉਹਦਾ ਪੁਤ ਕਦੇ ਭਰਤੀ ਨਾ ਹੁੰਦਾ, ਜੇ ਸਰਕਾਰ ਉਹਨੂੰ ਜੋਰੋ ਜੋਰੀ ਨਾ ਲਿਜਾਂਦੀ ।"ਨੌਕਰੀ ਕੀ ਸਾਨੂੰ ਤਾਰ ਦੂ –" ਉਹ ਕਈ ਵਾਰ ਆਖਦੀ ਹੁੰਦੀ । ਉਹ ਸਮਝਦੀ ਸੀ ਕਿ ਜਿਹੜੇ ਉਹਨਾਂ ਕੋਲ ਚਾਰ ਸਿਆੜ ਹਨ, ਉਹਨਾਂ ਵਿਚੋਂ ਉਹ, ਉਹਦਾ ਕਾਮਾ ਪੁਤ, ਹਾੜੀਆਂ ਤੇ ਸੌਣੀਆਂ ਨੂੰ ਸੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰੇਗਾ। ਉਹਦੀ ਮੁਟਿਆਰ ਨੂੰਹ ਸੂਫ਼ ਦਾ ਘੱਗਰਾ ਤੇ ਨਰੀ ਦੀ ਨੋਕਾਂ ਵਾਲੀ ਜੁਤੀ ਪਾਕੇ ਠੁਮ ਠੁਮ ਕਰਦੀ ਉਹਨੂੰ ਖੇਤਾਂ ਵਿਚ ਰੋਟੀ ਦੇਣ ਜਾਇਆ ਕਰੇਗੀ। ਪਰ ਇਉਂ ਹੋ ਨਾ ਸੀ ਸਕਿਆ-ਸਰਕਾਰ ਨੇ ਉਹਨੂੰ ਤੇ ਉਹਦੇ ਪੁਤ ਨੂੰ ਨੰਬਰਦਾਰ ਦੀਆਂ ਅੱਖਾਂ ਚੋਂ ਲਾਲੀਆਂ ਤਾੜੀਆਂ ਤੇ ਥਾਣੇਦਾਰ ਦੇ ਮੂੰਹ ਵਿੱਚੋਂ ਗਾਹਲਾਂ ਕਢੀਆਂ ਸਨ : "ਹਰਾਮਜ਼ਾਦੀ ਬਕਤੀ ਹੈ......... ਸੂਰ ਕਾ ਬੱਚਾ... ।" ਤੇ ਸਰਕਾਰ ਨੇ ਪਿੰਡ ਦੇ ਦਰਵਾਜੇ, ਪਰ੍ਹੇ ਦੇ ਸਾਹਮਣੇ, ਪੁਲਸ ਦੇ ਦੈਂਤਾਂ ਵਰਗੇ ਹਥਾਂ ਨਾਲ ਉਹਦੇ ਅਲੂੰਏ ਪੁਤ ਨੂੰ ਗਲ ਹਥ ਮਾਰ ਕੇ ਅਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ, ਭਰੇ ਹੋਏ ਗਚ ਨਾਲ, ਦੂਰ ਹੋਈ ਜਾਂਦੇ ਪੁਤ ਨੂੰ ਹਵਾ ਵਿਚ ਤੱਕਦੀ ਰਹੀ ਸੀ ।
ਇਕ ਆਥਣੇ, ਚਰ੍ਹੀ ਦੀਆਂ ਪੂਲੀਆਂ ਸੁਟਣ ਲਈ ਤਾਈ ਜਦ ਕੋਠੇ ਚੜ੍ਹਨ 'ਲਗੀ, ਤਾਂ ਉਹਨੇ ਦੇਖਿਆ : ਕੋਠੇ ਉਤੇ, ਬੂਥੀਆਂ ਚੁੱਕੀ ਕੁੱਤੇ ਰੋ ਰੋ ਕੇ ਲਿਟਾਂ ਤੋੜ ਰਹੇ ਹਨ । ਤਾਈ ਨੂੰ ਜਾਪਿਆਂ, ਜਿਵੇਂ ਦੁਨੀਆਂ ਉਤੇ ਕਾਲ ਮੂੰਹ ਅੱਡੀ ਖਲੋਤਾ ਹੈ ! ਉਹਦਾ ਵਿਸ਼ਵਾਸ ਸੀ ਕਿ ਕਾਲ ਕੁਤਿਆਂ ਨੂੰ ਪਹਿਲ ਦਿਸ ਪੈਂਦਾ ਹੈ- ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆਂ ਤੇ ਜ਼ਰੂਰ ਕੋਈ ਕਹਿਰ ਟੁਟਣਾ ਹੁੰਦਾ ਹੈ। ਤੇ ਤਾਈ ਨਹੀਂ ਸੀ ਚਾਹੁੰਦੀ ਕਿ ਉਸਨੂੰ ਹੁਣ ਜਹਾਨ ਉਤੇ ਕਿਸੇ ਵੀ ਕਹਿਰ ਦੀ ਸੋਅ ਪਵੇ । ਉਹਨੇ ਕਾਠ ਦੀ ਪੌੜੀ ਦੇ ਸਿਖਰਲੇ ਡੰਡੇ ਤੋਂ ਲਲਕਾਰਿਆ :
"ਖੜਾ ਥੋਡੇ ਦਾਦੇ ਮਗ੍ਹਾਂ...... ।"
ਤਾਈ ਤਾਂ ਚਾਹੁੰਦੀ ਸੀ : ਉਹਦੇ-ਕੁੱਬੀਆਂ, ਧੁਆਂਖੀਆਂ ਕੜੀਆਂ ਦੀਆਂ ਥੰਮੀਆਂ ਤੇ ਖਲੋਤੀ ਛੱਤ ਵਾਲੇ-ਗ਼ਰੀਬੜੇ ਜੇਹੇ ਘਰ ਵਿਚ ਅਮਨ ਰਹੇ । ਕੋਈ ਕੁਸ਼ਸਗਣ ਉਹ ਘਰ ਵਿਚ ਨਾ ਹੋਣ ਦਿੰਦੀ । ਥਾਂ ਸੁੰਭਰਨ ਵੇਲੇ ਆਪਣੀ ਵਿਚਾਰੀ ਜੇਹੀ ਨੂੰਹ ਨੂੰ ਉਹ ਨਿਤ ਚਿਤਾਰਦੀ :
'ਨੀ ਕਰਨੈਲ ਕੁਰੇ, ਦੇਖੀਂ ਪੁਤ, ਸੂਹਣ 'ਖੜੀ ਨਾਂ ਰਖੀਂ...!'
ਮਛੇਹਰ ਇੱਲਤੀ ਨੂੰ, ਜੋ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੀ ਕੁੰਜ, ਕਾਵਾਂ ਦੇ ਆਂਡੇ, ਮੋਰਾਂ ਦੇ ਖੰਭ ਜਾਂ ਕੁਝ ਹੋਰ ਅਲਸੂੰ ਪਲਸੂੰ ਚੁਕ ਲਿਆਉਂਦਾ ਸੀ, ਇਕ ਦਿਨ ਸੇਹ ਦਾ ਤੱਕਲਾ ਚੁਕ ਲਿਆਉਣ ਤੇ ਤਾਈ ਨੇ ਝਿੜਕਿਆ :
"ਦੁਰ ਬੇ ਚੰਦਰਿਆ... ਜਾ ਸਿਟ ਆਕੇ ਉਥੇ , ਈ, ਜਿਥੋਂ ਲਿਆਇਐਂ-ਦੇਸਿਆ ਹੋਇਆ...!"
ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਵਾਟ ਤੇ ਇਕ ਮੰਡੀ ਹੈ, ਜਿਥੇ ਕੋਈ ਨਿਕਾ ਮੋਟਾ ਸੌਦਾ ਲੈਣ ਉਹ ਜਾਂਦੀ ਹੁੰਦੀ ਸੀ । ਮੰਡੀ ਦੇ ਰਾਹ ਵਿਚ ਜਰਨੈਲੀ ਸੜਕ ਪੈਂਦੀ ਹੈ। ਇਕ ਦਿਨ, ਜਦ ਉਹ ਮੰਡੀ ਗਈ, ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖੜ੍ਹਨਾ ਪਿਆ ।