Vaddi Sadhar (Punjabi Story) : Balwant Gargi

ਵੱਡੀ ਸੱਧਰ (ਕਹਾਣੀ) : ਬਲਵੰਤ ਗਾਰਗੀ

ਸ਼ਾਂਤਾ ਦੀ ਸਭ ਤੋਂ ਵੱਡੀ ਸੱਧਰ ਇਹ ਸੀ ਕਿ ਉਹ ਗਾਉਣਾ ਸਿੱਖੇ ਤੇ ਸੰਗੀਤ ਦੀ ਦੁਨੀਆਂ ਵਿਚ ਨਾਂ ਪੈਦਾ ਕਰੇ।

ਪਰ ਉਸ ਦੀ ਮਾਂ ਨੂੰ ਇਹ ਗੱਲ ਉੱਕਾ ਪਸੰਦ ਨਾ ਸੀ। ਉਸ ਦੀ ਮਾਂ ਨੇ ਸਿਰਫ਼ ਹਿੰਦੀ ਰਤਨ ਦਾ ਇਮਤਿਹਾਨ ਪਾਸ ਕੀਤਾ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਧੀ ਘੱਟ ਤੋਂ ਘੱਟ ਬੀ.ਏ. ਤਾਂ ਕਰੇ। ਪਰ ਸ਼ਾਂਤਾ ਦਾ ਕਿਤਾਬਾਂ ਵਿਚ ਬਹੁਤਾ ਧਿਆਨ ਨਹੀਂ ਸੀ ਜੁੜਦਾ। ਉਹ ਗਾਉਣ ਦੀ ਸ਼ੌਕੀਨ ਸੀ। ਕਿਤੋਂ ਭੁੱਲੀ-ਭਟਕੀ ਕੋਈ ਤਰਜ਼ ਸੁਣ ਲੈਂਦੀ ਤਾਂ ਉਹਦੇ ਮਨ ਤੇ ਨਕਸ਼ ਹੋ ਜਾਂਦੀ ਤੇ ਉਹ ਉਸ ਧੁਨ ਨੂੰ ਗਾਉਂਦੀ ਰਹਿੰਦੀ।

ਉਸ ਦੀ ਮਾਂ ਕਈ ਵਾਰ ਖਿਝ ਕੇ ਆਖਦੀ, “ਕੁੜੀਏ, ਇਹ ਮਰਾਸੀਆਂ ਵਾਲੇ ਕਿੱਤੇ ਛੱਡ। ਪੜ੍ਹਾਈ ਬਾਝ ਆਦਮੀ ਡੰਗਰ ਰਹਿ ਜਾਂਦੈ। ਅਸੀਂ ਤੈਨੂੰ ਪੜ੍ਹਾਉਂਦੇ ਆਂ, ਵੱਡੀ ਹੋ ਕੇ ਅਕਲ ਆਊਗੀ ਤਾਂ ਆਖੇਂਗੀ ਕਿ ਮਾਪਿਆਂ ਤੇਰੇ ਲਈ ਚੰਗਾ ਹੀ ਕੀਤਾ। ਬਾਬੂ ਰਾਮਲਾਲ ਦੀ ਧੀ ਤੇਰੇ ਹਾਣ ਦੀ ਏ, ਕਾਲਜ ਜਾਣ ਲਈ ਤਰਸਦੀ ਏ। ਉਸ ਦੇ ਮਾਪੇ ਉਸ ਨੰ ਨਹੀਂ ਭੇਜ ਸਕਦੇ। ਅਸੀਂ ਤੈਨੂੰ ਮਾਰ-ਮਾਰ ਕੇ ਖੀਰ ਖੁਆਉਣੇ ਆਂ, ਪਰ ਤੈਨੂੰ ਪੜ੍ਹਾਈ ਪਸੰਦ ਹੀ ਨਹੀਂ!”

ਮਾਂ ਮੈਨੂੰ ਕਿਤਾਬਾਂ ਉੱਕਾ ਚੰਗੀਆਂ ਨਹੀਂ ਲਗਦੀਆਂ। ਪੜ੍ਹ-ਪੜ੍ਹ ਅੱਖਾਂ ਕਾਣੀਆਂ ਹੋ ਗਈਆਂ ਨੇ। ਇਹ ਹਿਸਾਬ ਦੇ ਸੁਆਲ.. ਜੀ ਕਰਦੈ ਕਿਤਾਬ ਪਾੜ ਸੁੱਟਾਂ। ਹੁਣ ਤਾਂ ਮੈਂ ਅੱਗੇ ਤਾਂ ਪੜ੍ਹੂੰਗੀ ਜੇ ਘਰ ਗਾਉਣ ਲਈ ਮਾਸਟਰ ਰਖ ਦੇਵੇਂ।

“ਉਂਹ! ਗਾਣ ਦਾ ਭੂਤ ਪਤਾ ਨਹੀਂ ਕਿਥੋਂ ਪੈ ਗਿਆ। ਚੰਦਰੀਏ, ਦੋ ਅੱਖਰ ਢਿੱਡ ਵਿਚ ਪਾਏਂਗੀ ਤਾਂ ਵੱਡੀ ਹੋਈ ਸਾਨੂੰ ਅਸੀਸੀਂ ਦਏਂਗੀ। ਗਾਣਾ ਸਿਖ ਕੇ ਡੂਮਾਂ ਦੇ ਵਾਂਗ ਟਾਰ੍ਹਾਂ ਮਾਰੇਂਗੀ, ਚੰਗੀ ਲਗੇਂਗੀ?”

