Punjabi Stories/Kahanian
ਸ਼ਾਹਿਦਾ ਦਿਲਾਵਰ ਸ਼ਾਹ
Shahida Dilawar Shah

Punjabi Kavita
  

Wele Hath Lagaman Shahida Dilawar Shah

ਵੇਲੇ ਹੱਥ ਲਗਾਮਾਂ ਸ਼ਾਹਿਦਾ ਦਿਲਾਵਰ ਸ਼ਾਹ

ਮਾਂ ਨੇ ਬਥੇਰਾ ਆਖਿਆ ਪਈ ਪੁੱਤਰ ਮਾਸੀ ਦੀ ਧੀ ਛਡ ਕੇ ਮਾਮੇ ਦੀ ਧੀ ਸਮੀਰਾ ਨਾਲ ਵਿਆਹ ਕਰਵਾ ਲੈ ਅਦੀਲਾ ਸੁਹਣੀ ਤੇ ਜ਼ਰੂਰ ਏ ਪਰ ਸਮੀਰਾ ਵੀ ਤੇ ਕੋਈ ਓਭੜ ਨਹੀਂ ਨਾਲ਼ੇ ਉਹਦੇ ਵਿੱਚ ਵੀ ਤੇ ਕੋਈ ਕੱਜ ਨਹੀਂ ਉਹ ਵੀ ਹੱਥ ਲਾਇਆਂ ਮੈਲੀ ਹੁੰਦੀ ਤੇ ਤੇ ਨਾਲ਼ੇ ਮਾਮਿਆਂ ਤੇਰੀ ਨੌਕਰੀ ਲਈ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਫ਼ਾਰਸ਼ ਲਭੀ ਸੀ ਜੇ ਉਹ ਇਹ ਕੰਮ ਨਾ ਕਰਦੇ ਤੇ ਅੱਜ ਤੂੰ ਵੀ ਆਪਣੇ ਦੂਜਿਆਂ ਸੰਗੀਆਂ ਹਾਰ ਥਾਂ ਥਾਂ ਧੱਕੇ ਖਾਂਧਾ। ਮੇਰੇ ਵੀਰ ਈ ਨੇ ਜਿਨ੍ਹਾਂ ਰਾਤ ਨੂੰ ਰਾਤ ਨਾ ਆਖਿਆ ਨੋ ਦਿਨ ਨੂੰ ਦਿਨ ਸਮਝਿਆ, ਜਿਸ ਕਿਸੇ ਦੱਸ ਪਾਈ ਉਧਰ ਈ ਟੁਰ ਪਏ ਨਾ ਖਾਣ ਦਾ ਹੋਸ਼ ਨਾ ਕਰਾਏ ਪਹਾੜੇ ਦੀ ਚਿੰਨਤਾ ਕੀਤੀ, ਤੈਨੂੰ ਭਣੇਵਾਂ ਨਹੀਂ ਘਰ ਜਾਇਆ ਸਮਝਿਆ। ਆਪਣੇ ਨਿਆਣਿਆਂ ਦੇ ਮੂੰਹੋਂ ਖੋਹ ਕੇ ਤੇਰੇ ਮੂੰਹ ਵਿੱਚ ਚੂਰੀਆਂ ਪਾਉਂਦੇ ਰਹੇ।
ਅਸਦ ਨੇ ਆਪਣੀ ਮਾਂ ਦੀ ਧੀਰਾ ਪੁੱਤਰ ਸੀ ਉਹ ਉਹਦੀਆਂ ਔਕਟਰਾਂ ਦੇ ਨਹੁੰ ਲੂੰਹ ਤੋਂ ਵਾਕਫ਼ ਸੀ ਪਰ ਉਹ ਕੀ ਕਰਦਾ ਜਵਾਨੀ ਦੀਆਂ ਅਵੱਲੀਆਂ ਲਗਾਮਾਂ ਈ ਆਪਣੇ ਹੱਥ ਨਹੀਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਨਫਾ ਨੁਕਸਾਨ ਤੋਂ ਅੱਡ ਟੋਰ ਦਿੰਦੀਆਂ ਨੇ ਤੇ ਪਿਛੋਂ ਸਾਰ ਵੀ ਨਹੀਂ ਲੈਂਦੀਆਂ…………ਅਦੀਲਾ ਵੀ ਤੇ ਗ਼ੈਰ ਨਹੀਂ ਸੀ ਨਾ ਕੋਈ ਉਹਦੇ ਅੰਦਰ ਭੈੜ ਸੀ ਜਿਹਦੇ ਤੋਂ ਕੋਈ ਉਜ ਲਾ ਕੇ ਰੱਦ ਕਰ ਦਿੱਤਾ ਜਾਂਦਾ…………………….ਮੁੰਡੇ ਅਗੇ ਮਾਂ ਦੀ ਕੋਈ ਆਜਜ਼ੀ ਨਾ ਚਲੀ ਬਸ ਉਹਦੇ ਦਿਲ ਦਿਮਾਗ਼ ਉਤੇ ਅਦੀਲਾ ਛਾਈ ਸੀ, ਮਾਮੇ ਨੇ ਵੀ ਭਣੇਵੇਂ ਦੇ ਤੌਰ ਭਾਓਰ ਵੇਖਦਿਆਂ ਹੋਇਆਂ ਭੈਣ ਨੂੰ ਬਹੁਤਾ ਮਜਬੂਰ ਨਾ ਕੀਤਾ। ਭਣਵੀਏ ਦੀ ਬੇਵਕਤ ਮਰਗ ਮਗਰੋਂ ਉਹ ਆਪਣੀ ਭੈਣ ਨੂੰ ਕੋਈ ਦੁੱਖ ਨਹੀਂ ਸੀ ਦੇਣਾ ਚਾਹੁੰਦੇ। ਅਸਦ ਨਾ ਮੰਨਿਆ ਤੇ ਮਾਂ ਨੇ ਸੋਚਿਆ ਪਈ ਸਮੀਰਾ ਉਹ ਨਿਕੇ ਪੁੱਤਰ ਲਈ ਮੰਗ ਲਵੇਗੀ ਕੋਈ ਸਾਲ ਡੇੜ੍ਹ ਦਾ ਫਰਕ ਸੀ ਦੋਂਵੇਂ ਭਰਾ ਉਤੋੜਿਤੀ ਦੇ ਸਨ।
ਵਰ੍ਹੇ ਪਰ ਲਾ ਕੇ ਲੰਘ ਗਏ, ਅਸਦ ਦੀ ਤਰੱਕੀ ਹੋ ਗਈ ਵਡਾ ਅਫਸਰ ਬਣ ਗਿਆ ਤੇ ਦੂਜੇ ਸ਼ਹਿਰ ਤਬਾਦਲਾ ਹੋ ਗਿਆ। ਅਸਦ ਆਪਣਾ ਬਾਲ ਬਚਾ ਲੈ ਕੇ ਦੂਜੇ ਸ਼ਹਿਰ ਆ ਵਸਿਆ, ਬਾਲ ਸਕੂਲਾਂ ਵਿੱਚ ਦਾਖ਼ਲ ਕਰਵਾਏ ਤੇ ਸੁੱਖ ਦਾ ਸਾਹ ਆਇਆ। ਅਸਦ ਆਫਸ ਚਲਾ ਜਾਂਦਾ ਬਾਲ ਸਕੂਲੇ ਘਲ ਕੇ ਪਿਛੋਂ ਅਦੀਲਾ ਘਰ ਦੇ ਕੰਮਾਂ ਵਿਚ ਲੱਗ ਜਾਂਦੀ, ਕੰਮ ਅਜੇ ਮੁਕਦੇ ਨਹੀਂ ਸਨ ਕਿ ਅਸਦ ਡਿਉਟੀ ਮੁਕਾ ਕੇ ਦਫ਼ਤਰੋਂ ਘਰ ਅਪੜ ਜਾਂਦਾ, ਘਰ ਆ ਕੇ ਚੇਂਜ ਕਰਦਾ ਤੇ ਬਾਲਾਂ ਨੂੰ ਸਕੂਲੋਂ ਲੈਣ ਚਲਾ ਜਾਂਦਾ, ਵਾਪਸੀ ਉਤੇ ਅਦੀਲਾ ਦੁਪਿਹਰ ਦਾ ਖਾਣਾ ਤਿਆਰ ਰਖਦੀ। ਖਾਣੇ ਤੋਂ ਵਿਹਲਿਆਂ ਹੋ ਕੇ ਬਾਲ ਟਵੀਸ਼ਨ ਪੜ੍ਹਨ ਦੀ ਤਿਆਰੀ ਵਿੱਚ ਲੱਗ ਜਾਂਦੇ ਤੇ ਅਸਦ ਥਕਾਵਟ ਲਾਹਉਣ ਲਈ ਸੌਂ ਜਾਂਦਾ ਪਰ ਭਾਂਡੇ ਮਾਂਜਦੇ ਰਾਤ ਦੇ ਖਾਣੇ ਦੀ ਫ਼ਿਕਰ ਵਿਚ ਪੈ ਜਾਂਦੀ। ਅਦੀਲਾ ਘਰ ਦਿਆਂ ਬਖੇੜਿਆਂ ਵਿੱਚ ਰੁਝੀ ਰਹਿੰਦੀ ਪਰ ਉਸ ਨੇ ਘਰ ਨੂੰ ਜੰਨਤ ਵੀ ਤੇ ਬਣਾ ਦਿੱਤਾ ਸੀ। ਅਦੀ ਦੇ ਮੰਗ ਕਰਨ ਤੋਂ ਪਹਿਲਾਂ ਦੀ ਸਾਰੇ ਕੰਮ ਤਿਆਰ ਹੁੰਦੇ। ਅਦੀਲਾ ਨੇ ਆਪਣੇ ਸਚਜ-ਪੁੰਨੇ ਤੋਂ ਕਦੀ ਸੱਸ ਨੂੰ ਵੀ ਸ਼ਕਾਇਤ ਦਾ ਮੌਕਾ ਨਹੀਂ ਸੀ ਦਿੱਤਾ ਤਾਂ ਈ ਅਸਦ ਨੂੰ ਉਹਦੇ ਉਤੇ ਫ਼ਖ਼ਰ ਸੀ।
ਜਿਵੇਂ ਜਿਵੇਂ ਬਾਲ ਵੱਡੇ ਹੋ ਰਹੇ ਸਨ ਅਦੀਲਾ ਦੀ ਮਸਰੂਫ਼ੀਅਤ ਵਿੱਚ ਰੋਜ਼ ਰੋਤ ਵਾਧਾ ਹੁੰਦਾ ਗਿਆ। ਉਹਨੂੰ ਰਿਸ਼ਤੇਦਾਰਾਂ ਦੀਆਂ ਖ਼ੁਸ਼ੀਆਂ ਗ਼ੰਮੀਆਂ ਵਿਚ ਸ਼ਾਮਿਲ ਹੋਣ ਦਾ ਵੇਲਾ ਵੀ ਨਾ ਮਿਲਦਾ। ਹੁਣ ਤੇ ਨਿਕਾ ਘਰ ਛਡ ਕੇ ਸਰਕਾਰੀ ਘਰ ਵਿੱਚ ਸ਼ਿਫ਼ਟ ਹੋ ਗਏ ਸਨ।ਅਸਦ ਨੂੰ ਅਦੀਲਾ ਦੀ ਮਸਰੂਫ਼ੀਅਤ ਦਾ ਪੂਰਾ ਪੂਰਾ ਅਹਿਸਾਸ ਸੀ। ਉਨ੍ਹੇ ਕਈ ਵਾਰ ਅਦੀਲਾਂ ਨੂੰ ਆਖਿਆ ਸੀ ਕਿ ਕੋਈ ਚੰਗਾ ਕੰਮ ਕਰਨ ਵਾਲੀ ਰਖ ਲਵੇ। ਸਰਕਾਰੀ ਚੌਕੀਦਾਰ ਤੇ ਹੈ ਸੀ ਪਰ ਸ਼ਹਿਰਾਂ ਵਿੱਚ ਅਤਿਮਾਦ (ਵਿਸ਼ਵਾਸ) ਵਾਲੀ ਕਾਮੀ (ਨੌਕਰਾਨੀ) ਬਹੁਤੀ ਸੋਖੀ ਨਹੀਂ ਲਭ ਸਕੀ। ਅਸਦੇ ਨੇ ਆਪਣੇ ਦਫ਼ਤਰ ਦੇ ਇਕ ਸੰਗੀ ਅਗੇ ਇਹ ਕਹਾਣੀ ਪਾਈ। ਜਮੀਲ ਨੇ ਜੀਨੋ (ਜ਼ੀਨਤ) ਦੀ ਦੱਸ ਪਾਈ। ਜੀਨੋ ਪਹਿਲਾਂ ਜਮੀਲ ਦੇ ਘਰ ਕੰਮ ਕਰਦੀ ਸੀ ਕੁਝ ਮਹੀਨਿਆਂ ਤੋਂ ਉਹ ਕੰਮ ਛਡ ਗਈ ਸੀ, ਕੰਮ ਬਹੁਤਾ ਸੀ ਤੇ ਬਹੁਤੀ ਉਜਰਤ ਦੀ ਮੰਗ ਪਾਰੋਂ ਜਮੀਲ ਨੇ ਉਹਨੂੰ ਆਪਣੇ ਘਰੋਂ ਜੁਆਬ ਦੇ ਦਿੱਤਾ ਸੀ।
ਅਸਦ ਨੇ ਜਮੀਲ ਨੂੰ ਪੁੱਛਿਆ: “ਕਿੰਜ ਦੀ ਔਰਤ ਏ?”
