Thanda Sharif Aadmi : Harishankar Parsai

ਠੰਡਾ ਸ਼ਰੀਫ ਆਦਮੀ (ਵਿਅੰਗ) : ਹਰੀਸ਼ੰਕਰ ਪਰਸਾਈ

ਮੇਰਾ ਤੇ ਉਹਦਾ ਇੱਕੋ ਰਾਹ ਹੈ ਉਹ ਜਿੱਧਰੋਂ ਆਉਂਦਾ ਹੈ ਮੈਂ ਉੱਧਰ ਜਾਂਦਾ ਹਾਂ। ਕਈ ਸਾਲਾਂ ਤੋਂ ਸਾਡਾ ਸਾਹਮਣਾ ਹੋ ਰਿਹਾ ਹੈ। ਪਹਿਲਾਂ ਪਹਿਲ ਉਹ ਚਲਦੇ-ਚਲਦੇ ਪੁੱਛਦਾ ਸੀ, “ਸਭ ਠੀਕ ਹੈ?” ਮੈਂ ਜੇ ਸਵਾਲ ਦੇ ਨਾਲ਼ ਹੀ ਜਵਾਬ ਨਾ ਦਾਗ਼ਦਾ ਤਾਂ ਉਹ ਅੱਗੇ ਲੰਘ ਜਾਂਦਾ ਤੇ ਮੇਰਾ ਜੁਆਬ ਉਹਦੇ ਸਾਇਕਲ ਦੇ ਪਿਛਲੇ ਚੱਕੇ ਨਾਲ਼ ਟਕਰਾ ਕੇ ਰਹਿ ਜਾਂਦਾ। ਮੈਂ ਸਾਵਧਾਨੀ ਵਰਤਣ ਲੱਗਿਆ। ਉਹਨੂੰ ਦੇਖਦੇ ਹੀ ਜਵਾਬ ਵਗਾਹ ਮਾਰਦਾ, “ਸਭ ਠੀਕ ਹੈ।” ਇਹ ਉਹਦੇ ਸਵਾਲ ਨਾਲ਼ ਟਕਰਾ ਜਾਂਦਾ।

ਫੇਰ ਉਹਨੇ ਸੋਚਿਆ ਹੋਣਾ ਕਿ ਪੂਰੇ ਸਵਾਲ ਵਿੱਚ ਬਹੁਤ ਵਕਤ ਲੱਗ ਜਾਂਦਾ ਹੈ। ਉਹਨੇ ਸਿਰਫ ਇੱਕ ਸ਼ਬਦ ਲੈ ਲਿਆ। ਉਹ ਪੁੱਛਦਾ, “ਠੀਕ”? ਮੈਂ ਕਾਹਲ਼ੀ ਨਾਲ਼ ਜੁਆਬ ਦਿੰਦਾ, “ਠੀਕ।” ਉਦੋਂ ਤੱਕ ਉਹ ਅੱਗੇ ਲੰਘ ਜਾਂਦਾ।

ਫੇਰ ਉਹਨੇ ਸੋਚਿਆ ਕਿ ‘ਠੀਕ’ ਵਿੱਚ ਜੋ ਬਿਹਾਰੀ ਦੀ ਮਾਤਰਾ ਹੈ ਉਹ ਵੱਧ ਸਮਾਂ ਲੈਂਦੀ ਹੈ, ਉਹਨੇ ਇਸਨੂੰ ਸਿਹਾਰੀ ’ਚ ਬਦਲ ਲਿਆ। ਉਹ ਪੁੱਛਦਾ, “ਠਿਕ”? ਮੈਂ ਕਹਿੰਦਾ “ਠਿਕ।” ਮੈਨੂੰ ਉਹ ਕਦੇ ਦਿਸਦਾ ਨਹੀਂ ਸੀ ਪਰ ਅਚਾਨਕ ਕੰਨ ’ਚ ਅਵਾਜ਼ ਵੱਜਦੀ ਸੀ, “ਠਿਕ?” ਤੇ ਮੈਂ ਫੌਰਨ ਬਿਨਾਂ ਦੇਖੇ ਕਾਹਲ਼ੀ ਦੇ ਖਿਆਲ ਨਾਲ਼ “ਠਿਕ” ਕਹਿ ਦਿੰਦਾ।

ਅੱਗੇ ਉਹਨੇ ‘ਠਿਕ’ ਨੂੰ ਵੀ ਫਾਲਤੂ ਸਮਝਿਆ। ਸਾਡੇ ਸਵਾਲ-ਜਵਾਬ ਇੰਨੇ ਪੱਕੇ ਹੋ ਗਏ ਕਿ ਇਸ਼ਾਰਿਆਂ ਨਾਲ਼ ਕੰਮ ਚੱਲ ਸਕਦਾ ਸੀ। ਹੁਣ ਉਹ ਮੈਨੂੰ ਦੇਖਕੇ ਸਿਰਫ ਮੁਸਕਰਾਉਂਦਾ ਹੈ, ਇੱਕ ਹੱਥ ਫੈਲਾ ਕੇ ਮੋਢੇ ਤੱਕ ਲਿਜਾਂਦਾ ਹੈ ਤੇ ਪੰਜੇ ਨੂੰ ਭੋਰਾ ਕੁ ਹਿਲਾਉਂਦਾ ਹੈ। ਇਸ ਇਸ਼ਾਰੇ ਵਿੱਚ ‘ਨਮਸਤੇ’ ਵੀ ਹੈ ਤੇ ‘ਸਭ ਠੀਕ ਹੈ’ ਵੀ।

