Punjabi Stories/Kahanian
ਲਿਓ ਤਾਲਸਤਾਏ
Leo Tolstoy
 Punjabi Kahani
Punjabi Kavita
  

Tinn Darwesh Leo Tolstoy

ਤਿੰਨ ਦਰਵੇਸ਼ ਲਿਉ ਤਾਲਸਤਾਏ

("ਅਤੇ ਦੁਆ ਵਿੱਚ ਵਾਰ ਵਾਰ ਗੱਲਾਂ ਮਤ ਦੁਹਰਾਇਆ ਕਰੋ, ਹੋਰਨਾਂ ਪੰਥਾਂ ਦੀ ਤਰ੍ਹਾਂ । ਕਿਉਂਕਿ ਉਹ ਸਮਝਦੇ ਹਨ ਬਹੁਤਾ ਬੋਲਣ ਨਾਲ ਉਨ੍ਹਾਂ ਦੀ ਸੁਣੀ ਜਾਵੇਗੀ । ਲਿਹਾਜ਼ਾ ਉਨ੍ਹਾਂ ਵਰਗੇ ਮਤ ਬਣ ਜਾਣਾ । ਕਿਉਂਕਿ ਤੁਹਾਡਾ ਰੱਬ ਤੁਹਾਡੀਆਂ ਜਰੂਰਤਾਂ ਜਾਣਦਾ ਹੈ, ਤੁਹਾਡੇ ਮੰਗਣ ਤੋਂ ਵੀ ਪਹਿਲਾਂ ।" ਮੈਥਿਊ, ਛੇ–੭,੮ ।)
ਵੋਲਗਾ ਦੇ ਇਲਾਕੇ ਦੀ ਇੱਕ ਲੋਕ ਕਥਾ

ਇੱਕ ਪਾਦਰੀ ਅਰਖਾਂਗੇਲਸਕ ਤੋਂ ਸਮੁੰਦਰ ਦੇ ਰਸਤੇ ਸਲੋਵੇਸਤੀਕ ਮਠ ਦੀ ਤਰਫ਼ ਸਫ਼ਰ ਕਰ ਰਿਹਾ ਸੀ, ਉਸੇ ਜਹਾਜ਼ ਵਿੱਚ ਹੋਰ ਵੀ ਤੀਰਥ ਯਾਤਰੀ ਸਵਾਰ ਸਨ । ਸਫ਼ਰ ਆਸਾਨ ਸੀ, ਹਵਾ ਸਾਥ ਦੇ ਰਹੀ ਸੀ, ਅਤੇ ਮੌਸਮ ਖ਼ੁਸ਼ਗਵਾਰ । ਮੁਸਾਫ਼ਰ ਡੈੱਕ ਉੱਤੇ ਲਿਟੇ ਰਹਿੰਦੇ, ਖਾਂਦੇ ਪੀਂਦੇ ਜਾਂ ਗਰੋਹਾਂ ਵਿੱਚ ਬੈਠ ਕੇ ਗੱਪ ਸ਼ੱਪ ਲਗਾਉਂਦੇ । ਪਾਦਰੀ ਵੀ ਡੈੱਕ ਉੱਤੇ ਆ ਗਿਆ, ਅਤੇ ਏਧਰ ਓਧਰ ਚੱਕਰ ਲਾਉਣ ਲਗਾ, ਤੱਦ ਉਸਦਾ ਧਿਆਨ ਜਹਾਜ਼ ਦੇ ਬਾਦਬਾਨ ਦੇ ਕੋਲ ਖੜ੍ਹੇ ਕੁਝ ਲੋਕਾਂ ਉੱਤੇ ਪਿਆ ਜੋ ਇੱਕ ਮਛੇਰੇ ਦੀ ਗੱਲ ਬੜੀ ਗ਼ੌਰ ਨਾਲ ਸੁਣ ਰਹੇ ਸਨ, ਮਛੇਰਾ ਸਮੰਦਰ ਦੀ ਤਰਫ਼ ਉਂਗਲ ਨਾਲ ਇਸ਼ਾਰਾ ਕਰਕੇ ਲੋਕਾਂ ਨੂੰ ਕੁੱਝ ਦੱਸ ਰਿਹਾ ਸੀ । ਪਾਦਰੀ ਨੇ ਰੁਕ ਕੇ ਉਸ ਸੇਧ ਵੇਖਿਆ ਜਿਧਰ ਮਛੇਰਾ ਇਸ਼ਾਰਾ ਕਰ ਰਿਹਾ ਸੀ । ਲੇਕਿਨ ਉਹਨੂੰ ਲਿਸ਼ਕਾਂ ਮਾਰਦੇ ਸਮੁੰਦਰ ਦੇ ਸਿਵਾ ਕੁੱਝ ਵਿਖਾਈ ਨਾ ਦਿੱਤਾ । ਗੱਲਬਾਤ ਸੁਣਨ ਲਈ ਪਾਦਰੀ ਉਨ੍ਹਾਂ ਲੋਕਾਂ ਦੇ ਥੋੜ੍ਹਾ ਹੋਰ ਨੇੜੇ ਹੋ ਗਿਆ, ਲੇਕਿਨ ਮਛੇਰੇ ਨੇ ਉਸਨੂੰ ਵੇਖਦੇ ਹੀ ਆਦਰ ਨਾਲ ਟੋਪੀ ਉਤਾਰੀ ਅਤੇ ਖ਼ਾਮੋਸ਼ ਹੋ ਗਿਆ । ਬਾਕੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰੀਆਂ ਅਤੇ ਸਿਰ ਨਿਵਾਏ ।
"ਮੈਂ ਤੁਹਾਨੂੰ ਤੰਗ ਕਰਨ ਨਹੀਂ ਆਇਆ ਦੋਸਤੋ," ਪਾਦਰੀ ਬੋਲਿਆ, " ਸਗੋਂ ਮੈਂ ਤਾਂ ਉਨ੍ਹਾਂ ਭਾਈ ਸਾਹਿਬ ਦੀ ਗੱਲ ਸੁਣਨ ਆਇਆ ਹਾਂ ।"
"ਮਛੇਰਾ ਸਾਨੂੰ ਦਰਵੇਸ਼ਾਂ ਦੇ ਬਾਰੇ ਵਿੱਚ ਦੱਸ ਰਿਹਾ ਸੀ ।" ਦੂਸਰਿਆਂ ਦੀ ਨਿਸਬਤ ਤੇਜ਼ ਤਰਾਜ਼ ਇੱਕ ਸੁਦਾਗਰ ਬੋਲਿਆ ।
"ਕਿਹੜੇ ਦਰਵੇਸ਼ ?" ਪਾਦਰੀ ਨੇ ਜਹਾਜ਼ ਦੇ ਕੋਨੇ ਉੱਤੇ ਪਏ ਇੱਕ ਡਿੱਬੇ ਉੱਤੇ ਬੈਠਦੇ ਹੋਏ ਪੁੱਛਿਆ । "ਮੈਨੂੰ ਵੀ ਦੱਸੋ ਯਾਰ, ਮੈਨੂੰ ਵੀ ਪਤਾ ਚਲੇ ਤੁਸੀਂ ਕਿਸ ਚੀਜ਼ ਦੀ ਤਰਫ਼ ਇਸ਼ਾਰਾ ਕਰ ਰਹੇ ਸੋ ।"
" ਉਹ ਟਾਪੂ ਨਜ਼ਰ ਆ ਰਿਹਾ ਹੈ," ਬੰਦੇ ਨੇ ਜਵਾਬ ਵਿੱਚ ਅੱਗੇ ਦੀ ਤਰਫ਼ ਥੋੜ੍ਹਾ ਜਿਹਾ ਸੱਜੇ ਇਸ਼ਾਰਾ ਕਰਦੇ ਹੋਏ ਕਿਹਾ, " ਉਹ ਟਾਪੂ ਹੈ ਜਿੱਥੇ ਦਰਵੇਸ਼ ਰਹਿੰਦੇ ਹਨ, ਰੁਹਾਨੀ ਨਜਾਤ ਦੀ ਖਾਤਰ ।"
" ਕਿੱਧਰ ਹੈ ਟਾਪੂ, ਮੈਨੂੰ ਤਾਂ ਕੁੱਝ ਨਜ਼ਰ ਨਹੀਂ ਆ ਰਿਹਾ ?" ਪਾਦਰੀ ਨੇ ਜਵਾਬ ਦਿੱਤਾ ।
"ਉੱਧਰ, ਥੋੜ੍ਹੇ ਫ਼ਾਸਲੇ ਉੱਤੇ, ਜੇਕਰ ਤੁਸੀ ਮੇਰੇ ਹੱਥ ਦੀ ਸੇਧ ਵੇਖੋ ਤਾਂ ਛੋਟਾ ਜਿਹਾ ਬੱਦਲ ਨਜ਼ਰ ਆਵੇਗਾ ਉਸਦੇ ਹੇਠਾਂ ਜਰਾ ਖੱਬੇ, ਮਧਮ ਜਿਹੀ ਪੱਟੀ ਹੈ । ਉਹੀ ਟਾਪੂ ਹੈ ।"
ਪਾਦਰੀ ਨੇ ਗ਼ੌਰ ਨਾਲ ਵੇਖਿਆ, ਲੇਕਿਨ ਉਸਦੀ ਸਮੁੰਦਰ ਤੋਂ ਅਨਜਾਣ ਨਿਗਾਹਾਂ ਨੂੰ ਸਿਵਾਏ ਚਮਕਦੇ ਪਾਣੀ ਦੇ ਹੋਰ ਕੁੱਝ ਨਾ ਵਿਖਾਈ ਦਿੱਤਾ ।
"ਮੈਨੂੰ ਨਹੀਂ ਨਜ਼ਰ ਆਇਆ, ਲੇਕਿਨ । ਕੀ ਦਰਵੇਸ਼ ਇੱਥੇ ਰਹਿੰਦੇ ਹਨ ?" ਪਾਦਰੀ ਬੋਲਿਆ ।
"ਉਹ ਵੱਡੇ ਪੁੱਜੇ ਹੋਏ ਬੰਦੇ ਹਨ," ਮਛੇਰੇ ਨੇ ਜਵਾਬ ਦਿੱਤਾ, "ਮੈਂ ਉਨ੍ਹਾਂ ਬਾਰੇ ਬੜੇ ਅਰਸੇ ਤੋਂ ਸੁਣ ਰੱਖਿਆ ਸੀ ਲੇਕਿਨ ਪਿਛਲੇ ਸਾਲ ਹੀ ਉਨ੍ਹਾਂ ਨੂੰ ਵੇਖਿਆ ।"
