Titwal Da Kutta (Story in Punjabi) : Saadat Hasan Manto

ਟੀਟਵਾਲ ਦਾ ਕੁੱਤਾ (ਕਹਾਣੀ) : ਸਆਦਤ ਹਸਨ ਮੰਟੋ

ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ।
ਸਤੰਬਰ ਦਾ ਅੰਤ ਅਕਤੂਬਰ ਦੇ ਅਰੰਭ ਨਾਲ ਬੜੇ ਗੁਲਾਬੀ ਅੰਦਾਜ਼ 'ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਰਦੀ ਅਤੇ ਗਰਮੀ ਦੇ ਮੌਸਮ ਵਿਚ ਸੁਲਾਹ ਸਫਾਈ ਹੋ ਰਹੀ ਹੈ।
ਪਹਾੜੀ ਮੋਰਚਿਆਂ 'ਚ ਦੋਹਾਂ ਪਾਸਿਆਂ ਦੇ ਸਿਪਾਹੀ ਕਈ ਦਿਨਾਂ ਤੋਂ ਬੜੀ ਕੋਫ਼ਤ ਮਹਿਸੂਸ ਕਰ ਰਹੇ ਸਨ ਕਿ ਕੋਈ ਨਿਰਣਾਇਕ ਗੱਲ ਹੋਂਦ ਵਿਚ ਕਿਉਂ ਨਹੀਂ ਆਉਂਦੀ?
ਸਿਪਾਹੀ ਪੱਥਰੀਲੀ ਜ਼ਮੀਨ ਉਤੇ ਪੁੱਠੇ ਸਿੱਧੇ ਲੇਟੇ ਰਹਿੰਦੇ ਸਨ ਅਤੇ ਜਦੋਂ ਹੁਕਮ ਮਿਲਦਾ ਸੀ ਇਕ ਦੋ ਫ਼ਾਇਰ ਕਰ ਦਿੰਦੇ ਸਨ। ਗੋਲੀਆਂ ਪੂਰੀ ਰਫ਼ਤਾਰ ਨਾਲ ਆਉਂਦੀਆਂ ਸਨ ਅਤੇ ਪੱਥਰਾਂ ਦੀ ਢਾਲ ਨਾਲ ਟਕਰਾਉਂਦੀਆਂ ਸਨ। ਦੋਵੇਂ ਪਹਾੜੀਆਂ, ਜਿਨ੍ਹਾਂ ਉਤੇ ਮੋਰਚੇ ਸਨ ਇਕੋ ਜਿੰਨੀਆਂ ਉਚੀਆਂ ਸਨ। ਵਿਚਕਾਰ ਇਕ ਹਰੀ ਭਰੀ ਘਾਟੀ ਸੀ ਜਿਸ ਦੀ ਛਾਤੀ ਉਤੇ ਇਕ ਨਾਲਾ ਮੋਟੇ ਸੱਪ ਵਾਗ ਟੁਰਦਾ ਸੀ।
ਹਵਾਈ ਜਹਾਜਾਂ ਦਾ ਕੋਈ ਖ਼ਤਰਾ ਨਹੀਂ ਸੀ। ਤੋਪਾਂ ਦੋਹਾਂ ਕੋਲ ਨਹੀਂ ਸਨ। ਇਸ ਲਈ ਦੁਵੱਲੀ ਨਿਡਰਤਾ ਨਾਲ ਅੱਗ ਬਾਲੀ ਜਾਂਦੀ ਸੀ। ਰਾਤ ਨੂੰ ਬਿਲਕੁਲ ਚੁੱਪ-ਚਾਂ ਹੁੰਦੀ ਸੀ, ਇਸ ਲਈ ਦੋਹਾਂ ਮੋਰਚਿਆਂ ਦੇ ਸਿਪਾਹੀਆਂ ਨੂੰ ਇਕ ਦੂਜੇ ਦੀ ਗੱਲ 'ਤੇ ਹੱਸਣ ਦੀ ਆਵਾਜ਼ ਵੀ ਸੁਣ ਪੈਂਦੀ ਸੀ। ਕਦੀ ਕੋਈ ਸਿਪਾਹੀ ਰਓਂ ਵਿਚ ਆ ਕੇ ਗਾਉਣ ਲੱਗਦਾ ਸੀ ਤਾਂ ਉਸਦੀ ਆਵਾਜ਼ ਰਾਤ ਦੀ ਖ਼ਾਮੋਸ਼ੀ ਨੂੰ ਜਗਾ ਦਿੰਦੀ ਸੀ।
ਚਾਹ ਦਾ ਦੌਰ ਖ਼ਤਮ ਹੋ ਚੁੱਕਾ ਸੀ। ਪੱਥਰ ਦੇ ਚੁੱਲ੍ਹੇ ਵਿਚ ਕੋਲੇ ਬੁਝ ਚੁੱਕੇ ਸਨ। ਸਭ ਕੰਬਲ ਤਾਣ ਕੇ ਸੌਂ ਰਹੇ ਸਨ ਪਰ ਕੁੱਝ ਇਸ ਤਰ੍ਹਾਂ ਕਿ ਮਾੜੇ ਜਿਹੇ ਇਸ਼ਾਰੇ ਨਾਲ ਉਠ ਕੇ ਲੜਨ ਮਰਨ ਲਈ ਤਿਆਰ ਹੋ ਸਕਦੇ ਸਨ। ਜਮਾਂਦਾਰ ਹਰਨਾਮ ਸਿੰਘ ਆਪ ਪਹਿਰੇ 'ਤੇ ਸੀ। ਉਸ ਦੀ ਘੜੀ ਵਿਚ ਦੋ ਵੱਜੇ ਤਾਂ ਉਹਨੇ ਗੰਡਾ ਸਿੰਘ ਨੂੰ ਜਗਾਇਆ ਤੇ ਪਹਿਰੇ 'ਤੇ ਲਾ ਦਿੱਤਾ। ਉਹਦਾ ਜੀਅ ਚਾਹੁੰਦਾ ਸੀ ਕਿ ਸੌ ਜਾਏ ਪਰ ਜਦੋਂ ਲੇਟਿਆ ਤਾਂ ਅੱਖਾਂ ਚੋਂ ਨੀਂਦਰ ਇੰਨੀ ਦੂਰ ਸੀ ਜਿੰਨੇ ਅਸਮਾਨ ਦੇ ਤਾਰੇ। ਜਮਾਂਦਾਰ ਸਿੱਧਾ ਲੇਟਿਆ ਤਾਰਿਆਂ ਵੱਲ ਵੇਖਦਾ ਰਿਹਾ... ਅਤੇ ਗੌਣ ਲੱਗਾ....