ਇਸਦਾ ਇਹ ਮਤਲਬ ਨਹੀਂ ਕਿ ਉਹ ਬਹੁਤ ਕਾਹਲ਼ੀ ਵਿੱਚ ਹੁੰਦਾ ਹੈ। ਨਹੀਂ, ਉਹ ਹੌਲ਼ੀ-ਹੌਲ਼ੀ ਤੁਰਦਾ ਹੈ, ਪਰ ਉਹਨੂੰ ਵਿਹਲ ਨਹੀਂ ਹੁੰਦੀ। ਇਹ ਵੀ ਨਹੀਂ ਕਿ ਵਕਤ ਦੀ ਘਾਟ ਹੈ। ਉਹ ਘਰੋਂ ਕਿਸੇ ਥਾਂ ਜਾਣ ਲਈ ਨਿੱਕਲ਼ਿਆ ਹੈ, ਉਹਨੂੰ ਲੱਗ ਰਿਹਾ ਹੈ ਕਿ ਉਹ ਥਾਂ ਮੇਰੇ ਅੱਗੇ-ਅੱਗੇ ਚੱਲ ਰਹੀ ਹੈ, ਮੈਂ ਉਹਨੂੰ ਫੜਨਾ ਹੈ। ਪਰ ਉਹ ਕੋਈ ਆਹਟ ਵੀ ਨਹੀਂ ਕਰਦਾ, ਕਿਧਰੇ ਮੰਜ਼ਿਲ ਭੱਜ ਨਾ ਜਾਵੇ। ਮੰਜ਼ਿਲ ਉੱਪਰ ਨਜ਼ਰ ਰੱਖਣੀ ਹੈ ਇਸ ਲਈ ਰਾਹ ’ਚ ਕਿਧਰੇ ਰੁਕਦਾ ਨਹੀਂ, ਆਪਣੀ ਧੁਨ ’ਚ ਮਗਨ ਤੁਰਿਆ ਜਾਂਦਾ ਹੈ। ਉਹਦੇ ਬੁੱਲ੍ਹਾਂ ਕੋਲ਼ ਕੰਨ ਲਿਜਾਓ ਤਾਂ ‘ਸਰ-ਸਰ’ ਸੁਣਾਈ ਦੇਵੇਗਾ। ਕੁੱਝ ਭਗਤ ‘ਰਾਮ-ਰਾਮ’ ਬੁੜਬੁੜਾਉਂਦੇ ਚੱਲਦੇ ਹਨ ਕਿਉਂਕਿ ਉਹਨਾਂ ਦਾ ‘ਸਰ’ ਰਾਮ ਹੁੰਦਾ ਹੈ। ਇਕਾਗਤਰਤਾ ਨਾਲ਼ ਉਹ ਉਹਨਾਂ ਗੱਲਾਂ ਨੂੰ ਬੁੜਬੁੜਾਉਂਦਾ ਤੁਰਦਾ ਹੈ ਜੋ ਉਹਨੇ ਕਿਸੇ ਨੂੰ ਕਹਿਣੀਆਂ ਹੁੰਦੀਆਂ ਹਨ। ਆਸ-ਪਾਸ ਕੀ ਹੋ ਰਿਹਾ ਹੈ, ਉਸ ਨਾਲ਼ ਉਹਨੂੰ ਕੋਈ ਸਰੋਕਾਰ ਨਹੀਂ। ਜੇ ਮੌਕੇ ’ਤੇ ਉਹਨੂੰ ਮੇਰੀ ਲੋੜ ਨਾ ਹੋਵੇ ਤਾਂ ਉਹ ਮੇਰੇ ਲਈ ਰੁਕੇਗਾ ਨਹੀਂ। ਸੜਕ ’ਤੇ ਹਾਦਸਾ ਹੋ ਗਿਆ ਤੇ ਕੋਈ ਬੰਦਾ ਕੁਚਲ਼ਿਆ ਪਿਆ ਹੈ ਤਾਂ ਉਹ ਬਿਨ੍ਹਾਂ ਧਿਆਨ ਦਿੱਤੇ ਕਿਨਾਰੇ ਹੋਕੇ ਲੰਘ ਜਾਵੇਗਾ। ਉਹਨੂੰ ਅਹਿਸਾਸ ਹੈ ਕਿ ਕੁਚਲ਼ਿਆ ਗਿਆ ਆਦਮੀ ਮੈਂ ਖੁਦ ਨਹੀਂ ਹਾਂ। ਕੋਈ ਜਲੂਸ ਨਿੱਕਲ਼ਦਾ ਹੋਵੇ ਤਾਂ ਉਹਨੂੰ ਇਹ ਜਾਨਣ ਦੀ ਉਤਸੁਕਤਾ ਹੀ ਨਹੀਂ ਹੁੰਦੀ ਕਿ ਕਿਹਨਾਂ ਦਾ ਜਲੂਸ ਨਿੱਕਲ਼ ਰਿਹਾ ਹੈ ਤੇ ਕਿਉਂ ਨਿੱਕਲ਼ ਰਿਹਾ ਹੈ? ਉਹ ਖੁਦ ਜਲੂਸ ਵਿੱਚ ਨਹੀਂ ਹੈ ਤਾਂ ਉਹਨੂੰ ਕੀ ਮਤਲਬ! ਚੌਂਕ ਵਿੱਚ ਨਾਚ ਹੋ ਰਿਹਾ ਹੋਵੇ ਤਾਂ ਉਹ ਧਿਆਨ ਨਹੀਂ ਦੇਵੇਗਾ। ਨਾ ਉਹ ਨਾਚੀ ਹੈ ਤੇ ਨਾ ਦਰਸ਼ਕ। ਦੋ ਵਿਅਕਤੀਆਂ ਵਿੱਚ ਕੁੱਟ-ਮਾਰ ਹੋ ਰਹੀ ਹੈ ਤਾਂ ਵੀ ਉਹਨੂੰ ਕੋਈ ਮਤਲਬ ਨਹੀਂ, ਦੋਵਾਂ ਵਿੱਚੋਂ ਕੋਈ ਵੀ ਉਹ ਨਹੀਂ ਹੈ।

