Vihal (Punjabi Story) : Muhammad Imtiaz

ਵਿਹਲ (ਕਹਾਣੀ) : ਮੁਹੰਮਦ ਇਮਤਿਆਜ਼

ਸੜਕ ਤੋਂ ਪਿੰਡ ਦਾ ਮੋੜ ਮੁੜਦਿਆਂ ਹੀ ਮਾਸਟਰ ਜਮਨਾ ਦਾਸ ਦੇ ਪੈਰ ਹੌਲੀ ਹੋ ਗਏ। ਉਸ ਨੇ ਪਿੱਪਲ ਹੇਠਾਂ ਨਿਗ੍ਹਾ ਮਾਰੀ।
ਕੋਈ ਨਹੀਂ ਸੀ।
''ਸ਼ੁਕਰ ਐ...!'' ਕਹਿੰਦਿਆਂ ਮਾਸਟਰ ਨੇ ਮੁੜ ਆਪਣੀ ਚਾਲ ਫੜ ਲਈ। ਨਹੀਂ ਤਾਂ, ਉਸ ਨੂੰ ਪਰਲੇ ਪਾਸੇ ਦੀ ਵਾਟ ਪਾ ਕੇ ਜਾਣਾ ਪੈਣਾ ਸੀ।
ਪਿੱਪਲ ਕੋਲੋਂ ਲੰਘਣ ਲੱਗਿਆਂ ਮਾਸਟਰ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ,
''ਜਿਉਂਦੀਆਂ ਲਾਸ਼ਾਂ, ਸਹੁਰੀਆਂ!''
ਸ਼ੁਰੂ ਦੇ ਦਿਨਾਂ ਵਿੱਚ ਜਮਨਾ ਦਾਸ ਇਹਨਾਂ ਬੰਦਿਆਂ ਦੀ ਟੋਲੀ ਵਿੱਚੋਂ ਉੱਠਣ ਦਾ ਨਾਂ ਨਹੀਂ ਸੀ ਲੈਂਦਾ। ... ਤੇ ਹੁਣ, ਉਹਨਾਂ ਨੂੰ ਵੇਖ ਕੇ ਹੀ ਬਚ ਨਿਕਲਣ ਦੀ ਕਰਦਾ ਸੀ।
ਪਤਾ ਨਹੀਂ ਕਿਉਂ, ਹੁਣ ਉਸ ਨੂੰ ਇਹਨਾਂ ਦੀਆਂ ਨਿਰਾਸ਼ਾ ਭਰੀਆਂ ਗੱਲਾਂ ਤੋਂ ਖਿਝ ਹੋ ਗਈ ਸੀ, ''ਇਹ ਵੀ ਕੋਈ ਜ਼ਿੰਦਗੀ ਐ!''
ਜਦੋਂ ਵੀ ਕੋਈ ਬੁੱਢਾ ਆਪਣੇ ਘਰ ਦੇ ਹਾਲਾਤ ਦਾ ਰੋਣਾ ਰੋਂਦਾ ਤਾਂ ਮਾਸਟਰ ਨੂੰ ਉਹ ਬੁਰਾ ਲੱਗਣ ਲੱਗ ਪੈਂਦਾ, ''ਨਾ ਤਾਂ ਇਹਨਾਂ ਦੇ ਹਾਲਾਤ ਜ਼ਿੰਦਗੀ ਭਰ ਠੀਕ ਹੋਏ ਨੇ, ਨਾ ਹੋਣੇ ਨੇ!''

ਮਾਸਟਰ ਦੀ ਆਪਣੀ ਜ਼ਿੰਦਗੀ ਵੀ ਆਖ਼ਰੀ ਦੌਰ ਵਿੱਚ ਦਾਖ਼ਲ ਹੋ ਚੁੱਕੀ ਸੀ। ਸਾਰੀ ਜ਼ਿੰਦਗੀ ਉਹ ਵੀ ਕਿਸੇ ਨਾ ਕਿਸੇ ਆਸ ਦੇ ਸਹਾਰੇ ਕੱਟੀ ਗਿਆ ਸੀ। ਇਹ ਸੋਚ ਕੇ ਉਸ ਨੂੰ ਸਾਰੇ ਬੁੱਢੇ ਬੇਕਸੂਰ ਜਾਪਣ ਲੱਗ ਪਏ, ਤੇ ਉਹ ਆਪਣੇ ਆਪ ਤੇ ਮੁਸਕੁਰਾ ਪਿਆ।

