Toofani-Raat (Bangla Story in Punjabi) : Rabindranath Tagore

ਤੂਫ਼ਾਨੀ-ਰਾਤ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਮੈਂ ਤੇ ਸੁਸ਼ੀਲਾ ਇਕ ਹੀ ਸਕੂਲ ਵਿਚ ਪੜ੍ਹਦੇ ਹੁੰਦੇ ਸਾਂ। ਬਾਲਪੁਣੇ ਦੀ ਅਨਜਾਣ ਅਵਸਥਾ ਵਿਚ ਅਸੀਂ ਵਿਆਹ ਰਚਾਂਦੇ, ਸੁਸ਼ੀਲਾ ਪਤਨੀ ਬਣਦੀ ਤੇ ਮੈਂ ਪਤੀ। ਕੇਹੀ ਸਾਦਗੀ ਤੇ ਭੋਲਾ-ਪਨ ਸੀ। ਨਾ ਹੀ ਮੈਂ ਅਜੇ ਪ੍ਰੇਮ ਦੇ ਤੀਰਾਂ ਨਾਲ ਵਿੰਨ੍ਹਿਆ ਹੋਇਆ ਸਾਂ ਤੇ ਨਾ ਹੀ ਉਸ ਨੂੰ ਆਪਣੀ ਸੁੰਦਰਤਾ ਦਾ ਕੋਈ ਪਤਾ ਸੀ। ਪਰ ਆਹ! ਉਸ ਅਨਜਾਣ-ਪੁਣੇ ਦੀਆਂ ਮੌਜਾਂ ਹੁਣ ਕਿੱਥੇ?
ਜਦੋਂ ਮੈਂ ਉਸ ਦੇ ਘਰ ਜਾਂਦਾ ਤਾਂ ਉਸ ਦੀ ਮਾਤਾ ਮੈਨੂੰ ਪਿਆਰ ਕਰਦੀ ਤੇ ਸੁਸ਼ੀਲਾ ਕੋਲ ਬੈਠੀ ਵੇਖ ਕੇ ਆਖਦੀ, 'ਵੇਖੋ ਖਾਂ, ਕਿਹੀ ਪਿਆਰੀ ਜੋੜੀ ਏ!'
ਭਾਵੇਂ ਮੈਂ ਉਸ ਸਮੇਂ ਅਨਜਾਣ ਸਾਂ, ਪਰ ਇਸ ਗੱਲ ਦਾ ਭਾਵ ਖ਼ੂਬ ਸਮਝਦਾ ਸਾਂ। ਮੇਰੇ ਦਿਲ ਵਿਚ ਇਹ ਗੱਲ ਪੂਰੀ ਤਰ੍ਹਾਂ ਬੈਠ ਗਈ ਕਿ ਹੋਰਨਾਂ ਕੋਲੋਂ ਵਧ ਕੇ ਮੇਰਾ ਹੱਕ ਸੁਸ਼ੀਲਾ ਉਤੇ ਹੈ। ਇਸੇ ਖ਼ਿਆਲ ਕਰ ਕੇ ਕਿ ਸੁਸ਼ੀਲਾ ਮੇਰੀ ਹੈ, ਕਦੇ ਮੈਂ ਉਸ ਨੂੰ ਝਿੜਕਦਾ, ਕਦੇ ਮਾਰਦਾ; ਪਰ ਉਹ ਵਿਚਾਰੀ ਉਫ਼ ਵੀ ਨਾ ਕਰਦੀ। ਜੇ ਕਦੇ ਮੈਂ ਉਸ ਨਾਲ ਗੁੱਸੇ ਹੋ ਜਾਂਦਾ ਤਾਂ ਉਹ ਮੇਰੀਆਂ ਮਿੰਨਤਾਂ ਕਰ ਕੇ ਮੈਨੂੰ ਮੱਨਾ ਲੈਂਦੀ।
ਸਾਰੇ ਪਿੰਡ ਵਿਚ ਸੁਸ਼ੀਲਾ ਦੀ ਸੁੰਦਰਤਾ ਦਾ ਚਰਚਾ ਸੀ ਪਰ ਮੈਂ ਇਹੋ ਜਿਹਾ ਜਾਂਗਲੀ ਸਾਂ ਕਿ ਮੈਨੂੰ ਉਸ ਦੀ ਸੁੰਦਰਤਾ ਵਿਚ ਕੋਈ ਖ਼ਾਸ ਖ਼ੂਬੀ ਨਹੀਂ ਵਿਖਾਈ ਦੇਂਦੀ ਸੀ। ਮੈਨੂੰ ਤਾਂ ਇਹੋ ਹੀ ਪਤਾ ਸੀ, ਪਈ ਸੁਸ਼ੀਲਾ ਆਪਣੇ ਪਿਤਾ ਦੇ ਘਰ ਕੇਵਲ ਇਸ ਲਈ ਪੈਦਾ ਹੋਈ ਹੈ ਕਿ ਮੇਰੀਆਂ ਝਿੜਕਾਂ ਖਾਵੇ ਤੇ ਮੇਰੀ ਖ਼ੁਸ਼ਾਮਦ ਕਰੇ। ਇਹੋ ਹੀ ਕਾਰਨ ਸੀ ਕਿ ਮੈਂ ਉਸ ਦੀ ਕੋਈ ਬਹੁਤ ਪਰਵਾਹ ਨਹੀਂ ਸਾਂ ਕਰਦਾ। ਮੈਨੂੰ ਹੰਕਾਰ ਸੀ ਕਿ ਮੇਰੇ ਪਿਤਾ ਜੀ ਪਿੰਡ ਦੇ ਵੱਡੇ ਜ਼ਿਮੀਂਦਾਰ ਤੇ ਚੌਧਰੀ ਹਨ।

