Toona (Punjabi Story) : Kulwant Singh Virk

ਟੂਣਾ (ਕਹਾਣੀ) : ਕੁਲਵੰਤ ਸਿੰਘ ਵਿਰਕ

ਮੇਰਾ ਇੱਕ ਦੋਸਤ ਹਾਈ ਕੋਰਟ ਦਾ ਜੱਜ ਹੈ।
ਸਮਾਜ ਇਹ ਮੰਗ ਕਰਦਾ ਹੈ ਕਿ ਜੱਜ ਆਪਣੇ ਫੈਸਲ਼ਿਆਂ ਰਾਹੀਂ ਨਾ ਸਿਰਫ ਇਨਸਾਫ ਹੀ ਕਰੇ ਸਗੋਂ ਉਸ ਦੇ ਫਿਰਨ ਤੁਰਨ ਤੇ ਬਹਿਣ ਖਲੋਣ ਤੋਂ ਲੋਕਾਂ ਨੂੰ ਇਹ ਯਕੀਨ ਵੀ ਆ ਜਾਵੇ ਕਿ ਉਹ ਸਦਾ ਇਨਸਾਫ ਹੀ ਕਰਦਾ ਹੈ। ਇਸ ਕਰਕੇ ਇਸ ਪੇਸ਼ੇ ਵਿਚ ਬੰਦਾ ਇੱਧਰ ਉਧਰ ਫਿਰਦਾ ਬਹੁਤ ਚੰਗਾ ਨਹੀਂ ਲਗਦਾ। ਜਦੋਂ ਉਸ ਦਾ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਉਹ ਆਪ ਨਹੀਂ ਆਉਂਦਾ। ਮੈਨੂੰ ਟੈਲੀਫੋਨ ਕਰਦਾ ਹੈ ਕਿ ਮੈਂ ਉਸ ਨੂੰ ਆ ਕੇ ਮਿਲ ਜਾਵਾਂ।
ਇਕ ਵਾਰ ਉਸ ਦਾ ਇਸ ਤਰ੍ਹਾਂ ਹੀ ਟੈਲੀਫੋਨ ਆਇਆ। ਮੈਂ ਕੁਝ ਘੌਲ਼ ਕਰ ਗਿਆ। ਟੈਲੀਫੋਨ ਫਿਰ ਆਇਆ। ਗੱਲ ਕੁਝ ਕਰੜੀ ਭਾਰੀ ਲਗਦੀ ਸੀ। ਮੈਂ ਉਸ ਨੂੰ ਸ਼ਾਮ ਨੂੰ ਮਿਲਣ ਚਲਾ ਗਿਆ।
ਉਹ ਅਜੇ ਘਰ ਮੁੜਿਆ ਨਹੀਂ ਸੀ। ਨੌਕਰ ਨੇ ਕਿਹਾ ਟੈਲੀਫੋਨ ਆਇਆ ਸੀ, ਬੱਸ ਆਉਣ ਹੀ ਵਾਲੇ ਹਨ। ਮੈਂ ਬਰਾਂਡੇ ਵਿਚ ਬੈਠ ਗਿਆ। ਨੌਕਰ ਕੋਠੀ ਦੇ ਗੇਟ ਵਿਚ ਖਲੋ ਕੇ ਉਸ ਦੀ ਉਡੀਕ ਕਰਨ ਲੱਗਾ।
ਆ ਗਏ ਉਸ ਨੇ ਦੂਰੋਂ ਕਾਰ ਪਹਿਚਾਣ ਕੇ ਕਿਹਾ। ਕਾਰ ਕੋਠੀ ਦੇ ਅੰਦਰ ਆ ਵੜੀ। ਉਤੇ ਝੰਡਾ ਫੜ੍ਹਕ ਰਿਹਾ ਸੀ। ਇਕ ਚਪੜਾਸੀ ਵਰਦੀ ਪਾਈ ਅੱਗੇ ਡਰਾਈਵਰ ਦੇ ਨਾਲ ਬੈਠਾ ਸੀ। ਉਸ ਨੇ ਉੱਤਰ ਕੇ ਕਾਰ ਦਾ ਦਰਵਾਜ਼ਾ ਖੋਲ੍ਹਿਆ। ਮੇਰਾ ਮਿੱਤਰ ਉੱਤਰ ਕੇ ਮੇਰੇ ਕੋਲ ਆ ਕੇ ਬੈਠ ਗਿਆ।
ਬੈਠੇ ਬੈਠੇ ਹੀ ਉਸ ਕਾਲਾ ਕੋਟ ਲਾਹ ਕੇ ਨੌਕਰ ਨੂੰ ਫੜ੍ਹਾ ਦਿਤਾ। ਪਿਛੋਂ ਉਥੇ ਬੈਠੇ ਹੀ ਕਮੀਜ਼ ਤੇ ਪੱਗ ਵੀ ਬਦਲ ਕੇ ਆਪਣਾ ਸਰੀਰ ਹੌਲਾ ਕਰ ਲਿਆ। 'ਹਾਈ ਕੋਰਟ' ਹੌਲੀ ਹੌਲੀ ਉਸ ਦੇ ਦਵਾਲਿਓਂ ਖੁਰਦੀ ਜਾ ਰਹੀ ਸੀ। ਇਕ ਦੋ ਮਿੰਟ ਚੁਪ ਰਹਿ ਕੇ ਉਸ ਨੌਕਰ ਨੂੰ ਕਿਹਾ:
"ਵਿਸਕੀ!"