ਜਮੀਲ ਨੇ ਦੱਸ ਪਾਈ ਪਈ ਔਰਤ ਤੇ ਮਿਹਨਤੀ ਤੇ ਸ਼ਰੀਫ਼ ਏ, ਕਾਬਲੇ-ਐਤਮਾਦ ਵੀ ਏ, ਕਈ ਵਰ੍ਹਿਆਂ ਤਾਈਂ ਉਹ ਮੇਰੇ ਘਰ ਦੇ ਕੰਮ ਕਰਦੀ ਰਹੀ ਏ ਤੇ ਕਦੀ ਤੀਲੇ ਤਕ ਦੀ ਹੇਰਾ ਫੇਰੀ ਨਹੀਂ ਸੋ ਕੀਤੀ, ਬਸ ਉਹਦੀ ਉਜਰਤ ਮੇਰੀ ਪਹੁੰਚ ਤੋਂ ਬਾਹਰ ਸੀ।
ਜਮੀਲ ਉਹਦੀ ਉਤੇ ਉਤੇ ਪੂਰਾ ਉਤਰਿਆ………………………..ਅਦੀਲਾ ਨੇ ਅਸਦ ਨੂੰ ਬਥੇਰਾ ਸਮਝਾਇਆ ਕਿ ਜੀਨੋ ਪੈਸੇ ਬਹੁਤੇ ਮੰਗਦੀ ਏ ਪਰ ਅਦੀਲਾ ਦੀ ਇੱਕ ਨਾ ਚਲੀ ਅਸਦੇ ਨੇ ਅਦੀਲਾ ਨੂੰ ਇਹ ਕਹਿ ਕੇ ਕਾਇਲ ਕਰ ਦਿੱਤਾ ਪਈ ਏਨੇ ਪੈਸਿਆਂ ਵਿੱਚ ਉਹ ਘਰ ਦਾ ਸਾਰਾ ਕੰਮ ਸੰਮਭਾਲੇ ਗੀ, ਏਨੀ ਰਕਮ ਤੇ ਨੌਕਰਾਨੀਆਂ ਇੱਕ ਕੰਮ ਕਰਨ ਲਈ ਮੰਗਦੀਆਂ ਨੇ ਪਰ ਜੀਨੋ ਦੇ ਬੇਹਿਸਾਬ ਫਾਇਦੇ ਹੋਣ ਗੇ, ਗੱਲ ਹੈ ਵੀ ਠੀਕ ਸੀ ਜਮੀਲ ਨੇ ਅਸਦ ਨੂੰ ਜੀਨੋ ਬਾਰੇ ਸਾਰੀ ਜਾਣਕਾਰੀ ਕਰਵਾਈ।
ਜੀਨੋ ਨੇ ਅਗਲੇ ਦਿਨ ਈ ਘਰ ਦਾ ਵਾਹਵਾ ਸਾਰਾ ਕੰਮ ਸੰਭਾਲ ਲਿਆ ਉਹਨੂੰ ਹਾਰ ਸ਼ੰਗਾਰ ਕੇ ਰੱਖ ਦਿੱਤਾ, ਕੱਪੜੇ ਧੋਣ ਤੋਂ ਲੈ ਕੇ ਬਾਹਰ ਸੋਦਾ ਸਲਫ਼ ਤੇ ਹਾਂਡੀ ਚੁੱਲ੍ਹੇ ਤਕ ਸਾਰਾ ਕੰਮ ਤੇ ਉਹਦੀ ਧੀ “ਨਿੱਕੀ” ਕਰਦੀਆਂ ਸਨ ਪਰ ਅਦੀਲਾ ਜਿੰਨਾ ਚਿਰ ਹਰ ਕੰਮ ਦੇ ਵਿੱਚ ਹੋ ਕੇ ਕੰਮ ਨਾ ਕਰਵਾਂਦੀ ਉਹਨੂੰ ਚੈਨ ਨਹੀਂ ਸੀ ਆਉਂਦਾ। ਅਸਦ ਘਰ ਆਉਂਦਾ ਤੇ ਹਮੇਸ਼ਾਂ ਦੀ ਤਰ੍ਹਾਂ ਅਦੀਲਾ ਉਹਦੇ ਕਮਰੇ ਤੋਂ ਗ਼ਾਇਬ ਹੁੰਦੀ। ਕਦੀ ਜੀਨੋ ਕੋਲ ਬੈਠੀ ਉਹਨੂੰ ਖਾਣਾ ਪਕਾਣ ਦੀਆਂ ਹਦਾਇਤਾਂ ਦੇ ਰਹੀ ਹੁੰਦੀ ਕਦੀ ਉਹਦੇ ਕੋਲ ਖਲੋਤੇ ਕੰਮਰੇ ਸਾਫ਼ ਕਰਵਾ ਰਹੀ ਹੁੰਦੀ। ਅਸਦੀ ਦੀ ਟਾਈ ਬੂਟਾਂ ਤੋਂ ਲੈ ਕੇ ਦੁੱਧ ਦਾ ਗਲਾਸ ਤਕ ਜੀਨੋ ਜਾਂ ਉਹਦੀ ਛੋਰੀ ਰੱਖ ਕੇ ਜਾਂਦੀ।
ਛੁੱਟੀ ਦਾ ਦਿਨ ਸੀ ਅਸਦ ਆਪਣੇ ਮੁੰਡਿਆਂ ਨਾਲ ਛੱਤ ਉਤ ਚੜ੍ਹ ਕੇ ਬਸੰਤ ਮੰਨਾ ਰਿਹਾ ਸੀ । ਅਸਦੀ ਦੇ ਮੁੰਡੇ ਦੀ ਗੁੱਡੀ ਨਾਲ ਦਾ ਕੋਠਾ ਛਡ ਕੇ ਤੀਜੀ ਛੱਤ ਦੇ ਬੰਨੇਰੇ ਨਾਲ ਅੜ ਗਈ ਜਿਥੇ ਇਕ ਕੁੜੀ ਕੱਪੜੇ ਛੰਡ ਕੇ ਪਾ ਰਹੀ ਸੀ। ਗੁੱਡੀ ਦੀ ਡੋਰ ਉਹਦੀ ਚਿਮਨੀ ਨਾਲ ਰਗੜੀ, ਉਨ੍ਹੇ ਭੂੰ ਕੇ ਵਿਖਿਆ ਦੋ ਤਿੰਨ ਬਾਲਾਂ ਨਾਲ ਇਕ ਸਿਆਣਾ ਬਿਆਣਾ ਆਦਮੀ ਵੀ ਡੋਰ ਨੂੰ ਖਿਚਣ ਵਿੱਚ ਲਗਾ ਏ। ਕੁੜੀ ਨੇ ਗੁੱਡੀ ਫੜੀ ਤੇ ਤਿੰਨਾਂ ਮੁੰਡਿਆਂ ਦੇ ਮੂੰਹੋਂ “ਨੀ ਨੀ” ਦੀਆਂ ਵਾਜਾਂ ਨਿਕਲੀਆਂ………………..ਕੁੜੀ ਨੇ ਗੁੱਡੀ ਦੀ ਡੋਰ ਖਿਚ ਕੇ ਤੋੜਣ ਦੀ ਥਾਂ ਉਤਾਂਹ ਨੂੰ ਚੁੱਕੀ ਤੇ ਕੰਨੀ ਦੇ ਦਿੱਤੀ। ਕੁੜੀ ਨੇ ਖ਼ਾਲੀ ਕੱਪੜਿਆਂ ਵਾਲੀ ਬਾਲਟੀ ਚੁੱਕੀ ਤੇ ਪੌੜੀਆਂ ਉਤਰਣ ਲੱਗ ਪਈ। ਅਜੇ ਪੌੜੀ ਦੇ ਦੋ ਡੰਡੇ ਉਤੇ ਪੈਰ ਰਖਿਆ ਈ ਸੀ ਕਿ ਗੁੱਡੀ ਇੱਕ ਵਾਰ ਫੇਰ ਉਸੇ ਛੱਤ ਦੇ ਅਣਟੀਨੇ ਉਤੇ ਅੜ ਗਈ ਕੁੜੀ ਗੁੱਡੀ ਦੇ ਡਿੱਗਣ ਦੀ ਵਾਜ ਸੁਣ ਕੇ ਉਧਰ ਨੂੰ ਵੇਖਿਆ ਤੇ ਜਿਹੜਾਂ ਪੈਰ ਹੇਠਾਂ ਜਾਣ ਲਈ ਪੁਟਿਆ ਸੀ ਉਹ ਵਾਪਸ ਈ ਚੁੱਕ ਲਿਆ ਤੇ ਦੋਬਾਰਾ ਕੰਨੀ ਦੇਣ ਲਈ ਅਣਟੀਨੇ ਕੋਲ ਆਈ। ਉਸ ਨੇ ਗੁੱਡੀ ਨੂੰ ਹੱਥ ਪਾਇਆ ਈ ਸੀ ਕਿ ਮੁੰਡੇ ਦੀ ਡੋਰ ਖਿਚਣ ਨਾਲ ਗੁੱਡੀ ਆਪ ਈ ਹਵਾ ਦੇ ਬੁਲ੍ਹੇ ਨਾਲ ਉਡਣ ਲੱਗ ਗਈ। ਗੁੱਡੀ ਹਵਾ ਵਿੱਚ ਉੱਡ ਪਈ ਪਰ ਉਹਦੀ ਨਿੱਕੀ ਜਿਹੀ ਪੂਛਲ ਕੁੜੀ ਦੇ ਹੱਥ ਵਿੱਚ ਈ ਰਹਿ ਗਈ। ਕੁੜੀ ਦਾ ਬੇਵਸਾ ਹਾਸਾ ਨਿਕਲ ਗਿਆ ਉਧਰ ਤਿੰਨੇ ਮੁੰਡੇ ਤੇ ਅਸਦ ਵੀ ਹੱਸ ਰਹੇ ਸਨ। ਕੁੜੀ ਹੱਸਦੀ ਹੱਸਦੀ ਹੇਠਾਂ ਉਤਰ ਗਈ ਤੇ ਗੱਲ ਆਈ ਗਈ ਹੋ ਗਈ।
ਅਸਦ ਦਫ਼ਤਰੋਂ ਆ ਕੇ ਗੱਡੀ ਗੇਰਾਜ ਵਿੱਚ ਖੜ੍ਹੀ ਕਰ ਕੇ ਗੇਟ ਨੂੰ ਕੁੰਡੀ ਲਾ ਕੇ ਅੰਦਰ ਜਾਣ ਈ ਲਗਾ ਕਿ ਪਿਛੋਂ ਬੈਲ ਹੋਈ। ਅੱਜ ਚੌਕੀਦਾਰ ਵੀ ਛੁੱਟੀ ਤੇ ਸੀ। ਅਸਦੇ ਨੇ ਆਪ ਈ ਵਾਪਸ ਆ ਕੇ ਕੁੰਡੀ ਖੋਲੀ ਤੇ ਗੇਟ ਉਤੇ ਇਕ ਲੰਮੇ ਕੁਰਤੇ ਤੇ ਮਲਮਲ ਦੀ ਚੁੰਨੀ ਵਾਲੀ ਮੁਟਿਆਰ ਖਲੋਤੀ ਸੀ। ਉਹਦੇ ਹੱਥ ਵਿੱਚ ਲੱਡੂਆਂ ਵਾਲੀ ਪ੍ਰਾਤ ਸੀ ਜਿਹਦੇ ਉਤੇ ਪੋਣਾ ਦਿੱਤਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਉਹ ਉਸ ਮੋਟੀਆਂ ਮੋਟੀਆਂ ਅੱਖਾਂ ਵਾਲੀ ਮੁਟਿਆਰ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ………………
ਉਹ ਬੋਲੀ “ਤੁਸੀ ਗੁੱਡੀ ਵਾਲੇ ਓ ਨਾ?”
“ਗੁੱਡੀ ਵਾਲੇ”
ਅਸਦ ਨੇ ਦੁਹਰਾਇਆ ਜਿਵੇਂ ਕੁਝ ਯਾਦ ਕਰਨ ਦਾ ਗਵੇੜ ਲਾ ਰਿਹਾ ਏ।
“ਅੱਛਾ ਅੱਛਾ ਤੇ ਤੂੰ”
ਅਸਦੇ ਮੂੰਹੋਂ ਇਹੋ ਨਿਕਲਿਆ ਤੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਹਦੇ ਲਾਲ ਡੋਰੀਆਂ ਵਿੱਚੋਂ ਖ਼ੌਰੇ ਕੀ ਲਭਣ ਲੱਗ ਪਿਆ।
“ਘਰ ਕੋਈ ਹੈ” ਉਸ ਨੇ ਅਣ-ਝਿਕ ਪੁੱਛਿਆ ਤੇ ਅਸਦ ਨੇ ਬਗ਼ੈਰ ਬੋਲੇ ਇੱਕ ਬੰਨੇ ਹੋ ਕੇ ਉਸ ਨੂੰ ਅਗੇ ਜਾਣ ਦਾ ਰਾਹ ਦੇ ਦਿੱਤਾ।
ਉਹ ਗੇਰਾਜ ਤੋਂ ਅਗੇ ਬਰਾਂਡੇ ਵੱਲ ਗਈ ਤੇ ਅੰਦਰੋਂ ਜੀਨੋ ਆਉਂਦੀ ਹੋਈ ਉਸ ਨੂੰ ਦਿਸੀ।
“ਮਾਸੀ ਕੀ ਹਾਲ ਏ”
“ਠੀਕ ਹਾਲ ਏ”
“ਠੀਕ ਆਂ ਪੁੱਤ ਤੂੰ ਸੁਣਾ”ਜੀਨੋ ਨੇ ਜਵਾਬ ਦਿੱਤਾ।
“ਸੁਣਾ ਕਿੰਜ ਆਈ ਐਂ”
ਮਾਸੀ ਆਪਾਂ ਦੀ ਹੋਰਾਂ ਨੇ ਵੱਡੀ ਬੀਬੀ ਦੇ ਦਿਨ ਕੀਤੇ ਨੇ ਤੇ ਇਹ ਉਹਦੇ ਲੱਡੂ ਵੰਡ ਰਹੀ ਆਂ ਲੈ ਇੱਕ ਤੂੰ ਵੀ ਰੱਖ ਲੈ ਤੇ ਇਹ ਦੋ ਆਪਣੀ ਮਾਲਕਣ ਨੂੰ ਦੇ ਦੇਵੀਂ ਆਖੀਂ ਡਗਰਾਂਵਾਂ ਘਰੋਂ ਆਏ ਨੇ। ਉਸ ਨੇ ਮੋਤੀ ਚੂਰ ਦੇ ਮੋਟੇ ਮੋਟੇ ਲੱਡੂ ਆਪਣੇ ਜਵਾਨੀ ਵਾਲੇ ਹੱਥਾਂ ਨਾਲ ਜੀਨੋ ਦੇ ਹੱਥ ਫੜਾ ਦਿੱਤੇ। ਪ੍ਰਾਤ ਸਿਰ ਉਤੇ ਰੱਖ ਕੇ ਦੂਜੇ ਲੋਕਾਂ ਘਰ ਚਲੀ ਗਈ।
ਬਾਲਾਂ ਦੇ ਇਮਤਿਹਾਨ ਮੁਕੇ ਤੇ ਉਨ੍ਹਾਂ ਨਾਨਕੇ ਜਾਣ ਦੀ ਜ਼ਿੱਦ ਕੀਤੀ। ਅਸਦ ਨੂੰ ਦਫ਼ਤਰੋਂ ਛੱਟੀ ਨਾ ਮਿਲ ਸਕੀ। ਅਦੀਲਾ ਦੋ ਹਫਤਿਆਂ ਲਈ ਬਾਲਾਂ ਨੂੰ ਪੇਕੇ ਲੈ ਗਈ। ਵਾਅਦੇ ਮੁਤਾਬਿਕ ਦੋ ਹਫਤੇ ਪੇਕੇ ਰਹਿ ਕੇ ਆਪਣੇ ਭਰਾ ਨਾਲ ਬਾਲ ਲੇ ਕੇ ਸੁਹਰੇ ਆ ਗਈ ਕਿਉਂਕਿ ਅਸਦ ਨੇ ਆਖਿਆ ਸੀ ਕਿ ਕੁਝ ਦਿਨਾਂ ਮਗਰੋਂ ਜੇ ਮੰਨਿਸਟਰ ਤੋਂ ਛੁੱਟੀ ਮਿਲ ਗਈ ਤੇ ਉਹ ਸਿੱਧਾ ਉਧਰ ਈ ਆ ਜਾਵੇਗਾ ਤੇ ਵਾਪਸੀ ਤੇ ਇਕੱਠੇ ਜਾਂਵਾਂਗੇ।
