Turhle Wali Pagg (Punjabi Story) : Muhammad Imtiaz

ਤੁਰ੍ਹਲੇ ਵਾਲੀ ਪੱਗ (ਕਹਾਣੀ) : ਮੁਹੰਮਦ ਇਮਤਿਆਜ਼

ਦੇਹਲੀ ਅੰਦਰ ਪੈਰ ਧਰਨ ਲੱਗਿਆ ਜਨਕ ਰਾਜ ਨੂੰ ਆਪਣਾ ਪੈਰ ਕਿਸੇ ਭਾਰੀ ਪੱਥਰ ਨਾਲ ਬੰਨ੍ਹਿਆ ਮਹਿਸੂਸ ਹੋਇਆ। ਕਦੇ ਉਹ ਇਹਨਾਂ ਦੇਹਲੀਆਂ ਨੂੰ ਅਚੇਤ ਹੀ ਟੱਪ ਜਾਇਆ ਕਰਦਾ ਸੀ।

ਸਾਹਮਣੇ ਵਿਹੜੇ ਵਿੱਚ ਮੰਜੇ ਤੇ ਪਿਆ ਕੋਈ ਸੂਰਜ ਦੀ ਨਿੱਘੀ ਧੁੱਪ ਮਾਣ ਰਿਹਾ ਸੀ। ਸਿੱਧੀ ਧੁੱਪ ਤੋਂ ਬਚਾਉਣ ਲਈ ਚਿਹਰੇ ਤੇ ਪਤਲਾ ਜਿਹਾ ਕੱਪੜਾ ਲਿਆ ਹੋਇਆ ਸੀ।
''ਸ਼ਾਇਦ ਬੀ-ਜੀ ਹੀ ਹੋਵੇ!''

ਜਨਕ ਰਾਜ ਪਾਸੇ ਪਈ ਕੁਰਸੀ ਨੂੰ ਮੰਜੇ ਕੋਲ ਖਿਸਕਾ ਉਸ ਤੇ ਬੈਠ ਗਿਆ। ਉਸ ਨੇ ਆਪਣੇ ਅੰਦਰ ਪੱਕੀਆਂ ਕੀਤੀਆਂ ਗੱਲਾਂ ਨੂੰ ਫਿਰ ਦੁਹਰਾਇਆ।
ਹਾਲੀਂ ਉਹ ਸੋਚ ਹੀ ਰਿਹਾ ਸੀ ਕਿ ਗੱਲ ਕਿਵੇਂ ਸ਼ੁਰੂ ਕਰੇ ਕਿ ਕੱਪੜੇ ਪਿੱਛੇ ਬੰਦ ਅੱਖਾਂ ਖੁੱਲ੍ਹ ਕੇ ਝਪਕੀਆਂ। ਅਚਾਨਕ ਚਿਹਰੇ ਤੋਂ ਕੱਪੜਾ ਲਾਹ ਕੇ ਬੀ-ਜੀ ਨੇ ਪਛਾਨਣ ਦਾ ਯਤਨ ਕੀਤਾ, ਤੇ ਫਿਰ ਉਹ ਇਕ ਦਮ ਬੈਠੀ ਹੋ ਗਈ।