ਫਿਰ ਮਛੇਰੇ ਨੇ ਦੱਸਿਆ ਕਿ ਕਿਵੇਂ ਉਹ ਮੱਛੀਆਂ ਫੜਦੇ ਫੜਦੇ ਰਾਤ ਦੇ ਵਕਤ ਟਾਪੂ ਵਿੱਚ ਫਸ ਗਿਆ, ਅਤੇ ਉਸਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਥੇ ਹੈ । ਸਵੇਰ ਦੇ ਵਕਤ ਜਦੋਂ ਉਹ ਟਾਪੂ ਵਿੱਚ ਮਾਰਿਆ ਮਾਰਿਆ ਫਿਰ ਰਿਹਾ ਸੀ, ਉਹਨੂੰ ਮਿੱਟੀ ਦੀ ਇੱਕ ਝੁੱਗੀ ਅਤੇ ਉਸਦੇ ਨਾਲ ਖੜਾ ਇੱਕ ਬੁੱਢਾ ਆਦਮੀ ਵਿਖਾਈ ਦਿੱਤਾ । ਫਿਰ ਦੋ ਹੋਰ ਵੀ ਆ ਗਏ, ਖਾਣਾ ਖਿਲਾਉਣ ਅਤੇ ਉਸਦਾ ਸਾਮਾਨ ਸੁਕਾਉਣ ਦੇ ਬਾਅਦ ਉਨ੍ਹਾਂ ਨੇ ਕਿਸ਼ਤੀ ਮੁਰੰਮਤ ਕਰਨ ਵਿੱਚ ਉਸਦੀ ਮਦਦ ਵੀ ਕੀਤੀ " ਅੱਛਾ . . . ਦੇਖਣ ਵਿੱਚ ਕਿਵੇਂ ਹਨ ?" ਪਾਦਰੀ ਨੇ ਪੁੱਛਿਆ "ਇੱਕ ਛੋਟੇ ਕਦ ਦਾ ਹੈ, ਉਸਦੀ ਕਮਰ ਝੁਕੀ ਹੋਈ ਹੈ । ਬਹੁਤ ਬਜੁਰਗ ਹੈ, ਅਤੇ ਪਾਦਰੀਆਂ ਵਾਲਾ ਚੋਲਾ ਪਹਿਨਦਾ ਹੈ; ਲੱਗਪਗ ਸੌ ਸਾਲ ਦਾ ਤਾਂ ਹੋਵੇਗਾ ਮੇਰੇ ਹਿਸਾਬ ਵਿੱਚ । ਇੰਨਾ ਬੁੱਢਾ ਹੈ ! ਕਿ ਉਸਦੀ ਦਾੜ੍ਹੀ ਦੀ ਸਫੈਦੀ ਵੀ ਹੁਣ ਹਰੀ ਜਿਹੀ ਹੋਈ ਜਾਂਦੀ ਹੈ, ਲੇਕਿਨ ਹਰ ਵਕਤ ਮੁਸਕੁਰਾਉਂਦਾ ਰਹਿੰਦਾ ਹੈ, ਅਤੇ ਉਸਦਾ ਚਿਹਰਾ ਤਾਂ ਜਿਵੇਂ ਕਿਸੇ ਅਰਸ਼ੋਂ ਉਤਰੇ ਫ਼ਰਿਸ਼ਤੇ ਦੀ ਤਰ੍ਹਾਂ ਰੋਸ਼ਨ ਹੈ । ਦੂਜਾ ਮੁਕਾਬਲਤਨ ਲੰਮਾ ਹੈ, ਲੇਕਿਨ ਉਹ ਵੀ ਬਹੁਤ ਬੁੱਢਾ ਹੈ । ਫੱਟਿਆ ਪੁਰਾਣਾ ਕਿਸਾਨਾਂ ਵਾਲਾ ਝੱਗਾ ਪਹਿਨਦਾ ਹੈ । ਉਸਦੀ ਦਾੜ੍ਹੀ ਚੌੜੀ ਅਤੇ ਜ਼ਰਦ ਮਾਇਲ ਸਲੇਟੀ ਰੰਗ ਦੀ ਹੈ, ਉਹ ਮਜ਼ਬੂਤ ਆਦਮੀ ਹੈ । ਉਸ ਤੋਂ ਪਹਿਲਾਂ ਕਿ ਮੈਂ ਉਸਦੀ ਮਦਦ ਕਰਦਾ, ਉਸ ਨੇ ਮੇਰੀ ਕਿਸ਼ਤੀ ਨੂੰ ਖਿਡੌਣੇ ਦੀ ਤਰ੍ਹਾਂ ਉਲਟਾ ਵੀ ਦਿੱਤਾ । ਉਹ ਵੀ, ਹਲੀਮ ਅਤੇ ਖੁਸ਼ਮਿਜ਼ਾਜ ਹੈ । ਤੀਸਰੇ ਵਾਲਾ ਲੰਮਾ ਹੈ, ਦਾੜ੍ਹੀ ਉਸਦੀ ਬਰਫ ਚਿੱਟੀ ਅਤੇ ਗੋਡਿਆਂ ਤੱਕ ਆਉਂਦੀ ਹੈ । ਉਹ ਗੰਭੀਰ ਹੈ, ਵੱਡੀਆਂ ਵੱਡੀਆਂ ਭਵਾਂ ਵਾਲਾ; ਉਸ ਨੇ ਬਸ ਕਮਰ ਦੇ ਗਰਦ ਇੱਕ ਲੁੰਗੀ ਜਿਹੀ ਬੰਨ੍ਹ ਰੱਖੀ ਸੀ ।"
" ਉਨ੍ਹਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ ?" ਪਾਦਰੀ ਨੇ ਪੁੱਛਿਆ ।
"ਜ਼ਿਆਦਾ ਤਰ ਕੰਮ ਉਨ੍ਹਾਂ ਨੇ ਖ਼ਾਮੋਸ਼ੀ ਨਾਲ ਕੀਤੇ ਅਤੇ ਹਾਂ, ਆਪਸ ਵਿੱਚ ਵੀ ਬਹੁਤ ਘੱਟ ਗੱਲ ਕੀਤੀ । ਕੋਈ ਇੱਕ ਬਸ ਨਜ਼ਰ ਮਾਰਦਾ ਅਤੇ ਦੂਜਾ ਉਸਦੀ ਗੱਲ ਸਮਝ ਜਾਂਦਾ । ਮੈਂ ਲੰਬੇ ਵਾਲੇ ਤੋਂ ਪੁੱਛਿਆ ਕਿ ਕਾਫ਼ੀ ਅਰਸੇ ਤੋਂ ਇੱਥੇ ਰਹਿ ਰਹੇ ਹੋ ? ਉਸ ਨੇ ਜਵਾਬ ਵਿੱਚ ਮੈਨੂੰ ਘੂਰ ਕੇ ਵੇਖਿਆ ਅਤੇ ਬੜਬੜਾਉਣ ਲੱਗ ਪਿਆ, ਜਿਵੇਂ ਕਿ ਗੁੱਸੇ ਵਿੱਚ ਹੋਵੇ । ਲੇਕਿਨ ਸਭ ਤੋਂ ਬੁਢੇ ਨੇ ਉਸਦਾ ਹੱਥ ਫੜਿਆ ਅਤੇ ਮੁਸਕੁਰਾਇਆ, ਤਾਂ ਲੰਬੇ ਵਾਲਾ ਖ਼ਾਮੋਸ਼ ਹੋ ਗਿਆ । ਫਿਰ ਬਾਬੇ ਨੇ ਮੇਰੇ ਵੱਲ ਮੁਸਕੁਰਾ ਕੇ ਕਿਹਾ, " ਸਾਡੇ ਉੱਤੇ ਰਹਿਮ ਕਰੋ ।"
ਮਛੇਰੇ ਦੀ ਗੱਲਬਾਤ ਦੇ ਦੌਰਾਨ ਜਹਾਜ਼ ਕੰਢੇ ਦੇ ਕਾਫ਼ੀ ਨਜ਼ਦੀਕ ਜਾ ਪਹੁੰਚਿਆ ਸੀ ।
" ਔਹ ਵੇਖੋ, ਹੁਣ ਸਾਫ਼ ਨਜ਼ਰ ਆ ਰਿਹਾ ਹੈ, ਜੇਕਰ ਸਰਕਾਰ ਵੇਖਣਾ ਪਸੰਦ ਫ਼ਰਮਾਉਣ ਤਾਂ," ਸੁਦਾਗਰ ਹੱਥ ਨਾਲ ਉਸ ਤਰਫ਼ ਇਸ਼ਾਰਾ ਕਰਕੇ ਬੋਲਿਆ ।
ਪਾਦਰੀ ਨੇ ਵੇਖਿਆ, ਅਤੇ ਹੁਣ ਉਸਨੂੰ ਸਿਆਹ ਪੱਟੀ ਦੀ ਸ਼ਕਲ ਵਿੱਚ ਟਾਪੂ ਵਿਖਾਈ ਦਿੱਤਾ । ਥੋੜ੍ਹੀ ਦੇਰ ਉਸ ਪੱਟੀ ਦੀ ਤਰਫ਼ ਦੇਖਣ ਦੇ ਬਾਅਦ ਉਹ ਜਹਾਜ਼ ਦੇ ਕੰਢੇ ਕੋਲੋਂ ਹੱਟ ਗਿਆ ਅਤੇ ਡੈੱਕ ਉੱਤੇ ਜਾ ਕੇ ਜਹਾਜ਼ੀ ਤੋਂ ਪੁੱਛਿਆ:
"ਇਹ ਕਿਹੜਾ ਟਾਪੂ ਹੈ ?"
"ਔਹ ਵਾਲਾ, ਮਲਾਹ ਬੋਲਿਆ, ਬੇਨਾਮ ਹੈ । ਇਸ ਵਰਗੇ ਬੇਸ਼ੁਮਾਰ ਨੇ ਸਮੁੰਦਰ ਵਿੱਚ ।"
"ਕੀ ਇਹ ਸੱਚ ਹੈ ਕਿ ਇੱਥੇ ਦਰਵੇਸ਼ ਰੂਹ ਦੀ ਮੁਕਤੀ ਦੀ ਖਾਤਰ ਰਹਿ ਰਹੇ ਹਨ ? "
"ਅਜਿਹਾ ਹੀ ਕਹਿੰਦੇ ਹਨ ਸਰਕਾਰ, ਸੱਚ ਝੂਠ ਦਾ ਮੈਨੂੰ ਨਹੀਂ ਪਤਾ । ਮਛੇਰੇ ਦਾਹਵਾ ਕਰਦੇ ਹਨ ਕਿ ਉਨ੍ਹਾਂ ਨੇ ਵੇਖੇ ਹਨ, ਲੇਕਿਨ ਉਹ ਤੁਹਾਨੂੰ ਪਤਾ ਹੈ ਉਹ ਅਕਸਰ ਵੱਡੀ ਗੱਪ ਮਾਰਦੇ ਹਨ ।"
"ਮੇਰਾ ਦਿਲ ਹੈ ਕਿ ਟਾਪੂ ਉੱਤੇ ਰੁਕ ਕੇ ਉਨ੍ਹਾਂ ਬੰਦਿਆਂ ਨੂੰ ਮਿਲਾਂ ।" ਪਾਦਰੀ ਨੇ ਕਿਹਾ, " ਲੇਕਿਨ ਕਿਵੇਂ ?"
