Chust Larki : Russian Folk Tale

ਚੁਸਤ ਲੜਕੀ : ਰੂਸੀ ਲੋਕ ਕਹਾਣੀ

ਇੱਕ ਚਰਵਾਹਾ ਸੀ। ਬਚਪਨ ਤੋਂ ਹੀ ਉਹ ਵੱਖ-ਵੱਖ ਥਾਵਾਂ ’ਤੇ ਮਜ਼ਦੂਰੀ ਕਰਦਾ ਆਇਆ ਸੀ। ਜਦ ਉਹ ਬੁੱਢਾ ਹੋਣ ਲੱਗਿਆ ਤਾਂ ਉਸ ਨੇ ਰਾਜੇ ਦੀਆਂ ਭੇਡਾਂ ਚਰਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਰਾਜੇ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭੇਡਾਂ ਨੂੰ ਬਾਜ਼ਾਰ ਲੈ ਜਾਵੇ, ਉਨ੍ਹਾਂ ਨੂੰ ਵੇਚ ਕੇ ਪੈਸੇ ਲੈ ਆਵੇ ਅਤੇ ਨਾਲ ਹੀ ਭੇਡਾਂ ਨੂੰ ਵੀ ਵਾਪਸ ਲੈ ਆਵੇ। ਚਰਵਾਹੇ ਦਾ ਇਹੋ ਜਿਹੇ ਹੁਕਮ ਨਾਲ ਕਦੀ ਵਾਹ ਨਹੀਂ ਪਿਆ ਸੀ। ਭੇਡਾਂ ਨੂੰ ਵੇਚਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ ਸੀ ਅਤੇ ਜੇ ਉਨ੍ਹਾਂ ਨੂੰ ਵਾਪਸ ਲਿਆਂਦਾ ਵੀ ਜਾਵੇ ਤਾਂ ਪੈਸੇ ਕਿੱਥੇ ਬਚਣ ਵਾਲੇ ਸਨ?
ਉਹ ਪ੍ਰੇਸ਼ਾਨੀ ਵਿੱਚ ਪਿਆ ਘਰ ਆ ਗਿਆ। ਉਸ ਨੇ ਆਪਣੀ ਪ੍ਰੇਸ਼ਾਨੀ ਧੀ ਨੂੰ ਦੱਸੀ। ਉਸ ਦੀ ਧੀ ਬੋਲੀ, ‘‘ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਿਤਾ ਜੀ। ਤੁਸੀਂ ਜਾ ਕੇ ਸੌਂ ਜਾਓ।’’
‘‘ਪਰ ਮੈਂ ਸਵੇਰੇ ਕੀ ਕਰੂੰਗਾ?’’ ਚਰਵਾਹੇ ਨੇ ਪੁੱਛਿਆ।
‘‘ਕੁਝ ਨਹੀਂ, ਤੁਸੀਂ ਭੇਡਾਂ ਨੂੰ ਲੈ ਕੇ ਬਾਜ਼ਾਰ ਜਾਵੋ, ਉਨ੍ਹਾਂ ਦੇ ਵਾਲ ਕੁਤਰ ਕੇ ਵੇਚ ਦੇਣਾ ਅਤੇ ਭੇਡਾਂ ਨੂੰ ਲੈ ਕੇ ਰਾਜੇ ਦੇ ਕੋਲ ਆ ਜਾਣਾ।’’ ਚਰਵਾਹੇ ਦੀ ਧੀ ਨੇ ਮਸਲੇ ਦਾ ਹੱਲ ਦੱਸ ਦਿੱਤਾ।
ਅਗਲੇ ਦਿਨ ਚਰਵਾਹੇ ਨੇ ਉਵੇਂ ਹੀ ਕੀਤਾ। ਭੇਡਾਂ ਅਤੇ ਪੈਸੇ ਲੈ ਕੇ ਰਾਜੇ ਦੇ ਕੋਲ ਪਹੁੰਚ ਗਿਆ। ਰਾਜੇ ਨੇ ਖ਼ੁਸ਼ ਹੋ ਕੇ ਉਸ ਨੂੰ ਇੱਕ ਵੱਛੜਾ ਇਨਾਮ ਵਿੱਚ ਦਿੱਤਾ।
