Vichari Maan : Afgan Lok Kahani

ਵਿਚਾਰੀ ਮਾਂ : ਅਫ਼ਗਾਨ ਲੋਕ ਕਹਾਣੀ

ਜਾਦੂਗਰ ਸਮਝਾਉਣ ਲੱਗਾ, ‘‘ਦੇਖੋ, ਸਾਹਮਣੇ ਵਾਲੇ ਪਹਾੜ ਦੀ ਚੋਟੀ ’ਤੇ ਇਕ ਝਰਨਾ ਹੈ। ਜੇਕਰ ਤੁਸੀਂ ਉਸ ਝਰਨੇ ਦਾ ਪਾਣੀ ਲਿਆ ਕੇ ਆਪਣੀ ਮਾਂ ਨੂੰ ਪਿਲਾ ਦਿਓ ਤਾਂ ਜਾਦੂਗਰ ਦਾ ਅਸਰ ਤੁਰੰਤ ਖਤਮ ਹੋ ਜਾਏਗਾ। ਪਰ ਝਰਨੇ ਤੋਂ ਪਾਣੀ ਲਿਆਉਣਾ ਐਨਾ ਸੌਖਾ ਨਹੀਂ ਹੈ। ਚੋਟੀ ਤਕ ਪਹੁੰਚਣ ਦੇ ਰਾਹ ਵਿਚ ਜੰਗਲ ਪੈਂਦਾ ਸੀ। ਉਸ ਜੰਗਲ ਵਿਚ ਹਿੰਸਕ ਜਾਨਵਰ ਰਹਿੰਦੇ ਹਨ। ਜ਼ਹਿਰੀਲੇ ਸੱਪ ਵੀ ਹਨ, ਪਰ ਹੈਰਾਨੀ ਇਹ ਹੈ, ਉਹ ਸਾਰੇ ਜਾਦੂ ਦੇ ਵੱਸ ਵਿਚ ਹਨ। ਝਰਨੇ ਦੇ ਆਸ-ਪਾਸ ਭੂਤ-ਪ੍ਰੇਤ, ਜਿੰਨ ਵੀ ਰਹਿੰਦੇ ਹਨ। ਜਾਦੂ ਦੇ ਬੱਦਲ ਹਮੇਸ਼ਾ ਝਰਨੇ ’ਤੇ ਮੰਡਰਾਉਂਦੇ ਹਨ। ਇਨ੍ਹਾਂ ਸਭਨਾਂ ਤੋਂ ਬਚਣ ਦਾ ਵੀ ਉਪਾਅ ਹੈ।
‘‘ਕੀ ਉਪਾਅ ਹੈ?’’ ਜਮਾਲੋ ਨੇ ਪੁੱਛਿਆ।
‘‘ਉਧਰ ਜੰਗਲ ਵਿਚ ਇਕ ਝਾੜੀ ਹੈ। ਉਸ ਦੇ ਚਿੱਟੇ ਫੁੱਲ ਹਨ। ਇਕ ਕਾਲਾ ਨਾਗ ਉਸ ਦੀ ਰਾਖੀ ਕਰਦਾ ਹੈ। ਉਸ ਝਾੜੀ ਦੀ ਟਹਿਣੀ ਤੋੜ ਲਿਆਵੋ, ਟਹਿਣੀ ਹੱਥ ਵਿਚ ਲੈ ਕੇ ਹੀ ਪਹਾੜ ’ਤੇ ਚੜ੍ਹੋ। ਜਿੱਥੇ ਵੀ ਖ਼ਤਰਾ ਦਿਸੇ, ਉਹ ਟਹਿਣੀ ਹਿਲਾ ਦੇਣਾ। ਖਤਰਾ ਤੁਹਾਡੇ ਕੋਲ ਨਹੀਂ ਆਵੇਗਾ। ਹਾਂ, ਹੌਸਲੇ ਤੋਂ ਕੰਮ ਲੈਣਾ ਪਵੇਗਾ। ਅੱਛਾ, ਮੇਰੀਆਂ ਦਿਲੀ ਦੁਆਵਾਂ ਤੁਹਾਡੇ ਨਾਲ ਹਨ।’’ ਕਹਿ ਕੇ ਜਾਦੂਗਰ ਚਲਾ ਗਿਆ। ਕਰੀਮ ਅਤੇ ਜਮਾਲੋ ਵੀ ਘਰ ਆ ਗਏ। ਉਨ੍ਹਾਂ ਨੇ ਮਾਂ ਨੂੰ ਕੁਝ ਨਹੀਂ ਕਿਹਾ। ਦੋਵੇਂ ਜਣੇ ਰਾਤ ਨੂੰ ਪਹਾੜ ’ਤੇ ਚੜ੍ਹਨ ਅਤੇ ਝਰਨੇ ਦਾ ਪਾਣੀ ਲਿਆਉਣ ਦੀ ਯੋਜਨਾ ਬਣਾਉਂਦੇ ਰਹੇ।