ਜਨਕੇ ਨੂੰ ਮਨ ਵਿੱਚ ਰੱਟੀਆਂ ਸਾਰੀਆਂ ਗੱਲਾਂ ਭੁੱਲ ਗਈਆਂ, ਤੇ ਅਚਾਨਕ ਉਸ ਅੰਦਰ ਅਜਿਹਾ ਵੇਗ ਉੱਠਿਆ ਕਿ ਉਹ ਬੀ-ਜੀ ਦੇ ਪੈਰਾਂ ਤੇ ਡਿੱਗ ਪਿਆ। ਬੀ-ਜੀ ਨੇ ਵੀ ਗੋਦ ਵਿੱਚ ਲੈਣ ਵਾਂਗ ਉਸ ਦੁਆਲੇ ਬਾਹਾਂ ਵਲ ਲਈਆਂ। ਜਨਕੇ ਅੰਦਰ ਲੱਗਿਆ ਬੰਨ੍ਹ ਟੁੱਟ ਗਿਆ, ਤੇ ਉਸ ਦਾ ਰੋਣਾ ਵਧਦਾ-ਵਧਦਾ ਹਉਕੇ ਭਰੀਆਂ ਕੂਕਾਂ ਵਿੱਚ ਬਦਲ ਗਿਆ।
ਬੀ-ਜੀ ਦੀਆਂ ਅੱਖਾਂ ਵਿੱਚੋਂ ਵੀ ਜ਼ਾਰੋ-ਜ਼ਾਰ ਅੱਥਰੂ ਨਿਕਲ ਪਏ।

ਜਨਕ ਰਾਜ ਨੇ ਆਪਣੇ ਆਪ ਨੂੰ ਸੰਭਾਲ ਕੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਆਪਣੇ ਅੰਦਰਲਾ ਵਹਾਉ ਥੰਮ੍ਹ ਨਹੀਂ ਸੀ ਹੁੰਦਾ। ਉਹ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ, ਉਸ ਦੇ ਅੰਦਰੋਂ ਕੂਕ ਨਿਕਲ ਜਾਂਦੀ।
ਜਦੋਂ ਉਹ ਕੁੱਝ ਸੰਭਲਿਆਂ ਤਾਂ ਉਹ ਬੀ-ਜੀ ਦੇ ਪੈਰਾਂ 'ਚੋਂ ਉੱਠ ਕੇ ਕੁਰਸੀ ਤੇ ਬੈਠ ਗਿਆ।
ਜਦੋਂ ਮਾਹੌਲ ਕੁਝ ਸੁਖਾਵਾਂ ਹੋਇਆ ਤਾਂ ਜਨਕੇ ਨੇ ਕਾਰਡ ਬੀ-ਜੀ ਅੱਗੇ ਕਰ ਦਿੱਤਾ।
''ਕੀ ਐ ਇਹ?'' ਬੀ-ਜੀ ਨੇ ਕਾਰਡ ਵੱਲ ਹੈਰਾਨੀ ਨਾਲ ਵੇਖਦਿਆਂ ਪੁੱਛਿਆ।
''ਕਾਟ ਐ। ਤੇਰੇ ਮ੍ਹੇਸ਼ੀ ਨੇ ਜੰਨ ਚੜ੍ਹਨੈ! ਰੁੱਸਿਆ ਬੈਠੈ! ਕਹਿੰਦਾ ਦਾਦੇ-ਦਾਦੀ ਤੇ ਚਾਚੇ-ਚਾਚੀ ਤੋਂ ਬਗੈਰ ਮੈਂ ਘੋੜੀ ਨ੍ਹੀ ਚੜ੍ਹਨਾ!''
''ਕਦੋਂ ਐ?''
''ਕੱਲ੍ਹ ਨੂੰ।''
''ਤੂੰ ਸਾਨੂੰ ਅੱਜ ਦੱਸਦੈਂ!''

''ਬੱਸ!! ....'' ਜਨਕ ਰਾਜ ਦੀਆਂ ਫਿਰ ਸਿਸਕੀਆਂ ਨਿਕਲ ਗਈਆਂ। ਬੇਬੇ ਨੇ ਉਸ ਨੂੰ ਚੁੱਪ ਕਰਵਾਉਣ ਲਈ ਉਸ ਦਾ ਗੋਡਾ ਫੜ ਕੇ ਹਲੂਣਿਆ, ਜਿਵੇਂ ਕਹਿ ਰਹੀ ਹੋਵੇ, ''ਚੁੱਪ ਕਰ! ਕੋਈ ਗੱਲ ਨ੍ਹੀ!''
ਕਾਫੀ ਦੇਰ ਦੋਵੇਂ ਉਸੇ ਤਰ੍ਹਾਂ ਬੈਠੇ ਰਹੇ। ਕਿਸੇ ਕੋਲੋਂ ਕੋਈ ਗੱਲ ਨਾ ਹੋ ਸਕੀ।
ਆਖਿਰ ਜਨਕ ਰਾਜ ਬੋਲਿਆ, ''ਚੰਗਾ! ਆ ਜਿਉ ਜ਼ਰੂਰ! ...,'' ਤੇ ਉਸ ਨੇ ਨਿਕਲਦੇ ਹਉਕੇ ਬੜੇ ਔਖੇ ਰੋਕੇ।
ਅਚਾਨਕ ਹੀ ਉਹ ਉੱਠਿਆ ਤੇ ਤੇਜ਼-ਤੇਜ਼ ਗੇਟ ਵੱਲ ਤੁਰ ਪਿਆ। ਬੀ-ਜੀ ਨੂੰ ਕੁਝ ਨਾ ਸੁੱਝਿਆ ਕਿ ਉਹ ਕੀ ਆਖੇ।
ਜਨਕ ਰਾਜ ਦੇ ਜਾਣ ਤੋਂ ਬਾਅਦ ਭਾਪਾ ਡੰਗਰਾਂ ਵਾਲੇ ਵਾੜੇ ਵਿੱਚੋਂ ਪਰਨੇ ਦੇ ਲੜ ਨਾਲ ਅੱਖਾਂ ਪੂੰਝਦਾ ਬਾਹਰ ਆਇਆ। '
'ਕੀ ਕਹਿੰਦਾ ਤੀ?''
ਬੀ-ਜੀ ਨੇ ਕਾਰਡ ਭਾਪੇ ਅੱਗੇ ਕਰ ਦਿੱਤਾ, ''ਤੇਰੇ ਪੋਤੇ ਦਾ ਵਿਆਹ ਐ।''
''ਜਾਵੇਂਗੀ?''
ਬੀ-ਜੀ ਨੇ ਕੋਈ ਜਵਾਬ ਨਾ ਦਿੱਤਾ।

ਭਾਪਾ ਵਗੈਰ ਇਸ ਦੀ ਪਰਵਾਹ ਕਰਦਿਆਂ ਬੋਲਿਆ, ''ਊਂ, ਜਾਣ ਨੂੰ ਤਾਂ ਸਹੁਰਾ ਮਨ ਕਿਹੜਾ ਖੜ੍ਹਦੈ! ਪਰ ਲੋਕ-ਲਾਜ ਮਾਰਦੀ ਐ! ਹੁਣ ਜਿਹੜੇ ਬੰਦੇ ਆਪਣੇ ਕਰਕੇ ਇਹਦੇ ਤੋਂ ਟੁੱਟੇ ਨੇ, ਉਹ ਕੀ ਕਹਿਣਗੇ! ਅਖੇ, ਆਪ 'ਕੱਠੇ ਹੋ-ਗੇ ਤੇ ਸਾਨੂੰ ਬੁਰੇ ਪਵਾ 'ਤਾ! ਫੇਰ, ਨਾਲੇ, ਸਰੇਸ਼ ਨੇ ਕਿਹੜਾ ਮੰਨਣੈ!''
ਬੀ-ਜੀ ਬਿਨਾ ਕੁਝ ਬੋਲਿਆਂ ਪਹਿਲਾਂ ਵਾਂਗ ਕੱਪੜਾ ਚਿਹਰੇ ਤੇ ਰੱਖ ਕੇ ਪੈ ਗਈ।
ਭਾਪਾ ਵੀ ਚੁੱਪ-ਚਾਪ ਅੱਖਾਂ ਪੂੰਝਦਿਆਂ ਕਾਰਡ ਫੜੀ ਡੰਗਰਾਂ ਵਾਲੇ ਪਾਸੇ ਤੁਰ ਪਿਆ।