ਨੌਕਰ ਤੋਂ, ਜਿਹੜਾ ਪਹਿਲਾਂ ਵੀ ਜੱਜ ਦੇ ਬਾਹਰ ਕੱਪੜੇ ਬਦਲਣ ਉਤੇ ਹੈਰਾਨ ਹੋ ਰਿਹਾ ਸੀ, ਹੁਣ ਚੁੱਪ ਨਾ ਰਿਹਾ ਗਿਆ। ਉਸ ਨੇ ਕਿਹਾ:
ਯਹੀਂ? ਬਾਹਰ?"
"ਹਾਂ ਯਹੀਂ" ਜੱਜ ਨੇ ਕਿਹਾ।
ਜੱਜ ਸਾਹਿਬ ਨੂੰ ਅੱਜ ਕੀ ਹੋ ਗਿਆ ਹੈ? ਨੌਕਰ ਹੈਰਾਨ ਸੀ। ਅੱਗੇ ਤਾਂ ਕਿਸੇ ਨਾਲ ਬਾਹਰ ਬੈਠਦੇ ਵੀ ਘੱਟ ਵੱਧ ਹੀ ਸਨ। ਅੱਜ ਬਾਹਰ ਬੈਠ ਕੇ ਸ਼ਰਾਬ ਪੀਣਾ ਚਾਹੁੰਦੇ ਸਨ। ਇਹ ਤੇ ਕੁੱਝ ਵੱਖਰਾ ਹੀ ਦਿਨ ਹੈ, ਉਸ ਸੋਚਿਆ। ਫਿਰ ਉਸ ਨਿਕ ਸੁਕ ਲਿਆ ਧਰਿਆ ਤੇ ਆਪ ਅੰੰਦਰ ਟੁਰ ਗਿਆ।
"ਤੈਨੂੰ ਇਕ ਬੜੀ ਅਜੀਬ ਗੱਲ ਦਸਣ ਲਈ ਸੱਦਿਆ ਹੈ"। ਜੱਜ ਨੇ ਕਿਹਾ।
"ਕੋਈ ਅਨੋਖਾ ਮੁਕੱਦਮਾ ਹੈ?" ਮੈਂ ਪੁੱਛਿਆ। ਜੱਜਾਂ ਕੋਲ ਹੋਰ ਕੀ ਹੋਣੈ!
"ਨਹੀਂ ਮੁਕੱਦਮਾ ਨਹੀਂ"। ਉਸ ਨੇ ਕਿਹਾ, "ਮੇਰੇ ਆਪਣੇ ਹੱਡਾਂ ਵਿਚੋਂ ਲੰਘੀ ਹੈ"।
"ਤੇਰੇ ਹੱਡਾਂ ਵਿਚ ਹੁਣ ਐੈਸ ਪਿਛਲੀ ਉਮਰੇ ਕੀ ਸਰਕਣ ਲਗ ਗਿਆ?" ਮੈਂ ਹਾਸੇ ਨਾਲ ਕਿਹਾ।
"ਇਹੀ ਤੇ ਹੈਰਾਨੀ ਹੈ। ਮੇਰੇ ਨਾਲ ਐੈਸ ਉਮਰੇ ਕੁੱਝ ਹੋਇਆ ਹੈ। ਇਹ ਬੰਦਾ ਕੁਦਰਤ ਨੇ ਕੀ ਚੀਜ਼ ਬਣਾਈ ਹੈ? ਕੋਈ ਸਮਝ ਹੀ ਨਹੀਂ ਆਉਂਦੀ। ਕਿਸੇ ਦੀ ਤੇ ਕੀ ਸਮਝ ਆਉਣੀ ਹੈ, ਆਪਣੀ ਵੀ ਨਹੀਂ ਆਉਂਦੀ।
ਬੜੇ ਸੁਖ ਵਿਚ ਸਾਂ। ਆਰਾਮ ਨਾਲ ਦਿਨ ਲੰਘ ਰਹੇ ਸਨ। ਨਾਲ ਨਾਲ ਜੱਜੀ ਵੀ ਘੁਕਾ ਰਹੇ ਸਾਂ ਤੇ ਬਿਪਤਾ ਆ ਪਈ। ਖੈਰ ਹੁਣ ਤੇ ਲੰਘ ਗਈ ਹੈ। ਯਾਦ ਕਰਕੇ ਹੀ ਬੜਾ ਸਵਾਦ ਆਉਂਦਾ ਹੈ। ਏਸੇ ਲਈ ਮੈਂ ਤੈਨੂੰ ਟੈਲੀਫੋਨ ਕੀਤਾ ਸੀ"।