ਚੰਗੀ ਤਰ੍ਹਾਂ ਪੜ੍ਹਨਾ ਲਿਖਣਾ ਸਿਖ ਜਾਣ ਦੇ ਮਗਰੋਂ ਮੇਰੇ ਪਿਤਾ ਜੀ ਮੈਨੂੰ ਬਿਉਪਾਰ ਦੀ ਵਿਦਿਆ ਦਿਵਾਣਾ ਚਾਹੁੰਦੇ ਸਨ ਤਾਂ ਜੁ ਵੱਡਾ ਹੋ ਕੇ ਮੈਂ ਕਿਸੇ ਜਾਗੀਰ ਦਾ ਪ੍ਰਬੰਧਕ ਬਣ ਸਕਾਂ, ਪਰ ਇਸ ਤਜਵੀਜ਼ ਤੋਂ ਮੈਨੂੰ ਦਿਲੋਂ ਘ੍ਰਿਣਾ ਸੀ। ਸਾਡੇ ਪਿੰਡ ਦਾ ਨੀਲ ਰਤਨ ਘਰੋਂ ਨੱਸ ਕੇ ਕਲਕੱਤੇ ਚਲਾ ਗਿਆ ਸੀ ਤੇ ਉਥੇ ਅੰਗ੍ਰੇਜ਼ੀ ਪੜ੍ਹ ਕੇ ਜ਼ਿਲਾ ਮੈਜਿਸਟ੍ਰੇਟ ਦੀ ਕਚਹਿਰੀ ਵਿਚ ਨਾਜ਼ਰ ਬਣ ਗਿਆ ਸੀ। ਅੰਗ੍ਰੇਜ਼ੀ ਵਿਦਿਆ ਪ੍ਰਾਪਤ ਕਰ ਕੇ, ਹਾਈਕੋਰਟ ਦੇ ਦਫ਼ਤਰ ਵਿਚ ਹੈਡ ਕਲਰਕ ਬਣਨ ਤੇ ਮੇਰਾ ਜੀ ਚਾਹੁੰਦਾ ਸੀ। ਮੈਂ ਵੇਖਦਾ ਸਾਂ ਕਿ ਮੇਰੇ ਪਿਤਾ ਜੀ ਕਚਹਿਰੀ ਦੇ ਉਨ੍ਹਾਂ ਮੁਨਸ਼ੀਆਂ ਬਾਬੂਆਂ ਦਾ ਬੜਾ ਆਦਰ ਕਰਦੇ ਸਨ। ਮੈਨੂੰ ਬਚਪਨ ਤੋਂ ਹੀ ਪਤਾ ਸੀ ਕਿ ਲੋਕਾਂ ਵਿਚ ਉਨ੍ਹਾਂ ਦੀ ਬਹੁਤ ਹੀ ਇੱਜ਼ਤ ਹੈ। ਪਿੰਡਾਂ ਵਿਚ ਦੇਵਤਿਆਂ ਵਾਂਗ ਉਨ੍ਹਾਂ ਦੀ ਪੂਜਾ ਹੁੰਦੀ ਸੀ, ਸੰਸਾਰੀ ਔਕੜਾਂ ਦੀ ਨਵਿਰਤੀ ਲਈ ਲੋਕੀਂ ਗਨੇਸ਼ ਦੇਵਤੇ ਕੋਲੋਂ ਵੱਧ ਕੇ ਉਨ੍ਹਾਂ ਉਤੇ ਇਤਬਾਰ ਕਰਦੇ ਸਨ। ਇਹੋ ਹੀ ਕਾਰਨ ਸੀ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਗਨੇਸ਼ ਦੇਵਤਾ ਦੇ ਅੱਗੇ ਚੜ੍ਹਾਈਆਂ ਜਾਂਦੀਆਂ ਸਨ, ਹੁਣ ਉਨ੍ਹਾਂ ਦੀ ਭੇਟਾ ਹੁੰਦੀਆਂ ਸਨ। ਨੀਲ ਰਤਨ ਦੀ ਰੀਸੇ ਇਕ ਦਿਨ ਸਮਾਂ ਪਾ ਕੇ ਮੈਂ ਵੀ ਕਲਕੱਤੇ ਨੱਸ ਗਿਆ। ਪਹਿਲਾਂ ਤਾਂ ਉਥੇ ਮੈਂ ਆਪਣੇ ਪਿੰਡ ਦੇ ਇਕ ਨੌਕਰ ਦੇ ਮਕਾਨ ਤੇ ਜਾ ਟਿਕਿਆ, ਪਰ ਕੁਝ ਚਿਰ ਪਿਛੋਂ ਪਿਤਾ ਜੀ ਮੈਨੂੰ ਵਿਦਿਆ ਪ੍ਰਾਪਤੀ ਲਈ ਖ਼ਰਚ ਭੇਜਣ ਲੱਗ ਪਏ, ਇਸ ਲਈ ਮੈਂ ਬਾਕਾਇਦਾ ਸਕੂਲ ਵਿਚ ਪੜ੍ਹਨ ਲੱਗ ਪਿਆ। ਇਸ ਤੋਂ ਛੁਟ ਰਾਜਸੀ ਜਲਸਿਆਂ ਵਿਚ ਵੀ ਮੈਂ ਬੜੇ ਉਤਸ਼ਾਹ ਨਾਲ ਹਿੱਸਾ ਲੈਣ ਲੱਗ ਪਿਆ ਤੇ ਮੈਨੂੰ ਇਉਂ ਭਾਸਿਆ, ਜੋ ਮਾਤ-ਭੂਮੀ ਲਈ ਮੈਨੂੰ ਆਪਣਾ ਜੀਵਨ ਕੁਰਬਾਨ ਕਰ ਦੇਣਾ ਚਾਹੀਦਾ ਹੈ। ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਕੰਮ ਕਿਤਨਾ ਕੁ ਕਠਨ ਹੈ। ਮੈਨੂੰ ਰਾਹ ਪਾਉਣ ਵਾਲਾ ਵੀ ਕੋਈ ਨਹੀਂ ਸੀ, ਪਰ ਹੁਣ ਜਦੋਂ ਮੈਨੂੰ ਇਹ ਲਗਨ ਲੱਗ ਚੁਕੀ ਸੀ, ਮੈਂ ਹਰ ਇਕ ਲੀਡਰ ਦਾ ਲੈਕਚਰ ਸੁਣਨ ਲਈ ਜਾਂਦਾ, ਦੁਪਹਿਰ ਦੀ ਕੜਕਵੀਂ ਧੁੱਪ ਵਿਚ ਦਰ ਦਰ ਚੰਦੇ ਮੰਗਦਾ ਫਿਰਦਾ, ਕਦੇ ਸ਼ਹਿਰ ਵਿਚ ਜਲਸਿਆਂ ਦੇ ਇਸ਼ਤਿਹਾਰ ਵੰਡਦਾ ਫਿਰਦਾ। ਲੈਕਚਰ ਅਸਥਾਨ ਅੰਦਰ ਮੇਜ਼ਾਂ ਕੁਰਸੀਆਂ ਦੀ ਸਫ਼ਾਈ ਕਰ ਕੇ ਹੋਰ ਮੁੰਡਿਆਂ ਨਾਲ ਉਨ੍ਹਾਂ ਨੂੰ ਸਜਾ ਕੇ ਰੱਖਦਾ। ਜੇ ਕੋਈ ਪੁਰਸ਼ ਸਾਡੇ ਸਰਦਾਰ ਨੂੰ ਮੰਦਾ ਚੰਗਾ ਆਖਦਾ ਤਾਂ ਅਸੀਂ ਪੇਂਡੂ ਮੁੰਡੇ ਉਸ ਨਾਲ ਮਰਨ ਮਾਰਨ ਨੂੰ ਤਿਆਰ ਹੋ ਪੈਂਦੇ। ਇਸ ਤੇ ਸ਼ਹਿਰੀ ਵਾਲੰਟੀਅਰ ਸਾਡੇ ਤੇ ਹੱਸਦੇ ਤੇ ਸਾਨੂੰ ਤੰਗ ਦਿਲ ਆਖਦੇ। ਪਿੰਡ ਤੋਂ ਕਲਕੱਤੇ ਮੈਂ ਨਾਜ਼ਰ ਜਾਂ ਹੈਡ ਕਲਰਕ ਬਣਨ ਨੂੰ ਆਇਆ ਸਾਂ ਪਰ ਇਥੇ ਆ ਕੇ 'ਮੇਜ਼ਿਨੀ' ਜਾਂ 'ਗੇਰੀ ਬਾਲਡੀ' ਬਣਨ ਦਾ ਭੂਤ ਮੇਰੇ ਸਿਰ ਤੇ ਸਵਾਰ ਹੋ ਗਿਆ।

ਇਨ੍ਹਾਂ ਹੀ ਦਿਨਾਂ ਵਿਚ ਮੇਰੇ ਤੇ ਸੁਸ਼ੀਲਾ ਦੇ ਪਿਤਾ ਨੇ ਆਪੋ ਵਿਚ ਫ਼ੈਸਲਾ ਕਰ ਲੀਤਾ ਜੋ ਵਿਆਹ ਦੇ ਪਵਿੱਤਰ ਨਾਤੇ ਵਿਚ ਸਾਨੂੰ ਬੰਨ੍ਹ ਦਿੱਤਾ ਜਾਵੇ।
ਜਦੋਂ ਮੈਂ ਕਲਕੱਤੇ ਆਇਆ ਸਾਂ, ਮੇਰੀ ਉਮਰ ਪੰਦਰਾਂ ਵਰ੍ਹਿਆਂ ਦੀ ਸੀ ਤੇ ਸੁਸ਼ੀਲਾ ਉਸ ਵੇਲੇ ਬਾਰ੍ਹਾਂ ਕੁ ਵਰ੍ਹਿਆਂ ਦੀ ਹੋਵੇਗੀ! ਮੇਰੀ ਉਮਰ ਉਸ ਵੇਲੇ ਅਠਾਰਾਂ ਵਰ੍ਹਿਆਂ ਦੀ ਹੋ ਚੁਕੀ ਸੀ ਤੇ ਮੇਰੇ ਪਿਤਾ ਜੀ ਦਾ ਖ਼ਿਆਲ ਸੀ ਕਿ ਜਿਤਨਾ ਛੇਤੀ ਸਾਡਾ ਵਿਆਹ ਹੋ ਜਾਵੇ, ਉਤਨਾ ਹੀ ਚੰਗਾ ਹੋਵੇਗਾ। ਕਿਉਂਕਿ ਉਹ ਸਮਝਦੇ ਸਨ ਕਿ ਮੇਰੀ ਉਮਰ ਵੱਡੀ ਹੋ ਗਈ ਹੈ, ਪਰ ਮੈਂ ਦਿਲ ਵਿਚ ਸਹੁੰ ਖਾਧੀ ਹੋਈ ਸੀ ਕਿ ਸਾਰੀ ਉਮਰ ਵਿਆਹ ਨਹੀਂ ਕਰਾਂਗਾ ਤੇ ਆਪਣਾ ਸਾਰਾ ਜੀਵਨ ਮਾਤ-ਭੂਮੀ ਦੀ ਸੇਵਾ ਲਈ ਅਰਪਨ ਕਰ ਦੇਵਾਂਗਾ। ਮੈਂ ਆਪਣੇ ਪਿਤਾ ਜੀ ਨੂੰ ਆਖ ਦਿੱਤਾ ਕਿ ਵਿਦਿਆ ਖ਼ਤਮ ਕਰਨ ਤੋਂ ਪਹਿਲਾਂ ਮੈਂ ਕਦਾਚਿਤ ਵਿਆਹ ਨਹੀਂ ਕਰਾਂਗਾ।
ਦੋ ਤਿੰਨ ਮਹੀਨਿਆਂ ਮਗਰੋਂ ਮੈਨੂੰ ਪਤਾ ਲੱਗਾ ਕਿ ਸੁਸ਼ੀਲਾ ਦਾ ਵਿਆਹ ਰਾਮ ਲਾਲ ਵਕੀਲ ਨਾਲ ਹੋ ਗਿਆ ਹੈ। ਇਹ ਉਹ ਸਮਾਂ ਸੀ ਜਦੋਂ ਮੈਂ ਕਾਂਗਰਸ ਦੇ ਸਾਲਾਨਾ ਜਲਸੇ ਲਈ ਚੰਦਾ ਇਕੱਤ੍ਰ ਕਰਨ ਵਿਚ ਜੁਟਿਆ ਪਿਆ ਸਾਂ, ਇਸ ਲਈ ਇਸ ਖ਼ਬਰ ਦਾ ਮੇਰੇ ਉਤੇ ਕੋਈ ਖ਼ਾਸ ਅਸਰ ਨ ਹੋਇਆ।
