Punjabi Stories/Kahanian
ਗਾਇ ਦਿ ਮੋਪਾਸਾਂ
Guy De Maupassant
 Punjabi Kahani
Punjabi Kavita
  

Tasveer De Dovein Paase Guy De Maupassant

ਤਸਵੀਰ ਦੇ ਦੋਵੇਂ ਪਾਸੇ ਗਾਇ ਦਿ ਮੋਪਾਸਾਂ

ਹਾਰੀ ਹੋਈ ਫ਼ੌਜ ਦੇ ਕਈ ਦਸਤੇ ਰੋਈਨ ਸ਼ਹਿਰ ਵਿਚੋਂ ਹੋ ਕੇ ਲੰਘ ਰਹੇ ਸਨ। ਇਹ ਢਾਣੀਆਂ ਬੜੀ ਉਘੜ-ਦੁਘੜੀ ਹਾਲਤ ਵਿਚ ਸਨ ਤੇ ਸਿਪਾਹੀਆਂ ਦੀ ਅਤਿ ਬੁਰੀ ਹਾਲਤ ਸੀ। ਦਾੜ੍ਹੀਆਂ ਗੰਦੀਆਂ ਤੇ ਬੇਸੁਰੀਆਂ ਵਧੀਆਂ ਹੋਈਆਂ। ਵਰਦੀਆਂ ਲੀਰੋ-ਲੀਰ। ਬੜੇ ਢਿੱਲਮ-ਢਿੱਲੇ ਜਿਹੇ ਢੰਗ ਨਾਲ ਤੁਰੇ ਜਾ ਰਹੇ ਸਨ। ਨਾ ਕੋਈ ਉਨ੍ਹਾਂ ਪਾਸ ਝੰਡਾ ਸੀ ਤੇ ਨਾ ਹੀ ਕੋਈ ਅਫ਼ਸਰ। ਸਭ ਦੇ ਸਭ ਥੱਕੇ ਹੋਏ, ਘਬਰਾਏ ਹੋਏ ਤੇ ਸੁਸਤ ਮਲੂਮ ਹੁੰਦੇ ਸਨ। ਉਹ ਲੋਕ ਜਿਵੇਂ ਨਾ ਕੁਝ ਸੋਚ ਸਕਦੇ ਸਨ, ਤੇ ਨਾ ਹੀ ਕੋਈ ਇਰਾਦਾ ਰੱਖਦੇ ਸਨ। ਜਾਪਦਾ ਸੀ ਜਿਵੇਂ ਆਦਤ ਦੇ ਬੰਨ੍ਹੇ ਹੋਏ ਹੀ ਤੁਰੇ ਜਾ ਰਹੇ ਹਨ। ਜਦੋਂ ਵੀ ਕਿਤੇ ਰੁਕਦੇ, ਝਟ-ਪਟ ਧਰਤੀ ‘ਤੇ ਲੇਟ ਜਾਂਦੇ ਜਿਵੇਂ ਸਰੀਰਾਂ ਵਿਚ ਜਾਨ ਹੀ ਨਹੀਂ ਹੁੰਦੀ।
ਇਸ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਫੌਜ ਵਿਚ ਆਮ ਕਰ ਕੇ ਸ਼ਹਿਰਾਂ ਦੇ ਨੱਥੂ ਖੈਰੇ ਹੀ ਭਰਤੀ ਕੀਤੇ ਹੋਏ ਸਨ। ਇਸੇ ਕਰ ਕੇ ਬੰਦੂਕ ਚਲਾਉਣੀ ਤਾਂ ਦੂਰ, ਮੋਢੇ ‘ਤੇ ਚੁੱਕਣੀ ਵੀ ਵਿਚਾਰਿਆਂ ਨੂੰ ਭਾਰੂ ਸੀ। ਬਹੁਤ ਸਾਰੇ ਤਾਂ ਮੱਸ-ਫੁਟ ਗੱਭਰੂ ਹੀ ਸਨ, ਤੇ ਕਈ ਉਨ੍ਹਾਂ ਤੋਂ ਵੀ ਛੋਟੇ ਅਲੂੰਏਂ ਜਿਹੇ ਮੁੰਡੇ ਸਨ ਜਿਹੜੇ ਵਿਚਾਰੇ ਬੰਦੂਕ ਚੱਲਣ ਦੀ ਆਵਾਜ਼ ਸੁਣ ਕੇ ਤ੍ਰਭਕ ਜਾਂਦੇ। ਫਿਰ ਵੀ ਉਨ੍ਹਾਂ ਵਿਚ ਦੇਸ਼ ਭਗਤੀ ਦਾ ਸੁਭਾਵਿਕ ਜਿਹਾ ਉਤਸ਼ਾਹ ਜ਼ਰੂਰ ਸੀ। ਇਹ ਨੱਠਣ ਵਿਚ ਵੀ ਉਨੇ ਹੀ ਕਾਹਲੇ ਹੁੰਦੇ ਸਨ, ਜਿੰਨੇ ਹਮਲਾ ਕਰਨ ਵਿਚ।
ਇਸ ਮੁੰਡ੍ਹੀਰ ਵਾਧੇ ਵਿਚ ਲਾਲ ਬਿਰਜਸਾਂ ਵਾਲੇ ਪਕੇਰੇ ਸਿਪਾਹੀ ਵੀ ਟਾਂਵੇਂ ਟਾਂਵੇਂ ਦਿਖਾਈ ਦਿੰਦੇ ਸਨ। ਇਹ ਲੋਕ ਉਸ ਫੌਜ ਦੇ ਬਚੇ-ਖੁਚੇ ਜਵਾਨ ਸਨ ਜਿਹੜੀ ਦੁਸ਼ਮਣ ਦੇ ਭਿਆਨਕ ਹਮਲੇ ਦੀ ਮਾਰ ਹੇਠ ਆ ਚੁੱਕੀ ਸੀ। ਇਨ੍ਹਾਂ ਨਾਲ ਤੋਪਖਾਨੇ ਦੇ ਕੁਝ ਸਿਪਾਹੀ ਵੀ ਸਨ। ਇਸ ਲਈ ਕਿਤੇ-ਕਿਤੇ ਘੋੜ ਸਵਾਰਾਂ ਦੇ ਚਮਕਦਾਰ ਲੋਹੇ ਦੇ ਟੋਪ ਨਜ਼ਰੀਂ ਆਉਂਦੇ ਸਨ। ਇਨ੍ਹਾਂ ਸਵਾਰਾਂ ਨੂੰ ਪੈਦਲ ਸਿਪਾਹੀਆਂ ਨਾਲ ਰਲ ਕੇ ਤੁਰਨਾ ਬੜਾ ਔਖਾ ਜਾਪਦਾ ਸੀ।
ਤੇ ਇਨ੍ਹਾਂ ਜਥਿਆਂ ਦੇ ਅਫ਼ਸਰ ਕੌਣ ਸਨ? ਆੜ੍ਹਤੀ, ਨੌਜਵਾਨ ਜਾਂ ਸਾਬਣ ਫਰੋਸ਼ ਜਿਹੜੇ ਜਾਂ ਤਾਂ ਧਿੰਗੋਜ਼ੋਰੀ ਫੌਜ ਵਿਚ ਭਰਤੀ ਕੀਤੇ ਗਏ ਸਨ, ਜਾਂ ਫਿਰ ਕਿਸੇ ਲੈਕਚਰਾਰ ਦਾ ਭਰਤੀ ਬਾਰੇ ਜੋਸ਼ੀਲਾ ਲੈਕਚਰ ਸੁਣ ਕੇ ਭਰਤੀ ਹੋ ਗਏ ਸਨ। ਕੁਝ ਕੁ ਅਮੀਰਾਂ ਦੇ ਮੁੰਡੇ ਵੀ ਸਨ ਜਿਨ੍ਹਾਂ ਨੂੰ ਕੇਵਲ ਅਮੀਰਜ਼ਾਦੇ ਹੋਣ ਕਰ ਕੇ ਹੀ ਅਹੁਦੇਦਾਰ ਬਣਾ ਦਿੱਤਾ ਗਿਆ ਸੀ। ਇਹ ਲੋਕ ਬੜੀ ਸ਼ਾਨ ਨਾਲ ਹਥਿਆਰ ਸਜਾਈ, ਸੁਨਹਿਰੀ ਫ਼ੀਤਿਆਂ ਵਾਲੀਆਂ ਫਲਾਲੈਣ ਦੀਆਂ ਕੂਲੀਆਂ ਵਰਦੀਆਂ ਪਾਈ, ਆਕੜ ਕੇ ਗੱਲ ਕਰ ਕਰਦੇ, ਲੜਾਈ ਦੇ ਤੌਰ-ਤਰੀਕਿਆਂ ਬਾਰੇ ਬਹਿਸ-ਮੁਬਾਹਿਸਾ ਕਰਦੇ ਤੇ ਆਪ ਤੋਂ ਹੇਠਲਿਆਂ ਨਾਲ ਇੰਜ ਵਰਤਾਉ ਕਰਦੇ ਸਨ, ਜਿਵੇਂ ਫ਼ਰਾਂਸ ਦੀ ਕਾਮਯਾਬੀ ਦਾ ਸਾਰਾ ਬੋਝ ਇਨ੍ਹਾਂ ਦੇ ਮੋਢਿਆਂ ‘ਤੇ ਹੈ; ਪਰ ਹਕੀਕਤ ਇਹ ਸੀ ਕਿ ਇਨ੍ਹਾਂ ਵਿਚੋਂ ਬਹੁਤੇ ਆਪਣੇ ਹੀ ਉਨ੍ਹਾਂ ਆਦਮੀਆਂ ਤੋਂ ਡਰਦੇ ਸਨ ਜਿਹੜੇ ਜੂਏਬਾਜ਼ੀ, ਚੋਰੀ-ਚਕਾਰੀ ਜਾਂ ਹੋਰ ਇਹੋ ਜਿਹਾ ਉਚੱਕਪਣਾ ਛੱਡ ਕੇ ਫੌਜ ‘ਚ ਭਰਤੀ ਹੋ ਗਏ ਸਨ।
... ਤੇ ਅਫ਼ਵਾਹ ਫੈਲੀ ਹੋਈ ਸੀ ਕਿ ਜਰਮਨ ਫੌਜ ਰੋਈਨ ਕਸਬੇ ਵਿਚ ਦਾਖ਼ਲ ਹੋਣ ਵਾਲੀ ਹੈ।
ਦੇਸ਼ ਭਗਤ ਵਾਲੰਟੀਅਰ ਜਥੇ ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਬੜੀ ਚੌਕਸੀ ਨਾਲ ਲਾਗਲੇ ਜੰਗਲਾਂ ਵਿਚ ਚੱਕਰ ਲਾ ਰਹੇ ਸਨ; ਜਿਹੜੇ ਕਈ ਵਾਰੀ ਰਤਾ ਜਿੰਨੇ ਖੜਾਕ ਤੋਂ ਘਬਰਾ ਕੇ ਆਪਣੇ ਹੀ ਸੰਤਰੀਆਂ ‘ਤੇ ਗੋਲੀ ਚਲਾ ਦਿੰਦੇ ਤੇ ਜਦੋਂ ਹੀ ਕੋਈ ਹਰਨ ਜਾਂ ਸਹਿਆ ਜੰਗਲ ਵਿਚੋਂ ਸਰ ਕਰਦਾ ਲੰਘ ਜਾਂਦਾ, ਝਟ ਅਟੈਨਸ਼ਨ ਹੋ ਕੇ ਲੜਾਈ ਲਈ ਤਿਆਰ ਹੋ ਜਾਂਦੇ ਸਨ; ਹੁਣ ਇਹ ਸਾਰੇ ਘਰਾਂ ਨੂੰ ਮੁੜੇ ਆ ਰਹੇ ਸਨ। ਵਿਚਾਰਿਆਂ ਦੀ ਬੁਰੀ ਹਾਲਤ ਸੀ। ਉਨ੍ਹਾਂ ਦੀ ਐਂਠ-ਪੈਂਠ ਜਿਸ ਦੀ ਮਦਦ ਨਾਲ ਉਨ੍ਹਾਂ ਨੇ ਬਾਰਾਂ ਕੋਹਾਂ ਤੀਕ ਰਹਿਣ ਵਾਲੇ ਲੋਕਾਂ ਨੂੰ ਕਾਂਬਾਂ ਛੇੜ ਰੱਖਿਆ ਸੀ, ਇਸ ਵੇਲੇ ਸਭ ਘਰੁੱਲ ਹੋ ਚੁੱਕੀ ਸੀ।
ਫਰਾਂਸੀਸੀ ਫੌਜੀਆਂ ਦੀ ਛੇਕੜਲੀ ਟੁਕੜੀ ‘ਪਾਂਟ ਉਡੇ ਮੋਰ’ ਵੱਲ ਜਾਣ ਲਈ ਸੀਲ (ਦਰਿਆ) ਵਿਚ ਠਿੱਲ੍ਹ ਰਹੀ ਸੀ। ਟੁਕੜੀ ਦਾ ਕਮਾਂਡਰ ਦੂੰਹ ਅਰਦਲੀਆਂ ਵਿਚਾਲੇ ਚਲਿਆ ਜਾ ਰਿਹਾ ਸੀ। ਆਪਣੀ ਥੱਕੀ-ਹਾਰੀ ਤੇ ਬਚੀ-ਖੁਚੀ ਟੁਕੜੀ ਨੂੰ ਉਹ ਕੁਝ ਵੀ ਹੁਕਮ ਦੇਣੋਂ ਅਸਮਰੱਥ ਸੀ। ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਜਿਸ ਦੇਸ਼ ਨੂੰ ਸਦਾ ਜਿੱਤਣ ਦੀ ਆਦਤ ਪਈ ਹੋਈ ਸੀ, ਉਹ ਆਪਣੀ ਇਤਿਹਾਸਕ ਬੀਰਤਾ ਦੇ ਹੁੰਦਿਆਂ-ਸੁੰਦਿਆਂ, ਅੱਜ ਕਦਮ-ਕਦਮ ‘ਤੇ ਕਿਉਂ ਹਾਰਦਾ ਜਾ ਰਿਹਾ ਹੈ!
ਫੌਜੀ ਟੁਕੜੀਆਂ ਲੰਘ ਜਾਣ ਤੋਂ ਬਾਅਦ ਰੋਈਨ ਵਿਚ ਸੰਨਾਟਾ ਜਿਹਾ ਛਾ ਗਿਆ। ਸ਼ਹਿਰ ਦੇ ਸਾਰੇ ਵਾਸੀ ਕਿਸੇ ਭਵਿਖ ਦੇ ਡਰ ਨਾਲ ਸਹਿਮੇ ਹੋਏ ਫਿਰਦੇ ਸਨ। ਬਹੁਤ ਸਾਰੇ ਗੰਗੜ ਸ਼ਾਹ ਜਿਹੜੇ ਸਾਰੀ ਉਮਰ ‘ਧੇਲੇ ਦੀ ਧੇਲੀ, ਤੇ ਧੇਲੀ ਦੀ ਹਵੇਲੀ’ ਬਣਾਉਂਦੇ ਬਣਾਉਂਦੇ ਉਕਾ ਹੀ ਨਕਾਰੇ ਹੋ ਗਏ ਸਨ, ਬੜੀ ਚਿੰਤਾ ਨਾਲ ਆਪਣੇ ਦੇਸ਼ ਦੀਆਂ ਹਾਰੀਆਂ ਹੋਈਆਂ ਫੌਜਾਂ ਦੇ ਆਉਣ ਦਾ ਤੌਖਲਾ ਕਰ ਰਹੇ ਸਨ। ਵਧੇਰੇ ਡਰ ਉਨ੍ਹਾਂ ਨੂੰ ਇਸ ਗੱਲ ਦਾ ਸੀ ਕਿ ਫੌਜੀ ਕਿਤੇ ਉਨ੍ਹਾਂ ਦੀਆਂ ਰਸੋਈਆਂ ਵਿਚ ਵੜ ਕੇ ਮੱਖਣ ਦੇ ਡੱਬੇ ਤੇ ਡਬਲ ਰੋਟੀਆਂ ਨਾ ਚੁੱਕ ਖੜਨ।
ਰੋਜ਼ਾਨਾ ਜ਼ਿੰਦਗੀ ਦੀ ਮਸ਼ੀਨ ਖਲੋ ਜਿਹੀ ਗਈ। ਦੁਕਾਨਾਂ ਬੰਦ ਪਈਆਂ ਸਨ ਤੇ ਸੜਕਾਂ ਸੁੰਨ-ਮਸਾਨ। ਕਦੇ ਕੋਈ ਟਾਂਵਾਂ ਟਾਂਵਾ ਸ਼ਹਿਰੀ ਕਿਸੇ ਕੰਧ ਦੇ ਉਹਲੇ ਹੋ ਕੇ ਬਿੱਲੀ ਵਾਂਗ ਦੁਬਕਿਆ ਹੋਇਆ ਲੰਘਦਾ ਦਿਖਾਈ ਦਿੰਦਾ ਸੀ। ਮੁਕਦੀ ਗੱਲ, ਹਰ ਬੰਦਾ ਦੁਸ਼ਮਣ ਦੇ ਆਉਣ ਦੀ ਉਡੀਕ ਵਿਚ ਸੀ। ਦੂਜੇ ਦਿਨ ਦੁਪਹਿਰੇ ਬਹੁਤ ਸਾਰੇ ਘੋੜ ਸਵਾਰ ਪਤਾ ਨਹੀਂ ਕਿਹੜੇ ਰਸਤਿਉਂ ਸ਼ਹਿਰ ਵਿਚ ਆ ਵੜੇ। ਇਸ ਤੋਂ ਕੁਝ ਚਿਰ ਬਾਅਦ ਸਾਹਮਣੀ ਪਹਾੜੀ (ਸੇਂਟ ਕੈਥੇਰਿਨ ਹਿੱਲ) ਉੁਤੇ ਧੁੰਦਲਾ ਜਿਹਾ ਮਨੁੱਖੀ ਇਕੱਠ ਦਿਖਾਈ ਦਿਤਾ। ਇਸ ਤੋਂ ਛੁੱਟ ਜਰਮਨ ਫੌਜਾਂ ‘ਡਾਰਨੇਟਲ’ ਤੋਂ ‘ਬੋਈਸ ਬਿਲੋਮ’ ਦੀਆਂ ਦੋ ਸੜਕਾਂ ‘ਤੇ ਨਜ਼ਰੀ ਆਈਆਂ। ਇਨ੍ਹਾਂ ਤਿੰਨਾਂ ਹੀ ਪਲਟਣਾਂ ਦੇ ਅਫਸਰ ਠੀਕ ਇਕੋ ਸਮੇਂ ਸ਼ਹਿਰ ਦੇ ‘ਡੀ ਹੋਟਲ’ ਜਿਹੜਾ ਚੌਕ ਦੇ ਐਨ ਵਿਚਕਾਰ ਸੀ, ਵਿਚ ਆਣ ਵੜੇ।
ਹੌਲੀ-ਹੌਲੀ ਰੋਈਨ ਦੇ ਸਾਰੇ ਬਾਜ਼ਾਰ ਜਰਮਨ ਸਿਪਾਹੀਆਂ ਨੇ ਭਰ ਘੱਤੇ। ਉਨ੍ਹਾਂ ਦੇ ਮੇਚਵੇਂ ਕਦਮਾਂ ਦੀਆਂ ਥੱਪ-ਥੱਪ ਆਵਾਜ਼ਾਂ ਸਾਰੇ ਸ਼ਹਿਰ ਵਿਚ ਗੂੰਜਣ ਲੱਗੀਆਂ ਤੇ ਸਿਪਾਹੀਆਂ ਦੀ ‘ਘਬਰ ਘਬਰ’ ਓਪਰੀ ਬੋਲੀ ਘਰਾਂ ਦੀਆਂ ਖਿੜਕੀਆਂ ਨਾਲ ਟਕਰਾਉਣ ਲੱਗੀ। ਸਭ ਬੂਹੇ ਬਾਰੀਆਂ ਬੰਦ ਸਨ, ਤੇ ਉਨ੍ਹਾਂ ਦੇ ਪਿਛੇ ਹਜ਼ਾਰਾਂ ਸਹਿਮੀਆਂ ਅੱਖਾਂ, ਝੀਤਾਂ ਥਾਣੀਂ ਜੇਤੂ ਦੁਸ਼ਮਣਾਂ ਦੇ ਖੂਨੀ ਮੂੰਹਾਂ ਉਥੇ ਗੱਡੀਆਂ ਹੋਈਆਂ ਸਨ।
ਜੰਗੀ ਅਧਿਕਾਰਾਂ ਅਨੁਸਾਰ ਇਹ ਜਰਮਨ ਸਿਪਾਹੀ ਹੁਣ ਇਸ ਸ਼ਹਿਰ ਦੀ ਹਰ ਚੀਜ਼, ਤੇ ਹਰ ਆਦਮੀ ਦੇ ਮਾਲਕ ਸਨ। ਸਾਰੇ ਸ਼ਹਿਰੀ ਆਪੋ-ਆਪਣੇ ਹਨੇਰੇ ਕਮਰਿਆਂ ਵਿਚ ਇਸ ਤਰ੍ਹਾਂ ਘਾਬਰੇ ਬੈਠੇ ਸਨ ਜਿਵੇਂ ਉਨ੍ਹਾਂ ‘ਤੇ ਮੌਤ ਮੰਡਲਾ ਰਹੀ ਹੈ।
ਅਚਾਨਕ ਭੁਚਾਲ ਆ ਜਾਣ ਕਰ ਕੇ ਜਿਸ ਤਰ੍ਹਾਂ ਸਭ ਕੁਝ ਤਹਿਸ-ਨਹਿਸ ਹੋ ਜਾਂਦਾ ਹੈ, ਨਦੀਆਂ ਵਿਚ ਹੜ੍ਹ ਆ ਜਾਂਦਾ ਹੈ, ਤੇ ਉਸ ਦੀਆਂ ਲ਼ਹਿਰਾਂ ਵਿਚ ਮਨੁੱਖ ਪਸ਼ੂ ਆਦਿ ਸਭ ਕੁਝ ਰੁੜ੍ਹਨਾ ਸ਼ੁਰੂ ਹੋ ਜਾਂਦਾ ਹੈ; ਇਸੇ ਤਰ੍ਹਾਂ ਦੁਸ਼ਮਣ ਦੀਆਂ ਜੇਤੂ ਫੌਜਾਂ ਜਿਹੜੀਆਂ ਜਾਨ ਬਚਾਉਣ ਲਈ ਨੱਸਦੇ ਲੋਕਾਂ ਨੂੰ ਸੰਗੀਨਾਂ ਨਾਲ ਪਰੋਣ ਵਿਚ ਸੁਆਦ ਦਾ ਅਨੁਭਵ ਕਰਦੀਆਂ, ਤੇ ਲੁਕੇ ਬੈਠਿਆਂ ਨੂੰ ਕੈਦੀ ਬਣਾਉਣ ਵਿਚ ਆਪਣੇ ਫ਼ਰਜ਼ ਦੀ ਪੂਰਤੀ ਖਿਆਲ ਕਰਦੀਆਂ ਹਨ, ਅਥਵਾ ਜਿੱਤ ਦੀ ਖੁਸ਼ੀ ਵਿਚ ਲੁੱਟ-ਮਾਰ ਦਾ ਬਜ਼ਾਰ ਗਰਮ ਕਰਦੀਆਂ ਹੋਈਆਂ ਰੱਬ ਦਾ ਧੰਨਵਾਦ ਕਰਦੀਆਂ ਹਨ; ਇਨ੍ਹਾਂ ਹੀ ਬੇਜੋੜ ਹੋਣੀਆਂ ਨੂੰ ਵੇਖ-ਵੇਖ ਕੇ ਰੱਬੀ ਇਨਸਾਫ਼ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਂਦਾ ਹੈ। ਇਸ ਦੇ ਨਾਲ ਹੀ ਬਾਲਪਣੇ ਤੋਂ ਸਾਨੂੰ ਜਿਹੜਾ ਰੱਬ ‘ਤੇ ਵਿਸ਼ਵਾਸ ਰੱਖਣ ਦਾ ਸਬਕ ਸਿਖਾਇਆ ਜਾਂਦਾ ਹੈ, ਉਹ ਵੀ ਜਾਂਦਾ ਰਹਿੰਦਾ ਹੈ।
ਜਰਮਨਾਂ ਦੇ ਛੋਟੇ-ਛੋਟੇ ਟੋਲੇ ਹਰ ਮਕਾਨ ਦੇ ਬੂਹੇ ਜਾ ਖੜਕਾਉਂਦੇ। ਜੇ ਕੋਈ ਰਜ਼ਾਮੰਦੀ ਨਾਲ ਖੋਲ੍ਹ ਦਿੰਦਾ ਤਾਂ ਭਲੀ ਵਾਹਵਾ; ਨਹੀਂ ਤਾਂ ਬੰਦੂਕਾਂ ਦੇ ਕੁੰਦਿਆਂ ਨਾਲ ਤੋੜ ਸੁੱਟਦੇ। ਫ਼ਿਰ ਅੰਦਰ ਜਾ ਕੇ ਘਰ ਵਾਲਿਆਂ ਨੂੰ ਬਿਨਾਂ ਕੁਝ ਕਿਹਾਂ-ਸੁਣਿਆਂ, ਸਾਰੇ ਘਰ ਨੂੰ ਪਿਉ-ਦਾਦੇ ਦੀ ਵਿਰਾਸਤ ਸਮਝ ਕੇ ਪਥੱਲਾ ਮਾਰ ਬਹਿੰਦੇ ਹਨ। ਕੁਝ ਨਾ ਕਹਿਣ ਦੀ ਮਿਹਰਬਾਨੀ ਵੀ ਇਸ ਲਈ ਕਰਦੇ ਸਨ ਕਿ ਅਫ਼ਸਰਾਂ ਵੱਲੋਂ ਉਨ੍ਹਾਂ ਲੋਕਾਂ ਨੂੰ ਖਾਸ ਤੌਰ ‘ਤੇ ਚਿਤਾਵਨੀ ਕੀਤੀ ਗਈ ਸੀ ਕਿ ਕਿਸੇ ਸ਼ਹਿਰੀ ਨਾਲ ਬਦਸਲੂਕੀ ਨਾ ਕਰਨ। ਇਸ ਨਿਮਰਤਾ ਦਾ ਕਾਰਨ ਸ਼ਾਇਦ ਇਹ ਸੀ ਕਿ ਇੰਨ੍ਹੀਂ ਦਿਨੀਂ ਜਰਮਨ ਸਿਪਾਹੀਆਂ ਦੇ ਵਹਿਸ਼ੀਪੁਣੇ ਦੀ ਚਰਚਾ ਬਹੁਤ ਵਧ ਗਈ ਸੀ ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਉਪਰੋਂ ਹੀ ਕੋਈ ਇਹੋ ਜਿਹਾ ਹੁਕਮ ਆਇਆ ਜਾਪਦਾ ਸੀ।
ਥੋੜ੍ਹੀ ਦੇਰ ਮਗਰੋਂ, ਜਦ ਪਹਿਲਾ ਸਹਿਮ ਕੁਝ ਕੱਸਾ ਹੋ ਗਿਆ, ਤਾਂ ਹੌਲੀ-ਹੌਲੀ ਸ਼ਹਿਰ ਵਿਚ ਫੇਰ ਨਵੇਂ ਸਿਰਿਉਂ ਟਾਂਵੀਂ-ਟਾਂਵੀਂ ਰੌਣਕ ਦਿਸਣ ਲੱਗੀ। ਬਹੁਤ ਸਾਰੇ ਘਰੀਂ ਜਰਮਨ ਅਫ਼ਸਰ, ਘਰਵਾਲਿਆਂ ਨਾਲ ਰਲ ਕੇ ਇਕੋ ਮੇਜ਼ ਉਤੇ ਖਾਂਦੇ-ਪੀਂਦੇ ਦਿਖਾਈ ਦੇਣ ਲੱਗੇ। ਅਫ਼ਸਰ ਲਗਭਗ ਸਾਰੇ ਹੀ ਬੜੇ ਚਾਪਲੂਸ ਤੇ ਮੀਸਣੇ ਸਨ। ਉਹ ਉਤੋਂ-ਉਤੋਂ ਫ਼ਰਾਂਸੀਸੀਆਂ ਨਾਲ ਖੂਬ ਹਮਦਰਦੀ ਭਰਿਆ ਵਰਤਾਉ ਕਰਦੇ, “ਸਾਨੂੰ ਤਾਂ ਐਵੇਂ ਬਦੋ-ਬਦੀ ਲੜਾਈ ਵਿਚ ਧੱਕ ਦਿੱਤਾ ਗਿਆ ਹੈ, ਨਹੀਂ ਤਾਂ ਸਾਨੂੰ ਕੀ ਲੋੜ ਸੀ ਤੁਹਾਨੂੰ ਤੰਗ ਕਰਨ ਦੀ... ।” ਤੇ ਸ਼ਹਿਰ ਦੇ ਕਈ ਬੁਟਰੂ ਲੋਕ ਇਨ੍ਹਾਂ ਬਗਲੇ ਭਗਤਾਂ ਦੀਆਂ ਗੱਲਾਂ ਦਾ ਇਤਬਾਰ ਕਰ ਕੇ ਉਨ੍ਹਾਂ ਦਾ ਧੰਨਵਾਦ ਕਰਨ ਲੱਗ ਪੈਂਦੇ। ਇਸ ਤੋਂ ਛੁੱਟ ਸ਼ਹਿਰੀਆਂ ਨੂੰ ਇਹ ਵੀ ਤਾਂ ਦਿਸਦਾ ਸੀ ਕਿ ਛੁੱਟ ‘ਜੀ ਹਜ਼ੂਰ’ ਕਹਿਣ ਤੋਂ ਹੋਰ ਉਨ੍ਹਾਂ ਦੀ ਵਾਹ ਹੀ ਕੀ ਹੈ! ਹੋਰ ਨਹੀਂ ਤਾਂ ਇਸ ਮਿੱਠ-ਪਿਆਰ ਸਦਕਾ ਉਹ ਆਪਣੇ ਮਕਾਨਾਂ ਵਿਚ ਪ੍ਰਾਹੁਣਿਆਂ ਦੀ ਗਿਣਤੀ ਘੱਟ ਕਾਰਨ ਵਿਚ ਹੀ ਕੁਝ ਸਫ਼ਲ ਹੋ ਸਕਦੇ ਹਨ। ਨਾਲੇ ਨੀਤੀ ਦੇ ਨੁਕਤੇ ਤੋਂ ਵੀ ਉਹ ਲੋਕ ਉਸ ਆਦਮੀ ਦੇ ਗੁੱਸੇ ਨੂੰ ਭੜਕਾਉਣਾ ਨਹੀਂ ਸਨ ਚਾਹੁੰਦੇ ਜਿਸ ਦਾ ਇਕ ਇਸ਼ਾਰਾ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋ ਸਕਦਾ ਸੀ। ਰੋਈਨ ਵਾਸੀਆਂ ਵਿਚ ਬੀਰਤਾ ਦੀ ਥਾਂ ਹੁਣ ਸਿਥਲਤਾ ਵਧੇਰੇ ਫੈਲੀ ਹੋਈ ਸੀ। ਉਹ ਜਦ ਆਪੋ ਵਿਚ ਗੱਲਾਂ ਕਰਦੇ, ਤਾਂ ਆਪਣੀਆਂ ਇਖਲਾਕੀ ਕਮਜ਼ੋਰੀਆਂ ਲੁਕਾਉਣ ਲਈ ਇਕ-ਦੂਜੇ ਨੂੰ ਕਹਿੰਦੇ, “ਬਈ, ਈਸਾ ਮਸੀਹ ਦਾ ਵੀ ਤਾਂ ਇਹੋ ਹੁਕਮ ਹੈ ਕਿ ਘਰ ਆਏ ਪ੍ਰਾਹਣੇ ਦਾ ਸਤਿਕਾਰ ਕਰੋ। ਇਕ ਗੱਲ੍ਹ ‘ਤੇ ਜੇ ਕੋਈ ਚਪੇੜ ਮਾਰੇ ਤਾਂ ਦੂਜੀ ਵੀ ਉਸ ਦੇ ਅੱਗੇ ਕਰ ਦਿਉ...।”
ਹੌਲੀ-ਹੌਲੀ ਸਾਰੇ ਲੋਕ ਇਸ ਨਵੀਂ ਗੁਲਾਮੀ ਦੇ ਆਦੀ ਹੋ ਗਏ। ਬਾਜ਼ਾਰਾਂ ਵਿਚ ਅੱਗੇ ਵਾਂਗ ਹੀ ਸੌਦਾ ਸੂਤ ਵਿਕਣ ਲੱਗਾ; ਤਾਂ ਵੀ ਫਰਾਂਸੀਸੀ ਲੋਕ ਸ਼ਹਿਰ ਤੋਂ ਬਾਹਰ ਬਹੁਤ ਘੱਟ ਜਾ ਸਕਦੇ ਸਨ। ਸਾਰੀਆਂ ਸੜਕਾਂ ‘ਤੇ ਜਰਮਨ ਸੰਤਰੀ ਖੜ੍ਹੇ ਸਨ। ਜਰਮਨਾਂ ਦਾ ਰਵੱਈਆ ਜਿਵੇਂ ਹੁਣ ਉਨ੍ਹਾਂ ਲੋਕਾਂ ਨੂੰ ਬੁਰਾ ਨਹੀਂ ਸੀ ਲਗਦਾ। ਕਈ ਸ਼ਹਿਰੀਆਂ ਨੇ ਤਾਂ ਇਨ੍ਹਾਂ ਜੇਤੂ ਭੂਤਨਿਆਂ ਨਾਲ ਚੋਖਾ ਮੇਲ-ਗੇਲ ਵੀ ਵਧਾ ਲਿਆ ਜਾਪਦਾ ਸੀ, ਪਰ ਇਤਨਾ ਹੋਣ ‘ਤੇ ਵੀ ਕੋਈ ਇਕ ਗੱਲ ਨਹੀਂ ਹੈ ਸੀ। ਉਹ ਅਨੁਭਵ ਕਰਦੇ ਸਨ ਜਿਵੇਂ ਉਨ੍ਹਾਂ ਦੇ ਘਰਾਂ ਵਿਚ ਕੋਈ ਬਦਬੂਦਾਰ ਚੀਜ਼ ਵੜੀ ਹੋਈ ਹੈ। ਜਰਮਨਾਂ ਦਾ ਆਮ ਵਰਤਾਉ ਭਾਵੇਂ ਇੰਨਾ ਮਾੜਾ ਨਹੀਂ ਸੀ, ਤਾਂ ਵੀ ਹਰ ਕੋਈ ਆਪਣੇ ਆਪ ਨੂੰ ਕਿਸੇ ਅਸਹਿ ਭਾਰ ਹੇਠ ਦੱਬਿਆ ਮਹਿਸੂਸ ਕਰਦਾ ਸੀ। ਅੰਦਰੇ-ਅੰਦਰ ਸਾਰੇ ਹੀ ਅਰਦਾਸ ਕਰਦੇ, ‘ਹੇ ਰੱਬਾ! ਛੇਤੀ ਹੀ ਇਨ੍ਹਾਂ ਦੈਂਤਾਂ ਤੋਂ ਸਾਡੀ ਜਿੰਦ ਛੁਡਾ।’
ਜੇਤੂਆਂ ਨੇ ਸ਼ਹਿਰਾਂ ਦੀ ਲਗਭਗ ਸਾਰੀ ਦੌਲਤ ਕਬਜ਼ੇ ਹੇਠ ਕਰ ਲਈ। ਉਨ੍ਹਾਂ ਜੋ ਕੁਝ ਮੰਗਿਆ, ਲੋਕਾਂ ਬਿਨਾਂ ਹੀਲ-ਹੁੱਜਤ ਹਾਜ਼ਰ ਕੀਤਾ, ਕਿਉਂਕਿ ਇਸ ਸ਼ਹਿਰ ਦੇ ਲਗਭਗ ਸਾਰੇ ਵਾਸੀ ਅਮੀਰ ਤਬਕੇ ਦੇ ਸਨ। ਫਿਰ ਵੀ ਕਿਤੇ-ਕਿਤੇ ਸ਼ਹਿਰ ਦੇ ਛੇ-ਸੱਤ ਮੀਲਾਂ ਦੇ ਵਿਚਾਲੇ ਦਰਿਆ ਦੇ ਹੇਠਲੇ ਪਾਸੇ ਵੱਲ ਮਲਾਹ ਤੇ ਮਾਛੀ ਕਦੀ-ਕਦੀ ਇਕ-ਅੱਧ ਜਰਮਨ ਦੀ ਲੋਥ ਰੁੜ੍ਹਦੀ ਵੇਖਦੇ ਸਨ। ਉਹ ਉਸ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆਉਂਦੇ ਸਨ। ਵਰਦੀ ਵਿਚ ਉਸ ਦੀ ਫੁੱਲੀ ਹੋਈ ਲੋਥ ਨੂੰ ਦੇਖ ਕੇ ਉੁਹ ਸਮਝ ਜਾਂਦੇ ਸਨ ਕਿ ਇਸ ਨੂੰ ਛੁਰੀ ਜਾਂ ਡੰਡੇ ਦੀ ਮਦਦ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ; ਅਥਵਾ ਉਸ ਦਾ ਸਿਰ ਪੱਥਰ ਨਾਲ ਫਿੱਥਾ ਹੋਇਆ ਮਲੂਮ ਹੁੰਦਾ ਸੀ। ਇਸ ਤੋਂ ਇਕ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਸ ਸ਼ਹਿਰ ਵਿਚ ਅਜੇ ਤੱਕ ਕੋਈ ਇਕ-ਅਧ ਬੀਰ ਆਤਮਾ ਹੈ ਜਿਹੜੀ ਇਸ ਵਿਦੇਸੀ ਹਕੂਮਤ ਤੋਂ ਘ੍ਰਿਣਤ ਹੋ ਕੇ ਹੀ ਇਕ-ਅਧ ਜਰਮਨ ਦਾ ਖੂਨ ਕਰ ਕੇ ਆਪਣੇ ਅੰਦਰ ਦੀ ਅੱਗ ਬੁਝਾ ਰਹੀ ਹੈ।
ਖੈਰ, ਦਿਨ ਲੰਘਦੇ ਗਏ। ਹੌਲੀ-ਹੌਲੀ ਸਭ ਕੁਝ ਅੱਗੇ ਵਾਂਗ ਹੀ ਹੋਣ ਲੱਗਾ। ਇਸ ਸ਼ਹਿਰ ਦੇ ਕੁਝ ਵੱਡੇ ਵਪਾਰੀ ਜਿਨ੍ਹਾਂ ਦਾ ਬਾਹਰਲਾ ਕਾਰੋਬਾਰ ਇਸ ਰੌਲੇ-ਰੱਪੇ ਕਰ ਕੇ ਬੰਦ ਪਿਆ ਸੀ, ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀਆਂ ਵਿਉਂਤਾਂ ਸੋਚਣ ਲੱਗੇ। ਲੜਾਈ ਦੇ ਖੱਪ-ਖਾਨੇ ਕਰ ਕੇ ਬਾਹਰਲੀਆਂ ਮੰਡੀਆਂ ਨਾਲੋਂ ਉਨ੍ਹਾਂ ਦਾ ਸਬੰਧ ਟੁੱਟ ਚੁੱਕਾ ਸੀ ਜਿਸ ਨੂੰ ਨਵੇਂ ਸਿਰੇ ਤੋਂ ਜੋੜਨ ਦੇ ਇਰਾਦੇ ਨਾਲ ਕੁਝ ਉਘੇ ਵਪਾਰੀਆਂ ਨੇ ਹਾਵਰੇ ਸ਼ਹਿਰ ਜਾਣ ਦੀ ਸਲਾਹ ਕੀਤੀ। ਹਾਵਰੇ ਇਨ੍ਹੀ ਦਿਨੀਂ ਫ਼ਰਾਂਸੀਸੀ ਰਾਜ ਦੇ ਅਧਿਕਾਰ ਵਿਚ ਸੀ। ਇਨ੍ਹਾਂ ਲੋਕਾਂ ਨੇ ਸੋਚਿਆ ਕਿ ਜੇ ਇਥੋਂ ਦੇ ਜਰਮਨ ਹਾਕਮ ਸਾਨੂੰ ਆਗਿਆ ਦੇ ਦੇਣ ਤਾਂ ਅਸੀਂ ਖੁਸ਼ਕੀ ਰਾਹੀਂ (ਸੜਕ ਰਾਸਤੇ) ਸੁਖਾਲੇ ਹੀ ਹਾਵਰੇ ਪਹੁੰਚ ਜਾਵਾਂਗੇ। ਅਖੀਰ ਬਹੁਤ ਸਾਰੀ ਦੌੜ-ਭੱਜ ਤੇ ਮਿੰਨਤ-ਖੁਸ਼ਾਮਦ ਮਗਰੋਂ ਕੁਝ ਵਪਾਰੀਆਂ ਨੂੰ ਸ਼ਹਿਰੋਂ ਬਾਹਰ ਜਾਣ ਲਈ ਰਾਹਦਾਰੀ ਮਿਲ ਗਈ। ਇਹੋ ਜਿਹੇ ਹੀ ਤਿੰਨਾਂ ਵਪਾਰੀਆਂ ਨੇ ਰਾਹਦਾਰੀ ਲੈ ਕੇ ਹਾਵਰੇ ਜਾਣ ਲਈ ਗੱਡੀ ਕਿਰਾਏ ‘ਤੇ ਕਰ ਲਈ। ਜਾਣ ਲਈ ਦਸਾਂ ਮੁਸਾਫਿਰਾਂ ਨੇ ਨਾਂ ਲਿਖਾਏ ਅਤੇ ਅਖੀਰ ਮੰਗਲਵਾਰ ਮੂੰਹ ਹਨੇਰੇ ਤੁਰਨ ਦਾ ਪੱਕਾ ਫੈਸਲਾ ਕੀਤਾ ਗਿਆ।
ਰੁੱਤ ਸਿਆਲ ਦੀ ਸੀ, ਤੇ ਇੱਧਰ ਕੁਝ ਦਿਨਾਂ ਤੋਂ ਬਰਫ਼ ਵੀ ਚੋਖੀ ਪੈ ਰਹੀ ਸੀ। ਸੋਮਵਾਰ ਦੀ ਦੁਪਹਿਰੇ ਲਗਭਗ ਤਿੰਨ ਵਜੇ ਆਕਾਸ਼ ਉਤੇ ਬੱਦਲ ਘਿਰ ਆਏ। ਉਸ ਦਿਨ, ਤੇ ਨਾਲੇ ਸਾਰੀ ਰਾਤ ਬਰਫ਼ ਪੈਂਦੀ ਰਹੀ।
ਮੰਗਲਵਾਰ ਸਵੇਰੇ ਚਾਰ ਵਜੇ ਤੱਕ ਸਾਰੇ ਯਾਤਰੀ ਆਪੋ-ਆਪਣਾ ਲਟਾ-ਪਟਾ ਲਈ ਨਿਯਤ ਥਾਂਵੇਂ ਆਣ ਇਕੱਠੇ ਹੋਏ। ਸਭ ਦੀਆਂ ਅੱਖਾਂ ਵਿਚ ਨੀਂਦਰ ਰੜਕ ਰਹੀ ਸੀ। ਸਾਰੇ ਗਰਮ ਕੱਪੜਿਆਂ ਵਿਚ ਵੀ ਸਰਦੀ ਨਾਲ ਕੰਬ ਰਹੇ ਸਨ। ਹਨੇਰੇ ਕਰ ਕੇ ਉਹ ਇਕ-ਦੂਜੇ ਨੂੰ ਵੇਖ ਵੀ ਨਹੀਂ ਸਨ ਸਕਦੇ। ਲੰਮੇ ਕਾਲੇ ਓਵਰਕੋਟ ਪਾਈ ਉਹ ਸਾਰੇ ਪਾਦਰੀਆਂ ਵਾਂਗ ਮਲੂਮ ਹੁੰਦੇ ਸਨ, ਪਰ ਤਿੰਨ ਆਦਮੀ ਇਕ-ਦੂਜੇ ਦੇ ਵਾਕਫ਼ ਜਾਪਦੇ ਸਨ। ਤਿੰਨੇ ਆਪੋ ਵਿਚ ਗੱਲਾਂ ਕਰਨ ਲੱਗੇ।
ਇਕ ਨੇ ਕਿਹਾ, “ਮੈਂ ਆਪਣੀ ਸ੍ਰੀਮਤੀ ਜੀ ਨੂੰ ਵੀ ਨਾਲ ਲਿਜਾ ਰਿਹਾ ਹਾਂ।” ਦੂਜਾ ਬੋਲਿਆ, “ਮੈਂ ਵੀ।” ਤੇ ਤੀਜੇ ਨੇ ਕਿਹਾ, “ਮੇਰੀ ਘਰਵਾਲੀ ਵੀ ਮੇਰੇ ਨਾਲ ਹੈ।” ਪਹਿਲੇ ਨੇ ਫ਼ਿਰ ਕਿਹਾ, “ਅਸਾਂ ਹੁਣ ਮੁੜ ਕੇ ਇੱਥੇ ਨਹੀਂ ਆਉਣਾ। ਹਾਵਰੇ ਪਹੁੰਚਣ ਤੋਂ ਬਾਅਦ ਸਿੱਧੇ ਇੰਗਲੈਂਡ ਚਲੇ ਜਾਵਾਂਗੇ।” ਇਹ ਤਿੰਨੇ ਯਾਤਰੀ ਇਕੋ ਸੁਭਾਉ ਦੇ ਮਲੂਮ ਹੁੰਦੇ ਸਨ।
ਅਜੇ ਤੱਕ ਗੱਡੀ ਨੂੰ ਘੋੜੇ ਨਹੀਂ ਜੋਏ ਗਏ। ਤਵੇਲੇ ਦਾ ਮੁੰਡੂ ਨਿਕੀ ਜਿਹੀ ਲਾਲਟੈਣ ਫੜੀ ਕਦੀ ਇਕ ਪਾਸੇ, ਕਦੀ ਦੂਜੇ ਪਾਸੇ ਚਲਾ ਜਾਂਦਾ ਸੀ। ਤਵੇਲੇ ਵਿਚੋਂ ਘੋੜਿਆਂ ਦੇ ਖੁਰਾਂ ਦੀ ਨਰਮ-ਨਰਮ ਅਵਾਜ਼ ਜਿਹੜੀ ਘਾਹ ਉਤੇ ਵੱਜਣ ਕਰ ਕੇ ਆ ਰਹੀ ਸੀ, ਯਾਤਰੂਆਂ ਦਾ ਧੀਰਜ ਬੰਨਾਉਂਦੀ ਸੀ।
ਹੋਰ ਥੋੜ੍ਹੀ ਦੇਰ ਨੂੰ ਤਵੇਲੇ ਦੇ ਸਿਰੇ ਵਾਲੇ ਕਮਰੇ ਵਿਚੋਂ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ, ਫ਼ਿਰ ਜਾਨਵਰਾਂ ਨੂੰ ਡਾਂਟਣ ਫਟਕਾਰਨ ਦੀ, ਤੇ ਇਸ ਤੋਂ ਬਾਅਦ ਘੰਟੀ ਦੀ; ਜਿਸ ਤੋਂ ਜਾਪਦਾ ਸੀ ਕਿ ਗੱਡੀ ਜੁਪ ਰਹੀ ਹੈ। ਹੁਣ ਇਹ ਝਣਝਣਾਟ ਸਪਸ਼ਟ ਹੁੰਦੀ ਆ ਰਹੀ ਸੀ, ਜਿਹੜੀ ਘੋੜਿਆਂ ਦੀ ਤੋਰ ਅਨੁਸਾਰ ਕਦੀ ਤੇਜ਼ ਕਦੀ ਧੀਮੀ ਹੋ ਜਾਂਦੀ ਸੀ। ਇਸ ਤੋਂ ਬਾਅਦ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ- ਲੋਹੇ ਦੀਆਂ ਨਾਲਾਂ ਜੜੇ ਖੁਰਾਂ ਨਾਲ ਜ਼ਮੀਨ ਖਰੋਚਣ ਦੀ।
ਅਚਾਨਕ ਤਵੇਲੇ ਦਾ, ਗੱਡੀਵਾਨ ਦੀ ਕੋਠੜੀ ਵਾਲਾ ਬੂਹਾ ਬੰਦ ਹੋ ਗਿਆ। ਸਾਰਾ ਹੱਲਾ-ਗੁੱਲਾ ਸ਼ਾਂਤ ਹੋ ਗਿਆ। ਬਰਫ਼ ਦੇ ਪਾਲੇ ਨਾਲ ਠਰੇ ਹੋਏ ਯਾਤਰੂ ਚੁੱਪ-ਚਾਪ ਖੜ੍ਹੇ ਸਰਦੀ ਨਾਲ ਜਿਵੇਂ ਆਕੜਦੇ ਜਾ ਰਹੇ ਸਨ।