ਦੁਨੀਆਂ ਵਿੱਚ ਜੋ ਕੁੱਝ ਵੀ ਹੈ ਉਸਨੂੰ ਉਹਨੇ ਦੋ ਹਿੱਸਿਆਂ ਵਿੱਚ ਵੰਡ ਲਿਆ ਹੈ – ਆਪਣੇ ਮਤਲਬ ਦਾ ਤੇ ਆਪਣੇ ਮਤਲਬ ਦਾ ਨਹੀਂ। ਜਿਸ ਚੀਜ਼ ਨਾਲ਼ ਉਸਨੂੰ ਕੋਈ ਲਾਭ-ਹਾਨੀ ਨਹੀਂ ਹੁੰਦੀ ਉਸਦਾ ਉਹਦੇ ਲਈ ਕੋਈ ਅਰਥ ਨਹੀਂ। ਇੱਕ ਦਿਨ ਅਸੀਂ ਵੀਅਤਨਾਮ ’ਤੇ ਬੰਬਾਰੀ ਦੀ ਚਰਚਾ ਕਰ ਰਹੇ ਸੀ। ਸਭ ਫਿਕਰਮੰਦ ਤੇ ਉਤੇਜਿਤ ਸਨ। ਉਹ ਕਿਸੇ ਕੰਮ ਲਈ ਆਇਆ ਸੀ, ਇਸ ਲਈ ਬੈਠਾ ਸੀ, ਪਰ ਕੁੱਝ ਸੁਣ ਨਹੀਂ ਸੀ ਰਿਹਾ। ਬੈਠਾ ਕੋਈ ਹਿਸਾਬ-ਕਿਤਾਬ ਲਾ ਰਿਹਾ ਸੀ। ਵੀਅਤਨਾਮ ਦੀ ਗੱਲ ਛਿੜਦਿਆਂ ਹੀ ਉਹਨੇ ਸੋਚ ਲਿਆ ਹੋਣਾ ਕਿ ਮੇਰੇ ਉੱਪਰ ਤਾਂ ਬੰਬ ਨਹੀਂ ਡਿੱਗ ਰਹੇ, ਫਿਰ ਕਿਉਂ ਮਗਜ਼ ਖਪਾਈ ਕੀਤੀ ਜਾਵੇ? ਇੱਕ ਦਿਨ ਬਿਹਾਰ ਦੇ ਅਕਾਲ ਪੀੜਤ ਲੋਕਾਂ ਲਈ ਅਸੀ ਪੈਸੇ ਇਕੱਠੇ ਕਰ ਰਹੇ ਸੀ। ਉਹਨੂੰ ਕਿਹਾ ਤਾਂ ਉਹਨੇ ਜੁਆਬ ਦਿੱਤਾ, “ਕਿਉਂ ਮਜ਼ਾਕ ਕਰਦੇ ਓਂ! ਅਕਾਲ ਤਾਂ ਬਿਹਾਰ ’ਚ ਪਿਆ ਤੇ ਪੈਸੇ ਇੱਥੇ ’ਕੱਠੇ ਕਰੀ ਜਾਨੇ ਓਂ!” ਉਹਨੂੰ ਪਤਾ ਸੀ ਕਿ ਉਹ ਖੁਦ ਬਿਹਾਰ ਵਿੱਚ ਨਹੀਂ ਹੈ ਤੇ ਭੁੱਖਾ ਨਹੀਂ ਮਰ ਰਿਹਾ। ਫਿਰ ਉਹਨੂੰ ਕੀ ਮਤਲਬ ਕਿ ਉੱਥੇ ਕੋਈ ਭੁੱਖਾ ਮਰ ਰਿਹਾ ਹੈ! ਅਸੀਂ ਗੱਲ ਕਰ ਰਹੇ ਹਾਂ ਕਿ ਸਰਹੱਦ ’ਤੇ ਪਾਕਿਸਤਾਨ ਦੀਆਂ ਫੌਜਾਂ ਘੁਸਪੈਠ ਕਰ ਰਹੀਆਂ ਹਨ ਤੇ ਕਿਸੇ ਵੀ ਪਲ ਯੁੱਧ ਛਿੜ ਸਕਦਾ ਹੈ। ਉਹ ਚੁੱਪ ਬੈਠਾ ਹੈ, ਕੁੱਝ ਸੋਚ ਰਿਹਾ ਹੈ। ਅਚਾਨਕ ਉਹਨੂੰ ਲਗਦਾ ਹੈ ਕਿ ਉਹ ਬੜੀ ਦੇਰ ਤੋਂ ਚੁੱਪ ਬੈਠਾ ਹੈ, ਕੁੱਝ ਬੋਲਣਾ ਫਰਜ ਹੈ। ਉਹ ਬੋਲਦਾ ਹੈ, “ਕੱਲ ਸਾਡੇ ਸਰਕੂਲਰ ਆਇਆ ਹੈ ਕਿ ਜਿਹਨਾਂ ਦਾ ਬੀਮਾ ਨਹੀਂ ਹੋਇਆ ਜਲਦੀ ਕਰਵਾ ਲੈਣ।” ਉਹਨੇ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲ਼ੇ ਆਪਣਾ ਸਰਕੂਲਰ ਵਾੜ ਕੇ ਫੌਰਨ ਯੁੱਧਬੰਦੀ ਕਰਵਾ ਦਿੱਤੀ।