ਅਦੀਲਾ ਤੇ ਬਾਲਾਂ ਦੇ ਜਾਣ ਨਾਲ ਘਰ ਖ਼ਾਲੀ ਖ਼ਾਲੀ ਹੋ ਗਿਆ। ਜੀਨੋ ਘਰ ਵਿੱਚ ਕੱਲੀ ਰਹਿ ਗਈ ਉਹਦੀ ਧੀ ਅਦੀਲਾ ਆਪਣੇ ਨਾਲ ਈ ਲੈ ਗਈ ਸੀ। ਅਸਦ ਸੁਬਹ ਦਾ ਗਿਆ ਰਾਤ ਨੂੰ ਘਰ ਆਉਂਦਾ। ਅਦੀਲਾ ਦੇ ਘਰ ਹੁੰਦਿਆਂ ਵੀ ਉਹ ਦੇਰ ਸਵੇਰ ਨਾਲ ਘਰ ਆਉਣ ਲੱਗ ਪਿਆ ਸੀ। ਪਿਛਲੇ ਕੁਝ ਸਮੇ ਤੋਂ ਉਹਨੂੰ ਮਹਿਸੂਸ ਹੋਣ ਲਗਾ ਕਿ ਘਰ ਆ ਕੇ ਉਸ ਨੂੰ ਬੋਰੀਅਤ ਹੁੰਦੀ ਏ ਕਿਉਂਕਿ ਅਦੀਲਾ ਕੰਮਾਂ ਵਿੱਚ ਰੁੱਝੀ ਰਹਿੰਦੀ, ਬਾਲ ਟਵੀਸ਼ਨ ਤੋਂ ਵਿਹਲੇ ਹੋ ਕੇ ਸਪਾਰਾ ਪੜ੍ਹਨ ਚਲੇ ਜਾਂਦੇ। ਉਹ ਕਮਰੇ ਵਿੱਚ ਪਏ ਰਹਿਣ ਤੋਂ ਆਪਣਾ ਫ਼ਾਲਤੂ ਵੇਲਾ ਯਾਰਾਂ ਦੋਸਤਾਂ ਨਾਲ ਬਾਹਰ ਗਪਸ਼ਪ ਵਿੱਚ ਪੂਰਾ ਕਰ ਕੇ ਘਰ ਆਉਂਦਾ। ਜੀਨੋ ਦੇ ਕੱਲੀ ਹੋਣ ਦੀ ਵਜ੍ਹਾ ਤੋਂ ਉਹਦੀ ਭਣੇਵੀਂ ਨਾਜੋ ਜਿਹੜੀ ਡਗਰਾਂਵਾਂ ਦੇ ਘਰ ਕੰਮ ਕਰਦੀ ਸੀ, ਕਦੀ ਕਦੀ ਵਿਹਲੀ ਹੋ ਕੇ ਮਾਸੀ ਕੋਲ ਆ ਜਾਂਦੀ। ਸ਼ਾਮਾਂ ਹੋਣ ਤੋਂ ਪਹਿਲਾਂ ਈ ਵਾਪਸ ਚਲੀ ਜਾਂਦੀ।
ਅੱਜ ਅਸਦ ਦੀ ਤਬੀਅਤ ਕੁਝ ਠੀਕ ਨਹੀਂ ਸੀ ਉਹ ਡੀਗਰ ਵੇਲੇ ਈ ਘਰ ਆ ਗਿਆ। ਜੀਨੋ ਸਿਰ ਖੋਲ ਕੇ ਬੈਠੀ ਸੀ ਤੇ ਨਾਜੋ ਆਪਣੀ ਮਾਸੀ ਦੇ ਵਾਲਾਂ ਵਿੱਚ ਕੰਘੀ ਕਰ ਰਹੀ ਸੀ………………ਅਸਦ ਦੀ ਨਜ਼ਰ ਉਹਦੇ ਉਤੇ ਪਈ……………ਉਹੋ ਗੁੱਡੀ ਨੂੰ ਕਣੀ ਦੇਣ ਵਾਲੀ ਉਹਦੇ ਘਰ ਮੰਜੀ ਉਤੇ ਬਹਿ ਕੇ ਜੀਨੋ ਦੀਆਂ ਖ਼ਿਦਮਤਾਂ ਕਰ ਰਹੀ ਏ। ਅਸਦ ਕੁਝ ਨਾ ਸਮਝਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਜੀਨੋ ਉਹਦੇ ਵੇਲਿਓ ਪਹਿਲਾਂ ਆਉਣ ਦੀ ਵਜ੍ਹਾ ਨਾ ਸਮਝੀ ਤੇ ਉਹਦੇ ਪਿਛੇ ਪਿਛੇ ਚਲੀ ਗਈ।
ਅਸਦ ਨੇ ਬ੍ਰੀਫ਼ ਕੇਸ ਸੋਫ਼ੇ ਉਤੇ ਸੁਟਿਆ ਤੇ ਬੂਟਾਂ ਸਣੇ ਈ ਬੈਡ ਉਤੇ ਮੁਧਾ ਹੋ ਗਿਆ। ਇੱਕ ਉਹਦਾ ਛੇਤੀ ਘਰ ਆ ਜਾਣਾ ਤੇ ਦੂਜਾ ਉਲਟਾ ਹੋ ਕੇ ਬੂਟਾਂ ਸਮੇਤ ਬੈਡ ਉਤੇ ਪੈ ਜਾਣ ਨੇ ਜੀਨੋ ਨੂੰ ਵੀ ਪਰੇਸ਼ਾਨ ਕਰ ਦਿੱਤਾ।
“ਸਾਹਿਬ ਜੀ ਖ਼ੈਰ ਹੈ ਏ”
ਜੀਨੋ ਨੇ ਪੁੱਛਿਆ।
“ਬਸ ਮਾਸੀ ਤਬੀਅਤ ਜ਼ਰਾ ਖ਼ਰਾਬ ਏ” ਅਸਦੇ ਨੇ ਹੌਲੀ ਜਿਹੀ ਜੁਆਬ ਦਿੱਤਾ।
“ਕੋਈ ਦਵਾਈ ਸ਼ਵਾਈ ਖਾਧੀ ਜੇ”
“ਨਹੀਂ” ਅਸਦ ਨੇ ਨਿੱਕਾ ਜਿਹਾ ਜਵਾਬ ਦਿੱਤਾ।
“ਡਾਕਟਰ ਕੋਲੋ ਹੋ ਆਉਂਦੇ” ਜੀਨੋ ਨੇ ਫੇਰ ਮਸ਼ਵਰਾ ਦਿੱਤਾ।
“ਬਸ ਮਾਸੀ ਤੂੰ ਡਿਸਪਰੀਨ ਜੋਸ਼ਾਂਦੇ ਨਾਲ ਲਿਆ ਦੇ”
“ਜੋਸ਼ਾਂਦਾ ਤੇ ਘਰ ਹੈ ਏ ਪਰ ਡਿਸਪਰੀਨ ਸਟੋਰ ਤੋਂ ਲੈ ਆਉਣੀ ਆਂ”
ਜੀਨੋ ਨੇ ਖੁਦ-ਕਲਾਮੀ ਜਿਹੀ ਕੀਤੀ। ਨਾਜੋ ਵੀ ਪਿਛੇ ਨਿਮੋਝਾਣੀ ਜਿਹੀ ਹੋ ਕੇ ਖਲੋਤੀ ਸੀ।
ਜੀਨੋ ਨੇ ਆਖਿਆ ਨਾਜੋ! ਨਿੱਕੀ ਤੇ ਹੈ ਨਹੀਂ ਚੱਲ ਤੂੰ ਸਾਹਿਬ ਦਾ ਸਿਰ ਘੁੱਟ ਮੈਂ ਜੋਸ਼ਾਂਦੇ ਲਈ ਪਾਣੀ ਧਰ ਕੇ ਸਟੋਰ ਤੋਂ ਡਿਸਪਰੀਨ ਲੈ ਆਵਾਂ।
ਨਾਜੋ ਅਗੇ ਹੋਈ ਤੇ ਅਸਦ ਦੇ ਸਿਰ ਨੂੰ ਹੌਲੀ ਹੌਲੀ ਘੁੱਟਣ ਲੱਗ ਪਈ ਅਸਦ ਦਾ ਮੱਥਾ ਬੁਖ਼ਾਰ ਨਾਲ ਡਾਹਡਾ ਭੱਖ ਰਿਹਾ ਸੀ ਅਸਦੀ ਨੀਮ ਬੇਹੋਸ਼ੀ ਜਿਹੀ ਵਿੱਚ ਸੀ।
ਨਾਜੋ ਪੋਲੇ ਪੋਲੇ ਹੱਥਾਂ ਨਾਲ ਉਹਦਾ ਮੱਥਾ ਦਬਾ ਰਹੀ ਸੀ ਤੇ ਅਸਦ ਨੂੰ ਜਾਪ ਰਿਹਾ ਸੀ ਜਿਵੇਂ ਕੋਈ ਮੌਤ ਦੇ ਮੂੰਹ ਵਿੱਚੋਂ ਉਹਨੂੰ ਸਾਲਮ ਕੱਢੀ ਜਾ ਰਿਹਾ ਏ। ਉਨ੍ਹੇ ਦੋ ਤਿੰਨ ਵਾਰ ਨਾਜੋ ਵੱਲ ਅੱਖਾਂ ਖੋਲ ਕੇ ਵੇਖਿਆ ਤੇ ਫੇਰ ਅੱਖਾਂ ਮੀਟ ਲਈਆਂ। ਇੱਕ ਤਬੀਅਤ ਵੀ ਬੇਜ਼ਾਰ ਜਿਹੀ ਸੀ ਦੂਜਾ ਨਾਜੋ ਕਿਧਰੇ ਬੁਰਾ ਨਾ ਮੰਨਾ ਲਵੇ ਤੇ ਘੁੱਟਣੋ ਈ ਰੁਕ ਜਾਵੇ ਜਾਂ ਆਪਣੀ ਮਾਸੀ ਨੂੰ ਸ਼ਕਾਇਤ ਈ ਨਾ ਕਰ ਦਿਵੇ ਉਹਦਾ ਦਿਲ ਚਾਹ ਰਿਹਾ ਸੀ ਕਿ “ਉਹਦਾ ਬੁਖ਼ਾਰ ਕਦੀ ਨਾ ਉਤਰੇ……………ਮਾਸੀ ਕਿਤੇ ਬਾਹਰ ਹੀ ਰਹਿ ਜਾਵੇ…………………..ਵੇਲਾ ਵੀ ਥਮ ਜਾਵੇ ਤੇ ਨਾਜੋ ਉਹਨੂੰ ਘੁੱਟਦੀ ਰਹਵੇ।”
ਵੇਲਾ ਕਿਸੇ ਦਾ ਚਾਹਣ ਨਾ ਚਾਹਣ ਉਤੇ ਨਹੀਂ ਰਹਿੰਦਾ। ਜੀਨੋ ਜੋਸ਼ਾਂਦਾ ਬਣਾ ਲਿਆਈ ਤੇ ਨਾਜੋ ਨੂੰ ਆਖਣ ਲਗੀ ਧੀਏ ਇਹ ਡਿਸਪਰੀਨ ਦੀਆਂ ਗੋਲੀਆਂ ਪੱਤੇ ਦੇ ਵਿੱਚੋਂ ਖੋਲ ਕੇ ਪਲੇਟ ਵਿੱਚ ਰੱਖਦੇ। ਨਾਜੋ ਨੇ ਮਾਸੀ ਤੋਂ ਗੋਲੀਆਂ ਵਾਲਾ ਪੱਤਾ ਫੜਿਆ ਤੇ ਉਠ ਕੇ ਖਲੋਈ। ਅਸਦ ਨੂੰ ਜਪਿਆ ਜਿਵੇਂ ਉਸ ਨੂੰ ਕਿਸੇ ਤੰਦੂਰ ਵਿੱਚ ਸੁਟ ਦਿੱਤਾ ਏ। ਉਹ ਨਹੀਂ ਸੀ ਚਾਹੁੰਦਾ ਪਈ ਨਾਜੋ ਉਹਦਾ ਸਿਰ ਛਡੇ ਨਾਜੋ ਦੇ ਹੱਥਾਂ ਦੇ ਲਮਸ ਦੀ ਠੰਡ ਉਹਦੇ ਸਾਹਵਾਂ ਵਿੱਚ ਰੱਚ ਗਈ………………………………
ਜੀ ਕਰਦਾ ਸੀ ਜੀਨੋ ਨੂੰ ਆਖ ਦੇਵੇ ਕਿ “ਤੂੰ ਨੌਕਰਾਣੀ ਐਂ ਤੇ ਨੌਕਰਾਣੀ ਬਣ ਕੇ ਈ ਰਹਿ ਤੂੰ ਕੰਮ ਕਰ……………ਨਾਜੋ ਨੂੰ ਮੇਰੇ ਕੋਲ ਬੈਠੀ ਰਹਿਣ ਦੇ, ਮੈਨੂੰ ਆਪ ਈ ਆਰਾਮ ਆ ਜਾਵੇਗਾ…………….!
ਕੁਝ ਇਖ਼ਲਾਕੀ ਤਕਜ਼ਿਆਂ ਪਾਰੋਂ ਉਹ ਕੁਝ ਵੀ ਨਾ ਬੋਲ ਸਕਿਆ ਤੇ ਫੇਰ ਅੱਖਾਂ ਮੀਟ ਲਈਆਂ।
“ਸਾਹਿਬ ਜੀ ਜੋਸ਼ਾਂਦਾ ਪੀ ਕੇ ਸੌਂ ਜਾਣਾ” ਜੀਨੋ ਨੇ ਹਲੂਣਾ ਦਿੱਤਾ।
ਅਸਦ ਨੇ ਡਿਸਪਰੀਨ ਦੀਆਂ ਦੋ ਗੋਲੀਆਂ ਦੇ ਨਾਲ ਜੋਸ਼ਾਂਦਾ ਪੀਤਾ ਪਰ ਉਹਦਾ ਦਿਲ ਆਖ ਰਿਹਾ ਸੀ ਕਿ ਆਰਾਮ ਤੇ ਸਿਰ ਘੁੱਟਣ ਨਾਲ ਈ ਆਉਣਾ ਏ, ਜੁਸ਼ਾਂਦਾ ਤੇ ਸਿਰਫ਼ ਜੀਨੋ ਦੇ ਵਿਖਾਵੇ ਲਈ ਪੀਤਾ ਏ। ਉਹ ਫੇਰ ਲੰਮੇ ਪੈ ਗਿਆ। ਜੀਨੋ ਭਾਂਡੇ ਫੜ ਕੇ ਬਾਹਰ ਟੁਰ ਪਈ ਮਗਰ ਮਗਰ ਨਾਜੋ ਵੀ ਸੀ………….ਅਸਦ ਦਾ ਧਿਆਨ ਨਾਜੋ ਉਤੇ ਆ ਕੇ ਅੜ ਗਿਆ। ਨਾਜੋ ਨੇ ਬੂਹਾ ਢੋਣ ਲਗਿਆਂ ਅਸਦ ਵੱਲ ਤੱਕਿਆ ਤੇ ਉਹਨੂੰ ਲਗਾ ਜਿਵੇਂ ਅਸਦ ਦੇ ਨੈਣ ਉਹਨੂੰ ਬਾਹਰ ਨਾ ਜਾਣ ਦਾ ਤਰਲਾ ਮਾਰ ਰਹੇ ਨੇ। ਬੂਹਾ ਢੁਪਿਆ ਤੇ ਅਸਦੀ ਦੀਆਂ ਅੱਖਾਂ ਵੀ ਢੱਪ ਗਈਆਂ। ਖ਼ੌਰੇ ਕਦੋਂ ਉਹ ਨੀਂਦ ਦੇ ਖੂਹ ਵਿੱਚ ਜਾ ਡਿੱਗਾ…………………………
ਅਸਦ ਦੀ ਅੱਖ ਖੁਲ੍ਹੀ ਤੇ ਜਿਵੇਂ ਸੁਪਣਾ ਈ ਟੁੱਟ ਗਿਆ ਹੋਵੇ। ਰਾਤ ਦੇ ਨੋ ਵੱਜ ਚੁੱਕੇ ਸਨ ਜੀਨੋ ਨੇ ਹੌਲੀ ਜਿਹੀ ਬੂਹਾ ਵੱਜਾਇਆ। ਅਸਦ ਬੋਲਿਆ:“ਮਾਸੀ ਅੰਦਰ ਆ ਜਾ”
“ਸਾਹਿਬ ਜੀ ਤਬੀਅਤ ਦਾ ਕੀ ਹਾਲ ਏ?”
“ਹੁਣ ਬਹੁਤ ਬਿਹਤਰ ਆਂ”
“ਕੁਝ ਖਾਣ ਨੂੰ ਲਿਆਵਾਂ?”
“ਮਾਸੀ ਕੁਝ ਖਾਣ ਨੂੰ ਜੀ ਨਹੀਂ ਕਰ ਰਿਹਾ”
“ਫੇਰ ਕੀ ਜੀ ਕਰ ਰਿਹਾ ਏ?”
