Punjabi Stories/Kahanian
ਪ੍ਰੇਮ ਗੋਰਖੀ
Prem Gorkhi

Punjabi Kavita
  

Vith Prem Gorkhi

ਵਿੱਥ ਪ੍ਰੇਮ ਗੋਰਖੀ

ਕਾਮਰੇਡ ਨੇ ਘੁਟ ਕੇ ਗੇਟ ਨੂੰ ਫੜ ਲਿਆ ਤਾਂ ਉਹ ਡਿਗਣੋ ਬਚ ਗਿਆ। ਸੰਭਲ ਕੇ ਫੇਰ ਤੁਰਿਆ ਤਾਂ ਡਿਕੋ-ਡੋਲੇ ਖਾਂਦਾ ਮੇਰੇ ਸਾਹਮਣੇ ਕੁਰਸੀ ਵਿਚ ਆਣ ਡਿਗਿਆ। ਉਹਦੀ ਪਗ ਟੇਢੀ ਹੋ ਗਈ ਅਤੇ ਅੱਖਾਂ ਵਿਚ ਡੋਰੇ ਉਤਰ ਆਏ ਸਨ। ਉਹ ਪਿਛਾਂਹ ਸਿਰ ਸੁਟੀ ਇਕ ਟਕ ਨਸ਼ਈ ਅੱਖਾਂ ਵਿਚੋਂ ਮੈਨੂੰ ਘੂਰਨ ਲਗ ਪਿਆ। ਏਨੇ ਨੂੰ ਉਹਦੀ ਪਤਨੀ ਅੰਦਰੋਂ ਆਈ ਅਤੇ ਉਹਦੀ ਪਗ ਸਿਧੀ ਕਰ ਦਿਤੀ।
“ਓਏ ਕੀ ਹੋ ਗਿਆ, ਕੁਝ ਨ੍ਹੀਂ ਹੁੰਦਾ ਸਰਦਾਰਾਂ ਦੀ ਪਗ ਨੂੰ ” ਕਹਿੰਦਾ ਫੇਰ ਉਹ ਆਪ ਹੀ ਪਗ ਠੀਕ ਕਰਨ ਲਗ ਪਿਆ।
“ਛੋਟੇ ਭਾਈ ਲੈ ਲੈ ਕਾਰ ਦਾ ਹੂਟਾ ਲੈ ਆ ਨਿਆਣਿਆਂ ਨੂੰ ਵੀ, ਲੈ ਜਾ ਨਾਲ ਐਵੇਂ ਬੋਰ ਹੁੰਦੇ ਆਂ। ਲੈ ਜਾਓ ਮੇਰੀ ਮਾਰੂਤੀ ਸ਼ਹਿਰ ਘੁੰਮ ਆਓ।” ਉਹ ਅਖਾਂ ਅਗੇ ਚਾਬੀ ਲਹਿਰਾਉਂਦਾ ਕਹਿ ਰਿਹਾ ਸੀ।
“ਭਾ ਜੀ ਇਨ੍ਹਾਂ ਨੇ ਨ੍ਹੀਂ ਜਾਣਾ, ਉਠੋ ਤੁਸੀਂ ਅੰਦਰ ਆਰਾਮ ਕਰ ਲਓ ਅੰਦਰ ਮੰਮੀ ਬੁਲਾਉਂਦੇ ਆ।” ਮੈਂ ਤਾਂ ਕੋਈ ਜਵਾਬ ਨਾ ਦਿਤਾ, ਪਰ ਹਰਪ੍ਰੀਤ ਨੇ ਆ ਕੇ ਉਹਦੇ ਹੱਥੋਂ ਚਾਬੀ ਫੜ ਕੇ ਉਹਦੀ ਗੱਲ ਬਦਲਣੀ ਚਾਹੀ।
“ਇਹ ਪ੍ਰੀਤੀਏ ਤੂੰ ਐਵੇਂ ਬਹੁਤੀ ਪ੍ਰੋਫੈਸਰੀ ਨਾ ਘੋਟੀਂ। ਆਹੋ ਆਹੋ! ਮੈਂ ਆਪਣੇ ਭਾਈ ਨੂੰ ਕਹਿਨਾਂ ਤੂੰ ਐਵਂੈ ਕਿਉਂ ਭਾ, ਹੈ ਕਿ ਨ੍ਹੀਂ?” ਕਾਮਰੇਡ ਨੂੰ ਗੱਲ ਕਰਨੀ ਔਖੀ ਹੋ ਗਈ ਸੀ।
“ਗੁਰ ਤੁਸੀਂ ਉਪਰ ਚਲੋ ਨਾਲੇ ਸਰਘੀ ਕੱਲੀ ਆ, ਉਪਰ ਕੋਈ ਕਿਤਾਬ ਪੜ੍ਹ ਲਿਓ।” ਪ੍ਰੀਤੀ ਬਹਾਨੇ ਨਾਲ ਮੈਨੂੰ ਉਠਾ ਕੇ ਪਉੜੀਆਂ ਕੋਲ ਛਡ ਗਈ, “ਐਵੇਂ ਜੂਠ ਜਿਹਾ ਬਹੁਤ ਗੱਲਾਂ ਆਉਂਦੀਆਂ”, ਉਹ ਮੁੜਨ ਲਗੀ ਬੋਲੀ।
“ਮੈਂ ਸ਼ਹਿਰ ਜਾਣਾ ਬਈ ਏ ਪ੍ਰੀਤੀਏ ਆਹ ਆਪਣੀ ਸੈਕਲੀ ਜਿਹੀ ਪਰਾਂ ਕਰ ਲਓ।” ਮੈਂ ਉਪਰ ਖੜੇ ਨੇ ਵੇਖਿਆ ਤਾਂ ਕਾਮਰੇਡ ਕਾਰ ਕੋਲ ਖੜ੍ਹਾ ਸੀ।
“ਵੇ ਵਡਿਆ ਜਗੀਰਦਾਰਾ ਬਹਿੰਦਾ ਕਿ ਨਈਂ ਰਾਮ ਨਾਲ ਪ੍ਰਾਹੁਣੇ ਦੇ ਮੋਟਰਸ਼ੈਕਲ ਨੂੰ ਸੈਕਲੀ ਈ ਦਸਦੈ।” ਪ੍ਰੀਤੀ ਦੀ ਭੂਆ ਅੰਦਰੋਂ ਬਾਹਰ ਨੂੰ ਆਉਂਦੀ ਦਬਕਾ ਮਾਰ ਕੇ ਬੋਲੀ ਤਾਂ ਕਾਮਰੇਡ ਦੰਦੀਆਂ ਕੱਢਣ ਲਗ ਪਿਆ।
ਸਰਘੀ ਨੁਆਰੀ ਪਲੰਘ ਤੇ ਸੁਤੀ ਪਈ ਸੀ। ਉਪਰ ਪਖਾ ਚਲ ਰਿਹਾ ਸੀ। ਉਹਦੇ ਲੰਮੇ ਕੱਕੇ ਵਾਲ ਹਵਾ ਨਾਲ ਉਹਦੇ ਚਿਹਰੇ ‘ਤੇ ਫੈਲੇ ਹੋਏ ਸਨ। ਉਹ ਇਉਂ ਲਤਾਂ ਪਸਾਰ ਕੇ ਪਈ ਸੀ ਜਿਵੇਂ ਕੋਈ ਬਹੁਤ ਥਕ-ਟੁਟ ਕੇ ਪਿਆ ਹੋਵੇ। ਅਸੀਂ ਦਸ ਵਜੇ ਪਿੰਡ ਪਹੁੰਚੇ ਸੀ, ਇਹ ਉਦੋਂ ਤੋਂ ਹੀ ਖੇਡਦੀ ਭਜਦੀ ਰਹੀ ਸੀ। ਇਹਦੇ ਲਈ ਅਜ ਦਾ ਦਿਨ ਅਜੀਬ ਖੁਸ਼ੀਆਂ ਭਰਿਆ ਦਿਨ ਸੀ। ਇਹ ਸਾਢੇ ਤਿੰਨ ਸਾਲਾਂ ਦੀ ਹੋ ਕੇ ਪਹਿਲੀ ਵਾਰ ਆਪਣੇ ਨਾਨਕੀਂ ਆਈ ਸੀ। ਹਰਪ੍ਰੀਤ ਨੇ ਇਹਨੂੰ ਸਿਰਫ ਨਾਨੇ ਦੀਆਂ ਕਹਾਣੀਆਂ ਸੁਣਾਈਆਂ ਸਨ ਜਾਂ ਫੇਰ ਫੋਟੋਆਂ ਵਿਖਾਈਆਂ ਸਨ। ਨਾਨੀ ਇਹਦੇ ਜੰਮਣ ਦੇ ਬਾਅਦ ਤਿੰਨ-ਚਾਰ ਵਾਰ ਆ ਚੁਕੀ ਸੀ,ਉਹ ਵੀ ਜਦੋਂ ਸ਼ਹਿਰ ਅਸੀਂ ਨਵਾਂ ਘਰ ਛਤ ਲਿਆ ਸੀ। ਇਹਦਾ ਮਾਮਾ ਹਰਨੇਕ ਵੀ ਕਦੇ-ਕਦੇ ਗੇੜਾ ਮਾਰਦਾ ਰਹਿੰਦਾ ਸੀ। ਇਕ ਨਾਨਾ ਹੀ ਸੀ ਜਿਸ ਨੇ ਇਹਨੂੰ ਪਹਿਲੀ ਵਾਰ ਵੇਖਿਆ ਸੀ।
“ਮੰਮੀ ਇਹ ਨਾਨਾ ਜੀ ਫੋਟੋ ਵਾਲੇ ਨੇ, ਆਪਣੇ ਘਰ” ਪ੍ਰੀਤੀ ਜਦੋਂ ਆਪਣੇ ਪਿਤਾ ਦੇ ਗਲ ਲਗ ਕੇ ਰੋ ਹਟੀ ਤਾਂ ਸਰਘੀ ਬੋਲੀ ਸੀ, ਹੈਰਾਨੀ ਜਿਹੀ ਨਾਲ।
“ਹਾਂ ਬੇਟਾ ਨਾਨਾ ਜੀ ਨਾਲ ਲਾਡੀ ਕਰੋ” ਪ੍ਰੀਤੀ ਦੇ ਬੋਲਣ ਤੋਂ ਪਹਿਲਾਂ ਹੀ ਉਹਦੇ ਡੈਡੀ ਨੇ ਸਰਘੀ ਨੂੰ ਛਾਤੀ ਨਾਲ ਘੁਟ ਲਿਆ ਸੀ। ਫੇਰ ਉਹਦੇ ਨਕਸ਼ਾਂ ਨੂੰ ਨਿਹਾਰਦਾ ਸਰਘੀ ਦਾ ਮੂੰਹ ਚੁੰਮਦਾ ਬੋਲਿਆ ਸੀ, “ਪ੍ਰੀਤੀ ਬਸ ਤੇਰਾਂ ਰੂਪ ਈ ਆ ਇਨ-ਬਿਨ, ਭੋਰਾ ਫਰਕ ਨਹੀਂ। ਬਸ ਅਖਾਂ ਗੁਰਬਖ਼ਸ਼ ‘ਤੇ ਗਈਆਂ, ਇਹਦੇ ਵਰਗੀਆਂ ਬਿਲੀਆਂ।”
ਚਾਹ ਪੀ ਕੇ ਪ੍ਰੀਤੀ ਦੇ ਡੈਡੀ ਨੇ ਕਿਹਾ, “ਆਓ, ਪ੍ਰੀਤੀ ਨੂੰ ਆਪਣਾ ਖੂਹ ਵਿਖਾ ਕੇ ਲਿਆਈਏ। ਪ੍ਰਾਹੁਣੇ ਤਾਂ ਅਜੇ ਬਾਰਾਂ ਵਜਦੇ ਨੂੰ ਆਉਣਗੇ।” ਸਰਘੀ ਨੂੰ ਕੁਛੜ ਚੁਕ ਕੇ ਉਹ ਅਗੇ ਅਗੇ ਹੋ ਤੁਰੇ ਸਨ। ਖੂਹ ਤਾਂ ਪਿੰਡ ਦੇ ਨਾਲ ਹੀ ਸੀ। ਪਹਿਲਾਂ ਢਾਬ, ਫੇਰ ਸ਼ਿਵਾਲਾ ਤੇ ਨਾਲ ਖੇਤ। ਫਿਰਨੀਓਂ ਲਹਿ ਕੇ ਮੋਟਰ ਸੀ। ਵਿਆਹ ਤੋਂ ਪਹਿਲਾਂ ਜਦੋਂ ਹਰਪ੍ਰੀਤ ਮੈਨੂੰ ਇਕ ਵਾਰ ਲੈ ਕੇ ਆਈ ਤਾਂ ਅਸੀਂ ਖੂਹ ‘ਤੇ ਵੀ ਆਏ ਸੀ। ਉਦੋਂ ਮੋਟਰ ਨਹੀਂ ਸੀ ਲਾਈ। ਹੁਣ ਤਾਂ ਟਿਊਬਵੈਲ ਲਾ ਲਿਆ ਸੀ, ਪਸ਼ੂਆਂ ਲਈ ਖੁਲ੍ਹਾ ਕੋਠਾ ਪਾ ਲਿਆ ਸੀ ਅਤੇ ਵਗਲ ਕਰ ਲਿਆ ਸੀ।
ਪ੍ਰੀਤੀ ਦੇ ਡੈਡੀ ਛੋਟੇ ਛੋਟੇ ਸਵਾਲ ਕਰਦੇ ਕਰਦੇ ਤੁਰੇ ਆਏ। “ਵਾਹਵਾ ਤਨਖਾਹਾਂ ਹੋਣਗੀਆਂ ਹੁਣ ਤਾਂ?”
“ਹਾਂ ਜੀ ਬਹੁਤ ਆ”
“ਹੈ ਦੋਹਾਂ ਦੀ ਮਿਲਾ ਕੇ ਪੰਜ ਛੇ ਹਜ਼ਾਰ?” ਡੈਡੀ ਨੇ ਪੁਛਿਆ।
“ਬੱਸ ਜੀ, ਕੱਟ ਕਟਾ ਕੇ ਦੋਹਾਂ ਨੂੰ ਟੋਟਲ ਚੌਦਾਂ ਕੁ ਹਜ਼ਾਰ ਮਿਲ ਜਾਂਦਾ।”
“ਹੈਂ! ਚੌਦਾਂ ਹਜ਼ਾਰ!” ਉਹ ਤ੍ਰਬਕ ਕੇ ਖੜ੍ਹ ਗਏ। ਸਰਘੀ ਉਨ੍ਹਾਂ ਦੇ ਹੱਥਾਂ ਵਿਚੋਂ ਹੇਠਾਂ ਨੂੰ ਲੁੜ੍ਹਕ ਆਈ।
ਖੂਹ ਉਤੇ ਆ ਕੇ ਫਿਰ ਉਨ੍ਹਾਂ ਮੇਰੇ ਨਾਲ ਬਹੁਤੀ ਗੱਲਬਾਤ ਨਾ ਕੀਤੀ। ਉਹ ਟਰੈਕਟਰ ਉਤੇ ਸਰਘੀ ਨੂੰ ਬਿਠਾਉਂਦੇ ਉਹਦੇ ਨਾਲ ਗੱਲੀਂ ਪੈ ਗਏ, “ਮੇਰਾ ਪੁਤ ਟਰੈਕਟਰ ਚਲਾਊਗਾ ਹੈਂ ਪਈ? ਥੁਹਾਡੇ ਘਰ ਹੈਨੀ ਨਾ ਏਦਾਂ ਦਾ ਟਰੈਕਟਰ। ਥੁਹਾਡੇ ਘਰ ਤਾਂ ਟੂਬੈਲ ਵੀ ਹੈਨੀ। ਹੈਂ ਪਈ ਸਰਘੀ, ਥੁਹਾਡੇ ਘਰ ਐਨੀਆ ਮਹੀਆਂ ਹੈਗੀਆਂ? ਪਤਾ ਐਨਾ ਦੁਧ ਹੁੰਦਾ ਸਾਡੇ। ਤੁਸੀਂ ਤਾਂ ਦੋਧੀ ਕੋਲੋਂ ਲੈਂਦੇ ਹੋਵੋਗੇ, ਕਿਲੋ ਦੋ ਕਿਲੋ।” ਗੱਲਾਂ ਕਰਦੇ ਉਹ ਸਰਘੀ ਨੂੰ ਚੁਕੀ ਮੋਟਰ ਕੋਲ ਜਾ ਖੜ੍ਹੇ, “ਪੁਤ ਉਹ ਆਪਣੇ ਖੇਤ ਆ ਦੇਖ ਕਿੰਨਾ ਝੋਨਾ ਆ, ਚੌਲ ਆ ਚੌਲ। ਓਹ ਕਮਾਦੀ ਆ, ਗੰਨੇ। ਛੱਲੀਆਂ ਆਪਾਂ ਵਢ ਲਈਆਂ।” ਵਿਚੋਂ ਹੀ ਗੱਲ ਤੋੜ ਕੇ ਉਹ ਮੇਰੇ ਵਲ ਹੋ ਗਏ, “ਗੁਰਬਖਸ਼ ਅਹੁ ਚਾਰੇ ਖੇਤ, ਓ ਜਿਥੇ ਕਿੱਕਰ ਖੜ੍ਹੀ ਆ, ਪਰੂੰ ਮੈਂ ਲਏ। ਨੇਕ ਤਾਂ ਕਹਿੰਦਾ ਸੀ ਡੈਡੀ ਛਡੋ ਪਰ੍ਹਾਂ ਪਰ ਸਸਤੇ ਮਿਲਦੇ ਸੀ, ਨਾਲੇ ਸੂਏ ਦਾ ਪਾਣੀ ਖੁਲ੍ਹਾ। ਮਿੱਟੀ ਰਤਾ ਕੈੜੀ ਆ, ਪਰ ਚੌਲੀਂ ਸਰ ਗਿਆ। ਜਿਹਦੇ ਕੋਲ ਸੀ ਅਮਲ ਖਾਂਦਾ ਸੀ, ਵੇਚ ਕੇ ਵਿਹਲਾ ਹੋਇਆ। ਪਹਿਲਾਂ ਚਾਰ ਖੇਤ ਉਹਨੇ ਆਦਧਰਮੀਆਂ ਨੂੰ ਵੇਚ’ਤੇ, ਸਾਨੂੰ ਖਬਰ ਈ ਬਾਦ ਵਿਚ ਹੋਈ। ਸਾਡੇ ਏਥੇ ਆਦਧਰਮੀ ਤਕੜੇ ਆ। ਕਈਆਂ ਕੋਲ ਖੇਤ ਹੈਗੇ ਆ।”
“ਚੱਲੀਏ ਬੇਟਾ ਸਰਘੀ ਆ ਚਲੀਏ।” ਮੈਂ ਚਲ੍ਹੇ ਵਿਚ ਪਾਣੀ ਨਾਲ ਖੇਲਦੀ ਨੂੰ ਚੁਕਿਆ ਤਾਂ ਗੱਲਾਂ ਬੰਦ ਹੋਈਆਂ। ਆਲਾ-ਦੁਆਲਾ ਬਹੁਤ ਖੁੱਲ੍ਹਾ ਸੀ ਪਰ ਮੇਰਾ ਤਾਂ ਸਾਹ ਘੁਟਿਆ ਗਿਆ ਸੀ, ਜਿੱਦਾਂ ਕੱਚਾ ਧੂੰਆਂ ਨੱਕ ਨੂੰ ਚੜ੍ਹ ਗਿਆ ਹੋਵੇ।
ਘਰ ਪਹੁੰਚੇ ਤਾਂ ਹਰਪ੍ਰੀਤ ਦੀ ਵਡੀ ਭੈਣ ਗੁਰਪ੍ਰੀਤ ਤੇ ਉਹਦਾ ਪਤੀ ਕਾਮਰੇਡ ਆਏ ਬੈਠੇ ਸੀ। ਹਰਨੇਕ ਵੀ ਮਠਿਆਈ ਵਗੈਰਾ ਲੈ ਆਇਆ ਸੀ। ਉਹ ਸਰਘੀ ਨੂੰ ਚੁਕਣ ਲੱਗਾ ਤਾਂ ਮੈਂ ਉਹਨੂੰ ਮੰਗਣੇ ਦੀ ਵਧਾਈ ਦਿਤੀ। ਉਹ ਸ਼ਰਮਾ ਜਿਹਾ ਗਿਆ।
ਮੈਂ ਪਲੰਘ ਉਤੇ ਬੈਠਦਿਆਂ ਸਰਘੀ ਦੇ ਮੱਥੇ ਉਤੇ ਫੈਲੇ ਵਾਲਾਂ ਨੂੰ ਛੁਹਿਆ। ਚਿਤ ਕੀਤਾ ਇਹਨੂੰ ਜਗਾ ਕੇ ਇਹਦੇ ਨਾਲ ਗੱਲਾਂ ਕਰਾਂ। ਇਹਨੂੰ ਕਹਾਂ, ਮੈਨੂੰ ‘ਲਵ ਸਟੋਰੀ’ ਸੁਣਾਵੇ। ਇਹ ਕਹਿਣਾ ਸ਼ੁਰੂ ਕਰੇਗੀ “ਇਕ ਸੀ ਗੁਰ ਇਕ ਸੀ ਪ੍ਰੀਤੀ ਹੈਂ, ਦੋਹਾਂ ਦਾ ਬਹੁਤ-ਤ-ਲਵ ਸੀ ਹੈਂ, ਫੇ ਦੋਹਾਂ ਦਾ ਵਿਆਹ ਹੋ ਗਿਆ। ਪ੍ਰੀਤੀ ਦਾ ਡੈਡੀ ਕਹਿੰਦਾ, ਨਈਂ ਨਈਂ, ਫੇ ਪਤਾ ਕੀ ਹੋਇਆ, ਫੇ ਹਨਾ, ਸਰਘੀ ਆ ਗਈ, ਫੇ ਲਵ ਜਿਤ ਗਿਆ, ਨਾਨਾ ਹਾਰ ਗਿਆ। ਮੇਰੀ ਸਟੋਰੀ ਖਤਮ ਪੈਸਾ ਹਜ਼ਮ।” ਤੇ ਇਹ ਸਿਰ ਇਧਰ ਉਧਰ ਘੁੰਮਾਏਗੀ। ਮੈਨੂੰ ਇਹ ਗੱਲ ਖੂਹ ਉਤੇ ਕਿਉਂ ਨਾ ਯਾਦ ਆਈ ਮੈਂ ਮਨ ਹੀ ਮਨ ਪਛਤਾਇਆ।
ਮੈਂ ਲੰਮਾ ਪੈ ਗਿਆ। ਛਤ ਦੀਆਂ ਟਾਇਲਾਂ ਗਿਣਨ ਲੱਗਾ। ਪੂਰੀ ਪਾਲ ਵਿਚ ਪੈਂਤੀ ਇਟਾਂ ਸਨ। ਫਿਰ ਬਾਲਿਆਂ ਦਾ ਹਿਸਾਬ ਲਾਇਆ। ਮਨ ਹੀ ਮਨ ਮੈਂ ਕਮਰੇ ਗਿਣੇ, ਫਿਰ ਬਾਲੇ ਤੇ ਫਿਰ ਟਾਇਲਾਂ।
“ਬਖਸ਼ਿਆ, ਤੂੰ ਗੁਣੀ ਗਿਆਨੀ ਆਂ, ਮੈਂ ਖਾਲੀ ਭਾਂਡਾ ਤੈਨੂੰ ਮੱਤਾਂ ਦਿੰਦਾ ਸੋਭਦਾ ਨਈਂ। ਬਸ ਇਹ ਵਿਚਾਰ ਲਈਂ ਪਈ ਜੁਆਨਾ ਤੂੰ ‘ਲਾਂਘ ਲੰਮੀ ਭਰਨ ਲੱਗੈਂ, ਇਹ ਜ਼ਮਾਨਾ ਅਜੇ ਵੀ ਤੁਰਨ ਨ੍ਹੀਂ ਲੱਗਾ, ਜਾਤ ਬਰਾਦਰੀ ਆਪਣੀ ਈ ਮਾਫਕ ਬੈਠਦੀ ਆ, ਜਿਥੇ ਬੰਦਾ ਧੌਣ ਉਚੀ ਕਰਕੇ ਤਾਂ ਤੁਰਦਾ ਪੁੱਤਰਾ। ਹਾਲੇ ਤਾਂ ਅਗਲਿਆਂ ਨੂੰ ਸਾਡਾ ਪਹਿਨਿਆ ਪਚਰਿਆ ਈ ਨਈਂ ਸੁਖਾਉਂਦਾ। ਵਿਆਹ ਵਾਲੀ ਤਾਂ ਗੱਲ ਛਡ, ਬਹੁਤ ਸਿਰੇ ਦੀ ਗੱਲ ਆ ਇਹ ਤਾਂ ਸਾਰੀ ਉਮਰ ਮਨ ਦੇ ਟੋਏ ਪੂਰਦਾ ਈ ਰਹੇਂਗਾ। ਨਾਲ ਜਾਨ ਦਾ ਖੌ ਵਾਧੂ। ਜਿਥੇ ਬੰਦੇ ਕੋਲ ਪੇਸ਼ ਕਰਨ ਲਈ ਤਰਕ ਜਾਂ ਦਲੀਲ ਨਾ ਹੋਵੇ, ਉਥੇ ਫੇ ਠਾਹ ਸੋਟਾ ਮਾਰਨ ਉਤੇ ਉਤਰ ਆਉਂਦਾ। ਬਾਕੀ ਮਿੱਤਰਾ ਅਸੀਂ ਤੇਰੇ ਨਾਲ ਆਂ, ਜੇ ਦਬ ਗਿਆ ਤਾਂ ਫੇ ਜਾਣੀ ਕਬਰ ਵਿਚ ਪੈ ਕੇ ਆਪਣੇ ਆਪ ਤੂੰ ਆਪੂੰ ਹੀ ਇੱਟਾਂ ਚਿਣਨ ਵਾਲੀ ਗੱਲ ਕਰ ਬਹੇਂਗਾ।” ਜਦੋਂ ਘਰ ਵਿਚ ਮੈਂ ਵਿਆਹ ਦੀ ਗੱਲ ਚਲਾ ਦਿਤੀ ਸੀ ਤਾਂ ਭਾਈਏ ਨੇ ਮਨ ਦੀਆਂ ਕਹੀਆਂ ਸਨ। ਇਹ ਭਾਈਆ ਕਿਧਰ ਆ ਵੜਿਆ?