ਉਂਝ ਉਹ ਬੋਲਦਾ ਬਹੁਤ ਘੱਟ ਹੈ। ਕਰੀਬ ਘੰਟਾ ਕੋਲ਼ ਬੈਠਾ ਰਹੇਗਾ, ਪਰ ਉਸਦੀਂ ਹੋਂਦ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਉੱਠ ਕੇ ਜਾਣ ਲਗਦਾ ਹੈ। ਬਹੁਤ ਲੋਕ ਬਿਨਾਂ ਆਹਟ ਕੀਤੇ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਉਹ ਆਸ-ਪਾਸ ਹੋਣਗੇ, ਪਰ ਉਹਨਾਂ ਦੀ ਆਹਟ ਨਹੀਂ ਹੋਵੇਗੀ। ਇਹ ਬੰਦਾ ਤੁਰਦਾ ਹੈ ਤਾਂ ਪੈਰਾਂ ਦੀ ਆਹਟ ਨਹੀਂ ਹੁੰਦੀ। ਸਾਈਕਲ ਦੀ ਸਵਾਰੀ ਕਰਦਾ ਹੈ ਤਾਂ ਇੰਝ ਜਿਵੇਂ ਮੱਛੀ ਤੈਰ ਰਹੀ ਹੋਵੇ। ਗੱਲ ਬਹੁਤ ਹੌਲ਼ੀ ਕਰਦਾ ਹੈ। ਕੋਈ ਹੱਸਣ ਵਾਲ਼ੀ ਗੱਲ ਹੋਵੇ ਤਾਂ ਇੰਨੇ ਕੁ ਬੁੱਲ੍ਹ ਖੋਲ੍ਹ ਦਿੰਦਾ ਹੈ ਕਿ ਦੋ-ਤਿੰਨ ਦੰਦ ਦਿਸ ਜਾਣ।

ਉਹ ਅਜਿਹੇ ਸਭ ਪ੍ਰਸੰਗ ਟਾਲ਼ਦਾ ਹੈ ਜਿਹਨਾਂ ਨਾਲ਼ ਆਹਟ ਹੋਵੇ। ਗੁੱਸੇ ਨਾਲ਼ ਬਹੁਤ ਆਹਟ ਹੁੰਦੀ ਹੈ, ਇਸ ਕਰਕੇ ਉਹ ਗੁੱਸਾ ਨਹੀਂ ਕਰਦਾ। ਇੱਕ ਦਿਨ ਮੈਂ ਕਿਹਾ, “ਸ਼੍ਰੀਧਰ ਤੇਰੇ ਬਾਰੇ ਬਹੁਤ ਬੁਰਾ-ਭਲਾ ਬੋਲਦਾ ਹੈ।” ਉਸਨੇ ਕਿਹਾ, “ਬੋਲਣ ਦਿਉ। ਆਪਾਂ ਤਾਂ ‘ਅਡਜਸਟ’ ਕਰਕੇ ਚਲਦੇ ਆਂ।” ਉਹਦਾ ਬੌਸ ਉਹਦੇ ਵਤੀਰੇ ਤੋਂ ਨਾਖੁਸ਼ ਸੀ। ਪਰ ਉਹ ਕਹਿੰਦਾ, “ਸਭ ਠੀਕ ਆ। ਆਪਾਂ ਤਾਂ ‘ਅਡਜਸਟ’ ਕਰਕੇ ਚਲਦੇ ਆਂ।” ਕੋਈ ਸਾਹਮਣੇ ਉਹਦੀ ਬੇਇੱਜ਼ਤੀ ਕਰ ਦੇਵੇ ਤਾਂ ਉਹ ਮੂੰਹ ਘੁਮਾ ਕੇ ‘ਅਡਜਸਟ’ ਕਰ ਲੈਂਦਾ ਹੈ। ਜੇ ਕਦੇ ਕੋਈ ਉਹਨੂੰ ਖ਼ਬਰ ਦੇਵੇ ਕਿ ਫਲਾਨਾ ਬੰਦਾ ਤੇਰੀ ਘਰਵਾਲ਼ੀ ਨੂੰ ਭਜਾ ਕੇ ਲੈ ਗਿਆ ਤਾਂ ਉਹ ਹੌਲ਼ੀ ਜਿਹੇ ਆਖੇਗਾ, “ਲੈ ਜਾਣ ਦਿਉ। ਆਪਾਂ ਤਾਂ ‘ਅਡਜਸਟ’ ਕਰਕੇ ਚਲਦੇ ਆਂ।”

ਉਹਦੀ ਕੋਈ ਆਹਟ ਨਹੀਂ ਹੁੰਦੀ, ਪਰ ਉਹਨੂੰ ਸਫਲਤਾ ਮਿਲ਼ਦੀ ਜਾਂਦੀ ਹੈ। ਇੱਕ ਤੋਂ ਬਾਅਦ ਇੱਕ ਪ੍ਰਾਪਤੀ ਉਹਨੂੰ ਹਾਸਲ ਹੁੰਦੀ ਜਾਂਦੀ ਹੈ। ਉਹਦੀ ਗੱਲ ਸੋਚਦਾ ਹਾਂ ਤਾਂ ਮੈਨੂੰ ਬਿੱਲੀ ਦੀ ਯਾਦ ਆਉਂਦੀ ਹੈ। ਉਹ ਕਮਰੇ ਵਿੱਚ ਬਿੱਲੀ ਬਿਨ੍ਹਾਂ ਆਹਟ ਕੀਤੇ ਘੰਟਿਆਂ ਬੱਧੀ ਬੈਠੀ ਰਹਿੰਦੀ ਹੈ। ਉਹਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਝਪੱਟਾ ਮਾਰ ਕੇ ਚੂਹੇ ਨੂੰ ਫੜ ਲੈਂਦੀ ਹੈ। ਚੌਲਾਂ ਦਾ ਪਰਮਿਟ ਲੈਣ ਲਈ ਹਜ਼ਾਰਾਂ ਦਰਖ਼ਾਸਤਾਂ ਦਫ਼ਤਰ ਵਿੱਚ ਜਮ੍ਹਾ ਹਨ। ਲੋਕ ਹਫਤਿਆਂ ਤੋਂ ਗੇੜੇ ਮਾਰ ਰਹੇ ਹਨ। ਪਤਾ ਨਹੀਂ ਕਿਵੇਂ ਉਹਦੀ ਦਰਖ਼ਾਸਤ ਘਿਸਰ ਕੇ ਉੱਪਰ ਆ ਜਾਂਦੀ ਹੈ ਤੇ ਉਹਨੂੰ ਪਰਮਿਟ ਮਿਲ਼ ਜਾਂਦਾ ਹੈ। ਇੱਕ ਕਮੇਟੀ ਦੀ ਮੈਂਬਰਸ਼ਿਪ ਲਈ ਨਾਮਜ਼ਾਦਗੀ ਹੁੰਦੀ ਹੈ। ਵੱਡੇ ਨਾਮਾਂ ਦੀ ਚਰਚਾ ਹੋ ਰਹੀ ਹੈ, ਇੱਕ ਦਿਨ ਸੁਣਦੇ ਹਾਂ ਕਿ ਉਹ ਨਾਮਜ਼ਾਦ ਹੋ ਗਿਆ। ਉਹਨੂੰ ਸਨਮਾਨ ’ਤੇ ਸਨਮਾਨ ਮਿਲ਼ਦੇ ਹਨ। ਚੰਗੇ ਤੋਂ ਚੰਗੇ ਗ੍ਰੰਥਾਂ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ, ਇਨਾਮਾਂ ਦਾ ਐਲਾਨ ਹੁੰਦਾ ਹੈ ਤਾਂ ਉਹਨਾਂ ਵਿੱਚ ਉਹਦਾ ਨਾਮ ਹੁੰਦਾ ਹੈ।

ਬਿਨਾਂ ਆਹਟ ਤੋਂ ਉਹ ਚੂਹੇ ਫੜਦਾ ਜਾਂਦਾ ਹੈ ਤੇ ਉਸਤੋਂ ਬਾਅਦ ਇੰਝ ਸੁੰਗੜ ਕੇ ਬੈਠ ਜਾਂਦਾ ਹੈ ਕਿ ਕਿਸੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਵੀ ਇਸ ਦੁਨੀਆਂ ਵਿੱਚ ਹੈ। ਜਦੋਂ ਕੋਈ ਨਵੀਂ ਸਫਲਤਾ ਉਹਨੂੰ ਮਿਲ਼ਦੀ ਹੈ ਤਾਂ ਉਹ ਹੱਥ ਦਾ ਇਸ਼ਾਰਾ ਕਰਕੇ ਨਹੀਂ ਭੱਜਦਾ। ਉਹ ਰੁਕ ਜਾਂਦਾ ਹੈ। ਮੈਂ ਸਮਝ ਜਾਂਦਾ ਹਾਂ ਕਿ ਜਾਂ ਤਾਂ ਉਹਨੇ ਮੈਥੋਂ ਕੋਈ ਕੰਮ ਕਰਵਾਉਣਾ ਹੈ ਜਾਂ ਫੇਰ ਕਿਸੇ ਨਵੀਂ ਸਫਲਤਾ ਦੀ ਸੂਚਨਾ ਦੇਣੀ ਹੈ। ਜੇ ਉਹਦੇ ਚਿਹਰੇ ’ਤੇ ਭੋਰਾ ਵੱਧ ਮੁਸਕਾਨ ਹੈ ਤਾਂ ਜਰੂਰ ਉਹਨੇ ਕੋਈ ਨਵਾਂ ਚੂਹਾ ਫੜ ਲਿਆ ਹੈ। ਉਹਦੀ ਮੁਸਕਾਨ ਬਹੁਤ ਠੰਢੀ ਹੁੰਦੀ ਹੈ। ਸਗੋਂ ਪੂਰੀ ਸਖਸ਼ੀਅਤ ਹੀ ਬਰਫ ਤੋਂ ਬਣੀ ਹੋਈ ਹੈ। ਮੈਨੂੰ ਲੱਗਦਾ ਹੈ ਜਿਵੇਂ ਚਾਰੇ ਪਾਸਿਓਂ ਮੈਨੂੰ ਬਰਫ ਘੇਰ ਰਹੀ ਹੋਵੇ। ਮੈਂ ਭੱਜਣਾ ਚਾਹੁੰਦਾ ਹਾਂ, ਪਰ ਉਹ ਮੈਨੂੰ ਫੜ ਲੈਂਦਾ ਹੈ।