ਇਸ ਸੁਅਲ ਉਤੇ ਅਸਦ ਦਾ ਦਿਲ ਕੀਤਾ ਜੋ ਜੀ ਕਹਿ ਰਿਹਾ ਏ ਉਹ ਦੱਸ ਦੇਵੇ ਪਰ ਉਹ ਕੀ ਦੱਸਦਾ।
ਦਿਨ ਨੂੰ ਕਾਫ਼ੀ ਘੰਟੇ ਸੌਣ ਤੋਂ ਅਸਦ ਨੂੰ ਰਾਤ ਨੂੰ ਨੀਂਦ ਨਾ ਆਈ। ਤਬੀਅਤ ਵਿੱਚ ਵੀ ਅਚਵੀ ਜਿਹੀ ਸੀ। ਸੁਬਹ ਤਿੰਨ ਚਾਰ ਵੱਜੇ ਅੱਖ ਲਗੀ ਤੇ ਸੁਬਹ ਦਫ਼ਤਰੋਂ ਵੀ ਲੇਟ ਹੋ ਗਿਆ। ਅੱਜ ਉਹ ਦਫ਼ਤਰ ਨਹੀਂ ਸੀ ਜਾਣਾ ਚਾਹੁੰਦਾ ਪਰ ਪਰਸੋਂ ਬਾਲ ਬੱਚੇ ਲੈਣ ਜਾਣਾ ਸੀ ਇਸ ਲਈ ਉਹ ਅੱਜ ਤੋਂ ਈ ਛੁੱਟੀ ਨਹੀਂ ਸੀ ਕਰਨਾ ਚਾਹੁੰਦਾ।
ਅਦੀਲਾ ਦੀ ਸੱਸ ਘਰ ਵਿੱਚ ਕੱਲੀ ਰਹਿ ਗਈ ਸੀ ਕਿਉਂ ਜੇ ਨਿੱਕੇ ਮੁੰਡੇ ਨੂੰ ਸਕਾਲਰ ਸ਼ਿਪ ਉਤੇ ਯੂ-ਕੇ ਦਾ ਵੀਜ਼ਾ ਮਿਲ ਗਿਆ ਨਨਾਣਾਂ ਆਪਣੇ ਆਪਣੇ ਘਰਾਂ ਵਾਲੀਆਂ ਹੋਗੀਆਂ ਸਨ। ਨਿੱਕੀ ਕੰਮ ਚੰਗਾ ਕਰਦੀ ਸੀ ਇਸ ਲਈ ਸੱਸ ਨੂੰ ਵਾਹਵਾ ਚੰਗੀ ਲਗਦੀ ਸੀ ਜੂਠ ਚੋਰੀ ਦੀ ਵੀ ਉਹਨੂੰ ਆਦਤ ਨਹੀਂ ਸੀ। ਅਦੀਲਾ ਦੀ ਸੱਸ ਨੇ ਅਦੀਲਾ ਨੂੰ ਪੁੱਛਿਆ ਪਈ ਜੇ ਇਹਦੀ ਮਾਂ ਰਾਜ਼ੀ ਹੋਵੇ ਤੇ ਇਹਨੂੰ ਇਥੇ ਈ ਰੱਖ ਲਈਏ। ਅਦੀਲਾ ਨੇ ਸੱਸ ਨੂੰ ਆਪਣੇ ਕੋਲ ਬੁਲਾਣ ਦਾ ਬਥੇਰਾ ਚਾਰਾ ਕੀਤਾ ਪਰ ਉਹ ਆਪਣਾ ਘਰ ਬਹੀਂ ਸੀ ਛੱਡਣਾ ਚਾਹੁੰਦੀ। ਅਦੀਲਾ ਨੇ ਫੋਨ ਉਤੇ ਜੀਨੋ ਦੀ ਰਜ਼ਾਮੰਦੀ ਮੰਗ ਲਈ……………………ਇਤਮਾਦ (ਵਿਸ਼ਵਾਸ) ਵਾਲੇ ਲੋਕ ਸਨ ਇਸ ਲਈ ਜੀਨੋ ਨੂੰ ਇਤਰਾਜ਼ ਨਾ ਹੋਇਆ। ਅਦੀਲਾ ਨੇ ਜੀਨੋ ਨੂੰ ਆਖਿਆ ਕਿ ਅਸਦ ਹੱਥ ਆਉਂਦੀ ਵਾਰ ਨਿੱਕੀ ਦੇ ਕੱਪੜੇ ਘਲ ਦੇਵੇ, ਉੰਜ ਤੇ ਤਿੰਨ ਚਾਰ ਜੋੜੇ ਉਹ ਨਾਲ ਲੈ ਈ ਗਈ ਸੀ ਤੇ ਦੋ ਤਿੰਨ ਅਦੀਲਾ ਦੀ ਮਾਂ ਨੇ ਵੀ ਸੰਵਾਂ ਦਿੱਤੇ ਸਨ। ਕੁਝ ਅਦੀਆ ਦੀਆਂ ਨਨਾਣਾਂ ਦੇ ਲੀੜੇ ਵੀ ਨਿੱਕੀ ਨੂੰ ਦੇ ਦਿੱਤੇ ਗਏ।
ਨਿੱਕੀ ਜਦੋਂ ਅਦੀਲਾ ਦੀ ਸੱਸ ਦੇ ਪੈਰ ਗੋਡੇ ਘੁੱਟਦੀ ਉਹਨੂੰ ਬਹੁਤ ਚੰਗੀ ਲਗਦੀ। ਥੋੜ੍ਹੇ ਦਿਨਾਂ ਵਿੱਚ ਈ ਸਿਰ ਵਿੱਚ ਤੇਲ ਚਸਵਾ ਚਸਵਾ ਕੇ ਸੱਸ ਨਿਕੀ ਦੇ ਹੱਥਾਂ ਉਤੇ ਈ ਪਲ ਗਈ ਸੀ। ਜੀਨੋ ਲਈ ਘਰ ਦਾ ਕੰਮ ਵੱਧ ਗਿਆ। ਬਾਲਾਂ ਦੇ ਕੱਪੜੇ ਧੋ ਕੇ ਇਸਤਰੀ ਕਰਨਾ, ਰੋਜ਼ ਜੁੱਤੀਆਂ ਪਾਲਸ਼ ਕਰਨਾ, ਤਿੰਨਾਂ ਵੇਲਿਆਂ ਦਾ ਅਣ-ਪਾਣੀ ਤਿਆਰੀ ਕਰਨਾ। ਸਫ਼ਾਈਆਂ ਪੋਚੇ ਤੋ ਹੋਰ ਬਾਹਰ ਅੰਦਰ ਦਾ ਕੰਮ। ਅਦੀਲਾ ਨੂੰ ਵੀ ਹਰ ਨਿੱਕੇ ਮੋਟੇ ਕੰਮ ਉਤੇ “ਮਾਸੀ ਇਹ ਕਰਦੇ ਮਾਸੀ ਉਹ ਕਰਦੇ” ਕਹਿਣ ਦੀ ਆਦਤ ਸੀ ਜੇ ਉਹ ਇੱਕ ਕਮਰੇ ਦੀ ਸਫ਼ਾਈ ਕਰ ਰਹੀ ਹੁੰਦੀ ਤੇ ਬਰਤਨ ਧੋਣ ਲਈ ਸੱਦ ਲਿਆ ਜਾਂਦਾ ਜੇ ਬਰਤਨ ਧੋਣ ਲਗਦੀ ਤੇ ਪਿਛੋਂ ਹਾਂਡੀ ਤੜਕਾ ਸੜ ਜਾਂਦਾ ਕੱਪੜੇ ਇਸਤਰੀ ਕਰਨ ਬਹਿੰਦੀ ਤੇ ਕਿਸੇ ਬਾਲ ਦੀ ਮੰਗ ਉਤੇ ਬਾਹਰੋਂ ਕੋਈ ਸ਼ੈ ਮੰਗਵਾਣੀ ਪੈ ਜਾਂਦੀ। ਜੀਨੋ ਨੇ ਦਬੇ ਦਬੇ ਅੱਖਰਾਂ ਵਿੱਚ ਨਿੱਕੀ ਦੀ ਵਾਪਸੀ ਦੀ ਮੰਗ ਕੀਤੀ ਪਰ ਅਦੀਲਾ ਨੇ ਉਹਦੀ ਗੱਲ ਉਤੇ ਤਵਜ੍ਹਾ ਨਾ ਦਿੱਤੀ ਕਿਉਂ ਜੇ ਨਿੱਕੀ ਸੱਸ ਦੀ ਜ਼ਰੂਰਤ ਬਣ ਚੁੱਕੀ ਸੀ।
ਇੱਕ ਦਿਨ ਸਿਰ ਉਤੇ ਕੱਪੜਾ ਬੰਨ੍ਹ ਕੇ ਜੀਨੋ ਕੱਪੜੇ ਧੋ ਕੇ ਨਚੋੜ ਰਹੀ ਸੀ। ਅਸਦ ਬਹਰੋਂ ਆਇਆ ਜੀਨੋ ਨੇ “ਸਲਾਮ ਸਹਿਬ ਜੀ” ਆਖਿਆ। ਅਸਦੀ ਦੀ ਨਜ਼ਰ ਉਹਦੇ ਬੰਨ੍ਹੇ ਹੋਏ ਮੱਥੇ ਉਤੇ ਅਪੜੀ ਉਹ ਪੁੱਛਿਆ “ਮਾਸੀ ਖ਼ੈਰ ਤੇ ਹੈ ਏ ਅੱਜ ਸਿਰ ਕਿਉਂ ਬੰਨ੍ਹਿਆ ਈ?”
“ਬਸ ਪੁੱਤਰ ਜਦੋਂ ਦੀ ਨਿੱਕੀ ਗਈ ਏ ਮੇਰਾ ਇਹੋਈ ਹਾਲ ਏ”
“ਕਿਉਂ! ਜੀ ਉਦਰ ਗਿਆ ਐ ਤੇ ਮਿਲਵਾ ਲਿਆਨੇ ਐਂ” ਅਸਦ ਨੇ ਹਮਦਰਦੀ ਜਿਤਾਈ।
“ਨਹੀਂ ਸਾਹਿਬ ਜੀ! ਉਦਰਨਾ ਕੀ ਏ, ਮੇਰੇ ਬੁੱਢੜੀ ਤੋਂ ਸਾਰਾ ਕੰਮ ਨਹੀਂ ਹੁੰਦਾ”
“ਤੇ ਮਾਸੀ ਕਿਸੇ ਨੂੰ ਨਾਲ ਰਲਾ ਲਿਆ ਕਰ”
“ਕਿਹਣੂ ਨਾਲ ਰਲਾ ਲਿਆ ਕਰਾਂ?”
ਅਸਦ ਨੇ ਕੁਝ ਸੋਚਣ ਵਾਲੇ ਅੰਦਾਜ਼ ਵਿੱਚ ਆਖਿਆ
“ਹਾਂ ਯਾਦ ਆਇਆ, ਉਹ ਜਿਹੜੀ ਕੁੜੀ ਕਦੀ ਕਦਾਰ ਤੇਰਾ ਹੱਥ ਵੰਡਾਉਣ ਆ ਜਾਂਦੀ ਏ ਉਹਨੂੰ ਆਪਣੇ ਨਾਲ ਕੰਮ ਤੇ ਲਾ ਲਿਆ ਕਰ”
“ਉਹ, ੳਹੁ ਭਣੇਵੀਂ ਨੂੰ…………………?”
“ਉਹ ਤੇਰੀ ਸੱਕੀ ਭਣੇਵੀਂ ਏ…………..…?”
“ਆਹੋ ਪੁੱਤਰ……………………ਮੇਰੀ ਮੋਈ ਭੈਣ ਦੀ ਇੱਕੋ ਨਿਸ਼ਾਨੀ” ਜੀਨੋ ਨੇ ਲੰਮੀ ਆਹ ਭਰੀ।
“ਪਰ ਪੁੱਤਰ ਉਹ ਤੇ ਉਧਰ ਕੰਮ ਉਤੇ ਲਗੀ ਏ ਤੇ ਡਗਰਾਂਵਾਂ ਨੇ ਈ ਉਹਦਾ ਖਰਚਾ ਪਾਣੀ ਚੁੱਕਿਆ ਏ ਕਿਉਂ ਜੇ ਉਹਦੀ ਮਾਂ ਉਨ੍ਹਾਂ ਦੀ ਸਹਿਣ (ਨੌਕਰਾਣੀ) ਸੀ” “ਮਾਸੀ ਤੂੰ ਆਪਣੇ ਨਾਲ ਉਹਨੂੰ ਕੰਮ ਉਤੇ ਲਾ ਲੈ, ਅਸੀਂ ਉਹਦਾ ਖਰਚਾ ਪਾਣੀ ਚੁੱਕ ਲੈਣੇ ਆਂ”
ਅਦੀਲਾ ਤੋਂ ਮਸ਼ਵਰਾ ਕੀਤਿਆਂ ਬਗ਼ੈਰ ਈ ਅਸਦ ਨੇ ਜੀਨੋ ਨੂੰ ਹੁਕਮ ਨਾਮੇ ਜਾਰੀ ਕਰ ਦਿੱਤੇ।
ਕੰਮ ਨਾ ਕਰ ਕਰ ਕੇ ਤੇ ਇੱਕੋ ਥਾਂਵੇਂ ਬਹਿ ਬਹਿ ਕੇ ਜੀਨੋ ਤੋਂ ਕੰਮ ਲੈਣ ਵਾਲੀ ਅਦੀਲਾ ਨੂੰ ਪਤਾ ਵੀ ਨਾ ਚਲਿਆ ਤੇ ਆਹਿਸਤਾ ਆਹਿਸਤਾ ਉਹਦੇ ਜੋੜਾਂ ਵਿੱਚ ਹਲਕੀਆਂ ਹਲਕੀਆਂ ਪੀੜਾਂ ਉਠਣ ਲੱਗ ਪਈਆਂ।
ਜੀਨੋ ਨੇ ਅਦੀਲਾ ਅਗੇ ਨਾਜੋ ਦਾ ਵੇਰਵਾ ਕੀਤਾ ਤੇ ਆਪਣੀ ਮਜਬੂਰੀ ਦਾ ਰੋਣਾ ਰੋਇਆ। ਅਦੀਲਾ ਨੇ ਉਹਦੇ ਉਤੇ ਬਹੁਤਾ ਇਤਰਾਜ਼ ਨਾ ਹੋਇਆ ਕੰਮ ਕਰਨ ਦੀਆਂ ਸਹੂਲਤਾਂ ਪਾਰੋਂ ਉਸ ਨੇ ਜੀਨੋ ਨੂੰ ਆਖਿਆ:-
“ਵੇਖ ਲੈ ਮਾਸੀ ਜੇ ਉਹ ਤੇਰਾ ਹੱਥ ਵੰਡਾ ਸਕਦੀ ਏ ਤੇ ਠੀਕ ਏ।”
ਨਾਜੋ ਦੇ ਆਉਣ ਨਾਲ ਘਰ ਚਿੱਟੇ ਦਿਨ ਹਾਰ ਚਮਕਣ ਲੱਗ ਪਿਆ। ਹਰ ਕੰਮ ਵੇਲੇ ਸਿਰ ਤੇ ਸਾਫ਼ ਸੁਥਰਾ ਹੋਣ ਲਗਾ। ਅਦੀਲਾ ਵੀ ਬਹੁਤੀ ਖੁਸ਼ ਸੀ ਕਿਉਂ ਜੇ ਉਹ ਅਦੀਲਾ ਦੇ ਇੱਕ ਇਸ਼ਾਰੇ ਉਤੇ ਸੌ ਸੌ ਵਾਰ ਨਸ ਨਸ ਕੇ ਕੰਮ ਕਰਦੀ ਸੀ ਉਹ ਨਿੱਕੀ ਨਾਲੋਂ ਵੱਧ ਸੁਥਰਾ ਕੰਮ ਕਰਦੀ। ਅਦੀਲਾ ਨੇ ਇੱਕ ਦਿਨ ਖੁਸ਼ ਹੋ ਕੇ ਅਸਦ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਨਾਜੋ ਦੇ ਆਉਣ ਨਾਲ ਘਰ ਵਿੱਚ ਰੌਨਕ ਤੇ ਤਬਦੀਲੀ ਆ ਗਈ ਏ।
ਅਸਦ ਇੱਕਦੰਮ ਠਿਠਕ ਗਿਆ “ਰੌਨਕ ਤੇ ਤਬਦੀਲੀ…………………ਕੀ ਮਤਲਬ, ਮੈਂ ਕੁਝ ਸਮਝਿਆ ਨਹੀਂ……….?