ਇੱਕ ਦਿਨ ਚਰਵਾਹਾ ਆਪਣੇ ਵੱਛੜੇ ਨੂੰ ਨੇੜੇ ਦੇ ਮੈਦਾਨ ਵਿੱਚ ਚਰਾ ਰਿਹਾ ਸੀ ਕਿ ਉਹ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਵੜਿਆ। ਚਰਵਾਹਾ ਜਦ ਵੱਛੜਾ ਮੰਗਣ ਜ਼ਿਮੀਂਦਾਰ ਦੇ ਕੋਲ ਗਿਆ, ਤਦ ਜ਼ਿਮੀਂਦਾਰ ਬੋਲਿਆ, ‘‘ਇਹ ਮੇਰੇ ਖੇਤ ਵਿੱਚ ਆਇਆ, ਇਸ ਨੇ ਮੇਰਾ ਘਾਹ ਖਾਧਾ, ਹੁਣ ਇਹ ਮੇਰਾ ਹੋ ਗਿਆ।’’ ਚਰਵਾਹਾ ਬੋਲਿਆ, ‘‘ਸਾਨੂੰ ਰਾਜੇ ਦੇ ਕੋਲ ਜਾ ਕੇ ਇਸ ਮਸਲੇ ਨੂੰ ਹੱਲ ਕਰਵਾ ਲੈਣਾ ਚਾਹੀਦਾ ਹੈ।’’
ਉਹ ਦੋਵੇਂ ਰਾਜੇ ਦੇ ਕੋਲ ਗਏ। ਚਰਵਾਹਾ ਬੋਲਿਆ, ‘‘ਮਹਾਰਾਜ, ਤੁਸੀਂ ਜੋ ਵੱਛੜਾ ਮੈਨੂੰ ਦਿੱਤਾ ਸੀ, ਉਹ ਜ਼ਿਮੀਂਦਾਰ ਨੇ ਲੈ ਲਿਆ ਹੈ।’’
ਉਸ ਤੋਂ ਬਾਅਦ ਜ਼ਿਮੀਂਦਾਰ ਨੇ ਆਪਣਾ ਪੱਖ ਪੇਸ਼ ਕੀਤਾ। ਰਾਜਾ ਸੋਚਦਾ ਰਿਹਾ ਪਰ ਇਸ ਮਸਲੇ ਨੂੰ ਹੱਲ ਨਾ ਕਰ ਸਕਿਆ। ਤਦ ਉਹ ਬੋਲਿਆ, ‘‘ਤੁਸੀਂ ਦੋਵੇਂ ਘਰ ਚਲੇ ਜਾਵੋ ਅਤੇ ਕੱਲ੍ਹ ਸਵੇਰੇ ਮੇਰੇ ਕੋਲ ਆ ਜਾਣਾ। ਮੈਂ ਉਸੇ ਨੂੰ ਹੀ ਇਹ ਵੱਛੜਾ ਦਿਊਂਗਾ, ਜੋ ਕੱਲ੍ਹ ਮੇਰੇ ਸੁਆਲਾਂ ਦੇ ਸਹੀ ਜੁਆਬ ਦੇ ਦੇਵੇਗਾ।’’
ਇਸ ਤੋਂ ਬਾਅਦ ਰਾਜੇ ਨੇ ਉਨ੍ਹਾਂ ਅੱਗੇ ਸੁਆਲ ਰੱਖ ਦਿੱਤੇ। ਇਸ ਦੁਨੀਆਂ ਵਿੱਚ ਸਭ ਤੋਂ ਮੋਟੀ ਚੀਜ਼ ਕਿਹੜੀ ਹੈ? ਸਭ ਨਾਲੋਂ ਤੇਜ਼ ਚੀਜ਼ ਕਿਹੜੀ ਹੈ? ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ਅਤੇ ਸਭ ਤੋਂ ਮੁਲਾਇਮ ਚੀਜ਼ ਕਿਹੜੀ ਹੈ?
ਚਰਵਾਹਾ ਬਹੁਤ ਦੁਖੀ ਸੀ ਪਰ ਜ਼ਿਮੀਂਦਾਰ ਖ਼ੁਸ਼ ਸੀ। ਘਰ ਆ ਕੇ ਜ਼ਿਮੀਂਦਾਰ ਨੇ ਆਪਣੀ ਪਤਨੀ ਨੂੰ ਉਨ੍ਹਾਂ ਸੁਆਲਾਂ ਦਾ ਹੱਲ ਦੱਸਣ ਨੂੰ ਕਿਹਾ।
ਪਤਨੀ ਨੇ ਆਸਾਨੀ ਨਾਲ ਕਹਿ ਦਿੱਤਾ, ‘‘ਸਾਡੇ ਸੂਰ ਨਾਲੋਂ ਮੋਟੀ ਚੀਜ਼ ਕਿਹੜੀ ਹੋਵੇਗੀ ਅਤੇ ਸਾਡੇ ਕੁੱਤੇ ਨਾਲੋਂ ਵੱਧ ਤੇਜ਼ ਕਿਹੜਾ ਦੌੜ ਸਕਦਾ ਹੈ? ਇਸੇ ਤਰ੍ਹਾਂ ਸਾਡੇ ਮਧੂ ਮੱਖੀਆਂ ਦੇ ਛੱਤੇ ਦੇ ਸ਼ਹਿਦ ਨਾਲੋਂ ਮਿੱਠੀ ਚੀਜ਼ ਭਲਾ ਕਿਹੜੀ ਹੋ ਸਕਦੀ ਹੈ? ਸਾਡੇ ਸਿਰਾਹਣੇ ਤੋਂ ਮੁਲਾਇਮ ਹੋਰ ਕੀ ਹੋਵੇਗਾ?’’
