Kandhan Te Likhi Ibarat (Punjabi Story) : Atarjit

ਕੰਧਾਂ `ਤੇ ਲਿਖੀ ਇਬਾਰਤ (ਕਹਾਣੀ) : ਅਤਰਜੀਤ

ਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲ਼ਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ ਕੱਪੜੇ ਪਾੜ ਕੇ ਬੇ-ਇਜ਼ਤ ਕਰ ਦਿੱਤਾ ਸੀ। ਕਸੂਰ ਸੀ ਉਸਦਾ। ਕਿਉਂਕਿ ਉਸਨੂੰ ਚੜ੍ਹਦੇ ਸਿਆਲ਼ ਮੂੰਹ ਦਾ ਸੁਆਦ ਬਦਲ਼ਣ ਦਾ ਚੇਤਾ ਆ ਗਿਆ ਸੀ ਤੇ ਉਸਨੇ ਜ਼ੈਲਦਾਰ ਦੇ ਸਰ੍ਹੋਂ ਦੇ ਖੇਤ ਵਿਚੋਂ ਦੋ ਚੀਰਨੀਆਂ ਸਾਗ ਤੋੜ ਲਿਆ ਸੀ। ਇਸ ਤੋਂ ਵੱਡੀ ਹਿਮਾਕਤ ਹੋਰ ਕੀ ਹੋ ਸਕਦੀ ਸੀ ਜੋ ਉਹ ਇਕ ਕਮੀਨ ਔਰਤ ਇੱਡੇ ਵੱਡੇ ਸਰਦਾਰ ਦੇ ਖੇਤ ਨਿਧੜਕ ਹੋ ਕੇ ਵੜ ਜਾਵੇ। ਇਹ ਗੱਲਾਂ ਅੱਜ ਹੀ ਕਿਉਂ ਯਾਦ ਆ ਰਹੀਆਂ ਸਨ? ਸ਼ਾਇਦ ਇਸ ਕਰਕੇ ਕਿ ਜਿਸ ਸਕੂਲ ਵਿਚ ਮੈਂ ਅਧਿਆਪਕ ਲੱਗੀ ਹੋਈ ਸਾਂ ਉਸੇ ਸਕੂਲ ਦੇ ਇਕ ਅਧਿਆਪਕ ਦੀ ਕਾਲਜ ਪੜ੍ਹਦੀ ਬੇਟੀ ਨਾਲ ਰਾਜਸੀ ਗੁੰਡਿਆਂ ਨੇ ਅਨਰਥ ਕੀਤਾ ਸੀ। ਸਿਮਰਜੀਤ ਨਾਲ ਹੋਏ ਇਸ ਅਨਰਥ ਨੇ ਬਹੁਤ ਕੁਝ ਪਿਛਲਾ ਯਾਦ ਕਰਾ ਦਿੱਤਾ ਸੀ।
ਇਹ ਅਧਿਆਪਕ ਆਪਣੀ ਅਧਿਆਪਕਾਂ ਦੀ ਜੱਥੇਬੰਦੀ ਦਾ ਸਰਗਰਮ ਕਾਰਕੁਨ ਸੀ। ਮੈਂ ਤੇ ਮੇਰਾ ਪਤੀ ਬਲਵੰਤ ਵੀ ਉਸੇ ਜੱਥੇਬੰਦੀ ਵਿਚ ਕੰਮ ਕਰਦੇ ਸਾਂ। ਉਸਨੂੰ ਸਜ਼ਾ ਦੇਣ ਲਈ ਹੀ ਸ਼ਾਇਦ ਇਹ ਛੜਯੰਤਰ ਰਚਿਆ ਗਿਆ ਸੀ, ਇਕ ਕਮਿਊਨਿਸਟ ਦੀ ਬੇਟੀ ਨਾਲ। ਜਦੋਂ ਸਾਰਾ ਸਿਆਲ਼ ਧੁੰਦਾਂ ਪੈਂਦੀਆਂ ਰਹੀਆਂ ਸਨ। ਦਿਨ ਤੇ ਰਾਤ ਇਕ ਹੋਈ ਰਹਿੰਦੀ ਸੀ। ਜਦੋਂ ਸੂਰਜ ਕਿਤੇ ਚੜ੍ਹਿਆ ਨਹੀਂ ਸੀ ਦਿਸਦਾ। ਸਿਮਰਜੀਤ ਨਾਲ ਇਹ ਜ਼ੁਲਮ ਹੋ ਗਿਆ ਸੀ। ਅਧਿਆਪਕ ਤਾਂ ਹਰੀਜਨ ਨਹੀਂ ਸੀ। ਉਨ੍ਹਾਂ ਦੇ ਭਾਈਚਾਰੇ ਦਾ ਹੀ ਬੰਦਾ ਸੀ। ਮੇਰੇ ਮਨ ਵਿਚ ਇਹ ਗੱਲ ਪਤਾ ਨਹੀਂ ਕਿਉਂ ਆ ਗਈ। ਗੁੰਡਿਆਂ ਦਾ ਕੋਈ ਭਾਈਚਾਰਾ ਜਾਂ ਧਰਮ ਹੁੰਦਾ ਹੋਵੇਗਾ ?-ਪਤਾ ਨਹੀਂ ਹੁੰਦਾ ਹੈ ਜਾਂ ਨਹੀਂ। ਪਹਿਲਾਂ ਤਾਂ ਕਿਹਾ ਕਰਦੇ ਸਨ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ। ਗੁੰਡਿਆਂ ਲਈ ਤਾਂ ਗੋਸ਼ਤ ਚਾਹੀਦਾ ਸੀ ਚਾਹੇ ਕਿਸੇ ਹਰੀਜਨ ਬੇਟੀ ਦਾ ਹੁੰਦਾ ਚਾਹੇ ਕਿਸੇ ਸਵਰਨ ਦਾ।
ਕੀ ਹੁਣ ਇਨ੍ਹਾਂ ਰਾਜਨੀਤਕ ਲੋਕਾਂ ਕੋਲ਼ ਲੋਕਾਂ ਦੀਆਂ ਇਜ਼ਤਾਂ ਰੋਲ਼ਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਰਿਹਾ? ਕੀ ਇਹ ਦੇਸ਼ ਦੀ ਤਰੱਕੀ ਵਾਸਤੇ ਜ਼ਰੂਰੀ ਕਾਰਜ ਵਿਚ ਗਿਣਿਆ ਜਾਣਾ ਚਾਹੀਦਾ ਹੈ? ਇਹ ਹੁਣ ਇਨ੍ਹਾਂ ਦਾ ਧਰਮ ਹੈ। ਦਿਆ ਸਿੰਘ ਅੰਮ੍ਰਿਤਧਾਰੀ ਸਿੱਖ ਸੀ ਤੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਵੀ। ਵਿਚਾਰੀ ਨਾਮ੍ਹੋ ਨੂੰ ਉਸ ਧਰਮੀ ਨੇ ਪਿੰਡ ਵਿਚ ਨੰਗੀ ਕਰਕੇ ਘੁਮਾਇਆ ਸੀ। ਨਾਮ੍ਹੋ ਦਾ ਮੂੰਹ ਕਾਲ਼ਾ ਕੀਤਾ ਹੋਇਆ ਸੀ ਤੇ ਉਹ ਨੀਵੀਂ ਪਾਈ ਸਰਦਾਰ ਦੇ ਅੱਗੇ ਅੱਗੇ ਤੁਰੀ ਜਾ ਰਹੀ ਸੀ ਤੇ ਮਗਰ ਮੰਡੀਹਰ ਹੋ ਹੋ ਕਰਦੀ। ਕਿਸੇ ਦੀ ਵੀ ਜੁਰਅਤ ਨਹੀਂ ਸੀ ਪਈ ਬਈ ਕੋਈ ਸਰਦਾਰ ਨੂੰ ਇਹ ਪੁੱਛ ਲਏ ਬਈ ਐਡਾ ਕੀ ਅਨਰਥ ਹੋ ਗਿਆ ਸੀ। ਬੱਸ ਇਕ ਸਾਗ ਦੀ ਚੀਰਨੀ ਪਿੱਛੇ। ਪਸ਼ੂ ਪਰਿੰਦੇ ਬਥੇਰਾ ਉਜਾੜਾ ਕਰ ਹੀ ਜਾਂਦੇ ਐ। ਕੌਣ ਪੁਛਦਾ? ਸਰਦਾਰ ਦਿਆ ਸਿੰਘ ਕੋਲ਼ ਦਲੀਲ ਹੋ ਸਕਦੀ ਸੀ-ਪਸ਼ੂ ਪਰਿੰਦਿਆਂ ਦੀ ਹੋਰ ਗੱਲ ਹੁੰਦੀ ਐ। ਪਰ ਨਾਮ੍ਹੋ ਤਾਂ ਪਸ਼ੂ ਪਰਿੰਦਾ ਨਹੀਂ ਸੀ। ਨੀਚੀ ਜ਼ਾਤ ਦੀ ਹੋਣ ਕਰਕੇ ਉਹ ਪਸ਼ੂਆਂ ਤੋਂ ਵੀ ਗਈ ਗੁਜ਼ਰੀ ਸੀ।
ਕੋਈ ਗਰੀਬ ਵੱਡਿਆਂ ਦੇ ਮੂਹਰੇ ਝਾਕੇ ! ਇਹ ਕਿਵੇਂ ਹੋ ਸਕਦਾ ਸੀ। ਹੁਣ ਇਹ ਕੁੱਝ ਕੀਤਾ ਗਿਆ ਸੀ ਲੋਕਾਂ `ਤੇ ਵਾਧੂ ਦਾ ਰੋਹਬ ਪਾਉਣ ਲਈ ਹੀ, ਹੋਰ ਕੀ? ਲੋਕ ਦਸਦੇ ਨੇ ਕਿ ਨਾਮ੍ਹੋ ਕੁੱਝ ਚਿਰ ਤਾਂ ਇਹ ਸਭ ਕੁੱਝ ਸਹਿ ਗਈ ਸੀ ਪਰ ਫਿਰ ਪਤਾ ਨਹੀਂ ਜਿਵੇਂ ਉਸਦੇ ਵਿਚ ਕੋਈ ਭੂਤ ਚੁੜੇਲ ਆ ਗਈ ਹੋਵੇ, ਉਹ ਕਾਲੇ ਕੀਤੇ ਮੂੰਹ ਵਿਚੋਂ ਲਾਲ ਜੀਭ ਕੱਢ ਕੇ ਦਿਆ ਸਿੰਘ ਉਤੇ ਝਪਟੀ ਸੀ। ਉਸਨੂੰ ਦੰਦੀਆਂ ਤੇ ਘਰੂੰਟਾਂ ਨਾਲ਼ ਖਾ ਗਈ ਸੀ। ਤਮਾਸ਼ਬੀਨ ਭੱਜ ਗਏ ਸਨ ਪਿੱਛੇ ਨੂੰ, ਪਰ ਦਿਆ ਸਿੰਘ ਨੂੰ ਕਿਸੇ ਨੇ ਨਹੀਂ ਸੀ ਛੁਡਾਇਆ।
ਅੱਜ ਉਹੀ ਨਾਮ੍ਹੋ ਖ਼ੁਦ ਇਕ ਚੁੜੇਲ ਬਣੀ ਗਲੀ ਵਿਚ ਦਰ ਦਰ ਰੁਲ਼ਦੀ ਫਿਰਦੀ ਹੈ ਪਾਗ਼ਲ ਹੋਈ। ਉਸਨੂੰ ਅੱਜ ਕੱਲ੍ਹ ਆਪਣੀ ਕੋਈ ਸੁਧ-ਬੁੱਧ ਨਹੀਂ ਰਹੀ। ਮੈਂ ਸੋਚਦੀ ਸਾਂ ਕਿ ਸ਼ਾਇਦ ਆਜ਼ਾਦੀ ਉਹੋ ਜਿਹੀ ਹੀ ਹੋਊਗੀ ਜਿਹੋ ਜਿਹੀ ਕਲੰਡਰ ਵਿਚ ਦਿਖਾਈ ਗਈ ਹੁੰਦੀ ਹੈ, ਜਿਹੜੀ ਬਾਪੂ ਦੇ ਚਰਖੇ ਨੇ ਲਿਆਂਦੀ ਸੀ। ਲਾਲ ਸਾੜ੍ਹੀ ਵਾਲੀ ਚਾਰ ਬਾਹਾਂ ਵਾਲੀ ਔਰਤ ਜੋ ਕੰਵਲ ਦੇ ਫੁੱਲ `ਤੇ ਖੜ੍ਹੀ ਪਾਣੀ ਵਿਚ ਤਰਦੀ ਦਿਖਾਈ ਗਈ ਹੁੰਦੀ ਹੈ ਜਾਂ ਫਿਰ ਅੱਠ ਭੁਜਾਂ ਵਾਲੀ ਜਿਸ ਦੀ ਸਵਾਰੀ ਸ਼ੇਰ ਹੁੰਦੈ। ਪਤਾ ਹੀ ਨਾ ਲਗਦਾ ਬਈ ਆਜ਼ਾਦੀ ਇਹਨਾਂ `ਚੋਂ ਕਿਹੜੀ ਹੋਊਗੀ? ਜੀਅ ਤਾਂ ਮੇਰਾ ਵੀ ਕਰਦਾ ਕਿ ਉਸ ਚਾਚੇ ਨਹਿਰੂ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦੇਵਾਂ ਪਰ ਕਿਵੇ? ਮੈਨੂੰ ਕੋਈ ਸਮਝ ਨਹੀਂ ਸੀ ਆਉਂਦੀ।
ਮੇਰੇ ਅੰਦਰ ਹੀ ਪਤਾ ਨਹੀਂ ਕਿੱਥੋਂ ਇਹ ਸਵਾਲ ਉਠ ਖੜ੍ਹਾ ਸੀ, ਜੋ ਵਕਤ ਦੇ ਮੂਹਰੇ ਮੂੰਹ ਚੁੱਕੀ ਹਵਾਂਕ ਰਿਹਾ ਸੀ ਜਿਸ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ।
ਕੋਈ ਦਿਨ ਵੀ ਤਾਂ ਆਹਲ਼ਾ ਨਹੀਂ ਜਾਂਦਾ ਜਦੋਂ ਅਖ਼ਬਾਰ ਵਿਚ ਖ਼ਬਰ ਨਾ ਹੋਵੇ…ਅੱਜ ਪੰਜ ਸਾਲ ਦੀ ਬਾਲੜੀ…ਅੱਜ ਅੱਸੀ ਸਾਲ ਦੀ ਦਲਿਤ ਔਰਤ…ਕੀ ਹੋਇਐ ਜ਼ਮਾਨੇ ਨੂੰ? ਇਹ ਕੋਈ ਰਾਜ ਐ ਜਾਂ ਹਬਸ਼ੀਆਂ ਦਾ ਜੰਗਲ ਐ ਜਿਨ੍ਹਾਂ ਬਾਰੇ ਕਹਿੰਦੇ ਐ ਸੱਭਿਅਤਾ ਨਹੀਂ ਪਹੁੰਚੀ ਤੇ ਉਹ ਬੰਦੇ ਨੂੰ ਵੀ ਮਾਰਕੇ ਖਾ ਜਾਂਦੇ ਨੇ। ਇਹ ਕੁੱਝ ਦਲਿਤ ਆਖੇ ਜਾਂਦੇ ਲੋਕਾਂ ਨਾਲ ਹੀ ਕਿਉਂ ਹੁੰਦੈ? ਮੈਂ ਪੂਰਾ ਜ਼ੋਰ ਲਾ ਹਟਦੀ ਤਾਂ ਵੀ ਮੈਨੂੰ ਇਸ ਦੀ ਕੋਈ ਕੰਨੀ ਹੱਥ ਨਾ ਆਉਂਦੀ। ਫਿਰ ਮੈਂ ਆਪ ਹੀ ਇਸ ਦਾ ਜਵਾਬ ਦਿੰਦੀ ਕਿ ਮਾਸਟਰ ਜੀ ਤਾਂ ਦਲਿਤ ਨਹੀਂ ਤੇ ਫਿਰ ਮੈਂ ਸੋਚਦੀ ਬਈ ਕੋਈ ਸਿਰਫ਼ ਜ਼ਾਤ ਕਰਕੇ ਹੀ ਦਲਿਤ ਨਹੀਂ ਹੋ ਜਾਂਦਾ।
ਚਾਰੇ ਪਾਸੇ ਫੈਲੀ ਬੁਰਛਾਗਰਦੀ ਤੇ ਨਿਰਾਸਤਾ ਨੇ ਜਵਾਨੀ ਦੇ ਬਾਕੀ ਸਾਰੇ ਰਾਹ ਤਾਂ ਬੰਦ ਕਰ ਛੱਡੇ ਨੇ। ਕੋਈ ਨੌਕਰੀ ਨ੍ਹੀ। ਕੋਈ ਕੰਮ ਨ੍ਹੀ। ਬੱਸ ਭਟਕਿਆ ਹੋਇਆ ਨੌਜਵਾਨ ਪੀ ਕੇ ਕੋਰੈਕਸ ਜਾਂ ਫੈਨਸੀ ਇਹੋ ਜਿਹੀਆਂ ਘਟਨਾਵਾਂ ਕਰਕੇ ਨਾਇਕ ਬਣ ਬਣ ਵਿਖਾਉਂਦੈ। ਇਹੋ ਜਿਹੇ ਅਨਸਰਾਂ ਨੂੰ ਸਾਂਭ ਲੈਂਦੇ ਨੇ ਸਾਡੇ ਚੁਣੇ ਹੋਏ ਸਰਕਾਰੀਏ।
ਮਾਂ ਦਾ ਫ਼ਿਕਰ ਵੀ ਸੱਚਾ ਸੀ। ਉਹ ਪਿਛਲੇ ਜ਼ਮਾਨੇ ਦੀ ਔਰਤ ਸੀ ਪਰ ਉਸ ਨੇ ਜ਼ਮਾਨਾ ਤਾਂ ਵੇਖਿਆ ਹੋੲਆ ਸੀ। ਉਸ ਨੂੰ ਵੀ ਤਾਂ ਇਉਂ ਹੀ ਲਗਦਾ ਸੀ ਕਿ ਬਾਹਰ ਅਰਦਰ ਫਿਰਦੀ ਹਾਂ ਨਾ ਜਾਣੇ, ਖੋਟਾ ਜ਼ਮਾਨਾ। ਪਰ ਮੇਰਾ ਤਾਂ ਘਰ ਤੋਂ ਬਾਹਰ ਨਿਕਲਣ ਨਾਲ ਬਹੁਤ ਹੌਸਲਾ ਵਧ ਗਿਆ ਸੀ। ਕਈ ਵਾਰ ਮੇਰੀਆਂ ਸਹਿਕਰਮੀ ਕੁੜੀਆਂ ਨੇ ਮੈਨੂੰ ਪੁੱਛਣਾ-
"ਨੀ ਸੁਰਜੀਤ, ਤੈਨੂੰ `ਕੱਲੀ ਨੂੰ ਜਾਂਦਿਆਂ ਡਰ ਨ੍ਹੀ ਲਗਦਾ ?"