"ਸੁਣਾ ਫਿਰ" ਮੈਂ ਕਿਹਾ, "ਇਕ ਵੇਰੀ ਹੋਰ ਯਾਦ ਕਰਕੇ ਸਵਾਦ ਲੈ ਲੈ"।
"ਸਮਝ ਨਹੀਂ ਆਉਂਦੀ ਕਿਥੋਂ ਗੱਲ ਛੇੜਾਂ"। ਉਸ ਨੇ ਕਿਹਾ।
"ਕੋਰਟ ਵਿਚ ਅਸੀਂ ਸਾਰੇ ਜੱਜ ਦੁਪਹਿਰ ਵੇਲੇ ਇਕੱਠੀ ਰੋਟੀ ਖਾਦੇ ਹਾਂ। ਰੋਟੀ ਖਾਣ ਜਾਣ ਤੋਂ ਪਹਿਲਾਂ ਜੇ ਕਿਸੇ ਨੇ ਮਿਲਣਾ ਹੋਵੇ ਤਾਂ ਉਸ ਨੂੰ ਉਹੀ ਵਕਤ ਦੇ ਦੇਂਦੇ ਨੇ। ਇਕ ਦਿਨ ਇਸੇ ਰੋਟੀ ਵੇਲੇ ਚਪੜਾਸੀ ਨੇ ਆ ਕੇ ਕਿਹਾ 'ਇਕ ਬੀਬੀ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ"। ਮੈਂ ਕਿਹਾ, "ਅੰਦਰ ਘੱਲ ਦੇ'।
'ਮੇਰਾ ਖਿਆਲ ਸੀ ਕਿ ਦੂਰੋਂ ਨੇੜਿਓਂ ਕੋਈ ਰਿਸ਼ਤੇਦਾਰ ਹੋਵੇਗੀ, ਜਿਸ ਦਾ ਕਿਸੇ ਦਫਤਰ ਵਿਚ ਕੋਈ ਕੰਮ ਹੋਵੇਗਾ। ਮੈਂ ਦਰਵਾਜ਼ੇ ਵੱਲ ਵੇਖ ਰਿਹਾ ਸਾਂ, ਕਿਸ ਆਮ ਜਿਹੀ ਬੀਬੀ ਨੂੰ ਉਡੀਕਦਾ। ਪਰ ਜਿਹੜੀ ਬੀਬੀ ਅੰੰਦਰ ਆਈ ਉਸ ਲਈ ਮੈਂ ਤਿਆਰ ਨਹੀਂ ਸੀ। ਉਸ ਨੂੰ ਵੇਖ ਕੇ ਮੇਰਾ ਉਤਲਾ ਸਾਹ ਉਤਾਂਹ ਰਹਿ ਗਿਆ ਤੇ ਹੇਠਲਾ ਹੇਠਾਂ। ਸਿਰਫ ਬਹੁਤ ਸੋਹਣੀ ਹੋਣ ਦੀ ਗੱਲ ਨਹੀਂ ਸੀ। ਸੁਹਣੀ ਕੁੜੀ ਕਿਹੜੀ ਮੈਂ ਕਦੀ ਵੇਖੀ ਨਹੀਂ ਸੀ। ਲਾਹੌਰ, ਸ੍ਰੀਨਗਰ, ਬੰਗਲੌਰ, ਇੰਗਲੈਂਡ, ਅਮਰੀਕਾ, ਕੈਨੇਡਾ, ਯਰੂਪ ਮੈਂ ਸਭ ਥਾਵਾਂ ਤੇ ਘੁੰਮਿਆ ਹਾਂ। ਪਰ ਇਸ ਤਰ੍ਹਾਂ ਦਾ ਵਾਹ ਮੇਰੇ ਉਤੇ ਪਹਿਲਾਂ ਕਦੀ ਹੋਇਆ ਨਹੀਂ ਸੀ। ਮੈਂ ਅਸਲੋਂ ਬੌਂਦਲ ਗਿਆ। ਏਨਾਂ ਰੱਬ ਦਾ ਸ਼ੁਕਰ ਹੈ ਕਿ ਉਸ ਨੇ ਗੱਲ ਬਹੁਤ ਛੇਤੀ ਮੁਕਾਈ !