ਲੰਮੀ ਕਤਾਰ ਵਿਚ ਮਿਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸਨ, ਜਿਨ੍ਹਾਂ ਵਿਚ ਖਾਕੀ ਵਰਦੀਆਂ ਵਾਲ ਜੁਆਨ ਫ਼ੌਜੀ ਬੈਠੇ ਸਨ ...ਕਿੰਨੀਆਂ ਅੱਖਾਂ ਦੇ ਤਾਰੇ-ਕਿੰਨੀਆ ਮਾਂਗਾਂ ਦੇ ਸੰਧੂਰ-ਕਿੰਨੇ ਬਲੌਰਾਂ ਦੇ ਲਾਡ -ਤਾਈ ਦੀ ਜਾਨ ਲੁਛ ਗਈ ਤੇ ਉਹਦੀਆਂ ਆਂਦਰਾਂ ਫੁੜਕ ਪਈਆਂ : -
"ਹੇ ਬਾਹਗਰੂ - ਹੁਣ ਤਾਂ ਜਗ ਵਿਚ ਠੰਡ ਠੇਹਰ ਰਖੀਂ...... ।"
ਸੂਰਜ ਦੀ ਟਿੱਕੀ ਨਾਲ ਘੜਿਆਲ, ਖੜਕਿਆ ਘੜਿਆਲ ਚੋਂ ਟਣਕਾਰਾਂ ਫੁਟ ਕੇ, ਕਿਰਨਾਂ ਵਾਂਗ, ਪਿੰਡ ਦੀਆਂ ਗਲੀਆਂ ਵਿਚ ਲਹਿਰ ਗਈਆਂ।
"ਤੀਜੀ ਜੰਗ......।"
ਪਿੰਡ ਦੇ ਵਡੇ ਦਰਵਾਜ਼ੇ ਵਲੋਂ ਤਾਈ ਦੇ ਕੰਨ ਵਲੇਲ ਪਈ । ਪਲ ਦੀ ਪਲ ਤਾਈ ਘਾਬਰ ਗਈ--ਲੜਾਈ ਜਾਣ ਸਚ ਮੁਚ ਉਹਦੇ ਪਿੰਡ ਵਿਚ ਗਰਜ ਰਹੀ ਸੀ--ਤੇ ਉਹਨੂੰ ਹਥਾਂ ਪੈਰਾਂ ਦੀ ਪੈ ਗਈ ।
''ਬੇ ਪੁਤ-ਬੰਤ, ਬੇ ਅੰਦਰ ਬੜ ਜਾ ਬੇ ਸੋਹਣਿਆਂ.....!'' ਉਹਦੀਆਂ ਫਿੜੀਫਿੜੀ ਕਰਦੀਆਂ ਆਂਦਰਾਂ ਜਿਵੇਂ ਚੀਕ ਉਠੀਆਂ । ਪਰ ਤੁਰਤ ਹੀ ਤਾਈ ਦੇ ਅੰਦਰ ਕੋਈ ਕਲਵਲ ਹੋਈ -ਦੂਜੇ ਹੀ ਪਲ ਤਾਈ ਦੇ ਬੁਲ੍ਹਾਂ ਚੋਂ ਚੰਗਿਆੜੇ ਝੜਨ ਲਗੇ:
"ਦੇਖਾਂ ਤਾਂ ਕੇਹੜਾ ਨਪੁਤਾ ਸਾਡੇ ਪਿੰਡ ਜੰਗ ਲੌਣ ਆਇਐ...!" ਉਹਦੇ ਅੰਦਰ ਉਹਦੀ ਹਸਤੀ ਜਾਗ ਪਈ ਧਰਤੀ ਜਿੰਨੀ ਮਹਾਨ ਉਹਦੀ ਹਸਤੀ-ਉਹਦੀ ਨਤਾਕਤੀ ਬਲ ਵਿਚ ਬਦਲ ਗਈ। ਉਹ ਕੰਧ ਵਰਗੇ ਹੀਏ ਨਾਲ ਗਲੀਓ ਗਲੀ ਦਰਵਾਜ਼ੇ ਵਲ ਨੂੰ ਤੁਰ ਗਈ ।
"ਜੰਗ-ਬਾਜ਼..."