ਦਿਨ ਨਿਕਲਿਆ ਤਾਂ ਖਾਣਾ ਖਾਣ ਤੋਂ ਬਾਅਦ ਦੋਵੇਂ ਸ਼ਿਕਾਰ ਦਾ ਬਹਾਨਾ ਬਣਾ ਕੇ ਘਰੋਂ ਤੁਰ ਪਏ। ਕਰੀਮ ਨੇ ਧਨੁਸ਼ ਅਤੇ ਕਈ ਜ਼ਹਿਰੀਲੇ ਤੀਰ ਆਪਣੇ ਨਾਲ ਲੈ ਲਏ। ਦੋਵੇਂ ਉਸ ਝਾੜੀ ਕੋਲ ਆਏ। ਤਦ ਉਨ੍ਹਾਂ ਨੂੰ ਫੁੰਕਾਰ ਸੁਣਾਈ ਦਿੱਤੀ। ਉਨ੍ਹਾਂ ਦੇਖਿਆ, ਇਕ ਭਿਆਨਕ ਸੱਪ ਫ਼ਨ ਫੈਲਾਈ ਝਾੜੀ ਕੋਲ ਹੀ ਕੁੰਡਲੀ ਮਾਰੀ ਬੈਠਾ ਹੈ। ਕਰੀਮ ਨੇ ਧਨੱਸ਼ ’ਤੇ ਬਾਣ ਚੜ੍ਹਾ ਕੇ ਇਕ ਤੀਰ ਨਾਲ ਸੱਪ ਦੇ ਫ਼ਨ ਨੂੰ ਉਡਾ ਦਿੱਤਾ। ਫਿਰ ਦੂਸਰਾ ਤੀਰ ਇਹੋ ਜਿਹਾ ਮਾਰਿਆ ਕਿ ਤੀਰ ਸੱਪ ਦੇ ਸਰੀਰ ਦੇ ਵਿੱਚੋਂ-ਵਿਚ ਨਿਕਲ ਕੇ ਧਰਤੀ ਵਿਚ ਗੱਡ ਹੋ ਗਿਆ। ਇਸ ਨਾਲ ਸੱਪ ਤੁਰੰਤ ਹੀ ਮਰ ਗਿਆ।
ਥੋੜ੍ਹੀ ਦੇਰ ਇੰਤਜ਼ਾਰ ਕਰਨ ਬਾਅਦ ਕਰੀਮ ਝਾੜੀ ਕੋਲ ਗਿਆ। ਉੱਥੋਂ ਇਕ ਨਹੀਂ ਦੋ ਟਹਿਣੀਆਂ ਤੋੜ ਲਿਆਇਆ। ਇਕ ਟਹਿਣੀ ਆਪਣੇ ਕੋਲ ਰੱਖੀ, ਦੂਸਰੀ ਜਮਾਲੋ ਨੂੰ ਦੇ ਦਿੱਤੀ। ਜਮਾਲੋ ਦੇ ਕੋਲ ਪਿੱਤਲ ਦੀ ਇਕ ਛੋਟੀ ਜਿਹੀ ਸੁਰਾਹੀ ਵੀ ਸੀ। ਉਹ ਝਰਨੇ ਦਾ ਪਾਣੀ ਭਰਨ ਲਈ ਉਸ ਸੁਰਾਹੀ ਨੂੰ ਨਾਲ ਲੈ ਕੇ ਆਈ ਸੀ।
ਝਾੜੀ ਦੀਆਂ ਟਹਿਣੀਆਂ ਲੈ ਕੇ ਦੋਵੇਂ ਛੇਤੀ ਛੇਤੀ ਪਹਾੜ ’ਤੇ ਚੜ੍ਹਨ ਲੱਗੇ। ਦੁਪਹਿਰ ਹੋ ਗਈ ਸੀ। ਸ਼ਾਮ ਤਕ ਉਨ੍ਹਾਂ ਘਰ ਵੀ ਮੁੜਨਾ ਸੀ। ਪਹਾੜ ਦੀ ਉਹ ਚੋਟੀ ਜ਼ਿਆਦਾ ਉੱਚੀ ਤਾਂ ਨਹੀਂ ਸੀ ਪਰ ਰਾਹ ਘੁੰਮਣਦਾਰ ਅਤੇ ਉਬੜ-ਖਾਬੜ ਸੀ। ਰਾਹ ਵਿਚ ਕਈ ਥਾਈਂ ਜਮਾਲੋ ਠੋਕਰ ਖਾ ਕੇ ਡਿੱਗੀ ਵੀ, ਪ੍ਰੰਤੂ ਕਰੀਮ ਨੇ ਉਸ ਨੂੰ ਸੰਭਾਲ ਲਿਆ। ਇਸ ਤਰ੍ਹਾਂ ਦੋਵੇਂ ਚੋਟੀ ’ਤੇ ਪਹੁੰਚ ਗਏ।