ਮੈਂ ਕਹਿਣਾ-"ਡਰ ਕਾਹਦਾ? ਡਰ ਤਾਂ, ਤਾਂ ਲੱਗੇ ਜੇ ਆਪਣੇ ਵਿਚ ਖੋਟ ਮੱਠ ਹੋਵੇ। "ਕਹਿਣ ਨੂੰ ਤਾਂ ਮੈਂ ਕਹਿ ਦਿੰਦੀ ਪਰ ਅੰਦਰੋਂ ਕਿਤੇ ਜ਼ਰੂਰ ਕੋਈ ਟੁੱਟ ਭੱਜ ਜਿਹੀ ਹੋ ਰਹੀ ਹੁੰਦੀ। ਡਰ ਵਾਲੀ ਗੱਲ ਤਾਂ ਸੱਚੀ ਹੀ ਸੀ। ਕੀ ਕੀ ਨਹੀਂ ਸੀ ਹੋਈ ਜਾਂਦਾ ਆਸੇ ਪਾਸੇ। ਨਾ ਜਾਣੇ ਕਿਸੇ ਵੇਲ਼ੇ ਪੁੱਠੀ ਪੈ ਜੇ। ਕੀ ਪਤਾ ਲਗਦੈ ? ਮੈਂ ਸੱਚੀਉਂ ਕੰਬ ਜਿਹੀ ਗਈ ਸਾਂ।
ਇਹਦੇ ਵਿਚ ਰੱਤੀ ਭਰ ਵੀ ਝੂਠ ਨਹੀਂ ਕਿ ਮੇਰੇ ਅੰਦਰਲੀ ਸੁੱਤੀ ਕਲਾ ਬਲਵੰਤ ਨੇ ਜਗਾ ਦਿੱਤੀ ਸੀ। ਬਲਵੰਤ ਦੇ ਨਾਲ ਮਿਲ਼ ਕੇ ਮੈਂ ਬਹੁਤ ਕੁੱਝ ਹੋਰ ਬਣ ਗਈ ਸਾਂ। ਬਹੁਤ ਕੁੱਝ ਸਿਖਿਆ ਸੀ ਮੈਂ ਬਲਵੰਤ ਪਾਸੋਂ। ਚੇਤਨਾ ! ਚੇਤਨਾ ਤਾਂ ਸਿਮਰਜੀਤ ਵਿਚ ਵੀ ਕੋਈ ਘੱਟ ਨਹੀਂ ਸੀ ਪਰ ਗੁੰਡਿਆਂ ਦੇ ਮੂਹਰੇ ਉਹਦੀ ਉਹ ਚੇਤਨਾ ਕਿਸੇ ਕੰਮ ਨਹੀਂ ਸੀ ਆਈ।
ਮੇਰੇ ਅੰਦਰ ਵਿਚਾਰਾਂ ਦਾ ਇੰਨਾ ਖਿਲਾਰਾ ਪਿਆ ਰਹਿੰਦੈ ਕਿ ਟਿਕਾ ਜਿਹਾ ਨਹੀਂ। ਇਹ ਕਿਉਂ ਸੀ ਕਿ ਮੈਂ ਵਾਰ ਵਾਰ ਪਿੱਛਲੀਆਂ ਘਟਨਾਵਾਂ ਦੇ ਮਗਰ ਦੌੜਨ ਲਗਦੀ ਹਾਂ? ਹਾਲਾਂ ਕਿ ਮੇਰੇ ਵਿਚ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਮਰਦਾਂ ਵਰਗਾ ਜੇਰਾ ਆ ਗਿਆ ਹੈ। …ਤੇ ਹੁਣ ਮੈਂ ਵੱਡੇ ਤੋਂ ਵੱਡੇ ਅਫ਼ਸਰ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੀ ਹਾਂ। ਜੇ ਕੋਈ ਅਫ਼ਸਰ ਤਿੜ ਫਿੜ ਕਰੇ ਤਾਂ ਮੈਂ ਦਫ਼ਤਰ ਵਿਚ ਹੀ ਜ਼ਿੰਦਾਬਾਦ ਮੁਰਦਾਬਾਦ ਕਰ ਸਕਦੀ ਹਾਂ। ਪਰ ਨਾਮ੍ਹੋ ਵਾਲ਼ੀ ਘਟਨਾ ਤਾਂ ਮੇਰਾ ਖਹਿੜਾ ਹੀ ਨਹੀਂ ਸੀ ਛਡਦੀ।
ਇਕ ਵਾਰ ਡੀ. ਸੀ. ਨੂੰ ਵਫ਼ਦ ਲੈ ਕੇ ਮਿਲੇ ਸਾਂ। ਵਿਹੜੇ ਵਾਲਿਆਂ ਦੀਆਂ ਔਰਤਾਂ ਨਾਲ ਕਿਸੇ ਅੱਖੜ ਜਿਹੇ ਜੱਟ ਨੇ ਪੰਚਾਇਤ ਮੈਂਬਰੀ ਦੀ ਹੈਂਕੜ ਕਰਕੇ ਮਾੜਾ ਸਲੂਕ ਕੀਤਾ ਸੀ, ਪਰ ਡੀ.ਸੀ.ਪੁਲਸ ਵਾਲਿਆਂ ਦੀ ਬੋਲੀ ਹੀ ਬੋਲੀ ਜਾਏ। ਪੜਤਾਲ਼, ਪੜਤਾਲ਼। ਮੈਂ ਵਫ਼ਦ ਦੇ ਨਾਲ ਹੀ ਗਈ ਸਾਂ। ਅਸੀਂ ਪੂਰੇ ਆਦਰ ਸਤਿਕਾਰ ਨਾਲ਼ ਗੱਲ ਕੀਤੀ ਸੀ। "ਸਾਹਿਬ ਔਰਤ ਨੇ ਜੇ ਇਕ ਕੱਦੂ ਤੋੜ ਲਿਆ ਤਾਂ ਕੀ ਜੱਗੋਂ ਤੇਰਵੀਂ ਹੋ ਗਈ ?ਖੇਤ ਮਾਲਕ ਨੂੰ ਏਸ ਹੱਦ ਤਕ ਨਹੀਂ ਸੀ ਜਾਣਾ ਚਾਹੀਦਾ। "
"ਔਰਤ ਦਾ ਕੋਈ ਹੋਰ ਕਸੂਰ ਵੀ ਤਾਂ ਹੋਊਗਾ ? ਮਾਮਲੇ ਦੀ ਤਹਿ ਤਕ ਜਾਣਾ ਚਾਹੀਦੈ ਤੁਹਾਨੂੰ ਵੀ। "ਡੀ. ਸੀ. ਕਿਸੇ ਅੰਗ ਵੀ ਨਹੀਂ ਸੀ ਆਉਂਦਾ।
"ਜਨਾਬ ਅਸੀਂ ਆਪ ਜੀ ਨੂੰ ਬੇਨਤੀ ਕਰ ਚੁੱਕੇ ਆਂ ਬਈ ਘਾਹ ਖੋਤਣ ਗਈਆਂ ਔਰਤਾਂ `ਚੋਂ ਇਕ ਔਰਤ ਦਾ ਕਸੂਰ ਸਿਰਫ਼ ਇੰਨਾ ਐ ਬਈ ਉਸ ਨੇ ਜ਼ਿਮੀਦਾਰ ਦੇ ਖੇਤ ਵਿਚੋਂ ਚੋਰੀਉਂ ਇਕ ਕੱਦੂ ਤੋੜਿਆ ਸੀ। "
"ਦੇਖੋ ਚੋਰੀ ਤਾਂ ਚੋਰੀ ਹੀ ਹੋਈ। ਕੱਖ ਦੀ ਵੀ ਲੱਖ ਦੀ ਵੀ। ਕੋਈ ਗੱਲ ਤਾਂ ਨਿਕਲੀ। ਉਹ ਖੇਤ ਦਾ ਮਾਲਕ ਐ ਆਖ਼ਰ। "ਡੀ.ਸੀ. ਪੱਖ-ਪਾਤ `ਤੇ ਉਤਰਿਆ ਹੋਇਆ ਸੀ।
"ਜਨਾਬ ਗਰੀਬ ਗੁਰਬੇ ਨੇ ਵੀ ਖੇਤਾਂ `ਚੋਂ ਈ ਖਾਣਾ ਹੁੰਦੈ। ਉਹ ਕਿਧਰ ਜਾਣ ?"
"ਇਸ ਦਾ ਇਹ ਮਤਲਬ ਵੀ ਤਾਂ ਨੀ ਬਣਦਾ ਪਈ ਚੋਰੀ ਕਰਨ ਈ ਲੱਗ ਪਈਏ। "
ਸਾਡੇ ਵੱਲੋਂ ਪੇਸ਼ ਕੀਤੀ ਅਰਜ਼ੀ ਵੱਲ ਡੀ.ਸੀ. ਅੱਖ ਚੁੱਕ ਕੇ ਨਹੀਂ ਸੀ ਵੇਖ ਰਿਹਾ। ਗੱਲ ਉਹ ਸਾਡੇ ਨਾਲ ਕਰ ਰਿਹਾ ਸੀ ਪਰ ਆਪਣੀ ਫਾਈਲ ਵਿਚ ਸਿਰ ਘੁਸਾ ਕੇ। ਉਹ ਇਕ ਤਰ੍ਹਾਂ ਸਾਨੂੰ ਨੀਵਾਂ ਵਿਖਾ ਰਿਹਾ ਜਾਪਦਾ ਸੀ। ਜਦੋਂ ਕੋਈ ਗੱਲ ਬਣਦੀ ਨਾ ਦਿਸੀ ਤਾਂ ਮੈਂ ਹੀ ਬੋਲੀ ਸਾਂ-"ਤਾਂ ਸਰ ਇਕ ਕੱਦੂ ਦਾ ਮੁੱਲ ਕਿਸੇ ਦੀ ਇਜ਼ਤ ਨ੍ਹੀ ਹੁੰਦਾ। ਅਸੀਂ ਤੁਹਾਡੇ ਕੋਲੋਂ ਇਨਸਾਫ਼ ਦੀ ਮੰਗ ਕਰਨ ਆਏ ਆਂ। "
ਡੀ.ਸੀ. ਅੱਗੋਂ ਬੋਲਿਆ ਸੀ-" ਮੈਂ ਜਾਣਦਾਂ ਕਿਵੇਂ ਇਨਸਾਫ਼ ਕਰੀਦੈ। ਮੈਂ ਜੋ ਕਰ ਰਿਹਾਂ ਠੀਕ ਕਰ ਰਿਹਾਂ। ਤੁਸੀਂ ਮੈਨੂੰ ਸਿਖਾਉਣ ਆਏ ਓ?"ਸਾਰੇ ਹੈਰਾਨ ਸਨ ਕਿ ਅਫ਼ਸਰ ਆਮ ਤੌਰ `ਤੇ ਇਉਂ ਨਹੀਂ ਬੋਲਦੇ ਹੁੰਦੇ। ਨਰਮਾਈ ਦਾ ਵਿਖਾਵਾ ਤਾਂ ਉਨ੍ਹਾਂ ਨੂੰ ਕਰਨਾ ਆਉਂਦਾ ਹੀ ਹੁੰਦੈ,ਪਰ ਇਹ ਪਤਾ ਨਹੀਂ ਕਿਹੋ ਜਿਹਾ ਅੜਬ ਕੁੱਕੜ ਸੀ ਜੋ ਵੇਖਣੀ ਪਾਖਣੀ ਨੂੰ ਕਿੰਨਾ ਸਾਊ ਲਗਦਾ ਸੀ ਪਰ ਸੀ ਨਿਰਾ ਹੈਂਕੜ ਦਾ ਭਰਿਆ ਹੋਇਆ।
ਉਹਦੇ ਭਾਣੇ ਅਸੀਂ ਸਾਰੇ ਹੀ ਛੋਟੀਆਂ ਸ਼੍ਰੇਣੀਆਂ ਦੇ ਲੋਕ ਸਾਂ। ਡੀ.ਸੀ. ਨੇ ਗਲਤ ਅੰਦਾਜ਼ਾ ਲਾ ਲਿਆ ਸੀ। ਬੋਲਿਆ ਸੀ-"ਤੁਸੀਂ ਲੋਕ ਵੀ ਆਪਣੇ ਲੋਕਾਂ ਨੂੰ ਸਮਝਾਉ ਬਈ ਉਹ ਖੇਤਾਂ `ਚੋਂ ਇਸ ਤਰ੍ਹਾਂ ਚੋਰੀ ਚਕਾਰੀ ਨਾ ਕਰਿਆ ਕਰਨ। "
ਸਾਡੇ ਨਾਲ ਆਇਆ ਕਿਸਾਨ ਜਥੇਬੰਦੀ ਦਾ ਆਗੂ ਸਰਦਾਰਾ ਸਿੰਘ ਬੋਲ ਪਿਆ ਸੀ। "ਜਨਾਬ ਇਹ ਲੋਕ ਆਖ਼ਰ ਸਾਡੇ ਖੇਤਾਂ `ਚ ਹੀ ਕੰਮ ਕਰਦੇ ਨੇ। ਹੋਰ ਫਿਰ ਇਹ ਕਿੱਥੇ ਜਾਣ। ਸਾਡੇ ਖੇਤਾਂ ਜਾਂ ਘਰਾਂ ਵਿਚ ਕੰਮ ਕਰਕੇ ਹੀ ਇਹ ਰੋਟੀ ਖਾਂਦੇ ਐ। ਅਸੀਂ ਧੱਕੇ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਾਂ। ਹੁਣ ਇਹ ਮਸਲਾ ਯੂਨੀਅਨ ਕੋਲ਼ ਆਇਆ ਹੈ। ਅਸੀਂ ਜਨਾਬ ਕੋਲ਼ੋਂ ਆਸ ਰਖਦੇ ਹਾਂ ਬਈ ਸਾਡੀ ਗੱਲ ਸੁਣੀ ਜਾਊ। "ਡੀ.ਸੀ.ਨੇ ਅੱਖਾਂ ਉਪਰ ਵੱਲ ਸੇਧੀਆਂ ਸਨ ਤਿਊੜੀਆਂ ਵਿਚ ਕਸੀਆਂ ਹੋਈਆਂ ਜਿਵੇਂ ਉਸਨੂੰ ਸ਼ੰਕਾ ਹੋਈ ਹੋਵੇ ਕਿ ਬੋਲਣ ਵਾਲ਼ਾ ਸਰਦਾਰਾ ਸਿੰਘ ਜੱਟ ਜ਼ਿਮੀਦਾਰ ਹੈ ਜਾਂ ਉਹ ਐਵੇਂ ਹੀ ਰੁਹਬ ਪਾਉਣ ਲਈ ਆਖ ਰਿਹੈ।
"ਤੁਸੀਂ ਯੂਨੀਅਨ ਵਾਲ਼ੇ ਵੀ ਮਸਲੇ ਨੂੰ ਟਿਕਣ ਦਿਉ। ਜੇ ਗੱਲ ਨੂੰ ਵਧਾਓਗੇ ਤਾਂ ਕੋਈ ਹੱਲ ਨਹੀਂ ਨਿਕਲਣਾ। "ਉਸਦੀਆਂ ਸ਼ੱਕੀ ਨਜ਼ਰਾਂ ਅਜੇ ਵੀ ਸਰਦਾਰਾ ਸਿੰਘ ਦੇ ਚਿਹਰੇ `ਤੇ ਗੱਡੀਆਂ ਹੋਈਆਂ ਸਨ। "ਦੇਸ ਆਜ਼ਾਦ ਹੋ ਗਿਆ ਲੋਕਾਂ ਨੂੰ ਰਹਿਣ ਦਾ ਢੰਗ ਨਹੀਂ ਆਇਆ। ਲੋਕਾਂ ਨੂੰ ਸਿਵਲਾਈਜ਼ੇਸ਼ਨ ਵੀ ਸਿਖਾਉਣੀ ਚਾਹੀਦੀ ਐ। "
ਡੀ.ਸੀ. ਦੀ ਗੱਲ ਸੁਣ ਕੇ ਸਰਦਾਰਾ ਸਿੰਘ ਤਿਲਮਿਲਾ ਉਠਿਆ ਸੀ। ਪਰ ਉਸਨੇ ਸੰਜਮ ਦਾ ਪੱਲਾ ਨਾ ਛੱਡਿਆ। "ਜਨਾਬ ਯੂਨੀਅਨ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਕੀ ਠੀਕ ਹੈ ਤੇ ਕੀ ਗਲਤ ਹੈ। ਅਸੀਂ ਇੱਥੇ ਸਿਵਲਾਈਜ਼ੇਸ਼ਨ ਸਿੱਖਣ ਨ੍ਹੀ ਆਏ। ਅਸੀਂ ਮਸਲੇ ਨੂੰ ਟਿਕਾਉਣ ਲਈ ਹੀ ਆਏ ਹਾਂ ਜਨਾਬ ਦੇ ਕੋਲ਼। ਪਿੰਡ ਵਿਚ ਇਹ ਗੱਲ ਕੋਈ ਹੋਰ ਰੂਪ ਵੀ ਲੈ ਸਕਦੀ ਹੈ। "
"ਜੇ ਤੁਸੀਂ ਕੋਈ ਹੋਰ ਰੂਪ ਦੇਣਾ ਚਾਹੋਗੇ ਤਾਂ ਇਹ ਹੋਰ ਰੂਪ ਲਵੇਗੀ ਨਹੀਂ ਤਾਂ ਕੁੱਝ ਨ੍ਹੀ ਹੋਣ ਲੱਗਿਆ। ਜਿਸ ਦਾ ਵੀ ਕਸੂਰ ਹੋਇਆ ਸਜ਼ਾ ਜ਼ਰੂੂਰ ਮਿਲੇਗੀ। ਅਫ਼ਸਰ ਤਾਂ ਨਫ਼ਰਤ ਨਾਲ਼ ਗਲ਼ ਤਕ ਭਰਿਆ ਪਿਆ ਸੀ। " ਉਹ.ਢੈਲ਼ਾ ਹੀ ਨਹੀਂ ਸੀ ਪੈ ਰਿਹਾ। ਪਰ ਤਾਂ ਵੀ ਉਸਨੇ ਸਾਡੀ ਦਰਖ਼ਾਸਤ ਮਾਰਕ ਕਰਕੇ ਕਿਹਾ ਸੀ-"ਕੱਲ੍ਹ ਨੂੰ ਹੀ ਇਨਕੁਆਇਰੀ ਹੋ ਜਾਏਗੀ। ਠੀਕ ਹੈ ਹੁਣ ਜਾ ਸਕਦੇ ਹੋ। "
ਹਫ਼ਤੇ ਕੁ ਬਾਅਦ ਜਦੋਂ ਪੰਚਾਇਤ ਮੈਂਬਰ ਖੇਤ ਦੇ ਮਾਲਕ ਨੇ ਯੂਨੀਅਨ ਵਾਲ਼ਿਆਂ ਦਾ ਨਾਂ ਲੈ ਕੇ ਗਾਲ੍ਹਾਂ ਕੱਢੀਆਂ ਤਾਂ ਵਫ਼ਦ ਫੇਰ ਡੀ.ਸੀ. ਨੂੰ ਮਿਲਿਆ ਸੀ-"ਜਨਾਬ ਉਲ਼ਟਾ ਉਹ ਬੰਦਾ ਤਾਂ ਸਾਨੂੰ ਸਾਰਿਆਂ ਨੂੰ ਹੀ ਗਾਲ੍ਹਾਂ ਕੱਢ ਰਿਹੈ। ਆਖ਼ਰ ਕੋਈ ਕਾਇਦਾ ਕਾਨੂੰਨ ਤਾਂ ਹੁੰਦਾ ਈ ਹੋਊ?"
"ਮੈਂ ਪੜਤਾਲ਼ ਕੀਤੀ ਐ। ਉਹ ਪੰਚਾਇਤ ਮੈਂਬਰ ਐ। ਮੈਂ ਇਸ ਗੱਲ ਦੀ ਵੀ ਪੜਤਾਲ਼ ਕਰਨੀ ਹੈ ਕਿ ਇਕ ਇਜ਼ਤਦਾਰ ਅਤੇ ਜ਼ੁੰਮੇਵਾਰ ਵਿਅਕਤੀ ਨਾਲ ਕਿਵੇਂ ਨਿਪਟਣਾ ਹੋਇਆ। ਮਾਮਲਾ ਪੰਚਾਇਤ ਨੂੰ ਸੌਂਪ ਦਿੱਤਾ ਗਿਐ। ਆਖ਼ਰ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦੈ। "ਹੁਣ ਡੀ.ਸੀ. ਨੂੰ ਇਹ ਕੌਣ ਦੱਸੇ ਬਈ ਪਾਰਟੀ ਦੇ ਪ੍ਰੋਗਰਾਮ ਅਨੁਸਾਰ ‘ਭੁੱਕੀ, ਅਫ਼ੀਮ, ਸ਼ਰਾਬ, ਹੀ ਨਹੀਂ ਨਕਦ ਪੈਸਿਆਂ ਨਾਲ਼ ਉਹ ਕਿਵੇਂ ਜਿੱਤਿਆ ਸੀ-ਇਹ ਤਾਂ ਜੱਗ ਜਾਹਰ ਸੀ। ਉਹ ਕਿਹੜਾ ਹਰਬਾ ਸੀ ਜੋ ਉਸਨੇ ਨਹੀਂ ਸੀ ਵਰਤਿਆ?
ਮੈਂ ਤਾਂ ਇਕ ਦਮ ਹੀ ਮੱਕੀ ਦੀ ਖਿੱਲ ਵਾਂਗ ਭੁੜਕ ਪਈ ਸਾਂ-"ਜੇ ਸਰ ਉਹ ਪੰਚਾਇਤ ਮੈਂਬਰ ਐ ਤਾਂ ਪੰਚਾਇਤ ਦਾ ਕਾਨੂੰਨ ਮਤਲਬ ਕਿ ਇਹ ਆਗਿਆ ਤਾਂ ਨਹੀਂ ਦਿੰਦਾ ਹੋਣਾ ਮਤਲਬ ਕਿ ਬਈ ਇਕ ਪੰਚਾਇਤ ਮੈਂਬਰ ਹੀ ਕਾਨੂੰਨ ਦੀ ਕੋਈ ਪਰਵਾਹ ਹੀ ਨਾ ਕਰੇ। ਮਤਲਬ ਕਿ ਔਰਤ ਦਾ ਕਸੂਰ ਸਿਰਫ਼ ਇੰਨਾ ਕੁ ਹੈ ਮਤਲਬ ਕਿ ਉਸਨੇ ਖੇਤ ਵਿਚੋਂ ਚੋਰੀਉਂ ਇਕ ਕੱਦੂ ਤੋੜਿਆ ਸੀ ਮਤਲਬ ਕਿ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਉਸਦੇ ਕੱਪੜੇ ਹੀ ਪਾੜ ਦਿੱਤੇ ਜਾਣ। ਇਹ ਤਾਂ ਬਿੱਲਕੁੱਲ ਹੀ ਮਨੁੱਖਤਾ ਤੋਂ ਗਿਰੀ ਗੱਲ ਹੈ ਮਤਲਬ ਕਿ ਜੇ ਇਕ ਅਫ਼ਸਰ ਇਸ ਗੱਲ ਨੂੰ ਮਾਮੂਲੀ ਸਮਝਦਾ ਹੋਵੇ ਤਾ ਇਨਸਾਫ਼ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?ਮਤਲਬ ਕਿ ਸਰ ਔਰਤ ਨਾਲ਼ ਇਨਸਾਫ਼ ਹੋਣਾ ਚਾਹੀਦੈ। ਉਸ ਆਦਮੀ ਨੇ ਔਰਤ ਦੇ ਥਾਂ ਕੁਥਾਂ ਮਤਲਬ ਕਿ ਹੱਥ ਵੀ ਮਾਰਿਆ ਸੀ। ਜੇ ਸਰ ਸਾਡੀ ਗੱਲ ਹੀ ਮਤਲਬ ਕਿ ਐਂ ਈ ਆਈ ਗਈ ਕਰਨਗੇ ਤਾਂ ਮਤਲਬ ਕਿ ਮੈਂ ਦਫ਼ਤਰ ਦੇ ਅੱਗੇ ਭੁੱਖ ਹੜਤਾਲ਼ `ਤੇ ਬੈੈਠੂੰਗੀ, ਸਰ। ਮਤਲਬ ਕਿ। "ਮੈਨੂੰ ਜਿਵੇਂ ਆਪਣੀ ਗੱਲ ਕਰਨੀ ਖ਼ਾਸੀ ਔਖੀ ਲੱਗ ਰਹੀ ਸੀ, ਹਰਖ਼ ਦੇ ਕਾਰਨ।
ਤਾਂ ਕਿਤੇ ਜਾ ਕੇ ਮਾਮਲਾ ਠੀਕ ਪਾਸੇ ਤੁਰਿਆ ਸੀ।
ਹਾਂ ਉਹ ਘਟਨਾ ਖੁੱਭਣ ਪਿੰਡ ਦੀ ਸੀ,ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਆਈ ਹਾਂ। ਮੈਂ ਤੇ ਬਲਵੰਤ ਉਦੋਂ ਖੁੱਭਣ ਪਿੰਡ ਵਿਚ ਪੜ੍ਹਾਉਂਦੇ ਸਾਂ ਜਦੋਂ ਉਥੋਂ ਦੇ ਸਿਆਸੀ ਗੁੰਡਿਆਂ ਨੇ ਆਪਣੀ ਚੌਧਰ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਇਕ ਗਰੀਬ ਜਿਹੇ ਮਾਸਟਰ ਬਸੰਤ ਸਿੰਘ ਦੀ ਧੀ ਨੂੰ ਕਾਲਜੋਂ ਆਉਂਦੀ ਨੂੰ ਰਾਹ ਵਿਚੋਂ ਸਾਈਕਲ ਤੋਂ ਲਾਹ ਲਿਆ ਸੀ। ਜੀਹਦੀ ਮੈਂ ਪਹਿਲਾਂ ਗੱਲ ਕਰ ਆਈ ਹਾਂ। ਬਲਵੰਤ ਨੂੰ ਮਾੜੀ ਮੋਟੀ ਜਿਹੀ ਪਹਿਲਾਂ ਵਿੜਕ ਸੀ। ਉਸਨੇ ਗੱਲ ਸੁਣੀ ਹੋਈ ਸੀ ਕਿ ਕੁੱਝ ਰਾਜਸੀ ਸ਼ਹਿ ਪ੍ਰਾਪਤ ਗੁੰਡੇ ਕੁੜੀ ਨੂੰ ਆਉਂਦੀ ਜਾਂਦੀ ਨੂੰ ਪ੍ਰੇਸ਼ਾਨ ਕਰਦੇ ਸਨ ਪਰ ਕੁੜੀ ਹਮੇਸ਼ਾ ਹੀ ਚੱਪਲ ਲਾਹ ਕੇ ਵਿਖਾ ਦਿੰਦੀ ਸੀ। ਕੁੜੀ ਪੜ੍ਹਨ ਵਿਚ ਬਹੁਤ ਹੀ ਹੋਣਹਾਰ ਤੇ ਦਲੇਰ ਸੀ ਪਰ ਇਹ ਨਹੀਂ ਸੀ ਪਤਾ ਕਿ ਭੂਤਰੇ ਗੁੰਡੇ ਇਸ ਹੱਦ ਤਕ ਅੱਪੜ ਜਾਣਗੇ।
ਇਕ ਬਦਮਾਸ਼ ਮੁੰਡੇ ਨੇ ਕੁੜੀ ਨੂੰ ਇਥੋਂ ਤਕ ਕਹਿ ਦਿੱਤਾ ਸੀ-"ਅਸੀਂ ਤਾਂ ਤੇਰੇ ਕਾਮਰੇਡ ਬਾਪ ਦੀ ਕਾਮਰੇਡੀ ਘੋਟਣੀ ਐ। "
ਤੇ ਕੁੜੀ ਨੇ ਅੱਗੋਂ ਜਵਾਬ ਦਿੱਤਾ ਸੀ-"ਮੇਰੇ ਬਾਪ ਦੀ ਕਾਮਰੇਡੀ ਇੰਨੀ ਕਮਜ਼ੋਰ ਨਹੀਂ ਕੁੱਤਿਉ ਬਈ ਐਂ ਈ ਘੋਟੀ ਜਾਊ। "ਫੇਰ ਕਈ ਦਿਨ ਕੁੜੀ ਕਿਤੋਂ ਲੱਭੀ ਹੀ ਨਾ ਤੇ ਜਦੋਂ ਬਲਵੰਤ ਨੇ ਅੰਦਰ ਖਾਤੇ ਸ਼ੱਕ ਦੀ ਸੂਈ ਸਰਪੰਚ ਤੇ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਪਾਖਰ ਸਿੰਘ ਦੇ ਮੁੰਡਿਆਂ ਵੱਲ ਸੇਧ ਦਿੱਤੀ ਤਾਂ ਹੋਰ ਜੱਥੇਬੰਦੀਆਂ ਦੇ ਲੋਕ ਵੀ ਉਹਦੇ ਨਾਲ ਸਹਿਮਤ ਹੋ ਗਏ ਸਨ। ਜਿਲ੍ਹੇ ਦਾ ਵੱਡਾ ਪੁਲਸੀਆ ਐਸੱ.ਐਸੱ.ਪੀ ਆਖੇ-"ਕੁੜੀ ਕਿਸੇ ਆਪਣੇ ਯਾਰ ਨਾਲ ਨਿਕਲ ਗਈ ਹੋਊ, ਚਾਰ ਦਿਨਾਂ ਤਾਂਈਂ ਆਪੇ ਖੇਹ ਖਾ ਕੇ ਆ ਜੂ। "ਹਾਂ ਇਉਂ ਹੀ ਤਾਂ ਬੋਲਿਆ ਸੀ ਪੁਲਿਸੀਆ। ਬਲਵੰਤ ਦਫ਼ਤਰ ਵਿਚ ਹੀ ਅਫ਼ਸਰ ਦੇ ਗਲ਼ ਪੈ ਗਿਆ ਸੀ।
"ਸਰਦਾਰ ਬਹਾਦਰ ਜੇ ਤੁਸੀਂ ਅਫ਼ਸਰੀ ਦੀ ਕੁਰਸੀ `ਤੇ ਬੈਠੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਬਣਦਾ ਬਈ ਤੁਸੀਂ ਕਿਸੇ ਸ਼ਰੀਫ਼ ਬੰਦੇ ਦੀ ਧੀ ਭੈਣ ਬਾਰੇ ਊਂਈਂ ਅਵਾ ਤਵਾ ਬੋਲੀ ਜਾਓਂ। ਘੱਟੋ ਘੱਟ ਆਪਣੀ ਜ਼ਬਾਨ ਨੂੰ ਲਗਾਮ ਦਿਉ। ਸਾਡੇ ਕੋਲ ਪੱਕਾ ਸਬੂਤ ਬੇਸ਼ੱਕ ਨਹੀਂ ਪਰ ਤੁਸੀਂ ਦੇਖ ਲਿਉ, ਕੁੜੀ ਇਨ੍ਹਾਂ ਵੱਡੇ ਲੀਡਰਾਂ ਕੋਲੋਂ ਮਿਲੂਗੀ, ਅਸੀਂ ਵੀ ਕੱਚੀਆਂ ਗੋਲ਼ੀਆਂ ਨ੍ਹੀ ਖੇਡੇ। ਤੁਸੀਂ ਕਾਰਵਾਈ ਤਾਂ ਕਰੋ, ਫਿਰ ਵੇਖਿਉ ਸਾਡੀ ਗੱਲ ਕਿਵੇਂ ਠੀਕ ਨਿਕਲਦੀ ਐ। "
ਐਸੱ.ਐਸੱ.ਪੀ.ਮੇਜ਼ ਉਪਰ ਪਿਆ ਰੂਲ ਛੇੜਨ ਜੋਗਾ ਹੀ ਰਹਿ ਗਿਆ ਸੀ। ਜਵਾਬ ਕੋਈ ਨਹੀਂ ਸੀ ਆਇਆ। ਤਾਂ ਵੀ ਥੋੜ੍ਹਾ ਕਰਕੇ ਪੁਲਸੀਆ ਕਦੋਂ ਮੰਨਣ ਵਾਲਾ ਸੀ। ਬਲਵੰਤ ਨੇ ਉਥੇ ਹੀ ਨਾਹਰਾ ਗੁੰਜਾ ਦਿੱਤਾ-"ਗੁੰਡਾ ਤੇ ਪੁਲਸ ਗੱਠਜੋੜ-ਮੁਰਦਾਬਾਦ !"ਪੰਜਾਹ ਸੱਠ ਕੁ ਬੰਦੇ ਸਨ ਉਸ ਵੇਲੇ ਉਹਦੇ ਨਾਲ ਦਫ਼ਤਰ ਵਿਚ। ਉਨ੍ਹਾਂ ਨੇ ਉਥੇ ਹੀ ਐਸ.ਐਸ.ਪੀ.ਦੇ ਦਫ਼ਤਰ ਦੇ ਬਾਹਰ ਧਰਨਾ ਮਾਰ ਦਿੱਤਾ ਤੇ ਜਦੋਂ ਗੱਲ ਲੋਕਾਂ ਤੱਕ ਪਹੁੰਚੀ ਤਾਂ ਪਿੰਡਾਂ ਸ਼ਹਿਰਾਂ ਦੇ ਲੋਕ ਆ ਗਏ ਵਹੀਰਾਂ ਘੱਤ ਕੇ ਟਰਾਲੀਆਂ ਦੀਆਂ ਟਰਾਲੀਆਂ। ਖ਼ਤਰਾ ਸੀ ਕਿ ਪੁਲਿਸ ਆਗੂਆਂ `ਤੇ ਝੂਠਾ ਕੇਸ ਪਾ ਕੇ ਅੰਦਰ ਕਰ ਸਕਦੀ ਹੈ। ਸਾਡੇ ਆਗੂਆਂ ਨੇ ਇਕ ਹੋਰ ਕਮਾਲ ਦਾ ਦਾਅ ਖੇਡਿਆ। ਪਾਖਰ ਦੇ ਖੇਤਾਂ ਵਿਚ ਕੰਮ ਕਰਦੇ ਇਕ ਭਈਏ ਨੂੰ ਵਰਿਆ ਲਿਆ ਗਿਆ ਤੇ ਉਸ ਨੇ ਸਾਡੇ ਲੀਡਰਾਂ ਕੋਲ਼ ਸੱਚੋ ਸੱਚ ਦੱਸ ਦਿੱਤਾ। ਭਈਏ ਦੀ ਪੂਰੀ ਹਿਫ਼ਾਜ਼ਤ ਦਾ ਬੰਦੋਬਸਤ ਕਰਕੇ ਉਸਨੂੰ ਐਸ.ਐਸ.ਪੀ.ਦੇ ਪੇਸ਼ ਕੀਤਾ ਗਿਆ ਤਾਂ ਅਫ਼ਸਰ ਨੂੰ ਤ੍ਰੇਲ਼ੀ ਆ ਗਈ। ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਵਾਲ਼ੇ ਅਖੌਤੀ ਇਜ਼ਤਦਾਰ ਬੰਦਿਆਂ ਦੇ ਖ਼ਿਲਾਫ਼ ਕਾਰਵਾਈ ਕਰਨੀ ਔਖੀ ਲਗਦੀ ਸੀ। ਫਿਰ ਕੀ ਸੀ ਭੁਲਾ `ਤੀਆਂ ਭੂਤਨੀਆਂ ਅਫ਼ਸਰਾਂ ਦੀਆਂ। ਲੋਕ ਆਪ ਹੀ ਦਫ਼ਤਰ ਵਿਚ ਜਾ ਵੜਿਆ ਕਰਨ। ਇਕ ਵਾਰ ਕਿਤੇ ਐਸ.ਐਸ.ਪੀ.ਲੋਕਾਂ ਨੂੰ ਕਹਿ ਬੈਠਾ-