ਮੈਂ ਮੈਟ੍ਰਿਕ ਪਾਸ ਕਰ ਚੁੱਕਾ ਸਾਂ ਤੇ ਐਫ਼. ਏ. ਦਾ ਇਮਤਿਹਾਨ ਦੇਣ ਵਾਲਾ ਹੀ ਸਾਂ ਕਿ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ। ਹੁਣ ਤਾਂ ਕਾਲਜ ਛੱਡਣ ਲਈ ਮੈਂ ਮਜਬੂਰ ਸਾਂ। ਮੈਂ ਨੌਕਰੀ ਦੀ ਭਾਲ ਕਰਨ ਲੱਗਾ ਤੇ ਚੰਗੇ ਭਾਗਾਂ ਨੂੰ ਛੇਤੀ ਹੀ ਇਕ ਮਿਡਲ ਸਕੂਲ ਵਿਚ ਮੈਨੂੰ ਇਕ ਮਾਸਟ੍ਰੀ ਦੀ ਅਸਾਮੀ ਮਿਲ ਗਈ। ਮੈਂ ਦਿਲ ਵਿਚ ਪ੍ਰਸੰਨ ਹੋਕੇ ਆਖਿਆ, ਕਿਹਾ ਹੀ ਯੋਗ ਕੰਮ ਮੈਨੂੰ ਹੱਥ ਲੱਗ ਗਿਆ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਭਾਰਤ ਮਾਤਾ ਦੀ ਸੇਵਾ ਦਾ ਉਪਦੇਸ਼ ਕੀਤਾ ਕਰਾਂਗਾ। ਮੈਂ ਕੰਮ ਅਰੰਭ ਕਰ ਦਿੱਤਾ, ਪਰ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਮਤਿਹਾਨ ਵਿਚ ਚੰਗੇ ਨਤੀਜੇ ਵਿਖਾਣ ਦਾ ਕੰਮ ਹਿੰਦੁਸਤਾਨ ਦੀ ਸੇਵਾ ਤੋਂ ਬਹੁਤ ਵਧੀਕ ਜ਼ਰੂਰੀ ਹੈ। ਜਦੋਂ ਮੈਂ ਮੁੰਡਿਆਂ ਨੂੰ ਵਿਆਕਰਣ ਜਾਂ ਅਲਜਬਰੇ ਤੋਂ ਬਿਨਾਂ ਕੋਈ ਹੋਰ ਗੱਲ ਦੱਸਦਾ ਤਾਂ ਸਕੂਲ ਦੇ ਹੈਡ ਮਾਸਟਰ ਜੀ ਮੇਰੇ ਉਤੇ ਸਖ਼ਤ ਨਾਰਾਜ਼ ਹੁੰਦੇ। ਬਸ ਕੁਝ ਮਹੀਨਿਆਂ ਵਿਚ ਹੀ ਮੇਰਾ ਜੋਸ਼ ਵੀ ਠੰਢਾ ਪੈ ਗਿਆ। ਇਕ ਮਾਸਟਰ ਨੂੰ ਸਕੂਲ ਵਿਚ ਹੀ ਰਾਤ ਨੂੰ ਸੌਣਾ ਪੈਂਦਾ ਹੁੰਦਾ ਸੀ, ਤਾ ਜੁ ਨਿਗਰਾਨੀ ਦਾ ਕੰਮ ਚੰਗੀ ਤਰ੍ਹਾਂ ਹੋ ਸਕੇ। ਕੰਵਾਰਾ ਹੋਣ ਕਰ ਕੇ ਇਹ ਬਲਾ ਮੇਰੇ ਗਲੇ ਹੀ ਪਈ।
ਮੇਰਾ ਮਕਾਨ ਸਕੂਲ ਦੇ ਲਾਗੇ ਹੀ ਸੀ, ਇਸ ਦੇ ਸਾਹਮਣੇ ਇਕ ਤਾਲਾਬ ਸੀ ਜਿਸ ਦੇ ਚੁਗਿਰਦੇ ਨਾਰੀਅਲ ਦੇ ਬੂਟੇ ਸਨ। ਮਕਾਨ ਦੇ ਵਿਹੜੇ ਵਿਚ ਦੋ ਤਿੰਨ ਨਿੰਮ ਦੇ ਬ੍ਰਿਛ ਸਨ, ਜਿਨ੍ਹਾਂ ਦੀ ਛਾਉਂ ਗਰਮੀ ਦੀ ਰੁੱਤ ਵਿਚ ਡਾਹਢਾ ਆਰਾਮ ਦੇਂਦੀ ਸੀ। ਸਚੇਂ ਇਕ ਗੱਲ ਮੈਂ ਭੁਲ ਗਿਆ, ਰਾਮ ਲਾਲ ਵਕੀਲ ਦਾ ਮਕਾਨ ਵੀ ਸਾਡੇ ਲਾਗੇ ਹੀ ਸੀ। ਮੈਂ ਇਹ ਵੀ ਜਾਣਦਾ ਸਾਂ ਕਿ ਉਸ ਦੀ ਪਤਨੀ, ਮੇਰੀ ਬਾਲ ਸਖਾਈ ਸੰਗਣ ਸੁਸ਼ੀਲਾ, ਉਸ ਦੇ ਕੋਲ ਹੀ ਰਹਿੰਦੀ ਹੈ।
ਰਾਮ ਲਾਲ ਬਾਬੂ ਨਾਲ ਮੇਰੀ ਜਾਣ ਪਹਿਚਾਣ ਹੋ ਗਈ। ਮੈਂ ਨਹੀਂ ਜਾਣਦਾ ਸਾਂ ਕਿ ਰਾਮ ਲਾਲ ਬਾਬੂ ਨੂੰ ਵੀ ਪਤਾ ਹੈ ਜਾਂ ਨਹੀਂ ਕਿ ਸੁਸ਼ੀਲਾ ਤੇ ਮੈਂ ਬਾਲਪਨ ਵਿਚ ਇਕੱਠੇ ਖੇਡਦੇ ਰਹੇ ਹਾਂ, ਤੇ ਮੈਂ ਵੀ ਉਨ੍ਹਾਂ ਨੂੰ ਸੁਝਾਵਣਾ ਯੋਗ ਨਾ ਸਮਝਿਆ। ਹੁਣ ਮੈਂ ਭੁਲ ਚੁਕਾ ਸਾਂ ਕਿ ਸੁਸ਼ੀਲਾ ਕਦੇ ਮੇਰੀ ਸੀ। ਛੁਟੀ ਵਾਲੇ ਇਕ ਦਿਨ ਮੈਂ ਰਾਮ ਲਾਲ ਦੇ ਮਕਾਨ ਤੇ ਗਿਆ, ਮੈਨੂੰ ਹੁਣ ਚੇਤੇ ਨਹੀਂ ਰਿਹਾ ਜੋ ਅਸਾਂ ਕੀ ਗੱਲਾਂ ਬਾਤਾਂ ਕੀਤੀਆਂ। ਸ਼ਾਇਦ ਹਿੰਦੁਸਤਾਨ ਦੇ ਭਵਿਖਤ ਦੀ ਹੀ ਚਰਚਾ ਸੀ। ਇਤਨੇ ਵਿਚ ਚੂੜੀਆਂ ਦੀ ਛਨਕਾਰ, ਰੇਸ਼ਮੀ ਸ਼ਾੜ੍ਹੀ ਦੀ ਖੜ ਖੜ ਤੇ ਕੋਮਲ ਪੈਰਾਂ ਦੀ ਚਾਪ ਮੇਰੇ ਕੰਨੀਂ ਪਈ ਤੇ ਮੈਨੂੰ ਨਿਸਚਾ ਹੋ ਗਿਆ ਕਿ ਦਰਵਾਜ਼ੇ ਦੀ ਇਕ ਝੀਤ ਵਿਚੋਂ ਦੋ ਅੱਖਾਂ ਮੇਰੇ ਵੱਲ ਝਾਕ ਰਹੀਆਂ ਹਨ।
ਇਸ ਵੇਲੇ ਬਿਜਲੀ ਦੀ ਤੇਜ਼ੀ ਨਾਲ ਮੇਰੇ ਦਿਲ ਉਤੇ, ਦੋ ਅੱਖਾਂ ਦੀ, ਹਾਂ ਜੀ, ਸੁੰਦਰ ਕਾਲੀਆਂ ਅੱਖਾਂ ਦੀ, ਜਿਨ੍ਹਾਂ ਵਿਚੋਂ ਕਦੇ ਪਿਆਰ ਦੀਆਂ ਕਿਰਨਾਂ ਨਿਕਲਦੀਆਂ ਹੁੰਦੀਆਂ ਸਨ ਤੇ ਜਿਹੜੀਆਂ ਮੇਰੇ ਵੇਖਣ ਲਈ ਕਦੇ ਬੇ-ਤਾਬ ਹੁੰਦੀਆਂ ਸਨ, ਮੂਰਤੀ ਖਿੱਚੀ ਗਈ। ਕਿਸੇ ਲੁਕੀ ਹੋਈ ਸ਼ਕਤੀ ਨੇ ਮੇਰੇ ਦਿਲ ਨੂੰ ਜ਼ੋਰ ਨਾਲ ਮੱਲ ਸੁੱਟਿਆ ਤੇ ਮੇਰੇ ਦਿਲ ਵਿਚ ਦਰਦ ਹੋਣ ਲੱਗ ਪਿਆ।
ਮੈਂ ਆਪਣੇ ਡੇਰੇ ਮੁੜ ਆਇਆ। ਮੇਰੇ ਦਿਲ ਨੂੰ ਚੈਨ ਨਹੀਂ ਸੀ; ਲਿਖਣ ਪੜ੍ਹਨ ਵਿਚ ਰੁਝ ਕੇ, ਮੈਂ ਇਸ ਖ਼ਿਆਲ ਨੂੰ ਦਿਲ ਤੋਂ ਭੁਲਾਣਾ ਚਾਹੁੰਦਾ ਸਾਂ, ਪਰ ਇਹ ਕਿੱਥੋਂ?
ਰਾਤ ਨੂੰ ਸੌਣ ਵੇਲੇ ਮੈਂ ਦਿਲ ਨੂੰ ਤਸੱਲੀ ਦੇਂਦੇ ਹੋਏ ਪੁੱਛਿਆ, "ਕਿਉਂ ਭਈ ਤੈਨੂੰ ਕੀ ਦੁੱਖ ਹੈ?" ਦਿਲ ਨੇ ਮੈਨੂੰ ਆਖਿਆ, "ਦੱਸ ਤੇਰੀ ਸੁਸ਼ੀਲਾ ਕਿੱਥੇ ਹੈ?" ਮੈਂ ਉੱਤਰ ਦਿੱਤਾ, 'ਉਸ ਨੂੰ ਮੈਂ ਆਪਣੀ ਖ਼ੁਸ਼ੀ ਨਾਲ ਛੱਡਿਆ ਹੈ, ਕੀ ਹੁਣ ਤੋੜੀ ਉਹ ਮੈਨੂੰ ਉਡੀਕ ਸਕਦੀ ਸੀ?"
"ਹੁਣ ਭਾਵੇਂ ਤੂੰ ਕੁਝ ਪਿਆ ਕਰ, ਹੁਣ ਤਾਂ ਅੱਖ ਭਰ ਕੇ ਵੇਖਣ ਦੀ ਵੀ ਤੈਨੂੰ ਆਗਿਆ ਨਹੀਂ ਹੈ। ਤੂੰ ਆਪਣੀ ਬਾਲ ਸਖਾਈ ਸੁਸ਼ੀਲਾ ਦੀਆਂ ਪਿਆਰੀਆਂ ਚੂੜੀਆਂ ਦੀ ਛਨਕਾਰ ਸੁਣੀ, ਉਸ ਦੀ ਰੇਸ਼ਮੀ ਸਾੜ੍ਹੀ ਦੀ ਖੜ ਖੜ ਤੇ ਕੋਮਲ ਪੈਰਾਂ ਦੀ ਚਾਪ ਤੇਰੇ ਕੰਨੀਂ ਪਈ। ਤੂੰ ਉਸ ਹਵਾ ਵਿਚ ਸਾਹ ਲਿਆ, ਜਿਸ ਵਿਚ ਸੁਸ਼ੀਲਾ ਲੈਂਦੀ ਹੈ, ਪਰ ਹੁਣ ਤੇਰੇ ਤੇ ਉਸ ਦੇ ਵਿਚਕਾਰ ਇਕ ਕੰਧ ਖੜੀ ਹੋਈ ਦਿਸ ਰਹੀ ਹੈ!"
ਮੈਂ ਆਖਿਆ, "ਜੇ ਇਹੋ ਹੀ ਗੱਲ ਹੈ ਤਾਂ ਫ਼ਿਕਰ ਹੀ ਕੀ ਹੈ; ਮੈਂ ਨਹੀਂ ਜਾਣਦਾ ਕਿ ਸੁਸ਼ੀਲਾ ਕੌਣ ਏ।" ਦਿਲ ਨੇ ਆਖਿਆ, "ਇਹ ਠੀਕ ਹੈ ਕਿ ਅੱਜ ਉਹ ਤੇਰੀ ਯਾਦੋਂ ਲਹਿ ਗਈ ਏ, ਪਰ ਕੀ ਉਹ ਤੇਰੀ ਹੋ ਨਹੀਂ ਸਕਦੀ ਸੀ?"