ਚਮਕਦੀ ਹੋਈ ਬਰਫ਼ ਦੀ ਚਿੱਟੀ ਫੁਹਾਰ ਬਰਾਬਰ ਜ਼ਮੀਨ ਉਤੇ ਪੈ ਰਹੀ ਸੀ। ਮਾਨੋ ਸਾਰੀ ਸ੍ਰਿਸ਼ਟੀ ਬਰਫ਼ ਵਿਚ ਢਕੀ ਗਈ ਸੀ। ਸਾਰੇ ਸ਼ਹਿਰ ਵਿਚ ਠੰਢੀ ਜਿਹੀ ਖਾਮੋਸ਼ੀ ਛਾਈ ਹੋਈ ਸੀ। ਕਿਤੇ ਕੁਝ ਵੀ ਸੁਣਾਈ ਜਾਂ ਦਿਖਾਈ ਨਹੀਂ ਸੀ ਦੇ ਰਿਹਾ। ਕੇਵਲ ਕਿਸੇ-ਕਿਸੇ ਵੇਲੇ ਬਰਫ਼ ਦਾ ਕੋਈ ਉਚੇਰਾ ਢੇਰ ਡਿਗਣ ਦਾ ਮਾੜਾ ਜਿਹਾ ਖੜਾਕ ਹੁੰਦਾ ਸੀ; ਖੜਾਕ ਨਹੀਂ ਬਲਕਿ ਉਸ ਨੂੰ ਖਾਮੋਸ਼ੀ ਦਾ ਹਉਕਾ ਹੀ ਕਹਿਣਾ ਚਾਹੀਦਾ ਹੈ।
ਇਕ ਆਦਮੀ ਲਾਲਟੈਣ ਲੈ ਕੇ ਉਸੇ ਤਵੇਲੇ ਲਾਗਲੀ ਛੱਤ ਹੇਠੋਂ ਨਿਕਲਿਆ, ਰੱਸੀ ਦੇ ਸਹਾਰੇ ਉਸ ਦੇ ਮਗਰੇ ਮਗਰ ਭਾਰੇ ਖੁਰਾਂ ਵਾਲਾ ਘੋੜਾ ਸੁਸਤ ਜਿਹੀ ਚਾਲੇ ਤੁਰਿਆ ਆ ਰਿਹਾ ਸੀ। ਸਾਫ਼ ਲੱਗਦਾ ਸੀ ਕਿ ਘੋੜਾ ਬੇਦਿਲੀ ਪ੍ਰਗਟ ਕਰ ਰਿਹਾ ਹੈ। ਕੋਚਵਾਨ ਨੇ ਉਸ ਨੂੰ ਲਿਜਾ ਕੇ ਥਮਲੇ ਨਾਲ ਬੰਨ੍ਹ ਦਿੱਤਾ, ਤੇ ਥੋੜ੍ਹਾ ਚਿਰ ਉਸ ਦੇ ਕੋਲ ਖੜ੍ਹੋ ਕੇ ਵੇਖਦਾ ਰਿਹਾ ਕਿ ਉਸ ਦਾ ਸਾਰਾ ਸਾਜ਼-ਸਾਮਾਨ ਠੀਕ-ਠਾਕ ਹੈ ਕਿ ਨਹੀਂ; ਤੇ ਇਸ ਤੋਂ ਮਗਰੋਂ ਉਹ ਜਿਉਂ ਹੀ ਦੂਜਾ ਘੋੜਾ ਲਿਆਉਣ ਲਈ ਮੁੜਿਆ, ਯਾਤਰੀਆਂ ਦਾ ਉਹ ਚੁੱਪ-ਚਾਪ ਖੜੋਤਾ ਜੱਥਾ ਜਿਹੜਾ ਬਰਫ਼ ਪੈਣ ਕਰ ਕੇ ਚਿੱਟਾ ਹੁੰਦਾ ਜਾ ਰਿਹਾ ਸੀ, ਹਿਲਦਾ ਦਿਖਾਈ ਦਿੱਤਾ।
ਗੱਡੀਵਾਨ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਗੱਡੀ ਦੇ ਅੰਦਰ ਕਿਉਂ ਨਹੀਂ ਜਾ ਬੈਠਦੇ, ਘੱਟੋ-ਘੱਟ ਬਰਫ਼ ਤੋਂ ਤਾਂ ਬਚੇ ਰਹੋਗੇ।”
ਸ਼ਾਇਦ ਸਾਰਿਆਂ ਵਿਚੋਂ ਕਿਸੇ ਨੂੰ ਵੀ ਹੁਣ ਤੱਕ ਇਹ ਗੱਲ ਨਹੀਂ ਸੀ ਸੁੱਝੀ। ਝਟਪਟ ਸਾਰੇ ਗੱਡੀ ਵਿਚ ਚੜ੍ਹਨ ਲੱਗੇ। ਵਹੁਟੀਆਂ ਵਾਲੇ ਉਸ ਤਰੇਗੜੇ ਨੇ ਵੀ ਆਪੋ-ਆਪਣੀਆਂ ਸ੍ਰੀਮਤੀਆਂ ਨੂੰ ਹੱਥ ਫੜ-ਫੜ ਕੇ ਗੱਡੀ ਵਿਚ ਸਵਾਰ ਕੀਤਾ ਤੇ ਉਨ੍ਹਾਂ ਨਾਲ ਜਾ ਬੈਠੇ। ਹੌਲੀ-ਹੌਲੀ ਸਭ ਬੈਠ ਗਏ।
ਗੱਡੀ ਦੀ ਫਰਸ਼ ਉਤੇ ਸੁੱਕਾ ਘਾਹ ਵਿਛਿਆ ਹੋਇਆ ਸੀ ਜਿਸ ਵਿਚ ਯਾਤਰੀਆਂ ਨੂੰ ਆਪਣੇ ਪੈਰ ਕੁਝ ਸੁਖਾਲੇ ਜਾਪਣ ਲੱਗੇ। ਪਾਸਿਆਂ ਦੀਆਂ ਸੀਟਾਂ ‘ਤੇ ਬੈਠੀਆਂ ਤੀਵੀਆਂ ਆਪਣੇ ਨਾਲ ਤਾਂਬੇ ਦੇ ਬਣੇ ਛੋਟੇ-ਛੋਟੇ ਫੁਟ-ਵਾਰਮਰ (ਪੈਰ ਗਰਮਾਉ) ਵੀ ਲੈ ਆਈਆਂ ਸਨ ਜਿਨ੍ਹਾਂ ਨਾਲ ਉਹ ਆਪੋ-ਆਪਣੇ ਪੈਰ ਗਰਮ ਕਰਨ ਲੱਗੀਆਂ ਤੇ ਨਾਲੋ-ਨਾਲ ਉਹ ਬੜੀ ਵਡਿੱਤਣ ਦੇ ਲਹਿਜ਼ੇ ਵਿਚ ਦੂਜੀਆਂ ਸਵਾਰੀਆਂ ਨੂੰ ਇਨ੍ਹਾਂ ਫ਼ੁਟ-ਵਾਰਮਰਾਂ ਦੇ ਗੁਣ ਦਰਸਾਉਣ ਲੱਗੀਆਂ।
ਅਖ਼ੀਰ ਗੱਡੀਵਾਨ ਨੇ ਚਹੁੰ ਦੀ ਥਾਂ ਛੇ ਘੋੜੇ ਜੋਤ ਦਿੱਤੇ। ਬਰਫ਼ ਪੈਣ ਨਾਲ ਜਦ ਸੜਕਾਂ ਖਰਾਬ ਹੋ ਜਾਂਦੀਆਂ ਸਨ, ਤਾਂ ਵਿਚਾਰੇ ਘੋੜੇ ਅੱਧਾ ਭਾਰ ਖਿੱਚਣੋਂ ਵੀ ਅਸਮਰੱਥ ਹੁੰਦੇ ਸਨ। ਤਦ ਬਾਹਰੋਂ ਕਿਸੇ ਨੇ ਪੁੱਛਿਆ, “ਕਿਉਂ ਜੀ, ਸਭ ਸਵਾਰੀਆਂ ਆ ਗਈਆਂ?” ਅੰਦਰੋਂ ਕਈ ਅਵਾਜ਼ਾਂ ਆਈਆਂ, “ਹਾਂ ਆ ਗਈਆਂ”, ਤੇ ਗੱਡੀ ਚੱਲ ਪਈ।
ਗੱਡੀ ਬੜੀ ਮੱਠੀ-ਮੱਠੀ ਜਾ ਰਹੀ ਸੀ। ਪਹੀਆਂ ਦਾ ਅੱਧ ਤੋਂ ਬਹੁਤਾ ਹਿੱਸਾ ਬਰਫ਼ ਵਿਚ ਧਸਦਾ ਜਾਂਦਾ ਸੀ। ਸਮੁੱਚਾ ਢਾਂਚਾ ਕੜ-ਕੜਾ ਰਿਹਾ ਸੀ। ਗੱਡੀਵਾਨ ਦੀ ਚਾਬਕ ਲਗਾਤਾਰ ਘੋੜਿਆਂ ਦੀਆਂ ਪਿੱਠਾਂ ‘ਤੇ ਵਰ੍ਹਦੀ ਹੋਈ ਕਦੀ ਸੱਜੇ ਕਦੀ ਖੱਬੇ ਉਡ ਰਹੀ ਸੀ। ਕਦੇ ਉਸ ਦੀ ਵੱਧਰੀ ਗੋਲ ਹੋ ਕੇ ਪਿੰਡੇ ‘ਤੇ ਲਿਪਟ ਜਾਂਦੀ, ਤੇ ਕਿਸੇ ਮਾਂਸਲ ‘ਤੇ ਵੱਜ ਕੇ ਗੱਡੀ ਦੀ ਚਾਲ ਤੇਜ਼ ਕਰ ਦਿੰਦੀ ਸੀ।
ਗੱਡੀ ਜਿੰਨੀ ਮੱਠੀ ਜਾ ਰਹੀ ਸੀ, ਦਿਨ ਉਤਨੀ ਹੀ ਤੇਜ਼ੀ ਨਾਲ ਆ ਰਿਹਾ ਸੀ। ਬਰਫ਼ ਹੁਣ ਕੁਝ ਥੰਮ੍ਹ ਚੁੱਕੀ ਸੀ। ਬੱਦਲ ਚੀਰ ਕੇ ਧੁੰਦਲਾ ਜਿਹਾ ਚਾਨਣ ਨਿਕਲਦਾ ਜਾਪਦਾ ਸੀ। ਹਾਂ, ਕਿਤੇ-ਕਿਤੇ ਬਰਫ਼ ਨਾਲ ਢਕੇ ਹੋਏ ਦਰੱਖ਼ਤਾਂ ਦੀ, ਜਾਂ ਕਿਸੇ ਮਕਾਨ ਦੀ ਬਰਫ਼ ਲੱਦੀ ਛੱਤ ਇਸ ਰੋਸ਼ਨੀ ਨੂੰ ਫਿੱਕਿਆਂ ਪਾ ਦਿੰਦੀ ਸੀ।
ਪ੍ਰਭਾਤ ਦੇ ਧੁੰਦਲੇ ਚਾਨਣ ਵਿਚ ਯਾਤਰੀਆਂ ਨੇ ਪਹਿਲੀ ਵੇਰਾਂ ਇਕ-ਦੂਜੇ ਦੀਆਂ ਸ਼ਕਲਾਂ ਗਹੁ ਨਾਲ ਵੇਖੀਆਂ। ਸਭ ਤੋਂ ਵਧੀਆ ਸੀਟਾਂ ਉਤੇ ਸ਼ਰਾਬ ਦਾ ਥੋਕ ਵਪਾਰੀ ਲੋਸ਼ੀਓ ਅਤੇ ਉਸ ਦੀ ਪਤਨੀ ਇਕ-ਦੂਜੇ ਦੇ ਨਾਲੋ-ਨਾਲ ਬੈਠੇ ਉੂਂਘ ਰਹੇ ਸਨ। ਲੋਸ਼ੀਓ ਸ਼ੁਰੂ-ਸ਼ੁਰੂ ਵਿਚ ਕਿਸੇ ਵਪਾਰੀ ਕੋਲ ਮੁਨੀਮੀ ਕਰਦਾ ਹੁੰਦਾ ਸੀ। ਸਮਾਂ ਪਾ ਕੇ ਮਾਲਕ ਦਿਵਾਲੀਆ ਹੋ ਗਿਆ ਤੇ ਉਸ ਦੀ ਫਰਮ ਮੁਨੀਮ ਨੇ ਖਰੀਦ ਲਈ ਸੀ ਜਿਸ ਵਿਚੋਂ ਉਸ ਨੂੰ ਮਾਇਆ ਦੇ ਚੰਗੇ ਗੱਫ਼ੇ ਮਿਲੇ। ਆਬਕਾਰੀ ਦੇ ਕਰਮਚਾਰੀਆਂ ਨੂੰ ਵੱਢੀਆਂ ਦੇ-ਦੇ ਕੇ ਉਹ ਸ਼ਰਾਬ ਵਿਚ ਅੱਧੋ-ਸੁੱਧ ਪਾਣੀ ਰਲਾ ਕੇ ਵੇਚਦਾ ਸੀ, ਪਰ ਕੋਈ ਉਸ ਦੀ ‘ਵਾ ਵੱਲ ਨਹੀਂ ਸੀ ਤੱਕ ਸਕਦਾ। ਬੇਈਮਾਨੀ ਤੇ ਚਾਲਬਾਜ਼ੀ ਵਿਚ ਉਹ ਨੰਬਰ ਇਕ ਆਦਮੀ ਸੀ। ਇੱਥੋਂ ਤੱਕ ਕਿ ਸਵੇਰੇ ਉਠਦਿਆਂ ਜੇ ਕੋਈ ਉਸ ਦਾ ਨਾਂ ਲੈ ਲੈਂਦਾ ਤਾਂ ਸੁਣਨ ਵਾਲੇ ਲੜਨ ਮਰਨ ‘ਤੇ ਉਤਾਰੂ ਹੋ ਜਾਂਦੇ ਸਨ। ਇਸ ਤੋਂ ਛੁਟ ਹਰ ਤਰ੍ਹਾਂ ਦੇ ਠੱਠੇ ਮਖੌਲ ਵਿਚ ਵੀ ਉਹ ਚੰਗਾ ਮਾਹਰ ਸੀ। ਉਸ ਦਾ ਕੱਦ ਮਧਰਾ, ਗੋਗੜ ਢਿਲਕੀ ਹੋਈ, ਚਿਹਰਾ ਲਾਲ ਤੇ ਮੁੱਛਾਂ ਲੰਮੀਆਂ ਸਨ ਪਰ ਉਸ ਦੀ ਵਹੁਟੀ ਔਸਤ ਤੀਵੀਂ ਨਾਲੋਂ ਗਿੱਠ ਸਵਾ ਗਿੱਠ ਲੰਮੀ ਤੇ ਉਸ ਦੀ ਅਵਾਜ਼ ਬੜੀ ਭੱਦੀ ਸੀ।
ਉਨ੍ਹਾਂ ਦੇ ਸੱਜੇ ਪਾਸੇ ਬੜੇ ਰੋਹਬੀਲੇ ਸਰੀਰ ਵਾਲਾ ਉਸੇ ਸ਼੍ਰੇਣੀ ਦਾ ਕੈਰੇ ਬੈਠਾ ਸੀ ਜੋ ਬੜਾ ਪ੍ਰਸਿੱਧ ਵਪਾਰੀ ਤੇ ਕੱਪੜੇ ਦੀਆਂ ਤਿੰਨਾਂ ਮਿੱਲਾਂ ਦਾ ਮਾਲਕ ਸੀ। ਇਸ ਤੋਂ ਛੁੱਟ ਨਗਰ ਸਭਾ ਦਾ ਪ੍ਰਧਾਨ ਤੇ ਜਨਰਲ ਕੌਂਸਲ ਦਾ ਅਹੁਦੇਦਾਰ ਵੀ। ਸ੍ਰੀਮਤੀ ਕੈਰੇ ਆਪਣੇ ਪਤੀ ਨਾਲੋਂ ਉਮਰ ਵਿਚ ਕਿਤੇ ਛੋਟੀ ਸੀ। ਉਹ ਰੋਈਨ ਦੇ ਸਾਰੇ ਵੱਡ-ਘਰੀਏ ਗੱਭਰੂਆਂ ਲਈ ਦਿਲ ਪ੍ਰਚਾਵੇ ਦੀ ਚੀਜ਼ ਸੀ। ਬੜੀ ਹਸਮੁਖ ਤੇ ਕੋਮਲ ਅੰਗਾਂ ਵਾਲੀ। ਉਸ ਨੇ ਆਪਣਾ ਸਰੀਰ ਪਸ਼ਮੀਨੇ ਦੇ ਬਹੁਤ ਸਾਰੇ ਕੱਪੜਿਆਂ ਵਿਚ ਲੁਕਾਇਆ ਹੋਇਆ ਸੀ, ਤੇ ਗੱਡੀ ਵਿਚਲੇ ਸਿਥਲ ਜਿਹੇ ਦ੍ਰਿਸ਼ ਨੂੰ ਵੇਖ-ਵੇਖ ਕੁਝ ਉਦਾਸ ਹੋ ਰਹੀ ਸੀ।
ਉਨ੍ਹਾਂ ਦੇ ਲਾਗੇ ਇਕ ਹੋਰ ਜੋੜੀ ਸੀ- ਕਾਊਂਟ ਤੇ ਕਾਊਂਟੈਂਸ ਬ੍ਰੇਵਿਲ। ਇਹ ਜੋੜੀ ਨਾਰਮੰਡੀ ਦੇ ਪ੍ਰਾਚੀਨ ਤੇ ਉਘੇ ਪਰਿਵਾਰ ਵਿਚੋਂ ਗਿਣੀ ਜਾਂਦੀ ਸੀ। ਕਾਊਂਟ ਸਾਹਿਬ ਕਾਫੀ ਵਡੇਰੀ ਉਮਰ ਦੇ ਸਨ, ਪਰ ਆਪਣੇ ਉਚੇ ਲੰਮੇ ਸਰੀਰ ਦੇ ਬਣਾਉ-ਸ਼ਿੰਗਾਰ ਵਿਚ ਕੋਈ ਕਸਰ ਬਾਕੀ ਨਹੀਂ ਸਨ ਰੱਖਦੇ; ਇੱਥੋਂ ਤੱਥ ਕਿ ਫਰਾਂਸ ਦੇ ਬਾਦਸ਼ਾਹ ਹੈਨਰੀ ਚੌਥੇ ਦੀ ਸ਼ਕਲ ਨਾਲ ਆਪਣੀ ਸ਼ਕਲ ਮਿਲਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ। ਇਹ ਛੋਟੀ ਜਿਹੀ ਰਿਆਸਤ ਦੇ ਮਾਲਕ ਵੀ ਸਨ ਜਿਸ ਦੀ ਸਾਲਾਨਾ ਆਮਦਨ 5 ਲੱਖ ਫਰੈਂਕ ਸੀ।
ਇਹ ਛੀਓ ਸਵਾਰੀਆਂ ਗੱਡੀ ਦੀ ਇਕੋ ਲੰਮੀ ਪਲਾਂਘ ਵਿਚ ਬੈਠੀਆਂ ਸਨ। ਕਾਊਂਟੈਂਸ ਦੇ ਲਾਗੇ ਦੋ ਬ੍ਰਹਮਚਾਰਨੀਆਂ ਅੱਖਾਂ ਮੀਟੀ ਆਪਣੀ ਭਜਨ ਬੰਦਗੀ ਵਿਚ ਲਿਵਲੀਨ ਸਨ। ਉਨ੍ਹਾਂ ਵਿਚੋਂ ਇਕ ਬੁੱਢੀ ਸੀ ਜਿਸ ਦੇ ਮੂੰਹ ‘ਤੇ ਮਾਤਾ ਦੇ ਇਤਨੇ ਦਾਗ ਸਨ, ਜਿਵੇਂ ਜਰਮਨ ਜੇਤੂਆਂ ਨੇ ਬੰਦੂਕਾਂ ਦੀ ਚਾਂਦਮਾਰੀ ਲਈ ਕੁਝ ਚਿਰ ਉਸ ਦੇ ਚਿਹਰੇ ਨੂੰ ਵਰਤਿਆ ਹੋਵੇ। ਦੂਜੀ ਜਿਹੜੀ ਜਵਾਨ, ਪਰ ਵੇਖਣ ਤੋਂ ਕੁਝ ਬਿਮਾਰ ਸੀ, ਕਿਸੇ ਡੂੰਘੀ ਚਿੰਤਾ ਦਾ ਸ਼ਿਕਾਰ ਮਲੂਮ ਹੁੰਦੀ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਧਾਰਮਿਕ ਅਕੀਦਿਆਂ ਦੇ ਸਹਿਮਾਂ ਨੇ ਉਸ ਦੀ ਸੁੰਦਰਤਾ ਤੇ ਜਵਾਨੀ ਨੂੰ ਉਕਾ ਹੀ ਖਾ ਲਿਆ ਹੈ।
ਦੋਹਾਂ ਬ੍ਰਹਮਚਾਰਨੀਆਂ ਦੇ ਸਾਹਮਣੇ ਇਕ ਤੀਵੀਂ ਤੇ ਇਕ ਆਦਮੀ ਹੋਰ ਬੈਠੇ ਸਨ ਜਿਨ੍ਹਾਂ ਨੇ ਲਗਭਗ ਸਭ ਸਵਾਰੀਆਂ ਦਾ ਧਿਆਨ ਆਪਣੀ ਵੱਲ ਖਿਚਿਆ ਹੋਇਆ ਸੀ। ਆਦਮੀ ਦਾ ਨਾਂ ਜਿਸ ਨੂੰ ਸਾਰੇ ਜਾਣਦੇ ਸਨ, ਕਾਰਨੂਟੇਡ ਸੀ। ਉਹ ਪਰਜਾਤੰਤਰਵਾਦੀ ਸੀ। ਸਾਰੇ ਅਮੀਰ ਘਰਾਣੇ ਉਸ ਪਾਸੋਂ ਡਰਦੇ ਸਨ। ਪਿਛਲੇ ਵੀਹਾਂ ਵਰ੍ਹਿਆਂ ਤੋਂ ਉਸ ਦੀ ਲਾਲ ਦਾੜ੍ਹੀ ਦੀ, ਸਾਰੇ ਪਰਜਾਤੰਤਰਵਾਦੀ ਹੋਟਲਾਂ ਦੇ ਢੱਕਣਦਾਰ ਗਲਾਸਾਂ ਨਾਲ ਜਾਣ-ਪਛਾਣ ਹੋ ਗਈ ਸੀ। ਉਸ ਦਾ ਪਿਉ ਹਲਵਾਈ ਸੀ ਜਿਹੜਾ ਚੋਖੀ ਰਕਮ ਛੱਡ ਕੇ ਮਰਿਆ ਸੀ। ਕਾਰਨੂਟੇਡ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਖੂਬ ਪੈਸਾ ਇਕੱਠਾ ਕੀਤਾ ਸੀ। ਹੁਣ ਉਹ ਬੜੀ ਉਤਾਵਲੀ ਨਾਲ ਪਰਜਾਤੰਤਰ ਰਾਜ ਦੀ ਉਡੀਕ ਕਰ ਰਿਹਾ ਸੀ। ਉਹਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਕੀਤੇ ਕੰਮਾਂ ਦੇ ਇਨਾਮ ਵਿਚ ਜ਼ਰੂਰ ਉਸ ਨੂੰ ਕੋਈ ਵੱਡਾ ਅਹੁਦਾ ਮਿਲੇਗਾ। ਉਂਜ ਉਹ ਹੈ ਸੀ ਭਲਾ ਆਦਮੀ। ਕਿਸੇ ਦਾ ਦਿਲ ਨਹੀਂ ਸੀ ਦੁਖਾਂਦਾ। ਜਿਥੋਂ ਤੱਕ ਹੋ ਸਕਦਾ, ਦੂਜਿਆਂ ਦਾ ਭਲਾ ਹੀ ਕਰਦਾ ਸੀ; ਪਰ ਰਾਜ-ਭਗਤਾਂ ਤੋਂ ਉਸ ਨੂੰ ਬੜੀ ਚਿੜ ਸੀ। ਪਿਛਲੇ ਦਿਨੀਂ ਉਸ ਨੇ ਬੜੀ ਲਗਨ ਨਾਲ ਸ਼ਹਿਰ ਦੀ ਰਾਖੀ ਲਈ ਵਲੰਟੀਅਰਾਂ ਦੀ ਪਾਰਟੀ ਤਿਆਰ ਕੀਤੀ ਸੀ, ਪਰ ਆਪਣੀਆਂ ਸਭ ਤਿਆਰੀਆਂ ਤੋਂ ਸੰਤੁਸ਼ਟ ਹੋਣ ‘ਤੇ ਵੀ, ਦੁਸ਼ਮਣ ਦੇ ਹਮਲੇ ਤੋਂ ਪਹਿਲਾਂ ਹੀ ਉਹ ਸ਼ਹਿਰ ਮੁੜ ਆਇਆ ਸੀ। ਹੁਣ ਉਸ ਨੇ ਹਾਵਰੇ ਵਿਚ ਜਾ ਕੇ ਕੰਮ ਕਰਨ ਦਾ ਇਰਾਦਾ ਬਣਾ ਲਿਆ ਸੀ, ਕਿਉਂਕਿ ਉਥੇ ਖਾਈਆਂ ਪੁੱਟਣ ਦੇ ਕੰਮ ਲਈ ਤਗੜੀ ਵਲੰਟੀਅਰ ਪਾਰਟੀ ਦੀ ਲੋੜ ਸੀ। ਇਸ ਦੇ ਨਾਲ ਜਿਹੜੀ ਕੁੜੀ ਬੈਠੀ ਸੀ, ਉਸ ਦਾ ਨਾਂ ਸੀ ਮਾਰਗਰੇਟ, ਤੇ ਉਹ ਵੇਸਵਾ ਸੀ। ਉਹ ਜਵਾਨ ਤੇ ਖੂਬ ਸਿਹਤਮੰਦ ਸੀ। ਕੱਦ ਉਸ ਦਾ ਮੱਧਰਾ ਤੇ ਗੋਲ-ਮੋਲ ਜਿਹਾ ਸੀ। ਸਰੀਰ ਸੂਰ ਵਾਂਗ ਪੀਡਾ। ਉਸ ਦੀਆਂ ਮੋਟੀਆਂ ਉਂਗਲਾਂ ਉਤੇ ਇਤਨਾ ਮਾਸ ਸੀ ਕਿ ਹਿਲਾਉਣ ਨਾਲ ਜੋੜਾਂ ਉਤੇ ਨਿਕੇ-ਨਿਕੇ ਟੋਏ ਪੈ ਜਾਂਦੇ ਸਨ। ਉਸ ਦਾ ਚਮਕੀਲਾ ਤੇ ਖੂਬ ਗੁਥਿਆ ਹੋਇਆ ਪਿੰਡਾ, ਮੁਟਾਪੇ ਦੇ ਬਾਵਜੂਦ ਲੁਭਾਉਣਾ ਜਾਪਦਾ ਸੀ। ਉਸ ਦੀਆਂ ਛਾਤੀਆਂ ਇਤਨੀਆਂ ਭਾਰੀਆਂ ਤੇ ਉਭਰੀਆਂ ਹੋਈਆਂ ਸਨ, ਫਿਰ ਵੀ ਉਹ ਬੁਰੀਆਂ ਨਹੀਂ ਸਨ ਮਲੂਮ ਹੁੰਦੀਆਂ। ਉਸ ਦੀ ਜਵਾਨੀ ਨੂੰ ਵੇਖ ਕੇ ਲੋਕ ਲੱਟੂ ਹੋ ਜਾਇਆ ਕਰਦੇ ਸਨ। ਉਸ ਦਾ ਚਿਹਰਾ ਜਿਸ ਦੀ ਲਾਲੀ ਬਿਲਕੁਲ ਸਿਉਂ ਦਾ ਟਾਕਰਾ ਕਰਦੀ ਸੀ, ਨਵ-ਖਿੜੀ ਕਲੀ ਵਾਂਗ ਫ਼ੁੱਟ-ਫੁੱਟ ਪੈਂਦਾ ਸੀ ਤੇ ਉਸ ਦੀਆਂ ਕਾਲੀਆਂ ਤੇ ਮੋਟੀਆਂ ਅੱਖਾਂ ਕਮਾਣਾਂ ਵਰਗੇ ਭਰਵੱਟਿਆਂ ਹੇਠ ਮਸਤੀ ਨਾਲ ਥਿਰਕ ਰਹੀਆਂ ਸਨ। ਖਾਸ ਕਰ ਕੇ ਉਸ ਦੀਆਂ ਲਾਲ ਬੁੱਲ੍ਹੀਆਂ ਪਿਛੇ ਚਮਕਦੀਆਂ ਚਿੱਟੇ ਤੇ ਅਰੋਗ ਦੰਦਾਂ ਦੀਆਂ ਦੋ ਪਾਲਾਂ ਵੇਖ ਕੇ ਕੋਈ ਵੀ ਗੱਭਰੂ ਉਸ ਨੂੰ ਚੁੰਮਣ ਲਈ ਤੜਫ ਉਠਦਾ ਸੀ।
ਜਿਉਂ ਹੀ ਲੋਕਾਂ ਨੇ ਉਸ ਨੂੰ ਪਛਾਤਾ, ਸਾਰੇ ਇਕ-ਦੂਜੇ ਨਾਲ ਕੰਨੀਂ ਘੁਰਕੀ ਕਰਨ ਲੱਗ ਪਏ। ਕਈ ਤਾਂ ਇੱਥੋਂ ਤੱਕ ਬੇ-ਆਰਾਮ ਹੋ ਗਏ ਕਿ ਦਬਵੀਂ ਜ਼ੁਬਾਨੇ ਉਸ ਨੂੰ ਕਲੰਕਣੀ, ਪਾਪਣ ਤੇ ਸਮਾਜ ਦਾ ਲਹੂ ਪੀਣੀ ਜੋਕ ਤੱਕ ਕਹਿ ਗਏ। ਸਵਾਰੀਆਂ ਦੇ ਇਨ੍ਹਾਂ ਅਵਾਜ਼ਿਆਂ ਨੇ ਥੋੜ੍ਹੇ ਹੀ ਚਿਰ ਵਿਚ ਮਾਰਗਰੇਟ ਨੂੰ ਕੁਝ ਬੇ-ਆਰਾਮ ਜਿਹੀ ਕਰ ਦਿੱਤਾ ਤੇ ਉਸ ਨੇ ਇਕ ਵਾਰੀ ਸਿਰ ਚੁੱਕ ਕੇ ਸਭਨਾਂ ਵੱਲ ਤੱਕਿਆ। ਉਸ ਦੀ ਤੱਕਣੀ ਵਿਚ ਇਤਨੀ ਤੇਜ਼ੀ ਤੇ ਰੋਹਬ ਸੀ ਕਿ ਸਾਰਿਆਂ ਦੇ ਸਿਰ ਨੀਵੇਂ ਪੈ ਗਏ ਤੇ ਜ਼ੁਬਾਨਾਂ ਵੀ ਬੰਦ ਹੋ ਗਈਆਂ। ਕੇਵਲ ਲੋਸ਼ੀਓ ਹੀ ਬੜੀ ਦਿਲਚਸਪੀ ਨਾਲ ਉਸ ਵੱਲ ਤੱਕਦਾ ਰਿਹਾ।
ਹਾਂ, ਤੇ ਉਹ ਜਿਹੜੀਆਂ ਤਿੰਨ ਸ੍ਰੀਮਤੀਆਂ ਸਨ, ਗੱਲੀਂ ਕੱਥੀਂ ਉਨ੍ਹਾਂ ਦੀ ਇਕ-ਦੂਜੀ ਨਾਲ ਚੰਗੀ ਮਿੱਤਰਤਾ ਜਿਹੀ ਹੋ ਗਈ ਤੇ ਉਹ ਮਾਰਗਰੇਟ ਵੱਲੋਂਂ ਧਿਆਨ ਮੋੜ ਕੇ ਮੁੜ ਆਪੋ ਵਿਚ ਗੱਲੀਂ ਲੱਗ ਪਈਆਂ। ਖਾਸ ਕਰ ਕੇ ਉਨ੍ਹਾਂ ਨੇ ਇਸ ਲਈ ਆਪਣੇ ਆਪ ਨੂੰ ਗੱਲੀਂ ਲਾ ਲਿਆ ਕਿ ਉਹ ਉਚ ਘਰਾਣਿਆਂ ਦੀਆਂ ਸਨ, ਪਰ ਬੈਠੀਆਂ ਸਨ ਉਹ ਬੇਸ਼ਰਮ ਕੰਜਰੀ ਨਾਲ ਇਕੋ ਗੱਡੀ ਵਿਚ, ਜਿਸ ਕਰ ਕੇ ਉਹ ਹੇਠੀ ਤੇ ਗਿਲਾਨੀ ਮਹਿਸੂਸ ਕਰ ਰਹੀਆਂ ਸਨ।
ਤਿੰਨੇ ਸ੍ਰੀਮਾਨ ਵੀ ਆਪੋ ਵਿਚ ਚੰਗੇ ਹਿਲ-ਮਿਲ ਗਏ ਸਨ ਤੇ ਉਹ ਵੀ ਇਸ ਅਪਮਾਨ ਦੇ ਅਹਿਸਾਸ ਤੋਂ ਅਣਭਿਜ ਨਹੀਂ ਸਨ ਰਹੇ। ਬਦਕਿਸਮਤੀ ਕਿ ਉਨ੍ਹਾਂ ਦਾ ਇਸ ਵੇਲੇ ਕੋਈ ਵਸ ਨਹੀਂ ਸੀ ਚਲਦਾ। ਹੌਲੀ-ਹੌਲੀ ਉਹ ਇਕ-ਦੂਜੇ ਦੇ ਕੰਨਾਂ ਵਿਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸਨ- “ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਕ ਦੇ ਥਾਂ ਭਾਵੇਂ ਦੂੰਹ ਸਵਾਰੀਆਂ ਦੇ ਪੈਸੇ ਕਿਉਂ ਨਾ ਭਰਨੇ ਪੈਂਦੇ, ਇਸ ਬਦਮਾਸ਼ ਤੀਵੀਂ ਨੂੰ ਗੱਡੀ ਦੇ ਨੇੜੇ ਨਾ ਫ਼ਟਕਣ ਦਿੰਦੇ...।”
ਕਾਊਂਟ ਸਾਹਿਬ ਨੇ ਆਪਣੇ ਰੋਣੇ, ਰੋਣੇ ਸ਼ੁਰੂ ਕੀਤੇ ਕਿ ਕਿਸ ਤਰ੍ਹਾਂ ਜਰਮਨਾਂ ਕਾਰਨ ਉਸ ਦਾ ਲੱਖਾਂ ਰੁਪਿਆ ਬਰਬਾਦ ਹੋ ਗਿਆ। ਕਿਸ ਬੇਰਹਿਮੀ ਨਾਲ ਉਸ ਦੇ ਡੰਗਰਾਂ ਨੂੰ ਜਰਮਨਾਂ ਨੇ ਮਾਸ ਤੇ ਦੁੱਧ ਦੀ ਥੁੜ੍ਹ ਪੂਰੀ ਕਰਨ ਲਈ ਹੜੱਪ ਲਿਆ, ਤੇ ਉਸ ਦੇ ਖੇਤ ਕਿਵੇਂ ਤਬਾਹ ਕੀਤੇ, ਪਰ ਉਹ ਰਈਸੀ ਢੰਗ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਜਿਸ ਤੋਂ ਉਸ ਦਾ ਕਰੋੜਾਂਪਤੀ ਹੋਣਾ ਨਾਲੋ-ਨਾਲ ਸਾਬਤ ਹੁੰਦਾ ਜਾਵੇ, ਤੇ ਇਹ ਵੀ ਜਾਪੇ ਕਿ ਲੱਖਾਂ ਦੇ ਇਸ ਨੁਕਸਾਨ ਨੂੰ ਉਹ ਕੋਈ ਏਡਾ ਭਾਰਾ ਨੁਕਸਾਨ ਨਹੀਂ ਸਮਝ ਰਿਹਾ। ਸਾਲ ਛਿਮਾਹੀ ਵਿਚ ਹੀ ਉਹ ਇਸ ਦਾ ਭਾਂਗਾ ਪੂਰਾ ਕਰ ਲਵੇਗਾ।
ਮਿਸਟਰ ਕੈਰੇ ਆਪਣੀਆਂ ਮਿੱਲਾਂ ਦੇ ਕਿੱਸੇ ਛੇੜੀ ਬੈਠਾ ਸੀ, “ਮੈਂ ਆਪਣਾ ਛੇ ਲੱਖ ਫਰੈਂਕ ਇੰਗਲੈਂਡ ਵਿਚ ਪਹਿਲਾਂ ਤੋਂ ਹੀ ਜਮ੍ਹਾਂ ਕਰ ਛੱਡਿਆ ਸੀ, ਕਿਉਂਕਿ ਮੈਨੂੰ ਦਿਸਦਾ ਸੀ ਕਿ ਫਰਾਂਸ ਉਤੇ ਜ਼ਰੂਰ ਜਰਮਨਾਂ ਦਾ ਹਮਲਾ ਹੋਵੇਗਾ, ਤੇ ਇਹੋ ਜਿਹੇ ਔਖੇ ਵੇਲੇ ਜੇ ਉਹ ਮੇਰਾ ਸਭ ਕੁਝ ਲੁੱਟ ਵੀ ਲੈਣਗੇ, ਤਾਂ ਵੀ ਦਿਨ ਕਟੀ ਲਈ ਤਾਂ ਕੁਝ ਬਚਿਆ ਰਹੇਗਾ।”
ਲੋਸ਼ੀਓ ਨੂੰ ਆਪਣੀ ਸ਼ਰਾਬ ਫੌਜੀ ਮਹਿਕਮੇ ਪਾਸ ਸਰਕਾਰੀ ਨਿਰਖਾਂ ‘ਤੇ ਵੇਚਣੀ ਪਈ ਸੀ ਜਿਸ ਕਰ ਕੇ ਉਸ ਨੂੰ ਕਈ ਲੱਖ ਦਾ ਕਸਾਰਾ ਰਿਹਾ। ਉਹ ਦੱਸ ਰਿਹਾ ਸੀ, “ਹਾਵਰੇ ਮੈਂ ਇਸੇ ਲਈ ਜਾ ਰਿਹਾ ਹਾਂ ਕਿ ਹਾਈਕੋਰਟ ਵਿਚ ਅਪੀਲ ਕਰਾਂ ਕਿ ਮੈਨੂੰ ਇਹ ਰਕਮ ਵਾਪਸ ਦਿਵਾਈ ਜਾਵੇ”, ਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਸਾਰੀ ਨਹੀਂ ਤਾਂ ਅੱਧੀ ਰਕਮ ਉਹ ਜ਼ਰੂਰ ਲੈ ਮਰੇਗਾ।
ਤਿੰਨੇ ਜਣੇ ਇਕ-ਦੂਜੇ ਨਾਲ ਦੋਸਤਾਨਾ ਰਵੱਈਆ ਪ੍ਰਗਟ ਕਰ ਰਹੇ ਸਨ। ਸਮਾਜਕ ਤੌਰ ਉਤੇ ਉਹ ਭਾਵੇਂ ਸਭ ਵੱਖੋ-ਵੱਖ ਸ਼੍ਰੇਣੀ ਦੇ ਸਨ, ਪਰ ‘ਮਾਇਆ-ਭਾਈ’ ਹੋਣ ਕਰ ਕੇ ਉਨ੍ਹਾਂ ਦੀਆਂ ਰੁਚੀਆਂ ਮਿਲਦੀਆਂ-ਜੁਲਦੀਆਂ ਸਨ।
ਗੱਡੀ ਦੀ ਤੋਰ ਇਤਨੀ ਮੱਠੀ ਸੀ ਕਿ ਦਸ ਵਜੇ ਤੱਕ ਉਸ ਨੇ ਮਸਾਂ ਚਾਰ ਮੀਲ ਪੈਂਡਾ ਮੁਕਾਇਆ। ਤਿੰਨ-ਚਾਰ ਵਾਰੀ ਤਾਂ ਮੁਸਾਫ਼ਿਰਾਂ ਨੂੰ ਉਤਰਨਾ ਵੀ ਪਿਆ ਸੀ। ਸਾਰੇ ਬੜੇ ਕਾਹਲੇ ਪਏ ਹੋਏ ਸਨ। ਉਨ੍ਹਾਂ ਦਾ ਖਿਆਲ ਸੀ ਕਿ ਟੋਟਿਸ ਪਹੁੰਚ ਕੇ ਦੁਪਹਿਰਾਂ ਦੀ ਰੋਟੀ ਖਾਣਗੇ, ਪਰ ਗੱਡੀ ਦੀ ਤੋਰ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸ਼ਾਮ ਤੱਕ ਵੀ ਉਹ ਉਥੇ ਨਹੀਂ ਪਹੁੰਚ ਸਕਦੇ। ਹਰ ਇਕ ਮੁਸਾਫ਼ਿਰ ਇਸੇ ਟੋਹ ਵਿਚ ਸੀ ਕਿ ਰਸਤੇ ਵਿਚ ਕੋਈ ਮਾੜੀ-ਮੋਟੀ ਸਰਾਂ ਮਿਲ ਜਾਵੇ। ਇਸੇ ਵੇਲੇ ਅਚਾਨਕ ਗੱਡੀ ਦੇ ਪਹੀਏ ਟੋਏ ਵਿਚ ਜਾ ਫ਼ਸੇ ਜਿਥੋਂ ਕੱਢਦਿਆਂ ਪੂਰੇ ਦੋ ਘੰਟੇ ਲੱਗ ਗਏ।
ਮੁਸਾਫ਼ਿਰਾਂ ਦੀ ਭੁੱਖ ਜਿਉਂ-ਜਿਉਂ ਵਧਦੀ ਜਾਂਦੀ ਸੀ, ਤਿਉਂ-ਤਿਉਂ ਉਨ੍ਹਾਂ ਦਾ ਉਤਸ਼ਾਹ ਘਟ ਰਿਹਾ ਸੀ। ਸਰਾਂ ਦਾ ਕਿਤੇ ਨਾਂ ਥੇਹ ਨਹੀਂ ਸੀ ਨਜ਼ਰੀਂ ਆਉਂਦਾ। ਜੇ ਕੋਈ ਮਿਲਦੀ ਵੀ, ਤਾਂ ਬੂਹੇ ਵੱਜੇ ਹੋਏ ਤੇ ਜੰਦਰੇ ਲੱਗੇ ਹੋਏ। ਇਨ੍ਹਾਂ ਬਰਫ਼ੀਲੇ ਦਿਨਾਂ ਵਿਚ ਮੁਸਾਫ਼ਿਰਾਂ ਦੀ ਆਵਾਜਾਈ ਬੰਦ ਹੋ ਜਾਣ ਕਰ ਕੇ ਸਰਾਵਾਂ ਵਾਲੇ ਵੀ ਆਪਣਾ ਟੰਬਾ-ਟੀਹਾ ਸਮੇਟ ਕੇ ਮਹੀਨੇ ਦੋ ਮਹੀਨਿਆਂ ਲਈ ਘਰੋ-ਘਰੀ ਚਲੇ ਜਾਇਆ ਕਰਦੇ ਸਨ। ਇਸ ਤੋਂ ਛੁੱਟ ਅੱਜ ਕੱਲ੍ਹ ਤਾਂ ਜਰਮਨਾਂ ਦੀ ਆਵਾਜਾਈ ਕਰ ਕੇ ਵੱਡੇ-ਵੱਡੇ ਹੋਟਲਾਂ ਵਾਲੇ ਵੀ ਡਰਦੇ ਮਾਰੇ ਨੱਸ ਗਏ ਸਨ।
ਇਕ ਦੋਂਹ ਥਾਂਈਂ ਜਿਥੇ ਖੇਤਾਂ ਵਿਚ ਟਾਂਵੀਂ-ਟਾਂਵੀਂ ਟੱਪਰੀ ਦਿਖਾਈ ਦਿੰਦੀ ਸੀ, ਮੁਸਾਫ਼ਿਰਾਂ ਨੇ ਗੱਡੀ ਖਲਿਹਾਰ ਕੇ ਉਥੋਂ ਪੇਟ ਪੂਜਾ ਦਾ ਕੁਝ ਸਮਾਨ ਢੂੰਡਣ ਦੀ ਕੋਸ਼ਿਸ਼ ਕੀਤੀ, ਪਰ ਕਿਤੇ ਵੀ ਉਨ੍ਹਾਂ ਨੂੰ ਕੁਝ ਨਾ ਲੱਭਾ। ਜਿਉਂ ਹੀ ਇਹ ਜਥਾ ਕਿਸਾਨਾਂ ਦੀਆਂ ਝੌਂਪੜੀਆਂ ਵੱਲ ਜਾਂਦਾ, ਉਹ ਵਿਚਾਰੇ ਇਨ੍ਹਾਂ ਨੂੰ ਡਾਕੂ ਸਮਝ ਕੇ ਆਪਣਾ ਸਭ ਕੁਝ ਪਹਿਲਾਂ ਹੀ ਲੁਕਾ ਛੱਡਦੇ। ਜਾਣਦੇ ਸਨ ਕਿ ਭਾਵੇਂ ਫਰਾਂਸੀਸੀ ਹੋਣ ਤੇ ਭਾਵੇਂ ਜਰਮਨ, ਭੁੱਖੇ ਸਿਪਾਹੀ ਉਨ੍ਹਾਂ ਪਾਸ ਜੋ ਕੁਝ ਵੀ ਦੇਖਣਗੇ, ਧਿੰਗੋ-ਜ਼ੋਰੀ ਖੋਹ ਲੈਣਗੇ। ਇਸ ਲਈ ਉਹ ਲੋਕ ਪਹਿਲਾਂ ਤੋਂ ਹੀ ਚੁਕੰਨੇ ਰਹਿੰਦੇ।
ਇਕ ਵੱਜ ਗਿਆ, ਪਰ ਅਜੇ ਤੱਕ ਮੁਸਾਫ਼ਿਰਾਂ ਦਾ ਬੇੜਾ ਬੰਨੇ ਲੱਗਣ ਦੀ ਕੋਈ ਆਸ ਨਹੀਂ ਸੀ ਜਾਪਦੀ। ਘੋੜੇ ਥੱਕ ਕੇ ਚਕਨਾਚੂਰ ਹੋ ਗਏ ਸਨ। ਚਾਬਕ ਚਲਾਂਦਿਆਂ-ਚਲਾਂਦਿਆਂ ਗੱਡੀਵਾਨ ਦੀਆਂ ਬਾਹਾਂ ਵਿਚ ਖੱਲੀਆਂ ਪੈ ਗਈਆਂ, ਤੇ ਘੋੜਿਆਂ ਨੂੰ ਗਾਲ੍ਹਾਂ ਕੱਢਦੇ ਦੀਆਂ ਘੱਗਾਂ ਮਿਲ ਗਈਆਂ ਸਨ।
ਪਰਦੇਸ ਵਿਚ ਭੁੱਖ ਉਂਜ ਹੀ ਬਹੁਤੀ ਚਮਕਦੀ ਹੈ; ਖਾਸ ਕਰ ਕੇ ਜਿਥੇ ਕੁਝ ਮਿਲਣ ਦੀ ਉਮੀਦ ਨਾ ਰਹੀ ਹੋਵੇ, ਉਥੇ ਤਾਂ ਢਿੱਡ ਵਿਚ ਕਤੂਰੇ ਹੀ ਭੌਂਕਣ ਲੱਗ ਪੈਂਦੇ ਹਨ। ਇਹੋ ਹਾਲਤ ਇਸ ਵੇਲੇ ਇਨ੍ਹਾਂ ਮੁਸਾਫ਼ਿਰਾਂ ਦੀ ਸੀ; ਖਾਸ ਕਰ ਕੇ ਉਸ ਅਮੀਰ ਤਰੇਘੜੇ ਦੀ ਹਾਲਤ ਤਾਂ ਬੜੀ ਹੀ ਤਰਸਯੋਗ ਸੀ। ਆਂਦਰਾਂ ਦੀ ਕੁਲਕੁਲਾਹਟ ਨੇ ਉਨ੍ਹਾਂ ਦੇ ਮਾਇਕ ਵਾਰਤਾਲਾਪ ਨੂੰ ਵੀ ਸਲ੍ਹਾਬਾ ਚਾੜ੍ਹ ਦਿੱਤਾ ਸੀ। ਸਭ ਦੀਆਂ ਜ਼ੁਬਾਨਾਂ ਜਿਵੇਂ ਤਾਲੂਆਂ ਨਾਲ ਸਿਊਂਤੀਆਂ ਸਨ। ਕੇਵਲ ਕਿਸੇ ਵੇਲੇ ਕੋਈ ਇਕ-ਅੱਧ ਅੰਗੜਾਈ ਜਾਂ ਉਬਾਸੀ ਲੈਂਦਾ ਕਹਿੰਦਾ, “ਓਹ! ਰੱਬ ਜੀ!”