"ਇਹ ਦਫ਼ਤਰ ਐ। ਤੁਸੀਂ ਮੂੰਹ ਚੁੱਕ ਕੇ ਅੰਦਰ ਐਂ ਨਹੀਂ ਆ ਸਕਦੇ। "ਸੁਣ ਕੇ ਲੋਕਾਂ ਦੇ ਕਾਲਜਿਆਂ ਵਿਚੋਂ ਲਾਟਾਂ ਹੀ ਨਿਕਲੀਆਂ ਸਨ। ਇਕ ਬਿੱਲਕੁੱਲ ਹੀ ਸਾਧਾਰਨ ਜਿਹਾ ਬੰਦਾ ਤਾਂ ਗੁੱਸੇ ਵਿਚ ਥਰਨ ਥਰਨ ਕੰਬਣ ਹੀ ਲੱਗ ਪਿਆ ਸੀ ਤੇ ਲਗਦਾ ਸੀ ਪੁਲਸੀਏ ਨੂੰ ਕੁਰਸੀ ਤੋਂ ਲਾਹ ਕੇ ਹੇਠਾਂ ਹੀ ਨਾ ਸੁੱਟ ਲਵੇ। ਉਸਨੂੰ ਇਕ ਦਮ ਬਲਵੰਤ ਹੀ ਇਕ ਪਾਸੇ ਲੈ ਗਿਆ ਸੀ।
"ਸਰਦਾਰ ਬਹਾਦਰ ਇਹ ਦਫ਼ਤਰ ਪਬਲਿਕ ਦਾ ਐ। ਤੁਸੀਂ ਜਿਹੜੀ ਤਨਖਾਹ ਲੈਂਦੇ ਓ ਇਹ ਲੋਕਾਂ ਨੇ ਕਮਾ ਕੇ ਸਰਕਾਰੀ ਖ਼ਜ਼ਾਨੇ ਵਿਚ ਭੇਜੀ ਐ, ਸਮਝੇ। "ਸਾਡੇ ਆਗੂ ਇੰਨੀ ਗੱਲ ਕਹਿਣ ਦੀ ਜ਼ੁਰਅਤ ਰਖਦੇ ਸਨ। ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨਾ ਉਸ ਲਈ ਮੁਸ਼ਕਿਲ ਹੋ ਗਿਆ ਸੀ। ਬੱਸ ਨਾਲ ਦੀ ਨਾਲ ਵੱਡੇ ਬਦਮਾਸ਼ਾਂ ਦੀਆਂ ਗ੍ਰਿਫ਼ਤਾਰੀਆਂ ਹੋ ਗਈਆਂ ਤੇ ਤੀਜੇ ਦਿਨ ਕੁੜੀ ਦੀ ਨਗਨ ਹਾਲਤ ਵਿਚ ਬੁਰੀ ਤਰ੍ਹਾਂ ਗਲ਼ੀ ਸੜੀ ਲਾਸ਼ ਖੇਤ ਦੇ ਟੋਏ `ਚੋਂ ਮਿਲ ਗਈ। ਅਸ਼ਕੇ ਉਇ ਸ਼ੇਰ ਦੀਏ ਬੱਚੀਏ। ਆਖ਼ਰੀ ਸਾਹਾਂ ਤਾਂਈਂ ਲੜਦੀ ਰਹੀ ਪਾਪੀਆਂ ਨਾਲ। ਹੱਥ ਵਿਚ ਜੁੰਡਿਆਂ ਦਾ ਰੁੱਗ ਉਸਦੀ ਬਹਾਦਰੀ ਦਾ ਹੀ ਤਾਂ ਸਬੂਤ ਸੀ। ਜਦੋਂ ਮੁਸ਼ਟੰਡੇ ਉਸਦੀ ਪਤ ਲੁੱਟ ਰਹੇ ਸਨ ਤਾਂ ਉਸ ਦੇ ਹੱਥ ਵਿਚ ਕਿਸੇ ਦੇ ਵਾਲ਼ ਆ ਗਏ ਹੋਣਗੇ ਜੋ ਉਸ ਨੇ ਛੱਡੇ ਈ ਨਾ। ਜਦੋਂ ਉਸਦੀ ਲਾਸ਼ ਟੋਏ `ਚੋਂ ਕੱਢੀ ਗਈ ਸੀ ਤਾਂ ਵਾਲ਼ਾਂ ਦਾ ਰੁੱਗ ਉਵੇਂ ਦਾ ਉਵੇਂ ਉਸ ਦੀ ਮੁੱਠੀ ਵਿਚ ਸੀ। ਖ਼ਬਰੈ ਕਿਵੇਂ ਮਧੋਲ ਮਧੋਲ ਕੇ ਮਾਰੀ ਹੋਣੀ ਐ ਕੁੜੀ ਮੁਸ਼ਟੰਡਿਆਂ ਨੇ। ਉਦੋਂ ਮੈਨੂੰ ਨੌਕਰੀ `ਤੇ ਲੱਗੀ ਨੂੰ ਸਾਲ ਕੁ ਈ ਹੋਇਆ ਸੀ। ਲੋਕਾਂ ਨੇ ਲਾਸ਼ ਲਭਾ ਲਈ ਸੀ। ਪੁਲਿਸੀਆਂ ਦੀ ਗੁੰਡਿਆਂ ਨਾਲ ਮਿਲੀ ਭੁਗਤ ਜੱਗ ਜਾਹਰ ਹੋ ਗਈ ਸੀ। ਇਹਨੂੰ ਕਹਿੰਦੇ ਨੇ ਲੋਕ ਤਾਕਤ। ਮੈਂ ਚਿਤ ਵਿਚ ਹੀ ਸੋਚਿਆ।
ਉਸ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਲੱਗੀਆਂ ਸਨ ਸਾਡੇ ਮੁਲਕ ਦੀ ਵਿਕਾਸ ਦਰ ਹੁਣ ਅੱਠ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਤੱਕ ਲਿਜਾਣ ਦਾ ਸਰਕਾਰ ਨੇ ਟੀਚਾ ਮਿਥ ਲਿਆ ਹੈ। ਨਾਲ ਹੀ ਖ਼ਬਰਾਂ ਸਨ ਕਿ ਬਹੁਤ ਸਾਰੀਆਂ ਪ੍ਰਾਈਵੇਟ ਤੇ ਬਹੁ-ਕੌਮੀ ਕੰਪਨੀਆਂ ਨੂੰ ਦੇਸ਼ ਵਿਚ ਪੂੰਜੀ ਨਿਵੇਸ਼ ਦਾ ਸੱਦਾ ਦਿੱਤਾ ਗਿਆ ਹੈ। ਹੁਣ ਸਾਰੇ ਵਿਕਾਸ ਦਾ ਲਾਭ ਪੇਂਡੂ ਲੋਕਾਂ ਤੱਕ ਜਵੇਗਾ। ਚਾਰ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਮੈਗਾ ਪ੍ਰਜੈਕਟਾਂ ਵਿਚ ਨੌਕਰੀਆਂ ਦਿੱਤੀਆਂ ਜਾਣਗੀਆਂ। ਗਰੀਬੀ ਦਾ ਪਾੜਾ ਮਿਟਾਉਣ ਦੇ ਸਰਕਾਰ ਵੱਡੀ ਪੱਧਰ `ਤੇ ਯਤਨ ਕਰ ਰਹੀ ਹੈ। ਨਾਲ਼ ਹੀ ਕਿਸੇ ਸਚਿਆਰੇ ਜਿਹੇ ਪੱਤਰਕਾਰ ਵੱਲੋਂ ਇਕ ਹੋਰ ਖ਼ਬਰ ਵੀ ਫੋਟੋ ਸਮੇਤ ਲਾਈ ਗਈ ਸੀ ਕਿ ਸ਼ਹਿਰ ਦੇ ਲੇਬਰ ਚੌਕਾਂ ਵਿਚੋਂ ਮਜ਼ਦੂਰਾਂ ਨੂੰ ਹੁਣ ਕੰਮ ਨਹੀਂ ਮਿਲਦਾ ਤੇ ਉਹ ਘਰੋਂ ਲਿਆਂਦੀਆਂ ਰੋਟੀਆਂ ਖਾ ਕੇ ਖਾਲੀ ਹੱਥ ਘਰਾਂ ਨੂੰ ਪਰਤ ਜਾਂਦੇ ਹਨ। ਜਦੋਂ ਇਨ੍ਹਾਂ ਪਿੰਡਾਂ ਦੇ ਕਿਸਾਨੀ `ਚੋਂ ਮਜ਼ਦੂਰ ਬਣੇ ਅਤੇ ਵਿਹੜਿਆਂ ਦੇ ਗ਼ਰੀਬ ਪਿੰਡ ਵਿਚੋਂ ਰੁਜ਼ਗਾਰ ਘਟ ਜਾਣ ਕਰਕੇ ਸ਼ਹਿਰ ਵੱਲ ਧਾਏ ਸਨ ਤਾਂ ਉਨ੍ਹਾਂ ਨੂੰ ਇਹ ਲੁਭਾਉਣੇ ਕਿਸਮ ਦੇ ਮੈਗਾ ਪ੍ਰਜੈਕਟ ਆਸ ਦੀ ਕਿਰਨ ਜਾਪੇ ਸਨ ਪਰ ਉਥੇ ਤਾਂ ਦਿਉ ਕੱਦ ਮਸ਼ੀਨਾਂ ਕਈ ਕਈ ਜਣਿਆਂ ਦਾ ਕੰਮ ਬਹੁਤ ਹੀ ਥੋੜ੍ਹੇ ਸਮੇਂ ਵਿਚ ਕਰਕੇ ਅਹੁ ਜਾਂਦੀਆਂ ਸਨ। ਇਨ੍ਹਾਂ ਮਾੜਚੂਏ ਜਿਹੇ ਪੇਂਡੂਆਂ ਦੀ ਇੱਥੇ ਕਿਸੇ ਨੂੰ ਕੀ ਜ਼ਰੂਰਤ ਹੋ ਸਕਦੀ ਸੀ। ਜਾਣ ਜਹੰਨਮ ਨੂੰ ਇਹ ਪੇਂਡੂ ਮਜ਼ਦੂਰ। ਵਾਹ ਮੇਰੇ ਦੇਸ਼, ਨਾਲ਼ੇ ਮੇਰੇ ਦੇਸ਼ ਦੀਏ ਸਰਕਾਰੇ। ਕਰਦੇ ਵਿਕਾਸ ਦਰ ਦਸ ਪ੍ਰਤੀਸ਼ਤ। ਸਰਕਾਰੀ ਸਕੂਲ ਬੰਦ, ਸਰਕਾਰੀ ਹਸਪਤਾਲ ਬੰਦ। ਕਿਸੇ ਗਰੀਬ ਨੂੰ ਜਿਉਣ ਜੋਗਾ ਨਾ ਛੱਡਿਆ ਜਾਵੇ ਤਾਂ ਆਪੇ ਹੀ ਦੇਸ਼ ਦੀ ਦਸ ਪ੍ਰਤੀਸ਼ਤ ਵਿਕਾਸ ਦਰ ਹੋ ਜਾਣੀ ਹੈ। ਜਦੋਂ ਭੁੱਖ ਦਾ ਮਾਰਿਆ ਕੋਈ ਗ਼ਰੀਬ ਰਿਹਾ ਹੀ ਨਾ ਤਾਂ ਦੇਸ਼ `ਚੋਂ ਆਪੇ ਹੀ ਗ਼ਰੀਬੀ ਦਾ ਖ਼ਾਤਮਾ ਹੋ ਜਾਵੇਗਾ।
ਸਿਮਰਜੀਤ ਵਾਲ਼ੀ ਘਟਨਾ ਨੇ ਸਾਡੇ ਵਿਚਕਾਰ ਇਕ ਹੋਰ ਪਹਿਲੂ ਵੀ ਉਜਾਗਰ ਕੀਤਾ ਸੀ। ਉਹ ਇਹ ਕਿ ਇਹੋ ਜਿਹੀਆਂ ਘਟਨਾਵਾਂ ਦੇ ਕੋਈ ਇਕਾ ਦੁਕਾ ਕਾਰਨ ਨਹੀਂ। ਇਹ ਸਮੁੱਚੇ ਨਿਘਰੇ ਪ੍ਰਬੰਧ ਦਾ ਸਿੱਟਾ ਹਨ। ਇਸ ਪ੍ਰਬੰਧ ਦੇ ਵਿਰੁਧ ਇਕ ਵੱਡਾ ਲੋਕ ਉਭਾਰ ਪੈਦਾ ਕਰ ਕੇ ਹੀ ਸਮੁੱਚੇ ਸਿਸਟਮ `ਤੇ ਸੱਟ ਮਾਰਨ ਦੀ ਜ਼ਰੂਰਤ ਸੀ। ਸੋ ਸਿਮਰਜੀਤ ਵਾਲ਼ੀ ਇਸ ਘਟਨਾ ਨੂੰ ਲੋਕ ਉਭਾਰ ਪੈਦਾ ਕਰਨ ਵਜੋਂ ਲਿਆ ਜਾਣਾ ਚਾਹੀਦਾ ਸੀ। ਨਿੱਕੀਆਂ ਮੋਟੀਆਂ ਸਭ ਘਟਨਾਵਾਂ ਇਸ ਸਿਸਟਮ ਦੀ ਹੀ ਤਾਂ ਪੈਦਾਵਾਰ ਨੇ। ਮੀਟਿੰਗਾਂ ਵਿਚ ਇਸ ਕਿਸਮ ਦੀ ਚੇਤਨਾ ਦੇ ਪ੍ਰਚਾਰ ਉਪਰ ਵਧੇਰੇ ਜ਼ੋਰ ਦਿੱਤਾ ਜਾਣ ਲੱਗਿਆ ਸੀ।
ਉਸ ਵੇਲੇ ਮੈਂ ਵੇਖ ਰਹੀ ਸਾਂ ਕਿ ਬਲਵੰਤ ਕਿਵੇਂ ਜੋਸ਼ ਵਿਚ ਸੂਹੀ ਲਾਟ ਹੀ ਬਣਿਆ ਫਿਰਦਾ ਸੀ। `ਕੱਲਾ ਬਲਵੰਤ ਹੀ ਨਹੀਂ ਸਾਰੇ ਸਾਥੀ ਤੇ ਆਗੂ ਟੀਮ ਹੀ ਅੱਗ ਦੇ ਭਾਂਬੜ ਬਣੇ ਹੋਏ ਸਨ। ਉਸਨੇ ਉਸੇ ਵੇਲੇ ਅੱਡ ਅੱਡ ਜੱਥੇਬੰਦੀਆਂ ਦੇ ਆਗੂਆਂ ਦੀ ਐਕਸ਼ਨ ਕਮੇਟੀ ਬਣਾਉਣ ਦੀ ਰਾਇ ਰੱਖੀ। ਐਕਸ਼ਨ ਕਮੇਟੀ ਬਣ ਗਈ ਤੇ ਬਲਵੰਤ ਨੂੰ ਹੀ ਐਕਸ਼ਨ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਆਗੂਆਂ ਨੇ ਆਪਣੀਆਂ ਤਕਰੀਰਾਂ ਵਿਚ ਕਿਹਾ ਕਿ ਪੁਲਿਸ ਕਿਸੇ ਵੇਲੇ ਵੀ ਗੁੰਡਿਆਂ ਨਾਲ ਨਰਮੀ ਵਰਤ ਸਕਦੀ ਹੈ। ਪੁਲਿਸ ਨੂੰ ਤਾਂ ਹੱਡ ਚਾਹੀਦਾ ਹੈ। ਗੁੰਡਾ ਟੋਲਾ ਬੋਟੀ ਸਿੱਟੂ ਈ ਸਿੱਟੂਗਾ ਤੇ ਪੁਲਿਸ ਵਾਲੇ ਉਹਦੇ `ਤੇ ਲਪਕਣਗੇ ਹੀ। ਝੂਠੀ ਮੂਠੀ ਜਿਹੀ ਪੜਤਾਲ ਕਰਕੇ ਗੁੰਡਿਆਂ ਨੂੰ ਛੱਡ ਦਿਤਾ ਜਾਊਗਾ, ਜੇ ਪੂਰੀ ਚੌਕਸੀ ਨਾਲ ਸੰਘਰਸ਼ ਨੂੰ ਅੱਗੇ ਨਾ ਵਧਾਇਆ ਗਿਆ ਤਾਂ। "
ਉਸੇ ਦਿਨ ਸਭ ਤੋਂ ਪਹਿਲਾਂ ਅਖ਼ਬਾਰਾਂ ਨੂੰ ਬਿਆਨ ਜਾਰੀ ਕੀਤੇ ਗਏ ਤੇ ਤੁਰਤ ਹੀ ਲੰਮਾ ਚੌੜਾ ਮਜਮੂਨ ਤਿਆਰ ਕਰਕੇ ਵੱਡਾ ਇਸ਼ਤਿਹਾਰ ਛਪਵਾਇਆ ਗਿਆ। ਇਲਾਕੇ ਭਰ ਵਿਚ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਕੰਧਾਂ ਲਾਲ ਕਰ ਦਿੱਤੀਆਂ। ਇਕ ਤਰ੍ਹਾਂ ਦਾ ਇਹ ਬਹੁਤ ਵੱਡਾ ਲੋਕ ਉਭਾਰ ਸੀ ਜੋ ਮੇਰੇ ਜੀਵਨ ਵਿਚ ਇਹ ਪਹਿਲੀ ਵਾਰ ਹੋਇਆ ਸੀ। ਮੇਰੇ ਅੰਦਰ ਵੀ ਉਸ ਵੇਲੇ ਲੋੜ੍ਹੇ ਦਾ ਜੋਸ਼ ਸੀ। ਮੈਂ ਆਪਣੇ ਸ਼ਹਿਰ ਵਿਚ ਵੀ ਤੇ ਪਿੰਡ ਪਿੰਡ ਮੀਟਿੰਗਾਂ ਕਰਵਾਉਂਦੀ।
