Vehmi Taaia (Punjabi Essay) : Suba Singh

ਵਹਿਮੀ ਤਾਇਆ (ਲੇਖ) : ਸੂਬਾ ਸਿੰਘ

ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ। ਮੁਹੱਲੇ ਵਾਲਿਆਂ ਦਾ ਇਹਦੇ ਵਿੱਹ ਕਸੂਰ ਵੀ ਕੋਈ ਨਹੀਂ । ਵਹਿਮ ਕੋਹ ਵਾਟ ਤੋਂ ਵੀ ਤਾਏ ਮਨਸਾ ਰਾਮ ਨੂੰ ਉੱਡ ਕੇ ਚੰਬੜਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਵੀ ਵਹਿਮਾਂ ਨਾਲ ਸੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ। ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ। ਜਿਹੜਾ ਵੀ ਵਹਿਮ ਆਇਆ ਉਹਨੂੰ ਜੀਓ-ਆਇਆਂ ਨੂੰ ਆਖਿਆ, ਅਤੇ ਗਲ ਨਾਲ ਲਾ ਕੇ ਰੱਖਿਆ, ਮਜਾਲ ਕੀ ਉਹਨੂੰ ਥੋੜ੍ਹੇ ਕੀਤੇ ਵਿਛੋੜਿਆ ਹੋਵੇ।

ਮੈਨੂੰ ਯਾਦ ਹੈ, ਜਦੋ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ, ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭਖ ਰਹਿੰਦੀ ਹੈ। ਤਾਇਆ ਹੱਟੀ ਵਿੱਚ ਬੈਠਾ ਸੀ, ਮੈਂ ਅੰਦਰ ਲੰਘਿਆ ਤਾਂ ਵੇਖਦਾ ਕੀ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉੱਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ। ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵਹਿੜਕੇ ਦੀਆਂ ਨਜ਼ਰਾਂ ਨਾਲ ਤੱਕਿਆ ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫੇਰ ਮੂੰਹ ਵਿੱਚੋਂ ਬਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ :-

''ਮੈਨੂੰ ਸਹੁਰੀ ਭਖ ਨਹੀਂ ਛੱਡਦੀ, ਬਥੇਰਾ ਓਹੜ-ਪੋਹੜ ਕੀਤਾ ਈ, ਪਰ ਇਹ ਖਹਿੜਾ ਨਹੀ ਛੱਡਦੀ'' ਇਹ ਆਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਖੰਘਣਾ ਅਰੰਭ ਦਿੱਤਾ। ਏਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇਡੂ ਆ ਗਏ।
ਮੈ ਹਮਦਰਦੀ ਨਾਲ ਤਾਏ ਦੀ ਖੱਬੇ ਹੱਥ ਦੀ ਨਬਜ਼ ਤੇ ਹੱਥ ਰੱਖਿਆ। ਭਖ ਕੋਈ ਨਹੀਂ ਸੀ।
''ਤਾਇਆ ਜੀ ਭਖ ਤਾਂ ਕੋਈ ਨਹੀਂ, ਐਵੇਂ ਵਹਿਮ ਲਾਇਆ ਜੇ, ਕਦੇ ਠੰਢੇ ਪਿੰਡੇ ਵੀ ਤਾਪ ਚੜ੍ਹਿਆ?
ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜਕਿਆ, ''ਹੂੰ ! ਆ ਗਿਆ, ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ। ਏਥੇ ਵੱਡੇ-ਵੱਡੇ ਧਨੰਤਰ ਹਾਰ ਗਏ। ਤੂੰ ਕਿਹੜਿਆਂ 'ਚੋਂ ਏਂ? ਵਹਿਮ ਤੈਨੂੰ ਹੈ, ਮੈਨੂੰ ਨਹੀਂ, ਮੈਨੂੰ ਤਾਂ ਭਖ ਹੈ।''
ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ। ਮੇਰਾ ਅਗ੍ਹਾਂ ਗੱਲ ਤੋਰਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ :
''ਵਹਿਮੀਆਂ ਨਾਲ ਮੁਕਾਬਲਾ,
ਆਕਲ ਭੁੱਲ ਕਰੇਣ।''
ਕੋਈ ਪੰਜ ਸਾਲ ਲਈ ਕਈ ਦਰਜਨਾਂ ਥਰਮਾਮੀਟਰ ਭੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਥਾ ਪਰ ਕਈ ਹੋਰ ਆ ਚੰਬੜੇ।

ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕੀਟਾਣੂੰ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ। ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਸਾਂਦੇ ਨੇ ਹੱਥ ਮਿਲਾ ਲੈਣੇ ਤਾਂ ਕੀਟਾਣੂੰ ਝਾੜਨ ਲਈ ਅੱਧਾ-ਅੱਧਾ ਘੰਟਾ ਸਾਬਣ ਮਲ-ਮਲ ਕੇ ਹੱਥ ਧੋਈ ਜਾਣੇ। ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾ ਰਾਮ ਨੇ ''ਹਾਹ-ਤੇਰੇ ਦੀ'' ਆਖਣਾ ਤੇ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ। ਚਾਰਪਾਈ ਨੂੰ ਧੁੱਪੇ ਰੱਖ ਕੇ ਸੋਟੇ ਨਾਲ ਝਾੜਨਾ; ਤੇ ਨਾਲ-ਨਾਲ ਬੁੜਬੜਾਈ ਜਾਣਾ, ''ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਲਾਕਾਤੀ। ਬਾਹਵਾਂ ਆਕੜੀਆਂ ਹੋਈਆਂ ਸੀ, ਤਾਏ ਮਨਸਾ ਰਾਮ ਦੀਆਂ ਇਹਨਾਂ ਦੇ ਮਿਲਣ ਬਿਨਾਂ। ਬਿਮਾਰੀਆਂ ਦੇ ਕੀਟਾਣੂੰ ਏਥੇ ਝਾੜ ਕੇ ਤੁਰਦੇ ਹੋਏ।''
ਇਸੇ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉੱਬਲਦੇ ਪਾਣੀ ਨਾਲ ਕੁਰਸੀ ਨੂੰ ਇਸਨਾਨ ਕਰਾਉਣਾ, ਧੁੱਪੇ ਸੁਕਾ ਕੇ ਉਹਦੇ ਉੱਪਰ ਕਿਰਮ-ਨਾਸ਼ਕ ਪਾਊਡਰ ਧੂੜਦੇ ਫਿਰਨਾ।

ਇੱਕ ਦਿਨ ਤਾਏ ਮਨਸਾ ਰਾਮ ਕੋਲ ਗੁਆਂਢੀਆਂ ਦਾ ਇੱਕ ਜੁਆਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ, ਭਤੀਜਾ ਹੋਵੇਗਾ, ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ। ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕੀਟਾਣੂੰ ਦਾਖਲ ਹੋ ਗਏ। ਉਸਨੇ ਸਾਬਣ ਫੜਿਆ ਮੁੰਡੇ ਨੂੰ ਕੱਛ ਵਿੱਚ ਨੱਪ ਕੇ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ। ਉਹ ਮੁੰਡਾ ਚਿਚਲਾਏ, ਤੜਫੇ, ਚਾਂਗਰਾਂ ਮਾਰੇ ਪਰ ਤਾਇਆ ਮਨਸਾ ਰਾਮ ਕੀਟਾਣੂੰਆਂ ਨੂੰ ਕਿਵੇਂ ਸੁੱਕਿਆਂ ਜਾਣ ਦਿੰਦਾ। ਉਹਨੇ ਘਰੋੜ-ਘਰੋੜ ਕੇ ਗੱਲ੍ਹਾਂ ਤੇ ਕੰਨਾਂ 'ਚੋਂ ਲਹੂ ਕੱਢ ਛੱਡਿਆ।
ਬੱਚੇ ਦੇ ਤਾਏ-ਚਾਚੇ ਚਾਂਗਰਾਂ ਸੁਣ ਕੇ ਲਾਠੀਆਂ ਚੁੱਕੀ ਨੱਸੇ ਆਏ ਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕੀਟਾਣੂੰ ਨਾਸ਼ਕ ਮੁਹਿੰਮ ਤੋਂ ਬਚਾਇਆ। ਉਹਨਾਂ ਨੂੰ ਤਾਏ ਮਨਸਾ ਰਾਮ ਦੇ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ-ਕਿਰਿਆ ਕਰਕੇ ਹੀ ਵਾਪਸ ਮੁੜਦੇ।
ਤਾਇਆ ਕਈ ਦਿਨ ਇਹ ਰਿਹਾੜ ਕਰਦਾ ਰਿਹਾ-''ਵੇਖੋ ਜੀ, ਅੱਜ-ਕੱਲ੍ਹ ਭਲੇ ਦਾ ਜ਼ਮਾਨਾ ਨਹੀਂ, ਨਾਲੇ ਕਿਸੇ ਦੇ ਜੁਆਕ ਨੂੰ ਜਰਾਸੀਮਾਂ ਤੋਂ ਬਚਾਓ, ਨਾਲੇ ਉਹਦੇ ਪਿਉ ਕੋਲੋਂ ਲਾਠੀਆਂ ਖਾਓ।''
ਇਸ ਵਾਕਿਆ ਨਾਲ ਕੀਟਾਣੂੰਆਂ ਦਾ ਵਹਿਮ ਕੁਛ ਮੱਠਾ ਪੈ ਗਿਆ, ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਹਨੂੰ ਰੁਕਦੇ ਸੀ?

