Akkhan Khulh Gaian (Punjabi Story) : Darshan Singh Ashat

ਅੱਖਾਂ ਖੁੱਲ੍ਹ ਗਈਆਂ (ਕਹਾਣੀ) : ਦਰਸ਼ਨ ਸਿੰਘ ਆਸ਼ਟ

ਜੰਬੋ ਜੰਗਲ ਬੜਾ ਵਿਸ਼ਾਲ ਸੀ। ਇਸ ਜੰਗਲ ਵਿੱਚ ਅਣਗਿਣਤ ਜਨੌਰ ਰਲ ਮਿਲ ਕੇ ਰਹਿੰਦੇ ਸਨ। ਇੱਕ ਦਿਨ ਕਿਸੇ ਹੋਰ ਜੰਗਲ ਵਿੱਚੋਂ ਇੱਕ ਹੱਟਾ-ਕੱਟਾ ਹਾਥੀ ਉੱਥੇ ਆਇਆ। ਜਦੋਂ ਉਸ ਨੇ ਜੰਗਲ ਵਿੱਚ ਥਾਂ-ਥਾਂ 'ਤੇ ਕੱਟੇ ਵੱਢੇ ਰੁੱਖ ਦੇਖੇ ਤਾਂ ਉਸ ਨੂੰ ਵੱਟ ਚੜ੍ਹ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਚਿੰਘਾੜ ਮਾਰੀ। ਚਿੰਘਾੜ ਸੁਣ ਕੇ ਇੱਕ ਰੁੰਡ ਮਰੁੰਡ ਰੁੱਖ ਨੇ ਉਹਨੂੰ ਪੁੱਛਿਆ, ''ਹਾਥੀ ਭਰਾ, ਤੁਸੀਂ ਗੁੱਸੇ ਵਿੱਚ ਕਿਉਂ ਹੋ?"
ਹਾਥੀ ਬੋਲਿਆ, ''ਇਸ ਜੰਗਲ ਦੇ ਕਿੰਨੇ ਹੀ ਰੁੱਖ ਮਨੁੱਖ ਵੱਢ ਕੇ ਲੈ ਗਿਆ ਹੈ। ਮੈਂ ਉਹਨੂੰ ਸਬਕ ਸਿਖਾਵਾਂਗਾ।"
ਇਹ ਕਹਿ ਕੇ ਹਾਥੀ ਅੱਗੇ ਵਧ ਗਿਆ। ਅੱਗੋਂ ਉਸ ਨੂੰ ਇੱਕ ਕੁੱਤਾ ਮਿਲਿਆ। ਕੁੱਤੇ ਨੇ ਉਹਨੂੰ ਪੁੱਛਿਆ, ''ਅੰਕਲ ਜੀ, ਤੁਸੀਂ ਗੁੱਸੇ ਵਿੱਚ ਕਿਉਂ ਹੋ?"
ਹਾਥੀ ਬੋਲਿਆ, ''ਲਾਲਚੀ ਮਨੁੱਖ, ਤੁਹਾਡਾ ਜੰਗਲ ਬਰਬਾਦ ਕਰ ਰਿਹਾ ਹੈ। ਇਉਂ ਤਾਂ ਸਭ ਜਨੌਰਾਂ ਤੇ ਪੰਛੀਆਂ ਦੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਮੈਂ ਮਨੁੱਖ ਨੂੰ ਲੱਭਦਾ ਪਿਆ ਹਾਂ ਤਾਂ ਜੋ ਉਸ ਨੂੰ ਸਬਕ ਸਿਖਾ ਸਕਾਂ।"