ਉਫ਼, ਇਹ ਸਭ ਕੁਝ ਸੱਚ ਹੈ, ਉਹ ਦੁੱਖ ਤੇ ਸੁਖ ਵਿਚ ਮੇਰੀ ਸਾਂਝੀਵਾਲ ਹੁੰਦੀ। ਜਾਨ ਤੋਂ ਪਿਆਰੀ ਤੇ ਅੱਖਾਂ ਦਾ ਤਾਰਾ ਹੁੰਦੀ, ਪਰ ਹੁਣ ਉਹ ਮੇਰੇ ਲਈ ਕੋਈ ਹੋਰ ਹੈ, ਓਪਰੀ ਹੈ, ਜਿਸ ਨੂੰ ਵੇਖਣ ਦਾ ਵੀ ਮੇਰਾ ਕੋਈ ਹੱਕ ਨਹੀਂ, ਜਿਸ ਦੇ ਨਾਲ ਗੱਲ ਬਾਤ ਕਰਨੀ ਨਾ-ਮੁਨਾਸਬ ਹੈ ਤੇ ਜਿਸ ਦਾ ਧਿਆਨ ਕਰਨਾ ਵੀ ਪਾਪ ਹੈ। ਪ੍ਰੰਤੂ ਫਿਰ ਵੀ ਸੁਸ਼ੀਲਾ ਦੀ ਯਾਦ ਮੇਰੇ ਕਲੇਜੇ ਨੂੰ ਸਾੜ ਰਹੀ ਸੀ। ਕਿਸੇ ਕੰਮ ਕਾਜ ਵਿਚ ਮੇਰਾ ਦਿਲ ਨਹੀਂ ਲੱਗਦਾ ਸੀ। ਜਦੋਂ ਦੁਪਹਿਰ ਦੇ ਵੇਲੇ ਛੁੱਟੀ ਮਿਲਣ ਤੇ ਸਕੂਲ ਦੇ ਮੁੰਡੇ ਰੌਲਾ ਪਾਂਦੇ, ਨਿੰਮ ਦੇ ਬ੍ਰਿਛ ਦੀ ਠੰਢੀ ਠੰਢੀ ਪੌਣ ਪਸੀਨੇ ਨੂੰ ਸੁਕਾਂਦੀ, ਤਦ ਮੇਰੇ ਕਲੇਜੇ ਵਿਚ ਇਕ ਗੁੱਝੀ ਧੂਹ ਪੈਣ ਲੱਗ ਪੈਂਦੀ। ਮੈਨੂੰ ਨਹੀਂ ਪਤਾ ਲੱਗਦਾ ਸੀ ਜੋ ਇਹ ਧੂਹ ਕੀ ਸੀ। ਪਰ ਮੈਨੂੰ ਹੁਣ ਇਹ ਨਿਸਚੇ ਹੋ ਚੁਕਾ ਸੀ ਕਿ ਮੁੰਡਿਆਂ ਦੀਆਂ ਕਾਪੀਆਂ ਠੀਕ ਕਰਦਿਆਂ ਤੇ ਹਿੰਦੁਸਤਾਨ ਦਾ ਭਵਿਖਤ ਸੋਚਣ ਨਾਲ ਮੇਰੀ ਉਮਰ ਨਹੀਂ ਗੁਜ਼ਰ ਸਕਦੀ। ਸਕੂਲ ਦੇ ਸਮੇਂ ਤੋਂ ਉਪਰੰਤ ਆਪਣੇ ਮਕਾਨ ਵਿਚ ਟਿਕਣਾ ਵੀ ਮੇਰੇ ਲਈ ਕਠਿਨ ਹੋ ਰਿਹਾ ਸੀ। ਮੈਨੂੰ ਉਸ ਵੇਲੇ ਖ਼ਿਆਲ ਆਉਂਦਾ ਕਿ ਸਾਡੀ ਵਰਤਮਾਨ ਸੁਸਾਇਟੀ ਵਿਚ ਕੋਈ ਚੀਜ਼ ਵੀ ਮਨ ਭਾਉਂਦੀ ਨਹੀਂ। ਮਨੁੱਖ ਕਿਤਨਾ ਮੂਰਖ ਹੈ ਜੋ ਨਾ ਪ੍ਰਾਪਤ ਹੋਣ ਵਾਲੀਆਂ ਵਸਤਾਂ ਦੇ ਜਤਨਾਂ ਵਿਚ ਆਪਣੇ ਜੀਵਨ ਨੂੰ ਕੌੜਾ ਕਰ ਲੈਂਦਾ ਹੈ।
ਜੇ ਕਦੇ ਮੈਂ ਚਾਹੁੰਦਾ ਤਾਂ ਸੁਸ਼ੀਲਾ ਨਾਲ ਵਿਆਹ ਕਰ ਕੇ ਇਹ ਦਿਨ ਮੌਜਾਂ ਬਹਾਰਾਂ ਵਿਚ ਬਤੀਤ ਕਰ ਸਕਦਾ ਸਾਂ, ਪਰ ਮੇਰੇ ਸਿਰ ਤੇ ਤਾਂ ਉਸ ਵੇਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਲੀਡਰ ਬਣਨ ਦਾ ਭੂਤ ਸਵਾਰ ਸੀ। ਕਿੱਥੇ ਉਹ ਤੇ ਕਿੱਥੇ ਇਹ ਕਿ ਮੈਂ ਹੁਣ ਸਕੂਲ ਵਿਚ ਮਾਸਟਰ ਹਾਂ ਤੇ ਇਹ ਰਾਮ ਲਾਲ ਬਾਬੂ ਜਿਸ ਨੂੰ ਕੋਈ ਜਾਣਦਾ ਵੀ ਨਹੀਂ ਸੀ, ਅੱਜ ਸੁਸ਼ੀਲਾ ਦਾ ਮਾਲਕ ਹੈ। ਸੁਸ਼ੀਲਾ ਦੇ ਦਿਲ ਵਿਚ ਉਸ ਲਈ ਕੋਈ ਖ਼ਾਸ ਖਿੱਚ ਨਹੀਂ ਤੇ ਉਸ ਲਈ ਸੁਸ਼ੀਲਾ ਹੋਰ ਸਾਧਾਰਨ ਕੁੜੀਆਂ ਵਾਂਗ ਹੀ ਸੀ। ਉਹ ਪੈਸੇ ਦਾ ਪੀਰ ਸੀ ਤੇ ਸੁਸ਼ੀਲਾ ਉਸ ਲਈ ਰੋਟੀ ਪਕਾਂਦੀ ਸੀ। ਜੇ ਕਦੇ ਕਿਸੇ ਦਿਨ ਰਿੰਨ੍ਹਣ ਪਕਾਣ ਵਿਚ ਕੋਈ ਕਸਰ ਰਹਿ ਜਾਂਦੀ ਤਾਂ ਉਹ ਉਸ ਨੂੰ ਝਿੜਕਦਾ ਤੇ ਜਦ ਕਦੇ ਖ਼ੁਸ਼ ਹੁੰਦਾ, ਉਸ ਨੂੰ ਚੂੜੀਆਂ ਬਣਵਾ ਦਿੰਦਾ।