ਇੱਕ ਦਿਨ ਕਿਸਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਾ ਪਿਆ ਸੀ ਤਾਇਆ ਮਨਸਾ ਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਤੇ ਟਿਕ ਗਿਆ। ਉਹ ''ਚਊਂ- ਚਊਂ'' ਕਰਦਾ ਨੱਸਿਆ ਤੇ ਜ਼ਰਾ ਹਟਵਾਂ ਜਾ ਕੇ ਭੌਂਕਣ ਲੱਗ ਪਿਆ। ਤਾਇਆ ਮਨਸਾ ਰਾਮ ਨੇ ਆਪਣੇ ਪੈਰ ਫੜ ਕੇ ਰੌਲਾ ਚੁੱਕ ਲਿਆ।
''ਲਓ, ਕਰ ਗਿਆ ਜੇ ਕਾਰਾ।''
ਕਿਸਨਾ ਕਹਿਣ ਲੱਗਾ :
''ਤਾਇਆ ਮਨਸਾ ਰਾਮਾ, ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ।''
ਤਾਇਆ ਬੋਲਿਆ, ''ਵਾਹ, ਵਾਹ ਕਿਸਨਿਆ ਵਾਹ, ਤੈਨੂੰ ਕੀ ਪਤਾ ਕੁੱਤਿਆਂ ਦਾ, ਦੰਦ ਭਾਵੇਂ ਨਹੀਂ ਲਾਇਆ, ਪਰ ਕਾਰਾ ਤਾਂ ਕਰ ਗਿਆ ਨਾ ! ਅੱਜ-ਕੱਲ੍ਹ ਦੇ ਕੁੱਤੇ ਤਾਂ ਦੰਦ ਲਾਇਆਂ ਬਜ਼ੈਰ ਵੱਢ ਜਾਂਦੇ ਨੇ! ਏਸ ਜਨੌਰ ਦੀ ਤਾਂ ਹਵਾੜ ਵੀ ਮਾੜੀ'', ਤਾਏ ਮਨਸਾ ਰਾਮ ਨੇ ਚੌਦਾਂ ਟੀਕੇ ਵੱਖੀ ਵਿੱਚ ਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ।
ਇਸ ਲਈ ਕੋਈ ਸਾਲ ਭਰ ਉਹਦੀ ਇਹ ਹਾਲਤ ਰਹੀ ਕਿ ਮਾੜਾ-ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਏ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਨ-ਚੌਕੜੀਆਂ ਭਰੀਆਂ ਨਹੀਂ ।

ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਵਹਿਮ ਨੇ ਅਜੇ ਵਿਛੋੜਾ ਦਿੱਤਾ ਕਿ ਨਹੀਂ, ਪਰ ਕੁਛ ਮਹੀਨੇ ਹੋਏ, ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੂਹਾ ਆ ਖੜਕਾਇਆ, ''ਛੇਤੀ ਚਾਰਾ ਕਰ ਲਓ, ਨਹੀਂ ਤਾਂ ਮਨਸਾ ਰਾਮ ਤਾਂ ਗਿਆ।''
ਮੈਂ ਡਰ ਗਿਆ, ''ਕਿਉਂ ਸੁੱਖ ਤਾਂ ਹੈ? ''
"ਸੁੱਖ ਹੁੰਦਾ ਤਾਂ ਮੈਂ ਅੱਧੀ ਰਾਤ ਤੇਰੇ ਕੋਲ ਦੋਧੇ ਭੁਨਾਉਣ ਆਉਣਾ ਸੀ? ਆਹ ਦੇਖੋ ਗੋਡੇ ਦੀ ਚੱਪਣੀ…''
''ਕੀ ਹੋਇਆ ਤਾਇਆ? ਖ਼ਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ।''
ਤਾਏ ਨੇ ਨਿਹੋਰੇ ਨਾਲ ਉੱਤਰ ਮੋੜਿਆ, ''ਖ਼ਾਸ ਗੱਲ ਕਿਉਂ ਨਹੀਂ, ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ। ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾ ਰਾਮ ਬੰਨੇ ਸਮਝ ਲੈ।'' ਸੌ ਬੂਹੇ ਖੜਕਾਏ। ਬਥੇਰੀਆਂ ਬਾਂਗਾਂ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲ੍ਹੇ ਆਖਰਕਾਰ ਇੱਕ ਮਨਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ। ਉਹਨੇ ਗੋਡੇ ਦੀ ਝਰੀਟ ਵੇਖੀ ਤੇ ਤਾਏ ਮਨਸਾ ਰਾਮ ਦੀ ਵਿਥਿਆ ਸੁਣੀ। ਇੱਕ ਮਿੰਨ੍ਹੀ ਜਿਹੀ ਮੁਸਕਣੀ ਨਾਲ ਉਹਨੇ ਸੂਆ ਤੱਤਾ ਕਰਕੇ ਖੋਭ ਦਿੱਤਾ। ਰਾਤ-ਜਗਾਈ ਦੀ ਖੇਚਲ ਅਤੇ ਦਵਾਈ ਦੇ ਮਿਲਾ ਕੇ ਸੱਠ ਰੁਪੈ ਰਖਵਾ ਲਏ, ਤਾਂ ਪਿੱਛੇ ਮੁੜਨ ਦਿੱਤਾ।

ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ-ਮੋਟੇ ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ। ਜੇ ਕਿਸੇ ਦਿਨ ਸੁਣ ਲਏ ਜਾਂ ਅਖ਼ਬਾਰ ਵਿੱਚ ਪੜ੍ਹ ਲਏ ਕਿ ਫਲਾਣੇ ਥਾਂ, ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭਿੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫ਼ੌਰਨ ਮੱਥੇ ਹੱਥ ਮਾਰ ਕੇ ਕਹੇਗਾ, ''ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓਂ ਮਿਲਿਆ ਜੇ। ਨਾ ਜਾਓ, ਹੁਣ ਪਤਾ ਨਹੀਂ, ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ।'' ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ, ਉਹਦੇ ਨਿਕਟ-ਵਰਤੀਆਂ ਜਾਂ ਮਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ।