ਜ਼ਿਮੀਂਦਾਰ ਇਨ੍ਹਾਂ ਸੁਆਲਾਂ ਤੋਂ ਸੰਤੁਸ਼ਟ ਹੋ ਗਿਆ। ਉਸ ਨੂੰ ਆਪਣੀ ਜਿੱਤ ਪੱਕੀ ਲੱਗ ਰਹੀ ਸੀ।
ਉੱਧਰ ਗ਼ਰੀਬ ਚਰਵਾਹੇ ਨੇ ਪੂਰੀ ਗੱਲ ਧੀ ਨੂੰ ਦੱਸੀ। ਉਸ ਨੂੰ ਧੀ ਨੇ ਚਿੰਤਾ ਨਾ ਕਰਨ ਲਈ ਕਿਹਾ ਅਤੇ ਫਿਰ ਇੱਕ-ਇੱਕ ਕਰਕੇ ਉਨ੍ਹਾਂ ਸੁਆਲਾਂ ਦੇ ਜੁਆਬ ਦੱਸਣ ਲੱਗੀ-
‘‘ਇਸ ਦੁਨੀਆਂ ਵਿੱਚ ਸਭ ਤੋਂ ਮੋਟੀ ਚੀਜ਼ ਧਰਤੀ ਹੈ ਅਤੇ ਸਭ ਤੋਂ ਤੇਜ਼ ਚਲਦੀ ਹੈ ਸਾਡੀ ਸੋਚ। ਨੀਂਦ ਨਾਲੋਂ ਮਿੱਠੀ ਚੀਜ਼ ਹੋਰ ਕਿਹੜੀ ਹੋ ਸਕਦੀ ਹੈ? ਸਭ ਤੋਂ ਮੁਲਾਇਮ ਚੀਜ਼ ਤਾਂ ਸਿਰਾਹਣਾ ਹੀ ਹੁੰਦਾ ਹੈ ਪਰ ਜਦ ਤਕ ਤੁਸੀਂ ਆਪਣਾ ਹੱਥ ਆਪਣੇ ਸਿਰ ਦੇ ਹੇਠਾਂ ਰੱਖ ਕੇ ਨਹੀਂ ਸੌਂਦੇ, ਉਦੋਂ ਤਕ ਤੁਸੀਂ ਮਿੱਠੇ ਸੁਪਨੇ ਨਹੀਂ ਦੇਖ ਸਕਦੇ।’’
ਅਗਲੇ ਦਿਨ ਜ਼ਿਮੀਂਦਾਰ ਅਤੇ ਚਰਵਾਹਾ ਦੋਵੇਂ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਰਾਜੇ ਨੇ ਪੁੱਛਿਆ, ‘‘ਦੱਸੋ, ਸਭ ਤੋਂ ਮੋਟੀ ਚੀਜ਼ ਕਿਹੜੀ ਹੈ?’’ ਜ਼ਿਮੀਂਦਾਰ ਬੋਲ ਪਿਆ, ‘‘ਸਾਡਾ ਸੂਰ ਤਿੰਨ ਹੀ ਸਾਲ ਦਾ ਹੈ ਪਰ ਬੜਾ ਮੋਟਾ ਹੈ।’’ ਹੁਣ ਰਾਜੇ ਨੇ ਚਰਵਾਹੇ ਤੋਂ ਇਸ ਸਵਾਲ ਦਾ ਜੁਆਬ ਪੁੱਛਿਆ। ਚਰਵਾਹਾ ਬੋਲਿਆ, ‘‘ਸਭ ਤੋਂ ਮੋਟੀ ਚੀਜ਼ ਤਾਂ ਖ਼ੁਦ ਧਰਤੀ ਹੀ ਹੈ ਮਹਾਰਾਜ।’’
ਰਾਜਾ ਚਰਵਾਹੇ ਦੇ ਜੁਆਬ ਤੋਂ ਖ਼ੁਸ਼ ਹੋ ਗਿਆ। ਉਸ ਨੇ ਆਪਣਾ ਦੂਜਾ ਸਵਾਲ ਪੁੱਛਿਆ, ਜਿਸ ਦੇ ਜੁਆਬ ਵਿੱਚ ਜ਼ਿਮੀਂਦਾਰ ਨੇ ਆਪਣੇ ਕੁੱਤੇ ਦੀ ਤਾਰੀਫ਼ ਸ਼ੁਰੂ ਕਰ ਦਿੱਤੀ, ‘‘ਮੇਰਾ ਕੁੱਤਾ ਐਨਾ ਤੇਜ਼ ਦੌੜਦਾ ਹੈ, ਮਹਾਰਾਜ ਕਿ ਦੌੜਦੇ ਹੋਏ ਹਿਰਨ ਨੂੰ ਫੜ ਸਕਦਾ ਹੈ।’’