“ਕੀ ਹਾਲ-ਚਾਲ ਹੈ?” ਉਹ ਪੁੱਛਦਾ ਹੈ।

ਇਹ ਸਵਾਲ ਕੋਈ ਜਵਾਬ ਨਹੀਂ ਮੰਗਦਾ। ਉਹਨੂੰ ਕਿਸੇ ਦੇ ਹਾਲ ਨਾਲ਼ ਕੋਈ ਮਤਲਬ ਨਹੀਂ ਹੈ। ਮੈਂ ਜੇ ਉਹਨੂੰ ਕਹਿ ਵੀ ਦਿਆਂ ਕਿ ਮੈਨੂੰ ਹੁਣੇ ਦਿਲ ਦਾ ਦੌਰਾ ਪਿਆ ਸੀ, ਤਾਂ ਉਹ ਕਹੇਗਾ, “ਅੱਛਾ!” ਜਾਂ ਕਹਿ ਦੇਵਾਂ ਕਿ ਮੈਨੂੰ ਨੋਬਲ ਪੁਰਸਕਾਰ ਮਿਲ਼ ਗਿਆ ਹੈ ਤਾਂ ਵੀ ਉਹ ਕਹੇਗਾ, “ਅੱਛਾ?” ਮੇਰੀਆਂ ਇਹਨਾਂ ਦੋਵੇਂ ਹਾਲਤਾਂ ਨੂੰ ਉਹ ‘ਅੱਛਾ’ ਕਹਿ ਕੇ ਟਾਲ਼ ਦੇਵੇਗਾ। ਉਹ ਜਾਣਦਾ ਹੈ ਕਿ ਨਾ ਉਹਨੂੰ ਦਿਲ ਦਾ ਦੌਰਾ ਪਿਆ ਹੈ ਤੇ ਨਾ ਹੀ ਉਹਨੂੰ ਨੋਬਲ ਪੁਰਸਕਾਰ ਮਿਲ਼ਿਆ ਹੈ। ਉਹ ਤਾਂ ਆਪਣੀ ਕਿਸੇ ਨਵੀਂ ਪ੍ਰਾਪਤੀ ਬਾਰੇ ਦੱਸਣ ਲਈ ਰੁਕਿਆ ਹੈ। ਉਹ ਘਰੋਂ ਤੈਅ ਕਰਕੇ ਚੱਲਿਆ ਹੋਵੇਗਾ ਕਿ ਅੱਜ ਇਹਨਾਂ-ਇਹਨਾਂ ਵਿਅਕਤੀਆਂ ਨੂੰ ਦੱਸਣਾ ਹੈ। ਕਿਸੇ ਦੀ ਜ਼ਿੰਦਗੀ ਵਿੱਚ ਦਿਲਚਸਪੀ ਲੈਕੇ ਉਹ ਕੁਰਾਹੇ ਨਹੀਂ ਪੈਂਦਾ। ਤੈਅ ਕੀਤੇ ਵਿਅਕਤੀਆਂ ਨਾਲ਼ ਗੱਲ ਕਰਕੇ ਉਹ ਘਰ ਮੁੜ ਜਾਵੇਗਾ।

“ਕੀ ਹਾਲ-ਚਾਲ ਹੈ?” ਕਹਿ ਕੇ ਕੁੱਝ ਵੱਧ ਮੁਸਕਰਾਏਗਾ। ਫੇਰ ਕਹੇਗਾ, “ਉਸ ਕਮੇਟੀ ’ਚ ਆਪਣੀ ਨਾਮਜ਼ਾਦਗੀ ਹੋ ਗਈ। ਬਹੁਤ ਲੋਕ ਕੋਸ਼ਿਸ਼ ਕਰ ਰਹੇ ਸੀ।”

ਮੈਂ ਕਹਾਂਗਾ, “ਬੜੀ ਖੁਸ਼ੀ ਹੋਣੀ ਸੁਣਕੇ। ਇਹ ਤਾਂ ਮਾਣ ਵਾਲ਼ੀ ਗੱਲ ਹੈ।”

ਉਹ ਕਹੇਗਾ, “ਆਪਾਂ ਤਾਂ ਇਉਂ ਸੋਚਦੇ ਆਂ ਕਿ ਕਮੇਟੀ ਵਿੱਚ ਦਸ ਵੱਡੇ ਲੋਕਾਂ ਨਾਲ਼ ਮੇਲ਼-ਜੋਲ਼ ਹੋਊ। ਇਸ ਨਾਲ਼ ਕੁੱਝ ਫੈਦਾ ਹੋਜੂ।”

ਫਾਇਦਾ ਦੱਸਕੇ ਉਹ ਕਹੇਗਾ, “ਅੱਛਾ ਜਾਵਾਂ? ਹੋਰ ਸਭ ਤਾਂ ਠੀਕ ਆ!”

ਆਪਣੇ ਆਪ ਨੂੰ ਭਾਵੁਕ ਤੌਰ ’ਤੇ ਕਿਸੇ ਵੀ ਵਿਅਕਤੀ ਨਾਲ਼ ਜੋੜੇ ਬਿਨਾਂ ਸਭ ਨਿਭਾਉਂਦਾ ਜਾਂਦਾ ਹੈ। ਇਹ ਉਹਦੇ ਲਈ ਓਨਾ ਹੀ ਨਿਰਜੀਵ ਹੈ ਜਿੰਨਾ ਪੱਥਰ, ਜੇ ਉਹ ਕੋਈ ਫਾਇਦਾ ਪਹੁੰਚਾ ਸਕਦਾ ਹੈ ਤਾਂ ਉਹਨੂੰ ਰੋਜ਼ ਘਰੇ ਜਾਕੇ ਮਿਲ਼ੇਗਾ। ਠੰਡੇ ਰਸਮੀਪੁਣੇ ’ਚ ਜਦੋਂ ਉਹ ਭਾਵਨਾ ਦੀ ਗਰਮੀ ਭਰਨ ਦਾ ਨਾਟਕ ਕਰਦਾ ਹੈ ਤਾਂ ਬਹੁਤ ਕਚਿਆਣ ਆਉਂਦੀ ਹੈ। ਉਦੋਂ ਉਹਨੂੰ ਸਹਿਆ ਨਹੀਂ ਜਾ ਸਕਦਾ।