ਉੱਥੇ ਦਰੱਖਤਾਂ ਦੇ ਝੁਰਮਟ ਦੇ ਪਿੱਛੇ ਇਕ ਝਰਨਾ ਦਿਖਾਈ ਦਿੱਤਾ। ਦੋਵੇਂ ਛੇਤੀ ਨਾਲ ਉਸ ਝਰਨੇ ਵੱਲ ਵਧੇ। ਝਰਨੇ ਕੋਲ ਪੁੱਜ ਕੇ ਜਿਉਂ ਹੀ ਜਮਾਲੋ ਨੇ ਝਰਨੇ ਦਾ ਪਾਣੀ ਸੁਰਾਹੀ ਵਿਚ ਭਰਨਾ ਚਾਹਿਆ, ਬਸ ਜਿਵੇਂ ਕਿਆਮਤ ਹੀ ਆ ਗਈ। ਪੂਰਾ ਪਹਾੜ ਹਿੱਲਣ ਲੱਗਾ। ਝਰਨੇ ਦਾ ਪਾਣੀ ਵੀ ਉਛਲਣ ਲੱਗਾ। ਜਮਾਲੋ ਡਰ ਕੇ ਪਾਣੀ ਵਿਚ ਡਿੱਗਣ ਹੀ ਵਾਲੀ ਸੀ ਕਿ ਕਰੀਮ ਨੇ ਉਸ ਨੂੰ ਬਚਾ ਲਿਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ।
ਅਚਾਨਕ ਉਸ ਨੂੰ ਯਾਦ ਆਇਆ। ਉਸ ਨੇ ਝਾੜੀ ਦੀ ਟਹਿਣੀ ਤੋਂ ਕੁਝ ਪੱਤੇ ਤੋੜੇ। ਉਨ੍ਹਾਂ ਨੂੰ ਪਾਣੀ ਵਿਚ ਸੁੱਟ ਦਿੱਤਾ। ਪੱਤਿਆਂ ਦੇ ਪਾਣੀ ਵਿਚ ਸੁੱਟਣ ਦੀ ਦੇਰ ਸੀ ਕਿ ਪਾਣੀ ਯਕਦਮ ਸ਼ਾਂਤ ਹੋ ਗਿਆ। ਪਹਾੜ ਦਾ ਹਿੱਲਣਾ ਵੀ ਬੰਦ ਹੋ ਗਿਆ। ਜਮਾਲੋ ਨੇ ਤੁਰੰਤ ਝਰਨੇ ਦੇ ਪਾਣੀ ਨਾਲ ਸੁਰਾਹੀ ਭਰ ਲਈ।
ਉਹ ਜਿਉਂ ਹੀ ਵਾਪਸ ਆਉਣ ਲੱਗੇ, ਅਜੀਬ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਣ ਲੱਗੀਆਂ। ਡਰ ਨਾਲ ਜਮਾਲੋ ਦੇ ਹੱਥੋਂ ਸੁਰਾਹੀ ਛੁੱਟ ਗਈ। ਪਾਣੀ ਵੀ ਡੁੱਲ੍ਹ ਗਿਆ। ਕਰੀਮ ਨੇ ਜਮਾਲੋ ਦਾ ਧੀਰਜ ਬੰਨ੍ਹਾਇਆ। ਉਸ ਨੇ ਕਿਹਾ, ‘‘ਡਰ ਨਾ, ਇਹ ਜਾਦੂ ਦੀਆਂ ਆਵਾਜ਼ਾਂ ਹਨ। ਤੂੰ ਟਹਿਣੀ ਘੁੰਮਾਉਂਦੀ ਰਹਿ ਕੁਝ ਨਹੀਂ ਹੋਵੇਗਾ।’’
ਇਸ ਤੋਂ ਬਾਅਦ ਉਹ ਫਿਰ ਤੋਂ ਪਾਣੀ ਭਰ ਕੇ ਲਿਆਇਆ। ਇਸ ਬਾਰ ਸੁਰਾਹੀ ਉਸ ਨੇ ਆਪਣੇ ਹੱਥ ਫੜ ਲਈ ਅਤੇ ਧਨੁਸ਼ ਬਾਣ ਜਮਾਲੋ ਨੂੰ ਦੇ ਦਿੱਤਾ। ਉਹ ਕਾਹਲੀ-ਕਾਹਲੀ ਥੱਲੇ ਉਤਰਨ ਲੱਗੇ। ਉਹ ਅਜੇ ਥੋੜ੍ਹੀ ਹੀ ਦੂਰ ਗਏ ਹੋਣਗੇ ਕਿ ਬਘਿਆੜਾਂ ਦੇ ਇਕ ਝੁੰਡ ਨੇ ਉਨ੍ਹਾਂ ਨੂੰ ਘੇਰ ਲਿਆ। ਜਮਾਲੋ ਤਾਂ ਡਰ ਨਾਲ ਰੋਣ ਲੱਗ਼ੀ, ਡਰ ਕਰੀਮ ਵੀ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਹੁਣ ਵਾਪਸ ਜਾਣਾ ਮੁਸ਼ਕਲ ਹੋਵੇਗਾ। ਪਰ ਉਹ ਦੋਵੇਂ ਟਹਿਣੀਆਂ ਹਿਲਾਉਂਦੇ ਅੱਗੇ ਵਧੇ। ਟਹਿਣੀ ਦਾ ਅਸਰ ਅਦਭੁੱਤ ਸੀ। ਬਘਿਆੜ ਉਨ੍ਹਾਂ ਦੇ ਨੇੜੇ ਨਹੀਂ ਢੁੱਕੇ। ਕੁਝ ਦੇਰ ਬਾਅਦ ਸਾਰੇ ਬਘਿਆੜ ਵਾਪਸ ਜੰਗਲ ਵਿਚ ਜਾ ਵੜੇ।
ਹੁਣ ਦੋਵੇਂ ਭਰਾ-ਭੈਣ ਚੋਟੀ ਤੋਂ ਕਾਫੀ ਥੱਲੇ ਆ ਗਏ ਸਨ। ਤਦੇ ਇਕ ਅਜਗਰ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਉਹ ਮੁੂੰਹ ਅੱਡੀ ਉਨ੍ਹਾਂ ਵੱਲ ਵਧਿਆ। ਕਰੀਮ ਨੇ ਟਹਿਣੀ ਤੋਂ ਕੁਝ ਪੱਤੇ ਤੋੜੇ ਅਤੇ ਉਨ੍ਹਾਂ ਨੂੰ ਅਜਗਰ ਦੇ ਮੂੰਹ ਵਿਚ ਪਾ ਦਿੱਤਾ। ਪੱਤਿਆਂ ਦਾ ਮੂੰਹ ਵਿਚ ਪਾਉਣ ਦੀ ਦੇਰ ਸੀ ਕਿ ਅਜਗਰ ਪਤਾ ਨਹੀਂ ਕਿੱਥੇ ਚਲਾ ਗਿਆ। ਇਸੇ ਤਰ੍ਹਾਂ ਖ਼ਤਰਿਆਂ ਨਾਲ ਲੜਦੇ ਹੋਏ ਦੋਵੇਂ ਚੋਟੀ ਤੋਂ ਥੱਲੇ ਉਤਰ ਆਏ। ਤਦ ਤੱਕ ਸ਼ਾਮ ਹੋਣ ਲੱਗੀ ਸੀ।
ਸ਼ਾਮ ਹੋਣ ਤੋਂ ਪਹਿਲਾਂ ਹੀ ਦੋਵੇਂ ਆਪਣੇ ਘਰ ਪਹੁੰਚ ਗਏ। ਉਨ੍ਹਾਂ ਬੁੱਢੀ ਮਾਂ ਨੂੰ ਝਰਨੇ ਦਾ ਪਾਣੀ ਪਿਲਾਇਆ। ਪਾਣੀ ਪੀਂਦੇ ਸਾਰ ਹੀ ਮਾਂ ਦੀ ਮਮਤਾ ਵਾਪਸ ਆ ਗਈ। ਉਸ ਦੀ ਲੰਗੜੀ ਲੱਤ ਵੀ ਠੀਕ ਹੋ ਗਈ। ਉਸ ਨੇ ਦੋਹਾਂ ਬੱਚਿਆਂ ਨੂੰ ਕਲੇਜੇ ਨਾਲ ਲਗਾ ਲਿਆ। ਬੱਚਿਆਂ ਦੀ ਗੁਆਚੀ ਮਾਂ ਵਾਪਸ ਮਿਲ ਗਈ। ਦੋਹਾਂ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਹੰਝੂ ਕਿਰਨ ਲੱਗੇ।