ਹੁਣ ਤਾਂ ਬੱਸ ਇਉਂ ਹੀ ਜਾਪਣ ਲੱਗ ਪਿਆ ਸੀ ਕਿ ਇਹੋ ਜਿਹੇ ਮੁਲਕ ਵਿਚ ਜਿਉਣ ਦਾ ਕਾਹਦਾ ਹੱਜ ਹੈ। ਇਹਨੂੰ ਕਹਿੰਦੇ ਐ ਆਜ਼ਾਦੀ, ਬਈ ਗੁੰਡੇ ਜਦ ਚਾਹੁਣ ਕਿਸੇ ਇਜ਼ਤਦਾਰ ਦੀ ਮਾਸੂਮ ਧੀ ਦੀ ਖੇਹ ਕਰ ਦੇਣ ਤੇ ਪੁਲਿਸ ਕਹੇ ਕਿ ਕੁੜੀ ਆਪਣੇ ਕਿਸੇ ਯਾਰ ਨਾਲ ਨਿਕਲ ਗਈ ਹੋਊ, ਆਪੇ ਆ ਜੂ ਦੋ ਚਾਰ ਦਿਨਾਂ `ਚ ਖੇਹ ਖਾ ਕੇ। ਫਿੱਟ ਲਾਹਣਤ ਇਹੋ ਜੇ ਅਫ਼ਸਰਾਂ ਦੇ। ਏਸੇ ਕਰਕੇ ਈ ਨਾ ਕਿ ਧਰਮ ਦੀ ਆੜ ਵਿਚ ਚਲਦੀ ਸਰਕਾਰ ਵਿਚ ਪਾਖਰ ਸਿੰਘ ਦੀ ਸੱਦ ਪੁਛ ਐ ਤੇ ਉਹਦੇ ਤਾਂਈਂ ਬੰਦਿਆਂ ਨੂੰ ਲੋੜ ਪੈਂਦੀ ਰਹਿੰਦੀ ਐ। ਤੇ ਇਹ ਕਿ ਪਿੰਡ ਦੇ ਲੋਕ ਕੰਮਾਂ ਕਰਕੇ ਹੀ ਉਹਦੇ ਮੂਹਰੇ ਉਭਾਸਰਦੇ ਨਹੀਂ। ਇਸ ਕਰਕੇ ਉਹਦੇ ਗੁੰਡੇ ਪੋਤਿਆਂ ਨੂੰ ਦੁੱਧ ਧੋਤੇ ਸਾਬਤ ਕਰਕੇ ਹੋਰ ਬਹੂ ਬੇਟੀਆਂ ਦੀਆਂ ਇਜ਼ਤਾਂ ਰੋਲਣ ਲਈ ਖੁਲ੍ਹਾ ਛੱਡ ਦਿੱਤਾ ਜਾਵੇ। ਤਾਂ ਕੀ ਆਜ਼ਾਦੀ ਤੋਂ ਬਾਅਦ ਸਰਕਾਰ ਇਨ੍ਹਾਂ ਗੁੰਡਿਆਂ ਤੋਂ ਬਗ਼ੈਰ ਚੱਲ ਨ੍ਹੀ ਸਕਦੀ, ਇਹੀ ਨਾ! ਐਕਸ਼ਨ ਕਮੇਟੀ ਨੇ ਫ਼ੈਸਲਾ ਕਰ ਲਿਆ ਕਿ ਸਭ ਤੋਂ ਪਹਿਲਾਂ ਖੁੱਭਣ ਪਿੰਡ ਵਿਚ ਹੀ ਵੱਡਾ ਮਾਰਚ ਕੀਤਾ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਵਿਚੋਂ ਉਨ੍ਹਾਂ ਰਾਜਨੀਤਕ ਗੁੰਡਿਆਂ ਦਾ ਦਾਬਾ ਚੁੱਕਿਆ ਜਾਵੇ। ਜਦ ਤਕ ਉਨ੍ਹਾਂ ਨੂੰ ਪਿੰਡ ਵਿਚੋਂ ਨਿਖੇੜ ਕੇ ਬਾਹਰ ਨਹੀਂ ਕੱਢਿਆ ਜਾਂਦਾ ਸੰਘਰਸ਼ ਦੀ ਸਫ਼ਲਤਾ ਦੀ ੳਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਪਿੰਡ ਦੇ ਔਰਤਾਂ ਮਰਦਾਂ ਦੀਆਂ ਮੀਟਿੰਗਾਂ ਕਰਵਾਈਆਂ ਜਾਣ ਤੇ ਵੱਡੇ ਘੋਲ ਦੀ ਤਿਆਰੀ ਕੀਤੀ ਜਾਵੇ।
ਪਹਿਲੀ ਮੀਟਿੰਗ ਹੀ ਹੋਈ ਸੀ ਕਿ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਵਿਚ ਛਾਉਣੀ ਪਾ ਲਈ ਅਖੇ ਪਾਰਟੀਆਂ ਵਾਲੇ ਅਮਨ ਭੰਗ ਕਰਦੇ ਐ। ਮੀਟਿੰਗ ਸ਼ੁਰੂ ਹੋਈ। ਪਹਿਲੀ ਮੀਟਿੰਗ ਵਿਚ ਹੀ ਪਿੰਡ `ਚੋਂ ਕੋਈ ਬਹੁਤੇ ਲੋਕ ਨਾ ਆਏ। ਬੜੀ ਨਿਰਾਸ਼ਾ ਭਰੀ ਹਾਲਤ ਸੀ। ਮੈਂ ਉਦੋਂ ਇਕ ਪਾਸੇ ਜਿਹੇ ਬੈਠੀ ਇਸ ਬਾਰੇ ਹੀ ਸੋਚੀ ਜਾ ਰਹੀ ਸਾਂ। ਮੇਰੇ ਅੰਦਰੋਂ ਇਕ ਦਮ ਜਿਵੇਂ ਕੋਈ ਉਬਾਲ਼ ਉਠਦਾ ਹੈ ਮੈਂ ਇਕ ਦਮ ਉਠੀ ਤੇ ਗਲੀ `ਚ ਖੜ੍ਹੇ ਰੇੜ੍ਹੇ `ਤੇ ਚੜ੍ਹ ਗਈ ਤੇ ਬੋਲਣਾ ਸ਼ੁਰੂ ਕਰ ਦਿੱਤਾ-"ਪਿਆਰੇ ਭਰਾਵੋ ਤੇ ਭੈਣੋ, ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਕਿਉਂ ਨਹੀਂ ਆਏ? ਪਹਿਲੀ ਗੱਲ। ਆਪਾਂ ਨੂੰ ਪੁਲਿਸ ਵਾਲੇ ਕਹਿੰਦੇ ਐ ਬਈ ਅਸੀਂ ਅਮਨ ਭੰਗ ਕਰਦੇ ਆਂ ,ਕਿਤੇ ਇਹੋ ਗੱਲ ਲੋਕ ਵੀ ਤਾਂ ਨ੍ਹੀ ਸਮਝ ਰਹੇ ਆਪਣੇ ਬਾਰੇ। ਜੇ ਪੁਲਸ ਵਾਲ਼ੇ ਇਹ ਕਹਿੰਦੇ ਐ ਤਾਂ ਮੈਂ ਇਹਨਾਂ ਨੂੰ ਪੁਛਦੀ ਆਂ ਬਈ ਤੁਸੀਂ ਅਮਨ ਕਾਇਮ ਕਰਨ ਵਾਸਤੇ ਆਏ ਓਂ। ਜੇ ਤੁਸੀਂ ਅਮਨ ਕਾਇਮ ਕਰਨਾ ਹੰੁਦਾ ਤਾਂ ਜਦੋਂ ਸਿਮਰਜੀਤ ਦੀ ਲਾਸ਼ ਪਿੰਡ ਦੇ ਵੱਡੇ ਚੌਧਰੀ ਪਾਖਰ ਦੇ ਖੇਤ `ਚੋਂ ਬਰਾਮਦ ਹੋਈ ਸੀ ਤਾਂ ਤੁਸੀਂ ਤੁਰਤ ਹੀ ਉਨ੍ਹਾਂ ਬਦਮਾਸ਼ਾਂ ਨੂੰ ਉਸੇ ਥਾਂ `ਤੇ ਗੋਲੀਆਂ ਨਾਲ ਉਡਾਉਂਦੇ। ਤਾਂ ਅਸੀਂ ਕਹਿੰਦੇ ਬਈ ਪੁਲਿਸ ਗਰੀਬਾਂ ਤੇ ਆਮ ਸ਼ਹਿਰੀਆਂ ਦੀ ਰਾਖੀ ਕਰਨ ਵਾਸਤੇ ਐ ਤੇ ਅਮਨ ਦੀ ਪਹਿਰੇਦਾਰ ਐ। ਹੁਣ ਲੋਕ ਆਪ ਵੇਖ ਸਕਦੇ ਐ ਬਈ ਪੁਲਿਸ ਕੀਹਦੀ ਰਾਖੀ ਵਾਸਤੇ ਆਈ ਐ? ਲੋਕਾਂ ਦੀ ਜਾਂ ਗੁੰਡਿਆਂ ਦੀ? ਅਸੀਂ ਸਿਮਰਜੀਤ ਦੇ ਕਾਤਲਾਂ ਨੂੰ ਫਾਹੇ ਲਵਾ ਕੇ ਦਮ ਲਵਾਂਗੇ। "
ਮੈਂ ਬੋਲ ਕੇ ਹਟੀ ਹੀ ਸਾਂ ਕਿ ਫਿਰ ਤਾਂ ਬੋਲਣ ਵਾਲਿਆਂ ਨੇ ਪੁਲਿਸ ਵਾਲਿਆਂ ਦੇ ਖਿਲਾਫ਼ ਨਾਹਰਿਆਂ ਦਾ ਮੀਂਹ ਵਰ੍ਹਾ `ਤਾ। ‘ਸਿਮਰਜੀਤ ਦੇ ਕਾਤਲਾਂ ਨੂੰ ਫਾਹੇ ਲਾਉ। ਪੁਲਿਸ ਗੁੰਡਾ ਗੱਠਜੋੜ ਮੁਰਦਾਬਾਦ। ` ਪਹਿਲੇ ਦਿਨ ਕੋਈ ਪੰਜ ਕੁ ਸੌ ਔਰਤਾਂ ਮਰਦਾਂ ਦਾ ਕਾਫ਼ਲਾ ਪਿੰਡ ਦੀਆਂ ਗਲੀਆਂ ਵਿਚ ਨਿਕਲਿਆ। ਬਾਹਲ਼ੇ ਲੋਕ ਬਾਹਰਲੇ ਪਿੰਡਾਂ ਦੇ ਈ ਸੀ। ਪਿੰਡ `ਚੋਂ ਬਹੁਤੇ ਲੋਕ ਅਜੇ ਹੌਸਲਾ ਨਹੀਂ ਸੀ ਕਰ ਰਹੇ। ਇਹ ਖੜੋਤ ਤੋੜਨ ਲਈ ਇੰਨਾ ਕੁ ਐਕਸ਼ਨ ਵੀ ਕਾਫ਼ੀ ਸੀ।
ਜਿਵੇਂ ਜਿਵੇਂ ਮਾਰਚ ਪਿੰਡ ਦੀਆਂ ਗਲੀਆਂ ਵਿਚੋਂ ਦੀ ਲੰਘਿਆ ਤਿਵੇਂ ਤਿਵੇਂ ਗਿਣਤੀ ਕੁ ਦੇ ਹੋਰ ਲੋਕ ਵੀ ਝਿਜਕ ਦੂਰ ਕਰਕੇ ਸ਼ਾਮਿਲ ਹੋਏ ਸਨ ਪਰ ਬਹੁਤੇ ਲੋਕ ਘਰਾਂ ਦੇ ਬੂਹਿਆਂ ਮੂਹਰੇ ਖੜ੍ਹ ਕੇ ਥੋੜ੍ਹੀ ਜਿਹੀ ਝਲਕ ਵੇਖਦੇ ਤੇ ਅੰਦਰ ਜਾ ਵੜਦੇ। ਔਰਤਾਂ ਮੂੰਹਾਂ `ਤੇ ਚੁੰਨੀਆਂ ਲੈ ਕੇ ਨਾਹਰੇ ਮਾਰਦੇ ਲੋਕਾਂ ਨੂੰ ਵੇਖਦੀਆਂ ਜ਼ਰੂਰ ਪਰ ਜਦੋਂ ਮਾਰਚ ਵਿਚ ਜਾਂਦੀਆਂ ਬੀਬੀਆਂ ਨਾਲ ਉਨ੍ਹਾਂ ਦੀ ਅੱਖ ਮਿਲਦੀ ਤਾਂ ਉਹ ਮੂੰਹ ਢਕ ਕੇ ਪਿੱਛੇ ਹਟ ਜਾਂਦੀਆਂ। ਪਾਖਰ ਦਾ ਪਿੰਡ ਦੇ ਲੋਕਾਂ `ਤੇ ਦਾਬਾ ਈ ਏਨਾ ਸੀ।
ਪਿੰਡ ਵਿਚੋਂ ਕਾਫ਼ਲਾ ਗੇੜਾ ਦੇ ਕੇ ਜਦ ਵਾਪਸ ਆਇਆ ਤਾਂ ਸਾਡੇ ਸਾਥੀਆਂ ਵਿਚ ਜੋਸ਼ ਦੀ ਇਕ ਲਹਿਰ ਸੀ। ਸਭ ਦੇ ਸਿਰਾਂ ਵਿਚ ਇਕ ਸੋਚ ਸੀ ਕਿ ਪਿੰਡ ਦੀ ਵੱਧ ਤੋਂ ਵੱਧ ਜਨਤਾ ਨੂੰ ਕਿਵੇਂ ਲਾਮਬੰਦ ਕੀਤਾ ਜਾਵੇ? ਇਸ ਤੋਂ ਬਾਅਦ ਸੰਘਰਸ਼ ਦੇ ਅਗਲੇ ਪੜਾਅ ਦੀ ਵਿਉਂਤਬੰਦੀ ਕੀਤੀ ਜਾਣ ਲੱਗੀ। ਤਹਿ ਹੋਇਆ ਕਿ ਅਗਲਾ ਐਕਸ਼ਨ ਪੂਰੀ ਤਾਕਤ ਝੋਕ ਕੇ ਕੀਤਾ ਜਾਣਾ ਚਾਹੀਦਾ ਹੈ। ਇਸ ਵਾਰ ਜੋ ਪਿੰਡ ਦੇ ਵੀਹ ਤੀਹ ਕੁ ਲੋਕ ਵੀ ਪਾਖਰ ਦਾ ਭੈਅ ਤੋੜਨ ਵਿਚ ਕਾਮਯਾਬ ਹੋਏ ਸਨ ਤਾਂ ਇਹ ਵੀ ਵੱਡੀ ਗੱਲ ਸੀ, ਭਾਵੇਂ ਤਸੱਲੀਬਖ਼ਸ਼ ਨਹੀਂ। ਅਗਲੀ ਵੱਡੀ ਚੁਣੌਤੀ ਸੀ ਤੇ ਵੱਧ ਮਿਹਨਤ ਦੀ ਮੰਗ ਕਰਦੀ ਸੀ। ਫਿਰ ਪਿੰਡ ਦੇ ਘਰਾਂ ਵਿਚ ਜਾ ਜਾ ਕੇ ਗੁਪਤ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਗਿਆ। ਜਿਸ ਘਰ `ਚ ਵੀ ਅਸੀਂ ਜਾਂਦੇ ਪਤਾ ਲਗਦਾ ਕਿ ਲੋਕ ਤਾਂ ਉਨ੍ਹਾਂ ਰਾਜਨੀਤਕ ਗੁੰਡਿਆਂ ਕੋਲੋਂ ਅੱਕੇ ਹੀ ਪਏ ਹਨ ਪਰ ਬੋਲਣ ਦੀ ਜੁਰਅਤ ਕਰਨ ਵਿਚ ਝਿਜਕ ਵਿਖਾ ਰਹੇ ਸਨ।
ਇਕ ਘਰ ਵਿਚ ਤਾਂ ਜਮਾ ਈ ਗਜ਼ਬ ਵਾਲੀ ਗੱਲ ਵੇਖਣ ਨੂੰ ਮਿਲੀ। ਅਸੀਂ ਉਸ ਘਰ ਦੀਆਂ ਔਰਤਾਂ ਨੂੰ ਅੱਡ ਕਰਕੇ ਮੀਟਿੰਗ ਕੀਤੀ ਤਾਂ ਕੋਈ ਵੀ ਔਰਤ ਸਾਡੀ ਗੱਲ `ਤੇ ਈ ਨਾ ਆਵੇ,ਬੱਸ ਹਾਂ ਭਾਈ ਹਾਂ ਭਾਈ ਹੀ ਆਖੀ ਜਾਣ। ਵਾਰ ਵਾਰ ਬਾਹਰ ਵੱਲ ਹੀ ਵੇਖੀ ਜਾਣ ਜਿਵੇਂ ਪਾਖਰ ਬਾਹਰ ਗਲ਼ੀ ਵਿਚ ਹੀ ਕਿਤੇ ਖੜ੍ਹਾ ਹੋਵੇ। ਜੇ ਅਸੀਂ ਇਕੱਠ ਵਿਚ ਆਉਣ ਦੀ ਗੱਲ ਕਰੀਏ ਤਾਂ ਚੁੱਪ ਕਰ ਜਾਣ। ਜਦੋਂ ਅਸੀਂ ਵਾਲ਼ ਦੀ ਖੱਲ ਲਾਹੁਣ ਤਕ ਗਏ ਤਾਂ ਉਨ੍ਹਾਂ `ਚੋਂ ਵੱਡੀ ਉਮਰ ਦੀ ਇਕ ਬੁੜ੍ਹੀ ਬੋਲੀ-"ਧੀਉ ਗੱਲਾਂ ਤਾਂ ਭਾਈ ਥੋਡੀਆਂ ਸਾਰੀਆਂ ਠੀਕ ਨੇ ਪਰ ਤੁਸੀਂ ਤਾਂ ਪਿੰਡ ਵਿਚ ਅੱਗ ਲਾ ਕੇ ਤੁਰਦੀਆਂ ਬਣੋਗੀਆਂ। ਅਸੀਂ ਤਾਂ ਏਸੇ ਪਿੰਡ ਵਿਚ ਰਹਿਣੈ। ਅਸੀਂ ਐਡਾ ਵੈਰ ਸਹੇੜ ਲੀਏ ਤੇ ਮਗਰੋਂ ਉਹਨਾਂ ਤੋਂ ਹੀ ਬੇਪਤੀਆਂ ਕਰਵਾਈ ਜਾਈਏ। ਐਂ ਐ ਭਾਈ ਗੱਲ ਤਾਂ। "