ਮੇਰੇ ਇੱਕ ਮਿੱਤਰ ਕੋਲ਼ੋਂ ਉਹਨੇ ਕੋਈ ਕੰਮ ਕਰਵਾਉਣਾ ਸੀ। ਉਹ ਇੱਕ ਦਿਨ ਅਚਾਨਕ ਬਿਮਾਰ ਪੈ ਗਏ। ਉਹਨੂੰ ਪਤਾ ਲੱਗ ਤਾਂ ਉਹਨੇ ਸੋਚਿਆ ਹੋਊ ਕਿ ਜਿਸ ਬੰਦੇ ਨੂੰ ਖੁਸ਼ ਰੱਖਣਾ ਹੈ, ਉਹਦੀ ਬਿਮਾਰੀ ਵਿੱਚ ਰੋਜ਼ ਉਸਨੂੰ ਮਿਲਣ ਜਾਣਾ ਚਾਹੀਦਾ ਹੈ। ਉਹ ਰੋਜ ਸ਼ਾਮ ਨੂੰ ਮਿਲਣ ਜਾਣ ਲੱਗਿਆ। ਮੈਂ ਵੀ ਸ਼ਾਮ ਨੂੰ ਉੱਥੇ ਹੁੰਦਾ ਅਤੇ ਮੈਂ ਰੋਜ ਉਸ ਬੰਦੇ ਦਾ ਵਤੀਰਾ ਦੇਖਦਾ। ਅਜਿਹਾ ਲਗਦਾ ਹੈ ਕਿ ਉਸਨੇ ਬਿਮਾਰ ਪ੍ਰਤੀ ਫਰਜਾਂ ਨੂੰ ਸੂਤਰਾਂ ’ਚ ਘੜ ਲਿਆ ਹੈ – ਫਿਕਰਮੰਦੀ ਜ਼ਾਹਿਰ ਕਰਨੀ, ਆਪਣੀ ਪੀੜਦਾਈ ਪ੍ਰਤੀਕਿਰਿਆ ਦੱਸਣਾ, ਵਰਤਮਾਨ ਹਾਲਤ ਪੁੱਛਣਾ ਅਤੇ ਕੁੱਝ ਸਲਾਹ ਦੇਣਾ।

ਇਹਨਾਂ ਚਾਰਾਂ ਸਥਿਤੀਆਂ ਵਿੱਚੋਂ ਉਹ ਸਫਾਈ ਨਾਲ਼ ਗੁਜਰਦਾ। ਕਮਰੇ ਵਿੱਚ ਫਿਕਰਮੰਦੀ ਧਾਰਨ ਕਰਕੇ ਵੜਦਾ ਅਤੇ ਕੁੱਝ ਦੇਰ ਉਸੇ ਤਰ੍ਹਾਂ ਮੂੰਹ ਲਟਕਾਈ ਬੈਠਾ ਰਹਿੰਦਾ, ਜਿਵੇਂ ਬਿਮਾਰ ਮਰਨ ਵਾਲ਼ਾ ਹੋਵੇ।

ਇਸਤੋਂ ਬਾਅਦ ਘੜੇ-ਘੜਾਏ ਸਵਾਲ਼ਾਂ ਵਿੱਚ ਹਾਲਚਾਲ ਪੁੱਛਣਾ:

“ਹੁਣ ਬੁਖਾਰ ਕਿਵੇਂ ਹੈ?”

“ਢਿੱਡ ਦਾ ਦਰਦ ਬੰਦ ਹੋਇਆ?”

“ਰਾਤ ਨੂੰ ਨੀਂਦ ਤਾਂ ਠੀਕ ਆ ਗਈ ਸੀ?”

ਫੇਰ ਚੁੱਪ।

ਮੇਰੇ ਵੱਲ ਦੇਖਦੇ ਹੋਏ ਕਹਿੰਦਾ, “ਮੈਨੂੰ ਤਾਂ ਸਕਸੈਨਾ ਸਾਹਬ ਨੇ ਦੱਸਿਆ ਕਿ ਤੁਹਾਡੀ ਸਿਹਤ ਵਿਗੜ ਗਈ। ਮੈਂ ਘਬਰਾ ਗਿਆ। ਮੈਂ ਕਿਹਾ, ਕੱਲ ਹੀ ਤਾਂ ਮੈਂ ਮਿਲ਼ਿਆ ਸੀ, ਉਦੋਂ ਤਾਂ ਚੰਗੇ-ਭਲੇ ਸੀ। ਚਾਰ ਘੰਟਿਆਂ ਵਿੱਚ ਹੀ ਉਹਨਾਂ ਕੀ ਹੋ ਗਿਆ? ਮੈਂ ਫੌਰਨ ਸਾਇਕਲ ਚੱਕਿਆ ਤੇ ਬੰਗਲੇ ’ਤੇ ਆਇਆ। ਦੇਖਿਆ ਤਾਂ ਤੁਸÄ ਬੇਹੋਸ਼ ਪਏ ਸੀ। ਸਰੀਰ ਜਿਵੇਂ ਅੱਗ ਦਾ ਭਾਂਬੜ ਬਣ ਗਿਆ ਹੋਵੇ। ਮੈਂ ਦੇਖਕੇ ਖੁਦ ਬਹੁਤ ਨਰਵਸ ਹੋ ਗਿਆ।”