ਫਿਰ ਉਸ ਦਾ ਧਿਆਨ ਬਿਮਲਾ ਦੇਵੀ ਤੇ ਗਿਆ, ਜਿਸ ਨੇ ਹੁਣ ਕਈ ਦਿਨਾਂ ਤੋਂ ਤੀਰਥਾਂ ਤੇ ਜਾਣ ਦਾ ਮੁੜ ਜ਼ਿਕਰ ਨਹੀਂ ਸੀ ਕੀਤਾ। ਉਹ ਵੀ ਸਾਰੀ ਜ਼ਿੰਦਗੀ ਇਸੇ ਸਹਾਰੇ ਕੱਟਦੀ ਰਹੀ ਕਿ ਕਦੇ ਨਾ ਕਦੇ ਉਸ ਦੇ ਸਾਰੇ ਕੰਮ ਮੁੱਕ ਜਾਣਗੇ, ਤੇ ਫਿਰ ਉਹ ਸੁਰਖ਼ਰੂ ਹੋ ਕੇ ਤੀਰਥਾਂ ਦੀ ਯਾਤਰਾ ਤੇ ਜਾ ਸਕੇਗੀ।
ਉਹ ਆਪ ਵੀ ਸਾਰੀ ਜ਼ਿੰਦਗੀ ਇਸੇ ਆਸ ਤੇ ਜਿਉਂਦਾ ਰਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਸਾਰੀ ਕਬੀਲਦਾਰੀ ਨਬੇੜ ਕੇ ਉਹ ਮੁੜ ਆਪਣੇ ਪਿੰਡ ਚਲਿਆ ਜਾਵੇਗਾ, ਤੇ ਖੁੱਲ੍ਹ ਕੇ ਜ਼ਿੰਦਗੀ ਮਾਣ ਸਕੇਗਾ।
ਪਹਿਲਾਂ-ਪਹਿਲਾਂ ਪਿੰਡ ਵਿੱਚ ਉਸ ਦਾ ਦਿਲ ਵੀ ਬਹੁਤ ਲੱਗਿਆ ਸੀ।

ਵਿਹਲ, ਖੁੱਲ੍ਹ, ਪੁਰਾਣੇ ਸੰਬੰਧੀ, ਚਿੰਤਾ ਤੋਂ ਮੁਕਤੀ—ਇੱਕ ਵਾਰ ਤਾਂ ਉਸ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਬਚਪਨ ਮੁੜ ਆਇਆ ਹੋਵੇ। ਪਰ ਹੌਲੀ-ਹੌਲੀ ਉਸ ਨੂੰ ਇਹ ਵਿਹਲੀ ਤੇ ਦਿਸ਼ਾਹੀਣ ਜ਼ਿੰਦਗੀ ਨੀਰਸ ਜਾਪਣ ਲੱਗ ਪਈ। ਉਦੋਂ, ਕਈ ਵਾਰ ਉਹ ਸੋਚਦਾ ਕਿ ਕੀ ਅਜਿਹੀ ਨਿਗੂਣੀ ਜਿਹੀ ਚੀਜ਼ ਪਿੱਛੇ ਹੀ ਉਹ ਬਚਪਨ ਤੋਂ ਜ਼ਿੰਦਗੀ ਨਾਲ ਘੁਲਦਾ ਆਇਆ ਸੀ।
ਬਚਪਨ ਵਿੱਚ, ਇਸੇ ਪਿੰਡ ਰਹਿੰਦਿਆਂ, ਉਹਦਾ ਪਿਓ ਗੁਜ਼ਰ ਗਿਆ ਸੀ।

ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਹੱਟੀ ਵੀ ਸਾਂਭਣੀ ਪਈ ਸੀ। ਉਦੋਂ ਉਹ ਸੋਚਿਆ ਕਰਦਾ ਸੀ ਕਿ ਜੇਕਰ ਉਸ ਨੂੰ ਨੌਕਰੀ ਮਿਲ ਜਾਵੇ ਤਾਂ ਸਾਰਾ ਕੁਝ ਠੀਕ ਹੋ ਜਾਵੇ। ਹੱਟੀ ਤੋਂ ਬਹੁਤਾ ਗੁਜ਼ਾਰਾ ਨਹੀਂ ਸੀ ਹੁੰਦਾ। ਫਿਰ ਦੋਵੇਂ ਭੈਣਾਂ ਦੇ ਵਿਆਹ ਵੀ ਤਾਂ ਕਰਨੇ ਸਨ।
ਨੌਕਰੀ ਮਿਲ ਗਈ ਤਾਂ ਸ਼ਹਿਰ ਚਲਿਆ ਗਿਆ। ਭੈਣਾਂ ਦੇ ਵੀ ਵਿਆਹ ਕੀਤੇ ਤੇ ਆਪ ਵੀ ਵਿਆਹ ਕਰਵਾਇਆ।

ਇਕ ਵਾਰ ਤਾਂ ਉਸ ਨੂੰ ਲੱਗਣ ਲੱਗ ਪਿਆ ਕਿ ਸੰਘਰਸ਼ ਖ਼ਤਮ ਹੋ ਚੁੱਕਿਆ ਹੈ। ਪਰ ਫਿਰ ਬੱਚੇ, ਉਹਨਾਂ ਦੀਆਂ ਪੜ੍ਹਾਈਆਂ, ਉਹਨਾਂ ਲਈ ਰੁਜ਼ਗਾਰ, ਵਿਆਹ- ਜਿਉਂ-ਜਿਉਂ ਉਮਰ ਵਧਦੀ ਗਈ, ਕਬੀਲਦਾਰੀ ਦਾ ਭਾਰ ਵੀ ਵਧਦਾ ਹੀ ਗਿਆ।