ਜ਼ਿਮੀਂਦਾਰ ਦਾ ਜੁਆਬ ਸੁਣਨ ਦੇ ਬਾਅਦ ਰਾਜੇ ਨੇ ਚਰਵਾਹੇ ਤੋਂ ਜੁਆਬ ਪੁੱਛਿਆ। ਚਰਵਾਹੇ ਨੇ ਕਿਹਾ, ‘‘ਮਹਾਰਾਜ, ਮੈਂ ਤਾਂ ਇੱਕ ਗ਼ਰੀਬ ਅਤੇ ਸਾਧਾਰਨ ਆਦਮੀ ਹਾਂ। ਮੇਰੇ ਵਿਚਾਰ ਨਾਲ ਸਾਡੀ ਸੋਚ ਸਭ ਤੋਂ ਤੇਜ਼ ਦੌੜਦੀ ਹੈ। ਉਦਾਹਰਣ ਦੇ ਲਈ ਮੈਂ ਇੱਥੇ ਹਾਂ ਪਰ ਮੈਂ ਸੋਚ ਰਿਹਾ ਹਾਂ ਕਿ ਮੇਰੇ ਬੱਚਿਆਂ ਨੂੰ ਖਾਣ ਨੂੰ ਕੁਝ ਮਿਲਿਆ ਹੈ ਕਿ ਨਹੀਂ?’’
ਅਗਲੇ ਸੁਆਲ ਦਾ ਜੁਆਬ ਜ਼ਿਮੀਂਦਾਰ ਬੜੇ ਉਤਸ਼ਾਹ ਨਾਲ ਦੇਣ ਲੱਗਿਆ, ‘‘ਮੇਰੇ ਬਾਗ਼ ਵਿੱਚ ਮਧੂ ਮੱਖੀਆਂ ਦਾ ਛੱਤਾ ਹੈ। ਉਸ ਦਾ ਸ਼ਹਿਦ ਦੁਨੀਆਂ ਦੀ ਸਭ ਤੋਂ ਮਿੱਠੀ ਚੀਜ਼ ਹੈ, ਇਸੇ ਤਰ੍ਹਾਂ ਮੇਰਾ ਸਿਰਹਾਣਾ ਦੁਨੀਆਂ ਦੀ ਸਭ ਤੋਂ ਮੁਲਾਇਮ ਚੀਜ਼ ਹੈ।’’
ਚਰਵਾਹੇ ਦਾ ਜੁਆਬ ਸੀ, ‘‘ਮਹਾਰਾਜ, ਨੀਂਦ ਦੁਨੀਆਂ ਦੀ ਸਭ ਤੋਂ ਮਿੱਠੀ ਚੀਜ਼ ਹੈ। ਸਿਰਹਾਣੇ ਨੂੰ ਸਭ ਤੋਂ ਮੁਲਾਇਮ ਚੀਜ਼ ਕਿਹਾ ਜਾ ਸਕਦਾ ਹੈ ਪਰ ਜਦ ਤਕ ਤੁਸੀਂ ਆਪਣੇ ਸਿਰ ਦੇ ਹੇਠਾਂ ਹੱਥ ਰੱਖ ਕੇ ਨਹੀਂ ਸੌਂਦੇ, ਤੁਸੀਂ ਮਿੱਠੇ ਸੁਪਨੇ ਨਹੀਂ ਦੇਖ ਸਕਦੇ।’’
ਸਾਰੇ ਸੁਆਲਾਂ ਦੇ ਜੁਆਬ ਸੁਣਨ ਤੋਂ ਬਾਅਦ ਰਾਜੇ ਨੇ ਵੱਛੜਾ ਚਰਵਾਹੇ ਨੂੰ ਸੌਂਪਣ ਦਾ ਹੁਕਮ ਦੇ ਦਿੱਤਾ ਅਤੇ ਜ਼ਿਮੀਂਦਾਰ ਨੂੰ ਘਰ ਜਾਣ ਲਈ ਕਿਹਾ।
ਫਿਰ ਰਾਜੇ ਨੇ ਚਰਵਾਹੇ ਤੋਂ ਪੁੱਛਿਆ, ‘‘ਤੁਹਾਨੂੰ ਸੁਆਲਾਂ ਦੇ ਜੁਆਬ ਕਿਸ ਨੇ ਦੱਸੇ?’’