ਸ਼ਾਂਤਾ ਨੇ ਰੋ-ਪਿੱਟ ਕੇ ਦਸਵੀਂ ਕੀਤੀ। ਉਸ ਪਿੱਛੋਂ ਐਫ.ਏ.। ਬੀ.ਏ. ਵਿਚ ਇਕ ਸਾਲ ਫੇਲ੍ਹ ਹੋਈ, ਅਗਲੇ ਸਾਲ ਪਾਸ ਹੋ ਗਈ। ਉਸ ਦੀ ਮਾਂ ਨੇ ਪਾਸ ਹੋਈ ਦੇ ਲੱਡੂ ਵੰਡੇ ਤੇ ਕੁੜੀ ਦਾ ਵਿਆਹ ਧਰ ਦਿੱਤਾ।
ਸ਼ਾਂਤੀ ਵਿਆਹੀ ਗਈ। ਵਿਆਹ ਦੇ ਗੀਤ ਉਸ ਖੁਦ ਕੁੜੀਆਂ ਵਿਚ ਬੈਠ ਕੇ ਗਾਏ, ਮਾਂ-ਧੀ ਦੇ ਵਿਛੋੜੇ ਦੇ ਗੀਤ ਜਿਨ੍ਹਾਂ ਨੂੰ ਸੁਣ-ਸੁਣ ਉਸ ਦੀ ਮਾਂ ਦਾ ਕਲੇਜਾ ਸੱਲ ਹੁੰਦਾ ਸੀ।

ਵਿਆਹ ਪਿੱਛੋਂ ਸ਼ਾਂਤਾ ਫਿਰੋਜ਼ਪੁਰ ਤੋਂ ਲੁਧਿਆਣੇ ਚਲੀ ਗਈ। ਘਰ ਦੀਆਂ ਜ਼ਿੰਮੇਦਾਰੀਆਂ, ਕਬੀਲਦਾਰੀ, ਨਿੱਤ ਦੇ ਰੁਝੇਵਿਆਂ ਵਿਚ ਉਸ ਦੀ ਸੱਧਰ ਦਬੀ ਗਈ। ਉਸ ਦੀ ਕੁੜੀ ਹੱਦੋਂ ਸੋਹਣੀ ਸੀ, ਗੋਰੀ ਚਿੱਟੀ, ਵੱਡੀਆਂ ਵੱਡੀਆਂ ਕੰਵਲਾਂ ਵਰਗੀਆਂ ਅੱਖਾਂ।

“ਕੀ ਹੋਇਆ ਜੇ ਮੈਂ ਗਾਣਾ ਨਹੀਂ ਸਿਖ ਸੀ ਮੇਰੀ ਧੀ ਮੇਰੀ ਸਧਰ ਪੂਰੀ ਕਰੇਗੀ” ਸ਼ਾਂਤਾ ਸੋਚਦੀ। “ਛੇਕੜ ਧੀਆਂ-ਪੁੱਤ ਮਾਪਿਆਂ ਦੀਆਂ ਅਪੂਰਣ ਆਸਾਂ ਤੇ ਸੁਫ਼ਨਿਆਂ ਦਾ ਹੀ ਤਾਂ ਪਰਗਟਾਵਾ ਹੁੰਦੇ ਹਨ।”

ਉਸ ਨੇ ਕੁੜੀ ਦਾ ਨਾਂ ਕੰਵਲ ਰੱਖਿਆ। ਘਰ ਵਿਚ ਤਵਿਆਂ ਵਾਲੀ ਮਸ਼ੀਨ ਸੀ। ਚੰਗੇ ਚੰਗੇ ਰਿਕਾਰਡ ਸਨ। ਰੇਡੀਓ ਸੀ। ਨਿੱਕੀ ਕੰਵਲ ਗੀਤ ਸੁਣਦੀ ਤਾਂ ਨਾਲ-ਨਾਲ ਗਾਉਂਦੀ ਤੇ ਨੱਚਦੀ। ਮਾਂ ਵਾਰੇ-ਵਾਰੇ ਜਾਂਦੀ। ਉਸ ਨੂੰ ਚੁੰਮਦੀ, ਪਿਆਰ ਕਰਦੀ ਤੇ ਆਪਣਾ ਨੱਕ ਉਸ ਦੀਆਂ ਗੱਲ੍ਹਾਂ ਨਾਲ ਰਗੜ ਕੇ ਆਖਦੀ, “ਮੇਰੀ ਧੀ ਸੰਗੀਤ ਦੀ ਰਾਣੀ ਬਣੇਗੀ!”

