Kise Di Rees Na Karo : Lok Kahani

ਕਿਸੇ ਦੀ ਰੀਸ ਨਾ ਕਰੋ : ਲੋਕ ਕਹਾਣੀ

ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ। ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ''ਪਿਆਰੇ ਸ਼ੇਰ, ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।''
ਸ਼ੇਰਨੀ ਦੇ ਕਹਿਣ ਦੀ ਦੇਰ ਸੀ ਕਿ ਸ਼ੇਰ ਇਕਦਮ ਖੜ੍ਹਾ ਹੋ ਗਿਆ ਤੇ ਇੱਕ ਦੋ ਵਾਰੀ ਆਪਣੀ ਪੂੰਛ ਉੱਪਰ ਨੂੰ ਖੜ੍ਹੀ ਕੀਤੀ ਤੇ ਇੱਕ ਦੋ ਵਾਰੀ ਬੜੇ ਜ਼ੋਰ ਦੀ ਦਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਕਰਕੇ ਬੋਲਿਆ ''ਦੇਖੀਂ ਸ਼ੇਰਨੀ, ਮੇਰੀ ਤੋਰ ਭਾਰੀ ਹੈ, ਅੱਖਾਂ ਲਾਲ ਹਨ ਤੇ ਕੀ ਪੂੰਛ ਖੜ੍ਹੀ ਹੈ?'' ਸ਼ੇਰਨੀ ਨੇ ਇਹ ਦੇਖ ਕੇ 'ਹਾਂ' ਕਹਿ ਦਿੱਤੀ। ਫਿਰ ਸ਼ੇਰ ਜੰਗਲ ਦੇ ਅੰਦਰ ਨੂੰ ਚਲਾ ਗਿਆ।
ਸ਼ੇਰ ਨੇ ਕੁਝ ਪਲਾਂ ਦੇ ਅੰਦਰ ਹੀ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਤੇ ਵਾਹੋ-ਦਾਹੀ ਦਹਾੜਾਂ ਮਾਰਦਾ ਹੋਇਆ ਸ਼ਿਕਾਰ ਆਪਣੀ ਸ਼ੇਰਨੀ ਦੇ ਅੱਗੇ ਖਾਣ ਨੂੰ ਰੱਖ ਦਿੱਤਾ। ਸ਼ੇਰਨੀ ਬਹੁਤ ਖ਼ੁਸ਼ ਹੋਈ ਕਿ ਉਸ ਨੇ ਛੇਤੀ ਹੀ ਸ਼ਿਕਾਰ ਮਾਰ ਕੇ ਲੈ ਆਂਦਾ। ਸ਼ੇਰਨੀ ਨੇ ਹਿਰਨ ਦੇ ਬੱਚੇ ਦਾ ਮਾਸ ਖਾ ਕੇ ਕਿਹਾ ''ਪਿਆਰੇ ਸ਼ੇਰ, ਮੈਨੂੰ ਅੱਜ ਮਾਸ ਖਾ ਕੇ ਬੜਾ ਸੁਆਦ ਆਇਆ ਹੈ।'' ਸ਼ੇਰਨੀ ਇਹ ਕਹਿ ਕੇ ਆਪਣੇ ਘੁਰਨੇ ਵਿੱਚ ਚਲੀ ਗਈ।