ਚਰਵਾਹੇ ਨੇ ਸੱਚ ਦੱਸ ਦਿੱਤਾ, ‘‘ਮੇਰੀ ਧੀ ਨੇ।’’
ਰਾਜਾ ਸਮਝ ਗਿਆ ਕਿ ਚਰਵਾਹੇ ਦੀ ਧੀ ਬਹੁਤ ਬੁੱਧੀਮਾਨ ਤੇ ਚੁਸਤ ਹੈ। ਉਸ ਨੇ ਚਰਵਾਹੇ ਨੂੰ ਆਪਣੇ ਕੰਮ ’ਤੇ ਘੱਲ ਦਿੱਤਾ ਅਤੇ ਆਪਣੇ ਮੰਤਰੀ ਨੂੰ ਚੁੱਪਚਾਪ ਚਰਵਾਹੇ ਦੇ ਘਰ ਜਾ ਕੇ ਉਸ ਦੀ ਧੀ ਦੀ ਸੱਚਾਈ ਪਤਾ ਕਰਨ ਲਈ ਕਿਹਾ।
ਰਾਜੇ ਦਾ ਮੰਤਰੀ ਸਾਧਾਰਨ ਕੱਪੜੇ ਪਾ ਕੇ ਇੱਕ ਯਾਤਰੀ ਦੇ ਰੂਪ ਵਿੱਚ ਚਰਵਾਹੇ ਦੇ ਘਰ ਜਾ ਪਹੁੰਚਿਆ। ਉਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਤਦ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਗਿਆ। ਉਸ ਨੇ ਦੇਖਿਆ ਕਿ ਕੁੜੀ ਇੱਟਾਂ ਦੇ ਚੁੱਲ੍ਹੇ ਕੋਲ ਬੈਠੀ ਅੱਗ ਸੇਕ ਰਹੀ ਸੀ।
ਮੰਤਰੀ ਨੂੰ ਦੇਖ ਕੇ ਉਹ ਬੋਲੀ, ‘‘ਮੈਨੂੰ ਮੁਆਫ਼ ਕਰਨਾ, ਸਾਡੇ ਘਰ ਦੇ ਕੰਨ ਨਹੀਂ ਹਨ।’’
ਮੰਤਰੀ ਨੇ ਉਸ ਤੋਂ ਪੁੱਛਿਆ, ‘‘ਕੀ ਤੂੰ ਘਰ ਵਿੱਚ ਇਕੱਲੀ ਏ? ਤੇਰੇ ਮਾਤਾ-ਪਿਤਾ, ਭਰਾ-ਭੈਣ ਨਹੀਂ ਹਨ?’’
ਲੜਕੀ ਬੋਲੀ, ‘‘ਮੇਰਾ ਇੱਕ ਭਰਾ ਹੈ।’’
‘‘ਉਹ ਕਿੱਥੇ ਹੈ?’’ ਮੰਤਰੀ ਨੇ ਕਿਹਾ।
‘‘ਉਹ ਕਿਸੇ ਅਨਾਜ ਦਾ ਨਾਂ ਬਦਲਣ ਗਿਆ ਹੈ।’’ ਲੜਕੀ ਨੇ ਜੁਆਬ ਦਿੱਤਾ।
ਉਹ ਕਦ ਮੁੜੇਗਾ? ਪੁੱਛਣ ’ਤੇ ਲੜਕੀ ਬੋਲੀ, ‘‘ਜੇ ਛੋਟੇ ਰਸਤੇ ਰਾਹੀਂ ਜਾਏਗਾ ਤਾਂ ਦੇਰ ਨਾਲ ਆਏਗਾ। ਲੰਮੇ ਰਸਤੇ ਰਾਹੀਂ ਜਾਏਗਾ ਤਾਂ ਛੇਤੀ ਆਏਗਾ।’’ ਮੰਤਰੀ ਨੇ ਉਸ ਦੀ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਉਹ ਗੁਆਂਢ ਵਿੱਚ ਦੋ ਬੁੱਢੀਆਂ ਔਰਤਾਂ ਨੂੰ ਦੁਲਹਨ ਬਣਾਉਣ ਗਈ ਹੈ।’’