“ਮੇਰਾ ਮਤਲਬ ਏ ਬੜੀ ਸੁਚੱਜੀ ਕੁੜੀ ਏ”
“ਅੱਛਾ ਅੱਛਾ” ਅਸਦੇ ਨੇ ਸੁੱਖ ਦਾ ਸਾਹ ਲਿਆ।
“ਮੈਂ ਜੀਨੋ ਅਗੇ ਉਹਦੀ ਹਾਮੀ ਤੇ ਭਰ ਲਈ ਸੀ ਪਰ ਅੰਦਰੋਂ ਡਰ ਰਹੀ ਸਾਂ ਕਿ ਖੌਰੇ ਉਹ ਨਿੱਕੀ ਦੇ ਸੁਭਾ ਦੀ ਹੈ ਵੀ ਏ ਕਿ ਨਹੀਂ ਪਰ ਇਹ ਤੇ ਨਿੱਕੀ ਤੋਂ ਵੀ ਵੱਧ ਧੀਰੀ ਤੇ ਕਾਮੀ ਏ”
“ਬਸ ਬੇਗਮ ਸਾਡਾ ਫ਼ੈਸਲਾ ਕਦੀ ਗ਼ਲਤ ਵੀ ਹੋਇਆ ਏ?”
ਅਸਦ ਨੇ ਅਤਰਾਂਦੇ ਹੋਏ ਆਖਿਆ।
“ਤੁਹਾਨੂੰ ਤੇ ਹਰ ਕ੍ਰੈਡਟ ਆਪਣੇ ਖਾਤੇ ਪਵਾਣ ਦੀ ਪਈ ਹੁੰਦੀ ਏ”
ਇੱਕ ਕਹਿਕਹਾ ਬੁਲੰਦ ਹੋਇਆ ਤੇ ਅਸਦੀ ਦੇ ਅੰਦਰ ਖੁਸ਼ਬੂਆਂ ਖਿਲਰ ਗਈਆਂ।
ਦਫ਼ਤਰ ਵਿੱਚ ਸਾਰਾ ਦਿਨ ਅਦੀਲਾ ਦਾ ਜੁਮਲਾ ਅਸਦੀ ਨੂੰ ਸਰੂਰ ਦੇਂਦੇ ਰਿਹਾ………….
“ਨਾਜੋ ਦੇ ਆਉਣ ਨਾ ਘਰ ਵਿੱਚ ਰੌਨਕ ਤੇ ਤਬਦੀਲੀ ਆ ਗਈ ਏ”
ਅਸਦ ਨੂੰ ਲਗਾ ਜਿਵੇਂ ਨਾਜੋ ਦੇ ਆਉਣ ਨਾਲ ਘਰ ਵਿੱਚ ਨਹੀਂ ਸਗੋਂ ਅਸਦੇ ਦੇ ਦਿਲ ਵਿੱਚ ਰੌਨਕ ਤੇ ਤਬਦੀਲੀ ਆ ਗਈ ਏ। ਉਹਨੂੰ ਉਹਦੀਆਂ ਅੱਖਾਂ ਵਿੱਚ ਸੁਮੰਦਰ ਨਜ਼ਰ ਆਉਂਦੇ ਤੇ ਉਹਨਾਂ ਵਿੱਚ ਡੁਬ ਜਾਣ ਨੂੰ ਦਿਲ ਕਰਦਾ।
ਉਸਨੇ ਮਾਸੀ ਦਾ ਕੰਮ ਵੀ ਵਾਹਵਾ ਸੰਭਾਲ ਲਿਆ। ਉਹਨੂੰ ਘਰ ਦੇ ਅੰਦਰ ਬਾਹਰ ਕਮਰਿਆਂ ਤੇ ਸੇਫ਼ ਅਲਮਾਰੀਆਂ ਵਿੱਚ ਪਈਆਂ ਹੋਈਆਂ ਸ਼ੈਆਂ, ਇਥੋ ਤੀਕ ਕਿ ਜ਼ੇਵਰ ਤਕ ਦਾ ਵੀ ਪਤਾ ਲੱਗ ਗਿਆ ਪਰ ਉਸ ਕਦੀ ਧੇਲੇ ਦਾ ਹੇਰਫੇਰ ਨਾ ਕੀਤਾ। ਘਰ ਦਾ ਸਾਰਾ ਕੰਮ ਨਾਜੋ ਨੇ ਆਪਣੇ ਮੋਢਿਆਂ ਉਤੇ ਚੁੱਕਿਆ ਸੀ ਇੰਜ ਲਗਦਾ ਸੀ ਨਾਜੋ ਤੋਂ ਬਗ਼ੈਰ ਘਰ ਦਾ ਘਰ ਈ ਉਲਟਾ ਹੋ ਜਾਵੇਗਾ। ਖਾਸ ਕਰ ਕੇ ਅਸਦ ਦੇ ਸਾਰੇ ਕੰਮ ਉਹਦੀ ਜ਼ਿਮੇਵਾਰੀ ਸਨ।
ਡਾਕੀਏ ਨੇ ਬਿਲ਼ ਦਿੱਤਾ ਤੇ ਨਾਜੋ ਨੇ ਨਸ ਕੇ ਗੇਟ ਵੱਲ ਗਈ। ਡਾਕੀਏ ਤੋਂ ਚਿੱਠੀ ਲਿਆ ਕੇ ਅਸਦ ਨੂੰ ਦੇਣ ਗਈ। ਅਸਦ ਨੇ ਪੁੱਛਿਆ “ਕਿੱਥੋਂ ਆਈ ਏ”
“ਪਤਾ ਨਹੀਂ ਜੀ ਸਾਨੂੰ ਕੀ ਪਤਾ ਏ”
ਪੁੱਛਣ ਦੀ ਲੋੜ ਤੇ ਨਹੀਂ ਸੀ ਕਿ ਕਿਥੋਂ ਆਈ ਏ ਕਿਉਂ ਜੇ ਚਿੱਠੀ ਦੇ ਪਿਛੇ ਲਿਖੇ ਹੋਏ ਐਡਰੈਸ ਤੋਂ ਅਸਦ ਨੂੰ ਪਤਾ ਚੱਲ ਗਿਆ ਸੀ ਪਰ ਖ਼ੌਰੇ ਕਿਉਂ ਉਹ ਨਾਜੋ ਨੂੰ ਮੁਖ਼ਾਤਬ ਕਰਨਾ ਚਾਹੁੰਦਾ ਸੀ। ਉਸ ਪੁੱਛਿਆ
“ਕਿਉਂ ਤੈਨੂੰ ਪੜ੍ਹਨਾ ਨਹੀਂ ਆਉਂਦਾ?”
“ਸਾਹਿਬ ਜੀ ਪੜ੍ਹਨਾ ਕਿਥੋਂ ਸੀ……………………..?..................ਪੜ੍ਹਨ ਦੇ ਦਿਨ ਆਏ ਤੇ ਮਾਂ ਮਰ ਗਈ, ਅੱਬੇ ਨੇ ਨਵਾਂ ਵਿਆਹ ਰੱਚਾ ਲਿਆ ਤੇ ਖਰਚੇ ਪੂਰੇ ਨਾ ਹੋਣ ਪਾਰੋਂ ਲੋਕਾਂ ਦੇ ਵਸ ਪਾ ਦਿੱਤਾ”
“ਚੁਚ ਚੁਚ ਚੁਚ” ਅਸਦੇ ਨੇ ਹਿਰਖ ਵਿਖਾਲਾ ਕੀਤਾ।
“ਤੈਨੂੰ ਪੜ੍ਹਨ ਦਾ ਸ਼ੌਕ ਹੈ ਏ?”
“ਉਜੀ ਪੜ੍ਹਨ ਦਾ ਸ਼ੌਕ ਕਿਹਣੂ ਨੀ ਹੁੰਦਾ……………….?” “ਠੀਕ ਏ ਫ਼ੇਰ ਕੱਲ ਜਦੋਂ ਬਾਲਾਂ ਨੂੰ ਟੀਚਰ ਪੜ੍ਹਾਉਣ ਆਵੇ ਤੇ ਤੂੰ ਵੀ ਉਨ੍ਹਾਂ ਨਾਲ ਬਹਿ ਜਾਂਵੀਂ”
“ਨਾਂ…………ਨਾਂ, ਸਾਹਿਬ ਜੀ ਉਹ ਉਹਨਾਂ ਸਰ ਜੀ ਕੋਲੋਂ ਮੈਨੂੰ ਸੰਗਾ ਆਉਂਦੀ ਏ”
“ਤੇ ਕਿਹਦੇ ਕੋਲੋਂ ਸੰਗਾ ਨਹੀਂ ਆਉਂਦੀ”
ਅਸਦੇ ਨੇ ਉਹਦਾ ਫ਼ਿਕਰਾ ਇੰਜਵਾਏ ਕਰਦਿਆਂ ਹੋਇਆਂ ਪੁੱਛਿਆ।
“ਸਾਹਿਬ ਜੀ ਉਹ ਜਿਹੜੀ ਮਿਸ ਕੋਲ ਨਿੱਕੀ ਪੜ੍ਹਨ ਜਾਂਦੀ ਸੀ”
“ਪਰ ਨਿੱਕੀ ਤੇ ਮੈਂ ਸੁਣਿਆ ਸੀ ਫੇਲ ਹੋਈ ਗਈ ਸੀ”
“ਸਹਿਬ ਜੀ! ਨਿੱਕੀ ਫੇਲ ਨਹੀਂ ਸੀ ਹੋਈ, ਮਾਸੀ ਨੇ ਉਹਨੂੰ ਆਪ ਈ ਉਠਵਾ ਲਿਆ ਸੀ”
ਘਰ ਦੇ ਕੰਮਕਾਰ ਤੋਂ ਵਿਹਲਿਆਂ ਹੋ ਕੇ ਨਾਜੋ ਆਪਣੇ ਕਵਾਟਰ ਚੋਂ ਨਿਕਲ ਕੇ ਰੋਜ਼ ਨਿੱਕੀ ਦੀ ਉਸਤਾਨੀ ਦੇ ਘਰ ਜਾਣ ਲੱਗ ਪਈ ਵਾਪਸੀ ਉਤੇ ਉਹਨੂੰ ਅਕਸਰ ਅਸਦ ਪਿਕ ਕਰ ਲਿਆਉਂਦਾ। ਕਦੀ ਕਦੀ ਤੇ ਜਾਣਦੀ ਵਾਰ ਡਰਾਪ ਵੀ ਕਰ ਦਿੰਦਾ ਪਰ ਘਰੋਂ ਕਦੀ ਗੱਡੀ ਵਿੱਚ ਨਾ ਬਿਠਾਇਆ, ਹਮੇਸ਼ਾ ਗਲੀ ਦੀ ਨੁਕਰ ਤੋਂ ਜਾਂ ਰਾਹ ਵਿੱਚੋਂ ਟੁਰਦੀ ਜਾਂਦੀ ਨੂੰ ਪਿਕ ਕਰ ਲੈਂਦਾ। ਡੇੜ੍ਹ ਕੂ ਮਹੀਨਾ ਲੰਘ ਗਿਆ। ਅਦੀਲਾ ਨੂੰ ਕੋਈ ਖ਼ਬਰ ਨਹੀਂ ਸੀ ਕਿ ਘਰ ਵਿੱਚ ਕੀ ਹੋ ਰਿਹਾ ਏ ਬਸ ਇੱਕ ਦੋ ਵਾਰ ਉਹਦੇ ਹੱਥ ਵਿੱਚ ਕਾਇਦਾ ਜਿਹਾ ਵੇਖ ਕੇ ਬਹੁਤੀ ਗਹੁ ਨਾ ਕੀਤੀ।
ਅਦੀਲਾ ਦੀ ਭੇਣ ਨਬੀਲਾ ਤੇ ਉਹਦਾ ਮੀਆਂ ਪਹਿਲੀ ਵਾਰ ਘਰ ਵਿੱਚ ਉਹਨੂੰ ਮਿਲਣ ਆਏ ਘਰ ਦਾ ਨੰਬਰ ਪੜ੍ਹਦਿਆਂ ਹੋਇਆਂ ਉਹਨਾਂ ਬੂਹੇ ਤੋਂ ਜ਼ਰਾ ਕੂ ਹਟਵਾਂ ਰਿਕਸ਼ਾ ਰੁਕਵਾਇਆ ਤੇ ਇੱਕ ਗੱਡੀ ਜਿਹੜੀ ਉਹਨਾਂ ਤੋਂ ਪਿਛੋਂ ਆ ਕੇ ਦੋ ਤਿੰਨ ਪੈਰ ਉਹਨਾਂ ਤੋਂ ਅਗੇ ਜਾ ਰੁਕੀ। ਉਹਦੇ ਵਿੱਚੋਂ ਇਕ ਜਵਾਨ ਕੁੜੀ ਉਤਰੀ ਜਿਹੜੀ ਨਾਜੋ ਸੀ ਤੇ ਗੱਡੀ ਅਸਦੀ ਦੀ ਸੀ। ਨਾਜੋ ਨੇ ਅੰਦਰ ਜਾਕੇ ਗੇਟ ਖੋਲ ਦਿੱਤਾ। ਅਸਦ ਨਬੀਲਾ ਤੇ ਉਹਦੇ ਬੰਦੇ ਨੂੰ ਪਛਾਣ ਕੇ ਬੂਹਿਓਂ ਬਾਹਰ ਈ ਗੱਡੀ ਵਿੱਚੋਂ ਨਿਕਲ ਕੇ ਉਹਨਾਂ ਨੂੰ ਮਿਲਣ ਲੱਗ ਪਿਆ। ਨਾਜੋ ਗੇਟ ਖੋਲ ਕੇ ਆਪ ਆਪਣੇ ਕਮਰੇ ਵਿੱਚ ਚਲੀ ਗਈ। ਉਹ ਨਬੀਲਾ ਤੇ ਉਹਦੇ ਬੰਦੇ ਨੂੰ ਤੇ ਨਾ ਪਛਾਣ ਸਕੀ ਕਿਉਂ ਜੇ ਉਹਦੀ ਮੌਜੂਦਗੀ ਵਿੱਚ ਉਹ ਇਥੇ ਪਹਿਲੋਂ ਨਹੀਂ ਸਨ ਆਏ ਪਰ ਅਸਦ ਦੀ ਮਿਲਣੀ ਦੱਸਦੀ ਸੀ ਕਿ ਕੋਈ ਗੂੜ੍ਹੇ ਰਿਸ਼ਤੇਦਾਰ ਨੇ। ਰੋਜ਼ ਦੇ ਮਾਮੂਲ ਤਰ੍ਹਾਂ ਅੱਜ ਵੀ ਉਹ ਘਰ ਦੇ ਕੰਮ ਨਿਪਟਾ ਕੇ ਗਈ ਸੀ। ਟਵੀਸ਼ਨ ਤੋਂ ਵਾਪਸ ਆ ਕੇ ਉਹ ਥੋੜ੍ਹਾ ਕੂ ਆਪਣਾ ਲੱਕ ਸਿੱਧਾ ਕਰਦੀ ਫ਼ੇਰ ਸ਼ਾਮ ਦੀ ਚਾਹ ਉਤੇ ਈ ਉਠਦੀ ਬਾਕੀ ਦੇ ਥੋੜ੍ਹੇ ਬਹੁਤੇ ਕੰਮ ਜੀਨੋ ਸੰਭਾਲ ਲੈਂਦੀ।