ਸ਼ਾਮੀਂ, ਸੁਰੇਸ਼ ਕੁਮਾਰ, ਉਹਦੀ ਘਰਵਾਲੀ ਤੇ ਬੱਚਿਆਂ ਦੇ ਸ਼ਹਿਰੋਂ ਮੁੜਨ ਪਿੱਛੋਂ ਜਦੋਂ ਸਾਰਾ ਟੱਬਰ ਅੰਗੀਠੀ ਦੁਆਲੇ ਮੰਜਿਆਂ ਤੇ ਇਕੱਠਾ ਹੋਇਆ ਬੈਠਾ ਸੀ ਤਾਂ ਬੀ-ਜੀ ਨੇ ਮੌਕਾ ਜਿਹਾ ਬਚਾ ਕੇ ਗੱਲ ਸ਼ੁਰੂ ਕੀਤੀ।
''ਅੱਜ ਜਨਕਾ ਆਇਆ ਤੀ,'' ਬੀ-ਜੀ ਨੀਵੀਂ ਪਾਈ ਮੰਜੇ ਦੀ ਦੌਣ ਨੂੰ ਛੇੜਦਿਆਂ ਬੋਲੀ।
''ਫੇਰ, ਕੀ ਕਹਿੰਦਾ ਤੀ?'' ਸੁਰੇਸ਼ ਨੇ ਬੀ-ਜੀ ਵੱਲ ਧਿਆਨ ਲਾ ਕੇ ਉਤਸੁਕਤਾ ਨਾਲ ਪੁੱਛਿਆ।
''ਕਹਿੰਦਾ ਤਾਂ ਕੁਸ਼ ਨੀ ਤੀ! ਬੱਸ, ਮ੍ਹੇਸ਼ੀ ਦੇ ਵਿਆਹ ਦਾ ਕਾਟ ਦੇ ਗਿਆ। ਅਖੇ, ਥੋਡੇ ਬਗੈਰ ਮੁੰਡੇ ਨੇ ਘੋੜੀ ਨ੍ਹੀ ਚੜ੍ਹਨਾ!''

''ਨਾਂਹ, ਉਦੋਂ ਤਾਂ ਮੁੰਡੇ ਨੇ ਨਾਂਹ ਨੀ ਕੀਤੀ, ਜਦੋਂ ਇਹਨਾਂ ਨੇ ਵਿਆਹ ਬੰਨ੍ਹਿਆ ਤੀ! ... ਉਦੋਂ ਤਾਂ ਮੁੰਡਾ ਵੀ ਛਾਲਾਂ ਮਾਰਦਾ ਤੀ, ਜਦੋਂ ਟੱਬਰ ਨੂੰ ਛੱਡ ਕੇ ਸ਼ਹਿਰ ਜਾ ਵੜਿਆ! ਅਖੇ, ਪਿੰਡ ਦੀ ਹੱਟੀ 'ਚੋਂ ਮੇਰੇ ਟੱਬਰ ਦਾ ਕੀ ਬਣੂੰ!''
''ਅੱਜ-ਕੱਲ੍ਹ ਹੱਟੀਆਂ 'ਚੋਂ ਪੂਰੀਆਂ ਵੀ ਕਿੱਥੋਂ ਪੈਂਦੀਆਂ ਨੇ! ... ਹਰੇਕ ਕੋਈ ਤਾਂ ਸ਼ਹਿਰ ਨੂੰ ਭੱਜਦੈ, ਸੌਦੇ ਨੂੰ! ...ਹੁਣ ਤਾਂ ਪਿੰਡਾਂ 'ਚ ਵੀ ਕੰਪਨੀਆਂ ਸ਼ੋਅ-ਰੂਮ ਖੋਲ੍ਹੀ ਜਾਂਦੀਆਂ ਨੇ, ਦੱਸ!''
''ਫੇਰ, ਸਾਨੂੰ ਮਰਨ ਨੂੰ ਛੱਡ ਕੇ ਤੁਰ ਗਿਆ ਸ਼ਹਿਰ! ...ਸ਼ੋਅ-ਰੂਮ ਦੀ ਚਾਕਰੀ ਮਨਜੂਰ ਕਰ-ਲੀ, ਹੱਟੀ ਦੀ ਮਾਲਕੀ ਛੱਡ ਕੇ, ਬਾਹਲੇ ਸਿਆਣੇ ਨੇ!''
''ਊਂ, ਚਾਹੇ ਕੁਸ਼ ਵੀ ਐ, ਉਹਨੂੰ ਪਛਤਾਵਾ ਬਹੁਤ ਹੋਇਆ ਵਿਐ! ਸਹੁਰੇ ਤੋਂ ਗੱਲ ਵੀ ਨੀ ਹੋ ਸਕੀ! ਬੱਸ, ਰੋਈ ਗਿਐ!'' ਭਾਪੇ ਨੇ ਵੀ ਦਬੀ ਜੀਭ ਨਾਲ ਵਿਆਹ ਜਾਣ ਦੇ ਹੱਕ ਵਿੱਚ ਰਾਇ ਦੇ ਦਿੱਤੀ।