ਜੁੱਤੀ ਲੈਣੀ ਆ ਸਿਤਾਰਿਆਂ ਵਾਲੀ
ਸਿਤਾਰਿਆਂ ਵਾਲੀ ਵੇ
ਹਰਨਾਮ ਸਿੰਘ ਹੋ ਯਾਰਾ,
ਭਾਵੇਂ ਤੇਰੀ ਮਹਿੰ ਵਿਕ ਜਾਏ।
ਅਤੇ ਹਰਨਾਮ ਸਿੰਘ ਨੂੰ ਅਸਮਾਨ ਵਿਚ ਹਰ ਪਾਸੇ ਸਿਤਾਰਿਆਂ ਵਾਲੀਆਂ ਜੁੱਤੀਆਂ ਨਜ਼ਰ ਆਈਆਂ।
ਜੁੱਤੀ ਲੈ ਦਿਉਂ ਸਿਤਾਰਿਆਂ ਵਾਲੀ
ਨੀ ਹਰਨਾਮ ਕੁਰੇ, ਹੋ ਨਾਰੇ,
ਭਾਵੇਂ ਮੇਰੀ ਮਹਿੰ ਵਿਕ ਜਾਏ।
ਇਹ ਗਾ ਕੇ ਉਹ ਹੱਸਿਆ। ਫਿਰ ਇਹ ਸੋਚ ਕੇ ਕਿ ਨੀਂਦਰ ਨਹੀਂ ਆਉਣੀ ਉਹਨੇ ਉਠ ਕੇ ਸਾਰਿਆਂ ਨੂੰ ਜਗਾ ਦਿੱਤਾ। ਨਾਰ ਦੇ ਜ਼ਿਕਰ ਨੇ ਉਹਦੇ ਦਿਮਾਗ ਵਿਚ ਹਲਚਲ ਮਚਾ ਦਿੱਤੀ ਸੀ। ਉਹ ਚਾਹੁੰਦਾ ਸੀ ਕਿ ਊਟ ਪਆਂਗ ਗੱਲਾਂ ਹੋਣ ਜਿਨ੍ਹਾਂ ਨਾਲ ਇਸ ਬੋਲੀ ਦੀ ਹਰਨਾਮ ਕੌਰੀ ਸਥਿਤੀ ਪੈਦਾ ਹੋ ਜਾਵੇ। ਖ਼ੈਰ ਗੱਲਾਂ ਸ਼ੁਰੂ ਹੋਈਆਂ ਪਰ ਬੇਸਵਾਦੀਆਂ। ਬੰਤਾ ਸਿੰਘ, ਜੋ ਇਨ੍ਹਾਂ ਚੋਂ ਸਭ ਤੋਂ ਘੱਟ ਉਮਰ ਦਾ ਸੀ ਅਤੇ ਉਸਦੀ ਆਵਾਜ਼ ਬੜੀ ਸੁਰੀਲੀ ਸੀ, ਇਕ ਪਾਸੇ ਹਟ ਕੇ ਬਹਿ ਗਿਆ। ਬਾਕੀ ਜਣੇ ਗੱਲਾਂ ਕਰਦੇ ਰਹੇ। ਕੁੱਝ ਚਿਰ ਪਿਛੋਂ ਬੰਤਾ ਸਿੰਘ ਨੇ ਇਕਦਮ ਪੁਰਸੋਜ਼ ਆਵਾਜ਼ 'ਚ ਹੀਰ ਗਾਉਣੀ ਸ਼ੁਰੂ ਕਰ ਦਿੱਤੀ...
ਹੀਰ ਆਖਿਆ ਜੋਗੀਆ ਝੂਠ ਬੋਲੇਂ....
ਬੰਤਾ ਸਿੰਘ ਨੇ ਜਿਸ ਤਰ੍ਹਾਂ ਇਕਦਮ ਗੌਣਾ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਕ ਦਮ ਚੁੱਪ ਹੋ ਗਿਆ। ਜਮਾਂਦਾਰ ਹਰਨਾਮ ਸਿੰਘ ਨੇ ਕਿਸੇ ਅਣਦਿਸਦੀ ਸ਼ੈਅ ਨੂੰ ਮੋਟੀ ਸਾਰੀ ਗਾਲ੍ਹ ਕੱਢੀ ਤੇ ਲੇਟ ਗਿਆ। ਅਚਾਨਕ ਰਾਤ ਦੇ ਅਖੀਰਲੇ ਪਹਿਰ ਦੇ ਇਸ ਉਦਾਸ ਵਾਤਾਵਰਣ ਵਿਚ ਕੁੱਤੇ ਦੇ ਭੌਂਕਣ ਦੀ ਆਵਾਜ਼ ਗੂੰਜੀ। ਸਭ ਚੌਕੰਨੇ ਹੋ ਗਏ। ਆਵਾਜ਼ ਨੇੜਿਓਂ ਆਈ ਸੀ। ਹਰਨਾਮ ਸਿੰਘ ਨੇ ਬਹਿ ਕੇ ਆਖਿਆ, ''ਇਹ ਕਿਥੋਂ ਆ ਗਿਆ ਭੌਂਕੂ?''
ਕੁੱਤਾ ਫਿਰ ਭੌਂਕਿਆ। ਹੁਣ ਉਸ ਦੀ ਆਵਾਜ਼ ਹੋਰ ਵੀ ਨੇੜਿਓਂ ਆਈ ਸੀ। ਕੁੱਝ ਪਲਾਂ ਪਿਛੋਂ ਝਾੜੀਆਂ 'ਚ ਖੜਕਾ ਹੋਇਆ। ਬੰਤਾ ਸਿੰਘ ਉਠਿਆ ਅਤੇ ਝਾੜੀਆਂ ਵੱਲ ਵਧਿਆ। ਜਦੋਂ ਮੁੜ ਕੇ ਆਇਆ ਤਾਂ ਉਹਦੇ ਨਾਲ ਇਕ ਅਵਾਰਾ ਜਿਹਾ ਕੁੱਤਾ ਸੀ ਜਿਸਦੀ ਪੂਛ ਹਿੱਲ ਰਹੀ ਸੀ। ਉਹ ਮੁਸਕਰਾਇਆ, ''ਜਮਾਂਦਾਰ ਸਾਹਿਬ! ਮੈਂ 'ਹੂ ਕਮਜ਼ ਇਧਰ' ਬੋਲਿਆ ਤਾਂ ਕਹਿਣ ਲੱਗਾ, ਮੈਂ ਹਾਂ ਚਪੜਝੁਣਝੁਣ।''
ਸਾਰੇ ਹੱਸਣ ਲੱਗੇ। ਜਮਾਂਦਾਰ ਹਰਨਾਮ ਸਿੰਘ ਨੇ ਕੁੱਤੇ ਨੂੰ ਪੁਚਕਾਰਿਆ ''ਇਧਰ ਆ ਓਏ ਚਪੜਝੁਣਝੁਣ।''
ਕੁੱਤਾ ਪੂਛ ਹਿਲਾਂਦਾ ਹੋਇਆ ਹਰਨਾਮ ਸਿੰਘ ਦੇ ਕੋਲ ਆ ਗਿਆ ਅਤੇ ਇਹ ਸਮਝ ਕੇ ਕਿ ਸ਼ਾਇਦ ਕੋਈ ਖਾਣ ਵਾਲੀ ਸ਼ੈਅ ਸੁੱਟੀ ਹੈ, ਜ਼ਮੀਨ ਦੇ ਪੱਥਰ ਸੁੰਘਣ ਲੱਗਾ। ਜਮਾਂਦਾਰ ਹਰਨਾਮ ਸਿੰਘ ਨੇ ਥੈਲਾ ਖੋਲ੍ਹ ਕੇ ਇਕ ਬਿਸਕੁਟ ਕੱਢਿਆ ਅਤੇ ਕੁੱਤੇ ਵੱਲ ਸੁੱਟਿਆ। ਕੁੱਤੇ ਨੇ ਉਹਨੂੰ ਸੁੰਘ ਕੇ ਮੂੰਹ ਖੋਲ੍ਹਿਆ ਪਰ ਹਰਨਾਮ ਸਿੰਘ ਨੇ ਛੇਤੀ ਨਾਲ ਉਹਨੂੰ ਚੁੱਕ ਲਿਆ ''ਠਹਿਰ, ਕਿਧਰੇ ਪਾਕਿਸਤਾਨੀ ਤਾਂ ਨਹੀਂ!''