ਮੰਤਰੀ ਨੂੰ ਲੜਕੀ ਦੀ ਕੋਈ ਗੱਲ ਸਮਝ ਵਿੱਚ ਨਹੀਂ ਆ ਰਹੀ ਸੀ। ਉਸ ਨੇ ਸ਼ਰਮ ਛੱਡ ਕੇ ਉਨ੍ਹਾਂ ਦਾ ਅਰਥ ਪੁੱਛਣਾ ਹੀ ਠੀਕ ਸਮਝਿਆ।
ਮੰਤਰੀ ਦੇ ਪੁੱਛਣ ’ਤੇ ਲੜਕੀ ਨੇ ਆਪਣੀ ਪਹਿਲੀ ਗੱਲ ਦਾ ਅਰਥ ਦੱਸਿਆ,‘‘ਜੇ ਘਰ ਵਿੱਚ ਕੋਈ ਕੁੱਤਾ ਨਹੀਂ ਹੈ ਤਾਂ ਇਸ ਦਾ ਅਰਥ ਹੈ ਕਿ ਘਰ ਦੇ ਕੰਨ ਨਹੀਂ ਹਨ।’’
‘‘ਅਤੇ ਤੇਰੇ ਭਰਾ ਦੇ ਅਨਾਜ ਦੇ ਨਾਂ ਬਦਲਣ ਦਾ ਕੀ ਅਰਥ ਹੈ।’’ ਮੰਤਰੀ ਨੇ ਪੁੱਛਿਆ।
ਲੜਕੀ ਬੋਲੀ, ‘‘ਮੇਰਾ ਭਰਾ ਦਾਣੇ ਪਿਸਾਉਣ ਚੱਕੀ ’ਤੇ ਗਿਆ ਹੈ। ਜ਼ਾਹਿਰ ਹੈ ਕਿ ਪੀਹਣ ਦੇ ਬਾਅਦ ਕਣਕ, ਕਣਕ ਨਹੀਂ ਕਹਾਵੇਗੀ, ਆਟਾ ਕਹਾਵੇਗੀ। ਜਿੱਥੋਂ ਤਕ ਉਸ ਦੇ ਦੇਰ ਨਾਲ ਮੁੜਨ ਦੀ ਗੱਲ ਹੈ, ਜੇ ਉਹ ਛੋਟੇ ਰਾਹ ਰਾਹੀਂ ਆਵੇਗਾ ਤਾਂ ਉਸ ਨੂੰ ਰਾਹ ਵਿੱਚ ਇੱਕ ਸਰਾਂ ਮਿਲੇਗੀ। ਉਹ ਸਰਾਂ ਵਿੱਚ ਠਹਿਰ ਜਾਏਗਾ ਅਤੇ ਦੇਰ ਨਾਲ ਆਏਗਾ। ਜੇ ਉਹ ਦੂਜਾ ਰਾਹ ਲੈਂਦਾ ਹੈ, ਜੋ ਥੋੜ੍ਹਾ ਲੰਮਾ ਹੈ, ਉਸ ਰਾਹ ਵਿੱਚ ਉਸ ਨੂੰ ਕੋਈ ਸਰਾਂ ਨਹੀਂ ਮਿਲੇਗੀ। ਉਹ ਬਿਨਾਂ ਰੁਕੇ ਛੇਤੀ ਘਰ ਆ ਜਾਏਗਾ।’’
ਅੱਛਾ, ਤਾਂ ਇਹ ਗੱਲ ਹੈ ਪਰ ਮੈਂ ਤੇਰੀ ਮਾਂ ਦੀ ਗੱਲ ਵੀ ਸਮਝ ਨਹੀਂ ਸਕਿਆ। ਉਹ ਬੁੱਢੀਆਂ ਔਰਤਾਂ ਨੂੰ ਦੁਲਹਨ ਕਿਵੇਂ ਬਣਾ ਸਕਦੀ ਹੈ? ਕੀ ਉਹ ਜਾਦੂਗਰਨੀ ਹੈ?