ਫੇਰ ਥੋੜਾ ਚਿਰ ਚੁੱਪ।

ਇਸਤੋਂ ਬਾਅਦ ਸਲਾਹ ਦੇਵੇਗਾ, “ਤੁਸੀਂ ਸਿਗਰਟ ਪੀਣਾ ਛੱਡ ਦਿਉ। ਇਹ ਬਹੁਤ ਨੁਕਸਾਨ ਕਰਦੀ ਹੈ। ਛੱਡ ਨਹੀਂ ਸਕਦੇ ਤਾਂ ਬਹੁਤ ਘਟਾ ਦਿਉ।”

ਫੇਰ ਚੁੱਪ ਬੈਠਾ ਰਹਿੰਦਾ। ਥੋੜੀ ਦੇਰ ਬਾਅਦ ਘੜੀ ਦੇਖਕੇ ਉੱਠਦਾ ਤੇ ਕਹਿੰਦਾ, “ਹੁਣ ਆਗਿਆ ਦਿਉ, ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸਿਓ।”

ਰੋਜ਼ ਇੰਨੀ ਨਾਪੀ-ਤੋਲੀ ਭੂਮਿਕਾ ਉਹ ਅਦਾ ਕਰ ਜਾਂਦਾ। ਉਹਨੂੰ ਦੇਖਦੇ ਹੀ ਮੇਰੇ ਬਿਮਾਰ ਮਿੱਤਰ ਪ੍ਰੇਸ਼ਾਨ ਹੋ ਜਾਂਦੇ। ਉਹ ਮੇਰੇ ਵੱਲ ਬੜੇ ਖੌਫ ਨਾਲ਼ ਦੇਖਦੇ। ਮੈਂ ਖੁਦ ਪ੍ਰੇਸ਼ਾਨ ਹੋ ਜਾਂਦਾ, ਪਰ ਅਸੀਂ ਕੁੱਝ ਕਰ ਨਹੀਂ ਸਕਦੇ ਸੀ। ਉਹ ਬੇਝਿਜਕ ਆਪਣਾ ਰੋਲ ਸ਼ੁਰੂ ਕਰਦਾ। ਉਹੀ ਮੁਦਰਾ, ਉਹੀ ਸਵਾਲ, ਉਹੀ ਸ਼ਬਦ ਰੋਜ਼ ਦੁਹਰਾਉਂਦਾ। ਕੋਈ ਦਰਵਾਜ਼ੇ ਤੋਂ ਬਾਹਰੋਂ ਸੁਣਦਾ, ਤਾਂ ਇਹੀ ਸਮਝਦਾ ਕਿ ਇਸ ਕਮਰੇ ਵਿੱਚ ਹਰ ਸ਼ਾਮ ਨੂੰ ਇਹੀ ਰਿਕਾਰਡ ਵਜਾਇਆ ਜਾਂਦਾ ਹੈ।

ਜੇ ਮੇਰੀ ਬਿਮਾਰੀ ਵਿੱਚ ਉਹ ਹਰ ਰੋਜ਼ ਮੈਨੂੰ ਦੇਖਣ ਆਵੇ ਤਾਂ ਮੈਨੂੰ ਡਰ ਹੈ ਕਿ ਮੈਂ ਕਦੇ ਠੀਕ ਨਹੀਂ ਹੋਵਾਂਗਾ।

ਸੋਚਦਾ ਹਾਂ ਕਿਸ ਤਪੱਸਿਆ ਨਾਲ਼ ਵਿਅਕਤੀ ਅਜਿਹਾ ਠੰਡਾ ਹੋ ਜਾਂਦਾ ਹੈ? ਜ਼ਿੰਦਗੀ ਵਿੱਚ ਏਨੀ ਤਰ੍ਹਾਂ ਦੀ ਅੱਗ ਹੈ, ਕਿਤਿਓਂ ਕੋਈ ਗਰਮੀ ਇਹਨੂੰ ਮਹਿਸੂਸ ਕਿਉਂ ਨਹੀਂ ਹੁੰਦੀ? ਜ਼ਿੰਦਗੀ ਦੀ ਗੁੰਝਲ਼ਤਾ ਨੂੰ ਸੁਲ਼ਝਾ ਕੇ ਇਹਨੇ ਕਿਵੇਂ ਸਿੱਧੀ, ਸਪਾਟ ਕਰ ਲਿਆ ਹੈ?

ਉਹ ਮੇਰਾ ਕੁੱਝ ਨਹੀਂ ਵਿਗਾੜਦਾ। ਮੇਰੇ ਪ੍ਰਤੀ ਉਸਦੇ ਮਨ ਵਿੱਚ ਕੋਈ ਦੁਰਭਾਵਨਾ ਨਹੀਂ ਹੈ – ਅਸਲ ’ਚ ਕੋਈ ਵੀ ਭਾਵਨਾ ਨਹੀਂ ਹੈ। ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ। ਬੇਹੱਦ ਸ਼ਰੀਫ ਆਦਮੀ ਹੈ। ਪਰ ਉਹਨੂੰ ਦੇਖ ਕੇ ਮੈਂ ਪ੍ਰੇਸ਼ਾਨ ਹੋ ਜਾਂਦਾ ਹਾਂ। ਲਗਦਾ ਹੈ ਬਰਫ ਦੀ ਠੰਡੀ ਚੱਟਾਨ ਸਰਕਦੀ ਹੋਈ ਮੇਰੇ ਵੱਲ ਆ ਰਹੀ ਹੈ।

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