ਕੰਵਲ ਸਕੂਲ ਵਿਚ ਸਭ ਤੋਂ ਸੋਹਣੀ ਸੀ। ਮਾਂ ਉਸ ਦੇ ਕੱਜਲ ਪਾਉਣ ਲਗਿਆਂ, ਉਸ ਦੇ ਮੱਥੇ ਉਤੇ ਟਿੱਕਾ ਲਾ ਦੇਂਦੀ ਤਾਂ ਜੋ ਕੁੜੀ ਨੂੰ ਨਜ਼ਰ ਨਾ ਲਗ ਜਾਏ। ਕੰਵਲ ਸੰਗੀਤ ਦੇ ਵਾਤਾਵਰਨ ਵਿਚ ਪਰਵਾਨ ਚੜ੍ਹੀ। ਪਰ ਸਕੂਲ ਵਿਚ ਸਾਲਾਨਾ ਜਲਸੇ ਉਤੇ ਸਭ ਕੁੜੀਆਂ ਵਿਚੋਂ ਕੰਵਲ ਨੂੰ ਗਾਉਣ ਵਿਚ ਨਹੀਂ, ਸਗੋਂ ਨੱਚਣ ਵਿਚ ਇਨਾਮ ਮਿਲਿਆ।

ਇਹ ਨੱਚਣਾ ਉਸ ਪਤਾ ਨਹੀਂ ਕਿਥੋਂ ਸਿੱਖ ਲਿਆ ਸੀ। ਪਤਾ ਨਹੀਂ ਨ੍ਰਿਤ ਦਾ ਸ਼ੌਕ ਉਸ ਨੂੰ ਕਿਥੋਂ ਆਇਆ। ਕਿਸ ਨੇ ਉਸ ਦੀਆਂ ਨਸਾਂ ਵਿਚ ਥਿਰਕਣ ਭਰ ਦਿੱਤੀ ਸੀ? ਉਹ ਕਈ ਵਾਰ ਕੁੰਡੀ ਜੜ ਕੇ ਡਰਾਇੰਗ ਰੂਮ ਵਿਚ ਰੇਡੀਓ ਲਾਉਂਦੀ ਤਾਂ ਨਾਲ ਨਾਲ ਨੱਚਦੀ। ਉਸ ਦੇ ਹੱਥਾਂ ਪੈਰਾਂ ਵਿਚ ਤਬਲੇ ਦੀ ਥਾਪ ਸੀ। ਜਦੋਂ ਗਾਣਾ ਸੁਣਦੀ ਤਾਂ ਉਸ ਦੀ ਅੱਡੀ ਵੱਜਣੋਂ ਨਹੀਂ ਸੀ ਰਹਿੰਦੀ। ਇਕ ਦਿਨ ਉਸ ਆਪਣੀ ਮਾਂ ਨੂੰ ਆਖਿਆ -

“ਮਾਂ ਮੈਨੂੰ ਸੰਗੀਤ ਚੰਗਾ ਲਗਦੈ, ਪਰ ਸੰਗੀਤ ਦੇ ਸੁਰ ਨਾਲੋਂ ਇਸ ਦੀ ਤਾਲ ਚੰਗੀ ਲਗਦੀ ਐ। ਜੀਅ ਕਰਦੈ ਇਨ੍ਹਾਂ ਬੋਲਾਂ ਨੂੰ ਗਾਵਾਂ ਨਾ, ਸਗੋਂ ਇਨ੍ਹਾਂ ਉਤੇ ਨੱਚਾਂ। ਮੈਨੂੰ ਨਾਚ ਸਿਖਾਉਣ ਵਾਲਾ ਮਾਸਟਰ ਕਿਉਂ ਨਹੀਂ ਲਾ ਦੇਦੀ?”
“ਤੂੰ ਨਾਚ ਸਿਖੇਂਗੀ ਕੀ?” ਮਾਂ ਨੇ ਹੈਰਾਨ ਹੋ ਕੇ ਪੁੱਛਿਆ। “ਸੰਗੀਤ ਕਿਉਂ ਨਹੀਂ?”
“ਸੰਗੀਤ ਨਾਲੋਂ ਮੈਨੂੰ ਨਾਚ ਵਧੇਰੇ ਚੰਗਾ ਲਗਦੈ।”
“ਖ਼ਵਰੇ ਇਹ ਭੈੜੇ-ਭੈੜੇ ਸ਼ੌਕ ਤੈਨੂੰ ਕਿਥੋਂ ਪੈ ਗਏ?”
ਜਦ ਕੰਵਲ ਨੇ ਨੱਚਣ ਲਈ ਜਿੱਦ ਕੀਤੀ ਤਾਂ ਮਾਂ ਨੂੰ ਬਹੁਤ ਗੁੱਸਾ ਆਇਆ।