‘‘ਨਹੀਂ। ਇਹ ਤਾਂ ਇੱਕ ਪੁਰਾਣੀ ਕਹਾਵਤ ਹੈ ਜਿਸ ਦਾ ਮਤਲਬ ਹੈ ਕਿ ਉਹ ਦੋ ਪੁਰਾਣੀਆਂ ਪੌਸ਼ਾਕਾਂ ਤੋਂ ਇੱਕ ਨਵੀਂ ਪੌਸ਼ਾਕ ਬਣਾ ਰਹੀ ਹੈ।’’ ਲੜਕੀ ਨੇ ਦੱਸਿਆ।
ਮੰਤਰੀ ਸਮਝ ਗਿਆ ਸੀ ਕਿ ਲੜਕੀ ਬਹੁਤ ਚੁਸਤ ਹੈ। ਉਹ ਰਾਜੇ ਦੇ ਕੋਲ ਗਿਆ ਅਤੇ ਬੋਲਿਆ, ‘‘ਲੜਕੀ ਸੁੰਦਰ ਵੀ ਹੈ ਅਤੇ ਚੁਸਤ ਵੀ।’’
ਰਾਜਾ ਇਸ ਗੱਲ ਤੋਂ ਬੜਾ ਖ਼ੁਸ਼ ਹੋਇਆ। ਉਸ ਨੇ ਚਰਵਾਹੇ ਨੂੰ ਸੱਦਿਆ ਅਤੇ ਕਿਹਾ, ‘‘ਤੁਸੀਂ ਕੱਲ੍ਹ ਆਪਣੀ ਧੀ ਨੂੰ ਇੱਥੇ ਆਉਣ ਲਈ ਆਖੋ। ਧਿਆਨ ਰਹੇ, ਉਹ ਨਾ ਘੋੜੇ ’ਤੇ ਬੈਠ ਕੇ ਆਵੇ, ਨਾ ਪੈਦਲ। ਨਾ ਸੜਕ ’ਤੇ ਤੁਰ ਕੇ ਆਵੇ, ਨਾ ਸੜਕ ਦੇ ਕੰਢੇ ’ਤੇ। ਉਹ ਨਾ ਤਾਂ ਕੱਪੜੇ ਪਹਿਨ ਕੇ ਆਵੇ, ਨਾ ਹੀ ਬਿਨਾਂ ਕੱਪੜਿਆਂ ਦੇ ਆਵੇ। ਉਹ ਨਾ ਤਾਂ ਤੋਹਫ਼ਾ ਲੈ ਕੇ ਆਵੇ, ਨਾ ਹੀ ਬਿਨਾਂ ਤੋਹਫ਼ੇ ਦੇ ਆਵੇ। ਜੇ ਉਹ ਮੇਰੇ ਆਖੇ ਅਨੁਸਾਰ ਆਵੇਗੀ ਤਾਂ ਮੈਂ ਉਸ ਨਾਲ ਵਿਆਹ ਕਰ ਲਵਾਂਗਾ ਅਤੇ ਜੇ ਉਸ ਤਰ੍ਹਾਂ ਨਾ ਆ ਸਕੀ ਤਾਂ ਮੈਂ ਉਸ ਦਾ ਸਿਰ ਕਟਵਾ ਦਿਊਂਗਾ।’’ ਬੁੱਢਾ ਚਰਵਾਹਾ ਫੇਰ ਰੋਂਦਾ ਹੋਇਆ ਘਰ ਅੱਪੜਿਆ। ਉਸ ਨੇ ਆਪਣੀ ਧੀ ਨੂੰ ਰਾਜੇ ਦੀ ਆਖੀ ਸਾਰੀ ਗੱਲ ਦੱਸੀ। ਧੀ ਬੋਲੀ, ‘‘ਕੋਈ ਗੱਲ ਨਹੀਂ, ਮੈਂ ਉਸੇ ਤਰ੍ਹਾਂ ਉੱਥੇ ਜਾਊਂਗੀ, ਜਿਸ ਤਰ੍ਹਾਂ ਰਾਜੇ ਨੇ ਆਉਣ ਲਈ ਆਖਿਆ ਹੈ। ਤੁਸੀਂ ਮੇਰੇ ਲਈ ਮੱਛੀਆਂ ਨੂੰ ਫੜਨ ਦਾ ਇੱਕ ਜਾਲ, ਇੱਕ ਖ਼ਰਗੋਸ਼ ਤੇ ਦੋ ਕਬੂਤਰ ਲੈ ਆਵੋ।’’
ਚਰਵਾਹਾ ਧੀ ਦੀਆਂ ਆਖੀਆਂ ਚੀਜ਼ਾਂ ਲੈ ਆਇਆ। ਹੁਣ ਲੜਕੀ ਨੇ ਆਪਣੇ ਚਹੁੰ ਪਾਸੇ ਮੱਛੀਆਂ ਦਾ ਜਾਲ ਲਪੇਟ ਲਿਆ, ਨਾਲ ਇੱਕ ਖ਼ਰਗੋਸ਼ ਅਤੇ ਦੋ ਕਬੂਤਰ ਰੱਖ ਕੇ ਰਾਜੇ ਦੇ ਮਹਿਲ ਵੱਲ ਤੁਰ ਪਈ। ਤੁਰਦੀ ਹੋਈ ਉਹ ਆਪਣਾ ਇੱਕ ਪੈਰ ਸੜਕ ’ਤੇ ਰੱਖ ਰਹੀ ਸੀ ਅਤੇ ਦੂਜਾ ਸੜਕ ਦੇ ਕੰਢੇ ਉੱਗੇ ਘਾਹ ’ਤੇ।