ਮਾਰਗਰੇਟ ਦੇ ਨੇੜੇ ਬੈਠਾ ਗੱਭਰੂ ਲੋਸ਼ੀਓ ਬੋਲਿਆ, “ਬੜੀ ਭੁੱਖ ਲੱਗੀ ਹੈ, ਕੀ ਕਰੀਏ?” ਮਾਰਗਰੇਟ ਇਕ-ਦੋ ਵਾਰੀ ਹੇਠਾਂ ਝੁਕੀ। ਮਲੂਮ ਹੁੰਦਾ ਸੀ, ਉਹ ਆਪਣੀ ਸੀਟ ਦੇ ਹੇਠੋਂ ਕੁਝ ਲੱਭ ਰਹੀ ਹੈ। ਦੋ-ਚਾਰ ਮਿੰਟ ਉਹ ਹਿਚਕਾਂਦੀ ਹੋਈ ਮੁਸਾਫ਼ਿਰਾਂ ਵੱਲ ਤੱਕਦੀ, ਤੇ ਫਿਰ ਸ਼ਾਂਤ ਭਾਵ ਨਾਲ ਤਣ ਕੇ ਬੈਠ ਜਾਂਦੀ। ਸਭਨਾਂ ਦੇ ਚਿਹਰੇ ਪੀਲੇ ਪੈਂਦੇ ਜਾਂਦੇ ਸਨ। ਲੋਸ਼ੀਓ ਨੇ ਫ਼ਿਰ ਕਿਹਾ, “ਇਸ ਵੇਲੇ ਜੇ ਕੋਈ ਚੱਪਾ ਕੁ ਰੋਟੀ ਤੇ ਇਕ ਪਲੇਟ ਮਾਸ ਦੀ ਲਿਆ ਦੇਵੇ ਤਾਂ ਮੈਂ ਉਸ ਨੂੰ ਹਜ਼ਾਰ ਫ਼ਰੈਂਕ ਦੇਣ ਨੂੰ ਤਿਆਰ ਹਾਂ।”
ਉਸ ਦੀ ਵਹੁਟੀ ਨੇ ਝਟਪਟ ਪਤੀ ਦੀ ਇਸ ਥੋੜ੍ਹਦਿਲੀ ਦਾ ਵਿਰੋਧ ਕੀਤਾ, ਕਿਉਂਕਿ ਦੌਲਤ ਦੀ ਇਸ ਬੇਦਰਦੀ ਨਾਲ ਵਰਤੋਂ ਨੂੰ ਉਹ ਪਸੰਦ ਨਹੀਂ ਸੀ ਕਰਦੀ। ਉਹ ਭਾਵੇਂ ਜਾਣਦੀ ਸੀ ਕਿ ਉਸ ਦੇ ਪਤੀ ਨੇ ਇਹ ਸ਼ਬਦ ਐਵੇਂ ਹਾਸੇ ਭਾਣੇ ਹੀ ਕਹੇ ਹਨ, ਤਾਂ ਵੀ ਉਹ ਸਹਾਰ ਨਾ ਸਕੀ।
ਕਾਰਨੂਟੇਡ ਕੋਲ ਸ਼ਰਾਬ ਦੀ ਬੋਤਲ ਸੀ। ਉਸ ਨੇ ਆਪਣੇ ਸਾਥੀਆਂ ਨੂੰ ਸੁਲ੍ਹਾ ਮਾਰੀ। ਲੋਸ਼ੀਓ ਨੂੰ ਛੱਡ ਕੇ ਬਾਕੀ ਸਭ ਨੇ ਨਾਂਹ ਕਰ ਦਿੱਤੀ। ਲੋਸ਼ੀਓ ਨੇ ਬੋਤਲ ਵਿਚੋਂ ਕੇਵਲ ਇਕ-ਦੋ ਘੁੱਟ ਪੀਤੇ, ਤੇ ਧੰਨਵਾਦ ਸਹਿਤ ਬੋਤਲ ਮੋੜਦਾ ਕਹਿਣ ਲੱਗਾ, “ਸ਼ਰਾਬ ਬੇਸ਼ੱਕ ਬੜੀ ਵਧੀਆ ਕਿਸਮ ਦੀ ਹੈ, ਪੀਂਦਿਆਂ ਹੀ ਸਰੀਰ ਨਿੱਘਾ ਹੋ ਗਿਆ ਹੈ।”
ਸ਼ਰਾਬ ਦੇ ਦੋ ਘੁੱਟ ਪੀ ਕੇ ਉਹ ਕੁਝ ਚੁਸਤ ਹੋ ਗਿਆ। ਉਸ ਨੇ ਸਾਰਿਆਂ ਦੇ ਸਾਹਮਣੇ ਮਤਾ ਪੇਸ਼ ਕੀਤਾ ਕਿ ਜਿਸ ਤਰ੍ਹਾਂ ਮਲਾਹਾਂ ਦੇ ਕਿਸੇ ਗੀਤ ਵਿਚ ਦੱਸਿਆ ਗਿਆ ਹੈ, ਉਨ੍ਹਾਂ ਨੂੰ ਵੀ ਆਪਣੇ ਵਿਚੋਂ ਸਭ ਤੋਂ ਮੋਟੇ ਆਦਮੀ ਨੂੰ ਖਾ ਲੈਣਾ ਚਾਹੀਦਾ ਹੈ। ਇਸ ਭੱਦੇ ਜਿਹੇ ਮਜ਼ਾਕ ਦਾ ਕਿਸੇ ਨੇ ਕੋਈ ਉਤਰ ਨਾ ਦਿੱਤਾ। ਸਾਰੇ ਜਾਣਦੇ ਸਨ ਕਿ ਉਹਦੀ ਇਸ ਟਿੱਚਰ ਦਾ ਨਿਸ਼ਾਨਾ, ਛੁੱਟ ਉਸ ਮੋਟੀ ਵੇਸਵਾ ਮਾਰਗਰੇਟ ਤੋਂ ਹੋਰ ਕੋਈ ਨਹੀਂ ਸੀ। ਕੇਵਲ ਕਾਰਨੂਟੇਡ ਮੁਸਕਰਾਇਆ। ਦੋਹਾਂ ਬ੍ਰਹਮਚਾਰਨੀਆਂ ਨੇ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ ਸੀ। ਉਹ ਹੱਥਾਂ ਨੂੰ ਬਗਲਾਂ ਹੇਠ ਘੁੱਟੀ ਬੈਠੀਆਂ ਸਨ ਪਰ ਅੱਖਾਂ ਉਨ੍ਹਾਂ ਦੀਆਂ ਬਰਾਬਰ ਝੁਕੀਆਂ ਹੋਈਆਂ ਸਨ। ਸ਼ਾਇਦ ਇਸ ਵੇਲੇ ਦੋਵੇਂ ਇਹੋ ਸੋਚ ਰਹੀਆਂ ਸਨ ਕਿ ਈਸਾ ਮਸੀਹ ਨੇ ਇਹ ਜਿਹੜੀ ਮੁਸੀਬਤ ਉਨ੍ਹਾਂ ਨੂੰ ਭੇਜੀ ਹੈ, ਇਹ ਅਸਲ ਵਿਚ ਉਨ੍ਹਾਂ ਦੇ ਸਬਰ ਸੰਤੋਖ ਦਾ ਇਮਤਿਹਾਨ ਲੈਣ ਲਈ ਹੈ।
ਕਰੀਬ ਤਿੰਨ ਵਜੇ ਗੱਡੀ ਮੋਕਲੇ ਜਿਹੇ ਮੈਦਾਨ ਵਿਚੋਂ ਜਾ ਰਹੀ ਸੀ, ਤੇ ਹੁਣ ਤੱਕ ਉਨ੍ਹਾਂ ਨੂੰ ਇਕ ਵੀ ਪਿੰਡ ਨਹੀਂ ਸੀ ਦਿਸਿਆ। ਮਰਗਰੇਟ ਤੇਜ਼ੀ ਨਾਲ ਇਕ ਵਾਰੀ ਫੇਰ ਹੇਠਾਂ ਝੁਕੀ, ਤੇ ਸੀਟ ਥੱਲਿਓਂ ਹੱਥ ਵਧਾ ਕੇ ਉਸ ਨੇ ਪਤਲੇ ਬੈਂਤ ਦੀ ਪਟਾਰੀ ਬਾਹਰ ਕੱਢ ਲਈ ਜਿਸ ਵਿਚੋਂ ਉਸ ਨੇ ਦੋ ਸਾਬਤ ਚੂਚੇ ਕਬਾਬ ਕੀਤੇ ਹੋਏ ਕੱਢੇ। ਪਟਾਰੀ ਵਿਚ ਹੋਰ ਵੀ ਬਥੇਰਾ ਕੁਝ ਸੀ, ਪਨੀਰ, ਰੋਟੀ, ਮੱਖਣ ਆਦਿ; ਮਤਲਬ ਪੂਰੇ ਤਿੰਨ ਦਿਨਾਂ ਦੇ ਖਾਣ ਲਈ ਉਸ ਵਿਚ ਸਾਮਾਨ ਮੌਜੂਦ ਸੀ ਜਿਸ ਕਰ ਕੇ ਉਸ ਨੂੰ ਰਸਤੇ ਵਿਚ ਕੋਈ ਸਰਾਂ ਜਾਂ ਹੋਟਲ ਲੱਭਣ ਦੀ ਲੋੜ ਨਹੀਂ ਸੀ। ਟੋਕਰੀ ਵਿਚੋਂ ਦੂੰਹ-ਤਿੰਨਾਂ ਬੰਦ ਬੋਤਲਾਂ ਦੇ ਲਾਖ ਨਾਲ ਮੜ੍ਹੇ ਹੋਏ ਮੂੰਹ ਵੀ ਨਜ਼ਰੀਂ ਆ ਰਹੇ ਸਨ। ਉਸ ਨੇ ਚੂਚਿਆਂ ਤੇ ਡਬਲ ਰੋਟੀ ਨੂੰ ਛੁਰੀ ਨਾਲ ਕੱਟਿਆ ਤੇ ਖੂਬ ਸੁਆਦ ਲਾ-ਲਾ ਖਾਣ ਲੱਗੀ।
ਸਾਰੇ ਮੁਸਾਫ਼ਿਰ ਸੱਧਰਾਈਆਂ ਨਜ਼ਰਾਂ ਨਾਲ ਉਸ ਵੱਲ ਇਉਂ ਤੱਕ ਰਹੇ ਸਨ, ਜਿਵੇਂ ਭੁੱਖੀ ਮਹੀਂ ਗੁਤਾਵੇ ਵੱਲ ਤੱਕਦੀ ਹੈ। ਮਾਸ ਤੇ ਰੋਟੀ ਦੀ ਲੁਭਾਉਣੀ ਵਾਸ਼ਨਾ ਸਾਰੀ ਗੱਡੀ ਵਿਚ ਫੈਲ ਰਹੀ ਸੀ। ਸਭ ਦੀਆਂ ਨਾਸਾਂ ਫੁੱਲ ਗਈਆਂ ਤੇ ਮੂੰਹਾਂ ਵਿਚ ਪਾਣੀ ਭਰ ਆਇਆ। ਉਹ ਤਿੰਨੇ ਤੀਵੀਆਂ ਜੋ ਪਹਿਲਾਂ ਹੀ ਉਸ ਪ੍ਰਤੀ ਨਫ਼ਰਤ ਨਾਲ ਭਰੀਆਂ ਪਈਆਂ ਸਨ, ਇਸ ਪਤਿਤ ਤੀਵੀਂ ਵੱਲ ਉਚੇਚੇ ਤੌਰ ‘ਤੇ ਵੇਖਣ ਲੱਗੀਆਂ, ਤੇ ਉਨ੍ਹਾਂ ਦੀ ਨਫ਼ਰਤ ਹੋਰ ਵੀ ਖਤਰਨਾਕ ਰੂਪ ਧਾਰ ਗਈ, ਵਸ ਚੱਲਦਾ ਤਾਂ ਉਸ ਨੂੰ ਸਣੇ ਉਸ ਦੇ ਖਾਣ ਪੀਣ ਦੇ ਸਮਾਨ ਦੇ, ਚੁੱਕ ਕੇ ਗੱਡੀ ਵਿਚੋਂ ਬਾਹਰ ਵਗਾਹ ਮਾਰਦੀਆਂ।
ਪਰ ਲੋਸ਼ੀਓ ਨਜ਼ਰ ਜਮਾਈ ਚੂਚੇ ਦੀ ਰਕੇਬੀ ਵੱਲ ਤੱਕਦਾ ਹੀ ਰਿਹਾ ਤੇ ਛੇਕੜ ਉਸ ਦੇ ਮੂੰਹੋਂ ਨਿਕਲ ਹੀ ਗਿਆ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤੀਵੀਂ ਅਸਾਂ ਸਾਰਿਆਂ ਨਾਲੋਂ ਸਿਆਣੀ ਨਿਕਲੀ ਹੈ। ਕੁਝ ਲੋਕ ਨੀਚ ਹੁੰਦੇ ਹੋਏ ਵੀ ਅਕਲ ਦੇ ਮਾਲਕ ਹੁੰਦੇ ਹਨ।”
ਆਪਣੇ ਨਿੰਦਿਆਂ ਭਰੀ ਪ੍ਰਸ਼ੰਸਾ ਸੁਣ ਕੇ ਮਾਰਗਰੇਟ ਨੇ ਚੂਚੇ ਦੀ ਰਾਂਦ ਚੱਬਦਿਆਂ ਲੋਸ਼ੀਓ ਨੂੰ ਕਿਹਾ, “ਕੁਝ ਲਓਗੇ? ਇਸ ਤਰ੍ਹਾਂ ਸਾਰੇ ਦਿਨ ਦਾ ਫਾਕਾ ਤਾਂ ਮਾਰ ਸੁੱਟੇਗਾ ਤੁਹਾਨੂੰ।”
ਲੋਸ਼ੀਓ ਨੇ ਚੋਰ ਅੱਖ ਨਾਲ ਆਪਣੇ ਸੱਜੇ ਖੱਬੇ ਤੱਕਿਆ ਤੇ ਫ਼ਿਰ ਸੰਗਦਾ-ਸੰਗਦਾ ਬੋਲਿਆ, “ਨਾਂਹ ਕਰਨ ਦਾ ਕੋਈ ਚਾਰਾ ਨਹੀਂ। ਹੁਣ ਤੇ ਇਕ ਮਿੰਟ ਵੀ ਸਹਾਰ ਨਹੀਂ ਹੁੰਦਾ ਮੇਰੇ ਤੋਂ। ਨਾਲੇ ਪ੍ਰਭੂ ਮਸੀਹ ਨੇ ਵੀ ਤਾਂ ਕਿਸੇ ਥਾਂ ਲਿਖਿਆ ਹੈ ਕਿ ਯੁੱਧ ਸਮੇਂ ਕੁਝ ਵੀ ਅਯੋਗ ਨਹੀਂ ਹੁੰਦਾ। ਕਿਉਂ ਠੀਕ ਹੈ ਨਾ ਸੱਜਣੋਂ?” ਉਸ ਨੇ ਲਾਗਲੇ ਮੁਸਾਫ਼ਿਰਾਂ ਵੱਲ ਤੱਕ ਕੇ ਪੁੱਛਿਆ।
ਫ਼ਿਰ ਉਸ ਨੇ ਆਪਣੇ ਗੋਡਿਆਂ ‘ਤੇ ਅਖ਼ਬਾਰ ਵਿਛਾ ਲਿਆ ਤਾਂ ਕਿ ਉਸ ਦੀ ਪਤਲੂਣ ਨੂੰ ਦਾਗ ਨਾ ਲੱਗੇ; ਤੇ ਲੋੜ ਅਨੁਸਾਰ ਚੀਜ਼ਾਂ ਪਟਾਰੀ ਵਿਚੋਂ ਲੈ ਕੇ ਖਾਣ ਲੱਗਾ। ਤਰੀ ਵਿਚ ਤਰ ਕੀਤੇ ਅੱਧੇ ਚੂਚੇ ਨੂੰ ਚਾਕੂ ਨਾਲ ਕੱਟਦਾ ਉਹ ਇਕ ਵਾਰੀ ਫ਼ੇਰ ਸਾਥੀਆਂ ਵੱਲ ਤੱਕ ਕੇ ਬੋਲਿਆ, “ਇਹੋ ਜਿਹੇ ਔਖੇ ਵੇਲੇ ਕਿਸੇ ਉਪਕਾਰੀ ਦਾ ਮਿਲਣਾ ਆਦਮੀ ਦੀ ਖੁਸ਼ਕਿਸਮਤੀ ਹੁੰਦੀ ਹੈ।”
ਖਾਦਿਆਂ-ਖਾਂਦਿਆਂ ਮਾਰਗਰੇਟ ਨੇ ਇਕ ਵਾਰੀ ਉਨ੍ਹਾਂ ਦੋਹਾਂ ਬ੍ਰਹਮਚਾਰਨੀਆਂ ਵੱਲ ਤੱਕ ਕੇ ਕਿਹਾ, “ਮਾਤਾ ਜੀ! ਤੁਸੀਂ ਵੀ ਕੁਝ ਲਓਗੇ?”
ਦੋਵੇਂ ਮਾਰਗਰੇਟ ਵੱਲ ਇਸ ਤਰ੍ਹਾਂ ਤੱਕੀਆਂ ਜਿਵੇਂ ਮੁਰਦੇ ਵਿਚ ਜਾਨ ਆ ਗਈ ਹੋਵੇ। ਨਿੱਕੀ ਬ੍ਰਹਮਚਾਰਨੀ ਨੂੰ ਸੰਗਦਿਆਂ ਵੇਖ ਵੱਡੀ ਬੋਲੀ, “ਕੀ ਹਰਜ ਹੈ, ਪ੍ਰਭੂ ਈਸਾ ਵੀ ਤਾਂ ਨੀਚਾਂ ਦੇ ਘਰੀਂ ਜਾ-ਜਾ ਖਾਂਦੇ ਰਹੇ ਨੇ।” ਤੇ ਫ਼ੇਰ ਦੋਹਾਂ ਨੇ ਮਾਰਗਰੇਟ ਦੀ ਬੇਨਤੀ ਪ੍ਰਵਾਨ ਕਰ ਲਈ। ਇਸ ਤੋਂ ਬਾਅਦ ਦੱਬਵੇਂ ਸ਼ਬਦਾਂ ਵਿਚ ਮਾਰਗਰੇਟ ਦਾ ਧੰਨਵਾਦ ਕਰ ਕੇ ਦੋਵੇਂ ਜਣੀਆਂ ਖਾਣ ਵਿਚ ਰੁੱਝ ਗਈਆਂ।
ਕਾਰਨੂਟੇਡ ਨੂੰ ਵੀ ਛੇਕੜ ਆਪਣੀ ਉਸ ਮੋਟੀ ਗੁਆਂਢਣ ਦਾ ਨਿਉਂਦਾ ਕਬੂਲਣਾ ਪਿਆ। ਬ੍ਰਹਮਚਾਰਨੀਆਂ ਨੂੰ ਰਲਾ ਨੇ ਕੁਲ ਅੱਠਾਂ ਗੋਡਿਆਂ ਦੀ ਮੇਜ਼ ਜਿਹੀ ਬਣ ਗਈ। ਇਸ ਮੇਜ਼ ਉਤੇ ਅਖਬਾਰ ਦੇ ਵਰਕੇ ਵਿਛਾ ਦਿੱਤੇ ਗਏ, ਤੇ ਖਾਣਾ ਖਾਧਾ ਜਾਣ ਲੱਗਾ। ਉਧਰ ਲੋਸ਼ੀਓ ਜਿਹੜਾ ਇਸ ਚੌਕੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਟ ਭਰ ਚੁੱਕਾ ਸੀ, ਹੌਲੀ ਜਿਹੀ ਆਪਣੀ ਵਹੁਟੀ ਨੂੰ ਕਹਿਣ ਲੱਗਾ, “ਥੋੜ੍ਹਾ ਜਿਹਾ ਖਾ ਲਓ ਤੁਸੀਂ ਵੀ।” ਪਹਿਲਾਂ ਤਾਂ ਉਹ ਨੰਨਾ ਹਠ ‘ਤੇ ਅੜੀ ਰਹੀ, ਪਰ ਜਦ ਉਸ ਨੇ ਵੇਖਿਆ ਕਿ ਹੌਲੀ-ਹੌਲੀ ਸਾਰੇ ਹੀ ਖਾਣੇ ਵਿਚ ਸ਼ਾਮਲ ਹੋਈ ਜਾਂਦੇ ਹਨ, ਖਾਸ ਕਰ ਕੇ ਉਹ ਦੋਵੇਂ ਬ੍ਰਹਮਚਾਰਨੀਆਂ ਵੀ, ਜੋ ਉਸ ਮੋਟੀ ਕੰਜਰੀ ਨੂੰ ਸਭ ਤੋਂ ਬਹੁਤੀ ਨਫ਼ਰਤ ਕਰਦੀਆਂ ਸਨ, ਤਾਂ ਸ੍ਰੀਮਤੀ ਲੋਸ਼ੀਓ ਦੇ ਚਿਹਰੇ ‘ਤੇ ਵੀ ਰਜ਼ਾਮੰਦੀ ਦੇ ਚਿੰਨ੍ਹ ਦਿਖਾਈ ਦੇਣ ਲੱਗੇ।
ਇਹ ਰਜ਼ਾਮੰਦੀ ਦੇਖ ਕੇ ਲੋਸ਼ੀਓ ਬੜੀ ਨਿਮਰ ਆਵਾਜ਼ ਵਿਚ ਮਾਰਗਰੇਟ ਨੂੰ ਕਹਿਣ ਲੱਗਾ, “ਕਿਉਂ ਜੀ, ਮੇਰੀ ਪਤਨੀ ਦੀ ਵੀ ਤੁਸੀਂ ਕੁਝ ਮਦਦ ਕਰ ਸਕੋਗੇ?”
ਮਾਰਗਰੇਟ ਨੇ ਮਿੱਠੀ ਜਿਹੀ ਮੁਸਕਕਰਾਹਟ ਵਿਚ ਕਿਹਾ, “ਕਿਉਂ ਨਹੀਂ?” ਤੇ ਬਿਨਾਂ ਹੋਰ ਕੁਝ ਕਿਹਾਂ, ਸ੍ਰੀਮਤੀ ਲੋਸ਼ੀਓ ਵੀ ਆਪਣੀ ਥਾਂ ਤੋਂ ਖਿਸਕ ਕੇ ਚੌਕੜੀ ਵਿਚ ਸ਼ਾਮਲ ਹੋ ਗਈ। ਮੇਜ਼ ਦੇ ਪਾਵੇ ਅੱਠਾਂ ਦੇ ਥਾਂ ਹੁਣ ਦਸ ਹੋ ਗਏ।
ਵਿਸਕੀ ਦੀ ਜਦ ਪਹਿਲੀ ਬੋਤਲ ਖੋਲ੍ਹੀ ਗਈ, ਤਾਂ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਪੀਣ ਲਈ ਗਿਲਾਸ ਸਿਰਫ਼ ਇਕੋ ਹੈ ਜਿਹੜਾ ਮਾਰਗਰੇਟ ਦੀ ਪਟਾਰੀ ਵਿਚੋਂ ਨਿਕਲਿਆ ਸੀ ਤੇ ਪੀਣ ਵਾਲੇ ਸਨ ਬਹੁਤ ਸਾਰੇ; ਪਰ ਇਹ ਦਿੱਕਤ ਇਸ ਤਰ੍ਹਾਂ ਦੂਰ ਕਰ ਦਿੱਤੀ ਗਈ ਕਿ ਇਕ ਜਣਾ ਪੀ ਕੇ ਗਲਾਸ ਕੱਪੜੇ ਨਾਲ ਪੂੰਝ ਲੈਂਦਾ, ਤੇ ਫ਼ਿਰ ਦੂਜੇ ਨੂੰ ਦੇ ਦਿੰਦਾ ਤੇ ਇਨ੍ਹਾਂ ਸਭਨਾਂ ਵਿਚੋਂ ਇਕ ਸੱਜਣ ਐਸਾ ਵੀ ਨਿੱਤਰ ਆਇਆ ਜਿਸ ਨੇ ਪੂੰਝ-ਪੂੰਝਾਈ ਨੂੰ ਪਖੰਡ ਸਮਝ ਕੇ ਬਿਨਾਂ ਪੂੰਝਿਆਂ ਹੀ ਮਾਰਗਰੇਟ ਦੇ ਹੱਥੋਂ ਗਿਲਾਸ ਲੈ ਕੇ ਪੀਂਦਿਆਂ ਕਿਹਾ, “ਇਸ ਦੀ ਕੀ ਲੋੜ ਹੈ, ਅਸੀਂ ਸਾਰੇ ਇਕੋ ਰੱਬ ਦੇ ਪੁੱਤਰ ਹਾਂ।” ਇਹ ਸੀ ਮੋਸ਼ੀਓ ਕਾਰਨੂਟੇਡ।
ਸਭ ਨੂੰ ਖਾਂਦਿਆਂ-ਪੀਂਦਿਆਂ ਵੇਖ ਕੇ, ਤੇ ਖਾਣੇ ਦੀ ਖੁਸ਼ਬੋ ਨਾਲ ਗਲਾ ਭਰ ਕੇ ਕਾਊਂਟ ਤੇ ਕਾਊਂਟੈਸ, ਅਥਵਾ ਸ੍ਰੀਮਾਨ ਤੇ ਸ੍ਰੀਮਤੀ ਕੈਰੇ ਇਸ ਨਿਰਾਦਰ ਨੂੰ ਸਹਾਰ ਨਾ ਸਕੇ। ਮਿੱਲ ਮਾਲਕ ਦੀ ਜਵਾਨ ਵਹੁਟੀ ਨੇ ਲੰਮਾ ਤੇ ਉਚਾ ਸਾਹ ਲਿਆ, ਜਿਸ ਕਰ ਕੇ ਸਭ ਖਾਊਆਂ ਦਾ ਧਿਆਨ ਉਸ ਵੱਲ ਖਿਚਿਆ ਗਿਆ। ਸੁੰਦਰੀ ਦਾ ਚਿਹਰਾ ਬਾਹਰ ਪੈ ਰਹੀ ਬਰਫ਼ ਵਾਂਗ ਬੱਗਾ ਹੋ ਗਿਆ ਸੀ, ਤੇ ਵੇਖਦਿਆਂ ਹੀ ਵੇਖਦਿਆਂ ਉਸ ਨੇ ਸਿਰ ਸੁੱਟ ਦਿੱਤਾ। ਉਹ ਬੇਹੋਸ਼ ਹੋ ਗਈ। ਉਸ ਦੇ ਪਤੀ ਨੇ ਸਾਥੀਆਂ ਪਾਸੋਂ ਮਦਦ ਮੰਗੀ, “ਇਹ ਭੁੱਖ ਨਾਲ ਬੇਹੋਸ਼ ਹੋ ਗਈ।” ਅਖੀਰ ਵੱਡੀ ਬ੍ਰਹਮਚਾਰਨੀ ਨੇ ਉਸ ਦਾ ਸਿਰ ਚੁੱਕਿਆ ਤੇ ਮਾਰਗਰੇਟ ਦੇ ਹੱਥੋਂ ਭਰਿਆ ਹੋਇਆ ਗਲਾਸ ਫੜ ਕੇ ਉਹਦੇ ਬੁੱਲ੍ਹਾਂ ਨਾਲ ਲਾ ਦਿੱਤਾ। ਬੇਹੋਸ਼ੀ ਦੀ ਹਾਲਤ ਵਿਚ ਹੀ ਸ੍ਰੀਮਤੀ ਕੈਰੇ ਸਾਰਾ ਗਲਾਸ ਗਟਕ ਗਈ।
ਪੀਣ ਤੋਂ ਬਾਅਦ ਝੱਟ ਹੀ ਉਹ ਸੁੰਦਰੀ ਚੇਤੰਨ ਹੋ ਬੈਠੀ, ਤੇ ਉਸ ਦੀਆਂ ਮੀਟੀਆਂ ਹੋਈਆਂ ਅੱਖਾਂ ਆਪਣੇ ਆਪ ਖੁੱਲ੍ਹ ਗਈਆਂ। ਫਿਰ ਉਹ ਕੁਝ ਮੁਸਕਰਾ ਕੇ ਹੌਲੀ ਜਿਹੀ ਬੋਲੀ, “ਧੰਨਵਾਦ!” ਪਰ ਬ੍ਰਹਮਚਾਰਨੀ ਨੂੰ ਫਿਕਰ ਸੀ, ਮਤੇ ਫੇਰ ਨਾ ਇਹੋ ਜਿਹੀ ਦੁਰਘਟਨਾ ਹੋ ਜਾਵੇ; ਸੋ ਉਸ ਨੇ ਗਲਾਸ ਵਿਚ ਥੋੜ੍ਹੀ ਕੁ ਹੋਰ ਸ਼ਰਾਬ ਉਲੱਦ ਕੇ ਉਸ ਨੂੰ ਪਿਆਲ ਦਿੱਤੀ, ਤੇ ਕਹਿਣ ਲੱਗੀ, “ਭੁੱਖ ਕਰ ਕੇ ਹੀ ਇਹ ਤਕਲੀਫ਼ ਹੋ ਗਈ ਸੀ।”
ਇਹ ਸੁਣ ਕੇ ਮਾਰਗਰੇਟ ਨੇ ਇਕ ਵਾਰੀ ਪਟਾਰੀ ਵਿਚਲੀਆਂ ਬਚੀਆਂ-ਖੁਚੀਆਂ ਚੀਜ਼ਾਂ ਵੱਲ ਤੱਕਿਆ, ਤੇ ਫੇਰ ਕੁਝ ਸੰਗਦੀ ਸ਼ਰਮਾਂਦੀ ਉਨ੍ਹਾਂ ਜੋੜਿਆਂ ਵੱਲ ਤੱਕ ਕੇ ਕਹਿਣ ਲੱਗੀ, “ਜੇ ਤੁਸੀਂ ਕੋਈ ਹਰਜ ਨਾ ਸਮਝੋ ਤਾਂ...।” ਤੇ ਉਹ ਗੱਲ ਕਰਦੀ-ਕਰਦੀ ਇਸ ਸ਼ੰਕਾ ਤੋਂ ਰੁਕ ਗਈ ਕਿ ਉਤਰ ਵਿਚ ਮਤੇ ਉਸ ਨੂੰ ਝਾੜ ਪਾ ਦਿੱਤੀ ਜਾਵੇ, ਪਰ ਲੋਸ਼ੀਓ ਨੇ ਉਸ ਦਾ ਮਨੋਰਥ ਇਹ ਕਹਿ ਕੇ ਪੂਰਾ ਕਰ ਦਿੱਤਾ, “ਚੁੱਲ੍ਹੇ ਵਿਚ ਪਾਓ ਇਨ੍ਹਾਂ ਫ਼ਜ਼ੂਲ ਵਹਿਮਾਂ ਨੂੰ ਜੀ...ਇਸ ਵੇਲੇ ਅਸੀਂ ਸਾਰੇ ਮੁਸਾਫ਼ਿਰ ਭੈਣਾਂ-ਭਰਾਵਾਂ ਵਾਂਗ ਹਾਂ। ਸਾਨੂੰ ਸੱਚੇ ਦਿਲੋਂ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਆਓ, ਕਾਊਂਟ ਤੇ ਕਾਊਂਟੈਸ, ਨਾਲੇ ਸ੍ਰੀਮਾਨ ਤੇ ਸ੍ਰੀਮਤੀ ਕੈਰੇ! ਸ਼ਿਸ਼ਟਾਚਾਰ ਨੂੰ ਕੁਝ ਚਿਰ ਲਈ ਛੁੱਟੀ ਦਿਓ, ਤੇ ਥੋੜ੍ਹਾ-ਬਹੁਤਾ ਖਾ ਲਓ। ਜਾਨ ਹੈ ਜਹਾਨ ਹੈ। ਜਿਸ ਤੋਰੇ ਸਾਡੀ ਗੱਡੀ ਟੁਰੀ ਜਾ ਰਹੀ ਹੈ, ਇਸ ਤੋਂ ਤਾਂ ਇਹ ਵੀ ਭਰੋਸਾ ਨਹੀਂ ਕਿ ਰਾਤੀਂ ਵੀ ਸਾਨੂੰ ਕੁਝ ਖਾਣ ਨੂੰ ਮਿਲ ਸਕੇ।”
ਦਿਲੋਂ-ਮਨੋਂ ਇਸ ਰਾਇ ਨਾਲ ਸਹਿਮਤ ਹੁੰਦਿਆਂ ਵੀ ਉਹ ਚਾਰੇ ਸਾਊ, ਸੁਆਣੀਆਂ ਝਿਜਕ ਰਹੇ ਸਨ। ਖਾਣੇ ਵੱਲ ਹੱਥ ਵਧਾਉਣ ਵਿਚ ਪਹਿਲ ਕਰਨ ਦਾ ਕੋਈ ਵੀ ਹੌਸਲਾ ਨਹੀਂ ਸੀ ਕਰ ਸਕਦਾ। ਛੇਕੜ ਕਾਊਂਟ ਹੋਰਾਂ ਹੀ ਇਸ ਉਲਝਣ ਨੂੰ ਸੁਲਝਾਇਆ। ਉਸ ਨੇ ਸ਼ਰਮਾਉਂਦੀ ਮਾਰਗਰੇਟ ਵੱਲ ਤੱਕ ਕੇ ਕਿਹਾ, “ਸ੍ਰੀਮਤੀ ਜੀ, ਅਸੀਂ ਬੜੀ ਖੁਸ਼ੀ ਨਾਲ ਤੁਹਾਡੀ ਸੇਵਾ ਪ੍ਰਵਾਨ ਕਰਦੇ ਹਾਂ।”
ਆਮ ਤੌਰ ‘ਤੇ ਇਹੋ ਜਿਹੇ ਵੇਲੇ ਪਹਿਲਾ ਕਦਮ ਚੁੱਕਣ ਵਿਚ ਹੀ ਦਿੱਕਤ ਹੁੰਦੀ ਹੈ। ਸੋ, ਇਸ ਦੇ ਦੂਰ ਹੁੰਦਿਆਂ ਹੀ ਚਾਰੇ ਇਕੋ ਵਾਰਗੀ ਖਾਣੇ ਉਤੇ ਟੁੱਟ ਪਏ, ਤੇ ਵੇਖਦਿਆਂ-ਵੇਖਦਿਆਂ ਟੋਕਰੀ ਖਾਲੀ ਹੋਣੀ ਸ਼ੁਰੂ ਹੋ ਗਈ।
ਰੋਟੀ ਖਾਂਦਿਆਂ ਮੇਜ਼ਬਾਨ ਨਾਲ ਗੱਲ-ਕੱਥ ਨਾ ਕਰਨੀ ਸਾਊਪੁਣੇ ਦੇ ਵਿਰੁਧ ਹੈ, ਇਹ ਖਿਆਲ ਕਰ ਕੇ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਪਹਿਲਾਂ ਤਾਂ ਇਹ ਸਿਲਸਿਲਾ ਕੁਝ ਬੇਦਿਲਾ ਜਿਹਾ ਹੀ ਸੀ ਕਿਉਂਕਿ ਕਿਸੇ ਨੂੰ ਵੀ ਆਪਣੀ ਨੀਚ ਮੇਜ਼ਬਾਨ ਨਾਲ ਨੇੜਤਾ ਪਸੰਦ ਨਹੀਂ ਸੀ ਪਰ ਹੌਲੀ-ਹੌਲੀ ਇਹ ਸੰਕੋਚ ਦੂਰ ਹੁੰਦਾ ਗਿਆ। ਫਿਰ ਵੀ ਗੱਲ-ਕੱਥ ਐਸੇ ਢੰਗ ਨਾਲ ਜਾਰੀ ਰਹੀ, ਜਿਵੇਂ ਮਹਿਮਾਨ ਉਸ ਪਾਪਣ ਦਾ ਖਾਣਾ ਖਾ ਕੇ ਉਸ ‘ਤੇ ਬੜੀ ਮਿਹਰਬਾਨੀ ਕਰ ਰਹੇ ਹੋਣ; ਖਾਸ ਕਰ ਕੇ ਕਾਊਂਟੈਸ ਤਾਂ ਇੱਥੋਂ ਤੱਕ ਵੀ ਕਹਿ ਗਈ, “ਵੱਡੇ ਲੋਕਾਂ ਦੀ ਵਡਿੱਤਣ ਹੀ ਇਸ ਵਿਚ ਹੈ ਕਿ ਉਹ ਆਪ ਤੋਂ ਨੀਵਿਆਂ ਨਾਲ, ਬਲਕਿ ਘਟੀਆ ਚਾਲ-ਚਲਣ ਵਾਲੇ ਲੋਕਾਂ ਨਾਲ ਬਰਾਬਰੀ ਵਾਲਾ ਵਰਤਾਉ ਕਰਨ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਕੁਝ ਵਿਗੜ ਨਹੀਂ ਜਾਂਦਾ, ਪਰ ਨੀਚ ਸ਼੍ਰੇਣੀ ਦੇ ਲੋਕਾਂ ਨੂੰ ਇਸ ਤੋਂ ਬੜਾ ਉਤਸ਼ਾਹ ਮਿਲਦਾ ਹੈ... ।” ਪਰ ਸ੍ਰੀਮਤੀ ਲੋਸ਼ੀਓ ਜਿਸ ਨੂੰ ਆਪਣੀ ਉਚਤਾ ਤੇ ਪਵਿੱਤਰਤਾ ਦਾ ਸਭ ਤੋਂ ਬਹੁਤਾ ਮਾਣ ਸੀ, ਬਿਨਾਂ ਕੁਝ ਬੋਲਿਆਂ, ਗੱਲ੍ਹਾਂ ਭਰ-ਭਰ ਕੇ ਖਾਣ ਵਿਚ ਮਸਤ ਰਹੀ।
ਗੱਲਾਂ ਦਾ ਸਿਲਸਿਲਾ ਅਖੀਰ ਲੜਾਈ ਵੱਲ ਜਿਹੜੀ ਇਨੀਂ ਦਿਨੀਂ ਸੁਭਾਵਕ ਹੀ ਸੀ, ਮੁੜਿਆ। ਜਰਮਨ ਲੋਕਾਂ ਦੇ ਜ਼ੁਲਮਾਂ ਤੇ ਨੀਚਪੁਣੇ ਦਾ ਜ਼ਿਕਰ ਛਿੜ ਪਿਆ, ਤੇ ਫਰਾਂਸੀਸੀਆਂ ਦੇ ਧੀਰਜ ਤੇ ਸਹਿਣਸ਼ੀਲਤਾ ਦੀ ਪ੍ਰਸ਼ੰਸਾ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਛੇਤੀ ਹੀ ਜ਼ਾਤੀ ਤਜਰਬਿਆਂ ਦੀ ਚਰਚਾ ਚੱਲ ਪਈ। ਮਾਰਗਰੇਟ ਨੇ ਵੀ ਬੜੇ ਮਿੱਠੇ ਲਹਿਜੇ ਵਿਚ, ਤੇ ਬੜੇ ਸੁਚੱਜੇ ਢੰਗ ਨਾਲ ਆਪਣੇ ‘ਰੋਈਨ’ ਤੋਂ ਭੱਜਣ ਦਾ ਬਿਰਤਾਂਤ ਦੱਸਣਾ ਸ਼ੁਰੂ ਕੀਤਾ। ਸੁਣਨ ਵਾਲੇ ਹੈਰਾਨ ਸਨ ਕਿ ਇਹੋ ਜਿਹੀਆਂ ਪੇਸ਼ੇਵਰ ਤੀਵੀਆਂ ਵੀ ਰਾਜਨੀਤਕ ਮਾਮਲਿਆਂ ਨੂੰ ਸਮਝਦੀਆਂ, ਤੇ ਇੰਨਾ ਚੰਗਾ ਬੋਲ ਵੀ ਸਕਦੀਆਂ ਹਨ।
ਮਾਰਗਰੇਟ ਦੱਸਣ ਲੱਗੀ, “ਪਹਿਲਾਂ ਮੇਰਾ ਖਿਆਲ ‘ਰੋਈਨ’ ਛੱਡਣ ਦਾ ਨਹੀਂ ਸੀ। ਪੈਸਾ ਮੇਰੇ ਕੋਲ ਬਥੇਰਾ ਸੀ, ਖਾਣ-ਪੀਣ ਦਾ ਸਮਾਨ ਭੀ ਭਰਿਆ ਪਿਆ ਸੀ। ਕੁਝ ਜਰਮਨਾਂ ਨੂੰ ਆਪਣੇ ਘਰ ਰੱਖ ਕੇ ਮੈਂ ਟਿਕੀ ਰਹਿ ਸਕਦੀ ਸਾਂ। ਤੁਸੀਂ ਜਾਣਦੇ ਹੀ ਹੋ, ਇਸ ਤੋਂ ਬਿਨਾਂ ਕੋਈ ਵਾਹ ਵੀ ਨਹੀਂ ਸੀ। ਕਈ ਲੋਕ ਜਿਨ੍ਹਾਂ ਨੇ ਸਿਪਾਹੀਆਂ ਨੂੰ ਰੱਖਣੋਂ ਨਾਂਹ-ਨੁੱਕਰ ਕੀਤੀ, ਉਕਾ ਹੀ ਘਰਾਂ ਤੋਂ ਕੱਢ ਦਿੱਤੇ ਗਏ। ਨਾਲੇ ਮੇਰਾ ਤਾਂ ਹੋਰ ਕੋਈ ਥਾਂ ਟਿਕਾਣਾ ਵੀ ਨਹੀਂ ਸੀ, ਜਾਂਦੀ ਤਾਂ ਕਿਧਰ ਜਾਂਦੀ। ਮਜਬੂਰ ਹੋ ਕੇ ਮੈਨੂੰ ਵੀ ਇੱਦਾਂ ਹੀ ਕਰਨਾ ਪਿਆ, ਪਰ ਜਦੋਂ ਹੀ ਮੈਂ ਉਨ੍ਹਾਂ ਜਰਮਨ ਸੂਰਾਂ ਦੀ ਸ਼ਕਲ ਵੇਖਦੀ, ਗੁੱਸੇ ਤੇ ਨਫ਼ਰਤ ਨਾਲ ਮੇਰਾ ਲਹੂ ਖੌਲਣ ਲਗਦਾ। ਸ਼ਰਮ ਦੀ ਮਾਰੀ ਮੈਂ ਆਪਣੇ ਆਪ ਵਿਚ ਡੁੱਬਦੀ ਜਾਂਦੀæææ ਮੇਰੇ ਦੇਸ਼ ਦੇ ਦੁਸ਼ਮਣ, ਮੇਰੇ ਪ੍ਰਾਹਣੇ? ਨਾਲੇ ਮੈਂ ਸੋਚਦੀ, ਜੇ ਕਿਤੇ ਮੈਂ ਮਰਦ ਹੁੰਦੀ, ਤਾਂ ਇਕ ਵਾਰੀ ਇਨ੍ਹਾਂ ਵਹਿਸ਼ੀ ਕੁੱਤਿਆਂ ਨੂੰ ਦਸ ਦਿੰਦੀ!
ਜਿਸ ਦਿਨ ਉਹ ਲੋਕ ‘ਰੋਈਨ’ ਵਿਚ ਆ ਵੜੇ, ਮੈਂ ਜਦ ਬਾਰੀ ਵਿਚੋਂ ਉਨ੍ਹਾਂ ਦੀਆਂ ਮਨਹੂਸ ਸ਼ਕਲਾਂ ਵੇਖੀਆਂ, ਤਾਂ ਆਪੇ ਤੋਂ ਬਾਹਰ ਹੋ ਗਈ। ਜੇ ਕਿਤੇ ਮੇਰੀ ਨੌਕਰਾਣੀ ਨੇ ਮੈਨੂੰ ਫੜ ਨਾ ਲਿਆ ਹੁੰਦਾ, ਤਾਂ ਕੁਰਸੀ ਚੁੱਕ ਕੇ ਉਨ੍ਹਾਂ ‘ਤੇ ਵਗ੍ਹਾ ਮਾਰਦੀ। ਇਸ ਤੋਂ ਬਾਅਦ ਕੁਝ ਸਿਪਾਹੀਆਂ ਨੂੰ ਮੇਰੇ ਮਕਾਨ ‘ਤੇ ਠਹਿਰਾ ਦਿੱਤਾ ਗਿਆ। ਪਹਿਲਾ ਸਿਪਾਹੀ ਜਿਹੜਾ ਮੇਰੀ ਬੈਠਕ ਅੰਦਰ ਆਇਆ, ਮੈਂ ਗੁੱਸੇ ਨਾਲ ਪਾਗਲ ਹੋ ਕੇ ਉਹਨੂੰ ਗਲੋਂ ਜਾ ਫੜਿਆ, ਪਰ ਉਸ ਨੇ ਮੈਨੂੰ ਵਾਲਾਂ ਤੋਂ ਫੜ ਕੇ ਪਿਛਾਂਹ ਸੁੱਟ ਦਿੱਤਾ। ਜੇ ਕਿਤੇ ਉਹ ਫੁਰਤੀ ਨਾਲ ਇਸ ਤਰ੍ਹਾਂ ਨਾ ਕਰਦਾ ਤਾਂ ਮੈਂ ਉਸ ਨੂੰ ਜਾਨੋਂ ਹੀ ਮਾਰ ਸੁੱਟਣਾ ਸੀ।
ਇਸ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਲੁਕਾ ਕੇ ਰੱਖਣਾ ਪਿਆ। ਕੁਝ ਚਿਰ ਮੈਂ ਲੁਕੀ ਰਹੀ, ਪਰ ਲੁਕਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਨ੍ਹਾਂ ਬਦਮਾਸ਼ਾਂ ਤੋਂ ਡਰਦੀ ਸੀ। ਅਸਲ ਵਿਚ ਮੇਰੇ ਅੰਦਰ ਜਿਹੜੀ ਅੱਗ ਭੜਕ ਰਹੀ ਸੀ, ਉਹ ਤਦ ਤੱਕ ਠੰਢੀ ਨਹੀਂ ਸੀ ਹੋਣੀ, ਜਦ ਤੱਕ ਮੈਂ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਜਿੰਨਾ ਕੁ ਮੈਥੋਂ ਹੋ ਸਕੇ, ਮੌਤ ਦੇ ਘਾਟ ਨਾ ਉਤਾਰ ਲੈਂਦੀ ...।”
“ਹੱਛਾ!” ਵੱਡੀ ਬ੍ਰਹਮਚਾਰਨੀ ਦੇ ਹੱਥੋਂ ਮਾਲਾ ਡਿਗ ਪਈ, “ਫ਼ਿਰ ਤੂੰ ਕੀ ਕੀਤਾ?”
