Uh Munda (Story in Punjabi) : Maxim Gorky

ਉਹ ਮੁੰਡਾ (ਕਹਾਣੀ) : ਮੈਕਸਿਮ ਗੋਰਕੀ

ਇਹ ਛੋਟੀ ਜਿਹੀ ਕਹਾਣੀ ਏਨੀ ਸਿੱਧੀ-ਸਾਦੀ ਹੈ ਕਿ ਇਸਨੂੰ ਸੁਣਾਉਣਾ ਕਾਫ਼ੀ ਔਖਾ ਹੋਵੇਗਾ! ਜਦੋਂ ਮੈਂ ਹਾਲੇ ਛੋਟਾ ਹੀ ਸੀ, ਤਾਂ ਗਰਮੀਆਂ ਅਤੇ ਬਸੰਤ ਦੇ ਦਿਨਾਂ ਵਿੱਚ ਐਤਵਾਰ ਨੂੰ ਮੈਂ ਆਪਣੀ ਗਲ਼ੀ ਦੇ ਬੱਚਿਆਂ ਨੂੰ ਇਕੱਠੇ ਕਰ ਲੈਂਦਾ ਸੀ ਅਤੇ ਉਨ੍ਹਾਂ ਨੂੰ ਖੇਤਾਂ ਤੋਂ ਪਾਰ, ਜੰਗਲ਼ ਵਿੱਚ ਲੈ ਜਾਂਦਾ ਸੀ। ਇਹਨਾਂ ਪੰਛੀਆਂ ਵਾਂਗ ਚਹਿਕਦੇ, ਛੋਟੇ ਬੱਚਿਆਂ ਨਾਲ਼ ਦੋਸਤਾਂ ਵਾਂਗ ਰਹਿਣਾ ਮੈਨੂੰ ਚੰਗਾ ਲਗਦਾ ਸੀ।
ਬੱਚਿਆਂ ਨੂੰ ਵੀ ਸ਼ਹਿਰ ਦੀਆਂ ਧੂੜ ਅਤੇ ਭੀੜ ਭਰੀਆਂ ਗਲ਼ੀਆਂ ਤੋਂ ਦੂਰ ਜਾਣਾ ਚੰਗਾ ਲਗਦਾ ਸੀ। ਉਨ੍ਹਾਂ ਦੀਆਂ ਮਾਂਵਾਂ ਉਨ੍ਹਾਂ ਨੂੰ ਰੋਟੀਆਂ ਦੇ ਦਿੰਦੀਆਂ, ਮੈਂ ਕੁੱਝ ਮਿੱਠੀਆਂ ਗੋਲ਼ੀਆਂ ਖਰੀਦ ਲੈਂਦਾ, ਕਵਾਸ ਦੀ ਇੱਕ ਬੋਤਲ ਭਰ ਲੈਂਦਾ ਅਤੇ ਫਿਰ ਕਿਸੇ ਆਜੜੀ ਵਾਂਗ ਬੱਕਰੀਆਂ ਦੇ ਬੇਪਰਵਾਹ ਮੇਮਣਿਆਂ ਦੇ ਪਿੱਛੇ-ਪਿੱਛੇ ਚਲਦਾ ਜਾਂਦਾ — ਸ਼ਹਿਰ ਵਿੱਚ, ਖੇਤਾਂ ਤੋਂ ਪਾਰ, ਹਰੇ-ਭਰੇ ਜੰਗਲ਼ ਵੱਲ, ਜਿਸ ਨੂੰ ਬਸੰਤ ਨੇ ਆਪਣੀਆਂ ਬਹੁਤ ਸੋਹਣੀਆਂ ਪੁਸ਼ਾਕਾਂ ਨਾਲ਼ ਸਜਾ ਦਿੱਤਾ ਹੁੰਦਾ।