'ਮੈਂ ਕਾਲਜ ਵਿਚ ਪ੍ਰੋਫੈਸਰ ਹਾਂ,' ਉਸ ਨੇ ਕਿਹਾ, 'ਉਥੇ ਇਨਾਮਾਂ ਦੀ ਵੰੰਡ ਹੈ। ਪ੍ਰਿੰਸੀਪਲ ਨੇ ਇਹ ਚਿੱਠੀ ਭੇਜੀ ਹੈ ਕਿ ਇਹ ਕੰਮ ਤੁਸੀਂ ਆ ਕੇ ਕਰਨ ਦੀ ਖੋਚਲ ਕਰੇ'।
ਸਹੀ ਹੈ ਸਹੀ ਹੈ, ਮੈਂ ਚਿੱਠੀ ਰਖ ਲਈ ਤੇ ਉਹ ਚਲੀ ਗਈ। ਉਹ ਜੋ ਕੁਝ ਵੀ ਕਹਿੰਦੀ ਮੈਂ ਝਟ ਪਟ ਹਾਂ ਹੀ ਕਰਨੀ ਸੀ। ਕਿਉਂਕਿ ਮੈਂ ਉਸ ਨੂੰ ਆਪਣੇ ਸਾਹਮਣੇ ਸਹਾਰ ਹੀ ਨਹੀਂ ਸਕਦਾ ਸਾਂ! ਮੈਂ ਚਾਹੁੰਦਾ ਸਾਂ ਕਿ ਉਹ ਛੇਤੀ ਮੇਰੇ ਕੋਲੋਂ ਚਲੀ ਜਾਵੇ ਕਿਉਂਕਿ ਮੈਂ ਆਪ ਤੇ ਕੋਰਟ ਦਾ ਕਮਰਾ ਛੱਡ ਕੇ ਦੌੜ ਨਹੀਂ ਸਕਦਾ ਸਾਂ। ਉਹਦੇ ਦੋ ਚਾਰ ਮਿੰਟ ਹੋਰ ਉਥੇ ਰਹਿਣ ਨਾਲ ਕੁਝ ਦਾ ਕੁਝ ਹੋ ਸਕਦਾ ਸੀ।
ਹੁਣ ਮੇਰਾ ਕਮਰਾ ਫਿਰ ਮੇਰੇ ਕੋਲ ਸੀ। ਇਥੇ ਮੈਂ ਕਈਆਂ ਦੀਆਂ ਫਾਂਸੀਆਂ ਤੋੜ ਦੇਂਦਾ ਹਾਂ ਤੇ ਕਈਆਂ ਨੂੰ ਲਾ ਦਿੰਦਾ ਹਾਂ। ਸਰਕਾਰ ਦੇ ਵੱਡੇ ਤੋਂ ਵੱਡੇ ਅਫਸਰਾਂ ਤੇ ਵਜ਼ੀਰਾਂ ਨੂੰ ਪੇਸ਼ ਹੋਣ ਲਈ ਹੁਕਮ ਦੇ ਸਕਦਾ ਹਾਂ ਤੇ ਸਰਕਾਰਾਂ ਤੇ ਉਨ੍ਹਾਂ ਦੇ ਅਫਸਰਾਂ ਨੂੰ ਲਿਖ ਕੇ ਝਾੜ ਪਾ ਸਕਦਾ ਹਾਂ ਜਾਂ ਜੇਲ੍ਹ ਭੇਜ ਸਕਦਾ ਹਾਂ। ਪਰ ਇਨ੍ਹਾਂ ਸਾਰੇ ਅਖਤਿਆਰਾਂ ਦਾ ਕੀ ਫਾਇਦਾ? ਮੈਥੋਂ ਆਪਣਾ ਆਪ ਹੀ ਖੁਸ ਗਿਆ ਸੀ ਜਿਵੇਂ ਮੇਰੇ ਅੰਦਰੋਂ ਉਹ ਰੁਗ ਭਰ ਕੇ ਲੈ ਗਈ ਹੋਵੇ। ਮੈਂ ਉਸ ਕੁੜੀ ਵਲ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ। ਜੇ ਮੈਨੂੰ ਤਸਵੀਰਾਂ ਬਣਾਉਣੀਆਂ ਆਉਂਦੀਆਂ ਵੀ ਹੁੰਦੀਆਂ ਤਾਂ ਉਸ ਦੀ ਮਾੜੀ ਮੋਟੀ ਤਸਵੀਰ ਵੀ ਨਹੀਂ ਬਣਾ ਸਕਦਾ ਸਾਂ। ਕਿਸੇ ਭੀੜ੍ਹ ਵਿਚ ਉਸ ਨੂੰ ਪੱਕੀ ਤਰ੍ਹਾਂ ਪਛਾਣ ਵੀ ਨਾ ਸਕਦਾ, ਐਵੇਂ ਝਾਉਲਾ ਜਿਹਾ ਸੀ। ਕਿਸੇ ਹੋਰ ਨੂੰ ਵੇਖ ਕੇ ਬਸ ਏਨਾ ਕਹਿ ਸਕਦਾ ਸਾਂ ਕਿ ਇਹ ਉਹ ਨਹੀਂ ਹੈ।