ਜਦੋਂ ਕੋਈ ਸੋਚ, ਕੋਈ ਤਣਾਅ ਮੇਰੇ ਜ਼ਿਹਨ ਉਤੇ ਭਾਰੂ ਹੋ ਜਾਂਦਾ ਹੈ ਤਾਂ ਇਹ ਭਾਈਆ ਜ਼ਰੂਰ ਆ ਪ੍ਰਗਟ ਹੁੰਦਾ ਹੈ। ਮੈਂ ਤਾਂ ਬਾਲੇ ਤੇ ਟਾਇਲਾਂ ਦਾ ਹਿਸਾਬ ਲਾ ਰਿਹਾ ਸੀ, ਨਈਂ ਕਿਧਰੇ ਅੰਦਰੋਂ ਮੈਂ ਤਿੜਕ ਰਿਹਾ ਸੀ, ਸਾਹ ਵੀ ਔਖਾ ਜਿਹਾ ਆਉਣ ਲੱਗਾ ਸੀ। ਮੈਂ ਤਿੰਨ ਚਾਰ ਟੁਕੜਿਆਂ ਵਿਚ ਹਵਾ ਅੰਦਰ ਉਡ ਰਿਹਾ ਸੀ, ਇਕ ਟੁਕੜਾ ਅਜੇ ਵੀ ਮੋਟਰ ਉਤੇ ਘੁੰਮ ਰਿਹਾ ਸੀ ਤੇ ਦੂਸਰਾ ਅਜੇ ਵੀ ਕਾਮਰੇਡ ਦੇ ਸਾਹਮਣੇ ਕੁਰਸੀ ਉਪਰ ਬੈਠਾ ਉਹਦੇ ਹਥ ਵਿਚ ਲਹਿਰਾ ਰਹੀ ਕਾਰ ਦੀ ਚਾਬੀ ਨੂੰ ਦੇਖ ਰਿਹਾ ਸੀ।
ਜਦੋਂ ਅਜੇ ਵਿਆਹ ਨਈਂ ਸੀ ਹੋਇਆ, ਪ੍ਰੀਤੀ ਦੇ ਜ਼ੋਰ ਪਾਉਣ ਉਤੇ ਅਸੀਂ ਵਿਆਹ ਵਾਲੇ ਕਾਗਜ਼ ਕਚਹਿਰੀ ਦੇ ਆਏ ਸੀ। ਅਗਲੇ ਦਿਨ ਇਹ ਗੱਲ ਆਪਣੀ ਮੰਮੀ ਨੂੰ ਦਸ ਕੇ ਪ੍ਰੀਤੀ ਪਿੰਡੋਂ ਮੁੜੀ ਤਾਂ ਉਹਨੇ ਕੰਟੀਨ ਨੂੰ ਜਾਂਦਿਆਂ ਪਰਸ ਵਿਚੋਂ ਚਿਠੀ ਕਢ ਕੇ ਮੈਨੂੰ ਦਿਤੀ, “ਡੈਡੀ ਦੀ ਆ ਪੜ੍ਹ ਲੈਣੀ ਏਥੇ ਨਈਂ ਘਰ ਜਾ ਕੇ।”
ਮੈਂ ਘਰ ਆ ਕੇ ਚਿਠੀ ਪੜ੍ਹੀ ਸੀ। ਹਰਪ੍ਰੀਤ ਦੇ ਡੈਡੀ ਨੇ ਉਹਦੀ ਮੰਮੀ ਨੂੰ ਲਿਖਿਆ ਸੀ, “ਇਹ ਵਿਆਹ ਕਿਸੇ ਵੀ ਸੂਰਤ ਵਿਚ ਨਹੀਂ ਹੋਣਾ ਚਾਹੀਦਾ। ਓਸ ਮੁੰਡੇ ਨੂੰ ਸ਼ੂਟ ਕਰ ਦਿਓ। ਕਿਸੇ ਨੂੰ ਵੀਹ ਪੰਜਾਹ ਹਜ਼ਾਰ ਦੇ-ਦੁਆ ਕੇ ਫਸਤਾ ਵਢ ਦਿਓ। ਲਾਂਬੜੇ ਵਾਲੇ ਭਜੀ ਨੂੰ ਗੰਢ ਲਓ। ਤੁਸੀਂ ਮਰ ਗਏ ਸਾਰੇ? ਪੈਸੇ ਦੀ ਪ੍ਰਵਾਹ ਨਾ ਕਰੋ। ਦੋ ਲਖ ਤੁਹਾਨੂੰ ਪਹੁੰਚ ਗਿਆ ਹੋਣੈ, ਨੌਂ ਦਸ ਦਿਨਾਂ ਤਕ ਹੋਰ ਅਪੜ ਜਾਊ ਮੇਰੀ ਗੱਲ ਉਤੇ ਗੌਰ ਕਰਿਓ।”
ਦੂਜੇ ਦਿਨ ਵਿਹਲੇ ਸਮੇਂ ਬੈਠੇ ਅਸੀਂ ਫੋਕੀਆਂ ਜਿਹੀਆਂ ਗੱਲਾਂ ਕਰਦੇ ਰਹੇ। ਪੀਰਡ ਖਤਮ ਕਰਕੇ ਜਦੋਂ ਮੈਂ ਉਹਨੂੰ ਹੋਸਟਲ ਵਲ ਛਡਣ ਗਿਆ ਸੀ ਤਾਂ ਰਸਤੇ ਵਿਚ ਉਹਨੇ ਆਪਣੇ ਡੈਡੀ ਦੀ ਇਕ ਗੱਲ ਦਸੀ। ਇਹ ਗੱਲ ਉਹਨੂੰ ਕਿਸੇ ਟਾਈਮ ਉਹਦੀ ਮੰਮੀ ਨੇ ਦਸੀ ਸੀ। ਮੰਮੀ ਨੂੰ ਬਹੁਤ ਚਿਰ ਪਹਿਲਾਂ ਪ੍ਰੀਤੀ ਦੀ ਕਰਤਾਰਪੁਰ ਵਾਲੀ ਭੂਆ ਨੇ ਦਸੀ ਸੀ।
ਗੱਲ ਹੈ ਤਾਂ ਆਮ ਜਿਹੀ ਸੀ ਪਰ ਉਹ ਪ੍ਰੀਤੀ ਦੇ ਅੰਦਰ ਕਿਤੇ ਪਾਰੇ ਵਾਂਗ ਬਹਿ ਗਏ ਸੀ। ਵਿਆਹ ਹੋਣ ਤੋਂ ਪਹਿਲਾਂ ਪ੍ਰੀਤੀ ਦੇ ਡੈਡੀ ਨਾਲ ਵਾਲੇ ਪਿੰਡ ਦੇ ਆਪਣੇ ਰਹਿ ਚੁਕੇ ਰਮਦਾਸੀਏ ਮਾਸਟਰ ਦੀ ਕੁੜੀ ਨਾਲ ਬਹੁਤ ਪਿਆਰ ਕਰਦੇ ਸੀ। ਕੁੜੀ ਏਥੇ ਤਕ ਤੁਲ ਗਈ ਕਿ ਉਹਨੇ ਪਹਿਲਾਂ ਤਾਂ ਆਪਣੇ ਪਿਓ ਨੂੰ ਨਿਸ਼ੰਗ ਕਹਿ ਦਿਤਾ ਕਿ ਮੈਂ ਤਾਂ ਜਗਤੇ ਨਾਲ ਵਿਆਹ ਕਰਾਉਣਾ, ਨਈਂ ਮਹੁਰਾ ਖਾ ਲਊਂ। ਫਿਰ ਆ ਕੇ ਇਹੋ ਗੱਲ ਪ੍ਰੀਤੀ ਦੇ ਦਾਦੇ ਮੂਹਰੇ ਆ ਕਹੀ। ਉਹ ਕੁੜੀ ਭੂਆ ਦੀ ਸਹੇਲੀ ਵੀ ਸੀ, ਘਰ ਆਉਂਦੀ ਜਾਂਦੀ ਸੀ। ਭੂਆ ਨੂੰ ਸਾਰੀ ਗੱਲ ਦਾ ਭੇਤ ਸੀ। ਅਗਲੇ ਦਿਨ ਜਗਤਾ ਉਹਨੂੰ ਮਿਲਿਆ ਤੇ ਲੜ ਪਿਆ। ਕਹਿਣ ਲੱਗਾ ਵਿਆਹ ਦੀ ਗੱਲ ਤੂੰ ਸੋਚ ਕਿਦਾਂ ਲਈ? ਮੇਰਾ ਪਿਆਰ ਤਾਂ ਹੈ ਪਰ ਵਿਆਹ ਵਾਲੀ ਗੱਲ ਨ੍ਹੀਂ ਹੋ ਸਕਦੀ। ਕੁੜੀ ਅੜ ਗਈ। ਕਹਿੰਦੀ, ਮੈਂ ਢੇਰ ਉਤੇ ਨ੍ਹੀਂ ਸੁਟੀ ਹੋਈ! ਤੂੰ ਮੇਰੀ ਇਜ਼ਤ ਖੇਹ ਰੋਲੀ ਆ, ਮੈਂ ਪਿੰਡ ਵਿਚ ਤੇਰੀ ਮਿੱਟੀ ਰੋਲ ਕੇ ਛਡੂੰ।
ਉਹ ਤਾਂ ਜੀ ਖੂਹ ਤੇ ਆ ਕੇ ਬਹਿ ਗਈ, ਜਾਵੇ ਨਾ। ਫੇਰ ਉਹਦਾ ਕੋਈ ਪਤਾ ਨਾ ਲੱਗਾ ਕਿ ਕਿਥੇ ਚਲੀ ਗਈ। ਉਹਦਾ ਪੇ ਪੁਲਿਸ ਲੈ ਆਇਆ। ਆਦਧਰਮੀ ਵੀ ਕਠੇ ਹੋ ਗਏ ਡੈਡੀ ਹੁਣਾਂ ਪੁਲਿਸ ਕੋਲ ਪੈਸੇ ਚਾੜ੍ਹ ‘ਤੇ। ਪੁਲਿਸ ਉਲਟਾ ਮਾਸਟਰ ਨੂੰ ਫੜ ਕੇ ਲੈ ਗਈ ਤੇ ਗੱਲ ਦਬਾ ਦਿਤੀ ਗਈ। ਜਦੋਂ ਮੁਰਬਾਬੰਦੀ ਹੋਈ ਤਾਂ ਨਿਆਈਆਂ ਵਾਲੀ ਝਿੜੀ ਕਲੇਰਾਂ ਵਾਲਿਆਂ ਦੇ ਹਿੱਸੇ ਆ ਗਈ ਤੇ ਉਨ੍ਹਾਂ ਨੇ ਵਾਹ ਦਿਤੀ, ਸੂਏ ਤੋਂ ਪਾਰ ਆੜ ਕਢਦੇ ਕਲੇਰਾਂ ਵਾਲਿਆਂ ਦੇ ਬੁੜ੍ਹੇ ਨੇ ਹਡੀਆਂ ਦੇਖ ਕੇ ਕਹੀ ਰੋਕ ਦਿਤੀ। ਉਥੇ ਲੋਕ ਸੁਣ ਕੇ ਮੈਂ ਹਉਕਾ ਭਰਿਆ ਸੀ। ਚਾਹ ਨਈਂ ਪੀਤੀ ਗਈ। ਪਰ ਹਰਪ੍ਰੀਤ ਨੇ ਚਾਹ ਵੀ ਪੀਤੀ ਤੇ ਬਰੈਡ ਪਕੌੜੇ ਦੋਨੋਂ ਖਾ ਗਈ।
“ਗੁਰ ਕਚਹਿਰੀਆਂ ਵਿਚ ਕਿਸੇ ਨੂੰ ਸੌ ਪੰਜਾਹ ਦੇ ਕੇ ਕਾਗਜ਼ ਦੋ-ਚਾਰ ਦਿਨਾਂ ਵਿਚ ਕਢਾ ਲਓ ਛੇਤੀ। ਮੈਰਿਜ਼ ਹੋ ਜਾਏ ਇਹ ਪੈਹੇ, ਇਹ ਹੈਂਕੜ, ਹਰ ਥਾਂ ਨਈਂ ਚਲ ਸਕਦੇ।” ਪ੍ਰੀਤੀ ਨੇ ਦੰਦ ਕਰੀਚੇ ਸਨ। ਇਕ ਦਮ ਉਹਦਾ ਚਿਹਰਾ ਤਣ ਗਿਆ ਸੀ। ਅਜੀਬ ਸੁਭਾਅ ਦੀ ਕੁੜੀ ਸੀ।