“ਫ਼ਿਰ?” ਵੇਸਵਾ ਦਾ ਸੀਨਾ ਧੌਂਕਣੀ ਵਾਂਗ ਉਠ-ਬੈਠ ਰਿਹਾ ਸੀ, “ਫ਼ਿਰ ਉਹੀ ਜੋ ਕੁਝ ਮੈਨੂੰ ਕਰਨਾ ਚਾਹੀਦਾ ਸੀ”, ਤੇ ਕਹਿੰਦਿਆਂ-ਕਹਿੰਦਿਆਂ ਮਾਰਗਰੇਟ ਨੇ ਆਪਣੇ ਦੋਵੇਂ ਪੰਜੇ ਸਾਹਮਣੇ ਤਾਣ ਕੇ 10 ਦਾ ਸੰਕੇਤ ਕਰਦਿਆਂ ਕਿਹਾ, “ਇੰਨਿਆਂ ਨੂੰ ਟਿਕਾਣੇ ਲਾ ਕੇ ਨੱਸ ਆਈ, ਤੇ ਅੱਜ ਤੁਹਾਡੇ ਵਿਚਾਲੇ ਬੈਠੀ ਹਾਂ।”
“ਹੈਂ! ਦਸ ਜਰਮਨ? ਸੱਚਮੁੱਚ? ਕੀ ਇਹ ਮੁਮਕਿਨ ਹੈ?” ਕਈ ਮੁਸਾਫ਼ਰਾਂ ਦੇ ਮੂੰਹੋਂ ਇਕੱਠਾ ਨਿਕਲਿਆ। ਕਾਊਂਟੈਸ ਜਿਹੜੀ ਬਹੁਤੀ ਖਾ ਜਾਣ ਕਰ ਕੇ ਔਖੇ-ਔਖੇ ਡਕਾਰ ਲੈ ਰਹੀ ਸੀ, ਬੋਲੀ, “ਪਰ ਕਿਸ ਤਰ੍ਹਾਂ ਇਕ ਦਮ ਇਤਨੇ ਖੂਨ?” ਤੇ ਉਸ ਦੇ ਚਿਹਰੇ ਦਾ ਰੰਗ ਜਿਹੜਾ ਖਾਣ ਪੀਣ ਨਾਲ ਮਸਾਂ ਠੀਕ ਹੋਇਆ ਸੀ, ਡਰ ਨਾਲ ਫਿਰ ਪੀਲਾ ਹੋਣਾ ਸ਼ੁਰੂ ਹੋ ਗਿਆ।
“ਕਿਸ ਤਰ੍ਹਾਂ ਕੀ!” ਵੇਸਵਾ ਦੇ ਸਰੀਰ ਦੀਆਂ ਸਾਰੀਆਂ ਨਾੜਾਂ ਜੋਸ਼ ਨਾਲ ਥਿਰਕ ਰਹੀਆਂ, “ਡੰਡੇ ਨਾਲ, ਛੁਰੇ ਨਾਲ, ਰੱਸੀ ਨਾਲ! ਆਦਮੀ ਦਾ ਮਾਰਨਾ ਹੈ ਈ ਕੀ ਏ।”
ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸਭ ਨੇ ਉਸ ਨੂੰ ਵਧਾਈ ਦਿੱਤੀ। ਕਾਰਨੂਟੇਡ ਵੀ ਵਿਚ-ਵਿਚ ਮੁਸਕਰਉਂਦਾ ਤੇ ਸਿਰ ਹਿਲਾਉਂਦਾ ਰਿਹਾ; ਉਸੇ ਤਰ੍ਹਾਂ ਜਿਵੇਂ ਕੋਈ ਪਾਦਰੀ ਕਿਸੇ ਜਗਿਆਸੂ ਨੂੰ ਭਗਤੀ ਕਰਦਿਆਂ ਵੇਖ ਕੇ ਮੁਸਕਰਾਉਂਦਾ ਹੈ, ਕਿਉਂਕਿ ਦੇਸ਼ ਭਗਤੀ ਦਾ ਠੇਕਾ ਉਸ ਵਰਗੇ ਲੀਡਰਾਂ ਪਾਸ ਉਸੇ ਤਰ੍ਹਾਂ ਹੁੰਦਾ ਹੈ, ਜਿਵੇਂ ਪਾਦਰੀਆਂ ਪਾਸ ਧਰਮ ਦਾ ਠੇਕਾ।
ਤਾਂ ਵੀ ਕਾਰਨੂਟੇਡ ਸੀ ਪਰਜਾਤੰਤਰਵਾਦੀਆਂ ਦਾ ਮੋਹਰੀ। ਉਸ ਨੂੰ ਸ਼ਾਇਦ ਉਸ ਵੇਸਵਾ ਦਾ ਸਾਮਰਾਜਵਾਦੀ ਹਕੂਮਤ ਲਈ ਇਹ ਅੰਧ-ਵਿਸ਼ਵਾਸ ਚੰਗਾ ਨਹੀਂ ਸੀ ਲੱਗ ਰਿਹਾ। ਉਹ ਬੜੀ ਉਚੀ ਤੇ ਦ੍ਰਿੜ ਆਵਾਜ਼ ਵਿਚ ਬੋਲ ਉਠਿਆ, “ਪਰ ਸਾਮਰਾਜਵਾਦੀਆਂ ਦੀ ਇਹ ਮੂਰਖ਼ਤਾ ਭਰੀ ਹਿਮਾਇਤ ਹੈ।”
ਮਾਰਗਰੇਟ ਸੁਣ ਕੇ ਭਬੂਕਾ ਹੋ ਉਠੀ, ਕਿਉਂਕਿ ਉਹ ਬੋਨਾਪਾਰਟ ਦੇ ਸ਼ਰਧਾਲੂਆਂ ਵਿਚੋਂ ਸੀ। ਉਸ ਦਾ ਮੂੰਹ ਲਾਲ ਹੋ ਗਿਆ, ਤੇ ਗੁੱਸੇ ਦੀ ਮਾਰੀ ਥਥਲਾਉਂਦੀ ਹੋਈ ਬੋਲੀ, “ਨੈਪੋਲੀਅਨ ਦੀ ਥਾਂ ਮੈਂ ਤੈਨੂੰ ਤੇ ਤੇਰੇ ਸਾਥੀਆਂ ਨੂੰ ਬੰਦੀਖਾਨੇ ਵਿਚ ਵੇਖਣਾ ਚਾਹੁੰਦੀ ਸੀ। ਤੁਸਾਂ ਲੋਕਾਂ ਹੀ ਉਸ ਨਾਲ ਵਿਸਾਹਘਾਤ ਕੀਤਾ ਸੀ। ਜੇ ਫਰਾਂਸ ਦੇ ਰਾਜ ਦੀ ਵਾਗਡੋਰ ਤੁਸਾਂ ਲੋਕਾਂ ਦੇ ਹੱਥ ਆ ਜਾਵੇ ਤਾਂ ਸਾਡੇ ਵਰਗਿਆਂ ਲਈ ਜਿਉਣਾ ਮੁਸ਼ਕਲ ਹੋ ਜਾਵੇ।”
ਕਾਰਨੂਟੇਡ ਉਤੇ ਇਸ ਫਟਕਾਰ ਦਾ ਕੁਝ ਵੀ ਅਸਰ ਨਾ ਹੋਇਆ। ਉਹ ਅਜੇ ਤੱਕ ਆਪਣੇ ਵਡਿਤਣ ਉਤੇ ਆਕੜਿਆ ਹੋਇਆ, ਨਫ਼ਰਤ ਦੇ ਲਹਿਜੇ ਵਿਚ ਮੁਸਕਰਾ ਰਿਹਾ ਸੀ। ਜਾਪਦਾ ਸੀ ਜਿਵੇਂ ਇਸ ਵਾਰਤਾਲਾਪ ਵਿਚ ਹੋਰ ਗਰਮੀ ਆ ਜਾਵੇਗੀ। ਇਸ ਹਾਲਤ ਨੂੰ ਵੇਖ ਕੇ ਕਾਊਂਟ ਨੇ ਝਗੜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਊਂਟੈਸ ਤੇ ਸ੍ਰੀਮਤੀ ਲੋਸ਼ੀਓ, ਆਮ ਅਮੀਰਾਂ ਦੀ ਆਦਤ ਅਨੁਸਾਰ ਪਰਜਾਤੰਤਰਵਾਦੀਆਂ ਨੂੰ ਘ੍ਰਿਣਾ ਨਾਲ ਵੇਖਦੀਆਂ ਤੇ ਸਾਮਰਾਜ ਦੀ ਤੜਕ-ਭੜਕ ਨੂੰ ਪਸੰਦ ਕਰਦੀਆਂ ਸਨ। ਇਸ ਕਰ ਕੇ ਆਪਣੀ ਰੁਚੀ ਦੇ ਉਲਟ ਚਾਲ-ਚਲਣ ਵਾਲੀ ਤੀਵੀਂ ਨਾਲ ਵੀ ਉਨ੍ਹਾਂ ਦੀ ਦਿਲਚਸਪੀ ਪੈਦਾ ਹੋ ਗਈ ਜਿਸ ਦੇ ਰਾਜਨੀਤਕ ਖਿਆਲ ਉਨ੍ਹਾਂ ਨਾਲ ਮਿਲਦੇ ਜੁਲਦੇ ਸਨ।
ਟੋਕਰੀ ਹੁਣ ਖਾਲੀ ਹੋ ਚੁੱਕੀ ਸੀ। ਉਸ ਵਿਚਲਾ ਸਾਮਾਨ ਭਾਵੇਂ ਦਸਾਂ ਆਦਮੀਆਂ ਦੇ ਢਿੱਡਾਂ ਨੂੰ ਘੰਡੀ ਤੱਕ ਭਰਨ ਲਈ ਕਾਫ਼ੀ ਸੀ, ਤਾਂ ਵੀ ਕਈਆਂ ਨੂੰ ਅਫ਼ਸੋਸ ਸੀ ਕਿ ਜੇ ਕਿਤੇ ਥੋੜ੍ਹਾ ਜਿਹਾ ਹੋਰ ਹੁੰਦਾ ਤਾਂ ਰਾਤ ਦੀ ਰੋਟੀ ਦਾ ਫ਼ਿਕਰ ਵੀ ਮੁੱਕ ਜਾਂਦਾ। ਖਾਣਾ ਮੁੱਕਣ ਦੇ ਨਾਲ ਹੀ ਗੱਲਾਂ ਦਾ ਸਿਲਸਿਲਾ ਵੀ ਬੰਦ ਹੋ ਗਿਆ।
ਰਾਤ ਪੈਣ ਲੱਗੀ। ਹੌਲੀ-ਹੌਲੀ ਬਰਫ਼ ਲੱਦੀ ਧਰਤੀ ਉਤੇ ਕਾਲੀ ਚਾਦਰ ਵਿਛਣ ਸ਼ੁਰੂ ਹੋ ਗਈ। ਮਾਰਗਰੇਟ ਮੋਟੀ ਹੋਣ ‘ਤੇ ਵੀ ਸਰਦੀ ਨਾਲ ਕੰਬ ਰਹੀ ਸੀ। ਕੋਚਵਾਨ ਨੇ ਲਾਲਟੈਣਾਂ ਬਾਲੀਆਂ ਜਿਨ੍ਹਾਂ ਦਾ ਮੱਧਮ ਚਾਨਣ ਸੜਕ ਦੇ ਦੋਹੀਂ ਪਾਸੀਂ ਫੈਲ ਰਿਹਾ ਸੀ।
ਗੱਡੀ ਅੰਦਰ ਹੁਣ ਹਨੇਰਾ ਸੀ। ਕੁਝ ਵੀ ਦਿਖਾਈ ਨਹੀਂ ਸੀ ਦਿੰਦਾ, ਪਰ ਜਿਸ ਪਾਸੇ ਕਾਰਨੂਟੇਡ ਤੇ ਮਾਰਗਰੇਟ ਬੈਠੇ ਹੋਏ ਸਨ, ਉਥੇ ਕੁਝ ਹਿਲ-ਜੁਲ ਜਿਹੀ ਦਿਖਾਈ ਦਿੱਤੀ। ਲੋਸ਼ੀਓ ਨੂੰ ਹਨੇਰੇ ਵਿਚ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਲੰਮਦਾੜ੍ਹੀਆ ਪਰਜਾਤੰਤਰਵਾਦੀ ਤੇਜ਼ੀ ਨਾਲ ਇਕ ਪਾਸੇ ਨੂੰ ਉਲਰਿਆ, ਜਿਵੇਂ ਉਸ ਨੂੰ ਕਿਸੇ ਨੇ ਕੱਸ ਕੇ ਘਸੁੰਨ ਜੜਿਆ ਹੋਵੇ।
ਸਾਹਮਣੇ ਛੋਟੀਆਂ-ਛੋਟੀਆਂ ਬੱਤੀਆਂ ਦਿਖਾਈ ਦਿੱਤੀਆਂ। ਪੂਰੇ ਯਾਰਾਂ ਘੰਟੇ ਚਲਦੀ ਰਹਿਣ ਤੋਂ ਬਾਅਦ ਅਖੀਰ ਗੱਡੀ ‘ਟੋਟਿਸ’ ਜਾ ਅੱਪੜੀ। ਇਸ ਵਿਚਾਲੇ ਤਿੰਨਾਂ-ਤਿੰਨਾਂ ਘੰਟਿਆਂ ਪਿੱਛੋਂ ਚਾਰ ਵਾਰੀ ਰਸਤੇ ਵਿਚ ਘੋੜਿਆਂ ਨੂੰ ਸਾਹ ਲੈਣ ਤੇ ਚਾਰਾ ਖਾਣ ਲਈ ਖੋਲ੍ਹਿਆ ਗਿਆ ਸੀ। ਇਸ ਤਰ੍ਹਾਂ ਸਭ ਰਲਾ ਕੇ ਗੱਡੀ ਨੇ ਚੌਦਾਂ ਘੰਟੇ ਵਕਤ ਖਰਚ ਕੀਤਾ।
ਗੱਡੀ ਸ਼ਹਿਰ ਵਿਚ ਪਹੁੰਚ ਕੇ ‘ਡੂਕਾਮਰਸ’ ਹੋਟਲ ਦੇ ਖੁੱਲ੍ਹੇ ਵਿਹੜੇ ਵਿਚ ਜਾ ਰੁਕੀ।
ਗੱਡੀ ਦਾ ਬੂਹਾ ਖੁੱਲ੍ਹਿਆ, ਤੇ ਨਾਲ ਹੀ ਜਾਣੇ-ਪਛਾਣੇ ਜਿਹੇ ਰੌਲੇ ਦੀ ਆਵਾਜ਼ ਸੁਣ ਕੇ ਸਾਰੇ ਮੁਸਾਫ਼ਰ ਡਰ ਗਏ। ਇਹ ਸ਼ੋਰ ਫ਼ਰਸ਼ ਉਤੇ ਮਿਆਨਾਂ ਖੜਕਾਉਣ ਦਾ ਸੀ। ਇਸ ਦੇ ਨਾਲ ਹੀ ਜਰਮਨ ਬੋਲੀ ਵਿਚ ਕਿਸੇ ਦੀਆਂ ਰੋਹਬ ਭਰੀਆਂ ਗੱਲਾਂ ਸੁਣਾਈ ਦਿੱਤੀਆਂ।
ਗੱਡੀ ਭਾਵੇਂ ਖੜੋਤੀ ਹੋਈ ਸੀ, ਤੇ ਬੂਹਾ ਵੀ ਖੁੱਲ੍ਹਾ ਸੀ, ਪਰ ਕਿਸੇ ਮੁਸਾਫ਼ਰ ਨੂੰ ਝਟਪਟ ਬਾਹਰ ਨਿਕਲਣ ਦੀ ਹਿੰਮਤ ਨਾ ਪਈ। ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਦੀ ਸ਼ੰਕਾ ਹੋਰ ਹੀ ਸੀ, ਮਾਨੋ ਬਾਹਰ ਨਿਕਲਦਿਆਂ ਹੀ ਉਹ ਸਿੱਧੇ ਮੌਤ ਦੇ ਮੂੰਹ ਵਿਚ ਜਾ ਪੈਣਗੇ। ਤਦ ਲਾਲਟੈਣ ਹੱਥ ਵਿਚ ਫੜੀ ਗੱਡੀਵਾਨ ਬਾਹਰ ਖੜੋਤਾ ਉਨ੍ਹਾਂ ਨੂੰ ਦਿਖਾਈ ਦਿੱਤਾ। ਲਾਲਟੈਣ ਦਾ ਚਾਨਣ ਸਵਾਰੀਆਂ ਦੇ ਮੂੰਹਾਂ ‘ਤੇ ਪਿਆ, ਦੋਹਾਂ ਕਤਾਰਾਂ ਵਿਚ ਬੈਠੇ ਮੁਸਾਫ਼ਰਾਂ ਦੇ ਚਿਹਰੇ ਡਰ ਨਾਲ ਸਹਿਮੇ ਹੋਏ ਸਨ। ਸਭ ਦੇ ਮੂੰਹ ਖੁੱਲ੍ਹੇ ਸਨ। ਸਾਰੇ ਹੀ ਅੱਖਾਂ ਪਾੜ-ਪਾੜ ਕੇ ਇਕ ਦੂਜੇ ਵੱਲ ਤਕਦੇ ਹੋਏ ਕਿਸੇ ਭਿਆਨਕ ਹੋਣੀ ਦੀ ਸੰਭਾਵਨਾ ਨਾਲ ਕੰਬ ਰਹੇ ਸਨ।
ਗੱਡੀਵਾਨ ਨਾਲ ਇਕ ਜਰਮਨ ਅਫ਼ਸਰ ਖੜ੍ਹਾ ਵੇਖ ਕੇ ਸਾਰਿਆਂ ਦੀ ਖਾਨਿਓਂ ਗਈ। ਅਫ਼ਸਰ ਉਚੇ ਲੰਮੇ ਕੱਦ ਦੇ ਇਕਹਿਰੇ ਸਰੀਰ ਦਾ ਬੜਾ ਸਨੁੱਖਾ ਜਵਾਨ ਸੀ। ਚੁਸਤ ਪੁਸ਼ਾਕ ਵਿਚ ਉਹ ਉਸ ਤੀਵੀਂ ਵਰਗਾ ਦਿਸ ਰਿਹਾ ਸੀ ਜਿਸ ਨੇ ਤੰਗ ਚੋਲੀ ਨਾਲ ਆਪਣੇ ਸਰੀਰ ਨੂੰ ਕੱਸਿਆ ਹੋਇਆ ਹੋਵੇ। ਉਸ ਦੇ ਸਿਰ ‘ਤੇ ਚਮਕੀਲੀ ਟੋਪੀ ਸੀ। ਉਹ ਟੁੱਟੀ-ਫੁੱਟੀ ਫਰਾਂਸੀਸੀ ਵਿਚ ਮੁਸਾਫ਼ਰਾਂ ਨੂੰ ਕਹਿਣ ਲੱਗਾ, “ਮੁਸਾਫ਼ਰੋ! ਮਿਹਰਬਾਨੀ ਕਰ ਕੇ ਬਾਹਰ ਆ ਜਾਓ।”
ਸਭ ਤੋਂ ਪਹਿਲਾਂ ਦੋਹਾਂ ਬ੍ਰਹਮਚਾਰਨੀਆਂ ਨੇ ਉਸ ਦੀ ਆਗਿਆ ਦਾ ਪਾਲਣ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਧਾਰਮਿਕ ਰੁਚੀ ਰੱਖਣ ਵਾਲੀਆਂ ਪਵਿੱਤਰ ਤੀਵੀਆਂ ਮੁੱਢ ਤੋਂ ਹੀ ‘ਸਤ ਬਚਨ’ ਦੀਆਂ ਆਦੀ ਹੁੰਦੀਆਂ ਹਨ। ਇਨ੍ਹਾਂ ਤੋਂ ਬਾਅਦ ਕਾਊਂਟ ਤੇ ਉਸ ਦੀ ਕਾਊਂਟੈਸ, ਫ਼ਿਰ ਕੱਪੜੇ ਦਾ ਵਪਾਰੀ ਆਪਣੀ ਪਤਨੀ ਸਮੇਤ, ਤੇ ਉਸ ਪਿੱਛੋਂ ਲੋਸ਼ੀਓ ਆਪ ਤੋਂ ਦੂਣੇ ਕੱਦ ਦੀ ਵਹੁਟੀ ਨੂੰ ਅਗਾਂਹ ਧੱਕਦਾ ਹੋਇਆ ਬਾਹਰ ਆਇਆ।
ਹੇਠਾਂ ਉਤਰਦਿਆਂ ਹੀ ਸਾਰਿਆਂ ਨੇ ਬੜੀ ਨਿਮਰਤਾ ਨਾਲ ਜਰਮਨ ਅਫ਼ਸਰ ਨੂੰ ਸਲਾਮ ਕੀਤੀ, ਪਰ ਉਤਰ ਵਿਚ ਅਫ਼ਸਰ ਨੇ ਆਪਣਾ ਅਫ਼ਸਰੀ ਘੁਮੰਡ ਦੱਸਣ ਲਈ ਬਿਨਾਂ ਸਲਾਮ ਕਿਹਾਂ, ਰੋਹਬ ਭਰੀ ਨਜ਼ਰ ਨਾਲ ਉਨ੍ਹਾਂ ਸਾਰਿਆਂ ਵੱਲ ਤਕ ਛੱਡਿਆ, ਬੱਸ!
ਮਾਰਗਰੇਟ ਤੇ ਕਾਰਨੂਟੇਡ ਭਾਵੇਂ ਬੂਹੇ ਦੇ ਨੇੜੇ ਹੀ ਬੈਠੇ ਸਨ, ਪਰ ਉਤਰੇ ਉਹ ਸਭ ਤੋਂ ਪਿੱਛੋਂ। ਉਹ ਦੋਵੇਂ ਉਸ ਦੁਸ਼ਮਣ ਦੇ ਸਾਹਮਣੇ ਗੱਡੀ ਵਿਚੋਂ ਬੜੀ ਸ਼ਾਨ ਨਾਲ ਉਤਰੇ। ਰਿਸ਼ਟ-ਪੁਸ਼ਟ ਕੁੜੀ (ਮਾਰਗਰੇਟ) ਅੰਦਰੋਂ ਨਿਕਲਦੀ ਹੀ ਬਿਨਾਂ ਅਫ਼ਸਰ ਵੱਲ ਤੱਕਿਆਂ ਆਪਣਾ ਕੱਪੜਾ-ਲੱਤਾ ਅਤੇ ਸਿਰ ਦੇ ਵਾਲ ਸੰਵਾਰਨ ਲੱਗੀ ਪਈ। ਉਹ ਬਿਲਕੁਲ ਸ਼ਾਂਤ ਦਿਖਾਈ ਦਿੰਦੀ ਸੀ। ਪਰਜਾਤੰਤਰਵਾਦੀ ਕੰਬਦੇ ਹੱਥਾਂ ਨਾਲ ਆਪਣੀ ਲੰਮੀ ਦਾੜ੍ਹੀ ਠੀਕ ਕਰਨ ਲੱਗਾ। ਦੋਵੇਂ ਆਪੋ-ਆਪਣਾ ਸਵੈ-ਮਾਣ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਣਦੇ ਸਨ ਕਿ ਇਹੋ ਜਿਹੇ ਵੇਲੇ ਹਰ ਆਦਮੀ, ਕਿਸੇ ਨਾ ਕਿਸੇ ਅੰਸ਼ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧ ਸਮਝਿਆ ਜਾਂਦਾ ਹੈ। ਮਾਰਗਰੇਟ ਨੂੰ ਆਪਣੇ ਬਾਕੀ ਸਾਥੀਆਂ ‘ਤੇ ਗੁੱਸਾ ਆ ਰਿਹਾ ਸੀ। ਇਸ ਲਈ ਉਹ ਆਪਣੀਆਂ ਦੂਜੀਆਂ ਸਾਥਣਾਂ ਦੇ ਟਾਕਰੇ ਵਧੇਰੇ ਦ੍ਰਿੜਤਾ ਨਾਲ ਖੜੋਤੀ ਰਹੀ।
ਅਖੀਰ ਵਿਚ ਸਾਰੇ ਮੁਸਾਫ਼ਰ ਹੋਟਲ ਦੇ ਇਕ ਕਮਰੇ ਵਿਚ ਪਹੁੰਚੇ। ਜਰਮਨ ਅਫ਼ਸਰ ਨੇ ਸਭ ਕੋਲੋਂ ਰਾਹਦਾਰੀ ਦੇ ਪਰਵਾਨੇ (ਪਾਸਪੋਰਟ) ਮੰਗੇ। ਇਨ੍ਹਾਂ ਪਰਵਾਨਿਆਂ ਵਿਚ ਮੁਸਾਫ਼ਰਾਂ ਦੇ ਨਾਂਵਾਂ ਤੋਂ ਛੁਟ ਉਨ੍ਹਾਂ ਦੇ ਕੰਮ-ਧੰਦੇ ਦਾ ਵੀ ਖਾਨਾ ਹੁੰਦਾ ਹੈ ਜੋ ਉਸ ਨੇ ਬੜੇ ਧਿਆਨ ਨਾਲ ਵੇਖੇ। ਫਿਰ ਸਾਰਿਆਂ ਦਾ ਹੁਲੀਆ ਪਰਵਾਨਿਆਂ ਵਿਚ ਲਿਖੇ ਚਿੰਨ੍ਹਾਂ ਨਾਲ ਮਿਲਾਇਆ। ਇਸ ਤੋਂ ਬਾਅਦ ਉਸ ਨੇ ਰੋਹਬ ਨਾਲ ਕਿਹਾ, ‘ਠੀਕ ਹੈ’।
ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ। ਹੋਟਲ ਦੇ ਬੁਆਏ ਨੂੰ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ। ਰੋਟੀ ਤਿਆਰ ਹੋਣ ਵਿਚ ਅੱਧੇ ਘੰਟੇ ਦੀ ਦੇਰ ਸੀ। ਮੁਸਾਫ਼ਰ ਕਮਰਿਆਂ ਦੀ ਦੇਖ ਭਾਲ ਕਰਨ ਲੱਗੇ। ਸਾਰੇ ਕਮਰਿਆਂ ਦੇ ਅੱਗੇ ਲੰਮਾ ਬਰਾਂਡਾ ਸੀ ਜਿਸ ਵਿਚ ਖਲੋਤਿਆਂ ਦੂਰ ਤੀਕ ਬਾਹਰ ਦਾ ਨਜ਼ਾਰਾ ਦਿਸਦਾ ਸੀ।
ਰੋਟੀ ਤਿਆਰ ਹੋ ਗਈ। ਉਹ ਖਾਣੇ ਦੀ ਮੇਜ਼ ਅੱਗੇ ਬੈਠਣ ਹੀ ਲੱਗੇ ਸਨ ਕਿ ਹੋਟਲ ਦਾ ਮਾਲਕ ਉਨ੍ਹਾਂ ਦੇ ਕੋਲ ਆਇਆ। ਉਹ ਉਚਾ ਲੰਮਾ ਸੀ, ਪਰ ਦਮੇ ਦੀ ਬਿਮਾਰੀ ਨੇ ਉਸ ਦਾ ਲੱਕ ਕੁਝ ਕੁੱਬਾ ਕਰ ਦਿੱਤਾ ਹੋਇਆ ਸੀ। ਉਹ ਅਕਸਰ ਖੰਘਦਾ ਤੇ ਥੁੱਕਦਾ ਰਹਿੰਦਾ ਸੀ। ਉਸ ਦਾ ਨਾਂ ਸੀ ਫਲੇਮਬੀ। ਉਸ ਨੇ ਆਉਂਦਿਆਂ ਹੀ ਕਿਹਾ, “ਮਿਸ ਮਾਰਗਰੇਟ।”
ਮਾਰਗਰੇਟ ਤ੍ਰਭਕੀ, ਤੇ ਮੂੰਹ ਭੁਆ ਕੇ ਆਵਾਜ਼ ਦੇਣ ਵਾਲੇ ਵੱਲ ਤੱਕਦੀ ਬੋਲੀ, “ਮੇਰਾ ਨਾਂ ਹੈ। ਕਿਉਂ ਕੀ ਗੱਲ ਹੈ?”
“ਮਿਸ ਸਾਹਿਬਾ! ਜਰਮਨ ਅਫ਼ਸਰ ਨੇ ਹੁਕਮ ਭੇਜਿਆ ਹੈ ਕਿ ਉਹ ਤੁਹਾਨੂੰ ਇਸੇ ਵੇਲੇ ਮਿਲਣਾ ਚਾਹੁੰਦੇ ਨੇ।”
“ਮੈਨੂੰ?” ਮਾਰਗਰੇਟ ਨੇ ਠਠੰਬਰ ਕੇ ਪੁੱਛਿਆ, “ਮੇਰੇ ਨਾਲ ਕੀ ਕੰਮ ਹੋ ਸਕਦਾ ਹੈ ਉਸ ਦਾ?”
ਫ਼ਲੇਮਬੀ ਨੇ ਆਪਣੀ ਵਿਹਾਰਕ ਨਿਮਰਤਾ ਨਾਲ ਕਿਹਾ, “ਉਨ੍ਹਾਂ ਹੁਣੇ ਹੀ ਤੁਹਾਨੂੰ ਸੱਦ ਘੱਲਿਆ ਹੈ।”
ਮਾਰਗਰੇਟ ਨੇ ਤਮਕ ਕੇ ਉਤਰ ਦਿੱਤਾ, “ਜਾਓ ਕਹਿ ਦਿਓ, ਮੈਂ ਨਹੀਂ ਆ ਸਕਦੀ।”
ਸਾਥੀ ਕੁਝ ਘਬਰਾ ਕੇ ਉਸ ਦੇ ਹੋਰ ਨੇੜੇ ਹੋ ਗਏ। ਅਫ਼ਸਰਾਂ ਦੀ ਹੁਕਮ ਅਦੂਲੀ? ਫਿਰ ਉਨ੍ਹਾਂ ਅਫਸਰਾਂ ਦੀ ਜਿਹੜੇ ਅਜੇ ਨਵੇਂ ਹੀ ਇਸ ਇਲਾਕੇ ਨੂੰ ਜਿੱਤ ਕੇ ਮਾਲਕ ਬਣੇ ਹੋਣ! ਸੱਚਮੁੱਚ ਹੀ ਮਾਰਗਰੇਟ ਦੀ ਇਹ ਦਲੇਰੀ ਖਤਰਨਾਕ ਸੀ। ਕਾਊਂਟ ਉਸ ਦੇ ਕੋਲ ਆਣ ਕੇ ਬੜੀ ਨਰਮੀ ਨਾਲ ਕਹਿਣ ਲੱਗਾ, “ਮਿਸ ਮਾਰਗਰੇਟ! ਇਹ ਤੁਹਾਡੀ ਭੁੱਲ ਹੈ। ਤੁਹਾਡੇ ਇਨਕਾਰ ਕਰਨ ਦਾ ਜਾਣਦੇ ਹੋ ਕੀ ਨਤੀਜਾ ਹੋਵੇਗਾ? ਨਾ ਕੇਵਲ ਤੁਹਾਡੇ ਉਤੇ ਹੀ, ਬਲਕਿ ਤੁਹਾਡੇ ਸਾਥੀਆਂ ਉਤੇ ਵੀ ਕੋਈ ਭਾਰੀ ਬਿਪਤਾ ਪੈ ਸਕਦੀ ਹੈ। ਤੁਸੀਂ ਜਾਣਦੇ ਹੋ ਟੋਭੇ ਵਿਚ ਰਹਿ ਕੇ ਕੱਛੂ ਨਾਲ ਵੈਰ ਵਿਹਾਝਣਾ ਅਕਲਮੰਦੀ ਨਹੀਂ ਕਹੀ ਜਾ ਸਕਦੀ। ਗੱਲ ਕੋਈ ਖਾਸ ਨਹੀਂ ਹੋਣੀ, ਐਵੇਂ ਸਾਧਾਰਨ ਪੁੱਛ-ਗਿੱਛ ਕੀਤੀ ਜਾਏਗੀ। ਸੋ, ਮੇਰੇ ਆਖੇ ਲੱਗੋ ਤੇ ਚੱਲੇ ਜਾਓ ਬੀਬੀ ਰਾਣੀ।”
ਮਾਰਗਰੇਟ ਨੂੰ ਸਮਝਾਇਆ ਗਿਆ। ਲੈਕਚਰ ਦਿੱਤੇ ਗਏ। ਮਿੰਨਤਾਂ ਕੀਤੀਆਂ ਗਈਆਂ, ਤੇ ਉਸ ਨੂੰ ਯਕੀਨ ਦਿਵਾਇਆ ਗਿਆ ਕਿ ਖਤਰੇ ਵਾਲੀ ਉੱਕਾ ਕੋਈ ਗੱਲ ਨਹੀਂ, ਉਹ ਨਿਧੜਕ ਹੋ ਕੇ ਚਲੀ ਜਾਵੇ। ਅਖੀਰ ਮਾਰਗਰੇਟ ਦੁਖੀ ਹੋ ਕੇ ਬੋਲੀ, “ਮੈਂ ਚਲੀ ਜਾਂਦੀ ਹਾਂ, ਪਰ ਚੇਤੇ ਰੱਖਣਾ ਸਿਰਫ਼ ਤੁਸਾਂ ਲੋਕਾਂ ਦੇ ਮਜਬੂਰ ਕਰਨ ‘ਤੇ। ਨਹੀਂ ਤਾਂ ਜਰਮਨ ਅਫ਼ਸਰ ਦਾ ਭਾਵੇਂ ਪਿਓ...?” ਤੇ ਕਾਊਂਟ ਨੇ ਝੱਟ-ਪੱਟ ਹੋਰ ਗੱਲਾਂ ਸ਼ੁਰੂ ਕਰ ਕੇ ਉਸ ਦੀ ਗੱਲ ਵਿਚਲੇ ਟੁੱਕ ਦਿੱਤੀ। ਉਸ ਨੂੰ ਖਤਰਾ ਪੈਦਾ ਹੋ ਗਿਆ ਸੀ ਕਿ ਜੋਸ਼ ਵਿਚ ਆਈ ਇਹ ਰੰਡੀ, ਮਤੇ ਅਫ਼ਸਰ ਨੂੰ ਕੋਈ ਗਾਲ੍ਹ-ਮੰਦਾ ਕਰ ਬੈਠੇ ਤੇ ਸਾਰੇ ਹੀ ਆਟੇ ਨਾਲ ਘੁਣ ਵਾਂਗ ਪੀਠੇ ਜਾਈਏ।
ਕਾਊਂਟੈਸ ਬੋਲੀ, “ਮਿਸ ਮਾਰਗਰੇਟ! ਅਸੀਂ ਸਾਰੇ ਇਸ ਉਦਾਰਤਾ ਲਈ ਤੁਹਾਡੇ ਧੰਨਵਾਦੀ ਹਾਂ।”
ਤੇ ਉਹ ਬਿਨਾਂ ਹੋਰ ਕੁਝ ਕਿਹਾਂ, ਭਰੀ-ਪੀਤੀ ਬਾਹਰ ਨਿਕਲ ਗਈ। ਬਾਕੀ ਯਾਤਰੀ ਰੋਟੀ ਖਾਣ ਵਿਚ ਰੁੱਝ ਗਏ, ਪਰ ਅਜੇ ਵੀ ਇਕ ਸ਼ੰਕਾ ਕਰ ਕੇ ਸਾਰਿਆਂ ਦੇ ਮੂੰਹ ਉਡੇ ਹੋਏ ਸਨ। ਉਨ੍ਹਾਂ ਨੂੰ ਡਰ ਸੀ ਕਿ ਅਫ਼ਸਰ ਦੇ ਸਾਹਮਣੇ ਜਾ ਕੇ ਜੇ ਉਹ ਗੁਸਤਾਖ਼ ਕੁੜੀ ਕੁਝ ਅਵਾ-ਤਵਾ ਬੋਲ ਪਈ, ਤਾਂ ਨਾ ਜਾਣੀਏ ਸਾਡੇ ਉਤੇ ਵੀ ਕੀ ਮੁਸੀਬਤ ਆ ਪਵੇ ਤੇ ਇਸ ਚਿੰਤਾ ਕਰ ਕੇ ਕਈਆਂ ਦੀ ਤਾਂ ਭੁੱਖ ਹੀ ਜਾਂਦੀ ਰਹੀ। ਪਰ ਦਸਾਂ-ਪੰਦਰਾਂ ਮਿੰਟ ਬਾਅਦ ਹੀ ਮਾਰਗਰੇਟ ਗੁੱਸੇ ਨਾਲ ਲਾਲੋ-ਲਾਲ ਹੋਈ ਹਫ਼ਦੀ ਤੇ ਗਾਲ੍ਹਾਂ ਕੱਢਦੀ ਹੋਈ ਮੁੜੀ ਆ ਰਹੀ ਸੀ... “ਬਦਮਾਸ਼! ਕੁੱਤਾ! ਨੀਚ।”
ਰੋਟੀ ਖਾਣੀ ਸਭ ਨੂੰ ਭੁੱਲ ਗਈ ਤੇ ਸਾਰੇ ਜਣੇ ਉਸ ਦੁਆਲੇ ਇਕੱਠੇ ਹੋ ਕੇ ‘ਕੀ ਗੱਲ ਸੀ, ਮਾਮਲਾ ਕੀ ਹੈ’ ਆਦਿ ਸਵਾਲ ਕਰਨ ਲੱਗੇ। ਖਾਸ ਕਰ ਕੇ ਕਾਊਂਟ ਨੇ ਬੜੇ ਪਿਆਰ ਤੇ ਮਿੱਠਤ ਨਾਲ ਉਸ ਪਾਸੋਂ ਪੁੱਛਣ ਦੀ ਵਾਹ ਲਾਈ, ਪਰ ਉਸ ਦੀ ਇਕੋ ਫ਼ਟਕਾਰ ਨਾਲ ਸਾਰੇ ਦਬਕ ਗਏ, “ਤੁਹਾਡਾ ਕੋਈ ਹੱਕ ਨਹੀਂ ਮੈਥੋਂ ਕੁਝ ਪੁੱਛਣ ਦਾ। ਜਾਓ, ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀæææ ਤੁਸੀਂ ਸਾਰੇ...।” ਤੇ ਉਹ ਸ਼ਾਇਦ ਇਹ ਸੋਚ ਕੇ ਰੁਕ ਗਈ ਕਿ ਮਤੇ ਕੋਈ ਸਖ਼ਤ ਗੱਲ ਮੂੰਹੋਂ ਨਿਕਲ ਜਾਵੇ।
ਮਾਰਗਰੇਟ ਆਪਣੇ ਖਾਣੇ ਅੱਗੇ ਬੈਠਣ ਦੀ ਥਾਂ ਪਰੇ ਇਕ ਨੁੱਕਰੇ ਮੇਜ਼ ਦੇ ਕੋਨੇ ‘ਤੇ ਜਾ ਬੈਠੀ। ਸਾਰੇ ਖਾਣ ਵਿਚ ਰੁੱਝ ਗਏ, ਤੇ ਉਨ੍ਹਾਂ ਨੂੰ ਚੇਤਾ ਹੀ ਭੁਲ ਗਿਆ ਕਿ ਉਨ੍ਹਾਂ ਦੀ ਇਕ ਸਾਥਣ ਜਿਹੜੀ ਆਪਣੀ ਥਾਲੀ ਅੱਗਿਉਂ ਉਠ ਕੇ ਚਲੀ ਗਈ ਸੀ, ਮੁੜ ਉਥੇ ਆ ਕੇ ਨਹੀਂ ਬੈਠੀ। ਸ਼ਾਇਦ ਇਸ ਲਈ ਕਿ ਉਹ ਪਤਿਤ ਕੁੜੀ ਸੀ!
ਘਟਨਾ ਭਾਵੇਂ ਦੁਖਦਾਈ ਤੇ ਰੰਗ ਵਿਚ ਭੰਗ ਪਾਉਣ ਵਾਲੀ ਸੀ, ਫ਼ਿਰ ਵੀ ਖਾਣ ਵਾਲਿਆਂ ਨੂੰ ਅੱਜ ਦੀ ਰੋਟੀ ਦਾ ਬੜਾ ਸੁਆਦ ਆਇਆ। ਸਿਉਂ ਦੀ ਸ਼ਰਾਬ ਬਹੁਤ ਵਧੀਆ ਸੀ, ਤੇ ਅੰਗੂਰਾਂ ਦੀ ਸ਼ਰਾਬ ਉਦੂੰ ਵੀ ਸੁਆਦਲੀ। ਬ੍ਰਹਮਚਾਰਨੀਆਂ ਸਣੇ ਸਭ ਨੇ ਚੰਗੀ ਤਰ੍ਹਾਂ ਡੰਝ ਲਾਈ। ਕਾਰਨੂਟੇਡ ਨੇ ਇਹ ਦਰਸਾਉਣ ਲਈ ਬੀਅਰ ਦੀ ਬੋਤਲ ਮੰਗਾਈ ਕਿ ਵਧੀਆ ਸ਼ਰਾਬਾਂ ਉਤੇ ਖਰਚ ਕਰਨਾ ਦੇਸ਼ ਨਾਲ ਹੱਦ ਦਰਜੇ ਦੀ ਗ਼ੱਦਾਰੀ ਦੇ ਬਰਾਬਰ ਹੈ। ਉਸ ਨੇ ਬੜੇ ਅੰਦਾਜ਼ ਨਾਲ ਬੀਅਰ ਦੀ ਬੋਤਲ ਖੋਲ੍ਹੀ ਜਿਸ ਕਰ ਕੇ ਉਸ ਵਿਚੋਂ ਝੱਗ ਬਾਹਰ ਨਿਕਲ ਆਈ। ਉਹ ਬੋਤਲ ਦੇ ਹੇਠ ਗਲਾਸ ਨੂੰ ਟਿਕਾਈ ਨਜ਼ਰ ਗੱਡ ਕੇ ਉਸ ਵੱਲ ਦੇਖਦਾ ਜਾਂਦਾ ਸੀ। ਫ਼ਿਰ ਗਲਾਸ ਚੁੱਕ ਕੇ ਆਪਣੀਆਂ ਅੱਖਾਂ ਤੇ ਲਾਲਟੈਣ ਦੇ ਸਾਹਮਣੇ ਇਸ ਢੰਗ ਨਾਲ ਰੱਖਦਾ ਸੀ ਜਿਸ ਨਾਲ ਉਹ ਬੀਅਰ ਦੇ ਸ਼ਰਬਤੀ ਰੰਗ ਨੂੰ ਚੰਗੀ ਤਰ੍ਹਾਂ ਦੇਖ ਸਕੇ। ਜਿਸ ਵੇਲੇ ਉਹ ਘੁੱਟ ਭਰਨ ਲਗਦਾ, ਉਸ ਦੀ ਲੰਮੀ ਦਾੜ੍ਹੀ ਹਿਲੋਰੇ ਲੈਂਦੀ ਜਾਪਦੀ। ਉਸ ਦੀ ਨੀਝ ਨੂੰ ਵੇਖ ਕੇ ਸਾਰੇ ਸਾਥੀ ਇਹੋ ਖਿਆਲ ਕਰਦੇ ਸਨ ਕਿ ਸ਼ਾਇਦ ਉਹ ਇਸ ਵੇਲੇ ਕਿਸੇ ਡੂੰਘੇ ਰਾਜਨੀਤਕ ਮਾਮਲੇ ਬਾਰੇ ਸੋਚ ਰਿਹਾ ਹੈ।
ਤਿੰਨੇ ਸ੍ਰੀਮਾਨ ਤੇ ਸ੍ਰੀਮਤੀਆਂ ਨਾਲੋ-ਨਾਲ ਬੈਠੇ ਖਾਣਾ ਖਾ ਰਹੇ ਸਨ। ਕਾਊਂਟ ਸਾਹਿਬ ਮੋਟਰ ਦੇ ਵਿਗੜੇ ਹੋਏ ਇੰਜਣ ਵਾਂਗ ਜ਼ੋਰ-ਜ਼ੋਰ ਦੀ, ਪਰ ਰੁਕ ਕੇ ਸਾਹ ਲੈ ਰਹੇ ਸਨ। ਖਾਣਾ ਖਾਣ ਸਮੇਂ ਉਹ ਬੋਲ ਨਹੀਂ ਸੀ ਸਕਦਾ, ਪਰ ਉਸ ਦੀ ਕਾਊਂਟੈਸ ਬਰਾਬਰ ਕੁੜ-ਕੁੜ ਕਰੀ ਜਾਂਦੀ ਸੀ। ਉਹ ਬੜੀ ਸ਼ੇਖੀ ਨਾਲ ਜਰਮਨਾਂ ਦੀ ਨਿੰਦਿਆ ਕਰ ਰਹੀ ਸੀ, ਪਰ ਨਾਲ ਹੀ ਕਨੱਖੀਆਂ ਨਾਲ ਇਧਰ-ਉਧਰ ਤੱਕ ਲੈਂਦੀ ਸੀ ਕਿ ਕੋਈ ਸੁਣ ਤਾਂ ਨਹੀਂ ਰਿਹਾ। ਸਭ ਤੋਂ ਬਹੁਤੀ ਸ਼ਿਕਾਇਤ ਉਹ ਇਸ ਗੱਲ ਦੀ ਕਰ ਰਹੀ ਕਿ ਦੁਸ਼ਟ ਜਰਮਨਾਂ ਦੇ ਆਉਣ ਕਰ ਕੇ ਉਸ ਦੀ ਕਿੰਨੀ ਜਾਇਦਾਦ ਨਸ਼ਟ ਹੋ ਗਈ, ਤੇ ਉਸ ਦਾ ਪਤੀ ਘੜੀ-ਮੁੜੀ ਉਸ ਦਾ ਹੱਥ ਘੁੱਟਦਾ ਕਹਿੰਦਾ, “ਚੁੱਪ ਵੀ ਕਰੋ। ਕੰਧਾਂ ਨੂੰ ਵੀ ਕੰਨ ਹੁੰਦੇ ਨੇ।”
ਪਤੀ ਦੇ ਰੋਕਣ ‘ਤੇ ਉਹ ਰਤਾ ਕੁ ਰੁਕੀ ਹੀ ਸੀ ਕਿ ਮਿੱਲ ਮਾਲਕ ਦੀ ਪਤਨੀ ਬੋਲੀ ਉਠੀ- “ਬੇਸ਼ੱਕ ਭੈਣ ਜੀ, ਇਹ ਜਰਮਨ ਸਿਪਾਹੀ ਛੁੱਟ ਆਲੂ ਤੇ ਮਾਸ ਖਾਣ ਤੋਂ ਹੋਰ ਕੁਝ ਕੰਮ ਨਹੀਂ ਕਰਦੇ। ਤੁਸੀਂ ਕਦੀ ਵੀ ਖਿਆਲ ਨਾ ਕਰੋ ਕਿ, ਜਿਵੇਂ ਇਹ ਉਤੋਂ ਸਾਫ਼-ਸੁਥਰੇ ਰਹਿੰਦੇ ਨੇ, ਦਿਲਾਂ ਦੇ ਵੀ ਇਸੇ ਤਰ੍ਹਾਂ ਸਾਫ਼ ਹੋਣਗੇ। ਬੜੇ ਚਲਾਕ, ਧੋਖੇਬਾਜ਼ ਤੇ ਪਖੰਡੀ ਨੇ ਇਹ ਲੋਕ। ਗਰੀਬ ਫ਼ਰਾਂਸੀਸੀਆਂ ਨੂੰ ਇਨ੍ਹਾਂ ਦੀ ਚਾਕਰੀ ਇਸ ਕਰ ਕੇ ਕਰਨੀ ਪੈ ਰਹੀ ਹੈ ਕਿ ਇਹ ਲੋਕ ਬੇ-ਰਹਿਮ ਨੇ। ਇਸ ਵਿਚ ਸ਼ੱਕ ਨਹੀਂ ਕਿ ਮੈਂ ਬਹੁਤਾ ਪੜ੍ਹੀ-ਲਿਖੀ ਹੋਈ ਨਹੀਂ ਹਾਂ, ਪਰ ਜਦੋਂ ਮੈਂ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰੇਡ ਕਰਦਿਆਂ ਤੇ ਥੱਕਦਿਆਂ ਵੇਖਦੀ ਹਾਂ, ਤਾਂ ਮੈਂ ਸੋਚਦੀ ਹਾਂæææ ਜਦ ਹੋਰ ਲੋਕੀ ਨਵੀਆਂ-ਨਵੀਆਂ ਖੋਜਾਂ ਰਾਹੀਂ ਸਮਾਜ ਦੀ ਭਲਾਈ ਕਰਦੇ ਨੇ, ਤਦ ਇਹ ਲੋਕ ਕਿਉਂ ਦੂਜਿਆਂ ਦਾ ਨੁਕਸਾਨ ਕਰਨ ਵਿਚ ਜੁਟੇ ਹੋਏ ਨੇ। ਕੀ ਮਨੁੱਖੀ ਲਹੂ ਵਹਾਉਣਾ ਪਾਪ ਨਹੀਂ? ਪਰ ਭੈਣ, ਕੀ ਅਸੀਂ ਵੀ ਉਨ੍ਹਾਂ ਦੇ ਲਹੂ ਨਾਲ ਹੱਥ ਰੰਗੀਏ? ਇਹ ਭਲਾ ਕਿਧਰ ਦੀ ਅਕਲਮੰਦੀ ਹੈ। ਜੇ ਉਹ ਜ਼ੁਲਮ ਕਰਦੇ ਨੇ, ਤਾਂ ਆਪੇ ਰੱਬ ਤੇ ਈਸਾ ਮਸੀਹ ਉਨ੍ਹਾਂ ਨੂੰ ਸਜ਼ਾ ਦੇਣਗੇ। ਭਲਾ ਅਸੀਂ ਉਨ੍ਹਾਂ ਦੀ ਹੱਤਿਆ ਕਰ ਕੇ ਕਿਉਂ ਮੁਫ਼ਤ ਵਿਚ ਪਾਪੀ ਬਣੀਏ।”
ਕਾਰਨੂਟੇਡ ਨੇ ਦਾੜ੍ਹੀ ਹਿਲਾਉਂਦਿਆਂ ਤੇਜ਼ ਆਵਾਜ਼ ਵਿਚ ਕਿਹਾ, “ਜਿਸ ਵੇਲੇ ਅਸੀਂ ਕਿਸੇ ਗੁਆਂਢੀ ਉਤੇ ਹਮਲਾ ਕਰਦੇ ਹਾਂ ਤਾਂ ਪਸ਼ੂਪਣਾ ਹੁੰਦਾ ਹੈ, ਪਰ ਜੇ ਆਪਣੇ ਦੇਸ਼ ਦੀ ਰੱਖਿਆ ਲਈ ਲੜਾਈ ਕਰਨੀ ਪਵੇ ਤਾਂ ਇਹ ਸਾਡਾ ਪਵਿੱਤਰ ਫ਼ਰਜ਼ ਬਣ ਜਾਂਦਾ ਹੈ।” ਵਪਾਰੀ ਦੀ ਪਤਨੀ ਨੀਵੀਂ ਪਾ ਕੇ ਬੋਲੀ, “ਤੁਹਾਡਾ ਖਿਆਲ ਠੀਕ ਹੈ, ਪਰ ਕੀ ਸਾਰੇ ਰਾਜਿਆਂ ਨੂੰ ਮਾਰ ਸੁੱਟਣਾ ਹੀ ਠੀਕ ਹੈ?”
ਕਾਰਨੂਟੇਡ ਬੋਲਿਆ, “ਹਾਂ। ਕਿਉਂਕਿ ਉਹ ਲੋਕ ਆਪਣੇ ਲਾਭ ਲਈ ਹੀ ਲੜਾਈ ਛੇੜਦੇ ਨੇ।”
ਲੋਸ਼ੀਓ ਨੂੰ ਸ਼ਾਇਦ ਇਸ ਬੇਸਿਰ-ਪੈਰ ਵਾਰਤਾਲਾਪ ਵਿਚੋਂ ਕੋਈ ਸੁਆਦ ਨਹੀਂ ਸੀ ਆ ਰਿਹਾ। ਉਹ ਉਠ ਕੇ ਹੋਟਲ ਦੇ ਮਾਲਕ ਕੋਲ ਚਲਾ ਗਿਆ, ਤੇ ਉਸ ਨਾਲ ਹੌਲੀ-ਹੌਲੀ ਗੱਲਾਂ ਕਰਨ ਲੱਗਾ। ਹੋਟਲ ਵਾਲਾ ਵੀ ਖੰਘਦਾ ਤੇ ਥੁੱਕਦਾ ਉਸ ਦੀਆਂ ਗੱਲਾਂ ਦਾ ਉਤਰ ਦਈ ਜਾਂਦਾ। ਇਸ ਵਾਰਤਾਲਾਪ ਦਾ ਅੰਤ ਦੋਹਾਂ ਲਈ ਬੜੇ ਸੁਖਦਾਈ ਰੂਪ ਵਿਚ ਹੋਇਆ, ਕਿਉਂਕਿ ਹੋਟਲ ਵਾਲੇ ਨੇ ਲੋਸ਼ੀਓ ਨਾਲ ਵੀਹ ਪੀਪੇ ਬੀਅਰ ਦਾ ਸੌਦਾ ਕਰ ਕੇ ਬਿਆਨੇ ਦੇ ਤੌਰ ‘ਤੇ ਕੁਝ ਰਕਮ ਵੀ ਉਸ ਨੂੰ ਫੜਾ ਦਿੱਤੀ ਸੀ।
ਰੋਟੀ ਤੋਂ ਵਿਹਲੇ ਹੋ ਕੇ ਉਹ ਸੌਣ ਦੀ ਤਿਆਰੀ ਕਰਨ ਲੱਗੇ। ਮਾਰਗਰੇਟ ਕਦੋਂ ਆਪਣੇ ਕਮਰੇ ਵਿਚ ਚਲੀ ਗਈ, ਕਿਸੇ ਨੂੰ ਪਤਾ ਨਹੀਂ ਸੀ। ਨਾ ਹੀ ਕਿਸੇ ਨੂੰ ਉਸ ਦੇ ਭੁੱਖੀ ਰਹਿਣ ਦੀ ਚਿੰਤਾ ਸੀ।
ਪਰ ਲੋਸ਼ੀਓ ਚੁੱਪ-ਚਾਪ ਵਰਾਂਡੇ ਵਿਚ ਫ਼ਿਰਦਾ ਰਿਹਾ, ਤੇ ਵਹੁਟੀ ਨੂੰ ਉਸ ਨੇ ਸੌਣ-ਕਮਰੇ ਵਿਚ ਭੇਜ ਦਿੱਤਾ ਸੀ। ਇਹ ਐਵੇਂ ਬੇਮਤਲਬ ਹੀ ਨਹੀਂ ਸੀ ਫਿਰ ਰਿਹਾ, ਸਗੋਂ ਦੱਬਵੇਂ ਪੈਰੀਂ ਉਸ ਵੇਸਵਾ ਦਾ ਕਮਰਾ ਢੂੰਡਦਾ ਫ਼ਿਰਦਾ ਸੀ। ਬਿੜਕ ਲੈਂਦਿਆਂ-ਲੈਂਦਿਆਂ ਅਖੀਰ ਉਹ ਉਸ ਦੇ ਕਮਰੇ ਤੀਕ ਜਾ ਪਹੁੰਚਿਆ। ਕਮਰੇ ਅੰਦਰ ਉਸ ਨੂੰ ਉਹੀ ਮਾਰਗਰੇਟ ਦਿਖਾਈ ਦਿੱਤੀ। ਉਸ ਨੇ ਕਸ਼ਮੀਰੇ ਦਾ ਨੀਲਾ ਗਾਊਨ ਪਹਿਨਿਆ ਹੋਇਆ ਸੀ ਜਿਸ ਕਰ ਕੇ ਉਸ ਦਾ ਸਰੀਰ ਹੋਰ ਵੀ ਗੋਲ-ਮਟੋਲ ਜਾਪਣ ਲੱਗ ਪਿਆ ਸੀ। ਥੋੜ੍ਹੀ ਦੇਰ ਬਾਅਦ ਬੂਹਾ ਖੁੱਲ੍ਹਦਾ ਵੇਖ ਲੋਸ਼ੀਓ ਪਿਛਾਂਹ ਹਟ ਕੇ ਹਨੇਰੀ ਨੁੱਕਰ ਵੱਲ ਹੋ ਗਿਆ। ਉਸ ਨੇ ਵੇਖਿਆ, ਮਾਰਗਰੇਟ ਦੇ ਹੱਥ ਵਿਚ ਮੋਮਬੱਤੀ ਸੀ ਤੇ ਬਰਾਂਡੇ ਦੀ ਕੰਧ ਨਾਲ ਤੁਰਦੀ ਹੋਈ ਉਹ ਲਾਗਲੇ ਕਮਰੇ ਵਿਚ ਜਾ ਵੜੀ।
ਥੋੜ੍ਹੇ ਚਿਰ ਬਾਅਦ ਜਦ ਉਹ ਬਾਹਰ ਨਿਕਲ ਕੇ ਆਪਣੇ ਕਮਰੇ ਵੱਲ ਆਉਣ ਲੱਗੀ ਤਾਂ ਉਸ ਦਾ ਮੇਲ ਇਕ ਹੋਰ ਆਦਮੀ ਨਾਲ ਹੋਇਆ। ਇਹ ਸੀ ਕਾਰਨੂਟੇਡ ਜਿਹੜਾ ਉਸ ਦੇ ਨਾਲ ਹੀ ਉਸ ਦੇ ਕਮਰੇ ਤੀਕ ਚਲਾ ਗਿਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮਾਰਗਰੇਟ ਉਸ ਨੂੰ ਆਪਣੇ ਕਮਰੇ ਵਿਚ ਦਾਖ਼ਲ ਨਹੀਂ ਸੀ ਹੋਣ ਦੇਣਾ ਚਾਹੁੰਦੀ। ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਵਿਚਕਾਰ ਗੱਲਾਂ ਹੋ ਚੁੱਕੀਆਂ ਸਨ, ਪਰ ਲੋਸ਼ੀਓ ਸੁਣ ਨਹੀਂ ਸੀ ਸਕਿਆ। ਉਂਜ ਉਨ੍ਹਾਂ ਦੀਆਂ ਛੇਕੜਲੀਆਂ ਕੁਝ ਗੱਲਾਂ ਉਸ ਨੂੰ ਸਾਫ਼ ਸੁਣਾਈ ਦਿੱਤੀਆਂ। ਕਾਰਨੂਟੇਡ ਉਸ ਨੂੰ ਕਹਿ ਰਿਹਾ ਸੀ, “ਤੂੰ ਕਿੰਨੀ ਬੇਵਕੂਫ਼ ਏਂ। ਭਲਾ ਇਕ ਬਾਜ਼ਾਰੀ ਤੀਵੀਂ ਨੂੰ ਇਸ ਵਿਚ ਕੀ ਇਤਰਾਜ਼ ਹੋ ਸਕਦਾ ਹੈ।”
ਇਸ ਦੇ ਉਤਰ ਵਿਚ ਮਾਰਗਰੇਟ ਗੁੱਸੇ ਨਾਲ ਕਹਿ ਰਹੀ ਸੀ, “ਨਹੀਂ ਨਹੀਂ ਭਲੇ ਆਦਮੀ! ਕੋਈ-ਕੋਈ ਵੇਲਾ ਐਸਾ ਵੀ ਹੁੰਦਾ ਹੈ, ਜਦ ਬਾਜ਼ਾਰੀ ਤੀਵੀਆਂ ਵਿਚ ਵੀ ਇਸਤਰੀ ਅਣਖ ਜਾਗ ਉਠਦੀ ਹੈ। ਨਾਲੇ ਤੈਨੂੰ ਖੁਦ ਸ਼ਰਮ ਆਉਣੀ ਚਾਹੀਦੀ ਹੈ। ਇਸ ਥਾਂ ਤਾਂ ਉਂਜ ਹੀ ਇਹੋ ਜਿਹੀ ਹਰਕਤ...।”
“ਕਿਉਂ?” ਕਾਰਨੂਟੇਡ ਨੇ ਸ਼ਾਇਦ ਉਸ ਦਾ ਮਤਲਬ ਨਾ ਸਮਝ ਕੇ ਪੁੱਛਿਆ, “ਇਸ ਥਾਂ ਕੀ ਹਰਜ ਐ?”
ਇਸ ‘ਤੇ ਮਾਰਗਰੇਟ ਗੁੱਸੇ ਨਾਲ ਬੇਕਾਬੂ ਹੋ ਕੇ ਬੋਲੀ, “ਇਸ ਦਾ ਕਾਰਨ ਤੂੰ ਸਮਝ ਨਾ ਸਮਝ? ਜਾਣਦਾ ਨਹੀਂ ਕਿ ਇਸ ਮਕਾਨ ਵਿਚ ਜਰਮਨ ਮੌਜੂਦ ਨੇ? ਤੇ ਉਹ ਵੀ ਦੂਰ ਨਹੀਂ... ਸ਼ਾਇਦ ਨਾਲ ਦੇ ਇਨ੍ਹਾਂ ਕਮਰਿਆਂ ਵਿਚ ਹੀ।”
ਉਹ ਫਿਰ ਨਹੀਂ ਬੋਲਿਆ। ਇਸ ਪਤਿਤ ਕੁੜੀ ਦੀ ਦੇਸ਼ ਭਗਤੀ ਭਰਪੂਰ ਸ਼ਰਮ, ਜਿਹੜੀ ਉਸ ਨੂੰ ਦੁਸ਼ਮਣ ਦੀ ਮੌਜੂਦਗੀ ਵਿਚ ਆਪਣਾ ਪੇਸ਼ਾ ਕਰਨੋਂ ਵੀ ਰੋਕ ਰਹੀ ਸੀ, ਨੇ ਕਾਰਨੂਟੇਡ ਨੂੰ ਬੇਵਸ ਕਰ ਦਿੱਤਾ, ਤੇ ਉਹ ਕੇਵਲ ਇਕ ਵਾਰੀ ਉਸ ਦਾ ਮੂੰਹ ਚੁੰਮ ਕੇ ਆਪਣੇ ਕਮਰੇ ਵਿਚ ਮੁੜ ਗਿਆ। ਲੋਸ਼ੀਓ ਦਾ ਦਿਮਾਗ਼ ਵੀ ਸ਼ਾਂਤ ਹੋ ਗਿਆ। ਨਾਲ ਹੀ ਉਸ ਦੇ ਸੀਨੇ ਵਿਚ ਬਲ ਰਹੀਆਂ ਇਸ ਵਿਕਾਰ ਦੀਆਂ ਲਾਟਾਂ ਵੀ ਆਪਣੇ-ਆਪ ਬੁਝਣੀਆਂ ਸ਼ੁਰੂ ਹੋ ਗਈਆਂ। ਉਸ ਦੇ ਕਦਮ ਅਗਾਂਹ ਵਧਣ ਦੀ ਥਾਂ ਆਪਣੇ ਆਪ ਪਿਛਾਂਹ ਹਟਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਹ ਆਪਣੇ ਕਮਰੇ ਵੱਲ ਮੁੜ ਆਇਆ, ਤੇ ਬਿਨਾਂ ਖੜਾਕ ਕੀਤਿਆਂ ਬੂਹਾ ਖੋਲ੍ਹ ਕੇ ਅੰਦਰ ਸੁੱਤੀ ਹੋਈ ਆਪਣੀ ਵਹੁਟੀ ਦੇ ਪਾਸੇ ਨਾਲ ਲੰਮਾ ਪੈ ਗਿਆ।
ਮੁਸਾਫ਼ਰਾਂ ਨੇ ਸਵੇਰੇ ਅੱਠ ਵਜੇ ਟੁਰਨ ਦਾ ਫੈਸਲਾ ਕਰ ਲਿਆ ਸੀ। ਇਸੇ ਫੈਸਲੇ ਅਨੁਸਾਰ ਸਾਰੇ ਵੱਡੇ ਵੇਲੇ ਉਠਦੇ ਹੀ ਖਾਣ ਕਮਰੇ ਵਿਚ ਜਾ ਪਹੁੰਚੇ। ਉਨ੍ਹਾਂ ਦੀ ਘੋੜਾ-ਗੱਡੀ ਸਾਹਮਣੇ ਵਿਹੜੇ ਵਿਚ ਖੜੋਤੀ ਸੀ ਜਿਸ ਦੀ ਛੱਤ ਉਤੇ ਬਰਫ਼ ਦਾ ਉਚਾ ਢੇਰ ਉਸਰਿਆ ਹੋਇਆ ਸੀ। ਘੋੜਿਆਂ ਅਤੇ ਗੱਡੀਵਾਨ ਦਾ ਅਜੇ ਕੋਈ ਥਹੁ-ਪਤਾ ਨਹੀਂ ਸੀ। ਉਨ੍ਹਾਂ ਵਿਚੋਂ ਕਈਆਂ ਨੇ ਇਧਰ-ਉਧਰ ਫਿਰ ਕੇ ਗੱਡੀਵਾਨ ਨੂੰ ਆਵਾਜ਼ਾਂ ਮਾਰੀਆਂ ਪਰ ਉਹ ਕਿਤੇ ਨਾ ਦਿਸਿਆ। ਸਾਰੇ ਬੜੇ ਕਾਹਲੇ ਪਏ ਹੋਏ ਹਨ, ਅੱਗੇ ਕੱਲ੍ਹ ਦੇ ਸਫ਼ਰ ਨੇ ਹੀ ਉਨ੍ਹਾਂ ਨੂੰ ਘੱਟ ਪ੍ਰੇਸ਼ਾਨ ਨਹੀਂ ਸੀ ਕੀਤਾ। ਜੇ ਅੱਜ ਵੀ ਲੇਟ ਹੋ ਗਏ ਤਾਂ ਹਾਵਰੇ ਪਹੁੰਚਣ ਵਿਚ ਫ਼ਿਰ ਉਨੀ ਦਿੱਕਤ ਆਵੇਗੀ, ਇਸੇ ਖਿਆਲ ਨਾਲ ਉਹ ਸਾਰੇ ਗਲੀਆਂ-ਬਾਜ਼ਾਰਾਂ ਵਿਚ ਫਿਰਦੇ ਹੋਏ ਗੱਡੀਵਾਨ ਨੂੰ ਢੂੰਡਣ ਲੱਗੇ।
ਅਖੀਰ ਉਹ ਇਕ ਚੌਕ ਵਿਚ ਜਾ ਪਹੁੰਚੇ ਜਿਸ ਦੇ ਇਕ ਪਾਸੇ ਗਿਰਜਾ ਸੀ। ਇਸ ਦੇ ਸੱਜੇ ਹੱਥ ਨੀਵੀਆਂ ਛੱਤਾਂ ਵਾਲੇ ਮਕਾਨ ਸਨ। ਘਰਾਂ ਵਿਚ ਕੁਝ ਜਰਮਨ ਸਿਪਾਹੀ ਵੀ ਮੌਜੂਦ ਸਨ। ਪਹਿਲਾ ਸਿਪਾਹੀ ਜਿਹੜਾ ਇਨ੍ਹਾਂ ਨੂੰ ਦਿਸਿਆ, ਉਹ ਆਲੂ ਛਿੱਲ ਰਿਹਾ ਸੀ। ਅੱਗੇ ਜਾ ਕੇ ਦੂਜਾ, ਨਾਈ ਦੀ ਦੁਕਾਨ ਵਿਚ ਝਾੜੂ ਦੇ ਰਿਹਾ ਸੀ। ਤੀਜਾ ਰੋਂਦੇ ਹੋਏ ਫਰਾਂਸੀਸੀ ਬੱਚੇ ਨੂੰ ਚੁੱਪ ਕਰਾਉਣ ਲਈ ਉਹਨੂੰ ਆਪਣੀਆਂ ਬਾਹਾਂ 'ਤੇ ਝੂਟੇ ਦੇ ਰਿਹਾ ਸੀ। ਰਿਸ਼ਟ-ਪੁਸ਼ਟ ਪੇਂਡੂ ਤੀਵੀਆਂ ਜਿਨ੍ਹਾਂ ਦੇ ਪਤੀ ਲੜਾਈ ਵਿਚ ਗਏ ਹੋਏ ਸਨ, ਇਸ਼ਾਰਿਆਂ ਰਾਹੀਂ ਆਪਣੇ ਆਗਿਆਕਾਰ ਜੇਤੂਆਂ ਨੂੰ ਕੰਮ-ਧੰਦਾ ਸਮਝਾ ਰਹੀਆਂ ਹਨ। ਇਕ ਸਿਪਾਹੀ ਤਾਂ ਆਪਣੀ ਮੇਜ਼ਬਾਨ ਬੁਢੜੀ ਦੇ ਭਾਂਡੇ ਵੀ ਮਾਂਜ ਰਿਹਾ ਸੀ।
ਕਾਊਂਟ ਨੂੰ ਇਹ ਵੇਖ ਕੇ ਬੜਾ ਅਸਚਰਜ ਹੋਇਆ। ਉਹਨੇ ਗਿਰਜੇ ਵਿਚੋਂ ਬਾਹਰ ਆਉਂਦੇ ਹੋਏ ਬੁੱਢੇ ਪੇਂਡੂ ਅਹਿਲਕਾਰ ਨੂੰ ਇਸ ਬਾਰੇ ਪੁੱਛਿਆ। ਬੁੱਢੇ ਨੇ ਉਤਰ ਵਿਚ ਕਿਹਾ, “ਸੱਚਮੁੱਚ ਇਹ ਲੋਕ ਬੜੇ ਈ ਭਲੇ-ਮਾਣਸ ਨੇ। ਜਰਮਨਾਂ ਨੂੰ ਲੋਕੀਂ ਐਵੇਂ ਭੰਡਦੇ ਨੇ। ਵੇਖੋ ਖਾਂ, ਕਿਵੇਂ ਫਰਮਾਬਰਦਾਰੀ ਨਾਲ ਕੰਮ ਕਰ ਰਹੇ ਨੇ। ਕੋਈ ਕਹਿ ਸਕਦਾ ਹੈ ਕਿ ਇਹ ਲੋਕ ਫੌਜੀ ਨੇ? ਇਹ ਦੱਸਦੇ ਨੇ ਕਿ ਲੜਾਈ 'ਚ ਇਨ੍ਹਾਂ ਦੀ ਕੋਈ ਦਿਲਚਸਪੀ ਨਹੀਂ। ਸਾਡੇ ਵਾਂਗ ਇਹ ਵੀ ਸ਼ਾਂਤੀ ਦੇ ਚਾਹਵਾਨ ਨੇ। ਸੱਚ ਪੁੱਛੋ ਤਾਂ ਇਨ੍ਹਾਂ ਦੇ ਆਉਣ ਨਾਲ ਸਾਨੂੰ ਰੱਤੀ ਭਰ ਤਕਲੀਫ ਨਹੀਂ ਹੋਈ। ਵਿਚਾਰੇ ਸਾਡਾ ਕੀ ਵਿਗਾੜਦੇ ਨੇ। ਸਾਡੇ ਲੋਕਾਂ ਨਾਲ ਰਲ ਕੇ ਇਹ ਬਿਲਕੁਲ ਉਸੇ ਤਰ੍ਹਾਂ ਦਿਲ ਲਾ ਕੇ ਕੰਮ ਰਹੇ ਨੇ ਜਿਕਣ ਆਪਣੇ ਘਰੀਂ ਕਰਦੇ ਹੋਣਗੇ।”
ਕਾਰਨੂਟੇਡ, ਮਾਲਕਾਂ ਤੇ ਗੁਲਾਮਾਂ ਵਿਚਾਲੇ ਇਹ ਪ੍ਰੇਮ ਸਬੰਧ ਪੈਦਾ ਹੋਇਆ ਵੇਖ ਕੇ ਖਿਝ ਰਿਹਾ ਸੀ। ਉਹ ਆਪਣੇ ਸਾਥੀਆਂ ਨਾਲੋਂ ਨਿੱਖੜ ਕੇ ਮੁੜ ਹੋਟਲ ਵੱਲ ਚਲਾ ਗਿਆ। ਇਹ ਦ੍ਰਿਸ਼ ਦੇਖਣ ਨਾਲੋਂ ਉਹ ਆਪਣੇ-ਆਪ ਨੂੰ ਹੋਟਲ ਦੇ ਕਮਰੇ ਵਿਚ ਬੰਦ ਕਰ ਦੇਣਾ ਵਧੇਰੇ ਚੰਗਾ ਸਮਝਦਾ ਸੀ। ਲੋਸ਼ੀਓ ਨੇ ਹਾਸੇ ਨਾਲ ਕਿਹਾ, “ਉਹ ਲੋਕ ਦੇਸ਼ ਨੂੰ ਨਵੇਂ ਸਿਰਿਉਂ ਆਬਾਦ ਕਰ ਰਹੇ ਨੇ।”
ਕੈਰੇ ਨੇ ਗੰਭੀਰਤਾ ਨਾਲ ਕਿਹਾ, “ਇਨ੍ਹਾਂ ਜਰਮਨਾਂ ਨੇ ਜੋ ਵੀ ਸਾਡਾ ਨੁਕਸਾਨ ਕੀਤਾ ਸੀ, ਉਸ ਨੂੰ ਸੇਵਾ ਟਹਿਲ ਰਾਹੀਂ ਪੂਰਾ ਕਰ ਰਹੇ ਨੇ।”
ਪਰ ਉਹ ਗੱਡੀਵਾਨ ਅਜੇ ਤੱਕ ਕਿਤੇ ਦਿਖਾਈ ਨਹੀਂ ਸੀ ਦਿੱਤਾ। ਅਖੀਰ ਲੱਭਦਿਆਂ-ਲੱਭਦਿਆਂ ਉਹ ਇਕ ਹੋਰ ਹੋਟਲ ਵਿਚੋਂ ਮਿਲਿਆ। ਉਥੇ ਉਹ ਅਫ਼ਸਰ ਦੇ ਚਪੜਾਸੀਆਂ ਨਾਲ ਬੈਠਾ ਗੱਪਾਂ ਮਾਰ ਰਿਹਾ ਸੀ।
ਕਾਊਂਟ ਨੇ ਉਸ ਨੂੰ ਪੁੱਛਿਆ, “ਕਿਉਂ ਭਈ ਭਲਿਆ ਮਾਣਸਾ! ਤੈਨੂੰ ਅੱਠ ਵਜੇ ਗੱਡੀ ਜੋੜਨ ਲਈ ਨਹੀਂ ਸੀ ਕਿਹਾ?”
ਉਹ ਬੋਲਿਆ, “ਜਨਾਬ! ਕਿਹਾ ਤਾਂ ਤੁਸਾਂ ਜ਼ਰੂਰ ਸੀ, ਤੇ ਮੈਂ ਗੱਡੀ ਜੋੜਨ ਦਾ ਇਕਰਾਰ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਮੈਨੂੰ ਇਕ ਹੋਰ ਹੁਕਮ ਮਿਲ ਗਿਆ ਸੀ।”
“ਕਿਹਾੜਾ ਹੁਕਮ?”
“ਕਿ ਗੱਡੀ ਬਿਲਕੁਲ ਨਾ ਜੋੜੀ ਜਾਏ।”
“ਕਿਸ ਨੇ ਦਿੱਤਾ ਤੈਨੂੰ ਇਹ ਹੁਕਮ?”
“ਜਰਮਨ ਅਫ਼ਸਰ ਨੇ ਜਨਾਬ।”
“ਪਰ ਇਸ ਹੁਕਮ ਦੀ ਵਜ੍ਹਾ?”
“ਜੀ ਇਹ ਤਾਂ ਮੈਨੂੰ ਪਤਾ ਨਹੀਂ। ਉਸੇ ਕੋਲੋਂ ਜਾ ਕੇ ਪਤਾ ਕਰ ਲਓ। ਮੈਂ ਤਾਂ ਇਹੋ ਜਾਣਦਾਂ ਕਿ ਜਦ ਤੱਕ ਹਾਕਮ ਵੱਲੋਂ ਹੁਕਮ ਨਾ ਮਿਲੇ, ਮੈਂ ਗੱਡੀ ਨਹੀਂ ਜੋੜ ਸਕਦਾ।”
“ਉਹਨੇ ਆਪ ਤੈਨੂੰ ਇਹ ਹੁਕਮ ਦਿੱਤੈ?”
“ਨਹੀਂ ਜਨਾਬ! ਹੋਟਲ ਦੇ ਮਾਲਕ ਨੇ ਮੈਨੂੰ ਉਸ ਦਾ ਹੁਕਮ ਸੁਣਾਇਆ ਸੀ।”
“ਕਦੋਂ?”
“ਰਾਤੀਂ... ਜਦੋਂ ਮੈਂ ਸੌਣ ਲੱਗਾ ਸਾਂ।”
ਸਾਰੇ ਆਦਮੀ ਦੁਖੀ ਤੇ ਪ੍ਰੇਸ਼ਾਨ ਹੋ ਕੇ ਮੁੜ ਆਏ। ਹੋਟਲ ਵਿਚ ਪਹੁੰਚ ਕੇ ਉਨ੍ਹਾਂ ਨੇ ਹੋਟਲ ਦੇ ਮਾਲਕ ਫਲੇਮਬੀ ਨੂੰ ਲੱਭਣਾ ਸ਼ੁਰੂ ਕੀਤਾ, ਪਰ ਉਸ ਦੇ ਨੌਕਰ ਨੇ ਦੱਸਿਆ ਕਿ ਦਮੇ ਕਾਰਨ ਉਹ ਦਸ ਵਜੇ ਤੋਂ ਪਹਿਲਾਂ ਬਿਸਤਰੇ ਵਿਚੋਂ ਨਹੀਂ ਉਠਦਾ ਹੁੰਦਾ, ਤੇ ਨਾ ਹੀ ਕੋਈ ਉਸ ਨੂੰ ਜਗਾ ਸਕਦਾ ਹੈ, ਛੁਟ ਹੋਟਲ ਨੂੰ ਅੱਗ ਲੱਗ ਜਾਣ ਤੋਂ। ਮਾਲਕ ਨੇ ਸਖ਼ਤ ਮਨਾਹੀ ਕੀਤੀ ਹੋਈ ਏ।
ਨਿਰਾਸ਼ਾ ਵਧਦੀ ਜਾ ਰਹੀ ਸੀ। ਹੁਣ ਅਫ਼ਸਰ ਨੂੰ ਮਿਲਣ ਤੋਂ ਬਿਨਾਂ ਕੋਈ ਵਾਹ ਨਹੀਂ ਸੀ। ਅਫ਼ਸਰ ਕਿਤੇ ਦੂਰ ਵੀ ਨਹੀਂ ਸੀ, ਇਸੇ ਹੋਟਲ ਵਿਚ ਉਤਰਿਆ ਹੋਇਆ ਸੀ, ਪਰ ਉਸ ਨਾਲ ਮੁਲਾਕਾਤ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਸੀ। ਅਖੀਰ ਪੁੱਛ-ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਗੈਰ-ਫੌਜੀ ਕੰਮਾਂ ਲਈ ਮੁਲਾਕਾਤ ਕਰਨੀ ਹੋਵੇ ਤਾਂ ਕੇਵਲ ਫਲੇਮਬੀ ਰਾਹੀਂ ਹੋ ਸਕਦੀ ਹੈ; ਕਿਉਂਕਿ ਨਵੇਂ ਕਾਨੂੰਨ ਅਨੁਸਾਰ ਇਸ ਇਲਾਕੇ ਲਈ ਇਹ ਅਧਿਕਾਰ ਉਸੇ ਨੂੰ ਦਿੱਤਾ ਗਿਆ ਸੀ।
ਲਾਚਾਰ ਹੋ ਕੇ ਅੱਜ ਦਾ ਸਫ਼ਰ ਮੁਲਤਵੀ ਕਰਨਾ ਪਿਆ। ਸਭ ਆਪੋ-ਆਪਣੇ ਕਮਰਿਆਂ ਵਿਚ ਜਾ ਲੇਟੇ। ਕਾਰਨੂਟੇਡ ਰਸੋਈ ਦੀ ਅੰਗੀਠੀ ਲਾਗੇ ਬੈਠ ਗਿਆ। ਉਸ ਦੇ ਸਾਹਮਣੇ ਅੱਗ ਤੇਜ਼ੀ ਨਾਲ ਬਲ ਰਹੀ ਸੀ। ਸਾਹਮਣੇ ਵਾਲੀ ਛੋਟੀ ਤਰਪਾਈ ਉਤੇ ਬੀਅਰ ਦੀ ਬੋਤਲ ਖੁੱਲ੍ਹੀ ਪਈ ਸੀ। ਉਹ ਪਾਈਪ ਦੇ ਸੂਟੇ ਲਾਉਂਦਾ ਵਿਚ ਵਿਚ, ਗਲਾਸ ਚੁੱਕ ਕੇ ਘੁੱਟ ਭਰੀ ਜਾ ਰਿਹਾ ਸੀ, ਤੇ ਮੁੱਛਾਂ ਉਤੇ ਜੰਮੀ ਹੋਈ ਝੱਗ ਜੀਭ ਨਾਲ ਚੱਟੀ ਜਾਂਦਾ ਸੀ।
ਲੋਸ਼ੀਓ ਸੈਰ-ਸਪਾਟੇ ਲਈ ਬਾਹਰ ਚਲਾ ਗਿਆ, ਤੇ ਉਥੇ ਜਾ ਕੇ ਉਹ ਸ਼ਰਾਬ ਦੇ ਵਪਾਰੀਆਂ ਨਾਲ ਸੌਦਾ-ਪੱਤਾ ਜੋੜਨ ਲੱਗਾ। ਕਾਊਂਟ ਤੇ ਮਿੱਲ ਮਾਲਕ, ਰਾਜਨੀਤਕ ਮਾਮਲਿਆਂ ਬਾਰੇ ਬਹਿਸ ਕਰਨ ਲੱਗੇ। ਉਨ੍ਹਾਂ ਵਿਚਕਾਰ ਫਰਾਂਸ ਦੇ ਭਵਿਖ ਬਾਰੇ ਗੱਲਾਂ ਹੋ ਰਹੀਆਂ ਸਨ। ਕਾਊਂਟ ਕਹਿੰਦਾ, ਇਸ ਦੇਸ਼ ਦਾ ਸੁਧਾਰ Ḕਅਰਲੀਅਨ’ ਰਾਜਵੰਸ਼ ਰਾਹੀਂ ਹੋਵੇਗਾ, ਪਰ ਇਸ ਦੇ ਵਿਰੋਧ ਵਿਚ ਕੱਪੜੇ ਦਾ ਵਪਾਰੀ ਕਹਿੰਦਾ ਸੀ, “ਨਹੀਂ, ਕਿਸੇ ਅਗੰਮੀ ਸ਼ਕਤੀ ਦੁਆਰਾ ਇਸ ਦੇਸ਼ ਦਾ ਸੰਕਟ ਦੂਰ ਹੋਵੇਗਾ। ਜਦ ਵਿਦੇਸ਼ੀ ਜ਼ੁਲਮਾਂ ਦਾ ਬੇੜਾ ਪਾਪਾਂ ਦੇ ਬੋਝ ਨਾਲ ਭਰ ਜਾਵੇਗਾ, ਤਾਂ ਇਸ ਨੂੰ ਡੋਬਣ ਲਈ ਰੱਬ 'ਜੋਨ ਆਫ ਆਰਕ’ ਜਾਂ ਨਪੋਲੀਅਨ ਬੋਨਾਪਾਰਟ ਵਰਗਾ ਕੋਈ ਸੂਰਬੀਰ ਆਪਣੇ ਆਪ ਭੇਜ ਦੇਵੇਗਾ। ਜੇ ਕਦੀ ਅੱਜ ਸਾਡਾ ਰਾਜ ਕੁਮਾਰ ਇਤਨੀ ਛੋਟੀ ਉਮਰ ਦਾ ਨਾ ਹੁੰਦਾ, ਤਾਂ ਕੀ ਸਾਡੇ ਦੇਸ਼ ਦੀ ਇਹੋ ਹਾਲਤ ਹੁੰਦੀ?” ਕਾਰਨੂਟੇਡ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਮੁਸਕਰਾਇਆ ਜਿਵੇਂ ਫ਼ਰਾਂਸ ਦੀ ਕਿਸਮਤ ਦੀ ਕੁੰਜੀ ਉਸੇ ਦੇ ਹੱਥ ਵਿਚ ਹੈ। ਉਹਦੇ ਪਾਈਪ ਦਾ ਖੁਸ਼ਬੋਦਾਰ ਧੂੰਆਂ ਸਾਰੇ ਕਮਰੇ ਵਿਚ ਫੈਲਿਆ ਹੋਇਆ ਸੀ।
ਘੜੀ ਨੇ ਜਿਉਂ ਹੀ ਦਸ ਵਜਾਏ, ਫਲੇਮਬੀ ਉਥੇ ਆ ਹਾਜ਼ਰ ਹੋਇਆ। ਸਾਰਿਆਂ ਨੇ ਬੜੀ ਬੇਸਬਰੀ ਨਾਲ ਉਸ ਨੂੰ ਘੇਰ ਲਿਆ, ਤੇ ਉਸ ਉਤੇ ਸਵਾਲਾਂ ਦੀ ਵਾਛੜ ਸ਼ੁਰੂ ਕਰ ਦਿੱਤੀ।
ਫਲੇਮਬੀ ਨੇ ਕੁਝ ਤੈਸ਼ ਵਿਚ ਉਤਰ ਦਿੱਤਾ, “ਅਫ਼ਸਰ ਨੇ ਮੈਨੂੰ ਅੱਜ ਦੇ ਦਿਨ ਲਈ ਤੁਹਾਡੀ ਗੱਡੀ ਰੋਕ ਰੱਖਣ ਦਾ ਹੁਕਮ ਦਿੱਤਾ ਹੈ, ਤੇ ਬਿਨਾਂ ਉਸ ਦਾ ਨਵਾਂ ਹੁਕਮ ਪ੍ਰਾਪਤ ਕੀਤੇ ਤੁਸੀਂ ਨਹੀਂ ਜਾ ਸਕਦੇ। ਬੱਸ ਕਿ ਹੋਰ ਕੁਝ ਪੁੱਛਣਾ ਜੇ?”
ਇਸ ਤੋਂ ਬਾਅਦ ਸਾਰਿਆਂ ਨੇ ਅਫ਼ਸਰ ਨਾਲ ਮੁਲਾਕਾਤ ਦੀ ਖਾਹਿਸ਼ ਪ੍ਰਗਟ ਕੀਤੀ। ਕਾਊਂਟ ਨੇ ਆਪਣਾ ਮੁਲਾਕਾਤੀ ਕਾਰਡ ਉਸ ਨੂੰ ਭੇਜਿਆ। ਉਸੇ ਕਾਰਡ ਉਤੇ ਕੈਰੇ ਨੇ ਵੀ ਆਪਣੇ ਦਸਤਖ਼ਤ ਕਰ ਦਿੱਤੇ। ਕੋਈ ਇਕ ਘੰਟੇ ਬਾਅਦ ਜਰਮਨ ਅਫ਼ਸਰ ਦਾ ਹੁਕਮ ਆਇਆ ਕਿ ਉਹ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਲਗਭਗ ਇਕ ਵਜੇ ਉਨ੍ਹਾਂ ਨੂੰ ਮਿਲ ਸਕਦਾ ਹੈ।
ਰੋਟੀ ਵੇਲੇ ਫਿਰ ਸਾਰੇ ਇਕੋ ਮੇਜ਼ ਦੁਆਲੇ ਜੁੜ ਬੈਠੇ। ਤੀਵੀਆਂ ਸਾਰੀਆਂ ਹੀ ਸੁਸਤ ਘਬਰਾਈਆਂ ਹੋਈਆਂ ਸਨ। ਖਾਸ ਕਰ ਕੇ ਮਾਰਗਰੇਟ ਦਾ ਚਿਹਰਾ ਤਾਂ ਬਹੁਤ ਹੀ ਉਤਰਿਆ ਹੋਇਆ ਸੀ।
ਰੋਟੀ ਖਾਣ ਤੋਂ ਬਾਅਦ ਉਹ ਕਾਫੀ ਪੀ ਰਹੇ ਸਨ ਕਿ ਅਫਸਰ ਦਾ ਅਰਦਲੀ ਆ ਪਹੁੰਚਾ। ਦੋਵੇਂ ਸੱਜਣ ਛੇਤੀ ਨਾਲ ਉਠ ਕੇ ਮੁਲਾਕਾਤ ਲਈ ਤਿਆਰ ਹੋ ਪਏ, ਤੇ ਤੀਜਾ ਲੋਸ਼ੀਓ ਵੀ ਇਨ੍ਹਾਂ ਦੇ ਨਾਲ ਰਲ ਗਿਆ। ਜਦ ਇਨ੍ਹਾਂ ਤਿੰਨਾਂ ਨੇ ਕਾਰਨੂਟੇਡ ਨੂੰ ਵੀ ਨਾਲ ਚੱਲਣ ਲਈ ਕਿਹਾ, ਤਾਂ ਉਸ ਨੇ ਬੜੇ ਘਮੰਡ ਨਾਲ ਉਤਰ ਦਿੱਤਾ ਕਿ ਜਰਮਨਾਂ ਨਾਲ ਮੁਲਾਕਾਤ ਕਰਨ ਵਿਚ ਉਹ ਆਪਣੀ ਤੇ ਆਪਣੇ ਦੇਸ਼ ਦੀ ਹੱਤਕ ਸਮਝਦਾ ਹੈ। ਤੇ ਜਦ ਉਹ ਤਿੰਨੇ ਚਲੇ ਗਏ ਤਾਂ ਕਾਰਨੂਟੇਡ ਫ਼ਿਰ ਉਸੇ ਅੰਗੀਠੀ ਲਾਗੇ ਡੱਠੀ ਹੋਈ ਤਿਰਪਾਈ ਅੱਗੇ ਜਾ ਬੈਠਾ, ਤੇ ਹੋਟਲ ਦੇ ਨੌਕਰ ਨੂੰ ਉਸ ਨੇ ਇਕ ਹੋਰ ਬੋਤਲ ਲਿਆਉਣ ਲਈ ਕਿਹਾ।
ਤਿੰਨੇ ਆਦਮੀ ਪੌੜੀਆਂ ਚੜ੍ਹ ਕੇ ਉਪਰਲੀ ਗੈਲਰੀ ਵਿਚ ਪਹੁੰਚੇ ਜਿਥੋਂ ਉਨ੍ਹਾਂ ਨੂੰ ਮੁਲਾਕਾਤੀ ਕਮਰੇ ਵਿਚ ਜਿਹੜਾ ਸਭ ਤੋਂ ਵੱਧ ਸਜਿਆ ਹੋਇਆ ਸੀ, ਲਿਜਾਇਆ ਗਿਆ।
ਅੰਦਰ ਵੜਦਿਆਂ ਹੀ ਉਨ੍ਹਾਂ ਦੀ ਨਜ਼ਰ ਉਸੇ ਕੱਲ੍ਹ ਵਾਲੇ ਅਫ਼ਸਰ 'ਤੇ ਪਈ ਜਿਹੜਾ ਬੜੀ ਐਂਠ ਨਾਲ ਲੱਤਾਂ ਫੈਲਾਈ ਆਰਾਮ ਨਾਲ ਕੁਰਸੀ ‘ਤੇ ਵਿਛਿਆ ਹੋਇਆ ਸੀ। ਇਸ ਵੇਲੇ ਉਹ ਚੀਨੀ ਬਣਤਰ ਦਾ ਲੰਮਾ ਹੁੱਕਾ ਪੀ ਰਿਹਾ ਸੀ। ਉਸ ਨੇ ਗਲ ਵਿਚ ਪਸ਼ਮੀਨੇ ਦਾ ਕੀਮਤੀ ਚੋਗਾ ਪਹਿਨਿਆ ਹੋਇਆ ਸੀ। ਇਉਂ ਜਾਪਦਾ ਸੀ ਜਿਸ ਤਰ੍ਹਾਂ ਇਹ ਸਭ ਚੀਜ਼ਾਂ ਕਿਸੇ ਪੁਰਾਤਨ ਰਈਸ ਦੇ ਉਜੜੇ ਹੋਏ ਮਕਾਨ ਵਿਚੋਂ ਚੁਰਾ ਕੇ ਲਿਆਂਦੀਆਂ ਗਈਆਂ ਹਨ।
ਅਫ਼ਸਰ ਨਾ ਤਾਂ ਆਪਣੇ ਥਾਂ ਤੋਂ ਹਿਲਿਆ, ਤੇ ਨਾ ਹੀ ਉਸ ਦੇ ਮੂੰਹੋਂ ਸਵਾਗਤ ਦਾ ਕੋਈ ਸ਼ਬਦ ਨਿਕਲਿਆ; ਬਲਕਿ ਉਸ ਨੇ ਆਉਣ ਵਾਲਿਆਂ ਵੱਲ ਤੱਕਣ ਦੀ ਵੀ ਲੋੜ ਨਾ ਸਮਝੀ। ਸ਼ਾਇਦ ਇਸ ਵਰਤਾਰੇ ਤੋਂ ਉਹ ਆਪਣੇ ਜੇਤੂ ਹੋਣ ਦਾ ਸਬੂਤ ਦੇਣਾ ਚਾਹੁੰਦਾ ਸੀ। ਇਹੋ ਜਿਹੇ ਸਮੇਂ ਅਕਸਰ ਹੁੰਦਾ ਹੈ।
ਜਦ ਤਿੰਨਾਂ ਨੂੰ ਉਸ ਦੇ ਪਿੱਛੇ ਖੜੋਤਿਆਂ ਦੋ ਤਿੰਨ ਮਿੰਟ ਹੋ ਗਏ, ਤਾਂ ਉਸ ਨੇ ਬੜੇ ਸਹਿਜ ਭਾ ਪਾਸਾ ਮੋੜ ਕੇ ਟੁੱਟੀ-ਭੱਜੀ ਫਰੈਂਚ ਵਿਚ ਉਨ੍ਹਾਂ ਨੂੰ ਪੁੱਛਿਆ, “ਕੀ ਚਾਹੁੰਦੇ ਹੋ ਤੁਸੀਂ?”
ਕਾਊਂਟ ਨੇ ਡਰਦਿਆਂ-ਡਰਦਿਆਂ ਬੇਨਤੀ ਕੀਤੀ, “ਅਸੀਂ ਆਪਣੇ ਰੁਕੇ ਹੋਏ ਸਫ਼ਰ ਦੀ ਆਗਿਆ ਮੰਗਣ ਆਏ ਹਾਂ।”
“ਨਹੀਂ।” ਕੇਵਲ ਇਤਨਾ ਕਹਿ ਕੇ ਅਫ਼ਸਰ ਨੇ ਮੂੰਹ ਦੂਜੇ ਪਾਸੇ ਮੋੜ ਲਿਆ।
ਕਾਊਂਟ ਨੇ ਖੰਘੂਰਾ ਮਾਰ ਕੇ ਫਿਰ ਕਿਹਾ, “ਪਰ ਕੀ ਸਾਨੂੰ ਇਸ ਦਾ ਕਾਰਨ ਦੱਸਿਆ ਜਾ ਸਕਦਾ ਹੈ?”
