Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Vadda Khazana-Arabi Lok Kahani

ਵੱਡਾ ਖ਼ਜ਼ਾਨਾ-ਅਰਬੀ ਲੋਕ ਕਹਾਣੀ

ਉਮਾਨ ਵਿੱਚ ਅਬਦੁੱਲਾ ਨਾਂ ਦਾ ਰਾਜਾ ਰਾਜ ਕਰਦਾ ਸੀ। ਉਹ ਬੜਾ ਪਾਪੀ ਸੀ ਪਰ ਉਹ ਹਮੇਸ਼ਾਂ ਚੰਗੇ ਹੋਣ ਦਾ ਦਿਖਾਵਾ ਕਰਦਾ। ਭਾਵੇਂ ਉਹ ਬਹੁਤ ਅਮੀਰ ਸੀ ਪਰ ਉਸ ਨੂੰ ਸਬਰ ਨਹੀਂ ਸੀ। ਉਹ ਅਜੇ ਵੀ ਹੋਰ ਧਨ ਦੌਲਤ ਲਈ ਲਾਲਚ ਕਰ ਰਿਹਾ ਸੀ। ਇਸ ਲਾਲਚ ਕਰਕੇ ਹੀ ਉਸ ਨੇ ਵਿਆਹ ਵੀ ਨਹੀਂ ਕਰਾਇਆ। ਉਸ ਦਾ ਖਿਆਲ ਸੀ ਕਿ ਉਸ ਨੂੰ ਪਤਨੀ ਅਤੇ ਬੱਚਿਆਂ ’ਤੇ ਖਰਚਾ ਕਰਨਾ ਪਵੇਗਾ। ਇਹੀ ਵਿਚਾਰ ਉਹ ਆਪਣੀ ਮਾਤਾ ਸਬੰਧੀ ਰੱਖਦਾ ਸੀ। ਉਹ ਬੀਮਾਰ ਸੀ। ਇਸ ਕਰਕੇ ਰਾਜੇ ਨੇ ਉਸ ਨੂੰ ਹਨੇਰ ਕੋਠੜੀ ਵਿੱਚ ਬੰਦ ਕਰ ਰੱਖਿਆ ਸੀ, ਜਿੱਥੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਮਾਤਾ ਨੇ ਉਸ ਦੇ ਪਾਲਣ ਪੋਸ਼ਣ ਲਈ ਅਨੇਕਾਂ ਮੁਸ਼ਕਲਾਂ ਝੱਲੀਆਂ ਪਰ ਅੱਜ ਉਸ ਦੀ ਸੁਣਨ ਵਾਲਾ ਕੋਈ ਵੀ ਨਹੀਂ ਸੀ। ਰਾਜ ਦਰਬਾਰ ਵਿੱਚ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਉਸ ਨੇ ਸਭ ਨੂੰ ਦੱਸਿਆ ਹੋਇਆ ਸੀ ਕਿ ਉਸ ਦੀ ਮਾਤਾ ਮਰ ਚੁੱਕੀ ਹੈ। ਉਮਾਨ ਵਿੱਚ ਕਾਨੂੰਨ ਸੀ ਕਿ ਜੇ ਰਾਜਾ ਕੋਈ ਗਲਤੀ ਕਰੇ ਤਾਂ ਉਸ ਨੂੰ ਬਦਲਿਆ ਜਾ ਸਕਦਾ ਸੀ।
ਉਸ ਦੇ ਰਾਜ ਵਿੱਚ ਜਾਫਰ ਨਾਮੀ ਆਦਮੀ ਆਇਆ। ਉਹ ਮੋਚੀ ਸੀ ਅਤੇ ਕੰਮ ਦੀ ਭਾਲ ਕਰ ਰਿਹਾ ਸੀ। ਇੱਕ ਦਿਨ ਉਹ ਕੰਮ ਦੀ ਭਾਲ ਵਿੱਚ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ। ਉਸ ਨੇ ਦੱਸਿਆ ਕਿ ਉਹ ਮੋਚੀ ਹੈ ਤੇ ਰਾਜੇ ਨੇ ਉਸ ਨੂੰ ਸੱਦਿਆ ਹੈ। ਜਦੋਂ ਜਾਫਰ ਅੰਦਰ ਦਾਖਲ ਹੋਇਆ ਤਾਂ ਰਾਜਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਉਸ ਦੀ ਮਾਂ ਬਾਰੇ ਉਸ ਤੋਂ ਕਿਸੇ ਨੇ ਕੁਝ ਨਹੀਂ ਪੁੱਛਿਆ। ਜਾਫਰ ਰਾਜੇ ਦੇ ਮਾਂ ਪ੍ਰਤੀ ਰਵੱਈਏ ਬਾਰੇ ਸੁਣ ਕੇ ਬੜਾ ਦੁਖੀ ਹੋਇਆ। ਉਹ ਉਦਾਸ ਹੋ ਗਿਆ ਕਿਉਂਕਿ ਉਸ ਦੀ ਮਾਂ ਉਸ ਨੂੰ ਨਿੱਕੇ ਹੁੰਦੇ ਨੂੰ ਛੱਡ ਕੇ ਮਰ ਗਈ ਸੀ। ਉਸ ਨੇ ਮਾਤਾ ਦੀ ਮਦਦ ਕਰਨ ਬਾਰੇ ਸੋਚਿਆ। ਕੁਝ ਸਮੇਂ ਬਾਅਦ ਉਹ ਰਾਜੇ ਦੇ ਕਮਰੇ ਵਿੱਚ ਗਿਆ ਤੇ ਝੁਕਦੇ ਹੋਏ ਕਿਹਾ, ‘‘ਹੇ ਮਹਾਰਾਜ ਮੈਂ ਸਾਊਦੀ ਅਰਬ ਤੋਂ ਕੰਮ ਦੀ ਭਾਲ ਵਿੱਚ ਆਇਆ ਹਾਂ, ਮੈਂ ਇੱਕ ਮੋਚੀ ਹਾਂ। ਸੋ ਮੇਰੇ ’ਤੇ ਕ੍ਰਿਪਾ ਕਰੋ।’’ ਰਾਜੇ ਨੇ ਆਖਿਆ, ‘‘ਹਾਂ ਮੈਂ ਤੈਨੂੰ ਕੰਮ ਦੇ ਸਕਦਾ ਹਾਂ। ਗੇਟ ’ਤੇ ਗਾਰਡ ਦੀ ਡਿਊਟੀ ਕਰਿਆ ਕਰ।’’ ਜਾਫਰ ਨੇ ਬੜੀ ਪ੍ਰਸੰਨਤਾ ਨਾਲ ਇਹ ਕੰਮ ਲੈ ਲਿਆ। ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲੱਗ ਪਿਆ। ਹੁਣ ਸਾਰੇ ਖੁਸ਼ ਸਨ।
ਕੁਝ ਦਿਨਾਂ ਬਾਅਦ ਉਸ ਨੇ ਰਾਜੇ ਨੂੰ ਦੱਸਿਆ ਕਿ ਉਸ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਖ਼ਜ਼ਾਨਾ ਹੈ ਪਰ ਉਹ ਉਸ ਦੀ ਸਹੀ ਢੰਗ ਨਾਲ ਦੇਖ-ਭਾਲ ਨਹੀਂ ਕਰ ਰਿਹਾ। ਰਾਜੇ ਨੇ ਦੱਸਿਆ ਕਿ ਉਸ ਦੇ ਖ਼ਜ਼ਾਨੇ ਦੀ ਉਸ ਦੇ ਨੌਕਰਾਂ ਦੁਆਰਾ ਸਹੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਰਾਜਾ ਜਾਫਰ ਦੀ ਗੱਲ ਨੂੰ ਸਮਝ ਨਾ ਸਕਿਆ।
