Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Tinna Bhravan Khazana Labhia Moldavian Fairy Tale

ਤਿੰਨਾਂ ਭਰਾਵਾਂ ਆਪਣੇ ਪਿਉ ਦਾ ਖਜ਼ਾਨਾ ਕਿਵੇਂ ਲਭਿਆ
ਮੋਲਦਾਵੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਉਹ ਬੜਾ ਉਦਮੀ ਤੇ ਮਿਹਨਤੀ ਬੰਦਾ ਸੀ। ਉਹ ਕਦੀ ਵਿਹਲਾ ਨਹੀਂ ਸੀ ਬਹਿੰਦਾ, ਤੇ ਮੂੰਹ-ਝਾਖਰੇ ਤੋਂ ਲੈ ਕੇ ਚਿਰਾਕੀ ਰਾਤ ਤੱਕ ਮਿਹਨਤ ਕਰਦਾ ਰਹਿੰਦਾ ਸੀ। ਉਹ ਕਦੀ ਥਕਦਾ ਨਹੀਂ ਸੀ ਲਗਦਾ, ਤੇ ਉਹ ਹਰ ਕੰਮ ਹਮੇਸ਼ਾ ਹੀ ਚੰਗੀ ਤਰ੍ਹਾਂ ਤੇ ਵੇਲੇ ਸਿਰ ਕਰਦਾ ਸੀ।
ਤੇ ਏਧਰ ਉਹਦੇ ਪੁੱਤਰਾਂ ਨੂੰ, ਤਿੰਨਾਂ ਦੇ ਤਿੰਨਾਂ ਉਚੇ-ਲੰਮੇ, ਸੁਨੱਖੇ ਤੇ ਤਕੜੇ ਗਭਰੂਆਂ ਨੂੰ, ਕੰਮ ਕਰਨਾ ਚੰਗਾ ਨਹੀਂ ਸੀ ਲਗਦਾ।
ਪਿਉ ਪੈਲੀ ਵਿਚ, ਬਾਗ ਵਿਚ ਤੇ ਘਰ ਵਿਚ ਕੰਮ ਕਰਦਾ, ਪਰ ਉਹਦੇ ਪੁੱਤਰ ਦਰਖ਼ਤਾਂ ਦੀ ਛਾਵੇਂ ਗੱਪਾਂ ਮਾਰਦੇ ਵਿਹਲੇ ਬੈਠੇ ਰਹਿੰਦੇ, ਜਾਂ ਦਰਿਆ ਦੁਨੀਸਤਰ ਵਿਚ ਮੱਛੀਆਂ ਫੜਨ ਚਲੇ ਜਾਂਦੇ। 
“ਕਦੀ ਕੰਮ ਕਿਉਂ ਨਹੀਂ ਕਰਦੇ ਤੇ ਬਾਪੂ ਦਾ ਹਥ ਕਿਓਂ ਨਹੀਂ ਵਟਾਂਦੇ?" ਉਹਨਾਂ ਦੇ ਗਵਾਂਢੀ ਪੁਛਦੇ।
“ਅਸੀਂ ਕੰਮ ਕਰੀਏ ਤਾਂ ਕਿਉਂ ਕਰੀਏ?" ਪੁੱਤਰ ਜਵਾਬ ਦੇਂਦੇ। “ਬਾਪੂ ਸਾਡਾ ਬਹੁਤ ਖਿਆਲ ਰਖਦੇ, ਤੇ ਸਾਰਾ ਕੰਮ ਆਪੇ ਈ ਬੜੀ ਚੰਗੀ ਤਰ੍ਹਾਂ ਕਰ ਲੈਂਦੈ।"
ਤੇ ਇਹ ਸਾਲੋ-ਸਾਲ ਇੰਜ ਹੀ ਚਲਦਾ ਰਿਹਾ।