“ਹਾਂ! ਇਸ ਦਾ ਕਾਰਨ ਸਿਰਫ਼ ਇਹੋ ਹੈ ਕਿ ਮੈਂ ਨਹੀਂ ਚਾਹੁੰਦਾ ਤੁਸੀਂ ਜਾਓ।”
ਕਾਊਂਟ ਨੇ ਐਤਕੀਂ ਜ਼ਰਾ ਤਗੜੀ ਆਵਾਜ਼ ਵਿਚ ਕਿਹਾ, “ਸ੍ਰੀਮਾਨ ਜੀ, ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾਣਾ ਚਾਹੁੰਦਾ ਹਾਂ ਕਿ ਤੁਹਾਡੇ ਜਰਨੈਲ ਨੇ ਸਾਨੂੰ ਹਾਵਰੇ ਜਾਣ ਲਈ ਰਾਹਦਾਰੀ ਦਿੱਤੀ ਹੋਈ ਹੈ। ਨਾਲੇ ਅਸਾਂ ਐਸਾ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਸਾਡੇ ਨਾਲ ਇਹ ਸਖ਼ਤੀ ਕੀਤੀ ਜਾਵੇ।”
“ਬਹਿਸ ਦੀ ਲੋੜ ਨਹੀਂ।” ਅਫਸਰ ਕ੍ਰੋਧ ਵਿਚ ਬੋਲਿਆ, “ਮੇਰੇ ਹੁਕਮ ਵਿਰੁਧ ਕੋਈ ਸੁਣਾਈ ਨਹੀਂ ਹੋ ਸਕਦੀ। ਬੱਸ, ਹੁਣ ਤੁਸੀਂ ਇਸ ਕਮਰੇ ਵਿਚੋਂ ਜਾ ਸਕਦੇ ਹੋ।”
ਸਾਰਿਆਂ ਨੇ ਝੁਕ ਨੇ ਸਲਾਮ ਕੀਤੀ, ਤੇ ਕਮਰੇ ਵਿਚੋਂ ਬਾਹਰ ਨਿਕਲ ਆਏ।
ਦੁਪਹਿਰ ਬੜੀ ਮੁਸ਼ਕਲ ਨਾਲ ਕੱਟੀ। ਅਫ਼ਸਰ ਦੀ ਇਸ ਬੇਰੁਖੀ ਦੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ। ਉਨ੍ਹਾਂ ਦੇ ਦਿਮਾਗ਼ ਵਿਚ ਕਈ ਕਿਸਮ ਦੇ ਖਿਆਲ ਪੈਦਾ ਹੋ ਰਹੇ ਸਨ।
ਇਕ ਵਾਰੀ ਫਿਰ ਡਾਇਨਿੰਗ ਰੂਮ ਵਿਚ ਇਕੱਠੇ ਹੋ ਕੇ ਉਨ੍ਹਾਂ ਨੇ ਇਸ ਮਾਮਲੇ 'ਤੇ ਵਿਚਾਰ ਕਰਨੀ ਸ਼ੁਰੂ ਕੀਤੀ। ਵਾਲ ਦੀ ਖੱਲ ਉਤਾਰੀ ਜਾਣ ਲੱਗੀ, “ਮਤੇ ਸਾਨੂੰ ਨਜ਼ਰਬੰਦ ਕਰ ਲਿਆ ਗਿਆ ਹੋਵੇæææ ਕਿਤੇ ਸ਼ਰਾਬ ਦੇ ਠੇਕੇਦਾਰ ਨੇ ਤਾਂ ਨਹੀਂ ਕੋਈ ਗਬਨ ਕੀਤਾæææ ਮਤੇ ਸਾਡੀ ਸਾਰਿਆਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇæææ ਕੀ ਪਤਾ ਕੋਰਟ ਮਾਰਸ਼ਲ ਕਰ ਕੇ ਗੋਲੀ ਨਾਲ ਉਡਾ ਦਿੱਤੇ ਜਾਈਏ।”
ਸੋਚ ਸੋਚ ਕੇ ਉਹ ਅਖੀਰ ਇਸ ਨਤੀਜੇ 'ਤੇ ਪੁੱਜੇ ਕਿ ਜਦ ਤੱਕ ਉਸ ਅਫ਼ਸਰ ਨੂੰ ਸੋਨੇ ਦੀਆਂ ਥੈਲੀਆਂ ਨਾਲ ਮਾਲਾ-ਮਾਲ ਨਾ ਕੀਤਾ ਜਾਵੇ, ਤਦ ਤਕ ਬਚਣ ਦੀ ਕੋਈ ਆਸ ਨਹੀਂ। ਹੁਣ ਉਹ ਤਿੰਨੇ ਸ੍ਰੀਮਾਨ ਕੋਈ ਐਸਾ ਬਹਾਨਾ ਢੂੰਡਣ ਲੱਗੇ ਜਿਸ ਤੋਂ ਉਹ ਆਪਣੀ ਅਮੀਰੀ ਨੂੰ ਲੁਕਾ ਕੇ ਆਪਣੇ ਆਪ ਨੂੰ ਗਰੀਬ ਪ੍ਰਗਟ ਕਰ ਸਕਣ। ਲੋਸ਼ੀਓ ਨੇ ਆਪਣੀ ਘੜੀ ਦੀ ਸੋਨੇ ਦੀ ਚੇਨ ਉਤਾਰ ਕੇ ਜੇਬ ਵਿਚ ਰੱਖ ਲਈ। ਕੈਰੇ ਨੇ ਝਟਪਟ ਆਪਣਾ ਸਿਲਕੀ ਸੂਟ ਉਤਾਰ ਕੇ ਪੁਰਾਣਾ ਓਵਰਕੋਟ ਪਾ ਲਿਆ। ਕਾਊਂਟ ਦੀ ਉਂਗਲ ਵਿਚ ਹੀਰੇ ਦੀ ਮੁੰਦਰੀ ਸੀ, ਉਸ ਨੇ ਲਾਹ ਕੇ ਕਾਊਂਟੈਸ ਦੇ ਹਵਾਲੇ ਕਰ ਦਿੱਤੀ।
ਜਿਉਂ-ਜਿਉਂ ਰਾਤ ਨੇੜੇ ਆਉਂਦੀ ਗਈ, ਸਾਰਿਆਂ ਦਾ ਡਰ ਵਧਦਾ ਹੀ ਗਿਆ।
ਰਾਤੀਂ ਇਕ ਵਾਰੀ ਫਿਰ ਫਲੇਮਬੀ ਨੇ ਦਰਸ਼ਨ ਦਿੱਤੇ, ਤੇ ਆਉਂਦਾ ਹੀ ਬੜੀ ਸਖ਼ਤੀ ਨਾਲ ਕਹਿਣ ਲੱਗਾ, “ਜਰਮਨ ਅਫ਼ਸਰ ਨੇ ਮਿਸ ਮਾਰਗਰੇਟ ਨੂੰ ਪੁੱਛ ਭੇਜਿਆ ਹੈ ਕਿ ਉਸ ਨੇ ਅਜੇ ਤੱਕ ਆਪਣਾ ਖਿਆਲ ਬਦਲਿਆ ਹੈ ਕਿ ਨਹੀਂ।”
ਮਾਰਗਰੇਟ ਮੁਰਦੇ ਵਾਂਗ ਪੀਲੀ ਪੈ ਗਈ, ਪਰ ਝੱਟ ਹੀ ਕ੍ਰੋਧ ਨਾਲ ਅੱਗ-ਬਗੋਲਾ ਹੋ ਗਈ, ਤੇ ਲੰਮੇ-ਲੰਮੇ ਸਾਹ ਲੈਂਦੀ ਹੋਈ ਬੋਲੀ, “ਮਿਹਰਬਾਨੀ ਕਰ ਕੇ ਉਸ ਬਦਮਾਸ਼ ਕੁੱਤੇ ਨੂੰ ਕਹਿ ਦਿਓ ਕਿ ਮੈਂ ਉਸ ਦੇ ਮੂੰਹ 'ਤੇ ਥੁੱਕਣ ਨੂੰ ਵੀ ਤਿਆਰ ਨਹੀਂ। ਜਾਓ, ਬੱਸ ਹੋਰ ਮੈਥੋਂ ਕੁਝ ਨਾ ਪੁੱਛਣਾ।”
ਗੁੱਸੇ ਵਿਚ ਬੁੜ-ਬੁੜਾਉਂਦਾ ਤੇ ਖੰਘਦਾ ਹੋਇਆ ਹੋਟਲ ਵਾਲਾ ਬਾਹਰ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਸਾਰਿਆਂ ਨੇ ਮਾਰਗਰੇਟ ਨੂੰ ਘੇਰ ਲਿਆ, ਤੇ ਉਸ ਉਤੇ ਵੰਨ-ਸਵੰਨੇ ਪ੍ਰਸ਼ਨ ਕਰਨ ਲੱਗੇ। ਮਾਰਗਰੇਟ ਨੇ ਅਫਸਰ ਨਾਲ ਹੋਈ ਰਾਤ ਵਾਲੀ ਮੁਲਾਕਾਤ ਬਾਰੇ ਅਜੇ ਤਕ ਉਨ੍ਹਾਂ ਨੂੰ ਕੁਝ ਨਹੀਂ ਸੀ ਦੱਸਿਆ, ਨਾ ਹੀ ਫਟਕਾਰ ਖਾਣ ਤੋਂ ਬਾਅਦ ਉਹ ਮੁੜ ਕੇ ਪੁੱਛਣ ਦੀ ਹਿੰਮਤ ਕਰ ਸਕੇ ਸਨ। ਇਸ ਵੇਲੇ ਉਨ੍ਹਾਂ ਦੀ ਪੁੱਛਣ ਦੀ ਤੀਬਰਤਾ ਜਾਗ ਉਠੀ। ਸਾਰੇ ਹੀ ਮਿੰਨਤਾਂ ਤਰਲੇ ਕਰਨ ਲੱਗੇ।
ਮਾਰਗਰੇਟ ਪਹਿਲਾਂ ਤਾਂ ਕੁਝ ਨਾ ਦੱਸਣ 'ਤੇ ਹੀ ਅੜੀ ਰਹੀ, ਪਰ ਛੇਤੀ ਹੀ ਜਦ ਉਸ ਦਾ ਗੁੱਸਾ ਕੁਝ ਠੰਢਾ ਹੋਇਆ, ਤਾਂ ਉਹ ਬੋਲੀ, “ਉਹ ਕੀ ਚਾਹੁੰਦਾ ਹੈ? ਉਹ ਚਾਹੁੰਦਾ ਹੈ, ਰਾਤੀਂ ਮੈਨੂੰ ਆਪਣੇ ਪਾਸ ਰੱਖਣਾ।” ਇਹ ਵਾਕ ਮਾਰਗਰੇਟ ਨੇ ਇਤਨੇ ਕੜਕ ਕੇ ਕਹੇ ਕਿ ਸਾਰਾ ਕਮਰਾ ਗੂੰਜ ਉਠਿਆ।
ਸੁਣ ਕੇ ਸਾਰਿਆਂ ਦਾ ਗੁੱਸਾ ਓੜਕ ਦੀ ਹੱਦ ਤਕ ਪਹੁੰਚ ਗਿਆ। ਕਾਰਨੂਟੇਡ ਨੇ ਬੀਅਰ ਦੀ ਬੋਤਲ ਫ਼ਰਸ਼ ‘ਤੇ ਪਟਕਾ ਮਾਰੀ। ਉਸ ਕਮੀਨੇ ਜਰਮਨ ਵਿਰੁਧ ਸਾਰੇ ਭੜਕ ਉਠੇ। ਸਾਰੇ ਹੀ ਉਸ ਦੁਸ਼ਟ ਪਾਸੋਂ ਬਦਲਾ ਲੈਣ ਲਈ ਤਿਲਮਿਲਾਉਣ ਲੱਗੇ। ਮਾਰਗਰੇਟ ਨੂੰ ਜਿਹੜਾ ਬਲੀਦਾਨ ਕਰਨਾ ਪੈ ਰਿਹਾ ਸੀ, ਉਸ ਵਿਚ ਹੱਥ ਵਟਾਉਣ ਲਈ ਸਾਰੇ ਹੀ ਤਿਆਰ ਹੋ ਖਲੋਤੇ। ਬ੍ਰਹਮਚਾਰਨੀਆਂ ਜਿਹੜੀਆਂ ਕੇਵਲ ਰੋਟੀ ਖਾਣ ਵੇਲੇ ਹੀ ਨਜ਼ਰੀਂ ਆਉਂਦੀਆਂ ਸਨ, ਤੇ ਹੁਣ ਵੀ ਰਸੋਈ ਵਿਚੋਂ ਰੋਟੀਆਂ ਦੀ ਖੁਸ਼ਬੋ ਆਉਣ ਤੇ ਹੀ 'ਰੋਟੀ ਵੇਲਾ ਹੋ ਗਿਆ’ ਸਮਝ ਕੇ ਆਈਆਂ ਸਨ, ਸਿਰ ਸੁੱਟ ਕੇ ਬੈਠ ਗਈਆਂ। ਦੋਹਾਂ ਵਿਚੋਂ ਕਿਸੇ ਦੇ ਮੂੰਹੋਂ ਵੀ ਕੁਝ ਨਾ ਨਿਕਲਿਆ। ਸ਼ਾਇਦ ਉਹ ਦਿਲ ਹੀ ਦਿਲ ਵਿਚ ਇਸ ਸੰਕਟ ਦੀ ਨਵਿਰਤੀ ਲਈ ਪ੍ਰਾਰਥਨਾ ਕਰ ਰਹੀਆਂ ਹੋਣ!
ਇਨ੍ਹਾਂ ਹੀ ਸੋਚਾਂ-ਵਿਚਾਰਾਂ ਵਿਚ ਰੋਟੀ ਦਾ ਵੇਲਾ ਹੋ ਗਿਆ। ਅੱਜ ਰੋਟੀ ਖਾਂਦਿਆਂ ਬੋਲਿਆ ਘੱਟ ਗਿਆ, ਪਰ ਸੋਚਿਆ ਬਹੁਤਾ ਗਿਆ।
ਰੋਟੀ ਖਾ ਕੇ ਤੀਵੀਆਂ ਆਪੋ-ਆਪਣੇ ਕਮਰਿਆਂ ਵਿਚ ਜਾ ਕੇ ਸੌਂ ਗਈਆਂ ਤੇ ਆਦਮੀਆਂ ਨੇ ਪਾਈਪ ਧੁਖਾ ਲਏ। ਸਾਰਿਆਂ ਨੇ ਤਾਸ਼ ਖੇਡਣ ਦੇ ਬਹਾਨੇ ਹੋਟਲ ਵਾਲੇ ਨੂੰ ਵੀ ਸੱਦ ਕੇ ਨਾਲ ਸ਼ਾਮਲ ਕਰ ਲਿਆ। ਅਸਲ ਵਿਚ ਉਹ ਉਸ ਪਾਸੋਂ ਕੁਝ ਭੇਤ ਲੈਣਾ ਚਾਹੁੰਦੇ ਸਨ, ਤਾਂ ਜੋ ਉਨ੍ਹਾਂ ਨੂੰ ਅਫ਼ਸਰ ਦੀ ਅਸਲ ਨੀਤੀ ਦਾ ਪਤਾ ਲੱਗ ਸਕੇ।
ਤਾਸ਼ ਸ਼ੁਰੂ ਹੋਈ। ਫਲੇਮਬੀ ਵੀ ਇਸ ਵਿਚ ਹਿੱਸਾ ਲੈ ਰਿਹਾ ਸੀ। ਸਾਰੇ ਆਪੋ-ਆਪਣੇ ਥਾਂ ਹੋਰ-ਹੋਰ ਗੱਲਾਂ ਛੇੜ ਕੇ ਫਲੇਮਬੀ ਦੇ ਅੰਦਰੋਂ ਕੋਈ ਭੇਤ ਕੱਢਣ ਲਈ ਟਿੱਲ ਲਾ ਥੱਕੇ, ਪਰ ਉਹ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਤਾਸ਼ ਦੀਆਂ ਸਰਾਂ ਤੋਂ ਛੁੱਟ ਉਹ ਹੋਰ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਸੀ ਦੇ ਰਿਹਾ, ਸਗੋਂ ਬਰਾਬਰ ਕਹੀ ਜਾਂਦਾ ਸੀ, “ਗੱਲਾਂ ਛੱਡੋ, ਤੇ ਖੇਡ ਵੱਲ ਧਿਆਨ ਦਿਓ।” ਤੇ ਆਪ ਉਸ ਦਾ ਧਿਆਨ ਖੇਡ ਵਿਚ ਇਤਨਾ ਖੁਭਿਆ ਜਾਪਦਾ ਸੀ ਕਿ ਉਸ ਨੂੰ ਖੰਘਣਾ ਵੀ ਕੁਝ ਚਿਰ ਲਈ ਭੁੱਲ ਗਿਆ। ਇਸ ਨਾ ਖੰਘਣ ਦਾ ਨਤੀਜਾ ਇਹ ਹੋਇਆ ਕਿ ਉਸ ਦੀ ਛਾਤੀ ਵਿਚ ਘੋਰੜੂ ਵਾਂਗ ਬਲਗਮ ਬੋਲਣ ਲੱਗ ਪਈ। ਉਸ ਦੀ ਫ਼ੇਫੜਿਆਂ ਦੀ ਹਰ ਇਕ ਹਰਕਤ ਤੋਂ ਦਮੇ ਦਾ ਰੰਗ ਪ੍ਰਗਟ ਹੋ ਰਿਹਾ ਸੀ। ਉਸ ਦੇ ਸਵਾਸਾਂ ਵਿਚੋਂ ਠੀਕ ਉਸੇ ਤਰ੍ਹਾਂ ਦੀ ਘਰ-ਘਰਾਂਦੀ ਆਵਾਜ਼ ਨਿਕਲਦੀ ਸੀ, ਜਿਵੇਂ ਛੋਟੇ ਕੁੱਕੜ ਦੀ ਬਾਂਗ ਦੇਣ ਵੇਲੇ।
ਉਸ ਦੀ ਵਹੁਟੀ ਸੱਦਣ ਆਈ। ਸ਼ਾਇਦ ਉਸ ਨੂੰ ਨੀਂਦਰ ਆ ਗਈ ਸੀ, ਪਰ ਫਲੇਮਬੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਸੋ, ਵਿਚਾਰੀ ਖਪਦੀ-ਖਿਝਦੀ ਮੁੜ ਗਈ। ਜਾਣ ਲੱਗੀ ਵਹੁਟੀ ਨੂੰ ਉਹਨੇ ਪਿਛੋਂ ਆਵਾਜ਼ ਦੇ ਕੇ ਕਿਹਾ, “ਮੇਰੀ ਬੋਤਲ ਅੰਗੀਠੀ ਕੋਲ ਰੱਖ ਦੇਈਂ।” ਤੇ ਆਪ ਉਹ ਫਿਰ ਖੇਡ ਵਿਚ ਲੱਗ ਗਿਆ।
ਜਦ ਸਾਰੇ ਸਮਝ ਗਏ ਕਿ ਇਸ ਪੁਰਾਣੇ ਪਾਪੀ ਦੇ ਮੂੰਹੋਂ ਮਤਲਬ ਦੀ ਕੋਈ ਗੱਲ ਨਿਕਲਣ ਦੀ ਆਸ ਨਹੀਂ, ਤਾਂ ਉਹ ਵੀ ਨੀਂਦਰ ਦਾ ਬਹਾਨਾ ਕਰ ਕੇ ਉਠ ਖੜੋਤੇ।
ਦੂਜੇ ਦਿਨ ਉਹ ਹੋਰ ਵੀ ਸਵਖਤੇ ਜਾਗੇ। ਯਾਤਰਾ ਕਰਨ ਦੀ ਆਗਿਆ ਕਿਸੇ ਤਰ੍ਹਾਂ ਮਿਲ ਜਾਵੇ, ਉਹ ਫਿਰ ਨਵੇਂ ਸਿਰਿਉਂ ਇਸੇ ਬਾਰੇ ਮਨਸੂਬੇ ਸੋਚਣ ਲੱਗੇ। ਬਹੁਤਾ ਖਤਰਾ ਉਨ੍ਹਾਂ ਨੂੰ ਇਸ ਗੱਲ ਦਾ ਸਤਾ ਰਿਹਾ ਸੀ, ਮਤੇ ਅੱਜ ਦਾ ਦਿਨ ਵੀ ਉਨ੍ਹਾਂ ਨੂੰ ਇਥੇ ਹੀ ਰੁਕਣਾ ਪਵੇ।
ਘੋੜੇ ਤਬੇਲੇ ਵਿਚ ਬੱਧੇ ਹੋਏ ਸਨ। ਗੱਡੀ ਉਥੇ ਦੀ ਉਥੇ ਖੜ੍ਹੀ ਸੀ ਤੇ ਗੱਡੀਵਾਨ ਦਾ ਅੱਜ ਵੀ ਕੋਈ ਪਤਾ ਨਹੀਂ ਸੀ। ਉਹ ਵਿਚਾਰੇ ਗੱਡੀ ਦੇ ਆਸ ਪਾਸ ਫਿਰਦੇ ਹੋਏ ਬੜੀ ਘਬਰਾਹਟ ਨਾਲ ਆਪੋ ਆਪਣੇ ਭਵਿਖ ਬਾਰੇ ਸੋਚ ਰਹੇ ਸਨ। ਕੰਮ ਕੋਈ ਹੈ ਨਹੀਂ ਸੀ, ਵਕਤ ਬੀਤਣ ਵਿਚ ਨਹੀਂ ਸੀ ਆਉਂਦਾ। ਤਾਸ਼ ਖੇਡਣ ਨੂੰ ਵੀ ਹੁਣ ਕਿਸੇ ਦਾ ਦਿਲ ਨਹੀਂ ਸੀ ਕਰਦਾ।
ਅੱਜ ਖਾਣੇ ਦੀ ਮੇਜ਼ 'ਤੇ ਪੂਰੀ ਉਦਾਸੀ ਛਾਈ ਰਹੀ। ਸਾਰੇ ਜਣੇ ਉਸ ਕਲ੍ਹਾ ਦੀ ਮੂਲ ਮਾਰਗਰੇਟ ਵੱਲ ਕੌੜੀ ਨਜ਼ਰ ਨਾਲ ਤੱਕ ਰਹੇ ਸਨ। ਰਾਤੀਂ ਸੌਣ ਲੱਗਿਆਂ ਕਈਆਂ ਦੇ ਦਿਮਾਗ਼ ਵਿਚੋਂ ਉਹ ਜੋਸ਼ੀਲੀਆਂ ਲਹਿਰਾਂ ਜਿਨ੍ਹਾਂ ਰਾਹੀਂ ਉਹ ਉਸ ਜਰਮਨ ਅਫਸਰ ਨੂੰ ਕੱਚਿਆਂ ਖਾ ਜਾਣ ਲਈ ਤੜਫਦੇ ਸਨ, ਹੌਲੀ-ਹੌਲੀ ਠੰਢੀਆਂ ਹੋਣੀਆਂ ਸ਼ੁਰੂ ਹੋ ਗਈਆਂ। ਉਹ ਸੋਚ ਰਹੇ ਸਨ ਕਿ ਜੇ ਇਹ ਕੁੜੀ ਚੁਪ-ਚੁਪੀਤੀ ਲੁਕ ਕੇ ਉਸ ਅਫਸਰ ਕੋਲ ਚਲੀ ਜਾਵੇ, ਤਾਂ ਇਸ ਵਿਚ ਹਰਜ ਹੀ ਕੀ ਹੈ? ਸਾਡੀਆਂ ਤੀਵੀਆਂ ਵਰਗੀ ਸਤੀ ਸਤਵੰਤੀ ਤਾਂ ਹੈ ਨਹੀਂ, ਕਿ ਉਸ ਦੀ ਇਜ਼ਤ 'ਤੇ ਹਰਫ ਆ ਜਾਏਗਾ। ਆਖਰ ਤਾਂ ਇਹ ਕੰਜਰੀ ਹੀ ਹੈ ਨਾ। ਸ਼ੁਰੂ ਵਿਚ ਹੀ ਜੇ ਅਲੈੜਪਣਾ ਨਾ ਕਰਦੀ ਤਾਂ ਸਾਡੇ ਭਾ ਦੀ ਇਹ ਮੁਸੀਬਤ ਕਿਉਂ ਆਉਂਦੀ; ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬਚ ਜਾਂਦੀ। ਵੱਧ ਤੋਂ ਵੱਧ ਉਸ ਨੂੰ ਦੇਸ਼ ਭਗਤੀ ਦਾ ਖਿਆਲ ਸੀ, ਤਾਂ ਅਫਸਰ ਨੂੰ ਕਹਿ ਦਿੰਦੀ ਕਿ ਮੈਂ ਸਿਰਫ ਆਪਣੇ ਸਾਥੀ ਮੁਸਾਫਰਾਂ ਦਾ ਸੰਕਟ ਕੱਟਣ ਲਈ ਹੀ ਉਸ ਦੀ ਆਗਿਆ ਦਾ ਪਾਲਣ ਕਰ ਰਹੀ ਹਾਂ। ਕੀ ਇਹ ਵੀ ਦੇਸ਼ ਭਗਤੀ ਦਾ ਇਕ ਫਰਜ਼ ਨਹੀਂ ਸੀ? ਅੱਜ ਕੇਵਲ ਉਸੇ ਛੋਕਰੀ ਦੇ ਕਾਰਨ ਉਸ ਦੇ ਪੌਣੀ ਦਰਜਨ ਸਾਥੀ ਮੁਸੀਬਤ ਵਿਚ ਫਸੇ ਹੋਏ ਸਨ। ਕੀ ਇਹ ਉਸ ਦੀ ਆਪਣੇ ਦੇਸ਼ ਤੇ ਦੇਸ਼ ਵਾਸੀਆਂ ਨਾਲ ਗੱਦਾਰੀ ਨਹੀਂ?
ਪਰ ਇਨ੍ਹਾਂ ਖਿਆਲਾਂ ਨੂੰ ਕੋਈ ਇਕ-ਦੂਜੇ ਅੱਗੇ ਪ੍ਰਗਟ ਕਰਨ ਦਾ ਹੌਸਲਾ ਨਹੀਂ ਸੀ ਸਕਦਾ।
ਫਿਰ ਦੁਪਹਿਰ ਹੋਈ। ਅੱਜ ਤਾਂ ਜਿਵੇਂ ਸਾਰੇ ਹੀ ਅਧਮੋਏ ਜਾਪਦੇ ਸਨ। ਕਿਸੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲਦੀ। ਇਹ ਹਾਲਤ ਵੇਖ ਕੇ ਕਾਊਂਟ ਨੇ ਸੈਰ ਕਰਨ ਦੀ ਇੱਛਾ ਪ੍ਰਗਟ ਕੀਤੀ। ਸਾਰਿਆਂ ਨੇ ਕੱਪੜੇ-ਲੱਤੇ ਪਾ ਲਏ, ਤੇ ਇਹ ਛੋਟਾ ਜਿਹਾ ਜਥਾ ਸੈਰ ਲਈ ਨਿਕਲ ਗਿਆ। ਕੇਵਲ ਕਾਰਨੂਟੇਡ ਬਾਕੀ ਰਹਿ ਗਿਆ। ਉਸ ਨੂੰ ਸੈਰ ਨਾਲੋਂ ਅੱਗ ਸੇਕਣ ਵਿਚ ਵਧੀਕ ਸੁਆਦ ਆਉਂਦਾ ਸੀ। ਦੋਵੇਂ ਬ੍ਰਹਮਚਾਰਨੀਆਂ ਵੀ ਨਹੀਂ ਗਈਆਂ। ਉਹ ਸਾਰਾ ਦਿਨ ਗਿਰਜੇ ਵਿਚ ਹੀ ਬਿਤਾਂਦੀਆਂ ਸਨ।
ਬਾਹਰ ਨਿਕਲਦਿਆਂ ਹੀ ਸਰਦੀ ਕਰ ਕੇ ਸਾਰਿਆਂ ਦੇ ਕੰਨ ਲਾਲ ਹੋ ਗਏ ਤੇ ਪੈਰਾਂ ਨੂੰ ਕੁੜੱਲ ਚੜ੍ਹਨ ਲਗੇ। ਇਕ ਇਕ ਕਦਮ ਚੁੱਕਣਾ ਉਨ੍ਹਾਂ ਨੂੰ ਔਖਾ ਜਾਪ ਰਿਹਾ ਸੀ। ਜਦ ਉਹ ਮੈਦਾਨ ਵਿਚ ਪਹੁੰਚੇ ਤਾਂ ਉਥੋਂ ਦਾ ਦ੍ਰਿਸ਼ ਉਨ੍ਹਾਂ ਨੂੰ ਸਾਰਾ ਹੀ ਮਾਰੂ ਤੇ ਡਰਾਉਣਾ ਜਾਪਣ ਲੱਗਾ। ਚੁਪਾਸੀਂ ਵਿਛੀ ਹੋਈ ਬਰਫ ਦੀ ਮੋਟੀ ਤਹਿ ਨੇ ਉਨ੍ਹਾਂ ਦਾ ਰਹਿੰਦਾ-ਖੂੰਹਦਾ ਉਤਸ਼ਾਹ ਵੀ ਮੁਕਾ ਦਿੱਤਾ। ਉਹ ਛੇਤੀ ਮੁੜ ਪਏ। ਉਨ੍ਹਾਂ ਦੇ ਅੰਗ-ਅੰਗ ਨੂੰ ਸਰਦੀ ਨੇ ਜਕੜਿਆ ਹੋਇਆ ਸੀ। ਸਭ ਦੇ ਦਿਲਾਂ ‘ਤੇ ਨਿਰਾਸ਼ਾ ਦਾ ਭਾਰੀ ਬੋਝ ਲੱਦਿਆ ਹੋਇਆ ਸੀ।
ਚਾਰੇ ਤੀਵੀਆਂ ਕੁਝ ਅੱਗੇ-ਅੱਗੇ ਆ ਰਹੀਆਂ ਸਨ ਤੇ ਤਿੰਨੇ ਆਦਮੀ ਪਿਛੇ-ਪਿਛੇ। ਲੋਸ਼ੀਓ ਨੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਸੋਚਦਿਆਂ ਦੋਹਾਂ ਸਾਥੀਆਂ ਨੂੰ ਪੁੱਛਿਆ, “ਦੋਸਤੋ! ਕੀ ਉਸ ਰੰਡੀ ਕਰਕੇ ਸਾਨੂੰ ਇਸ ਬੀਆਬਾਨ ਵਿਚ ਹੀ ਉਮਰ ਦਾ ਬਾਕੀ ਹਿੱਸਾ ਬਿਤਾਉਣਾ ਪਵੇਗਾ?”
ਕਾਊਂਟ ਜਿਹੜਾ ਅਕਸਰ ਨਿਮਰਤਾ ਦਾ ਭਾਵ ਹੀ ਦਸਿਆ ਕਰਦਾ ਸੀ ਬੋਲਿਆ, “ਅਸਲ ਵਿਚ ਸਾਨੂੰ ਕਿਸੇ ਵੀ ਤੀਵੀਂ ਪਾਸੋਂ ਏਡੇ ਕਠਨ ਤਿਆਗ ਦੀ ਉਮੀਦ ਨਹੀਂ ਰਖਣੀ ਚਾਹੀਦੀ। ਜੇ ਉਹ ਆਪਣੇ ਆਪ ਇਹ ਕੁਰਬਾਨੀ ਕਰਨ ਲਈ ਅੱਗੇ ਵਧੇ ਤਾਂ ਗੱਲ ਹੋਰ ਹੈ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ 'ਆਪ ਤੇ ਡੁਬਿਉਂ ਬ੍ਰਾਹਮਣਾ, ਜਜਮਾਨ ਵੀ ਨਾਲੇ।' ਆਖਰ ਅਸੀਂ ਵੀ ਤਾਂ ਕੰਮ ਧੰਦੇ ਵਾਲੇ ਆਦਮੀ ਹਾਂ... ਕਿੰਨਾ ਕੁ ਚਿਰ ਇਸ ਤਰ੍ਹਾਂ ਉਸ ਦੇ ਪੀਠੇ ਨੂੰ ਛਾਣਦੇ ਫਿਰਾਂਗੇ।”
“ਪਰ ਹੁਣ ਕੀਤਾ ਕੀ ਜਾਵੇ?” ਕੈਰੇ ਨੇ ਪੁੱਛਿਆ, “ਜੇ ਉਹ ਆਪਣੇ ਹਠ ਉਤੇ ਅੜੀ ਰਹੀ, ਤਾਂ?”
“ਤਾਂ ਸਾਨੂੰ ਇਥੋਂ ਪੈਦਣ ਭੱਜਣਾ ਪਵੇਗਾ।” ਲੋਸ਼ੀਓ ਨੇ ਉਤਰ ਦਿੱਤਾ।
ਕਾਊਂਟ ਚੀਕਿਆ, “ਬਿਲਕੁਲ ਅਸੰਭਵ। ਉਤੋਂ ਬਰਫ ਦਾ ਕਹਿਰ ਵੇਖੋ। ਕੋਈ ਹਾਲਤ ਹੈ ਪੈਦਲ ਸਫਰ ਕਰਨ ਦੀ? ਫਿਰ, ਕੀ ਇਸ ਤਰ੍ਹਾਂ ਅਸੀਂ ਸੁੱਕੇ ਬਚ ਜਾਵਾਂਗੇ? ਜੇ ਫੜੇ ਗਏ ਤਾਂ ਉਮਰ ਭਰ ਲਈ ਕੈਦ ਜਾਂ ਮੌਤ ਦੀ ਸਜ਼ਾ।”
ਕਾਊਂਟ ਦੀ ਗੱਲ ਸਾਰਿਆਂ ਦੇ ਦਿਲ ਲੱਗੀ। ਸੁਣ ਕੇ ਦੋਵੇਂ ਚੁੱਪ ਕਰ ਗਏ। ਅੱਗੇ ਜਾ ਰਹੀਆਂ ਤੀਵੀਂਆਂ ਪੁਸ਼ਾਕ ਬਾਰੇ ਚੁੰਝ-ਚਰਚਾ ਕਰ ਰਹੀਆਂ ਸਨ ਪਰ ਬੜੀ ਸਿੱਥਲ ਜਿਹੀ ਬੋਲ ਚਾਲ ਵਿਚ।
ਅਚਾਨਕ ਸੜਕ ਦੇ ਪਾਰਲੇ ਪਾਸੇ ਉਹੀ ਅਫਸਰ ਦਿਖਾਈ ਦਿੱਤਾ। ਲੰਮਾ ਪਤਲਾ, ਪੂਰੀ ਵਰਦੀ ਵਿਚ ਸਜਿਆ ਹੋਇਆ। ਉਹ ਕੁਝ-ਕੁਝ ਲੱਤਾਂ ਚੌੜੀਆਂ ਕਰ ਕੇ ਤੁਰ ਰਿਹਾ ਸੀ, ਤਾਂ ਜੁ ਉਸ ਦੇ ਸੱਜਰੇ ਪਾਲਸ਼ ਕੀਤੇ ਬੂਟ ਬਰਫ ਨਾਲ ਖਰਾਬ ਨਾ ਹੋ ਜਾਣ।
ਤੀਵੀਆਂ ਦੇ ਲਾਗਿਉਂ ਲੰਘਦਿਆਂ ਉਸ ਨੇ ਆਦਰ ਪ੍ਰਗਟ ਕਰਨ ਲਈ ਥੋੜ੍ਹਾ ਜਿਹਾ ਸਿਰ ਝੁਕਾਇਆ। ਫਿਰ ਉਸ ਨੇ ਪਿਛੇ ਆ ਰਹੇ ਤਿੰਨਾਂ ਆਦਮੀਆਂ ਵੱਲ ਬੜੀ ਨਫਰਤ ਤੇ ਰੋਹਬ ਭਰੀ ਨਜ਼ਰ ਨਾਲ ਤਕਿਆ। ਉਸ ਦੀ ਇਹ ਹੈਂਕੜ ਭਰੀ ਤੱਕਣੀ ਵੇਖ ਕੇ ਤਿੰਨਾਂ ਦਾ ਆਤਮ ਅਭਿਮਾਨ ਕੁਝ-ਕੁਝ ਜਾਗ ਉਠਿਆ; ਤਾਂ ਵੀ ਉਨ੍ਹਾਂ ਨੇ ਰਤਾ ਝੁਕ ਕੇ ਸਲਾਮ ਕਰ ਹੀ ਦਿੱਤੀ।
ਮਾਰਗਰੇਟ ਦਾ ਚਿਹਰਾ ਸ਼ਰਮ ਤੇ ਗੁੱਸੇ ਨਾਲ ਬਨਾਤ ਵਰਗਾ ਹੋ ਗਿਆ। ਗ੍ਰਹਿਸਥਣਾਂ ਨੂੰ ਅਫਸਰ ਦੇ ਸਾਹਮਣੇ ਕੰਜਰੀ ਦਾ ਸਾਥ ਅਪਮਾਨ ਭਰਿਆ ਜਾਪਿਆ; ਕਿਉਂਕਿ ਇਸੇ ਕੁੜੀ ਨਾਲ ਅਫਸਰ ਦਾ ਵਰਤਾਉ ਬੇਸ਼ਰਮੀ ਭਰਿਆ ਸਾਬਤ ਹੋ ਚੁੱਕਾ ਸੀ।
ਅਫਸਰ ਲੰਘ ਗਿਆ, ਤੇ ਤੀਵੀਆਂ ਉਸ ਦੇ ਰੋਹਬ-ਦਾਬ ਤੇ ਰੰਗ-ਢੰਗ ਬਾਰੇ ਪੜਚੋਲ ਕਰਨ ਲੱਗੀਆਂ। ਸ੍ਰੀਮਤੀ ਕੈਰੇ ਦੀ ਬਹੁਤ ਸਾਰੇ ਅਫਸਰਾਂ ਨਾਲ ਜਾਣ ਪਛਾਣ ਸੀ ਜਿਸ ਕਰ ਕੇ ਉਹ ਅਫਸਰੀ ਗੁਣਾਂ-ਔਗੁਣਾਂ ਨੂੰ ਪਰਖਣ ਵਿਚ ਮਾਹਰ ਮੰਨੀ ਜਾਂਦੀ ਸੀ। ਉਹ ਬੋਲੀ ਉਠੀ, “ਅਫਸਰ ਵੇਖਣ ਵਿਚ ਮਾੜਾ ਤੇ ਨਹੀਂ ਲੱਗਦਾ।” ਨਾਲ ਹੀ ਉਸ ਨੇ ਅਫਸੋਸ ਵੀ ਪ੍ਰਗਟ ਕੀਤਾ ਕਿ ਉਹ ਫਰਾਂਸੀਸੀ ਨਹੀਂ ਸੀ। ਜੇ ਕਿਤੇ ਹੁੰਦਾ, ਤਾਂ ਕੋਈ ਵੀ ਫਰਾਂਸੀਸੀ ਕੁੜੀ ਉਸ ਨੂੰ ਪਿਆਰ ਕਰਨ ਵਿਚ ਫਖਰ ਸਮਝਦੀ।
ਸੈਰ ਤੋਂ ਵਾਪਸ ਆ ਕੇ ਜਦ ਇਹ ਸਾਰੇ ਆਪੋ-ਆਪਣੇ ਕਮਰਿਆਂ ਵਿਚ ਜਾ ਪਹੁੰਚੇ ਤਾਂ ਉਨ੍ਹਾਂ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਹੁਣ ਕੀ ਕਰੀਏ। ਜ਼ਰਾ ਜ਼ਰਾ ਗੱਲ ਬਦਲੇ ਉਹ ਇਕ-ਦੂਜੇ ਨਾਲ ਛਿੱਥੇ ਹੋ ਪੈਂਦੇ ਸਨ। ਰੋਟੀ ਚੁੱਪ-ਚਾਪ ਖਾ ਕੇ ਸਾਰੇ ਬਿਸਤਰਿਆਂ 'ਤੇ ਜਾ ਲੇਟੇ।
ਦੂਜੇ ਪਾਸੇ ਸਵੇਰੇ ਸਾਰੇ ਦੇ ਸਾਰੇ ਥੱਕੇ ਹੋਏ ਤੇ ਗੁੱਸੇ ਦੇ ਭਰੇ ਦਿਖਾਈ ਦਿੱਤੇ। ਮਾਰਗਰੇਟ ਨਾਲ ਕੋਈ ਵੀ ਗੱਲ ਕੱਥ ਨਹੀਂ ਸੀ ਕਰਨੀ ਚਾਹੁੰਦਾ। ਨਾ ਤੀਵੀਆਂ ਤੇ ਨਾ ਹੀ ਮਰਦ।
ਗਿਰਜੇ ਦਾ ਘੜਿਆਲ ਵੱਜਿਆ, ਤੇ ਇਸ ਦੇ ਨਾਲ ਹੀ ਮਾਰਗਰੇਟ ਦੇ ਦਿਲ ਵਿਚ ਵੀ ਪਤਾ ਨਹੀਂ ਕੀ ਸੁੱਝੀ, ਉਹ ਅੱਜ ਬੜੇ ਚਿਰਾਂ ਪਿਛੋਂ ਗਿਰਜੇ ਵੱਲ ਟੁਰ ਪਈ। ਪਤਾ ਨਹੀਂ ਪ੍ਰਾਰਥਨਾ ਕਰਨ ਲਈ, ਜਾਂ ਇਸ ਖਿਆਲ ਤੋਂ ਕਿ ਉਸ ਦੇ ਸਾਥੀ ਇਸ ਵੇਲੇ ਉਸ ਦੀ ਹੋਂਦ ਨੂੰ ਆਪਣੇ ਲਈ ਦੁਖਦਾਈ ਜਿਹਾ ਬੋਝ ਖਿਆਲ ਕਰ ਰਹੇ ਸਨ।
ਜਿਉਂ ਹੀ ਉਹ ਹੋਟਲ ਤੋਂ ਬਾਹਰ ਨਿਕਲੀ, ਸਾਰੇ ਜਣੇ ਇਕ-ਦੂਜੇ ਵੱਲ ਭੇਤਭਰੀ ਨਜ਼ਰ ਨਾਲ ਤੱਕਣ ਲੱਗੇ। ਫਿਰ ਸਾਰਿਆਂ ਨੇ ਆਪੋ-ਆਪਣੀਆਂ ਕੁਰਸੀਆਂ ਸਰਕਾ ਕੇ ਇਕ-ਦੂਜੇ ਦੇ ਨੇੜੇ ਕਰ ਲਈਆਂ। ਉਹ ਚੰਗੀ ਤਰ੍ਹਾਂ ਸਮਝ ਰਹੇ ਸਨ ਕਿ ਉਨ੍ਹਾਂ ਨੂੰ ਹੁਣ ਕੋਈ ਨਾ ਕੋਈ ਹੀਲਾ ਕਰਨਾ ਹੀ ਚਾਹੀਦਾ ਹੈ। ਲੋਸ਼ੀਓ ਨੂੰ ਬੈਠਿਆਂ-ਬੈਠਿਆਂ ਨਵਾਂ ਢੰਗ ਸੁਝਿਆ। ਉਸ ਨੇ ਮਤਾ ਪੇਸ਼ ਕੀਤਾ, “ਅਫਸਰ ਨੂੰ ਬੇਨਤੀ ਕੀਤੀ ਜਾਵੇ ਕਿ ਜੇ ਉਹ ਮਾਰਗਰੇਟ ਨੂੰ ਰੋਕਣਾ ਚਾਹੁੰਦਾ ਹੈ ਤਾਂ ਰੋਕ ਲਵੇ, ਪਰ ਸਾਨੂੰ ਵਿਚਾਰੇ ਬੇਦੋਸ਼ਿਆਂ ਨੂੰ ਤਾਂ ਜਾਣ ਦੇਵੇ।” ਤੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਮਤੇ ਦੀ ਪ੍ਰੋੜ੍ਹਤਾ ਕੀਤੀ।
ਛੇਕੜ ਫਲੇਮਬੀ ਨੂੰ ਇਹ ਸੁਨੇਹਾ ਅਫਸਰ ਤੀਕ ਲਿਜਾਣ ਦਾ ਕੰਮ ਸੌਂਪਿਆ ਗਿਆ। ਉਹ ਤੁਰੰਤ ਅਫਸਰ ਪਾਸ ਚਲਾ ਗਿਆ, ਪਰ ਧੋਤੇ ਮੂੰਹ ਚਪੇੜ ਖਾ ਕੇ ਝੱਟ ਹੀ ਮੁੜ ਆਇਆ। ਅਫਸਰ ਸ਼ਾਇਦ ਮਨੁੱਖੀ ਸੁਭਾਅ ਦਾ ਚੰਗੀ ਤਰ੍ਹਾਂ ਜਾਣੂੰ ਸੀ। ਉਸ ਨੇ ਬੂਹੇ ਵਿਚੋਂ ਹੀ ਫਲੇਮਬੀ ਨੂੰ ਮਤੇ ਸਮੇਤ ਮੋੜ ਦਿੱਤਾ। ਉਸ ਦੀ ਮਰਜ਼ੀ ਸਾਰੇ ਮੁਸਾਫਰਾਂ ਨੂੰ ਤਦ ਤੀਕ ਰੋਕੀ ਰੱਖਣ ਦੀ ਸੀ, ਜਦ ਤੱਕ ਉਸ ਦੀ ਸ਼ਰਤ ਪੂਰੀ ਨਾ ਕੀਤੀ ਜਾਵੇ।
ਸ੍ਰੀਮਤੀ ਲੋਸ਼ੀਓ ਚੀਕ ਉਠੀ, “ਅਸੀਂ ਬੁਢਾਪੇ ਤੀਕ ਇਥੇ ਹੀ ਰਹਿ ਕੇ ਮਰਨ ਲਈ ਤਿਆਰ ਨਹੀਂ ਹਾਂ। ਜਦ ਉਸ ਕੰਜਰੀ ਦਾ ਪੇਸ਼ਾ ਹੀ ਇਹੋ ਹੈ ਤਾਂ ਫਿਰ ਇਹੋ ਜਿਹੇ ਖੇਖਣ ਕਿਉਂ ਕਰਨ ਡਹੀ ਹੈ? 'ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ' ਵਾਲੀ ਗੱਲ। ਰੋਈਨ ਵਿਚ ਤਾਂ ਉਸ ਨੇ ਕੋਈ ਨਹੀਂ ਛੱਡਿਆ; ਇਥੇ ਆ ਕੇ ਬਣ ਬੈਠੀ ਹੈ ਮਰੀਅਮ ਦੀ ਨਾਨੀ। ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਉਸ ਅਫਸਰ ਨੇ ਸਾਡੇ ਨਾਲ ਬੜਾ ਚੰਗਾ ਵਰਤਾਉ ਕੀਤਾ ਹੈ। ਬ੍ਰਹਮਚਾਰਨੀਆਂ ਨੂੰ ਛੱਡ ਕੇ ਅਸੀਂ ਹੋਰ ਵੀ ਤਿੰਨ ਜਵਾਨ ਕੁੜੀਆਂ ਤੁਹਾਡੇ ਨਾਲ ਸਾਂ। ਰੱਬ ਨਾ ਕਰੇ, ਜੇ ਉਹ ਸਾਡੀ ਇੱਜ਼ਤ ਨੂੰ ਈ ਹੱਥ ਪਾ ਬਹਿੰਦਾ ਤਾਂ ਹਾਕਮਾਂ ਅੱਗੇ ਕਿਸੇ ਦੀ ਕੀ ਵਟੀਂਦੀ ਹੈ? ਭਲਾ ਹੋਵੇ ਵਿਚਾਰੇ ਦਾæææ ਹੁਣ ਤੁਸੀਂ ਹੀ ਦੱਸੋ! ਸਾਨੂੰ ਸਾਰਿਆਂ ਨੂੰ ਛੱਡ ਕੇ ਜੇ ਉਸ ਵਿਚਾਰੇ ਨੇ ਉਸੇ ਚੀਜ਼ ਉਤੇ ਹੱਥ ਰੱਖਿਆ ਹੈ ਜਿਸ ਨੂੰ ਹਰ ਕੋਈ ਖਰੀਦ ਸਕਦਾ ਹੈ, ਤਾਂ ਉਸ ਨੇ ਕਿਹੜੀ ਖੁਨਾਮੀ ਕਰ ਦਿੱਤੀ? ਜ਼ਰਾ ਸੋਚੋ ਤਾਂ ਸਹੀ, ਉਹ ਇਸ ਵੇਲੇ ਬਾਦਸ਼ਾਹ ਦੀ ਪਦਵੀ ‘ਤੇ ਹੈ। ਜੇ ਉਹ ਇਕ ਵਾਰੀ ਵੀ ਅਸਾਂ ਤਿੰਨਾਂ ਸੁਆਣੀਆਂ ਵੱਲ ਉਂਗਲ ਕਰ ਕੇ ਕਹੇ, Ḕਮੈਂ ਇਨ੍ਹਾਂ ਨੂੰ ਚਾਹੁੰਦਾ ਹਾਂ’, ਤਾਂ ਕੌਣ ਜੰਮਿਆ ਹੈ ਉਸ ਨੂੰ ਰੋਕਣ ਵਾਲਾ?”