ਸਭ ਜਣੇ ਹੱਸ ਪਏ। ਸਰਦਾਰ ਬੰਤਾ ਸਿੰਘ ਨੇ ਅੱਗੇ ਹੋ ਕੇ ਕੁੱਤੇ ਦੀ ਪਿੱਠ ਉਤੇ ਹੱਥ ਫੇਰਿਆ ਅਤੇ ਜਮਾਂਦਾਰ ਹਰਨਾਮ ਸਿੰਘ ਨੂੰ ਕਿਹਾ, ''ਨਹੀਂ ਜਮਾਂਦਾਰ, ਚਪੜਝੁਣਝੁਣ ਹਿੰਦੋਸਤਾਨੀ ਹੈ।''
ਜਮਾਂਦਾਰ ਹਰਨਾਮ ਸਿੰਘ ਨੇ ਹੱਸ ਕੇ ਕੁੱਤੇ ਨੂੰ ਸੰਬੋਧਨ ਕਰ ਕੇ ਕਿਹਾ, ''ਨਿਸ਼ਾਨੀ ਦਿਖਾ ਓਏ?'' ਕੁੱਤਾ ਪੂਛਲ ਹਿਲਾਉਣ ਲੱਗਾ।
ਹਰਨਾਮ ਸਿੰਘ ਜ਼ਰਾ ਖੁੱਲ੍ਹ ਕੇ ਹੱਸਿਆ। ''ਇਹ ਕੋਈ ਨਿਸ਼ਾਨੀ ਨਹੀਂ, ਪੂਛਲ ਤਾਂ ਸਾਰੇ ਕੁੱਤੇ ਹਿਲਾਉਂਦੇ ਨੇ।''
ਬੰਤਾ ਸਿੰਘ ਨੇ ਕੁੱਤੇ ਦੀ ਕੰਬਦੀ ਹੋਈ ਪੂਛਲ ਫੜ ਲਈ। ''ਸ਼ਰਨਾਰਥੀ ਹੈ ਵਿਚਾਰਾ!''
ਜਮਾਂਦਾਰ ਹਰਨਾਮ ਸਿੰਘ ਨੇ ਬਿਸਕੁਟ ਸੁੱਟਿਆ ਜੋ ਕੁੱਤੇ ਨੇ ਝੱਟ ਬੋਚ ਲਿਆ। ਇਕ ਜੁਆਨ ਨੇ ਆਪਣੇ ਬੂਟ ਦੀ ਅੱਡੀ ਨਾਲ ਜ਼ਮੀਨ ਖੁਰਚਦਿਆਂ ਕਿਹਾ, ''ਹੁਣ ਕੁੱਤਿਆਂ ਨੂੰ ਵੀ ਜਾਂ ਹਿੰਦੋਸਤਾਨੀ ਹੋਣਾ ਪਵੇਗਾ ਜਾਂ ਪਾਕਿਸਤਾਨੀ!''
ਜਮਾਂਦਾਰ ਨੇ ਥੈਲੇ 'ਚੋਂ ਇਕ ਹੋਰ ਬਿਸਕੁਟ ਕੱਢ ਕੇ ਸੁੱਟਿਆ, ''ਪਾਕਿਸਤਾਨੀਆਂ ਵਾਂਗ ਕੁੱਤੇ ਵੀ ਗੋਲੀ ਨਾਲ ਉਡਾ ਦਿੱਤੇ ਜਾਣਗੇ।''
ਇਕ ਨੇ ਜ਼ੋਰ ਨਾਲ ਨਾਅਰਾ ਮਾਰਿਆ, ''ਹਿੰਦੋਸਤਾਨ ਜ਼ਿੰਦਾਬਾਦ।''
ਕੁੱਤਾ ਜੋ ਬਿਸਕੁਟ ਚੁੱਕਣ ਲਈ ਅੱਗੇ ਵਧਿਆ ਸੀ ਡਰ ਕੇ ਪਿੱਛੇ ਹਟ ਗਿਆ। ਉਹਦੀ ਪੂਛਲ ਲੱਤਾਂ ਵਿਚ ਵੜ ਗਈ। ਹਰਨਾਮ ਸਿੰਘ ਹੱਸਿਆ, ''ਆਪਣੇ ਨਾਅਰਿਆਂ ਤੋਂ ਕਿਓਂ ਡਰਦਾ ਹੈਂ ਚਪੜਝੁਣਝੁਣ... ਖਾ.... ਲੈ ਇਕ ਹੋਰ ਲੈ।' ਉਹਨੇ ਇਕ ਬਿਸਕੁਟ ਉਹਨੂੰ ਹੋਰ ਦਿੱਤਾ।
ਗੱਲਾਂ-ਗੱਲਾਂ ਵਿਚ ਸਵੇਰ ਹੋ ਗਈ। ਵੇਖਦਿਆਂ-ਵੇਖਦਿਆਂ ਸੂਰਜ ਦੀਆਂ ਕਿਰਨਾਂ ਉਸ ਪਹਾੜੀ ਇਲਾਕੇ ਵਿਚ ਫੈਲ ਗਈਆਂ ਜਿਸ ਦਾ ਨਾਂ ਟੀਟਵਾਲ ਸੀ।
ਇਸ ਇਲਾਕੇ ਵਿਚ ਕਾਫੀ ਚਿਰ ਤੋਂ ਲੜਾਈ ਹੋ ਰਹੀ ਸੀ। ਇਕ-ਇਕ ਪਹਾੜੀ ਲਈ ਦਰਜਨਾਂ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਸਨ ਪਰ ਫਿਰ ਵੀ ਕਬਜ਼ਾ ਬੇਯਕੀਨੀ ਹੁੰਦਾ ਸੀ। ਅੱਜ ਇਹ ਪਹਾੜੀ ਉਨ੍ਹਾਂ ਕੋਲ ਹੈ ਕੱਲ੍ਹ ਦੁਸ਼ਮਣ ਕੋਲ, ਪਰਸੋਂ ਫਿਰ ਉਨ੍ਹਾਂ ਦੇ ਕਬਜ਼ੇ ਵਿਚ। ਇਸ ਤੋਂ ਦੂਜੇ ਦਿਨ ਉਹ ਫਿਰ ਦੂਜਿਆਂ ਕੋਲ ਚਲੀ ਜਾਂਦੀ ਸੀ।