ਰਾਮ ਲਾਲ ਬਾਬੂ ਕਿਸੇ ਜ਼ਰੂਰੀ ਮੁਕੱਦਮੇ ਤੇ ਭੁਗਤਣ ਲਈ ਕਿਧਰੇ ਬਾਹਰ ਗਿਆ। ਹੁਣ ਸੁਸ਼ੀਲਾ ਵੀ ਮੇਰੇ ਵਾਂਗ ਹੀ ਮਕਾਨ ਵਿਚ ਇਕੱਲੀ ਸੀ।
ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਉਹ ਸੋਮਵਾਰ ਦਾ ਦਿਨ ਸੀ, ਸਵੇਰ ਤੋਂ ਹੀ ਅਸਮਾਨ ਤੇ ਬੱਦਲ ਛਾਏ ਹੋਏ ਸਨ। ਦਸ ਵਜੇ ਮੀਂਹ ਵੱਸਣ ਲੱਗ ਪਿਆ। ਮੌਸਮ ਖ਼ਰਾਬ ਹੋਣ ਕਰ ਕੇ ਮਾਸਟਰ ਨੇ ਸਕੂਲ ਬੰਦ ਕਰ ਦਿੱਤਾ। ਸਾਰਾ ਦਿਨ ਤੇ ਰਾਤ ਮੀਂਹ ਵੱਸਦਾ ਰਿਹਾ। ਅਗਲੇ ਦਿਨ ਦੁਪਹਿਰ ਦੇ ਵੇਲੇ ਮੀਂਹ ਬਹੁਤ ਹੀ ਜ਼ੋਰ ਨਾਲ ਵੱਸਣ ਲੱਗ ਪਿਆ ਤੇ ਉਸ ਦੇ ਨਾਲ ਹੀ ਇਤਨੇ ਜ਼ੋਰ ਦੀ ਹਨ੍ਹੇਰੀ ਵੱਗਣ ਲੱਗ ਪਈ ਕਿ ਰੱਬ ਹੀ ਰੱਖੇ। ਜਿਉਂ ਜਿਉਂ ਰਾਤ ਹੁੰਦੀ ਗਈ, ਮੀਂਹ ਤੇ ਹਨ੍ਹੇਰੀ ਤੇਜ਼ ਹੁੰਦੇ ਗਏ। ਇਸ ਗੱਲ ਦੇ ਦੱਸਣ ਦੀ ਕੀ ਲੋੜ ਹੈ ਕਿ ਇਹੋ ਜਿਹੀ ਰਾਤ ਸੌਣ ਦਾ ਜਤਨ ਕਰਨਾ ਭੀ ਨਿਸਫ਼ਲ ਹੁੰਦਾ ਹੈ।
ਉਸ ਵੇਲੇ ਮੈਨੂੰ ਚੇਤੇ ਆ ਗਿਆ ਕਿ ਇਸ ਡਰਾਉਣੀ ਰਾਤ ਨੂੰ ਸੁਸ਼ੀਲਾ ਆਪਣੇ ਮਕਾਨ ਤੇ ਇਕੱਲੀ ਹੋਵੇਗੀ। ਸਾਡੇ ਸਕੂਲ ਦਾ ਮਕਾਨ ਉਸ ਦੇ ਬੰਗਲੇ ਤੋਂ ਉੱਚਾ ਤੇ ਬਹੁਤ ਪੱਕਾ ਸੀ। ਦਿਲ ਵਿਚ ਮੁੜ ਮੁੜ ਕੇ ਖ਼ਿਆਲ ਆਉਂਦਾ ਕਿ ਕੇਵਲ ਸੁਸ਼ੀਲਾ ਦਾ ਪਤਾ ਲੈਣ ਲਈ ਹੀ ਬਾਹਿਰ ਨਿਕਲਾਂ, ਪਰ ਹਿੰਮਤ ਨਾ ਪਈ। ਰਾਤ ਦੇ ਡੇਢ ਕੁ ਵਜੇ ਮੈਨੂੰ ਵੱਗਦੇ ਦਰਿਆ ਦੀਆਂ ਸ਼ਾਂ ਸ਼ਾਂ ਕਰਦੀਆਂ ਲਹਿਰਾਂ ਦੀ ਆਵਾਜ਼ ਸੁਣਾਈ ਦਿੱਤੀ। ਦੂਰ ਵੱਗਣ ਵਾਲੇ ਦਰਿਆ ਦਾ ਪਾਣੀ ਬੜੀ ਤੇਜ਼ੀ ਨਾਲ ਸ਼ਹਿਰ ਵੱਲ ਆ ਰਿਹਾ ਸੀ। ਮੈਂ ਆਪਣੇ ਕਮਰੇ ਚੋਂ ਨਿਕਲ ਕੇ ਸੁਸ਼ੀਲਾ ਦੇ ਮਕਾਨ ਵੱਲ ਨੱਸ ਪਿਆ। ਜਦੋਂ ਮੈਂ ਸਕੂਲ ਦੇ ਲਾਗੇ ਦੇ ਤਲਾ ਕੋਲ ਪੁੱਜਾ ਤਦੋਂ ਸਕੂਲ ਦੀ ਸੜਕ ਦਰਿਆ ਬਣ ਚੁੱਕੀ ਸੀ। ਸਕੂਲ ਦੀ ਕੁਰਸੀ ਕੋਈ ਸਤਾਰਾਂ ਫ਼ੁਟ ਉੱਚੀ ਸੀ, ਪਰ ਪਾਣੀ ਤੇਜ਼ੀ ਨਾਲ ਚੜ੍ਹ ਰਿਹਾ ਸੀ। ਮੈਂ ਦੂਜੇ ਕੰਢੇ ਵੱਲ ਪੁੱਜਾ, ਜਦੋਂ ਮੈਂ ਕੰਢੇ ਦੇ ਨੇੜੇ ਪੁੱਜਿਆ ਤਾਂ ਮੈਨੂੰ ਆਪਣੇ ਵੱਲ ਆਉਂਦਾ ਇਕ ਹੋਰ ਪੁਰਸ਼ ਵਿਖਾਈ ਦਿੱਤਾ। ਉਹ ਕੋਣ ਸੀ? ਮੇਰੇ ਸਰੀਰ ਦਾ ਅੰਗ ਅੰਗ ਕੰਬ ਰਿਹਾ ਸੀ ਤੇ ਮੇਰੀ ਆਤਮਾ ਜਾਗ ਉੱਠੀ ਸੀ; ਮੈਨੂੰ ਨਿਸਚੇ ਹੋ ਗਿਆ ਜੋ ਉਸ ਨੇ ਮੈਨੂੰ ਪਛਾਣ ਲਿਆ ਹੈ।