"ਜਹਾਜ਼ ਟਾਪੂ ਦੇ ਬਿਲਕੁਲ ਕੋਲ ਨਹੀਂ ਜਾ ਸਕੇਗਾ, ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਉੱਥੇ ਪਹੁੰਚਾਇਆ ਜਾ ਸਕਦਾ ਹੈ । ਬਿਹਤਰ ਹੋਵੇਗਾ ਤੁਸੀ ਕਪਤਾਨ ਨਾਲ ਗੱਲ ਕਰੋ ।"
ਕਪਤਾਨ ਨੂੰ ਬੁਲਾਵਾ ਭੇਜਿਆ ਗਿਆ ਤਾਂ ਉਹ ਫ਼ੌਰਨ ਆ ਗਿਆ ।
" ਮੈਂ ਇਨ੍ਹਾਂ ਦਰਵੇਸ਼ਾਂ ਨੂੰ ਮਿਲਣਾ ਚਾਹੁੰਦਾ ਹਾਂ, ਪਾਦਰੀ ਨੇ ਕਿਹਾ, ਮੈਨੂੰ ਤੱਟ ਤੱਕ ਪਹੁੰਚਾ ਸਕਦੇ ਹੋ ?"
ਕਪਤਾਨ ਨੇ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ।
" ਹਾਂ ਜੀ ਬਿਲਕੁਲ ਜਾ ਸਕਦੇ ਹਾਂ, ਉਹ ਬੋਲਿਆ ਲੇਕਿਨ ਵਕਤ ਬਹੁਤ ਜ਼ਾਇਆ ਹੋ ਜਾਵੇਗਾ । ਅਤੇ ਗੁਸਤਾਖ਼ੀ ਮਾਫ ਬੁਢੇ ਇਸ ਕਾਬਿਲ ਨਹੀਂ ਕਿ ਸਰਕਾਰ ਉਨ੍ਹਾਂ ਨੂੰ ਮਿਲਣ ਲਈ ਤਕਲੀਫ ਕਰਨ । ਬਹੁਤ ਲੋਕ ਕਹਿੰਦੇ ਹਨ ਕਿ ਇਹ ਪਾਗਲ ਬੁਢੇ ਹਨ, ਜਿਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਆਉਂਦੀ, ਅਤੇ ਕੁੱਝ ਬੋਲਦੇ ਵੀ ਨਹੀਂ, ਇੰਜ ਹੀ ਹੈ ਜਿਵੇਂ ਸਮੁੰਦਰ ਦੀਆਂ ਮਛੀਆਂ ।"
"ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ," ਪਾਦਰੀ ਬੋਲਿਆ । "ਤੁਹਾਡੇ ਵਕਤ ਅਤੇ ਤਕਲੀਫ ਉਠਾਉਣ ਦਾ ਮੈਂ ਮੁਆਵਜ਼ਾ ਅਦਾ ਕਰਾਂਗਾ । ਮਿਹਰਬਾਨੀ ਕਰਕੇ ਕਿਸ਼ਤੀ ਦਾ ਬੰਦੋਬਸਤ ਕਰਵਾ ਦਿਉ ।"
"ਕੋਈ ਚਾਰਾ ਨਾ ਚਲਿਆ ਤਾਂ ਕਪਤਾਨ ਨੇ ਕਿਸ਼ਤੀ ਤਿਆਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਮਲਾਹਾਂ ਨੇ ਚੱਪੂ ਅਤੇ ਪਤਵਾਰ ਤਿਆਰ ਕੀਤੇ, ਅਤੇ ਕਿਸ਼ਤੀ ਟਾਪੂ ਦੀ ਤਰਫ਼ ਚੱਲ ਪਈ ।"
ਪਾਦਰੀ ਲਈ ਕਿਸ਼ਤੀ ਵਿੱਚ ਇੱਕ ਕੁਰਸੀ ਰੱਖੀ ਗਈ ਸੀ, ਸਾਰੇ ਮੁਸਾਫ਼ਰ ਜਹਾਜ਼ ਦੇ ਕੰਢੇ ਉੱਤੇ ਟਿਕੇ ਟਾਪੂ ਦੀ ਤਰਫ਼ ਵੇਖ ਰਹੇ ਸਨ । ਤੇਜ਼ ਨਜ਼ਰ ਵਾਲਿਆਂ ਨੂੰ ਉੱਥੇ ਪਏ ਪਥਰ ਵਿਖਾਈ ਦੇ ਰਹੇ ਸਨ, ਫਿਰ ਮਿੱਟੀ ਦੀ ਇੱਕ ਝੁੱਗੀ ਨਜ਼ਰ ਆਈ । ਆਖ਼ਿਰ ਇੱਕ ਬੰਦੇ ਨੂੰ ਦਰਵੇਸ਼ ਵੀ ਨਜ਼ਰ ਆ ਗਏ । ਕਪਤਾਨ ਨੇ ਦੂਰਬੀਨ ਕੱਢੀ ਅਤੇ ਇਸ ਨਾਲ ਇੱਕ ਨਜ਼ਰ ਵੇਖ ਕੇ ਪਾਦਰੀ ਦੀ ਤਰਫ਼ ਵਧਾ ਦਿੱਤੀ ।
ਗੱਲ ਤਾਂ ਸੱਚ ਲੱਗਦੀ ਹੈ, ਤਿੰਨ ਬੰਦੇ ਖੜੇ ਹਨ ਤੱਟ ਉੱਤੇ । ਉਹ, ਉਸ ਵੱਡੀ ਚੱਟਾਨ ਤੋਂ ਥੋੜ੍ਹਾ ਸੱਜੇ ।
ਪਾਦਰੀ ਨੇ ਦੂਰਬੀਨ ਫੜੀ, ਸਿੱਧੀ ਕੀਤੀ ਅਤੇ ਤਿੰਨ ਬੰਦਿਆਂ ਨੂੰ ਵੇਖਿਆ : ਇੱਕ ਲੰਮਾ, ਇੱਕ ਦਰਮਿਆਨਾ, ਅਤੇ ਇੱਕ ਬਹੁਤ ਛੋਟਾ ਕੁਬੜਾ ਜਿਹਾ, ਤੱਟ ਉੱਤੇ ਇੱਕ ਦੂਜੇ ਦੇ ਹੱਥ ਫੜੀਂ ਖੜੇ ਸਨ।
ਕਪਤਾਨ ਪਾਦਰੀ ਦੀ ਤਰਫ਼ ਮੁੜਿਆ ।
"ਸਰਕਾਰ ਜਹਾਜ਼ ਹੋਰ ਅੱਗੇ ਨਹੀਂ ਜਾ ਸਕਦਾ, ਤੁਸੀ ਤੱਟ ਉੱਤੇ ਜਾਣਾ ਹੀ ਚਾਹੁੰਦੇ ਹੋ ਤਾਂ ਗੁਜਾਰਿਸ਼ ਹੈ ਕਿਸ਼ਤੀ ਵਿੱਚ ਤਸ਼ਰੀਫ ਲੈ ਜਾਓ ਤੱਦ ਤੱਕ ਅਸੀਂ ਇੱਥੇ ਲੰਗਰ ਪਾ ਕੇ ਇੰਤਜ਼ਾਰ ਕਰਦੇ ਹਾਂ ।"
ਰੱਸਾ ਸੁੱਟਿਆ ਲੰਗਰ ਪਾਇਆ ਗਿਆ, ਬਾਦਬਾਨ ਫੜਫੜਾਏ । ਇੱਕ ਝੱਟਕਾ ਲਗਾ, ਜਹਾਜ਼ ਹਿੱਲ ਗਿਆ । ਫਿਰ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਿਆ ਗਿਆ, ਇੱਕ ਮਲਾਹ ਛਲਾਂਗ ਮਾਰ ਕੇ ਕਿਸ਼ਤੀ ਵਿੱਚ ਉਤਰਿਆ ਉਸਦੇ ਬਾਅਦ ਪਾਦਰੀ ਪੌੜੀ ਨਾਲ ਹੇਠਾਂ ਉੱਤਰ ਕੇ ਕੁਰਸੀ ਉੱਤੇ ਬੈਠ ਗਿਆ । ਬੰਦਿਆਂ ਨੇ ਚੱਪੂ ਚਲਾ ਕੇ ਕਿਸ਼ਤੀ ਨੂੰ ਤੇਜ਼ੀ ਨਾਲ ਟਾਪੂ ਦੀ ਤਰਫ਼ ਲੈ ਜਾਣਾ ਸ਼ੁਰੂ ਕਰ ਦਿੱਤਾ । ਜਦੋਂ ਉਹ ਬਹੁਤ ਕਰੀਬ ਆ ਗਏ ਤਾਂ ਉਨ੍ਹਾਂ ਨੂੰ ਤਿੰਨ ਬੰਦੇ ਵਿਖਾਈ ਦਿੱਤੇ : ਇੱਕ ਲੁੰਗੀ ਪੋਸ਼ ਲੰਮਾ, ਇੱਕ ਮਧਰਾ ਜਿਸ ਨੇ ਚੀਥੜੇ ਜਿਹਾ ਕੋਟ ਪਹਿਨ ਰੱਖਿਆ ਸੀ, ਅਤੇ ਇੱਕ ਬਹੁਤ ਬੁੱਢਾ …ਬੁਢਾਪੇ ਦੀ ਵਜ੍ਹਾ ਨਾਲ ਝੁੱਕਿਆ ਹੋਇਆ, ਪੁਰਾਣੀ ਪੋਸ਼ਾਕ ਪਹਿਨੇ ਹੋਏ । ਹੱਥਾਂ ਵਿੱਚ ਹੱਥ ਫੜੀਂ ਖੜੇ ।
ਮਲਾਹਾਂ ਨੇ ਸਾਵਧਾਨੀ ਨਾਲ ਕਿਸ਼ਤੀ ਨੂੰ ਤੱਟ ਦੇ ਨਾਲ ਲਗਾਇਆ, ਅਤੇ ਪਾਦਰੀ ਦੇ ਉੱਤਰ ਜਾਣ ਤੱਕ ਕਿਸ਼ਤੀ ਨੂੰ ਰੋਕ ਰੱਖਿਆ ।
ਬੁਢੇ ਉਸਨੂੰ ਵੇਖ ਕੇ ਅਦਬ ਨਾਲ ਝੁਕੇ, ਇਸ ਨੇ ਉਨ੍ਹਾਂ ਨੂੰ ਦੁਆ ਦਿੱਤੀ, ਜਿਸਨੂੰ ਸੁਣ ਕੇ ਉਹ ਹੋਰ ਵੀ ਝੁਕ ਗਏ । ਫਿਰ ਪਾਦਰੀ ਉਨ੍ਹਾਂ ਨੂੰ ਮੁਖ਼ਾਤਬ ਹੋਇਆ ।
" ਅੱਲ੍ਹਾ ਦੇ ਬੰਦਿਉ ਮੈਂ ਸੁਣਿਆ ਹੈ ਕਿ ਤੁਸੀਂ ਇੱਥੇ ਰਹਿੰਦੇ ਹੋ, ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਅਤੇ ਤੁਸੀਂ ਖ਼ੁਦਾ ਕੋਲੋਂ ਸਰਬੱਤ ਦੀ ਖੈਰ ਵੀ ਮੰਗਦੇ ਹੋ । ਮੈਂ ਵੀ ਮਸੀਹ ਦਾ ਅਦਨਾ ਖ਼ਾਦਿਮ ਹਾਂ, ਖ਼ੁਦਾ ਦੀ ਦਇਆ ਨਾਲ ਉਸਦੀ ਰਿਆਇਆ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਦੀ ਤਰਬੀਅਤ ਕਰਨਾ ਮੇਰੀ ਜਿੰਮੇਵਾਰੀ ਹੈ । ਅੱਲ੍ਹਾ ਵਾਲਿਉ ਮੇਰੀ ਖਾਹਿਸ਼ ਹੈ ਸੀ ਕਿ ਤੁਹਾਨੂੰ ਮਿਲਾਂ ਅਤੇ ਕੁੱਝ ਤੁਹਾਨੂੰ ਵੀ ਸਿਖਾਵਾਂ।"
ਬੁਢੇ ਇੱਕ ਦੂਜੇ ਦੀ ਤਰਫ਼ ਵੇਖ ਕੇ ਮੁਸਕੁਰਾਏ, ਲੇਕਿਨ ਖ਼ਾਮੋਸ਼ ਰਹੇ ।
"ਮੈਨੂੰ ਦੱਸੋ," ਪਾਦਰੀ ਬੋਲਿਆ । ".. ਤੁਸੀਂ ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਕੀ ਕਰ ਰਹੇ ਹੋ, ਅਤੇ ਤੁਸੀਂ ਇਸ ਟਾਪੂ ਵਿੱਚ ਰਹਿ ਕੇ ਖ਼ੁਦਾ ਦਾ ਕਿਹੜਾ ਕੰਮ ਕਰ ਰਹੇ ਹੋ ?"