''ਦੇਖੋ, ਭਾਪਾ! ਗੱਲ ਆਏਂ ਐ, ਬਈ, ਪਿੰਡ ਆਲੇ ਆਪਣੇ ਕਰਕੇ ਉਹਨੂੰ ਬਲੌਣੋ-ਚਲੌਣੋਂ ਹਟੇ ਨੇ! ਉਹ ਸਾਰੇ ਆਪਣੇ ਤੇ ਥੂਹ-ਥੂਹ ਕਰਨਗੇ! ਉਹਨਾਂ ਦੀ ਕਿਹੜਾ ਉਹਦੇ ਨਾਲ ਦੁਸ਼ਮਣੀ ਤੀ ਕੋਈ! ਆਪਣੇ ਕਰਕੇ ਈ ਹਟੇ ਨੇ ਸਾਰੇ!'' ਸੁਰੇਸ਼ ਨੇ ਸਮਝਾਉਣ ਵਾਲੇ ਲਹਿਜੇ 'ਚ ਕਿਹਾ।

''ਚੱਲ, ਜੇ ਮੈਂ ਤੇ ਤੇਰਾ ਭਾਪਾ ਜਾ ਆਈਏ, ਤਾਂ ਕੀ ਐ!'' ਬੀ-ਜੀ ਅੰਦਰਲੀ ਇੱਛਾ ਬਹੁਤ ਪ੍ਰਬਲ ਸੀ। ਉਸ ਕੋਲ ਸੁਰੇਸ਼ ਦੀ ਦਲੀਲ ਦੇ ਜਵਾਬ ਵਿੱਚ ਕੋਈ ਦਲੀਲ ਨਹੀਂ ਸੀ। ਸਿਰਫ਼ ਮਾਂ ਦੀ ਮਮਤਾ ਹੀ ਸੀ ਅਤੇ ਇਸਦੇ ਅੱਗੇ ਸੁਰੇਸ਼ ਬੇਬਸ ਜਿਹਾ ਜਾਪਿਆ।