ਦੂਜੇ ਦਿਨ ਰਾਜੇ ਨੂੰ ਕਿਸੇ ਆਦਮੀ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ’ਚ ਖ਼ਜ਼ਾਨਾ ਪਿਆ ਹੈ। ਜਿਹੜਾ ਉਸ ਨੂੰ ਲੱਭ ਲਵੇਗਾ ਉਹ ਉਸ ਦਾ ਹੋ ਜਾਵੇਗਾ। ਰਾਜਾ ਇਸ ਬਾਰੇ ਸੁਣ ਕੇ ਉਤੇਜਿਤ ਹੋ ਗਿਆ। ਕੁਝ ਘੰਟਿਆਂ ਬਾਅਦ ਹੀ ਉਹ ਆਪਣੇ ਆਦਮੀਆਂ ਨਾਲ ਉਸ ਖ਼ਜ਼ਾਨੇ ਦੀ ਭਾਲ ਵਿੱਚ ਨਿਕਲ ਗਿਆ। ਜਦੋਂ ਰਾਜਾ ਅਫ਼ਗ਼ਾਨਿਸਤਾਨ ਵਿੱਚ ਸੀ, ਕੁਝ ਡਾਕੂਆਂ ਨੇ ਉਸ ਦੇ ਮਹਿਲ ’ਤੇ ਹਮਲਾ ਕਰ ਦਿੱਤਾ। ਜਾਫਰ ਨੇ ਉਨ੍ਹਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ। ਜਦੋਂ ਰਾਜਾ ਵਾਪਸ ਆਇਆ ਤਾਂ ਉਸ ਨੂੰ ਡਾਕੂਆਂ ਦੀ ਕਹਾਣੀ ਬਾਰੇ ਪਤਾ ਲੱਗਿਆ। ਉਹ ਜਾਫਰ ਦੀ ਬਹਾਦਰੀ ’ਤੇ ਬੜਾ ਖ਼ੁਸ਼ ਹੋਇਆ ਤੇ ਕਹਿਣ ਲੱਗਾ ਕਿ ਉਹ ਜਿਹੜੀ ਮੰਗ ਕਰੇਗਾ, ਰਾਜਾ ਉਸ ਨੂੰ ਪੂਰੀ ਕਰੇਗਾ। ਜਾਫਰ ਨੇ ਕਿਹਾ ਕਿ ਉਹ ਸਮਾਂ ਆਉਣ ’ਤੇ ਆਪਣੀ ਮੰਗ ਉਸ ਨੂੰ ਦੱਸ ਦੇਵੇਗਾ।
ਅਗਲੀ ਸਵੇਰ ਰਾਜਾ ਦਰਬਾਰ ਲਾਈ ਬੈਠਾ ਸੀ ਤਾਂ ਜਾਫਰ ਆਇਆ। ਉਸ ਨੇ ਸਭ ਨੂੰ ਕਿਹਾ ਕਿ ਰਾਜੇ ਦੀ ਮਾਂ ਜਿਉਂਦੀ ਹੈ ਅਤੇ ਉਹ ਹਨੇਰੇ ਕਮਰੇ ਵਿੱਚ ਬੰਦ ਪਈ ਹੈ। ਇਹ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏ। ਉਹ ਸਾਰੇ ਆਪਣੀਆਂ ਸੀਟਾਂ ਤੋਂ ਉੱਠ ਖਲੋਤੇ ਤੇ ਇੱਕ ਸਾਹ ਕਹਿਣ ਲੱਗੇ, ‘‘ਇਹ ਕਿਵੇਂ ਹੋ ਸਕਦਾ ਹੈ?’’ ਜਾਫਰ ਨੇ ਸਾਰੀ ਵਾਰਤਾ ਸੁਣਾ ਦਿੱਤੀ। ਇਸ ਤੋਂ ਦੁਖੀ ਹੋ ਕੇ ਰਾਜ ਦੇ ਲੋਕਾਂ ਨੇ ਰਾਜੇ ਨੂੰ ਬਦਲਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਉਸ ਨੇ ਲਾਲਚਵੱਸ ਜਨਤਾ ਨੂੰ ਝੂਠ ਬੋਲਿਆ ਸੀ। ਉਨ੍ਹਾਂ ਨੇ ਜਾਫਰ ਨੂੰ ਆਪਣਾ ਨਵਾਂ ਰਾਜਾ ਐਲਾਨ ਦਿੱਤਾ। ਅਗਲੀ ਸਵੇਰ ਰਾਜੇ ਨੂੰ ਇੱਕ ਝੌਂਪੜੀ ਵਿੱਚ ਭੇਜ ਦਿੱਤਾ ਗਿਆ ਤੇ ਜਾਫਰ ਨੂੰ ਤਖ਼ਤ ਦਾ ਮਾਲਕ ਬਣਾ ਦਿੱਤਾ ਗਿਆ। ਉਸ ਨੂੰ ਅਬਦੁੱਲਾ ਨੂੰ ਸਜ਼ਾ ਦੇਣ ਲਈ ਕਿਹਾ ਗਿਆ। ਜਾਫਰ ਨੇ ਅਬਦੁੱਲਾ ਨੂੰ ਕਿਹਾ, ‘‘ਮੈਂ ਤੈਨੂੰ ਮਾਤਾ ਦੇ ਇਲਾਜ ਲਈ ਦੋ ਹਜ਼ਾਰ ਰੁਪਏ ਦਿੰਦਾ ਹਾਂ। ਉਸ ਦੀ ਦੇਖ-ਭਾਲ ਕਰੋ ਅਤੇ ਇਲਾਜ ਕਰਾਓ।’’ ਉਹ ਆਪਣੀ ਮਾਤਾ ਨੂੰ ਲੈ ਕੇ ਝੌਂਪੜੀ ਵਿੱਚ ਪਹੁੰਚ ਗਿਆ। ਅਗਲੇ ਦਿਨ ਉਹ ਮਾਤਾ ਦੇ ਇਲਾਜ ਲਈ ਇੱਕ ਵੈਦ ਕੋਲ ਗਿਆ। ਉਸ ਨੇ ਕਿਹਾ ਕਿ ਮਾਤਾ ਦਾ ਇਲਾਜ ਇੱਕ ਹਜ਼ਾਰ ਵਿੱਚ ਹੋ ਸਕਦਾ ਹੈ।
ਇੱਕ ਹਫ਼ਤੇ ਬਾਅਦ ਉਸ ਦੀ ਮਾਤਾ ਰਾਜ਼ੀ ਹੋਣ ਲੱਗ ਪਈ। ਹੁਣ ਉਸ ਕੋਲ ਕੋਈ ਪੈਸਾ ਨਹੀਂ ਸੀ। ਉਹ ਕੰਮ ਦੀ ਭਾਲ ਵਿੱਚ ਨਿਕਲ ਪਿਆ ਪਰ ਪਹਿਲੇ ਦਿਨ ਉਸ ਨੂੰ ਕੋਈ ਕੰਮ ਨਾ ਮਿਲਿਆ। ਅਗਲੇ ਦਿਨ ਵੀ ਉਸ ਦੀ ਹਾਲਤ ’ਤੇ ਕਿਸੇ ਨੂੰ ਤਰਸ ਨਾ ਆਇਆ। ਉਹ ਉਦਾਸ ਹੋ ਗਿਆ। ਉਸ ਦੀ ਮਾਤਾ ਨੇ ਕਿਹਾ, ‘‘ਪਰਮਾਤਮਾ ਤੈਨੂੰ ਮੁਆਫ਼ ਕਰ ਦੇਵੇ। ਉਹ ਤੈਨੂੰ ਸਭ ਕੁਝ ਦੇਵੇ ਜੋ ਤੰੂ ਚਾਹੁੰਦਾ ਏ।’’ ਅਬਦੁੱਲਾ ਇਹ ਸੁਣ ਕੇ ਹੈਰਾਨ ਹੋ ਗਿਆ। ਉਹ ਸੋਚ ਰਿਹਾ ਸੀ ਕਿ ਉਸ ਨੇ ਤਾਂ ਉਸ ਨਾਲ ਸਦਾ ਮਾੜਾ ਵਰਤਾਓ ਕੀਤਾ ਪਰ ਉਹ ਉਸ ਦੇ ਕੰਮ ਲਈ ਮੁਆਫ਼ੀ ਮੰਗਦੀ ਹੋਈ ਰੱਬ ਦੇ ਅਸ਼ੀਰਵਾਦ ਲਈ ਦੁਆ ਕਰ ਰਹੀ ਹੈ। ਅਗਲੇ ਦਿਨ ਅਬਦੁੱਲਾ ਨੂੰ ਕੰਮ ਵੀ ਮਿਲ ਗਿਆ ਅਤੇ ਰੋਟੀ ਦਾ ਮਸਲਾ ਵੀ ਹੱਲ ਹੋ ਗਿਆ। ਉਹ ਵਾਪਸ ਆਪਣੀ ਮਾਤਾ ਕੋਲ ਗਿਆ ਤੇ ਚਰਨੀ ਪੈਂਦਾ ਹੋਇਆ ਕਹਿਣ ਲੱਗਾ, ‘‘ਮਾਤਾ ਜੀ ਮੈਨੂੰ ਮੁਆਫ਼ ਕਰ ਦਿਓ। ਜਾਫਰ ਸੱਚ ਹੀ ਆਖਦਾ ਸੀ ਕਿ ਮੇਰੇ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਖ਼ਜ਼ਾਨਾ ਹੈ ਪਰ ਮੈਂ ਇਸ ਦਾ ਆਦਰ ਸਤਿਕਾਰ ਨਹੀਂ ਕੀਤਾ ਤੇ ਤੁਸੀਂ ਹੀ ਦੁਨੀਆਂ ਦੇ ਸਭ ਤੋਂ ਵੱਡੇ ਖ਼ਜ਼ਾਨੇ ਹੋ।’’
ਅਬਦੁੱਲਾ ਦੀ ਮਾਂ ਨੇ ਉਸ ਨੂੰ ਸੀਨੇ ਲਾਉਂਦਿਆਂ ਮੁਆਫ਼ ਕਰ ਦਿੱਤਾ। ਜਦੋਂ ਜਾਫਰ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਦੋਵਾਂ ਨੂੰ ਦਰਬਾਰ ਵਿੱਚ ਬੁਲਾਇਆ। ਜਾਫਰ ਨੇ ਅਬਦੁੱਲਾ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਇੱਥੇ ਸਭ ਨਾਲ ਵਾਅਦਾ ਕਰ ਕਿ ਤੰੂ ਕਦੀ ਆਪਣੀ ਮਾਤਾ ਦਾ ਤ੍ਰਿਸਕਾਰ ਨਹੀਂ ਕਰੇਂਗਾ ਅਤੇ ਨਾ ਹੀ ਕਿਸੇ ਦੇਸ਼ ਵਾਸੀ ਦਾ ਦਿਲ ਦੁਖਾਵੇਂਗਾ।’’ ਉਸ ਨੇ ਇਹ ਸਹੁੰ ਖਾਧੀ ਤਾਂ ਜਾਫਰ ਨੇ ਉਸ ਨੂੰ ਮੁੜ ਰਾਜਾ ਬਣਾਉਣ ਦਾ ਐਲਾਨ ਕਰ ਦਿੱਤਾ। ਜਾਫਰ ਨੇ ਕਿਹਾ, ‘‘ਉਹ ਉਨੇ ਸਮੇਂ ਵਾਸਤੇ ਹੀ ਰਾਜਾ ਸੀ ਜਿੰਨਾ ਚਿਰ ਅਸਲੀ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਸੀ। ਹੁਣ ਰਾਜੇ ਨੇ ਆਪਣੀ ਗਲਤੀ ਸੁਧਾਰ ਲਈ ਹੈ। ਸੋ ਹੁਣ ਅਬਦੁੱਲਾ ਰਾਜਾ ਹੈ।’’ ਇਸ ਐਲਾਨ ਨਾਲ ਸਾਰੇ ਦੇਸ਼ ਵਾਸੀ ਖ਼ੁਸ਼ ਹੋ ਗਏ ਤੇ ਉਨ੍ਹਾਂ ਨੇ ਜਾਫਰ ਦੀ ਕੁਰਬਾਨੀ ਦੀ ਜੈ ਜੈ ਕਾਰ ਕੀਤੀ।
(ਬਲਜਿੰਦਰ ਮਾਨ)

 
 

To veiw this site you must have Unicode fonts. Contact Us

punjabi-kavita.com