ਦੂਜੇ ਦਰਵੇਸ਼ ਨੇ ਆਹ ਭਰੀ, ਅਤੇ. . . ਸਭ ਤੋਂ ਬਜ਼ੁਰਗ ਬਾਬੇ ਦੀ ਤਰਫ਼ ਵੇਖਿਆ । ਬਾਬਾ ਮੁਸਕੁਰਾਇਆ ਅਤੇ ਬੋਲਿਆ :
"ਖ਼ੁਦਾ ਦੇ ਬੰਦੇ, ਸਾਨੂੰ ਨਹੀਂ ਪਤਾ ਖ਼ੁਦਾ ਦੀ ਖਿਦਮਤ ਕਿਵੇਂ ਕਰਨੀ ਹੈ । ਅਸੀਂ ਤਾਂ ਬਸ ਆਪਣਾ ਕੰਮ ਕਾਜ ਕਰਕੇ ਗੁਜ਼ਰ ਬਸਰ ਕਰਦੇ ਹਾਂ ।"
"ਲੇਕਿਨ ਤੁਸੀਂ ਖ਼ੁਦਾ ਦੀ ਇਬਾਦਤ ਕਿਵੇਂ ਕਰਦੇ ਹੋ ?" ਪਾਦਰੀ ਨੇ ਪੁੱਛਿਆ ।
" ਅਸੀਂ ਤਾਂ ਇਸ ਤਰ੍ਹਾਂ ਦੁਆ ਕਰਦੇ ਹਾਂ," ਦਰਵੇਸ਼ ਬੋਲਿਆ
"ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ, ਸਾਡੇ ਤੇ ਰਹਿਮ ਕਰੋ ।"
ਜਦੋਂ ਬੁੱਢਾ ਇਹ ਅਲਫ਼ਾਜ਼ ਕਹਿ ਰਿਹਾ ਸੀ, ਤਿੰਨਾਂ ਦਰਵੇਸ਼ਾਂ ਨੇ ਨਜਰਾਂ ਅਸਮਾਨ ਦੀ ਸੇਧ ਉਠਾ ਲਈਆਂ ਅਤੇ ਬੋਲੇ:
"ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ, ਸਾਡੇ ਤੇ ਰਹਿਮ ਕਰੋ ।" ਪਾਦਰੀ ਮੁਸਕੁਰਾਇਆ ।
"ਤੁਸੀਂ ਲੋਕਾਂ ਨੂੰ ਮੁਕੱਦਸ ਤਕੱਵੁਨ ਦਾ ਤਾਂ ਪਤਾ ਹੈ, ਲੇਕਿਨ ਤੁਹਾਡਾ ਇਬਾਦਤ ਦਾ ਤਰੀਕਾ ਦਰੁਸਤ ਨਹੀਂ ਹੈ । ਅੱਲ੍ਹਾ ਵਾਲਿਉ ਮੈਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਹੈ । ਸਾਫ਼ ਸਾਫ਼ ਹੈ ਕਿ ਤੁਸੀਂ ਖ਼ੁਦਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਲੇਕਿਨ ਤੁਹਾਨੂੰ ਤਰੀਕਾ ਨਹੀਂ ਪਤਾ ।
"ਇਵੇਂ ਨਹੀਂ ਕਰਦੇ ਇਬਾਦਤ … ਮੈਂ ਤੁਹਾਨੂੰ ਸਿਖਾ ਦੇਵਾਂਗਾ, ਤੁਸੀਂ ਸੁਣਦੇ ਜਾਓ । ਜੋ ਤਰੀਕਾ ਮੈਂ ਤੁਹਾਨੂੰ ਦੱਸਾਂਗਾ ਉਹ ਮੇਰਾ ਆਪਣਾ ਘੜਿਆ ਹੋਇਆ ਨਹੀਂ ਹੈ, ਸਗੋਂ ਖੁਦਾਵੰਦ ਨੇ ਮੁਕੱਦਸ ਸੰਤਾਂ ਰਾਹੀਂ ਬੰਦਿਆਂ ਨੂੰ ਇਸ ਤਰੀਕੇ ਨਾਲ ਉਸਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ ।" ਫਿਰ ਪਾਦਰੀ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਖ਼ੁਦਾ ਨੇ ਖ਼ੁਦ ਨੂੰ ਲੋਕਾਂ ਉੱਤੇ ਪਾਕ ਕੀਤਾ । ਉਸ ਨੇ ਉਨ੍ਹਾਂ ਨੂੰ ਬਾਪ ਖ਼ੁਦਾ, ਬੇਟੇ ਖ਼ੁਦਾ, ਅਤੇ ਮੁਕੱਦਸ ਰੂਹ ਖ਼ੁਦਾ ਦੇ ਬਾਰੇ ਵਿੱਚ ਦੱਸਿਆ ।
ਖ਼ੁਦਾ ਦਾ ਪੁੱਤਰ ਇਨਸਾਨਾਂ ਦੀ ਜਾਨ ਬਖ਼ਸ਼ੀ ਕਰਵਾਉਣ ਜ਼ਮੀਨ ਉੱਤੇ ਆਇਆ । ਅਤੇ ਉਸ ਨੇ ਸਾਨੂੰ ਇਬਾਦਤ ਦਾ ਇਹ ਤਰੀਕਾ ਸਿਖਾਇਆ …
"ਸਾਡਾ ਬਾਪ "
ਪਹਿਲੇ ਬੁਢੇ ਨੇ ਪਾਦਰੀ ਦੇ ਪਿੱਛੇ ਦੁਹਰਾਇਆ, "ਸਾਡਾ ਬਾਪ" ਉਸਦੇ ਪਿੱਛੇ ਦੂਜਾ ਬੋਲਿਆ, "ਸਾਡਾ ਬਾਪ" ਅਤੇ ਫਿਰ ਤੀਜਾ ਬੋਲਿਆ, "ਸਾਡਾ ਬਾਪ"
"ਜੋ ਉੱਪਰ ਸੁਰਗ ਵਿੱਚ ਹੈ," ਪਾਦਰੀ ਬੋਲਿਆ
ਪਹਿਲਾਂ ਬੁਢੇ ਨੇ ਦੁਹਰਾਇਆ "ਜੋ ਉੱਪਰ ਸੁਰਗ ਵਿੱਚ ਹੈ," ਲੇਕਿਨ ਦੂਜੇ ਵਾਲੇ ਕੋਲੋਂ ਅਲਫ਼ਾਜ਼ ਗ਼ਲਤ–ਮਲਤ ਹੋ ਗਏ । ਉਸਦੇ ਵਧੇ ਹੋਏ ਬਾਲ ਉਸਦੇ ਮੂੰਹ ਵਿੱਚ ਆ ਰਹੇ ਸਨ, ਇਸ ਲਈ ਉਸ ਕੋਲੋਂ ਠੀਕ ਬੋਲਿਆ ਨਹੀਂ ਜਾਂਦਾ ਸੀ । ਸਭ ਤੋਂ ਬੁਢੇ ਬਾਬੇ ਦੇ ਦੰਦ ਨਹੀਂ ਸਨ, ਉਸ ਨੇ ਵੀ ਪੋਪਲੇ ਮੂੰਹ ਵਲੋਂ ਕੁੱਝ ਅੰਟ ਸ਼ੰਟ ਬੋਲ ਦਿੱਤਾ ।
ਪਾਦਰੀ ਨੇ ਦੁਬਾਰਾ ਅਲਫ਼ਾਜ਼ ਦੁਹਰਾਏ, ਇਸਦੇ ਪਿੱਛੇ ਪਿੱਛੇ ਬੁਢੇ ਵੀ ਦੁਹਰਾਉਣ ਲੱਗੇ । ਪਾਦਰੀ ਇੱਕ ਪਥਰ ਉੱਤੇ ਬੈਠ ਗਿਆ ਅਤੇ ਬੁਢੇ ਉਸਦੇ ਸਾਹਮਣੇ ਬੈਠ ਗਏ, ਜਿਵੇਂ ਜਿਵੇਂ ਉਹ ਬੋਲਦਾ ਬੁਢੇ ਵੀ ਉਸਦੇ ਮੂੰਹ ਦੀ ਤਰਫ਼ ਵੇਖ ਕੇ ਦੁਹਰਾਉਂਦੇ ਜਾਂਦੇ । ਸਾਰਾ ਦਿਨ ਪਾਦਰੀ ਜਾਨ ਮਾਰਦਾ ਰਿਹਾ, ਇੱਕ ਇੱਕ ਲਫਜ ਨੂੰ ਵੀਹ ਵੀਹ, ਤੀਹ ਤੀਹ, ਸੌ ਸੌ ਮਰਤਬਾ ਤੱਕ ਦੁਹਰਾਉਂਦਾ ਰਿਹਾ, ਅਤੇ ਬੁਢੇ … ਇਸਦੇ ਪਿੱਛੇ ਪਿੱਛੇ ਦੁਹਰਾਉਂਦੇ ਰਹੇ । ਉਹ ਗਲਤੀ ਕਰਦੇ, ਉਹ ਸਹੀ ਕਰਦਾ, ਅਤੇ ਫਿਰ ਸ਼ੁਰੂ ਤੋਂ ਸ਼ੁਰੂ ਕਰਾ ਦਿੰਦਾ ।