ਮੈਂ ਹੋਰ ਜੱਜਾਂ ਨਾਲ ਰੋਟੀ ਖਾਣ ਨਾ ਗਿਆ। ਕਮਰੇ ਵਿਚ ਹੀ ਲੇਟਿਆ ਰਿਹਾ, ਇਹ ਸੋਚਦਾ ਕਿ ਚੰਗਾ ਹੋਇਆ ਉਹ ਛੇਤੀ ਚਲੀ ਗਈ ਤੇ ਮੇਰੀ ਜਾਨ ਬਚ ਗਈ। ਪਰ ਪੂਰੀ ਤਰ੍ਹਾਂ ਨਹੀਂ ਬਚੀ ਸੀ। ਕਾਠ ਮਾਰੀ ਪਈ ਸੀ, ਜਿਸ ਤਰ੍ਹਾਂ ਠਾਣਿਆਂ ਵਿਚ ਕਿਸੇ ਤੋਂ ਕੁਝ ਪੁੱਛਣ ਲਈ ਉਸ ਨੂੰ ਕਾਠ ਮਾਰ ਦੇਂਦੇ ਹਨ। ਮੈਂ ਪਹਿਲੇ ਵਾਲਾ ਆਜ਼ਾਦ ਬੰੰਦਾ ਨਹੀਂ ਸਾਂ। ਉਹ ਦਿਨ ਲੰਘਿਆ। ਹੋਰ ਦਿਨ ਵੀ ਲੰਘੇ ਪਰ ਕੋਈ ਫਰਕ ਨਾ ਪਿਆ। ਕਹਿੰਦੇ ਹਨ ਜਿਹੜੇ ਬੰਦੇ ਪੁਲਾੜ ਵਿਚ ਚਲੇ ਜਾਂਦੇ ਨੇ, ਉਹ ਆਪਣੇ ਆਪ ਹੇਠਾਂ ਨਹੀਂ ਆ ਸਕਦੇ। ਧਰਤੀ, ਜਿਹੜੀ ਹਰ ਸ਼ੈ ਨੂੰ ਆਪਣੇ ਵਲ ਖਿਚਦੀ ਹੈ ਉਨ੍ਹਾਂ ਨੂੰ ਖਿਚਣੋਂ ਹਟ ਜਾਂਦੀ ਹੈ ਉਹ ਆਪਣੇ ਯੰਤਰ ਵਿਚ ਹੀ ਘੁੰਮੀ ਜਾਂਦੇ ਹਨ। ਮੈਂ ਵੀ ਇਸ ਤਰ੍ਹਾਂ ਹੀ ਘੁੰਮੀ ਜਾਂਦਾ ਸਾਂ। ਇਸ ਦੁਨੀਆਂ ਨਾਲੋਂ ਮੇਰਾ ਸਬੰਧ ਟੁਟ ਗਿਆ ਲਗਦਾ ਸੀ।
ਇਨਾਮਾਂ ਦੀ ਵੰਡ ਵਾਲਾ ਦਿਨ ਆਇਆ। ਮੈਂ ਉਸ ਦੇ ਕਾਲਜ ਗਿਆ। ਵੇਖ ਕੇ ਉਸ ਨੂੰ ਪਛਾਨਣਾ ਔਖਾ ਨਹੀਂ ਸੀ। ਉਹ ਉਥੇ ਖੜਪੈਂਚਣੀ ਬਣੀ ਹੋਈ ਸੀ। ਕੁਝ ਦੁਆ ਸਲਾਮ ਹੋਈ। ਇਨਾਮ ਵੰਡੇ ਤੇ ਮੁੜ ਆਇਆ। ਪਰ ਕੁਝ ਫਰਕ ਨਾ ਪਿਆ। ਉਸ ਦਾ ਕਬਜ਼ਾ ਉਸੇ ਤਰ੍ਹਾਂ ਕਾਇਮ ਸੀ। ਮੈਂ ਉਥੇ ਵੀ ਉਸ ਵਲ ਅੱਖ ਭਰ ਕੇ ਵੇਖ ਨਹੀਂ ਸਕਿਆ ਸਾਂ। ਘਰ ਆ ਜਦੋਂ ਮੈਂ ਇਹ ਬੁੱਝਣ ਦੀ ਕੋਸ਼ਿਸ਼ ਕੀਤੀ ਕਿ ਭਲਾ ਉਸ ਨੇ ਸਾੜ੍ਹੀ ਪਾਈ ਹੋਈ ਸੀ ਕਿ ਸਲਵਾਰ ਕਮੀਜ਼ ਤਾਂ ਮੈਂ ਬੁੱਝ ਨਹੀਂ ਸਕਦਾ ਸੀ। ਦੂਜੀ ਵਾਰ ਵੇਖ ਕੇ ਵੀ ਮੈਨੂੰ ਉਸ ਦਾ ਚਿਹਰਾ ਚੇਤੇ ਵਿਚ ਨਹੀਂ ਆ ਰਿਹਾ ਸੀ। ਇਹ ਮੈਨੂੰ ਹੋਇਆ ਕੀ ਸੀ? ਇਸ ਦੀ ਦਵਾ ਕੀ ਕਰਾਂ?
ਇਸ ਔਖੇ ਸਮੇਂ ਵਿਚ ਮੈਨੂੰ ਛੋਟੇ ਹੁੰਦਿਆਂ ਦੀ ਇੱਕ ਗੱਲ ਯਾਦ ਆਈ। ਤੀਜੀ ਚੌਥੀ ਵਿਚ ਪੜ੍ਹਦਾ ਸਾਂ। ਸਾਡਾ ਕਾਮਾ ਘਰੋਂ ਮੱਝਾਂ ਖੋਲ੍ਹ ਕੇ ਬਾਹਰ ਖੇਤਾਂ ਨੂੰ ਲਿਜਾ ਰਿਹਾ ਸੀ। ਪਰ ਇੱਕ ਕੱਟੀ ਭੁਲੇਖੇ ਨਾਲ ਉਸ ਕੋਲੋਂ ਘਰੇ ਬੱਝੀ ਰਹਿ ਗਈ। ਉਹ ਬਾਹਰ ਜਾਣ ਲਈ ਰੱਸਾ ਤੁੜਾ ਰਹੀ ਸੀ। ਬੇਬੇ ਨੇ ਕਿਹਾ, 'ਇਸ ਨੂੰ ਖੋਲ੍ਹ ਦੇ, ਆਪੇ ਭੱਜ ਕੇ ਵੱਗ ਵਿਚ ਜਾ ਰਲੇਗੀ'। ਕੱਟੀ ਰੱਸਾ ਖਿੱਚ ਰਹੀ ਸੀ। ਇਸ ਲਈ ਕਿੱਲੇ ਨਾਲੋਂ ਗੰਢ ਖੋਲ੍ਹਣੀ ਔਖੀ ਸੀ ਮੈਂ ਉਸ ਨੂੰ ਕਿੱਲੇ ਵੱਲ ਖਿੱਚਦਾ ਪਰ ਕੱਟੀ ਛੇਤੀ ਜਾਣ ਲਈ ਪਰ੍ਹਾਂ ਨੂੰ ਖਿੱਚਦੀ। ਇਸ ਖਿੱਚ ਧਰੂਹ ਵਿਚ ਮੇਰਾ ਪੈਰ ਕੱਟੀ ਦੇ ਪੈਰ ਹੇਠਾਂ ਆ ਕੇ ਮਿੱਧਿਆ ਗਿਆ। ਕੱਟੀ ਤਾਂ ਖੁਲ੍ਹ ਗਈ ਪਰ ਮੇਰੇ ਪੈਰ ਦੇ ਉਤੋਂ ਪਤਲੀ ਖਲ ਲਹਿ ਗਈ ਸੀ। ਸਾਰੀ ਥਾਂ ਸੜੂੰ ਸੜੂੰ ਕਰ ਰਹੀ ਸੀ। ਪੀੜ੍ਹ ਸਹੀ ਨਹੀਂ ਸੀ ਜਾ ਰਹੀ ਤੇ ਮੇਰੀਆਂ ਚੀਕਾਂ ਨਿਕਲ ਰਹੀਆਂ ਸਨ। ਬੇਬੇ ਨੇ ਕਿਹਾ, 'ਪੁਤਰ ਤੁੰ ਵੱਗ ਦੇ ਮਗਰ ਜਾ ਕੇ ਆਪਣਾ ਪੈਰ ਉਸੇ ਕੱਟੀ ਦੇ ਬਗੁਲ੍ਹਾਂ ਨੂੰ ਛੁਹਾ। ਤੈਨੂੰ ਆਰਾਮ ਆ ਜਾਵੇਗਾ"। ਇਹ ਟੂਣਾ ਹੁੰਦਾ ਹੈ। ਹੋਰ ਕਿਸੇ ਤਰ੍ਹਾਂ ਵੀ ਆਰਾਮ ਨਹੀਂ ਆਉਣਾ"। ਮੈਂ ਔਖਾ ਸੌਖਾ ਲੰੰੰਙੀ ਦੌੜ ਦੌੜਦਾ ਵੱਗ ਪਿੱਛੇ ਗਿਆ ਤੇ ਆਪਣੇ ਫੱਟੜ ਪੈਰ ਨਾਲ ਉਸ ਕੱਟੀ ਦੇ ਬੁਲ੍ਹਾਂ ਨੂੰ ਹਿਲਾਇਆ। ਉਸ ਦੇ ਮੂੰਹ ਵਿਚੋਂ ਕੁਝ ਗਿੱਲ ਮੇਰੇ ਜ਼ਖਮਾਂ ਉਤੇ ਲੱਗ ਗਈ ਤੇ ਸੜ੍ਹੂੰ ਸੜੂੰ ਕਰਨੋਂ ਹਟ ਗਿਆ। ਕੁਝ ਦਿਨਾਂ ਪਿਛੋਂ ਪੈਰ ਸਹੀ ਹੋ ਗਿਆ। ਬੇਬੇ ਦਾ ਟੂਣਾ ਚਲ ਗਿਆ ਸੀ।
ਮੈਂ ਇਕ ਮਧਮ, ਬੇਪਛਾਣ ਜਿਹੇ ਚਿਹਰੇ ਦੀ ਜਕੜ ਵਿਚ ਆਇਆ ਹੋਇਆ ਸਾਂ। ਕੀ ਬੇਬੇ ਦਾ ਟੂਣਾ ਏਥੇ ਵੀ ਕੰਮ ਕਰ ਸਕਦਾ ਸੀ? ਕੀ ਉਸ ਦੇ ਬੁਲ੍ਹ ਹਿੱਲਣ ਨਾਲ, ਉਸ ਦੇ ਕੁਝ ਕਹਿਣ ਨਾਲ ਇਹ ਜਕੜ ਢਿੱਲੀ ਹੋ ਸਕਦਾ ਸੀ? ਪਰਤਾਉਣਾ ਚਾਹੀਦਾ ਹੈ।
ਇਕ ਸਬਬ ਵੀ ਬਣ ਗਿਆ। ਆਂਧਰਾ ਪ੍ਰਦੇਸ਼ ਦਾ ਇਕ ਪ੍ਰੋਫੈਸਰ ਕਿਸੇ ਦੇ ਰਾਹੀਂ ਮੈਨੂੰ ਮਿਲਣ ਆ ਗਿਆ। ਉਹ ਕਾਲਜ ਵਿਦਿਆ ਬਾਰੇ ਕੁਝ ਮਸਾਲਾ ਇਕੱਠਾ ਕਰ ਰਿਹਾ ਸੀ। ਮੈਨੂੰ ਆਪ ਤੇ ਇਨ੍ਹਾਂ ਗੱਲਾਂ ਬਾਰੇ ਕੁਝ ਪਤਾ ਨਹੀਂ ਸੀ ਪਰ ਉਹ ਕੁੜੀ ਇਹ ਮਸਾਲਾ ਦੇ ਸਕਦੀ ਸੀ। ਮੈਂ ਉਸਦੇ ਕਾਲਜ ਟੈਲੀਫੋਨ ਕੀਤਾ। ਉਸ ਪ੍ਰੋਫੈਸਰ ਦੀ ਲੋੜ ਬਾਰੇ ਦੱਸਿਆ ਤੇ ਇਕ ਨਵੇਕਲੇ ਜਿਹੇ ਹੋਟਲ ਵਿਚ ਉਸ ਨੂੰ ਮਿਲਣ ਲਈ ਸੱਦਿਆ। ਉਹ ਆਉਣਾ ਮੰਨ ਗਈ।