ਹਰਨਾਮ ਸਿੰਘ ਨੇ ਦੂਰਬੀਨ ਲਾ ਕੇ ਆਲੇ-ਦੁਆਲੇ ਦਾ ਜਾਇਜ਼ਾ ਲਿਆ। ਸਾਮ੍ਹਣੇ ਪਹਾੜੀ 'ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦਾ ਮਤਲਬ ਸੀ ਚਾਹ ਆਦਿ ਤਿਆਰ ਹੋ ਰਹੀ ਸੀ। ਇੱਧਰ ਵੀ ਨਾਸ਼ਤੇ ਦੀ ਫ਼ਿਕਰ ਹੋ ਰਹੀ ਸੀ। ਅੱਗ ਬਾਲੀ ਜਾ ਰਹੀ ਸੀ। ਉਧਰ ਵਾਲਿਆਂ ਨੂੰ ਵੀ ਇਧਰ ਦਾ ਧੂੰਆਂ ਦਿਸਦਾ ਹੋਵੇਗਾ।
ਨਾਸ਼ਤੇ ਵੇਲੇ ਸਾਰਿਆਂ ਜੁਆਨਾਂ ਦੇ ਥੋੜ੍ਹਾ-ਥੋੜ੍ਹਾ ਕੁੱਤੇ ਨੂੰ ਦਿੱਤਾ, ਜੋ ਉਹਨੈ ਢਿੱਡ ਭਰ ਕੇ ਖਾਧਾ। ਸਾਰੇ ਉਸ ਵਿਚ ਦਿਲਚਸਪੀ ਲੈ ਰਹੇ ਸਨ। ਹਰ ਕੋਈ ਉਹਨੂੰ 'ਚਪੜਝੁਣਝੁਣ' ਦੇ ਨਾਂਅ ਨਾਲ ਬੁਲਾਉਂਦਾ ਅਤੇ ਪਿਆਰ ਕਰਦਾ।
ਸ਼ਾਮ ਵੇਲੇ ਦੂਜੇ ਪਾਸੇ ਪਾਕਿਸਤਾਨੀ ਮੋਰਚੇ ਵਿਚ ਸੂਬੇਦਾਰ ਹਿੰਮਤ ਖਾਂ ਆਪਣੀਆਂ ਵੱਡੀਆਂ-ਵੱਡੀਆਂ ਮੁੱਛਾਂ ਨੂੰ ਜਿਨ੍ਹਾਂ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਸਨ, ਮਰੋੜੇ ਦੇ ਕੇ ਟੀਟਵਾਲ ਦੇ ਨਕਸ਼ੇ ਦੀ ਬੜੇ ਧਿਆਨ ਨਾਲ ਸਟੱਡੀ ਕਰ ਰਿਹਾ ਸੀ। ਉਸ ਦੇ ਕੋਲ ਵਾਇਰਲੈਸ ਓਪਰੇਟਰ ਬੈਠਾ ਸੀ, ਉਹ ਸੂਬੇਦਾਰ ਲਈ ਪਲਟੂਨ ਕਮਾਂਡਰ ਤੋਂ ਹਦਾਇਤ ਪ੍ਰਾਪਤ ਕਰ ਰਿਹਾ ਸੀ। ਕੁਝ ਦੂਰ ਇਕ ਪੱਥਰ ਨਾਲ ਢੋਹ ਲਾਈ ਆਪਣੀ ਬੰਦੂਕ ਫੜੀ ਬਸ਼ੀਰ ਹੌਲੀ ਹੌਲੀ ਗਾ ਰਿਹਾ ਸੀ :
ਚੰਨ ਕਿੱਥੇ ਗਵਾਈ ਆਈ ਰਾਤ ਵੇ
ਚੰਨ ਕਿੱਥੇ....
ਬਸ਼ੀਰੇ ਨੇ ਮਸਤੀ 'ਚ ਆ ਕੇ ਆਵਾਜ਼ ਜ਼ਰਾ ਉਚੀ ਕੀਤੀ ਤਾਂ ਸੂਬੇਦਾਰ ਹਿੰਮਤ ਖਾਂ ਕੜਕ ਕੇ ਬੋਲਿਆ... ''ਓਏ ਕਿਥੇ ਰਿਹਾ ਏਂ ਸਾਰੀ ਰਾਤ?''
ਬਸ਼ੀਰ ਨੇ ਸੁਆਲੀਆ ਨਜ਼ਰਾਂ ਨਾਲ ਹਿੰਮਤ ਖਾਂ ਨੂੰ ਵੇਖਣਾ ਸ਼ੁਰੂ ਕੀਤਾ ਜੋ ਬਸ਼ੀਰ ਦੀ ਬਜਾਏ ਕਿਸੇ ਹੋਰ ਨੂੰ ਸੰਬੋਧਨ ਕਰ ਰਿਹਾ ਸੀ। ''ਦੱਸ ਓਏ!'' ਬਸ਼ੀਰ ਨੇ ਵੇਖਿਆ ਕੁੱਝ ਦੂਰ ਆਵਾਰਾ ਕੁੱਤਾ ਬੈਠਾ ਸੀ ਜੋ ਕੁੱਝ ਦਿਨ ਹੋਏ ਉਨ੍ਹਾਂ ਦੇ ਮੋਰਚੇ 'ਚ ਬਿਨਾਂ ਬੁਲਾਏ ਪਰਾਹੁਣੇ ਵਾਂਗ ਆਇਆ ਸੀ ਅਤੇ ਉਥੇ ਹੀ ਟਿਕ ਗਿਆ ਸੀ। ਬਸ਼ੀਰ ਹੱਸਿਆ ਅਤੇ ਕੁੱਤੇ ਨੂੰ ਮੁਖਾਤਬ ਹੋ ਕੇ ਬੋਲਿਆ ''ਚੰਨ ਕਿੱਥੇ ਗਵਾਈ ਆਈ ਰਾਤ ਵੇ..''