ਪਾਦਰੀ ਉਥੇ ਹੀ ਰਿਹਾ, ਯਦ ਤੱਕ ਕਿ ਉਸ ਨੇ ਉਨ੍ਹਾਂ ਨੂੰ ਪੂਰੀ ਦੁਆ ਜਬਾਨੀ ਯਾਦ ਨਾ ਕਰਵਾ ਦਿੱਤੀ, ਉਹ ਨਾ ਸਿਰਫ ਉਸਦੇ ਪਿੱਛੇ ਦੁਹਰਾਉਣ ਜੋਗੇ ਹੋ ਗਏ ਸਗੋਂ ਉਸਦੇ ਬਗੈਰ ਵੀ ਪੂਰੀ ਦੁਆ ਉਨ੍ਹਾਂ ਨੂੰ ਯਾਦ ਹੋ ਗਈ ।
ਦਰਮਿਆਨ ਵਾਲੇ ਨੇ ਸਭ ਤੋਂ ਪਹਿਲਾਂ ਦੁਆ ਯਾਦ ਕਰਕੇ ਜਬਾਨੀ ਸੁਣਾਈ । ਪਾਦਰੀ ਦੇ ਕਹਿਣ ਉੱਤੇ ਉਸ ਨੇ ਦੂਸਰਿਆਂ ਦੀ ਵਾਰ ਵਾਰ ਦੁਹਰਾਈ ਕਰਵਾਈ, ਆਖ਼ਿਰਕਾਰ ਦੂਸਰਿਆਂ ਨੂੰ ਵੀ ਦੁਆ ਚੇਤੇ ਹੋ ਗਈ ।
ਅੰਧਕਾਰ ਛਾ ਰਿਹਾ ਸੀ, ਅਤੇ ਪਾਣੀਆਂ ਦੇ ਪਿੱਛਿਉਂ ਚੰਨ ਚੜ੍ਹ ਰਿਹਾ ਸੀ, ਤੱਦ ਪਾਦਰੀ ਜਹਾਜ਼ ਉੱਤੇ ਵਾਪਸ ਜਾਣ ਲਈ ਉਠ ਖੜਾ ਹੋਇਆ । ਉਸ ਨੇ ਬੁੱਢਿਆਂ ਤੋਂ ਜਾਣ ਦੀ ਇਜਾਜਤ ਮੰਗੀ, ਉਹ ਸਾਰੇ ਉਸਦੇ ਸਾਹਮਣੇ ਆਦਰ ਨਾਲ ਝੁਕ ਗਏ । ਉਸ ਨੇ ਉਨ੍ਹਾਂ ਨੂੰ ਉਠਾਇਆ, ਅਤੇ ਇੱਕ ਇੱਕ ਨੂੰ ਚੁੰਮਿਆ, ਅਤੇ ਉਨ੍ਹਾਂ ਨੂੰ ਉਸਦੇ ਦੱਸੇ ਹੋਏ ਤਰੀਕੇ ਉੱਤੇ ਇਬਾਦਤ ਕਰਨ ਦੀ ਹਿਦਾਇਤ ਕੀਤੀ ।
ਕਿਸ਼ਤੀ ਵਿੱਚ ਬੈਠ ਕੇ ਵਾਪਸ ਜਾਂਦੇ ਹੋਏ ਉਸਨੂੰ ਬੁੱਢਿਆਂ ਦੀਆਂ ਆਵਾਜਾਂ ਆ ਰਹੀਆਂ ਸਨ, ਉਹ ਉੱਚੀ ਉੱਚੀ ਦੁਆ ਪੜ੍ਹ ਰਹੇ ਸਨ । ਜਿਵੇਂ ਜਿਵੇਂ ਕਿਸ਼ਤੀ ਜਹਾਜ਼ ਦੇ ਨਜ਼ਦੀਕ ਹੁੰਦੀ ਗਈ, ਉਨ੍ਹਾਂ ਦੀ ਆਵਾਜਾਂ ਮੱਧਮ ਹੁੰਦੀਆਂ ਚੱਲੀਆਂ ਗਈਆਂ, ਲੇਕਿਨ ਚੰਨ ਦੀ ਚਾਂਦਨੀ ਵਿੱਚ ਉਨ੍ਹਾਂ ਦੇ ਝਉਲੇ ਫਿਰ ਵੀ ਵਿਖਾਈ ਦੇ ਰਹੇ ਸਨ, ਜਿੱਥੇ ਉਹ ਉਨ੍ਹਾਂ ਨੂੰ ਛੱਡਕੇ ਆਇਆ ਸੀ ਉਸੀ ਜਗ੍ਹਾ ਉੱਤੇ ਖੜੇ ਸਭ ਤੋਂ ਛੋਟਾ ਦਰਮਿਆਨ ਵਿੱਚ, ਬਹੁਤ ਸੱਜੇ, ਅਤੇ ਦਰਮਿਆਨਾ ਵਾਲਾ ਖੱਬੇ ।
ਪਾਦਰੀ ਦੇ ਜਹਾਜ਼ ਉੱਤੇ ਪੁੱਜਦੇ ਹੀ ਲੰਗਰ ਉਠਾ ਕੇ ਬਾਦਬਾਨ ਖੋਲ ਦਿੱਤੇ ਗਏ । ਹਵਾ ਨੇ ਬਾਦਬਾਨਾਂ ਨੂੰ ਭਰ ਦਿੱਤਾ, ਅਤੇ ਜਹਾਜ਼ ਟਾਪੂ ਤੋਂ ਦੂਰ ਜਾਣ ਲਗਾ । ਪਾਦਰੀ ਡੈੱਕ ਉੱਤੇ ਇੱਕ ਜਗ੍ਹਾ ਬੈਠ ਗਿਆ ਅਤੇ ਉਸ ਟਾਪੂ ਦੀ ਤਰਫ਼ ਦੇਖਣ ਲੱਗ ਪਿਆ ਜਿਸਨੂੰ ਉਹ ਪਿੱਛੇ ਛੱਡ ਆਇਆ ਸੀ । ਥੋੜ੍ਹੀ ਦੇਰ ਤੱਕ ਦਰਵੇਸ਼ ਨਜ਼ਰ ਆਉਂਦੇ ਰਹੇ, ਲੇਕਿਨ ਫਿਰ ਉਹ ਨਜ਼ਰ ਤੋਂ ਓਝਲ ਹੋ ਗਏ, ਪਰ ਟਾਪੂ ਨਜ਼ਰ ਆਉਂਦਾ ਰਿਹਾ । ਆਖਿਰਕਾਰ ਉਹ ਵੀ ਗਾਇਬ ਹੋ ਗਿਆ, ਨਜ਼ਰ ਦੇ ਅੱਗੇ ਸਮੁੰਦਰ ਹੀ ਸਮੁੰਦਰ ਰਹਿ ਗਿਆ … ਚਾਂਦਨੀ ਵਿੱਚ ਕਰਵਟਾਂ ਲੈਂਦਾ ਸਮੁੰਦਰ । ਯਾਤਰੀ ਸੌਂ ਗਏ, ਡੈੱਕ ਉੱਤੇ ਖ਼ਾਮੋਸ਼ੀ ਛਾ ਗਈ । ਪਾਦਰੀ ਸੌਣਾ ਨਹੀਂ ਚਾਹੁੰਦਾ ਸੀ, ਲੇਕਿਨ ਡੈੱਕ ਉੱਤੇ ਇਕੱਲਾ ਹੀ ਬੈਠਾ ਰਿਹਾ, ਅਤੇ ਸਮੁੰਦਰ ਵਿੱਚ ਉਸ ਸੇਧ ਵੇਖਦਾ ਰਿਹਾ ਜਿੱਥੇ ਹੁਣ ਟਾਪੂ ਨਜ਼ਰ ਨਹੀਂ ਆ ਰਿਹਾ ਸੀ, ਭਲੇਮਾਣਸ ਦਰਵੇਸ਼ਾਂ ਦੇ ਬਾਰੇ ਸੋਚਦੇ ਹੋਏ । ਉਸ ਨੇ ਸੋਚਿਆ ਕਿ ਉਹ ਲੋਕ ਦੁਆ ਯਾਦ ਕਰਕੇ ਕਿੰਨੇ ਖ਼ੁਸ਼ ਹੋਏ ਸਨ; ਅਤੇ ਖ਼ੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸ ਨੇ ਉਸਨੂੰ ਇੰਨੇ ਖ਼ੁਦਾ ਪਰਸਤ ਲੋਕਾਂ ਨੂੰ ਕੁੱਝ ਸਿਖਾਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਮੌਕਾ ਦਿੱਤਾ ।
ਬਸ ਜੀ ਪਾਦਰੀ ਬੈਠਾ ਰਿਹਾ, ਸੋਚਦਾ ਰਿਹਾ ਅਤੇ ਸਮੁੰਦਰ ਵੱਲ ਵੇਖਦਾ ਰਿਹਾ ਜਿੱਥੇ ਟਾਪੂ ਓਝਲ ਹੋਇਆ ਸੀ । ਚਾਨਣੀ ਉਸਦੀਆਂ ਨਜਰਾਂ ਦੇ ਸਾਹਮਣੇ ਟਿਮਟਿਮਾਉਂਦੀ ਰਹੀ, ਝਿਲਮਿਲਾਉਂਦੀ ਰਹੀ, ਹੁਣੇ ਇੱਥੇ ਹੁਣੇ ਉੱਥੇ ਲਹਿਰਾਂ ਉੱਤੇ ।
ਅਚਾਨਕ ਉਸਨੂੰ ਕੋਈ ਸਫੈਦ ਅਤੇ ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ, ਸਮੁੰਦਰ ਉੱਤੇ ਫੈਲੀ ਚਾਂਦਨੀ ਵਿੱਚ । ਪਤਾ ਨਹੀਂ ਕੋਈ ਬਗਲਾ ਸੀ, ਜਾਂ ਕਿਸੇ ਕਿਸ਼ਤੀ ਦਾ ਛੋਟਾ ਜਿਹਾ ਚਮਕਦਾਰ ਬਾਦਬਾਨ ? ਪਾਦਰੀ ਨੇ ਸੋਚਦੇ ਸੋਚਦੇ ਉਸ ਉੱਤੇ ਨਜ਼ਰ ਟਿਕਾ ਦਿੱਤੀ ।