ਉਹ ਨੱਚਣ ਦੇ ਖ਼ਿਲਾਫ਼ ਸੀ, ਇਸ ਲਈ ਕਿ ਸਮਾਜੀ ਤੌਰ ਤੇ ਇਹ ਭੈੜਾ ਕੰਮ ਹੈ। ਉਸ ਕੰਵਲ ਨੂੰ ਝਿੜਕਿਆ ਝੰਬਿਆ, ਪਰ ਕੰਵਲ ਉਤੇ ਕੋਈ ਅਸਰ ਨਾ ਹੋਇਆ। ਉਸ ਦੀ ਸਭ ਤੋਂ ਵੱਡੀ ਸੱਧਰ ਸੀ ਕਿ ਉਹ ਇਕ ਵੱਡੀ ਨ੍ਰਤਕੀ ਬਣੇ। ਉਸ ਦੀਆਂ ਅੱਖਾਂ ਵਿਚ ਨ੍ਰਿਤਕੀ ਦੀ ਚਮਕ ਤੇ ਅੰਗਾਂ ਵਿਚ ਮੁਦਰਾਵਾਂ ਸਨ। ਇਕ ਦਿਨ ਮਾਂ-ਧੀ ਵਿਚ ਲੜਾਈ ਹੋਈ। ਮਾਂ ਨੇ ਘੁੰਗਰੂ ਬਾਹਰ ਸੁੱਟ ਦਿੱਤੇ। ਕੰਵਲ ਬਹੁਤ ਚਿਰ ਬੈਠੀ ਰੋਂਦੀ ਰਹੀ। ਉਸ ਦੀਆਂ ਸੱਧਰਾਂ ਦਾ ਖ਼ੂਨ ਹੋ ਗਿਆ।

ਕੰਵਲ ਸਿਆਣੀ ਹੋਈ ਤਾਂ ਉਸ ਦੀਆਂ ਉਂਗਲਾਂ ਤੇ ਥਿਰਕਦੀਆਂ ਅੱਡੀਆਂ ਦੀਆਂ ਲੂਰ੍ਹੀਆਂ ਘਟ ਗਈਆਂ। ਇਕ ਵੱਡੇ ਠੇਕੇਦਾਰ ਦੇ ਮੁੰਡੇ ਨਾਲ ਉਸ ਦਾ ਵਿਆਹ ਹੋਇਆ। ਕੁੜੀ ਪੜ੍ਹੀ ਲਿਖੀ ਸੀ ਬੀ.ਏ. ਪਾਸ। ਗਾਣਾ ਜਾਣਦੀ ਸੀ, ਸਿਤਾਰ ਵੀ ਵਜਾਂਦੀ ਸੀ, ਨੱਚਣ ਦਾ ਉਸ ਨੂੰ ਸ਼ੌਕ ਸੀ। ਤੇ ਫਿਰ ਸੋਹਣੀ। ਠੇਕੇਦਾਰ ਦਾ ਮੁੰਡਾ ਵਲਾਇਤ ਪਾਸ ਕਰਕੇ ਆਇਆ ਸੀ। ਉਹ ਕੰਵਲ ਨੂੰ ਪਿਆਰ ਕਰਦਾ ਸੀ। ਕੰਵਲ ਨੇ ਸੋਚਿਆ, “ਚਲੋ, ਮਾਪਿਆਂ ਦੇ ਘਰ ਜੋ ਸਧਰ ਪੂਰੀ ਨਹੀਂ ਹੋਈ, ਵਿਆਹ ਹੋਣ ਪਿੱਛੋਂ ਪੂਰੀ ਕਰਾਂਗੀ।”

ਵਿਆਹ ਪਿੱਛੋਂ ਦੋਹਾਂ ਨੇ ਹਨੀਮੂਨ ਕਸ਼ਮੀਰ ਮਨਾਇਆ। ਕੰਵਲ ਵਾਪਸ ਆਪਣੇ ਪਤੀ ਨਾਲ ਦਿੱਲੀ ਆ ਗਈ ਤਾਂ ਉਸ ਬਿਨਾ ਕੋਈ ਕਲਚਰਲ ਪ੍ਰੋਗਰਾਮ ਪੂਰਾ ਨਹੀਂ ਸੀ ਹੁੰਦਾ। ਉਹ ਪਾਰਟੀਆਂ ਦੀ ਜਾਨ ਸੀ। ਉਨ੍ਹੀਂ ਦਿਨੀਂ ਜਦ ਉਹ ਸੋਚ ਰਹੀ ਸੀ ਕਿ ਦੱਖਣ ਵਿਚ ਜਾ ਕੇ ਕਿਸੇ ਗੁਰੂ ਤੋਂ ਭਰਤ ਨੱਟਯਮ ਦੀ ਸ਼ਿਖਸ਼ਾ ਲਵੇ ਜਾਂ ਦਿੱਲੀ ਹੀ ਪਹਿਲਾਂ ਕਿਸੇ ਕੋਲੋਂ ਸਿੱਖੇ ਤਾਂ ਉਸ ਦਾ ਜੀਅ ਖਰਾਬ ਰਹਿਣ ਲੱਗਾ। ਉਸ ਨੂੰ ਪਤਾ ਲੱਗਾ ਕਿ ਉਹ ਅੱਠ ਮਹੀਨੇ ਨਾਚ ਨਹੀਂ ਸਿੱਖੇਗੀ। ਆਪਣੀ ਮਾਂ ਦੀ ਛੱਤ ਹੇਠ ਰਹਿੰਦੀ ਉਹ ਕੈਦ ਸੀ ਪਰ ਸਰੀਰਿਕ ਤੌਰ ਤੇ ਆਜ਼ਾਦ। ਪਤੀ ਦੀ ਛੱਤ ਹੇਠ ਉਸ ਨੂੰ ਹਰ ਕਾਸੇ ਦੀ ਆਜ਼ਾਦੀ ਸੀ ਪਰ ਸਰੀਰਿਕ ਤੌਰ ਤੇ ਨਹੀਂ। ਉਸ ਨੇ ਤੀਵੀਂ ਦੇ ਇਸ ਪੱਖ ਬਾਰੇ ਕਦੀ ਵੀ ਨਹੀਂ ਸੀ ਸੋਚਿਆ।