ਪਿੱਪਲ, ਨਿੰਮ ਤੇ ਬਰੋਟੇ ਦੀ ਤ੍ਰਿਬੈਣੀ ਹੇਠਲੇ ਚੌਂਤਰੇ ਉਤੇ ਇਕ ਚੜ੍ਹਦੀ ਉਮਰ ਦੇ ਗੱਭਰੂ ਨੇ ਅੰਬਰੀ ਰੰਗ ਦੇ ਝੰਡੇ ਨੂੰ ਉਚਾ ਕਰਦਿਆਂ ਲਲਕਾਰਿਆ :
"ਮੁਰਦਾਬਾਦ"
ਪਿੰਡ ਦੇ ਸਾਰੇ ਲੋਕਾਂ ਨੇ ਗਰਜਿਆ-ਬੁਢੇ, ਤੀਵੀਆਂ ਤੇ ਜੁਆਨ-ਸਾਰਿਆਂ ਨੇ ।
ਅਚੰਭੇ ਨਾਲ ਤਾਈ ਦੇ ਕੰਨ ਖੜ੍ਹੇ ਹੋ ਗਏ ।
"ਅਮਨ-ਅਮਨ"
ਇਕ ਮੁਟਿਆਰ ਨੇ ਦੰਦਲ-ਦਾਤੀ ਨੂੰ ਉਚਾ ਕਰਦਿਆਂ ਬਰੀਕ ਬੁਲ੍ਹਾਂ ਚੋਂ ਆਖਿਆ, ਜੋ ਬਲਦਾਂ ਲਈ ਸਾਵੀ ਚਰ੍ਹੀ ਦੀਆਂ ਪੂਲੀਆਂ ਖੋਤ ਕੇ ਲਿਆ ਰਹੀ ਸੀ, ਜਿਸਨੇ ਭਾਰ ਨੂੰ ਇਥੇ ਹੀ ਸੁਟ ਦਿਤਾ, ਤੇ ਅਣ-ਵਾਹੇ ਵਾਲਾਂ ਵਿਚ ਘਾਹ ਦੀਆਂ ਸਾਵੀਆਂ ਤਿੜ੍ਹਾਂ ਅਜੇ ਉਲਝੀਆਂ ਹੋਈਆਂ ਸਨ।
"ਅਸੀਂ ਤੀਜੀ ਜੰਗ ਨਹੀਂ ਹੋਣ ਦਿਆਂਗੇ !"
ਇਕ ਮੁੰਡੇ ਨੇ ਆਖਿਆ, ਜਿਸਦੇ ਘੁੰਗਰਾਲੇ ਪਟਿਆਂ ਉਤੇ ਰਾਹਾਂ ਦੀ ਧੂੜ ਹਸ ਰਹੀ ਸੀ ।
ਇਕ ਹੋਰ ਮਸ-ਫੁਟਾ, ਕਣਕ ਦੇ ਦਾਣਿਆਂ ਵਰਗਾ ਮੁੜ੍ਹਕਾ ਜਿਸਦੇ ਮਥੇ ਉਤੇ ਸੀ, ਗਰਜਿਆ :
"ਏਸ਼ੀਆ ਚੋਂ ਨਿਕਲ ਜਾਓ.........!"
ਇਕ ਕਵੀ ਨੇ ਗੀਤ ਗਾਵਿਆ :
"ਸਾਡੇ ਛੈਲ ਛਬੀਲੇ ਗੱਭਰੂ,
ਹੁਣ ਖਾ ਨਹੀਂ ਸਕ ਦੀ ਲਾਮ ।
ਅਸੀਂ ਜੰਗ ਨੂੰ ਜਾਣ ਵਾਲੀਆਂ,
ਕਰ ਦਿਆਂਗੇ ਰੇਲਾਂ ਜਾਮ ।"
ਤ੍ਰਬੈਣੀ ਦੇ ਪੱਤੇ ਫਰ ਫਰਾਏ, ਤਾਈ ਦੇ ਦਿਲ ਨੂੰ ਇਕ ਠੰਡਾ ਝੋਲਾ ਆਇਆ। ਉਹਨੇ ਮਨ ਹੀ ਮਨ ਵਿਚ ਦੇਖਿਆ: ਉਹਦੇ ਅਲ੍ਹੜ ਬੰਤੇ ਨੂੰ ਕੇਡੀ ਜੁਆਨੀ ਚੜ੍ਹ ਰਹੀ ਹੈ ।
"ਅਸੀਂ ਅਮਨ ਦੇ ਰਾਖੇ ਹਾਂ...!"