ਕੁੱਤੇ ਨੇ ਜ਼ੋਰ ਨਾਲ ਪੂਛ ਹਿਲਾਈ।
ਸੂਬੇਦਾਰ ਹਿੰਮਤ ਖਾਂ ਨੇ ਇਕ ਰੋੜਾ ਚੁੱਕ ਕੇ ਕੁੱਤੇ ਵੱਲ ਸੁੱਟਿਆ, ''ਸਾਲੇ ਨੂੰ ਪੂਛਲ ਹਿਲਾਉਣ ਤੋਂ ਸਿਵਾ ਹੋਰ ਕੁੱਝ ਨਹੀਂ ਆਉਂਦਾ।''
ਬਸ਼ੀਰ ਨੇ ਇਕਦਮ ਕੁੱਤੇ ਵੱਲ ਧਿਆਨ ਨਾਲ ਵੇਖਿਆ, ''ਇਸ ਦੀ ਧੌਣ ਵਿਚ ਕੀ ਹੈ?'' ਇਹ ਕਹਿ ਕੇ ਉਹ ਉਠਿਆ ਪਰ ਉਸਤੋਂ ਪਹਿਲਾਂ ਹੀ ਇਕ ਹੋਰ ਜੁਆਨ ਨੇ ਕੁੱਤੇ ਨੂੰ ਫੜ ਕੇ ਉਸ ਦੀ ਗਰਦਨ ਨਾਲ ਬੱਧੀ ਹੋਈ ਰੱਸੀ ਲਾਹੀ। ਉਸ ਵਿਚ ਗੱਤੇ ਦਾ ਇਕ ਟੁਕੜਾ ਪਰੋਇਆ ਹੋਇਆ ਸੀ। ਸੂਬੇਦਾਰ ਨੇ ਇਹ ਟੁਕੜਾ ਲਿਆ ਅਤੇ ਆਪਣੇ ਜੁਆਨਾਂ ਨੂੰ ਪੁੱਛਿਆ, ''ਲੰਡੇ ਹਨ-ਤੁਹਾਡੇ 'ਚੋਂ ਕੋਈ ਜਾਣਦਾ ਹੈ ਪੜ੍ਹਨਾ?''
ਬਸ਼ੀਰ ਨੇ ਅੱਗੇ ਹੋ ਕੇ ਗੱਤੇ ਦਾ ਟੁਕੜਾ ਲਿਆ, ''ਹਾਂ ਕੁੱਝ ਕੁੱਝ ਪੜ੍ਹ ਲੈਂਦਾ ਹਾਂ।'' ਅਤੇ ਉਹਨੇ ਬੜੀ ਮੁਸ਼ਕਲ ਨਾਲ ਅੱਖਰ ਜੋੜ ਜੋੜ ਕੇ ਇਹ ਪੜ੍ਹਿਆ, ''ਚਪ.. ਚਪੜ... ਝਣ... ਝਣ... ਚਪੜ... ਝੁਣਝਣ.. ਇਹ ਕੀ ਹੋਇਆ?''
ਸੂਬੇਦਾਰ ਹਿੰਮਤ ਖਾਂ ਨੇ ਆਪਣੀਆਂ ਇਤਿਹਾਸਕ ਮੁੱਛਾਂ ਨੂੰ ਜ਼ਬਰਦਸਤ ਮਰੋੜਾ ਦਿੱਤਾ, ''ਕੋਡ ਵਰਡ ਹੋਣਾ ਏ ਕੋਈ।'' ਫਿਰ ਉਹਨੇ ਬਸ਼ੀਰ ਤੋਂ ਪੁੱਛਿਆ, ''ਕੁੱਝ ਹੋਰ ਲਿਖਿਆ ਏ ਬਸ਼ੀਰੇ?'' ਬਸ਼ੀਰ ਨੇ ਜੋ ਅੱਖਰ ਪਛਾਨਣ ਵਿਚ ਰੁੱਝਿਆ ਸੀ, ਜਵਾਬ ਦਿੱਤਾ, ''ਜੀ ਹਾਂ.. ਇਹ.. ਹਿੰਦ ... ਹਿੰਦ...ਹਿੰਦੋਸਤਾਨੀ... ਇਹ ਹਿੰਦੋਸਤਾਨੀ ਕੁੱਤਾ ਹੈ।''
ਸੂਬੇਦਾਰ ਹਿੰਮਤ ਖਾਂ ਨੇ ਸੋਚਣਾ ਸ਼ੁਰੂ ਕੀਤਾ, ''ਮਤਲਬ ਕੀ ਹੋਇਆ ਇਸਦਾ? ਕੀ ਪੜ੍ਹਿਆ ਤੂੰ ਚਪੜ??''
ਬਸ਼ੀਰ ਨੇ ਕਿਹਾ, ''ਚਪੜ ਝੁਣਝੁਣ!''
ਇਕ ਜੁਆਨ ਨੇ ਬੜੀ ਬੁੱਧੀਮੱਤਾ ਦੇ ਅੰਦਾਜ਼ 'ਚ ਕਿਹਾ, 'ਜੋ ਵੀ ਗੱਲ ਹੈ ਇਸੇ ਵਿਚ ਹੈ।'
ਸੂਬੇਦਾਰ ਨੂੰ ਇਹ ਗੱਲ ਠੀਕ ਜਾਪੀ, ''ਹਾਂ ਕੁੱਝ ਅਜਿਹਾ ਹੀ ਜਾਪਦਾ ਏ।'' ਬਸ਼ੀਰ ਨੇ ਗੱਤੇ ਉਤੇ ਲਿਖੇ ਪੂਰੇ ਵਾਕ ਨੂੰ ਪੜ੍ਹਿਆ, ''ਚਪੜ ਝੁਣ-ਝੁਣ ਇਹ ਹਿੰਦੋਸਤਾਨੀ ਕੁੱਤਾ ਹੈ।'
ਸੂਬੇਦਾਰ ਹਿੰਮਤ ਖਾਂ ਨੇ ਵਾਇਰਲੈਂਸ ਸੈਟ ਲਿਆ ਅਤੇ ਕੰਨਾਂ 'ਤੇ ਹੈਡ ਫੋਨ ਰੱਖ ਕੇ ਪਲਟੂਨ ਦੇ ਕਮਾਂਡਰ ਨਾਲ ਆਪ ਇਸ ਕੁੱਤੇ ਦੇ ਬਾਰੇ ਗੱਲ ਕੀਤੀ। ਉਹ ਕਿਵੇਂ ਆਇਆ ਸੀ, ਕਿਸ ਤਰ੍ਹਾਂ ਉਨ੍ਹਾਂ ਕੋਲ ਕਈ ਦਿਨ ਰਿਹਾ। ਫਿਰ ਅਚਾਨਕ ਗ਼ਾਇਬ ਹੋ ਗਿਆ ਅਤੇ ਸਾਰੀ ਰਾਤ ਗ਼ਾਇਬ ਰਿਹਾ। ਹੁਣ ਆਇਆ ਹੈ ਤਾਂ ਉਸ ਦੇ ਗਲ ਵਿਚ ਰੱਸੀ ਨਜ਼ਰ ਆਈ ਜਿਸ ਵਿਚ ਗੱਤੇ ਦਾ ਇਕ ਟੁਕੜਾ ਸੀ। ਉਸ ਉਤੇ ਜੋ ਵਾਕ ਲਿਖਿਆ ਹੋਇਆ ਸੀ ਉਹ ਉਸਨੇ ਤਿੰਨ ਚਾਰ ਵਾਰੀ ਦੋਹਰਾ ਕੇ ਪਲਟਨ ਕਮਾਂਡਰ ਨੂੰ ਸੁਣਾਇਆ ਪਰ ਕੋਈ ਨਤੀਜਾ ਨਾ ਨਿਕਲਿਆ।
ਬਸ਼ੀਰ ਕੁੱਤੇ ਕੋਲ ਬਹਿ ਕੇ ਉਹਨੂੰ ਕਦੀ ਪੁਚਕਾਰ ਕੇ, ਕਦੀ ਡਰਾ ਕੇ ਪੁੱਛਦਾ ਰਿਹਾ ਕਿ ਉਹ ਰਾਤੀਂ ਕਿੱਥੇ ਗ਼ਾਹਿਬ ਹੋ ਗਿਆ ਸੀ। ਪਰ ਕੋਈ ਮੁਨਾਸਬ ਜਵਾਬ ਨਾ ਮਿਲਿਆ। ਉਹ ਜੋ ਵੀ ਪ੍ਰਸ਼ਨ ਕਰਦਾ ਉਸਦੇ ਉਤਰ ਵਿਚ ਕੁੱਤਾ ਆਪਣੀ ਪੂਛਲ ਹਿਲਾ ਦਿੰਦਾ। ਅਖੀਰ ਗੁੱਸੇ ਨਾਲ ਬਸ਼ੀਰ ਨੇ ਕੁੱਤੇ ਨੂੰ ਹਲੂਣਾ ਦਿੱਤਾ। ਕੁੱਤਾ ਚੰਊ ਚੰਊ ਕਰਨ ਲੱਗਾ।
ਵਾਇਰਲੈਸ ਤੋਂ ਫ਼ਾਰਗ ਹੋ ਕੇ ਸੂਬੇਦਾਰ ਹਿੰਮਤ ਖਾਂ ਨੇ ਕੁੱਝ ਚਿਰ ਨਕਸ਼ੇ ਦੀ ਸਟੱਡੀ ਕੀਤੀ ਫਿਰ ਉਠਿਆ ਅਤੇ ਸਿਗਰਟ ਦੀ ਡੱਬੀ ਦਾ ਢੱਕਣ ਖੋਲ੍ਹ ਕੇ ਬਸ਼ੀਰ ਨੂੰ ਦਿੱਤਾ ''ਬਸ਼ੀਰ ਲਿਖ ਇਸ ਉਤੇ ਗੁਰਮੁਖੀ ਵਿਚ... ਕੀੜਿਆਂ ਮਕੌੜਿਆਂ ਵਿਚ...''