ਇਹ ਸਭ ਕੁਝ ਦੇਖ ਕੇ ਗਿੱਦੜ ਕਾਫ਼ੀ ਹੈਰਾਨ ਹੋਇਆ ਤੇ ਆਪਣੇ ਘੁਰਨੇ ਵੱਲ ਚੱਲ ਪਿਆ। ਉੱਥੇ ਜਾ ਕੇ ਜੋ ਕੁਝ ਉਸ ਨੇ ਵੇਖਿਆ ਸੀ ਉਹ ਸਭ ਕੁਝ ਆਪਣੀ ਗਿੱਦੜੀ ਨੂੰ ਦੱਸ ਕੇ ਕਹਿਣ ਲੱਗਾ ''ਪਿਆਰੀ ਗਿੱਦੜੀ, ਮੈਂ ਵੀ ਕਿਸੇ ਸ਼ੇਰ ਤੋਂ ਘੱਟ ਨਹੀਂ ਹਾਂ। ਕਦੇ ਮੈਨੂੰ ਅਜ਼ਮਾ ਕੇ ਦੇਖ ਲਵੀਂ।'' ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਭਲੀ-ਭਾਂਤ ਜਾਣੂ ਸੀ। ਓਧਰ ਗਿੱਦੜ ਕਿੱਥੇ ਟਲਣ ਵਾਲਾ ਸੀ। ਹਰ ਰੋਜ਼ ਗਿੱਦੜੀ ਨੂੰ ਕਿਹਾ ਕਰੇ ਕਿ ਉਹ ਵੀ ਕਦੇ ਆਪਣੇ ਪਤੀ ਨੂੰ ਸਵਾਲ ਪਾ ਕੇ ਅਜ਼ਮਾ ਕੇ ਦੇਖ ਲਵੇ, ਪਰ ਗਿੱਦੜੀ ਚੁੱਪ ਕਰਕੇ ਗੱਲ ਟਾਲਦੀ ਰਹੀ। ਜਦੋਂ ਗਿੱਦੜ ਵਾਰ-ਵਾਰ ਕਹਿਣ ਤੋਂ ਨਾ ਟਲਿਆ ਤਾਂ ਗਿੱਦੜੀ ਨੇ ਸ਼ੇਰਨੀ ਵਾਂਗੂ ਰੋਅਬ ਨਾਲ ਕਿਹਾ ''ਮੇਰੇ ਮਿਹਰਬਾਨ, ਮੈਨੂੰ ਜ਼ੋਰ ਦੀ ਭੁੱਖ ਲੱਗੀ ਹੈ, ਖਾਣ ਨੂੰ ਕੁਝ ਛੇਤੀ ਲੈ ਕੇ ਆ।'' ਇਹ ਸੁਣਦੇ ਸਾਰ ਗਿੱਦੜ ਜੋਸ਼ ਵਿੱਚ ਆ ਗਿਆ ਤੇ ਉੱਚੀ-ਉੱਚੀ ਬੜੇ ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ। ਪੂੰਛ ਵੀ ਖੜ੍ਹੀ ਕਰ ਲਈ ਇੱਕ-ਦੋ ਵਾਰ ਅੱਖਾਂ ਦੇ ਡੇਲੇ ਵੀ ਇੱਧਰ-ਉੱਧਰ ਘੁੰਮਾਏ ਤੇ ਫਿਰ ਗਿੱਦੜੀ ਨੂੰ ਸ਼ੇਰ ਦੇ ਵਾਂਗ ਪੁੱਛਣ ਲੱਗਿਆ ''ਦੇਖੀਂ ਪਿਆਰੀ ਗਿੱਦੜੀ, ਮੇਰੀ ਤੋਰ ਭਾਰੀ ਹੈ, ਕੀ ਅੱਖਾਂ ਲਾਲ ਹਨ ਤੇ ਪੂੰਛ ਖੜ੍ਹੀ ਹੈ? ਗਿੱਦੜੀ ਨੇ ਬਿਨਾਂ ਕੁਝ ਦੇਖਿਆਂ ਹਾਂ ਕਹਿੰਦਿਆਂ ਕਿਹਾ ''ਵਾਹ ਗਿੱਦੜ ਮਹਾਰਾਜ ਜੀ, ਤੇਰਾ ਕੀ ਕਹਿਣਾ ਹੁਣ ਤੂੰ ਸ਼ੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਹੈ।''
ਫਿਰ ਕੀ ਸੀ ਗਿੱਦੜ ਇੱਕ ਪਿੰਡ ਨੂੰ ਜਾਂਦੀ ਪਹੀ ਨੂੰ ਪੈ ਗਿਆ। ਅੱਗੇ ਕੀ ਦੇਖਿਆ ਕਿ ਨਾਲ ਦੇ ਪਿੰਡ ਦੇ ਘੁਮਿਆਰ ਦਾ ਇੱਕ ਗਧਾ ਪਹੀ ਵਿੱਚ ਜਾ ਰਿਹਾ ਸੀ। ਗਿੱਦੜ ਨੇ ਗਧੇ ਦਾ ਸ਼ਿਕਾਰ ਕਰਨ ਦੀ ਸੋਚੀ ਤੇ ਗਧੇ ਦੀਆਂ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ, ਉਸ ਵੱਲੋਂ ਇਸ ਤਰ੍ਹਾਂ ਕਰਨ ਦੀ ਦੇਰ ਸੀ ਕਿ ਗਧੇ ਨੇ ਵੀ ਦੋਨੋਂ ਟੰਗਾਂ ਜੋੜ ਕੇ ਬੜੇ ਜ਼ੋਰ ਦੀ ਦੁਲੱਤੀ ਗਿੱਦੜ ਦੇ ਮੂੰਹ 'ਤੇ ਅਜਿਹੀ ਮਾਰੀ ਜਿਸ ਨਾਲ ਗਿੱਦੜ ਦਾ ਮੂੰਹ ਖੂਨੋ-ਖੂਨ ਹੋ ਗਿਆ। ਗਿੱਦੜ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਅਤੇ ਉਸ ਨੂੰ ਵਾਪਸ ਜਾਣ ਲਈ ਰਾਹ ਨਾ ਲੱਭੇ। ਉਹ ਕਿਵੇਂ ਨਾ ਕਿਵੇਂ ਡਿੱਗਦਾ-ਢਹਿੰਦਾ ਗਿੱਦੜੀ ਕੋਲ ਪਹੁੰਚ ਗਿਆ ਤੇ ਜਾਂਦੇ ਸਾਰ ਹੀ ਉਲਟਾ ਗਿੱਦੜੀ ਨੂੰ ਪੈ ਗਿਆ ''ਨਾ ਤੋਰ ਭਾਰੀ ਸੀ ਤੇ ਨਾ ਹੀ ਅੱਖਾਂ ਲਾਲ ਸਨ ਅਤੇ ਨਾ ਹੀ ਪੂੰਛ ਖੜ੍ਹੀ ਸੀ ਐਵੇਂ 'ਹਾਂ' ਕਰਕੇ ਮੈਨੂੰ ਮਰਵਾ ਦਿੱਤਾ।''
ਗਿੱਦੜੀ ਨੇ ਇਹ ਸਭ ਦੇਖ ਕੇ ਆਖ਼ਰ ਕਹਿ ਹੀ ਦਿੱਤਾ ''ਗਿੱਦੜ ਮਹਾਰਾਜ ਜੀ, ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਟਾਲਦੀ ਆਈ ਪਰ ਤੂੰ ਨਾ ਟਲਿਆ। ਆਖ਼ਿਰਕਾਰ ਆ ਗਿਆ ਮੂੰਹ ਭੰਨਵਾ ਕੇ। ਤੈਂ ਸ਼ੇਰ ਤਾਂ ਕੀ ਬਣਨਾ ਸੀ ਤੂੰ ਤਾਂ ਗਿੱਦੜ ਕਹਾਉਣ ਤੋਂ ਵੀ ਜਾਂਦਾ ਰਿਹਾ, ਜੇ ਤੂੰ ਆਪਣੀ ਔਕਾਤ ਅੰਦਰ ਰਹਿੰਦਾ ਤੇ ਸ਼ੇਰ ਦੀ ਰੀਸ ਨਾ ਕਰਦਾ ਤਾਂ ਬਚਿਆ ਰਹਿੰਦਾ। ਸੋ ਪਿਆਰੇ ਗਿੱਦੜ ਜੀ, ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾਂ ਆਪਣੇ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ।''

(ਕਾਮਰੇਡ ਗੁਰਨਾਮ ਸਿੰਘ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