ਤੋਤਲੀ ਬੋਲੀ ਵਿਚ ਦੁਧ ਦੇ ਦੰਦਾਂ ਨੇ ਆਖਿਆ, ਤੇ ਨਿਕੇ ਜੇਹੇ ਹਥ ਨੇ ਪਹਿਲੀ ਜਮਾਤ ਦਾ ਕੈਦਾ ਤ੍ਰਬੈਣੀ ਦੀਆਂ ਕਚੀਆਂ ਲਗਰਾਂ ਵਲ ਉਚਾ ਕੀਤਾ ।
ਲੋਕ ਕੀਲੇ ਬੈਠ ਸਨ । ਤ੍ਰਬੈਣੀ ਦੇ ਹਰੇ ਕਚੂਚ ਪੱਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲਿਚ ਲਿਚ ਕਰਦੇ ਸਨ ।
ਤਾਈ ਸਭ ਕੁਝ ਨਿਸਚੇ ਨਾਲ ਸੁਣ ਰਹੀ ਸੀ। ਉਸ ਨਿਸਚੇ ਨਾਲ, ਜਿਹੜਾ ਨੂੰਹ ਦੇ ਸੁਹਾਗਣ ਹੋਣ ਵਿਚ ਹੋ ਸਕਦਾ ਹੈ-ਜੋ ਪੁਤਲੀ ਵਿਚ ਅੱਖ ਦਾ ਤਾਰਾ ਲਿਸ਼ਕਣ ਨਾਲ ਹੋ ਸਕਦਾ ਹੈ-ਜੋ ਹਿੱਕ ਦਾ ਟੋਇਆ ਪੂਰੇ ਜਾਣ ਵਿਚ ਹੋ ਸਕਦਾ ਹੈ। ਤਾਈ ਭਰਪੂਰ ਹੋਈ ਬੈਠੀ ਸੀ-ਉਹਦੇ ਵਿਚ ਕਿੰਨੀ ਸ਼ਕਤੀ ਹੈ-ਉਹਨੂੰ ਜਾਪਿਆ, ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ, ਜੋ ਥੜੇ ਉਤੇ ਆਪ ਆ ਕੇ ਬੋਲਦੇ ਨੇ : ਵਿਹੜੇ ਵਾਲਿਆਂ ਦਾ ਜੀਤ, ਗਰੇਵਾਲਾ ਦਾ ਜਗੀਰ, ਤੇ ਔਹ ਬਾਹਰਲੇ ਵਾਸ ਦਾ ਕਵੀ ਮੁੰਡਾ-ਸਾਰ ਉਹਦੇ ਹੱਥਾਂ ਵਿਚ ਪਲੇ ਹੋਏ ਤਾਈ ਫੁਲ ਫੁਲ ਜਾਂਦੀ ਸੀ ।
ਇਕ ਚੋਬਰ ਥੜ੍ਹੇ ਉਤੇ ਤਣ ਕੇ ਖੜੋ ਗਿਆ । ਸੰਸਾਰ ਦੀ ਅਮਨ-ਕਮੇਟੀ ਵਲੋਂ, ਉਹਨੇ ਐਟਮ-ਬੰਬ ਨੂੰ ਰੋਕਣ ਦੀ ਅਪੀਲ ਪੜ੍ਹਕੇ ਸੁਣਾਈ ।ਸੌਖੀ ਪੇਂਡੂ ਬੋਲੀ ਵਿਚ ਅਪੀਲ ਦਾ ਭਾਵ ਖੋਲ੍ਹ ਕੇ ਸਮਝਾਇਆ, ' ਤੇ ਲਹਿਲਹਾਦੀਆਂ ਮੁਟਿਆਰ ਫਸਲਾਂ, ਹਸਦੇ ਵਸਦੇ ਘਰਾਂ, ਬਚਿਆਂ ਦੀ ਮਹਿਕਦੀ ਮੁਸਕਾਣ ਤੇ ਝੰਮ ਝੰਮ ਕਰਦੀ ਸਾਰੀ ਦੁਨੀਆਂ ਦਾ ਵਾਸਤਾ ਪਾ ਕੇ; ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉਤੇ ਦਸਖ਼ਤ ਕਰਨ ਤੇ ਅੰਗੂਠੇ ਲਾਉਣ ਲਈ ਆਖਿਆ।
ਜੰਗ ਦੀਆਂ ਗੱਲਾਂ ਸੁਣਕੇ, ਪਲ ਦੀ ਪਲ, ਤਾਈ ਦੇ ਖ਼ਿਆਲ ਵਿਚ ਕਰਤਾਰ ਦੀ ਮੌਤ-ਝਾਕੀ ਉਭਰਨ ਲਗੀ... ਦੁਰ ਦਰਾਡੇ ਦੇਸ਼ਾਂ ਵਿਚ-ਸਤਾਂ ਸਮੁੰਦਰਾਂ ਤੋਂ ਪਾਰ-ਜੰਗ ਦਾ ਖੂਨੀ ਮੋਰਚਾ... "ਟੀਂ"...ਕਰਦੀ ਚੰਦਰੀ ਗੋਲੀ...ਤੇ ਉਹਦੇ ਜਿਗਰ ਦਾ ਟੁਕੜਾ ਚੰਘਿਆੜ ਕੇ ਧਰਤੀ ਉਤੇ ਲੋਟਣੀਆਂ ਲੈਣ ਲਗਾ ......ਤੇ ਤਾਈ ਦੀਆਂ ਅੱਖਾਂ ਅਗੇ ਹਨੇਰਾ ਆ ਗਿਆ, ਉਸਦੇ ਘਰ ਉਤੇ ਸੂਰਜ ਡੁਬ ਗਿਆ ਸੀ ।