ਪੁੱਤਰ ਵਡੇ ਹੋ ਜਣੇ ਨਿਕਲ ਆਏ ਤੇ ਪਿਓ ਬੁੱਢਾ ਹੋ ਗਿਆ। ਉਹ ਕਮਜ਼ੋਰ ਪੈ ਗਿਆ ਤੇ ਹੁਣ ਉਹਦੇ ਤੋਂ ਪਹਿਲਾਂ ਵਾਂਗ ਕੰਮ ਨਹੀਂ ਸੀ ਕੀਤਾ ਜਾਂਦਾ। ਉਹਦੇ ਘਰ ਦੁਆਲੇ ਦੇ ਬਾਗ਼ ਨੂੰ ਜੰਗਲ ਬਣ ਜਾਣ ਦਿਤਾ ਗਿਆ ਤੇ ਉਹਦੀਆਂ ਪੈਲੀਆਂ ਉਗ-ਆਏ ਘਾਹ-ਬੂਟ ਨਾਲ ਭਰ ਗਈਆਂ। ਪੁਤਰਾਂ ਨੇ ਇਹ ਕੁਝ ਵੇਖਿਆ ਪਰ ਕੰਮ ਕਰਨਾ ਉਹਨਾਂ ਨੂੰ ਏਨਾ ਮਾੜਾ ਲਗਦਾ ਸੀ ਕਿ ਉਹ ਹਥ ਉਤੇ ਹਥ ਧਰ ਬੈਠੇ ਰਹੇ। “ਮੇਰੇ ਪੁਤਰੋ, ਓਥੇ ਬੈਠੇ-ਬੈਠੇ ਵਿਹਲੇ ਵਕਤ ਕਿਉਂ ਗਵਾਂਦੇ ਹੋ?” ਉਹਨਾਂ ਦੇ ਪਿਓ ਉਹਨਾਂ ਨੂੰ ਪੁਛਦਾ। "ਜਦੋਂ ਮੈਂ ਜਵਾਨ ਹੁੰਦਾ ਸਾਂ, ਮੈਂ ਕੰਮ ਕਰਦਾ ਸਾਂ, ਤੇ ਹੁਣ ਤੁਹਾਡਾ ਵਕਤ ਆ ਗਿਐ।" 
“ਛੱਡੋ ਵੀ, ਕਰਦੇ ਰਹਾਂਗੇ ਕੰਮ ਪੁੱਤਰ ਜਵਾਬ ਦੇਂਦੇ। 
“ਇਸ ਗੱਲੇ ਡਾਢੀ ਚਿੰਤਾ ਵਿਚ ਪਿਆ ਕਿ ਉਹਦੇ ਪੁੱਤਰ ਏਡੇ ਭੱਦੂ ਸਨ, ਬੁਢਾ ਦੁਖ ਨਾਲ ਬੀਮਾਰ ਹੋ ਗਿਆ ਤੇ ਮੰਜੇ ਪੈ ਗਿਆ।"
ਉਸ ਵੇਲੇ ਤਕ ਟੱਬਰ ਦੀ ਹਾਲਤ ਡਾਢੀ ਹੀ ਮੰਦੀ ਹੋਈ ਪਈ ਸੀ। ਬਾਗ਼ ਜੰਗਲ ਬਣਿਆ ਹੋਇਆ ਸੀ। ਤੇ ਬਿੱਛੂ-ਬੁਟੀ ਤੇ ਭਖੜਾ ਏਨਾ ਉਚਾ ਹੋਇਆ ਪਿਆ ਸੀ ਕਿ ਮਕਾਨ ਮਸਾਂ-ਮਸਾਂ ਹੀ ਦਿਸਦਾ ਸੀ।
ਇਕ ਦਿਨ ਬੁਢੇ ਨੇ ਪੁਤਰਾਂ ਨੂੰ ਸਰਾਂਹਦੀ ਬੁਲਾਇਆ।
“ਪੁੱਤਰੋ," ਉਹਨਾਂ ਨੂੰ ਉਹ ਕਹਿਣ ਲਗਾ, “ਮੇਰਾ ਅਖ਼ੀਰੀ ਵੇਲਾ ਆ ਗਿਐ। ਮੇਰੇ ਬਿਨਾਂ ਕਿਵੇਂ ਝੱਟ ਲੰਘਾਉਗੇ? ਕੰਮ ਤਹਾਨੂੰ ਚੰਗਾ ਨਹੀਂ ਲਗਦਾ, ਤੇ ਕੰਮ ਤੁਹਾਨੂੰ ਕਰਨਾ ਨਹੀਂ ਆਉਂਦਾ।"
ਪੁੱਤਰਾਂ ਦੇ ਦਿਲੀਂ ਤਰਾਟਾਂ ਪਈਆਂ, ਤੇ ਉਹਨਾਂ ਦੇ ਅਥਰੂ ਵਹਿ ਨਿਕਲੇ।
“ਸਾਨੂੰ ਦੱਸੋ, ਬਾਪੂ, ਸਾਨੂੰ ਆਪਣੀ ਅਖ਼ੀਰੀ ਸਲਾਹ ਦਿਓ, ਸਭ ਤੋਂ ਵਡੇ ਪੁੱਤਰ ਨੇ ਮਿੰਨਤ ਕੀਤੀ।"