ਤਦੇ ਕਰੀਮ ਨੇ ਦੇਖਿਆ, ਉਸ ਦੀ ਸਹਾਇਤਾ ਕਰਨ ਵਾਲਾ ਜਾਦੂਗਰ ਦਰਵਾਜ਼ੇ ’ਤੇ ਖੜ੍ਹਾ ਮੁਸਕਰਾ ਰਿਹਾ ਸੀ। ਕਰੀਮ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਜਾਦੂਗਰ ਦਾ ਧੰਨਵਾਦ ਕੀਤਾ ਤਾਂ ਉਹ ਬੋਲਿਆ, ‘‘ਇਹ ਸਾਰਾ ਕੁਝ ਤੁਹਾਡੇ ਸਾਹਸੀ ਬੱਚਿਆਂ ਨੇ ਹੀ ਕੀਤਾ ਹੈ। ਸਾਹਸ ਦੇ ਅੱਗੇ ਜਾਦੂ-ਟੋਣਾ, ਭੂਤ-ਪ੍ਰੇਤ ਸਭ ਹਾਰ ਜਾਂਦੇ ਹਨ। ਹੁਣ ਤੁਹਾਡੇ ਚੰਗੇ ਦਿਨ ਪਰਤ ਆਏ ਹਨ।’’ਐਨਾ ਕਹਿੰਦਿਆਂ ਹੀ ਜਾਦੂਗਰ ਨੇ ਹੱਥ ਹਿਲਾਇਆ। ਦੇਖਦੇ-ਦੇਖਦੇ ਉਨ੍ਹਾਂ ਦੀ ਝੌਪੜੀ ਇਕ ਆਲੀਸ਼ਾਨ ਮਹੱਲ ਵਿਚ ਬਦਲ ਗਈ। ਜਾਦੂਗਰ ਦੇ ਕਹਿਣ ’ਤੇ ਕਰੀਮ ਨੇ ਝਾੜੀ ਦੀਆਂ ਟਹਿਣੀਆਂ ਨੂੰ ਅੱਗ ਵਿਚ ਸਾੜ ਦਿੱਤਾ।
ਟਹਿਣੀਆਂ ਦਾ ਅੱਗ ਵਿਚ ਸੜਨਾ ਸੀ ਕਿ ਪਹਾੜ ਦੀ ਚੋਟੀ ਤੋਂ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ। ਜਾਦੂਗਰ ਨੇ ਦੱਸਿਆ ਕਿ ਚੋਟੀ ’ਤੇ ਅੱਗ ਲੱਗੀ ਹੈ। ਸਾਰੇ ਭੂਤ-ਪ੍ਰੇਤ ਅੱਗ ਵਿਚ ਨਸ਼ਟ ਹੋ ਗਏ ਹਨ। ਦੇਖਦੇ-ਦੇਖਦੇ ਧੂੰਆਂ ਐਨਾ ਵੱਧ ਗਿਆ ਕਿ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ।
ਸਵੇਰ ਹੋਈ। ਧੂੰਆਂ ਖਤਮ ਹੋ ਚੁੱਕਾ ਸੀ। ਕਰੀਮ ਅਤੇ ਜਮਾਲੋ ਨੇ ਦੇਖਿਆ, ਹੁਣ ਪਹਾੜ ਦਾ ਨਾਮੋ-ਨਿਸ਼ਾਨ ਨਹੀਂ ਰਿਹਾ ਸੀ। ਕਰੀਮ ਅਤੇ ਜਮਾਲੋ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਇਆ। ਕੁਝ ਹੀ ਦਿਨਾਂ ਬਾਅਦ, ਪਹਾੜ ਦੀ ਉਹ ਘਾਟੀ ਲਹਿਰਾਉਂਦੇ ਹੋਏ ਪੌਦਿਆਂ ਨਾਲ ਭਰ ਗਈ ਸੀ। ਇਹ ਸਾਰੇ ਖੇਤ ਕਰੀਮ ਦੇ ਹੀ ਸਨ।
(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