ਬਸ਼ੀਰ ਨੇ ਸਿਗਰਟ ਦੀ ਡੱਬੀ ਦਾ ਗੱਤਾ ਲਿਆ ਅਤੇ ਪੁੱਛਿਆ, ''ਕੀ ਲਿਖਾਂ ਸੂਬੇਦਾਰ ਸਾਹਿਬ?'' ਸੂਬੇਦਾਰ ਨੇ ਮੁੱਛਾਂ ਨੂੰ ਮਰੋੜੇ ਦੇ ਕੇ ਸੋਚਣਾ ਸ਼ੁਰੂ ਕੀਤਾ, ''ਲਿਖ ਦੇ... ਬਸ ਲਿਖ ਦੇ!'' ਇਹ ਕਹਿ ਕੇ ਉਹਨੇ ਜੇਬ 'ਚੋਂ ਪੈਨਸਿਲ ਕੱਢ ਕੇ ਬਸ਼ੀਰ ਨੂੰ ਦਿੱਤੀ, ''ਕੀ ਲਿਖਣਾ ਚਾਹੀਦਾ ਏ?''
ਬਸ਼ੀਰ ਪੈਨਸ਼ਨ ਦੇ ਮੂੰਹ ਨੂੰ ਬੁੱਲ੍ਹ ਲਾ ਕੇ ਸੋਚਣ ਲੱਗਾ। ਫਿਰ ਇਕਦਮ ਬੋਲਿਆ ''ਸਪੜ ਸੁਣ ਸੁਣ''... '' ਠੀਕ ਹੈ-ਚਪੜ ਝੁਣ ਝੁਣ ਦਾ ਜਵਾਬ ਸਪੜ ਸੁਣ ਸੁਣ ਹੀ ਹੋ ਸਕਦਾ ਹੈ... ਕੀ ਯਾਦ ਰੱਖਣਗੇ ਆਪਣੀ ਮਾਂ ਦੇ ਸਿਖੜੇ।''
ਬਸ਼ੀਰ ਨੇ ਪੈਨਸਿਲ ਸਿਗਰਟ ਦੀ ਡੱਬੇ 'ਤੇ ਰੱਖੀ-''ਸਪੜ ਸੁਣ ਸੁਣ?''
''ਹਾਂ ਹਾਂ ਲਿਖ-ਸਪ-ਸੱਪੜ-ਸੁਣ ਸੁਣ'' ਇਹ ਕਹਿ ਕੇ ਸੂਬੇਦਾਰ ਨੇ ਜ਼ੋਰ ਦਾ ਠਹਾਕਾ ਮਾਰਿਆ -''ਅਤੇ ਅੱਗੇ ਲਿਖ... ਇਹ ਪਾਕਿਸਤਾਨੀ ਕੁੱਤਾ ਹੈ।''
ਸੂਬੇਦਾਰ ਨੇ ਗੱਤਾ ਬਸ਼ੀਰ ਕੋਲੋਂ ਲਿਆ, ਪੈਨਸਿਲ ਨਾਲ ਉਸ ਵਿਚ ਮੋਰੀ ਕੀਤੀ ਅਤੇ ਰੱਸੀ ਵਿਚ ਪਰੋ ਕੇ ਕੁੱਤੇ ਵੱਲ ਵਧਿਆ- ''ਲੈ ਜਾ, ਇਹ ਆਪਣੀ ਔਲਾਦ ਦੇ ਕੋਲ।''
ਇਹ ਸੁਣ ਕੇ ਸਾਰੇ ਜਵਾਨ ਹੱਸ ਪਏ। ਸੂਬੇਦਾਰ ਨੇ ਕੁੱਤੇ ਦੀ ਗਰਦਨ ਵਿਚ ਰੱਸੀ ਬੰਨ੍ਹ ਦਿੱਤੀ। ਇਸ ਤੋਂ ਮਗਰੋਂ ਸੂਬੇਦਾਰ ਨੇ ਉਹਨੂੰ ਕੁੱਝ ਖਾਣ ਲਈ ਦਿੱਤਾ ਅਤੇ ਫਿਰ ਉਪਦੇਸ਼ਕ ਨੇ ਅੰਦਾਜ਼ ਵਿਚ ਕਿਹਾ, ''ਵੇਖ ਦੋਸਤ ਗੱਦਾਰੀ ਨਾ ਕਰੀਂ... ਯਾਦ ਰੱਖੀਂ... ਗੱਦਾਰੀ ਦੀ ਸਜ਼ਾ ਮੌਤ ਹੁੰਦੀ ਹੈ।''
ਕੁੱਤਾ ਪੂਛਲ ਹਿਲਾਂਦਾ ਰਿਹਾ। ਜਦੋਂ ਉਹ ਚੰਗੀ ਤਰ੍ਹਾਂ ਖਾ ਚੁੱਕਿਆ ਤਾਂ ਸੂਬੇਦਾਰ ਹਿੰਮਤ ਖਾਂ ਨੇ ਰੱਸੀ ਤੋਂ ਫੜ ਕੇ ਉਸਦਾ ਮੂੰਹ ਪਹਾੜੀ ਦੀ ਇਕੋ ਇਕ ਡੰਡੀ ਵੱਲ ਫੇਰਿਆ ਅਤੇ ਕਿਹਾ,
''ਜਾ, ਸਾਡਾ ਖ਼ਤ ਦੁਸ਼ਮਨਾਂ ਤੱਕ ਪਹੁੰਚਾ ਦੇ-ਪਰ ਵੇਖ ਵਾਪਸ ਆ ਜਾਈਂ-ਇਹ ਤੇਰੇ ਅਫ਼ਸਰ ਦਾ ਹੁਕਮ ਏ, ਸਮਝਿਆ?''
ਕੁੱਤੇ ਨੇ ਆਪਣੀ ਪੂਛਲ ਹਿਲਾਈ ਅਤੇ ਹੌਲੀ-ਹੌਲੀ ਡੰਡੀ 'ਤੇ ਤੁਰ ਪਿਆ ਜੋ ਵਲ ਖਾਂਦੀ ਪਹਾੜੀ ਦੇ ਨਾਲ-ਨਾਲ ਘਾਟੀ ਵੱਲ ਜਾਂਦੀ ਸੀ। ਸੂਬੇਦਾਰ ਹਿੰਮਤ ਖ਼ਾਂ ਨੇ ਆਪਣੀ ਬੰਦੂਕ ਚੁੱਕੀ ਅਤੇ ਹਵਾ ਵਿਚ ਇਕ ਫਾਇਰ ਕੀਤਾ।
ਫ਼ਾਇਰ ਦੀ ਆਵਾਜ਼ ਅਤੇ ਉਸ ਦੀ ਗੂੰਜ ਦੂਜੇ ਪਾਸੇ ਭਾਰਤੀਆਂ ਦੇ ਮੋਰਚੇ 'ਚ ਸੁਣੀ ਗਈ। ਇਸ ਦਾ ਮਤਲਬ ਉਨ੍ਹਾਂ ਦੀ ਸਮਝ 'ਚ ਨਾ ਆਇਆ। ਜਮਾਂਦਾਰ ਹਰਨਾਮ ਸਿੰਘ ਪਤਾ ਨਹੀਂ ਕਿਸ ਗੱਲੋਂ ਚਿੜਚਿੜਾ ਹੋਇਆ ਬੈਠਾ ਸੀ। ਇਹ ਆਵਾਜ਼ ਸੁਣ ਕੇ ਹੋਰ ਵੀ ਚਿੜਚਿੜਾ ਹੋ ਗਿਆ। ਉਹਨੇ ਫਾਇਰ ਦਾ ਹੁਕਮ ਦੇ ਦਿੱਤਾ। ਅੱਧੇ ਘੰਟੇ ਤੱਕ ਦੋਹਾਂ ਮੋਰਚਿਆਂ 'ਚੋਂ ਗੋਲੀਆਂ ਚਲਦੀਆਂ ਰਹੀਆਂ। ਜਦੋਂ ਇਸ ਸ਼ੁਗਲ ਤੋਂ ਉਕਤਾ ਗਿਆ ਤਾਂ ਜਮਾਂਦਾਰ ਹਰਨਾਮ ਸਿੰਘ ਨੇ ਫ਼ਾਇਰ ਬੰਦ ਕਰਾ ਦਿੱਤਾ। ਅਤੇ ਦਾੜ੍ਹੀ 'ਚ ਕੰਘਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਲੀ ਵਿਚ ਸਾਰੇ ਵਾਲ ਬੜੇ ਸਲੀਕੇ ਨਾਲ ਜਮਾਏ ਅਤੇ ਬੰਤਾ ਸਿੰਘ ਤੋਂ ਪੁੱਛਿਆ, ''ਓਏ ਬੰਤਾ ਸਿੰਹਾਂ! ਚਪੜ ਝੁਣ ਝੁਣ ਕਿੱਥੇ ਗਿਆ,''
ਬੰਤਾ ਸਿੰਘ ਨੇ ਕਿਹਾ, ''ਕੁੱਤੇ ਨੂੰ ਘਿਓ ਹਜ਼ਮ ਨਹੀਂ ਹੋਇਆ।''
ਬੰਤਾ ਸਿੰਘ ਇਸ ਮੁਹਾਵਰੇ ਦਾ ਅਰਥ ਨਾ ਸਮਝਿਆ, ''ਅਸੀਂ ਤੇ ਉਹਨੂੰ ਘਿਓ ਦੀ ਕੋਈ ਚੀਜ਼ ਨਹੀਂ ਖੁਆਈ ਸੀ।''
ਇਹ ਸੁਣ ਕੇ ਜਮਾਂਦਾਰ ਹਰਨਾਮ ਸਿੰਘ ਜ਼ੋਰ ਨਾਲ ਹੱਸਿਆ, ''ਓਏ ਅਨਪੜ੍ਹਾ! ਤੇਰੇ ਨਾਲ ਗੱਲ ਕਰਨਾ ਪਚਾਨਵੇਂ ਦਾ ਘਾਟਾ ਏ!''
ਇੰਨੇ ਵਿਚ ਉਹ ਸਿਪਾਹੀ, ਜੋ ਪਹਿਰੇ 'ਤੇ ਖਲੋਤਾ ਸੀ ਅਤੇ ਦੂਰਬੀਨ ਲਾ ਕੇ ਇੱਧਰ ਓਧਰ ਵੇਖ ਰਿਹਾ ਸੀ। ਇਕਦਮ ਬੋਲਿਆ, ''ਓਹ-ਓਹ ਆ ਰਿਹਾ ਹੈ!''
ਜਮਾਂਦਾਰ ਹਰਨਾਮ ਸਿੰਘ ਨੇ ਪੁੱਛਿਆ, ''ਕੌਣ?''
ਪਹਿਰੇ ਦੇ ਸਿਪਾਹੀ ਨੇ ਕਿਹਾ, ''ਕੀ ਨਾ ਸੀ ਉਹਦਾ? ... ਚਪੜ ਝੁਣ ਝੁਣ।''
''ਚਪੜ ਝੁਣ ਝੁਣ?'' ਇਹ ਕਹਿ ਕੇ ਹਰਨਾਮ ਸਿੰਘ ਉਠਿਆ, ''ਕੀ ਕਰ ਰਿਹਾ ਏ?''