ਸ੍ਰੀਮਤੀ ਲੋਸ਼ੀਓ ਦਾ ਇਹ ਦਲੀਲ ਭਰਿਆ ਲੈਕਚਰ ਸੁਣ ਕੇ ਦੂਜੀਆਂ ਦੋਵੇਂ ਕੰਬ ਉਠੀਆਂ, ਪਰ ਸ੍ਰੀਮਤੀ ਕੈਰੇ ਦੀਆਂ ਅੱਖਾਂ ਚਮਕ ਪਈਆਂ। ਉਸ ਨੂੰ ਇਹੋ ਜਾਪਣ ਲੱਗਾ, ਜਿਵੇਂ ਸੱਚਮੁੱਚ ਅਫਸਰ ਦੇ ਭੇਜੇ ਹੋਏ ਸਿਪਾਹੀ ਉਸ ਨੂੰ ਚੁੱਕਣ ਲਈ ਦਗੜ-ਦਗੜ ਕਰਦੇ ਭੱਜੇ ਆ ਰਹੇ ਸਨ।
ਕੁਰਸੀਆਂ ਸਰਕਦੀਆਂ-ਸਰਕਦੀਆਂ ਇਕ-ਦੂਜੇ ਦੇ ਨਾਲ ਆ ਲੱਗੀਆਂ। ਲੋਸ਼ੀਓ ਦਾ ਗੁੱਸਾ ਭੜਕ ਉਠਿਆ, ਤੇ ਜੋਸ਼ ਵਿਚ ਉਸ ਨੇ ਇੱਥੋਂ ਤੱਕ ਵੀ ਕਹਿ ਦਿੱਤਾ, “ਜੇ ਉਹ ਖਾਨਗੀ ਸਿੱਧੀ ਤਰ੍ਹਾਂ ਨਾ ਮੰਨੇ ਤਾਂ ਮੇਰੀ ਸਲਾਹ ਹੈ, ਮੁਸ਼ਕਾਂ ਕੱਸ ਕੇ ਉਸ ਨੂੰ ਅਫਸਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ”, ਪਰ ਕਾਊਂਟ ਕਿਉਂਕਿ ਰਾਜਸੀ ਖਿਡਾਰੀ ਸੀ, ਉਸ ਨੂੰ ਲੋਸ਼ੀਓ ਦੀ ਇਹ ਜਲਦਬਾਜ਼ੀ ਪਸੰਦ ਨਾ ਆਈ। ਉਹ ਕਿਸੇ ਨਾ ਕਿਸੇ ਤਰ੍ਹਾਂ ਚਾਪਲੂਸੀ ਤੋਂ ਹੀ ਕੰਮ ਲੈਣਾ ਚਾਹੁੰਦਾ ਹੈ। ਉਹ ਕਹਿਣ ਲੱਗਾ, “ਸਮਝਾ ਬੁਝਾ ਕੇ ਉਸ ਨੂੰ ਰਸਤੇ ‘ਤੇ ਲਿਆਂਦਾ ਜਾਵੇ।”
"ਕਿਸ ਤਰ੍ਹਾਂ ਉਸ ਨੂੰ ਰਜ਼ਾਮੰਦ ਕੀਤਾ ਜਾਵੇ?" ਸਾਰੇ ਇਸ ਇਕੋ ਮਾਮਲੇ ‘ਤੇ ਆਪੋ-ਆਪਣੇ ਦਿਮਾਗ਼ ਲੜਾਉਣ ਲੱਗੇ।
ਤੀਵੀਆਂ ਇਕ-ਦੂਜੀ ਦੇ ਕੰਨਾਂ ਨਾਲ ਮੂੰਹ ਜੋੜੀ ਘੁਸਰ-ਮੁਸਰ ਕਰ ਰਹੀਆਂ ਸਨ। ਮਰਦ ਆਪੋ-ਆਪਣੇ ਖਿਆਲ ਪੇਸ਼ ਕਰ ਰਹੇ ਸਨ। ਤੀਵੀਆਂ ਤਾਂ ਭੈੜੀ ਤੋਂ ਭੈੜੀ ਗੱਲ ਨੂੰ ਵੀ ਬੜੇ ਕੋਮਲ ਤੇ ਸੁਚੱਜੇ ਢੰਗ ਨਾਲ ਬਿਆਨ ਕਰ ਰਹੀਆਂ ਸਨ। ਕੋਲ ਭਾਵੇਂ ਓਪਰਾ ਆਦਮੀ ਕੋਈ ਨਹੀਂ ਸੀ, ਫਿਰ ਵੀ ਗੱਲ ਕੱਥ ਬੜੀ ਚੌਕਸ ਹੋ ਕੇ ਕੀਤੀ ਜਾ ਰਹੀ ਸੀ।
ਅਖੀਰ ਉਹ ਸਾਰੇ ਇਕ ਖਾਸ ਫੈਸਲੇ 'ਤੇ ਪਹੁੰਚ ਹੀ ਗਏ। ਉਨ੍ਹਾਂ ਦੇ ਚਿਹਰਿਆਂ ਉਤੇ ਇਕ ਵਾਰੀ ਫਿਰ ਖੇੜਾ ਆ ਗਿਆ। ਕਾਊਂਟ ਜਿਹੜਾ ਹਾਸੇ-ਠੱਠੇ ਵਿਚ ਖਾਸ ਮਾਹਰ ਸੀ, ਪਰ ਇਕ-ਦੋ ਦਿਨ ਤੋਂ ਉਸ ਨੇ ਮੂੰਹ ਵਿਚ ਦਹੀਂ ਜਮਾਈ ਰੱਖਿਆ ਸੀ, ਖੂਬ ਰੱਜ-ਰੱਜ ਕੇ ਜ਼ਬਾਨ ਦੀ ਉਲੀ ਲਾਹੁਣ ਲੱਗਾ। ਨਤੀਜਨ ਕਮਰਾ ਇਕ ਵਾਰੀ ਫਿਰ ਹਾਸੇ ਨਾਲ ਗੂੰਜ ਉਠਿਆ। ਲੋਸ਼ੀਓ ਨੇ ਕੁਝ ਓਦੂੰ ਭੀ ਭੱਦੇ ਤੇ ਨੰਗੇ ਮਖੌਲ ਸ਼ੁਰੂ ਕਰ ਦਿੱਤੇ, ਪਰ ਕਿਸੇ ਨੂੰ ਬੁਰੇ ਨਹੀਂ ਲੱਗੇ, ਤੇ ਉਸ ਦੀ ਸ੍ਰੀਮਤੀ ਨੇ ਜਿਹੜੀ ਗੱਲ ਕਹੀ, ਉਹ ਸਾਰਿਆਂ ਦੇ ਦਿਮਾਗ਼ ਵਿਚ ਸਮਾ ਗਈ, “ਜਦ ਉਸ ਦਾ ਪੇਸ਼ਾ ਹੀ ਇਹੋ ਹੈ ਤਾਂ ਕਿਸੇ ਅੱਗੇ ਵੀ ਇਨਕਾਰ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ।” ਤੇ ਸੁੰਦਰੀ ਮਿਸਿਜ਼ ਕੈਰੇ ਨੇ ਏਦੂੰ ਵੀ ਵਧ ਕੇ ਉਦਾਰਤਾ ਵਿਖਾਈ, “ਜੇ ਕਿਤੇ ਉਸ ਦੀ ਥਾਂ ਮੈਂ ਹੁੰਦੀ ਤਾਂ ਅਫਸਰ ਦੇ ਇਕੋ ਇਸ਼ਾਰੇ ਨਾਲ ਉਸ ਦੇ ਅੱਗੇ ਹੋ ਤੁਰਦੀ।”
ਫਿਰ ਸਾਰਿਆਂ ਨੇ ਨਾਕਾਬੰਦੀ ਐਸੀ ਹੁਸ਼ਿਆਰੀ ਨਾਲ ਕੀਤੀ ਜਿਵੇਂ ਉਹ ਕਿਸੇ ਕਿਲ੍ਹੇ ਨੂੰ ਘੇਰਾ ਪਾਉਣ ਚੱਲੇ ਹੋਣ। ਸਭ ਨੂੰ ਵੱਖੋ-ਵੱਖ ਕੰਮ ਸੌਂਪਿਆ ਗਿਆ। ਕਿਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਹੋਣਗੀਆਂ, ਤੇ ਕਿਨ੍ਹਾਂ-ਕਿਨ੍ਹਾਂ ਗੱਲਾਂ ਉਤੇ ਬਹੁਤਾ ਜ਼ੋਰ ਦੇਣਾ ਹੋਵੇਗਾ? ਇਹ ਸਭ ਕੁਝ ਤਿਆਰ ਕਰ ਲਿਆ ਗਿਆ। ਹਰ ਤਰ੍ਹਾਂ ਦੇ ਦਾਓ-ਪੇਚ, ਤੇ ਧੋਖੇ-ਫਰੇਬ ਦਾ ਜਾਲ ਮੁਕੰਮਲ ਤੌਰ ‘ਤੇ ਵਿਛਾ ਦਿੱਤਾ ਗਿਆ।
ਪਰ ਕਾਰਨੂਟੇਡ ਇਸ ਮਾਮਲੇ ਵਿਚ ਵੱਖਰਾ ਹੀ ਰਿਹਾ। ਇਸ ਸਾਜਿਸ਼ ਵਿਚ ਉਸ ਨੇ ਕੋਈ ਹਿੱਸਾ ਨਾ ਲਿਆ।
ਇਸ ਕੰਮ ਵਿਚ ਉਹ ਸਾਰੇ ਇਤਨੇ ਮਸਤ ਸਨ ਕਿ ਮਾਰਗਰੇਟ ਦੇ ਆਉਣ ਦਾ ਵੀ ਉਨ੍ਹਾਂ ਨੂੰ ਪਤਾ ਨਾ ਲੱਗਾ। ਕੇਵਲ ਕਾਊਂਟ ਨੇ ਹੌਲੀ ਜਿਹੇ 'ਹੁਸ਼’ ਕਹਿ ਕੇ ਸਭ ਨੂੰ ਚੁੱਪ ਕਰ ਜਾਣ ਦਾ ਇਸ਼ਾਰਾ ਕਰ ਦਿੱਤਾ ਜਿਸ ਕਰ ਕੇ ਸਾਰਿਆਂ ਨੇ ਗੱਲ ਦਾ ਸਿਲਸਿਲਾ ਬੰਦ ਕਰ ਕੇ ਹੋਰ-ਹੋਰ ਗੱਲਾਂ ਸ਼ੁਰੂ ਕਰ ਦਿੱਤੀਆਂ, ਪਰ ਇਸ ਤਰ੍ਹਾਂ ਅਚਾਨਕ ਮਾਰਗਰੇਟ ਦੇ ਆ ਜਾਣ ਕਰ ਕੇ ਸਾਰੇ ਕੁਝ ਘਬਰਾ ਜਿਹੇ ਗਏ। ਥੋੜ੍ਹਾ ਚਿਰ ਉਹ ਇਹ ਵੀ ਸੋਚ ਨਾ ਸਕੇ ਕਿ ਉਸ ਨਾਲ ਕਿਵੇਂ ਗੱਲ ਸ਼ੁਰੂ ਕੀਤੀ ਜਾਵੇ। ਕਾਊਂਟ ਇਨ੍ਹਾਂ ਕੰਮਾਂ ਵਿਚ ਪੂਰਾ ਖ਼ਿਡਾਰੀ ਸੀ। ਮਾਰਗਰੇਟ ਨੂੰ ਆਉਂਦੀ ਨੂੰ ਹੀ ਉਸ ਨੇ ਪੁਛਿਆ, “ਸੁਣਾਓæææ ਗਿਰਜੇ ਵਿਚੋਂ ਹੋ ਆਏ ਜੇ?”
ਮਾਰਗਰੇਟ ਇਸ ਵੇਲੇ ਉਤਸ਼ਾਹ ਭਰਪੂਰ ਸੀ। ਪਾਦਰੀ ਦੇ ਸੱਜਰੇ ਉਪਦੇਸ਼ ਦਾ ਅਸਰ ਉਸ ਦੇ ਚਿਹਰੇ ਤੋਂ ਸਪਸ਼ਟ ਦਿਸ ਰਿਹਾ ਸੀ। ਉਸ ਨੇ ਬੜੀ ਸ਼ਰਧਾ ਨਾਲ ਅੱਜ ਦਾ ਸੁਣਿਆ ਉਪਦੇਸ਼ ਸਭ ਅੱਗੇ ਦੁਹਰਾਇਆ, ਤੇ ਅਖੀਰ ਵਿਚ ਬੋਲੀ, “ਕਦੀ-ਕਦੀ ਪ੍ਰਾਰਥਨਾ ਕਰਨ ਨਾਲ ਆਦਮੀ ਨੂੰ ਕੁਝ ਨਾ ਕੁਝ ਲਾਭ ਹੀ ਹੁੰਦਾ ਹੈ।” ਰੋਟੀ ਵੇਲੇ ਤੱਕ ਦੂਜੀਆਂ ਤੀਵੀਆਂ ਉਸ ਨਾਲ ਬੜੇ ਡੂੰਘੇ ਪਿਆਰ ਵਿਚ ਭਿੱਜੀਆਂ ਗੱਲਾਂ ਕਰਦੀਆਂ ਰਹੀਆਂ। ਸ਼ਾਇਦ ਕਾਰਨ ਇਹ ਸੀ ਕਿ ਜੋ ਕੁਝ ਉਹ ਉਸ ਨੂੰ ਕਹਿਣ ਵਾਲੀਆਂ ਸਨ, ਉਸ ਦੇ ਮੰਨਣ ਲਈ ਪਹਿਲਾਂ ਤੋਂ ਹੀ ਮਾਰਗਰੇਟ ਦੇ ਦਿਲ ਵਿਚ ਉਨ੍ਹਾਂ ਦਾ ਇਤਬਾਰ ਤੇ ਸਤਿਕਾਰ ਪੈਦਾ ਹੋ ਜਾਵੇ।
ਤੇ ਜਿਉਂ ਹੀ ਸਾਰੇ ਖਾਣੇ ਦੀ ਮੇਜ਼ ਦੁਆਲੇ ਬੈਠੇ, ਸਭ ਨੇ ਆਪੋ-ਆਪਣੇ ਹਥਿਆਰ ਸੰਭਾਲ ਲਏ। ਸਭ ਤੋਂ ਪਹਿਲਾਂ ਤਿਆਗ ਤੇ ਕੁਰਬਾਨੀ ਬਾਰੇ ਸੰਖੇਪ ਜਿਹੀ ਗੱਲਬਾਤ ਸ਼ੁਰੂ ਹੋਈ। ਇਸ ਦੀ ਪੁਸ਼ਟੀ ਲਈ ਉਨ੍ਹਾਂ ਨੇ 'ਜੂਡਿਥ’ ਤੇ 'ਹੈਲੋ ਫਰਨੀਸ’ ਆਦਿ ਫਰਾਂਸ ਦੇ ਸ਼ਹੀਦਾਂ ਦੇ ਉਦਾਹਰਣ ਪੇਸ਼ ਕੀਤੇ। ਫਿਰ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਿਰੋਧੀ 'ਲੁਕ੍ਰੀਸ’ ਤੇ 'ਸੈਕਸਟਸ’ ਆਦਿ ਦੀ ਨਿੰਦਿਆ ਕੀਤੀ ਗਈ। ਫਿਰ ਇਨ੍ਹਾਂ ਲੋਕਾਂ ਨੇ ਰੋਮ ਦੀਆਂ ਕੁਝਾਂ ਮਨਘੜਤ ਜਿਹੀਆਂ ਕਹਾਣੀਆਂ ਸ਼ੁਰੂ ਕਰ ਦਿੱਤੀਆਂ, ਰੋਮਨ ਤੀਵੀਆਂ ਨੇ ਕਿਸ ਤਰ੍ਹਾਂ 'ਹਾਨੀਬਾਲ’ ਆਦਿ ਦੇਸ਼ ਦੇ ਦੁਸ਼ਮਣਾਂ ਪਾਸੋਂ ਭੇਤ ਕੱਢਣ ਲਈ ਉਨ੍ਹਾਂ ਦੀਆਂ ਰਖੇਲਾਂ ਤੱਕ ਬਣਨਾ ਕਬੂਲ ਕੀਤਾ, ਤੇ ਫਿਰ ਉਨ੍ਹਾਂ ਦੱਸਿਆ ਕਿ ਇਕ ਵਾਰੀ ਜਦ ਇਟਲੀ ਉਤੇ ਦੁਸ਼ਮਣ ਚੜ੍ਹ ਆਇਆ, ਤਾਂ ਉਥੋਂ ਦੀਆਂ ਕੁਝ ਸੁੰਦਰੀਆਂ ਨੇ ਅਗਾਊਂ ਹੀ ਫੌਜ ਦੇ ਅਫਸਰਾਂ ਪਾਸ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਸੁਹੱਪਣ ਦੀ ਫਾਹੀ ਵਿਚ ਐਸਾ ਫਸਾਇਆ ਕਿ ਉਹ ਸਾਰੇ ਲੜਾਈ ਵੱਲੋਂ ਬੇ-ਪਰਵਾਹ ਹੋ ਗਏ ਤੇ ਦੁਸ਼ਮਣ ਨੂੰ ਮੂੰਹ ਦੀ ਖਾ ਕੇ ਭੱਜਣਾ ਪਿਆ।
ਹਵਾ ਦਾ ਰੁਖ ਐਸੇ ਪਾਸੇ ਮੋੜ ਦਿੱਤਾ ਗਿਆ ਕਿ ਕਿਸੇ ਸਿਆਣੀ ਤੋਂ ਸਿਆਣੀ ਕੁੜੀ ਉਤੇ ਵੀ ਇਹ ਅਸਰ ਪੈ ਸਕੇ ਕਿ ਇਸਤਰੀ ਦਾ ਧਰਮ ਇਹੋ ਹੈ ਕਿ ਉਹ ਵਕਤ ਪੈਣ 'ਤੇ ਆਪਣੇ ਇਸਤਰੀਪਣੇ ਨੂੰ ਵੀ ਬੇਸ਼ੱਕ ਕੁਰਬਾਨ ਕਰ ਦੇਵੇ। ਉਥੇ ਦੋਵੇਂ ਬ੍ਰਹਮਚਾਰਨੀਆਂ ਵੀ ਮੌਜੂਦ ਸਨ, ਪਰ ਜਾਪਦਾ ਸੀ ਜਿਵੇਂ ਉਹ ਕੁਝ ਵੀ ਸੁਣ ਨਹੀਂ ਸਨ ਰਹੀਆਂ।
ਅਖੀਰ ਮਾਰਗਰੇਟ ਨੂੰ ਸਪਸ਼ਟ ਸ਼ਬਦਾਂ ਵਿਚ ਉਸ ਦਾ ਫਰਜ਼ ਚਿਤਾਰਿਆ ਗਿਆ, ਤੇ ਸਭ ਨੇ ਇਕ ਜ਼ਬਾਨ ਹੋ ਕੇ ਉਸ ਨੂੰ ਤਸੱਲੀ ਕਰਾ ਦਿੱਤੀ ਕਿ ਜੇ ਜਰਮਨ ਅਫਸਰ ਦੀ ਕਾਮਨਾ ਪੂਰਤੀ ਕਰ ਕੇ ਉਹ ਆਪਣੇ ਸਾਥੀਆਂ ਦੀ ਬੰਦ-ਖਲਾਸੀ ਕਰਾ ਸਕਦੀ ਹੈ, ਤਾਂ ਇਸ ਵਿਚ ਨਾ ਕੇਵਲ ਪਾਪ ਕੋਈ ਨਹੀਂ, ਸਗੋਂ ਉਸ ਦੀ ਪ੍ਰਸ਼ੰਸਾ-ਜੋਗ ਕੁਰਬਾਨੀ ਵੀ ਸਮਝੀ ਜਾਵੇਗੀ।
ਨਿੰਮੋਝੂਣੀ ਜਿਹੀ ਹੋ ਕੇ ਮਾਰਗਰੇਟ ਸਭ ਕੁਝ ਸੁਣਦੀ ਰਹੀ। ਕਿਸੇ ਗੱਲ ਦੇ ਵਿਰੋਧ ਵਿਚ ਜੇ ਉਹ ਕੁਝ ਕਹਿਣ ਲਗਦੀ ਤਾਂ ਉਸ ਦੇ ਬੋਲਣ ਤੋਂ ਪਹਿਲਾਂ ਹੀ ਕੋਈ ਹੋਰ ਬੋਲ ਪੈਂਦਾ, ਤੇ ਪਹਿਲੇ ਆਦਮੀ ਦੀ ਪੁਸ਼ਟੀ ਵਿਚ ਨਵੀਆਂ ਤੋਂ ਨਵੀਆਂ ਦਲੀਲਾਂ ਦੀ ਵਾਛੜ ਸ਼ੁਰੂ ਕਰ ਦਿੰਦਾ। ਮੁੱਕਦੀ ਗੱਲ, ਮਾਰਗਰੇਟ ਨੂੰ ਇਕ ਵਾਰੀ ਵੀ ਬੋਲਣ ਦਾ ਮੌਕਾ ਨਾ ਦਿੱਤਾ ਗਿਆ।
ਅਖੀਰ ਮਾਰਗਰੇਟ ਦੀ ਮੰਗ 'ਤੇ ਉਸ ਨੂੰ ਅੱਜ ਦੀ ਦੁਪਹਿਰ ਸੋਚਣ ਲਈ ਵਕਤ ਦਿੱਤਾ ਗਿਆ। ਸਾਰੀਆਂ ਤੀਵੀਆਂ ਜੋ ਪਹਿਲਾਂ ਉਸ ਨਾਲ ਸਿੱਧੇ ਮੂੰਹ ਬੋਲਦੀਆਂ ਵੀ ਨਹੀਂ ਸਨ, ਅੱਜ ਉਸ ਦੇ ਨਾਂ ਨਾਲ 'ਮਿਸ’ ਵਿਸ਼ੇਸ਼ਣ ਲਾ ਕੇ ਬੁਲਾਉਂਦੀਆਂ ਸਨ।
ਸ਼ਾਮ ਨੂੰ ਫਿਰ ਫਲੇਮਬੀ ਦੀ ਬਲਗਮੀ ਖੰਘ ਛਣਕਦੀ ਸੁਣਾਈ ਦਿੱਤੀ। ਉਸ ਨੇ ਆਉਂਦਿਆਂ ਹੀ ਕੱਲ੍ਹ ਵਾਲੇ ਵਾਕ ਦੁਹਰਾਉਣੇ ਸ਼ੁਰੂ ਕੀਤੇ, “ਜਰਮਨ ਅਫਸਰ ਨੇ ਪੁੱਛ ਘੱਲਿਆ ਹੈ ਕਿ ਮਾਰਗਰੇਟ ਨੇ ਆਪਣਾ ਖਿਆਲ ਅਜੇ ਬਦਲਿਆ ਹੈ ਕਿ ਨਹੀਂ?”
ਮਾਰਗਰੇਟ ਨੇ ਬੜੀ ਸ਼ਾਂਤ ਤੇ ਇਕਾਗਰ ਆਵਾਜ਼ ਵਿਚ ਉਤਰ ਦਿੱਤਾ, “ਜੀ ਨਹੀਂ, ਬਿਲਕੁਲ ਨਹੀਂ।”
ਉਤਰ ਸੁਣ ਕੇ ਫਲੇਮਬੀ ਮੁੜ ਗਿਆ, ਤੇ ਇਧਰ ਇਹ ਸਾਜ਼ਿਸ਼ੀ ਜਥਾ ਵੀ ਕੁਝ ਛਿੱਥਾ ਪੈ ਗਿਆ। ਫਿਰ ਵੀ ਅਜੇ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਸੀ ਹੋਈ ਜਾਪਦੀ। ਸ਼ਾਮ ਦੀ ਰੋਟੀ ਵੇਲੇ ਫਿਰ ਦੁਪਹਿਰ ਵਾਂਗ ਤਿਆਗ ਉਤੇ ਲੈਕਚਰ ਸ਼ੁਰੂ ਹੋਏ, ਪਰ ਐਤਕੀਂ ਇਸ ਦੀ ਪੁਸ਼ਟੀ ਲਈ ਕੋਈ ਵੀ ਨਵੀਂ ਦਲੀਲ ਜਾਂ ਉਦਾਹਰਣ ਉਨ੍ਹਾਂ ਨੂੰ ਨਹੀਂ ਸੀ ਲੱਭ ਰਹੀ। ਤਦ ਕਾਊਂਟੈਸ ਸ਼ਾਇਦ ਬਿਨਾਂ ਕਿਸੇ ਹੋਰ ਉਦੇਸ਼ ਦੇ, ਕੇਵਲ ਧਰਮ ਲਈ ਆਪਣੀ ਸ਼ਰਧਾ ਪ੍ਰਗਟ ਕਰਨ ਦੇ ਇਰਾਦੇ ਨਾਲ ਵੱਡੀ ਬ੍ਰਹਮਚਾਰਨੀ ਤੋਂ ਪੁੱਛਣ ਲੱਗੀ, “ਮਾਤਾ ਜੀ, ਤੁਸੀਂ ਸਾਡੇ ਆਗੂ ਹੋ, ਜੇ ਇਸ ਮਾਮਲੇ ਵਿਚ ਸਾਨੂੰ ਤੁਹਾਡੀ ਰਾਇ ਦਾ ਵੀ ਪਤਾ ਲੱਗ ਜਾਵੇ ਤਾਂ ਬੜਾ ਲਾਭ ਹੋਵੇਗਾ।”
ਬ੍ਰਹਮਚਾਰਨੀ ਅਜੇ ਵੀ ਚੁੱਪ ਸੀ, ਪਰ ਜਦ ਸਾਰਿਆਂ ਨੇ ਕੁਝ ਕਹਿਣ ਲਈ ਜ਼ੋਰ ਦਿੱਤਾ ਤਾਂ ਉਸ ਨੇ ਬੜੀ ਗੰਭੀਰਤਾ ਨਾਲ ਰੂਹਾਨੀਅਤ ਦਾ ਸਾਂਗ ਭਰਦਿਆਂ ਉਤਾਂਹ ਤੱਕਿਆ, ਤੇ ਫਿਰ ਇਸ ਤਰ੍ਹਾਂ ਜਿਵੇਂ ਕੋਈ ਅਰਸ਼ਾਂ ਤੋਂ ਬੋਲ ਰਿਹਾ ਹੁੰਦਾ ਹੈ, ਸਭ ਵੱਲ ਤੱਕ ਕੇ ਬੋਲੀ, “ਵੱਡੇ ਤੋਂ ਵੱਡਾ ਪਾਪ ਵੀ ਪੁੰਨ ਹੈ... ਜੇ ਉਸ ਦੇ ਕਰਨ ਵਾਲੇ ਦੀ ਨੀਤ ਸ਼ੁੱਧ ਤੇ ਪਵਿੱਤਰ ਹੋਵੇ।”
ਇਹ ਵਾਕ ਸੁਣਨ ਦੀ ਦੇਰ ਸੀ, ਖੁਸ਼ੀ ਨਾਲ ਸਭ ਦੀਆਂ ਵਾਛਾਂ ਖਿੜ ਗਈਆਂ। ਸਭ ਨੇ ਸਾਂਝੀ ਨਜ਼ਰ ਨਾਲ ਮਾਰਗਰੇਟ ਵੱਲ ਤੱਕਿਆ। ਸਭ ਨੂੰ ਯਕੀਨ ਹੋ ਗਿਆ ਕਿ ਮਾਰਗਰੇਟ ਦੀ ਆਤਮਾ ਵਿਚ ਭਾਵੇਂ ਡੂੰਘੀ ਕਸ਼ਮਕਸ਼ ਅਜੇ ਤੱਕ ਜਾਰੀ ਹੈ, ਪਰ ਬ੍ਰਹਮਚਾਰਨੀ ਦੇ ਵਾਕਾਂ ਦਾ ਉਸ ‘ਤੇ ਅਸਰ ਜ਼ਰੂਰ ਹੋਇਆ ਹੈ।
ਕਾਊਂਟੈਸ ਬਰਾਬਰ ਬੋਲ ਰਹੀ ਸੀ ਜੋ ਉਹ ਬੋਲ ਸਕਦੀ ਸੀ। ਇਸ ਤੋਂ ਜਾਪਿਆ ਜਿਵੇਂ ਮਾਰਗਰੇਟ ਦੇ ਦਿਲ ਨੇ ਆਪਣੇ ਆਪ ਨਾਲ ਕੋਈ ਸਮਝੌਤਾ ਕਰ ਲਿਆ ਹੈ।
ਕਾਊਂਟੈਸ ਨੇ ਮਾਰਗਰੇਟ ਨੂੰ ਸੰਬੋਧਨ ਕੀਤਾ, “ਬੱਸ ਹੁਣ ਤਾਂ ਫੈਸਲਾ ਹੀ ਹੋ ਗਿਆ। ਪਰਮਾਤਮਾ ਕਿਉਂ ਨਾ ਉਸ ਸੁਭਾਗਵਤੀ ਦੇ ਤਿਆਗ ਨੂੰ ਕਬੂਲ ਕਰੇਗਾ ਜਿਸ ਦੇ ਸਦਕਾ ਉਸ ਦੇ ਕਈ ਦੇਸ਼ ਵਾਸੀਆਂ ਦਾ ਛੁਟਕਾਰਾ ਯਕੀਨੀ ਹੋਵੇਗਾ। ਕੋਈ ਕੰਮ ਕਿੰਨਾ ਹੀ ਭੈੜਾ ਹੈ, ਪਰ ਜੇ ਉਹੀ ਕੰਮ ਪਰਉਪਕਾਰ ਦੀ ਖਾਤਰ ਕੀਤਾ ਜਾਵੇ ਤਾਂ ...।”
ਵਿਚੋਂ ਹੀ ਬ੍ਰਹਮਚਾਰਨੀ ਬੋਲੀ, ਸ਼ਾਇਦ ਆਪਣੀ ਰਾਇ ਦੇ ਹੱਕ ਵਿਚ ਉਸ ਨੂੰ ਕੋਈ ਦਲੀਲ ਬੜੀ ਕਾਹਲੀ ਆਈ ਹੋਈ ਸੀ, “ਮਿੱਟੀ ਸਭ ਤੋਂ ਨੀਵੀਂ ਤੇ ਘਟੀਆ ਚੀਜ਼ ਹੈ, ਪਰ ਉਹੀ ਮਿੱਟੀ ਉਡ ਕੇ ਜਦ ਕਿਸੇ ਸੰਤ ਮਹਾਤਮਾ ਦੇ ਚਰਨਾਂ 'ਤੇ ਜਾ ਲਿਪਟਦੀ ਹੈ ਤਾਂ ਲੋਕੀ ਉਸ ਨੂੰ ਲੈ-ਲੈ ਕੇ ਮੱਥੇ 'ਤੇ ਲਾਉਂਦੇ ਨੇ।”
“ਬੇਸ਼ੱਕ, ਕਿਤਨੀ ਜ਼ਬਰਦਸਤ ਦਲੀਲ ਹੈ! ਦਿਲ ਨੂੰ ਠੰਢ ਪੈ ਗਈ ਹੈ ਸੁਣ ਕੇ।” ਇਕ ਵਾਰਗੀ ਕਈ ਜ਼ਬਾਨਾਂ ਬੋਲ ਉਠੀਆਂ।
ਸਾਰੀ ਗੱਲ ਬੜੀ ਸਾਵਧਾਨੀ ਤੇ ਚਲਾਕੀ ਨਾਲ ਹੋ ਰਹੀ ਸੀ ਪਰ ਮਾਰਗਰੇਟ ਦੇ ਦਿਲ 'ਤੇ ਜਿਵੇਂ ਕਿਸੇ ਦੀ ਕੋਈ ਗੱਲ ਪੋਂਹਦੀ ਹੀ ਨਹੀਂ ਸੀ। ਹਾਂ! ਉਸ ਬ੍ਰਹਮਚਾਰਨੀ ਦੇ ਮੂੰਹੋਂ ਨਿਕਲੀ ਕੋਈ ਵੀ ਗੱਲ, ਬਾਦਲੀਲ ਭਾਵੇਂ ਬੇਦਲੀਲ, ਉਹ ਪੂਰੀ ਸ਼ਰਧਾ ਨਾਲ ਸੁਣਦੀ ਸੀ।
ਗੱਲ ਦਾ ਰੁਖ ਬਦਲ ਗਿਆ, ਤੇ ਬ੍ਰਹਮਚਾਰਨੀ ਆਪਣੇ ਧਰਮ ਮੰਦਰ ਦੀ ਚਰਚਾ ਕਰਨ ਲੱਗੀ। ਉਹ ਆਪਣੀ ਇਕ ਗੁਆਂਢਣ ਸਿਸਟਰ ਨਾਈਸੈਫੋਰ ਦੀਆਂ ਗੱਲਾਂ ਸੁਣਾਉਣ ਲੱਗੀ। ਫਿਰ ਉਸ ਨੇ ਦੱਸਿਆ ਕਿ ਸਾਨੂੰ ਹਾਵਰੇ ਵਿਚ ਇਸ ਲਈ ਸੱਦਿਆ ਗਿਆ ਹੈ ਕਿ ਉਥੇ ਦੀ ਫੌਜ ਵਿਚ ਅੱਜ ਕੱਲ੍ਹ ਚੇਚਕ ਦਾ ਜ਼ੋਰ ਹੈ, ਤੇ ਬਹੁਤ ਸਾਰੇ ਫੌਜੀ ਹਸਪਤਾਲਾਂ ਵਿਚ ਪਏ ਨੇ ਜਿਨ੍ਹਾਂ ਦੇ ਨੇੜੇ ਡਾਕਟਰ ਵੀ ਨਹੀਂ ਫਟਕ ਸਕਦੇ।
ਫਿਰ ਉਸ ਨੇ ਰੋਗੀਆਂ ਦੀ ਤਰਸਯੋਗ ਹਾਲਤ ਦਾ ਨਕਸ਼ਾ ਖਿਚਿਆ। ਨਾਲ ਹੀ ਮਾਰਗਰੇਟ ਨੂੰ ਸਮਝਾਉਣ ਲੱਗੀ, “ਮਿਸ! ਤੁਸੀਂ ਹੀ ਦੱਸੋ, ਜਦਕਿ ਸਾਨੂੰ ਦੋਹਾਂ ਸੇਵਾਦਾਰਨੀਆਂ ਨੂੰ ਇੱਥੇ ਰਸਤੇ ਵਿਚ ਹੀ ਰੋਕ ਰੱਖਿਆ ਗਿਆ ਹੈ, ਤਾਂ ਉਧਰ ਵਿਚਾਰੇ ਚੇਚਕ ਦੇ ਮਰੀਜ਼ਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ? ਖਬਰੇ ਇਨ੍ਹਾਂ ਦੋ-ਤਿੰਨ ਦਿਨਾਂ ਦੀ ਦੇਰੀ ਦਾ ਕਿਤਨਾ ਭਿਆਨਕ ਸਿੱਟਾ ਨਿਕਲੇ! ਜੇ ਅਸੀਂ ਵੇਲੇ ਸਿਰ ਪਹੁੰਚ ਜਾਂਦੀਆਂ ਤਾਂ ਪ੍ਰਭੂ ਈਸਾ ਮਸੀਹ ਦੀ ਕ੍ਰਿਪਾ ਨਾਲ ਕਈ ਰੋਗੀਆਂ ਨੇ ਮੌਤ ਦੇ ਮੂੰਹ ਵਿਚੋਂ ਨਿਕਲ ਆਉਣਾ ਸੀ, ਪਰ ਹੁਣ ਉਹ ਵਿਚਾਰੇ ਦੁਆ-ਦਾਰੂ ਤੇ ਸੇਵਾ ਟਹਿਲ ਖੁਣੋਂ ਦਬਾਦਬ ਮੌਤ ਦਾ ਖਾਜਾ ਬਣ ਰਹੇ ਹੋਣਗੇ। ਜਾਣਦੀ ਹੈਂ ਬੇਟੀ, ਇਹ ਸਭ ਕੁਝ ਕਿਉਂ ਹੋਇਆ? ਇਕ ਜਰਮਨ ਅਫਸਰ ਦੀ ਜ਼ਿਦ ਪਿਛੇ! ਫਿਰ ਉਸ ਹਾਲਤ ਵਿਚ, ਜਦ ਪ੍ਰਭੂ ਈਸਾ ਮਸੀਹ ਦੀ ਕ੍ਰਿਪਾ ਨਾਲ ਮੈਨੂੰ ਚੇਚਕ ਦੀ ਬਿਮਾਰੀ ਬਾਰੇ ਬਹੁਤ ਵੱਡਾ ਤਜਰਬਾ ਹੈ। ਇਸ ਤੋਂ ਪਹਿਲਾਂ ਮੈਂ ਦਰਜਨਾਂ ਵਾਰੀ ਇਟਲੀ, ਆਸਟਰੀਆ ਤੇ ਦੁਨੀਆਂ ਦੇ ਹੋਰ ਹੋਰ ਹਿੱਸਿਆਂ ਵਿਚ ਜਾ-ਜਾ ਕੇ ਇਸ ਬਿਮਾਰੀ ਦੇ ਰੋਗੀਆਂ ਦਾ ਇਲਾਜ ਕਰ ਚੁੱਕੀ ਹਾਂ।”
ਬ੍ਰਹਮਚਾਰਨੀ ਨੇ ਇਹ ਵੀ ਪ੍ਰਗਟ ਕਰ ਦਿੱਤਾ ਕਿ ਉਹ ਉਨ੍ਹਾਂ ਪਵਿੱਤਰ ਆਤਮਾਵਾਂ ਵਿਚੋਂ ਹੈ ਜਿਨ੍ਹਾਂ ਨੂੰ ਰੱਬ ਨੇ ਫੌਜੀਆਂ ਦੇ ਨਾਲ-ਨਾਲ ਜਾਣ, ਤੇ ਲੜਾਈ ਵਿਚ ਫੱਟੜਾਂ ਨੂੰ ਚੁੱਕ ਕੇ ਉਨ੍ਹਾਂ ਦੀ ਮਲ੍ਹਮ-ਪੱਟੀ ਕਰਨ ਲਈ ਹੀ ਪੈਦਾ ਕੀਤਾ ਹੈ। ਅਸਲ ਵਿਚ ਉਹ ਸੀ ਵੀ ਰੋਹਬ-ਦਾਬ ਵਾਲੀ ਤੀਵੀਂ। ਉਸ ਦੇ ਮੂੰਹ 'ਤੇ ਦਾਗ ਸਨ। ਜਦ ਉਸ ਨੇ ਬੋਲਣਾ ਖ਼ਤਮ ਕੀਤਾ, ਤਾਂ ਕਿੰਨਾ ਹੀ ਚਿਰ ਚੁੱਪ-ਚਾਂ ਛਾਈ ਰਹੀ। ਸਾਰਿਆਂ ਨੇ ਵੇਖਿਆ ਕਿ ਮਾਰਗਰੇਟ ਦੇ ਦਿਲ ਉਤੇ ਇਸ ਬੁੱਢੀ ਨੇ ਚੰਗਾ ਅਸਰ ਪਾਇਆ ਹੈ। ਸਾਰੇ ਚਾਹੁੰਦੇ ਸਨ ਕਿ ਇਹ ਅਸਰ ਬਣਿਆ ਹੀ ਰਹੇ।
ਰੋਟੀ ਖ਼ਤਮ ਹੁੰਦਿਆਂ ਹੀ ਸਭ ਆਪੋ-ਆਪਣੇ ਕਮਰਿਆਂ ਵਿਚ ਚਲੇ ਗਏ। ਦੂਜੇ ਦਿਨ ਸਾਰੇ ਹੀ ਜ਼ਰਾ ਚਿਰਾਕੇ ਉਠੇ। ਸਵੇਰ ਦਾ ਨਾਸ਼ਤਾ ਬੜੀ ਸ਼ਾਂਤੀ ਨਾਲ ਹੋਇਆ। ਪਿਛਲੀ ਸ਼ਾਮ ਜਿਹੜੇ ਬੀ ਬੀਜੇ ਗਏ ਸਨ, ਉਨ੍ਹਾਂ ਦੇ ਪੁੰਗਰਨ ਦੀ ਉਡੀਕ ਕੀਤੀ ਜਾ ਰਹੀ ਸੀ।
ਦੁਪਹਿਰੇ ਕਾਊਂਟੈਸ ਨੇ ਸੈਰ ਕਰਨ ਦੀ ਖਾਹਿਸ਼ ਪ੍ਰਗਟ ਕੀਤੀ। ਕੀਤੀ ਹੋਈ ਸਾਜ਼ਿਸ਼ ਅਨੁਸਾਰ ਅੱਜ ਸੈਰ ਵੇਲੇ ਕਾਊਂਟ ਨੇ ਮਾਰਗਰੇਟ ਦਾ ਹੱਥ ਫੜ ਲਿਆ, ਤੇ ਉਸ ਨੂੰ ਨਾਲ ਲਈ ਉਹ ਦੋਵੇਂ ਬਾਕੀ ਸਾਥੀਆਂ ਤੋਂ ਕੁਝ ਪਿਛੇ-ਪਿਛੇ ਟੁਰਨ ਲੱਗੇ। ਉਹ ਰਸਤੇ ਵਿਚ ਮਾਰਗਰੇਟ ਨਾਲ ਕੁਝ ਬਜ਼ੁਰਗਾਨਾ ਤੇ ਬੜੀ ਪਿਆਰ ਭਰੀ ਬੋਲੀ ਵਿਚ ਗੱਲਾਂ ਕਰਨ ਲੱਗਾ। ਉਹ ਘੜੀ-ਮੁੜੀ ਉਸ ਨੂੰ 'ਮੇਰੀ ਪਿਆਰੀ ਬੱਚੀ’ ਕਹਿ ਕੇ ਸੰਬੋਧਨ ਕਰਦਾ, “ਤਾਂ ਕੀ ਤੇਰੀ ਇਹੋ ਸਲਾਹ ਹੈ ਕਿ ਅਸੀਂ ਸਾਰੇ ਇੱਥੇ ਪਰਦੇਸ ਵਿਚ ਜਰਮਨਾਂ ਦੇ ਕੈਦੀ ਬਣੇ ਰਹੀਏ?”
ਮਾਰਗਰੇਟ ਨੇ ਕੋਈ ਉਤਰ ਨਾ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਕਾਊਂਟ ਨੇ ਉਸ ‘ਤੇ ਦਇਆ, ਦਲੀਲ ਤੇ ਜਜ਼ਬਿਆਂ ਦੇ ਕਈ ਹਥਿਆਰ ਵਰਤੇ। ਕਦੀ ਤਾਂ ਉਹ ਨੇੜਲੇ ਸਬੰਧੀਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ, ਕਦੀ ਵੱਡੇ ਲੋਕਾਂ ਵਾਂਗ ਰੋਹਬ ਛਾਂਟਣ ਲੱਗਦਾ, ਤੇ ਕਦੀ ਪਾਦਰੀਆਂ ਵਾਂਗ ਉਪਦੇਸ਼ ਦਿੰਦਾ। ਉਹ ਉਸ ਨੂੰ ਸਮਝਾ ਰਿਹਾ ਸੀ ਕਿ ਉਹ ਕਿਤਨਾ ਵੱਡਾ ਉਪਕਾਰ ਕਰੇਗੀ, ਜੇ ਜ਼ਰਾ ਕੁ ਅਫਸਰ ਨੂੰ ਪ੍ਰਸੰਨ ਕਰ ਕੇ ਸਾਰਿਆਂ ਨੂੰ ਇਸ ਮੁਸੀਬਤ ਤੋਂ ਛੁਡਾ ਦੇਵੇਗੀ। ਤੇ ਮਾਰਗਰੇਟ ਨੂੰ ਫਿਰ ਵੀ ਟੱਸ ਤੋਂ ਮੱਸ ਨਾ ਹੁੰਦੀ ਵੇਖ ਕੇ ਕਹਿਣ ਲੱਗਾ, “ਮੇਰੀ ਪਿਆਰੀ ਬੱਚੀ! ਜੇ ਤੂੰ ਇਹ ਛੋਟੀ ਜਿਹੀ ਗੱਲ ਮੰਨ ਜਾਵੇਂਗੀ, ਤਾਂ ਸਾਡੇ ਤੋਂ ਛੁੱਟ ਆਪਣੇ-ਆਪ ਉਤੇ ਵੀ ਅਹਿਸਾਨ ਕਰੇਂਗੀ, ਤੇ ਉਸ ਅਫਸਰ ਉਤੇ ਵੀ ਜਿਹੜਾ ਪਹਿਲੀ ਨਜ਼ਰੇ ਹੀ ਤੇਰੀ ਸੋਹਣੀ ਸੂਰਤ ਵੇਖ ਕੇ ਫੜਕ ਉਠਿਆ ਹੈ। ਕੀ ਤੇਰੇ ਲਈ ਇਹ ਫਖਰ ਵਾਲੀ ਗੱਲ ਨਹੀਂ ਹੋਵੇਗੀ ਕਿ ਕੋਈ ਘੁਮੰਡੀ ਅਫਸਰ ਵੀ ਤੇਰੇ ਮਗਰ ਤਰਲੇ ਕਰਦਾ ਫਿਰਦਾ ਹੈ? ਤੇ ਇਸ ਵਿਚ ਸਮਝੋ, ਤਾਂ ਉਸ ਵਿਚਾਰੇ ਦਾ ਵੀ ਕੀ ਕਸੂਰ ਹੈ, ਜਦ ਤੇਰੇ ਵਰਗੀ ਸੁੰਦਰੀ ਉਸ ਨੇ ਆਪਣੇ ਸਾਰੇ ਮੁਲਕ ਵਿਚ ਨਹੀਂ ਵੇਖੀ ਹੋਣੀ।
ਮਾਰਗਰੇਟ ਨੇ ਫਿਰ ਕੋਈ ਉਤਰ ਨਾ ਦਿੱਤਾ। ਉਹ ਕਦਮ ਤੇਜ਼ ਕਰ ਗਈ, ਤੇ ਆਖਰ ਅਗਲੇ ਸਾਥੀਆਂ ਦੀ ਕਤਾਰ ਵਿਚ ਜਾ ਮਿਲੀ।
ਸੈਰ ਤੋਂ ਵਾਪਸ ਆ ਕੇ ਮਾਰਗਰੇਟ ਬਿਨਾਂ ਕਿਸੇ ਨਾਲ ਬੋਲਿਆਂ ਸਿੱਧੀ ਆਪਣੇ ਕਮਰੇ ਵਿਚ ਚਲੀ ਗਈ। ਮੁੜ ਕੇ ਉਹ ਦਿਖਾਈ ਨਾ ਦਿੱਤੀ। ਸਾਰੇ ਹੀ ਫ਼ਿਕਰਮੰਦ ਹੋ ਉਠੇ ਕਿ ਉਹ ਕਿਥੇ ਚਲੀ ਗਈ ਹੈ। ਉਹ ਤਾਂ ਅਜੇ ਉਸ ਨੂੰ ਸ਼ਾਇਦ ਹੋਰ ਕੁਝ ਲੈਕਚਰ ਦੇਣੇ ਚਾਹੁੰਦੇ ਸਨ, ਕਿਉਂਕਿ ਉਹ ਜਾਣਦੇ ਸਨ ਕਿ ਜੇ ਮਾਰਗਰੇਟ ਨਾ ਮੰਨੀ ਤਾਂ ਉਨ੍ਹਾਂ ਸਾਰੀਆਂ ਦੀ ਕੀ ਹਾਲਤ ਹੋਵੇਗੀ।
ਰਾਤ ਦੀ ਰੋਟੀ ਵੇਲੇ ਵੀ ਮਾਰਗਰੇਟ ਨਜ਼ਰੀਂ ਨਾ ਆਈ। ਸਾਰੇ ਫਿਕਰ ਤੇ ਬੇਸਬਰੀ ਨਾਲ ਉਸ ਨੂੰ ਉਡੀਕ ਰਹੇ ਸਨ। ਅੰਤ ਫਲੇਮਬੀ ਨੇ ਆ ਕੇ ਦੱਸਿਆ ਕਿ ਕੁਮਾਰੀ ਮਾਰਗਰੇਟ ਦੀ ਤਬੀਅਤ ਕੁਝ ਖਰਾਬ ਹੈ, ਇਸ ਲਈ ਉਹ ਉਸ ਦੀ ਉਡੀਕ ਨਾ ਕਰਨ।
ਸਾਰੇ ਰੋਟੀ ਖਾਣ ਲੱਗੇ। ਕਾਊਂਟ ਨੇ ਪਰ੍ਹਾਂ ਜਾ ਕੇ ਫਲੇਮਬੀ ਨੂੰ ਪੁਛਿਆ, “ਕਿਉਂ, ਸਭ ਠੀਕ ਹੈ ਨਾ?”