ਉਹ ਸਰੀਰ ਦਾ ਤਕੜਾ ਹੈ। ਉਹਨੂੰ ਜਾਹਰਾ ਕੋਈ ਰੋਗ ਨਹੀਂ; ਸੰਤਾਪ ਨਹੀ। ਜ਼ਮੀਨ ਹੈ, ਮਕਾਨ ਹੈ, ਭਰਾ ਹਨ। ਉਹਨਾਂ ਦੇ ਪੁੱਤਰ-ਪੋਤਰੇ ਤਾਏ ਦੇ ਆਗਿਆਕਾਰੀ ਹਨ ਪਰ ਜਦੋਂ ਪੁੱਛੀਏ, ''ਤਾਇਆ ਮਨਸਾ ਰਾਮ, ਕੀ ਹਾਲ-ਚਾਲ ਨੇ? '' ਤਾਂ ਉਹ ਇੱਕੋ ਸਾਹੇ ਕਹੀ ਜਾਏਗਾ -
''ਪੁੱਛ ਕੁੱਛ ਨਾ, ਮੰਦੇ ਹਾਲ ਤੇ ਬਾਉਂਕੇ ਦਿਹਾੜੇ, ਨਾ ਗਰਮ ਚੀਜ਼ ਪਚਦੀ ਐ ਨਾ ਬਾਦੀ, ਢਿੱਡ ਵਿੱਚ ਅਫਾਰਾ ਨਹੀਂ ਹਟਦਾ। ਸਿਰ ਨੂੰ ਚੱਕਰ ਆਉਂਦੇ ਈ, ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ। ਅੱਖੀਆਂ 'ਚੋਂ ਸੇਕ ਨਿਕਲਦਾ ਈ। ਸਾਹ ਨਾਲ ਸਾਹ ਨਹੀਂ ਰਲਦਾ। ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੱਡਿਆ ਈ । ਚੁਰਸਤੇ ਵਾਲੀ ਕਿੱਕਰ ਤੇ ਪਿਛਲਾ ਮਹੀਨਾ ਰੋਜ਼ ਮੌਲੀਆਂ ਬੱਧੀਆਂ, ਮਾਂਹ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ। ਮੱਝਾਂ ਫੇਰ ਦੁੱਧ ਨਹੀਂ ਲਾਹੁੰਦੀਆਂ। ਜੇ ਸੱਚੀਂ ਪੁੱਛੇ ਤਾਂ ਹਾਲ ਊਂ ਮਾੜਾ ਵੀ ਨਹੀਂ। ਪਰ ਚੰਗਾ ਵੀ ਕਿਵੇਂ ਆਖਾਂ? ਪਰਸੋਂ ਸੰਧੂਰ, ਤਿਲਚੌਲੀ, ਮੂੰਗੀ, ਮਸਰਾਂ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾ ਟਲੇ ਪਰ ਹੋਇਆ ਪਤਾ ਕੀ? ਟੂਣੇ ਲਾਗਿਓਂ ਇੱਕ ਹਾਲੀ ਲੰਘਿਆ। ਉਹਨੇ ਸੰਧੂਰ ਬਲਦਾ ਦੇ ਸਿੰਗਾਂ ਤੇ ਮਲ ਦਿੱਤਾ, ਦਾਲਾਂ ਦਾ ਫੱਕਾ ਮਾਰ ਲਿਆ, ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪੂੰਝ ਕੇ ਬੋਝੇ ਵਿੱਚ ਇਹ ਆਖਦਿਆਂ ਪਾ ਲਿਆ ਕਿ 'ਚਲੋ ਇਹਦੇ ਨਾਲ ਖ਼ਰਬੂਜ਼ੇ ਚੀਰਿਆ ਕਰਾਂਗੇ।' ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਵਹਿਮ ਕਰੇ ਕਿ ਨਾ?

ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤਾਏ ਮਨਸਾ ਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ। ਇਸ ਤੇ ਤਾਏ ਮਨਸਾ ਰਾਮ ਨੂੰ ਵਹਿਮ ਚੰਬੜ ਗਿਆ ਕਿ ਬੱਸ ਦਿਲ ਫੇਲ੍ਹ ਹੋਇਆ ਕਿ ਹੋਇਆ। ਮੇਰੇ ਕੋਲ ਆਇਆ। ਸੱਜੀ ਵੱਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ, ''ਦਿਲ ਧੜਕਦਾ ਨਹੀਂ ਜਾਪਦਾ।''
ਮੇਰਾ ਹਾਸਾ ਨਿਕਲ ਗਿਆ, ''ਤਾਇਆ ਮਨਸਾ ਰਾਮ ਜੀ, ਦਿਲ ਤਾਂ ਦੂਜੇ ਪਾਸੇ ਹੁੰਦਾ ਹੈ, ਸੱਜੇ ਪਾਸੇ ਕਿਵੇਂ ਧੜਕੇ? ਫੇਰ ਤਾਇਆ, ਦਿਲ ਧੜਕਣ ਬਿਨਾਂ ਤਾਂ ਕੋਈ ਸ਼ਾਇਰ ਜਿਊਂਦਾ ਰਹਿ ਸਕਦਾ ਹੈ, ਤਾਇਆ ਮਨਸਾ ਰਾਮ ਨਹੀਂ। ਦਿਲ ਤਾਂ ਉਹ ਘੜੀ ਹੈ ਕਿ ਟੱਕ-ਟੱਕ ਹਟੀ ਤੇ ਟਕੇ ਦੀ ਮੁੱਲ ਦੀ ਨਹੀਂ।"
ਤਾਇਆ ਮਨਸਾ ਰਾਮ ਨੂੰ ਕੁਝ ਧਰਵਾਸ ਆਇਆ ਤਾਂ ਸਹੀ ਪਰ ਫੇਰ ਵੀ ਕਹਿਣ ਲੱਗਾ, ''ਮੈਂ ਕਿਹਾ ਇਹਦਾ ਕੋਈ ਪਤਾ ਨਹੀਂ, ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ੍ਹ ਹਟ ਜਾਏ, ਕਿਧਰੇ ਮੈਨੂੰ ਸ਼ਹਿਰ ਲੈ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆਏਂ ਤਾਂ ਚੰਗਾ ਕਰੇਂ ।''