“ਚੰਗਾ!" ਪਿਓ ਨੇ ਜਵਾਬ ਦਿਤਾ। “ਮੈਂ ਤੁਹਾਨੂੰ ਇਕ ਭੇਤ ਦਸਨਾਂ। ਤੁਹਾਨੂੰ ਪਤੈ, ਮੈਂ ਤੇ ਤੁਹਾਡੀ ਬੇਬੇ ਨੇ ਸਖ਼ਤ ਤੇ ਪੂਰੀ ਮਿਹਨਤ ਕੀਤੀ। ਕਿੰਨੇ ਈ ਵਰਿਆਂ'ਚ, ਥੋੜਾ ਥੋੜਾ ਕਰ ਕੇ, ਅਸੀਂ ਤੁਹਾਡੇ ਲਈ ਖਜ਼ਾਨਾ ਜਮਾਂ ਕੀਤਾ - ਸੋਨੇ ਦਾ ਇਕ ਘੜਾ। ਮੈਂ ਘੜੇ ਨੂੰ ਘਰ ਕੋਲ ਦਬ ਦਿਤਾ ਸੀ, ਮੈਨੂੰ ਸਿਰਫ਼ ਚੇਤਾ ਨਹੀਂ ਆ ਰਿਹਾ ਕਿਥੇ। ਮੇਰਾ ਖਜ਼ਾਨਾ ਲਭ ਲਓ, ਤੇ ਗਰੀਬੀ ਤੁਹਾਡੇ ਪੇਸ਼ ਨਹੀਂ ਪਏਗੀ, ਤੇ ਕਦੀ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਜੇ ਹੋਏਗੀ।"
ਇਹ ਕਹਿ ਉਹਨੇ ਪੁੱਤਰਾਂ ਤੋਂ ਵਿਦਾ ਲਈ ਤੇ ਉਹਦੇ ਸਵਾਸ ਬੰਦ ਹੋ ਗਏ।
ਪੁਤਰਾਂ ਨੇ ਆਪਣੇ ਬੁੱਢੇ ਪਿਉ ਨੂੰ ਦਬ ਦਿਤਾ ਤੇ ਉਹਦੇ ਪੂਰੇ ਹੋਣ ਦਾ ਸੋਗ ਮਨਾਇਆ। ਫੇਰ ਇਕ ਦਿਨ ਸਭ ਤੋਂ ਵੱਡਾ ਪੁੱਤਰ ਕਹਿਣ ਲਗਾ:
“ਸੁਣੋ, ਭਰਾਵੋ, ਗ਼ਰੀਬ ਅਸੀਂ ਸਚੀ ਮੁਚੀ ਈ ਹਾਂ, ਏਥੋਂ ਤਕ ਕਿ ਸਾਡੇ ਕੋਲ ਰੋਟੀ ਖ਼ਰੀਦਣ ਜੋਗੇ ਵੀ ਪੈਸੇ ਨਹੀਂ। ਚੇਤੇ ਜੇ, ਬਾਪੂ ਨੇ ਮਰਨ ਤੋਂ ਪਹਿਲਾਂ ਕੀ ਕਿਹਾ ਸੀ। ਚਲੋ ਸੋਨੇ ਵਾਲਾ ਘੜਾ ਲਭੀਏ।"
ਉਹਨਾਂ ਬੇਲਚੇ ਫੜ ਲਏ ਤੇ ਘਰ ਦੇ ਨੇੜੇ ਨਿੱਕੇ-ਨਿੱਕੇ ਟੋਏ ਪੁੱਟਣ ਲਗ ਪਏ। ਉਹ ਪੁਟਦੇ ਗਏ? ਪਟਦੇ ਗਏ, ਪਰ ਉਹਨਾਂ ਨੂੰ ਸੋਨੇ ਵਾਲਾ ਘੜਾ ਨਾ ਲੱਭਾ। 
“ਵਿਚਲੇ ਭਰਾ ਨੇ ਆਖਿਆ: “ਮੇਰੇ ਭਰਾਵੋ, ਜੇ ਅਸੀਂ ਏਸ ਤਰ੍ਹਾਂ ਪੁਟਦੇ ਗਏ, ਸਾਨੂੰ ਬਾਪੂ ਦਾ ਖਜ਼ਾਨਾ ਕਦੀ ਨਹੀਂ ਲੱਭਣ ਲਗਾ ਚਲੋ, ਘਰ ਦਵਾਲੇ ਵਾਲੀ ਸਾਰੀ ਜ਼ਮੀਨ ਪੁਟ ਛੱਡੀਏ।"