ਇਹ ਕੋਈ ਕਿਸ਼ਤੀ ਹੀ ਲੱਗਦੀ ਹੈ, ਜੋ ਸਾਡੇ ਪਿੱਛੇ ਪਿੱਛੇ ਚੱਲੀ ਆ ਰਹੀ ਹੈ । ਲੇਕਿਨ ਕਰੀਬ ਵੱਡੀ ਤੇਜ਼ੀ ਨਾਲ ਆ ਰਹੀ ਹੈ । ਹੁਣੇ ਕੁਝ ਪਲ ਪਹਿਲਾਂ ਤਾਂ ਬਹੁਤ ਦੂਰ ਸੀ, ਲੇਕਿਨ ਹੁਣ ਬਹੁਤ ਨਜ਼ਦੀਕ । ਕਿਸ਼ਤੀ ਤਾਂ ਨਹੀਂ ਹੋ ਸਕਦੀ, ਕਿਉਂਕਿ ਬਾਦਬਾਨ ਕੋਈ ਨਹੀਂ ਨਜ਼ਰ ਆ ਰਿਹਾ । ਖੈਰ ਜੋ ਕੁੱਝ ਵੀ ਹੈ, ਸਾਡਾ ਪਿੱਛਾ ਕਰ ਰਿਹਾ ਹੈ ਅਤੇ ਸਾਡੇ ਤੱਕ ਪੁੱਜਣ ਹੀ ਵਾਲਾ ਹੈ ।
ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਚੀਜ਼ ਸੀ ਕੀ ? ਕਿਸ਼ਤੀ ਨਹੀਂ ਹੈ, ਪਰਿੰਦਾ ਨਹੀਂ ਹੈ, ਮੱਛੀ ਵੀ ਨਹੀਂ ਹੈ । ਆਦਮੀ ਤੋਂ ਤਾਂ ਉਹ ਬਹੁਤ ਹੀ ਵੱਡੀ ਚੀਜ਼ ਸੀ, ਅਤੇ ਉਂਜ ਵੀ ਬੰਦਾ ਸਮੁੰਦਰ ਦੇ ਵਿੱਚੋ ਵਿੱਚ ਤਾਂ ਆ ਹੀ ਨਹੀਂ ਸਕਦਾ । ਪਾਦਰੀ ਉੱਠਿਆ, ਅਤੇ ਮਲਾਹ ਨੂੰ ਬੋਲਿਆ:
"ਔਹ ਵੇਖੋ ਯਾਰ, ਉਹ ਪਤਾ ਨਹੀਂ ਕੀ ਚੀਜ਼ ਹੈ ?" ਪਾਦਰੀ ਕਹਿਣ ਲੱਗਾ, ਹਾਲਾਂਕਿ ਹੁਣ ਉਸਨੂੰ ਸਾਫ਼ ਵਿਖਾਈ ਦੇ ਰਿਹਾ ਸੀ ਕਿ ਕੀ ਚੀਜ਼ ਹੈ …
ਪਾਣੀ ਉੱਤੇ ਭੱਜੇ ਚਲੇ ਆਉਂਦੇ ਹੋਏ, ਤਿੰਨੋਂ ਦਰਵੇਸ਼, ਨਿਰੇ ਚਿੱਟੇ ਸਫੈਦ, ਉਨ੍ਹਾਂ ਦੀਆਂ ਭੂਰੀਆਂ ਦਾੜ੍ਹੀਆਂ ਚਮਕ ਰਹੀਆਂ ਸਨ, ਅਤੇ ਉਹ ਇੰਨੀ ਤੇਜ਼ੀ ਨਾਲ ਜਹਾਜ਼ ਦੇ ਕਰੀਬ ਆ ਰਹੇ ਸਨ ਜਿਵੇਂ ਕਿ ਜਹਾਜ਼ ਰੁਕਿਆ ਹੋਇਆ ਹੋਵੇ ।
ਇਸ ਉੱਤੇ ਨਜ਼ਰ ਪੈਂਦੇ ਹੀ ਪਤਵਾਰ ਉੱਤੇ ਬੈਠੇ ਮਲਾਹ ਨੇ ਖੌਫ ਦੇ ਮਾਰੇ ਪਤਵਾਰ ਛੱਡ ਦਿੱਤਾ । ਓਹ ਮੇਰੇ ਖ਼ੁਦਾ ! ਦਰਵੇਸ਼ ਸਾਡੇ ਪਿੱਛੇ ਪਾਣੀ ਉੱਤੇ ਅਜਿਹੇ ਭੱਜੇ ਚਲੇ ਆ ਰਹੇ ਹਨ ਜਿਵੇਂ ਖੁਸ਼ਕ ਜ਼ਮੀਨ ਉੱਤੇ ਭੱਜ ਰਹੇ ਹੋਣ ।
ਦੂਜੇ ਮੁਸਾਫ਼ਰ ਉਸਦੀ ਇਹ ਗੱਲ ਸੁਣਦੇ ਹੀ ਉਠ ਖੜੇ ਹੋਏ, ਅਤੇ ਜਹਾਜ਼ ਦੇ ਕੰਢੇ ਉਨ੍ਹਾਂ ਦਾ ਮਜਮਾ ਲੱਗ ਗਿਆ । ਉਨ੍ਹਾਂ ਨੇ ਵੇਖਿਆ ਕਿ ਦਰਵੇਸ਼ ਹੱਥਾਂ ਵਿੱਚ ਹੱਥ ਪਾਈਂ ਉਨ੍ਹਾਂ ਦੀ ਤਰਫ਼ ਚਲੇ ਆ ਰਹੇ ਹਨ, ਸੱਜੇ ਖੱਬੇ ਵਾਲੇ ਦਰਵੇਸ਼ ਜਹਾਜ਼ ਨੂੰ ਰੁਕਣ ਲਈ ਇਸ਼ਾਰੇ ਕਰ ਰਹੇ ਸਨ । ਪਾਣੀ ਦੇ ਉੱਤੇ ਤਿੰਨੋਂ ਬਿਨਾਂ ਪੈਰ ਹਿਲਾਏ ਹੱਥਾਂ ਵਿੱਚ ਹੱਥ ਪਾਈਂ ਚਲੇ ਆ ਰਹੇ ਸਨ । ਜਹਾਜ਼ ਦੇ ਰੁਕਣ ਤੋਂ ਪਹਿਲਾਂ ਦਰਵੇਸ਼ ਉਸ ਤੱਕ ਆਣ ਪੁੱਜੇ, ਸਿਰ ਝੁਕਾਈ ਤਿੰਨੋਂ ਇੱਕ ਆਵਾਜ ਕਹਿਣ ਲੱਗੇ-
"ਅੱਲ੍ਹਾ ਦੇ ਬੰਦੇ, ਸਾਨੂੰ ਤੁਹਾਡੀ ਦੱਸੀਆਂ ਹੋਈਆਂ ਸਿਖਿਆਵਾਂ ਭੁੱਲ ਗਈਆਂ ਹਨ । ਜਿੰਨੀ ਦੇਰ ਅਸੀਂ ਦੁਹਰਾਉਂਦੇ ਰਹੇ, ਸਾਨੂੰ ਯਾਦ ਰਹੀਆਂ, ਲੇਕਿਨ ਜਿਵੇਂ ਹੀ ਅਸਾਂ ਜਰਾ ਦੁਹਰਾਈ ਰੋਕੀ ਇੱਕ ਹਰਫ ਭੁੱਲ ਗਿਆ । ਅਤੇ ਹੁਣ ਹਰਫ ਹਰਫ ਕਰਕੇ ਸਾਰੀ ਦੁਆ ਹੀ ਭੁੱਲ ਗਈ ਹੈ । ਸਾਨੂੰ ਕੁੱਝ ਯਾਦ ਨਹੀਂ ਰਿਹਾ । ਸਾਨੂੰ ਦੁਬਾਰਾ ਸਿਖਾ ਦਿਉੋ ।
ਪਾਦਰੀ ਨੇ ਸੀਨੇ ਉੱਤੇ ਸਲੀਬ ਬਣਾਈ, ਅਤੇ ਜਹਾਜ਼ ਦੇ ਕੰਢੇ ਉੱਤੇ ਝੁਕ ਕੇ ਬੋਲਿਆ-
" ਅੱਲ੍ਹਾ ਦੇ ਬੰਦਿਉ, ਤੁਹਾਡੀ ਖ਼ੁਦ ਦੀ ਦੁਆ ਖ਼ੁਦਾ ਨੂੰ ਪਹੁੰਚ ਜਾਵੇਗੀ, ਮੈਂ ਕੁੱਝ ਨਹੀਂ ਪੜ੍ਹਾ ਸਕਦਾ, ਬਸ ਅਸਾਡੇ ਵਰਗੇ ਗੁਨਹਗਾਰਾਂ ਲਈ ਦੁਆ ਕਰ ਦੇਣਾ ।
ਫਿਰ ਪਾਦਰੀ ਉਨ੍ਹਾਂ ਬੁੱਢਿਆਂ ਦੇ ਸਾਹਮਣੇ ਬਹੁਤ ਅਦਬ ਨਾਲ ਝੁਕ ਗਿਆ, ਉਹ ਮੁੜੇ ਅਤੇ ਸਮੁੰਦਰ ਉੱਤੇ ਉੱਡਦੇ ਹੋਏ ਨਿਗਾਹਾਂ ਤੋਂ ਓਝਲ ਹੋ ਗਏ । ਜਿਸ ਜਗ੍ਹਾ ਉਹ ਨਜਰਾਂ ਤੋਂ ਓਝਲ ਹੋਏ ਸਨ ਇੱਕ ਨੂਰ ਸਵੇਰ ਹੋਣ ਤੱਕ ਉਸ ਜਗ੍ਹਾ ਲਿਸ਼ਕਾਰੇ ਮਾਰਦਾ ਰਿਹਾ ।

(ਉਪਰਲੀ ਕਹਾਣੀ ਥੋੜ੍ਹੇ ਬਦਲਵੇਂ ਰੂਪ ਵਿਚ)

ਤਿੰਨ ਸੰਤ ਲਿਉ ਤਾਲਸਤਾਏ

ਰੂਸ ਦੇ ਆਰਥੋਡਾਕਸ ਗਿਰਜਾ ਘਰ ਦੇ ਆਰਚਬਿਸ਼ਪ ਨੂੰ ਇਹ ਪਤਾ ਲੱਗਿਆ ਕਿ ਉਸਦੇ ਨੇਮੀ ਪ੍ਰਵਚਨ ਵਿੱਚ ਭਾਗ ਲੈਣ ਵਾਲੇ ਬਹੁਤ ਸਾਰੇ ਲੋਕ ਇੱਕ ਝੀਲ ਦੇ ਕੋਲ ਜਾਣ ਲੱਗੇ ਹਨ । ਉਸ ਝੀਲ ਦੇ ਵਿੱਚ ਵਿੱਚ ਛੋਟਾ ਜਿਹਾ ਇੱਕ ਟਾਪੂ ਸੀ ਜਿੱਥੇ ਇੱਕ ਦਰਖਤ ਦੇ ਹੇਠਾਂ ਤਿੰਨ ਬੁੜ੍ਹੇ ਰਹਿੰਦੇ ਸਨ । ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਕਿ ਉਹ ਤਿੰਨੋਂ ਸੰਤ ਹਨ। ਆਰਚਬਿਸ਼ਪ ਨੂੰ ਇਹ ਗੱਲ ਬਹੁਤ ਨਾਗਵਾਰ ਗੁਜਰੀ ਕਿਉਂਕਿ ਈਸਾਈ ਧਰਮ ਵਿੱਚ ਸੰਤ ਕੇਵਲ ਉਨ੍ਹਾਂ ਨੂੰ ਹੀ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਵੇਟੀਕਨ ਦੁਆਰਾ ਵਿਧੀਵਤ ਸੰਤ ਘੋਸ਼ਿਤ ਕੀਤਾ ਗਿਆ ਹੋਵੇ ।
ਆਰਚਬਿਸ਼ਪ ਗੁੱਸੇ ਹੋ ਗਿਆ–"ਉਹ ਤਿੰਨੋਂ ਸੰਤ ਕਿਵੇਂ ਹੋ ਸਕਦੇ ਹਨ ? ਮੈਂ ਸਾਲਾਂ ਤੋਂ ਕਿਸੇ ਨੂੰ ਵੀ ਸੰਤਤਵ ਦੀ ਪਦਵੀ ਨਹੀਂ ਦਿੱਤੀ ਹੈ! ਉਹ ਕੌਣ ਹਨ ਅਤੇ ਕਿੱਥੋ ਆਏ ਹਨ ? " ਲੇਕਿਨ ਆਮ ਲੋਕ ਉਨ੍ਹਾਂ ਤਿੰਨਾਂ ਦੇ ਦਰਸ਼ਨਾਂ ਲਈ ਜਾਂਦੇ ਰਹੇ ਅਤੇ ਗਿਰਜਾ ਘਰ ਵਿੱਚ ਆਉਣ ਵਾਲਿਆਂ ਦੀ ਤਾਦਾਦ ਘੱਟ ਹੁੰਦੀ ਗਈ ।
ਓੜਕ ਆਰਚਬਿਸ਼ਪ ਨੇ ਇਹ ਤੈਅ ਕੀਤਾ ਕਿ ਉਹ ਉਨ੍ਹਾਂ ਤਿੰਨਾਂ ਨੂੰ ਦੇਖਣ ਲਈ ਜਾਵੇਗਾ . ਉਹ ਕਿਸ਼ਤੀ ਵਿੱਚ ਬੈਠਕੇ ਟਾਪੂ ਦੇ ਵੱਲ ਗਿਆ । ਉਹ ਤਿੰਨੋਂ ਉੱਥੇ ਮਿਲ ਗਏ । ਉਹ ਬੇਹੱਦ ਸਧਾਰਣ ਅਣਪੜ੍ਹ ਅਤੇ ਭੋਲੇਭਾਲੇ ਪੇਂਡੂਆਂ ਵਰਗੇ ਸਨ । ਦੂਜੇ ਪਾਸੇ, ਆਰਚਬਿਸ਼ਪ ਬਹੁਤ ਤਾਕਤਵਰ ਜਸਤੀ ਸੀ । ਰੂਸ ਦੇ ਜ਼ਾਰ ਦੇ ਬਾਅਦ ਉਸ ਖੇਤਰ ਦਾ ਸਭ ਤੋਂ ਮਹੱਤਵਪੂਰਣ ਆਦਮੀ ਸੀ ਉਹ । ਉਨ੍ਹਾਂ ਤਿੰਨਾਂ ਨੂੰ ਵੇਖਕੇ ਉਹ ਖਿਝ ਉਠਿਆ–"ਤੁਹਾਨੂੰ ਸੰਤ ਕਿਸਨੇ ਬਣਾਇਆ ? "–ਉਸਨੇ ਪੁੱਛਿਆ । ਉਹ ਤਿੰਨੋਂ ਇੱਕ ਦੂੱਜੇ ਦਾ ਮੂੰਹ ਤੱਕਣ ਲੱਗੇ । ਉਨ੍ਹਾਂ ਵਿਚੋਂ ਇੱਕ ਨੇ ਕਿਹਾ–"ਕਿਸੇ ਨੇ ਨਹੀਂ । ਅਸੀਂ ਆਪਣੇ ਆਪ ਨੂੰ ਸੰਤ ਨਹੀਂ ਮੰਨਦੇ। ਅਸੀਂ ਤਾਂ ਕੇਵਲ ਆਮ ਮਨੁੱਖ ਹਾਂ" ।
"ਤਾਂ ਫਿਰ ਤੁਹਾਨੂੰ ਵੇਖਣ ਲਈ ਇੰਨੇ ਲੋਕ ਕਿਉਂ ਆਉਂਦੇ ਨੇ?"
ਉਹ ਬੋਲੇ–"ਇਹ ਤਾਂ ਤੁਸੀਂ ਉਨ੍ਹਾਂ ਤੋਂ ਪੁੱਛੋ ।"
"ਕੀ ਤੁਹਾਨੂੰ ਗਿਰਜਾ ਘਰ ਵੱਲੋਂ ਪ੍ਰਵਾਨਿਤ ਅਰਦਾਸ ਆਉਂਦੀ ਹੈ ? "–ਆਰਚਬਿਸ਼ਪ ਨੇ ਪੁੱਛਿਆ ।
"ਨਹੀਂ । ਅਸੀਂ ਤਾਂ ਅਨਪੜ੍ਹ ਹਾਂ ਅਤੇ ਉਹ ਅਰਦਾਸ ਬਹੁਤ ਲੰਮੀ ਹੈ । ਅਸੀਂ ਉਸਨੂੰ ਯਾਦ ਨਹੀਂ ਕਰ ਸਕੇ ।"
"ਤਾਂ ਫਿਰ ਤੁਸੀਂ ਲੋਕ ਕਿਹੜੀ ਅਰਦਾਸ ਪੜ੍ਹਦੇ ਹੋ ?"
ਉਨ੍ਹਾਂ ਤਿੰਨੋਂ ਨੇ ਇੱਕ–ਦੂਜੇ ਦੇ ਵੱਲ ਵੇਖਿਆ । "ਤੁਸੀਂ ਦੱਸ ਦਿਓ "–ਇੱਕ ਨੇ ਕਿਹਾ ।
"ਤੁਸੀਂ ਹੀ ਦੱਸ ਦੋ ਨਾ"–ਉਹ ਆਪਸ ਵਿੱਚ ਕਹਿੰਦੇ ਰਹੇ ।
ਆਰਚਬਿਸ਼ਪ ਇਹ ਸਭ ਦੇਖ ਸੁਣ ਕੇ ਆਪਣਾ ਆਪਾ ਖੋ ਬੈਠਾ । "ਇਹਨਾਂ ਲੋਕਾਂ ਨੂੰ ਅਰਦਾਸ ਕਰਨਾ ਵੀ ਨਹੀਂ ਆਉਂਦਾ ! ਕੈਸੇ ਸੰਤ ਹਨ ਇਹ ? "–ਉਸਨੇ ਮਨ ਵਿੱਚ ਸੋਚਿਆ । ਉਹ ਬੋਲਿਆ–"ਤੁਹਾਡੇ ਵਿੱਚੋਂ ਕੋਈ ਵੀ ਦੱਸ ਸਕਦਾ ਹੈ । ਜਲਦੀ ਦੱਸੋ !"
ਉਹ ਬੋਲੇ–"ਦਰਅਸਲ ਅਸੀਂ ਤੁਹਾਡੇ ਸਾਹਮਣੇ ਬਹੁਤ ਹੀ ਸਧਾਰਣ ਵਿਅਕਤੀ ਹਾਂ । ਅਸੀਂ ਆਪਣੇ ਆਪ ਹੀ ਇੱਕ ਅਰਦਾਸ ਬਣਾਈ ਹੈ ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਇਸ ਅਰਦਾਸ ਨੂੰ ਗਿਰਜਾ ਘਰ ਦੀ ਮਨਜ਼ੂਰੀ ਮਿਲਣਾ ਜਰੂਰੀ ਹੈ । ਸਾਡੀ ਅਰਦਾਸ ਬਹੁਤ ਸਧਾਰਣ ਹੈ । ਸਾਨੂੰ ਮਾਫ ਕਰ ਦਿਓ ਕਿ ਅਸੀਂ ਤੁਹਾਡੀ ਮਨਜ਼ੂਰੀ ਨਹੀਂ ਲਈ। ਅਸੀਂ ਇੰਨੇ ਸੰਕੋਚੀ ਹਾਂ ਕਿ ਅਸੀਂ ਆ ਹੀ ਨਹੀਂ ਸਕੇ ।"
"ਸਾਡੀ ਅਰਦਾਸ ਹੈ–ਰੱਬ ਤਿੰਨ ਹੈ ਅਤੇ ਅਸੀਂ ਵੀ ਤਿੰਨ ਹਾਂ, ਇਸ ਲਈ ਅਸੀਂ ਅਰਦਾਸ ਕਰਦੇ ਹਾਂ–'ਤੁਸੀਂ ਤਿੰਨ ਹੋ ਅਤੇ ਅਸੀਂ ਤਿੰਨ ਹਾਂ, ਸਾਡੇ ਤੇ ਤਰਸ ਕਰੋ'–ਇਹੀ ਸਾਡੀ ਅਰਦਾਸ ਹੈ ।"
ਆਰਚਬਿਸ਼ਪ ਬਹੁਤ ਗੁੱਸੇ ਵਿਚ ਆ ਗਿਆ–"ਇਹ ਅਰਦਾਸ ਨਹੀਂ ਹੈ ! ਮੈਂ ਅਜਿਹੀ ਅਰਦਾਸ ਕਦੇ ਨਹੀਂ ਸੁਣੀ ! "–ਉਹ ਉੱਚੀ ਉੱਚੀ ਹੱਸਣ ਲਗਾ ।
ਉਹ ਬੋਲੇ–"ਤੁਸੀਂ ਸਾਨੂੰ ਸੱਚੀ ਅਰਦਾਸ ਕਰਨਾ ਸਿਖਾ ਦਿਓ । ਅਸੀਂ ਤਾਂ ਹੁਣ ਤੱਕ ਇਹੀ ਸਮਝਦੇ ਸਾਂ ਕਿ ਸਾਡੀ ਅਰਦਾਸ ਵਿੱਚ ਕੋਈ ਕਮੀ ਨਹੀਂ ਹੈ । 'ਰੱਬ ਤਿੰਨ ਹੈ, ਅਤੇ ਅਸੀਂ ਤਿੰਨ ਹਾਂ ', ਹੋਰ ਭਲਾ ਕੀ ਚਾਹੀਦਾ ਹੈ ? ਬਸ ਰੱਬ ਦੀ ਕ੍ਰਿਪਾ ਹੀ ਤਾਂ ਚਾਹੀਦੀ ਹੈ ?