ਮੇਰੀ ਨਿਗ੍ਹਾ ਪਖੇ ‘ਤੇ ਅਟਕ ਗਈ। ਫਿਰ ਨਿਗ੍ਹਾ ਪਖੇ ਦੇ ਤੇਜ਼ ਘੁੰਮਦੇ ਫਰਾਂ ਨੂੰ ਫੜਨ ਲੱਗੀ ਪਰ ਕੋਈ ਪੇਸ਼ ਨਈਂ ਸੀ ਜਾ ਰਹੀ। ਫਿਰ ਨਿਗ੍ਹਾ ਵਿਚਕਾਰ ਮੋਟਰ ਉਤੇ ਟਿਕ ਗਈ, ਗੋਲ ਗੁੰਬਦ ਜਿਹੇ ਉਤੇ। ਕਿਵੇਂ ਗਰੀਸ ਨਿਕਲ ਕੇ ਬਾਹਰਲਾ ਪਾਸਾ ਕਾਲਾ ਹੋ ਗਿਆ ਸੀ। ਮਾੜੀ ਕੰਪਨੀ ਦਾ ਪਖਾ ਲਗਦਾ ਸੀ, ਚੰਗੀ ਕੰਪਨੀ ਦੀ ਚੀਜ਼ ਤਾਂ ਘਰ ਦੀ ਸ਼ੋਭਾ ਵਧਾ ਦਿੰਦੀ ਹੈ।
“ਪੁੱਤ, ਇਹ ਠੀਕ ਆ ਪਈ ਬਖਸ਼ਾ ਚੰਗੀ ਨੌਕਰੀ ਉਤੇ ਆ, ਸੋਹਣਾ-ਸੁਨੱਖਾ ਤੇ ਛੇ ਫੁੱਟ ਤੋਂ ਉਚਾ ਪਰ ਪੁਤ ਹੈ ਤਾਂ, ” ਭਾਈਆ ਗੱਲ ਕਰਦਾ ਕਰਦਾ ਰੁਕ ਗਿਆ ਸੀ। ਫਿਰ ਗੱਲ ਪਲਟ ਕੇ ਕਹਿਣ ਲੱਗਾ, “ਬਸ ਧੀਏ ਤੂੰ ਐਂ ਸੋਚ ਲੈ ਜਿਦਾਂ ਬਈ ਸਾਰਾ ਕੁਛ ਈ ਵਧੀਆ ਹੋਵੇ ਪਰ ਕੰਪਨੀ ਮਾੜੀ ਹੋਵੇ। ਪਹਿਲਾਂ ਤਾਂ ਕਹਿਣਗੇ ਨੀਂਵੀਂ ਜਾਤ ਆ, ਯਾਨਿ ਮਾੜ੍ਹੀ ਕੰਪਨੀ ਆ ਤੇ ਆਪਣੇ ਆਪ ਨੂੰ ਸਮਝਣਗੇ ਟਾਪ ਦੀ ਕੰਪਨੀ, ਅਸਲੀ ਮਾਲ ਜਿੱਦਾਂ ਰੈਲੇ ਕੰਪਨੀ ਸੀ, ਊਸ਼ਾ, ਬਜਾਜ ਜਾਂ ਫਿਲਪ ਤੇ ਪ੍ਰੀਤ ਪੁੱਤ ਇਹ ਦੇਖ ਲਾ ਕੰਪਨੀ ਤਾਂ ਪਈ ਐਸੀ ਵੈਸੀ ਈ ਆ।” ਭਾਈਆ ਕਹਿ ਕੇ ਹੱਸਿਆ ਸੀ।
“ਕਿਆ ਕਮਾਲ ਆ ਭਾਈਆ ਜੀ, ਗੱਲ ਦਾ ਸੁਆਦ ਲਿਆ ‘ਤਾ। ਦੇਖੋ ਗੁਰ, ਭਾਈਆ ਜੀ ਦੀ ਗੱਲ਼; ਭਾਈਆ ਜੀ, ਮੈਂ ਕਹਾਂ, ਆਈ ਐਮ ਪਰੌਡ ਆਫ ਯੂ ਭਾਈਆ ਜੀ।” ਭਾਵੁਕ ਹੋਈ ਪ੍ਰੀਤੀ ਨੇ ਹੁੱਕਾ ਪੀ ਰਹੇ ਭਾਈਏ ਨੂੰ ਜੱਫੀ ਜਾ ਪਾਈ ਸੀ।
ਇਹ ਭਾਈਆ ਫਿਰ ਪਤਾ ਨਈਂ ਕਿਧਰੋਂ ਆ ਦਾਖਲ ਹੋਇਆ। ਮੈਂ ਤਾਂ ਪਖੇ ਬਾਰੇ ਸੋਚ ਰਿਹਾ ਸੀ। ਸਰਘੀ ਉਠ ਕੇ ਬਹਿ ਗਈ। ਇਧਰ ਉਧਰ ਦੇਖਣ ਲੱਗੀ।
“ਉਠ ਗਿਆ ਮੇਰਾ ਰਾਜਾ ਬੇਟਾ!” ਹਰਪ੍ਰੀਤ ਅੰਦਰ ਦਾਖਲ ਹੋਈ ਤੇ ਮੇਰੇ ਕੋਲ ਬੈਠ ਗਈ। ਉਹਦੇ ਹੱਥ ਵਿਚ ਪੈਪਸੀ ਦੀ ਬੋਤਲ ਸੀ। “ਲੈ ਮੇਰਾ ਰਾਜਾ ਕੋਲਡ ਡਰਿੰਕ ਪੀਓ, ਸੋ ਸਵੀਟ।” ਉਹਨੇ ਬੋਤਲ ਸਰਘੀ ਨੂੰ ਫੜਾ ਕੇ ਮੇਰੀਆਂ ਅੱਖਾਂ ਵਿਚ ਝਾਕਿਆ। ਉਹ ਸਹਿਮੀ ਹੋਈ ਸੀ।
“ਤੁਸੀਂ ਕੜਾ ਤੇ ਮੁੰਦੀਆਂ ਵਗੈਰਾ ਨਈਂ ਨਾ ਲੈਣ ਦਿੱਤੇ ਡੈਡੀ ਬੜੇ ਖੁਸ਼ ਆ।” ਹਰਪ੍ਰੀਤ ਗੱਲ ਕਰਦੀ ਮੇਰੇ ਉਪਰ ਝੁਕ ਗਈ, ਮੇਰੇ ਵਾਲਾਂ ਉਤੇ ਹੱਥ ਫੇਰਨ ਲਗੀ।
“ਹੇਠਾਂ ਕਾਹਦਾ ਰੌਲਾ ਪੈ ਰਿਹਾ?” ਕਾਮਰੇਡ ਬੋਲਦਾ ਸੀ।
“ਤੁਹਾਨੂੰ ਸੁਣ ਗਿਆ? ਗੁਰਪ੍ਰੀਤ ਝੇੜਾ ਪਾਈ ਬੈਠੀ ਆ। ਕਹਿੰਦੀ ਆ, ਮੈਨੂੰ ਜਿਪਸੀ ਲੈ ਕੇ ਦਿਓ।
ਕਾਮਰੇਡ ਕਹਿੰਦਾ, ਮੇਰੇ ਮੁੰਡੇ ਨੂੰ ਤੁਸੀਂ ਕੀ ਪਾਇਆ? ਦੋ ਮੁੰਡੇ ਹੋਏ ਪੰਜਾਹ ਪੰਜਾਹ ਛਿਲੜਾਂ ਨਾਲ ਸਾਰ ‘ਤਾ। ਡੈਡੀ ਨੂੰ ਕਹਿੰਦਾ, ਵੀਹ ਲੱਖ ਜਮਾ ਕਰਕੇ ਰੱਖਿਆ, ਉਹਨੂੰ ਅੱਗ ਲਾਉਣੀ ਆ, ਨਾਲੇ ਮੈਨੂੰ ਜਿਪਸੀ ਲੈ ਦਿਓ, ਨਾਲੇ ਨੇਕ ਨੂੰ, ਬੇਵਕੂਫ ਨੇਕ ਨੂੰ ਭੜਕਾਉਂਦਾ।” ਗੱਲ ਕਰਦੀ ਕਰਦੀ ਹਰਪ੍ਰੀਤ ਸਿੱਧੀ ਹੋ ਗਈ। “ਚਲੋ ਛੱਡੋ ਇਹ ਗੱਲਾਂ ਚਾਚਾ ਤੇ ਚਾਚੀ ਵੀ ਬੜੇ ਖੁਸ਼ ਆ ਤੁਹਾਨੂੰ ਦੇਖ ਕੇ। ਮੰਮੀ ਹੁਣੀਂ ਉਨ੍ਹਾਂ ਕੋਲ ਝੂਠ ਬੋਲਿਆ ਹੋਣੈ ਤੁਹਾਡੇ ਬਾਰੇ, ਪਰ ਗੱਲ ਦਬ ਗਈ। ਭੂਆ ਕਹਿੰਦੀ ਸੀ, ਦੋਨੋਂ ਜਣੇ ਜ਼ਰੂਰ ਪਿੰਡ ਗੇੜੀ ਮਾਰਿਓ। ਜਦੋਂ ਤੁਸੀਂ ਖੂਹ ਵੱਲ ਗਏ ਆਂ, ਜਿਹਨੇ ਜਿਹਨੇ ਵੀ ਦੇਖਿਆ, ਕਈ ਜਣੀਆਂ ਆਈਆਂ ਗੁਣ ਗਾ ਕੇ ਗਈਆਂ।”
ਕੋਈ ਪਉੜੀਆਂ ‘ਚ ਆ ਰਿਹਾ ਸੀ। ਹਰਪ੍ਰੀਤ ਉਠ ਕੇ ਕੁਰਸੀ ਉਤੇ ਬਹਿ ਗਈ।
“ਉਠ ਗਈ ਬਈ ਸਰਘੀ ਆ ਜਾ ਮੇਰੇ ਕੋਲ।” ਹਰਪ੍ਰੀਤ ਦੇ ਡੈਡੀ ਨੇ ਉਹਨੂੰ ਚੁਕ ਲਿਆ ਤੇ ਮੇਰੇ ਕੋਲ ਪਲੰਘ ਉਤੇ ਹੀ ਬਹਿ ਗਏ।
“ਪੁੱਤ, ਮੇਰੇ ਸ਼ਿੰਦੇ, ਕੋਈ ਗੱਲ ਮਨ ਉਤੇ ਨ੍ਹੀਂ ਲਾਉਣੀ, ਆਪਣੇ ਘਰ ਸੁਖੀ ਵਸੋ। ਕੋਈ ਔਖ ਸੌਖ ਹੋਵੇ ਅਸੀਂ ਹੈਗੇ ਆ। ਸਾਰਾ ਪਿੰਡ ਸੋਭਾ ਕਰਦੈ ਜਿਹੜਾ ਵੀ ਸੁਣਦਾ ਪ੍ਰਾਹੁਣਾ ਪ੍ਰੋਫੈਸਰ ਆ, ਮੂੰਹ ਅੱਡਿਆ ਰਹਿ ਜਾਂਦਾ।”
“ਪ੍ਰੀਤੀ ਵੀ ਤਾਂ ਪ੍ਰੋਫੈਸਰ ਆ!” ਮੈਂ ਕਹਿ ਕੇ ਹੱਸਿਆ।
“ਉਹ ਤਾਂ ਹੈ”, ਪ੍ਰੀਤੀ ਦੇ ਡੈਡੀ ਬੋਲੇ।