ਆਮ ਤੌਰ ‘ਤੇ ਅਸੀਂ ਸਵੇਰੇ-ਸਵੇਰੇ ਹੀ ਸ਼ਹਿਰੋਂ ਬਾਹਰ ਨਿੱਕਲ਼ ਆਉਂਦੇ, ਜਦੋਂ ਗਿਰਜਾ-ਘਰ ਦੀਆਂ ਘੰਟੀਆਂ ਵੱਜ ਰਹੀਆਂ ਹੁੰਦੀਆਂ ਤਾਂ ਅਸੀਂ ਬੱਚਿਆਂ ਦੇ ਕੋਮਲ ਪੈਰਾਂ ਦੇ ਜ਼ਮੀਨ ‘ਤੇ ਪੈਣ ਨਾਲ਼ ਪੈਦਾ ਹੋ ਰਹੀਆਂ ਟੁਣਕਾਰਾਂ ਅਤੇ ਉੱਡ ਰਹੀ ਧੂੜ ਦੇ ਬੱਦਲ਼ਾਂ ਵਿੱਚ ਘਿਰੇ ਹੁੰਦੇ।
ਦੁਪਹਿਰ ਵੇਲ਼ੇ, ਜਦੋਂ ਦਿਨ ਦੀ ਗਰਮੀ ਆਪਣੇ ਸਿਖਰ ‘ਤੇ ਹੁੰਦੀ, ਤਾਂ ਖੇਡਦੇ-ਖੇਡਦੇ ਥੱਕ ਕੇ, ਮੇਰੇ ਮਿੱਤਰ ਜੰਗਲ਼ ਦੇ ਇੱਕ ਕੋਨੇ ਵਿੱਚ ਇੱਕਠੇ ਹੋ ਜਾਂਦੇ। ਤਦ ਖਾਣਾ ਖਾ ਲੈਣ ਮਗਰੋਂ ਛੋਟੇ ਬੱਚੇ ਝਾੜੀਆਂ ਅਤੇ ਸਨੋਬੈਲ ਦੇ ਬੂਟਿਆਂ ਦੀ ਛਾਂ ਵਿੱਚ ਘਾਹ ਉੱਤੇ ਹੀ ਸੌਂ ਜਾਂਦੇ, ਜਦਕਿ ਵੱਡੇ ਬੱਚੇ ਮੈਨੂੰ ਚਾਰੇ ਪਾਸਿਓਂ ਘੇਰ ਲੈਂਦੇ ਅਤੇ ਮੈਨੂੰ ਕੋਈ ਕਹਾਣੀ ਸੁਣਾਉਣ ਲਈ ਕਹਿੰਦੇ। ਮੈਂ ਕਹਾਣੀ ਸੁਣਾਉਣ ਲਗਦਾ ਅਤੇ ਉਸੇ ਤੇਜ਼ੀ ਨਾਲ਼ ਬੋਲਣ ਲਗਦਾ ਜਿਵੇਂ ਉਹ ਬੋਲਦੇ। ਜਵਾਨੀ ਦੇ ਕਾਲਪਨਿਕ ਆਤਮਵਿਸ਼ਵਾਸ ਅਤੇ ਜ਼ਿੰਦਗੀ ਦੇ ਮਮੂਲੀ ਗਿਆਨ ਦੇ ਹਾਸੋਹੀਣੇ ਮਾਣ ਦੇ ਬਾਵਜੂਦ ਉਹਨਾਂ ਵਿੱਚ ਮੈਂ ਅਕਸਰ ਆਪਣੇ ਆਪ ਨੂੰ ਵਿਦਵਾਨਾਂ ਨਾਲ਼ ਘਿਰੇ ਹੋਏ ਕਿਸੇ ਵੀਹ ਸਾਲ ਦੇ ਬੱਚੇ ਜਿਹਾ ਮਹਿਸੂਸ ਕਰਦਾ।
ਸਾਡੇ ਉੱਤੇ ਅਨੰਤ ਅਕਾਸ਼ ਦੀ ਨੀਲੱਤਣ ਫੈਲੀ ਹੋਈ ਹੈ, ਸਾਹਮਣੇ ਹੈ ਇੱਕ ਸਿਆਣਪ ਭਰੀ ਖਮੋਸ਼ੀ ਵਿੱਚ ਲਿਪਟੀ ਹੋਈ ਜੰਗਲ਼ ਦੀ ਵੰਨ-ਸੁਵੰਨਤਾ; ਹਵਾ ਦਾ ਕੋਈ ਬੁੱਲਾ ਫੜਫੜਾਉਂਦਾ ਹੋਇਆ ਕੋਲ਼ੋਂ ਦੀ ਲੰਘ ਜਾਂਦਾ ਹੈ, ਜੰਗਲ਼ ਦੇ ਖ਼ੁਸ਼ਬੂਦਾਰ ਪਰਛਾਵੇਂ ਕੰਬਦੇ ਹਨ ਅਤੇ ਇੱਕ ਵਾਰ ਫਿਰ ਇੱਕ ਮਾਂ ਦੇ ਲਾਡ ਵਰਗੀ ਖਮੋਸ਼ੀ ਆਤਮਾ ਵਿੱਚ ਭਰ ਜਾਂਦੀ ਹੈ। ਅਕਾਸ਼ ਦੇ ਨੀਲ ਵਿਸਥਾਰ ਵਿੱਚ ਚਿੱਟੇ ਬੱਦਲ਼ ਹੌਲ਼ੀ-ਹੌਲ਼ੀ ਤੈਰ ਰਹੇ ਹਨ, ਸੂਰਜ ਦੀ ਰੌਸ਼ਨੀ ਨਾਲ਼ ਤਪੀ ਧਰਤੀ ਤੋਂ ਦੇਖਣ ‘ਤੇ ਅਸਮਾਨ ਬੇਹੱਦ ਸ਼ੀਤਲ ਦਿਸਦਾ ਹੈ ਅਤੇ ਖੁਰਦੇ ਹੋਏ ਬੱਦਲ਼ਾਂ ਨੂੰ ਵੇਖਕੇ ਬਹੁਤ ਅਜੀਬ ਜਿਹਾ ਲਗਦਾ ਹੈ।
ਅਤੇ ਮੇਰੇ ਚਾਰੇ ਪਾਸੇ ਹਨ ਇਹ ਛੋਟੇ-ਛੋਟੇ, ਪਿਆਰੇ ਬੱਚੇ, ਜਿਨ੍ਹਾਂ ਨੂੰ ਜ਼ਿੰਦਗੀ ਦੇ ਸਾਰੇ ਦੁੱਖ ਅਤੇ ਖੁਸ਼ੀਆਂ ਜਾਣਨ ਲਈ ਮੈਂ ਸੱਦ ਲਿਆਇਆ ਹਾਂ।
ਉਹ ਸਨ ਮੇਰੇ ਚੰਗੇ ਦਿਨ — ਉਹ ਹੀ ਸਨ ਅਸਲੀ ਦਾਅਵਤਾਂ। ਜ਼ਿੰਦਗੀ ਦੇ ਹਨੇਰੇ ਨਾਲ਼ ਗ੍ਰਸੀ ਮੇਰੀ ਆਤਮਾ ਬੱਚਿਆਂ ਦੇ ਖਿਆਲਾਂ ਅਤੇ ਯਾਦਾਂ ਦੀ ਸਪੱਸ਼ਟ ਵਿਦਵਤਾ ਵਿੱਚ ਨਹਾ ਕੇ ਤਰੋ-ਤਾਜ਼ਾ ਹੋ ਉੱਠਦੀ ਸੀ।
ਇੱਕ ਦਿਨ ਜਦੋਂ ਬੱਚਿਆਂ ਦੀ ਭੀੜ ਨਾਲ਼ ਸ਼ਹਿਰ ਵਿੱਚੋਂ ਨਿੱਕਲ਼ ਕੇ ਮੈਂ ਇੱਕ ਖੇਤ ਵਿੱਚ ਅੱਪੜਿਆ, ਤਾਂ ਸਾਨੂੰ ਇੱਕ ਅਜਨਬੀ ਮਿਲ਼ਿਆ — ਇੱਕ ਛੋਟਾ ਜਿਹਾ ਯਹੂਦੀ, ਨੰਗੇ ਪੈਰ, ਫਟੀ ਕਮੀਜ਼, ਕਾਲ਼ੀ ਭਰਵੱਟੇ, ਕਮਜ਼ੋਰ ਸਰੀਰ ਅਤੇ ਮੇਮਣੇ ਜਿਹੇ ਘੁੰਗਰਾਲ਼ੇ ਵਾਲ਼। ਉਹ ਕਿਸੇ ਵਜ੍ਹਾ ਕਾਰਨ ਦੁਖੀ ਸੀ ਅਤੇ ਲੱਗ ਰਿਹਾ ਸੀ ਕਿ ਉਹ ਹੁਣ ਤੱਕ ਰੋਂਦਾ ਰਿਹਾ ਹੈ। ਉਸਦੀਆਂ ਬੇਜਾਨ ਕਾਲ਼ੀਆਂ ਅੱਖਾਂ ਸੁੱਜੀਆਂ ਹੋਈਆਂ ਅਤੇ ਲਾਲ ਸਨ, ਜੋ ਉਸਦੇ ਭੁੱਖ ਨਾਲ਼ ਨੀਲੇ ਪਏ ਚਿਹਰੇ ਉੱਤੇ ਕਾਫ਼ੀ ਤਿੱਖੀਆਂ ਲੱਗ ਰਹੀਆਂ ਸਨ। ਬੱਚਿਆਂ ਦੀ ਭੀੜ ਵਿੱਚੋਂ ਹੁੰਦਾ ਹੋਇਆ, ਉਹ ਗਲ਼ੀ ਦੇ ਐਨ ਵਿਚਾਲ਼ੇ ਰੁਕ ਗਿਆ, ਉਸਨੇ ਆਪਣੇ ਪੈਰਾਂ ਨੂੰ ਸਵੇਰੇ ਦੀ ਠੰਡੀ ਧੂੜ ਵਿੱਚ ਮਜ਼ਬੂਤੀ ਨਾਲ਼ ਗੱਡ ਦਿੱਤਾ ਅਤੇ ਸੁੰਦਰ ਚਿਹਰੇ ਉੱਤੇ ਉਸਦੇ ਕਾਲ਼ੇ ਬੁੱਲ ਡਰ ਨਾਲ਼ ਖੁੱਲ ਗਏ — ਅਗਲੇ ਪਲ, ਇੱਕ ਹੀ ਛਾਲ਼ ਵਿੱਚ, ਉਹ ਫੁਟਪਾਥ ਉੱਤੇ ਖੜਾ ਸੀ।
”ਉਸਨੂੰ ਫੜ ਲਓ!” ਸਾਰੇ ਬੱਚੇ ਇਕੱਠੇ ਖੁਸ਼ੀ ਨਾਲ਼ ਚੀਖ ਉੱਠੇ, ”ਨੰਹਾ ਯਹੂਦੀ! ਨੰਹੇ ਯਹੂਦੀ ਨੂੰ ਫੜ ਲਓ!”
ਮੈਨੂੰ ਉਮੀਦ ਸੀ ਕਿ ਉਹ ਭੱਜ ਖੜਾ ਹੋਵੇਗਾ। ਉਸਦੇ ਕਮਜ਼ੋਰ, ਵੱਡੀਆਂ ਅੱਖਾਂ ਵਾਲ਼ੇ ਚਿਹਰੇ ਉੱਤੇ ਡਰ ਦੀ ਮੁਦਰਾ ਉੱਕਰੀ ਹੋਈ ਸੀ। ਉਸਦੇ ਬੁੱਲ ਕੰਬ ਰਹੇ ਸਨ। ਉਹ ਮਜ਼ਾਕ ਉਡਾਉਣ ਵਾਲ਼ਿਆਂ ਦੀ ਭੀੜ ਦੇ ਰੌਲ਼ੇ ਵਿੱਚ ਖੜਾ ਸੀ। ਉਹ ਪੈਰ ਚੁੱਕ-ਚੁੱਕ ਕੇ ਆਪਣੇ ਆਪ ਨੂੰ ਜਿਵੇਂ ਉੱਚਾ ਬਣਾਉਣ ਨੂੰ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਆਪਣੇ ਮੋਢੇ ਰਾਹ ਦੀ ਵਾੜ ‘ਤੇ ਟਿਕਾ ਦਿੱਤੇ ਸਨ ਅਤੇ ਹੱਥਾਂ ਨੂੰ ਪਿੱਠ ਪਿੱਛੇ ਬੰਨ੍ਹ ਲਿਆ ਸੀ।
ਅਤੇ ਤਦ ਅਚਾਨਕ ਉਹ ਉੱਚੀ, ਸ਼ਾਂਤ ਤੇ ਸਾਫ਼ ਅਤੇ ਤਿੱਖੀ ਅਵਾਜ਼ ਵਿੱਚ ਬੋਲ ਉੱਠਿਆ,“”ਮੈਂ ਤੁਹਾਨੂੰ ਇੱਕ ਖੇਡ ਦਿਖਾਵਾਂ?”
ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਉਸਦਾ ਆਤਮ-ਰੱਖਿਆ ਦਾ ਕੋਈ ਤਰੀਕਾ ਹੋਵੇਗਾ। ਬੱਚੇ ਉਸਦੀ ਗੱਲ ਵਿੱਚ ਰੁਚੀ ਲੈਣ ਲੱਗੇ ਅਤੇ ਉਸਤੋਂ ਦੂਰ ਹਟ ਗਏ। ਸਿਰਫ ਵੱਡੀ ਉਮਰ ਦੇ ਅਤੇ ਜ਼ਿਆਦਾ ਜੰਗਲ਼ੀ ਕਿਸਮ ਦੇ ਮੁੰਡੇ ਹੀ ਉਸ ਵੱਲ ਸ਼ੱਕ ਅਤੇ ਅਵਿਸ਼ਵਾਸ ਨਾਲ਼ ਵੇਖਦੇ ਰਹੇ। ਸਾਡੀ ਗਲ਼ੀ ਦੇ ਮੁੰਡੇ ਦੂਜੀਆਂ ਗਲ਼ੀਆਂ ਦੇ ਮੁੰਿਡਆਂ ਨਾਲ਼ ਲੜੇ ਹੋਏ ਸਨ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਉਹ ਦੂਜਿਆਂ ਨਾਲ਼ੋਂ ਕਿਤੇ ਜ਼ਿਆਦਾ ਚੰਗੇ ਹਨ ਅਤੇ ਉਹ ਦੂਜਿਆਂ ਦੀ ਯੋਗਤਾ ਵੱਲ ਧਿਆਨ ਦੇਣ ਨੂੰ ਵੀ ਤਿਆਰ ਨਹੀਂ ਸਨ।
ਪਰ ਛੋਟੇ ਬੱਚਿਆਂ ਲਈ ਇਹ ਮਾਮਲਾ ਇੱਕਦਮ ਸਿੱਧਾ-ਸਾਦਾ ਸੀ।
”ਵਿਖਾ, ਜ਼ਰੂਰ ਵਿਖਾ!”
ਉਹ ਖੂਬਸੂਰਤ, ਦੁਬਲਾ-ਪਤਲਾ ਮੁੰਡਾ ਵਾੜ ਨਾਲ਼ੋਂ ਪਰ੍ਹਾਂ ਹਟ ਗਿਆ। ਉਸਨੇ ਆਪਣੇ ਛੋਟੇ ਜਿਹੇ ਸਰੀਰ ਨੂੰ ਪਿੱਛੇ ਵੱਲ ਝੁਕਾਇਆ। ਆਪਣੀ ਉਂਗਲ਼ਾਂ ਜ਼ਮੀਨ ਨੂੰ ਛੋਹੀਆਂ ਅਤੇ ਆਪਣੀਆਂ ਲੱਤਾਂ ਨੂੰ ਉੱਪਰ ਵੱਲ ਉਛਾਲ਼ ਕੇ ਹੱਥਾਂ ਦੇ ਭਾਰ ਖੜਾ ਹੋ ਗਿਆ।
ਤਦ ਉਹ ਘੁੰਮਣ ਲੱਗਾ, ਜਿਵੇਂ ਕੋਈ ਲਪਟ ਉਸਨੂੰ ਝੁਲ਼ਸਾ ਰਹੀ ਹੋਵੇ — ਉਹ ਆਪਣੀਆਂ ਬਾਂਹਾਂ ਅਤੇ ਲੱਤਾਂ ਨਾਲ਼ ਕਰਤੱਬ ਦਿਖਾਉਂਦਾ ਰਿਹਾ। ਉਸਦੀ ਕਮੀਜ਼ ਅਤੇ ਪੈਂਟ ਦੀਆਂ ਮੋਰੀਆਂ ਵਿੱਚੋਂ ਉਸਦੇ ਦੁਬਲੇ-ਪਤਲੇ ਸਰੀਰ ਦੀ ਭੂਰੀ ਚਮੜੀ ਵਿਖਾਈ ਦੇ ਰਹੀ ਸੀ; ਮੋਢੇ, ਗੋਡੇ ਅਤੇ ਕੂਹਣੀਆਂ ਤਾਂ ਬਾਹਰ ਹੀ ਨਿੱਕਲ਼ੇ ਹੋਏ ਸਨ। ਲਗਦਾ ਸੀ, ਜੇ ਇੱਕ ਵਾਰ ਫਿਰ ਝੁਕਿਆ ਤਾਂ ਇਹ ਪਤਲੀਆਂ ਹੱਡੀਆਂ ਤੜੱਕ ਕਰਕੇ ਟੁੱਟ ਜਾਣਗੀਆਂ। ਉਸਦਾ ਮੁੜ੍ਹਕਾ ਚੋਣ ਲੱਗਿਆ ਸੀ। ਪਿੱਠ ਉੱਤੋਂ ਉਸਦੀ ਕਮੀਜ਼ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ। ਹਰ ਖੇਡ ਮਗਰੋਂ ਉਹ ਬਣਾਉਟੀ ਤੇ ਨਿਰਜੀਵ ਮੁਸਕਰਾਹਟ ਨਾਲ਼ ਬੱਚਿਆਂ ਦੀਆਂ ਅੱਖਾਂ ਵਿੱਚ ਝਾਕ ਕੇ ਦੇਖ ਲੈਂਦਾ। ਉਸਦੀਆਂ ਚਮਕ ਰਹਿਤ ਕਾਲ਼ੀਆਂ ਅੱਖਾਂ ਦਾ ਫੈਲਣਾ ਚੰਗਾ ਨਹੀਂ ਸੀ ਲੱਗ ਰਿਹਾ — ਉਨ੍ਹਾਂ ਵਿੱਚੋਂ ਜਿਵੇਂ ਪੀੜ ਝਲਕ ਰਹੀ ਸੀ। ਉਹ ਅਜੀਬ ਹੀ ਢੰਗ ਨਾਲ਼ ਫੜਫੜਾਉਂਦੀਆਂ ਸਨ ਅਤੇ ਉਸਦੀ ਨਜ਼ਰ ਵਿੱਚ ਇੱਕ ਅਜਿਹਾ ਤਣਾਅ ਸੀ, ਜੋ ਬੱਚਿਆਂ ਦੀ ਨਜ਼ਰ ਵਿੱਚ ਨਹੀਂ ਹੁੰਦਾ। ਬੱਚੇ ਚੀਖ-ਚੀਖਕੇ ਉਸਨੂੰ ਉਤਸ਼ਾਹਿਤ ਕਰ ਰਹੇ ਸਨ। ਕਈ ਤਾਂ ਉਸਦੀ ਨਕਲ ਕਰਨ ਲੱਗੇ ਸਨ।
ਪਰ ਅਚਾਨਕ ਇਹ ਮਨੋਰੰਜਕ ਪਲ ਖਤਮ ਹੋ ਗਏ। ਮੁੰਡਾ ਆਪਣੀ ਕਲਾਬਾਜ਼ੀ ਛੱਡਕੇ ਖੜਾ ਹੋ ਗਿਆ ਅਤੇ ਕਿਸੇ ਤਜ਼ਰਬੇਕਾਰ ਕਲਾਕਾਰ ਜਿਹੀ ਨਜ਼ਰ ਨਾਲ਼ ਬੱਚਿਆਂ ਵੱਲ ਦੇਖਣ ਲੱਗਾ। ਆਪਣਾ ਦੁਬਲਾ-ਜਿਹਾ ਹੱਥ ਅੱਗੇ ਫੈਲਾਕੇ ਉਹ ਬੋਲਿਆ, ”ਹੁਣ ਮੈਨੂੰ ਕੁੱਝ ਦਿਓ!” ਉਹ ਸਭ ਖਾਮੋਸ਼ ਸਨ। ਕਿਸੇ ਨੇ ਪੁੱਛਿਆ, ”ਪੈਸੇ?”
”ਹਾਂ,” ਮੁੰਡੇ ਨੇ ਕਿਹਾ।
”ਇਹ ਚੰਗੀ ਰਹੀ! ਪੈਸੇ ਲਈ ਹੀ ਕਰਨਾ ਸੀ ਤਾਂ ਅਸੀਂ ਵੀ ਅਜਿਹਾ ਕਰ ਸਕਦੇ ਸਾਂ…”
ਮੁੰਡੇ ਹੱਸਦੇ ਹੋਏ ਅਤੇ ਗਾਲ਼ਾਂ ਕੱਢਦੇ ਹੋਏ ਖੇਤਾਂ ਵੱਲ ਦੌੜਨੇ ਲੱਗੇ। ਦਰਅਸਲ ਉਨ੍ਹਾਂ ਵਿੱਚੋਂ ਕਿਸੇ ਕੋਲ਼ ਪੈਸੇ ਹੈ ਵੀ ਨਹੀਂ ਸਨ ਅਤੇ ਮੇਰੇ ਕੋਲ ਕੇਵਲ ਸੱਤ ਕੋਪੇਕ ਸਨ। ਮੈਂ ਦੋ ਸਿੱਕੇ ਉਸਦੀ ਧੂੜ ਭਰੀ ਹਥੇਲ਼ੀ ‘ਤੇ ਰੱਖ ਦਿੱਤੇ। ਮੁੰਡੇ ਨੇ ਉਨ੍ਹਾਂ ਨੂੰ ਆਪਣੀ ਉਂਗਲ਼ ਨਾਲ਼ ਛੋਹਿਆ ਅਤੇ ਮੁਸਕਰਉਂਦੇ ਹੋਏ ਬੋਲਿਆ, ”ਧੰਨਵਾਦ!”