''ਵਾਹ ਵਾਹ! ਹਾਥੀ ਅੰਕਲ, ਤੁਸੀਂ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ। ਅਸਲ ਵਿੱਚ ਕੁਝ ਸਮਾਂ ਪਹਿਲਾਂ ਮੈਂ ਉਹਦੇ ਨਾਲ ਹੀ ਰਹਿੰਦਾ ਸਾਂ। ਉਹਦੇ ਘਰ ਦੀ ਰਖਵਾਲੀ ਕਰਦਾ ਸਾਂ, ਪਰ ਜਦੋਂ ਤੋਂ ਉਸ ਨੇ ਆਪਣੇ ਘਰ ਖਾਣਾ ਬਣਾਉਣ ਦੀ ਥਾਂ ਹੋਟਲਾਂ ਵਗੈਰਾ ਤੋਂ ਮਹਿੰਗਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਉਸ ਨੇ ਭੁਲਾ ਹੀ ਦਿੱਤਾ ਹੈ। ਪਹਿਲਾਂ ਘਰ ਵਿੱਚ ਰੋਟੀ ਬਣਦੀ ਸੀ। ਮੈਨੂੰ ਵੀ ਰੋਟੀ ਟੁੱਕ ਮਿਲ ਜਾਂਦਾ ਸੀ, ਪਰ ਹੁਣ ਮੈਂ ਉਸ ਦੇ ਵਤੀਰੇ ਤੋਂ ਨਿਰਾਸ਼ ਹੋ ਕੇ ਜੰਗਲ ਵੱਲ ਦੌੜ ਆਇਆ ਹਾਂ। ਜੇ ਮੈਨੂੰ ਮਿਲ ਗਿਆ ਤਾਂ ਮੈਂ ਵੀ ਉਸ ਨੂੰ ਵੱਢਾਂਗਾ।"
ਹਾਥੀ ਨੇ ਕੁੱਤੇ ਨੂੰ ਵੀ ਨਾਲ ਰਲਾ ਲਿਆ। ਅੱਗੇ ਗਏ ਤਾਂ ਇੱਕ ਚੂਹਾ ਪੱਥਰ 'ਤੇ ਬੈਠਾ ਆਪਣੇ ਕਿਸੇ ਦੋਸਤ ਨਾਲ ਮੋਬਾਈਲ 'ਤੇ ਗੱਲਾਂ ਕਰਨ ਵਿੱਚ ਮਗਨ ਸੀ। ਜਦੋਂ ਹਾਥੀ ਤੇ ਕੁੱਤਾ ਉਹਦੇ ਲਾਗਿਓਂ ਕਾਹਲੇ ਕਦਮੀਂ ਲੰਘਣ ਲੱਗੇ ਤਾਂ ਚੂਹੇ ਨੇ ਉਨ੍ਹਾਂ ਦੇ ਤੇਵਰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਜ਼ਰੂਰ ਹੀ ਕੋਈ ਗੱਲ ਹੈ।
ਚੂਹੇ ਨੇ ਮੋਬਾਈਲ ਬੰਦ ਕੀਤਾ ਤੇ ਹਾਥੀ ਨੂੰ ਪੁੱਛਣ ਲੱਗਿਆ, ''ਹਾਥੀ ਦਾਦਾ, ਕੀ ਗੱਲ ਤੁਸੀਂ ਅੱਜ ਕੁਝ ਗੁੱਸੇ ਵਿੱਚ ਦਿਖਾਈ ਦੇ ਰਹੇ ਹੋ?"
''ਲਾਲਚੀ ਮਨੁੱਖ ਦਾ ਧਨ ਦੌਲਤਾਂ ਨਾਲ ਤਾਂ ਢਿੱਡ ਨਹੀਂ ਭਰਿਆ, ਹੁਣ ਉਸ ਦੀ ਅੱਖ ਤੁਹਾਡੇ ਜੰਗਲ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਕਿ ਉਹ ਜੰਗਲ ਦਾ ਇੱਕ ਇੱਕ ਰੁੱਖ ਵੱਢ ਕੇ ਲੈ ਜਾਵੇ, ਮੈਂ ਉਸ ਨੂੰ ਲੱਭ ਕੇ ਆਪਣੇ ਪੈਰਾਂ ਹੇਠ ਲਤਾੜ ਦਿਆਂਗਾ।"