'ਦੂਜੀ ਜੰਗ ਕਰਤਾਰ ਨੂੰ ਲੈ ਗਈ-ਤੀਜੀ ਜੰਗ ਹੁਣ ਫੇਰ ਮੂੰਹ ਅਡੀਂ ਖਲੋਤੀ ਹੈ...!' ਇਸ ਖ਼ਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉਤੇ ਹੌਲ ਦੀਆਂ ਕੰਬਣੀਆਂ ਤੁਰਨ ਲਗੀਆਂ । ਬਲਵੰਤ- ਉਹਦੇ ਘਰ ਦਾ ਦੀਵਾ-ਤੇ ਤਾਈ ਚਾਹੁੰਦੀ ਸੀ : ਰਹਿੰਦੀ ਦੁਨੀਆਂ ਤਕ ਉਹਦੇ ਘਰ ਵਿਚ ਦੀਵਾ ਬਲਦਾ ਰਹੇ।
ਤਾਈ ਨੇ ਆਪਣੇ ਅੰਗੂਠੇ ਵਲ ਗੰਭੀਰ ਤੇ ਨਿਰਣੇਭਰੀਆਂ ਨਜ਼ਰਾਂ ਨਾਲ ਦੇਖਿਆ, ਤਾਈ ਦੀਆਂ ਅੱਖਾਂ ਮੁਸਕ੍ਰਾਈਆਂ, ਜਿਵੇਂ ਖਿਜ਼ਾਂ ਦੇ ਅਖ਼ੀਰ ਉਤੇ ਬਹਾਰ ਦਾ ਪਹਿਲਾ ਬੁੱਲਾ ਰੁਮਕਦਾ ਹੈ। ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲਗਿਆ ।
ਦੂਰ ਜੇਹੇ-ਖੁੰਡਾਂ ਉਤੇ ਬੈਠ ਮੁਸ਼ਟੰਡਿਆਂ ਨੇ ਪੁਲਸ ਦੀ ਸ਼ਹਿ ਪਾਕੇ 'ਹਿੜ ਹਿੜ' ਲਾਈ ।
''ਛੀ...ਹ - ਹਟਾ ਲੈਣਗੇ ਬਈ ਇਹ ਜੰਗ - ਏਹਨਾਂ ਦਸਖਤਾਂ ਨਾਲ ਜੰਗ ਭਲਾ ਹਟ ਜੂ......? ਚੁਕੀ ਫਿਰਦੇ ਨੇ ਕਾਗਤੀਆਂ - ਐਟਮ-ਬੰਬ ਨ੍ਹੀਂ ਬਈ ਇਹਨਾਂ ਚੱਲਣ ਦੇਣਾ - ਮਾਂ ਦਿਆਂ ਸੂਰਮਿਆਂ ਨੇ....... ।'' ਨੰਬਰਦਾਰ ਗੁਜਣ ਸਿੰਘ ਬੁੜ ਬੁੜਾਇਆ, ਜਿਸਨੇ ਦੂਜੀ ਜੰਗ ਵਿਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਰ ਵਿਚ ਮੁਰੱਬਾ ਬਖ਼ਸ਼ੀਸ਼ ਲਿਆ ਸੀ ।
''ਚੰਗਾ ਸਗੋਂ-ਅਸੀਂ ਤਾਂ ਕਹਿਨੇ ਆਂ ਜੰਗ ਛੇਤੀ ਲਗੇ-ਦੁਨੀਆਂ ਭੁਖੀ ਤਾਂ ਨਾ ਮਰੇ ......!'' ਸਫ਼ੇਦ-ਪੋਸ਼ ਕੁੰਢਾ ਸਿੰਘ ਤੇ ਨਿੱਕੂਮਲ ਸ਼ਾਹੂਕਾਰ ਠਿਲਾਂ ਕਰਦੇ ਸਨ, ਜਿਨ੍ਹਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਝੂਠੀਆਂ ਗਵਾਹੀਆਂ, ਵਢੀਆਂ ਤੇ ਮੁਖਬਰੀਆਂ ਦੀ ਬੋ ਉਭਾਰੀ ਹੋਈ ਸੀ।
''ਕੋਈ ਨਾ ਲਾਇਓ ਲੋਕੋ ਗੂਠੇ ਗਾਠੇ-ਐਵੇਂ ਵਰਗਲਾਉਂਦੇ ਨੇ ਥੋਨੂੰ ਇਹ ਰੂਸ ਦੇ ਜੰਟ....... '' ਹਰਾ ਕੂਹਣੀਮਾਰ ਪਰੇ ਕੁ ਨੂੰ ਪਏ ਟੁਟੇ ਜੇਹੇ ਗੋਡੇ ਦੀ ਪਿੰਜਣੀ, ਉਤੋਂ ਬਿਰਕਿਆ।
ਹੋਛੀ ਹਿੜ ਹਿੜ ਵਲ ਕਿਸੇ ਧਿਆਨ ਨਾ ਦਿਤਾ ।
ਤ੍ਰਬੈਣੀ ਦੇ ਕੂਲੇ ਪੱਤਿਆਂ ਵਿਚ ਇਕ ਤਿਖਾ ਬੁਲ੍ਹਾ ਫੜਫੜਾਇਆ ।ਥੜ੍ਹੇ ਉਤੇ ਖਲੋਤੇ ਕਵੀ ਦੇ ਬੁੱਲਾਂ ਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ :

ਸਾਡੇ ਫੁਲਾਂ ਦਾ ਸੂਹਾ ਸੂਹਾ ਰੰਗ ਵੇ,
ਜੰਗ-ਬਾਜ਼ਾ-ਓ ਵੈਰੀਆ !