ਅਸੀਂ ਇਕ ਵੱਖਰੇ ਮੇਜ਼ ਉਤੇ ਬੈਠੇ ਸਾਂ। ਪ੍ਰੋਫੈਸਰ ਨਾਲ ਗੱਲੀਂ ਪੈਣ ਤੋਂ ਪਹਿਲਾਂ ਉਸ ਮੈਨੂੰ ਦੱਸਿਆ ਕਿ ਉਹ ਆਪਣੀ ਇਕ ਵਿਆਹੀ ਹੋਈ ਸਹੇਲੀ ਨਾਲ ਇੱਕ ਦਿਨ ਕਲੱਬ ਗਈ। ਉਥੇ ਉਸ ਮੈਨੂੰ ਵੇਖਿਆ ਸੀ। ਸਹੇਲੀ ਚੂੰਕਿ ਮੇਰੀ ਵਾਕਿਫ ਨਹੀਂ ਸੀ ਇਸ ਲਈ ਮੇਰੇ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ। ਪਰ ਬਿਨਾਂ ਸਾਹਮਣੇ ਹੋਣ ਦੇ ਉਹ ਮੇਰੀਆਂ ਗੱਲਾਂ ਸੁਣਦੀ ਰਹੀ ਸੀ। ਇਸੇ ਕਰਕੇ ਇਨਾਮ ਵੰਡਣ ਲਈ ਉਸ ਮੈਨੂੰ ਚੁਣਿਆ ਸੀ। ਜੱਜ ਹੋਣ ਕਰਕੇ ਨਹੀਂ। ਪ੍ਰਿੰਸੀਪਲ ਦੀ ਚਿੱਠੀ ਤਾਂ ਇਕ ਵਸੀਲਾ ਹੀ ਸੀ। ਚੋਣ ਉਸ ਦੀ ਆਪਣੀ ਸੀ। ਵਿਚ ਵਿਚ ਉਹ ਪ੍ਰੋਫੈਸਰ ਦੀ ਸਮੱਸਿਆ ਬਾਰੇ ਵੀ ਗੱਲ ਕਰ ਲੈਂਦੀ।
"ਕਿਸੇ ਹੋਟਲ ਵਿਚ ਕਿਸੇ ਹੋਰ ਨੂੰ ਮਿਲਣ ਬਾਰੇ ਮੈਂ ਕਦੀ ਸੋਚ ਵੀ ਨਹੀਂ ਸਕਦੀ"। ਉਸ ਨੇ ਕਿਹਾ।
"ਫਿਰ ਆ ਕਿਸ ਤਰ੍ਹਾਂ ਗਈ?" ਮੈਂ ਪੁਛਿਆ।
"ਤੁਹਾਡੀ ਗੱਲ ਹੋਰ ਹੈ। ਕਿਸੇ ਦੀਆਂ ਦੋ ਗੱਲਾਂ ਸੁਣ ਕੇ ਹੀ ਮੈਂ ਸਮਝ ਲੈਂਦੀ ਹਾਂ ਕਿ ਇਹ ਬੰਦਾ ਮੇਰਾ ਸਕਾ ਹੈ ਜਾਂ ਮੈਂ ਇਸ ਦੀ ਸਕੀ ਹਾਂ"।
ਮੈਨੂੰ ਅਹਿਸਾਸ ਹੋਇਆ ਕਿ ਉਸ ਦੇ ਸੁੰਦਰ ਚਿਹਰੇ ਪਿਛੇ ਤੇਜ਼ ਮਸ਼ੀਨ ਲੱਗੀ ਹੋਈ ਸੀ। ਉਸ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲਗਦਾ ਸੀ ਜਿਵੇਂ ਉਸ ਦੀ ਸੋਚ ਦਾ ਤੇ ਉਸ ਦੀ ਪਹੁੰਚ ਦਾ ਕੋਈ ਹੱਦ ਬੰਨਾ ਹੀ ਨਾ ਹੋਵੇ। ਜਿਵੇਂ ਉਡਦੇ ਪੰਛੀ ਦਾ ਪਤਾ ਨਹੀਂ ਹੁੰਦਾ ਕਿ ਉਹ ਅਗਲੇ ਖੇਤ ਦੀ ਵੱਟ ਉਤੇ ਬੈਠੇਗਾ, ਚਾਰ ਖੇਤ ਪਰ੍ਹਾ ਬਾਗ ਵਿਚ ਜਾ ਅਗਲੇ ਪਿੰਡ ਦੀਆਂ ਸਮਾਧਾਂ ਦੇ ਝੁੰਡ ਵਿਚ।