ਇਉਂ ਵਹਿਮੀ ਤਾਏ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਮੈਂ ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ-ਝਪਾੜਾ ਕਰਨ ਵਾਲੇ ਕੋਲ ਚਲਿਆ ਗਿਆ। ਮੈਂ ਨਹੀ ਸਾਂ ਚਾਹੁੰਦਾ ਪਰ ਤਾਇਆ ਖਹਿੜੇ ਪੈ ਗਿਆ ਤਾਂ ਮੇਰੀ ਵਾਹ ਨਾ ਗਈ। ਉੱਥੇ ਪੁੱਜੇ ਤਾਂ ਮਾਂਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵੱਲ ਇਸ਼ਾਰਾ ਕਰਕੇ ਕਿਹਾ - ''ਲਓ ਭਈ, ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ। ਕਿਉ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ? '' ਮਨਸਾ ਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ - ''ਠੀਕ ਹੈ ਮਹਾਰਾਜ, ਮੇਰਾ ਸਿਰ ਹੈ ਨਹੀਂ । ਮੈਨੂੰ ਬੜਾ ਗੁੱਸਾ ਆਇਆ। ਮੈਂ ਕੜਕਿਆ, ''ਤਾਇਆ, ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਹਦੇ ਉੱਪਰ ਬੱਧੀ ਊ? '' ਬੜੀ ਮੁਸਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ।

ਪਰ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ । ਮੇਰੇ ਕੋਲ ਨੀਵੇਂ-ਨੀਵੇਂ ਲੱਕ ਆਇਆ। ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ, ਬੁੱਲ੍ਹ ਸੁੱਕੇ ਹੋਏ, ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ-''ਛੇਤੀ ਕਰੋ, ਮੈਨੂੰ ਕਿਧਰੇ ਲੈ ਚਲੋ।''
ਮੈਂ ਕਿਹਾ, ''ਕਿਉਂ ਤਾਇਆ ਜੀ, ਸੁੱਖ ਤਾਂ ਹੈ?
ਤਾਏ ਦੀ ਭਰੜਾਈ ਹੋਈ ਆਵਾਜ਼ ਆਈ, ''ਮੇਰੀ ਜਾਨ ਨੂੰ ਖ਼ਤਰਾ ਹੈ। ਅੱਜ ਸ਼ਾਮ ਤੱਕ ਮੈਨੂੰ ਲਾਂਭ-ਚਾਂਭ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ । ਇਹ ਆਖਦਿਆਂ ਤਾਏ ਮਨਸਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ।
''ਓੜਕ ਗੱਲ ਕੀ ਏ, ਤਾਇਆ?''
''ਗੱਲ ਕੀ ਏ, ਸ਼ਿੰਗਾਰੂ ਹੁਰਾਂ ਨੇ ਕੱਲ੍ਹ ਦੀ ਮਾਰ-ਖੰਢੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ? ਉਹਦੇ ਸਿੰਗਾਂ ਨਾਲ ਛੁਰੀਆਂ ਬੰਨ੍ਹ ਛੱਡੀਆਂ ਨੇ ਮੇਰੇ ਵੈਰੀਆਂ ਨੇ।''
ਮੈਂ ਬਥੇਰਾ ਮੱਥਾ ਮਾਰਿਆ ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰ ਤਾਇਆ ਮਨਮਾ ਰਾਮ ਅਜੇ ਤੱਕ ਨਹੀਂ ਮੰਨਿਆਂ ਤੇ ਮੰਨੇ ਵੀ ਕਿਵੇਂ? ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ?

  • ਮੁੱਖ ਪੰਨਾ : ਸੂਬਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