“ਮੰਮੀ ਜੀ, ਸਾਡੇ ਬਾਰੇ ਤੁਸੀਂ ਕਦੇ ਚਿੰਤਾ ਨਈਂ ਕਰਨੀ। ਖਾਸ ਕਰਕੇ ਹਰਪ੍ਰੀਤ ਬਾਰੇ, ਸਾਡੇ ਬਾਰੇ ਕੋਈ ਕੀ ਸੋਚਦਾ ਜਾਂ ਕਹਿੰਦਾ, ਇਹਦੇ ਬਾਰੇ ਅਸੀਂ ਨ੍ਹੀਂ ਸੋਚਦੇ, ਨਾ ਸਾਡੇ ਕੋਲ ਵਿਹਲ ਹੀ ਹੈ ਇਨ੍ਹਾਂ ਦੀਆਂ ਗੱਲਾਂ ਬਾਰੇ ਸੋਚਣ ਦੀ। ਸਾਨੂੰ ਕੋਈ ਮੱਥੇ ਵਟ ਪਾਵੇ, ਕੋਈ ਹੱਸ ਕੇ ਬੁਲਾਵੇ, ਇਹ ਗੱਲਾਂ ਕੋਈ ਮਾਅਨੇ ਨਈਂ ਰੱਖਦੀਆਂ।”
“ਸ਼ਾਬਾਸ਼ੇ ਬਰਖੁਰਦਾਰ! ਨਈਂ ਰੀਸਾਂ ਤੇਰੀਆਂ। ਤੇਰੇ ਬਾਰੇ ਸੁਣਿਆ ਬਥੇਰਾ ਕੁਛ ਸੀ, ਪਈ ਐਸ ਖਿਆਲਾਂ ਦਾ ਮੁੰਡਾ ਬਈ, ਮਿਲ ਕੇ ਦੇਖ ਵੀ ਲਿਆ। ਵਾਹਿਗੁਰੂ ਲੰਮੀਆਂ ਉਮਰਾਂ ਕਰੇ।” ਪ੍ਰੀਤੀ ਦੇ ਡੈਡੀ ਜਜ਼ਬਾਤ ਵਿਚ ਘਿਰ ਗਏ, ਉਨ੍ਹਾਂ ਦਾ ਹੱਥ ਮੇਰੇ ਮੋਢੇ ਉਤੇ ਆ ਟਿਕਿਆ ਤੇ ਫਿਰ ਪਿੱਠ ਉਤੇ ਫਿਰ ਗਿਆ, “ਜੀਂਦਾ ਵਸਦਾ ਰਹਿ ਸੋਹਣਿਆ।” ਬੋਲਦਿਆਂ ਉਨ੍ਹਾਂ ਆਪਣਾ ਮੂੰਹ ਸਰਘੀ ਦੇ ਸਿਰ ‘ਤੇ ਰੱਖ ਦਿੱਤਾ।
ਹਰਪ੍ਰੀਤ ਦੀ ਮੰਮੀ ਨੇ ਲੀੜਾ ਸੁਆਰਿਆ ਤੇ ਹੇਠੋਂ ਇਕ ਪਾਲਿਥੀਨ ਦਾ ਲਿਫਾਫਾ ਕਢ ਕੇ ਪ੍ਰੀਤੀ ਦੇ ਡੈਡੀ ਨੂੰ ਫੜਾਇਆ।
ਮੈਂ ਤੇ ਪ੍ਰੀਤੀ ਨੇ ਇਕ ਦੂਜੇ ਵਲ ਦੇਖਿਆ।
“ਦੇਖ ਬਈ ਗੁਰਬਖਸ਼ ਇਹ ਕੁਛ ਨ੍ਹੀਂ ਆ, ਤੁਸੀਂ ਦੋਹਾਂ ਨੇ ਵਿਆਹ ਕਰ ਲਿਆ, ਧੀ ਵੀ ਜੰਮ ਪਈ, ਤੁਸੀਂ ਮੌਜਾਂ ਕਰਦੇ ਆਂ ਫੇਰ ਵੀ ਧੀ ਵਾਲੇ ਤਾਂ ਸਦਾ ਦੇਣਦਾਰ ਰਹਿੰਦੇ ਆ। ਅਸੀਂ ਤੇਰੀ ਲਿਆਕਤ, ਤੇਰੀ ਸ਼ਰਾਫਤ ਅੱਗੇ ਕੱਖ ਨਈਂ। ਆਹ ਤਿਲ-ਫੁੱਲ ਆ, ਬਸ ਤੇਰੇ ਤੇ ਮੇਰੀਆਂ ਇਨ੍ਹਾਂ ਧੀਆਂ ਦੇ ਕੱਪੜੇ-ਲਤੇ ਲਈ ਪੰਜਾਹ ਹਜ਼ਾਰ ਆ, ਇਹ ਕਈ ਚਿਰ ਦੇ ਤੁਹਾਡੇ ਨਾਂ ਦੇ ਈ ਪਏ ਆ, ਸਾਂਭ ਲਓ।”
ਪੰਜਾਹ ਹਜ਼ਾਰ ਸੁਣ ਕੇ ਮੈਨੂੰ ਜਿਵੇਂ ਝਟਕਾ ਲੱਗਾ। ਇਹ ਕੰਧ ਉਸਾਰਨ ਦਾ ਵਿਚੋਂ ਕਾਰਨ ਕੀ ਹੈ? ਜੇ ਇਹ ਰਿਸ਼ਤਾ ਹੁਣ ਸਵੀਕਾਰ ਈ ਕੀਤਾ ਹੈ ਤਾਂ ਇਹ ਠੁੰਮਣਾ ਕਾਹਦੇ ਲਈ? ਇੰਨੇ ਸਾਲਾਂ ਤੋਂ ਸਾਨੂੰ ਪੈਸੇ ਦੀ ਲੋੜ ਤਾਂ ਪਈ ਨਈਂ ਅਸੀਂ ਘਰ ਵੀ ਬਣਾਉਂਦੇ ਰਹੇ, ਨੇਕ ਤਿੰਨ ਚਾਰ ਵਾਰ ਰੇਤਾ ਦੀਆਂ ਟਰਾਲੀਆਂ ਵੀ ਸੁਟ ਕੇ ਆਇਆ, ਹੁਣ ਅਚਾਨਕ ਏਨਾ ਮੋਹ ਕਾਹਦੇ ਲਈ? ਪੰਜ ਸਾਲ ਤੋਂ ਤੁਰ ਹੀ ਰਹੇ ਆਂ।
ਹਫਤਾ ਕੁ ਪਹਿਲਾਂ ਹਰਨੇਕ ਆਇਆ। ਕਹਿਣ ਲੱਗਾ, “ਭਾ ਜੀ, ਐਤਵਾਰ ਨੂੰ ਮੇਰਾ ਮੰਗਣਾ, ਤੁਸੀਂ ਜ਼ਰੂਰ ਪਹੁੰਚਣਾ।”
ਹਰਨੇਕ ਨੇ ਆਉਣ-ਜਾਣ ਕਰਕੇ ਸਾਡੇ ਨਾਲ ਇੰਨੀ ਕੁ ਸਾਂਝ ਬਣਾ ਲਈ ਸੀ ਕਿ ਮੈਂ ਕੁਛ ਨਾ ਬੋਲਿਆ।
“ਡੈਡੀ ਨਾਲ ਸਲਾਹ ਕੀਤੀ ਆ? ਭਰਾਵਾ ਸਾਡੇ ਆਉਣ ਨਾਲ ਤੇਰੇ ਕੰਮ ‘ਚ ਕੋਈ ਵਿਘਨ ਨਾ ਪੈ ਜਾਏ”, ਹਰਪ੍ਰੀਤ ਹੱਸ ਕੇ ਕਹਿਣ ਲੱਗੀ।
“ਕਿਹੜਾ ਵਿਘਨ ਪਾਉਣ ਆਲਾ ਜੰਮਿਆ? ਤੁਸੀਂ ਹਾਜ਼ਰ ਹੋਊਂਗੇ ਤਾਂ ਇਹ ਕੰਮ ਸਿਰੇ ਲੱਗੂ, ਨਈਂ ਬੈਠੇ ਰਹਿਣ।” ਉਹ ਆਕੜ ਗਿਆ।
“ਛੋਟੇ ਭਾ ਜੀ ਐਂ ਕਰੀਂ, ” ਡੈਡੀ ਦਾ ਫੋਨ ਆ ਗਿਆ। ਮੈਂ ਪਹਿਲੀ ਵਾਰੀ ਉਨ੍ਹਾਂ ਦੀ ਆਵਾਜ਼ ਸੁਣੀ ਸੀ, ਬੜੀ ਠਰੰਮੇ ਵਾਲੀ, ਸਹਿਜ। ਹੁਣ ਤਕ ਤਾਂ ਮੈਂ ਉਨ੍ਹਾਂ ਦੀਆਂ ਫੋਟੋਆਂ ਹੀ ਦੇਖੀਆਂ ਸੀ, ਕਿਸੇ ਪੱਬ ਵਿਚ, ਕਿਸੇ ਲੰਮੀ ਕਾਰ ਕੋਲ ਕਿਤੇ ਫੁੱਲਾਂ ਵਿਚ। ਜਦੋਂ ਅਜੇ ਅਸੀਂ ਵਿਆਹ ਦੀ ਗੱਲ ਨਈਂ ਸੀ ਤੋਰੀ, ਉਦੋਂ ਪ੍ਰੀਤੀ ਮੈਨੂੰ ਪਿੰਡ ਲੈ ਕੇ ਗਈ। ਖੁੱਲ੍ਹਾ-ਡੁੱਲ੍ਹਾ ਘਰ ਸੀ। ਘਰ ਵਿਚ ਪ੍ਰੀਤੀ ਦੀ ਮੰਮੀ ਸੀ, ਵੱਡੀ ਭੈਣ ਗੁਰਪ੍ਰੀਤ ਸੀ ਜਿਹੜੀ ਲਾਗਲੇ ਪਿੰਡ ਵਿਚ ਪੜ੍ਹਾਉਂਦੀ ਸੀ, ਨੌਵੀਂ ਵਿਚ ਪੜ੍ਹਦਾ ਹਰਨੇਕ ਸੀ, ਅਲੂੰਆਂ ਜਿਹਾ। ਹਰਪ੍ਰੀਤ ਆਪ ਤਾਂ ਕਾਲਜ ਦੇ ਹੋਸਟਲ ਵਿਚ ਰਹਿੰਦੀ ਸੀ, ਹੋਸਟਲ ਵਾਰਡਨ ਜੁ ਸੀ। ਬੈਠਕ ਵਿਚ ਕੰਧ ਉਪਰ ਵੱਡੀ ਸਾਰੀ ਰੰਗੀਨ ਫੋਟੋ ਲੱਗੀ ਹੋਈ ਸੀ, ਕੁੰਢੀਆਂ ਮੁੱਛਾਂ, ਤੇੜ ਚਾਦਰਾ ਤੇ ਕਲੀਆਂ ਵਾਲਾ ਕੁੜਤਾ।
“ਇਹ ਮੇਰੇ ਡੈਡੀ ਆ, ਫਾਰਨ ‘ਚ ਆ। ਪਹਿਲਾ ਕੈਨੇਡਾ ਗਏ ਸੀ ਟਰਾਂਟੋ, ਉਥੋਂ ਅਮਰੀਕਾ ਚਲੇ ਗਏ, ਕੈਲੇਫੋਰਨੀਆ।” ਪ੍ਰੀਤੀ ਨੇ ਬੜੇ ਚਾਅ ਨਾਲ ਦੱਸਿਆ ਸੀ। ਫੇਰ ਜਦੋਂ ਵਿਆਹ ਦੀ ਗੱਲ ਚੱਲੀ ਤਾਂ ਘਰ ਅਮਰੀਕਾ ਤੋਂ ਫੋਨ ‘ਤੇ ਫੋਨ ਆਉਣ ਲੱਗਾ। ਹਰਪ੍ਰੀਤ ਦਾ ਉਦੋਂ ਮੋਹ ਭੰਗ ਹੋ ਗਿਆ।
“ਪਈ ਗੁਰਬਖਸ਼ ਬੋਲ ਰਿਹਾ?” ਹਰਪ੍ਰੀਤ ਦਾ ਡੈਡੀ ਪੁੱਛ ਰਿਹਾ ਸੀ।
“ਜੀ ਹਾਂ, ਤੁਸੀਂ ਕੌਣ?” ਮੈਂ ਸ਼ਸ਼ੋਪੰਜ ਵਿਚ ਪਏ ਨੇ ਪੁੱਛਿਆ ਸੀ।