ਚੂਹਾ ਇਕਦਮ ਬੋਲਿਆ, ''ਬਿਲਕੁਲ ਠੀਕ। ਚਲੋ, ਮੈਂ ਵੀ ਤੁਹਾਡੇ ਨਾਲ ਹਾਂ। ਮੈਂ ਮਨੁੱਖ ਦੀ ਕੋਈ ਚੀਜ਼ ਨਹੀਂ ਛੱਡਾਂਗਾ। ਉਹਦੇ ਜੁਆਕਾਂ ਦੀਆਂ ਕਿਤਾਬਾਂ, ਕਾਪੀਆਂ ਤੇ ਕੱਪੜੇ ਆਦਿ ਸਭ ਕੁਤਰ ਦਿਆਂਗਾ।" ਚੂਹਾ ਵੀ ਉਨ੍ਹਾਂ ਨਾਲ ਤੁਰ ਪਿਆ।
ਅੱਗੇ ਗਏ ਤਾਂ ਉਨ੍ਹਾਂ ਨੂੰ ਇੱਕ ਬੁੱਢਾ ਸ਼ੇਰ ਬੈਠਾ ਮਿਲਿਆ। ਇਹ ਜੰਗਲ ਦਾ ਸਭ ਤੋਂ ਵੱਡੀ ਉਮਰ ਦਾ ਸ਼ੇਰ ਸੀ।
ਹਾਥੀ, ਕੁੱਤਾ ਤੇ ਚੂਹਾ ਉਹਦੇ ਕੋਲੋਂ ਥੋੜ੍ਹਾ ਪਾਸਾ ਵੱਟ ਕੇ ਲੰਘਣ ਲੱਗੇ ਤਾਂ ਸ਼ੇਰ ਨੇ ਵੀ ਆਪਣੇ ਅਨੁਭਵ ਨਾਲ ਅੰਦਾਜ਼ਾ ਲਗਾ ਲਿਆ ਕਿ ਜ਼ਰੂਰ ਹੀ ਕੋਈ ਗੱਲ ਹੈ। ਸ਼ੇਰ ਨੇ ਹਾਥੀ ਨੂੰ ਪੁੱਛਿਆ, ''ਹਾਂ ਹਾਥੀ ਭਰਾ, ਸੁੱਖ ਤਾਂ ਹੈ?"
''ਸ਼ੇਰ ਸ਼ਹਿਨਸ਼ਾਹ, ਸੁੱਖ ਤਾਂ ਸਾਡਾ ਮਨੁੱਖ ਖੋਹ ਕੇ ਲਿਜਾ ਰਿਹਾ ਹੈ। ਉਹ ਇਸ ਜੰਗਲ ਨੂੰ ਨਸ਼ਟ ਕਰਨ 'ਤੇ ਤੁੱਲਿਆ ਹੋਇਆ ਹੈ। ਮੈਂ ਉਹਨੂੰ ਲੱਭ ਰਿਹਾ ਹਾਂ।"
ਹਾਥੀ ਦੀ ਇਹ ਗੱਲ ਸੁਣ ਕੇ ਸ਼ੇਰ ਆਖਣ ਲੱਗਿਆ, ''ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਆਪਸ ਵਿੱਚ ਬਹਿ ਕੇ ਵਿਚਾਰ ਕਰਨ ਨਾਲ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੈ।" ਹਾਥੀ, ਕੁੱਤੇ ਤੇ ਚੂਹੇ ਨੂੰ ਸ਼ੇਰ ਦੀ ਦਲੀਲ ਕੁਝ ਜਚ ਗਈ, ਪਰ ਹੁਣ ਸਮੱਸਿਆ ਇਹ ਸੀ ਕਿ ਮਨੁੱਖ ਨੂੰ ਉਨ੍ਹਾਂ ਕੋਲ ਕਿਵੇਂ ਲਿਆਂਦਾ ਜਾਵੇ?
ਇੰਨੇ ਨੂੰ ਚੂਹੇ ਦੀ ਅਕਲ ਨੇ ਚਮਤਕਾਰ ਵਿਖਾਇਆ। ''ਹਾਥੀ ਅੰਕਲ, ਆਹ ਦੇਖੋ। ਇਹਨੂੰ ਮੋਬਾਈਲ ਕਹਿੰਦੇ ਨੇ। ਇਸ ਨਾਲ ਆਪਾਂ ਦੁਨੀਆ ਭਰ ਵਿੱਚ ਕਿਤੇ ਵੀ ਗੱਲ ਕਰ ਸਕਦੇ ਹਾਂ।" ਸ਼ੇਰ ਇਹ ਸੁਣ ਕੇ ਦੰਗ ਰਹਿ ਗਿਆ। ਇੱਕ ਨਿੱਕੀ ਜਿਹੀ ਡੱਬੀ ਨਾਲ ਦੁਨੀਆਂ ਵਿੱਚ ਕਿਵੇਂ ਗੱਲ ਹੋ ਸਕਦੀ ਹੈ?