ਸਾਥੋਂ ਦੂਰੋਂ ਦੂਰੋਂ ਦੀ ਲੰਘ ਵੇ !
ਸਾਡੇ ਖੇਤਾਂ 'ਚ ਨਿਕੇ ਨਿਕੇ ਟਿਬੜੇ,
ਛਹ ਕੇ ਭਿਟ ਨਾਂ ਦਈਂ,
ਤੇਰੇ ਪੈਰ ਲਹੂ ਨਾਲ ਲਿਬੜੇ !

ਇਕ ਚਿਟ-ਕਪੜੀਏ ਨੇ, ਜਿਹੜਾ ਪੁਲਸ ਦੇ ਸਿਪਾਹੀਆਂ ਦੇ ਵਿਚਾਲੇ, ਭਰੀਆਂ ਹੋਈਆਂ ਬੰਦੂਕਾਂ ਦੀ ਓਟ ਵਿਚ, ਮੰਜੇ ਉਤੇ ਝੂਠ ਮੂਠ ਦਾ, ਆਕੜਿਆ ਬੈਠਾ ਸੀ, ਛੇਤੀ ਛੇਤੀ ਪਿਨਸਲ ਨਾਲ ਕੁਝ ਕਾਰਜ਼ ਉਤੇ ਲਿਖਿਆ । ਤਾਈ ਨਿਹਾਲੀ ਉਸ ਵਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲਗੀ : ਤਾਈ ਨੂੰ ਪਤਾ ਸੀ, ਕਿ ਅੰਗਰੇਜ਼ ਦੇ ਰਾਜ ਵੇਲੇ, ਜਦੋਂ ਕਾਂਗਰਸ ਅਜ਼ਾਦੀ ਮੰਗਦੀ ਹੁੰਦੀ ਸੀ ਤੇ, ਉਹਦੇ ਪਿੰਡ ਇਥੇ ਥਾਂ ਜਲਸਾ ਹੋਇਆ ਸੀ, ਤਾਂ ਉਦੋਂ ਵੀ, ਇਸ ਖ਼ੁਫੀਏ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ, ਤੇ ਉਹਦੇ ਪਿੰਡ ਦੇ ਤਿੰਨ ਮੁੰਡੇ ਕੈਦ ਹੋ ਗਏ ਸਨ । ਹੁਣ ਅਜ਼ਾਦੀ ਮਿਲਣ ਪਿਛੋਂ, ਜਦ ਰਾਜ ਕਾਂਗਰਸ ਦਾ ਹੋ ਗਿਆ, ਤਾਂ ਉਹੀ ਖੁਫੀਆ ਅਜ ਫੇਰ ਉਹਨਾਂ ਦੇ ਅਮਨ ਦੇ ਜਲਸੇ ਵਿਚ ਬੈਠਾ ਡਾਇਰੀ ਲਿਖ ਰਿਹਾ ਹੈ !
ਤਾਈ ਨੇ ਹਰਖ ਨਾਲ ਸਿਰਾਂ ਦੀ ਪੱਧਰ ਵਿਚੋਂ ਧੌਣ ਚੁਕ ਤੇ ਖੁਫੀਏ ਵਲ ਕੈਰੀਆਂ ਅੱਖਾਂ ਨਾਲ ਕਚੀਚੀ ਵਟ ਕੇ ਬੋਲੀ :
''ਤੈਨੂੰ ਕੀਹਨੇ ਸਦਿਐ ਬੇ, ਨੂਣ ਹਰਾਮੀਆਂ...?''