ਅੱਠ ਮਹੀਨਿਆਂ ਪਿੱਛੋਂ ਉਸ ਦੇ ਮੁੰਡਾ ਹੋਇਆ। ਬੱਚਾ ਹੋਣ ਪਿੱਛੋਂ ਉਹ ਇਕ ਮਹੀਨਾ ਹਸਪਤਾਲ ਵਿਚ ਹੀ ਰਹੀ। ਉਸ ਨੂੰ ਬਹੁਤ ਤ੍ਰੇਹ ਲਗਦੀ। ਗਰਮੀਆਂ ਦੇ ਦਿਨ ਸਨ। ਉਹ ਵਾਰ ਵਾਰ ਪਾਣੀ ਪੀਂਦੀ – ਬਰਫ਼ ਦਾ ਪਾਣੀ, ਸ਼ਰਬਤ, ਕੱਚੀ ਲੱਸੀ। ਬੱਚੇ ਦੀ ਸਿਹਤ ਤਾਂ ਕੁਝ ਦਿਨਾਂ ਪਿਛੋਂ ਠੀਕ ਹੋ ਗਈ ਪਰ ਕੰਵਲ ਰਾਣੀ ਦੀ ਕਮਰ ਜੋ ਪਹਿਲਾਂ 21 ਇੰਚ ਸੀ, ਹੁਣ ਰਤਾ ਵਧੇਰੇ ਘੇਰੇ ਦੀ ਹੋ ਗਈ ਸੀ। ਪਹਿਲੀਆਂ ਸਭੇ ਕਮੀਜ਼ਾਂ ਤੰਗ ਹੋ ਗਈਆਂ। ਤਰੀਜ਼ਾਂ ਖੋਲ੍ਹੀਆਂ ਗਈਆਂ, ਪਲੋਈਆਂ ਤੇ ਪਲੇਟ ਉਧੇੜੇ ਗਏ, ਫੇਰ ਵੀ ਕਮੀਜ਼ਾਂ ਫਸ ਕੇ ਆਉਂਦੀਆਂ ਸਨ। ਖਾਣਾ ਘਟ ਕੀਤਾ ਤਾਂ ਜੋ ਕੰਵਲ ਆਪਣੀ ਅਸਲੀ ਥਾਂ ਤੇ ਆ ਜਾਵੇ। ਪਰ ਖਾਣਾ ਘਟਾਉਣ ਨਾਲ ਕੰਵਲ ਨਾ ਘਟੀ।

ਉਸ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਉਂਦਾ। ਉਹ ਪਹਿਰਾਂ ਬੈਠੀ ਸ਼ੀਸ਼ੇ ਵਿਚ ਆਪਣਾ ਮੂੰਹ ਤੱਕਦੀ ਰਹਿੰਦੀ। ਅੱਖਾਂ ਦੀ ਚਮਕ ਉਸੇ ਤਰ੍ਹਾਂ ਸੀ, ਪਰ ਅੱਖਾਂ ਹੇਠ ਕਿਤੇ ਕਿਤੇ ਛਾਈ ਫਿਰ ਗਈ ਸੀ। ਹੱਡਾਂ ਵਿਚ ਸੁਸਤੀ। ਅਜ਼ੀਬ ਨਸ਼ੀਲਾ ਮਿੱਠਾ-ਮਿੱਠਾ ਦਰਦ.. ਜੀਅ ਕਰਦਾ ਸੀ ਸਰੀਰ ਨੂੰ ਢਿੱਲਾ ਛੱਡ ਕੇ ਪਲੰਘ ਉਤੇ ਪੈ ਜਾਵੇ।
ਮੁੰਡਾ ਵੱਡਾ ਹੋਣ ਲੱਗਾ। ਉਹ ਚਾਰ ਸਾਲਾਂ ਦਾ ਸੀ ਕਿ ਕੰਵਲ ਦਾ ਜੀਅ ਫਿਰ ਘਿਰਣ ਲੱਗਾ ਤੇ ਪਹਿਲਾਂ ਵਾਂਗ ਉਸ ਦੀ ਜੀਭ ਦਾ ਸੁਆਦ ਕਸੈਲਾ-ਕਸੈਲਾ ਰਹਿਣ ਲੱਗਾ।