ਕਾਊਂਟ ਫਿਰ ਮੇਜ਼ ਅੱਗੇ ਆ ਬੈਠਾ, ਪਰ ਸ਼੍ਰਿਸ਼ਟਾਚਾਰ ਦੇ ਖਿਆਲ ਨਾਲ ਉਸ ਨੇ ਅਸਲ ਗੱਲ ਦਾ ਕਿਸੇ ਅੱਗੇ ਭੋਗ ਨਾ ਪਾਇਆ; ਕੇਵਲ ਕਾਮਯਾਬੀ ਭਰੀ ਮੁਸਕਣੀ ਨਾਲ ਸਭਨਾਂ ਵੱਲ ਤੱਕਿਆ। ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਸਭ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।
ਲੋਸ਼ੀਓ ਨੇ ਜ਼ੋਰ ਨਾਲ ਕਿਹਾ, “ਰੱਬ ਦੀ ਸਹੁੰ, ਅੱਜ ਜੇ ਕਿਤੇ ਸ਼ੈਂਮਪੇਨ ਦੀਆਂ ਦੋ-ਚਾਰ ਬੋਤਲਾਂ ਮਿਲ ਜਾਂਦੀਆਂ, ਤਾਂ ਮੈਂ ਇਸ ਖੁਸ਼ੀ ਵਿਚ ਸਭਨਾਂ ਦੀ ਦਾਅਵਤ ਕਰਦਾ।”
ਤੇ ਸ੍ਰੀਮਤੀ ਲੋਸ਼ੀਓ ਨੂੰ ਇਹ ਵੇਖ ਕੇ ਬੜਾ ਅਫ਼ਸੋਸ ਹੋਇਆ ਕਿ ਥੋੜ੍ਹੀ ਦੇਰ ਬਾਅਦ ਹੋਟਲ ਦਾ ਮਾਲਕ ਸ਼ੈਂਮਪੇਨ ਦੀਆਂ ਚਾਰ ਬੋਤਲਾਂ ਕੱਛੇ ਮਾਰੀ ਖੰਘਦਾ ਹੋਇਆ ਆ ਪਹੁੰਚਾ।
ਸਾਰੇ ਅੱਜ ਬੜੀ ਤੇਜ਼ੀ ਨਾਲ ਖਾਣ ਤੇ ਪੀਣ ਵਿਚ ਮਸਤ ਸਨ। ਗੱਲਾਂ ਦੀ ਲੜੀ ਵੀ ਬੜੀ ਸੁਆਦਲੀ ਅਤੇ ਚੜ੍ਹਦੀਆਂ ਕਲਾਂ ‘ਤੇ ਹੁੰਦੀ ਜਾ ਰਹੀ ਸੀ। ਕਾਊਂਟ ਨੂੰ ਅੱਜ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਸ੍ਰੀਮਤੀ ਕੈਰੇ ਕਿੰਨੀ ਖੂਬਸੂਰਤ ਹੈ। ਸ੍ਰੀਮਾਨ ਕੈਰੇ ਹੁਰਾਂ ਕਾਊਂਟੈਸ ਦੀਆਂ ਵਡਿਆਈਆਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਸਭ ਦੀਆਂ ਗੱਲਾਂ ਵਿਚ ਉਮੰਗ ਤੇ ਮਖੌਲ ਝਲਕਦੇ ਸਨ। ਬਹੁਤ ਸਾਰੇ ਮਖੌਲ ਭਾਵੇਂ ਬੜੇ ਹੋਛੇ ਤੇ ਵਾਹਯਾਤ ਸਨ, ਫਿਰ ਵੀ ਸਾਰੇ ਖੁਸ਼ ਸਨ, ਕਿਸੇ ਨੂੰ ਵੀ ਚਿੜ ਨਹੀਂ ਹੋਈ। ਅਖੀਰ ਸਾਰਾ ਵਾਯੂਮੰਡਲ ਮਾਦਕਤਾ ਨਾਲ ਭਰ ਗਿਆ। ਸਭ ਦੀਆਂ ਮਾਨਸਿਕ ਰੁਚੀਆਂ ਗੰਦੇ ਵਿਚਾਰਾਂ ਨਾਲ ਲਿਬੜ ਗਈਆਂ।
ਰੋਟੀ ਤੋਂ ਬਾਅਦ ਫਲ ਖਾਣ ਵੇਲੇ ਤੀਵੀਆਂ ਵੀ ਇਸ਼ਾਰਿਆਂ ਨਾਲ ਗੰਦੇ ਮਖੌਲਾਂ ‘ਤੇ ਉਤਰ ਆਈਆਂ। ਸਾਰਿਆਂ ਨੇ ਲੋੜ ਤੋਂ ਵਧੀਕ ਪੀ ਲਈ ਸੀ। ਲੋਸ਼ੀਓ ਸਭ ਤੋਂ ਬਹੁਤ ਖੁਸ਼ ਮਲੂਮ ਹੁੰਦਾ ਸੀ। ਉਸ ਸ਼ੈਂਮਪੇਨ ਦਾ ਗਲਾਸ ਹੱਥ ਵਿਚ ਲੈ ਕੇ ਉਠ ਖੜੋਤਾ, ਤੇ ਕਹਿਣ ਲੱਗਾ, “ਮੈਂ ਸਾਰੇ ਸਾਥੀਆਂ ਦੀ ਬੰਦਖਲਾਸੀ ਦੀ ਖੁਸ਼ੀ ਵਿਚ ਇਹ ਗਲਾਸ ਪੀਂਦਾ ਹਾਂ।”
ਸਭ ਦੇ ਸਭ ਉਠ ਖਲੋਤੇ, ਤੇ ਸਾਰਿਆਂ ਨੇ ਉਸ ਦੇ ਵਾਕਾਂ ਨੂੰ ਦੁਹਰਾਉਂਦਿਆਂ; ਨਾਲ ਹੀ ‘ਮਿਸ ਮਾਰਗਰੇਟ ਜ਼ਿੰਦਾਬਾਦ’ ਦੇ ਨਾਹਰੇ ਵੀ ਲਾਏ।
ਦੋਹਾਂ ਬ੍ਰਹਮਚਾਰਨੀਆਂ ਜਿਨ੍ਹਾਂ ਦੀ ਕ੍ਰਿਪਾ ਨਾਲ ਸਭਨਾਂ ਦੀ ਮੁਰਾਦ ਪੂਰੀ ਹੋਈ ਸੀ, ਨੇ ਵੀ ਤੀਵੀਆਂ ਦੇ ਮਿੰਨਤਾਂ-ਤਰਲਿਆਂ ‘ਤੇ ਤਰਸ ਖਾ ਕੇ ਸ਼ੈਂਮਪੇਨ ਦੀ ਝੱਗ ਨਾਲ ਹੋਂਠ ਛੁਹਾਏ। ਬ੍ਰਹਮਚਾਰਨੀਆਂ ਨੇ ਭਾਵੇਂ ਸਹੁੰਆਂ ਖਾ-ਖਾ ਕੇ ਕਿਹਾ ਕਿ ਸਾਰੀ ਉਮਰ ਉਨ੍ਹਾਂ ਨੇ ਸ਼ਰਾਬ ਦੀ ਸ਼ਕਲ ਨਹੀਂ ਵੇਖੀ!
ਲੋਸ਼ੀਓ ਨੇ ਕਿਹਾ, “ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਵੇਲੇ ਸਾਡੇ ਕੋਲ ਪਿਆਨੋ ਨਹੀਂ। ਕਾਸ਼! ਜੇ ਕਿਤੇ ਹੁੰਦਾ ਤਾਂ ਅੱਜ ਸਾਡੀਆਂ ਖੁਸ਼ੀਆਂ ਦਾ ਹੱਦ ਬੰਨਾ ਨਾ ਰਹਿੰਦਾ।”
ਕਾਰਨੂਟੇਡ ਹੁਣ ਤੀਕ ਨਾ ਤਾਂ ਬੋਲਿਆ, ਤੇ ਨਾ ਹੀ ਆਪਣੇ ਥਾਂ ਤੋਂ ਹਿੱਲਿਆ-ਜੁੱਲਿਆ। ਜਾਪਦਾ ਸੀ ਉਹ ਜਿਵੇਂ ਡੂੰਘੀ ਚਿੰਤਾ ਵਿਚ ਲੀਨ ਹੈ। ਕਦੀ-ਕਦੀ ਉਹ ਆਪਣੀ ਦਾੜ੍ਹੀ ਨੂੰ ਫੜ ਕੇ ਇਸ ਤਰ੍ਹਾਂ ਖਿੱਚਦਾ ਜਿਵੇਂ ਹੋਰ ਲੰਮੀ ਕਰਨਾ ਚਾਹੁੰਦਾ ਹੈ। ਅੰਤ ਅੱਧੀ ਰਾਤੀਂ ਜਦ ਇਹ ਮਜਲਸ ਖ਼ਤਮ ਹੋਈ ਤਾਂ ਲੋਸ਼ੀਓ ਜਿਹੜਾ ਚੰਗੀ ਤਰ੍ਹਾਂ ਟੁਰ ਵੀ ਨਹੀਂ ਸੀ ਸਕਦਾ, ਕਾਰਨੂਟੇਡ ਦੀ ਪਿੱਠ ਉਤੇ ਧੱਫਾ ਮਾਰ ਕੇ ਗੁੱਰਾਇਆ, “ਕੀ ਗੱਲ ਹੈ ਦਾੜ੍ਹੀ ਮੇਜਰ ਸਾਹਿਬ! ਅੱਜ ਬੜੇ ਉਦਾਸ ਉਦਾਸ ਜਾਪਦੇ ਹੋ?”
ਕਾਰਨੂਟੇਡ ਨੇ ਪਿਛਾਂਹ ਮੁੜ ਕੇ ਇਸ ਮੰਡਲੀ ਨੂੰ ਨਫ਼ਰਤ ਨਾਲ ਵੇਖਦਿਆਂ ਜਵਾਬ ਦਿੱਤਾ, “ਮੈਂ ਇਸ ਕਰ ਕੇ ਉਦਾਸ ਹਾਂ ਕਿ ਅੱਜ ਮੈਂ ਆਦਮੀਆਂ ਨੂੰ ਸ਼ੈਤਾਨ ਦੇ ਰੂਪ ਵਿਚ ਵੇਖ ਰਿਹਾ ਹਾਂ।” ਤੇ ਉਹ ਛੇਤੀ ਨਾਲ ਇਨ੍ਹਾਂ ਵਿਚੋਂ ਨਿਖੜ ਕੇ ਆਪਣੇ ਕਮਰੇ ਵਿਚ ਚਲਾ ਗਿਆ। ਸਾਰੇ ਠੱਠਾ ਮਾਰ ਕੇ ਹੱਸ ਪਏ। ਇਕ ਪਲ ਲਈ ਲੋਸ਼ੀਓ ਉਤੇ ਵੀ ਗੰਭੀਰਤਾ ਛਾ ਗਈ, ਪਰ ਛੇਤੀ ਹੀ ਉਸ ਨੇ ਆਪਣੇ-ਆਪ ਨੂੰ ਸੰਭਾਲਿਆ, ਤੇ ਜ਼ੋਰ ਦੀ ਹੱਸਦਾ ਬੋਲਿਆ, “ਸੱਚਮੁੱਚ ਇਹ ਲੰਮ-ਦਾੜ੍ਹੀਆ ਬੜਾ ਪਖੰਡੀ ਹੈ।”
ਕੈਰੇ ਪੁੱਛਣ ਲੱਗਾ, “ਕਿਉਂ ਕੀ ਗੱਲ ਸੀ?”
ਉਤਰ ਵਿਚ ਲੋਸ਼ੀਓ ਨੇ ਉਸ ਪਹਿਲੀ ਰਾਤ ਬਰਾਂਡੇ ਵਿਚ ਟਹਿਲਦਿਆਂ ਉਸ ਨੇ ਜੋ ਕੁਝ ਵੇਖਿਆ ਸੀ, ਸਭ ਕਹਿ ਸੁਣਾਇਆ। ਸੁਣ ਕੇ ਤੀਵੀਆਂ ਤਾਂ ਇਤਨੀਆਂ ਖੁਸ਼ ਹੋਈਆਂ ਕਿ ਆਪਣੇ-ਆਪ ਨੂੰ ਸੰਭਾਲ ਨਾ ਸਕੀਆਂ। ਕਾਊਂਟ ਤੇ ਕੈਰੇ ਹੱਸਦੇ-ਹੱਸਦੇ ਲੋਟ-ਪੋਟ ਹੋ ਗਏ। ਕੈਰੇ ਪੁੱਛਣ ਲੱਗਾ, “ਸੱਚੀਂ? ਉਹ ਤਾਂ ਚਾਹੁੰਦਾ ਸੀ ਕਿ ... ।”
“ਮੈਂ ਜੋ ਕਹਿ ਰਿਹਾ ਹਾਂ, ਸਭ ਆਪਣੀ ਅੱਖੀਂ ਡਿੱਠਾ ਹੈ।”
“... ਤੇ ਫ਼ਿਰ ਉਸ ਨੇ ਇਨਕਾਰ ਕਰ ਦਿੱਤਾ?”
“ਹਾਂ... ਕਿਉਂਕਿ ਕੋਈ ਜਰਮਨ, ਨਾਲ ਦੇ ਕਮਰੇ ਵਿਚ ਮੌਜੂਦ ਸੀ।”
“ਮੈਂ ਕਹਿੰਦਾਂ, ਤੁਹਾਨੂੰ ਧੋਖਾ ਹੋਇਆ ਹੈ ਲੋਸ਼ੀਓ।”
“ਮੈਂ ਕਸਮ ਖਾ ਕੇ ਕਹਿੰਦਾਂ ਮੋਸ਼ੀਓ ਕੈਰੇ।”
ਹੱਸਦਿਆਂ-ਹੱਸਦਿਆਂ ਕਾਊਂਟ ਦੀ ਵੱਖੀ ਵਿਚ ਕੁੜੱਲ ਪੈ ਗਿਆ। ਲੋਸ਼ੀਓ ਫ਼ਿਰ ਕਹਿਣ ਲੱਗਾ, “ਇਹੋ ਤੇ ਵਜਾ ਹੈ ਕਿ ਉਹ ਦਾੜ੍ਹੀ ਮੇਜਰ ਅੱਜ ਰੋਟੀ ਦੀ ਮੇਜ਼ ਅੱਗੇ ਇਸ ਤਰ੍ਹਾਂ ਬੈਠਾ ਰਿਹਾ, ਜੀਕਣ ਮੁਹਾਣਾ ਬੇੜੀ ਰੋੜ੍ਹ ਕੇ ਬਹਿੰਦਾ ਹੈ।”
ਤਿੰਨੇ ਫਿਰ ਹੱਸਣ ਲੱਗ ਪਏ।
ਥੋੜ੍ਹੀ ਦੇਰ ਬਾਅਦ ਇਹ ਮੰਡਲੀ ਖਿੰਡ-ਪੁੰਡ ਗਈ, ਪਰ ਸ੍ਰੀਮਤੀ ਲੋਸ਼ੀਓ ਜਿਸ ਵਿਚ ਈਰਖਾ ਦਾ ਅੰਸ਼ ਕੁਝ ਵਧੇਰੇ ਸੀ, ਪਤੀ ਨੂੰ ਕਹਿਣ ਲੱਗੀ, “ਇਹ ਮਿਸਿਜ਼ ਕੈਰੇ ਤਾਂ ਬੜੀ ਬਦਤਮੀਜ਼ ਹੈ।”
ਪਤੀ ਬੋਲਿਆ, “ਗੱਲ ਇਹ ਹੈ ਕਿ ਤੀਵੀਆਂ ਜਦੋਂ ਵਰਦੀ ਪਿੱਛੇ ਦੌੜਦੀਆਂ ਨੇ, ਤਾਂ ਇਹ ਉਕਾ ਨਹੀਂ ਸੋਚਦੀਆਂ ਕਿ ਪਹਿਨਣ ਵਾਲਾ ਫ਼ਰਾਂਸੀਸੀ ਹੈ ਕਿ ਜਰਮਨ! ਵਾਕਿਆ ਈ ਉਹ ਬੜੀ ਚੁਲਬੁਲੀ ਹੈ, ਰਾਹ ਜਾਂਦੇ ਪੰਛੀ ਫ਼ਸਾਣ ਵਾਲੀ।”

ਦੂਜੇ ਦਿਨ ਸਵੇਰੇ ਅਕਾਸ਼ ਸਾਫ਼ ਸੀ। ਸੂਰਜ ਦੀਆਂ ਕਿਰਨਾਂ ਨਾਲ ਜੰਮੀ ਹੋਈ ਬਰਫ਼ ਚਮਕ ਰਹੀ ਸੀ। ਅਖੀਰ ਇਨ੍ਹਾਂ ਮੁਸਾਫ਼ਰਾਂ ਦੀ ਘੋੜਾ ਗੱਡੀ ਤਿਆਰ ਹੋ ਕੇ ਹੋਟਲ ਦੇ ਬੂਹੇ ਅੱਗੇ ਆ ਖੜੋਤੀ। ਗੱਡੀਵਾਨ ਪੋਸਤੀਨ ਦਾ ਕੋਟ ਪਹਿਨੀ ਗੱਡੀ ‘ਤੇ ਬੈਠਾ ਪਾਈਪ ਪੀ ਰਿਹਾ ਸੀ। ਸਾਰੇ ਮੁਸਾਫ਼ਰ ਯਾਤਰਾ ਦਾ ਪ੍ਰਬੰਧ ਹੋ ਜਾਣ ਦੀ ਖੁਸ਼ੀ ਵਿਚ ਫੁੱਲੇ ਨਹੀਂ ਸਨ ਸਮਾ ਰਹੇ; ਤੇ ਜਲਦੀ-ਜਲਦੀ ਆਪੋ-ਆਪਣਾ ਸਾਮਾਨ ਗੱਡੀ ਵਿਚ ਲੱਦ ਰਹੇ ਸਨ। ਉਸ ਦਿਨ ਦੀ ਤਕਲੀਫ਼ ਸਭ ਨੂੰ ਯਾਦ ਸੀ ਜਿਸ ਦੇ ਡਰੋਂ ਅੱਜ ਸਭ ਨੇ ਲੋੜ ਨਾਲੋਂ ਕਿਤੇ ਵਧੀਕ ਖਾਣ-ਪੀਣ ਦਾ ਸਾਮਾਨ ਗੱਡੀ ਵਿਚ ਰੱਖ ਲਿਆ ਸੀ।
ਸਭ ਮੁਸਾਫ਼ਰ ਤਿਆਰ ਖੜ੍ਹੇ ਸਨ, ਕੇਵਲ ਇਕ ਸਵਾਰੀ ਅਜੇ ਤੱਕ ਨਹੀਂ ਸੀ ਪਹੁੰਚੀ, ਉਹ ਸੀ ਮਾਰਗਰੇਟ। ਤੇ ਜਦ ਸਾਰਿਆਂ ਨੇ ਦੂਰੋਂ ਉਸ ਨੂੰ ਆਉਂਦੀ ਨੂੰ ਤੱਕਿਆ, ਤਾਂ ਸਭਨਾਂ ਦੇ ਚਿਹਰਿਆਂ ਉਤੇ ਸ਼ਰਮ ਤੇ ਘਬਰਾਹਟ ਦੇ ਚਿੰਨ੍ਹ ਦਿਖਾਈ ਦੇਣ ਲੱਗੇ। ਉਹ ਸੰਗਦੀ-ਸੰਗਦੀ, ਸੁਸਤ ਕਦਮੀਂ ਤੁਰਦੀ ਗੱਡੀ ਵੱਲ ਆ ਰਹੀ ਸੀ। ਤੇ ਜਿਉਂ ਹੀ ਉਹ ਗੱਡੀ ਕੋਲ ਅੱਪੜੀ, ਸਭ ਨੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕਰ ਲਏ; ਜਿਵੇਂ ਉਨ੍ਹਾਂ ਵਿਚੋਂ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਹੀਂ।
ਮਾਰਗਰੇਟ ਹੈਰਾਨੀ ਨਾਲ ਘਾਬਰੀ ਹੋਈ ਗੁੰਮ-ਸੁੰਮ, ਝਟ ਕੁ ਉਨ੍ਹਾਂ ਦੇ ਲਾਗੇ ਖੜੋਤੀ ਰਹੀ। ਫ਼ਿਰ ਬੜੀ ਹਿੰਮਤ ਕਰ ਕੇ ਸ੍ਰੀਮਤੀ ਕੈਰੇ ਦੇ ਨੇੜੇ ਜਾ ਕੇ ਉਸ ਨੂੰ ਸ਼ੁਭ ਪ੍ਰਭਾਤ ਕਹੀ। ਇਸ ਦੇ ਉਤਰ ਵਿਚ ਉਸ ਨੇ ਐਵੇਂ ਨਾਮ-ਮਾਤਰ ਸਿਰ ਹਿਲਾਇਆ, ਤੇ ਫਿਰ ਜਾਣ-ਬੁਝ ਕੇ ਪਰ੍ਹੇ ਚਲੀ ਗਈ। ਹਰ ਇਕ ਮੁਸਾਫ਼ਰ ਮਾਰਗਰੇਟ ਪਾਸੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ; ਮਾਨੋ ਉਸ ਨੂੰ ਛੂਤ ਦੀ ਕੋਈ ਬਿਮਾਰੀ ਹੋ ਗਈ ਹੋਵੇ।
ਉਪਰੋਥਲੀ ਸਭ ਨੇ ਗੱਡੀ ਵਿਚ ਚੜ੍ਹਨਾ ਸ਼ੁਰੂ ਕੀਤਾ, ਤੇ ਉਹ ਅਪਵਿੱਤਰ ਵੇਸਵਾ ਸਭ ਤੋਂ ਅਖੀਰ ‘ਤੇ ਚੜ੍ਹੀ। ਉਸ ਨੇ ਚੁੱਪ-ਚਾਪ ਆਪਣੀ ਉਹੀ ਥਾਂ ਮੱਲ ਲਈ ਜਿਥੇ ਓਦਣ ਬੈਠੀ ਆਈ ਸੀ।
ਬਾਕੀ ਸਵਾਰ ਨਾ ਤਾਂ ਉਸ ਵੱਲ ਤੱਕ ਰਹੇ ਸਨ, ਨਾ ਹੀ ਉਸ ਦੇ ਜਾਣੂ-ਪਛਾਣੂ ਮਲੂਮ ਹੁੰਦੇ ਸਨ। ਕੇਵਲ ਸ੍ਰੀਮਤੀ ਲੋਸ਼ੀਓ ਕਿਸੇ-ਕਿਸੇ ਵੇਲੇ ਨਫਰਤ ਭਰੀ ਨਜ਼ਰ ਉਸ ਵੱਲ ਸੁੱਟ ਛੱਡਦੀ ਸੀ। ਉਸ ਨੇ ਆਪਣੇ ਪਤੀ ਨੂੰ ਕਿਹਾ, “ਪਰਮਾਤਮਾ ਦਾ ਸ਼ੁਕਰ ਹੈ ਕਿ ਮੈਨੂੰ ਇਸ ਦੁਰਾਚਾਰਨ ਦੇ ਨਾਲ ਨਹੀਂ ਬੈਠਣਾ ਪਿਆ।”
ਗੱਡੀ ਹੋਟਲ ਦੇ ਅਹਾਤੇ ਵਿਚੋਂ ਨਿਕਲ ਕੇ ਸੜਕ ‘ਤੇ ਆ ਪਹੁੰਚੀ। ਯਾਤਰਾ ਨਵੇਂ ਸਿਰੇ ਸ਼ੁਰੂ ਹੋ ਗਈ। ਕੁਝ ਚਿਰ ਤੱਕ ਸਾਰੇ ਚੁੱਪ-ਚਾਪ ਬੈਠੇ ਰਹੇ। ਮਾਰਗਰੇਟ ਨੇ ਨੀਵੀਂ ਪਾਈ ਹੋਈ ਸੀ। ਉਤਾਂਹ ਤੱਕਣ ਦੀ ਜਿਵੇਂ ਉਸ ਵਿਚ ਹਿੰਮਤ ਹੀ ਬਾਕੀ ਨਹੀਂ ਸੀ, ਤੇ ਨਾਲੋ-ਨਾਲ ਉਸ ਨੂੰ ਆਪਣੇ ਸਾਥੀਆਂ ਉਤੇ ਗੁੱਸਾ ਵੀ ਆ ਰਿਹਾ ਸੀ। ਜਰਮਨ ਅਫ਼ਸਰ ਪਾਸ ਜਾਣ ਦਾ ਉਸ ਨੂੰ ਬੜਾ ਦੁੱਖ ਤੇ ਪਛਤਾਵਾ ਸੀ, ਕਿਉਂਕਿ ਉਸ ਨੂੰ ਹੁਣ ਸਮਝ ਵਿਚ ਆਇਆ ਕਿ ਜਿਸ ਕਪਟ-ਜਾਲ ਵਿਚ ਫਸਾ ਕੇ ਉਸ ਨੂੰ ਭੇਜਿਆ ਗਿਆ ਸੀ, ਇਹ ਸਭ ਇਨ੍ਹਾਂ ਖੁਦਗਰਜ਼ ਤੇ ਨੀਚ ਲੋਕਾਂ ਦੇ, ਆਪਣੇ-ਆਪ ਨੂੰ ਸਿਕੰਜ਼ੇ ਵਿਚੋਂ ਕੱਢਣ ਦੇ ਹੀ ਮਨਸੂਬੇ ਸਨ!
ਹੌਲੀ-ਹੌਲੀ ਗੱਲਾਂ ਸ਼ੁਰੂ ਹੋਈਆਂ। ਕਾਊਂਟੈਂਸ ਨੇ ਸ੍ਰੀਮਤੀ ਕੈਰੇ ਨੂੰ ਪੁੱਛਿਆ, “ਤੁਸੀਂ ਸ੍ਰੀਮਤੀ ‘ਡੀ ਐਟੇਲਸ’ ਨੂੰ ਜਾਣਦੇ ਹੋ?”
“ਜੀ ਹਾਂ, ਉਹ ਮੇਰੀ ਸਹੇਲੀ ਹੈ।”
“ਓਹ! ਕਿਤਨੀ ਖੂਬਸੂਰਤ ਹੈ।”
“ਤੇ ਨਾਲ ਖੁਸ਼-ਮਿਜ਼ਾਜ ਵੀ। ਬੜੀ ਸਿਆਣੀ ਤੀਵੀਂ ਹੈ, ਤੇ ਗਾਉਂਦੀ ਇਤਨਾ ਕਮਾਲ ਦਾ ਹੈ ਕਿ ਪੁੱਛੋ ਈ ਕੁਝ ਨਾ।”
ਕੈਰੇ ਕਾਊਂਟ ਨਾਲ ਗੱਲਾਂ ਕਰ ਰਿਹਾ ਸੀ ਜਿਨ੍ਹਾਂ ਦੀ ਸਮਝ ਹੋਰ ਯਾਤਰੂਆਂ ਨੂੰ ਘੱਟ-ਵੱਧ ਹੀ ਆਉਂਦੀ ਸੀ। ਕੋਈ-ਕੋਈ ਭੱਜਾ-ਟੁੱਟਾ ਸ਼ਬਦ, ‘ਹਿੱਸੇ æææ ਮਿਆਦæææ ਬੀਮੇ ਲਈ ਰੁਪਿਆ’ ਆਦਿ ਸੁਣਾਈ ਦਿੰਦਾ ਸੀ।
ਲੋਸ਼ੀਓ ਹੋਟਲ ਵਿਚੋਂ ਪੁਰਾਣੀ ਤਾਸ਼ ਚੁੱਕ ਲਿਆਇਆ ਸੀ। ਇਸ ਉਤੇ ਕਈ ਸਾਲਾਂ ਦੀ ਮੈਲ ਜੰਮੀ ਹੋਈ ਸੀ ਤੇ ਇਸ ਦੇ ਪੱਤੇ ਮੇਜ਼ ਦੀ ਥੰਦਿਆਈ ਨਾਲ ਕਾਲੇ ਹੋਏ ਪਏ ਸਨ। ਇਸੇ ਤਾਸ਼ ਨਾਲ ਉਹ ਆਪਣੀ ਵਹੁਟੀ ਸਣੇ ਖੇਡ ਕੇ ਵਕਤ ਬਿਤਾਉਣ ਲੱਗਾ।
ਦੋਹਾਂ ਬ੍ਰਹਮਚਾਰਨੀਆਂ ਨੇ ਲੱਕ ਨਾਲੋਂ ਆਪਣੀਆਂ ਲੰਮੀਆਂ ਮਾਲਾਵਾਂ ਖੋਲ੍ਹੀਆਂ, ਛਾਤੀ ‘ਤੇ ਉਂਗਲ ਨਾਲ ਸੂਲੀ ਦਾ ਨਿਸ਼ਾਨ ਬਣਾਇਆ ਤੇ ਧਿਆਨ ਵਿਚ ਜੁੜ ਗਈਆਂ। ਉਨ੍ਹਾਂ ਦੇ ਹੋਂਠ ਇਸ ਤਰ੍ਹਾਂ ਹਿਲ ਰਹੇ ਸਨ, ਜਿਵੇਂ ਪ੍ਰਾਰਥਨਾ ਕਰਨ ਵਿਚ ਦੋਹਾਂ ਨੇ ਆਪੋ ਵਿਚ ਸ਼ਰਤ ਲਾਈ ਹੋਵੇ।
ਕਾਰਨੂਟੇਡ ਚੁੱਪ-ਚਾਪ ਆਪਣੇ ਖਿਆਲਾਂ ਵਿਚ ਲੀਨ ਸੀ। ਤਿੰਨਾਂ ਘੰਟਿਆਂ ਬਾਅਦ ਤਾਸ਼ ਸਮੇਟਦਾ ਉਹ ਲੋਸ਼ੀਓ ਨੂੰ ਕਹਿਣ ਲੱਗਾ, “ਬਈ ਮੈਨੂੰ ਭੁੱਖ ਲੱਗ ਪਈ ਹੈ।” ਤੇ ਸੇਬੇ ਨਾਲ ਬੰਨ੍ਹੀ ਪੋਟਲੀ ਵਿਚੋਂ ਭੁੰਨਿਆ ਹੋਇਆ ਮਾਸ ਕੱਢ ਕੇ ਦੋਵੇਂ ਪਤੀ ਪਤਨੀ ਖਾਣ ਲੱਗੇ।
ਕਾਊਂਟੈਸ ਉਨ੍ਹਾਂ ਵੱਲ ਤੱਕ ਕੇ ਕਹਿਣ ਲੱਗੀ, “ਸਾਨੂੰ ਵੀ ਥੋੜ੍ਹਾ-ਬਹੁਤਾ ਖਾ ਲੈਣਾ ਚਾਹੀਦਾ ਹੈ।” ਸਾਰਿਆਂ ਨੇ ‘ਹਾਂ’ ਵਿਚ ਸਿਰ ਹਿਲਾਇਆ ਤੇ ਉਸ ਨੇ ਵੀ ਆਪਣੀ ਪੋਟਲੀ ਖੋਲ੍ਹ ਲਈ ਜਿਸ ਵਿਚ ਕੈਰੇ ਤੇ ਉਸ ਦੀ ਵਹੁਟੀ ਦਾ ਖਾਣਾ ਵੀ ਸ਼ਾਮਲ ਸੀ। ਫਿਰ ਉਸ ਨੇ ਚੀਨੀ ਦੀ ਚੌੜੀ ਪਲੇਟ ਕੱਢੀ ਜਿਸ ਦੇ ਕੰਢਿਆਂ ਉਤੇ ਹਿਰਨਾਂ ਤੇ ਖਰਗੋਸ਼ਾਂ ਦੀਆਂ ਤਸਵੀਰਾਂ ਸ਼ਾਇਦ ਇਸ ਲਈ ਬਣਾਈਆਂ ਗਈਆਂ ਸਨ ਕਿ ਇਹ ਲੱਗੇ ਕਿ ਇਹ ਭਾਂਡਾ ਖਾਸ ਤੌਰ ‘ਤੇ ਮਾਸ ਦੀਆਂ ਚੀਜ਼ਾਂ ਰੱਖਣ ਲਈ ਹੈ। ਇਸ ਤੋਂ ਛੁਟ ਉਨ੍ਹਾਂ ਪਾਸ ਚੂਚੇ ਦਾ ਸ਼ੋਰਬਾ ਤੇ ਸੂਰ ਦੀ ਭੁੰਨੀ ਹੋਈ ਰਾਂਦ ਵੀ ਸੀ। ਕਾਊਂਟੈਸ ਨੇ ਆਪਣੇ ਨਾਜ਼ੁਕ ਹੱਥਾਂ ਨਾਲ ਵਾਰੋ-ਵਾਰੀ ਸਭ ਚੀਜ਼ਾਂ ਕੱਢ ਕੇ ਪਲੇਟ ਵਿਚ ਸਜਾ ਦਿੱਤੀਆਂ। ਅਖਬਾਰ ਦੇ ਵਰਕੇ ਵਿਚ ਪਨੀਰ ਦਾ ਵੱਡਾ ਸਾਰਾ ਟੁਕੜਾ ਸੀ, ਉਹ ਵੀ ਤੀਜਾ ਕੁ ਹਿੱਸਾ ਕੱਟ ਕੇ ਵਿਚ ਰੱਖ ਲਿਆ।
ਬ੍ਰਹਮਚਾਰਨੀਆਂ ਦੀਆਂ ਸ਼ਾਇਦ ਇਨ੍ਹਾਂ ਚੀਜ਼ਾਂ ਦੀ ਤਾਜ਼ੀ ਖੁਸ਼ਬੋ ਨੇ ਅੱਖਾਂ ਖੋਲ੍ਹ ਦਿੱਤੀਆਂ। ਉਨ੍ਹਾਂ ਵੀ ਆਪਣਾ ਡੱਬਾ ਖੋਲ੍ਹ ਲਿਆ। ਇਨ੍ਹਾਂ ਪਾਸ ਮਾਸ ਕੁਝ ਘਟੀਆ ਕਿਸਮ ਦਾ ਸੀ ਜਿਸ ਵਿਚੋਂ ਥੋਮ ਦੀ ਖੁਸ਼ਬੋ ਆ ਰਹੀ ਸੀ।
ਕਾਰਨੂਟੇਡ ਨੇ ਆਪਣੇ ਢਿੱਲੇ ਓਵਰਕੋਟ ਦੀਆਂ ਜੇਬਾਂ ਵਿਚ ਹੱਥ ਪਾ ਕੇ ਇਕ ਜੇਬ ਵਿਚੋਂ ਉਬਲੇ ਹੋਏ ਚਾਰ ਆਂਡੇ, ਤੇ ਦੂਜੀ ਵਿਚੋਂ ਡਬਲ ਰੋਟੀ ਦਾ ਇਕ ਲੰਮਾ ਟੁਕੜਾ ਕੱਢਿਆ। ਆਂਡਿਆਂ ਦੇ ਛਿਲਕੇ ਉਸ ਨੇ ਪੈਰਾਂ ਹੇਠ ਪਏ ਘਾਹ ਵਿਚ ਸੁਟ ਦਿੱਤੇ ਤੇ ਖਾਣਾ ਸ਼ੁਰੂ ਹੋ ਗਿਆ।
ਆਂਡਿਆਂ ਵਿਚਲਾ ਪੀਲਾ ਹਿੱਸਾ ਹਵਾ ਦੇ ਬੁੱਲਿਆਂ ਨਾਲ ਹੱਥਾਂ ਵਿਚੋਂ ਭੁਰ-ਭੁਰ ਕੇ ਉਸ ਦੀ ਦਾੜ੍ਹੀ ‘ਤੇ ਖਿੱਲਰ ਰਿਹਾ ਸੀ।
ਮਾਰਗਰੇਟ ਪਾਸ ਖਾਣ ਨੂੰ ਕੁਝ ਨਹੀਂ ਸੀ। ਉਸ ਨੂੰ ਵਿਹਲ ਹੀ ਨਹੀਂ ਸੀ ਮਿਲੀ ਕਿ ਖਾਣ-ਪੀਣ ਦਾ ਸਾਮਾਨ ਲੈ ਸਕਦੀ! ਉਹ ਤਾਂ ਮਸਾਂ ਗੱਡੀ ਤੱਕ ਪਹੁੰਚ ਸਕੀ ਸੀ!
ਸਾਰਿਆਂ ਨੂੰ ਖਾਂਦਿਆਂ ਵੇਖ ਕੇ ਉਸ ਨੂੰ ਬੜਾ ਗੁੱਸਾ ਆ ਰਿਹਾ ਸੀ। ਪਹਿਲਾਂ ਤਾਂ ਦੱਬੇ ਹੋਏ ਗੁੱਸੇ ਨੇ ਉਸ ਦੇ ਸਾਰੇ ਸਰੀਰ ਨੂੰ ਹਲੂਣਿਆ। ਉਸ ਨੇ ਕੋਈ ਸੱਚੀ ਗੱਲ ਕਹਿ ਦੇਣ ਲਈ ਇਕ ਵਾਰੀ ਮੂੰਹ ਉਤਾਂਹ ਕੀਤਾ। ਉਹ ਉਨ੍ਹਾਂ ਸਾਰੇ ਮੁਸਾਫ਼ਰਾਂ ਨੂੰ ਅਪਮਾਨ ਦੀ ਵਾਛੜ ਨਾਲ ਭਿਉਂ ਦੇਣਾ ਚਾਹੁੰਦੀ ਸੀ, ਪਰ ਉਹ ਕੁਝ ਵੀ ਬੋਲ ਨਾ ਸਕੀ। ਗੁੱਸੇ ਨਾਲ ਉਸ ਦੀ ਆਵਾਜ਼ ਹੀ ਜਿਵੇਂ ਖੁਸ਼ਕ ਹੋ ਗਈ ਸੀ!
ਉਸ ਵੱਲ ਨਾ ਤਾਂ ਕੋਈ ਤੱਕ ਰਿਹਾ ਸੀ, ਨਾ ਉਸ ਬਾਰੇ ਕਿਸੇ ਨੂੰ ਖਿਆਲ ਸੀ। ਉਹ ਮਹਿਸੂਸ ਕਰ ਰਹੀ ਸੀ, ਜਿਵੇਂ ਇਨ੍ਹਾਂ ਧਰਮਾਤਮਾ ਲੋਕਾਂ ਦਾ ਨਿਰਾਦਰ ਉਹਨੂੰ ਸਮੁੱਚੀ ਨੂੰ ਹੀ ਨਿਗਲੀ ਜਾ ਰਿਹਾ ਹੈ। ਪਹਿਲਾਂ ਤਾਂ ਪਸ਼ੂਆਂ ਵਾਂਗੂੰ ਉਸ ਦਾ ਬਲੀਦਾਨ ਦਿੱਤਾ ਗਿਆ, ਤੇ ਮਗਰੋਂ ਉਸ ਨੂੰ ਪਤਿਤ ਤੇ ਬੇਕਾਰ ਸਮਝ ਕੇ ਠੁਕਰਾ ਦਿੱਤਾ ਗਿਆ।
ਇਸ ਤੋਂ ਬਾਅਦ ਉਸ ਨੂੰ ਆਪਣੀ ਉਦਣ ਵਾਲੀ ਪਟਾਰੀ ਦਾ ਖਿਆਲ ਆਇਆ ਜਿਸ ਦਾ ਸਾਰਾ ਸਾਮਾਨ ਉਸ ਨੇ ਬੜੀ ਖੁਸ਼ੀ ਤੇ ਪਿਆਰ ਨਾਲ ਇਨ੍ਹਾਂ ਲੋਕਾਂ ਦੇ ਢਿੱਡਾਂ ਵਿਚ ਪਾ ਦਿੱਤਾ ਸੀ!
ਬਹੁਤ ਜ਼ਿਆਦਾ ਕੱਸਣ ਨਾਲ ਜਿਸ ਤਰ੍ਹਾਂ ਸਾਜ਼ ਦੀ ਤਾਰ ਟੁੱਟ ਜਾਂਦੀ ਹੈ, ਇਸੇ ਤਰ੍ਹਾਂ ਮਾਰਗਰੇਟ ਦੇ ਗੁੱਸੇ ਦਾ ਬੰਨ੍ਹ ਟੁੱਟ ਗਿਆ। ਆਤਮ-ਸੰਜਮ ਦੀ ਉਸ ਨੇ ਲਗਦੀ ਵਾਹ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਸੰਭਾਲਿਆ। ਰੁਕੇ ਹੋਏ ਹਟਕੋਰਿਆਂ ਨੂੰ ਉਹ ਅੰਦਰੇ-ਅੰਦਰ ਪੀ ਗਈ ਜਿਨ੍ਹਾਂ ਨੇ ਉਸ ਦਾ ਗਲਾ ਦਬਾਇਆ ਹੋਇਆ ਸੀ, ਪਰ ਇਤਨੀ ਕੋਸ਼ਿਸ਼ ਕਰਦਿਆਂ ਵੀ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਟਪਕ ਹੀ ਪਏ। ਪਹਿਲਾਂ ਤਾਂ ਇਹ ਅੱਥਰੂ ਉਸ ਦੀਆਂ ਪਲਕਾਂ ਪਿੱਛੇ ਲੁਕੇ ਰਹੇ, ਪਰ ਛੇਤੀ ਹੀ ਇਹ ਮੋਟੀਆਂ-ਮੋਟੀਆਂ ਬੂੰਦਾਂ ਬਣ ਕੇ ਉਸ ਦੀਆਂ ਗੱਲ੍ਹਾਂ ‘ਤੇ ਵਗਣੇ ਸ਼ੁਰੂ ਹੋ ਗਏ। ਤੇ ਫਿਰ ਹੌਲੀ-ਹੌਲੀ ਬੇਕਾਬੂ ਹੋ ਕੇ ਵਹਿਣ ਲੱਗੇ। ਮਾਰਗਰੇਟ ਨੇ ਹੁਣ ਇਨ੍ਹਾਂ ਨੂੰ ਰੋਕੀ ਰੱਖਣ ਦਾ ਇਰਾਦਾ ਛੱਡ ਦਿੱਤਾ। ਇਹ ਅੱਥਰੂ ਹੁਣ ਚੱਟਾਨ ਦੇ ਉਸ ਪਾਣੀ ਵਾਂਗ ਦਿਖਾਈ ਦੇ ਰਹੇ ਸਨ ਜਿਹੜਾ ਛਣ-ਛਣ ਕੇ ਹੇਠਾਂ ਡਿੱਗਦਾ ਹੈ।
ਅੱਥਰੂ ਬਰਾਬਰ ਉਸ ਦੀ ਉਭਰੀ ਹੋਈ ਛਾਤੀ ‘ਤੇ ਡਿਗਦੇ ਰਹੇ, ਤੇ ਉਹ ਉਸੇ ਤਰ੍ਹਾਂ ਆਕੜ ਕੇ ਬੈਠੀ ਰਹੀ। ਇਸ ਵੇਲੇ ਉਸ ਦਾ ਚਿਹਰਾ ਕੁਝ ਪੀਲਾ ਤੇ ਕਰੜਾ ਦਿਖਾਈ ਦਿੰਦਾ ਸੀ। ਉਹ ਦਿਲ ਹੀ ਦਿਲ ਵਿਚ ਖਿਆਲ ਕਰ ਰਹੀ ਕਿ ਉਸ ਦੇ ਅੱਥਰੂਆਂ ਨੂੰ ਕਿਸੇ ਨਹੀਂ ਵੇਖਿਆ।
ਪਰ ਕਾਊਂਟੈਸ ਨੇ ਉਸ ਨੂੰ ਰੋਂਦਿਆਂ ਵੇਖ ਲਿਆ, ਤੇ ਉਸ ਨੇ ਇਸ਼ਾਰੇ ਨਾਲ ਆਪਣੇ ਪਤੀ ਨੂੰ ਵੀ ਉਸ ਵੱਲ ਤਕਾਇਆ। ਪਤੀ ਨੇ ਬੇਪਰਵਾਹੀ ਨਾਲ ਮੋਢੇ ਹਿਲਾ ਦਿੱਤੇ, ਜਿਵੇਂ ਕਹਿ ਰਿਹਾ ਹੋਵੇ, “ਚਲੋ ਸਾਨੂੰ ਕੀ!”
ਸ੍ਰੀਮਤੀ ਲੋਸ਼ੀਓ ਨੇ ਵੀ ਉਸ ਵੱਲ ਤਕਿਆ, ਤੇ ਤੱਕ ਕੇ ਮੁਸਕਰਾਈ, “ਸ਼ਰਮ ਦੀ ਮਾਰੀ ਰੋ ਰਹੀ ਹੈ।”
ਬਚੇ ਹੋਏ ਮਾਸ ਨੂੰ ਮੁੜ ਡੱਬੇ ਵਿਚ ਬੰਦ ਕਰ ਕੇ ਦੋਵੇਂ ਬ੍ਰਹਮਚਾਰਨੀਆਂ ਫਿਰ ਭਜਨ ਬੰਦਗੀ ਵਿਚ ਜੁੜ ਗਈਆਂ।
ਕਾਰਨੂਟੇਡ ਜਿਹੜਾ ਡਕਾਰ ਮਾਰ-ਮਾਰ ਕੇ ਆਂਡਿਆਂ ਨੂੰ ਪਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੇ ਆਪਣੇ ਸਾਹਮਣੇ ਵਾਲੇ ਖਾਲੀ ਥਾਂਵੇਂ ਲੱਤਾਂ ਪਸਾਰ ਲਈਆਂ ਤੇ ਪਿਛਾਂਹ ਝੁਕ ਕੇ ਬਾਂਹਾਂ ਸਿੱਧੀਆਂ ਕਰ ਲਈਆਂ। ਉਹ ਉਸ ਆਦਮੀ ਵਾਂਗ ਮੁਸਕਰਾਇਆ ਜਿਸ ਨੂੰ ਕੋਈ ਵਧੀਆ ਮਖੌਲ ਸੁਝਿਆ ਹੋਵੇ। ਉਹ ਹੌਲੀ-ਹੌਲੀ ਮਾਰਸੇਲਜ਼ ਦੇ ਇਕ ਗੀਤ (ਫਰਾਂਸੀਸੀਆਂ ਦਾ ਕੌਮੀ ਗੀਤ) ਦੀ ਤੁਕ ਗੁਣ-ਗੁਣਾਉਣ ਲੱਗਾ।
ਉਸ ਦੇ ਸਾਥੀ ਖਿਝ ਗਏ ਜਿਸ ਤੋਂ ਸਾਫ਼ ਪ੍ਰਗਟ ਸੀ ਕਿ ਉਨ੍ਹਾਂ ਨੂੰ ਇਹ ਬਾਗੀਆਨਾ ਗੀਤ ਪਸੰਦ ਨਹੀਂ। ਜਿਸ ਤਰ੍ਹਾਂ ਪੀਪੇ ਦੇ ਖੜਾਕ ਤੋਂ ਚਿੜ ਕੇ ਕੁੱਤਾ ਭੌਂਕਣ ਲਗਦਾ ਹੈ, ਇਸੇ ਤਰ੍ਹਾਂ ਉਹ ਸਾਰੇ ਕੁਝ ਨਾ ਕੁਝ ਬੋਲਣ ਲਈ ਤਿਆਰ ਹੋ ਬੈਠੇ। ਕਾਰਨੂਟੇਡ ਨੂੰ ਪਤਾ ਲੱਗ ਗਿਆ ਕਿ ਉਹ ਉਸ ਦੇ ਗੀਤ ਨਾਲ ਚਿੜ ਰਹੇ ਹਨ। ਉਹ ਹੋਰ ਉਚੀ-ਉਚੀ ਗਾਉਣ ਲੱਗ ਪਿਆ।
ਗੱਡੀ ਦੀ ਚਾਲ ਹੁਣ ਕੁਝ ਤੇਜ਼ ਹੁੰਦੀ ਜਾਂਦੀ ਸੀ, ਕਿਉਂਕਿ ਸੜਕ ‘ਤੇ ਪਈ ਹੋਈ ਬਰਫ਼ ਸਖਤ ਹੋ ਚੁੱਕੀ ਸੀ ਅਤੇ ਪਹੀਏ ਹੁਣ ਉਸ ਵਿਚ ਖੁੱਭਦੇ ਨਹੀਂ ਸਨ। ‘ਡੀਪੋ’ ਤਕ ਦੀ ਸਮੁੱਚੀ ਯਾਤਰਾ ਤੱਕ ਕਾਰਨੂਟੇਡ ਬਰਾਬਰ ਉਚੀ ਤੋਂ ਉਚੀ ਸੁਰ ਵਿਚ ਆਪਣਾ ਗੀਤ ਗਾਈ ਗਿਆ। ਉਸ ਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਸੀ ਕਿ ਇਨ੍ਹਾਂ ਰਾਜ-ਭਗਤਾਂ ਨੂੰ ਖੂਬ ਸਤਾਇਆ ਜਾਵੇ। ਨਾਲੋ-ਨਾਲ ਉਹ ਸੋਚੀ ਜਾਂਦਾ ਸੀ, “ਇਕ ਦੇਸ਼ ਭਗਤ ਦਾ ਫਰਜ਼ ਹੈ ਕਿ ਉਹ ਜਿਸ ਤਰੀਕੇ ਨਾਲ ਵੀ ਹੋ ਸਕੇ, ਦੇਸ਼ ਭਗਤੀ ਦੀ ਆਵਾਜ਼ ਟੋਡੀਆਂ ਦੇ ਕੰਨਾਂ ਤੀਕ ਪਹੁੰਚਾਵੇ... ਖੁਸ਼ੀ ਨਾਲ ਭਾਵੇਂ ਧਿੰਗੋ-ਜ਼ੋਰੀ।”
ਇਧਰ ਮਾਰਗਰੇਟ ਦੇ ਅੱਥਰੂ ਅਜੇ ਤੱਕ ਜਾਰੀ ਸਨ। ਕਦੀ-ਕਦੀ ਤਾਂ ਉਸ ਦੀਆਂ ਸਿਸਕੀਆਂ ਦੀ ਆਵਾਜ਼, ਕਾਰਨੂਟੇਡ ਦੇ ਕੌਮੀ ਗੀਤ ਵਿਚ ਇਸ ਤਰ੍ਹਾਂ ਰਲ ਮਿਲ ਜਾਂਦੀ ਸੀ ਕਿ ਨਿਖੇੜਾ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਕੌਣ ਗਾ ਰਿਹਾ ਤੇ ਕੌਣ ਰੋ ਰਿਹਾ ਹੈ।

(ਅਨੁਵਾਦਕ: ਨਾਨਕ ਸਿੰਘ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com