ਉਸ ਦੇ ਨੇੜੇ ਹੋ ਕੇ ਬੈਠਣਾ ਜਾਂ ਉਸ ਨੂੰ ਹੱਥ ਲਾਉਣਾ ਮੇਰੇ ਲਈ ਬਹੁਤ ਦੂਰ ਦੀ ਗਲ ਸੀ। ਉਸ ਦੇ ਡਰ ਤੋਂ ਨਹੀਂ, ਮੇਰੇ ਆਪਣੇ ਬਚਾ ਖਾਤਰ। ਮੇਰੇ ਵਿਚ ਹਿੰਮਤ ਨਹੀਂ ਸੀ। ਇਹ ਵਿਸਕੀ ਮੈਨੂੰ ਬਹੁਤ ਚੰਗੀ ਲਗਦੀ ਹੈ ਨਾ। ਪਰ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮੈਂ ਸਾਰੀ ਬੋਤਲ ਇਕੋ ਸਾਹੇ ਲੰਘਾ ਜਾਵਾਂ। ਪੈਗ ਪੈਗ, ਘੁੱਟ ਘੁੱਟ ਕਰਕੇ ਹੀ ਸਹਾਰ ਸਕਦਾ ਹਾਂ। ਮੈਨੂੰ ਅਜੇ ਵੀ ਉਸ ਤੋਂ ਡਰ ਆ ਰਿਹਾ ਸੀ। ਕਹਿੰਦੇ ਹਨ, ਬਹੁਤ ਵੱਡੀ ਤਾਕਤ ਵਾਲੀਆਂ ਵਿਜਲੀ ਦੀਆਂ ਤਾਰਾਂ ਨੂੰ ਹਥਲਾਣ ਤੋਂ ਬਿਨਾਂ ਵੀ, ਬਸ ਨੇੜੇ ਹੋਣ ਨਾਲ ਹੀ ਬਿਜਲੀ ਲਗ ਜਾਂਦੀ ਹੈ। ਉਹ ਕੁੜੀ ਬਹੁਤ ਗੱਲਾਂ ਕਰਨ ਦੇ ਰੌਂਅ ਵਿਚ ਸੀ। ਆਂਧਰਾ ਦੇ ਪ੍ਰੋਫੈਸਰ ਨੂੰ ਉਸ ਨੇ ਸਮਝਾਇਆ ਕਿ ਉਨਤੀ ਇਕੱਲੀ ਵਿਦਿਆ ਨਾਲ ਨਹੀਂ ਹੁੰਦੀ। ਨਵੀਂ ਪੀੜ੍ਹੀ ਦੇ ਆਉਣ ਨਾਲ ਹੁੰਦੀ ਹੈ। ਉਸ ਦੀ ਉਡੀਕ ਕਰਨੀ ਚਾਹੀਦੀ ਹੈ। ਪੁਰਾਣੀ ਨਸਲ ਉਤੇ ਵਿਦਿਆ ਦਾ ਕੋਈ ਅਸਰ ਨਹੀਂ ਹੁੰਦਾ। ਮਨੁੱਖਤਾ ਦਾ ਕਲਿਆਣ ਉਸ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਹੈ।
ਉਸ ਦੀਆਂ ਗੱਲਾਂ ਨਾਲ ਮੇਰਾ ਮਨ ਹੌਲਾ ਹੋ ਰਿਹਾ ਸੀ। ਆਪਣੀ ਆਮ ਹਾਲਤ ਵਲ ਆ ਰਿਹਾ ਸੀ। ਜਿਵੇਂ ਧਰਤੀ ਜਦੋਂ ਕਾਲੇ ਬੱਦਲਾਂ ਦੀ ਲਪੇਟ ਵਿਚ ਹੋਵੇ, ਬਿਜਲੀ ਕੜ੍ਹਕਦੀ ਹੋਵੇ ਤਾਂ ਹੋਰ ਤਰ੍ਹਾਂ ਲਗਦਾ ਹੈ। ਫਿਰ ਕਣੀਆਂ ਪੈਣ ਨਾਲ ਬੱਦਲਾਂ ਦੀ ਪਕੜ ਕੁਝ ਢਿੱਲੀ ਹੋ ਜਾਂਦੀ ਹੈ? ਆਲਾ ਦੁਆਲਾ ਕੁੱਝ ਸਾਫ ਦਿਸਣ ਲਗਦਾ ਹੈ, ਆਪਣੀ ਅਸਲੀ ਸ਼ਕਲ ਵਿਚ।
ਬੇਬੇ ਵਾਲਾ ਟੂਣਾ ਅਸਰ ਕਰ ਰਿਹਾ ਸੀ। ਕੁੜੀ ਦੇ ਬੁਲ੍ਹ ਹਿੱਲਣ ਨਾਲ ਹੌਲੀ ਹੌਲੀ ਮੈਂ ਆਪਣੀ ਅਸਲੀ ਹਾਲਤ ਵਿਚ ਆ ਗਿਆ ਸਾਂ। ਹੁਣ ਉਸ ਨੂੰ ਮਿਲਣ ਦੀ ਕੋਈ ਤੜ੍ਹਪ ਨਹੀਂ ਰਹੀ। ਜਿਵੇਂ ਮੈਂ ਹਜ਼ਮ ਕਰ ਲਈ ਹੋਵੇ। ਕਿਧਰੇ ਮਿਲ ਜਾਏ ਤਾਂ ਵੀ ਸਹੀ,ਨਾ ਮਿਲੇ ਤਾਂ ਵੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