ਸ਼ੇਰ ਚੂਹੇ ਨੂੰ ਕਹਿਣ ਲੱਗਿਆ, ''ਆਪਣੇ ਜੰਗਲ ਵਿੱਚ ਵੱਡੀ ਝੀਲ ਦੇ ਨੇੜੇ ਮੇਰਾ ਦੋਸਤ ਸ਼ੇਰੂ ਰਹਿੰਦਾ ਹੈ। ਉੱਥੇ ਮਨੁੱਖ ਜ਼ਰੂਰ ਪਾਣੀ ਪੀਣ ਲਈ ਆਵੇਗਾ। ਕੀ ਸ਼ੇਰੂ ਨਾਲ ਗੱਲ ਹੋ ਸਕਦੀ ਹੈ?"
ਚੂਹੇ ਬੋਲਿਆ, ''ਕਿਉਂ ਨਹੀਂ? ਝੀਲ ਵੱਲ ਤਾਂ ਮੇਰੇ ਨਾਲ ਪੜ੍ਹ ਕੇ ਆਇਆ ਮੇਰਾ ਇੱਕ ਦੋਸਤ ਵੀ ਰਹਿੰਦਾ ਹੈ। ਉਸ ਕੋਲ ਵੀ ਮੋਬਾਈਲ ਹੈ। ਮੈਂ ਹੁਣੇ ਉਸ ਨਾਲ ਗੱਲ ਕਰਕੇ ਤੁਹਾਡੀ ਗੱਲ ਕਰਵਾਉਂਦਾ ਹਾਂ।"
ਚੂਹੇ ਨੇ ਆਪਣੇ ਦੋਸਤ ਨਾਲ ਮੋਬਾਈਲ 'ਤੇ ਗੱਲ ਕੀਤੀ। ਉਸ ਦਾ ਦੋਸਤ ਫੌਰਨ ਸ਼ੇਰੂ ਸ਼ੇਰ ਕੋਲ ਗਿਆ ਅਤੇ ਆਪਣੇ ਮੋਬਾਈਲ 'ਤੇ ਸ਼ੇਰੂ ਦੀ ਬੁੱਢੇ ਸ਼ੇਰ ਨਾਲ ਗੱਲ ਕਰਵਾਈ। ਬੁੱਢਾ ਸ਼ੇਰ ਉਨ੍ਹਾਂ ਨੂੰ ਆਖਣ ਲੱਗਿਆ, ''ਮਨੁੱਖ ਆਪਣੇ ਜੰਗਲ ਵਿੱਚ ਰੁੱਖ ਵੱਢਣ ਲਈ ਆਉਂਦਾ ਰਹਿੰਦਾ ਹੈ। ਹੁਣ ਜਦੋਂ ਵੀ ਕਦੇ ਆਵੇ ਤਾਂ ਉਸ ਨੂੰ ਦਬੋਚ ਕੇ ਮੇਰੇ ਕੋਲ ਲੈ ਆਉਣਾ ਹੈ।"
ਸ਼ੇਰੂ ਕਹਿਣ ਲੱਗਿਆ, ''ਸਵੇਰੇ ਕੁਝ ਬੰਦੇ ਰੁੱਖ ਵੱਢਣ ਲਈ ਆਏ ਸਨ। ਬਾਕੀ ਤਾਂ ਸਾਨੂੰ ਦੇਖਦਿਆਂ ਸਾਰ ਭੱਜ ਗਏ, ਪਰ ਇੱਕ ਜਣਾ ਬਚ ਗਿਆ। ਉਹ ਰੁੱਖ 'ਤੇ ਚੜ੍ਹਿਆ ਬੈਠਾ ਹੈ। ਅਸੀਂ ਉਸ ਨੂੰ ਘੇਰਾ ਪਾਇਆ ਹੋਇਆ ਹੈ।"