ਉਹ ਜਾਣ ਲਈ ਮੁੜਿਆ, ਤਾਂ ਮੈਂ ਵੇਖਿਆ ਕਿ ਉਸਦੀ ਕਮੀਜ਼ ਦੀ ਪਿੱਠ ਉੱਤੇ ਕਾਲ਼ੇ-ਕਾਲ਼ੇ ਧੱਬੇ ਪਏ ਹੋਏ ਸਨ।
”ਰੁਕੀਂ, ਉਹ ਕੀ ਹੈ?”
ਉਹ ਰੁਕਿਆ, ਮੁੜਿਆ, ਉਸਨੇ ਮੇਰੇ ਵੱਲ ਧਿਆਨ ਨਾਲ਼ ਵੇਖਿਆ ਅਤੇ ਉੱਚੀ ਸ਼ਾਂਤ ਅਵਾਜ ਵਿੱਚ ਮੁਸਕਰਾਉਂਦੇ ਹੋਏ ਬੋਲਿਆ, ”ਉਹ, ਪਿੱਠ ਉੱਤੇ? ਈਸਟਰ ਮੌਕੇ ਇੱਕ ਮੇਲੇ ਵਿੱਚ ਟਰਪੀਜ਼ ਕਰਦੇ ਹੋਏ ਅਸੀਂ ਡਿੱਗ ਪਏ ਸੀ, ਪਿਤਾ ਜੀ ਤਾਂ ਹੁਣ ਤੱਕ ਚਾਰਪਾਈ ਉੱਤੇ ਪਏ ਹਨ, ਪਰ ਮੈਂ ਬਿਲਕੁਲ ਠੀਕ ਹਾਂ।”
ਮੈਂ ਕਮੀਜ਼ ਚੁੱਕ ਕੇ ਵੇਖਿਆ — ਪਿੱਠ ਦੀ ਚਮੜੀ ‘ਤੇ ਖੱਬੇ ਮੋਢੇ ਤੋਂ ਲੈ ਕੇ ਪੱਟ ਤੱਕ, ਇੱਕ ਕਾਲ਼ਾ ਜ਼ਖਮ ਦਾ ਨਿਸ਼ਾਨ ਫੈਲਿਆ ਹੋਇਆ ਸੀ, ਜਿਸ ਉੱਤੇ ਮੋਟੀ, ਸਖ਼ਤ ਪਪੜੀ ਜੰਮ ਚੁੱਕੀ ਸੀ। ਹੁਣ ਖੇਡ ਦਿਖਾਂਦੇ ਸਮੇਂ ਪਪੜੀ ਫਟ ਗਈ ਸੀ ਅਤੇ ਉਸ ਵਿੱਚੋਂ ਗਹਿਰਾ ਲਾਲ ਖੂਨ ਨਿੱਕਲ਼ ਆਇਆ ਸੀ।
”ਹੁਣ ਦਰਦ ਨਹੀਂ ਹੁੰਦਾ,” ਉਸਨੇ ਮੁਸਕਰਾਉਂਦੇ ਹੋਏ ਕਿਹਾ, ”ਹੁਣ ਦਰਦ ਨਹੀਂ ਹੁੰਦਾ … ਬਸ, ਖੁਰਕ ਹੁੰਦੀ ਹੈ …”
ਅਤੇ ਬੜੀ ਬਹਾਦਰੀ ਨਾਲ਼, ਜਿਵੇਂ ਕੋਈ ਨਾਇਕ ਹੀ ਕਰ ਸਕਦਾ ਹੈ, ਉਹ ਮੇਰੀਆਂ ਅੱਖਾਂ ਵਿੱਚ ਝਾਕਿਆ ਅਤੇ ਕਿਸੇ ਬਜ਼ੁਰਗ ਜਿਹੀ ਗੰਭੀਰ ਅਵਾਜ਼ ਵਿੱਚ ਬੋਲਿਆ, ”ਤੁਸੀਂ ਕੀ ਸੋਚਦੇ ਹੋ ਕਿ ਹੁਣ ਮੈਂ ਆਪਣੇ ਲਈ ਕੰਮ ਕਰ ਰਿਹਾ ਸੀ! ਸਹੁੰ ਲੱਗੇ — ਨਹੀਂ! ਮੇਰੇ ਪਿਤਾ ਜੀ … ਸਾਡੇ ਕੋਲ਼ ਇੱਕ ਪੈਸਾ ਵੀ ਨਹੀਂ ਹੈ ਅਤੇ ਮੇਰੇ ਪਿਤਾ ਜੀ ਬੁਰੀ ਤਰ੍ਹਾਂ ਜ਼ਖਮੀ ਹਨ। ਇਸ ਲਈ ਇੱਕ ਨੂੰ ਤਾਂ ਕੰਮ ਕਰਨਾ ਹੀ ਪਵੇਗਾ, ਨਾਲ਼ੇ … ਅਸੀਂ ਯਹੂਦੀ ਹਾਂ! ਹਰ ਕੋਈ ਸਾਡੇ ‘ਤੇ ਹੱਸਦਾ ਹੈ … ਅੱਛਾ ਅਲਵਿਦਾ!”