''ਮਰਜੀ ਐ ਥੋਡੀ! ਆਪਾਂ ਤਾਂ ਉਸ ਦਾ ਵਰਕਾ ਈ ਪਾੜ 'ਤਾ! ਜੇ ਤੁਸੀਂ ਜਾਣੈ ਤਾਂ ਜਾ ਆਉ!'' ਸੁਰੇਸ਼ ਨਾਰਾਜ਼ਗੀ ਜਿਹੀ ਨਾਲ ਕਹਿ ਕੇ ਮੰਜੇ ਤੋਂ ਉੱਠਿਆ, ਤੇ ਜੁੱਤੀ ਪਾ ਕੇ ਬਾਹਰ ਵੱਲ ਨੂੰ ਤੁਰ ਪਿਆ।
ਉਸ ਦੀ ਘਰਵਾਲੀ ਕੁਝ ਬੁੜਬੁੜਾਉਂਦੀ ਹੋਈ ਰਸੋਈ ਵੱਲ ਤੁਰ ਗਈ।
ਬੀ-ਜੀ ਨੂੰ ਉਹਨਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ ਸੀ। ਉਸ ਲਈ ਸੁਰੇਸ਼ ਦੀ ਨਾਰਾਜ਼ਗੀ ਨਾਲ ਦਿੱਤੀ ਇਜਾਜ਼ਤ ਹੀ ਕਾਫੀ ਸੀ।
ਸਵੇਰੇ, ਜਾਣ ਵੇਲੇ, ਬੀ-ਜੀ ਨੇ ਨਵਾਂ ਸੂਟ ਪਾਇਆ, ਤੇ ਹੱਥ ਵਿੱਚ ਨਵਾਂ ਚਿੱਟਾ ਝੋਲਾ ਫੜ ਲਿਆ।

ਕੁੜਤਾ-ਪਜਾਮਾ ਤਾਂ ਭਾਪੇ ਨੇ ਵੀ ਨਵਾਂ ਪਾਇਆ ਸੀ। ਪੱਗ ਵੀ ਨਵੀਂ ਗੁਲਾਬੀ ਰੰਗ ਦੀ ਬੰਨ੍ਹੀ ਸੀ। ਪਰ ਉਸ ਨੇ ਪੱਗ ਤੇ ਤੁਰ੍ਹਲਾ ਨਹੀਂ ਸੀ ਕੱਢਿਆ ਅਤੇ ਨਾ ਹੀ ਉਸ ਦੀ ਛਾਤੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।

ਅੱਡੇ ਵੱਲ ਤੁਰੇ ਜਾਂਦਿਆਂ ਭਾਪੇ ਦਾ ਡਰ ਉਸ ਦੀ ਦਬੀ ਜ਼ਬਾਨ 'ਤੇ ਆ ਗਿਆ, ''ਊਂ! ਹੈ ਤਾਂ ਇਹ ਗਲਤ ਈ! ਜਦ ਲੋਕਾਂ ਨੂੰ ਪਤਾ ਲੱਗੂ ਤਾਂ ਬਦਨਾਮੀ ਬਹੁਤ ਹੋਊ!''

''ਬਦਨਾਮੀ ਨੂੰ ਕੀ ਤੂੰ ਚੋਰੀ-ਡਾਕਾ ਮਾਰਨ ਚੱਲਿਐਂ!!'' ਬੀ-ਜੀ ਨੇ ਕੜਕ ਕੇ ਕਿਹਾ, ''ਉਹ ਵੀ ਤਾਂ ਢਿੱਡੋਂ ਜੰਮਿਐ, ਕੋਈ ਸਿੱਟਿਆ ਤਾਂ ਨ੍ਹੀਂ! ਆਪਣੀ ਆਹੀ- ਤਾਹੀ ਕਰੌਣ ਲੋਕ!!''
ਬੀ-ਜੀ ਦੀ ਝਾੜ-ਝੰਬ ਸੁਣ ਕੇ ਭਾਪੇ ਅੰਦਰਲੇ ਮਰਦ ਨੂੰ ਸੱਟ ਲੱਗੀ।
ਥੋੜ੍ਹੀ ਦੇਰ ਬਾਅਦ ਭਾਪੇ ਨੇ ਪੱਗ ਦਾ ਤੁਰ੍ਹਲਾ ਕੱਢ ਲਿਆ। ਹੁਣ ਉਸ ਦੀ ਛਾਤੀ ਵੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