ਸ਼ੇਰ ਬੋਲਿਆ, ''ਉਹਨੂੰ ਮਾਰਨਾ ਨਹੀਂ। ਬਸ, ਤੁਸੀਂ ਉਹਨੂੰ ਮੂੰਹ ਵਿੱਚ ਪਾ ਕੇ ਮੇਰੇ ਕੋਲ ਲੈ ਆਉਣਾ ਹੈ।" ਹਾਥੀ ਫਿਰ ਚਿੰਘਾੜਿਆ,''ਜਿਉਂ ਹੀ ਉਹ ਮੇਰੇ ਸਾਹਮਣੇ ਆਵੇਗਾ, ਮੈਂ ਉਹਦਾ ਪਟਾਕਾ ਪਾ ਦੇਵਾਂਗਾ।" ਕੁੱਤਾ ਬੋਲਿਆ, ''ਮੈਂ ਉਹਦੀ ਬੋਟੀ ਬੋਟੀ ਨੋਚ ਦਿਆਂਗਾ।" ਚੂਹਾ ਬੋਲਿਆ, ''ਮੈਂ ਉਹਦੇ ਕੱਪੜੇ ਲੀਰੋ ਲੀਰ ਕਰ ਦਿਆਂਗਾ। ਉਹਨੂੰ ਦੰਦੀਆਂ ਵੱਢਾਂਗਾ।"
ਬੁੱਢੇ ਸ਼ੇਰ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਸ਼ਾਮ ਤਕ ਬੁੱਢੇ ਸ਼ੇਰ ਦਾ ਦੋਸਤ ਸ਼ੇਰ 'ਸ਼ੇਰੂ' ਆਪਣੇ ਮੂੰਹ ਵਿੱਚ ਮਨੁੱਖ ਨੂੰ ਫੜ ਕੇ ਲੈ ਆਇਆ। ਮਨੁੱਖ ਆਪਣੇ ਸਾਹਮਣੇ ਗੁੱਸੇ ਵਿੱਚ ਭਰੇ ਜਨੌਰਾਂ ਨੂੰ ਦੇਖ ਕੇ ਕੰਬਣ ਲੱਗਿਆ। ਚੂਹਾ ਇਕਦਮ ਮੁੱਛਾਂ ਫਰਕਾਉਂਦਾ ਹੋਇਆ ਬੋਲਿਆ, ''ਤੈਨੂੰ ਹੀ 'ਮਨੁੱਖ' ਕਹਿੰਦੇ ਨੇ?" ਕੁੱਤੇ ਨੇ ਉਹਨੂੰ ਟੋਕਿਆ, ''ਜਦੋਂ ਵੱਡੇ ਗੱਲ ਕਰ ਰਹੇ ਹੋਣ ਤਾਂ ਵਿੱਚ ਟੰਗ ਨਹੀਂ ਅੜਾਈਦੀ।"
ਬੁੱਢੇ ਸ਼ੇਰ ਨੇ ਮਨੁੱਖ ਨੂੰ ਕਿਹਾ, ''ਤੂੰ ਤਾਂ ਕੁਦਰਤ ਦਾ ਦੋਸਤ ਸੈਂ। ਜੇ ਤੂੰ ਆਪਣੇ ਲੋਭ-ਲਾਲਚ ਕਾਰਨ ਇਵੇਂ ਹੀ ਜੰਗਲ ਵੱਢਦਾ ਰਿਹਾ ਤਾਂ ਕੀ ਤੇਰਾ ਢਿੱਡ ਭਰ ਜਾਵੇਗਾ? ਕੀ ਤੈਨੂੰ ਪਤਾ ਹੈ, ਤੂੰ ਇਨ੍ਹਾਂ ਰੁੱਖਾਂ ਦੀ ਬਦੌਲਤ ਹੀ ਜਿਉਂਦਾ ਹੈਂ?"