ਭਰਾ ਮੰਨ ਗਏ। ਉਹਨਾਂ ਫੇਰ ਬੇਲਚੇ ਫੜੇ, ਘਰ ਦੁਆਲੇ ਦੀ ਸਾਰੀ ਜ਼ਮੀਨ ਪੁਟ ਛੱਡੀ , ਪਰ ਅਜੇ ਵੀ ਉਹਨਾਂ ਨੂੰ ਸੋਨੇ ਵਾਲਾ ਘੜਾ ਕੋਈ ਨਾ ਲੱਭਾ।
“ਆਓ ਇਕ ਵਾਰੀ ਫੇਰ ਪੁਟੀਏ, ਪਰ ਪਹਿਲਾਂ ਤੋਂ ਡੂੰਘਾ," ਸਭ ਤੋਂ ਛੋਟੇ ਭਰਾ ਨੇ ਆਖਿਆ। "ਸ਼ਾਇਦ ਬਾਪੂ ਨੇ ਸੋਨੇ ਵਾਲਾ, ਘੜਾ ਡੂੰਘਾ ਦਬਿਆ ਹੋਵੇ।"
ਇਕ ਵਾਰੀ ਫੇਰ ਭਰਾ ਮੰਨ ਗਏ: ਉਹਨਾਂ ਨੂੰ ਬਾਪੂ ਦਾ ਖ਼ਜ਼ਾਨਾ ਲੱਭਣ ਦੀ ਬਹੁਤ ਹੀ ਤਾਂਘ ਸੀ। ਉਹ ਕੰਮ ਲਗ ਗਏ, ਤੇ ਸਭ ਤੋਂ ਵਡੇ ਭਰਾ ਨੂੰ, ਜਿਹੜਾ ਚੋਖੇ ਚਿਰ ਤੋਂ ਪੁਟ ਰਿਹਾ ਸੀ, ਚਾਣਚਕ ਹੀ ਮਹਿਸੂਸ ਹੋਇਆ, ਜਿਵੇਂ ਉਹਦਾ ਬੇਲਚਾ ਕਿਸੇ ਵਡੀ ਤੇ ਸਖ਼ਤ ਚੀਜ਼ ਨਾਲ ਲੱਗਾ ਹੋਵੇ। ਵੇਗ ਨਾਲ ਉਹਦਾ ਦਿਲ ਧੜਕਣ ਲਗ ਪਿਆ, ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾਇਆ।
“ਛੇਤੀ ਆਉਣਾ! ਮੈਨੂੰ ਲਭ ਪਿਆ ਜੇ ਬਾਪੂ ਦਾ ਖ਼ਜ਼ਾਨਾ!"
ਵਿਚਲਾ ਭਰਾ ਤੇ ਸਭ ਤੋਂ ਛੋਟਾ ਭਰਾ ਭੱਜੇ ਆਏ, ਤੇ ਉਹ ਆਪਣੇ ਵਡੇ ਭਰਾ ਵਲ ਹੋ ਪਏ ਤੇ ਉਹਦਾ ਹਥ ਵਟਾਣ ਲਗੇ।
ਉਹਨਾਂ ਬਹੁਤ ਹੀ ਮਿਹਨਤ ਕੀਤੀ, ਪਰ ਜਿਹੜੀ ਚੀਜ਼ ਉਹਨਾਂ ਜ਼ਮੀਨ ਵਿਚੋਂ ਪੁੱਟੀ, ਉਹ ਸੋਨੇ ਵਾਲਾ ਘੜਾ ਨਹੀਂ ਸੀ, ਇਕ ਬਹੁਤ ਵੱਡਾ ਪੱਥਰ ਸੀ।
ਭਰਾਵਾਂ ਨੂੰ ਡਾਢੀ ਨਿਰਾਸਤਾ ਹੋਈ।
“ਏਸ ਪੱਥਰ ਦਾ ਕੀ ਬਣਾਈਏ?" ਉਹ ਕਹਿਣ ਲਗੇ। “ਚਲੋ, ਇਹਨੂੰ ਲੈ ਜਾਈਏ ਤੇ ਖਡ ਵਿਚ ਸੁੱਟ ਦਈਏ।"