ਉਨ੍ਹਾਂ ਦੇ ਕਹਿਣ ਤੇ ਆਰਚਬਿਸ਼ਪ ਨੇ ਉਨ੍ਹਾਂ ਨੂੰ ਗਿਰਜਾ ਘਰ ਵਾਲੀ ਅਰਦਾਸ ਦੱਸੀ ਅਤੇ ਉਸ ਨੂੰ ਪੜ੍ਹਨ ਦਾ ਤਰੀਕਾ ਵੀ ਦੱਸਿਆ । ਅਰਦਾਸ ਕਾਫ਼ੀ ਲੰਮੀ ਸੀ ਅਤੇ ਉਸਦੇ ਖ਼ਤਮ ਹੁੰਦੇ–ਹੁੰਦੇ ਉਨ੍ਹਾਂ ਵਿਚੋਂ ਇੱਕ ਨੇ ਕਿਹਾ–"ਅਸੀਂ ਸ਼ੁਰੂ ਦਾ ਭਾਗ ਭੁੱਲ ਗਏ ਹਾਂ" । ਫਿਰ ਆਰਚਬਿਸ਼ਪ ਨੇ ਉਨ੍ਹਾਂ ਨੂੰ ਦੁਬਾਰਾ ਦੱਸਿਆ । ਫਿਰ ਉਹ ਆਖ਼ਿਰੀ ਭਾਗ ਭੁੱਲ ਗਏ…।
ਆਰਚਬਿਸ਼ਪ ਬਹੁਤ ਝੁੰਝਲਾ ਗਿਆ ਅਤੇ ਬੋਲਿਆ–"ਤੁਸੀਂ ਕਿਸ ਤਰ੍ਹਾਂ ਦੇ ਆਦਮੀ ਹੋ? ਇੱਕ ਛੋਟੀ ਜਿਹੀ ਅਰਦਾਸ ਵੀ ਯਾਦ ਨਹੀਂ ਕਰ ਸਕਦੇ ?"
ਉਹ ਬੋਲੇ–"ਮਾਫ ਕਰਨਾ ਲੇਕਿਨ ਅਸੀਂ ਲੋਕ ਅਣਪੜ੍ਹ ਹਾਂ ਅਤੇ ਸਾਡੇ ਲਈ ਇਸਨੂੰ ਯਾਦ ਕਰਨਾ ਥੋੜ੍ਹਾ ਔਖਾ ਹੈ, ਇਸ ਵਿੱਚ ਬਹੁਤ ਵੱਡੇ–ਵੱਡੇ ਸ਼ਬਦ ਹਨ… ਕ੍ਰਿਪਾ ਕਰਕੇ ਥੋੜ੍ਹਾ ਸਬਰ ਰੱਖੋ । ਜੇਕਰ ਤੁਸੀਂ ਇਸਨੂੰ ਦੋ–ਤਿੰਨ ਵਾਰ ਸੁਣਾ ਦੇਵੋਗੇ ਤਾਂ ਸ਼ਾਇਦ ਅਸੀਂ ਇਸਨੂੰ ਯਾਦ ਕਰ ਲਵਾਂਗੇ" । ਆਰਚਬਿਸ਼ਪ ਨੇ ਉਨ੍ਹਾਂ ਨੂੰ ਤਿੰਨ ਵਾਰ ਅਰਦਾਸ ਸੁਣਾ ਦਿੱਤੀ । ਉਹ ਬੋਲੇ–"ਠੀਕ ਹੈ, ਹੁਣ ਤੋਂ ਅਸੀਂ ਇਹੀ ਅਰਦਾਸ ਕਰਾਂਗੇ, ਇਹ ਹੋ ਸਕਦਾ ਹੈ ਕਿ ਅਸੀਂ ਇਸਦਾ ਕੁੱਝ ਹਿੱਸਾ ਕਹਿਣਾ ਭੁੱਲ ਜਾਈਏ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ"।
ਆਰਚਬਿਸ਼ਪ ਸੰਤੁਸ਼ਟ ਸੀ ਕਿ ਹੁਣ ਉਹ ਲੋਕਾਂ ਨੂੰ ਜਾਕੇ ਦੱਸੇਗਾ ਕਿ ਉਸਦਾ ਪਾਲਾ ਕਿਹੋ ਜਿਹੇ ਬੇਵਕੂਫਾਂ ਨਾਲ ਪਿਆ ਸੀ । ਉਸਨੇ ਮਨ ਵਿੱਚ ਸੋਚਿਆ–'ਹੁਣ ਲੋਕਾਂ ਨੂੰ ਜਾਕੇ ਦੱਸਾਂਗਾ ਕਿ ਉਹ ਜਿਨ੍ਹਾਂ ਨੂੰ ਸੰਤ ਕਹਿੰਦੇ ਹਨ ਉਨ੍ਹਾਂ ਨੂੰ ਤਾਂ ਧਰਮ ਦਾ ਕ–ਖ–ਗ ਵੀ ਨਹੀਂ ਪਤਾ । ਅਤੇ ਉਹ ਅਜਿਹੇ ਜਾਹਿਲਾਂ ਦੇ ਦਰਸ਼ਨ ਕਰਨ ਜਾਂਦੇ ਹਨ !' ਇਹੀ ਸੋਚਦੇ ਸੋਚਦੇ ਉਹ ਕਿਸ਼ਤੀ ਵਿੱਚ ਜਾਕੇ ਬੈਠ ਗਿਆ । ਕਿਸ਼ਤੀ ਚਲਣ ਲੱਗੀ ਅਤੇ ਉਹ ਅਜੇ ਝੀਲ ਵਿੱਚ ਅੱਧੇ ਰਸਤੇ ਪਰ ਹੀ ਸੀ ਕਿ ਉਸਨੂੰ ਪਿੱਛੇ ਤੋਂ ਉਨ੍ਹਾਂ ਤਿੰਨੋਂ ਦੀ ਪੁਕਾਰ ਸੁਣਾਈ ਦਿੱਤੀ । ਉਸਨੇ ਮੁੜ ਕੇ ਵੇਖਿਆ, ਉਹ ਤਿੰਨੋਂ ਪਾਣੀ ਤੇ ਭੱਜਦੇ ਹੋਏ ਕਿਸ਼ਤੀ ਦੀ ਤਰਫ ਆ ਰਹੇ ਸਨ ! ਉਸਨੂੰ ਆਪਣੀ ਅੱਖਾਂ ਤੇ ਭਰੋਸਾ ਨਹੀਂ ਹੋਇਆ ! ਉਹ ਲੋਕ ਪਾਣੀ ਤੇ ਭੱਜਦੇ ਹੋਏ ਆਏ ਅਤੇ ਕਿਸ਼ਤੀ ਦੇ ਕੋਲ ਪਾਣੀ ਵਿੱਚ ਖੜੇ ਹੋਏ ਬੋਲੇ–"ਮਾਫ ਕਰੋ, ਅਸੀਂ ਤੁਹਾਨੂੰ ਕਸ਼ਟ ਦਿੱਤਾ, ਕ੍ਰਿਪਾ ਕਰਕੇ ਗਿਰਜਾ ਘਰ ਦੀ ਅਰਦਾਸ ਇੱਕ ਵਾਰ ਹੋਰ ਦੁਹਰਾ ਦਿਓ, ਅਸੀਂ ਕੁੱਝ ਭੁੱਲ ਗਏ ਹਾਂ" ।
ਆਰਚਬਿਸ਼ਪ ਨੇ ਕਿਹਾ–"ਤੁਸੀਂ ਲੋਕ ਆਪਣੀ ਅਰਦਾਸ ਹੀ ਪੜ੍ਹੋ । ਮੈਂ ਤੁਹਾਨੂੰ ਜੋ ਕੁੱਝ ਵੀ ਦੱਸਿਆ ਉਸ ਉੱਤੇ ਧਿਆਨ ਨਾ ਦਿਉ । ਮੈਨੂੰ ਮਾਫ ਕਰ ਦਿਉ, ਮੈਂ ਬਹੁਤ ਦੰਭੀ ਹਾਂ । ਮੈਂ ਤੁਹਾਡੀ ਸਰਲਤਾ ਅਤੇ ਪਾਕੀਜ਼ਗੀ ਨੂੰ ਛੂਹ ਵੀ ਨਹੀਂ ਸਕਦਾ । ਜਾਓ, ਮੁੜ ਜਾਓ ।"
ਪਰ ਉਹ ਅੜੇ ਰਹੇ–"ਨਹੀਂ, ਇੰਜ ਨਾ ਕਹੋ, ਤੁਸੀਂ ਇੰਨੀ ਦੂਰੋਂ ਸਾਡੇ ਲਈ ਆਏ… ਬਸ ਇੱਕ ਵਾਰ ਹੋਰ ਦੁਹਰਾ ਦਿਓ, ਅਸੀਂ ਲੋਕ ਭੁਲਣ ਲੱਗੇ ਹਾਂ ਪਰ ਇਸ ਵਾਰ ਕੋਸ਼ਿਸ਼ ਕਰਾਂਗੇ ਕਿ ਇਸਨੂੰ ਚੰਗੀ ਤਰ੍ਹਾਂ ਯਾਦ ਕਰ ਲਈਏ ।"
ਲੇਕਿਨ ਆਰਚਬਿਸ਼ਪ ਨੇ ਕਿਹਾ–"ਨਹੀਂ ਭਰਾਵੋ, ਮੈਂ ਖੁਦ ਸਾਰੀ ਜਿੰਦਗੀ ਆਪਣੀ ਅਰਦਾਸ ਨੂੰ ਪੜ੍ਹਦਾ ਰਿਹਾ ਪਰ ਰੱਬ ਨੇ ਉਸਨੂੰ ਕਦੇ ਨਹੀਂ ਸੁਣਿਆ । ਅਸੀਂ ਤਾਂ ਬਾਇਬਲ ਵਿੱਚ ਹੀ ਇਹ ਪੜ੍ਹਦੇ ਸਾਂ ਕਿ ਈਸਾ ਮਸੀਹ ਪਾਣੀ ਤੇ ਚੱਲ ਸਕਦੇ ਸਨ ਪਰ ਅਸੀਂ ਵੀ ਉਸ ਉੱਤੇ ਸ਼ੰਕਾ ਕਰਦੇ ਰਹੇ । ਅੱਜ ਤੁਹਾਨੂੰ ਪਾਣੀ ਤੇ ਚਲਦੇ ਵੇਖਕੇ ਮੈਨੂੰ ਹੁਣ ਈਸਾ ਮਸੀਹ ਤੇ ਵਿਸ਼ਵਾਸ ਹੋ ਚਲਿਆ ਹੈ । ਤੁਸੀਂ ਮੁੜ ਜਾਓ । ਤੁਹਾਡੀ ਅਰਦਾਸ ਸੰਪੂਰਣ ਹੈ । ਤੁਹਾਨੂੰ ਕੁੱਝ ਵੀ ਸਿੱਖਣ ਦੀ ਲੋੜ ਨਹੀਂ ਹੈ ।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com