''ਇਨ੍ਹਾਂ ਤੋਂ ਹੀ ਤੁਹਾਨੂੰ ਆਕਸੀਜਨ ਮਿਲਦੀ ਹੈ….।" ਚੂਹੇ ਨੇ ਮੋਬਾਈਲ 'ਤੇ ਕੁਝ ਪੜ੍ਹਦਿਆਂ ਕਿਹਾ।
ਕੁੱਤੇ ਨੇ ਚੂਹੇ ਵੱਲ ਫਿਰ ਅੱਖਾਂ ਕੱਢੀਆਂ । ਚੂਹਾ ਬੋਲਿਆ, ''ਯਾਰ ਕੰਮ ਦੀ ਗੱਲ ਤਾਂ ਸਮਝਾ ਦੇਵਾਂ।"
''ਰੁੱਖ ਤੇਰੇ ਅੱਜ ਵੀ ਦੋਸਤ ਹਨ। ਜੇ ਤੂੰ ਆਪਣੀ ਜ਼ਿੰਦਗੀ ਦੀ ਸੁਰੱਖਿਆ ਚਾਹੁੰਦਾ ਏਂ ਤਾਂ ਇਨ੍ਹਾਂ ਦੀ ਰਖਵਾਲੀ ਕਰ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਰੁੱਖਾਂ ਦੇ ਵਿਨਾਸ਼ ਨਾਲ ਤੇਰਾ ਜੀਵਨ ਵੀ ਖ਼ਤਮ ਹੋ ਜਾਵੇਗਾ।" ਹਾਥੀ ਨੇ ਕਿਹਾ।
ਮਨੁੱਖ ਉਨ੍ਹਾਂ ਅੱਗੇ ਹੱਥ ਬੰਨ੍ਹ ਕੇ ਖੜ੍ਹ ਗਿਆ ਤੇ ਬੋਲਿਆ, ''ਲਾਲਚ ਨੇ ਮੇਰੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਦਿੱਤੀ ਸੀ ਜਿਸ ਕਰਕੇ ਮੈਨੂੰ ਸਿਵਾਏ ਆਪਣੇ ਸੁਆਰਥ ਦੇ ਕੁਝ ਵਿਖਾਈ ਨਹੀਂ ਸੀ ਦਿੰਦਾ, ਪਰ ਹੁਣ ਮੈਨੂੰ ਸਮਝ ਆ ਗਈ ਹੈ। ਮੈਨੂੰ ਜਾਨ ਬਚਾਉਣ ਲਈ ਇੱਕ ਰੁੱਖ ਨੇ ਹੀ ਸਹਾਰਾ ਦਿੱਤਾ ਸੀ।"
ਰਾਤ ਪੈ ਗਈ ਸੀ। ਬੁੱਢੇ ਸ਼ੇਰ ਨੇ ਹਾਥੀ ਨੂੰ ਕਿਹਾ ਕਿ ਉਹ ਮਨੁੱਖ ਨੂੰ ਜੰਗਲ ਵਿੱਚੋਂ ਬਾਹਰ ਛੱਡ ਆਵੇ। ਹਾਥੀ ਨੇ ਮਨੁੱਖ ਨੂੰ ਆਪਣੀ ਪਿੱਠ 'ਤੇ ਚੜ੍ਹਾ ਲਿਆ। ਕੁੱਤਾ ਉਸ ਦੇ ਨਾਲ ਸੀ। ਹਾਥੀ ਦੇ ਸਿਰ 'ਤੇ ਬੈਠਾ ਚੂਹਾ ਆਪਣੇ ਕਿਸੇ ਦੋਸਤ ਨੂੰ ਮੋਬਾਈਲ 'ਤੇ ਆਖ ਰਿਹਾ ਸੀ, ''ਅਸੀਂ ਰਲ ਮਿਲ ਕੇ ਮਨੁੱਖ ਨੂੰ ਪਿਆਰ ਨਾਲ ਸਮਝਾ ਦਿੱਤਾ ਹੈ। ਬਾਕੀ ਦੋਸਤਾਂ ਨੂੰ ਵੀ ਕਹਿ ਦੇਣਾ ਕਿ ਆਪਾਂ ਉਸ ਦਾ ਕੋਈ ਨੁਕਸਾਨ ਨਹੀਂ ਕਰਨਾ। ਹੁਣ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ।"

  • ਮੁੱਖ ਪੰਨਾ : ਕਹਾਣੀਆਂ, ਦਰਸ਼ਨ ਸਿੰਘ ਆਸ਼ਟ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