ਉਹਨਾਂ ਇੰਜ ਹੀ ਕੀਤਾ। ਪੱਥਰ ਤੋਂ ਉਹਨਾਂ ਖਲਾਸੀ ਪਾ ਲਈ ਤੇ ਫੇਰ ਪੁੱਟਣ ਲਗ ਪਏ। ਉਹ ਸਾਰਾ ਦਿਨ ਕੰਮ ਲਗੇ ਰਹੇ, ਇਕ ਪਲ ਖਾਣ ਜਾਂ ਆਰਾਮ ਲਈ ਵੀ ਨਾ ਅਟਕੇ, ਤੇ ਉਹਨਾਂ ਸਾਰਾ ਬਾਗ਼ ਪੁਟ ਮਾਰਿਆ। ਉਹਨਾਂ ਦੇ ਬੇਲਚਿਆਂ ਹੇਠ ਮਿੱਟੀ ਪੋਲੀ ਤੇ ਭੁਰਭੁਰੀ ਹੋ ਗਈ, ਪਰ ਉਹਨਾਂ ਨੂੰ ਸੋਨੇ ਵਾਲਾ ਘੜਾ ਕੋਈ ਨਾ ਲੱਭਾ।
"ਚੰਗਾ," ਸਭ ਤੋਂ ਵਡੇ ਭਰਾ ਨੇ ਕਿਹਾ, "ਹੁਣ ਜਦੋਂ ਅਸਾਂ ਮਿੱਟੀ ਪੁਟ ਈ ਲਈ ਏ, ਇਹਨੂੰ ਬੰਜਰ, ਛੱਡਣ ਦਾ ਕੋਈ ਫ਼ਾਇਦਾ ਨਹੀਂ। ਆਓ, ਅੰਗੂਰਾਂ ਦੀਆਂ ਵੇਲਾਂ ਲਾ ਦਈਏ ਏਥੇ!"
"ਖਿਆਲ ਚੰਗਾ ਏ!” ਦੋਵੇਂ ਛੋਟੇ ਭਰਾ ਮੰਨ ਗਏ। “ਅਖ਼ੀਰ ਸਾਡੀ ਮਿਹਨਤ ਜ਼ਾਇਆ ਤਾਂ ਨਹੀਂ ਜਾਏਗੀ।”
ਤੇ ਉਹਨਾਂ ਕੁਝ ਅੰਗੂਰਾਂ ਦੀਆਂ ਵੇਲਾਂ ਲਾ ਦਿਤੀਆਂ ਤੇ ਉਹਨਾਂ ਦੀ ਉਹ ਬੜੇ ਧਿਆਨ ਨਾਲ ਸੰਭਾਲ ਕਰਨ ਲਗ ਪਏ।
ਥੋੜਾ ਜਿਹਾ ਸਮਾਂ ਲੰਘ ਗਿਆ, ਤੇ ਉਹਨਾਂ ਕੋਲ ਅੰਗੂਰਾਂ ਦੇ ਪੱਕੇ, ਮਿੱਠੇ ਤੇ ਰਸ-ਭਰੇ ਗੁਛਿਆਂ ਵਾਲਾ ਇਕ ਸੁਹਣਾ, ਵਡਾ ਸਾਰਾ ਵਾੜਾ ਹੋ ਗਿਆ।
ਭਰਾਵਾਂ ਨੇ ਭਰਵੀਂ ਫ਼ਸਲ ਸਮੇਟੀ। ਜਿਹੜੇ ਅੰਗੂਰ ਉਹਨਾਂ ਨੂੰ ਆਪਣੇ ਲਈ ਚਾਹੀਦੇ ਸਨ, ਉਹ ਉਹਨਾਂ ਵਖ ਕਰ ਲਏ, ਤੇ ਬਾਕੀ ਦੇ ਨਫ਼ੇ 'ਤੇ ਵੇਚ ਦਿਤੇ।
ਸਭ ਤੋਂ ਵੱਡਾ ਭਰਾ ਕਹਿਣ ਲਗਾ:
"ਅਖ਼ੀਰ, ਸਾਡਾ ਆਪਣੀ ਜ਼ਮੀਨ ਪੁਟਣਾ ਅਜਾਈਂ ਨਹੀਂ ਗਿਆ, ਏਸ ਲਈ ਕਿ ਅਸੀਂ ਉਹ ਖਜ਼ਾਨਾ ਲਭ ਈ ਲਿਐ, ਜਿਦ੍ਹੀ ਗਲ ਬਾਪੂ ਨੇ ਪੂਰੇ ਹੋਣ ਤੋਂ ਪਹਿਲਾਂ ਕੀਤੀ ਸੀ।"

 
 

To veiw this site you must have Unicode fonts. Contact Us

punjabi-kavita.com