“ਮੈਂ ਹਰਪ੍ਰੀਤ ਦਾ ਫਾਦਰ ਬੋਲਦਾਂ ਪਈ ਤੁਸੀਂ ਐਤਵਾਰੀਂ ਨੇਕ ਦੇ ਮੰਗਣੇ ਉਤੇ ਪਹੁੰਚਣਾ, ਜ਼ਰੂਰੀ ਤਾਗੀਦ ਆ, ਅਸੀਂ ‘ਡੀਕਾਂਗੇ, ਦੇਖਿਓ, ਐਵੇਂ ਟਾਲਾ ਨਾ ਮਾਰਿਓ, ਇਹ ਰਕੁਐਸਟ ਈ ਆ।”
“ਆਹ ਹਰਪ੍ਰੀਤ ਨਾਲ ਵੀ ਗੱਲ ਕਰ ਲਓ।” ਮੈਂ ਕੋਲ ਖੜ੍ਹੀ ਹਰਪ੍ਰੀਤ ਨੂੰ ਫੋਨ ਫੜਾ ਦਿਤਾ ਸੀ ਤੇ ਆਪ ਬਾਹਰ ਘਾਹ ਉਤੇ ਲੰਮਾ ਸਾਹ ਲਿਆ ਸੀ। ਉਪਰ ਦੇਖਿਆ, ਹਨੇਰੇ ਵਿਚ ਕਿੰਨਾ ਚਾਨਣ ਘੁਲਦਾ ਜਾ ਰਿਹਾ ਸੀ, ਸ਼ਾਇਦ ਚੰਦ ਨਿਕਲਣ ਵਾਲਾ ਸੀ।
ਉਹ ਤਾਂ ਇਕ ਆਵਾਜ਼ ਸੀ, ਇਕ ਵਿਸ਼ਵਾਸ ਜਿਸ ਕਰਕੇ ਸਾਰੇ ਰਿਸ਼ਤੇ ਜਿਹੜੇ ਅਜੇ ਤਕ ਜੁੜੇ ਨਈਂ ਸਨ, ਜੁੜ ਗਏ ਸੀ। ਬਿਨਾਂ ਕਿਸੇ ਉਚੇਚ ਦੇ, ਬਿਨਾ ਕਿਸੇ ਉਪਰਾਲੇ ਦੇ। -ਪਰ ਹੁਣ ਇਹ ਨ੍ਹੀਂ? ਪੰਜਾਹ ਹਜ਼ਾਰ ਦੇ ਨੋਟਾਂ ਨਾਲ ਕੀ ਜੋੜਿਆ ਜਾਂ ਤੋੜਿਆ ਜਾ ਰਿਹਾ ਸੀ। ਬਹੁਤੀ ਵਾਰੀ ਇਉਂ ਹੁੰਦਾ ਹੈ ਕਿ ਦੁਨਿਆਵੀ ਰਿਸ਼ਤਿਆਂ ਦੇ ਜੋੜ-ਤੋੜ ਤੇ ਉਸਰਨ ਬਾਰੇ ਬੰਦੇ ਨੂੰ ਕਖ ਪਤਾ ਨਈਂ ਲਗਦਾ। ਇਸੇ ਉਲਝੀ ਸੋਚ ਦਾ ਸਿਰਾ ਲਭਣ ਦੀ ਕੋਸ਼ਿਸ਼ ਵਿਚ ਮੈਂ ਪ੍ਰੀਤੀ ਦੇ ਡੈਡੀ ਦੇ ਹਥਾਂ ਵਿਚ ਫੜੇ ਲਿਫਾਫੇ ਨੂੰ ਘੂਰ ਰਿਹਾ ਸੀ।
“ਡੈਡੀ! ਤੁਹਾਡਾ ਫੋਨ ਇੰਗਲੈਂਡ ਤੋਂ ਤੇਜੀ ਭੂਆ ਦਾ।” ਥੱਲੇ ਵਿਹੜੇ ਵਿਚੋਂ ਹਰਨੇਕ ਨੇ ਵਾਜ਼ ਮਾਰੀ ਤਾਂ ਪ੍ਰੀਤੀ ਦਾ ਡੈਡੀ ਕਾਹਲੀ ਨਾਲ ਉਠਿਆ ਤੇ ਲਿਫਾਫਾ ਮੇਰੇ ਪਟਾਂ ਉਤੇ ਰੱਖ ਕੇ ਪਉੜੀਆਂ ਉਤਰ ਗਿਆ।
“ਦੇਖੋ ਮੰਮੀ, ਸਾਨੂੰ ਪੈਹਿਆਂ ਦੀ ਕਿਤੇ ਲੋੜ ਨਈਂ ਸਾਡੀ ਕੋਈ ਇਹੋ ਜਿਹੀ ਜ਼ਰੂਰਤ ਵੀ ਹੈਨੀ ਜਿਥੇ ਐਡੀ ਰਕਮ ਖਰਚੀ ਜਾਵੇ। ਅਸੀਂ ਇਹ ਪੈਹੇ ਨ੍ਹੀਂ ਲੈਣੇ।” ਮੈਂ ਲਿਫਾਫਾ ਪ੍ਰੀਤੀ ਦੀ ਮੰਮੀ ਵੱਲ ਵਧਾਇਆ। ਮੰਮੀ ਨੇ ਲਿਫਾਫਾ ਨਈਂ ਫੜਿਆ ਤਾਂ ਪ੍ਰੀਤੀ ਨੇ ਹੱਥ ਵਧਾ ਕੇ ਫੜ ਲਿਆ।
“ਤੁਸੀਂ ਇਹ ਪੈਹੇ ਸਾਨੂੰ ਕਿਉਂ ਦਿੰਦੇ ਆਂ ਦੱਸੋ?” ਬਿਲਕੁਲ ਇਹੋ ਸ਼ਬਦ ਮੈਂ ਕਹਿਣਾ ਚਾਹੁੰਦਾ ਸੀ ਜਿਹੜੇ ਪ੍ਰੀਤੀ ਨੇ ਆਪਣੀ ਮੰਮੀ ਨੂੰ ਕਹੇ। ਪਰ ਮੇਰੇ ਕਹਿਣੇ ਬਣਦੇ ਨਹੀਂ ਸਨ।
“ਓਹ ਵੱਡਾ ਆ, ਦੇਖ ਕਿੱਦਾਂ ਸਾਡੀ ਜਾਨ ਲੈਣੀ ਕੀਤੀ ਆ। ਗਲ ਵਿਚ ਗੂਠਾ ਦੇ ਕੇ ਲੈਂਦਾ, ਮੈਂ ਤੁਹਾਡੇ ਲਈ ਐਨਾ ਵੀ ਨ੍ਹੀਂ ਕਰ ਸਕਦੀ? ਮੈਂ ਨ੍ਹੀਂ ਤੁਹਾਡੀ ਕੁਛ ਲਗਦੀ? ਕੀ ਆ ਇਹ ਝੂੰਗੇ ‘ਚੋਂ ਚਾਰ ਕੌਡਾਂ ਪਰਮਾਤਮਾ ਨੇ। ਵਥੇਰਾ ਕੁਛ ਦਿਤਾ ਆ ਨੇਕ ਨੂੰ, ਰਬ ਤੰਦਰੁਸਤੀ ਬਖਸ਼ੇ, ਖਨੀ ਅਗਲਿਆਂ ਨੇ ‘ਮਰੀਕਾ ‘ਚ ਸੱਦ ਲੈਣਾ!”
ਹੇਠੋਂ ਭੂਆ ਦੀ ਵਾਜ਼ ਆਈ, ਰੋਟੀ ਖਾਣ ਲਈ। ਹਰਪ੍ਰੀਤ ਉਠ ਕੇ ਚਲੀ ਗਈ। ਜਾਂਦੀ ਹੋਈ ਲਿਫਾਫਾ ਕੁਰਸੀ ਉਤੇ ਰਖ ਗਈ।
“ਦੇਖ ਪੁੱਤ, ਇਹ ਪੈਸੇ ਤੁਸੀਂ ਰੱਖ ਲਓ,” ਲਿਫਾਫਾ ਲੈ ਕੇ ਪ੍ਰੀਤੀ ਦੀ ਮੰਮੀ ਮੇਰੇ ਕੋਲ ਪਲੰਘ ਉਤੇ ਆ ਬੈਠੀ।
“ਮੇਰੀ ਧੀ ਸਰਘੀ ਦੇ ਨਾਂ ਬੈਂਕ ਵਿਚ ਜਮ੍ਹਾਂ ਕਰਾ ਦਿਓ, ਟੈਮ ਆਉਣ ਉਤੇ ਇਹਨੂੰ ਚੰਗੀਆਂ ਪੜ੍ਹਾਈਆਂ ਕਰਾਇਓ।” ਬੋਲਦੀ ਬੋਲਦੀ ਉਹ ਸਰਘੀ ਨਾਲ ਲਾਡ ਕਰਨ ਲਗੀ।
“ਮੰਮੀ ਜੀ, ਸਾਡੇ ਕੋਲ ਇਹਦੇ ਜੋਗੇ ਬਹੁਤ ਪੈਸੇ ਆ, ਹਰ ਮਹੀਨੇ ਵਥੇਰੇ ਪੈਹੇ ਮਿਲਦੇ ਆ।”
“ਸ਼ਾਬਾਸ਼ੇ ਪੁੱਤਾ, ਨਈਂ ਰੀਸਾਂ ਤੇਰੀਆਂ” ਕਹਿ ਕੇ ਪ੍ਰੀਤੀ ਦੀ ਮੰਮੀ ਨੇ ਮੇਰਾ ਹੱਥ ਪਲੋਸਿਆ।
“ਦੇਖੋ ਮੰਮੀ ਏਸ ਬੰਦੇ ਨੇ ਈ ਸਭ ਕੁਛ ਬਣਾਉਣਾ ਤੇ ਢਾਹੁਣਾ ਹੁੰਦਾ, ਜਿਹੜੇ ਸਮਾਜ ਦੇ ਗਰਕਣ ਦੀ ਅਸੀਂ ਦਿਨ ਰਾਤ ਦੁਹਾਈ ਪਾਉਂਦੇ ਆਂ, ਇਹਦਾ ਸਤਿਆਨਾਸ ਕਰਨ ਵਿਚ ਸਾਡਾ ਵੀ ਤਾਂ ਹੱਥ ਹੈਗਾ। ਅਸੀਂ ਜੇ ਕੋਈ ਨਵਾਂ ਰਾਹ ਉਲੀਕਦੇ ਆਂ, ਕੁਛ ਨਵਾਂ ਸਿਰਜਦੇ ਆਂ ਤਾਂ ਉਹਦੀ ਸੁਰੱਖਿਆ ਵੀ ਤਾਂ ਅਸੀਂ ਈ ਕਰਨੀ ਆ। ਸਾਡਾ ਤਾਂ ਵਿਰਸਾ ਈ ਬਹੁਤ ਮਹਾਨ ਆ, ਚੰਗੀਆਂ ਗਿਆਨ ਭਰਪੂਰ ਗੱਲਾਂ ਨਾਲ ਭਰਿਆ ਪਰ ਅਸੀਂ ਅਮਲ ਨ੍ਹੀਂ ਕਰਦੇ ਉਨ੍ਹਾਂ ਗੱਲਾਂ ਉਤੇ। ਅਸੀਂ ਸਿਰਫ ਗੱਲਾਂ ਕਰਦੇ ਆਂ, ਦਿਖਾਵਾ ਕਰਦੇ ਆਂ। ਗੁਰਦੁਆਰੇ ਦੀਆਂ ਸੰਗਮਰਮਰੀ ਕੰਧਾਂ ਨੇ ਕਿਸੇ ਨੂੰ ਕੱਖ ਨਈਂ ਦੇਣਾ।
ਹਰਪ੍ਰੀਤ ਵਿਚ ਹੀ ਆ ਟਪਕੀ।
“ਪੁੱਤ ਸਾਨੂੰ ਕਿਥੇ ਤੁਹਾਡੇ ਆਂਗ ਇਹ ਗਿਆਨ-ਧਿਆਨ ਦੀਆਂ ਗੱਲਾਂ ਆਉਂਦੀਆਂ।”
“ਲਾ ‘ਤਾ ਅਜ ਮੰਮੀ ਉਤੇ ਈ ਪੀਰਡ? ਭੁੱਖ ਤਾਂ ਨ੍ਹੀਂ ਲੱਗੀ? ਹੇਠਾਂ ਤਾਂ ਡਰਿੰਕ ਚੱਲ ਰਹੀ ਆ, ਜੇ ਕਹੋ ਤਾਂ ਰੋਟੀ ਏਥੇ ਈ ਲੈ ਆਵਾਂ?”