ਅਸੀਂ ਦੋਵੇਂ ਇਕ ਉੱਚੀ ਥਾਂ ਤੇ ਖੜੇ ਸਾਂ ਤੇ ਸਾਡੇ ਚਾਰੋਂ ਪਾਸੇ ਪਾਣੀ ਹੀ ਪਾਣੀ ਸੀ। ਇਸ ਵੇਲੇ ਹਨ੍ਹੇਰਾ ਘੁਪ ਪਿਆ ਹੋਇਆ ਸੀ ਤੇ ਅਸੀਂ ਦੋਵੇਂ ਚੁਪ-ਚੁਪੀਤੇ ਖੜੇ ਸਾਂ। ਇਥੋਂ ਤੋੜੀ ਕਿ ਅਸਾਂ ਨੇ ਇਕ ਦੂਜੇ ਦੀ ਸੁਖ ਸਾਂਦ ਵੀ ਨਾ ਪੁੱਛੀ। ਕੇਵਲ ਅਸੀਂ ਇਕ ਦੂਜੇ ਨੂੰ ਤਕ ਰਹੇ ਸਾਂ ਤੇ ਮੌਤ ਨੇ ਹੜ੍ਹ ਦੇ ਭੇਸ ਵਿਚ ਚਾਰੇ ਪਾਸਿਉਂ ਘੇਰਿਆ ਹੋਇਆ ਸੀ।
ਅੱਜ ਸਾਰੇ ਸੰਸਾਰ ਨੂੰ ਛੱਡ ਕੇ ਸੁਸ਼ੀਲਾ ਮੇਰੇ ਕੋਲ ਖੜੀ ਸੀ, ਅੱਜ ਮੇਰੇ ਬਿਨਾਂ ਉਸ ਦਾ ਹੋਰ ਕੋਈ ਨਹੀਂ ਸੀ, ਅੱਜ ਨਿੱਕਿਆਂ ਹੁੰਦਿਆਂ ਦੀ ਮੇਰੀ ਸਾਥਣ ਸੁਸ਼ੀਲਾ, ਜਿਸ ਦੇ ਨਾਲ ਮੈਂ ਕਦੇ ਪਤੀ ਪਤਨੀ ਦੀ ਖੇਡ ਖੇਡਦਾ ਹੁੰਦਾ ਸਾਂ, ਢੇਰ ਚਿਰ ਮਗਰੋਂ ਮੈਨੂੰ ਮਿਲੀ ਸੀ। ਵਿਆਹ ਦੀ ਭਾਈਚਾਰਕ ਕੈਦ ਨੇ ਮੈਨੂੰ ਉਸ ਤੋਂ ਵਿਛੋੜ ਦਿੱਤਾ ਸੀ, ਪਰ ਹੜ੍ਹ ਦੀਆਂ ਖ਼ੂਨੀ ਲਹਿਰਾਂ ਨੇ ਉਸ ਨੂੰ ਮੇਰੇ ਕੋਲ ਲਿਆ ਖੜਾ ਕੀਤਾ ਸੀ। ਅਸੀਂ ਉਸ ਵੇਲੇ ਦੋ ਅੱਡੋ ਅੱਡ ਮੂਰਤੀਆਂ ਸਾਂ, ਪਰ ਹੜ੍ਹ ਦੀ ਇਕੋ ਲਹਿਰ ਸਾਨੂੰ ਦੋਹਾਂ ਨੂੰ ਮੌਤ ਦੀ ਝੋਲੀ ਵਿਚ ਪਾ ਕੇ ਇਕ ਕਰ ਸਕਦੀ ਸੀ।
ਮੇਰਾ ਦਿਲ ਆਖਦਾ ਸੀ, ਰੱਬ ਕਰੇ ਕਿ ਉਹ ਲਹਿਰ ਕਦੇ ਨਾ ਆਵੇ ਤੇ ਸੁਸ਼ੀਲਾ ਆਪਣੇ ਪਤੀ ਨਾਲ ਸੁੱਖੀ ਸਾਂਦੀ ਜੀਵਨ ਬਤੀਤ ਕਰੇ। ਪਿਆਰਿਆਂ ਸਾਕਾਂ ਸਬੰਧੀਆਂ, ਧੀਆਂ ਪੁੱਤਰਾਂ ਵਿਚ ਲੱਖਾਂ ਵਰ੍ਹੇ ਜੀਂਵਦੀ ਰਹੇ। ਮੈਂ ਇਕੋ ਰਾਤ ਵਿਚ, ਹਾਂ ਜੀ ਇਕੋ ਖ਼ੂਨੀ ਰਾਤ ਵਿਚ ਹੀ ਸਦਾ ਦਾ ਸੁਖ ਪ੍ਰਾਪਤ ਕਰ ਲੀਤਾ ਸੀ। ਰਾਤ ਮੁਕ ਗਈ, ਹੜ੍ਹ ਥੰਮ ਗਿਆ ਤੇ ਅਸੀਂ ਦੋਵੇਂ ਮੂੰਹ ਖੋਲ੍ਹੇ ਬਿਨਾਂ, ਚੁਪ ਚੁਪੀਤੇ ਇਕ ਦੂਜੇ ਤੋਂ ਵਿਛੜੇ।
ਮੈਂ ਆਖਿਆ, ਇਹ ਠੀਕ ਹੈ ਕਿ ਮੈਂ ਨਾਜ਼ਰ, ਹੈਡ ਕਲਰਕ ਜਾਂ ਗੇਰੀ ਬਾਲਡੀ ਨਹੀਂ ਬਣ ਸਕਿਆ ਤੇ ਇਸ ਵੇਲੇ ਕੇਵਲ ਇਕ ਮਾਸਟਰ ਹਾਂ, ਪ੍ਰੰਤੂ ਇਸ ਇਕ ਰਾਤ ਨੇ ਮੇਰੇ ਜੀਵਨ ਨੂੰ ਸਦਾ ਲਈ ਸੁਖੀ ਬਣਾ ਦਿੱਤਾ ਹੈ ਤੇ ਮੇਰੇ ਸਾਹਮਣੇ ਕੁਦਰਤ ਨੇ ਕਿਤਨੇ ਹੀ ਦਫ਼ਤਰ ਖੋਲ੍ਹ ਰੱਖੇ ਹਨ। ਇਹ ਰਾਤ ਮੇਰੀ ਉਮਰ ਦੇ ਸਾਰੇ ਦਿਨਾਂ ਤੇ ਰਾਤਾਂ ਤੋਂ ਵਧੀਕ ਸੁਖਦਾਈ ਸੀ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