ਉਹ ਮੁਸਕਰਾਉਂਦੇ ਹੋਏ, ਕਾਫ਼ੀ ਖੁਸ਼-ਖੁਸ਼ ਗੱਲ ਕਰ ਰਿਹਾ ਸੀ। ਤਦ ਆਪਣੇ ਘੁੰਗਰਾਲ਼ੇ ਵਾਲ਼ਾਂ ਵਾਲ਼ੇ ਸਿਰ ਨੂੰ ਝਟਕਾ ਦੇ ਕੇ ਅਲਵਿਦਾ ਕਹਿੰਦੇ ਹੋਏ ਉਹ ਚਲਾ ਗਿਆ — ਉਨ੍ਹਾਂ ਖੁੱਲੇ ਦਰਵਾਜ਼ਿਆਂ ਵਾਲ਼ੇ ਘਰਾਂ ਦੇ ਪਾਰ, ਜੋ ਆਪਣੀ ਬੇਦਿਲ ਤੇ ਉਦਾਸੀਨਤਾ ਭਰੀਆਂ ਕੱਚ ਦੀਆਂ ਅੱਖਾਂ ਨਾਲ਼ ਉਸਨੂੰ ਘੂਰ ਰਹੇ ਸਨ।
ਇਹ ਗੱਲ ਕਿੰਨੀ ਸਧਾਰਨ ਅਤੇ ਸਿੱਧੀ ਹੈ, ਕਿ ਨਹੀਂ?
ਪਰ ਆਪਣੇ ਔਖ ਦੇ ਦਿਨਾਂ ਵਿੱਚ ਮੈਂ ਅਕਸਰ ਉਸ ਯਹੂਦੀ ਮੁੰਡੇ ਦੀ ਬਾਹਦਰੀ ਨੂੰ ਬੜੇ ਸ਼ੁਕਰਾਨੇ ਨਾਲ਼ ਯਾਦ ਕੀਤਾ ਹੈ। ਅਤੇ ਹੁਣ, ਰੱਬਾਂ ਅਤੇ ਧਰਮਾਂ ਦੇ ਜਨਮਦਾਤੇ ਸਾਡੇ ਪੁਰਾਤਨ ਦੇਸ਼ ਦੇ ਸਿਰ ਆ ਪਏ ਤਸੀਹਿਆਂ ਅਤੇ ਖੂਨ-ਖਰਾਬੇ ਦੇ ਇਹਨਾਂ ਉਦਾਸ ਦਿਨਾਂ ਵਿੱਚ, ਮੈਂ ਦੁਬਾਰਾ ਉਸ ਮੁੰਡੇ ਨੂੰ ਯਾਦ ਕਰਦਾ ਹਾਂ। ਕਿਉਂਕਿ ਮੈਨੂੰ ਉਸ ਵਿੱਚ ਸੱਚੀ ਮਨੁੱਖੀ ਬਹਾਦਰੀ ਦੇ ਚਿੰਨ੍ਹ ਨਜ਼ਰ ਆਉਂਦੇ ਹਨ — ਉਹਨਾਂ ਗੁਲਾਮਾਂ ਦੇ ਦੱਬੂ ਸਬਰ ਵਾਂਗ ਨਹੀਂ, ਜੋ ਅਣਕਿਆਸੀਆਂ ਉਮੀਦਾਂ ਵਿੱਚ ਰਹਿੰਦੇ ਹਨ, ਸਗੋਂ ਉਹਨਾਂ ਸੂਰਬੀਰਾਂ ਦੀ ਬਹਾਦਰੀ ਵਾਂਗ ਜਿਨ੍ਹਾਂ ਨੂੰ ਆਪਣੀ ਜਿੱਤ ਦਾ ਪੂਰਾ ਯਕੀਨ ਹੈ।

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