“ਫੇ ਕੀ ਹੋਇਆ ਜੇ ਡਰਿੰਕ ਚਲਦੀ ਆ ਤਾਂ। ਹੇਠਾਂ ਈ ਚਲਦੇ ਆਂ।” ਮੈਂ ਉਠ ਪਿਆ।
“ਪ੍ਰੀਤੀ, ਕੁੜੀਏ ਆਹ ਚੁੱਕ ਰਕਮ ਸਾਂਭ ਲੈ ਆਪਣੇ ਬੈਗ ਵਿਚ, ਸਾਂਭ ਲੈ।”
ਮੈਂ ਪਉੜੀਆਂ ਵਿਚ ਆ ਗਿਆ। ਪ੍ਰੀਤੀ ਆਪਣੀ ਮੰਮੀ ਨਾਲ ਬਹਿਸਣ ਲੱਗੀ।
ਮਹਿਫਿਲ ਜੰਮੀ ਹੋਈ ਸੀ। ਹਰਨੇਕ, ਪ੍ਰੀਤੀ ਦਾ ਚਾਚਾ ਤੇ ਕਾਮਰੇਡ ਇਸ ਬਹਿਸ ਵਿਚ ਉਲਝੇ ਹੋਏ ਸੀ ਕਿ ਗੰਨਾ ਐਤਕੀਂ ਦਸੂਹਾ ਮਿਲ ‘ਤੇ ਸੁਟਣ ਦਾ ਫਾਇਦਾ ਜਾਂ ਭੋਗਪੁਰ ਵਾਲੀ ‘ਤੇ ਸੁਟਣ ਵਿਚ। ਇਕ ਜਣਾ ਨਵਾਂ ਸ਼ਹਿਰ ਦੀ ਮਿਲ ਦੇ ਗੁਣ ਗਾ ਰਿਹਾ ਸੀ। ਹਰਪ੍ਰੀਤ ਦਾ ਡੈਡੀ ਤੇ ਫੁਫੜ ਆਪਸ ਵਿਚ ਹੌਲੀ ਹੌਲੀ ਕੋਈ ਗੱਲ ਕਰ ਰਹੇ ਸੀ।
“ਆਓ ਪੈਸ-ਸਾਬ੍ਹ ਆਓ ਆਓ ਬੈਠੋ।” ਪ੍ਰੀਤ ਦੇ ਫੁੱਫੜ ਨੇ ਰਤਾ ਉਚੀ ‘ਵਾਜ਼ ਵਿਚ ਸ਼ਾਇਦ ਕਹਿ ਦਿੱਤਾ। ਕਾਮਰੇਡ ਨੇ ਗੱਲ ਰੋਕ ਦਿੱਤੀ।
“ਚਾਚਾ ਪੈਗ ਪਾਓ ਬਈ, ਆਪਣਾ ਭਾ ਆ। ਪਾ ਓਏ ਨੇਕ।” ਕਾਮਰੇਡ ਨੇ ਹਰਨੇਕ ਦੀ ਬਾਂਹ ਫੜ ਕੇ ਝੰਜੋੜੀ।
“ਨਈਂ ਨਈਂ ਜੀ ਛਕੀ ਚਲੋ ਤੁਸੀਂ, ਮੈਂ ਲੈਂਦਾ ਨਈਂ।” ਮੈਂ ਵਿਚਾਰਗੀ ਨਾਲ ਕਿਹਾ।
“ਗੁਰਬਖਸ਼ ਇਕ ਪੈਗ ਲੈ ਲਾ, ਪਾਵਾਂ?” ਪ੍ਰੀਤੀ ਦੇ ਡੈਡੀ ਨੇ ਆਖਿਆ।
“ਨਈਂ ਡੈਡੀ ਜੀ, ਮੈਂ ਨ੍ਹੀਂ ਕਦੀ ਪੀਤੀ ਥੈਂਕਸ।”
“ਭਾ ਸ਼ਰਾਬ, ਸ਼ਰਾਬ ਪੀਣ ਲਈ ਵੀ ਜਿਗਰਾ, ਹੂੰ ਕੀ, ” ਕਾਮਰੇਡ ਕੋਲੋਂ ਗੱਲ ਪੂਰੀ ਨਾ ਹੋਈ ਤਾਂ ਉਹਨੇ ਹੂੰਗਰ ਮਾਰੀ।
ਮੈਂ ਉਹਦੇ ਬਹੁਤ ਗਰੀਬ ਜਿਹੇ, ਸੂਤੇ ਹੋਏ ਚਿਹਰੇ ਵਲ ਦੇਖਿਆ ਉਹ ਕਿੰਨਾ ਕਮਜ਼ੋਰ ਜਿਹਾ ਸੀ, ਭੁਖੇ ਬੋਟ ਵਰਗਾ।
“ਗੁਰਬਖਸ਼ ਇਹ ਮੇਰੇ ਜੀਜਾ ਜੀ ਨੇ ਕਾਮਰੇਡ ਜਗਬੀਰ ਸਿੰਘ, ਭੈਣ ਦੇ ਨਾਲ ਈ ਟੀਚਰ ਆ।” ਇਕ ਵਾਰੀ ਕਾਲਜ ਹੀ ਹਰਪ੍ਰੀਤ ਨੂੰ ਕੋਈ ਸੁਨੇਹਾ ਦੇਣ ਆਏ ਕਾਮਰੇਡ ਨਾਲ ਹਰਪ੍ਰੀਤ ਨੇ ਮਿਲਾਇਆ ਸੀ। ਵਿਚਾਰੇ ਦੇ ਹੱਥ ਕਾਲੇ ਹੋਏ ਪਏ। ਕਹਿਣ ਲੱਗਾ, ਮੋਪਿਡ ਦੀ ਚੇਨ ਉਤਰ ਗਈ, ਇਹਨੇ ਬੜਾ ਖਰਾਬ ਕੀਤਾ।
“ਅੱਛਾ ਲਵ ਮੈਰਿਜ਼ ਕੇਸ਼; ਬੜੀ ਖੁਸ਼ੀ ਹੋਈ ਜੀ ਮਿਲ ਕੇ।” ਮੈਂ ਇੰਨਾ ਹੀ ਕਿਹਾ ਸੀ।
ਮੈਨੂੰ ਪਤਾ ਸੀ ਉਹ ਜੰਡੂ ਸਿੰਘੀਏ ਕਾਮਰੇਡ ਧੰਨਾ ਸਿੰਘ ਦਾ ਮੁੰਡਾ ਸੀ-ਉਹੀ ਧੰਨਾ ਸਿੰਘ ਜਿਹੜਾ ਪਾਰਟੀ ਛਡ ਕੇ ਕਾਂਗਰਸ ਟਿਕਟ ਉਤੇ ਖੜ੍ਹਾ ਹੋ ਗਿਆ ਸੀ, ਆਪ ਤਾਂ ਹਾਰ ਗਿਆ ਪਰ ਹੁਸ਼ਿਆਰਪੁਰੀਏ ਚੌਧਰੀ ਨਾਲ ਪੱਕਾ ਜੁੜ ਗਿਆ। ਉਹ ਤਾਂ ਕਾਮਰੇਡ ਰਿਹਾ ਨਈਂ ਸੀ, ਉਹਦਾ ਮੁੰਡਾ ਇਹ ਜਗਬੀਰ ਸਿੰਘ ਪਤਾ ਨਈਂ ਕਿਹੜੀ ਪਾਰਟੀ ਵਿਚ ਬਹਿੰਦਾ-ਉਠਦਾ ਸੀ। ਊਂ ਤਾਂ ਗੁਰਪ੍ਰੀਤ ਨਾਲ ਲਵ ਮੈਰਿਜ਼ ਕੀਤੀ ਸੀ, ਪਰ ਸੁਣਿਆ ਸੀ ਵਿਆਹ ਪਰ ਧੂਮ-ਧੜੱਕੇ ਨਾਲ ਹੋਇਆ, ਸੁਖ ਨਾਲ ਹਰਪ੍ਰੀਤ ਦੀ ਮੰਮੀ ਨੇ ਪਤੀ ਦੀ ਗੈਰਹਾਜ਼ਰੀ ਵਿਚ ਵੀ ਲਖਾਂ ਲਾ ਦਿਤਾ ਸੀ। ਮੈਂ ਤਾਂ ਉਸ ਗੱਲ ਵਿਚੋਂ ਖੈਰ ਕੀ ਕਢਣਾ ਪਾਉਣਾ ਸੀ ਪਰ ਕਾਮਰੇਡ ਦੀਆਂ ‘ਖੇਲਾਂ’ ਵਲ ਦੇਖ ਕੇ ਸੋਚ ਰੁਕ ਜਾਂਦੀ ਸੀ।
ਉਸ ਦਿਨ ਹਰਪ੍ਰੀਤ ਪਿੰਡੋਂ ਮੁੜੀ ਸੀ, ਬੜੀ ਉਦਾਸ ਤੇ ਬੁਝੀ ਜਿਹੀ। ਛੁਟੀ ਲੈ ਕੇ ਹੋਸਟਲ ਚਲੀ ਗਈ। ਰਿਸੈਸ ਵੇਲੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਹੋਸਟਲ ਹੀ ਪਹੁੰਚ ਗਿਆ। ਅਸੀਂ ਫੁਲਾਂ ਦੀ ਕਿਆਰੀ ਕੋਲ ਬਹਿ ਗਏ।
“ਗੁਰਬਖਸ਼ ਮੈਨੂੰ ਨਈਂ ਪਤਾ ਤੂੰ ਮੈਨੂੰ ਪਿਆਰ ਕਰਦਾ ਜਾਂ ਸਿਰਫ ਦੋਸਤੀ ਹੀ ਪਰ ਹੁਣ ਮੇਰੇ ਵੱਸ ਵਿਚ ਗੱਲ ਨ੍ਹੀਂ ਰਹੀ। ਮੈਂ ਤੇਰੇ ਨਾਲ ਮੈਰਿਜ ਕਰੂੰਗੀ।” ਕਹਿ ਕੇ ਹਰਪ੍ਰੀਤ ਖੁਸ਼ ਨਹੀਂ ਹੋਈ, ਫਿਸ ਜਿਹੀ ਪਈ।
“ਮੈਰਿਜ਼ !” ਮੇਰਾ ਮੂੰਹ ਅਡਿਆ ਰਹਿ ਗਿਆ। ਦਿਮਾਗ ਦੀਆਂ ਤਾਰਾਂ ਤੜ-ਤੜ ਕੇ ਚੰਗਿਆੜੇ ਛੱਡਣ ਲੱਗੀਆਂ, ਮਾਰ-ਧਾੜ, ਖੂਨ-ਖਰਾਬਾ, ਗੋਲੀ, ਤਲਵਾਰਾਂ, ਮੈਨੂੰ ਇਉਂ ਲੱਗਾ ਜਿਵੇਂ ਮੇਰੀ ਦੇਹ ਦਾ ਕਚਰਾ ਜਿਹਾ ਬਣਾ ਕੇ ਬਹੁਤ ਹੇਠਾਂ, ਪਤਾਲ ਵਿਚ ਵਹਿ ਰਹੇ ਲਾਵੇ ਵਿਚ ਰੇੜ੍ਹ ਦਿੱਤਾ ਹੋਵੇ। ਮੈਂ ਅੱਖਾਂ ਮੀਟੀ ਰੱਖੀਆਂ, ਸ਼ਾਂਤ ਹੋਣ ਲੱਗਾ। ਇਹ ਖਿਆਲ, ਇਹ ਸੋਚ, ਹਰਪ੍ਰੀਤ ਦੇ ਦਿਮਾਗ ਵਿਚ ਕਿਹੜੀ ਵਜ੍ਹਾ ਕਰਕੇ ਆਈ? ਕੀ ਇਹ ਘਰ ਕਿਸੇ ਗੱਲ ਤੋਂ ਝਗੜਾ ਕਰਕੇ ਆਈ ਹੈ? ਕੀ ਕਾਲਜ ਜਾਂ ਘਰ ਵਿਚ ਮੇਰੇ ਕਰਕੇ ਕੋਈ ਉਂਗਲ ਉਠੀ ਹੈ?
“ਅਜ ਤਕਾਲੀਂ ਗਰੀਨ ਵਿਚ ਰੋਟੀ ਖਾਵਾਂਗੇ। ਏਸ ਟਾਪਿਕ ਉਤੇ ਉਥੇ ਡਿਸਕਸ ਕਰਾਂਗੇ। ਤੂੰ ਨਾਰਮਲ ਹੋ, ਜਾ ਕੇ ਅਰਾਮ ਕਰ।” ਕਹਿ ਕੇ ਮੈਂ ਕਾਲਜ ਵਾਪਸ ਆ ਗਿਆ ਸੀ।
ਪੂਰਾ ਇਕ ਮਹੀਨਾ ਵਿਚਾਰ ਹੁੰਦੀ ਰਹੀ। ਮੈਂ ਆਪਣੇ ਮੂੰਹੋਂ ਕੋਈ ਗੱਲ ਨਹੀਂ ਸੀ ਕਹਿ ਰਿਹਾ, ਮੈਂ ਭਾਈਏ ਦੀਆਂ ਕਹੀਆਂ ਗੱਲਾਂ ਹੀ ਦੁਹਰਾਉਂਦਾ ਰਿਹਾ, “ਹਰਪ੍ਰੀਤ, ਮੇਰੇ ਭਾਈਆ ਜੀ ਕਹਿੰਦੇ ਹੁੰਦੇ ਆ, ਇਹ ਅਖੌਤੀ ਉਚੀਆਂ ਜਾਤਾਂ ਆਲੇ ਜਾਤ ਦੇ ਕੋਹੜ ਨੂੰ ਨਾਲ ਲੈ ਕੇ ਨ੍ਹੀਂ ਜੰਮਦੇ। ਇਹ ਬਾਅਦ ਵਿਚ ਪੁਰਖੇ ਦਿੰਦੇ ਆ, ਇਹ ਪਲੇਗ ਅੰਦਰੇ-ਅੰਦਰ ਫੈਲਦੀ ਚਲੀ ਜਾਂਦੀ ਆ। ਜਿਹੜਾ ਕੋਈ ਬਚ ਜਾਂਦੈ ਉਹੀ ਛੇਕਿਆ ਜਾਂਦਾ। ਇਨ੍ਹਾਂ ਵਿਚੋਂ ਉਹਦੇ ਕਰਮ ਚੰਗੇ ਹੁੰਦੇ ਆ। ਇਹ ਉਚੇ ਹੋਣ ਦਾ ਦੰਭੀ ਫੁੰਕਾਰਾ ਈ ਆ ਹੋਰ ਕੁਝ ਨ੍ਹੀਂ ਇਹ ਫੁੰਕਾਰਾ ਮਰਦੇ ਦਮ ਤਕ ਸਪ ਵੀ ਨ੍ਹੀਂ ਛਡਦਾ।” ਪਰ ਹਰਪ੍ਰੀਤ ਉਤੇ ਮੇਰੀਆਂ ਜਾਂ ਕਹਿ ਲਓ ਭਾਈਏ ਦੀਆਂ ਕਹੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਉਸ ਦੇ ਪਿਆਰ-ਪ੍ਰਗਟਾਵੇ ਵਿਚ ਸਗੋਂ ਖੁਲ੍ਹ ਆ ਗਈ।