ਉਹ ਮੁੜ ਕਿਸੇ ਧੀ-ਪੁੱਤ ਦੀ ਆਸਵੰਦ ਸੀ। ਜਿਨ੍ਹੀਂ ਦਿਨੀਂ ਉਸ ਦੇ ਬੱਚਾ ਹੋਣ ਵਾਲਾ ਸੀ, ਉਹ ਕਮਰੇ ਵਿਚ ਪਈ ਕਈ-ਕਈ ਘੰਟੇ ਸੋਚਦੀ ਰਹਿੰਦੀ। ਕੀ ਉਹ ਮੁੜ ਕਦੇ ਨੱਚਣਾ ਸਿਖ ਸਕੇਗੀ? ਕਬੀਲਦਾਰੀ ਦੇ ਝੇੜਿਆਂ ਵਿਚ ਗਾਣਾ ਮੁਮਕਿਨ ਹੈ, ਪੜ੍ਹਨਾ-ਲਿਖਣਾ ਵੀ ਆਸਾਨ ਹੈ। ਪਰ ਨੱਚਣਾ.... ਉੱਕਾ ਨਾ-ਮੁਮਕਿਨ! ਉਹ ਕਦੀ ਵੀ ਨੱਚਣਾ ਨਹੀਂ ਸਿੱਖ ਸਕੇਗੀ। ਜਿੰਦਗੀ ਦੀ ਸਭ ਤੋਂ ਵੱਡੀ ਸੱਧਰ ਦਿਲ ਵਿਚ ਹੀ ਲੈ ਕੇ ਇਸ ਦੁਨੀਆਂ ਤੋਂ ਤੁਰ ਜਾਏਗੀ। ਪਹਿਲੀ ਵਾਰ ਮੁੰਡਾ ਹੋਇਆ ਸੀ। ਮੁੰਡਿਆਂ ਭਲਾ ਨੱਚਣਾ ਕੀ ਐ? ਜੇ ਇਸ ਵਾਰ ਕੁੜੀ ਹੋਈ ਤਾਂ ਉਸ ਨੂੰ ਜੰਮਦੀ ਨੂੰ ਹੀ ਨੱਚਣ ਦੇ ਸਕੂਲ ਪਾ ਦਿਆਂਗੀ। ਪੰਜਾ ਸਾਲ ਦੀ ਕੁੜੀ ਹੋਈ ਤਾਂ ਘਰ ਮਾਸਟਰ ਰੱਖ ਦਿਆਂਗੀ। ਫਿਰ ਦਸ ਸਾਲ ਦੀ ਉਮਰ ਵਿਚ ਦੱਖਣ ਕਿਸੇ ਗੁਰੂ ਕੋਲ ਘੱਲ ਦਿਆਂਗੀ ਤਾਂ ਜੋ ਉਹ ਵੱਡੀ ਨ੍ਰਿਤਕੀ ਬਣ ਸਕੇ..।
ਉਸ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਇਸ ਵਾਰ ਉਸ ਦੇ ਕੁੜੀ ਹੋਵੇ।

ਉਸ ਦੀ ਪ੍ਰਾਰਥਨਾ ਮੰਜ਼ੂਰ ਹੋਈ ਤੇ ਉਸ ਦੇ ਕੁੜੀ ਜੰਮੀ। ਕੁੜੀ ਨੇ ਹੌਲੀ-ਹੌਲੀ ਵੱਡੇ ਹੋਣਾ ਸ਼ੁਰੂ ਕੀਤਾ। ਕੰਵਲ ਚਾਹੁੰਦੀ ਸੀ ਕਿ ਇਕੋ ਛਡ਼ੱਪੇ ਵਿਚ ਕੁੜੀ ਪੰਜ ਸਾਲਾਂ ਦੀ ਹੋ ਜਾਵੇ ਤਾਂ ਜੋ ਨੱਚਣ ਦੀ ਵਿਦਿਆ ਸ਼ੁਰੂ ਕਰ ਸਕੇ। ਇਕ ਤਰ੍ਹਾਂ ਦਾ ਜਨੂੰਨ ਜਿਹੀ ਸੀ ਉਸ ਨੂੰ। ਉਹ ਆਪਣੀ ਮਾਂ ਤੇ ਉਸ ਦੀ ਮਾਂ ਤੋ ਬਦਲਾ ਲੈਣਾ ਚਾਹੁੰਦੀ ਸੀ। ਕੁੜੀ ਨੂੰ ਸਿਖਾ ਕੇ ਉਹ ਆਪਣੀ ਸਭ ਤੋਂ ਵੱਡੀ ਸੱਧਰ ਪੂਰੀ ਕਰਨੀ ਚਾਹੁੰਦੀ ਸੀ। ਉਸ ਕੁੜੀ ਦਾ ਨਾਂ ਰੱਖਿਆ ਆਸ਼ਾ।