ਪਹਿਰੇ ਦੇ ਸਿਪਾਹੀ ਨੇ ਕਿਹਾ, ''ਆ ਰਿਹਾ ਏ।''
ਜਮਾਂਦਾਰ ਹਰਨਾਮ ਸਿੰਘ ਨੇ ਉਹਦੇ ਹੱਥੋਂ ਦੂਰਬੀਨ ਲੈ ਲਈ ਅਤੇ ਵੇਖਣਾ ਸ਼ੁਰੂ ਕੀਤਾ। ਇੱਧਰ ਹੀ ਆ ਰਿਹਾ ਏ-ਰੱਸੀ ਬੱਧੀ ਹੋਈ ਏ ਗਲ ਵਿਚ... ਪਰ... ਇਹ ਤਾਂ ਉਧਰੋਂ ਆ ਰਿਹਾ ਹੈ ਦੁਸ਼ਮਣ ਦੇ ਮੋਰਚੇ ਤੋਂ।'' ਇਹ ਕਹਿ ਕੇ ਉਹਨੇ ਕੁੱਤੇ ਦੀ ਮਾਂ ਨੂੰ ਬਹੁਤ ਵੱਡੀ ਗਾਲ੍ਹ ਕੱਢੀ। ਉਹਨੇ ਬੰਦੂਕ ਚੁੱਕੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਨਿਸ਼ਾਨਾ ਉਕ ਗਿਆ। ਗੋਲੀ ਕੁੱਤੇ ਦੇ ਕੁੱਝ ਵਿੱਥ 'ਤੇ ਇਕ ਪੱਥਰ 'ਤੇ ਲੱਗੀ। ਕੁੱਤਾ ਸਹਿਮ ਕੇ ਰੁਕ ਗਿਆ।
ਦੂਜੇ ਮੋਰਚੇ 'ਚੋਂ ਸੂਬੇਦਾਰ ਹਿੰਮਤ ਖਾਂ ਨੇ ਦੂਰਬੀਨ ਲਾ ਕੇ ਵੇਖਿਆ ਕਿ ਕੁੱਤਾ ਪਗਡੰਡੀ 'ਤੇ ਖਲੋਤਾ ਹੈ। ਇਕ ਹੋਰ ਫ਼ਾਇਰ ਹੋਇਆ ਤਾਂ ਉਹ ਦੁੰਮ ਦਬਾ ਕੇ ਉਲਟੇ ਪਾਸੇ ਵੱਲ ਭੱਜਿਆ। ਸੂਬੇਦਾਰ ਹਿੰਮਤ ਖ਼ਾਂ ਦੇ ਮੋਰਚੇ ਵੱਲ। ਉਹਨੇ ਉਚੀ ਸਾਰੀ ਕਿਹਾ, ''ਬਹਾਦਰ ਡਰਿਆ ਨਹੀਂ ਕਰਦੇ.. ਚਲ ਵਾਪਸ'' ਅਤੇ ਉਹਨੇ ਡਰਾਉਣ ਲਈ ਇਕ ਫ਼ਾਇਰ ਕੀਤਾ । ਕੁੱਤਾ ਰੁਕ ਗਿਆ। ਉਧਰੋਂ ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਚਲਾਈ। ਗੋਲੀ ਕੁੱਤੇ ਦੇ ਕੰਨ ਕੋਲੋਂ ਲੰਘ ਗਈ। ਉਹਨੇ ਟੱਪ ਕੇ ਜ਼ੋਰ ਨਾਲ ਦੋਵੇਂ ਕੰਨ ਛਿਣਕੇ। ਉਧਰੋਂ ਸੂਬੇਦਾਰ ਹਿੰਮਤ ਖਾਂ ਨੇ ਦੂਜਾ ਫ਼ਾਇਰ ਕੀਤਾ ਜੋ ਉਹਦੇ ਅਗਲੇ ਪੰਜਿਆਂ ਦੇ ਕੋਲ ਪੱਥਰਾਂ ਵਿਚ ਲੱਗਾ । ਬੁਖਲਾ ਕੇ ਉਹ ਕਦੀ ਇੱਧਰ ਭੱਜਿਆ ਕਦੀ ਓਧਰ। ਉਸ ਦੀ ਇਸ ਬੁਖਲਾਹਟ 'ਚੋਂ ਹਿੰਮਤ ਖਾਂ ਅਤੇ ਹਰਨਾਮ ਸਿੰਘ ਦੋਵੇਂ ਬੜੇ ਖੁਸ਼ ਹੋਏ ਅਤੇ ਉੱਚੀ ਉੱਚੀ ਹਸਦੇ ਰਹੇ। ਕੁੱਤੇ ਨੇ ਜਮਾਦਾਰ ਹਰਨਾਮ ਸਿੰਘ ਦੇ ਮੋਰਚੇ ਵੱਲ ਭੱਜਣਾ ਸ਼ੁਰੂ ਕੀਤਾ। ਉਹ ਨੇ ਇਹ ਵੇਖ ਕੇ ਬੜੇ ਤਾਅ 'ਚ ਆ ਕੇ ਇਕ ਮੋਟੀ ਸਾਰੀ ਗਾਲ੍ਹ ਕੱਢੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਗੋਲੀ ਕੁੱਤੇ ਦੀ ਲੱਤ ਵਿਚ ਵੱਜੀ। ਚੀਕ ਮਾਰ ਕੇ ਉਹਨੇ ਆਪਣਾ ਰੁਖ ਬਦਲਿਆ । ਲੰਗਾਂਦਾ ਲੰਗਾਂਦਾ ਉਹ ਸੂਬੇਦਾਰ ਹਿੰਮਤ ਖਾਂ ਦੇ ਮੋਰਚੇ ਵੱਲ ਭੱਜਣ ਲੱਗਾ ਤਾਂ ਉਧਰੋਂ ਵੀ ਫਾਇਰ ਹੋਇਆ, ਪਰ ਉਹ ਡਰਾਉਣ ਲਈ ਕੀਤਾ ਗਿਆ ਸੀ । ਹਿੰਮਤ ਖਾਂ ਫ਼ਾਇਰ ਕਰ ਕੇ ਉਚੀ ਸਾਰੀ ਬੋਲਿਆ,''ਬਹਾਦਰ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ... ਖੇਡ ਜਾ ਆਪਣੀ ਜਾਨ 'ਤੇ ਜਾਹ.. ਜਾ''
ਕੁੱਤਾ ਫਾਇਰ ਤੋਂ ਘਬਰਾ ਕੇ ਮੁੜਿਆ। ਇਕ ਲੱਤ ਉਹਦੀ ਉਕਾ ਹੀ ਬੇਕਾਰ ਹੋ ਗਈ ਸੀ। ਤਿੰਨ ਲੱਤਾਂ ਦੀ ਮਦਦ ਨਾਲ ਉਹਨੇ ਆਪਣੇ ਆਪ ਨੂੰ ਕੁੱਝ ਕਦਮ ਦੂਜੇ ਪਾਸੇ ਵੱਲ ਘਸੀਟਿਆ ਕਿ ਜਮਾਂਦਾਰ ਹਰਨਾਮ ਸਿੰਘ ਨੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾਈ ਜਿਸ ਨਾਲ ਉਹ ਉਥੇ ਹੀ ਢੇਰੀ ਹੋ ਗਿਆ।
ਸੂਬੇਦਾਰ ਹਿੰਮਤ ਖਾਂ ਨੇ ਦੁੱਖ ਨਾਲ ਕਿਹਾ, ''ਚ,ਚ.. ਸ਼ਹੀਦ ਹੋ ਗਿਆ ਵਿਚਾਰਾ।''
ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਦੀ ਗਰਮ ਗਰਮ ਨਾਲੀ ਆਪਣੇ ਹੱਥ 'ਚ ਲਈ ਅਤੇ ਕਿਹਾ, ''ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ।''

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