ਜੀਨੋ ਨੂੰ ਇਹ ਤੇ ਪਤਾ ਸੀ ਕਿ ਨਾਜੋ ਦੇ ਟਵੀਸ਼ਨ ਦਾ ਕੰਮ ਅਸਦ ਨੇ ਸੰਭਾਲਿਆ ਏ ਪਰ ਇਸ ਗੱਲ ਦੀ ਵਿੜਕ ਖ਼ੌਰੇ ਉਹਨੂੰ ਵੀ ਨਹੀਂ ਸੀ ਕਿ ਅਸਦ ਉਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਕੇ ਜਾਂਦਾ ਤੇ ਵਾਪਸੀ ਲਿਆਉਂਦਾ ਏ ਵਿੜਕ ਹੁੰਦੀ ਵੀ ਕਿੰਜ ਬਾਹਰ ਅੰਦਰ ਜਾਣ ਵਾਲਿਆ ਬਾਲਾਂ ਦੇ ਟੈਮ ਫ਼ਿਕਸ ਸਨ ਅਦੀਲਾ ਨੇ ਕਦੀ ਕਿਸੇ ਕੰਮ ਦੀ ਸੂਹ ਨਹੀਂ ਸੀ ਰੱਖੀ ਤੇ ਜੀਨੋ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਉੰਜ ਵੀ ਜੇ ਜੀਨੋ ਨੂੰ ਖ਼ਬਰ ਹੋ ਵੀ ਜਾਂਦੀ ਤੇ ਉਹਨੇ ਕੀ ਕਹਿਣਾ ਸੀ ਔੜ੍ਹਕ ਉਹਦੀ ਆਪਣੀ ਈ ਭਣੇਵੀ ਸੀ ਤੇ ਅਸਦ ਨੇ ਆਪਣੀ ਮਰਜ਼ੀ ਨਾਲ ਉਹਨੂੰ ਟੀਸ਼ਨ ਸੈਂਟਰ ਦਾਖ਼ਲ ਕਰਵਾਇਆ ਸੀ ਉਹਦੇ ਉਤੇ ਕੋਈ ਦਬਾ ਤੇ ਨਹੀਂ ਸੀ। ਜੀਨੋ ਨੇ ਵੀ ਅਦੀਲਾ ਨਾਲ ਨਾਜੋ ਦੇ ਪੜ੍ਹਨ ਦਾ ਜ਼ਿਕਰ ਨਾ ਕੀਤਾ ਕਿਉਂ ਜੇ ਜਿਹੜਾ ਕਮਰਾ ਅਦੀਲਾ ਹੋਰਾਂ ਉਹਨਾਂ ਨੂੰ ਦਿੱਤਾ ਸੀ ਉਹਦਾ ਇੱਕ ਨਿੱਕਾ ਜਿਹਾ ਬੂਹਾ ਬਾਹਰ ਵੀ ਖੁਲ੍ਹਦਾ ਸੀ ਤੇ ਇੱਕ ਬੂਹਾ ਘਰ ਵਿੱਚ ਸੀ। ਘਰ ਤੇ ਸਰਕਾਰੀ ਸੀ ਪਰ ਕਵਾਟਰ ਨੁਮਾ ਕਮਰੇ ਦਾ ਬਹਰ ਵਾਲ ਨਿੱਕਾ ਜਿਹਾ ਬੂਹਾ ਸ਼ਾਇਦ ਅਸਦ ਹੋਰਾਂ ਦੇ ਇਸ ਘਰ ਵਿੱਚ ਸ਼ਿਫ਼ਟ ਹੋਣ ਤੋਂ ਪਹਿਲਾਂ ਵਾਲੇ ਰਹਾਈਸ਼ੀਆਂ (ਨਿਵਾਸ) ਆਪਣੀ ਕਿਸੇ ਸਹੂਲਤ ਪਾਰੋਂ ਕੱਢਵਾਇਆ ਹੋਇਆ ਸੀ ਇਸ ਲਈ ਜੀਨੋ ਤੇ ਉਹਦੀ ਭਣੇਵੀ ਜਦੋਂ ਕਿਦਰੇ ਬਾਹਰ ਜਾਣਾ ਹੁੰਦਾ, ਆਪਣਾ ਬਾਹਰ ਵਾਲਾ ਨਿੱਕਾ ਬੂਹਾ ਖੋਲ ਕੇ ਚਲੀਆਂ ਜਾਂਦੀਆਂ। ਅਦੀਲਾ ਨੇ ਆਪਣੇ ਘਰ ਦਾ ਸਾਰਾ ਭਾਰ ਜੀਨੋ ਉਤੇ ਰੱਖਿਆ ਸੀ ਬਹੁਤੀਆਂ ਕੜਸੂਹਾਂ ਰੱਖਣ ਦੀ ਉਹਦੀ ਆਦਤ ਵੀ ਨਹੀਂ ਸੀ ਨਾਲ਼ੇ ਸਾਰੇ ਘਰ ਦਾ ਭਾਰ ਈ ਜੀਨੋ ਉਤੇ ਸੁਟਿਆ ਸੀ ਉਹੋ ਰੱਖੇ ਉਹੋ ਢਕੇ ਉਹੋ ਢੋਲੇ ਉਹੋ ਸਾਂਭੇ ਫੇਰ ਉਹਨੂੰ ਫਿਕਰ ਕਾਹਦੀ ਸੀ ਉਹ ਸੁਟੇ ਵਿਗੜੇ ਤੋਂ ਤਾਂ ਨਹੀਂ ਸੀ ਮੋੜਦੀ ਕਿ ਜੀਨੋ ਉਹਦੀ ਮਜਬੂਰੀ ਬਣ ਚੁਕੀ ਸੀ ਤੇ ਕੁਝ ਉਜਾੜਦੀ ਵੀ ਬਹੁਤਾ ਨਹੀਂ ਸੀ।
ਨਾਜੋ ਨੇ ਆਪਣੀ ਮਾਸੀ ਨਾਲ ਮਿਲ ਕੇ ਪਰਾਹੁਣਿਆ ਲਈ ਰਾਤ ਦਾ ਖਾਣ ਤਿਆਰ ਕੀਤਾ। ਨਾਜੋ ਬਰਤਨ ਲਾਣ ਲਈ ਪਲੇਟਾਂ ਤੇ ਡੋਂਗਾ ਚੁੱਕ ਕੇ ਲਿਆ ਰਹੀ ਸੀ ਕਿ ਨਬੀਲਾ ਦੀ ਨਜ਼ਰ ਨਾਜੋ ਉਤੇ ਪਈ ਉਸ ਨੇ ਅਦੀਲਾ ਤੋਂ ਪੁੱਛਿਆ ਇਹ ਦੋਂਵੇਂ ਮਾਂਵਾਂ ਧੀਆਂ ਇਥੇ ਕੰਮ ਕਰਦੀਆਂ ਨੇ ਅਦੀਲਾ ਦੱਸਿਆ ਪਈ ਮਾਂਵਾਂ ਧੀਆਂ ਨਹੀਂ ਮਾਸੀ ਭਣੇਵੀ ਨੇ ਅਦੀਲਾ ਨਿੱਕੀ ਬਾਰੇ ਵੀ ਸਾਰੀ ਕਹਾਣੀ ਦੱਸ ਦਿੱਤੀ।
ਨਬੀਲਾ ਨੂੰ ਨਾਜੋ ਦਾ ਬਾਰ ਬਾਰ ਅਸਦੇ ਦੇ ਕਮਰੇ ਵਿੱਚ ਜਾਣਾ ਤੇ ਉਹਦੇ ਬਹੁਤੇ ਕੰਮ ਕਰਨਾ ਚੰਗਾ ਨਾ ਲਗਾ। ਅਜੇ ਉਹਨੂੰ ਇਹ ਤੇ ਭੁੱਲ ਈ ਗਿਆ ਸੀ ਪਈ ਉਹ ਜਦੋਂ ਰਿਕਸ਼ੇ ਤੋਂ ਉਤਰੇ ਸਨ ਨੂੰ ਭੜਕ ਕੇ ਉਹਦੀ ਗੱਡੀ ਵਿੱਚੋਂ ਉਤਰ ਕੇ ਗੀ ਸੀ ਜਾਂ ਹੋ ਸਕਦਾ ਏ ਘਰ ਲਭਣ ਤੇ ਰਿਕਸ਼ੇ ਵਾਲੇ ਨੂੰ ਕਰਾਇਆ ਦੇਂਦਿਆਂ ਹੋਇਆਂ ਉਹਦੀ ਨਜ਼ਰ ਈ ਨਾਜੋ ਉਤੇ ਨਾ ਪਈ ਹੋਵੇ ਵੈਸੇ ਵੀ ਬੰਦਾ ਜਦੋਂ ਬਹਰੋਂ ਇਨਾ ਸਫ਼ਰ ਕਰ ਕੇ ਆਉਂਦਾ ਏ ਉਹਦੀ ਹਵਾ ਕੁਝ ਹੋਰ ਹੋਈ ਹੁੰਦੀ ਏ।
ਅਦੀਲਾ ਨੂੰ ਨਬੀਲਾ ਦੀਆਂ ਗੱਲਾਂ ਕੁਝ ਓਪਰੀਆਂ ਓਪਰੀਆਂ ਲੱਗੀਆਂ ਕਿਉਂ ਜੇ ਉਹਨੇ ਨਾਜੋ ਬਾਰੇ ਕਦੀ ਇਸ ਹਵਾਲੇ ਨਾਲ ਨਹੀਂ ਸੀ ਸੋਚਿਆ ਤੇ ਦੂਜਾ ਉਹਨੂੰ ਅਸਦ ਉਤੇ ਪੂਰਾ ਪੂਰ ਇਤਮਾਦ ਸੀ ਭੋਰਾ ਜਿੰਨਾ ਵੀ ਸ਼ਕ ਦੀ ਗੁੰਜਾਇਸ਼ ਨਹੀਂ ਸੀ।
ਨਬੀਲਾ ਨੇ ਫ਼ੇਰ ਵੀ ਆਪਣੀ ਨਾਗਵਾਰੀ ਦਾ ਅਜ਼ਹਾਰ ਕਰ ਈ ਦਿੱਤਾ।
“ਬਾਜੀ ਜਵਾਨ ਕੁੜੀ ਘਰ ਵਿੱਚ ਰਖਣਾ ਬਹੁਤਾ ਚੰਗਾ ਨਹੀਂ ਹੁੰਦਾ”
“ਕੀ ਮਤਲਬ……………………………….?”
“ਮਤਲਬ ਇਹ ਕਿ ਭਾਈ ਜਾਨ ਦੇ ਕਮਰੇ ਵਿੱਚ ਉਹਦੀਆਂ ਆਉਣੀਆਂ ਜਾਉਣੀਆਂ ਨਹੀਂ ਹੋਣੀਆਂ ਚਾਹੀਦੀਆਂ”
“ਨਬੀਲਾ ਐਸੀ ਕੋਈ ਗੱਲ ਨਹੀਂ ਉਂਜ ਵੀ ਅਸਦ………………………”
“ਕੀ ਉਂਜ ਵੀ ਅਸਦ?”
ਨਬੀਲਾ ਅੱਧ ਵਿੱਚ ਈ ਬੋਲ ਪਈ
“ਮੇਰਾ ਮਤਲਬ ਏ ਅਸਦ ਇੱਕ ਸ਼ਰੀਫ਼ ਬੰਦਾ ਏ ਤੇ ਅੱਜ ਤਕ ਕਦੀ ਉਹਨੇ ਕਿਸੇ ਦੀ ਧੀ ਭੈਣ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ”
“ਬਾਜੀ ਤੋਂ ਤੇ ਭਾਈ ਜਾਨ ਦੀ ਇੰਜ ਵਕਾਲਤ ਕਰਨ ਲੱਗ ਗਈਐਂ ਜਿਵੇਂ ਮੈਂ ਕੋਈ ਕਤਲ ਦਾ ਇਲਜ਼ਾਮ ਲਾ ਦਿੱਤਾ ਏ ਤੇ ਤੂੰ ਵਕੀਲਨੀ ਐਂ ਇਹ ਮੁਕੱਦਮਾ ਜਿੱਤਵਾਣਾ ਏ?”
ਇਹ ਬਹਿਸ ਚੱਲ ਰਹੀ ਸੀ ਕਿ ਜੀਨੋ ਆ ਗਈ ਤੇ ਗੱਲ ਰੁਕ ਗਈ।
ਨਬੀਲਾ ਚਾਰ ਪੰਜ ਦਿਨ ਰਹਿਣ ਮਗਰੋਂ ਚਲੀ ਗਈ ਤੇ ਘਰ ਦਾ ਕੰਮ ਪਹਿਲੀ ਵਾਲੀ ਰੋਟੀਨ ਨਾਲ ਹੋਣ ਲੱਗ ਪਿਆ। ਕਈ ਹਫਤੇ ਮਹੀਨੇ ਲੰਘ ਗਏ। ਇੱਕ ਦਿਨ ਅਦੀਲਾ ਬਾਥ ਰੂਮ ਵਿੱਚੋਂ ਨ੍ਹਾ ਕੇ ਬਾਹਰ ਆਈ ਤੇ ਤੋਲੀਏ ਨਾਲ ਆਪਣੇ ਵਾਲ ਫੰਡ ਰਹੀ ਸੀ ਕਿ ਨਾਜੋ ਹੱਸਦੀ ਹੱਸਦੀ ਡਰਾਇੰਗ ਰੂਮ ਵਿੱਚੋਂ ਬਾਹਰ ਆਈ ਉਹਦੇ ਹੱਥ ਵਿੱਚ ਝਾੜ ਪੂੰਝ ਕਰਨ ਵਾਲਾ ਕੱਪੜਾ ਸੀ ਉਹ ਬੇਵਸੀ ਜਿਹੀ ਹੋ ਕੇ ਹੱਸ ਰਹੀ ਸੀ ਪਈ ਉਹਦੇ ਪਿਛੇ ਪਿਛੇ ਅਸਦੀ ਵੀ ਹੱਸਦਾ ਹੋਇਆ ਬਾਹਰ ਨਿਕਲਿਆ।
ਅਦੀਲਾ ਇਹ ਨਵਾਂ ਤੇ ਅਜੀਬ ਮੰਜ਼ਰ ਵੇਖ ਕੇ ਹਕੀ ਬਕੀ ਰਹਿ ਗਈ। ਉਹਨੇ ਮਾਅਨੀ ਖੇਜ਼ ਅੱਖੀਆਂ ਨਾਲ ਅਸਦ ਨੂੰ ਵੇਖਿਆ ਨਾਜੋ ਤੇ ਝਾੜਨ ਫੜ ਕੇ ਦੂਜੇ ਕਮਰੇ ਵੜ ਗਈ ਉਹਨੇ ਮੁੜ ਕੇ ਅਦੀਲਾ ਵੱਲ ਨਾ ਵੇਖਿਆ ਪਰ ਅਸਦ ਅਦੀਲਾ ਦੀ ਤਸੱਲੀ ਕਰਵਾਨ ਲਈ ਬੋਲਿਆ “ਪਾਗਲ ਜਿਹੀ ਕੋਲੋਂ ਛਿਪਕਲੀ (ਗੋਹ) ਵੀ ਨਹੀਂ ਨਸਾਈ ਜਾ ਸਕੀ………………………!”