ਆਸ਼ਾ ਘੁੰਗਰੂਆਂ ਦੀ ਛਣਕਾਰ ਤੇ ਸਿਤਾਰ ਦੀ ਝੁਣਕਾਰ ਵਿਚ ਵੱਡੀ ਹੋਈ। ਭਾਵੇਂ ਨੱਚਣ ਦੇ ਸਭ ਸਾਧਨ ਘਰ ਵਿਚ ਮੌਜੂਦ ਸਨ ਪਰ ਆਸ਼ਾ ਨੂੰ ਇਸ ਨਾਲੋਂ ਗੁੱਡੀਆਂ ਪਟੋਲੇ ਤੇ ਮੂਰਤਾਂ ਵਾਲੀਆਂ ਕਿਤਾਬਾਂ ਚੰਗੀਆਂ ਲਗਦੀਆਂ ਸਨ।

ਉਸ ਨੂੰ ਅਣਗਿਣਤ ਕਹਾਣੀਆਂ ਯਾਦ ਸਨ, ਫਿਰ ਵੀ ਉਸ ਦੀ ਕਹਾਣੀਆਂ ਦੀ ਭੁੱਖ ਨਹੀਂ ਸੀ ਮਿਟਦੀ। ਰਾਤ ਨੂੰ ਸੌਣ ਲੱਗੇ ਆਪਣੀ ਮਾਂ ਨੂੰ ਜੰਗਲੀ ਸ਼ਹਿਜ਼ਾਦੀ, ਰਾਜੇ ਦਾ ਹਾਥੀ, ਤੇ ਸਤ-ਲੜੇ ਹਾਰ ਦੀਆਂ ਕਹਾਣੀਆਂ ਸੁਨਾਉਣ ਲਈ ਆਖਦੀ। ਸਕੂਲ ਵਿਚ ਅੱਧੀ ਛੁੱਟੀ ਵੇਲੇ ਬਾਕੀ ਕੁੜੀਆਂ ਅੱਡੀ-ਟੱਪਾ ਤੇ ਸਤ ਸਮੁੰਦਰ ਖੇਡਦੀਆਂ ਆਸ਼ਾ ਮੂਰਤਾਂ ਵਾਲੀ ਕਿਤਾਬ ਲੈ ਕੇ ਬੈਠ ਜਾਂਦੀ।

ਇਕ ਦਿਨ ਉਸ ਦੀ ਮਾਂ ਸਕੂਲ ਗਈ। ਸਲਾਨਾ ਜਲਸਾ ਸੀ। ਆਸ਼ਾ ਜਮਾਤ ਵਿਚ ਅੱਵਲ ਆਈ ਸੀ। ਮਾਂ ਨੇ ਆਖਿਆ, “ਧੀਏ, ਬਹੁਤਾ ਪੜ੍ਹੀਦਾ ਨਹੀਂ। ਅੱਖਾਂ ਖਰਾਬ ਹੋ ਜਾਂਦੀਆਂ ਨੇ। ਸੰਗੀਤ ਤੇ ਨੱਚਣ ਵਲ ਵੀ ਧਿਆਨ ਦਿਆ ਕਰ। ਅੱਜਕਲ੍ਹ ਤਾਂ ਹਰ ਕੁੜੀ ਨੂੰ ਨੱਚਣਾ ਆਉਣਾ ਜ਼ਰੂਰੀ ਹੈ। ਸਾਡਾ ਘਰ ਬਾਕੀ ਟੱਬਰਾਂ ਵਾਂਗ ਸੌੜੀਆਂ ਕੀਮਤਾਂ ਦਾ ਗ਼ੁਲਾਮ ਨਹੀਂ, ਸਗੋਂ ਵਿਸ਼ਾਲ ਤੇ ਚੰਗੀਆਂ ਕੀਮਤਾਂ ਨੂੰ ਕਬੂਲਦਾ ਹੈ। ਜਦ ਤੂੰ ਦਸਵੀਂ ਪਾਸ ਕਰ ਲਈ ਤਾਂ ਤੈਨੂੰ ਨਾਚ ਦੇ ਸਕੂਲ ਘੱਲਾਂਗੀ।”
“ਨਹੀਂ ਮਾਂ, ਮੈਂ ਤਾਂ ਕਾਲਜ ਜਾਵਾਂਗੀ।”
“ਝੱਲੀਏ ਕਾਲਜ ਵਿਚ ਆਏ ਸਾਲ ਹਜ਼ਾਰਾਂ ਕੁੜੀਆਂ ਬੀ.ਏ. ਪਾਸ ਕਰ ਲੈਂਦੀਆਂ ਨੇ। ਕੋਈ ਪੁਛਦਾ ਵੀ ਨਹੀਂ। ਪਰ ਜੇ ਨੱਚਣਾ ਆਉਂਦਾ ਹੋਵੇ ਤਾਂ ਇਸ ਕਲਾ ਦੀ ਸੌ ਕਦਰ ਹੈ।”