ਸਾਰੀ ਉਮਰ ਇੱਕ ਚਿੰਤਾ ਦੇ ਖ਼ਤਮ ਹੋਣ ਤੋਂ ਪਹਿਲਾਂ ਦੂਜੀ ਸ਼ੁਰੂ ਹੁੰਦੀ ਰਹੀ। ਰੋਸ਼ਨੀ ਦੀ ਆਸ ਵਿੱਚ ਸਾਰੀ ਉਮਰ ਉਹ ਹਨ੍ਹੇੇਰੇ ਨਾਲ ਲੜਦਾ ਰਿਹਾ। ਜਿੱਤ ਵੀ ਹੋਈ! ਵੱਡੇ ਮੁੰਡੇ ਨੇ ਕਾਰੋਬਾਰ ਤੋਰ ਲਿਆ, ਛੋਟਾ ਕਨੇਡਾ ਚਲਿਆ ਗਿਆ, ਤੇ ਕੁੜੀ ਦਾ ਵੀ ਚੰਗੀ ਥਾਂ ਰਿਸ਼ਤਾ ਹੋ ਗਿਆ।
ਪਰ ਕਬੀਲਦਾਰੀ ਮੁੱਕਣ ਦਾ ਨਾਂ ਨਹੀਂ ਸੀ ਲੈਂਦੀ। ਪੁੱਤਾਂ-ਧੀਆਂ ਤੋਂ ਵਿਹਲੇ ਹੋ ਕੇ ਸੁਖ ਦਾ ਸਾਹ ਨਹੀਂ ਸੀ ਲਿਆ ਕਿ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦੀਆਂ ਚਿੰਤਾਵਾਂ ਆ ਚਿੰਬੜੀਆਂ।
ਹੁਣ ਤਾਂ ਜੇਕਰ ਮਾਸਟਰ ਜਮਨਾ ਦਾਸ ਨੂੰ ਉਡੀਕ ਸੀ ਤਾਂ ਰਿਟਾਇਰਮੈਂਟ ਦੀ! ਉਸ ਨੇ ਸੋਚ ਰੱਖਿਆ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪਤਨੀ ਨੂੰ ਲੈ ਕੇ ਵਾਪਿਸ ਪਿੰਡ ਚਲਿਆ ਜਾਵੇਗਾ ਤੇ ਖੁੱਲ੍ਹ ਕੇ ਜ਼ਿੰਦਗੀ ਜਿਉਂਵੇਗਾ।
ਪਰ ਇਥੇ, ਪਿੰਡ ਵਿੱਚ, ਵੀ ਉਹ ਬਹੁਤੇ ਦਿਨ ਖ਼ੁਸ਼ ਨਾ ਰਹਿ ਸਕਿਆ, ਤੇ ਵਿਹਲ ਉਸ ਨੂੰ ਚੁਭਣ ਲੱਗ ਪਈ।
ਇੱਕ ਦਿਨ ਗਵਾਂਢੀਆਂ ਦੀ ਨੂੰਹ ਆਪਣੇ ਮੁੰਡੇ ਨੂੰ ਲੈ ਕੇ ਮਾਸਟਰ ਕੋਲ ਆਈ।
''ਤਾਇਆ ਜੀ, ਮਾੜ੍ਹਾ ਜਿਹਾ ਮੇਰੇ ਮੁੰਡੇ ਨੂੰ ਈ ਪੜ੍ਹਾ ਦਿਆ ਕਰੋ'', ਉਸ ਨੇ ਤਰਲਾ ਕੀਤਾ, ''ਦੋ ਸਾਲ ਹੋ-ਗੇ, ਇੱਕੋ ਜਮਾਤ 'ਚ! ਜੇ ਮਾੜਾ-ਮੋਟਾ ਪੜ੍ਹਾ ਦਿਆ ਕਰੋਂ ਤਾਂ ਐਤਕੀਂ ਪਾਸ ਹੋਜੂਗਾ।''
ਮਾਸਟਰ ਨੇ ਵੀ ਸੋਚਿਆ ਕਿ ਸਮਾਂ ਕੱਟਣ ਦਾ ਹੀਲਾ ਬਣ ਜਾਵੇਗਾ।
ਕੁਝ ਦਿਨਾਂ ਵਿੱਚ ਹੋਰ ਬੱਚੇ ਵੀ ਆਉਣੇ ਸ਼ੁਰੂ ਹੋ ਗਏ। ਮਾਸਟਰ ਦੀ ਜ਼ਿੰਦਗੀ ਫਿਰ ਰੁਝੇਵਿਆਂ ਭਰੀ ਹੋ ਗਈ। ...
ਘਰ ਅੰਦਰ ਵੜਨ ਲੱਗਿਆਂ ਮਾਸਟਰ ਨੇ ਘੜੀ ਵੱਲ ਵੇਖਿਆ। ਬੱਚੇ ਆਉਣ ਹੀ ਵਾਲੇ ਸਨ।
ਕਮਰੇ 'ਚ ਜਾ ਕੇ ਉਹ ਕੁਰਸੀ ਤੇ ਬੈਠਿਆ ਹੀ ਸੀ ਕਿ ਬਿਮਲਾ ਦੇਵੀ ਅੰਦਰ ਆਈ।
''ਮੈਂ ਕਿਹਾ, ਜੀ! ਮੈਨੂੰ ਕਈ ਦਿਨ ਹੋ-ਗੇ ਤਕਾਉਂਦੀ ਨੂੰ, ਆਪਾਂ ਤੀਰਥਾਂ ਤੇ ਕਦੋਂ ਜਾਣੈ?''
''ਬੱਸ, ਆਹ, ਬੱਚਿਆਂ ਦੇ ਪੇਪਰ ਮੁੱਕ ਜਾਣ! ਫੇਰ ਚੱਲਾਂਗੇ।''
''ਇਹ ਤਾਂ, ਥੋਡਾ, ਸਾਰੀ ਉਮਰ ਈ ਨ੍ਹੀਂ ਮੁੱਕਣਾ!'' ਬਿਮਲਾ ਦੇਵੀ ਨੇ ਗਿਲੇ ਨਾਲ ਸਿਰ ਮਾਰਿਆ।
''ਇਹ ਤਾਂ ਹੁਣ ਹੱਡਾਂ ਦੇ ਨਾਲ ਈ ਜਾਊ!'' ਮਾਸਟਰ ਮੁਸਕੁਰਾਇਆ।
ਬਿਮਲਾ ਦੇਵੀ ਹੈਰਾਨ ਖੜ੍ਹੀ ਵੇਖਦੀ ਰਹੀ। ਉਸ ਨੇ ਪਹਿਲੀ ਵਾਰ ਮਾਸਟਰ ਦੀ ਮੁਸਕੁਰਾਹਟ ਵਿੱਚ ਟਿੱਚਰ ਵੇਖੀ ਸੀ।

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