ਮੈਂ ਹੀ ਬੋਲੀ ਸਾਂ-"ਮਾਤਾ ਜੀ ਅਸੀਂ ਅੱਗਾਂ ਨ੍ਹੀ ਲਾਉਣ ਆਏ। ਅੱਗਾਂ ਤਾਂ ਪਾਖਰ ਦੇ ਟੱਬਰ ਨੇ ਲਾ ਈ ਦਿੱਤੀਆਂ ਨੇ। ਆਪਾਂ ਤਾਂ ਰਲ਼ ਮਿਲ਼ ਕੇ ਪਾਣੀ ਪਾਵਾਂਗੇ। ਜੇ ਆਪਾਂ ਸਾਰੇ ਸਿਰ ਜੋੜ ਲੀਏ ਤਾਂ ਪਾਖਰ ਕਾ ਤਾਂ ਬੇੜਾ ਮੂਧਾ ਮਾਰ ਦਿਆਂਗੇ। ਤੇ ਜਦ ਤੱਕ ਆਪਾਂ ਪਾਖਰ ਕਾ ਬੇੜਾ ਮੂਧਾ ਨ੍ਹੀ ਮਾਰਦੇ, ਇਥੇ ਅੱਗਾਂ ਲਗਦੀਆਂ ਹੀ ਰਹਿਣਗੀਆਂ। "ਬੁੜ੍ਹੀ ਨੇ ਸਿਰ ਹਿਲਾਇਆ ਸੀ ਪਰ ਬੋਲੀ ਕੁੱਝ ਨਾ। ਮੈਨੂੰ ਲੱਗਿਆ ਬਈ ਮੇਰੀ ਗੱਲ ਥਾਂ ਪਈ ਹੈ। ਮੈਂ ਹੋਰ ਜ਼ੋਰ ਦੇ ਕੇ ਕਿਹਾ-"ਮਾਂ ਜੀ ਐਂ ਵੇਖੋ ਬਈ ਪਿੰਡ ਵਿਚ ਉਹ ਢੱਠੇ ਝੋਟੇ ਵਾਂਗ ਆਪਣਾ ਹੱਕ ਸਮਝਦੇ ਨੇ ਬਈ ਕਿਸੇ ਦੀ ਵੀ ਧੀ ਭੈਣ ਦੀ ਪਤ ਮਿੰਟਾਂ `ਚ ਈ ਰੋਲ਼ ਕੇ ਰੱਖ ਦੇਣ। ਹੁਣ ਤੁਸੀਂ ਆਪ ਹੀ ਦੱਸੋ ਬਈ ਉਸ ਦੇ ਨੱਥ ਮਾਰਨ ਦੀ ਲੋੜ ਹੈ ਕਿ ਨਹੀਂ?ਇਹੋ ਜਿਹੀਆਂ ਘਟਨਾਵਾਂ ਤਦ ਹੀ ਰੁਕ ਸਕਦੀਐਂ ਜੇ ਆਪਾਂ ਪਿੰਡਾਂ ਵਿਚ ਘਰ ਘਰ ਇਹ ਗੱਲਾਂ ਕਰਨ ਲੱਗੀਏ। ਇਹ ਦੁਸ਼ਟਿਆ ਰਾਜ ਪ੍ਰਬੰਧ ਬਦਲਣਾ ਪੈਣੈ ਮਾਂ ਜੀ। "ਪਤਾ ਨ੍ਹੀ ਮੇਰੇ ਵੱਲੋਂ ਮਾਰੇ ਇਸ ਫੜ੍ਹਾ ਸੋਟੇ ਦਾ ਮਾਈ ਉਪਰ ਕੋਈ ਅਸਰ ਹੋਇਆ ਜਾਂ ਨਾ ਮੈਂ ਤਾਂ ਆਪਣੀ ਗੱਲ `ਤੇ ਹੀ ਹੁੱਬੀ ਪਈ ਸਾਂ।
ਬੁੜ੍ਹੀ ਬੋਲੀ ਸੀ_-"ਪਿੰਡ ਤਾਂ ਬਥੇਰਾ ਸਤਿਆ ਪਿਆ ਪੁੱਤ ਨੀ, ਕੀ ਪੁਛਦੀਆਂ ਓਂ? ਬੱਸ ਕੋਈ ਮੂਹਰੇ ਲੱਗਣ ਨੂੰ ਨੀ ਤਿਆਰ। ਬਥੇਰਿਆਂ ਦੀਆਂ ਧੀਆਂ ਭੈਣਾਂ ਰੋਲ਼ੀਆਂ ਨੇ ਦੁਸ਼ਟਿਆਂ ਨੇ। ਖੇਤ ਬੰਨੇ ਜਾਣ ਤੋਂ ਡਰਦੀਆਂ ਸੀ ਕੁੜੀਆਂ ਕੱਤਰੀਆਂ। ਹੁਣ ਬਣਿਆ ਫਿਰਦੈ ਪਚੈਤ ਮੰਬਰ। "
ਗੱਲ ਸੁਣ ਕੇ ਮੇਰਾ ਤਾਂ ਜਿਵੇਂ ਕਾਲ਼ਜਾ ਹੀ ਉਸ ਮਾਈ ਦੇ ਪੈਰਾਂ ਵਿਚ ਡਿੱਗਣ ਲੱਗਿਆ ਸੀ। ਮੈਥੋਂ ਤਾਂ ਚਾਅ ਜਿਵੇਂ ਸਾਂਭਿਆ ਨਾ ਜਾਵੇ। ਆਹ ਹੋਈ ਨਾ ਗੱਲ। ਮੈਂ ਚਿੱਤ ਵਿਚ ਸੋਚਿਆ। ਮੈਨੂੰ ਲੱਗਿਆ ਹੁਣ ਇਹੋ ਬੇਬੇ ਮੂਹਰਲੀਆਂ ਸਫ਼ਾਂ ਵਿਚ ਤੁਰੂਗੀ। ਅਸੀਂ ਉਸ ਬੇਬੇ ਦਾ ਨਾਂ ਡਾਇਰੀ ਵਿਚ ਲਿਖ ਲਿਆ। ਇਹ ਨਾਂ ਸਾਨੂੰ ਅਗਲੇ ਪੜਾਵਾਂ `ਤੇ ਕੰਮ ਆਉਣਾ ਸੀ। ਬੇਬੇ ਈਸਰੀ। ਫਿਰ ਤਾਂ ਜਿੰਨੇ ਘਰਾਂ ਵਿਚ ਵੀ ਅਸੀਂ ਗਏ ਖ਼ਾਸੀਆਂ ਮੀਟਿੰਗਾਂ ਸਫ਼ਲ ਹੋਈਆਂ। ਇਨ੍ਹਾਂ ਘਰਾਂ ਦੀਆਂ ਇਕ ਇਕ ਦੋ ਦੋ ਵਾਰ ਹੋਰ ਮੀਟਿੰਗਾਂ ਕਰਾਉਣ ਦੀ ਲੋੜ ਸੀ। ਅੰਦਰੇ ਅੰਦਰ ਲੋਕ ਬੁਰੀ ਤਰ੍ਹਾਂ ਅੱਕੇ ਪਏ ਸਨ ਬੱਸ ਅੱਗੇ ਲੱਗਣ ਵਾਲਿਆਂ ਦੀ ਘਾਟ ਸੀ।
ਅਸੀਂ ਵਿਹੜੇ ਵਾਲਿਆਂ ਦੀ ਇਕ ਗਲ਼ੀ ਵਿਚ ਸਾਂਝੀ ਮੀਟਿੰਗ ਕਰਵਾਈ। ਲੋੜ ਸੀ ਵਿਹੜਿਆਂ ਵਿਚ ਜਾਗਰਤੀ ਪੈਦਾ ਕਰਨ ਦੀ। ਘਿਨਾਉਣੇ ਅਪਰਾਧਾਂ ਦੇ ਸਭ ਤੋਂ ਵੱਧ ਸ਼ਿਕਾਰ ਵੀ ਤਾਂ ਇਹੋ ਲੋਕ ਹੁੰਦੇ ਨੇ। ਗੁੰਡਿਆਂ ਦੇ ਹਊਏ ਨੂੰ ਨੱਥ ਪਾਉਣ ਲਈ ਇਨ੍ਹਾਂ ਲੋਕਾਂ ਨੂੰ ਵੀ ਚੇਤੰਨ ਕਰਕੇ ਮੂਹਰੇ ਲਿਆਉਣ ਦੀ ਜ਼ਰੂਰਤ ਸੀ। ਪਰ ਇਨ੍ਹਾਂ ਲੋਕਾਂ ਨੂੰ ਜਾਗਰਤ ਕਰਨਾ ਕੰਡਿਆਂ ਵਾਲ਼ੀ ਵਾੜ ਟੱਪਣ ਤੋਂ ਵੀ ਔਖਾ ਸੀ। ਗੰਦੀਆਂ ਗਲ਼ੀਆਂ `ਚੋਂ ਲੰਘਣ ਵੇਲ਼ੇ ਸਾਡੇ ਨਾਲ ਕਈ ਮੁਲਾਜ਼ਮ ਆਗੂ ਅਤੇ ਰੱਜੀ ਪੁੱਜੀ ਕਿਸਾਨੀ `ਚੋਂ ਕਈ ਜਣੇ ਸਨ। ਇਕ ਤਰ੍ਹਾਂ ਵਿਹੜਿਆਂ ਵਿਚ ਜਾਣ ਦਾ ਸਭ ਨੂੰ ਚੰਗਾ ਚੰਗਾ ਲੱਗ ਰਿਹਾ ਸੀ। ਭੀੜੀਆਂ ਗਲ਼ੀਆਂ ਤੇ ਛੋਟੇ ਛੋਟੇ ਗੰਦੇ ਜਿਹੇ ਘਰ। ਕਈ ਥਾਂਈਂ ਲਿੱਬੜੇ ਤਿੱਬੜੇ ਨਿਆਣੇ ਬਹੁਤ ਹੀ ਗੰਦੀ ਹਾਲਤ ਵਿਚ ਉਤੇ ਆ ਚੜ੍ਹਦੇ ਸਨ। ਸਾਨੂੰ ਵੇਖ ਕੇ ਕਈ ਹਸਦੇ ਤੇ ਟੀਂ ਟੀਂ ਕਰਦੇ ਮੂਹਰੇ ਭੱਜਣ ਲਗਦੇ। ਇਕ ਮਜ਼ਦੂਰ ਬੀਬੀ ਨੇ ਜਦੋਂ ਆਪਣੇ ਇਕ ਵਗਦੇ ਨੱਕ ਵਾਲ਼ੇ ਬੱਚੇ ਦੇ ਚਪੇੜ ਮਾਰੀ ਸੀ ਤਾਂ ਸਾਡੇ `ਚੋਂ ਹੀ ਸਾਰਿਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਸੀ। "ਨਾ ਭਾਈ ਮਾਰੋ ਨਾ। ਇਹ ਤਾਂ ਸਾਡੀ ਲਾਡਲੀ ਫੌਜ ਹੋਈ।"
ਬਲਵੰਤ ਬੋਲਿਆ ਸੀ-"ਮਾਤਾ ਅਸੀਂ ਵਿਹੜਿਆਂ ਦੇ ਈ ਜੰਮ ਪਲ ਆਂ। ਕੀ ਹੋ ਗਿਆ ਜੇ ਪੜ੍ਹ ਲਿਖ ਕੇ ਨੌਕਰੀਆਂ ਲੱਗ ਗਏ ਆਂ। ਇਹ ਵੀ ਕਦੇ ਚੰਗੀ ਜੂਨ ਭੋਗਣ ਵਾਲੇ ਬਣਨ, ਆਪਾਂ ਨੂੰ ਇਹ ਸੋਚਣਾ ਚਾਹੀਦਾ ਐ। "
ਇਕ ਮਾਈ ਬੋਲੀ ਸੀ-"ਜੇ ਚੰਗੀ ਜੂਨ ਭੋਗਣ ਨੂੰ ਮਿਲ਼ਣੀ ਹੁੰਦੀ ਤਾਂ ਰੱਬ ਕਿਸੇ ਚੰਗੇ ਘਰ ਜਨਮ ਦਿੰਦਾ ਪੁੱਤ। "ਮੇਰਾ ਤਾਂ ਜੀਅ ਕਰਦਾ ਸੀ ਬਈ ਮੈਂ ਆਖਾਂ ਕਿ ਰੱਬ ਰੁੱਬ ਨੇ ਕਾਹਨੂੰ ਸਾਨੂੰ ਏਸ ਜੂਨ `ਚ ਪਾਇਐ। ਏਸ ਜੂਨ `ਚ ਪਾਉਣ ਵਾਲ਼ੇ ਤਾਂ ਹੋਰ ਈ ਨੇ ਜਿਨ੍ਹਾਂ ਦੇ ਖ਼ਿਲਾਫ਼ ਸਾਨੂੰ ਅੱਜ ਬੋਲਣ ਦੀ ਜ਼ਰੂਰਤ ਐ। "ਪਰ ਇਹ ਗੱਲ ਮੇਰੇ ਮੂੰਹ ਵਿਚ ਹੀ ਦਬ ਕੇ ਰਹਿ ਗਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਬਲਵੰਤ ਨੇ ਮੈਨੂੰ ਕਿਹਾ-"ਸੁਰਜੀਤ ਸੰਤ ਰਾਮ ਉਦਾਸੀ ਦਾ ਗੀਤ ਗਾ ਦੇ, ਮਘਦਾ ਰਹੀਂ ਵੇ ਸੂਰਜਾ। "
ਇਕ ਵਾਰ ਤਾਂ ਮੈਨੂੰ ਥੋੜ੍ਹੀ ਸੰਗ ਜਿਹੀ ਲੱਗੀ ਤੇ ਮੈਂ ਝਿਜਕਦੀ ਹੋਈ ਨੇ ਖੰਘੂਰਾ ਮਾਰਕੇ ਗਾਉਣਾ ਸ਼ੁਰੂ ਕੀਤਾ। ਗੀਤ ਗਾਉਣ ਤੋਂ ਬਾਅਦ ਬਲਵੰਤ ਨੇ ਉਸਦੀ ਵਿਆਖਿਆ ਕਰ ਕੇ ਵਿਹੜੇ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਸਾਡੇ ਘਰਾਂ ਦੇ ਚਿਰਾਗਾਂ ਦਾ ਸਾਰਾ ਤੇਲ ਵੱਡੇ ਘਰਾਂ ਦੇ ਦੀਵਿਆਂ ਵਿਚ ਪੈ ਗਿਆ ਹੈ। ਸਾਡੀ ਕਮਾਈ `ਤੇ ਲੁਟੇਰਾ ਪ੍ਰਬੰਧ ਕਿਵੇਂ ਉਸਰਿਆ ਹੈ। ਤੇ ਕਿਵੇਂ ਪਾਖਰ ਵਰਗੇ ਸਾਡੀਆਂ ਕਮਾਈਆਂ `ਤੇ ਕਲੋਲਾਂ ਕਰਦੇ ਨੇ। ਕਿਵੇਂ ਸੀਰੀਆਂ ਦੇ ਘਰ ਸੀਰੀ ਹੀ ਜੰਮਦੇ ਨੇ ਤੇ ਅਮੀਰਾਂ ਦੇ ਘਰ ਅਮੀਰ ਹੀ ਜੰਮਦੇ ਨੇ। ਹਮੇਸ਼ਾ ਇਹ ਗੱਲ ਨ੍ਹੀ ਰਹਿਣੀ। ਇਕ ਦਿਨ ਜ਼ਰੂਰ ਹੇਠਲੀ ਉਤੇ ਹੋ ਕੇ ਰਹੂ। ਆਪਣੇ ਵਿਹੜੇ ਵਿਚ ਵੀ ਇਕ ਦਿਨ ਸੂਰਜ ਜ਼ਰੂਰ ਚੜ੍ਹੂ"
"ਚੜ੍ਹਦਾ ਤਾਂ ਹੈ ਰੋਜ਼। " ਇਕ ਨਿਆਣਾ ਕਹਿ ਕੇ ਟੀਂ ਈਂ ਕਰਦਾ ਭੱਜ ਗਿਆ।
ਬਲਵੰਤ ਬੋਲਦਾ ਜਾ ਰਿਹਾ ਸੀ। ਵਿਹੜੇ ਦੇ ਲੋਕ ਚੁੱਪ ਚਾਪ ਸੁਣਦੇ ਜਾਦੇ ਸਨ। ਲਗਦਾ ਸੀ ਜਿਵੇਂ ਸਾਰੀਆਂ ਗੱਲਾਂ ਉਨ੍ਹਾਂ ਨੂੰ ਛੁਹੇ ਬਗੈਰ ਹੀ ਲੰਘ ਗਈਆਂ ਹੋਣ। ਗੱਲਾਂ ਚਲਦੀਆਂ ਰਹੀਆਂ ਚਲਦੀਆਂ ਰਹੀਆਂ ਆਪਣੀ ਤੋਰ ਪਰ ਬਹੁਤੇ ਲੋਕਾਂ ਤੋਂ ਦੂਰ ਦੀ ਹੀ ਲੰਘੀਆਂ ਇਹ ਗੱਲਾਂ।