ਮਾਂ ਆਪਣੀਆਂ ਆਸਾਂ ਗੁੰਦਦੀ ਰਹੀ, ਆਸ਼ਾ ਆਪਣੀਆਂ। ਮਾਂ ਨਾਚ ਦੇ ਸੁਫ਼ਨੇ ਤੱਕਦੀ ਰਹੀ, ਆਸ਼ਾ ਕਿਤਾਬਾਂ ਵਿਚ ਲੁਕੀ ਹੋਈ ਦੁਨੀਆ ਦੇ। ਦਸਵੀਂ ਵਿਚ ਆਸ਼ਾ ਅੱਵਲ ਆਈ। ਉਸ ਦੀ ਸੱਧਰ ਸੀ ਕਿ ਐਮ.ਏ. ਪਾਸ ਕਰੇ, ਸਾਹਿਤ ਦਾ ਐਮ.ਏ. ਤੇ ਕਹਾਣੀਆਂ ਲਿਖੇ। ਸਾਹਿਤ ਦੀ ਦੁਨੀਆ ਵਿਚ ਡੁੱਬੀ ਹੋਈ ਆਸ਼ਾ ਨੂੰ ਇਕ ਦਿਨ ਉਸ ਦੀ ਮਾਂ ਨੇ ਆਖਿਆ –
“ਮੈਂ ਤੇਰੇ ਸਕੂਲ ਦਾ ਪ੍ਰਬੰਧ ਕਰ ਦਿੱਤੈ।”
“ਮੈਂ ਨਹੀਂ ਜਾਣਾ।”
“ਕਿਉਂ?”
“ਮੈਨੂੰ ਨੱਚਣ ਵਿਚ ਕੋਈ ਦਿਲਚਸਪੀ ਨਹੀਂ। ਮੈਂ ਅੱਗੇ ਪੜ੍ਹਨਾ ਚਾਹੁੰਦੀ ਆਂ। ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਪੜ੍ਹ ਰਹੀਆਂ ਨੇ। ਸਾਹਿਤ ਦੀ ਦੁਨੀਆ ਵਚਿੱਤਰ ਐ, ਮਹਾਨ ਐ, ਮੈਂ ਪੜ੍ਹਾਂਗੀ, ਕਾਲਜ ਵਿਚ...।”
ਮਾਂ ਦੀਆਂ ਸਧਰਾਂ ਉਤੇ ਪਾਣੀ ਫਿਰ ਗਿਆ। ਉਸ ਮੂੰਹ ਵੱਟ ਲਿਆ। ਉਸ ਨੂੰ ਇੰਜ ਲੱਗਿਆ ਜਿਵੇਂ ਪੰਦਰਾਂ ਸਾਲ ਉਹ ਕਿਸੇ ਨੂੰ ਪਿਆਰ ਕਰਦੀ ਰਹੀ ਹੈ, ਤੇ ਇਕਦਮ ਉਸ ਆਦਮੀ ਨੇ ਆਖਿਆ – ਮੈਨੂੰ ਤੇਰੇ ਨਾਲ ਪਿਆਰ ਨਹੀਂ, ਮੈਂ ਤਾਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਹਾਂ, ਉੱਕਾ ਧਰੋਹ! ਦਗ਼ਾ! ਧੋਖਾ!

ਮਾਂ ਧੀ ਦੇ ਵਿਚਕਾਰ ਵੱਡੀ ਕੰਧ ਸੀ। ਉਹ ਇਕ ਦੂਜੀ ਨੂੰ ਦੇਖ ਨਹੀਂ ਸਨ ਸਕਦੀਆਂ। ਆਸ਼ਾ ਦੇ ਦਿਲ ਅੰਦਰ ਡੋਬ ਪੈ ਰਹੇ ਸਨ। ਉਸ ਦੀ ਮਾਂ ਕਿਉਂ ਪੜ੍ਹਾਈ ਦੇ ਵਿਰੁੱਧ ਸੀ? ਕਿਉਂ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਮਾਂ ਸੀ?
ਉਸ ਦੇ ਦਿਲ ਅੰਦਰ ਚੀਸ ਉਠ ਰਹੀ ਸੀ। ਕੀ ਉਸ ਦੀ ਸਭ ਤੋਂ ਵੱਡੀ ਸੱਧਰ ਉਸ ਦੀ ਮਾਂ ਦੀ ਖਾਹਸ਼ ਉਤੇ ਕੁਰਬਾਨ ਹੋ ਜਾਵੇਗੀ?
ਉਹ ਗਿੱਲੀਆਂ ਅੱਖਾਂ ਨਾਲ ਖਿੜਕੀ ਵਿਚੋਂ ਦੂਰ ਬਾਹਰ ਤੱਕ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਵੰਤ ਗਾਰਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