ਅਖੀਰ ਮੈਂ ਭਾਈਏ ਤੇ ਬੀਬੀ ਨੂੰ ਦਸ ਦਿਤਾ ਕਿ ਹਰਪ੍ਰੀਤ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਭਾਈਏ ਨੇ ਇਕ ਦਮ ਮੈਨੂੰ ਰੋਕ ਦਿਤਾ। ਰਾਤ ਨੂੰ ਵਡੇ ਭਰਾਵਾਂ ਨਾਲ ਵੀ ਗੱਲ ਹੋਈ, ਉਹ ਵੀ ਹਾਮੀ ਨਈਂ ਸੀ ਭਰ ਰਹੇ। ਸਾਰੇ ਇਕੋ ਗੱਲ ਤੋਂ ਡਰਦੇ ਸੀ ਕਿ ਇਹ ਬਰਬਾਦੀ ਤੇ ਦੁਸ਼ਮਣੀ ਸਹੇੜਨ ਵਾਲਾ ਰਾਹ ਹੈ।
ਅਖੀਰ ਮੇਰੇ ਸਮਝਾਉਣ ਨਾਲ ਪਰਿਵਾਰ ਵਿਚ ਇਕ ਛੋਟੇ ਮੁੰਡੇ ਦੇ ਹੋਣ ਤੇ ਹਰਪ੍ਰੀਤ ਦੇ ਡੈਡੀ ਦੇ ਅਮਰੀਕਾ ਵਿਚ ਬੈਠੇ ਹੋਣ ਬਾਰੇ ਸੁਣ ਕੇ ਭਾਈਆ ਰਾਜ਼ੀ ਹੋ ਗਿਆ।
“ਵੇਖ ਏ ਕੁੜੀਏ ਮੇਰੀ ਗੱਲ ਧਿਆਨ ਨਾਲ ਸੁਣੀਂ ਦੇਖ ਪੁੱਤ, ਤੂੰ ਆਪਣੀ ਹਊਮੈ ਨੂੰ ਤਿਆਗਿਆ ਤੇ ਸਾਡੇ ਨਾਲ ਖੜ੍ਹੀ ਹੋਣ ਬਾਰੇ ਸੋਚਿਆ, ਚਾਹੇ ਹੈਗਾ ਬਖਸ਼ਾ, ਚਾਹੇ ਮੈਂ ਆ ਤੇ ਚਾਹੇ ਬਖਸ਼ੇ ਦੀ ਬੀਬੀ ਆ, ਤੂੰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਣ ਬਾਰੇ ਜੇ ਪੱਕੀ ਧਾਰ ਈ ਲਈ ਆ ਤਾਂ ਹੁਣ ਪੱਕੇ ਪੈਰੀਂ ਰਹੀਂ, ਅਡੋਲ ਖੜ੍ਹੀ ਰਹੇਂਗੀ ਤਾਂ ਤੇਰੀ ਹਵਾ ਵਲ ਨ੍ਹੀਂ ਕੋਈ ਦੇਖੂ। ਜਾਓ ਹੁਣ ਤੁਸੀਂ ਜੋ ਕਰਨਾ ਕਰ ਲਓ ਜਾ ਕੇ, ਜੋ ਅਸੀਂ ਕਰਨਾ ਉਹ ਸਾਨੂੰ ਦੱਸ ਦਿਓ।” ਭਾਈਏ ਨੇ ਹਰਪ੍ਰੀਤ ਦੇ ਸਿਰ ਉਤੇ ਪਿਆਰ ਦਿੰਦਿਆਂ ਕਿਹਾ ਸੀ।
“ਕਿਹੜਾ ਪਿੰਡ ਆ ਆਪਣੇ ਪ੍ਰਾਹੁਣੇ ਦਾ?” ਪ੍ਰੀਤੀ ਦਾ ਚਾਚਾ ਕੁੱਕੜ ਦੀ ਲੱਤ ਚਰੂੰਡਦਾ ਬੋਲਿਆ।
“ਇਹ ਤਾਂ ਸ਼ਹਿਰ ਵਿਚ ਰਹਿੰਦੇ ਆ, ਭਜਨ ਸਿਆਂ, ਓਥੇ ਈ ਕੋਠੀ ਪਾਈ ਆ।” ਹਰਪ੍ਰੀਤ ਦਾ ਡੈਡੀ ਵਿਚੋਂ ਹੀ ਬੋਲ ਪਿਆ।
“ਕੋਠੀ ਤਾਂ ਹੋਈ ਉਦਾਂ ਪਿੰਡ ਕਿਹੜਾ?” ਚਾਚੇ ਨੇ ਜ਼ਰਾ ਬੋਲਾਂ ਨੂੰ ਚਿੱਥ ਕੇ ਕਿਹਾ।
“ਢਿਲਵਾਂ ਚਾਚਾ ਜੀ, ਸ਼ਹਿਰ ਦੇ ਬਾਹਰ ਨਿਕਲ ਕੇ।” ਮੈਂ ਹੌਲੀ ਜਿਹੇ ਦੱਸਿਆ।
“ਅੱਛਾ ਢਿੱਲਵਾਂ ਆਹ ਕਾਕੀ ਪਿੰਡ ਲੰਘ ਕੇ, ਭਲਾ ਤੇਰੇ ਵਡੇਰੇ।”
“ਚਾਚਾ ਜੀ, ਮੇਰੇ ਪਿਤਾ ਜੀ ਵਪਾਰ ਕਰਦੇ ਹੁੰਦੇ ਸੀ ਲੱਕੜ ਦਾ, ਕਾਕੀ ਪਿੰਡ ਵਿਚ ਸੜਕ ਉਤਲਾ ਟਾਲ ਸਾਡਾ ਈ ਆ, ਭਰਾ ਮੇਰੇ ਸ਼ਹਿਰ ਦਾਣਾ ਮੰਡੀ ਆੜ੍ਹਤ ਕਰਦੇ ਆ, ਭਾਈਏ ਹੁਣੀਂ ਗੁਜ਼ਰ ਗਏ ਦੋ ਸਾਲ ਹੋਏ। ਸੁਣਿਆ ਹੋਊ ਨਾ ਚੌਧਰੀ ਮਿਲਖੀ ਰਾਮ ਦਾ?” ਮੈਂ ਜੋ ਵੀ ਕਿਹਾ ਥੋੜ੍ਹਾ ਤਲਖੀ ਵਿਚ ਹੀ ਕਿਹਾ, ਜਾਂ ਮੈਨੂੰ ਲੱਗਾ।
“ਪ੍ਰੀਤੀ ਲਿਆਓ ਕੁੜੇ ਰੋਟੀ।” ਪ੍ਰੀਤੀ ਦਾ ਡੈਡੀ ਕੁਛ ਇਸ ਤਰ੍ਹਾਂ ਬੋਲਿਆ ਕਿ ਰੌਲਾ ਜਿਹਾ ਪੈ ਗਿਆ। “ਪਾਣੀ ਲਿਆਓ ਬਈ, ਬਰਫ ਪਾਓ ਵਿਚ, ਸਬਜ਼ੀ ਲਿਆਓ, ਬਈ ਹੋਰ ਕੌਲੀਆਂ ਹੋਰ ਲਿਆਓ, ਫੁਲਕੇ ਚੁੱਕ ਲਿਆਓ।”
“ਚਾਚਾ-ਭਾ ਜੀ ਪ੍ਰੋਫੈ, ਪ੍ਰੋ, ਐਸਰ ਸਾਬ੍ਹ ਆ ਆਪਣੇ, ਆਪਣੇ।” ਕਾਮਰੇਡ ਤੋਂ ਬੋਲ ਨਹੀਂ ਸੀ ਹੋ ਰਿਹਾ।
ਮੈਂ ਵਿਚੋਂ ਉਠ ਜਾਣਾ ਚਾਹਿਆ। ਇਸੇ ਪਲ ਹਰਪ੍ਰੀਤ ਆ ਗਈ:
“ਗੁਰ, ਆਓ ਉਠ ਕੇ ਏਧਰ, ਉਠੋ ਜ਼ਰਾ।” ਪ੍ਰੀਤੀ ਨੇ ਜਿਵੇਂ ਮੈਨੂੰ ਡੁੰਮ੍ਹ ‘ਚ ਗੋਤੇ ਖਾਂਦੇ ਨੂੰ ਆ ਫੜਿਆ।
ਹਰਨੇਕ ਤੇ ਪ੍ਰੀਤੀ ਦੇ ਡੈਡੀ ਨੇ ਰੋਕਣਾ ਚਾਹਿਆ।
“ਅਸੀਂ ਨ੍ਹੀਂ ਖਾਣੀ ਰੋਟੀ, ਪਤਾ ਨ੍ਹੀਂ ਕੀ ਕੀ ਬਕਵਾਸ ਕਰੀ ਜਾਂਦੇ ਆ, ਮੈਂ ਜਾਣਦੀ ਆਂ ਸਾਰਿਆਂ ਨੂੰ।” ਗੁੱਸੇ ਵਿਚ ਮਚਦੀ, ਪਰ ਰੋਣ-ਹਾਕੀ ਹੋਈ ਪ੍ਰੀਤੀ ਕੋਲੋਂ ਹੋਰ ਨਈਂ ਬੋਲਿਆ ਗਿਆ।
“ਨਈਂ ਗੁਰ, ਮੈਂ ਅੰਦਰ ਖੜ੍ਹੀ ਸਭ ਦੇਖਦੀ-ਸੁਣਦੀ ਸੀ, ਕੀ ਬਣੇ ਫਿਰਦੇ ਆ, ਇਹ ਥੋਥੇ ਦਿਮਾਗ਼; ਚੁੱਕੀ ਫਿਰਦੇ ਆ ਟਰੈਕਟਰ ਤੇ ਜ਼ਮੀਨਾਂ। ਕੋਈ ਕਾਰਾਂ ਦੱਸਦਾ, ਕੋਈ ਪੈਹੇ ਦੱਸਦਾ, ਏਸ ਤੋਂ ਵੱਧ ਵੀ ਕੁਛ ਹੈਗਾ ਕੋਲ!” ਹਰਪ੍ਰੀਤ ਗੁੱਸੇ ਵਿਚ ਈ ਸੀ ਅਜੇ ਵੀ। “ਚੁਕੋ ਮੋਟਰ ਸਾਈਕਲ਼; ਤੁਰੋ ਆਪਣੇ ਘਰ ਨੂੰ।”
ਹਰਪ੍ਰੀਤ ਦੇ ਮੰਮੀ ਡੈਡੀ ਤੇ ਭੂਆ ਉਹਨੂੰ ਚੁਪ ਕਰਾਉਣ ਪਰ ਉਹ ਬੋਲੀ ਗਈ।
“ਕੋਈ ਗੱਲ ਨਈਂ, ਮੈਂ ਫੇ ਗੇੜਾ ਮਾਰੂੰ, ਹੁਣ ਨਾ ਇਹਨੂੰ ਕੁਛ ਕਹੋ।” ਕਹਿ ਕੇ ਮੈਂ ਮੋਟਰ ਸਾਈਕਲ ਬਾਹਰ ਕੱਢਣ ਲੱਗਾ।
ਮੋਟਰ ਸਾਈਕਲ ਪਿਛੇ ਬੈਠੀ ਸਾਰਾ ਰਾਹ ਹਰਪ੍ਰੀਤ ਬੋਲੀ ਗਈ। ਬੈਗ ਰਖ ਕੇ ਉਹ ਸਰਘੀ ਨੂੰ ਲੈ ਕੇ ਬਾਥਰੂਮ ਵਿਚ ਨਹਾਉਣ ਜਾ ਵੜੀ। ਬਾਹਰ ਆਉਂਦੀ ਹੀ ਫਿਰ ਸ਼ੁਰੂ ਹੋ ਗਈ। ਨਾਲੇ ਸਰਘੀ ਦੇ ਕਪੜੇ ਪਾਈ ਜਾਵੇ, ਨਾਲੇ ਬੋਲੀ ਜਾਵੇ, ਉਹਦਾ ਗੁੱਸਾ ਅਜੇ ਠੰਢਾ ਨਈਂ ਸੀ ਹੋਇਆ।
“ਪੈਹਿਆਂ ਲਈ ਜ਼ੋਰ ਪਾਉਂਦੀ ਮੰਮੀ ਕੋਠੇ ਉਤੇ ਆ ਕੇ ਕਹਿਣ ਲੱਗੀ, ਠਹਿਰ ਕੇ ਦੋਂਹ ਕੁ ਮਹੀਨੀਂ ਹੋਰ ਦਊਂਗੀ, ਫੇ ਕਾਰ ਲੈ ਲਿਓ, ਕਾਮਰੇਡ ਅਰਗੀ, ਚਾਹੇ ਪੁਰਾਣੀ ਈ ਲੈ ਲਿਓ। ਫੇ ਕਹਿੰਦੀ ਗੁਰਬਖਸ਼ ਨੂੰ ਕਹੀਂ ਪੱਗ ਬੰਨ੍ਹ ਲਿਆ ਕਰੇ। ਮੈਂ ਪੈਹੇ ਵਗਾਹ ਕੇ ਮਾਰੇ, ਮੈਂ ਕਿਹਾ ਮੰਮੀ ਮੁੜ ਕੇ ਨਾ ਇਹ ਗੱਲ ਕਿਹੋ। ਮੈਂ ਪੱਗ ਜਾਂ ਬੋਦੀ ਨਾਲ ਵਿਆਹ ਨਹੀਂ ਕਰਾਇਆ, ਇਨਸਾਨ ਨਾਲ ਕਰਾਇਆ ਹੈ।”
ਮੈਂ ਹਰਪ੍ਰੀਤ ਦੇ ਲਾਲ ਹੋਏ ਚਿਹਰੇ ਵਲ ਦੇਖਦਾ ਅਗੇ ਵਧਿਆ, ਉਹਦਾ ਸਿਰ ਫੜ ਕੇ ਆਪਣੀ ਛਾਤੀ ਨਾਲ ਘੁਟ ਲਿਆ। ਬਸ ਇੰਨੀ ਗੱਲ ਸੀ ਕਿ ਉਹ ਮੈਨੂੰ ਬਾਹਾਂ ਵਿਚ ਘੁਟ ਕੇ ਉਚੀ-ਉਚੀ ਰੋਣ ਲਗ ਪਈ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com