ਜਿਉਂ ਹੀ ਸਾਨੂੰ ਪਤਾ ਲੱਗਿਆ ਬਈ ਮੁੱਖ ਮੰਤਰੀ ਦੇ ਦਬਾ ਅਧੀਨ ਉਚ ਪੱਧਰੀ ਤਫ਼ਤੀਸ਼ ਦੇ ਨਾਂ `ਤੇ ਦੋਸ਼ੀਆਂ ਨੂੰ ਛੱਡਣ ਦੀਆਂ ਵਿਉਂਤਾਂ ਹੋਣ ਲੱਗੀਆਂ ਹਨ ਤਾਂ ਅਸੀਂ ਵੀ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਸੋਚੀ। ਪਹਿਲਾਂ ਸਾਡੀਆਂ ਗਰੁੱਪ ਮੀਟਿੰਗਾਂ ਕਰਾਈਆਂ ਗਈਆਂ। ਨੀਤੀ ਘੜੀ ਗਈ ਤੇ ਫਿਰ ਵੱਡੇ ਐਕਸ਼ਨ ਦੀ ਤਿਆਰੀ ਲਈ ਲਾਮਬੰਦੀ। ਅਗਲੇ ਮਾਰਚ ਵਾਰੀ ਤਾਂ ਖੁੱਭਣ ਪਿੰਡ `ਚੋਂ ਹੀ ਇਕ ਹਜ਼ਾਰ ਦੀ ਗਿਣਤੀ ਹੋ ਗਈ ਸੀ। ਬਲਵੰਤ ਤਾਂ ਹੁਣ ਰਾਤ ਨੂੰ ਵੀ ਘੱਟ ਵੱਧ ਹੀ ਘਰ ਆਉਂਦਾ ਸੀ। ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਐਕਸ਼ਨ ਕਮੇਟੀ ਦੇ ਪ੍ਰੋਗਰਾਮ ਸੰਬੰਧੀ ਕਦੇ ਮੀਟਿੰਗਾਂ ਤੇ ਕਦੇ ਅਗਲੇ ਐਕਸ਼ਨਾਂ ਦੀ ਤਿਆਰੀ ਤੇ ਕਦੇ ਇਸ਼ਤਿਹਾਰ ਜਾਂ ਪੈਂਫ਼ਲਿਟਾਂ ਦਾ ਮਜਮੂਨ ਲਿਖਣਾ ਤੇ ਆਪ ਹੀ ਛਪਵਾਉਣ ਦਾ ਪ੍ਰਬੰਧ ਕਰਨਾ। ਜਿਵੇਂ ਇਕ ਬਲਵੰਤ ਦੇ ਤਿੰਨ ਚਾਰ ਬਲਵੰਤ ਬਣੇ ਪਏ ਸਨ। ਮੈਨੂੰ ਇਉਂ ਡਰ ਵੀ ਲਗਦਾ ਕਿਤੇ ਲਗਾਤਾਰ ਬੇਆਰਾਮੀ ਕਰਕੇ ਬਿਮਾਰ ਹੀ ਨਾ ਹੋ ਜਾਏ। ਉਹ ਤਾਂ ਮਸਾਂ ਤਿੰਨ ਚਾਰ ਘੰਟੇ ਹੀ ਸੌਂਦਾ ਹੋਊਗਾ। ਰਾਤ ਨੂੰ ਵੱਡੀ ਰਾਤ ਤਕ ਕਦੇ ਲੈਨਿਨ ਦੀ ਕਦੇ ਮਾਰਕਸ ਦੀ ਤੇ ਕਦੇ ਗੋਰਕੀ ਜਾਂ ਚੈਖਵ ਦੀ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿੰਦਾ। ਮੈਂ ਸੋਚਣਾ ਇਹ ਬੰਦਾ ਹੱਡ ਮਾਸ ਦਾ ਬਣਿਆ ਹੈ ਕਿ ਲੋਹੇ ਦਾ ?
ਮੈਂ ਘਰ ਵਿਚ ਭਾਵੇਂ ਇਕੱਲੀ ਸਾਂ। ਭਾਵੇਂ ਕਿਸੇ ਕਿਸਮ ਦਾ ਭੈਅ ਤਾਂ ਨਹੀਂ ਸੀ। ਸਾਰਾ ਜਹਾਨ ਹੀ ਆਪਣੇ ਨਾਲ ਖੜ੍ਹਾ ਜਾਪਦਾ ਸੀ। ਬੱਚੇ ਭਾਵੇਂ ਉਡਾਰ ਹੋ ਰਹੇ ਸਨ ਪਰ ਪਾਪਾ ਦਾ ਘਰੋਂ ਇੰਨਾ ਇੰਨਾ ਗੈਰ ਹਾਜ਼ਰ ਰਹਿਣਾ ਉਨ੍ਹਾਂ ਨੂੰ ਕੁਝ ਸਤਾਉਂਦਾ ਜ਼ਰੂਰ ਸੀ। ਮੈਨੂੰ ਉਨ੍ਹਾਂ ਦਾ ਬਹੁਤ ਖ਼ਿਆਲ ਰੱਖਣਾ ਪੈਂਦਾ ਸੀ। ਸਕੂਲ ਦਾ ਕੰਮ ਕਰਵਾ ਕੇ ਤੇ ਰੋਟੀ ਖਵਾ ਕੇ ਮੈਂ ਉਨ੍ਹਾਂ ਨੂੰ ਸੰਵਾ ਦਿੰਦੀ ਅਤੇ ਕੋਈ ਕਿਤਾਬ ਪੜ੍ਹਨ ਬੈਠ ਜਾਂਦੀ। ਬਲਵੰਤ ਉਨ੍ਹੀਂ ਦਿਨੀ ਮੇਰੇ ਵਾਸਤੇ ਮੈਕਸਿਮ ਗੋਰਕੀ ਦਾ ਨਾਵਲ ‘ਮਾਂ` ਲੈ ਕੇ ਆਇਆ ਸੀ। ਅੱਧੀ ਅੱਧੀ ਰਾਤ ਤਕ ਮੈਂ ਨਾਵਲ ਪੜ੍ਹਦੀ ਰਹਿੰਦੀ। ਜਿਉਂ ਜਿਉਂ ਨਾਵਲ ਦੀ ਕਹਾਣੀ ਅੱਗੇ ਤੁਰਦੀ ਮੈਨੂੰ ਲਗਦਾ ਜਿਵੇਂ ਮੇਰੇ ਅੰਦਰ ਪਵੇਲ ਦੀ ਮਾਂ ਦੀ ਰੂਹ ਉਤਰ ਰਹੀ ਹੋਵੇ। ਤਿੰਨ ਕੁ ਰਾਤਾਂ ਵਿਚ ਹੀ ਮੈਂ ਸਾਰਾ ਨਾਵਲ ਪੜ੍ਹ ਦਿੱਤਾ ਸੀ। ਇੰੰਨਾ ਹੌਸਲਾ ਵਧ ਗਿਆ ਸੀ ਮੇਰਾ ਕਿ ਮੈਨੂੰ ਤਾਂ ਇਉਂ ਹੀ ਲੱਗੇ ਕਿ ਜੇ ਲੋਕ ਘੋਲਾਂ ਦੇ ਲੇਖੇ ਹੁਣ ਜਾਨ ਵੀ ਚਲੀ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ। ਮੈਂ ਤਾਂ ਇਕ ਦਮ ਹੀ ਭਾਵਕ ਹੋ ਜਾਂਦੀ ਸਾਂ ਤੇ ਥੋੜ੍ਹਾ ਜਿਹਾ ਕਿਸੇ ਦਾ ਦੁੱਖ ਦੇਖ ਕੇ ਪਿਘਲ ਜਾਂਦੀ ਸਾਂ।
ਇਸ ਤੋਂ ਅਗਲਾ ਐਕਸ਼ਨ ਤਾਂ ਬਹੁਤ ਹੀ ਰੋਹ ਭਰਿਆ ਸੀ। ਆਸ ਪਾਸ ਦੇ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਕਰਵਾ ਕੇ ਵੱਡੀ ਗਿਣਤੀ ਵਿਚ ਲੋਕ ਨਾਲ਼ ਜੋੜੇ ਸਨ। ਬਹੁਤ ਜੋਸ਼ ਸੀ ਆਮ ਲੁਕਾਈ ਵਿਚ। ਏਸ ਇਕੱਠ ਵਿਚ ਬਾਹਰਲੇ ਪਿੰਡਾਂ ਦੀਆਂ ਟਰਾਲੀਆਂ ਹੀ ਕੋਈ ਤੀਹ ਦੇ ਲਗ ਪੱਗ ਸਨ। ਰੈਲੀ ਵਾਲੀ ਥਾਂ ਥੋੜ੍ਹੀ ਰਹਿ ਗਈ ਸੀ। ਕਨਾਤਾਂ ਚੁੱਕਣੀਆਂ ਪੈ ਗਈਆਂ ਸਨ। ਖੁੱਭਣ ਦੇ ਲੋਕਾਂ ਦਾ ਤਾਂ ਇਸ ਵਾਰ ਹੜ੍ਹ ਹੀ ਆਇਆ ਹੋਇਆ ਸੀ। ਤਕਰੀਬਨ ਇਕ ਹਜ਼ਾਰ ਮਰਦ ਔਰਤਾਂ ਇਕੱਲੇ ਖੁੱਭਣ ਪਿੰਡ `ਚੋਂ ਸਨ। ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਤੇ ਆਮ ਲੋਕ, ਕੋਈ ਟਿਕਾਣਾ ਹੀ ਨਹੀਂ ਸੀ। ਵਿਹੜੇ ਵਾਲ਼ੇ ਵੀ ਬਹੁਤ ਲੋਕ ਸਨ। ਮੈਂ ਤਾਂ ਆਪਣੇ ਜੀਵਨ ਵਿਚ ਇੰਨਾ ਇਕੱਠ ਕਦੇ ਨਹੀਂ ਸੀ ਵੇਖਿਆ। ਸਾਡੇ ਪਿੰਡ ਗੁਰਪੁਰਬ ਵੇਲੇ ਜਲੂਸ ਨਿਕਲਦਾ ਹੁੰਦਾ ਸੀ, ਉਦੋਂ ਵੀ ਮੈਂ ਕਦੇ ਇੰਨਾ ਇਕੱਠ ਨਹੀਂ ਸੀ ਵੇਖਿਆ। ਹਰ ਪਾਸੇ ਲਾਲ, ਹਰੇ-ਚਿੱਟੇ, ਤੇ ਕੇਸਰੀ ਝੰਡੇ ਹੀ ਝੰਡੇ ਦਿਖਾਈ ਦਿੰਦੇ ਸਨ। ਹਰ ਵਰਗ ਦੇ ਕੀ ਅਕਾਲੀ ਤੇ ਕੀ ਹੋਰ ਸਭ ਮੁੱਕੇ ਉਲਾਰ ਉਲਾਰ ਕੇ ਨਾਹਰੇ ਮਾਰਦੇ ਪਾਖਰ ਦਾ ਤੇ ਸਰਕਾਰ ਦਾ ਪਿੱਟ ਸਿਆਪਾ ਕਰਨ ਆਏ ਸਨ। ਸਭ ਤੋਂ ਅੱਗੇ ਟਰਾਲੀ ਵਿਚ ਸਪੀਕਰ ਲੱਗਿਆ ਹੋਇਆ ਸੀ। ਆਗੂ ਟੀਮ ਦੇ ਸਾਥੀ ਅਤੇ ਕੁੜੀਆਂ ਇਸੇ ਟਰਾਲੀ ਵਿਚ ਸਨ। ਪਿੱਛੇ ਕੋਈ ਚਾਲੀ ਟਰਾਲੀਆਂ ਦਾ ਲੰਮਾ ਜਲੂਸ। ਅਗਲੀ ਟਰਾਲੀ ਦੇ ਮੂਹਰੇ ਵੱਡਾ ਬੈਨਰ ਸੀ-"ਸਿਮਰਜੀਤ ਦੇ ਕਾਤਲਾਂ ਨੂੰ ਫਾਹੇ ਲਾਉ"-ਸਿਮਰਜੀਤ ਕਤਲ ਵਿਰੋਧੀ ਸੰਘਰਸ਼ ਕਮੇਟੀ ਦਾ। ਦੋ ਨੌਜਵਾਨ ਲੜਕੀਆਂ ਬੈਨਰ ਫੜੀ ਅੱਗੇ ਅੱਗੇ ਜਾ ਰਹੀਆਂ ਸਨ। ਪਿੱਛੇ ਇਕ ਸਮੁੰਦਰੀ ਲਹਿਰ ਵਾਂਗ ਵਗਦਾ ਇਕੱਠ।
ਮੈਂ ਚਲਦੇ ਚਲਦੇ ਸੋਚੀ ਜਾਵਾਂ ਬਈ ਜਦੋਂ ਨਾਮ੍ਹੋ ਦੀ ਦਿਆ ਸਿੰਘ ਨੇ ਬੇਇਜ਼ਤੀ ਕੀਤੀ ਸੀ ਜਾਂ ਜਦੋਂ ਬੰਤੇ ਦੀ ਕੁੜੀ ਨਾਲ ਅਨਰਥ ਹੋਇਆ ਸੀ ਤੇ ਸਿਰਫ਼ ਇਕ ਕੱਦੂ ਪਿੱਛੇ ਹਰੀਜਨ ਔਰਤਾਂ ਦੀ ਘਾਹ ਖੋਤਦੀਆਂ ਦੀ ਬੇਇਜ਼ਤੀ ਹੋਈ ਸੀ ਜੇ ਉਦੋਂ ਵੀ ਲੋਕ ਐਂ ਈ ਉਠੇ ਹੁੰਦੇ। ਹੋ ਸਕਦੈ ਸਿਮਰਜੀਤ ਨਾਲ਼ ਇਉਂ ਨਾ ਹੁੰਦਾ। ਲੋਕਾਂ ਨੂੰ ਜਾਗਣਾ ਤਾਂ ਚਾਹੀਦੈ। ਜਿਉਂ ਹੀ ਆਕਾਸ਼ ਗੁੰਜਾਊ ਨਾਹਰੇ "ਸਿਮਰਜੀਤ ਦੇ ਕਾਤਲਾਂ ਨੂੰ ਫਾਹੇ ਲਾਉ। ਸਿਮਰਜੀਤ ਦੇ ਕਾਤਲਾਂ ਦਾ ਗੁੰਡਾ ਟੋਲਾ ਮੁਰਦਾਬਾਦ ! ਪੁਲਿਸ ਗੁੰਡਾ ਗੱਠਜੋੜ ਮੁਰਦਾਬਾਦ !"ਮਾਰਦਾ ਮਾਰਚ ਤੁਰਿਆ ਸੀ ਤਾਂ ਮੇਰੇ ਤਾਂ ਪਿੰਡੇ `ਚ ਜਿਵੇਂ ਝਰਨਾਟ ਜਿਹਾ ਛਿੜ ਗਿਆ ਸੀ ਤੇ ਜਿਵੇਂ ਮੇਰੀ ਸੁਰਤੀ ਮੁੜ ਆਈ ਸੀ। … ਤੇ ਮੈਂ ਲੋਕਾਂ ਦੇ ਠਾਠਾਂ ਮਾਰਦੇ ਦਰਿਆ ਦੀ ਇਸ ਚੇਤੰਨ ਲਹਿਰ ਵਿਚ ਵਹਿ ਗਈ ਸਾਂ। ਇਹ ਝਰਨਾਟ ਅਸਲ ਵਿਚ ਇਕ ਦਮ ਹੀ ਪੈਦਾ ਹੋਏ ਜੋਸ਼, ਹਿੰਮਤ ਤੇ ਹੌਸਲੇ ਦਾ ਚਿੰਨ੍ਹ ਸੀ, ਜੋ ਇਹੋ ਜਿਹੇ ਮੌਕੇ ਆਮ ਤੌਰ `ਤੇ ਹੋ ਹੀ ਜਾਂਦਾ ਹੈ। ਸੱਚ ਮੁੱਚ ਹੀ ਮੈਂ ਤਾਂ ਬਹੁਤ ਹੀ ਜਜ਼ਬਾਤੀ ਹੋ ਗਈ ਸਾਂ। ਨਾਹਰੇ ਲਾਉਂਦੀ ਮੈਂ ਮੁੜ ਮੁੜ ਕੇ ਪਿੱਛੇ ਵੇਖ ਰਹੀ ਸਾਂ ਕਿ ਵੇਖਾਂ ਭਲਾ ਜਲੂਸ ਕਿੱਥੋਂ ਕੁ ਤਕ ਫੈਲਿਆ ਆ ਰਿਹਾ ਹੈ। ਕੋਈ ਥਾਹ ਹੀ ਨਹੀਂ ਸੀ ਲੋਕਾਂ ਦਾ ਵੱਡਾ ਹੜ੍ਹ ਹੀ ਤਾਂ ਸੀ ਗਲੀਆਂ ਵਿਚ ਵੱਡੀ ਛੱਲ। ਪਿੰਡ ਦੀਆਂ ਬਹੁਤ ਕੁੜੀਆਂ ਬੁੜ੍ਹੀਆਂ ਸ਼ਾਮਿਲ ਹੋਈਆਂ ਸਨ। ਸਭ ਤੋਂ ਵੱਡੀ ਗੱਲ ਬੇਬੇ ਈਸਰੀ ਮੁਜ਼ਾਹਰੇ ਦੀ ਅਗਵਾਈ ਵਾਸਤੇ ਨਿੱਤਰ ਪਈ ਸੀ ਜੋ ਸਾਡਾ ਇਕ ਪਰਕਾਰ ਦਾ ਹਾਸਲ ਹੀ ਤਾਂ ਸੀ। ਉਹ ਸਭ ਤੋਂ ਮੂਹਰਲੀ ਟਰਾਲੀ `ਤੇ ਸਵਾਰ ਸੀ। ਸੋਟੀ ਵਿਚ ਪਾਇਆ ਝੰਡਾ ਉਸਨੇ ਹੱਥ ਵਿਚ ਫੜਿਆ ਹੋਇਆ ਸੀ।