“ਮੈਨੂੰ ਤੇ ਇਹ ਆਪ ਈ ਛਿਪਕਲੀ ਲਗਦੀ ਏ”
ਅਦੀਲਾ ਨੇ ਦਿਲ ਵਿੱਚ ਸੋਚਿਆ, ਉਹਦੀਆਂ ਅੱਖਾਂ ਅਗੇ ਇਹ ਮੰਜ਼ਰ ਹਨੇਰ ਜਿਹਾ ਵਿਛਾਈ ਜਾ ਰਿਹਾ ਸੀ ਉਹ ਮੂੰਹੋਂ ਤੇ ਕੁਝ ਨਾ ਬੋਲੀ ਪਰ ਸੋਚਾਂ ਦੇ ਵਹਿਣਾਂ ਵਿੱਚ ਲਹਿਣ ਲੱਗ ਪਈ।
ਅਸਦ ਤੋਂ ਕੁਝ ਪੁੱਛਣ ਜਾਂ ਨਾਜੋ ਨੂੰ ਸ਼ਸ਼ਕਾਰਨਾ ਉਹਦੇ ਤੋਂ ਨਾ ਹੋ ਸਕਿਆ ਉਹ ਅਸਦ ਤੋਂ ਕੀ ਪੁੱਛਦੀ ਤੇ ਨਾਜੋ ਨੂੰ ਕਿਹੜੀ ਗੱਲ ਦਾ ਬਹਾਨਾ ਪਾ ਕੇ ਝਾੜਦੀ। ਭਾਵੇਂ ਅਦੀਲਾ ਨੇ ਕੋਈ ਜ਼ਾਹਰੀ ਰਦ-ਏ-ਅਮਲ ਦਾ ਅਜ਼ਹਾਰ ਨਾ ਕੀਤਾ ਪਰ ਉਹਦੀਆਂ ਸੋਚਾਂ ਅੰਦਰ ਹਿਲ ਜੁਲ ਸ਼ੁਰੂ ਹੋ ਚੁੱਕੀ ਸੀ। ਹੁਣ ਨਾਜੋ ਦੇ ਚੰਗੇ ਕੀਤੇ ਹੋਏ ਕੰਮ ਵੀ ਅਦੀਲਾ ਨੂੰ ਭੈੜੇ ਲੱਗਣ ਲੱਗ ਪਏ ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਤੇ ਨਾਜੋ ਨਾਲ ਨਫ਼ਰਤ ਦਾ ਅਜ਼ਹਾਰ ਕਿਸ ਤਰ੍ਹਾਂ ਕਰੇ। ਆਖ਼ਰ ਕਾਰ ਉਹ ਮੰਜ਼ਰ ਵੀ ਵੇਖਣ ਨੂੰ ਮਿਲ ਗਿਆ ਜਿਹਨੂੰ ਤੱਕ ਕੇ ਸਫ਼ਾਈ ਦੇਣ ਦੀ ਗੁੰਜਾਇਸ਼ ਬਾਕੀ ਨਾ ਰਹੀ।
ਡਗਰਾਂਵਾਂ ਦੇ ਘਰੋਂ ਸੁਰਾ ਯਾਸੀਨ ਪੜ੍ਹਨ ਦੇ ਪ੍ਰੋਗਰਾਮ ਤੋਂ ਵਾਪਸੀ ਤੇ ਅਦੀਲਾ ਜੀਨੋ ਦੇ ਨਾਲ ਵਾਪਸ ਆ ਰਹੀ ਸੀ ਕਿ ਅਸਦ ਦੀ ਗੱਡੀ ਵਿੱਚੋਂ ਨਾਜੋ ਨੂੰ ਲਿਥਦੇ ਹੋਏ ਵੇਖਿਆ……………………..ਅਦੀਲਾ ਦੀ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ ਨਾਜੋ ਦੇ ਇੱਕ ਹੱਥ ਵਿੱਚ ਕਿਤਾਬਾਂ ਤੇ ਦੂਜੇ ਹੱਥ ਵਿੱਚ ਚਿੱਟਾ ਸ਼ਾਪਰ ਸੀ ਨਿਰੋਏ ਸ਼ਾਪਰ ਤੋਂ ਜਾਪ ਰਿਹਾ ਸੀ ਕਿ ਸਿਕਦੇ ਮਾਰਕਿਟ ਤੋਂ ਕੁਝ ਖ਼ਰੀਦ ਕੀਤੀ ਗਈ ਏ।ਨਾਜੋ ਉਤਰਦੇ ਸਾਰ ਈ ਆਪਣੇ ਕਵਾਟਰ ਦਾ ਬੂਹਾ ਖੋਲ ਕੇ ਅੰਦਰ ਵੜ ਗਈ।
“ਇਹ ਕਿਥੋਂ ਅਈ ਏ?”
ਅਦੀਲਾ ਦੇ ਅੰਦਰ ਦੀ ਔਰਤ ਚੀਕੀ।
“ਮੈਨੂੰ ਤੇ ਪਹਿਲੋਂ ਈ ਇਹਦੇ ਤੌਰ ਭੋਰ ਆਵਾਰ ਲੱਗਦੇ ਸਨ”
“ਕੀ ਕੀਤਾ ਏ ਉਹਨੇ?” ਅਸਦ ਨੇ ਉਹਦੀ ਪੱਖ ਮਾਰੀ।
“ਉਹਨੂੰ ਕਿਥੇ ਕਿਥੇ ਲਈ ਫਿਰਦੇ ਤੇ ਇਹ ਬੇਹਿਆਈ ਕਦੋਂ ਦੀ ਸ਼ੁਰੂ ਕੀਤੀ ਜੇ………?”
ਅਦੀਲਾ ਨੇ ਅਸਦ ਦਾ ਜਵਾਬ ਦੇਣ ਦੀ ਬਜਾਏ ਚੁਭਵੇਂ ਅੱਖਰ ਬੋਲ ਦਿੱਤੇ।
“ਕੀ ਮਤਲਬ ਏ ਤੇਰਾ ਤੇ ਤੂੰ ਕੀ ਚਾਹਣੀ ਐਂ……………?”
ਅਸਦ ਨੇ ਫ਼ੈਸਲਾ ਕੁਣ ਲਹਿਜਾ ਫੜਦਿਆਂ ਹੋਇਆਂ ਆਖਿਆ।
ਅਦੀਲਾ ਚੁੱਪ ਹੋ ਗਈ ਤੇ ਦੂਜੇ ਬੰਨੇ ਮੂੰਹ ਕਰ ਲਿਆ। ਆਪਣੇ ਕਮਰੇ ਚੋਂ ਉਠੀ ਤੇ ਆਪਣੇ ਬਾਲਾਂ ਦੇ ਕਮਰੇ ਵਿੱਚ ਚਲੀ ਗਈ ਜਿਹੜੇ ਉਸ ਵੇਲੇ ਡਰਾਇੰਗ ਰੂੰਮ ਵਿੱਚ ਬਹਿ ਕੇ ਟਵੀਸ਼ਨ ਪੜ੍ਹ ਰਹੇ ਸਨ। ਉਹ ਬੈਡ ਉਤੇ ਢਹਿਣ ਵਾਲੇ ਅੰਦਾਜ਼ ਵਿੱਚ ਡਿੱਗੀ ਤੇ ਜੀ ਭਰ ਕੇ ਰੋਈ। ਅਸਦ ਦਾ ਰੁਖਾ ਤੇ ਨਵਾਂ ਰਵਈਆ ਉਹਦੇ ਸ਼ੱਕ ਦੀਆਂ ਹੱਦਾਂ ਤੋਂ ਵੀ ਉਤਾਂਹ ਟਪ ਗਿਆ।ਜਦੋਂ ਹੰਝੂਆਂ ਰਾਹੀਂ ਪੀੜ ਕੁਝ ਹੋਲੀ ਹੋਈ ਤੇ ਕਿਸੇ ਡੂੰਘੀ ਸੋਚ ਲਹਿ ਗਈ। ਉਹ ਸਾਰੀ ਰਾਤ ਚੁੱਪ ਚਪੀਤੇ ਲੰਘ ਗਈ ਨਾ ਅਸਦੇ ਨੇ ਕੋਈ ਮੋੜ ਘੇੜ ਕੀਤੀ ਨਾ ਅਦੀਲਾ ਬੋਲੀ। ਹਸਬੇ ਦਸਤੂਰ ਅਸਦ ਸੁਬਹ ਤਿਆਰ ਸ਼ਿਆਰ ਹੋ ਕੇ ਆਫ਼ਸ ਚਲਾ ਗਿਆ ਤੇ ਜੀਨੋ ਵੀ ਕੰਮ ਕਾਜ ਵਿੱਚ ਲਗੀ ਰਹੀ। ਬਾਰ ਬਾਰ ਸਾਹਮਣੇ ਨਜ਼ਰ ਆ ਰਹੀ ਸੀ ਪਰ ਨਾਜੋ ਕੁਝ ਘੱਟ ਸਾਹਮਣਿਓਂ ਲੰਘ ਰਹੀ ਸੀ। ਵਿਹੜੇ ਵਿੱਚ ਫਿਰਦੀ ਇੱਕ ਅੱਧੀ ਵਾਰ ਲਭੀ ਜਿਹਨੂੰ ਅਦੀਲਾ ਨੇ ਜਾਣ ਬੁਝ ਕੇ ਨਜ਼ਰ ਅੰਦਾਜ਼ ਕੀਤਾ।
ਆਪਣੇ ਦਿਲ ਵਿੱਚ ਕੀਤੇ ਗਏ ਫ਼ੈਸਲੇ ਉਤੇ ਕਿੰਜ ਅਮਲ ਦਰਆਮਦ ਕਰਵਾਏ, ਦੂਜੀਆਂ ਤੀਕ ਆਪ ਰਾਅ ਕਿਸ ਤਰ੍ਹਾਂ ਘਲੇ………………………………ਅਦੀਲਾ ਨੂੰ ਕੁਝ ਨਹੀਂ ਸੀ ਸੁਝ ਹਿਰਾ। ਗੱਲ ਕਿਹਣੂ ਸੱਦ ਕੇ ਸ਼ੁਰੂ ਕਰੇ……………..ਅਜੇ ਉਹ ਇਹਨਾਂ ਸੋਚਾਂ ਵਿੱਚ ਈ ਸੀ ਕਿ ਜੀਨੋ ਅੱਜ ਦੁਪਹਿਰ ਦੀ ਸਬਜ਼ੀ ਬਾਰੇ ਪੁੱਛਣ ਆਈ ਕਿਉਂਕਿ ਸਬਜ਼ੀ ਫੇਰੀ ਵਾਲਾ ਬਾਹਰ ਵਾਜਾਂ ਲਾ ਰਿਹਾ ਸੀ ਪਰ ਅਦੀਲਾ ਦੇ ਕਿੰਨਾਂ ਵਿੱਚ ਤੇ ਨਾਜੋ ਦੀਆਂ ਅਦਾਵਾਂ ਦੇ ਚਪੇ ਅਏ ਸਨ। ਜੀਨੋ ਦੀ ਗੱਲ ਦਾ ਜਵਾਬ ਦਿੱਤਿਆਂ ਬਗ਼ੈਰ ਅਦੀਲਾ ਨੇ ਆਖਿਆ:-“ਮਾਸੀ ਆ ਮੈਂ ਤੈਨੂੰ ਬਲਾਣ ਈ ਵਾਲੀ ਸਾਂ”
“ਜੀ ਬੀਬੀ ਜੀ” ਜੀਨੋ ਸੁਲਾਹ ਮਾਰਿਆਂ ਬਗ਼ੈਰ ਈ ਮੂਹੜੇ ਉਤੇ ਬਹਿ ਗਈ, ਅੰਦਰ ਦੇ ਲਾਵੇ ਦੀ ਉਹਨੂੰ ਵੀ ਕੁਝ ਕੁਝ ਸੂਹ ਤੇ ਹੈ ਸੀ ਤੇ ਉਹ ਵੀ ਅਦੀਲਾ ਦੀ ਚੁੱਪ ਦੇ ਪਿਛੇ ਦੀ ਕਹਾਣੀ ਬਾਰੇ ਤਫ਼ਸੀਲ ਜਾਣਨਾ ਚਾਹੁੰਦੀ ਸੀ।
“ਵੇਖ ਮਾਸੀ ਸਾਨੂੰ ਹੁਣ ਮੁਲਾਜ਼ਮਾ ਦੀ ਲੋੜ ਨਹੀਂ ਤੂੰ ਤੇ ਨਾਜੋ ਆਪਣਾ ਬਲਾ ਕਰ ਲੋ, ਮੇਰਾ ਮਤਲਬ ਏ ਕੋਈ ਹੋਰ ਘਰ ਵੇਖ ਲਵੋ ਕੱਲ ਤੋਂ………………………” “ਕ…………ਕ……………ਕੱਲ ਤੋਂ……………ਮੈਂ ਕੁਝ ਸਮਝੀ ਨਹੀਂ”
“………….ਇਹਦੇ ਵਿੱਚ ਨਾ ਸਮਝਣ ਵਾਲੀ ਕਿਹੜੀ ਬੁਝਾਰਤ ਏ? ਬਸ ਹੁਣ ਸਾਨੂੰ ਮੁਲਾਜ਼ਮਾ ਦੀ ਲੋੜ ਨਹੀਂ”
“ਬੀਬੀ ਮਿਥੂੰ ਕੋਈ ਭੁਲ ਹੋਈ ਏ” ਜੀਨੋ ਅਨਜਾਣ ਤੇ ਮਾਸੂਮ ਬਣਦੇ ਹੋਏ ਸੁਅਲ ਕੀਤਾ।
“ਭੁਲ ਤੇਰੇ ਤੋਂ ਹੋਈ ਜਾਂ ਨਾਜੋ ਤੋਂ ਇਹ ਵੇਲਾ ਇਸ ਬਹਿਸ ਦਾ ਨਹੀਂ”
“ਪਰ ਇਨੇ ਥੋੜ੍ਹੇ ਵਕਤ ਵਿੱਚ ਅਸੀਂ………………………..” “ਬਸ ਮਾਸੀ ਮੈਂ ਤੇ ਹੁਣ ਤੋਂ ਈ ਕਹਿਣ ਲਗੀ ਸਾਂ ਰਾਤ ਤੇਰੇ ਸੋਚਣ ਲਈ ਈ ਦਿੱਤੀ ਏ”
ਅਦੀਲਾ ਨੇ ਦੂਜੇ ਹੱਥ ਵਿੱਚ ਰੱਖੀ ਹੋਈ ਕੁਝ ਰਕਮ ਉਹਦੇ ਵੱਲ ਕਰਦਿਆਂ ਹੋਇਆਂ ਆਖਿਆ: “ਇਹ ਤੇਰਾ ਤੇ ਨਾਜੋ ਦਾ ਹਿਸਾਬ…………………………..ਭਾਵੇਂ ਮਹੀਨਾ ਪੂਰਾ ਨਹੀਂ ਹੋਇਆ ਪਰ ਇਹ ਰੱਖ ਲੈ।”
(ਹਾਲਾਂ ਜੇ ਮਹੀਨਾ ਅੱਜੇ ਸ਼ੁਰੂ ਹੋਇਆ ਸੀ)
ਜੀਨੋ ਨੇ ਪੈਸੇ ਫੜਨ ਲਈ ਹੱਥ ਨਾ ਵੱਧਾਇਆ ਤੇ ਅਦੀਲਾ ਨੇ ਪੈਸੇ ਉਹਦੇ ਵੱਲ ਕਰ ਕੇ ਬੈਡ ਦੀ ਪਵਾਂਦੀ ਰੱਖ ਦਿੱਤੇ ਤੇ ਆਪ ਦੂਜੇ ਕਮਰੇ ਵਿੱਚ ਜਾ ਕੇ ਫ਼ੌਰੇ ਕਿਹਣੂ ਫ਼ੋਨ ਕਰਨ ਲੱਗ ਪਈ।