ਇਸੇ ਤਰ੍ਹਾਂ ਤੁਰ ਕੇ ਉਹ ਮਹੱਲ ਦੇ ਦਰਵਾਜ਼ੇ ’ਤੇ ਪਹੁੰਚ ਗਈ। ਉਸ ਨੂੰ ਦੇਖਦਿਆਂ ਹੀ ਕੁੱਤੇ ਉਹਨੂੰ ਵੱਢਣ ਦੇ ਲਈ ਦੌੜ ਪਏ। ਕੁੱਤਿਆਂ ਤੋਂ ਬਚਣ ਦੇ ਲਈ ਉਸ ਨੇ ਖ਼ਰਗੋਸ਼ ਨੂੰ ਥੱਲੇ ਛੱਡ ਦਿੱਤਾ। ਕੁੱਤੇ ਖ਼ਰਗੋਸ਼ ਦੇ ਪਿੱਛੇ ਦੌੜੇ। ਲੜਕੀ ਮਹਿਲ ਦੇ ਅੰਦਰ ਗਈ ਅਤੇ ਰਾਜੇ ਦੇ ਸਾਹਮਣੇ ਜਾ ਕੇ ਖੜ੍ਹੀ ਹੋ ਗਈ। ਉਸ ਨੇ ਰਾਜੇ ਅੱਗੇ ਸਿਰ ਝੁਕਾਇਆ। ਰਾਜੇ ਨੇ ਵੀ ਉਸ ਦਾ ਸਵਾਗਤ ਕੀਤਾ। ਇਸ ਦੇ ਬਾਅਦ ਉਹ ਰਾਜੇ ਨੂੰ ਆਖਣ ਲੱਗੀ, ‘‘ਮੇਰੇ ਤੋਹਫ਼ੇ ਨੂੰ ਕਬੂਲਣ ਤੋਂ ਨਾਂਹ ਨਾ ਕਰਨਾ।’’
ਲੜਕੀ ਨੇ ਰਾਜੇ ਨੂੰ ਕਬੂਤਰਾਂ ਦਾ ਤੋਹਫ਼ਾ ਦੇਣ ਲਈ ਹੱਥ ਅੱਗੇ ਕੀਤੇ ਪਰ ਜਿਉਂ ਹੀ ਰਾਜਾ ਉਨ੍ਹਾਂ ਨੂੰ ਲੈਣ ਲੱਗਾ, ਕਬੂਤਰਾਂ ਨੂੰ ਹੱਥ ’ਚੋਂ ਛੱਡ ਦਿੱਤਾ। ਕਬੂਤਰ ਉੱਡ ਗਏ। ਇਸ ਤਰ੍ਹਾਂ ਉਹ ਰਾਜੇ ਦੀਆਂ ਸਾਰੀਆਂ ਸ਼ਰਤਾਂ ’ਤੇ ਖਰੀ ਸਿੱਧ ਹੋਈ। ਉਹ ਤੋਹਫ਼ਾ ਲੈ ਕੇ ਵੀ ਆਈ ਅਤੇ ਨਹੀਂ ਲੈ ਕੇ ਵੀ। ਉਹ ਸਵਾਰ ਹੋ ਕੇ ਵੀ ਆਈ ਅਤੇ ਬਿਨਾਂ ਸਵਾਰ ਹੋਏ ਵੀ। ਉਹ ਸੜਕ ’ਤੇ ਤੁਰ ਕੇ ਵੀ ਨਹੀਂ ਆਈ ਅਤੇ ਨਾ ਹੀ ਸੜਕ ਦੇ ਕੰਢੇ ਤੁਰ ਕੇ। ਨਾ ਤਾਂ ਉਹ ਕੱਪੜੇ ਪਹਿਨ ਕੇ ਆਈ, ਨਾ ਹੀ ਬਿਨਾਂ ਕੱਪੜਿਆਂ ਦੇ।
ਲੜਕੀ ਦੀ ਚਤੁਰਾਈ ਨੂੰ ਦੇਖ ਕੇ ਰਾਜੇ ਨੇ ਕਿਹਾ, ‘‘ਮੈਂ ਤੈਨੂੰ ਆਪਣੀ ਰਾਣੀ ਬਣਾਉਂਦਾ ਹਾਂ।’’
ਇਸ ਤੋਂ ਬਾਅਦ ਰਾਜੇ ਨੇ ਉਸ ਲੜਕੀ ਨਾਲ ਵਿਆਹ ਕਰਾ ਲਿਆ ਅਤੇ ਦੋਵੇਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ।

(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