ਸਪੀਕਰ ਵਿੱਚੋਂ ਆਕਾਸ਼ ਗੁੰਜਾਊ ਨਾਹਰੇ ਲੱਗ ਰਹੇ ਸਨ ਤੇ ਲੋਕਾਂ ਵਿਚ ਬਹੁਤ ਹੀ ਜ਼ਿਆਦਾ ਜੋਸ਼ ਸੀ। ਸਾਡੀ ਮਿਹਨਤ ਰਾਸ ਆਈ ਸੀ। ਪਾਖਰ ਦਾ ਸਾਰਾ ਪਰਿਵਾਰ ਇੰਨਾ ਤ੍ਰਹਿ ਗਿਆ ਸੀ ਕਿ ਘਰ ਬਾਰ ਤਾਂ ਕਿਧਰੇ ਰਿਹਾ ਪਿੰਡ ਛੱਡ ਕੇ ਹੀ ਕਿਸੇ ਸਕੀਰੀ ਵਿਚ ਚਲਾ ਗਿਆ ਸੀ। ਇਹਨੂੰ ਕਹਿੰਦੇ ਨੇ ਲੋਕ ਤਾਕਤ। ਜਿਸ ਢੰਗ ਨਾਲ ਐਕਸ਼ਨ ਕਮੇਟੀ ਨੇ ਸਾਰੀ ਵਿਉਂਤਬੰਦੀ ਕੀਤੀ ਸੀ ਲੀਡਰਸ਼ਿੱਪ ਨੂੰ ਦਾਦ ਦੇਣੀ ਬਣਦੀ ਸੀ। ਇਸ ਐਕਸ਼ਨ ਦਾ ਆਸੇ ਪਾਸੇ ਦੇ ਪਿੰਡਾਂ ਵਿਚ ਚੰਗਾ ਅਸਰ ਪਿਆ ਸੀ। ਲੋਕਾਂ ਦੇ ਦਿਲਾਂ ਵਿਚੋਂ ਵੱਡੇ ਚੌਧਰੀਆਂ ਦੇ ਦਾਬੇ ਤੇ ਧੌਂਸ ਦਾ ਭੈਅ ਚਕਨਾਚੂਰ ਹੋਣ ਲੱਗਿਆ ਸੀ। ਗੁੰਡਿਆਂ ਨੂੰ ਕੁਝ ਕੁਝ ਕੰਨ ਹੋਣ ਲੱਗੇ ਸਨ।
ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ `ਤੇ ਦਬਾ ਪਾਉਣ ਲਈ ਜਿਲ੍ਹਾ ਕਚਹਿਰੀਆਂ ਵਿਚ ਵੱਡਾ ਇਕੱਠ ਬੁਲਾਇਆ ਗਿਆ ਸੀ। ਉਸ ਦਿਨ ਤਾਂ ਸਮੁੱਚੇ ਪੰਜਾਬ ਵਿਚੋਂ ਹੀ ਲੋਕ ਆਏ ਸਨ। ਜੇ ਬਹੁਤਾ ਨਹੀਂ ਤਾਂ ਛੀ ਸੱਤ ਕੁ ਹਜ਼ਾਰ ਦਾ ਤਾਂ ਇਕੱਠ ਹੋਵੇਗਾ ਹੀ। ਚਾਰੇ ਪਾਸੇ ਪੁਲਿਸ ਦੀਆਂ ਹੇੜ੍ਹਾਂ ਹੀ ਹੇੜ੍ਹਾਂ ਫਿਰਦੀਆਂ ਨਜ਼ਰ ਆ ਰਹੀਆਂ ਸਨ, ਪੂਰੀ ਤਰ੍ਹਾਂ ਲੈਸ। ਹੂਟਰ ਵਾਲੀਆਂ ਗੱਡੀਆਂ ਤੇ ਹੋਰ ਹੀ ਤਰ੍ਹਾਂ ਦੇ ਟਰੱਕ ਜਿਹੇ ਜਿਨ੍ਹਾਂ ਬਾਰੇ ਕਹਿੰਦੇ ਸਨ ਇਹ ਦੰਗਾ ਰੋਕੂ ਹਨ, ਭੂੰਡਾਂ ਦੀ ਤਰ੍ਹਾਂ ਫਿਰਦੇ ਸਨ। ਦੰਗਾ ਰੋਕੂ !! ਯਾਨੀ ਇਹ ਅਫ਼ਸਰ ਸਾਨੂੰ ਦੰਗਾਕਾਰੀਆਂ ਨਾਲ ਤੋਲ ਰਹੇ ਸਨ। ਜਿਨ੍ਹਾਂ ਨੇ ਦੰਗਿਆਂ ਦਾ ਆਧਾਰ ਮੁਹਈਆ ਕੀਤਾ ਉਹ ਸੂਬੇ ਦੇ ਮੁੱਖ ਮੰਤਰੀ ਦੇ ਚਹੇਤੇ ਹੋਣ ਕਰਕੇ ਅਮਨ ਪਸੰਦ ਸ਼ਹਿਰੀ ਸਨ-ਪਾਖਰ ਸਰਪੰਚ ਦੇ ਲਾਡਲੇ ਤੇ ਮੁੱਖ ਮੰਤਰੀ ਦੇ ਪਾਲਤੂ ਸ਼ਰੀਫ਼ਜ਼ਾਦੇ। … ਤੇ ਅਸੀਂ ਸਾਂ ਦੰਗਾਕਾਰੀ। ਵਾਹ ! ਇਹ ਚੰਗਾ ਲੋਕ ਰਾਜ ਸੀ।
ਸਿਮਰਜੀਤ ਦੇ ਕੇਸ ਦਾ ਮੁਕੱਦਮਾ ਚੱਲਿਆ ਸੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਜ਼ੋਰ ਫੜ ਰਹੀ ਸੀ। ਇਕਬਾਲੀਆ ਭਈਏ ਦੀ ਗਵਾਹੀ ਨੂੰ ਸਾਡੇ ਲੋਕਾਂ ਨੇ ਸਾਂਭ ਕੇ ਰੱਖਿਆ ਸੀ। ਭਈਏ ਦੇ ਇਸ ਪਿੰਡ ਵਿਚ ਕਿੱਲੇ ਤਾਂ ਨ੍ਹੀ ਸੀ ਗੱਡੇ ਹੋਏ। ਉਸਨੂੰ ਕਿਸੇ ਹੋਰ ਪਿੰਡ ਦੇ ਕਿਸਾਨ ਕੋਲ਼ ਭੇਜ ਦਿੱਤਾ ਗਿਆ ਸੀ। ਭਈਏ ਦੇ ਅੰਦਰ ਵੀ ਸਾਡੀਆਂ ਗੱਲਾਂ ਨੇ ਜਾਗਰਤੀ ਪੈਦਾ ਕੀਤੀ ਸੀ। ਪਰ ਅਸੀਂ ਹੈਰਾਨ ਸਾਂ ਕਿ ਇਹੋ ਜਿਹੇ ਘਿਨਾਉਣੇ ਕਾਰੇ ਬਦਲੇ ਤੁਰਤ ਗੋਲੀ ਨਾਲ ਉਡਾਉਣ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ?ਲੋਕ ਘੱਟੋ ਘੱਟ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸਨ। ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਿਵਾਲ਼ਾ ਨਿਕਲ ਰਿਹਾ ਸੀ। ਵਾਹ ਭਾਰਤ!
ਪ੍ਰਸ਼ਾਸ਼ਨ ਦੀ ਨੀਂਦ ਹਰਾਮ ਹੋ ਗਈ ਸੀ ਤੇ ਲੋਕਾਂ ਨੂੰ ਆਪਣੀ ਤਾਕਤ ਦਾ ਇਲਮ ਹੋ ਗਿਆ ਸੀ ਤੇ ਸੰਘਰਸ਼ਾਂ ਵਿਚ ਵਿਸ਼ਵਾਸ਼ ਪੱਕਾ ਹੋ ਰਿਹਾ ਸੀ। ਦਬਾਅ ਬਣਾ ਕੇ ਰੱਖਿਆ ਜਾ ਰਿਹਾ ਸੀ ਕਿ ਅਜੇ ਪਤਾ ਨਹੀਂ ਕਦ ਹੋਰ ਵੱਡੇ ਐਕਸ਼ਨ ਦੀ ਲੋੜ ਪੈ ਜਾਏ। ਸਰਕਾਰਾਂ ਦਾ ਸਭ ਦਾ ਖ਼ਾਸਾ ਇਕੋ ਜਿਹਾ ਹੀ ਤਾਂ ਹੁੰਦੈ। ਕਿਸੇ ਚੋਰ ਮੋਰੀ ਜਾਂ ਪੜਤਾਲ਼ ਬਗੈਰਾ ਦੇ ਪੱਜ ਦੋਸ਼ੀ ਛੱਡੇ ਜਾ ਸਕਦੇ ਸਨ। ਇਸ ਗੱਲੋਂ ਸਾਡੇ ਨੇਤਾ ਚੇਤੰਨ ਸਨ। ਰੈਲੀ ਕਰਨ ਤੋਂ ਪਹਿਲਾਂ ਪਿੰਡਾਂ ਕਸਬਿਆਂ ਵਿਚ ਮੀਟਿੰਗਾਂ ਤੇ ਨਾਟਕ ਟੋਲੀਆਂ ਦੇ ਨਾਟਕ ਆਦਿ ਕਰਵਾ ਕੇ ਚੰਗਾ ਮਾਹੌਲ ਸਿਰਜਿਆ ਜਾ ਰਿਹਾ ਸੀ। ਸਾਫ਼ ਹੀ ਸੀ ਕਿ ਜੇ ਹੁਣ ਹੋਰ ਵੱਡੇ ਇਕੱਠ ਦੀ ਲੋੜ ਪਈ ਤਾਂ ਸਾਰੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋ ਜਨਤਾ ਨੇ ਆਉਣਾ ਸੀਂ। ਐਕਸ਼ਨ ਕਮੇਟੀ ਦੇ ਮੈਂਬਰ ਪਹਿਲਾਂ ਨਾਲੋਂ ਵੀ ਜਿਵੇਂ ਵੱਧ ਤਜਰਬਾਕਾਰ ਤੇ ਚੇਤੰਨ ਹੋਏ ਹੋਏ ਸਨ। ਵੱਡੇ ਵੱਡੇ ਪੋਸਟਰਾਂ ਦੀ ਮੁਹਿੰਮ ਜਾਰੀ ਸੀ। ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਜਵਾਬੀ ਹਮਲੇ ਦੀਆਂ ਸੰਭਾਵਨਾਵਾਂ ਸਨ ਜਿਸ ਕਰਕੇ ਲੋਕਾਂ ਨੂੰ ਹੋਰ ਵੀ ਤਕੜੇ ਹੋ ਕੇ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣਾ ਪੈਣਾ ਸੀ। ਰਾਜਨੀਤਕਾਂ ਵੱਲੋਂ ਲੋਕ ਆਗੂਆਂ `ਤੇ ਹਮਲੇ ਹੋ ਸਕਦੇ ਸਨ। ਕੋਈ ਵੀ ਕਾਰਾ ਕਰ ਸਕਦੇ ਸਨ ਪਾਲਤ੍ਵ ਲਠੈਤ ਸਿਆਸੀ ਲੀਡਰਾਂ ਦੇ। ਸੋ ਲੀਡਰਾਂ ਨੂੰ ਵੀ ਬਚਾ ਕੇ ਰੱਖਣ ਦਾ ਸੁਆਲ ਸੀ।
ਅਗਲੇ ਦਿਨ ਕੰਧਾਂ ਉਪਰ ਜੋ ਇਸ਼ਤਿਹਾਰ ਦਿਖਾਈ ਦੇ ਰਹੇ ਸਨ ਉਹ ਕੰਧਾਂ ਉਪਰ ਲਿਖੀ ਉਸ ਇਬਾਰਤ ਦਾ ਨਮੂਨਾ ਸੀ ਜੋ ਅਗਲੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੀ ਹਵਾ ਵਿਚ ਗੂੰਜਣੀ ਸੀ। ਇਕ ਪਰਚੰਡ ਜਵਾਲਾ ਦਾ ਰੂਪ ਜੋ ਲੋਕਾਂ ਦੇ ਹਿਰਦਿਆਂ `ਤੇ ਇਕ ਮਾਸੂਮ ਬੇਟੀ ਸਿਮਰਜੀਤ ਬਾਲ਼ ਗਈ ਸੀ। ਹੁਣ ਮੇਟੀ ਨਹੀਂ ਜਾ ਸਕੇਗੀ ਕੰਧਾਂ `ਤੇ ਲਿਖੀ ਇਹ ਇਬਾਰਤ।
ਸਿਮਰਜੀਤ ਦੀ ਮੌਤ ਜੋ ਮੌਤ ਨਹੀਂ ਸੀ ਸ਼ਹਾਦਤ ਦਾ ਦਰਜਾ ਹਾਸਲ ਕਰ ਗਈ ਸੀ। ਉਸਦੀ ਤਸਵੀਰ ਵਾਲ਼ੇ ਇਸ਼ਤਿਹਾਰ ਹਰ ਪਿੰਡ ਦੇ ਹਰ ਕੋਣੇ ਵਿਚ ਕੰਧਾਂ `ਤੇ ਚਿਪਕੇ ਹੋਏ ਇਉਂ ਜਾਪਦੇ ਸਨ ਜਿਵੇਂ ਸਿਮਰਜੀਤ ਕਹਿ ਰਹੀ ਹੋਵੇ-"ਦੇਖ ਲਿਆ ਚੰਡੀ ਨੂੰ ਛੇੜਨ ਦਾ ਸੁਆਦ? ਮੈਂ ਹੁਣ ਪੀੜ੍ਹੀਆਂ ਤਾਂਈਂ ਥੋਡਾ ਪਿੱਛਾ ਕਰੂੰਗੀ। ਹਰ ਗਲ਼ੀ ਦੇ ਹਰ ਮੋੜ `ਤੇ ਮੈਂ ਥੋਨੂੰ ਮਿਲਿਆ ਕਰੂੰਗੀ। ਸੱਚ ਮੁੱਚ ਹੀ ਜਿਵੇਂ ਹਰ ਮੋੜ `ਤੇ ਸਿਮਰਜੀਤਾਂ ਹੀ ਸਿਮਰਜੀਤਾਂ ਖੜ੍ਹੀਆਂ ਸਨ। ਕਿੰਨੀਆਂ ਸਾਰੀਆਂ ਸਿਮਰਜੀਤਾਂ। ਸਿਮਰਜੀਤ ਖ਼ੁਦ ਕੰਧਾਂ `ਤੇ ਲਿਖੀ ਇਬਾਰਤ ਬਣ ਗਈ ਸੀ। ਕੰਧਾਂ `ਤੇ ਲਿਖੀ ਇਬਾਰਤ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਤਰਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