ਪੈਸੇ ਜਿਥੇ ਪਏ ਸਨ ਪਏ ਰਹੇ ਜੀਨੋ ਨੇ ਉਹਨਾਂ ਨੂੰ ਹੱਥ ਨਾ ਲਾਇਆ ਤੇ ਆਪਣੇ ਕਵਾਟਰ ਵੱਲ ਚਲੀ ਗਈ। ਨਾਜੋ ਪੌਦਿਆਂ ਨੂੰ ਪਾਣੀ ਦੇ ਰਹੀ ਸੀ ਜੀਨੋ ਨੇ ਉਹਨੂੰ ਵੀ ਵਾਜ ਮਾਰ ਲਈ।
ਦੁਪਹਿਰ ਦਾ ਖਾਣਾ ਅਦੀਲਾ ਨੇ ਆਪ ਈ ਤਿਆਰ ਕੀਤਾ। ਕੁਝ ਬਾਲਾਂ ਦੇ ਛੋਟੇ ਮੋਟੇ ਕੰਮ ਵੀ ਆਪ ਈ ਕਰ ਲਏ। ਜੀਨੋ ਤੇ ਨ ਨਾਜੋ ਆਪਣੇ ਕਵਾਟਰ ਵਿੱਚ ਈ ਰਹੀਆਂ। ਨਾ ਉਹਨਾਂ ਅਦੀਲਾ ਦੇ ਕਿਚਨ ਚੋਂ ਖਾਣੇ ਦੀ ਮੰਗ ਕੀਤੀ ਨਾ ਉਹਦੇ ਨਾਲ ਗੱਲ ਬਾਤ ਲਈ ਦੋਬਾਰਾ ਰਾਬਤਾ।
ਦਿਨ ਲੰਘਿਆ ਤੇ ਰਾਤ ਆਈ। ਜਿੰਨੀ ਚੁੱਪ ਦੇ ਵਿੱਚ ਅੱਜ ਦਾ ਦਿਨ ਲੰਘ ਗਿਆ ਸੀ ਉਨੀ ਈ ਚੁੱਪ ਵਿੱਚ ਰਾਤ ਵੀ ਲੰਘ ਗਈ।
ਅਗਲੇ ਦਿਨ ਦਾ ਕੰਮ ਅਦੀਲਾ ਨੇ ਆਪ ਸੰਭਾਲ ਲਿਆ ਸੀ।ਔਖੀ ਸੋਖੀ ਹੋ ਕੇ ਬਾਲਾਂ ਦਾ ਨਾਸ਼ਤਾ ਯੂਨੀਫ਼ਾਰਮ ਤਿਆਰ ਕਰ ਕੇ ਬਾਲ ਸਕੂਲੇ ਘਲੇ। ਦੁਪਹਿਰ ਨੂੰ ਉਹਨੇ ਕੁਝ ਵੀ ਨਾ ਪੱਕਾਇਆ ਕਿਉਂ ਜੇ ਬਾਲ ਲੰਚ ਨਾਲ ਲੈ ਕੇ ਜਾਂਦੇ ਸਨ। ਅਸਦ ਡੀਗਰ ਤੋਂ ਪਹਿਲਾਂ ਘਰ ਈ ਨਹੀਂ ਸੀ ਆਉਂਦਾ ਤੇ ਅਦੀਲਾ ਦਾ ਆਪਣਾ ਦਿਲ ਕੁਝ ਖਾਣ ਨੂੰ ਨਹੀਂ ਸੀ ਕਰ ਰਿਹਾ। ਬਾਲਾਂ ਦੇ ਸਕੂਲੇ ਤੇ ਅਸਦ ਦੇ ਦਫ਼ਤਰ ਜਾਣ ਤੋਂ ਮਗਰੋਂ ਅਦੀਲਾ ਨੇ ਸਿਰਫ਼ ਬੋਕਰ ਮਾਰੀ ਪਰ ਤਪੜੀ ਪੂਚਾ ਨਾ ਮਾਰ ਸਕੀ ਕਿਉਂ ਜੇ ਉਹਦੇ ਗੋਡਿਆਂ ਵਿੱਚ ਬਹਿ ਬਹਿ ਕੇ ਮਿੱਠੀ ਮਿੱਠੀ ਪੀੜ ਪਹਿਲਾਂ ਈ ਕਈ ਦਿਨਾਂ ਤੋਂ ਲੱਗੀ ਹੋਈ ਸੀ।
ਦੁਪਹਿਰ ਨੂੰ ਅਦਲੀ ਨਿੱਕੇ ਮੋਟੇ ਕੰਮਾਂ ਤੋਂ ਵਿਹਲੀ ਹੋਈ ਤੇ ਸੌਣ ਨੂੰ ਜੀ ਕੀਤਾ। ਕੰਮ ਤੇ ਉਹਨੂੰ ਪਹਿਲਾਂ ਵੀ ਕੋਈ ਬਹੁਤਾ ਨਹੀਂ ਸੀ ਹੁੰਦਾ ਇਸ ਲਈ ਬਾਲਾਂ ਦੇ ਸਕੂਲੋਂ ਆਉਣ ਤੋਂ ਪਹਿਲਾਂ ਰੋਜ਼ ਈ ਉਹ ਇੱਕ ਅੱਧਾ ਘੰਟਾ ਸੌਂ ਲੈਂਦੀ। ਉਹ ਲੰਮੇ ਪੈਣ ਲਗੀ ਤੇ ਉਹਨੂੰ ਖ਼ਿਆਲ ਆਇਆ ਪਈ ਜੀਨੋ ਹੋਰਾਂ ਦਾ ਪਤਾ ਕਰ ਲਵਾਂ ਚੱਲੀਆਂ ਗਈਆਂ ਨੇ ਕਿ ਨੀਂ। ਸੁਬਹ ਦਾ ਵੈਸੇ ਥੋੜ੍ਹੇ ਥੋੜ੍ਹੇ ਚਿਰ ਮਗਰੋਂ ਉਹਦੀ ਨਜ਼ਰ ਉਹਨਾਂ ਦੇ ਕਵਾਟਰ ਵੱਲ ਚੱਲੀ ਜਾਂਦੀ ਜਿਹੜਾ ਪਰਦਾ ਹਿਲਦਾ ਸੀ ਤੇ ਬੂਹਾ ਤੇ ਬਾਰੀ ਖੁਲ਼੍ਹੇ ਹੋਏ ਸਨ। ਅਜੇ ਉਹ ਇਥੇ ਈ ਸਨ।ਅਦੀਲਾ ਇਤਮੀਣਾਨ ਕਰ ਕੇ ਲੰਮੇ ਪੈ ਗਈ ਪਰ ਉਹਨੂੰ ਨੀਂਦ ਨਹੀਂ ਸੀ ਆ ਰਹੀ। ਉਹਨੇ ਸੋਚਿਆ ਇਹਨਾਂ ਨਿੱਕੀਆਂ ਜ਼ਾਤਾਂ ਦਾ ਕੀ…………………………….ਜਾਂਦਿਆਂ ਜਾਂਦਿਆਂ ਕਿਧਰੇ ਘਰ ਨੂੰ ਹੱਥ ਈ ਨਾ ਫੇਰ ਜਾਣ। ਬੈਡ ਉਤੇ ਲੰਮੇ ਪੈ ਕੇ ਕਦੀ ਸੱਜੇ ਪਾਸਾ ਪਰਤਦੀ ਕਦੀ ਖੱਬੇ। ਕਦੀ ਸੋਚਦੀ ਜੀਨੋ ਨੂੰ ਜਾ ਕੇ ਪੁੱਛੇ ਕਿ ਅਜੇ ਗਈਆਂ ਕਿਉਂ ਨਹੀਂ ਪਰ ਫੇਰ ਕੁਝ ਸੋਚ ਕੇ ਚੁੱਪ ਰਹਿ ਜਾਂਦੀ।ਖ਼ੌਰੇ ਉਹ ਵੀ ਦਿਨ ਢਲਣ ਦਾ ਇੰਤਜ਼ਾਰ ਕਰ ਰਹੀਆਂ ਹੋਣ।ਇਹ ਸੋਚ ਕੇ ਉਹ ਫੇਰ ਹੱਥ ਵਿੱਚ ਫੜਿਆ ਕੇਬਲ਼ ਦਾ ਰੇਮੋਟ ਕੰਟਰੋਲ ਦਾਬਟਨ ਘੁੰਮਾ ਕੇ ਕੋਈ ਨਵਾਂ ਚੈਨਲ ਬੱਦਲ ਲੈਂਦੀ। ਅੱਜ ਕਿਸੇ ਚੈਨਲ ਦੇ ਪ੍ਰੋਗਰਾਮ ਵੀ ਉਹਨੂੰ ਚੰਗੇ ਨਹੀਂ ਸੀ ਲੱਗ ਰਹੇ।
ਬਾਲ ਸਕੂਲੋਂ ਪੜ੍ਹ ਕੇ ਆ ਗਏ…………………………….ਨ੍ਹਾ ਧੋ ਕੇ ਟੀ ਵੀ ਉਤੇ ਇੱਕ ਅੱਧੀ ਗੇਮ ਖੇਡ ਕੇ ਟੀਸ਼ਨ ਪੜ੍ਹਨ ਲੱਗ ਪਏ। ਟਵੀਸ਼ਨ ਤੋਂ ਵਿਹਲੇ ਹੋਏ ਤੇ ਸਪਾਰਾ ਪੜ੍ਹਨ ਟੁਰ ਪਏ। ਅਦੀਲਾ ਦਾ ਘੜੀ ਵੱਲ ਧਿਆਨ ਗਿਆ ਸਵਾ ਛੇ ਹੋ ਗਏ ਸਨ ਅਜੇ ਤਾਈਂਅਸਦ ਦਫ਼ਤਰੋਂ ਨਹੀਂ ਆਇਆ……………………………..ਪਤਾ ਨਹੀਂ ਉਹ ਤੇ ਰੋਜ਼ਾਨਾ ਪੰਜ ਵੱਜੇ ਈ ਆ ਜਾਂਦਾ ਸੀ ਸਵਾ ਛੇ ਤੋਂ ਸਾਢੇ ਛੇ ਫੇਰ ਸੱਤ ਵੱਜ ਗਏ। ਅਦੀਲਾ ਦਾ ਧਿਆਨ ਜੀਨੋ ਹੋਰਾਂ ਤੋਂ ਹਟਿਆ ਤੇ ਅਸਦ ਉਤੇ ਟਿੱਕ ਗਿਆ……………………..!!!!! ਰੱਬ ਜਾਣੇ ਖ਼ੈਰ ਕਰੇ ਸਹੀ। ਉਹ ਅਸਦ ਦੀ ਚਿੰਤਾ ਵਿੱਚ ਲੱਗ ਪਈ। ਦੋ ਤਿੰਨ ਵਾਰ ਆਫ਼ਸ ਫ਼ੋਨ ਕੀਤਾ ਪਰ ਬੈਲ ਜਾਂਦੀ ਰਹੀ ਕਿਸੇ ਫ਼ੋਨ ਨਾ ਚੁੱਕਿਆ। ਉਹ ਬਾਰ ਬਾਰ ਉਹਦੇ ਮੋਬਾਇਲ ਉਤੇ ਰਿੰਗ ਕਰ ਰਹੀ ਸੀ ਜਿਹਦੇ ਵਿੱਚ ਟੇਪ ਬੋਲ ਰਹੀ ਸੀ ਕਿ ਤੁਹਾਡੇ ਸਾਰਫ਼ ਦਾ ਮੋਬਾਇਲ ਆਫ ਏ, ਕੁਝ ਦੇਰ ਤੇ ਰਾਬਤਾ ਕਰਨਾ। ਉਹਨੇ ਪੁਰਾਣੀ ਡਾਇਰੀ ਵਿੱਚੋਂ ਅਸਦ ਦੇ ਦੋਸਤ ਦਾ ਨੰਬਰ ਲਭਿਆ ਅਜੇ ਉਹਦੇ ਉਤੇ ਡਾਇਲ ਕਰਨ ਈ ਲੱਗੀ ਸੀ ਕਿ ਅਸਦ ਦੀ ਗੱਡੀ ਦੇ ਹਾਰਨ ਦੀ ਵਾਜ ਆਈ। ਅਦੀਲਾ ਨੇ ਛੇਤੀ ਨਾਲ ਗੇਟ ਖੋਲਿਆ ਜਿਹੜਾ ਜੀਨੋ ਜਾਂ ਨਾਜੋ ਖੋਲਦੀਆਂ ਹੁੰਦੀਆਂ ਸਨ। ਅਦੀਲਾ ਦੇ ਤਿੰਨੇ ਮੁੰਡੇ ਵੀ ਸਪਾਰਾ ਪੜ੍ਹ ਕੇ ਆ ਚੁੱਕੇ ਸਨ ਤੇ ਅਦੀਲਾ ਦੇ ਪਿਛੇ ਪਿਛੇ ਈ ਬਾਹਰ ਆ ਗਏ ਸਨ। ਉਹ ਗੇਟ ਖੋਲ ਕੇ ਇੱਕ ਬੰਨੇ ਹੋ ਗਈ। ਗੇਰਾਜ ਵਿੱਚ ਗੱਡੀ ਆ ਕੇ ਰੁਕੀ………………………………ਅਸਦ ਗੱਡੀ ਦਾ ਸੱਜਾ ਬੂਹਾ ਖੋਲ ਕੇ ਬਾਹਰ ਨਿਕਲਿਆ ਤੇ ਖੱਬੇ ਬੂਹੇ ਵਿੱਚੋਂ ਨਾਜੋ ਥੋੜ੍ਹੀ ਸ਼ਰਮਿੰਦਾ ਸ਼ਰਮਿੰਦਾ ਬਾਹਰ ਆਈ…………………….ਗ਼ੈਰ ਮੁਤਵਕਾ ਤੌਰ ਤੇ ਅਦੀਲਾ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ…………………… ਕੁਝ ਸੰਭਲ ਕੇ ਅਦੀਲਾ ਚੀਕੀ “ਇਹ ਕੀ ਬੇਗ਼ੈਰਤੀ ਤੇ ਰੋਜ਼ ਰੋਜ਼ ਦਾ ਤਮਾਸ਼ਾ ਏ” “ਹੌਲੀ ਬੋਲ, ਰੋਜ਼ ਰੋਜ਼ ਦਾ ਈ ਤਮਾਸ਼ਾ ਤੇ ਅੱਜ ਮੈਂ ਮੁਕਾਇਆ ਏ, ਹਾਂ ਅਦੀਲਾ ਮੈਂ ਨਾਜੋ ਨਾਲ ਨਿਕਾਹ ਕਰ ਲਿਆ ਏ…………………………………………”
ਇਹ ਗੱਲ ਕਰ ਕੇ ਉਹ ਆਪਣੇ ਕਮਰੇ ਵੱਲ ਟੁਰ ਪਿਆ ਪਿਛੇ ਪਿਛੇ ਨਾਜੋ ਵੀ ਛੇਤੀ ਛੇਤੀ ਪੈਰ ਪੁਟਦੀ ਟੁਰ ਗਈ। ਅਦੀਲਾ ਹਕਰ ਬਕੜ ਜਿਥੇ ਖਲੋਤੀ ਸੀ ਖਲੋਤੀ ਰਹਿ ਗਈ ਉਹ ਅਸਦ ਦੇ ਕਮਰੇ ਵਿੱਚ ਜਾਣ ਦੀ ਬਜਾਏ ਬਾਲਾਂ ਦੇ ਕਮਰੇ ਵੱਲ ਚੱਲੀ ਗਈ…………………….ਥੋੜ੍ਹੀ ਦੇਰ ਬਾਅਦ ਨਿੱਕੇ ਬਾਲ ਨੇ ਆ ਕੇ ਅਦੀਲਾ ਨੂੰ ਦੱਸਿਆ ਕਿ:
“ਅੱਮੀਂ! ਨਾਜੋ ਪਾਪਾ ਦਾ ਸਿਰ ਘੁੱਟ ਰਹੀ ਏ ਤੇ ਪਾਪਾ ਅੱਖਾਂ ਮੀਟ ਕੇ ਲੰਮੇ ਪਏ ਨੇ………………………”

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com