ਸਾਰੇ ਲੋਕਾਂ ਨੇ ਪੁਲਸ ਵਲ ਨਫ਼ਰਤ ਨਾਲ ਦੇਖਿਆ । ਥਾਣੇਦਾਰ ਨੂੰ ਅੱਗ ਲਗ ਗਈ । ਪਸਤੌਲ ਨੂੰ ਹਥ ਪਾਕੇ ਉਹ ਕਿਲ੍ਹਿਆ :
"ਬੰਦ ਕਰੋ, ਇਸ ਪਖੰਡ ਨੂੰ-ਦਸਖ਼ਤ, ਦਸਖ਼ਤ ਲੋਕਾਂ ਵਿਚ ਬਦ-ਅਮਨੀ ਫੈਲ ਰਹੀ ਹੈ !"
"ਕੌਣ ਜੰਮਿਐ ਏ ਸਾਡੇ ਜਲਸੇ ਨੂੰ ਰੋਕਣ ਵਾਲਾ...?" ਤਾਈ ਗਰਜ ਉਠੀ। ਜਲਸੇ ਵਿਚ ਬੈਠੇ ਗਭਰੂਆਂ ਦੇ ਡੌਲੇ ਫਰ੍ਹਕਣ ਲਗੇ । ਤੇ ਸ਼ਮਲਿਆਂ ਵਾਲੇ ਕਈ ਲਟਬੌਰੇ ਤੰਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ ।
"ਹੁਸ਼ਿਆਰ......!"
ਇਕ ਹੁਕਮ ਹੋਰ ਕੜਕਿਆ ।
ਬੰਦੂਕਾਂ ਹਵਾ ਵਿਚ ਤਣ ਗਈਆਂ।
"ਖੜ੍ਹੋ ਥੋਡੇ ਮਾਂ-ਮਸ਼ਕਰਿਆਂ ਦੇ ਟੁਟ ਜਾਣੇ......ਜਿਸ ਧਰਤੀ ਦਾ ਖਾਂਦੇ ਓ, ਉਸੇ ਨਾਲ ਧਰੋਹ.....! '' ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਪਸਾਰ ਕੇ ਪੁਲਸੀਆਂ ਨੂੰ ਲਲਕਾਰਾ ਮਾਰਿਆ।
ਥੜ੍ਹੇ ਉਤੋਂ ਨਾਅਰੇ ਲਗੇ:
''ਸਿਪਾਹੀ ਸਾਡੇ ਸਾਥੀ ਨੇ !''
''ਅਫ਼ਸਰ ਸਾਡੇ ਵੈਰੀ ਨੇ !''
ਥਾਣੇਦਾਰ ਛਿੱਥਾ ਪੈ ਗਿਆ। ਸਿਪਾਹੀ ਦਹਿਲ ਗਏ-- ਬੰਦੂਕਾਂ ਦੇ ਮੂੰਹ ਮੁੜ ਗਏ ।
ਤਾਈ ਨੇ ਭਰੇ ਇਕੱਠ ਵੱਲ ਬਾਂਹ ਉਲਾਰ ਕੇ ਆਖਿਆ :
''ਆਓ ਨੀ ਕੁੜੀਓ, ਆਓ ਵੇ ਮੁੰਡਿਓ, ਨੀਂ ਕਰਨੈਲ ਕੁਰੇ -ਆ ਬੇ-ਬੰਤ -ਸਾਰੇ ਕਾਗਤ 'ਤੇ ਗੂਠੇ ਲਾਓ...!" ਤਾਈ ਦੇ ਪਸ਼ਮ ਵਰਗੇ ਚਿੱਟੇ ਵਾਲ ਸਾਊ ਪੰਛੀ ਦੇ ਪਰਾਂ ਵਾਂਗ ਫਰ ਫਰਾਏ-ਤੇ ਉਹਨੇ ਅਗੇ ਵਧ ਕੇ, ਸਭ ਤੋਂ ਪਹਿਲਾਂ ਕਾਗ਼ਜ਼ 'ਤੇ ਅਪਣਾ ਅੰਗੂਠਾ ਲਾ ਦਿਤਾ।
ਤ੍ਰਬੈਣੀ ਦੀਆਂ ਸਿਖਰਲੀਆਂ ਟਹਿਣੀਆਂ ਵਿਚ ਬੱਦਲੀ ਖੰਭ ਫੜ-ਫੜਾਏ, ਹਰੇ ਪੱਤਿਆਂ 'ਚੋਂ ਵਾਜ ਆਈ:
"ਘੁਗੂੰ-ਘੂੰ--ਘੁਗੂੰ-ਘੂੰ"

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com